Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਨਿੱਕੀਆਂ ਵੱਡੀਆਂ ਧਰਤੀਆਂ
- ਇਕਬਾਲ ਰਾਮੂਵਾਲੀਆ

 

ਛੇ ਮਹੀਨਿਆਂ ਤੋਂ ਕਿੰਨੂੰ ਬਹੁਤ ਸਵਖ਼ਤੇ ਉੱਠਣ ਲੱਗ ਪਈ ਸੀ। ਉਸਦੀ ਅੱਠਵੀਂ ਵਾਲ਼ੀ ਟੀਚਰ, ਮਿਜ਼ ਹਾਲੈਂਡ, ਨੇ ਬੱਜੀ ਬਰਡਜ਼ (ਨਿੱਕ-ਅਕਾਰੀ ਤੋਤਿਆਂ) ਦਾ ਜੋੜਾ ਕਿੰਨੂੰ ਦੇ ਹਵਾਲੇ ਕਰਨ ਵੇਲ਼ੇ ਹਦਾਇਤ ਕੀਤੀ ਸੀ: ਸਕੂਲ ਆਉਣ ਤੋਂ ਪਹਿਲਾਂ, ਵਿੱਠਾਂ ਨੂੰ ਤੇ ਰਾਤ ਨੂੰ ਗਿਰ ਗਏ ਖੰਭਾਂ ਨੂੰ ਪਿੰਜਰੇ 'ਚੋਂ ਬਾਹਰ ਕੱਢਣੈ, ਕਿੰਨੂੰ, ਅਤੇ ਪਿੰਜਰੇ ਦੀਆਂ ਤਾਰਾਂ ਨੂੰ ਗਿੱਲੀ ਲੀਰ ਨਾਲ਼ ਰਗੜ-ਰਗੜ ਕੇ ਸਾਫ਼ ਕਰਨੈ। ਪਿੰਜਰੇ ਦੇ ਅੰਦਰ ਤਾਰਾਂ 'ਚ ਫਸਾਅ ਕੇ ਲਟਕਾਈ ਪਾਣੀ ਵਾਲ਼ੀ ਪਿਆਲੀ ਨੂੰ ਤੇ ਪਿੰਜਰੇ ਦੇ ਫ਼ਰਸ਼ ਉੱਤੇ ਰੱਖੀ ਬਰਡ-ਫ਼ੀਡ ਵਾਲ਼ੀ ਕੌਲੀ ਨੂੰ ਦੁਬਾਰਾ ਭਰਨ ਤੋਂ ਪਹਿਲਾਂ ਡਟੋਲ ਨਾਲ਼ ਧੋਣੈ: ਇਨਫ਼ੈਕਸ਼ਨ ਪੰਛੀਆਂ ਦੇ ਅੰਦਰ ਏਹਨਾਂ ਬਰਤਨਾਂ 'ਚੋਂ ਈ ਪਹੁੰਚਦੀ ਹੈ। ਪਿੰਜਰੇ ਅੰਦਰ ਲਟਕਾਏ ਸ਼ੀਸ਼ੇ ਉੱਪਰ ਬੱਜੀਆਂ ਵੱਲੋਂ ਮਾਰੀਆਂ ਚੁੰਝਾਂ ਕਾਰਨ ਜਿਹੜਾ ਮੁਆਦ (ਤਰਲ ਰਸ) ਨਿੱਕਲ਼ਦੈ, ਉਹ ਜੇ ਸਾਫ਼ ਨਾ ਕਰੀਏ ਤਾਂ ਪਿੰਜਰੇ 'ਚ ਮੁਸ਼ਕ ਉੱਭਰ ਆਉਂਦੈ ਤੇ ਪੰਛੀਆਂ ਦੇ ਬੀਮਾਰ ਹੋਣ ਦਾ ਖ਼ਤਰਾ ਵਧ ਜਾਂਦੈ।
ਮੰਮੀ ਜੀ, ਡੈਡੀ ਨੂੰ ਕਹਿੰਦੇ ਸਨ: ਮਿਜ਼ ਹਾਲੈਂਡ ਦਾ ਧੰਨਵਾਦ ਕਰੋ ਕਿਸੇ ਦਿਨ; ਹੁਣ ਤਾਂ ਬੱਜੀਆਂ ਨਾਲ਼ ਖੇਡਦੀ ਰਹਿੰਦੀ ਐ ਕਿੰਨੂੰ ਸਵੇਰੇ ਤੇ ਆਥਣੇ; ਜੀ ਪਰਚਿਆ ਰਹਿੰਦੈ ਏਹਦਾ!
ਪਰ ਹਾਲੇ ਤਾਂ ਦੋ ਹਫ਼ਤੇ ਵੀ ਨਹੀਂ ਸੀ ਹੋਏ ਬੱਜੀ ਆਇਆਂ ਨੂੰ ਕਿ ਕਿੰਨੂੰ ਆਖ ਰਹੀ ਸੀ: ਮੰਮੀ, ਇਨ੍ਹਾਂ ਨੂੰ ਵਾਪਿਸ ਕਰ ਦੀਏ, ਮਿਜ਼ ਹਾਲੈਂਡ ਨੂੰ!
ਹੈਂਅ? ਮੰਮੀ ਦੇ ਹੱਥੋਂ ਚਾਹ ਦਾ ਪਿਆਲਾ ਡਗਮਗਾਅ ਗਿਆ ਸੀ।
ਕਿੰਨੂੰ ਦੇ ਨੱਕ ਵਿੱਚੋਂ ਸੰਘਣੀ ਨਮੀ ਸਿੰਮਣ ਲੱਗ ਪਈ ਸੀ।
ਮੈਂ ਤਾਂ ਇਨ੍ਹਾਂ ਦੇ ਉਦਾਲ਼ੇ ਈ ਘੁੰਮਦੀ ਰਹਿੰਦੀ ਆਂ ਸਵੇਰੇ-ਆਥਣੇ! ਉਹ ਢਿਲ਼ਕੇ ਹੋਏ ਬੁੱਲ੍ਹਾਂ ਨਾਲ਼ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗ ਪਈ ਸੀ। ਇਨ੍ਹਾਂ ਨੂੰ ਲੋਰੀਆਂ ਦਿੰਦੀ ਆਂ; ਪਿੰਜਰੇ ਦੀ ਸਫ਼ਾਈ ਕਰਦੀ ਆਂ; ਇਨ੍ਹਾਂ ਨੂੰ ਤਾਜ਼ੇ ਪਾਲਕ ਦੇ ਪੱਤੇ ਖੁਆਉਂਦੀ ਆਂ ਬੈਕਯਾਡ 'ਚੋਂ ਤੋੜ ਕੇ; ਇਨ੍ਹਾਂ ਨੂੰ ਗਾਣੇ ਸੁਣਾਉਂਦੀ ਆਂ...
ਉਹ ਤਾਂ ਮੈਂ ਦੇਖਦੀ ਈ ਆਂ ਹਰ ਰੋਜ਼...
ਪਰ... ਤੇ ਕਿੰਨੂੰ ਦਾ ਸਿਰ ਖੱਬੇ-ਸੱਜੇ ਹਿੱਲਣ ਲੱਗ ਪਿਆ ਸੀ।
ਕਿੰਨੂੰ ਦੇ 'ਪਰ...' ਬਾਰੇ ਸੋਚਦੀ ਹੋਈ ਮੰਮੀ ਆਪਣੀਆਂ ਅੱਖਾਂ ਨੂੰ ਸੁੰਗੇੜ ਕੇ ਉਸ ਦੇ ਚਿਹਰੇ ਵੱਲ ਝਾਕਣ ਲੱਗੀ ਸੀ: ਦਿਲ ਭਰ ਗਿਆ ਬੱਜੀਆਂ ਤੋਂ ਐਡੀ ਛੇਤੀ, ਕਿੰਨੂੰ?
ਦਿਲ ਨੀ ਭਰਿਆ, ਮਾਮ!
ਹੋਰ ਕੀ ਹੋ ਗਿਆ ਫ਼ਿਰ ਦਸਾਂ ਦਿਨਾਂ 'ਚ ਈ?
ਜਦੋਂ ਮੈਂ ਪਿੰਜਰੇ ਦੇ ਅੰਦਰ ਹੱਥ ਲਿਜਾਂਦੀ ਆਂ, ਮਾਮ, ਇਹ ਤਾਂ 'ਫੁਰਕ' ਦੇਣੇ ਪਰਲੇ ਪਾਸੇ ਵੱਲ ਨੂੰ ਉੱਡ ਜਾਂਦੇ ਐ, ਨਹੁੰਦਰਾਂ ਫਸਾਅ ਕੇ ਬੈਠ ਜਾਂਦੇ ਐ ਤਾਰਾਂ 'ਚ, ਜਿਵੇਂ ਮੈਂ ਇਨ੍ਹਾਂ ਨੂੰ ਮਾਰਨ ਲੱਗੀ ਹੋਵਾਂ!
ਅੱਛਾਅ? ਮੰਮੀ ਦਾ ਚਿਹਰਾ ਲਮਕ ਗਿਆ ਸੀ। ਪਰ ਐਨੀ ਛੇਤੀ ਇਨ੍ਹਾਂ ਨੂੰ ਵਾਪਿਸ ਕਰਨਾ ਵੀ ਠੀਕ ਨੀ ਲਗਦਾ, ਕਿੰਨੂੰ।
ਇੱਕ ਹੋਰ ਗੱਲ ਆਉਂਦੀ ਐ ਮੇਰੇ ਦਿਮਾਗ਼ 'ਚ, ਮਾਮ!
ਮੰਮੀ ਨੇ ਚਾਹ ਦੀ ਘੁੱਟ ਅੰਦਰ ਲੰਘਾਅ ਕੇ ਆਪਣੀਆਂ ਅੱਖਾਂ ਕਿੰਨੂੰ ਦੇ ਚਿਹਰੇ ਵੱਲ ਮੋੜ ਲਈਆਂ ਸਨ।
ਇਹ ਸਾਰੀ ਦਿਹਾੜੀ ਇਕੱਲੇ ਈ ਰਹਿ ਜਾਂਦੇ ਐ, ਮੇਰੇ ਕਮਰੇ 'ਚ। ਦਿਨ ਵੇਲੇ ਤੁਸੀਂ ਇਨ੍ਹਾਂ ਦੇ ਪਿੰਜਰੇ ਨੂੰ ਐਥੇ ਲੈ ਆਇਆ ਕਰੋ, ਫ਼ੈਮਿਲੀਰੂਮ 'ਚ। ਔਥੇ ਟੀ ਵੀ ਦੇ ਲਾਗੇ ਰੱਖ ਦਿਆ ਕਰੋ ਪਿੰਜਰੇ ਨੂੰ ਤੇ ਹਲਕੇ ਹਲਕੇ ਮਿਊਜ਼ਕ ਵਾਲਾ ਕੋਈ ਚੈਨਲ ਲਾ ਦਿਆ ਕਰੋ।
ਛੇ ਕੁ ਹਫ਼ਤੇ ਹੋ ਗਏ ਸਨ ਬੱਜੀਆਂ ਨੂੰ ਕਿੰਨੂੰ ਦੇ ਬੈੱਡਰੂਮ 'ਚ ਆਇਆਂ, ਤੇ ਹੁਣ ਬਹੁਤ ਕੁਝ ਪਹਿਲੇ ਹਫ਼ਤੇ ਨਾਲ਼ੋਂ ਵੱਖਰੀ ਤਰ੍ਹਾਂ ਵਾਪਰਨ ਲੱਗ ਪਿਆ ਸੀ: ਸਕੂਲ ਖ਼ਤਮ ਕਰ ਕੇ, ਕਿੰਨੂੰ ਜਿਉਂ ਹੀ ਘਰ 'ਚ ਦਾਖ਼ਲ ਹੋਣ ਲਈ ਦਰਵਾਜ਼ਾ ਖੋਲ੍ਹਦੀ, ਲਿਵਿੰਗਰੂਮ 'ਚ ਟੀ ਵੀ ਦੇ ਲਾਗੇ ਟਿਕਾਏ ਪਿੰਜਰੇ 'ਚ ਕਿਚਰ-ਕੂੰ, ਕਿਚਰ-ਕੂੰ ਤੇ ਚਿਰੜ-ਚਿਰੜ ਦਾ ਸ਼ੋਰ ਮੱਚ ਉੱਠਦਾ ਹੈ ਜਿਵੇਂ ਕਈ ਨਿਆਣੇ ਨਿੱਕੀਆਂ ਨਿੱਕੀਆਂ ਤੂੰਬੀਆਂ ਦੀਆਂ ਤਾਰਾਂ ਉੱਪਰ ਚਮਚੇ ਮਾਰ ਰਹੇ ਹੋਣ।
ਇਨ੍ਹਾਂ ਸ਼ਰਾਰਤੀਆਂ ਨੂੰ ਮੇਰੀ ਸਮੈੱਲ ਆ ਜਾਂਦੀ ਐ ਅੰਦਰ ਵੜਦੀ ਦੀ, ਤੇਜ਼-ਕਦਮੀਂ ਫ਼ੈਮਿਲੀਰੂਮ ਵੱਲ ਨੂੰ ਜਾਂਦਿਆਂ ਕਿੰਨੂੰ ਸੋਚਣ ਲੱਗਦੀ।
ਫ਼ੈਮਿਲੀਰੂਮ 'ਚ ਵੜਦਿਆਂ ਕਿੰਨੂੰ ਆਪਣਾ ਬੈਕਪੈਕ ਸੋਫ਼ੇ ਉੱਪਰ ਸੁੱਟਦੀ, ਦੋਵੇਂ ਬੱਜੀ ਚਿਕਣ-ਚਿਕਣ, ਗਟੂੰ-ਗਟੂੰ ਨਾਲ਼ ਪਿੰਜਰੇ ਨੂੰ ਹਿੱਲਣ ਲਾ ਦਿੰਦੇ: ਉਹ ਕਦੇ ਪਿੰਜਰੇ ਦੀ ਐਸ ਕੰਧ ਵੱਲੀਂ ਉੱਡਦੇ ਤੇ ਕਦੀ ਔਸ ਵੱਲੀਂ। ਅਗਲੇ ਪਲੀਂ ਉਹ ਪਿੰਜਰੇ 'ਚ ਟੰਗੇ ਸ਼ੀਸ਼ੇ ਉੱਪਰ ਚੁੰਝਾਂ ਘਸਾਉਂਦੇ ਹੋਏ ਖੰਭ ਫੜਕਾਅ ਰਹੇ ਹੁੰਦੇ। ਡੰਡਿਆਂ ਤੋਂ ਉੱਠ ਕੇ ਤਾਰਾਂ ਵੱਲ ਨੂੰ; ਤਾਰਾਂ ਤੋਂ ਪਿੰਜਰੇ ਦੇ ਫ਼ਰਸ਼ ਵੱਲ ਨੂੰ; ਤੇ ਫਰਸ਼ ਤੋਂ ਸ਼ੀਸ਼ੇ ਵੱਲ ਨੂੰ: ਜਿਵੇਂ ਬਾਹਰ ਨਿਕਲਣ ਲਈ ਤਾਰਾਂ ਨੂੰ ਤੋੜ ਦੇਣਾ ਚਾਹੁੰਦੇ ਹੋਣ।
'ਓ ਮਾਈ ਬੇਬੀਜ਼' ਆਖ ਕੇ, ਕਿੰਨੂੰ ਪਿੰਜਰੇ ਦਾ ਬੂਹਾ ਖੋਲ੍ਹਦੀ ਤਾਂ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਦੋਵੇਂ ਪੰਛੀ ਕਿੰਨੂੰ ਦੇ ਹੱਥਾਂ ਉੱਤੇ ਬੈਠੇ ਹੁੰਦੇ, ਲਗਾਤਾਰ ਖੰਭ ਫ਼ੜਕਾਉਂਦੇ ਹੋਏ, ਕਾਹਲ਼ੀ ਕਾਹਲ਼ੀ ਧੌਣਾਂ ਤੇ ਚੁੰਝਾਂ ਨੂੰ ਖੱਬੇ-ਸੱਜੇ, ਉੱਪਰ-ਨੀਚੇ ਘੁੰਮਾਉਂਦੇ ਹੋਏ, ਅਤੇ ਵਾਰ-ਵਾਰ ਭੁੜਕਦੇ ਹੋਏ, ਜੀਕਣ ਹੁਣ ਉਹ ਆਪਣੇ ਹੀ ਅੰਦਰੋਂ ਬਾਹਰ ਨਿਕਲਣ ਲਈ ਬੇਚੈਨ ਹੋਵਣ।
ਰਲੈਕਸ, ਮਾਈ ਬੇਬੀਜ਼; ਰਲੈਕਸ ਨਾਓ! ਕਿੰਨੂੰ ਆਪਣੀਆਂ ਅੱਖਾਂ ਨੂੰ ਤਿੱਖੀਆਂ ਕਰ ਲੈਂਦੀ। ਚੁੱਪ ਕਰਜੋ ਹੁਣ! ਓ ਕੇ? ਉਹ ਬੁੱਲ੍ਹਾਂ ਨੂੰ ਕੰਨਾਂ ਵੱਲ ਨੂੰ ਵਧਾਅ ਕੇ ਦੰਦ ਕਿਰਚਦੀ।
ਫ਼ਿਰ ਉਹ ਪਿੰਜਰੇ ਨੂੰ ਚੁੱਕ ਕੇ ਆਪਣੇ ਬੈੱਡਰੂਮ ਵੱਲ ਨੂੰ ਜਾਂਦੀਆਂ ਪੌੜੀਆਂ ਚੜ੍ਹ ਜਾਂਦੀ। ਪਿੰਜਰੇ ਨੂੰ ਟੇਬਲ ਉੱਪਰ ਟਿਕਾਅ ਕੇ ਉਹ ਉਸ ਦੇ ਦਰਵਾਜ਼ੇ ਦੀ ਕੁੰਡੀ ਨੂੰ ਉਸ ਦੇ ਲੂਪ ਤੋਂ ਵੱਖ ਕਰਦੀ: ਦੋਵੇਂ ਬੱਜੀ ਛਾਲ਼ ਮਾਰ ਕੇ ਕਿੰਨੂੰ ਦੀਆਂ ਮੂਹਰਲੀਆਂ ਉਂਗਲ਼ਾਂ ਉੱਪਰ ਜਾ ਬੈਠਦੇ। ਕਿੰਨੂੰ ਆਪਣਾ ਮੂੰਹ ਉਹਨਾਂ ਦੇ ਨੇੜੇ ਲਿਜਾਅ ਕੇ, 'ਓ ਮੇਰੇ ਬੱਚੇ! ਓ ਮੇਰੇ ਮਿਠੜੂ' ਗੁਣ-ਗੁਣਾਉਂਦੀ। ਦੋਵੇਂ ਪੰਛੀ ਆਪਣੀਆਂ ਚੁੰਞਾਂ ਨੂੰ ਕਿੰਨੂੰ ਦੇ ਬੁੱਲ੍ਹਾਂ ਵੱਲ ਵਧਾਅ ਦੇਂਦੇ। ਕਿੰਨੂੰ ਦੀ 'ਮੂਅਚ, ਮੂਅਚ' ਸੁਣ ਕੇ ਅਗਲੇ ਹੀ ਪਲ ਕਿੰਨੂੰ ਦੀਆਂ ਕਲ਼ਾਈਆਂ ਵੱਲ ਛਾਲ਼ਾਂ ਮਾਰਦੇ ਹੋਏ, ਉਹ ਉਸ ਦੇ ਮੋਢਿਆਂ ਅਤੇ ਸਿਰ ਉੱਪਰ ਚੜ੍ਹ ਕੇ ਕਿਚਰ-ਕਿਚਰ, ਚੁਰੜ-ਚੁਰੜ 'ਚ ਮਸਤ ਹੋ ਜਾਂਦੇ।
ਬੀਤੇ ਤਿੰਨ ਹਫ਼ਤਿਆਂ ਤੋਂ ਕਿੰਨੂੰ ਆਪਣਾ ਹੋਮਵਰਕ ਡਾਈਨਿੰਗ ਟੇਬਲ ਉੱਪਰ ਬੈਠ ਕੇ ਕਰਨ ਤੋਂ ਹਟ ਗਈ ਹੈ। ਉਹਨੇ ਮੰਮੀ ਨੂੰ ਕਹਿ ਕੇ ਆਪਣੇ ਲਈ ਇੱਕ ਸਟਡੀ-ਡੈਸਕ ਆਪਣੇ ਬੈੱਡਰੂਮ ਵਿੱਚ ਹੀ ਲਗਵਾ ਲਿਆ ਹੈ। ਡੈਡੀ ਨੇ ਕੰਮ ਤੋਂ ਚਾਰ, ਸਾਢੇ ਚਾਰ ਕੁ ਵਜੇ ਪਰਤਣਾ ਹੁੰਦਾ ਹੈ; ਕਿੰਨੂੰ ਆਪਣੇ ਕਮਰੇ ਦਾ ਬੂਹਾ ਸਾਢੇ ਤਿੰਨ ਵਜੇ ਹੀ ਭੇੜ ਲੈਂਦੀ ਹੈ। ਜਦੋਂ ਤੀਕ ਡੈਡੀ ਆਪਣੇ ਬੈੱਡਰੂਮ ਵਿੱਚ ਨਹੀਂ ਚਲੇ ਜਾਂਦੇ, ਕਿੰਨੂੰ ਵਾਸ਼ਰੂਮ ਜਾਣ ਲਈ ਵੀ ਬੂਹਾ ਨਹੀਂ ਖੋਲ੍ਹਦੀ। ਡੈਡੀ ਨਾਲ਼ ਅਚਾਨਕ ਮੇਲ ਕਿਤੇ ਹੋ ਵੀ ਜਾਵੇ ਤਾਂ 'ਹਾਏ ਡੈਡ' ਕਹਿ ਕੇ ਉਹ ਪੌੜੀਆ ਚੜ੍ਹ ਜਾਂਦੀ ਹੈ।
ਪੰਜ ਸਾਲ ਪਹਿਲਾਂ ਜਦੋਂ ਕਿੰਨੂੰ ਤੀਜੀ ਜਮਾਤ ਦੇ ਆਖ਼ਰੀ ਡੰਡੇ ਉੱਪਰ ਸੀ, ਤਾਂ ਘਰ 'ਚ ਵਾਪਰ ਰਿਹਾ ਸਭ ਹੁਣ ਨਾਲ਼ੋਂ ਬਹੁਤ ਹੀ ਵੱਖਰਾ ਸੀ: ਸਟੀਰਿੰਗ ਦੇ ਪਿਛਾੜੀ ਬੈਠੇ ਡੈਡ ਹੁਣ ਵਾਂਙੂੰ ਹੀ ਸਾਰੀ ਦਿਹਾੜੀ ਟਰਾਂਟੋ ਦੀਆਂ ਸੜਕਾਂ ਨੂੰ ਆਪਣੀ ਟੈਕਸੀ ਦੇ ਟਾਇਰਾਂ ਉਦਾਲ਼ੇ ਲਪੇਟਦੇ। ਸਵਾਰੀ ਚੁੱਕਣ ਦਾ ਆਰਡਰ ਮਗਰੋਂ ਮਿਲ਼ਦਾ, ਗੀਅਰ ਸ਼ਾਫ਼ਟ ਵੱਲ ਉਨ੍ਹਾਂ ਦਾ ਹੱਥ ਪਹਿਲਾਂ ਵਧਿਆ ਹੁੰਦਾ। ਹਾਈਵੇਅ ਉੱਪਰ ਭੁੱਖੀ ਮੱਛੀ ਵਾਂਗ ਕਦੇ ਸੱਜੀ ਲੇਨ 'ਚ ਤੇ ਕਦੀ ਖੱਬੀ 'ਚ ਝਕਾਨੀਆਂ ਦਿੰਦੀ ਹੋਈ ਡੈਡੀ ਦੀ ਟੈਕਸੀ, ਮਾਰੋ-ਮਾਰ ਭਜਦੀਆਂ ਬਾਕੀ ਕਾਰਾਂ, ਵੈਨਾਂ, ਤੇ ਟਰੱਕਾਂ ਨੂੰ ਖਿੱਚ-ਖਿੱਚ ਕੇ ਪਿੱਛੇ ਧਕਦੀ ਜਾਂਦੀ। ਸ਼ਾਮੀ ਚਾਰ ਵਜੇ ਤੋਂ ਪਹਿਲਾਂ ਉਹ ਉਨ੍ਹਾਂ ਦੇ ਘਰ ਦੇ ਨੇੜੇ ਆ ਕੇ ਧੀਮੀ ਚਾਲ 'ਚ ਹੋ ਜਾਂਦੀ-ਟਿਕਾਣੇ ਦੇ ਐਨ ਨੇੜੇ ਪਹੁੰਚ ਰਹੇ, ਥੱਕੇ ਹੋਏ ਘੋੜੇ ਵਾਂਙੂੰ।
ਗੱਡੀ 'ਚੋਂ ਉੱਤਰਨ ਸਾਰ ਹੀ ਉਨ੍ਹਾਂ ਦੇ ਬੂਟਾਂ ਵਿੱਚ ਘਰ ਅੰਦਰ ਦਾਖ਼ਲ ਹੋਣ ਦੀ ਕਾਹਲ਼ ਭਰ ਜਾਂਦੀ: ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਫ਼ੈਮਿਲੀਰੂਮ ਵਿੱਚ, ਜੱਤਲ਼ ਕੁੱਤੇ ਨਾਲ਼ ਖੇਡ ਰਹੀ ਕਿੰਨੂੰ ਉਨ੍ਹਾਂ ਤੋਂ ਪੁੱਛਣ ਲਈ, ਕਿੰਨੇ ਹੀ ਸਵਾਲ ਤਿਆਰ ਕਰੀ ਬੈਠੀ ਹੋਵੇਗੀ। ਇਸੇ ਲਈ ਉਹ ਆਪਣੀਆਂ ਚਾਬੀਆਂ ਨੂੰ ਫ਼ਰਿੱਜ ਦੇ ਨਜ਼ਦੀਕ, ਥਮਲੇ ਉੱਪਰ ਜੜੇ ਕੀ-ਹੋਲਡਰ ਉੱਤੇ ਟੁੰਗ ਕੇ, ਲਿਵਿੰਗਰੂਮ 'ਚ, ਸੋਫ਼ੇ ਉੱਪਰ ਜਾ ਬੈਠਦੇ।
'ਹਾਏ, ਡੈਡ' ਆਖ ਕੇ, ਕਿੰਨੂੰ ਆਪਣਾ ਬਾਲੜਾ ਜਿਹਾ ਅੰਗੂਠਾ ਟੀ ਵੀ ਰੀਮੋਟ ਦੇ 'ਪਾਵਰ ਆਫ਼' ਬਟਨ ਉੱਪਰ ਦਬਾਅ ਦੇਂਦੀ।
ਉਸ ਦਿਨ ਵੀ ਉਹ ਉਸੇ ਜੱਤਲ਼ ਕੁੱਤੇ ਦੇ ਕੰਨਾਂ ਨੂੰ ਸੱਜੇ-ਖੱਬੇ ਖਿਚਦੀ ਹੋਈ ਕਹਿ ਰਹੀ ਸੀ: ਹਾਏ, ਮਾਈ ਟਾਮੀ! ਆਰ ਯੂ ਹੰਗਰੀ, ਸਵੀਟੀ?
ਫ਼ਿਰ ਉਸ ਨੇ ਕੁੱਤੇ ਦੀ ਠੋਡੀ ਨੂੰ ਆਪਣੇ ਹੱਥ ਨਾਲ਼ ਉੱਪਰੋਂ ਹੇਠਾਂ ਵੱਲ ਹਿਲਾਅ ਕੇ, ਉਸ ਤੋਂ 'ਹਾਂ' ਅਖਵਾ ਲਿਆ।
ਪਰ ਹੁਣ ਤੋਂ ਬਾਅਦ ਤੈਨੂੰ ਹੱਡੀਆਂ ਨੀ ਮਿਲਣੀਆਂ, ਟਾਮੀ! ਉਹ ਆਪਣੀ ਪਹਿਲੀ ਉਂਗਲ਼ ਨੂੰ ਮੁੱਠੀ ਵਿੱਚੋਂ ਸਿੱਧੀ ਕਰ ਕੇ ਜੱਤਲ਼ ਨੂੰ ਤਾੜਨ ਲੱਗੀ। ਮੀਟ ਨੀ ਖਾਈਦਾ! ਓ ਕੇ?
ਹੁਣ ਉਹ ਕੁੱਤੇ ਦੀ ਬੂਥ ਨੂੰ ਆਪਣੇ ਮੂੰਹ ਨਾਲ਼ ਸੱਜੇ-ਖੱਬੇ ਥਪੇੜਨ ਲੱਗੀ, ਤੇ ਉਸ ਦੀ ਜੱਤ ਨੂੰ ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਨਾਲ ਕੰਘੀ ਕਰਨ ਲੱਗੀ ਸੀ।
ਫ਼ਿਰ ਅਚਾਨਕ ਹੀ ਉਸ ਨੇ ਆਪਣੇ ਬੁੱਲ੍ਹਾਂ ਨੂੰ ਮਰੋੜ ਕੇ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਲਟਕਾਅ ਲਿਆ ਸੀ।
ਆਈ ਵਾਨ ਅ ਰੀਅਲ ਡਾਗੀ, ਡੈਡ!
ਮੈਨੂੰ ਤਾਂ ਹਾਅ ਵੀ ਸੱਚੀਂ-ਮੁੱਚੀਂ ਦਾ ਈ ਲਗਦੈ, ਕਿੰਨੂੰ! ਡੈਡੀ ਆਪਣੀਆਂ ਮੁੱਛਾਂ ਉੱਪਰ ਉਂਗਲ਼ਾਂ ਫੇਰਦੇ ਬੋਲੇ। ਪਤਾ ਤੈਨੂੰ ਕੀ ਹੋਇਆ ਸੀ ਜਦੋਂ ਮੈਂ ਐਸ ਡਾਗੀ ਨੂੰ ਪਹਿਲੀ ਵਾਰ ਦੇਖਿਆ ਸੀ?
ਨਹੀਂ, ਡੈਡ! ਕਿੰਨੂੰ ਨੇ ਆਪਣੇ ਸਿਰ ਨੂੰ ਖੱਬੇ ਸੱਜੇ ਝਟਕਿਆ।
ਲੈ ਸੁਣ ਲੈ ਫ਼ੇਅ, ਡੈਡੀ ਆਪਣੇ ਬੁੱਲ੍ਹਾਂ ਨੂੰ ਬਾਹਰ ਵੱਲ ਨੂੰ ਖਿਲਾਰਦਿਆਂ ਬੋਲੇ। ਓਦੇਂ ਵੀ ਮੈਂ ਕੰਮ ਤੋਂ ਸਿੱਧਾ ਕਿਚਨ 'ਚ ਆਇਆ, ਕਿੰਨੂੰ। ਥਰਮੋਸ ਬੋਤਲ ਨੂੰ ਸਿੰਕ 'ਚ ਰੱਖ ਕੇ ਜਦੋਂ ਮੈਂ ਐਧਰ ਫ਼ੈਮਿਲੀਰੂਮ ਵੱਲ ਝਾਕਿਆ, ਤਾਂ ਹਾਅ ਤੇਰਾ ਜੱਤਲ਼ ਸੋਫ਼ੇ ਦੀ ਲਵਸੀਟ ਉੱਪਰ ਬੈਠਾ ਸੀ। ਇਹਨੂੰ ਦੇਖ ਕੇ ਮੈਂ ਤ੍ਰਭਕ ਗਿਆ। ਮੈਂ ਤੇਰੀ ਮੰਮੀ ਨੂੰ ਪੁੱਛਿਆ ਪਈ ਆਹ ਕਿੱਥੋਂ ਲਿਆਂਦਾ? ਉਹ ਕਹਿਣ ਲੱਗੀ, ਗਵਾਂਢੀਆਂ ਦੇ ਘਰੋਂ ਆ ਵੜਿਆ ਆਪਣੇ ਘਰ! ਮੈਂ ਕਿਹਾ ਸੋਫ਼ੇ ਉੱਪਰ ਕਿਤੇ ਪਿਸ਼ਾਬ ਨਾ ਕਰ ਦੇਵੇ? ਤੇਰੀ ਮੰਮੀ ਦਾ ਹਾਸਾ ਨਿੱਕਲ਼ ਗਿਆ: ਕਹਿੰਦੀ ਨੇੜੇ ਹੋ ਕੇ ਦੇਖੋ ਜ਼ਰਾ!
ਪਰ ਮੈਂ ਚਹੁੰਨੀ ਆਂ ਪਈ ਜੀਂਦਾ ਕੁੱਤਾ ਹੋਵੇ, ਡੈਡ, ਕਿੰਨੂੰ ਜੱਤਲ਼ ਦੀ ਪਿੱਠ ਉੱਪਰ ਪੋਲੀਆਂ ਪੋਲੀਆਂ ਮੁੱਕੀਆਂ ਮਾਰਦਿਆਂ ਬੋਲੀ। ਬੈਕਯਾਰਡ 'ਚ ਦੌੜ ਕੇ ਗੇਂਦ ਚੁੱਕਣ ਜਾਵੇ ਗਗਨ ਤੇ ਰਮਨ ਦੇ ਕੁੱਤੇ ਵਾਂਙੂੰ।
ਜੱਤਲ਼ ਨੂੰ ਫ਼ਰਸ਼ ਉੱਪਰ ਟਿਕਾਅ ਕੇ ਉਹ ਡੈਡੀ ਵੱਲ ਨੂੰ ਖਿਸਕ ਗਈ ਸੀ, ਤੇ ਆਪਣੇ ਸਿਰ ਨੂੰ ਉਸ ਨੇ ਡੈਡੀ ਦੇ ਮੋਢੇ ਨਾਲ਼ ਜੋੜ ਦਿੱਤਾ ਸੀ। ਡੈਡੀ ਨੇ ਕਿੰਨੂੰ ਦੇ ਗਲ਼ ਉਦਾਲ਼ੇ ਆਪਣੀ ਬਾਂਹ ਵਗਲ਼ ਲਈ, ਪਰ ਕਿੰਨੂੰ ਨੇ ਆਪਣਾ ਸਿਰ ਇੱਕ ਦਮ ਪਰ੍ਹੇ ਨੂੰ ਖਿੱਚ ਲਿਆ ਸੀ।
ਥੋਨੂੰ ਗੱਲ ਕਹਾਂ ਇੱਕ, ਡੈਡ? ਉਹ ਨੱਕ ਨੂੰ ਸੁੰਗੇੜ ਕੇ ਬੋਲੀ ਸੀ।
ਕੀ ਹੋ ਗਿਆ, ਕਿੰਨੂੰਆਂ!
ਕੰਮ ਤੋਂ ਆ ਕੇ ਪਹਿਲਾਂ ਸ਼ਾਵਰ ਲਿਆ ਕਰੋ!
ਪਰ ਅੰਦਰ ਵੜਨ ਸਾਰ ਤਾਂ ਪਹਿਲਾਂ ਮੈਂ ਤੇਰੀਆਂ ਗੱਲਾਂ ਸੁਣਨੀਆਂ ਹੁੰਦੀਐਂ, ਕਿੰਨੂੰ?
ਬੋਅ ਆਉਂਦੀ ਹੁੰਦੀ ਐ ਤੁਹਾਡੇ ਕੱਪੜਿਆਂ 'ਚੋਂ ਹਰ ਰੋਜ਼ ਈ, ਡੈਡ!
ਸ਼ਰਾਬੀ ਢੋਈਦੇ ਐ ਰਾਤ ਨੂੰ ਰੈਸਟੋਰੈਂਟਾਂ 'ਚੋਂ, ਕਿੰਨੂੰ! ਡੈਡੀ ਨੇ ਆਪਣੇ ਨੱਕ ਨੂੰ ਆਪਣੇ ਖੱਬੇ ਮੋਢੇ ਵੱਲੀਂ ਗੇੜ ਕੇ ਆਪਣੀ ਕਮੀਜ਼ ਨੂੰ ਸੁੰਘਿਆ। ਸਾਲ਼ੇ ਬੈਠਣ ਸਾਰ ਪਹਿਲਾਂ ਜੇਬ 'ਚੋਂ ਡੱਬੀ ਤੇ ਲਾਈਟਰ ਕੱਢਦੇ ਐ!
ਕਿੰਨੂੰ ਫ਼ਰਸ਼ ਉੱਪਰ ਪਏ ਜੱਤਲ਼ ਵੱਲ ਝਾਕਣ ਲੱਗ ਪਈ ਸੀ।
ਦੇਖ ਲੋ, ਡੈਡ, ਬੰਦਿਆਂ ਨਾਲੋਂ ਤਾਂ ਕੁੱਤੇ ਬਿੱਲੀਆਂ ਈ ਸਿਆਣੇ ਐਂ: ਗਗਨ ਦੇ ਕੁੱਤੇ ਨੂੰ ਬੱਸ ਇੱਕ ਵਾਰ ਵਰਜਣ ਦੀ ਲੋੜ ਐ... ਹਿਊਮਨਜ਼ ਕਿਉਂ ਨੀ ਹਟਦੇ ਸਿਗਰਟਾਂ ਪੀਣੋਂ, ਡੈਡ?
ਡੈਡੀ ਹੁਣ ਆਪਣੀਆਂ ਜੁਰਾਬਾਂ ਉਤਾਰਨ ਲੱਗ ਪਏ ਸਨ।
ਕਿੰਨੂੰ ਨੇ ਜੱਤਲ਼ ਨੂੰ ਫ਼ਰਸ਼ ਤੋਂ ਉਠਾਇਆ ਤੇ ਆਪਣੀ ਗੋਦ ਵਿੱਚ ਬਿਠਾਅ ਲਿਆ।
ਕਿੰਨੇ ਵਜੇ ਉਠਦੇ ਹੁੰਨੇ ਐਂ, ਡੈਡੀ?
ਪਗੜੀ ਨੂੰ ਉਤਾਰ ਕੇ ਕਾਫ਼ੀ-ਟੇਬਲ ਉੱਪਰ ਧਰਦਿਆਂ ਡੈਡੀ ਮੁਸਕ੍ਰਾਉਣ ਲੱਗ ਪਏ ਸਨ: ਇਹ ਸਵਾਲ ਤਾਂ ਕਿੰਨੂੰ ਹਰ ਚੌਥੇ ਕੁ ਦਿਨ ਈ ਪੁੱਛ ਲੈਂਦੀ ਐ!
ਵਿੰਟਰ ਹੋਵੇ ਜਾਂ ਸਮਰ, ਕਿੰਨੂੰ; ਮੈਂ ਤਾਂ ਤੜਕਸਾਰ ਸਾਢੇ ਤਿੰਨ ਵਜੇ ਚਾਹ ਦੀ ਪਤੀਲੀ ਸਟੋਵ 'ਤੇ ਰੱਖ ਦਿੰਨਾਂ, ਤੇ ਥਰਮੋਸ ਬੋਤਲ ਨੂੰ ਟਰੇਅ 'ਚੋਂ ਉਠਾਲ਼ ਕੇ ਸਟੋਵ ਦੇ ਨੇੜੇ ਕਰ ਦਿੰਨਾਂ!
ਆਪਣੀ ਉਬਾਸੀ ਨੂੰ ਸੱਜੇ ਹੱਥ ਦੀਆਂ ਉਂਗਲ਼ਾਂ ਨਾਲ਼ ਪਿੱਛੇ ਨੂੰ ਝੱਲ ਕੇ ਡੈਡੀ ਅਗਾੜੀ ਭੰਨਣ ਲੱਗ ਪਏ ਸਨ।
ਐਨੀ ਸਵਖ਼ਤੇ, ਡੈਡ?
ਚਾਰ ਵਜੇ ਆਡਰ ਚੁੱਕਣਾ ਹੁੰਦੈ, ਕਿਰਨਪਾਲ ਜੀ! ਪੱਕਾ ਰਨ ਐ ਏਅਰਪੋਰਟ ਦਾ!
ਕਿੰਨੂੰ ਆਪਣੇ ਮੂੰਹ ਦੀ ਟੂਟੀ ਬਣਾ ਕੇ ਜੱਤਲ਼ ਨੂੰ ਕੁਤਕੁਤਾੜੀਆਂ ਕੱਢਣ ਲੱਗ ਪਈ ਸੀ।
ਕਿੰਨੇ ਡਾਲਰ ਬਣਗੇ ਅੱਜ, ਡੈਡ? ਉਹ ਅਚਾਨਕ ਹੀ ਬੋਲ ਉੱਠੀ ਸੀ।
ਜਿੰਨੇ ਤੈਨੂੰ ਕਲ੍ਹ ਦੱਸਿਆ ਸੀ, ਉਨ੍ਹਾਂ 'ਚ ਪੰਦਰਾਂ ਜੋੜ ਲਾ!
ਪਤਾ ਕੀ, ਡੈਡੀ ਜੀ?
ਦੱਸੋ ਜੀ, ਕਿੰਨੂੰ ਜੀ!
ਅੱਜ ਸਕੂਲ 'ਚ ਪਤਾ ਅਸੀਂ ਕੀ ਕੀਤਾ?
ਕੋਈ ਸ਼ਰਾਰਤ ਤਾਂ ਨੀ ਕਰਤੀ ਟੀਚਰ ਨਾਲ਼? ਡੈਡੀ ਆਪਣੇ ਮੱਥੇ ਉੱਪਰਲੀ ਚਮੜੀ ਨੂੰ ਸੁੰਗੇੜ ਕੇ, ਟੇਢੀ ਨਜ਼ਰੇ ਕਿੰਨੂੰ ਵੱਲ ਦੇਖਣ ਲੱਗ ਪਏ ਸਨ।
ਨੋਅਪ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗੀ ਸੀ।
ਜਾਂ ਫ਼ਿਰ... ਅਵਾਰਡ ਜਿੱਤਿਆ ਹੋਊ!
ਨੋਅਪ!
ਹੋਰ ਫ਼ਿਰ ਕੀ ਕੀਤਾ ਸਕੂਲ 'ਚ ਤੁਸੀਂ?
ਝੰਡੇ ਬਣਾਏ ਸਾਰੇ ਬੱਚਿਆਂ ਨੇ!
ਝੰਡੇ?
ਹਾਂ, ਡੈਡ, ਆਪਣੇ-ਆਪਣੇ ਦੇਸ਼ਾਂ ਦੇ ਝੰਡੇ!
ਅੱਛਾਅ? ਡੈਡੀ ਨੇ ਕਾਫ਼ੀ-ਟੇਬਲ ਉੱਪਰ ਪਏ ਅਖ਼ਬਾਰ ਨੂੰ ਉਠਾਅ ਲਿਆ ਸੀ।
ਮੈਂ ਪਤਾ ਕੀ ਕੀਤਾ, ਡੈਡ?
ਦੱਸੋ ਜੀ? ਡੈਡੀ, ਅੱਖਾਂ ਨਾਲ, ਅਖ਼ਬਾਰ ਦੀਆਂ ਹੈੱਡਲਾਈਨਾਂ ਨੂੰ ਸੱਜੇ-ਖੱਬੇ ਗੇੜਦਿਆਂ ਬੋਲੇ ਸਨ।
ਮੈਂ ਤੁਹਾਡੀ ਪਿਕਚਰ ਬਣਾ ਦਿੱਤੀ, ਵੱਡੀ ਸਾਰੀ ਸ਼ੀਟ 'ਤੇ!
ਸੱਚੀਂ, ਕਿੰਨੂੰ?
ਹਾਂ, ਡੈਡ, ਤੁਹਾਡੀ ਪਿਕਚਰ!
ਵਾਹ ਓ ਤੇਰੇ, ਕਿੰਨੂੰਆਂ!
ਹੋਰ ਪਤਾ ਕੀ ਕੀਤਾ ਮੈਂ, ਡੈਡ?
ਉਹ ਵੀ ਦਸ ਦਿਓ ਜੀ!
ਪੱਗ ਬੰਨ੍ਹ'ਤੀ ਤੁਹਾਡੇ ਸਿਰ 'ਤੇ!
ਸੱਚੀਂ, ਕਿੰਨੂੰ?
ਤੇ ਹੱਥ 'ਚ ਤੁਹਾਡੇ ਪਤਾ ਕੀ ਫੜਾਤਾ?
ਤੂੰ ਫੜਾਇਆ ਹੋਊ... ਫੜਾਇਆ ਹੋਊ... ਪਤਾ ਨੀ, ਕਿੰਨੂੰ, ਕੀ ਫੜਾਤਾ ਹੋਊ!
ਮੈਂ ਤੁਹਾਡੇ ਹੱਥ 'ਚ ਫੜਾਤਾ ਤਿਰੰਗਾ ਝੰਡਾ!
ਤਿਰੰਗਾ? ਪਰ ਤੂੰ ਤਾਂ, ਕਮਲੀਏ, ਕੈਨੇਡਾ 'ਚ ਜੰਮੀ ਐਂ!
ਪਰ ਮੈਂ ਇੰਡੀਅਨ ਵੀ ਆਂ, ਡੈਡ, ਇੰਡੀਅਨ!
ਡੈਡੀ ਨੇ ਅਖ਼ਬਾਰ ਦਾ ਸਫ਼ਾ ਪਲ਼ਟ ਲਿਆ ਸੀ।
ਮਿਜ਼ ਹਾਲੈਂਡ ਨੇ ਪਤਾ ਕੀ ਕੀਤਾ, ਡੈਡ?
ਗੁੱਸੇ ਹੋਗੀ ਹੋਊ, ਹੋਰ ਕੀ!
ਨਾਅ!
ਡੈਡੀ ਨੈਪਕਿਨ ਨਾਲ਼ ਐਨਕਾਂ ਨੂੰ ਸਾਫ਼ ਕਰਨ ਲੱਗੇ।
ਕਹਿੰਦੀ ਹੋਊ ਦੋਬਾਰਾ ਬਣਾਅ ਇਕੱਲੇ ਝੰਡੇ ਦੀ ਪਿਕਚਰ!
ਉਹ ਪਿਕਚਰ ਉਹਨੇ ਚਾਕ-ਬੋਰਡ ਉੱਪਰ ਚਿਪਕਾ'ਤੀ, ਡੈਡ! ਕਿੰਨੂੰ ਦੀਆਂ ਗੱਲ੍ਹਾਂ 'ਚ ਲਾਲ ਰੰਗ ਦੀ ਹਵਾ ਭਰ ਗਈ ਸੀ।
ਵਾਹ ਬਈ ਵਾਹ!
ਫੇਰ ਪਤਾ ਕੀ ਕਿਹਾ ਮਿਸ ਹਾਲੈਂਡ ਨੇ?
ਉਹ ਵੀ ਦੱਸ ਦਿਓ ਜੀ!
ਕਹਿੰਦੀ, 'ਦ ਫ਼ੰਨੀਐਸਟ ਪਿਕਚਰ, ਐਂਡ ਵੈਰੀ ਆਰਟਿਸਟਿਕ!'
ਤੂੰ ਤਾਂ ਫ਼ਿਰ ਆਰਟਿਸਟ ਬਣਗੀ, ਕਿੰਨੂੰਆਂ?
ਹੋਰ ਦੱਸਾਂ, ਡੈਡ?
ਉਹ ਵੀ ਦੱਸ ਲਾ ਹੁਣ ਲਗਦੇ ਹੱਥ!
ਕਲ੍ਹ ਨੂੰ ਸਾਡੀ ਕਲਾਸ ਨੇ ਕਿਤੇ ਜਾਣੈ!
ਅੱਛਾਅ? ਡੈਡੀ ਅਖ਼ਬਾਰ ਦੇ ਪਿਛਲੇ ਪਾਸੇ ਛਪੇ ਸੇਲ ਦੇ ਇਸ਼ਤਿਹਾਰ ਦੇ ਮੋਟੇ-ਮੋਟੇ ਅੱਖਰਾਂ ਵਿੱਚ ਖੁੱਭੇ ਹੋਏ ਸਨ: "ਸ਼ਾਨੇ-ਦਰਬਾਰ ਰੈਸਟੋਰੈਂਟ, ਇੱਕ ਪੌਂਡ ਮੱਛੀ ਨਾਲ਼ ਇੱਕ ਪੌਂਡ ਮੁਫ਼ਤ ਲਵੋ!"
ਪਤੈ ਕਿੱਥੇ ਜਾਣੈ ਅਸੀਂ ਕੱਲ੍ਹ ਨੂੰ, ਡੈਡ?
ਤੂੰ ਈ ਦੱਸ ਦੇ, ਕਿੰਨੂੰ! ਡੈਡੀ ਆਪਣੇ ਢਿਲ਼ਕੇ ਹੋਏ ਜੂੜੇ ਨੂੰ ਗੰਢ ਦੇਣ ਲੱਗ ਪਏ ਸਨ।
ਕੱਲ ਨੂੰ ਸਾਡੀ ਕਲਾਸ ਨੇ ਜਾਣੈ... ਜ਼ੂ ਦੇਖਣ! ਜਾਨਵਰ ਤੇ ਪੰਛੀ ਤੇ ਮੱਛੀਆਂ ਦੇਖਾਂਗੇ ਓਥੇ!
ਹੈਂ? ਅਖ਼ਬਾਰ ਤੋਂ ਨਿਗਾਹ ਪੱਟ ਕੇ ਡੈਡ, ਐਨਕਾਂ ਦੇ ਸ਼ੀਸ਼ਿਆਂ ਦੇ ਉੱਪਰੋਂ ਦੀ ਕਿੰਨੂੰ ਵੱਲੀਂ ਝਾਕਣ ਲੱਗੇ। ਮੱਛੀਆਂ ਵੀ ਹੁੰਦੀਆਂ ਜ਼ੂ 'ਚ, ਕਿੰਨੂੰ?
ਹਾਂ, ਡੈਡ! ਯੂ ਨੋ ਡਾਲਫ਼ਿਨ? ਕਿੰਨੂੰ ਨੇ ਆਪਣੇ ਪੰਜਿਆਂ ਨੂੰ ਫੈਲਾਅ ਕੇ, ਆਪਣੀਆਂ ਬਾਹਾਂ ਨੂੰ ਪਾਸਿਆਂ ਵੱਲ ਨੂੰ ਖੋਲ੍ਹ ਲਿਆ ਸੀ। ਐਨੀ ਵੱਡੀ ਹੁੰਦੀ ਐ, ਡੈਡ!
ਉਹ ਜਿਹੜੀ ਪਾਣੀ 'ਚੋਂ ਉੱਪਰ ਵੱਲ ਨੂੰ ਜੰਪ ਕਰਦੀ ਹੁੰਦੀ ਐ?
ਹਾਂ, ਡੈਡ, ਕਿੰਨੂੰ ਨੇ ਆਪਣੀਆਂ ਅੱਖਾਂ ਚੌੜੀਆਂ ਕਰ ਲਈਆਂ। ਆਪਣੀ ਬੂਥੀ ਉੱਤੇ ਬਾਲ ਰੱਖ ਕੇ ਘੁੰਮਾਅ ਲੈਂਦੀ ਐ!
ਫੇਰ ਨੀ ਮੈਂ ਜਾਣ ਦੇਣਾ ਤੈਨੂੰ ਜ਼ੂ 'ਚ, ਕਿੰਨੂੰ! ਡੈਡੀ ਦਾ ਸਿਰ ਸੱਜੇ-ਖੱਬੇ ਗਿੜਿਆ। ਨਾਟ ਐਟ ਆਲ!
ਕਿਉਂ, ਡੈਡ? ਜੱਤਲ਼ ਕੁੱਤਾ ਕਿੰਨੂੰ ਦੇ ਹੱਥਾਂ 'ਚੋਂ ਖਿਸਕ ਕੇ ਫ਼ਰਸ਼ ਉੱਪਰ ਜਾ ਡਿੱਗਾ ਸੀ। ਕਿਉਂ ਨੀ ਜਾਣ ਦੇਣਾ?
ਤੂੰ ਰੋਣ ਲੱਗ ਜਾਣੈ ਡਾਲਫ਼ਿਨ ਨੂੰ ਦੇਖ ਕੇ!
ਵੱਟ੍ਹ, ਡੈਡ? ਕਿੰਨੂੰ ਦੇ ਭਰਵੱਟੇ ਅੰਦਰ ਵੱਲ ਨੂੰ ਇਕੱਠੇ ਹੋ ਗਏ ਸਨ। ਰੋਣ ਕਿਉਂ ਲੱਗਜੂੰ ਮੈਂ?
ਯਾਦ ਐ ਤੈਨੂੰ ਜਦੋਂ ਤੂੰ ਹਾਲੇ ਕਿੰਡਰਗਾਰਡਨ 'ਚ ਪੜ੍ਹਦੀ ਹੁੰਦੀ ਸੀ?
ਡੈਡੀ ਨੇ ਹੁਣ ਆਪਣੀ ਦਾਹੜੀ ਦੀ ਗੁੱਟੀ ਖੋਲ੍ਹ ਲਈ ਸੀ।
ਥੋੜਾ, ਥੋੜਾ ਯਾਦ ਐ, ਡੈਡੀ! ਕਿੰਨੂੰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲ ਗਏ। ਤੁਸੀਂ ਮੈਨੂੰ ਪਾਰਕ 'ਚ ਲਿਜਾਂਦੇ ਹੁੰਦੇ ਸੀ ਡਕਸ (ਬੱਤਖ਼ਾਂ) ਦਿਖਾਉਣ ਤੇ ਮੈਂ ਉਹਨਾਂ ਨੂੰ ਬਰੈੱਡ ਦੇ ਟੁਕੜੇ ਖੁਵਾਉਂਦੀ ਹੁੰਦੀ ਸੀ!
ਉਨ੍ਹੀਂ ਦਿਨੀਂ ਟੀ ਵੀ ਉੱਤੇ ਇੱਕ ਐਡ (ਮਸ਼ਹੂਰੀ) ਆਉਂਦੀ ਹੁੰਦੀ ਸੀ, ਕਿੰਨੂੰ: ਵੱਡੀ ਸਾਰੀ ਡਾਲਫ਼ਿਨ, ਤਕੜੇ ਸੂਰ ਜਿੱਡੀ! ਆਪਣੀ ਚੁੰਝ ਨੂੰ ਪਾਣੀ 'ਚੋਂ ਬਾਹਰ ਕੱਢਦੀ ਤੇ ਫ਼ਿਰ ਸਾਰੇ ਜ਼ੋਰ ਨਾਲ਼ ਉੱਪਰ ਨੂੰ ਉੱਛਲ਼ਦੀ ਹੁੰਦੀ ਸੀ...
ਓ ਹਾਂ, ਡੈਡ! ਕਿੰਨੂੰ ਦੇ ਚਿਹਰੇ 'ਚ ਪੋਸਤ ਦੇ ਫੁੱਲ ਖਿੜ ਉੱਠੇ ਸਨ।
ਪਰ ਉਹਨੂੰ ਦੇਖਦਿਆਂ ਈ ਤੂੰ ਉੱਚੀ ਉੱਚੀ ਰੋਣ ਲੱਗ ਜਾਂਦੀ ਸੀ, ਕਿੰਨੂੰ! ਯਾਦ ਹੋਣੈ ਤੈਨੂੰ!
ਹਾਂ, ਡੈਡ! ਕਿੰਨੂੰ ਦਾ ਚਿਹਰਾ ਇੱਕ ਦਮ ਢਿਲ਼ਕ ਗਿਆ ਸੀ। ਮੇਰਾ ਜੀਅ ਕਰਦਾ ਹੁੰਦਾ ਸੀ ਡਾਲਫ਼ਿਨ ਨੂੰ ਘੁੱਟ ਕੇ ਗਲਵਕੜੀ 'ਚ ਲੈ ਲਵਾਂ! ਪੂਅਰ ਡਾਲਫ਼ਿਨ!
ਕਿੰਨੂੰ ਨੇ ਜੱਤਲ਼ ਕੁੱਤੇ ਨੂੰ ਫ਼ਰਸ਼ ਤੋਂ ਚੁੱਕ ਕੇ ਹਿੱਕ ਨਾਲ਼ ਲਾ ਲਿਆ ਸੀ।
ਮੈਂ ਥੋਨੂੰ ਇੱਕ ਗੱਲ ਪੁੱਛਣੀ ਆ, ਡੈਡ!
ਬੱਸ ਇੱਕ ਈ ਪੁੱਛੀਂ, ਕਿੰਨੂੰ!
ਕਿਉਂ, ਡੈਡ?
ਅੱਜ ਦੀਆਂ ਗੱਲਾਂ ਲਈ ਤੇਰਾ ਕੋਟਾ ਪੂਰਾ ਹੋ ਗਿਐ, ਕਿੰਨੂੰ! ਬਾਕੀ ਕੱਲ੍ਹ ਨੂੰ! ਓ ਕੇ?
ਓ ਕੇ, ਇੱਕ ਈ ਪੁਛਦੀ ਆਂ: ਥੋਨੂੰ ਪਤੈ ਵਿੰਟਰ 'ਚ ਸਨੋਅ ਪੈ ਜਾਂਦੀ ਐ?
ਉਹ ਤਾਂ ਪੈਂਦੀ ਆ ਹਰ ਸਾਲ ਈ!
ਪਤਾ ਕਿੰਨੀ ਠੰਢ ਹੋ ਜਾਂਦੀ ਐ, ਡੈਡ? ਕਿੰਨੂੰ ਦਾ ਹੇਠਲਾ ਬੁਲ੍ਹ ਲਮਕਣ ਲੱਗ ਪਿਆ ਸੀ। ਖਿੜਕੀਆਂ ਦੇ ਸ਼ੀਸ਼ਿਆਂ ਦੇ ਅੰਦਰ- ਬਾਹਰ ਆਈਸ ਜੰਮਗੀ ਸੀ ਮੋਟੀ-ਮੋਟੀ ਪਿਛਲੀ ਵਿੰਟਰ 'ਚ!
ਪਰ ਠੰਢ ਬਾਰੇ ਹੁਣੇ ਈ ਫ਼ਿਕਰਮੰਦ ਕਿਉਂ ਹੋਈ ਜਾਨੀਂ ਐਂ, ਕਿੰਨੂੰ?
ਠੰਢ ਬਾਰੇ ਸੋਚ ਕੇ ਮੈਨੂੰ ਬਰਡਜ਼ ਯਾਦ ਆ ਜਾਂਦੇ ਐ, ਡੈਡ!
ਅੱਛਾਅ?
ਜਦੋਂ ਫ਼ਰੀਜ਼ਿੰਗ ਰੇਨ ਪੈਂਦੀ ਐ, ਡੈਡ...
ਹਾਂ ਕਿੰਨੂੰ, ਫ਼ਰੀਜ਼ਿੰਗ ਰੇਨ! ਡੈਡੀ ਨੇ ਕਿੰਨੂੰ ਦੇ ਵਾਕ ਨੂੰ ਕੱਟ ਕੇ ਆਪਣੇ ਬੁੱਲ੍ਹਾਂ 'ਚ ਫੜ ਲਿਆ ਸੀ। ਡਰਾਇਵਰਾਂ ਦੀ ਵੈਰਨ! ਸੜਕਾਂ 'ਤੇ ਆਈਸ... ਟਾਹਣੀਆਂ ਉਦਾਲ਼ੇ ਖੰਭਿਆਂ ਉਦਾਲ਼ੇ ਆਈਸ ਦੀ ਤਹਿ, ਜਿਵੇਂ ਸ਼ੀਸ਼ੇ ਦਾ ਮੋਟਾ ਲੇਪ ਕੀਤਾ ਹੋਵੇ!
ਆਈਸ ਤਾਂ ਫਿਰ ਬਰਡਜ਼ ਦੇ ਆਹਲਣਿਆਂ 'ਚ ਵੀ ਜੰਮ ਜਾਂਦੀ ਹੋਊ, ਡੈਡ?
ਕਿਸੇ ਦਾ ਲਿਹਾਜ਼ ਨੀ ਕਰਦੀ ਆਈਸ, ਕਿੰਨੂੰ!
ਠਰ ਜਾਂਦੇ ਹੋਣਗੇ ਵਿੰਟਰ 'ਚ ਵਿਚਾਰੇ ਪੰਛੀ, ਸੀਤ ਹਵਾ ਦੇ ਫਰਾਟਿਆਂ 'ਚ!
ਸ਼ਾਇਦ!
ਸ਼ਾਇਦ ਨੀ, ਡੈਅਅਡ; ਸੱਚੀਂ ਠਰਦੇ ਹੋਣਗੇ ਵਿਚਾਰੇ! ਕਿੰਨੂੰ ਦਾ ਚਿਹਰਾ ਕੰਬਣ ਲੱਗ ਪਿਆ ਸੀ। ਉਨ੍ਹਾਂ ਕੋਲ਼ ਕਿਹੜਾ ਆਪਣੇ ਵਾਂਙੂੰ ਘਰ ਹੁੰਦੇ ਐ, ਡੈਡ!
ਇਹ ਗੱਲ ਤਾਂ ਤੇਰੀ ਸੱਚੀ ਐ, ਕਿੰਨੂੰ!
ਉਹਨਾਂ ਦੇ ਬੱਚੇ ਵੀ ਠਰ ਜਾਂਦੇ ਹੋਣਗੇ! ਪੂਅਰ ਬਰਡਜ਼!
ਪਰ ਕਈ ਸਾਲਾਂ ਬਾਅਦ ਇਹ ਸਭ ਕੁਝ ਇੰਝ ਨਹੀਂ ਰਿਹਾ ਸੀ: ਡੈਡੀ ਹੁਣ ਕੰਮ ਤੋਂ ਪਰਤਦੇ; ਥਰਮੋਸ ਬੋਤਲ ਸਮੇਤ ਕਿਚਨ ਸਿੰਕ ਵੱਲੀਂ ਜਾਣ ਤੋਂ ਪਹਿਲਾਂ ਫ਼ੈਮਿਲੀਰੂਮ ਵੱਲ ਨਿਗਾਹ ਫੇਰਦੇ। ਉਹਨਾਂ ਦਾ ਲਮਕਵਾਂ ਹਾਉਕਾ, ਫੈਮਿਲੀ ਰੂਮ ਦੀ ਸੁੰਨਸਾਨਤਾ ਵਿਚਦੀ ਹੁੰਦਾ ਹੋਇਆ, ਕਿੰਨੂੰ ਦੇ ਕਮਰੇ ਵੱਲ ਨੂੰ ਜਾਂਦੀਆਂ ਪੌੜੀਆਂ ਤੀਕ ਫੈਲ ਜਾਂਦਾ। ਕਿੰਨੂੰ ਦੇ ਕਮਰੇ ਦੇ ਦਰਵਾਜ਼ੇ ਦੀ ਵਿਰਲ ਵਿੱਚੋਂ ਬੱਜੀਆਂ ਦੀ ਚਿਰੜ-ਚਿਰੜ, ਕੁਰੜ-ਕੁਰੜ ਪੌੜੀਆਂ ਉਤਰਨ ਲਗਦੀ। ਡੈਡੀ ਥਰਮੋਸ ਬੋਤਲ ਨੂੰ ਖੋਲ੍ਹਦੇ ਤੇ ਉਸ ਨੂੰ ਪਾਣੀ ਦੀ ਟੂਟੀ ਹੇਠ ਕਰ ਕੇ, ਕਈ ਕਈ ਮਿੰਟ ਉਹਦੇ ਵੱਲ ਬੇਧਿਆਨ ਤਕਦੇ ਰਹਿੰਦੇ!
ਚੰਗੀ-ਭਲੀ ਹੁੰਦੀ ਸੀ ਸਾਲ, ਡੇਢ ਸਾਲ ਪਹਿਲਾਂ, ਡੈਡੀ ਹੁਣ ਬੇਸਮੈਂਟ ਵਾਲ਼ੇ ਸੋਫ਼ੇ ਉੱਪਰ ਬੈਠੇ ਸੋਚਦੇ ਰਹਿੰਦੇ। ਛੇਵੀਂ ਜਮਾਤ ਵਾਲ਼ੀ ਆਪਣੀ ਟੀਚਰ ਦਾ ਰਟਨ ਕਰਦੀ ਰਹਿੰਦੀ ਸੀ:
ਆਹ ਦੇਖੋ, ਮਾਮ! ਉਹ ਰੰਗਦਾਰ ਪੈਨਸਿਲਾਂ ਨਾਲ਼ ਬਣਾਈ, ਮਿਜ਼ ਗਿਲੀਜ਼ ਦੀ ਤਸਵੀਰ ਨੂੰ, ਮੰਮੀ ਦੇ ਸਾਹਮਣੇ ਕਰ ਦਿੰਦੀ।
ਮਿਜ਼ ਗਿਲੀਜ਼ ਨੇ ਨਵੀਂ ਕਾਰ ਖ਼ਰੀਦੀ ਐ, ਮਾਮ!
ਅੱਛਾਅ!
ਅੱਜ ਮੈਂ ਮਿਜ਼ ਗਿਲੀਜ਼ ਨੂੰ ਡੈਂਡੀਲਾਇਨ ਦਾ ਫੁੱਲ ਤੋੜ ਕੇ ਭੇਟ ਕੀਤਾ, ਮਾਮ!
ਓ ਹੋ, ਕਿੰਨੂੰ! ਮਾਮ ਮੱਥੇ ਨੂੰ ਸੁੰਗੇੜ ਕੇ ਹੱਸ ਪੈਂਦੇ। ਪਰ ਡੈਂਡੀਲਾਇਨ ਦਾ ਫੁੱਲ ਤਾਂ ਘਾਹ ਵਾਂਗੂੰ ਥਾਂ ਥਾਂ ਉੱਗਿਆ ਹੁੰਦੈ!
ਖੁਸ਼ ਹੋਗੀ ਮਿਜ਼ ਗਿਲੀਜ਼, ਮਾਮ!
ਕੋਈ ਚੱਜ ਦਾ ਫੁੱਲ ਦੇਣਾ ਸੀ ਸਟੋਰੋਂ ਲਿਆ ਕੇ!
ਮਿਜ਼ ਗਿਲੀਜ਼ ਨੇ ਹੇਅਰਸਟਾਇਲ ਬਦਲ ਲਿਐ, ਮਾਮ!
ਕਿਹੋ ਜਿਹਾ ਬਣਾ ਲਿਆ?
ਡੈਡ ਜੀ, ਕਿੰਨੂੰ ਹੁਣ ਆਪਣਾ ਚਿਹਰਾ ਡੈਡ ਵੱਲੀਂ ਗੇੜ ਲੈਂਦੀ। ਮਿਜ਼ ਗਿਲੀਜ਼ ਲਈ ਗਿਫ਼ਟ ਲੈ ਕੇ ਆਉਣੈ ਮੈਂ!
ਲੈ ਆ, ਕਿੰਨੂੰ!
ਮਿਜ਼ ਗਿਲੀਜ਼ ਪਿਆਨੋ ਵਜਾਉਂਦੇ ਹੁੰਦੇ ਐ, ਡੈਡ!
ਪਰ ਕਿੱਥੇ ਹੁਣ ਵਾਲ਼ੀ ਕਿੰਨੂੰ ਤੇ ਕਿੱਥੇ ਪਹਿਲਾਂ ਵਾਲ਼ੀ: ਆਹਾ ਈ ਟੈਕਸੀ ਹੁੰਦੀ ਸੀ ਸਵੇਰੇ ਸਕੂਲ ਜਾਣ ਦੇ ਵੇਲ਼ੇ ਵੀ! ਡੈਡੀ ਹੋਰਨ ਦੀ 'ਪੀਂ-ਪੀਂ' ਕਰਾਉਂਦੇ ਤਾਂ ਉਹ ਬੈਕ-ਪੈਕ (ਕਿਤਾਬਾਂ ਵਾਲ਼ਾ ਬੈਗ਼) ਨੂੰ ਮੋਢੇ 'ਤੇ ਲਟਕਾਅ ਕੇ ਦੌੜ ਪੈਂਦੀ ਸੀ ਟੈਕਸੀ ਵੱਲ ਨੂੰ! ਪਤਲੀਆਂ ਪਤਲੀਆਂ ਉਂਗਲ਼ਾਂ ਦੀ ਮਸੂਮੀਅਤ ਨਾਲ਼ ਟੈਕਸੀ ਦਾ ਦਰਵਾਜ਼ਾ ਖੋਲ੍ਹਦੀ ਤੇ ਆਖਦੀ, 'ਡੈਡੀ ਜੀ, ਸੀਟ ਬੈਲਟ ਲਾ ਦਿਓ!'
ਸਿਗਰਟਾਂ ਦਾ ਧੂੰਆਂ ਤਾਂ ਓਦੋਂ ਵੀ ਡੈਸ਼ਬੋਰਡ ਨੂੰ ਤੇ ਸੀਟਾਂ ਨੂੰ ਤੇ ਵਿੰਡਸ਼ੀਲਡ ਨੂੰ ਵੀ ਚਿੰਬੜਿਆ ਹੁੰਦਾ ਸੀ। ਓਦੋਂ ਵੀ ਸ਼ਨਿਚਰਵਾਰ ਦੀ ਸਾਰੀ ਰਾਤ, ਡੈਡੀ ਰੈਸਟੋਰੈਂਟਾਂ ਵਿੱਚੋਂ ਸ਼ਰਾਬੀ ਹੋਇਆ ਕਾਲ਼ਾ-ਚਿੱਟਾ ਹਨੇਰਾ ਢੋ ਕੇ ਸਵੇਰੇ ਸੱਤ ਵਜੇ ਤੋਂ ਪਹਿਲਾਂ ਘਰ ਨੂੰ ਮੁੜਦੇ। ਉਨ੍ਹਾਂ ਦੇ ਮੁੜਨ ਤੋਂ ਪਹਿਲਾਂ ਹੀ ਕਿੰਨੂੰ ਫਟੇ-ਪੁਰਾਣੇ ਤੌਲੀਆਂ ਤੇ ਬੁਨੈਣਾਂ ਨੂੰ ਅਤੇ ਸਪਰੇਅ ਵਾਲ਼ੀਆਂ ਬੋਤਲਾਂ ਨੂੰ ਨਿੱਕੀਆਂ ਨਿੱਕੀਆਂ ਉਂਗਲ਼ਾਂ 'ਚ ਫੜੀ, ਲਿਵਿੰਗਰੂਮ ਦੇ ਸੋਫ਼ੇ ਉੱਪਰ ਬੈਠੀ ਹੁੰਦੀ ਸੀ। ਡਰਾਈਵਵੇਅ ਵੱਲ ਦੀ ਖਿੜਕੀ ਦੇ ਸ਼ੀਸ਼ੇ ਰਾਹੀਂ ਨਜ਼ਰਾਂ ਨੂੰ ਬਾਹਰ ਵੱਲੀਂ ਲਮਕਾਅ ਕੇ ਉਹ ਵਾਰ ਵਾਰ ਸੜਕ ਨੂੰ ਟੋਂਹਦੀ। ਡੈਡੀ ਜਿਓਂ ਹੀ ਟੈਕਸੀ 'ਚੋਂ ਨਿੱਕਲ਼ਦੇ, ਕਿੰਨੂੰ ਝੱਟ-ਪੱਟ ਡਰਾਈਵਰ ਵਾਲ਼ੀ ਸੀਟ ਉੱਪਰ ਬੈਠ ਜਾਂਦੀ। ਉਹ ਐਸ਼ਟਰੇ ਨੂੰ ਡੈਸ਼ਬੋਰਡ ਤੋਂ ਖਿਚਦੀ ਤੇ ਅੱਧ-ਜਲ਼ੇ ਟੋਟਿਆਂ ਨੂੰ ਗਾਰਬਿਜ ਬੈਗ਼ ਵਿੱਚ ਝਾੜ ਦੇਂਦੀ। ਫਿਰ ਉਹ ਸਪਰੇਅ ਦਾ ਫਰਾਟਾ ਲੀਰ ਉੱਤੇ ਮਾਰਦੀ ਤੇ ਐਸ਼ਟਰੇਅ 'ਚ ਜੰਮੀ ਸੁਆਹ ਦੀ ਐਸੀ-ਤੈਸੀ ਫੇਰਨ ਲਗਦੀ।
ਪਰ ਅੱਠਵੀਂ ਜਮਾਤ 'ਚ ਆ ਕੇ ਜਦੋਂ ਉਹ ਮਿਜ਼ ਹਾਲੈਂਡ ਦੀ ਵਿਦਿਆਰਥਣ ਬਣ ਗਈ ਤਾਂ ਇਹ ਸਭ ਕੁਝ ਬਦਲ ਗਿਆ ਸੀ: ਟੈਕਸੀ ਦੀ ਸਫ਼ਾਈ ਵਾਲ਼ੀ ਸਵੇਰ, ਟੈਕਸੀ ਦੇ ਘਰ ਅਪੜਣ ਤੋਂ ਪਹਿਲਾਂ ਹੀ, ਹੁਣ ਉਹ ਆਪਣੇ ਕਲਾਜ਼ਿਟ ਵਿੱਚੋਂ ਨੱਕ ਉੱਪਰ ਲਪੇਟਣ ਲਈ ਸਕਾਰਫ਼ ਲੱਭਣ ਲੱਗ ਜਾਂਦੀ। ਸੱਜੇ ਹੱਥ ਉੱਪਰ ਰਬੜ ਦੇ ਦਸਤਾਨੇ ਚਾੜ੍ਹ ਕੇ, ਐਸ਼ਟਰੇਅ ਨੂੰ ਕਾਰ ਦੇ ਡੈਸ਼ਬੋਰਡ 'ਚੋਂ ਖਿਚਦੀ ਅਤੇ ਅੰਗੂਠੇ ਤੇ ਮੂਹਰਲੀ ਉਂਗਲ਼ 'ਚ ਪਕੜ ਕੇ ਆਪਣੀ ਬਾਂਹ ਨੂੰ ਦੂਰ ਤੀਕਰ ਵਧਾਅ ਦੇਂਦੀ, ਜਿਵੇਂ ਉਹਦੇ ਹੱਥ 'ਚ ਮਰਿਆ ਹੋਇਆ ਚੂਹਾ ਪਕੜਿਆ ਹੋਵੇ। ਫਿਰ ਉਹ ਆਪਣੇ ਮੂੰਹ ਨੂੰ ਖੱਬੇ ਪਾਸੇ ਵੱਲ ਨੂੰ ਘੁੰਮਾਅ ਕੇ ਆਪਣੀਆਂ ਅੱਖਾਂ, ਬੁੱਲ੍ਹਾਂ ਅਤੇ ਮੱਥੇ ਨੂੰ ਸੁੰਗੇੜ ਲੈਂਦੀ: ਯੱਕ! ਉਹ ਘੁੱਟੇ ਹੋਏ ਦੰਦਾਂ ਨਾਲ਼ ਆਪਣੀਆਂ ਵਰਾਛਾਂ ਨੂੰ ਹੇਠਾਂ ਵੱਲ ਨੂੰ ਖਿੱਚ ਲੈਂਦੀ।
ਅੱਠਵੀਂ 'ਚ ਕਾਹਦੀ ਹੋਈ ਸੀ ਉਹ ਪਿਛਲੇ ਸਾਲ, ਉਸ ਦੀ ਜੀਭ ਉੱਪਰ ਸਵਾਲ ਹੀ ਸਵਾਲ ਉੱਗ ਆਏ ਸਨ: ਡੈਡ! ਪਤੈ ਤੁਹਾਨੂੰ ਅਲਕੋਹੋਲ ਕਿੰਨੀ ਮਾੜੀ ਹੁੰਦੀ ਐ ਸਿਹਤ ਲਈ? ਸ਼ਾਮ ਨੂੰ ਡੈਡੀ ਦੇ ਹੱਥ 'ਚ ਗਲਾਸੀ ਦੇਖ ਕੇ ਉਹ ਸ਼ੁਰੂ ਹੋ ਜਾਂਦੀ। ਲਿਵਰ ਨੂੰ ਤਬਾਹ ਕਰ ਦਿੰਦੀ ਐ! ਕਿਡਨੀਆਂ ਨੂੰ ਡੈਮਿਜ ਕਰ ਸੁਟਦੀ ਐ!
ਡੈਡ ਆਖਦੇ: ਸ਼ਾਮ ਨੂੰ ਦੋ ਗਲਾਸੀਆਂ ਨਾਲ਼ ਨੀਂਦ ਚੰਗੀ ਆ ਜਾਂਦੀ ਐ, ਕਿੰਨੂੰ!
ਨੋ, ਡੈਡ! ਕਿੰਨੂੰ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿਚਦੀ। ਸਭ ਬਹਾਨੇ ਹਨ!
ਦੂਜੇ ਤੀਜੇ ਦਿਨ ਮੰਮੀ ਦੇ ਵਾਸ਼ਰੂਮ 'ਚ ਜਾ ਕੇ ਮੱਥਾ ਸੁੰਗੇੜ ਲੈਂਦੀ: ਪਾਣੀ ਵੇਸਟ ਹੋ ਰਿਹੈ, ਮਾਮ! ਦੰਦਾਂ ਉੱਪਰ ਬੁਰਸ਼ ਘਸਾਉਣ ਵੇਲ਼ੇ ਟੂਟੀ ਬੰਦ ਕਿਉਂ ਨੀ ਕਰਦੇ ਤੁਸੀਂ?
ਇੱਕ ਦਿਨ ਐਤਵਾਰ ਸੀ: ਡੈਡੀ ਬੈਕਯਾਰਡ 'ਚ ਸਪਰੇਅ ਪੰਪ ਨੂੰ ਸਾਫ਼ ਕਰ ਰਹੇ ਸਨ। ਕਿੰਨੂੰ ਅੰਦਰੋਂ ਦੌੜੀ ਆਈ: ਦੋਨੋਂ ਹੱਥ ਢਾਕਾਂ ਉੱਪਰ ਤੇ ਮੱਥੇ ਦੀ ਚਮੜੀ ਅੰਦਰ ਵੱਲ ਨੂੰ ਖਿੱਚੀ ਹੋਈ!
ਐਸ ਬੋਤਲ 'ਚ ਕੀ ਐ, ਡੈਡ!
ਇਹਨੂੰ ਕਹਿੰਦੇ ਐ... ਵੀਡ-ਕਿੱਲਰ! {ਵੀਡ-ਕਿੱਲਰ= ਨਦੀਨ-ਨਾਸ਼ਕ ਘੋਲ਼)
ਸਪਰੇਅ ਕਰੋਂਗੇ ਏਹਨੂੰ ਘਾਹ 'ਤੇ?
ਡੈਡੀ ਸਪਰੇਅ-ਪੰਪ ਨੂੰ ਛੱਡ ਕੇ ਬੈਠ ਗਏ।
ਇਹ ਸਪਰੇਅ ਤਾਂ ਕਰਨਾ ਈ ਪੈਣੈ, ਬੇਟੀ ਜੀ! ਮੀਟੀਆਂ ਅੱਖਾਂ ਨਾਲ਼ ਭਰਵੱਟਿਆਂ ਨੂੰ ਉਤਾਹਾਂ ਨੂੰ ਖਿੱਚ ਕੇ ਡੈਡੀ ਨੇ ਇੱਕ ਲੰਮਾਂ ਸਾਹ ਅੰਦਰ ਵੱਲ ਨੂੰ ਖਿੱਚ ਲਿਆ ਸੀ।
ਨੋ ਡੈਡ! ਨਹੀਂ ਕਰਨਾ!
ਕਿਉਂ ਨੀ ਕਰਨਾ, ਕਿੰਨੂੰ?
ਜ਼ਹਿਰ ਐ, ਡੈਡ, ਜ਼ਹਿਰ ਏਹ ਵੀਡ-ਕਿੱਲਰ!
ਓ ਏਨੀ ਕਰੜੀ ਜ਼ਹਿਰ ਨੀ ਹੁੰਦੀ ਇਹਦੇ 'ਚ, ਕਿੰਨੂੰ, ਜਿੰਨੀ ਤੂੰ ਸਮਝਦੀ ਐਂ!
ਓ, ਡੈਅਅਡ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗ ਪਈ ਸੀ। ਵਿਚਾਰੇ ਗੰਡੋਇਆਂ ਨੂੰ ਵੀ ਮਾਰ ਸੁਟਦੀ ਐ ਹਾਅ ਵੀਡ-ਕਿੱਲਰ, ਤੇ ਤਿਤਲੀਆਂ ਨੂੰ ਵੀ, ਤੇ ਚਿੜੀਆਂ ਨੂੰ ਵੀ!
ਓ ਨਹੀਂ ਕਿੰਨੂੰ!
ਨੋ ਡੈਡ! ਇਹਦਾ ਅਸਰ ਤਾਂ ਮੇਰੇ ਬੈੱਡਰੂਮ ਤੀਕ ਵੀ ਜਾ ਸਕਦੈ; ਮੇਰੇ ਬੱਜੀ ਵੀ ਮਰ ਸਕਦੇ ਐ ਇਸ ਨਾਲ਼!
ਤੇ ਫ਼ਿਰ ਆ ਗਿਆ ਸੀ ਉਹ ਚੰਦਰਾ ਦਿਨ: ਡੈਡੀ ਦੇ ਕੰਮ ਤੋਂ ਪਰਤਣ ਦਾ ਵਕਤ ਹੋ ਗਿਆ ਸੀ!
ਸ਼ੁੱਕਰਵਾਰ ਐ ਅੱਜ! ਬੱਜੀਆਂ ਨਾਲ਼ ਖੇਡਦੀ ਖੇਡਦੀ ਕਿੰਨੂੰ ਸੋਚਣ ਲੱਗੀ ਸੀ। ਅੱਜ ਹਟਾਅ ਕੇ ਈ ਹਟੂੰ, ਡੈਡ ਨੂੰ!
ਤੇ ਉਹ ਝੱਟ-ਪੱਟ ਆਪਣੇ ਬੈੱਡਰੂਮ 'ਚੋਂ ਉੱਠ ਕੇ ਪੌੜੀਆਂ ਕੋਲ਼ ਆ ਗਈ ਸੀ। ਦਰਵਾਜ਼ੇ ਦੇ ਕੀਅ-ਹੋਲ 'ਚ ਚਾਬੀ ਦੀ ਕੜਿੱਕ-ਕੜਿੱਕ ਹੋਈ ਤੇ ਅਗਲੇ ਪਲੀਂ ਬੂਹੇ ਦਾ ਤਖ਼ਤਾ ਅੰਦਰ ਵੱਲ ਨੂੰ ਧੱਕਿਆ ਗਿਆ।
ਹਾਏ ਡੈਡ! ਕਿੰਨੂੰ ਪੌੜੀ ਦੇ ਸਿਖ਼ਰ ਤੋਂ ਬੋਲੀ ਸੀ।
'ਹਾਏ, ਕਿੰਨੂੰ,' ਆਖ ਕੇ ਡੈਡੀ ਉੱਪਰ ਵੱਲ ਨੂੰ ਝਾਕੇ ਸਨ! ਖੱਬੇ ਹੱਥ 'ਚ ਫੜੇ ਪੋਲੀਥੀਨ ਦੇ ਬੈਗ਼ ਨੂੰ ਪੱਟ ਦੇ ਓਹਲੇ ਲੁਕਾਉਣ ਦਾ ਯਤਨ ਕਰਦੇ ਹੋਏ ਉਹ ਕਿਚਨ ਵੱਲ ਨੂੰ ਵਗ ਤੁਰੇ।
ਪੌੜੀਆਂ ਤੋਂ ਦਗੜ ਦਗੜ ਦੀ ਅਵਾਜ਼ ਹੇਠਾਂ ਵੱਲ ਨੂੰ ਉੱਤਰੀ ਤੇ ਠੱਕ ਠੱਕ 'ਚ ਬਦਲ ਕੇ ਡੈਡੀ ਦੇ ਪਿੱਛੇ ਪਿੱਛੇ ਕਿਚਨ ਵੱਲ ਨੂੰ ਵਹਿ ਗਈ ਸੀ।
ਕੀ ਐ ਹੈਸ ਬੈਗ਼ 'ਚ, ਡੈਡ! ਕਿੰਨੂੰ ਦੇ ਤਣੇ ਹੋਏ ਭਰਵੱਟੇ ਫਰਕਣ ਲੱਗੇ ਸਨ।
'ਕੁੱਛ ਨੀ, ਕਿੰਨੂੰ,' ਕਹਿ ਕੇ ਡੈਡੀ ਨੇ ਆਪਣੀਆਂ ਮੁੱਛਾਂ ਨੂੰ ਪਾਸਿਆਂ ਵੱਲ ਨੂੰ ਫ਼ੈਲਾਅ ਲਿਆ ਸੀ।
ਦੱਸੋ ਮੈਨੂੰ, ਡੈਡ, ਕੀ ਐ ਹੈਸ ਬੈਗ਼ ਵਿੱਚ!
ਡੈਡ ਦਾ ਲੰਮਾਂ ਹਾਉਕਾ ਉਨ੍ਹਾਂ ਦੇ ਫੇਫੜਿਆਂ ਵਿੱਚ ਹੀ ਗੁੱਛੀਮੁੱਛੀ ਹੋ ਗਿਆ ਸੀ।
ਫੇਰ ਲਿਆਂਦਾ ਅੱਜ ਉਹੀ, ਡੈਡ? ਕਿੰਨੂੰ ਦੇ ਬੁੱਲ੍ਹ ਕੰਬਣ ਲੱਗੇ ਸਨ। ਕੀ ਕਿਹਾ ਸੀ ਮੈਂ ਤੁਹਾਨੂੰ ਪਿਛਲੇ ਹਫ਼ਤੇ?
ਉਏ ਕਿੰਨੂੰ, ਡੈਡ ਦਾ ਸਿਰ ਸੱਜੇ-ਖੱਬੇ ਘੁੰਮਿਆਂ ਸੀ। ਫ਼੍ਰਾਈਡੇਅ ਨੂੰ ਤਾਂ ਖਾ ਲੈਣ ਦਿਆ ਕਰ!
ਨੋ, ਡੈਡ! ਕਿੰਨੂੰ ਦੀਆਂ ਅੱਖਾਂ ਲਗਾਤਾਰ ਝਮਕਣ ਲੱਗ ਪਈਆਂ ਸਨ। ਇਨ੍ਹਾਂ 'ਚ ਵੀ ਜਾਨ ਹੁੰਦੀ ਐ, ਪਤੈ?
ਉਹਦੇ ਕੋਇਆਂ 'ਚ ਉੱਭਰ ਆਈ ਨਮੀਂ ਉਸ ਦੀ ਨੱਕ ਦੀ ਕੋਂਪਲ ਵੱਲ ਨੂੰ ਵਧਣ ਲੱਗ ਪਈ ਸੀ।
ਬੱਕਰਿਆਂ ਦੀਆਂ ਵੀ ਮਾਵਾਂ ਹੁੰਦੀਆਂ, ਡੈਡ! ਕਿੰਨੂੰ ਦੀ ਆਵਾਜ਼ ਘੁੱਟੀ ਗਈ ਸੀ। ਜੇ ਕੋਈ ਮੈਨੂੰ ਵੱਢ ਕੇ ਖਾਵੇ, ਫ਼ੇਰ?
ਡੈਡੀ ਦੇ ਸੱਜੇ ਹੱਥ 'ਚ ਪਕੜਿਆ ਅਖ਼ਬਾਰ ਫ਼ਰਸ਼ ਉੱਪਰ ਜਾ ਡਿੱਗਿਆ ਸੀ।
ਕਿੰਨੇ ਚਿਰ ਤੋਂ ਰੋਕ ਰਹੀ ਆਂ ਥੋਨੂੰ, ਡੈਡ! ਉਹਨੇ ਆਪਣੇ ਦੰਦ ਮੁੱਠੀ ਵਾਂਗਣ ਕੱਸ ਲਏ ਸਨ। ਅੱਜ ਤੋਂ ਬਾਅਦ ਨੀ ਮੈਂ ਹਟਾਉਣਾ ਥੋਨੂੰ; ਬੱਸ ਘਰੋਂ ਦੌੜ ਜਾਣੈ ਮੈਂ!
ਸਿਰ ਨੂੰ ਹਿਲਾਉਂਦੀ ਹੋਈ ਕਿੰਨੂੰ ਦੇ ਮੋਢਿਆਂ ਤੀਕਰ ਕੱਟੇ ਵਾਲ਼ ਜ਼ੋਰ ਨਾਲ਼ ਸੱਜੇ-ਖੱਬੇ ਝੂਲਣ ਲੱਗ ਪਏ ਸਨ, ਤੇ ਉਹ ਦੜ-ਦੜ ਦੜ-ਦੜ ਪੌੜੀਆਂ ਚੜ੍ਹ ਗਈ ਸੀ।
ਡੈਡੀ ਨੇ ਟੀ ਵੀ ਦਾ ਬਟਨ ਆਨ ਕਰ ਦਿੱਤਾ। ਸੀ ਐਨ ਐਨ ਨੇ ਅੱਖਾਂ ਪੱਟ ਲਈਆਂ। ਬਗ਼ਦਾਦ ਦੇ ਸਿਰ ਉੱਪਰ ਤੇਜ਼ ਰਫ਼ਤਾਰ ਉੱਡਦੇ ਜੰਗੀ ਜਹਾਜ਼ਾਂ ਦੀ ਘੂੰਅੰਅੰਅੰਅੰਅੰਅੰਅੰਅੰਅੰਅੰਅੰਅੰ! ਗਰੜੜੜੜੜੜੜੜੜੜੜੜ; ਜਿਵੇਂ ਅਸਮਾਨ ਵਿੱਚ ਪਹਾੜ ਫਟ ਰਹੇ ਹੋਣ! ਗੜ-ਗੜ-ਗੜ-ਗੜ! ਫ਼ਿਰ ਫਟ ਰਹੇ ਬੰਬਾਂ ਦੇ ਲਿਸ਼ਕਾਰੇ ਤੇ ਧਮਾਕੇ: ਡੰਮਮਮਮਮਮਮਮਮ! ਡੰਮਮਮਮਮਮਮਮਮ! ਅੱਗੇ ਦਿਸਣ ਲੱਗੀ, ਪਿੱਠ 'ਚੋਂ ਧੂੰਆਂ ਛਡਦੀਆਂ ਮਿਜ਼ਾਇਲਾਂ ਦੀ ਸ਼ੂੰਅੰਅੰ ਸ਼ੂੰਅੰਅੰਅੰ! ਅਗਲੇ ਪਲੀਂ, ਲੋਹੇ ਦੀਆਂ ਚੌੜੀਆਂ ਚੇਨਾਂ ਉੱਪਰ ਦੌੜਦੇ ਹੋਏ ਮਧਰੇ ਕੱਦ ਦੇ ਹਾਥੀਆਂ ਵਰਗੇ ਟੈਂਕ ਤੇ ਅਸਮਾਨ ਵੱਲ ਸੇਧੀਆਂ ਹੋਈਆਂ ਉਨ੍ਹਾਂ ਦੀਆਂ ਲੰਬੂਤਰੀਆਂ ਚੁੰਝਾਂ,: ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਟੀ ਵੀ ਦੇ ਉੱਪਰਲੇ ਪਾਸੇ ਗੱਤੇ ਦੇ ਫ਼ਰੇਮ 'ਚ ਖਲੋਤਾ ਕਿੰਨੂੰ ਦਾ ਪੋਰਟਰੇਟ ਕੰਬਣ ਲੱਗਾ। ਪੋਰਟਰੇਟ ਦੇ ਨਾਲ਼ ਹੀ ਟਿਕਾਇਆ ਲੱਕੜ ਦਾ ਬੱਜੀ ਕੰਬਦਾ ਕੰਬਦਾ ਹੇਠਾਂ ਫ਼ਰਸ਼ ਉੱਤੇ ਆ ਗਿਰਿਆ।
ਪੌੜੀਆਂ 'ਚ ਦੜ-ਦੜ-ਦੜ-ਦੜ, ਦੜ-ਦੜ-ਦੜ-ਦੜ ਹੇਠਾਂ ਵੱਲ ਨੂੰ ਰੁੜ੍ਹਨ ਲੱਗੀ।
ਡੈਅਅਅਡ! ਕਿੰਨੂੰ ਦੇ ਘੁੱਟੇ ਹੋਏ ਬੁੱਲ੍ਹਾਂ 'ਚੋਂ ਜੀਕਣ ਤੋਪ ਦਾ ਗੋਲ਼ਾ ਨਿੱਕਲ਼ ਆਇਆ।
ਡੈਡ ਤ੍ਰਭਕ ਕੇ ਕਿੰਨੂੰ ਵੱਲ ਝਾਕੇ।
ਬੰਦ ਕਰੋ ਟੀ ਵੀ, ਡੈਡ! ਰਾਈਟ ਅਵੇਅ!!
ਮ... ਮ... ਮ... ਮੈਂ ਇਰਾਨ ਦੀ ਜੰਗ ਦੇਖ ਰਿਹਾਂ, ਕਿੰਨੂੰ। ਲਾਈਵ ਆ ਰਹੀ ਐ!
ਥੋਨੂੰ ਪਤਾ ਨੀ ਮੇਰੇ ਕਮਰੇ 'ਚ ਬੱਜੀ ਬਰਡ ਨੇ ਦੋ ਆਂਡੇ ਦਿੱਤੇ ਹੋਏ ਐ?
ਦੱਸਿਆ ਸੀ ਤੇਰੀ ਮੰਮੀ ਨੇ, ਕਿੰਨੂੰ!
ਬੰਬਾਂ ਦਾ ਤੇ ਟੈਂਕਾਂ ਦਾ ਐਨਾ ਖੜਕਾ? ਕਿੰਨੂੰ ਦੇ ਕੱਸੇ ਹੋਏ ਮੱਥੇ 'ਚੋਂ ਕਿਰੜ-ਕਿਰੜ ਕਿਰਨ ਲੱਗੀ। ਠਾਹ-ਠਾਹ! ਸਾਰਾ ਹਾਊਸ ਹਿੱਲਣ ਲੱਗ ਪਿਐ, ਡੈਡ!
ਖ... ਖ... ਖੜਕਾ? ਡੈਡੀ ਕਦੇ ਟੀ ਵੀ ਵੱਲੀਂ ਤੇ ਕਦੇ ਕਿੰਨੂੰ ਵੱਲੀਂ ਝਾਕਣ ਲੱਗੇ।
ਇਹ ਜੇਹੜੀ ਠਾਹ-ਠਾਹ ਸੁਣੀਂ ਜਾਨੇ ਓਂ ਤੁਸੀਂ ਟੀ ਵੀ ਉੱਤੇ, ਡੈਡ, ਇਨ੍ਹੇ ਪਿੰਜਰੇ 'ਚ ਪਏ ਆਂਡਿਆਂ 'ਚ ਤ੍ਰੇੜਾਂ ਪਾ ਦੇਣੀਐਂ!
ਕਿੰਨੂੰ ਨੇ ਰੀਮੋਟ ਦੇ 'ਆਫ਼' ਵਾਲ਼ੇ ਬਟਨ ਉੱਪਰ ਅੰਗੂਠਾ ਦਬਾਅ ਦਿੱਤਾ।
(ਟਰਾਂਟੋ: 905-792-7357)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346