ਸੱਜਣ ਕੁਮਾਰ ਦਾ ਇੰਜ ਬਰੀ ਹੋ ਜਾਣਾ ...ਭਾਰਤ ਦੇ ਇਨਸਾਫ਼ ਸਿਸਟਮ ਬਾਰੇ
ਦੱਸਦਾ ਹੈ ਕਿ ਸਾਡੀਆਂ ਸਰਕਾਰਾਂ ਨੂੰ ਇਨਸਾਫ਼ ਬਾਰੇ ਕੁਝ ਪਤਾ ਹੀ ਨਹੀਂ ,
ਤੇ ਜਾਣਿਆਂ ਅਣਜਾਣਿਆਂ ਹਮੇਸ਼ਾ ਲਈ ਉਨ੍ਹਾਂ ਆਪਣੇ ਹੀ ਸਿਸਟਮ ਨੂੰ ਇੱਕ
ਕਾਲਾ ਰੰਗ ਦੇ ਦਿੱਤਾ ਹੈ ....ਤੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਇਨਸਾਫ਼
ਕਰਨਾ ਉਨ੍ਹਾਂ ਦੀ ਆਦਤ ਨਹੀਂ । ਸਿੱਖਾਂ ਨਾਲ ਇਸ ਤਰ੍ਹਾਂ ਜ਼ੁਲਮ ਕਰ ਕੇ
ਉਨ੍ਹਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੋਈ ਇਨਸਾਫ਼ ਦਾ ਸਬਕ ਛੱਡਿਆ ਹੀ
ਨਹੀਂ। ਤੇ ਉਸ ਦੇ ਬਰੀ ਹੋ ਜਾਣ ਤੇ ਸਿੱਖਾਂ ਵਿੱਚ ਰੋਸੇ ਦੀਆਂ ਖਬਰਾਂ
ਆਈਆਂ - ਇਸੇ ਤਰ੍ਹਾਂ ਹੀ ਹਰ ਸਾਲ ਹੀ ਜੂਨ ਤੇ ਨਵੰਬਰ ਦੇ ਮਹੀਨਿਆਂ ਵਿੱਚ
ਅਖਬਾਰਾਂ ਵਿੱਚ ਖਬਰਾਂ ਲੱਗਦੀਆਂ ਹਨ - ਕਈ ਵਾਰ ਇਸ ਤਰ੍ਹਾਂ ਖਬਰਾਂ
ਪੜ੍ਹਦਿਆਂ ਅਕਸਰ ਮੇਰੇ ਜ਼ਿਹਨ ਵਿੱਚ ਬਹੁਤ ਸੁਆਲ ਆਓਂਦੇ ਹਨ। ਕਿ ਖਬਰ ਇਸ
ਤਰ੍ਹਾਂ ਕਿਓਂ ਨਹੀਂ ਲੱਗਦੀ " ਲੋਕਾਂ ਵਿੱਚ ਭਾਰੀ ਰੋਸਾ " ਸਿੱਖ, ਹੀ
ਕਿਓਂ ਰੋਸ ਕਰਦੇ ਹਨ ਕਿ ਕੀ ਬਾਕੀ ਭਾਰਤੀ ਇਨਸਾਫ਼ ਪਸੰਦ ਨਹੀਂ ? ਕੀ ਬਾਕੀ
ਲੋਕਾਂ ਨੂੰ ਮਨੁੱਖਤਾ ਨਾਲ ਹੋਈ ਬੇਇਨਸਾਫੀ ਨਾਲ ਕੋਈ ਵਾਸਤਾ ਨਹੀਂ ? ਤੇ
ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਕੋਈ ਨੋਨ -ਸਿੱਖ ਕਿਓਂ ਨਹੀਂ ਨਜ਼ਰ
ਆਓਂਦੇ ? ਦਿੱਲੀ ਦੇ ਸਾਰੇ ਵਸਿੰਦਿਆਂ ਨੂੰ ਕਿਓਂ ਗੁੱਸਾ ਨਹੀਂ ਆਓਂਦਾ ਕਿ
ਉਨ੍ਹਾਂ ਦੇ ਨੱਕ ਹੇਠ ਹੋਏ ਕਤਲੇਆਮਾਂ ਤੇ ਦੇਸ਼ ਦੀ ਰਾਜਧਾਨੀ ਵਿੱਚ ਇਨਸਾਫ਼
ਨਹੀਂ ਕੀਤਾ ਜਾ ਰਿਹਾ ? ਇੱਕ ਸੈਕੁਲਰ , ਡੇਮੋਕ੍ਰੇਟਿਕ ਦੇਸ਼ ਵਿੱਚ
ਰਹਿੰਦਿਆਂ ਅਸੀਂ ਇਸ ਤਰ੍ਹਾਂ ਵੱਖ ਵੱਖ ਕਮਿਉਨਿਟੀਆਂ ਵਿੱਚ ਕਿਓਂ ਵੰਡੇ
ਜਾਂਦੇ ਹਾਂ ? ਆਪਣੀ ਜਾਤ , ਧਰਮ ਨੂੰ ਭੁੱਲ ਕੇ ਅਸੀਂ ਸਾਰੇ ਕਿਸੇ ਵੀ
ਬੇ-ਇਨਸਾਫੀ ਵਿੱਰੁਧ ਡੱਟ ਕਿਓਂ ਨਹੀਂ ਜਾਂਦੇ ?
ਜੂਨ ਦਾ ਮਹੀਨਾ ਆ ਰਿਹਾ ਹੈ ਤੇ ਇਸ ਮਹੀਨੇ ਨਾਲ ਕਈ ਇਤਿਹਾਸਿਕ ਯਾਦਾਂ
ਜੁੜੀਆਂ ਹੋਈਆਂ ਹਨ - ਸਿੱਖਾਂ ਲਈ ਇਹ ਅਜਿਹਾ ਮਹੀਨਾ ਹੈ ਜਦੋਂ ਉਹ ਆਪਣਿਆਂ
ਚੇਤਿਆਂ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਹੋਏ ਤਸੀਹਿਆਂ ਨੂੰ
ਦੁਵਾਰਾ ਯਾਦ ਕਰਦੇ ਹਨ ਤੇ ਫਿਰ ਬਦਕਿਸਮਤੀ ਨਾਲ ਜਾਣਿਆਂ ਅਣਜਾਣਿਆਂ ਇਹ
ਮਹੀਨਾ ਬਾਅਦ ਵਿੱਚ ਬਲੂ ਸਟਾਰ ਆਪਰੇਸ਼ਨ ਨਾਲ ਵੀ ਜੁੜ ਗਿਆ ਜੋ ਕਿ
ਪੰਜਾਬੀਆਂ ਤੇ ਸਾਰੇ ਭਾਰਤੀਆਂ ਲਈ ਮੰਦਭਾਗਾਂ ਸੀ । ਉਹ ਕੌਮ ਜੋ ਆਪਣੀ
ਮਿਹਨਤ ਤੇ ਮੁਸ਼ਕੱਤ ਤੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਖੇਤਾਂ ਵਿਚੋਂ
ਸੁਨਹਿਰੀ ਕਣਕ ਉਗਾ ਸਾਰੇ ਦੇਸ਼ ਨੂੰ ਰੋਟੀ ਦਿੰਦੀ ਰਹੀ ਸੀ , ਹੁਣ ਇਹੀ ਕੌਮ
ਇੱਕ ਦੁਸ਼ਮਣ ਮਾਈਨਿਉਰਟੀ ਬਣ ਕੇ ਰਹਿ ਗਈ ਸੀ। ਸੰਨ 47 ਤੋਂ ਬਾਅਦ ਭਾਰਤੀ
ਉਪ ਮਹਾਂਦੀਪ ਇੱਕ ਵਾਰ ਫੇਰ ਦੋ ਧਰਮਾਂ ਵਿੱਚ ਵੰਡਿਆਂ ਦਿਖਾਈ ਦਿੱਤਾ ਤੇ
ਬਹੁਤੇ ਪੰਜਾਬੀਆਂ ਲਈ ਇਹ ਦੂਹਰੀ ਉਜਾੜੇ ਵਾਲੀ ਗੱਲ ਹੋਈ ਲੱਗਦੀ ਸੀ। ਇਸ
ਵਾਰ ਇਹ ਸੱਟ ਹੋਰ ਵੀ ਚੁੱਭਦੀ ਲੱਗਦੀ ਹੈ ਕਿਓਂਕਿ 29 ਸਾਲਾਂ ਬਾਅਦ ਵੀ
ਦਿੱਲੀ ਦੇ ਸਿੱਖਾਂ ਨੂੰ ਕਿਧਰੇ ਵੀ ਇਨਸਾਫ਼ ਨਹੀਂ ਦਿਖਾਈ ਰਿਹਾ, ਤੇ ਇੱਕ
ਸਿੱਖ ਪਰਧਾਨ ਮੰਤਰੀ ਤੇ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਕਾਲੀਆਂ ਦੇ
ਰਾਜ ਹੋਣ ਦੇ ਬਾਵਜੂਦ ਸੱਜਣ ਕੁਮਾਰ ਕੋਰਾ ਛੁੱਟ ਗਿਆ ।ਇਸ ਫੈਸਲੇ ਨੇ
ਸਿੱਖਾਂ ਦੇ ਕਰਾਰੀ ਚਪੇੜ ਹੀ ਨਹੀਂ ਮਾਰੀ ਬਲਕਿ ਪੂਰੀ ਕੌਮ ਨੂੰ ਇਹ
ਮਹਿਸੂਸ ਕਰਵਾ ਦਿੱਤਾ ਕਿ ਸਿੱਖ ਸਿਰਫ 2% ਮਾਈਨਿਉਰਟੀ ਹੈ ।
ਬਹੁਤ ਸਾਲਾਂ ਦੀ ਗੱਲ ਹੈ ਕਿ ਮੈਂ ਚੰਡੀਗੜ੍ਹ ਵਿੱਚ ਇੱਕ ਦੋਸਤ ਦੇ ਘਰ
ਮਹਿਮਾਨ ਸੀ ਤੇ ਕੁਦਰਤੀ ਹੀ ਉਸੇ ਰਾਤ ਉਨ੍ਹਾਂ ਦੀ ਇੱਕ ਹੋਰ ਮਹਿਮਾਨ ਜੋ
ਸੀ , ਉਹ ਸੀ ਨੰਦਿਤਾ ਹਸਕਰ ! ਇੰਦਿਰਾ ਗਾਂਧੀ ਦੇ ਕਈ ਸਾਲ ਰਹਿ ਚੁੱਕੇ
ਪ੍ਰਾਈਵੇਟ ਸਕੱਤਰ ਪੀ. ਐਨ. ਹਸਕਰ ਦੀ ਉਹ ਧੀ ਹੈ ਜੋ ਮੁੱਢ ਤੋਂ ਹੀ ਹਿਊਮਨ
ਰਾਈਟਸ ਨਾਲ ਜੁੜੀ ਹੋਈ ਲੋਕਾਂ ਲਈ ਸੁਪਰੀਮ ਕੋਰਟ ਵਿੱਚ ਮੁਫਤ ਕੇਸ ਲੜਦੀ
ਰਹੀ ਹੈ । ਕਸ਼ਮੀਰੀ ਹੋਣ ਦੇ ਨਾਤੇ ਬੇਹੱਦ ਸੁਹਣੀ ਔਰਤ ਤੇ ਬਹੁਤ ਹੀ ਮਿੱਠ
ਬੋਲੜੀ ਇਨਸਾਨ ; ਹੁਸਨ ਤੇ ਦਿਮਾਗ ਦਾ ਅਨੋਖਾ ਸੁਮੇਲ ਤੇ ਉੱਪਰ ਦੀ ਦਿਆਲੂ
ਦਿਲ ਰੱਖਦੀ ਹੋਈ ਸੋਸ਼ਲ ਐਕਟੀਵਿਸਟ । ਉਸ ਦਿਨ ਉਹ ਅੰਮ੍ਰਿਤਸਰੋਂ ਗੁਰਦਵਾਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਨੂੰ ਮਿਲਣ ਤੋ ਬਾਅਦ
ਦਿੱਲੀ ਨੂੰ ਵਾਪਿਸੀ ਵੇਲੇ ਰਸਤੇ ਵਿੱਚ ਉੱਤਰ ਕੇ ਚੰਡੀਗੜ੍ਹ ਰੁਕ ਗਈ ਸੀ।
ਉਹ ਰਾਤ ਅਸੀਂ ਉਸ ਘਰ ਵਿੱਚ ਇੱਕਠਿਆਂ ਗੁਜਾਰੀ ।
ਉਸ ਰਾਤ ਉਸ ਨੇ ਮੈਂਨੂੰ ਜੂਨ ਦੇ ਉਨ੍ਹਾਂ ਚਾਰ ਦਿਨਾਂ ਬਾਰੇ ਬਾਰ ਬਾਰ
ਪੁੱਛਿਆ ਕਿ ਅਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਤੇ ਗੱਲ ਕਰਦਿਆਂ ਮੈਂ ਹੀ
ਨਹੀਂ ਸੀ ਰੋਈ ਉਹ ਵੀ ਅੱਖਾਂ ਭਰ ਲੈਂਦੀ ਸੀ। ਉਸ ਨੇ ਮੇਰੇ ਨਾਲ ਨਵੰਬਰ ਦੇ
ਉਨ੍ਹਾਂ ਤਿੰਨ ਕਾਲੇ ਦਿਨਾਂ ਬਾਰੇ ਗੱਲਾਂ ਕੀਤੀਆਂ ਕਿ ਕਿਵੇਂ ਉਨ੍ਹਾਂ ਇਸ
ਨੂੰ ਆਪਣੇ ਦਿਲਾਂ ਦਿਮਾਗਾਂ ਤੇ ਹੰਢਾਇਆ ; ਕਿਸ ਤਰ੍ਹਾਂ ਉਹ ਆਪਣੇ
ਸਾੱਥੀਆਂ ਨਾਲ ਰਿਲੀਫ਼ ਕੈਂਪਾਂ ਵਿੱਚ ਕੰਮ ਕਰਦੀ ਰਹੀ ਸੀ। ਪਹਿਲੀ ਵਾਰ
ਕਿਸੇ ਨਨ - ਸਿੱਖ ਕੋਲੋਂ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਲਈ ਹਮਦਰਦੀ ਸੁਣ
ਕੇ ਦਿਲ ਨੂੰ ਸਕੂਨ ਹੀ ਨਹੀਂ ਮਿਲਿਆ ਬਲਕਿ ਯਾਦ ਆਇਆ ਕਿ ਬਾਕੀ ਦਾ ਭਾਰਤ
ਵੀ ਮੇਰਾ ਕੁਝ ਹੈ ,ਘੱਟੋ ਘੱਟ ਉਸ ਵੇਲੇ ਤਾਂ ਇਹੀ ਮਹਿਸੂਸ ਹੋਇਆ ਸੀ।
ਦਿੱਲੀ ਦੇ ਬਣਾਏ ਗਏ ਰਿਲੀਫ਼ ਕੈਂਪਾ ਵਿੱਚ ਇੱਕਠੇ 50,000 ਤੋਂ ਵੱਧ ਲੋਕਾਂ
ਦੀ ਮਦਦ ਲਈ ਨੰਦਿਤਾ ਹਸਕਰ ਜਦ ਆਪਣੇ ਸਾੱਥੀਆਂ ਨਾਲ ਪੁੱਜੀ ਤਾਂ ਉਨ੍ਹਾਂ
ਮਹਿਸੂਸ ਕੀਤਾ ਕਿ ਅਸਲ ਵਿੱਚ ਉਹ" ਉਨ੍ਹਾਂ ਲੋਕਾਂ ਦੀ ਮੱਦਦ ਹੀ ਨਹੀਂ ਸੀ
ਕਰ ਰਹੇ ਪਰ ਉਨ੍ਹਾਂ ਇਤਿਹਾਸ ਦੇ ਉਸ ਪਲ ਵਿੱਚ ਕਦਮ ਧਰਿਆ ਸੀ ਜਦ ਇਹ
ਲਿਖਿਆ ਜਾ ਰਿਹਾ ਸੀ ਕਿ ਸਿੱਖ ਹੁਣ ਭਾਰਤ ਦੀ 2% ਕੌਮ ਹੀ ਹੈ " ...ਉਹ
ਲੋਕ ਜਿਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਤੇ ਕਹਾਣੀਆਂ ਤੁਰੀਆਂ ਆ ਰਹੀਆਂ
ਹਨ - ਅਚਾਨਕ ਉਨ੍ਹਾਂ ਨੇ ਆਪਣੇ ਹੀ ਦੇਸ਼ ਵਿਚ ਖੁਦ ਨੂੰ ਬੇਗਾਨਾ , ਉੱਪਰਾ
ਤੇ ਦੁਸ਼ਮਣਾਂ ਦੀ ਕਤਾਰ ਵਿੱਚ ਖਲੋਤਾ ਪਾਇਆ।
ਨੰਦਿਤਾ ਹਸਕਰ ਤੇ ਉਮਾ ਚਕ੍ਰਾਵਰਤੀ ਆਪਣੀ ਕਿਤਾਬ ਦੀ ਇੰਟ੍ਰੋਡਕਸ਼ਨ ਵਿੱਚ
ਲਿਖਦੀਆਂ ਹਨ ਕਿ ਦਿੱਲੀ ਵਿੱਚ ਵੱਸਣ ਵਾਲੇ ਅਧਖੜ੍ਹ ਉਮਰ ਦੇ ਲੋਕਾਂ ਲਈ ਇਹ
ਇੱਕ ਵੱਡੀ ਪੱਧਰ ਤੇ ਪਹਿਲਾ ਕੀਤਾ ਗਿਆ ਵਿਉਤਮੰਦ ਜਾਂ ਅਰਗੇਨਾਈਜ਼ਡ ਜ਼ੁਰਮ
ਤੇ ਹਿੰਸਾ ਸੀ । ਇਸ ਤਰ੍ਹਾਂ ਅਣਕਿਆਸੇ ਹਿੰਸਕ ਭੀੜ੍ਹ ਦਾ ਸਿੱਖਾਂ ਉੱਪਰ
ਟੁੱਟ ਪੈਣਾ - ਬਹੁਤ ਸਾਰੇ ਜਵਾਨ ਮੁੰਡਿਆਂ ਤੇ ਕੁੜੀਆਂ ਲਈ ਇਹ ਹੈਰਾਨੀ ਤੇ
ਦੁੱਖਦਾਇਕ ਸੀ ਤੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਲੋੜ ਮਹਿਸੂਸ ਹੋਇਆ ਕਿ
ਉਹ ਆਪਣੇ ਜਜ਼ਬਾਤਾਂ ਨੂੰ ਕਲਮਬੰਦ ਕਰਨ , ਅਖਬਾਰਾਂ ਵਿਚੋਂ ਤਸਵੀਰਾਂ ਤੇ
ਖਬਰਾਂ ਨੂੰ ਕੱਟ ਕੇ ਸਾਂਭ ਕੇ ਰੱਖਣ ਤੇ ਇਹ ਵੀ ਸਮਝਣ ਦੀ ਪੂਰੀ ਕੋਸ਼ਿਸ਼
ਕੀਤੀ ਕਿ ਇਹ ਵਹਿਸ਼ੀ ਕਤਲੇਆਮ ਕਿਓਂ ਤੇ ਕਿਵੇਂ ਹੋਇਆ ? ਪਰ ਇਸ ਤਰ੍ਹਾਂ ਦੇ
ਲੋਕਾਂ ਦੀ ਗਿਣਤੀ ਬਹੁਤ ਘੱਟ ਹੈ । ਕੁਲਬੀਰ ਸਿੰਘ , ਰਮੇਸ਼ ਬਿਲਰੋਏ ,
ਨਿਲੰਜਨ ਮੁਖੋਉਪਧਾਏ , ਹਰੀਸ਼ ਖੁਰਾਨਾ , ਨੰਦਿਤਾ ਹਸਕਰ ਤੇ ਉਮਾ
ਚਕ੍ਰਾਵਰਤੀ ਜਦ ਰੀਫਿਉਜ਼ੀ ਕੈਂਪਾ ਵਿੱਚ ਲੋਕਾਂ ਦੀ ਮੱਦਦ ਲਈ ਪੁੱਜੇ ਤਾਂ
ਉਨ੍ਹਾਂ ਨੇ ਆਪਸ ਵਿੱਚ ਫੈਸਲਾ ਕੀਤਾ ਕਿ ਉਹ ਮੱਦਦ ਦੇ ਨਾਲ ਨਾਲ ਉਨ੍ਹਾਂ
ਲੋਕਾਂ ਦੇ ਇੰਟਰਵਿਊਸ ਵੀ ਲੈਣ ਤਾਂ ਜੋ ਉਨ੍ਹਾਂ ਦੀਆਂ , ਭਾਵਨਾਵਾਂ ,
ਜਜ਼ਬਾਤਾਂ , ਤਜੁਰਬਿਆਂ , ਤੇ ਇਸ ਕਤਲੋਗਾਰਤ ਬਾਰੇ ਉਨ੍ਹਾਂ ਦੀ ਬਿਆਨਬਾਜ਼ੀ
ਨੂੰ ਦਸਤਾਵੇਜ਼ ਕੀਤਾ ਜਾ ਸਕੇ। ਇਹ ਕੰਮ ਉਸ ਵੇਲੇ ਗੰਭੀਰਤਾ ਨਾਲ ਸ਼ੁਰੂ
ਹੋਇਆ , ਪਰ ਵਕਤ ਨਾਲ ਇਹ ਕੰਮ ਨੇ ਇੱਡਾ ਵੱਡਾ ਰੂਪ ਧਾਰ ਲਿਆ ਕਿ ਉਨ੍ਹਾਂ
ਦੇ ਮਨ ਵਿੱਚ ਕਈ ਵਾਰ ਇਸ ਪ੍ਰੋਜੈਕਟ ਨੂੰ ਵਿਚੋਂ ਛੱਡਣ ਦਾ ਖਿਆਲ ਆਇਆ ;
ਤਿੰਨ ਜਾਣੇ ਤਾਂ ਛੱਡ ਵੀ ਗਏ , ਇੱਕਲੀਆਂ ਨੰਦਿਤਾ ਤੇ ਉਮਾ ਰਹਿ ਗਈਆਂ ।
ਉਨ੍ਹਾਂ ਨੂੰ ਇਸ ਕੰਮ ਲਈ ਕੋਈ ਫੰਡ ਨਹੀਂ ਸੀ ਮਿਲਦਾ ਤੇ ਨੰਦਿਤਾ ਆਪਣੇ
ਕੋਰਟ ਕੇਸ਼ਾਂ ਵਿੱਚ ਰੁਝੀ ਰਹਿੰਦੀ ਪਰ ਉਨ੍ਹਾਂ ਹੌਸਲਾ ਨਹੀਂ ਛੱਡਿਆ ਤੇ
ਅੰਤ ਵਿੱਚ ਉਨ੍ਹਾਂ ਕੋਲ 50 ਰਿਕਾਰਡ ਕੀਤੀਆਂ ਕੈਸਟਸ ਸਨ , ਤੇ ਜਦ ਉਹ
ਕਾਗਜ਼ ਤੇ ਉੱਤਰੀਆਂ ਤਾਂ 1500 ਸਫੇ ਦਾ ਮੈਨੂਸਕ੍ਰਿਪਟ ਉਨ੍ਹਾਂ ਸਾਹਮਣੇ
ਸੀ। ਫਿਰ ਉਨ੍ਹਾਂ ਨੇ ਵਿਕਟਮਸ ਦੀਆਂ ਹੀ ਇੰਟਰਵਿਉਸ ਛਾਪਣ ਦਾ ਫੈਸਲਾ ਕੀਤਾ
, ਤੇ ਗਵਾਹਾਂ , ਰਿਲੀਫ਼ ਵਰਕਰਾਂ , ਤੇ ਇੰਟੈਲੀਜੇਨਸ਼ੀਆ ਦੀਆਂ ਇੰਟਰਵਿਉਸ
ਨੂੰ ਛੱਡ ਦਿੱਤਾ। ਜਦ ਨੰਦਿਤਾ ਕੋਰਟ ਕੇਸਾਂ ਵਿੱਚ ਰੁਝੀ ਹੁੰਦੀ ਤਾਂ ਉਮਾ
ਇਸ ਕਿਤਾਬ ਤੇ ਕੰਮ ਕਰਦੀ ਤੇ ਅਕਸਰ ਬਹੁਤ ਸਾਰੇ ਸਟੂਡੈਂਟਸ ਉਸ ਦੀ ਮੱਦਦ
ਕਰਦੇ।
ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਸੈਸ਼ਨਾਂ ਵਿੱਚ ਦੇਸ਼ ਦੀ ਸਿਆਸਤ ,
ਹਾਲਾਤਾਂ ਤੇ ਹਿੰਸਕ ਹਾਦਸਿਆਂ ਤੇ ਬੋਲਣ ਦਾ ਮੌਕਾ ਪਹਿਲੀ ਵਾਰ ਮਿਲਿਆ ਤੇ
ਅਕਸਰ ਇਹ ਸੈਸ਼ਨ ਕਈ ਕਈ ਘੰਟੇ ਲੰਮਾ ਹੋ ਜਾਂਦਾ। ਸਮੇਂ ਦੇ ਨਾਲ ਉਨ੍ਹਾਂ ਦੇ
ਸੁਆਲ ਵੀ ਬਦਲਦੇ ਜਾਂਦੇ ਫਿਰ ਉਨ੍ਹਾਂ , 84 ਦੇ ਕਤਲਾਂ ਨੂੰ ਛੱਡ ਉਨ੍ਹਾਂ
ਤੋਂ ਉਨ੍ਹਾ ਬਾਰੇ , ਉਨ੍ਹਾਂ ਦੇ ਹਰ ਚੀਜ਼ ਬਾਰੇ ਨਜ਼ਰੀਏ ਬਾਰੇ ਪੁੱਛਣਾ
ਸ਼ੁਰੂ ਕਰ ਦਿੱਤਾ। ਉਹ ਇਹ ਵੀ ਜਾਨਣ ਦੀ ਕੋਸ਼ਿਸ਼ ਕਰਦੀਆਂ ਕੇ ਜੋ ਉਨ੍ਹਾਂ
ਸੋਚਿਆ ਕਿਓਂ ਸੋਚਿਆ ਤੇ ਉਨ੍ਹਾਂ ਦੇ ਇਸ ਤਰ੍ਹਾਂ ਸੋਚਣ ਦੇ ਢੰਗ ਦਾ ਕੀ
ਕਾਰਣ ਹੈ ? ਲਿਖਤ ਇਤਿਹਾਸ ਦੀ ਥਾਂ ਇਹ ਉਰਲ ਇਤਿਹਾਸ ਬਣ ਗਿਆ ਤੇ ਉਨ੍ਹਾਂ
ਇਨ੍ਹਾਂ ਇੰਟਰਵਿਉਸ ਵਿੱਚ ਉਸ ਪਲ ਨੂੰ ਫੜਿਆ ਹੈ ਜਦ ਉਨ੍ਹਾਂ ਸਾਰਿਆਂ ਦੀਆਂ
ਨਿੱਜੀ ਜ਼ਿੰਦਗੀਆਂ ਇਨ੍ਹਾਂ ਹੋਣੀਆਂ ਸਦਕਾ ਇੱਕ ਸਮੂਹਿਕ ਚੇਤਨਾ ਬਣ ਗਈਆਂ
ਸਨ।
ਇਹ ਕੰਮ ਉਨ੍ਹਾਂ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੂੰ ਠੀਕ ਲੱਗਿਆ , ਇਸ
ਲਈ ਉਨ੍ਹਾਂ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣਿਆ, ਇਸ ਕਰ ਕੇ ਇਸ
ਪ੍ਰੋਜੈਕਟ ਵਿੱਚ ਸੋਸ਼ਲ ਸਾਈਇੰਟਸਟਸ ਦੇ ਨੀਯਮਾਂ ਵੱਲ ਕੋਈ ਧਿਆਨ ਨਹੀਂ
ਦਿੱਤਾ। ਇਨ੍ਹਾਂ ਵਿੱਚ ਉਨ੍ਹਾਂ ਸਮਾਜ ਦੇ ਉਪਰਲੇ ਤਬਕੇ ,ਮੱਧ ਵਰਗੀ ਲੋਕ
ਤੇ ਹੇਠਲੀਆਂ ਜਮਾਤਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਤਾਂ ਜੋ ਹਰ ਕਿਸਮ ਦੀ
ਸੋਚ , ਖਿਆਲਾਂ ਤੇ ਤਜੁਰਬਿਆਂ ਨਾਲ ਉਨ੍ਹਾਂ ਦਾ ਸਾਹਮਣਾ ਹੋਵੇ। ਇਹ
ਇੰਟਰਵਿਉਸ ਕੋਈ ਦੋ ਸਾਲ ਚੱਲੇ ਤੇ ਸਮੇਂ ਮੁਤਾਬਿਕ ਕੁਝ ਸੁਆਲ ਆਪਣਾ ਰੰਗ
ਰੂਪ ਵੀ ਬਦਲਦੇ ਗਏ । ਇਸ ਕਿਤਾਬ ਤੇ ਇਸ ਵਿਚਲੀਆਂ ਕਹਾਣੀਆਂ ਦੀ ਪੂਰੀ ਗੱਲ
ਮੈਂ ਇੱਕ ਹੀ ਲੇਖ ਵਿੱਚ ਨਹੀਂ ਕਰ ਸਕਦੀ। ਇਸ ਨੂੰ ਲਿੱਖਣ ਦਾ ਮੇਰਾ ਮੰਤਵ
ਜਿਥੇ ਸੱਜਣ ਕੁਮਾਰ ਦੇ ਛੁੱਟ ਜਾਣ ਤੇ ਰੋਸ ਦਾ ਪ੍ਰਗਟਾਵਾ ਹੈ ਉਥੇ ਮੈਂ ਇਹ
ਵੀ ਸੋਚਦੀ ਹਾਂ ਕਿ ਜਦ ਵੀ ਜੂਨ ਆਓਂਦਾ ਹੈ ਜਾਂ ਨਵੰਬਰ ਆਓਂਦਾ ਹੈ ਅਸੀਂ
ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਦੇ ਹਾਂ ਤੇ ਕਰਨੀ ਵੀ ਚਾਹੀਦੀ
ਹੈ, ਪਰ ਕਦੇ ਵੀ ਪਲ ਦੋ ਪਲ ਰੁਕ ਕੇ ਉਨ੍ਹਾਂ ਨੋਨ -ਸਿੱਖਾਂ ਬਾਰੇ ਨਹੀਂ
ਸੋਚਦੇ ਜਿਨ੍ਹਾਂ ਨੇ ਉਨ੍ਹਾਂ ਹੀ ਅਫਸੋਸ ਮਨਾਇਆ ਤੇ ਉਨ੍ਹਾਂ ਹੀ ਜ਼ੋਰ ਲਾਇਆ
ਕਿ ਦਿੱਲੀ ਦੇ ਸਿਖਾਂ ਨੂੰ ਇਨਸਾਫ਼ ਮਿਲੇ, ਭਾਵੇਂ ਉਨ੍ਹਾਂ ਲੋਕਾਂ ਦੀ
ਗਿਣਤੀ ਥੋੜ੍ਹੀ ਹੀ ਸਹੀ । ਇਸ ਕਿਤਾਬ ਬਾਰੇ ਮੈਂ ਗੱਲ ਕਰਦੀ ਰਹਾਂਗੀ ਪਰ
ਅੱਜ ਦਾ ਇਹ ਲੇਖ ਮੈਂ ਇੱਕ 12 ਸਾਲ ਦੀ ਹਿੰਦੂ ਕੁੜੀ ਦੀ ਗੱਲ ਕਰ ਕੇ
ਮੁਕਾਵਾਂਗੀ । ਉਸ ਕੁੜੀ ਨੇ ਜਦ ਆਪਣੇ ਗੁਆਂਢ ਵਿੱਚ ਹਿੰਸਕ ਹੋਈ ਭੀੜ ਨੂੰ
ਬੇਰਹਿਮੀ ਨਾਲ ਸਿੱਖਾਂ ਨੂੰ ਮਾਰਦੇ ਦੇਖਿਆ ਤਾਂ ਉਹ ਸਾਰੀ ਰਾਤ ਰੋਂਦੀ ਰਹੀ
ਤੇ ਰੋਂਦੀ ਰੋਂਦੀ ਇਹ ਆਖਦੀ ਰਹੀ ਕਿ ਇਸ ਤਰ੍ਹਾਂ ਦੇ ਵਹਿਸ਼ੀਪੁਣੇ ਨਾਲ ਭਰੇ
ਹੋਏ ਦਿਨ ਦੇਖਣ ਨਾਲੋਂ ਤਾਂ ਚੰਗਾ ਸੀ ਕਿ ਉਹ ਜੰਮੀ ਹੀ ਨਾ ਹੁੰਦੀ। ਬਾਅਦ
ਵਿੱਚ ਉਹ ਜਦ ਵੀ ਆਪਣੀਆਂ ਸਹੇਲੀਆਂ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼
ਕਰਦੀ ਤਾਂ ਉਹ ਅਕਸਰ ਆਖਦੀਆਂ ਕਿ " ਚੰਗਾ ਹੋਇਆ ਜੋ ਹੋਇਆ " ਜਾਂ ," ਠੀਕ
ਹੈ , ਇਹ ਸਬਕ ਉਨ੍ਹਾਂ ਨੂੰ ਮਿਲਣਾ ਹੀ ਚਾਹੀਦਾ ਹੈ । ਪਰ ਉਹ ਕੁੜੀ ਆਪਣੀ
ਸੋਚ ਤੇ ਹੀ ਅੜੀ ਰਹੀ ਤੇ ਜਦ ਵੀ ਜਿਵੇਂ ਵੀ ਉਸ ਨੂੰ ਮੌਕਾ ਮਿਲਦਾ ਉਹ
ਰਿਲੀਫ਼ ਦੇ ਕੰਮਾਂ ਵਿਚ ਮੱਦਦ ਕਰਦੀ। ਜਦ ਸਕੂਲ ਖੁਲ੍ਹੇ ਤੇ ਸਕੂਲ ਦੀ
ਕੋੰਡੋਲੈਂਸ ਸਭਾ ਵਿੱਚ ਦਿੱਲੀ ਦੇ ਮਾਰੇ ਗਏ ਸਿੱਖਾਂ ਲਈ ਇੱਕ ਲਫ਼ਜ਼ ਨਹੀਂ
ਬੋਲਿਆ ਗਿਆ ਤਾਂ ਉਹ ਡੌਰ ਭੌਰ ਹੋ ਗਈ ਤੇ ਉਸ ਨੂੰ ਭਾਰੀ ਸਦਮਾ ਲੱਗਿਆ ।
ਸੱਜਣ ਕੁਮਾਰ ਨੂੰ ਬਰੀ ਕਰਕੇ ਭਾਰਤ ਦੇ ਸਵਿੰਧਾਨ ਨੇ ਸਿੱਖਾਂ ਨਾਲ ਬੇ
ਇਨਸਾਫੀ ਤਾਂ ਕੀਤੀ ਹੀ ਹੈ , ਇਸ ਨੇ ਉਸ 12 ਸਾਲ ਬਚੀ ਤੇ ਉਸ ਵਰਗੇ ਹੋਰ
ਅਨੇਕਾਂ ਲੋਕਾਂ ਦਾ ਦੇਸ਼ ਦੀ ਨਿਆਂ ਸਿਸਟਮ ਵਿੱਚ ਵਿਸ਼ਵਾਸ਼ ਨੂੰ ਵੀ ਤੋੜਿਆ
ਹੈ।
" ਇਹ ਵਹਿਸ਼ੀਆਨਾ ਹਿੰਸਕ ਹਾਦਸੇ , ਦੂਜੇ ਧਰਮ ਦੇ ਲੋਕਾਂ ਵਿਰੁਧ ਅੰਨੀ
ਨਫਰਤ , ਮੁਲਕ ਵਿੱਚ ਇਨਸਾਫ਼ ਮੰਗਣ ਵਾਲੇ ਗਿਣੇ ਚੁਣੇ ਲੋਕਾਂ ਨਾਲ ਸਰਕਾਰ
ਵਲੋਂ ਬਦਸਲੂਕੀਆਂ ਤੇ ਅੰਨ੍ਹਾ ਜ਼ੁਲਮ - ਦੇਸ਼ ਦੀ ਤਸਵੀਰ ਬਹੁਤ ਭਿਆਨਕ ਨਜ਼ਰ
ਆਓਂਦੀ ਹੈ।" ਫਿਰ ਵੀ ਇਸ 12 ਸਾਲ ਦੀ ਕੁੜੀ ਦੀ ਕਹਾਣੀ ਸਾਨੂੰ ਭੱਵਿਖ
ਬਾਰੇ ਇੱਕ ਮਹੀਨ ਧੁੰਦਲੀ ਜਿਹੀ ਆਸ ਦਿੰਦੀ ਹੈ " ਉਵੇਂ ਹੀ ਜਿਵੇਂ ਕਾਲੀ
ਬੋਲੀ ਰਾਤ ਵਿੱਚ ਆਸਮਾਨ ‘ਚ ਕਦੀ ਕਦੀ ਕੋਈ ਤਾਰਾ ਟੁੱਟਦਾ ਨਜ਼ਰ ਆਓਂਦੀ ਹੈ
--- ਇਸੇ ਤਰ੍ਹਾਂ ਹੀ ਦੇਸ਼ ਤੇ ਕਾਲੀ ਬੋਲੀ ਰਾਤ ਨੂੰ ਰੋਸ਼ਨੀ ਵਿੱਚ ਬਦਲਣ
ਲਈ ਜ਼ਰੂਰੀ ਹੈ ਕਿ ‘ ਅਸੀਂ ਕਮਿਉਨਿਲਿਜ੍ਮ ਦੇ ਵਿੱਰੁਧ ਬਿਨਾ ਕੋਈ ਸਮਝੋਤਾ
ਕੀਤਿਆਂ ਡੱਟੇ ਰਹੀਏ ਤੇ ਉਨ੍ਹਾਂ ਸਿਆਸਤਦਾਨਾਂ ਤੋਂ ਚੌਕਸ ਰਹੀਏ ਜੋ ‘ ਧਰਮ
ਨੂੰ ਖਤਰਾ ਹੈ ‘ ਆਖ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੋਂ ਗੁਰੇਜ਼ ਨਹੀਂ
ਕਰਦੇ। ਆਉ ਅਸੀਂ ਆਪਣੀ ਨਵੀਂ ਜੁਆਨ ਹੋ ਰਹੀ ਪੀੜ੍ਹੀ ਨੂੰ ਉਸ 12 ਸਾਲ ਦੀ
ਬੱਚੀ ਵਾਂਗ ਬਣਨਾ ਸਿਖਾਈਏ ।
ਅੱਜ ਫਿਰ ਸਿਖ ਤੇ ਹਰ ਇਨਸਾਫ਼ ਪਸੰਦ ਭਾਰਤੀ ਲਈ ਇਹ ਇਤਿਹਾਸ ਦੀ ਸਭ ਤੋਂ
ਕਾਲੀ ਘੜ੍ਹੀ ਹੈ ਜਿਸ ਲਈ ਸਾਨੂੰ ਆਉਣ ਵਾਲੀਆਂ ਇਨਸਾਫ਼ ਪਸੰਦ ਨਸਲਾਂ ਕਦੀ
ਮੁਆਫ ਨਹੀਂ ਕਰਨਗੀਆਂ ਲ ਅਸੀਂ ਕੀ ਮਹਿਸੂਸ ਕਰ ਰਹੇ ਹਾਂ , ਕਿਵੇਂ ਅਸੀਂ
ਇਨ੍ਹਾਂ ਖਬਰਾਂ ਨੂੰ ਰਿਐਕਟ ( ਰੲਅਚਟ) ਕਰ ਰਹੇ ਹਾਂ; ਇਹ ਇੱਕ ਦਿਨ
ਇਤਿਹਾਸ ਬਣ ਜਾਣਗੀਆਂ - ਤੇ ਸ਼ਾਇਦ ਸਾਡੇ ਲਈ ਤੇ ਹਰ ਇਨਸਾਫ਼ ਪਸੰਦ ਇਨਸਾਨ
ਲਈ ਲੱਖਾਂ ਹੀ ਸੁਆਲ ਪੈਦਾ ਹੋ ਰਹੇ ਨੇ ਜਿਨ੍ਹਾਂ ਲਈ ਅਸੀਂ ਖੁਦ ਹੀ ਜੁਆਬ
ਲੱਭਣੇ ਹਨ ਤੇ ਇਹ ਫੈਸਲਾ ਵੀ ਅਸੀਂ ਹੀ ਕਰਨਾ ਹੈ ਕਿ ਇਹ ਅਸੀਂ ਕੀਕੂੰ ਤੇ
ਕਿਵੇਂ ਕਰਦੇ ਹਾਂ , ਅਜੇ ਤੇ ਇਸ ਸਮਾਜ ਦਾ ਹਿੱਸਾ ਹੋਣ ਵਿੱਚ ਬਹੁਤ ਸ਼ਰਮ ਆ
ਰਹੀ ਹੈ ......!
ਨੋਟ : ਕੋਟ ਕੀਤੇ ਸ਼ਬਦ ਤੇ ਗੱਲਾਂ ਮੈਂ ਕਿਤਾਬ ਵਿਚੋਂ ਲਏ ਹਨ।
-0- |