Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

ਆਪ ਕੀ ਸ਼ਾਦੀ ਹੂਈ ਹੈ?

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ਚੇਤੰਨ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਐਮ ਏ ਚ ਦਾਖ਼ਲਾ
- ਇਕਬਾਲ ਰਾਮੂਵਾਲੀਆ

 

 

ਜਦੋਂ ਮੈਂ ਮੋਗੇ ਦੇ ਡੀ ਐਮ ਕਾਲਜ ਚ ਬੀ ਏ ਦੇ ਆਖ਼ਰੀ ਸਾਲ ਦੀਆਂ ਕਿਤਾਬਾਂ ਨਾਲ਼ ਜੂਝ ਰਿਹਾ ਸਾਂ, ਤਾਂ ਮੈਥੋਂ ਵੱਡਾ ਭਰਾ ਬਲਵੰਤ ਲੁਧਿਆਣੇ ਦੇ ਗੌਰਮਿੰਟ ਕਾਲਜ ਚ ਐਕਨਾਮਿਕਸ (ਅਰਥ-ਸ਼ਾਸਤਰ) ਦੀ ਐਮ ਏ ਦੇ ਪਹਿਲੇ ਸਾਲ ਦੀ ਫ਼ਸਲ ਨੂੰ ਸਿੰਜਦਾ-ਗੁੱਡਦਾ ਪਸੀਨੋ-ਪਸੀਨੀਂ ਹੋ ਰਿਹਾ ਸੀ। ਉਸ ਨੇ ਆਪਣੇ ਇੱਕ ਹੋਰ ਜਮਾਤੀ, ਹਰਜੀਤ ਜੌਹਲ, ਨਾਲ਼ ਲੁਧਿਆਣੇ ਦੇ ਮਾਡਲ ਗਰਾਮ ਚ ਦੋ ਕਮਰਿਆਂ ਵਾਲ਼ਾ ਇੱਕ ਮਕਾਨ ਕਿਰਾਏ ਤੇ ਲੈ ਲਿਆ ਸੀ। ਮਕਾਨ ਦੇ ਬਾਕੀ ਦੋ ਕਮਰਿਆਂ ਦੇ ਦਰਵਾਜ਼ੇ ਪੱਕੇ ਤੌਰ ਤੇ ਮੋਨਵਰਤ ਵਿੱਚ ਹੋਣ ਕਾਰਨ, ਮਕਾਨ ਦੇ ਵਿਹੜੇ, ਨਲ਼ਕੇ ਅਤੇ ਗੁਸਲਖ਼ਾਨੇ ਨੂੰ ਬਲਵੰਤ ਤੇ ਹਰਜੀਤ ਤੋਂ ਬਿਨਾ ਕਿਸੇ ਹੋਰ ਦੀ ਇੰਤਜ਼ਾਰ ਨਹੀ ਸੀ ਹੁੰਦੀ।
ਉਧਰ ਮੋਗੇ ਕਾਲਜ ਚ ਜਦ ਵੀ ਦੋ ਕੁ ਛੁੱਟੀਆਂ ਹੁੰਦੀਆਂ, ਮੇਰੀ ਜੇਬ ਚ ਲੁਧਿਆਣੇ ਨੂੰ ਜਾਣ ਵਾਲ਼ੀ ਬੱਸ ਦੀ ਟਿਕਟ ਤਹਿ ਹੋ ਜਾਂਦੀ।
ਬੀ ਏ ਦਾ ਨਤੀਜਾ ਆ ਜਾਣ ਤੋਂ ਬਾਅਦ ਮੇਰੇ ਕਦਮਾਂ ਚੋਂ ਕਈ ਡੰਡੀਆਂ ਵੱਖੋ-ਵੱਖ ਦਿਸ਼ਾਵਾਂ ਵੱਲ ਨੂੰ ਪਾਟਦੀਆਂ ਦਿਸਣ ਲੱਗੀਆਂ: ਉਸ ਦਿਨ ਤੋਂ ਬਾਅਦ, ਦਿਨ ਚ ਕਈ ਵਾਰ, ਮੈਂ ਹੌਲ਼ੀ-ਹੌਲ਼ੀ ਚਾਰੇ ਪਾਸੇ ਘੁੰਮਦਾ, ਤੇ ਹਰ ਡੰਡੀ ਉੱਪਰ ਦੂਰ ਤੀਕ ਆਪਣੀਆਂ ਨਜ਼ਰਾਂ ਵਿਛਾਅ ਦਿੰਦਾ।
ਪਹਿਲੀ ਡੰਡੀ ਸੀ ਬੜੀ ਹੀ ਵਲ਼-ਵਲ਼ੇਵਿਆਂ ਵਾਲ਼ੀ-ਜਿਵੇਂ ਪੁਰਾਣੀ ਸਵੈਟਰ ਉਧੇੜ ਕੇ, ਉਸਦੀ ਉੱਨ ਫ਼ਰਸ਼ ਤੇ ਖਿੰਡੀ ਪਈ ਹੋਵੇ। ਟੋਇਆਂ ਤੇ ਖਾਭਿਆਂ ਨਾਲ਼ ਵਿੰਨ੍ਹੀ ਹੋਈ ਏਸ ਡੰਡੀ ਉੱਪਰ ਮੈਨੂੰ ਆਪਣਾ-ਆਪਾ, ਕੂਹਣੀਆਂ ਭਾਰ ਸਾਡੀ ਬੈਠਕ ਦੇ ਖੂੰਜੇ ਚ ਡਾਹੇ ਇੱਕ ਮੇਜ਼ ਤੇ ਬੈਠਾ, ਕਿਤਾਬਾਂ ਦੇ ਸਫਿ਼ਆਂ ਨੂੰ ਅੱਖਾਂ ਨਾਲ਼ ਖੁਰਚ ਰਿਹਾ ਦਿਸਦਾ। ਸਾਰੇ ਟੱਬਰ ਦੇ ਘੁਰਾੜੇ ਜਦੋਂ ਦੂਜੇ ਕਮਰਿਆਂ ਦੀਆਂ ਕੰਧਾਂ ਤੋਂ ਖਲੇਪੜ ਉਧੇੜ ਰਹੇ ਹੁੰਦੇ, ਛੱਤ ਤੋਂ, ਮੇਰੇ ਸਿਰ ਦੇ ਬਰਾਬਰ ਲਟਕਦਾ ਬਲਬ ਤੇ ਮੇਜ਼ ਤੇ ਖਿੱਲਰੀਆਂ ਕਿਤਾਬਾਂ, ਮੈਨੂੰ ਮੇਰੇ ਵਾਂਗ ਹੀ ਸਾਰੀ-ਸਾਰੀ ਰਾਤ ਜਾਗਦੇ ਦਿਸਦੇ। ਫਿਰ ਦੇਸ਼ ਦੀ ਰਾਜਧਾਨੀ ਦੇ ਕਿਸੇ ਵੱਡੇ ਹਾਲ ਚ ਸੈਂਕੜੇ ਲੋਕਾਂ ਦੇ ਨਾਲ਼-ਨਾਲ਼ ਮੈਂ ਵੀ ਟੈਸਟ ਲਿਖ ਰਿਹਾ ਦਿਸਦਾ: ਟੈਸਟ ਲਿਖਦਿਆਂ, ਦੁਨੀਆਂ ਦੇ ਦੇਸਾਂ ਦੀਆਂ ਰਾਜਧਾਨੀਆਂ, ਲੀਡਰਾਂ ਦੇ ਨਾਮ, ਨਾਮਵਰ ਹਸਤੀਆਂ, ਖੋਜਾਂ-ਕਾਢਾਂ ਦੇ ਇਤਹਾਸ ਤੇ ਵੇਰਵੇ, ਜੁਗਰਾਫ਼ੀਆ, ਤੇ ਦੁਨੀਆਂ ਦੀ ਹੋਰ ਅਮੁੱਕ ਜਾਣਕਾਰੀ ਮੇਰੇ ਮੱਥੇ ਚ ਮਾਖੋ-ਮੱਖੀਆਂ ਦੇ ਗਹਿਰੇ ਝੁਰਮਟ ਵਾਂਗ ਵਾਹੋ-ਦਾਹੀ ਚਕਰਾਅ ਰਹੀ ਹੁੰਦੀ। ਫਿ਼ਰ ਡਾਕੀਆ ਟਹਿਲ ਸਿੰਘ ਸਾਡੇ ਦਰਵਾਜ਼ੇ ਤੇ ਆ ਖਲੋਂਦਾ, ਇੱਕ ਸਰਕਾਰੀ ਚਿੱਠੀ ਨੂੰ ਮੇਰੇ ਹੱਥਾਂ ਚ ਕਰਦਾ ਹੋਇਆ। ਚਿੱਠੀ ਪੜ੍ਹਦਿਆਂ ਮੇਰੀਆਂ ਭਵਾਂ ਉੱਪਰ ਨੂੰ ਉਠਦੀਆਂ ਤੇ ਮੇਰੇ ਬੁੱਲਾਂ ਚ ਤਿਤਲੀਆਂ ਖੰਭ ਫ਼ੜਕਾਉਣ ਲਗਦੀਆਂ। ਅਗਲੇ ਪਲ ਬਾਪੂ ਦੇ ਹੱਥਾਂ ਚ ਬੋਤਲ ਹੁੰਦੀ ਜਿਸ ਦੇ ਡੱਟ ਦੀਆਂ ਟੁਟਦੀਆਂ ਚੂੜੀਆਂ ਦੀ ਕੜੱਕ-ਕੜੱਕ ਮੈਨੂੰ ਅਜੇ ਵੀ ਸੁਣਦੀ ਹੈ।
-ਡੀ ਸੀ ਬਣਜੂਗਾ ਉਏ ਡੀ ਸੀ, ਸਾਡਾ ਢੋਲ-ਢਮੱਕਾ! ਸਿਰ ਘੁੰਮਾਉਂਦੇ ਬਾਪੂ ਦੀਆਂ ਗੜੂੰਦ ਹੋਈਆਂ ਨਜ਼ਰਾਂ ਚ ਤਾਰੇ ਤਰਨ ਲਗਦੇ।
ਫਿਰ ਮੈਨੂੰ ਮੇਰਾ ਆਪਾ ਇਸ ਵਿੰਗ-ਤੜਿੰਗੀ ਡੰਡੀ ਦੇ ਸਿਰੇ ਤੇ ਖਲੋਤੀ ਇੱਕ ਉੱਚ-ਕੱਦੀ ਕੁਰਸੀ ਤੇ ਬਿਰਾਜਮਾਨ ਹੁੰਦਾ ਨਜ਼ਰੀਂ ਪੈਂਦਾ, ਤੇ ਕਲਰਕਾਂ, ਤਸੀਲਦਾਰਾਂ, ਤੇ ਪੁਲਸ ਅਫ਼ਸਰਾਂ ਦੀ ਧਾੜ ਸਲੂਟ ਮਾਰਨ ਦੀ ਮੁਦਰਾ ਚ ਮੇਰੇ ਸਾਹਮਣੇ ਖਲੋਤੀ ਹੁੰਦੀ। ਕੁਰਸੀ ਦੇ ਲਾਹਮੀ ਲੋਕਾਂ ਦੀ ਗਹਿਮਾਂ-ਗਹਿਮੀਂ: ਖੱਬੀ ਦਿਸ਼ਾ ਵੱਲ ਲੁੜਕੀਆਂ ਹੋਈਆਂ ਧੌਣਾਂ ਨੂੰ ਸੁੰਗੜੇ ਹੋਏ ਮੋਢਿਆਂ ਚ ਡੁਬੋਈ ਤੇ ਛਾਤੀਆਂ ਦੇ ਸਾਹਮਣੇ ਲੁੜਕੇ ਹੋਏ ਹੱਥ ਜੋੜੀ। ਕਲਰਕਾਂ ਦੇ ਹੱਥਾਂ ਚ ਕੈਂਚੀਆਂ ਕਿਚਰ-ਕਿਚਰ ਕਰਦੀਆਂ ਤੇ ਕੱਟੀਆਂ ਹੋਈਆਂ ਜੇਬਾਂ ਦੀ ਢੇਰੀ, ਮੇਰੇ ਸਾਹਮਣੇ ਵਾਲ਼ੇ ਮੇਜ਼ ਉੱਤੇ ਉੱਭਰਨ ਲਗਦੀ। ਹੁਣ ਮੇਰੀ ਦੇਹੀ ਕੰਬਣ ਲਗਦੀ ਤੇ ਮੇਰੇ ਪੇਟ ਚ ਗੁਰੜ-ਗੁਰੜ ਹੁੰਦੀ। ਮੇਰਾ ਕੰਬ ਰਿਹਾ ਚਿਹਰਾ ਦੂਸਰੀ ਡੰਡੀ ਵੱਲ ਗਿੜ ਜਾਂਦਾ।
ਦੂਸਰੀ ਡੰਡੀ ਚ ਬਹੁਤੇ ਵਲ਼-ਵਿੰਗ ਨਹੀਂ ਸਨ। ਉਸ ਦੇ ਸਿਰੇ ਤੇ ਕਚਹਿਰੀਆਂ ਦੇ ਖੋਖਿਆਂ ਦਾ ਉਘੜ-ਦੁਘੜਾ ਝੁਰਮਟ ਨਜ਼ਰ ਆਉਂਦਾ। ਅਸ਼ਟਾਮ-ਫ਼ਰੋਸ਼ ਤੇ ਅਰਜ਼ੀ-ਨਵੀਸ, ਲੱਕੜ ਦੀਆਂ ਪੇਟੀਆਂ ਦੇ ਪਿਛਾੜੀ ਚੌਂਕੜੀਆਂ ਮਾਰੀ ਬੈਠੇ, ਆਪਣੀਆਂ ਗੋਗੜਾਂ ਨੂੰ ਖੁਰਕ ਰਹੇ ਦਿਸਦੇ। ਕੱਲੀਆਂ-ਅਕਹਿਰੀਆਂ ਕੁਰਸੀਆਂ ਦੇ ਸਾਹਮਣੇ ਢੀਚਕੂੰ-ਢੀਚਕੂੰ ਹਿਲਦੇ ਮੇਜ਼ਾਂ ਉੱਪਰ ਟਿਕੇ ਟਾਈਪਰਾਈਟਰ ਉਬਾਸੀਆਂ ਲੈਂਦੇ। ਖੋਖਿਆਂ ਮੂਹਰੇ ਕੁੜਤਿਆਂ-ਚਾਦਰਿਆਂ ਤੇ ਢਿਲ਼ਕੀਆਂ ਪੱਗਾਂ ਵਾਲ਼ੇ ਪੇਂਡੂਆਂ ਦੀਆਂ, ਬੇਚੈਨ ਢਾਣੀਆਂ ਨਜ਼ਰੀਂ ਪੈਂਦੀਆਂ। ਪੁਲਸੀਆਂ ਵੱਲੋਂ, ਜੱਜਾਂ-ਮੈਜਿਸਟਰੇਟਾਂ ਦੇ ਕਮਰਿਆਂ ਵੱਲ ਨੂੰ ਲਿਜਾਏ ਜਾ ਰਹੇ, ਹੱਥਕੜੀਆਂ ਚ ਬੰਨ੍ਹੇ ਮੁਲਜ਼ਮ-ਜਿਵੇਂ ਕੋਈ, ਸੰਗਲ਼ੀਆਂ ਚ ਬੰਨ੍ਹੇ, ਅਵਾਰਾ ਕੁੱਤਿਆਂ ਨੂੰ ਪਿੰਜਰਿਆਂ ਵੱਲ ਨੂੰ ਧੂ ਰਿਹਾ ਹੋਵੇ। ਹਕੀਕਤਾਂ ਉੱਪਰ ਲੇਪ ਫ਼ੇਰਨ ਲਈ, ਮੋਟੀਆਂ-ਮੋਟੀਆਂ ਕਿਤਾਬਾਂ ਚੋਂ ਕੂਚੀਆਂ ਲਭਦੀਆਂ, ਕਾਲ਼ੇ ਗਾਊਨਾਂ ਵਾਲਿ਼ਆਂ ਦੀਆਂ ਨਸ਼ਤਰੀ ਨਜ਼ਰਾਂ, ਐਨਕਾਂ ਦੇ ਫ਼ਰੇਮਾਂ ਉੱਪਰੋਂ ਦੀ ਲਿਸ਼ਕਦੀਆਂ। ਢਾਣੀਆਂ ਚ ਖਲੋਤੇ ਪੇਂਡੂਆਂ ਦੀਆਂ ਜੇਬਾਂ ਸੁੰਗੜਨ ਲਗਦੀਆਂ। ਕਾਲ਼ੇ ਗਾਊਨਾਂ ਹੇਠ ਛੁਪੇ ਕਾਲ਼ੇ ਕੋਟਾਂ ਦੀਆਂ ਜੇਬਾਂ ਚ ਕਿਸਾਨਾਂ ਦੀਆਂ ਗੁਛਮਗੁੱਛਾ ਹੋਈਆਂ ਪੈਲ਼ੀਆਂ, ਖੱਦਰ ਦੇ ਝੋਲ਼ੇ ਚ ਨੂੜ ਕੇ ਸੁੱਟੀਆਂ ਹੋਈਆਂ ਕੁਕੜੀਆਂ ਵਾਂਗੂੰ ਖੰਭ ਫੜਕਾਉਂਦੀਆਂ ਦਿਸਦੀਆਂ। ਮੇਰੀਆਂ ਅੱਖਾਂ ਮਿਚ ਜਾਂਦੀਆਂ ਤੇ ਮੇਰਾ ਸਿਰ ਮਦਾਰੀ ਦੇ ਡਮਰੂ ਵਾਂਗ, ਜ਼ੋਰ ਨਾਲ ਖੱਬੇ-ਸੱਜੇ ਗਿੜਨ ਲਗਦਾ!
ਅਗਲੀ ਡੰਡੀ ਚ ਹਰੀਆਂ ਵਰਦੀਆਂ ਵਾਲ਼ੇ ਫ਼ੌਜੀ, ਸਲੂਟ ਮਾਰਨ ਦੀ ਮੁਦਰਾ ਚ ਮੇਰੇ ਸਾਹਮਣੇ ਖੜ੍ਹੇ ਦਿਸਦੇ। ਮੈਂ ਡੋਰੀ ਚ ਬੰਨ੍ਹੀਂ ਆਪਣੀ ਦਾਹੜੀ ਉੱਪਰ ਕੱਸੀ ਜਾਲ਼ੀ ਨੂੰ ਥਪਥਪਾਉਂਦਾ ਅਤੇ ਆਪਣੀ ਧੌਣ ਨੂੰ ਖੱਬੇ ਪਾਸੇ ਵੱਲ ਨੂੰ ਗੇੜ ਕੇ ਆਪਣੇ ਮੋਢਿਆਂ ਤੇ ਲਿਸ਼ਕਦੇ ਸਟਾਰਾਂ ਵੱਲੀਂ ਚੋਰ-ਨਜ਼ਰੇ ਝਾਕਦਾ। ਅਗਲੇ ਪਲੀਂ ਫ਼ੌਜੀਆਂ ਦਾ ਝੁਰਮਟ ਬਾਡਰ ਵੱਲ ਨੂੰ ਦੌੜਨ ਲਗਦਾ ਅਤੇ ਉਨ੍ਹਾਂ ਦੇ ਹੱਥਾਂ ਚ ਪਕੜੀਆਂ ਬੰਦੂਕਾਂ ਬਕਵਾਸ ਵਾਛੜਨ ਲਗਦੀਆਂ: ਠੂਹ, ਠੂਹ, ਠੂਹ, ਠੂਹ! ਕੜ, ਕੜ, ਕੜ, ਕੜ! ਟੈਂਕ ਖੌਰੂ ਪਾਉਂਦੇ; ਦਰਖ਼ਤ ਕੰਬਦੇ। ਨੀਵੀਆਂ ਧੌਣਾਂ ਨੂੰ ਹੇਠਾਂ ਵੱਲ ਨੂੰ ਖਿੱਚ ਕੇ ਹੱਲਾ ਕਰ ਰਹੇ ਝੋਟਿਆਂ ਵਾਂਗ ਦੌੜਦੇ ਹੋਏ ਟੈਂਕ, ਜਿਨ੍ਹਾਂ ਦੀਆਂ ਚੇਨਾਂ ਹੇਠ, ਮੱਕੀਆਂ ਬਾਜਰੇ ਕਰੜ-ਕਰੜ ਵਿਛਦੇ! ਅਸਮਾਨ ਚ ਘਸਮੈਲ਼ੀ ਗੁਬਾਰੀ ਲਟਕ ਜਾਂਦੀ! ਸਿਰ ਤੇ ਕਾਂਵਾਂ-ਰੌਲ਼ੀ ਖੜਕਣ ਲਗਦੀ ਤੇ ਕਿੱਕਰਾਂ ਦੇ ਸਿਖ਼ਰਾਂ ਤੇ ਗਿਰਝਾਂ ਖੰਭ ਫੜਫੜਾਉਂਦੀਆਂ। ਅਸਮਾਨ ਵੱਲ ਨੂੰ ਸੇਧਿਤ ਹੋਈਆਂ, ਟੈਂਕਾਂ ਦੀਆਂ ਮੋਟੀਆਂ ਨਾਲ਼ੀਆਂ ਖੱਬੇ-ਸੱਜੇ ਘੁੰਮਦੀਆਂ ਤੇ ਅੱਗ ਦੇ ਗੋਲ਼ੇ ਹਵਾ ਨੂੰ ਲੀਰਾਂ ਕਰਨ ਲਗਦੇ! ਮੈਂ ਸਾਹੋ-ਸਾਹ ਹੋਇਆ, ਪਸੀਨੇ ਚ ਤਰ ਹੋਏ ਆਪਣੇ ਮੱਥੇ ਨੂੰ ਪੂੰਝਣ ਲੱਗ ਜਾਂਦਾ! ਮੈਨੂੰ ਜਾਪਦਾ ਜਿਵੇਂ ਮੈਂ ਸਿਰਫ਼ ਹਰੀ ਵਰਦੀ ਸਾਂ ਜਿਸ ਵਿੱਚੋਂ ਮੇਰੀ ਮੈਂ' ਚੋਅ ਕੇ ਧਰਤੀ ਤੇ ਡੁੱਲ੍ਹ ਗਈ ਸੀ। ਖ਼ੂਨ ਚ ਲੱਥ-ਪੱਥ ਤੜਫ਼ ਰਹੇ ਜਿਸਮਾਂ ਚ ਠੁੱਡੇ ਖਾਂਦੀ ਖ਼ਾਲੀ ਵਰਦੀ। ਖ਼ਾਲੀ ਵਰਦੀ ਫਿ਼ਰ ਗੁੱਛਾ-ਮੁੱਛਾ ਹੋ ਕੇ ਖੁਦੋ ਬਣ ਜਾਂਦੀ-ਲੀਰਾਂ ਦੀ ਖੁੱਦੋ! ਖੁੱਦੋ ਨੂੰ ਠੁੱਡੇ ਮਾਰ ਕੇ ਮੈਂ ਉਸੇ ਡੰਡੀ ਤੇ ਪਿੱਛੇ ਨੂੰ ਦੌੜਨ ਲਗਦਾ।
ਫਿਰ ਮੈਂ ਅਗਲੇਰੀ ਡੰਡੀ ਤੇ ਨਜ਼ਰਾਂ ਵਿਛਾਅ ਦਿੰਦਾ। ਇਥੇ ਮੈਂ ਇੱਕ ਕਮਰੇ ਚ ਬਲੈਕਬੋਰਡ ਦੇ ਸਾਹਮਣੇ ਖਲੋਤਾ ਵਿਦਿਆਰਥੀਆਂ ਦੀ ਹਾਜ਼ਰੀ ਲਗਾ ਰਿਹਾ ਹੁੰਦਾ। ਮੇਰੀ ਉਨਾਭੀ ਪਗੜੀ ਦੇ ਰੰਗ ਨਾਲ਼ ਮੇਲ ਖਾਂਦੀ ਨੈਕਟਾਈ, ਕਲਾਕ ਦੇ ਪੈਂਡੂਲਮ ਵਾਂਗ, ਕਦੇ ਖੱਬੇ ਤੇ ਕਦੇ ਸੱਜੇ ਪਾਸੇ ਵੱਲ ਨੂੰ ਝੂਲਦੀ। ਰਜਿਸਟਰ ਨੂੰ ਬੰਦ ਕਰ ਕੇ ਮੇਜ਼ ਤੇ ਰੱਖੇ ਜਾਣ ਤੋਂ ਬਾਅਦ, ਮੇਰੀਆਂ ਤਲ਼ੀਆਂ ਮੇਰੇ ਜੁਬਾੜਿਆਂ ਤੇ ਟਿਕਦੀਆਂ, ਤੇ ਮੈਂ ਫਿ਼ਕਸੋ ਨਾਲ਼ ਪਰੈੱਸ ਕਰ ਕੇ ਬੰਨ੍ਹੀਂ ਆਪਣੀ ਦਾਹੜੀ ਨੂੰ ਪਲ਼ੋਸਦਾ: ਸਾਹਮਣੇ ਬੈਂਚਾਂ ਤੇ ਬੈਠੀਆਂ ਰੰਗ-ਬਰੰਗੀਆਂ ਪੱਗਾਂ ਤੇ ਚੁੰਨੀਆਂ ਇੱਕ ਦਮ ਖ਼ਾਮੋਸ਼ ਹੋ ਜਾਂਦੀਆਂ। ਮੈਂ ਆਪਣਾ ਲੈਕਚਰ ਸ਼ੁਰੂ ਕਰਦਾ ਤੇ ਉਨ੍ਹਾਂ ਦੇ ਪੈੱਨ ਉਹਨਾਂ ਦੀਆਂ ਕਾਪੀਆਂ ਚ ਹਰਫ਼ ਉਗਾਉਣ ਲਗਦੇ। ਮੈਂ ਚਾਕ ਉਠਾਉਂਦਾ, ਤਾਂ ਕੰਧ ਨਾਲ਼ ਚਿਪਕੇ, ਸੁੰਨਸਾਨ ਬਲੈਕਬੋਰਡ ਉੱਪਰ ਚਿੱਟੇ ਅੱਖਰਾਂ ਦੀ ਰੌਣਕ ਉੱਭਰਨ ਲਗਦੀ। ਮੈਨੂੰ ਇਲਮ ਨਹੀਂ ਸੀ ਕਿ ਅੱਖਰਾਂ-ਹਰਫ਼ਾਂ ਦੀ ਇਹ ਰੌਣਕ ਹੀ ਸਾਰੀ ਜਿ਼ੰਦਗੀ ਮੇਰੇ ਨਾਲ਼ ਨਾਲ਼ ਤੁਰਦੀ ਰਹਿਣੀ ਸੀ।
ਚਾਕ ਨਾਲ਼ ਸਫ਼ੈਦ ਹੋ ਗਈਆਂ ਆਪਣੀਆਂ ਉਂਗਲ਼ਾਂ ਨੂੰ ਰੁਮਾਲ ਨਾਲ਼ ਪੂੰਝ ਕੇ, ਕਮਰੇ ਦੀ ਪਿਛਲੀ ਕੰਧ ਤੀਕਰ ਖਿੰਡਰੀ ਭਰਵੀਂ ਹਾਜ਼ਰੀ ਦੇਖਦਾ ਹੋਇਆ ਮੈਂ ਆਪਣੀਆਂ ਮੁੱਛਾਂ ਨੂੰ ਪਲੋਸਣ ਲਗਦਾ। ਮੇਰੇ ਸਿਰ ਉੱਪਰ ਘੁੰਮ ਰਿਹਾ ਪੱਖਾ ਮੇਰੇ ਮੱਥੇ ਉੱਪਰਲੇ ਪਸੀਨੇ ਨੂੰ ਨਾਲ਼ੋ-ਨਾਲ਼ ਸੁਕਾਈ ਜਾਂਦਾ। ਮੇਰੀਆਂ ਨਾਸਾਂ ਦੇ ਕਿਨਾਰੇ ਬਾਹਰ ਵੱਲ ਨੂੰ ਫੈਲਦੇ, ਤੇ ਮੇਰੇ ਬੁੱਲ੍ਹਾਂ ਤੇ ਮੁਸਕਰਾਹਟ ਟਪਕਣ ਲਗਦੀ।
***
ਦੋ ਕੁ ਦਿਨਾਂ ਬਆਦ ਮੈਂ ਡੀ ਐਮ ਕਾਲਜ ਦੇ ਦਫ਼ਤਰੋਂ ਬੀ ਏ ਦੇ ਸਰਟਿਫ਼ੀਕਟ ਚੁੱਕੇ, ਤੇ ਘੰਟੇ ਕੁ ਬਾਅਦ ਮੋਗਿਓਂ ਲੁਧਿਆਣੇ ਨੂੰ ਜਾ ਰਹੀ ਬੱਸ ਵਿੱਚ ਬੈਠਾ ਦ ਟ੍ਰਬਿਊਨ ਦੇ ਕਾਲਮਾਂ ਵਿੱਚ ਲੱਥ ਗਿਆ।
ਲੁਧਿਆਣੇ ਦੇ ਭਾਰਤ ਨਗਰ ਚੌਕ ਤੋਂ ਉੱਤਰ ਕੇ ਪੈਦਲ ਚਲਦਿਆਂ ਜਦੋਂ ਮੈਂ 93 ਮਾਡਲ ਗਰਾਮ ਦੇ ਫਾਟਕ ਸਾਹਮਣੇ ਅੱਪੜਿਆ, ਤਾਂ ਮੇਰੀ ਗਿੱਚੀ ਤੇ ਬਗ਼ਲਾਂ ਚ ਉੱਛਲ਼ਦੇ ਪਸੀਨੇ ਨਾਲ਼ ਮੇਰੀ ਕਮੀਜ਼ ਬੁਰੀ ਤਰ੍ਹਾਂ ਭਿੱਜੀ ਹੋਈ ਸੀ।
ਮਕਾਨ ਦਾ ਫਾਟਕ ਖੋਲ੍ਹਦਿਆਂ ਹੀ ਬਲਵੰਤ ਨੇ ਆਪਣੇ ਮੱਥੇ ਨੂੰ ਸੁੰਗੇੜਿਆ, ਤੇ ਆਪਣੀ ਬੁਨੈਣ ਨੂੰ ਕੱਛੇ ਵੱਲ ਨੂੰ ਖਿਚਦਿਆਂ, ਆਪਣੀਆਂ ਕੱਸੀਆਂ ਹੋਈਆਂ ਅੱਖਾਂ ਚੋਂ ਇੱਕ ਸੁਆਲੀਆ ਨਿਸ਼ਾਨ ਮੇਰੇ ਵੱਲ ਸੇਧ ਦਿੱਤਾ: ਉਏ ਨਤੀਜਾ ਆ ਗਿਐ ਬੀ ਏ ਦਾ ਪਰਸੋਂ-ਚੌਥੇ; ਪਾਸ ਐਂ ਕਿ ਫੇਲ੍ਹ?
ਮੈਂ ਆਪਣੇ ਬੁੱਲ੍ਹਾਂ ਤੇ ਜੀਭ ਫੇਰੀ ਤੇ ਖੰਘੂਰਾ ਮਾਰਦਿਆਂ ਬੁੱਲ੍ਹਾਂ ਨੂੰ ਕੰਨਾਂ ਵੱਲ ਨੂੰ ਖਿੱਚਣ ਲੱਗਾ।
-ਕਿੰਨੇ ਨੰਬਰ ਆਏ ਐ? ਉਹ ਕਾਹਲ਼ੀ ਚ ਬੋਲਿਆ।
-ਨੰਬਰ? ਮੈਂ ਆਪਣੇ ਬੁੱਲ੍ਹਾਂ ਨੂੰ ਸੁੰਗੇੜਿਆ। -ਮੱਲਾ, ਤੈਨੂੰ ਯਕੀਨ ਨੀ ਆਉਣਾ!
-ਅੱਛਾ? ਉਹ ਆਪਣੇ ਢਿਲ਼ਕੇ ਹੋਏ ਜੂੜੇ ਨੂੰ ਪੀਡਾ ਕਰਨ ਲੱਗਾ। ਲੈ ਗਿਆ ਹੋਵੇਂਗਾ 40 ਕੁ ਪਰਸੈਂਟ!
-ਸੈਕੰਡ ਡਵਿਯਨ!
-ਉਏ ਸੱਚੀਂ? ਉਹ ਅੱਖਾਂ ਨੂੰ ਭੀੜੀਆਂ ਕਰ ਕੇ ਬੋਲਿਆ। -ਹਾਅ ਤਾਂ ਕਮਾਲ ਈ ਕਰਤੀ, ਉਏ ਢੋਲਾ!
ਚਾਹ ਉੱਬਲ਼ਦੀ ਨੂੰ ਬਲਵੰਤ ਦਾ ਸਾਥੀ ਹਰਜੀਤ ਜੌਹਲ ਵੀ ਆ ਧਮਕਿਆ। ਆਪਣੀ ਤਾਜ਼ੀ ਕੁਤਰੀ ਦਾਹੜੀ ਨੂੰ ਪਲ਼ੋਸਦਾ ਹੋਇਆ ਉਹ ਮੇਰੇ ਨਾਲ਼ ਹੀ ਮੰਜੇ ਦੀ ਬਾਹੀ ਤੇ ਬਿਰਾਜਮਾਨ ਹੋ ਗਿਆ।
-ਕੀ ਕਰਾਂ ਗਾਹਾਂ? ਚਾਹ ਦੀ ਪਹਿਲੀ ਘੁੱਟ ਭਰਨ ਤੋਂ ਬਾਅਦ ਮੈਂ ਹਰਜੀਤ ਤੇ ਬਲਵੰਤ ਵੱਲੀਂ ਝਾਕਿਆ। ਇੱਕ ਜੀ ਕਰਦਾ ਐਮ ਏ ਕਰਲਾਂ ਤੇ ਇੱਕ ਜੀ ਕਰਦੈ ਬੀ ਐੱਡ ਵਧੀਆ ਰਹੂ!
-ਹੈਂਅ...ਬਲਵੰਤ ਤਲਖ਼ੀ ਚ ਬੋਲਿਆ। ਉਏ ਡਵਿਯਨ ਸੈਕੰਡ ਤੇ ਦਾਖ਼ਲਾ ਬੀ ਐੱਡ ਚ? ਹਾਥੀ ਤੋਂ ਉੱਤਰ ਕੇ ਕੁਕੜੀ ਦੀ ਸਵਾਰੀ ਕਰਨ ਲੱਗਣੈ ਤੂੰ?
ਹਰਜੀਤ ਆਪਣੀ ਪੱਗ ਦੇ ਸੱਜੇ ਲੜ ਨੂੰ ਉਤਾਹਾਂ ਨੂੰ ਕਰ ਕੇ ਆਪਣੇ ਕੰਨ ਨੂੰ ਖੁਰਕਣ ਲੱਗਾ।
ਊਂ ਮਾੜੀ ਬੀ ਐੱਡ ਵ ਨੀ... ਉਹ ਭਿਣਕਵੀਂ ਟੋਨ ਚ ਬੋਲਿਆ। ਸਾਲ ਚ ਈ ਹੋ ਜਾਂਦੀ ਐਂ, ਪਰ ਐਮ ਏ ਨਾਲ਼ ਦੀ ਰੀਸ ਨੀ... ਕਿਸੇ ਨਾ ਕਿਸੇ ਕਾਲਜ ਚ ਲੈਕਚਰਾਰ ਲੱਗਜੇਂਗਾ ਤੇ ਮੌਜ ਕਰੇਂਗਾ!
ਅਗਲੀ ਸਵੇਰ ਮੇਰੇ ਸਾਈਕਲ ਦਾ ਹੈਂਡਲ ਲੁਧਿਆਣੇ ਦੇ ਗੌਰਮਿੰਟ ਕਾਲਜ ਵੱਲ ਨੂੰ ਘੁੰਮ ਗਿਆ।
ਕਾਲਜ ਦੇ ਦਫ਼ਤਰੋਂ ਬਾਬੂ ਤੋਂ ਦਾਖ਼ਲਾ ਫ਼ੋਰਮ ਲਿਆ ਤੇ ਸਿੱਧਾ 93 ਮਾਡਲ ਗਰਾਮ ਵਾਲੇ ਦੋ-ਬੈਠਕੇ ਘਰ ਚ ਵਾਪਿਸ ਆ ਧਮਕਿਆ।
-ਕਾਹਦੀ ਕਰਨੀ ਐਂ ਐਮ ਏ? ਛੋਟੀ ਜਿਹੀ ਪਰਾਤ ਚ ਆਟਾ ਝਾੜਦਾ ਬਲਵੰਤ ਬੋਲਿਆ।
-ਪੰਜਾਬੀ ਦੀ! ਮੈਂ ਤੁਰਤ ਜਵਾਬ ਦਿੱਤਾ। -ਨੰਬਰ ਪਤੈ ਕਿੰਨੇ ਆਏ ਐ ਪੰਜਾਬੀ ਚੋਂ?
-ਆਗੇ ਹੋਣਗੇ ਸੌ ਚੋਂ ਚਾਲੀ-ਪੰਤਾਲੀ! ਆਟੇ ਚ ਪਾਣੀ ਰਲ਼ਾਉਂਦਿਆਂ ਬਲਵੰਤ ਨੇ ਬੁਲ੍ਹ ਮਰੋੜੇ।
-ਚਾਲ਼ੀ-ਪੰਤਾਲੀ? ਮੈਂ ਆਪਣੀਆਂ ਭਵਾਂ ਨੂੰ ਅੰਦਰ ਵੱਲ ਨੂੰ ਖਿੱਚਿਆ। ਸੱਠ ਪਰਸੈਂਟ ਐ ਸੱਠ! ਸਾਰੀ ਕਲਾਸ ਚੋਂ ਪਹਿਲੇ ਨੰਬਰ ਤੇ!
-ਤੇ ਅੰਗਰੇਜ਼ੀ ਚੋਂ? ਬਲਵੰਤ ਨੇ ਸਟੋਵ ਦੀ ਵੱਖੀ ਚੋਂ ਬਾਹਰ ਨੂੰ ਨਿੱਕਲ਼ਦੇ, ਫੂਕ ਵਾਲ਼ੇ ਪੇਚ ਨੂੰ ਢਿੱਲਾ ਕਰ ਕੇ, ਸਟੋਵ ਦੇ ਸਿਰ ਤੇ ਉਬਾਲ਼ੇ ਮਾਰਦੀ ਦਾਲ਼ ਦਾ ਦਮ ਤੋੜ ਦਿੱਤਾ।
ਮੇਰਾ ਹੇਠਲਾ ਬੁੱਲ੍ਹ ਢਿਲ਼ਕ ਗਿਆ, ਤੇ ਮੈਂ, ਉੱਸਲ਼ਵੱਟਿਆਂ ਚ ਬਦਲ ਗਈ ਦਾਲ਼ ਵੱਲੀਂ, ਝਾਕਣ ਲੱਗਾ।
-ਬੋਲਦਾ ਨੀ? ਗੜਵੀ ਵਿਚਲੇ ਚੂਲ਼ੀ ਕੁ ਪਾਣੀ ਨੂੰ ਹਿਲਾਉਂਦਿਆਂ ਬਲਵੰਤ ਨੇ ਪੁੱਛਿਆ।
-ਅੰਗਰੇਜ਼ੀ ਚੋਂ ਤਾਂ ਨਾ ਈਂ ਪੁੱਛ, ਮੈਂ ਸਿਰ ਹਿਲਾਇਆ। ਸਿਰਫ਼ ਚੁਤਾਲ਼ੀ ਪਰਸੈਂਟ!
-ਇਓਂ ਕਰ, ਉਹ ਪੇੜੇ ਨੂੰ ਤਲ਼ੀਆਂ ਵਿਚਕਾਰ ਘੁੱਟਦਾ ਹੋਇਆ ਬੋਲਿਆ। ਚੁੱਪ ਕਰ ਕੇ ਅੰਗਰੇਜ਼ੀ ਦੀ ਐਮ ਏ ਚ ਵੜਜਾ...
-ਅੰਗਰੇਜ਼ੀ ਦੀ ਐਮ ਏ ਚ? ਮੈਂ ਅੱਖਾਂ ਸੁੰਗੇੜ ਕੇ ਬਲਵੰਤ ਵੱਲੀਂ ਝਾਕਿਆ। ਮਰਵੌਣੈ ਤੂੰ ਮੈਨੂੰ?
-ਹੋਰ ਕੀ ਕਰੇਂਗਾ?
-ਮੈਂ ਜਾਊਂ ਪੰਜਾਬੀ ਚ! ਜੇ ਫ਼ਸਟ ਡਵਿਯਨ ਨਾ ਲਈ ਤਾਂ ਜੋ ਮਰਜ਼ੀ ਕਰਲੀਂ!
-ਭਾਵੇਂ ਗੋਲਡ-ਮੈਡਲ ਲੈ ਲੀਂ ਪੰਜਾਬੀ ਦੀ ਐਮ ਏ ਚ, ਪਰ ਭੁੱਖਾ ਮਰੇਂਗਾ, ਭੁੱਖਾ! ਨਾ ਇਧਰ ਕਾ, ਨਾ ਉਧਰ ਕਾ!
-ਕਿਉਂ?
-ਕਾਲਜ ਚ ਨੌਕਰੀ ਮਿਲਣੀ ਨੀ, ਤੇ ਸਕੂਲ ਚ ਕਿਸੇ ਨੇ ਬੀ ਐਡ ਬਿਨਾ ਪੈਰ ਨੀ ਪਾਉਣ ਦੇਣਾ! ਬਲਵੰਤ ਨੇ ਪੇੜੇ ਨੂੰ ਚਕਲ਼ੇ ਤੇ ਰੱਖ ਕੇ ਵੇਲਣੇ ਨਾਲ਼ ਫੇਹਣਾ ਸ਼ੁਰੂ ਕਰ ਦਿੱਤਾ। -ਫ਼ੇਰ ਇੱਕ ਸਾਲ ਬੀ ਐੱਡ ਚ ਗਾਲ਼ ਕੇ ਟਿਊਸ਼ਨਾਂ ਲਈ ਨਿਆਣੇ ਲਭਦਾ ਫਿਰੇਂਗਾ...
-ਕਾਲਜ ਚ ਕਿਵੇਂ ਨਾ ਮਿਲ਼ੂ ਨੌਕਰੀ ਜਦੋਂ ਗੋਲਡ ਮੈਡਲ ਲਿਆ ਪੰਜਾਬੀ ਦੀ ਐਮ ਏ ਚੋਂ?
-ਮੈਂ ਤੈਨੂੰ ਦੱਸ ਰਿਅ੍ਹਾਂ ਅਕਲ ਦੀ ਗੱਲ, ਉਹ ਫ਼ੇਹੇ ਹੋਏ ਪੇੜੇ ਨੂੰ ਵੇਲਣੇ ਨਾਲ਼ ਵਧਾਉਂਦਿਆਂ ਬੋਲਿਆ। ਸੋਚ ਕੇ ਦੱਸ ਡੀ ਐਮ ਕਾਲਜ ਚ ਭਲਾ ਪੰਜਾਬੀ ਦੇ ਕਿੰਨੇ ਪ੍ਰੋਫ਼ੈਸਰ ਐ?
-ਪੰਜਾਬੀ ਦੇ... ਪ੍ਰਫ਼ੈਸਰ ਨੇ... ਇੱਕ ਜਮ੍ਹਾਂ ਅੱਧਾ... ਇਹ ਬਣਗੇ ਡੇਢ!
-ਡੇਢ? ਬਲਵੰਤ ਨੇ ਮੱਥਾ ਸੁੰਗੇੜਿਆ।
-ਆਹੋ, ਇੱਕ ਸਾਬਤਾ ਪ੍ਰੋਫ਼ੈਸਰ ਕਿਰਪਾਲ ਸਾਗਰ ਤੇ ਦੂਜੀ ਅੱਧੀ ਮਿਸਜ਼ ਅਰੋੜਾ!
-ਤੇ ਅੰਗਰੇਜ਼ੀ ਦੇ?
-ਅੰਗਰੇਜ਼ੀ ਦੇ ਹੋਣਗੇ ਕੋਈ... ਦਸ ਗਿਆਰਾਂ!
-ਹੁਣ ਤੂੰ ਆਪ ਈ ਦੱਸ, ਮੂਰਖ਼ਾ, ਨੌਕਰੀਆਂ ਬਹੁਤੀਆਂ ਪੰਜਾਬੀ ਚ ਐਂ ਕਿ ਅੰਗਰੇਜ਼ੀ ਚ?
ਮੇਰੇ ਸਿਰ ਚ ਗੁਬਾਰੀਆਂ ਉੱਠਣ ਲੱਗੀਆਂ, ਤੇ ਮੇਰੇ ਖੱਬੇ ਹੱਥ ਦੀਆਂ ਉਂਗਲਾਂ ਮੇਰੀ ਧੌਣ ਨੂੰ ਖਰੋਚਣ ਲੱਗੀਆਂ।
-ਪਰ ਤਲਵੰਡੀ ਆਲੇ ਰਣਜੀਤ ਨੇ ਕੀਤੀ ਸੀ ਨਾ ਬੀ ਏ ਦੋ ਸਾਲ ਪਹਿਲਾਂ? ਮੈਂ ਬਲਵੰਤ ਦੇ ਸਾਹਮਣੇ ਫ਼ਰਸ਼ ਉੱਪਰ ਪੱਬਾਂ ਭਾਰ ਬੈਠਦਿਆਂ ਬੋਲਿਆ। ਅੰਗਰੇਜ਼ੀ ਚੋਂ ਉਹ ਲੈ ਗਿਆ ਸੀ ਅੱਠਵੰਜਾ ਪਰਸੈਂਟ ਨੰਬਰ, ਤੇ ਚਾਮ੍ਹਲਿਆ ਹੋਇਆ ਚੰਡੀਗੜ੍ਹ ਯੂਨੀਵਰਸਿਟੀ ਚ ਅੰਗਰੇਜ਼ੀ ਦੀ ਐਮ ਏ ਚ ਜਾ ਦਾਖ਼ਲ ਹੋਇਆ... ਪਹਿਲੇ ਸਾਲ ਈ ਧੜੰਮ ਕਰ ਕੇ ਕਿਰ ਗਿਆ ਸੀ ਨਾ ਰੇਤੇ ਦੀ ਕੰਧ ਆਂਗੂੰ?
-ਘੋਟੇ ਲਾ ਕੇ ਬੀ ਏ ਚੋਂ ਭਾਵੇਂ ਸੱਤਰ ਪਰਸੈਂਟ ਲੈ ਲੋ! ਬਲਵੰਤ ਨੇ ਦੋ-ਤਿੰਨ ਪੰਪ ਮਾਰ ਕੇ ਬੁਝੂੰ-ਬੁਝੂੰ ਕਰਦੇ ਸਟੋਵ ਵਿੱਚ ਜਾਨ ਪਾਉਣ ਦੀ ਕੋਸਿ਼ਸ਼ ਕੀਤੀ। ਰਣਜੀਤ ਲਾਉਂਦਾ ਸੀ ਘੋਟੇ... ਪਰ ਐਮ ਏ ਚ ਘੋਟੇ ਨੀ ਚਲਦੇ, ਮੱਲਾ... ਤੂੰ ਬੀ ਏ ਚ ਪੜ੍ਹਿਐਂ ਪੰਜਾਬੀ ਸਾਹਿਤ... ਨਾਲ਼ੇ ਪੜ੍ਹੀ ਐ ਅਲੋਚਨਾ... ਤੈਨੂੰ ਅੰਗਰੇਜ਼ੀ ਦੀ ਐਮ ਏ ਔਖੀ ਨੀ ਲੱਗਣੀ।
-ਪਰ ਸਾਨੂੰ ਤਾਂ ਬੀ ਏ ਚ ਨਾ ਕਿਸੇ ਭੜੂਏ ਨੇ ਚੱਜ ਨਾਲ਼ ਗਰਾਮਰ ਸਿਖਾਈ ਐ ਤੇ ਨਾ ਹੀ ਕੌਮੇ ਬਿੰਦੀਆਂ ਤੇ ਸੈਮੀਕੋਲਨ, ਮੈਂ ਟੋਕਰੀ ਚ ਪਏ ਪੋਣੇ ਦੀਆਂ ਤਹਿਆਂ ਖੋਲ੍ਹ ਕੇ ਉਸ ਨੂੰ ਟੋਕਰੀ ਚ ਵਿਛਾਅ ਦਿੱਤਾ। ਅੰਗਰੇਜ਼ੀ ਦੇ ਪੱਖੋਂ ਮੈਨੂੰ ਤਾਂ ਆਪਣਾ ਅੰਦਰ ਐਸ ਪੋਣੇ ਵਾਂਗੂੰ ਲਗਦੈ-ਖ਼ਾਲੀ-ਖ਼ਾਲੀ!
-ਉਏ ਤੂੰ ਸਭ ਕੁਛ ਸਿੱਖ ਜੇਂ ਗਾ... ਬਲਵੰਤ ਨੇ ਗੁੱਛਾ-ਮੁੱਛਾ ਪਈ ਤੌਣ ਚ ਉਂਗਲਾਂ ਖੁਭੋਅ ਦਿੱਤੀਆਂ। -ਆਪਣਾ ਟੱਬਰ ਐ ਸਿਰੜੀ ਤੇ ਮਿਹਨਤੀ... ਜਿਹੜੇ ਪਾਸੇ ਪੈ ਜੇ ਉਥੋਂ ਪਿੱਛੇ ਨੀ ਹਟਦਾ... ਬਾਪੂ ਪਾਰਸ ਕਿਵੇਂ ਸਿੱਖ ਗਿਆ ਤਿੰਨ ਜ਼ੁਬਾਨਾਂ ਬਿਨਾਂ ਸਕੂਲ ਦਾ ਮੂੰਹ ਦੇਖਿਆਂ?
ਮੇਰੀ ਠੋਡੀ ਉੱਪਰ-ਹੇਠਾਂ ਗਿੜਨ ਲੱਗੀ।
-ਜਦੋਂ ਭੁੱਖ ਲਗਦੀ ਐ ਤਾਂ ਅੱਖਾਂ ਆਪ-ਮੁਹਾਰੇ ਆਟੇ ਵਾਲ਼ਾ ਪੀਪਾ ਲੱਭਣ ਲੱਗ ਜਾਂਦੀਐਂ, ਬਲਵੰਤ ਨੇ ਤਵਾ ਸਟੋਵ ਦੇ ਸਿਰ ਤੇ ਟਿਕਾਅ ਦਿੱਤਾ। -ਆਪੇ ਮਿਰਚ-ਮਸਾਲੇ ਦਾ ਜੁਗਰਾਫ਼ੀਆ ਸਮਝ ਆਉਣ ਲੱਗ ਜਾਂਦੈ ਤੇ ਆਪੇ ਰੋਟੀਆਂ ਗੋਲ਼ਾਈ ਚ ਹੋਣ ਲਗਦੀਐਂ! ਮੈਨੂੰ ਕਿੰਨੀ ਕੁ ਅੰਗਰੇਜ਼ੀ ਆਉਂਦੀ ਸੀ ਬੀ ਏ ਚ? ਪਰ ਹੁਣ ਮੈਂ ਇੰਗਲਿਸ਼ ਮੀਡੀਅਮ ਚ ਐਕਨਾਮਿਕਸ ਨੀ ਪੜ੍ਹੀ ਜਾਂਦਾ?
ਉਸ ਰਾਤ ਮੈਂ ਡੀ ਐਮ ਕਾਲਜ ਦੇ ਅੰਗਰੇਜ਼ੀ ਦੇ ਪ੍ਰੋਫ਼ੈਸਰ ਮਿਸਰਾ ਦੀ ਕੁਰਸੀ ਕੋਲ਼ ਬੈਠ ਕੇ ਕਾਫ਼ੀ ਸੁੜ੍ਹਾਕਦਾ ਰਿਹਾ। ਪ੍ਰੋਫ਼ੈਸਰ ਮਿਸਰਾ ਕਦੇ ਵਰਡਜ਼ਵਰਥ ਦੇ ਡੈਫ਼ਾਡਿਲਜ਼ ਨੂੰ ਸੁੰਘਣ ਲਾ ਦੇਵੇ, ਤੇ ਕਦੇ ਕੋਲਰਿਜ ਪੜ੍ਹਦਾ-ਪੜ੍ਹਦਾ, ਉਹ ਕੋਲਰਿਜ ਵਾਂਗ ਹੀ ਅਫ਼ੀਮ ਦੀ ਲੋਰ ਚ ਊਂਘਣ ਲੱਗ ਜਾਵੇ। ਫਿ਼ਰ ਉਸ ਨੇ ਸ਼ੈਕਸਪੀਅਰ ਦਾ ਓਥੈਲੋ ਮੇਰੇ ਹੱਥਾਂ ਚ ਕਰ ਕੇ, ਮੈਨੂੰ ਬੀ ਏ ਦੀ ਕਲਾਸ ਵੱਲੀਂ ਤੋਰ ਦਿੱਤਾ।
ਸਵੇਰੇ, ਸਾਡੇ ਬਾਹਰਲੇ ਫਾਟਕ ਕੋਲ਼ ਆ ਕੇ, ਦੁੱਧ ਵਾਲ਼ੇ ਭਾਈ ਨੇ ਜਦੋਂ ਆਪਣੇ ਸਾਈਕਲ ਦੇ ਹੈਂਡਲ ਨਾਲ ਲਟਕਾਈ ਪੀਪਣੀ ਦੀ ਪੂੰ-ਪੂੰਕਰਾਈ, ਤਾਂ ਮੈਂ ਬੀ ਏ ਦੇ ਵਿਦਿਆਰਥੀਆਂ ਨੂੰ ਗਰੈਮਰ ਦੀਆਂ ਬਰੀਕੀਆਂ ਸਮਝਾਅ ਰਿਹਾ ਸਾਂ।
ਅਗਲੀ ਸਵੇਰ ਮੈਂ ਗੌਰਮਿੰਟ ਕਾਲਜ ਦੇ ਦਫ਼ਤਰ ਚ ਖਲੋਤਾ ਸਾਂ।
ਲੰਮੇਂ ਨੱਕ ਵਾਲੇ ਕਲਰਕ ਨੇ ਮੇਰੇ ਫ਼ੋਰਮ ਤੇ, ਉੱਪਰੋਂ ਹੇਠਾਂ ਤੀਕਰ ਨਜ਼ਰ ਮਾਰੀ, ਤੇ ਮੱਥੇ ਦੀ ਪੁੜੀ ਵਟਦਿਆਂ ਉਹ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗਾ। ਫੇਰ ਉਨ੍ਹੇ ਦੋ ਕੁ ਵਾਰ ਉੱਪਰ ਵੱਲ ਨੂੰ ਵਾਹੇ ਆਪਣੇ ਵਿਰਲੇ-ਜਿਹੇ ਵਾਲ਼ਾਂ ਨੂੰ ਅਪਣੀਆਂ ਦੁਬਲੀਆਂ ਉਂਗਲ਼ਾਂ ਨਾਲ਼ ਕੰਘੀ ਕੀਤਾ ਤੇ ਭਵਾਂ ਨੂੰ ਉੱਪਰ ਵੱਲ ਖਿੱਚ ਕੇ, ਆਪਣੀਆਂ ਬਰੀਕ ਅੱਖਾਂ ਸੁੰਗੇੜ ਲਿਆ। ਵਲੈਤੀ ਗੋਰਿਆਂ ਵਾਂਗੂੰ ਗੁਲਾਬੀ ਭਾਅ ਮਾਰਦੀ, ਉਸ ਦੀ ਹਥੇਲ਼ੀ ਵਾਂਗ ਚਟਮ ਕੀਤੀ ਟਮਾਟਰੀ ਠੋਡੀ ਵੱਲ ਦੇਖ ਕੇ ਮੈਂ ਸੋਚਿਆ ਉਹ ਹੁਣ ਕਸ਼ਮੀਰੀ ਜਾਂ ਪਠਾਣੀ ਬੋਲੀ ਚ ਮੈਨੂੰ ਝਾੜਾਂ ਪਾਵੇਗਾ! ਫਿਰ ਉਨ੍ਹੇਂ ਜਦੋਂ ਆਪਣੇ ਪਤਲੇ ਬੁੱਲ੍ਹਾਂ ਨੂੰ ਜੋੜ ਕੇ ਬਾਹਰ ਵੱਲ ਨੂੰ ਧੱਕਿਆ, ਤਾਂ ਉਸ ਦੀਆਂ ਭੀੜੀਆਂ ਨਾਸਾਂ ਦੀਆਂ ਕੰਨੀਆਂ ਬਾਹਰ ਵੱਲ ਨੂੰ ਫੁੱਲਣ ਲੱਗੀਆਂ। ਹੁਣ ਉਸ ਨੇ ਆਪਣੀ ਲੰਬੂਤਰੀ ਠੋਡੀ ਨੂੰ ਆਪਣੇ ਅੰਗੂਠੇ ਤੇ ਪਹਿਲੀ ਉਂਗਲ਼ ਦੇ ਵਿਚਕਾਰ ਪਕੜਿਆ ਤੇ ਨਾਕੂ ਅਵਾਜ਼ ਚ ਬੋਲਿਆ: ਅੰਗਰੇਜ਼ੀ ਚੋਂ ਨੰਬਰ ਤੇਰੇ... ਥੋੜ੍ਹੇ ਜਾਪਦੇ ਐ, ਕਾਕਾ!
ਮੇਰੀ ਉੱਪਰਲੀ ਦੰਦਵੀੜ੍ਹ ਮੇਰੇ ਹੇਠਲੇ ਬੁੱਲ ਨੂੰ ਖੁਰਚਣ ਲੱਗੀ। ਸ਼ੈਕਸਪੀਅਰ ਦਾ ਓਥੈਲੋ ਮੇਰੀਆਂ ਉਂਗਲਾਂ ਲੜਖੜਾਉਣ ਲੱਗਾ, ਤੇ ਵਰਡਜ਼ਵਰਥ ਦੇ ਡੈਫ਼ਾਡਿਲਜ਼ ਸੁੱਕ ਕੇ ਲੁੜਕ ਗਏ। ਅੰਗਰੇਜ਼ੀ ਦਾ ਪ੍ਰੋਫ਼ੇਸਰ ਮਿਸ਼ਰਾ ਮੈਨੂੰ ਆਪਣੇ ਦਫ਼ਤਰੋਂ ਧੱਕੇ ਮਾਰਦਾ ਜਾਪਿਆ।
-ਕਿੰਨੇ ਕੁ ਚਾਨਸ ਆ ਦਾਖ਼ਲੇ ਦੇ?
-ਮੈਰਟ ਤੇ ਡਪੈਂਡ ਕਰਦੈ, ਕਲਰਕ ਆਪਣੇ ਨੱਕ ਨੂੰ ਖਿੱਚਦਿਆਂ ਬੋਲਿਆ।
-ਕਦੋਂ ਕੁ ਪਤਾ ਲੱਗਜੂ ਮੈਰਿਟ ਦਾ? ਮੈਂ ਆਪਣੇ ਹੱਥਾਂ ਨੂੰ ਨਚੋੜਦਿਆਂ ਪੁੱਛਿਆ।
-ਪਹਿਲੀ ਲਿਸਟ ਲੱਗੂਗੀ ਬਹੁਤ ਜਲਦੀ ਔਹ... ਸਾਹਮਣੇ ਵਾਲ਼ੇ ਬੋਰਡ ਤੇ, ਕਲਰਕ ਨੇ ਦਫ਼ਤਰ ਦੇ ਸਾਹਮਣੇ ਵਾਲ਼ੀ ਕੰਧ ਵੱਲ ਇਸ਼ਾਰਾ ਕੀਤਾ।
ਅਗਲੇ ਪੰਜ ਦਿਨ ਮੈਂ ਨੌ ਕੁ ਵਜਦੇ ਨੂੰ ਕਾਲਜ ਜਾ ਵਜਦਾ, ਤੇ ਬਾਬੂਆਂ ਦੇ ਦਫ਼ਤਰ ਦੇ ਸਾਹਮਣੇ ਵਾਲੇ ਬੋਰਡ ਦੀ ਭਾਂਅ-ਭਾਂਅ ਚੋਂ ਇੱਕ ਬੇਚੈਨ ਖਿਲਾਅ ਆਪਣੇ ਮੱਥੇ ਚ ਭਰ ਕੇ ਵਾਪਿਸ ਆ ਜਾਂਦਾ।
ਘਰ ਚ ਕਰਨ ਲਈ ਬਹੁਤਾ ਕੁਝ ਨਹੀਂ ਸੀ। ਸਵੇਰ ਸਾਰ, ਫੈਂਟੇ ਹੋਏ ਆਡਿਆਂ ਦੀਆਂ ਤਰਲ ਬਾਂਗਾਂ, ਫ੍ਰਾਇੰਗ ਪੈਨ ਚ ੜਫ਼ਦੀਆਂ, ਤੇ ਪਰੌਂਠਿਆਂ ਨਾਲ਼ ਸੜਦੇ ਘਿਓ ਦੀ ਵਾਸ਼ਨਾਂ ਗਵਾਂਢੀਆਂ ਦੀਆਂ ਨਾਸਾਂ ਚ ਈਰਖ਼ਾ ਜਗਾਉਣ ਤੁਰ ਜਾਂਦੀ। ਬਾਕੀ ਦਿਹਾੜੀ ਜੱਕੜਾਂ ਤੇ ਚੁਟਕਲਿਆਂ ਦੇ ਖਾਤਿਆਂ ਚ ਜਮ੍ਹਾਂ ਹੁੰਦੀ ਰਹਿੰਦੀ। ਆਥਣਾਂ ਲਹਿੰਦੀਆਂ, ਤਾਂ ਹਰਜੀਤ ਜੌਹਲ਼ ਇੱਕ ਕਰਦ ਨੂੰ ਥਾਲ਼ੀ ਚ ਰੱਖ ਕੇ ਮੇਰੇ ਸਾਹਮਣੇ ਟਿਕਾਅ ਦਿੰਦਾ। ਆਪ ਉਹ ਨਿਰਵਸਤਰ ਕੀਤੇ ਆਲੂਆਂ ਨਾਲ਼ ਸਿੱਝਣ ਲਗਦਾ, ਤੇ ਮੇਰੇ ਹੱਥਾਂ ਚ ਅਧਰਕ ਤੇ ਪਿਆਜ਼ ਦੀਆਂ ਸ਼ਹੀਦੀਆਂ ਪੈਣ ਲਗਦੀਆਂ। ਬਲਵੰਤ ਦੇ ਹੱਥ, ਪਰਾਤ ਵਿੱਚ ਆਟੇ ਦੀ ਐਸੀ-ਤੈਸੀ ਫੇਰਦੇ, ਤੇ ਸਟੋਵ ਦੀ ਸ਼ੂੰ-ਸ਼ੂੰ ਪਤੀਲੀ ਨੂੰ ਅਵਾਜ਼ਾਂ ਮਾਰਨ ਲਗਦੀ। ਆਲੂਆਂ ਦੀਆਂ ਫਾੜੀਆਂ, ਜਿਉਂ ਹੀ ਪਤੀਲੀ ਚ ਭੁਜਦੇ ਮਸਾਲੇ ਵਿੱਚ ਲਥਦੀਆਂ, ਡਾਲਡਾ ਘਿਓ ਵਾਲ਼ੀ ਇੱਕ ਗੋਲਾਈਦਾਰ ਪੀਪੀ ਅਲਮਾਰੀ ਚੋਂ ਉੱਤਰ ਕੇ ਸਟੋਵ ਦੇ ਲਾਗੇ ਬਿਰਾਜਮਾਨ ਹੋ ਜਾਂਦੀ। ਸਾਡੇ ਚੋਂ ਇੱਕ ਜਣੇ ਦੇ ਥੱਲੇ ਪੀੜ੍ਹੀ ਹੁੰਦੀ ਤੇ ਦੂਜੇ ਦੋ ਫ਼ਰਸ਼ ਤੇ ਚੌਂਕੜੀ ਮਾਰ ਕੇ, ਸਾਹਮਣੇ ਟਿਕਾਏ ਖਾਲੀ ਗਲਾਸਾਂ ਅੰਦਰਲੀ ਪਿਆਸ ਨੂੰ, ਪੜ੍ਹਨ ਲਗਦੇ। ਅਗਲੇ ਪਲੀਂ ਜਦੋਂ ਢੱਕਣ ਨੂੰ ਚਮਚੇ ਦੀ ਚੁੰਝ ਨਾਲ਼ ਮਲਕੜੇ ਜਿਹੇ ਅਗਾਸਿਆ ਜਾਂਦਾ, ਤਾਂ ਪੀਪੀ ਵਿਚਲੇ ਤਰਲ ਪਦਾਰਥ ਦੀ ਹਮਕ, ਕਮਰੇ ਦੀ ਹਵਾ ਨੂੰ ਨਮਿਆਉਣ ਲਗਦੀ।
ਇਹ ਗੋਲ਼ਾਈਦਾਰ ਪੀਪੀ ਮੈਨੂੰ ਸਾਡੇ ਪਿੰਡ ਸਾਡੇ ਤੂੜੀ ਵਾਲ਼ੇ ਕੋਠੇ ਚ ਉਤਾਰ ਦੇਂਦੀ ਜਿੱਥੇ ਸਾਡਾ ਸੀਰੀ, ਗੁਰਦਾਸ, ਆਪਣੇ ਕੁੜਤੇ ਦੀ ਸੱਜੀ ਬਾਂਹ ਨੂੰ ਬਗ਼ਲ ਤੀਕ ਚੜ੍ਹਾ ਕੇ, ਆਪਣੇ ਬਾਜ਼ੂ ਦੀ ਕਾਲ਼ੋਂ ਨੂੰ ਨਿਰਖ਼ਦਾ ਅਤੇ ਆਪਣੀਆਂ ਮੋਟੀਆਂ ਉਂਗਲ਼ਾਂ ਨੂੰ, ਤੂੜੀ ਹੇਠ ਦੱਬੀ ਮੱਟੀ ਦਾ ਮੂੰਹ ਟਟੋਲਣ ਵਿੱਚ ਮਸਰੂਫ਼ ਕਰ ਦਿੰਦਾ। ਮੱਟੀ ਦਾ ਮੂੰਹ ਨੰਗਾ ਹੁੰਦਿਆਂ ਹੀ ਉਹ ਆਪਣੀ ਬਾਂਹ ਨੂੰ ਝਾੜਦਾ, ਤੇ ਉਸ ਦੇ ਮੂੰਹ ਉਦਾਲ਼ੇ ਲਪੇਟੇ ਸਾਫ਼ੇ ਦੇ ਪੇਚਾਂ ਨੂੰ, ਮਲਕੜੇ-ਮਲਕੜੇ ਇਉਂ ਖੋਲ੍ਹਦਾ ਜਿਵੇਂ ਮੱਟੀ ਉਦ੍ਹਾ ਨਿੱਕਾ ਜਿਹਾ ਨਿਆਣਾ ਹੋਵੇ ਤੇ ਉਹ ਉਸ ਦੇ ਵਸਤਰ ਉਤਾਰਦਿਆਂ ਉਸ ਦੀ ਨੀਂਦ ਵੀਰਾਨ ਹੋਣ ਤੋਂ ਚਿੰਤਤ ਹੋਵੇ। ਹੁਣ ਉਹ ਮੱਟੀ ਦੇ ਮੂੰਹ ਉਦਾਲ਼ੇ ਫੂਕਾਂ ਮਾਰ ਮਾਰ ਕੇ ਤੂੜੀ ਨੂੰ ਪਰ੍ਹੇ ਹਟਾਉਂਦਾ, ਤੇ ਚੱਪਣ ੳਠਾਲ਼ਣ ਤੋਂ ਬਾਅਦ, ਆਪਣੇ ਨੱਕ ਨੂੰ ਮੱਟੀ ਦੇ ਕਿੰਗਰਿਆਂ ਦਰਮਿਆਨ ਨਿਵਾਅ ਕੇ, ਆਪਣੇ ਸਾਹ ਨੂੰ ਅਹਿਸਤਾ-ਅਹਿਸਤਾ ਅੰਦਰ ਖਿਚਦਾ-ਜੀਕਣ ਕੋਈ ਮਹਿਬੂਬ, ਤਾਜ਼ੇ ਇਸ਼ਨਾਨ ਚੋਂ ਨਿਕਲ਼ੀ ਆਪਣੀ ਮਹਿਬੂਬਾ ਦੇ ਬਦਨ ਤੋਂ ਸਾਬਣ ਦੀ ਮਹਿਕ ਨੂੰ ਸੁੰਘਦਾ ਹੋਵੇ। ਉਹ ਆਪਣੇ ਸਿਰ ਨੂੰ ਟੇਢਾ ਕਰ ਕੇ ਆਪਣੇ ਸੱਜੇ ਕੰਨ ਨੂੰ ਮੱਟੀ ਦੇ ਮੂੰਹ ਉੱਤੇ ਟਿਕਾਅ ਦੇਂਦਾ ਤੇ ਸਿਰ ਨੂੰ ਖੱਬੇ-ਸੱਜੇ ਘੁੰਮਾਅ ਕੇ ਮੱਟੀ ਦੇ ਮੂੰਹ ਨੂੰ ਚੱਪਣ ਤੇ ਕੱਪੜੇ ਦੇ ਹਵਾਲੇ ਕਰ ਦੇਂਦਾ। ਕੁਝ ਕੁ ਦਿਨ, ਸੁੰਘਣ ਤੇ ਸੁਣਨ ਦੀ ਕਿਰਿਆ ਨੂੰ ਦੁਹਰਾਉਣ ਤੋਂ ਮਗਰੋਂ, ਇੱਕ ਦਿਨ ਉਹ ਆਪਣੇ ਚਿਹਰੇ ਨੂੰ ਮੱਟੀ ਉੱਪਰ ਕੁਝ ਵਿੱਥ ਤੇ ਕਰ ਕੇ, ਮੱਟੀ ਅੰਦਰ ਸੁੱਤੇ ਪਦਾਰਥ ਚ ਆਪਣਾ ਚਿਹਰਾ ਤੱਕ ਕੇ ਬੋਲ ਉਠਦਾ: -ਬਣੀ ਪਈ ਐ, ਬਾਈ, ਨਿਰਾ ਸੀਸਾ! ਹੁਣ ਭਾਵੇਂ ਇਹਦੇ ਚ ਦੇਖ ਕੇ ਚਾਕੂ ਨਾਲ਼ ਸੁਰਮਾ ਪਾ ਲਾ!
ਉਸੇ ਸ਼ਾਮ, ਕਿੱਕਰ ਦੀਆਂ ਖਲਪਾੜਾਂ ਤੇ ਕਪਾਹ ਦੀਆਂ ਖੜਸੁੱਕ ਛਿਟੀਆਂ, ਤੂੜੀ ਵਾਲ਼ੇ ਕੋਠੇ ਵਿਚ ਨੂੰ ਵਗਣ ਲਗਦੀਆਂ। ਮੱਟੀ ਚੋਂ ਪਲਾਸਟਿਕ ਦੇ ਮੱਗਾਂ ਰਾਹੀਂ ਨਿਕਾਸੀ ਲਾਹਣ, ਪਿੱਤਲ਼ ਦੀ ਇੱਕ ਗਾਗਰ ਚ ਲਹਿ ਜਾਂਦੀ। ਲਾਹਣ ਜਦ ਗਾਗਰ ਚ ਤੀਜੇ ਹਿੱਸੇ ਤੇ ਕਾਬਜ਼ ਹੋ ਜਾਂਦੀ, ਉਸ ਨੂੰ ਇੱਟਾਂ ਧਰ ਕੇ ਬਣਾਏ ਚੁਲ੍ਹੇ ਉੱਪਰ ਬਿਠਾਲ਼ ਦਿੱਤਾ ਜਾਂਦਾ। ਇੱਟਾਂ ਉੱਪਰ ਗਾਗਰ, ਗਾਗਰ ਦੇ ਸਿਰ ਤੇ ਛੇਕਦਾਰ ਬਠਲ਼ੀ, ਤੇ ਬਠਲ਼ੀ ਉੱਪਰ ਲੋਹੇ ਦੀ ਕੜਾਹੀ ਤੇ ਕੜਾਹੀ ਚ ਠੰਡਾ ਪਾਣੀ-ਗੁਰਦਾਸ ਨੇ ਜਿਵੇਂ ਚਾਰ ਮਨਜਿ਼ਲਾ ਤਾਜ-ਮਹੱਲ ਉਸਾਰ ਲਿਆ ਹੋਵੇ।
-ਅੱਗ ਬੱਸ ਸਹਿੰਦੀ-ਸਹਿੰਦੀ ਰੱਖੀਦੀ ਆ ਬਈ, ਗੁਰਦਾਸ ਆਪਣੀ ਸੰਘਣੀ ਦਾਹੜੀ ਨੂੰ ਪਲੋਸਦਿਆਂ ਮੈਨੂੰ ਤਾਕੀਦ ਕਰਦਾ। ਸ਼ਰਾਬ ਕੱਢਣਾ ਨਿਆਣਾ ਜਮਾਉਣ ਦੇ ਬਰਾਬਰ ਹੁੰਦੈ, ਅਕਵਾਲ ਸਿਅ੍ਹਾਂ! ਰਤਾ ਕੁ ਅਣਗਹਿਲੀ ਹੋ ਜੇ, ਬੱਸ ਜਾਹ-ਜਾਂਦੀ ਹੋ ਜਾਂਦੀ ਐ!
ਪੰਦਰਾਂ ਕੁ ਮਿੰਟਾਂ ਬਾਅਦ, ਬੱਠਲ਼ੀ ਦੀ ਵੱਖੀ ਚੋਂ ਬਾਹਰ ਨੂੰ ਨਿੱਕਲ਼ਦੀ ਰਬੜ ਦੀ ਨਾਲ਼ੀ ਦੇ ਸਿਰੇ ਚੋਂ ਭਾਫ਼ਦਾਰ ਬੂੰਦਾਂ ਚੋਣ ਲਗਦੀਆਂ-ਜਿਵੇਂ ਪਹੁੰਚੇ ਹੋਏ ਰਿਸ਼ੀ ਦੇ ਹੋਠਾਂ ਚੋਂ ਸਾਫ਼-ਸੁਥਰੇ ਪਰਵਚਨ ਸਿੰਮਦੇ ਹੋਵਣ, ਨਿੱਘੇ-ਨਿੱਘੇ ਤਰਲ ਪਰਵਚਨ! ਗੁਰਦਾਸ ਨਾਲ਼ੀ ਦੇ ਮੂੰਹ ਨੂੰ ਚੁੱਲ਼੍ਹੇ ਚ ਬਲ਼ਦੀ ਅੱਗ ਉੱਪਰ ਕਰਦਾ, ਤੇ ਚੋਅ ਰਹੀਆਂ ਬੂੰਦਾਂ ਕੋਲਿਆਂ ਤੇ ਡਿਗਣ ਸਾਰ ਹੀ ਨੀਲੀਆਂ ਲਾਟਾਂ ਚ ਬਦਲ ਜਾਂਦੀਆਂ। ਗੁਰਦਾਸ ਦੇ ਚਿਹਰੇ ਦੀ ਕਾਲ਼ੋਂ ਅੰਗਿਆਰ ਵਾਂਗ ਮਘਣ ਲਗਦੀ!
-ਖੋਲ੍ਹ, ਬਾਈ, ਪੀਪੀ ਦਾ ਢੱਕਣ, ਗੁਰਦਾਸ ਦੇ ਬੁੱਲ੍ਹਾਂ ਚ ਸਰਗਮ ਖਿੜ ਉਠਦੀ। ਨਿਰੀ ਅੱਗ ਆ, ਅੱਗ! ਜੇ ਧਰਤੀ ਤੇ ਡੁੱਲ੍ਹਗੀ ਤਾਂ ਕੋਠੇ ਨੂੰ ਸੁਆਹ ਕਰਦੂ!
ਪੀਪੀ ਭਰ ਜਾਂਦੀ ਤਾਂ ਗੁਰਦਾਸ ਦੀਆਂ ਸਿਆਹ ਉਂਗਲ਼ਾਂ ਹਰਕਤ ਚ ਆਉਂਦੀਆਂ। ਰਬੜ ਦੀ ਨਾਲ਼ੀ ਨੂੰ ਦੂਸਰੀ ਪੀਪੀ ਚ ਕਰ ਕੇ, ਉਹ ਭਰੀ ਹੋਈ ਪੀਪੀ ਤੇ ਢੱਕਣ ਟਿਕਾਉਂਦਾ ਤੇ ਢੱਕਣ ਨੂੰ, ਮਲਕੜੇ-ਮਲਕੜੇ, ਕਿਨਾਰਿਆਂ ਤੋਂ ਆਪਣੇ ਅੰਗੂਠਿਆ ਨਾਲ਼ ਬਦਾਉਣ ਲਗਦਾ।
- ਬਾਈ, ਆਹ ਤੋਹਫ਼ੈ ਤੇਰੇ ਲਈ, ਉਹ ਪੀਪੀ ਨੂੰ ਮੇਰੇ ਵੱਲੀਂ ਧਕਦਿਆਂ ਉਚਰਦਾ। ਇਹਨੂੰ ਤਾਂ ਰੱਖਲੀਂ ਤੂੰ ਮੋਗੇ ਆਵਦੀ ਬੈਠਕ ਚ, ਤੇ ਅਗਲੀ ਨੂੰ ਪੁਚਾਅ ਦੀਂ ਲੁਦੇਹਾਣੇ, ਬਾਈ ਬਲਵੰਤ ਕੋਲ਼ੇ।
ਅਗਲੀ ਪੀਪੀ ਦੇ ਢੱਕਣ ਨੂੰ ਸਾਫ਼ ਕਰਦਿਆਂ ਉਹ ਹਦਾਇਤ ਕਰਦਾ: ਢੱਕਣ ਦੇ ਆਲ਼ੇ-ਦੁਆਲ਼ੇ ਥੋੜ੍ਹਾ-ਥੋੜ੍ਹਾ ਘਿਓ ਛਿੜਕਣਾ ਨਾ ਭੁੱਲੀਂ; ਕਿਤੇ ਜੇ ਪੁਲਸੀਆ ਟੱਕਰ ਗਿਆ ਤਾਂ ਉਹਨੂੰ ਲੱਗੂ ਵਈ ਪਾੜ੍ਹਾ ਆਵਦੀ ਮਾਂ ਤੋਂ ਘਿਓ ਲੈ ਕੇ ਆ ਰਿਐ੍ਹ!
***
ਛੇਵੇਂ ਦਿਨ ਬੋਰਡ, ਲਿਸਟਾਂ ਵਾਲ਼ੇ ਕਾਗਜ਼ਾਂ ਨਾਲ਼ ਚਮਕ ਰਿਹਾ ਸੀ। ਬੋਰਡ ਦੇ ਸਾਹਮਣੇ ਕੁੜੀਆਂ-ਮੁੰਡਿਆਂ ਦਾ ਝੁਰਮਟ, ਇੱਕ-ਦੂਜੇ ਨਾਲ਼ ਖਹਿੰਦਾ ਹੋਇਆ, ਆਪਣੀਆਂ ਧੌਣਾਂ ਨੂੰ, ਇੱਕ-ਦੂਜੇ ਦੇ ਮੋਢਿਆਂ ਉੱਪਰ ਦੀ, ਲਿਸਟਾਂ ਵੱਲ ਨੂੰ ਖਿੱਚ ਰਿਹਾ ਸੀ। ਮੈਨੂੰ ਸਾਡੇ ਪਿੰਡ ਦੇ ਵੱਗ ਲਈ ਬਣਿਆਂ ਚੁਬੱਚਾ ਯਾਦ ਆ ਗਿਆ ਜਿਸ ਦੇ ਚਾਰ-ਚੁਫ਼ੇਰੇ, ਪਾਣੀ ਪੀਣ ਲਈ ਗਾਈਆਂ ਇੱਕ ਦੂਜੇ ਦੇ ਖੁਰ ਵਢਦੀਆਂ, ਇੱਕ ਦੂਜੇ ਨਾਲ ਖਹਿਆ ਕਰਦੀਆਂ ਸਨ। ਮੇਰੀ ਨਜ਼ਰ ਪੰਜਾਬੀ, ਮੈਥ, ਜੁਗਰਾਫ਼ੀਏ ਤੇ ਐਕਨਾਮਿਕਸ ਦੀਆਂ ਲਿਸਟਾਂ ਨੂੰ ਛਾਲ਼ਾਂ ਮਾਰ ਕੇ ਟਪਦੀ-ਟਪਦੀ, ਅੰਗਰੇਜ਼ੀ ਵਾਲ਼ੇ ਕਾਗਜ਼ ਤੇ ਜਾ ਅਟਕੀ। ਕੰਬਣ ਲੱਗ ਪਏ ਬੁੱਲ੍ਹਾਂ ਨੂੰ ਕਾਬੂ ਚ ਰੱਖਣ ਦੀ ਕੋਸਿ਼ਸ਼ ਕਰਦਿਆਂ ਮੈਂ ਉੱਪਰ ਤੋਂ ਹੇਠਾਂ ਤੀਕ ਸਾਰੀ ਲਿਸਟ ਵਿਚਦੀ, ਇੰਝ ਗੁਜ਼ਰ ਗਿਆ, ਜਿਵੇਂ ਕੋਈ ਚਾਕ ਦੇ ਟੁਕੜੇ ਨੂੰ ਹੱਥ ਚ ਪਕੜ ਕੇ, ਬੋਰਡ ਦੇ ਉੱਪਰੋਂ ਹੇਠਾਂ ਤੀਕ ਫੁਰਕ ਕਰਦੀ ਲਕੀਰ ਖਿੱਚ ਦੇਵੇ। ਦੂਸਰੀ ਵਾਰ ਮੈਂ ਇਕੱਲੇ-ਇਕੱਲੇ ਨਾਮ ਨੂੰ ਅਟਕ-ਅਟਕ ਕੇ ਪੜ੍ਹਨ ਲੱਗਾ। ਲਿਸਟ ਦੇ ਅੰਤ ਤੇ ਪਹੁੰਚਿਆ ਤਾਂ ਮੇਰੀਆਂ ਲੱਤਾਂ ਥਿੜਕਣ ਲੱਗੀਆਂ। ਕੰਬਦਿਆਂ ਬੁੱਲ੍ਹਾਂ ਉੱਪਰ ਪੇਪੜੀ ਉਭਰਨ ਲੱਗੀ। ਪਸੀਨੇ ਨਾਲ਼ ਗੱਚ ਹੋ ਗਏ ਮੱਥੇ ਨੂੰ ਰੁਮਾਲ ਨਾਲ਼ ਪੂੰਝਦਿਆਂ, ਮੈਂ ਆਲ਼ੇ-ਦੁਆਲ਼ੇ ਵੱਲ ਝਾਕਿਆ-ਜਿਵੇਂ ਕੋਈ ਮੇਲੇ ਚ ਜੇਬ ਕਟਾਉਣ ਬਾਅਦ ਡੌਰ-ਭੌਰ ਹੋਇਆ ਮੁਤਰ=ਮੁਤਰ ਦੇਖਦਾ ਹੈ। ਜੀਅ ਕਰੇ ਦਫ਼ਤਰ ਚ ਜਾ ਕੇ ਲੰਬੂਤਰੇ ਨੱਕ ਵਾਲ਼ੇ ਬਾਬੂ ਦੇ ਗਲ਼ ਚ ਹੱਥ ਦੇ ਦੇਵਾਂ।
ਘਰ ਪਹੁੰਚਿਆ ਤਾਂ ਬਲਵੰਤ ਆਪਣੇ ਹੱਥ ਚ ਕਰਦ ਫੜੀ, ਸਟੋਵ ਕੋਲ਼ ਪੱਬਾਂ ਭਾਰ ਬੈਠਾ ਸੀ।
-ਕਿਉਂ ਵਈ? ਲਾਗੀ ਲਿਸਟ ਕਿ ਨਹੀਂ? ਕਰਦ ਦੀ ਠੋਕਰ ਨਾਲ਼ ਆਂਡੇ ਨੂੰ ਤ੍ਰੇੜਦਿਆਂ ਬਲਵੰਤ ਬੋਲਿਆ।
ਮੇਰੀਆਂ ਉਂਗਲ਼ਾਂ ਮੇਰੇ ਮੱਥੇ ਤੇ ਘਸੜਣ ਲੱਗੀਆਂ, ਤੇ ਮੈਂ ਮੰਜੇ ਦੀ ਬਾਹੀ ਤੇ ਬੈਠ ਕੇ ਆਪਣੇ ਬੁੱਲ੍ਹਾਂ ਨੂੰ ਟੁੱਕਣ ਲੱਗਾ।
-ਬੋਲਦਾ ਨੀ? ਬਲਵੰਤ, ਪਿਆਲੀ ਚ ਝਾੜੀ, ਆਂਡੇ ਤੇ ਜ਼ਰਦੀ ਦੀ ਪਿਲਪਿਲ ਨੂੰ, ਚਮਚੇ ਨਾਲ਼ ਫੈਂਟਣ ਲੱਗਾ।
-ਓਏ ਬੋਅਲ! ਬਲਵੰਤ ਦਾ ਲਮਕਵਾਂ ਬੋਅਲ ਮੈਨੂੰ ਧੱਫ਼ੇ ਵਾਂਗ ਵੱਜਿਆ।
ਲਗਾਤਾਰ ਅੱਖਾਂ ਝਮਕਦਿਆਂ, ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ।
ਦਸ ਮਿੰਟਾਂ ਬਾਅਦ ਮੈਂ ਸਾਈਕਲ ਦੀ ਕਾਠੀ ਤੇ ਸਾਂ ਤੇ ਬਲਵੰਤ ਪਿਛਲੇ ਕੈਰੀਅਰ ਤੇ। ਘਰ ਤੋਂ ਕਾਲਜ ਦਾ ਵੀਹ ਮੈਂ ਦਾ ਰਸਤਾ ਮੈਂ ਪੰਦਰਾਂ ਮਿੰਟਾਂ ਚ ਹੀ ਤੈਅ ਕਰ ਮਾਰਿਆ!
***
-ਦੱਸੋ, ਕਾਕਾ, ਕੀ ਮਸਲਾ ਐ! ਕੁਰਸੀ ਦੀ ਢੋਅ ਨੂੰ ਪਿਛਾੜੀ ਵੱਲ ਨੂੰ ਧਕਦਿਆਂ, ਪ੍ਰਿੰਸੀਪਲ ਭਾਰਦਵਾਜ ਭਰਵੀਂ ਅਵਾਜ਼ ਚ ਬੋਲਿਆ।
-ਜੀ ਇਹ ਮੇਰਾ ਭਰਾ ਐ, ਇਕਬਾਲ ਸਿੰਘ, ਬਲਵੰਤ ਆਪਣੀਆਂ ਤਲ਼ੀਆਂ ਨੂੰ ਇੱਕ-ਦੂਜੀ ਨਾਲ਼ ਘਸਾਉਂਦਿਆਂ ਬੋਲਿਆ। ਇਹਦੇ ਐਮ ਏ ਚ ਦਾਖ਼ਲੇ ਲਈ ਰਕਵਿਸਟ ਕਰਨੀ ਸੀ।
-ਕਿਹੜੇ ਸਬਜੈਕਟ ਚ?
-ਜੀ ਅੰਗਰੇਜ਼ੀ ਚ।
-ਉਹ ਤਾਂ ਲੱਗ ਗਈ ਏ ਲਿਸਟ ਅੱਜ!
ਇਹ ਕਹਿੰਦਿਆਂ ਉਸ ਨੇ ਆਪਣੇ ਗੋਰੇ, ਪਿਲਪਿਲੇ ਹੱਥ ਦੀ ਮੂਹਰਲੀ ਉਂਗਲ਼ ਘੰਟੀ ਦੇ ਬਟਨ ਉੱਪਰ ਟਿਕਾਅ ਦਿੱਤੀ।
ਪਲਾਂ ਚ ਹੀ ਲੰਬੂਤਰੇ ਨੱਕ ਵਾਲ਼ੇ ਉਸੇ ਕਲਰਕ ਨੇ ਮੇਰੀ ਫ਼ਾਇਲ ਪ੍ਰਿੰਸੀਪਲ ਦੇ ਸਾਹਮਣੇ ਮੇਜ਼ ਉੱਪਰ ਧਰ ਦਿੱਤੀ।
-ਮੈਂ ਤਾਂ ਬਲਵੰਤ ਸਿੰਘ ਨੂੰ ਪਹਿਲਾਂ ਈ ਦੱਸ ਚੁੱਕਿਐਂ, ਸਰ, ਉਹ ਆਪਣੇ ਮੋਢਿਆਂ ਨੂੰ ਸੰਗੋੜਦਿਆਂ ਬੋਲਿਆ, ਕਿ ਇਕਬਾਲ ਸਿੰਘ ਦੀ ਮੈਰਿਟ ਨੲ੍ਹੀਂ ਬਣਦੀ।
-ਅੱਛਾ? ਪਿੰ੍ਰਸੀਪਲ ਨੇ ਆਪਣਾ ਚਿਹਰਾ ਸੱਜੇ-ਖੱਬੇ ਫੇਰਿਆ। -ਫਿ਼ਰ ਤਾਂ ਕੁਝ ਨੀ ਹੋ ਸਕਦਾ, ਬਲਵੰਤ ਸਿੰਘ! ਮਿਸਟਰ ਸੋਨੀ ਨੇ ਤੁਹਾਨੂੰ ਦੱਸ ਈ ਦਿੱਤੈ।
ਬਲਵੰਤ ਦੀ ਧੌਣ ਉਸ ਦੇ ਮੋਢਿਆਂ ਚ ਗ਼ਾਇਬ ਹੋਣ ਲੱਗੀ।
-ਸਰ! ਬਲਵੰਤ ਨੇ ਆਪਣੇ ਹੇਠਲੇ ਬੁੱਲ੍ਹ ਨੂੰ ਢਿੱਲਾ ਛੱਡ ਦਿੱਤਾ, ਸਾਡੇ ਤੇ ਮੇਹਰਬਾਨੀ ਕਰੋ।
-ਆਅਮ ਅ ਮੈਨ ਅਵ ਪ੍ਰਿੰਸੀਪਲਜ਼, ਬਲਵੰਤ ਸਿੰਘ, ਉਹ ਆਪਣੀਆਂ ਉਂਗਲ਼ਾਂ ਦੇ ਸਿਰਿਆਂ ਨੂੰ ਆਪਣੀਆਂ ਭਰਵੀਆਂ ਗੱਲ੍ਹਾਂ ਉੱਪਰ ਮਲਣ ਲੱਗਾ। ਮੈਂ ਜਿੰ਼ਦਗੀ ਚ ਕਦੇ ਵੀ ਮੈਰਿਟ ਨਾਲ਼ ਜਿ਼ਆਦਤੀ ਨਹੀਂ ਕੀਤੀ।
-ਉਹ ਤਾਂ ਠੀਕ ਆ, ਸਰ, ਪਰ...
-ਨੋ ਬਟਜ਼ ਐਂਡ ਇਫ਼ਜ਼, ਬੇਟਾ! ਉਨ੍ਹੇ ਆਪਣੀਆ ਭਵਾਂ ਨੂੰ ਉੱਪਰ ਵੱਲ ਨੂੰ ਖਿੱਚ ਲਿਆ ਤੇ ਉੁਦ੍ਹਾ ਚਿਹਰਾ ਸੱਜੇ-ਖੱਬੇ ਹਿੱਲਣ ਲੱਗਾ। -ਆਅਮ ਸਾਅਰੀ। ਜੇ ਕਿਸੇ ਹੋਰ ਦੀ ਮੈਰਿਟ ਤੋੜ ਕੇ ਮੈਂ ਇਕਬਾਲ ਸਿੰਘ ਨੂੰ ਅਡਮਿਸ਼ਨ ਦੇਵਾਂਗਾ, ਤਾਂ ਉਹਦੇ ਨਾਲ਼ ਇਨਜਸਟਿਸ ਹੋਊ ਜਾਂ ਨਾ? ਉਦ੍ਹੇ ਰਾਈਟਸ ਨੂੰ ਟਰੈਂਪਲ ਕਿਉਂ ਕੀਤਾ ਜਾਵੇ?
ਬਲਵੰਤ ਨੇ ਆਪਣਾ ਚਿਹਰਾ ਮੇਰੇ ਵੱਲ ਨੂੰ ਫੇਰਿਆ ਤੇ ਮੈਂ ਆਪਣੇ ਮੱਥੇ ਨੂੰ ਆਪਣੇ ਅੰਗੂਠੇ ਅਤੇ ਵਿਚਕਾਰਲੀ ਉਂਗਲ਼ ਚ ਜਕੜ ਕੇ ਆਪਣੀਆਂ ਪੁੜਪੁੜੀਆਂ ਨੂੰ ਨੱਪਣ ਲੱਗਾ।
-ਸਰ, ਦੋ ਮਿੰਟ ਮੇਰੀ ਗੱਲ ਸੁਣ ਸਕੋ ਤਾਂ ਮੇਹਰਬਾਨੀ ਹੋਵੇਗੀ, ਬਲਵੰਤ ਦੀਆਂ ਨਾਸਾਂ ਰਾਹੀਂ ਇੱਕ ਡੂੰਘਾ ਸਾਹ ਉਸ ਦੇ ਫੇਫੜਿਆਂ ਵੱਲ ਨੂੰ ਖਿੱਚਿਆ ਗਿਆ।
-ਬਿਲਕੁਲ, ਪ੍ਰਿੰਸੀਪਲ ਨੇ ਆਪਣੇ ਘੁੱਟੇ ਹੋਏ ਬੁੱਲ੍ਹ ਪਾਸਿਆਂ ਵੱਲ ਨੂੰ ਖਿੱਚੇ। ਮੈਂ ਆਪਣੇ ਵਿਦਿਆਰਥੀਆਂ ਦੀ ਹਰ ਗੱਲ ਨੂੰ ਧਿਆਨ ਨਾਲ਼ ਸੁਣਦਾਂ।
-ਸਰ, ਅਸੀਂ ਇੱਕ ਬਹੁਤ ਹੀ ਪਛੜੇ ਹੋਏ ਪਿੰਡ ਚ ਜੰਮੇ... ਇੱਕ ਥੁੜਾਂ ਮਾਰੇ ਪਰਿਵਾਰ ਵਿੱਚ! ਬੀ ਏ ਕੀਤੀ ਮੋਗੇ ਦੇ ਡੀ ਐਮ ਕਾਲਜ ਚੋਂ, ਬੜੇ ਹੀ ਦੁੱਖੜੇ ਸਹਿ-ਸਹਿ ਕੇ... ਨੌਂ-ਦਸ ਮੀਲ ਐ ਸਾਡੇ ਪਿੰਡ ਤੋਂ ਮੋਗਾ ...ਕੱਚਾ ਰੇਤਲਾ ਰਾਹ; ਉਥੋਂ ਹਰ ਰੋਜ਼ ਸਾਈਕਲ ਤੇ ਕਾਲਜ ਆਉਣਾ ਤੇ ਕਲਾਸਾਂ ਖ਼ਤਮ ਹੁੰਦਿਆਂ ਹੀ ਵਾਪਿਸ ਪਿੰਡ ਮੁੜ ਜਾਣਾ... ਘਰ ਜਾ ਕੇ ਪਸ਼ੂਆਂ ਦੀ ਦੇਖਭਾਲ਼ ਕਰਨੀ ਹੁੰਦੀ ਸੀ... ਖੇਤੀ ਚ ਹੱਥ ਵੀ ਵਟਾਉਣਾ ਹੁੰਦਾ ਸੀ... ਏਨੀਂ ਮੰਦਹਾਲੀ ਸੀ ਘਰ ਦੀ ਆਰਥਕਤਾ ਦੀ ਕਿ ਉਸ ਚ ਤਾਂ ਬੰਦਾ ਪੰਜ ਜਮਾਤਾਂ ਵੀ ਪਾਸ ਨੀ ਸੀ ਕਰ ਸਕਦਾ, ਪਰ ਅਸੀਂ ਸੈਕੰਡ ਡਿਵਿਯਨਾਂ ਲੈ ਕੇ ਬੀ ਏ ਕੀਤੀ ਐ... ਹੁਣ ਸਾਡੇ ਮਾਪਿਆਂ ਦਾ ਸੁਪਨੈਂ ਬਈ ਐਮ ਏ ਕਰ ਕੇ ਕੁਝ ਬਣ ਜਾਈਏ...
ਪ੍ਰਿੰਸੀਪਲ ਦੀਆਂ ਅੱਖਾਂ ਸੁੰਗੜ ਗਈਆਂ ਤੇ ਉਸ ਦੇ ਮੱਥੇ ਚ ਹਲਕਾ ਜਿਹਾ ਕਸੇਵਾਂ ਉੱਭਰ ਆਇਆ। ਉਹ ਆਪਣੀ ਧੌਣ ਨੂੰ ਰਤਾ ਕੁ ਟੇਢੀ ਕਰ ਕੇ ਬਲਵੰਤ ਵੱਲੀਂ ਤਾਛਵੀਂ ਨਜ਼ਰੇ ਝਾਕਣ ਲੱਗਾ।
-ਲੁਧਿਆਣੇ ਚ ਤਾਂ ਬਹੁਤੇ ਬੱਚੇ ਅਮੀਰ ਘਰਾਂ ਚੋਂ ਈ ਆਉਂਦੇ ਨੇ... ਉਹ ਤਾਂ ਚੰਡੀਗੜ੍ਹ ਵੀ ਜਾ ਸਕਦੇ ਨੇ... ਸਾਡੇ ਵਰਗਿਆਂ ਲਈ ਤਾਂ ਲੁਧਿਆਣਾ ਹੀ ਬਹਿਸ਼ਤ ਦਾ ਟੋਟਾ ਐ...
ਪ੍ਰਿੰਸੀਪਲ ਦਾ ਸਿਰ ਵਾਰ-ਵਾਰ ਹੇਠਾਂ-ਉੱਪਰ ਹਿੱਲੀ ਜਾ ਰਿਹਾ ਸੀ।
ਬਲਵੰਤ ਨੇ ਆਪਣੀਆਂ ਉਂਗਲਾਂ ਇੱਕ ਦੂਜੇ ਵਿੱਚ ਫ਼ਸਾਅ ਲਈਆਂ।
ਪ੍ਰਿੰਸੀਪਲ ਆਪਣੇ ਚੌੜੇ ਸਿਰ ਉੱਪਰਲੀਆਂ ਥੱਬੀ ਕੁ ਬੋਦੀਆਂ ਚ ਉਂਗਲਾਂ ਫੇਰਨ ਲੱਗਾ।
ਮਿਸਟਰ ਸੋਨੀ ਦੀ ਚੁੱਪ ਕਾਇਮ ਰਹੀ।
ਮੈਂ ਆਪਣੀਆਂ ਇੱਕ-ਦੂਜੀ ਨਾਲ਼ ਜੁੜੀਆਂ ਤਲ਼ੀਆਂ ਨੂੰ ਆਪਣੇ ਪੱਟਾਂ ਵਿਚਕਾਰ ਘੁੱਟ ਲਿਆ।
ਪ੍ਰਿੰਸੀਪਲ ਆਪਣੇ ਪੈੱਨ ਨੂੰ ਆਪਣੇ ਵਿਸ਼ਾਲ ਮੇਜ਼ ਉੱਪਰ ਟਿਕੇ ਸ਼ੀਸ਼ੇ ਉੱਪਰ ਠੰਗੋਰਨ ਲੱਗਾ।
ਹੂੰਅ... ਕਮਰੇ ਚ ਛਾਈ ਲੰਮੀ ਚੁੱਪ ਨੂੰ ਉਚੇੜਦਿਆਂ, ਉਸ ਨੇ ਹੁਣ ਆਪਣੀਆਂ ਅੱਖਾਂ ਨੂੰ ਮੁੰਦ ਕੇ, ਆਪਣੀਆਂ ਭਵਾਂ ਨੂੰ ਉੱਪਰ ਵੱਲ ਨੂੰ ਖਿੱਚ ਲਿਆ: ਇਸ ਸਮੇਂ ਉਸ ਦਾ ਹੇਠਲਾ ਬੁੱਲ੍ਹ ਉਸ ਦੇ ਦੰਦਾਂ ਵਿਚਕਾਰ ਹੋ ਗਿਆ।
ਦਸ ਕੁ ਸਕਿੰਟ ਏਸ ਮੁਦਰਾ ਚ ਡੁੱਬੇ ਰਹਿਣ ਤੋਂ ਬਾਅਦ, ਉਸ ਨੇ ਅੱਖਾਂ ਖੋਲ੍ਹੀਆਂ ਤੇ ਬਲਵੰਤ ਵੱਲ ਝਾਕ ਕੇ ਬੋਲਿਆ: -ਲੁਧਿਆਣਾ ਕੋਈ ਜ਼ਰੂਰੀ ਐ? ਇਹ ਹੁਸਿ਼ਆਰਪੁਰ ਚਲਿਆ ਜਾਵੇ!
-ਨੲ੍ਹੀਂ ਸਰ! ਬਲਵੰਤ ਨੇ ਸਿਰ ਨੂੰ ਸੱਜੇ-ਖੱਬੇ ਗੇੜਿਆ। ਇਹ ਮੁਮਕਿਨ ਨੲ੍ਹੀਂ!
-ਕਿਉਂ? ਉਨ੍ਹੇਂ ਆਪਣੇ ਮੋਟੇ ਸਰੀਰ ਨੂੰ ਉੱਪਰ ਵੱਲ ਨੂੰ ਖਿਚਦਿਆਂ ਪੁੱਛਿਆ।
-ਕਿਉਂਕਿ ਅਸੀਂ ਦੋ ਥਾਈਂ ਰਹਿਣਾ ਅਫ਼ੋਰਡ ਨੲ੍ਹੀਂ ਕਰ ਸਕਦੇ।
-ਐਡੀ ਕਿਹੜੀ ਮਜਬੂਰੀ ਐ?
-ਸਰ, ਏਥੇ ਅਸੀਂ ਇੱਕੋ ਹੀ ਕਮਰੇ ਚ ਰਹਾਂਗੇ, ਇੱਕੋ ਥਾਂ ਰੋਟੀ ਬਣਾ ਲਵਾਂਗੇ, ਤੇ ਆਉਣ-ਜਾਣ ਲਈ ਇੱਕੋ ਸਾਈਕਲ ਨਾਲ਼ ਸਰ ਜਾਵੇਗਾ। ਇੱਕ-ਦੂਜੇ ਦੀਆਂ ਕਮੀਜ਼ਾਂ ਪੈਂਟਾਂ ਪਾ ਲਿਆ ਕਰਾਂਗੇ... ਇੱਕ-ਦੂਜੇ ਦੇ ਪਗੜੀਆਂ ਬੰਨ੍ਹ ਲਿਆ ਕਰਾਂਗੇ... ਜੇ ਇਸ ਨੂੰ ਹੁਸਿ਼ਆਰਪੁਰ ਜਾਣਾ ਪਿਆ ਤਾਂ ਦੋ ਥਾਵਾਂ ਦਾ ਖ਼ਰਚਾ ਸਾਡੇ ਮਾਪਿਆਂ ਤੋਂ ਦੇ ਨੲ੍ਹੀਂ ਹੋਣਾ।
ਪ੍ਰਿੰਸੀਪਲ ਦੇ ਹੇਠਲੇ ਬੁੱਲ੍ਹ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਢਿਲ਼ਕ ਗਈਆਂ, ਤੇ ਉਹ ਇੱਕ ਟੱਕ ਮੇਰੇ ਚਿਹਰੇ ਵੱਲ ਦੇਖਣ ਲੱਗਾ।
-ਇੰਝ ਕਰੋ, ਬਲਵੰਤ ਸਿੰਘ, ਉਹ ਆਪਣੇ ਮੋਟੇ ਹੱਥਾਂ ਦੀਆਂ ਤਲ਼ੀਆਂ ਨੂੰ ਮਸਲ਼ਦਾ ਹੋਇਆ ਬੋਲਿਆ। ਕਲ੍ਹ ਛੁੱਟੀ ਐ ਐਤਵਾਰ ਦੀ, ਸੋ ਤੁਸੀਂ ਸੋਮਵਾਰ ਆਇਓ ਸਵੇਰੇ ਦਸ ਵਜੇ... ਇਨ ਦਾ ਮੀਨਟਾਈਮ, ਲੈਟ ਮੀ ਸੀ ਇਫ਼ ਆਈ ਕੈਨ ਡੂ ਸਮਥਿੰਗ...
-ਥੈਂਕ ਯੂ, ਸਰ, ਅਸੀਂ ਕੁਰਸੀਆਂ ਤੋਂ ਉਂੱਠਣ ਲਈ ਔਹਲ਼ੇ।
-ਮਿਸਟਰ ਸੋਨੀ, ਪ੍ਰਿੰਸੀਪਲ ਮੇਰੀ ਫ਼ਾਇਲ ਨੂੰ ਕਲਰਕ ਵੱਲ ਨੂੰ ਵਧਾਉਂਦਿਆਂ, ਬੋਲਿਆ। ਤੁਸੀਂ ਵੀ ਸੋਚੋ ਇਫ਼ ਸਮਥਿੰਗ ਕੈਨ ਬੀ ਡਨ ਟੂ ਹੈਲਪ ਦੀਜ਼ ਚੈਪਸ!
ਸੋਨੀ ਦੇ ਪਿੱਛੇ-ਪਿੱਛੇ, ਕਲਰਕਾਂ ਦੇ ਦਫ਼ਤਰ ਵੱਲ ਖੁਲ੍ਹਦੇ ਬੂਹੇ ਰਾਹੀਂ ਅਸੀਂ ਪਿੰ੍ਰਸੀਪਲ ਦੇ ਦਫ਼ਤਰ ਚੋਂ ਬਾਹਰ ਆ ਗਏ।
-ਜੱਟਾਂ ਦੇ ਮੁੰਡਿਓ! ਆਪਣੇ ਡੈਸਕ ਦੇ ਪਿਛਾੜੀ, ਆਪਣੀ ਕੁਰਸੀ ਨੂੰ ਪਿੱਛੇ ਵੱਲ ਨੂੰ ਖਿਚਦਿਆਂ, ਸੋਨੀ ਮੁਲਾਇਮ ਆਵਾਜ਼ ਚ ਫੁਸਕਿਆ। ਮਿਹਨਤਾਂ ਕਰ ਕੇ ਨੰਬਰ ਲੈਣੋ ਸਿੱਖੋ, ਨੰਬਰ ਲੈਣੇ!
-ਮਿਹਨਤ ਤਾਂ ਬਥੇਰੀ ਕਰਦੇ ਆਂ, ਸੋਨੀ ਸਾਹਿਬ, ਬਲਵੰਤ ਆਪਣੇ ਖੱਬੇ ਅੰਗੂਠੇ ਨੂੰ ਸੱਜੀਆਂ ਉਂਗਲ਼ਾਂ ਨਾਲ਼ ਘੁਟਦਿਆਂ ਬੋਲਿਆ। ਪਰ ਘਰ ਦੀਆਂ ਜਿ਼ੰਮੇਵਾਰੀਆਂ ਸਾਹ ਨੀ ਲੈਣ ਦੇਂਦੀਆਂ।
ਸੋਨੀ ਸਾਹਿਬ ਮੇਰੀ ਫ਼ਾਇਲ ਨੂੰ ਦਰਾਜ ਚ ਟਿਕਾਅ ਕੇ ਆਪਣੀ ਕੁਰਸੀ ਤੇ ਬਿਰਾਜਮਾਨ ਹੋ ਗਿਆ।
-ਕੁਛ ਬਣੂੰ, ਸੋਨੀ ਸਾਹਿਬ? ਬਲਵੰਤ ਧੀਮੀ ਆਵਾਜ਼ ਚ ਸੋਨੂੰ ਨੂੰ ਮੁਖ਼ਾਤਿਬ ਹੋਇਆ।
ਸੋਨੀ ਨੇ ਆਪਣੀ ਗਰਦਨ ਨੂੰ ਤੇ ਡੇਲਿਆਂ ਨੂੰ, ਮਲਕੜੇ ਜੇਹੇ ਸਜੇ ਪਾਸੇ ਵਾਲ਼ੇ ਡੈਸਕਾਂ ਵੱਲ ਨੂੰ ਗੇੜਿਆ: ਓਸ ਖੂੰਜੇ ਚ ਬੈਠੇ ਦੋ ਕਲਰਕ ਕਾਗਜ਼ਾਂ/ਫ਼ਾਇਲਾਂ ਨੂੰ ਸੁਲਝਾਉਣ ਵਿੱਚ ਉਲ਼ਝੇ ਹੋਏ ਸਨ। ਹੁਣ, ਡੈਸਕ ਉੱਪਰ ਰਤਾ ਕੁ ਝੁਕ ਕੇ ਉਸ ਨੇ ਆਪਣੀ ਧੌਣ ਸਾਡੇ ਵੱਲ ਨੂੰ ਵਧਾਈ, ਤੇ ਫੁਸਫੁਸੀ ਅਵਾਜ਼ ਵਿੱਚ ਬੋਲਿਆ: ਕੈਨਟੀਨ ਚ ਚੱਲੋ, ਮੈਂ ਹੁਣੇ ਆਇਆ!
***
ਕੈਨਟੀਨ ਲਗਭਗ ਖ਼ਾਲੀ ਸੀ: ਮੈਂ ਤੇ ਬਲਵੰਤ ਪਾਰਲੇ ਖੂੰਜੇ ਚ ਇੱਕ ਚਹੁ-ਕੁਰਸੀਏ ਮੇਜ਼ ਤੇ ਜਾ ਬੈਠੇ। ਦਸ ਕੁ ਮਿੰਟਾਂ ਬਾਅਦ ਸੋਨੀ ਸਾਹਿਬ ਮੇਰੇ ਨਾਲ਼ ਦੀ ਕੁਰਸੀ ਉੱਪਰ, ਬਲਵੰਤ ਦੇ ਸਾਹਮਣੇ ਬੈਠਾ ਸੀ।
-ਕੀ ਪੈਂਤੜਾ ਲਈਏ, ਸੋਨੀ ਸਾਹਿਬ? ਬਲਵੰਤ ਨੇ ਪੁੱਛਿਆ। ਦਾਖ਼ਲਾ ਨਾ ਮਿਲਿ਼ਆ ਤਾਂ ਬੜੀ ਮੁਸੀਬਤ ਆ ਪੈਣੀ ਐਂ!
-ਦਾਖ਼ਲਾ ਈ ਚਾਹੀਦੈ ਨਾ, ਬਲਵੰਤ ਸਿੰਘ? ਸੋਨੀ ਸਾਹਿਬ ਮੇਜ਼ ਵੱਲ ਝੁਕਦੇ ਹੋਏ ਬੋਲੇ। ਉਹ ਮਿਲ਼ਜੂਗਾ!
-ਪਰ ਮਿਲ਼ੂ ਕਿਵੇਂ? ਸਾਹਬ ਤਾਂ ਮੈਰਿਟ ਤੇ ਮੱਖੀ ਨੂੰ ਭਿਣਕਣ ਦਿੰਦੇ!
-ਕਿੰਨੀ ਦੂਰ ਐ ਤੁਹਾਡਾ ਪਿੰਡ ਲੁਧਿਆਣੇ ਤੋਂ?
-ਮੋਗੇ ਦੇ ਲਾਗੇ ਐ।
-ਕਣਕ ਹੋਏਗੀ ਘਰ ਚ?
-ਕਣਕ ਤਾਂ, ਸੋਨੀ ਸਾਹਿਬ, ਜੱਟਾਂ ਦੇ ਹੂੰਦੀ ਈ ਐ ਥੋੜ੍ਹੀ ਬਹੁਤ! ਬਲਵੰਤ ਪਲ ਕੁ ਲਈ, ਪਿੰਡ ਵਾਲੇ ਸਾਡੇ ਦਲਾਨ ਚ ਜਾ ਵੜਿਆ, ਤੇ ਕੰਧ ਨਾਲ਼, ਛੱਤ ਵੱਲ ਨੂੰ ਚਿਣੀਆਂ ਕਣਕ ਦੀਆਂ ਬੋਰੀਆਂ ਨੂੰ ਗਿਣਨ ਲੱਗਾ।
ਸੋਨੀ ਨੇ ਆਪਣੇ ਸੱਜੇ ਮੋਢੇ ਉੱਪਰ ਦੀ ਇੱਕ ਤੁਰਤ ਝਾਤ ਪਿਛਲੇ ਪਾਸੇ ਸੁੱਟੀ, ਤੇ ਆਪਣੇ ਚਿਹਰੇ ਨੂੰ, ਮੇਜ਼ ਦੇ ਪਾਰ ਬੈਠੇ ਬਲਵੰਤ ਵੱਲ ਨੂੰ ਵਧਾਅ ਦਿੱਤਾ।
-ਕਣਕ ਦੀ ਇੱਕ ਬੋਰੀ ਪਹੁੰਚ ਸਕਦੀ ਐ ਮੇਰੇ ਘਰ ਕੱਲ੍ਹ ਸ਼ਾਮ ਤੀਕਰ? ਉਹ ਫੁਸਫੁਸੀ ਟੋਨ ਵਿੱਚ ਬੋਲਿਆ।
ਬਲਵੰਤ ਮੇਰੇ ਵੱਲੀਂ ਝਾਕਿਆ। ਮੇਰੀ ਸੱਜੀ ਅੱਖ ਮਲਕੜੇ ਜਿਹੇ ਮਿਚੀ ਤੇ ਨਾਲ਼ ਹੀ ਮੇਰੇ ਸੱਜੇ ਭਰਵੱਟੇ ਨੇ ਉੱਪਰ ਨੂੰ ਉਛਾਲ਼ਾ ਮਾਰਿਆ।
-ਇੱਕ ਬੋਰੀ? ਬਲਵੰਤ ਨੇ ਅੱਖਾਂ ਨੂੰ ਸੁੰਗੇੜਦਿਆਂ ਆਪਣੀਆਂ ਨਜ਼ਰਾਂ ਸੋਨੀ ਸਾਹਿਬ ਦੇ ਚਿਹਰੇ ਤੇ ਟਿਕਾਅ ਦਿੱਤੀਆਂ।
ਸੋਨੀ ਸਾਹਿਬ ਦਾ ਸਿਰ ਉੱਪਰ-ਨੀਚੇ ਗਿੜਨ ਲੱਗਾ।
-ਕੱਲ ਮਿਲ਼ ਜਾਵੇਗੀ!
-ਤਾਂ ਪਰਸੋਂ ਨੂੰ ਸਵੇਰੇ ਦਾਖ਼ਲਾ ਮਿਲ਼ ਜਾਵੇਗਾ!
-ਪਰ... ਪ੍ਰਿੰਸੀਪਲ ਅਸੂਲਾਂ ਦਾ ਬਹੁਤਾ ਕਰੜੈ... ਉਨ੍ਹੇਂ ਮੈਰਿਟ ਨੀ ਤੋੜਨੀ!
-ਮੈਰਿਟ ਬਣਾਅ ਕੇ ਈ ਦੇਵਾਂਗੇ ਦਾਖ਼ਲਾ, ਜਨਾਬ! ਸੋਨੀ ਸਾਹਿਬ ਦਾ ਫੋਕਲ਼ਾ ਹਾਸਾ ਮੇਜ਼ ਤੇ ਖ਼ਾਲੀ ਪੁੜੀ ਵਾਂਗ ਡਿਗ ਪਿਆ। ਸਾਨੂੰ ਵੀ ਪਤੈ ਮੈਰਿਟ ਤੋਂ ਬਿਨਾ ਤਾਂ ਸਾਅ੍ਹਬ ਨੇ ਫ਼ਾਇਲ ਵ ਨੀ ਖੋਲ੍ਹਣੀ।
-ਪਰ ਇਕਬਾਲ ਦੇ ਤਾਂ ਅੰਗਰੇਜ਼ੀ ਚੋਂ ਨੰਬਰ ਈ ਚੁਤਾਲ਼ੀ ਪਰਸੈਂਟ ਬਣਦੇ ਐ!
-ਤੁਸੀਂ ਦਰਖ਼ਤ ਗਿਣਨੇ ਐਂ ਕਿ ਅੰਬ ਖਾਣੇ ਐਂ, ਬਲਵੰਤ ਸਿੰਘ?
ਸੋਨੀ ਸਾਹਿਬ ਆਪਣੀ ਮੂਹਰਲੀ ਉਂਗਲ਼ ਨਾਲ਼ ਮੇਜ਼ ਉੱਪਰ ਨਕਸ਼ਾ ਵਹੁਣ ਲੱਗਾ: ਕਾਲਜ ਰੋਡ ਤੋਂ ਸੱਜੇ ਨੂੰ ਮੁੜਦਿਆਂ ਉਂਗਲ਼ ਅਖ਼ੀਰਲੇ ਮੋੜ ਤੇ ਅੱਪੜ ਗਈ। ਉਥੋਂ ਹੋਸਟਲਾਂ ਦੇ ਸਾਹਮਣਿਓਂ ਗੁਜ਼ਰਦੀ, ਤੇ ਦੋ, ਤਿੰਨ ਮੋੜ ਮੁੜਦੀ, ਉਹ ਸੋਨੀ ਸਾਹਿਬ ਦੇ ਘਰ ਅੱਗੇ ਜਾ ਅਟਕੀ।
-ਆਹ ਮੋੜ ਮੁੜ ਕੇ ਤੀਜਾ ਦਰਵਾਜ਼ਾ ਐ ਖੱਬੇ ਪਾਸੇ! ਸੋਨੀ ਨੇ ਮੇਜ਼ ਉੱਪਰ ਇੱਕ ਨਿੱਕਾ ਜਿਹਾ ਚੱਕਰ ਵਾਹਿਆ।
ਸੋਨੀ ਸਾਹਿਬ ਦੇ ਵਿਦਾ ਹੁੰਦਿਆਂ ਹੀ, ਬਲਵੰਤ ਮੇਰੇ ਵੱਲੀਂ ਝਾਕਿਆ।
-ਇਓਂ ਕਰ, ਢੋਲਾ, ਚਾਹ ਦੀ ਪਿਆਲੀ ਚੋਂ ਆਖ਼ਰੀ ਘੁੱਟ ਭਰਦਿਆਂ ਉਨ੍ਹੇਂ ਆਪਣੇ ਸਿਰ ਨੂੰ ਹਿਲਾਇਆ। ਐਥੋਂ ਈ ਭਾਈ ਬਾਲਾ ਚੌਕ ਤੋਂ ਸਿੱਧਾ ਚੜ੍ਹ ਜਾ ਮੋਗੇ ਨੂੰ... ਮੋਗਿਓਂ ਦਰਸ਼ਨ ਸਾਈਕਲ ਸਟੋਰ ਤੋਂ ਸਾਈਕਲ ਚੁੱਕ ਕੇ ਅੱਜ ਦੀ ਰਾਤ ਪਿੰਡ ਜਾ ਵੱਜੀਂ। ਕੱਲ੍ਹ ਨੂੰ ਸਵਖ਼ਤੇ ਕਣਕ ਦੀ ਬੋਰੀ ਲੱਦੀਂ ਸਾਈਕਲ ਦੇ ਕੈਰੀਅਰ ਤੇ, ਤੇ ਮੋਗਿਓਂ ਬੋਰੀ ਲੱਦ ਲੀਂ ਲੁਧਿਆਣੇ ਆਲੀ ਬੱਸ ਉੱਤੇ।
-ਪਰ ਕਿਤੇ... ਠੱਗੇ ਈ ਨਾ ਜਾਈਏ! ਮੈਂ ਸੱਜੇ ਹੱਥ ਦੀ ਪਹਿਲੀ ਉਂਗਲ਼ ਨਾਲ਼ ਖਾਲੀ ਪਿਆਲੀ ਨੂੰ ਠੰਗੋਰਦਿਆਂ ਬੋਲਿਆ।
-ਠੱਗੇ? ਬਲਵੰਤ ਨੇ ਆਪਣੀਆਂ ਭਵਾਂ ਨੂੰ ਅੰਦਰ ਵੱਲ ਸੁੰਗੇੜਿਆ। ਉਹ ਕਿਵੇਂ?
-ਯਾਰ ਮੈਰਿਟ ਤਾਂ ਮੇਰੀ ਬਣਦੀ ਨੀ... ਕਿਤੇ ਓਹ ਨਾ ਹੋਵੇ ਬਈ ਬੋਰੀ ਵੀ ਜਾਵੇ ਤੇ ਦਾਖ਼ਲਾ ਵੀ!
-ਗੱਲ ਤਾਂ ਤੇਰੀ ਠੀਕ ਐ, ਬਲਵੰਤ ਨੇ ਹਾਂ ਚ ਸਿਰ ਹਿਲਾਇਆ। ਪਰ ਸੋਨੀ ਮੈਨੂੰ ਚੰਗੀ ਤਰ੍ਹਾਂ ਜਾਣਦੈ... ਇਹਨੂੰ ਪਤੈ ਬਈ ਮੈਂ ਦਰਜਣ ਦੇ ਕਰੀਬ ਟਰੋਫ਼ੀਆਂ ਜਿੱਤੀਐਂ ਪਿਛਲੇ ਸਾਲ ਭਾਸ਼ਣ ਮੁਕਾਬਲਿਆਂ ਚ... ਟਰੋਫ਼ੀਆਂ ਕਰ ਕੇ ਈ ਪ੍ਰਿੰਸੀਪਲ ਵੀ ਢਿੱਲਾ ਪੈ ਗਿਐ... ਨਹੀਂ ਤਾਂ ਉਨ੍ਹੇ ਦਰਵਾਜਿ਼ਓਂ ਅੰਦਰ ਨੀ ਸੀ ਵੜਨ ਦੇਣਾ! ਮੈਨੂੰ ਨੀ ਲਗਦਾ ਸੋਨੀ ਆਪਣੇ ਨਾਲ਼ ਹੇਰਾਫੇਰੀ ਕਰੂ!
ਅਗਲੇ ਦਿਨ ਦੋ ਵਜਦੇ ਨੂੰ ਕਣਕ ਦੀ ਬੋਰੀ ਭਾਈਬਾਲਾ ਚੌਕ ਦੇ ਇੱਕ ਖੰਭੇ ਨਾਲ਼ ਢੋਅ ਲਾਈ ਖਲੋਤੀ ਸੀ। ਰਿਕਸ਼ੇ ਵਾਲੇ ਨੇ ਬੋਰੀ ਨੂੰ ਦੇਖ ਕੇ ਸੋਨੀ ਦੇ ਘਰ ਦਾ ਰੇਟ ਡੇਢਾ ਕਰ ਦਿੱਤਾ।
ਸੋਮਵਾਰ ਨੂੰ ਦਸ ਵਜੇ ਅਸੀਂ ਦੋਵੇਂ ਪ੍ਰਿੰਸੀਪਲ ਭਾਰਦਵਾਜ ਦੇ ਸਾਹਮਣੇ ਕੁਰਸੀਆਂ ਤੇ ਬੈਠੇ ਸਾਂ।
-ਮੈਂ ਤੇਰੇ ਭਰਾ ਨੂੰ ਅਕੱਮੋਡੇਟ ਕਰਨਾ ਚਹੁਨਾਂ ਬਲਵੰਤ ਸਿੰਘ, ਪ੍ਰਿੰਸੀਪਲ ਨੇ ਘੰਟੀ ਦੇ ਬਟਨ ਨੂੰ ਪਲ਼ੋਸਦਿਆਂ ਆਖਿਆ। -ਪਰ ਕੋਈ ਰਾਹ ਈ ਨੲ੍ਹੀਂ ਨਿੱਕਲ਼ ਰਿਹਾ... ਮੈਂ ਤਾਂ ਵੀਕਐਂਡ ਤੇ ਬਹੁਤ ਸੋਚਦਾ ਰਿਹਾਂ ਬਈ ਕਿਵੇਂ ਕਰਾਂ ਤੁਹਾਡੀ ਮਦਦ!
ਸੋਨੀ ਦੋ ਫ਼ਾਇਲਾਂ ਚੁੱਕੀ ਦਫ਼ਤਰ ਚ ਹਾਜ਼ਰ ਹੋਇਆ।
-ਮਿਸਟਰ ਸੋਨੀ, ਠੋਡੀ ਨੂੰ ਆਪਣੀ ਛਾਤੀ ਵੱਲ ਨੂੰ ਖਿਚਦਿਆਂ, ਪਿੰ੍ਰਸੀਪਲ ਆਪਣੀਆਂ ਐਨਕਾਂ ਦੇ ਫ਼ਰੇਮ ਉੱਪਰੋਂ ਦੀ ਮਿਸਟਰ ਸੋਨੀ ਵੱਲੀਂ ਝਾਕਿਆ। ਕੀ ਕਰੀਏ ਇਕਬਾਲ ਸਿੰਘ ਦਾ... ਕੋਈ ਐਵੀਨਿਊ ਨਜ਼ਰੀਂ ਨੲ੍ਹੀਂ ਪੈਂਦਾ।
-ਐਵੀਨਿਊਂ ਤਾਂ... ਹੈ ਇੱਕ ਸਰ, ਸੋਨੀ ਪ੍ਰਿੰਸੀਪਲ ਦੇ ਬਰਾਬਰ ਜਾ ਖੜ੍ਹਾ ਹੋਇਆ ਤੇ ਉਸ ਨੇ ਮੇਰੇ ਵਾਲ਼ੀ ਫ਼ਾਇਲ ਪ੍ਰਿੰਸੀਪਲ ਦੇ ਸਾਹਮਣੇ ਟਿਕਾਅ ਦਿੱਤੀ।
ਮੇਰੇ ਸਾਹਮਣੇ, ਪ੍ਰਿੰਸੀਪਲ ਦੇ ਮੋਢੇ ਨਾਲ਼ ਖਲੋਤਾ ਸੋਨੀ ਸਾਹਿਬ ਮੈਨੂੰ ਇੱਕ ਬੋਰੀ ਜਾਪਣ ਲੱਗਾ-ਕਣਕ ਨਾਲ਼ ਭਰੀ ਹੋਈ ਬੋਰੀ। ਹੁਣ ਉਸ ਦੀ ਜ਼ੁਬਾਨ ਨਹੀਂ, ਸਗੋਂ ਉਸ ਬੋਰੀ ਅੰਦਰ ਬੈਠੀ ਕਣਕ ਦੇ ਦਾਣੇ ਬੋਲ ਰਹੇ ਸਨ।
ਪ੍ਰਿੰਸੀਪਲ ਨੇ ਆਪਣੇ ਚਿਹਰੇ ਨੂੰ ਸੱਜੇ ਪਾਸੇ ਵੱਲ ਗੇੜਿਆ ਤੇ ਠੋਡੀ ਨੂੰ ਉਤਾਂਹ ਨੂੰ ਅਗਾਸਦਿਆਂ, ਉਹ ਮਿਸਟਰ ਸੋਨੀ ਵੱਲੀਂ ਸੁਆਲੀਆ ਨਜ਼ਰਾਂ ਨਾਲ਼ ਝਾਕਿਆ।
-ਕਿਹੜਾ ਐਵੀਨਿਊ? ਉਹ ਆਪਣੇ ਮੱਥੇ ਨੂੰ ਸੁੰਗੋੜਦਿਆਂ ਬੋਲਿਆ।
-ਦੇਖੋ, ਸਰ, ਐਹ ਐ ਇੱਕ ਮਿਸਟਰ ਇੰਦਰਜੀਤ ਵਾਸੂ, ਸੋਨੀ ਨੇ ਵਾਸੂ ਦੀ ਫ਼ਾਇਲ ਮੇਰੀ ਫ਼ਾਇਲ ਦੇ ਬਰਾਬਰ ਵਿਛਾਅ ਦਿੱਤੀ। -ਏਹਨੂੰ ਆਪਾਂ ਇੰਗਲਿਸ਼ ਚ ਦਾਖ਼ਲਾ ਦਿੱਤੈ... ਕਿਉਂਕਿ ਇਹਨੇ ਇੰਗਲਿਸ਼ ਚ ਨੰਬਰ ਲਏ ਨੇ 45%। ਲੇਕਿਨ ਇਦ੍ਹੀ ਓਵਰਆਲ ਡਿਵਿਯਨ ਐ ਥਰਡ!
ਪ੍ਰਿੰਸੀਪਲ ਦੀਆਂ ਭਵਾਂ ਉੱਪਰ ਵੱਲ ਨੂੰ ਚੜ੍ਹੀਆਂ, ਤੇ ਉਹਦੀਆਂ ਅੱਖਾਂ ਉਹਦੇ ਸਾਹਮਣੇ ਖੁੱਲ੍ਹੀਆਂ ਫ਼ਾਇਲਾਂ ਦਾ ਐਕਸਰੇ ਕਰਨ ਲੱਗੀਆਂ।
-ਹੁਣ ਨੁਕਤੇ ਵਾਲ਼ੀ ਗੱਲ ਇਹ ਐ, ਸਰ, ਸੋਨੀ ਨੇ ਝੁਕ ਕੇ ਵਾਸੂ ਦੀ ਫ਼ਾਇਲ ਚ ਪਏ ਦਾਖ਼ਲਾ ਫ਼ੋਰਮ ਉੱਪਰ ਆਪਣੀ ਉਂਗਲ਼ ਏਧਰ ਓਧਰ ਘੁੰਮਾਈ। ਮਿਸਟਰ ਵਾਸੂ ਨੇ ਬੀ ਏ ਕੰਪਲੀਟ ਕੀਤੀ ਐ ਬਾਈ ਪਾਰਟਸ, ਯਾਨੀ ਪਹਿਲਾਂ ਗਿਆਨੀ ਕਰ ਲੀ, ਫਿ਼ਰ ਅਗਲੇ ਸਾਲ ਬੀ ਏ ਦੀ ਹਿਸਟਰੀ ਦੇ ਪੇਪਰ ਦੇ ਦਿੱਤੇ, ਤੇ ਫਿ਼ਰ ਓਦੂੰ ਅਗਲੇ ਸਾਲ ਇੰਗਲਿਸ਼ ਦੇ ਪੇਪਰ ਦੇ ਦਿੱਤੇ...
ਪ੍ਰਿੰਸੀਪਲ ਉਸ ਦੀ ਗੱਲ ਨੂੰ ਸੁਣਦਿਆਂ ਆਪਣਾ ਸਿਰ ਉੱਪਰ ਹੇਠਾਂ ਹਿਲਾਅ ਰਿਹਾ ਸੀ।
-ਐਧਰ ਹੁਣ ਇਕਬਾਲ ਸਿੰਘ ਨੂੰ ਦੇਖੋ, ਸੋਨੀ ਨੇ ਮੇਰੇ ਵਾਲ਼ੀ ਫ਼ਾਇਲ ਦੇ ਕਾਗਜ਼ਾਂ ਨੂੰ ਉੱਪਰ-ਨੀਚੇ ਕੀਤਾ। ਇਨ੍ਹੇਂ ਬੀ ਏ ਕੀਤੀ ਰੈਗੂਲਰ ਤੇ ਹਰ ਸਾਲ ਪੜ੍ਹੇ ਤਿੰਨ ਸਬਜੈਕਟ...ਇਹਦੀ ਓਵਰਆਲ ਡਿਵਿਯਨ ਆਈ ਐ ਸੈਕੰਡ, ਪਰ ਅੰਗਰੇਜ਼ੀ ਚੋਂ ਇਹਦੇ ਨੰਬਰ ਰਹਿ ਗਏ 44%... ਹੁਣ ਦੇਖੋ ਇੱਕ ਬੰਦਾ ਇੱਕ ਸਾਲ ਚ ਪੜ੍ਹਦੈ ਇੱਕ ਸਬਜੈਕਟ ਤੇ ਦੂਸਰਾ ਪੜ੍ਹਦੈ ਤਿੰਨ... ਇੱਕ ਸਾਲ ਚ ਸਿਰਫ਼ ਇੱਕ ਸਬਜੈਕਟ ਪੜ੍ਹਨ ਵਾਲੇ ਦੇ 45% ਦੇ ਮੁਕਾਬਲੇ, ਇੱਕ ਸਾਲ ਚ ਤਿੰਨ ਸਬਜੈਕਟਸ ਪੜ੍ਹਨ ਵਾਲੇ ਦੇ 44% ਨੰਬਰ ਇੱਕ ਤਰ੍ਹਾਂ ਨਾਲ 66% ਤੋਂ ਉੱਤੇ ਬਣਦੇ ਨੇ ਕਿਉਂਕਿ ਉਨ੍ਹੇਂ ਤਿੰਨ ਗੁਣਾ ਵੱਧ ਮਿਹਨਤ ਕੀਤੀ ਐ... ਸੋ ਇਨਸਾਫ਼ ਮੰਗ ਇਹ ਕਰਦੈ, ਸਰ, ਪਈ ਏਸ ਸਿਚੂਏਸ਼ਨ ਚ ਇਹ ਦਾਖ਼ਲਾ ਮਿਸਟਰ ਵਾਸੂ ਦੀ ਥਾਂ ਇਕਬਾਲ ਸਿੰਘ ਨੂੰ ਮਿਲਣਾ ਚਾਹੀਦੈ...
ਪ੍ਰਿੰਸੀਪਲ ਦਾ ਪੈੱਨ ਉਸ ਦੀਆਂ ਉਂਗਲ਼ਾਂ ਚ ਫ਼ਰੀਜ਼ ਹੋ ਗਿਆ, ਤੇ ਉਦ੍ਹੇ ਬੁੱਲ੍ਹ ਇੱਕ-ਦੂਜੇ ਚ ਖੁੱਭ ਕੇ ਸਖ਼ਤਾਈ ਫੜਨ ਲੱਗੇ। ਉਸ ਨੇ ਪੈੱਨ ਨੂੰ ਮੇਜ਼ ਤੇ ਵਿਛਾਅ ਦਿੱਤਾ। ਸਾਹਮਣੇ ਪਏ, ਮੇਰੇ ਕਾਗਜ਼ਾਂ ਤੋਂ ਅਚਾਨਕ ਹੀ ਨਿਗ੍ਹਾ ਹਟਾਅ ਕੇ, ਉਹ ਇੱਕ ਦਮ ਵਾਸੂ ਦੀ ਫ਼ਾਇਲ ਚ ਵੜ ਜਾਂਦਾ ਤੇ ਫਿ਼ਰ ਝੱਟ ਹੀ ਮੇਰੀ ਫ਼ਾਇਲ ਚ ਛਾਲ਼ ਮਾਰ ਦੇਂਦਾ। ਵਿੱਚ-ਵਿੱਚ ਉਹ ਅੱਖਾਂ ਮੀਚ ਲੈਂਦਾ ਤੇ ਮੱਥੇ ਅਤੇ ਬੁੱਲ੍ਹਾਂ ਨੂੰ ਮੁੱਠੀ ਵਾਂਗਣ ਕੱਸ ਲੈਂਦਾ।
ਫਿ਼ਰ ਉਸ ਨੇ ਆਪਣੀਆਂ ਬਾਹਾਂ ਨੂੰ ਆਪਣੀ ਛਾਤੀ ਉੱਪਰ ਇਕੱਠੀਆਂ ਕੀਤਾ, ਅਤੇ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਖਿਚਦਿਆਂ, ਆਪਣੀ ਪਿੱਠ ਨੂੰ ਉਸ ਨੇ ਕੁਰਸੀ ਦੀ ਢੋਅ ਨਾਲ਼ ਜੋੜ ਲਿਆ। ਆਪਣੇ ਸਿਰ ਨੂੰ ਵਾਰ-ਵਾਰ ਖੱਬੇ-ਸੱਜੇ ਟੇਢਾ ਕਰਦਿਆਂ, ਉਹ ਹੂੰ- ਹੂੰਅ, ਹੂੰ-ਹੂੰਅ ਕਰਨ ਲੱਗਾ।
-ਮਿਸਟਰ ਸੋਨੀ! ਉਹਨੇ ਆਪਣੀਆਂ ਅੱਖਾਂ, ਉਸ ਦੇ ਸੱਜੇ ਮੋਢੇ ਨਾਲ਼ ਖਲੋਤੇ ਸੋਨੀ ਵੱਲ ਨੂੰ ਗੇੜੀਆਂ। ਇੰਝ ਕਰੋ, ਪੁਰਾਣੀਆਂ ਸਾਰੀਆਂ ਲਿਸਟਾਂ ਤੁਰੰਤ ਉਤਾਰ ਦੇਵੋ, ਤੇ ਨੋਟਿਸ ਲਾ ਦੇਵੋ ਕਿ ਆਲ ਲਿਸਟਸ ਹੈਵ ਬਿਨ ਪਲੇਸਡ ਅੰਡਰ ਥੌਰੋ ਰਿਵਿਊ। ਨਿਊ ਲਿਸਟਸ ਵਿਲ ਬੀ ਪੋਸਟਡ ਆਨ ਵੈਨਸਡੇ...
ਫਿ਼ਰ ਉਸ ਨੇ ਆਪਣੀਆਂ ਨਜ਼ਰਾਂ ਸਾਡੇ ਵੱਲ ਘੁੰਮਾਈਆਂ: -ਤੁਸੀਂ ਹੁਣ ਜਾ ਸਕਦੇ ਓ, ਮਿਸਟਰ ਬਲਵੰਤ ਸਿੰਘ! ਉਹ ਧੀਮੀ ਆਵਾਜ਼ ਚ ਬੋਲਿਆ। ਵੇਟ ਅਨਟਿਲ ਵੈਨਸਡੇ... ਆਈ ਇਲ ਸੀ ਵੇਅ੍ਹਰ ਯੂ ਫਿ਼ਟ ਸਟੈਂਡ ਇਨ ਦ ਨਿਊ ਮੈਰਿਟ...
ਬੁੱਧਵਾਰ ਦੀ ਸਵੇਰ ਅੱਠ ਵਜਦੇ ਨੂੰ ਨੋਟਿਸ ਬੋਰਡ ਦੇ ਸਾਹਮਣੇ ਖਲੋਣ ਵਾਲ਼ਾ ਮੈਂ ਪਹਿਲਾ ਵਿਅਕਤੀ ਸਾਂ: ਬੋਰਡ ਦੀ ਵੀਰਾਨੀ ਦੇਖ ਕੇ ਮੇਰੇ ਅੰਦਰ ਵੀਰਾਨੀ ਪਸਰਨ ਲੱਗੀ। ਮੈਂ ਦਫ਼ਤਰ ਵੱਲ ਝਾਕਿਆ: ਓਥੇ ਸਿਰਫ਼ ਸੋਨੀ ਹੀ ਸੀ, ਬਾਕੀ ਕਲਰਕ ਹਾਲੇ ਸਾਈਕਲ-ਸਟੈਂਡ ਤੇ ਆਪਣੇ ਸਾਈਕਲਾਂ ਦੇ ਜਿੰਦਰਿਆਂ ਨਾਲ਼ ਗੁਫ਼ਤਗੂ ਕਰ ਰਹੇ ਸਨ।
ਅਗਲੇ ਪਲ ਮੈਂ ਮਿਸਟਰ ਸੋਨੀ ਦੇ ਸਾਹਮਣੇ ਖਲੋਤਾ ਸਾਂ। ਉਹ ਨੀਵੀਂ ਪਾਈ, ਦਰਾਜ਼ ਦੀ ਫ਼ਰੋਲ਼ਾ-ਫ਼ਰੋਲ਼ੀ ਕਰਨ ਵਿੱਚ ਰੁੱਝਿਆ ਹੋਇਆ ਸੀ।
-ਨਮਸਕਾਰ, ਸੋਨੀ ਸਾਹਿਬ! ਮੈਂ ਥਿੜਕਦੀ ਆਵਾਜ਼ ਚ ਬੋਲਿਆ।
-ਇਕਬਾਲ ਸਿੰਘ? ਮੇਰੀ ਆਵਾਜ਼ ਸੁਣਦਿਆਂ ਉਹ ਤ੍ਰਭਕਿਆ। ਐਨੀ ਸ੍ਵਖ਼ਤੇ?
-ਕਿੰਨੇ ਵਜੇ ਲੱਗ ਜੇਗੀ ਲਿਸਟ, ਸਰ ਜੀ?
-ਲਿਸਟ ਦਾ ਫਿ਼ਕਰ ਨਾ ਕਰ, ਇਕਬਾਲ ਸਿੰਘ, ਸੋਨੀ ਆਪਣੀ ਠੋਡੀ ਨੂੰ ਖੁਰਕਦਾ ਹੋਇਆ ਬੋਲਿਆ। ਘਰ ਜਾ ਕੇ ਫ਼ੀਸ ਦਾ ਇੰਤਜ਼ਾਮ ਕਰ!

***

-905-792-7357
ramoowalia@rogers.com
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346