Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ‘ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

‘ਆਪ ਕੀ ਸ਼ਾਦੀ ਹੂਈ ਹੈ?’

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ‘ਚੇਤੰਨ’ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਵਿਛੋੜੇ ਦਾ ਸਾਕਾ
- ਅਮਰਜੀਤ ਚੰਦਨ

 


ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ - ਆਸਾ ਮਹਲਾ 1

ਹੱਥੀਂ-ਵਾਹੀਆਂ ਦੋ ਤਸਵੀਰਾਂ ਦਿਨ-ਰਾਤ ਮੇਰਾ ਪਿੱਛਾ ਕਰਦੀਆਂ ਹਨ। ਇਕ ਤਾਂ ਹੈ, ਪ੍ਰਾਣ ਨਾਥ ਮਾਗੋ ਦੀ ਬਣਾਈ ਫ਼ੇਅਰਵੈੱਲ ਅਤੇ ਦੂਜੀ ਹੈ, ਅਮ੍ਰਿਤਾ ਸ਼ੇਰਗਿੱਲ ਦੇ ਭਾਣਜੇ ਵਿਵਾਨ ਸੁੰਦਰਮ ਦੀ ਦ’ ਸ਼ੇਰਗਿਲ ਫ਼ੈਮਿਲੀ । ਇਨ੍ਹਾਂ ਤਸਵੀਰਾਂ ਦਾ 20ਵੀਂ ਸਦੀ ਦੇ ਪੰਜਾਬ ਨਾਲ਼ ਨੇੜੇ ਦਾ ਰਿਸ਼ਤਾ ਹੈ। ਮੈਂ ਹੁਣ ਫ਼ੇਅਰਵੈੱਲ ਦੀ ਗੱਲ ਕਰਦਾ ਹਾਂ।

ਇਹ ਤਸਵੀਰ ਗੁੱਜਰਖ਼ਾਨ ਰੇਲਵੇ ਸਟੇਸ਼ਨ ਦੀ ਹੈ। ਦੂਜੀ ਵੱਡੀ ਜੰਗ ਦਾ ਵੇਲਾ ਹੈ ਤੇ ਫ਼ੌਜੀ ਲਾਮ ‘ਤੇ ਚੱਲੇ ਹਨ। ਇਹ ਸਾਡੇ ਇਤਿਹਾਸ ਵਿਚ ਪਿਆ ਚਿਬ ਹੈ, ਜਿਸ ਨਾਲ਼ ਲੋਕਗੀਤ ਭਰੇ ਪਏ ਹਨ। ਇਹ ਤਸਵੀਰ ਮੈਂ ਜਦ ਪਹਿਲਾਂ ਪਟਿਆਲ਼ੇ ਯੂਨੀਵਰਸਟੀ ਵਿਚ ਸੰਨ 1968 ਵਿਚ ਦੇਖੀ ਸੀ, ਤਾਂ ਮੇਰੀਆਂ ਅੱਖਾਂ ਭਰ ਆਈਆਂ ਸਨ। ਏਨੇ ਸਾਲਾਂ ਮਗਰੋਂ ਮੈਂ ਇਹਦੀ ਗੱਲ ਕਰਕੇ ਦਿਲ ਦਾ ਭਾਰ ਹੌਲ਼ਾ ਕਰਨ ਲੱਗਾ ਹਾਂ।

ਜਿਹਲਮ ਤੇ ਰਾਵਲਪਿੰਡੀ ਦੇ ਵਿਚਾਲ਼ੇ ਵਸੇ ਕਸਬੇ ਗੁੱਜਰਖ਼ਾਨ ਦੇ ਜੰਮਪਲ਼ ਪ੍ਰਾਣ ਨਾਥ ਮਾਗੋ (ਜਨਮ 1922) ਨੇ ਇਹ ਤਸਵੀਰ ਸੰਨ 1945 ਵਿਚ ਬਣਾਈ ਸੀ, ਜਦ ਇਹ ਬੰਬਈ ਦੇ ਸਰ ਜੇ. ਜੇ. ਆਰਟ ਸਕੂਲ 'ਚ ਪੜ੍ਹਦੇ ਹੁੰਦੇ ਸਨ। ਇਹ ਪੁਰਾਣੀ ਹਿੰਦੁਸਤਾਨੀ ਮਿਨੀਏਚਰ ਸ਼ੈਲੀ ਦੀ ਤਸਵੀਰ ਹੈ; ਮੋਟੀਆਂ ਛੁਹਾਂ ਵਾਲ਼ੇ ਤੇਲ-ਰੰਗਾਂ ‘ਚ ਕਈ ਗੁਣਾ ਵੱਡੀ ਕੀਤੀ ਹੋਈ - 3 ਣ 4 ਫ਼ੁਟ। ਪਹਿਲੀਆਂ ਵਿਚ ਚਿਤੇਰੇ ਇਸ ਸ਼ੈਲੀ ਵਿਚ ਪ੍ਰਕ੍ਰਿਤੀ, ਕਾਮ ਤੇ ਮਿਥਿਹਾਸ ਚਿਤਰਦੇ ਹੁੰਦੇ ਸਨ। ਪ੍ਰਾਣ ਨਾਥ ਨੇ ਇਸ ਤਸਵੀਰ ਵਿਚ ਰਵਾਇਤ ਤੋੜਕੇ ਸਮਾਜੀ ਤਵਾਰੀਖ਼ ਨੂੰ ਪਹਿਲੀ ਵਾਰ ਪੇਸ਼ ਕੀਤਾ।

ਫ਼ਲਸਫ਼ੀ ਰੋਲਾਂ ਬਾਰਤ ਆਖਦਾ ਹੈ ਕਿ ਤਸਵੀਰ ਦਾ ਨਾਂ ਜਾਂ ਤਰਸ ਪੈਦਾ ਕਰਨ ਲਈ ਰੱਖੀਦਾ ਹੈ, ਜਾਂ ਉਹਨੂੰ ਉਚਿਆਣ ਲਈ, ਮਨਤਕ ਪੈਦਾ ਕਰਨ ਲਈ। ਇਹ ਤਸਵੀਰ ਏਨੀ ਮੂੰਹੋਂ ਬੋਲਦੀ ਹੈ ਕਿ ਇਹਦਾ ਨਾਂ ਚਿਤੇਰੇ ਨੇ ਨਾ ਵੀ ਰੱਖਿਆ ਹੁੰਦਾ, ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। ਪਰ ਸ਼ਾਇਦ ਤਰਸ ਘਟ ਜਾਗਣਾ ਸੀ।

ਜਦ ਮੈਂ ਇਹ ਤਸਵੀਰ ਪਹਿਲੀ ਵਾਰ ਦੇਖੀ ਸੀ, ਤਾਂ ਦੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਮੁੰਡਾ ਮੈਨੂੰ ਅਪਣਾ-ਆਪ ਲੱਗਾ ਸੀ। ਪ੍ਰਾਣ ਨਾਥ ਦਸਦੇ ਹਨ ਕਿ ਉਨ੍ਹਾਂ ਨੂੰ ਵੀ ਇਹ ਮੁੰਡਾ ਅਪਣਾ-ਆਪ ਹੀ ਲੱਗਦਾ ਹੈ। ਤੀਜੇ ਤੇ ਚੌਥੇ ਦਹਾਕੇ ਵਿਚ ਗੁੱਜਰਖ਼ਾਨ ਸਟੇਸ਼ਨ ‘ਤੇ ਐਸੇ ਸਾਕੇ ਆਮ ਵਾਪਰਦੇ ਸਨ। ਸ਼ਾਇਦ ਹਰ ਦਰਸ਼ਕ ਨੂੰ ਇਸ ਮੁੰਡੇ ਨਾਲ਼ ਇਹ ਸਾਂਝ ਮਹਿਸੂਸ ਹੁੰਦੀ ਹੋਵੇ। ਮਰਦ ਦੇ ਹਵਾਲੇ ਤੋਂ ਇਹ ਮੁੰਡਾ ਕੇਂਦਰੀ ਬਿੰਦੂ ਹੈ ਤੇ ਔਰਤ ਦਰਸ਼ਕ ਨੂੰ ਫ਼ੌਜੀ ਦੀ ਭੈਣ ਨਾਲ਼ ਸਾਂਝ ਲਗਦੀ ਹੋਣੀ ਹੈ। ਇਸ ਮੁੰਡੇ ਨੇ ਪਿੱਛੇ ਇਕੱਲਿਆਂ ਰਹਿ ਜਾਣਾ ਹੈ; ਫ਼ੌਜੀ ਨੇ ਵਿਛੋੜਾ ਦੇ ਕੇ ਚਲੇ ਜਾਣਾ ਹੈ। ਕੀ ਵੱਡੇ ਜਾਣਦੇ ਹਨ ਕਿ ਬੱਚੇ ਉਨ੍ਹਾਂ ਨਾਲ਼ੋਂ ਵੀ ਵਧ ਦੁੱਖ ਝੱਲਦੇ ਹਨ? ਉਹ ਵਿਛੋੜਾ ਕਦੇ ਨਹੀਂ ਭੁੱਲਦੇ। ਉਹ ਬੇਜ਼ਬਾਨ ਹੁੰਦੇ ਹਨ। ਸਾਡੇ ਘਰਾਂ ਵਿਚ ਬੱਚੇ ਨੂੰ ਜਿਹੜੀ ਸਭ ਤੋਂ ਪਹਿਲੀ ਮੱਤ ਦਿੱਤੀ ਜਾਂਦੀ ਹੈ, ਉਹ ਇਹ ਹੁੰਦੀ ਹੈ ਕਿ ਆਏ-ਗਏ ਨੂੰ ਸਤਿ ਸ੍ਰੀ ਅਕਾਲ ਬੁਲਾਈਦੀ ਹੈ; ਐਸ ਤਰ੍ਹਾਂ, ਦੋ ਹੱਥ ਜੋੜ ਕੇ। ਬੱਚੇ ਵਾਸਤੇ ਸਾਸ੍ਰੀਕਾਲ ਬੁਲਾਉਣੀ ਕੋਈ ਸੌਖੀ ਗੱਲ ਨਹੀਂ ਹੁੰਦੀ। ਪਰ ਜੇ ਜਾਣ ਵਾਲ਼ਾ ਉਹਦਾ ਬਹੁਤ ਸਕਾ ਹੋਵੇ, ਤਾਂ ਉਹਦੇ ਦਿਲ ਦਾ ਤੇ ਝੂਠੇ ਪੈਂਦੇ ਕਰ-ਪੈਰਾਂ ਦਾ ਹਾਲ ਪੁੱਛਿਆਂ ਵੀ ਨਾ ਜਾਣੀਏ। ਮੇਰੇ ਪਿਤਾ ਮੈਨੂੰ ਜਦ ਛੱਡ ਕੇ ਜਾਂਦੇ ਸਨ, ਤਾਂ ਮੇਰੀ ਸਾਸ੍ਰੀਕਾਲ ਦਾ ਮਤਲਬ ਹੁੰਦਾ ਸੀ - ਜਾਓ, ਮੈਂ ਤੁਹਾਡੇ ਨਾਲ਼ ਨਹੀਂ ਬੋਲਣਾ। ਤੁਸੀਂ ਮੈਨੂੰ ਛੱਡ ਕਿਉਂ ਚੱਲੇ ਹੋ? ਮੇਰਾ ਹੋਰ ਕੌਣ ਹੈ? ਤੇ ਜਦ ਉਹ ਪਰਦੇਸੋਂ ਆਏ, ਤਾਂ ਮੈਂ ਸਾਸ੍ਰੀਕਾਲ ਬੁਲਾਈ ਦੋ ਹੱਥ ਜੋੜ ਕੇ, ਜਿਹਦਾ ਮਤਲਬ ਸੀ - ਤੁਸੀਂ ਆ ਗਏ! ਸੱਚ ਨਹੀਂ ਆਉਂਦਾ। - ਗਰਮੀਆਂ ‘ਚ ਕੋਠੇ ‘ਤੇ ਸੌਣ ਲੱਗਿਆਂ ਮਾਂ ਪੂਰਬ ਵਲ ਤਾਰਿਆਂ ਵਲ ਇਸ਼ਾਰਾ ਕਰਕੇ ਮੈਥੋਂ ਅਖਵਾਉਂਦੀ ਹੁੰਦੀ ਸੀ - ਭਾਪਾ ਜੀ, ਆ ਜਾਓ...। - ਮੇਰਾ ਕੋਈ ਮਿਤਰ ਜਾਣ ਲੱਗਾ ਮਖੌਲ ਨਾਲ਼ 'ਛੋਟੀ ਸਾਸ੍ਰੀਕਾਲ' ਆਖਦਾ ਹੁੰਦਾ ਹੈ। ਜਦ ਮੇਰੇ ਪਿਤਾ ਨੇ ਮੈਨੂੰ ਵੱਡੀ ਸਤਿ ਸ੍ਰੀ ਅਕਾਲ ਆਖੀ ਸੀ, ਤਾਂ ਮੈਥੋਂ ਕੁਛ ਵੀ ਨਹੀਂ ਸੀ ਬੋਲਿਆ ਗਿਆ।

ਫ਼ੇਅਰਵੈੱਲ ਤਸਵੀਰ ਲਾਮ ‘ਤੇ ਚੱਲੇ ਫ਼ੌਜੀ ਦੀ ਹੀ ਤਸਵੀਰ ਨਹੀਂ, ਇਹ ਪਰਦੇਸੀਂ ਕਮਾਈ ਕਰਨ ਗਏ ਹਰ ਪੰਜਾਬੀ ਦੀ ਤਸਵੀਰ ਹੈ। ਇਹ ਅਟੱਲ ਹੋਣੀ ਦੀ ਤਸਵੀਰ ਹੈ। ਇਹ ਜਗ ਰੇਲ ਦਾ ਟੇਸ਼ਣ ਹੈ ਤੇ ਗੱਡੀ ਮੌਤ ਦਾ ਵਾਹਨ। ਜਾਣ ਵਾਲ਼ਾ ਅਪਣੇ ਬੁੱਢੇ ਪਿਉ ਦੇ ਪੈਰੀਂ ਹੱਥ ਲਾ ਕੇ ਹਟਿਆ ਹੀ ਹੈ। ਪਿਉ ਤੇ ਮਾਂ ਦਾ ਅਸੀਸ ਵਾਲ਼ਾ ਹੱਥ ਹਾਲੇ ਵੀ ਹਵਾ ‘ਚ ਅਟਕਿਆ ਹੋਇਆ ਹੈ ਤੇ ਹੁਣ ਪੁਤ ਮਾਂ ਦੇ ਪੈਰਾਂ ਨੂੰ ਹੱਥ ਲਾ ਰਿਹਾ ਹੈ। ਮਾਂ ਪਹਿਲਾਂ ਵੀ ਇਸ ਪਲ ਨੂੰ ਚਿਤਵਦੀ ਕਈ ਵਾਰ ਰੋ ਚੁੱਕੀ ਹੈ ਤੇ ਇਹ ਹੁਣ ਦਾ ਪਲ ਤਾਂ ਕਹਿਰ ਦਾ ਪਲ ਹੈ। ਜਾਣ ਵਾਲ਼ਾ ਦੇਖ ਮਿੱਟੀ ਵਲ ਰਿਹਾ ਹੈ, ਪਰ ਸੋਚ ਕੁਝ ਹੋਰ ਰਿਹਾ ਹੈ। ਇਹਦੀ ਭੈਣ ਅਪਣੀ ਭਾਬੀ ਨੂੰ ਹੌਂਸਲਾ ਦੇ ਰਹੀ ਹੈ। ਇਹਦੇ ਕਰ-ਪੈਰ ਜਵਾਬ ਦੇ ਗਏ ਹਨ ਤੇ ਥਾਏਂ ਬੈਠੀ ਹੈ ਮੱਥਾ ਫੜੀ। ਕੈਸਾ ਬੰਧੇਜ ਹੈ ਕਿ ਜਣੇ ਨੇ ਜਾਣ ਲੱਗਿਆਂ ਅਪਣੀ ਤੀਵੀਂ ਨੂੰ ਅੰਗ ਵੀ ਨਹੀਂ ਲਾ ਸਕਣਾ।

ਕੋਲ਼ ਖੜੋਤੀ ਦੇ ਚੜ੍ਹ ਗਿਆ ਚੀਨ ਦੀ ਗੱਡੀ
...
ਟੇਸ਼ਣ ‘ਤੇ ਜਲ਼ ਬੱਤੀਏ
ਜਿਵੇਂ ਮੇਰਾ ਮਾਹੀ ਖੜਿਆ
ਓਵੇਂ ਵਾਪਸ ਕਰ ਗੱਡੀਏ

ਬਲ਼ਦੀ ਬੱਤੀ, ਉੱਚਾ ਪੁਲ਼ ਤੇ ਪਾਣੀ ਨਾਲ਼ ਭਰੇ ਘੜਿਆਂ ਦਾ ਛੱਤੜਾ ਗੁੱਜਰਖ਼ਾਨ ਰੇਲ ਟੇਸ਼ਣ ‘ਤੇ ਹੁੰਦਾ-ਹੁੰਦਾ ਸੀ; ਪਰ ਪਿਛੋਕੜ ਦੀ ਕਿਲੇ ਵਰਗੀ ਕੰਧ ਤੇ ਦਰਵੱਜੇ ਖ਼ਿਆਲੀ ਹਨ, ਤਾਂ ਕਿ ਤਸਵੀਰ ਦਾ ਭਾਵ ਹੋਰ ਉੱਘੜ ਆਵੇ। ਅਸਤ ਹੋ ਰਹੇ ਸੂਰਜ ਨੇ ਸਾਰੇ ਮਾਹੌਲ ਨੂੰ ਹੋਰ ਉਦਾਸ ਕਰ ਦਿੱਤਾ ਹੈ। ਛੇਤੀ ਹੀ ਹਰ ਕਿਸੇ ਦੀਆਂ ਅੱਖਾਂ ਅੱਗੇ 'ਨੇਰ੍ਹਾ ਛਾ ਜਾਣਾ ਹੈ। ਫੇਰ ਲੰਬੀ ਰਾਤ ਪੈ ਜਾਏਗੀ। ਮੌਜੂਦ ਦਾ ਵੇਲਾ ਬੜੀ ਦੇਰ ਲਈ ਮਨਫ਼ੀ ਹੋ ਜਾਣਾ ਹੈ। ਲੰਘ ਗਏ ਤੇ ਆਉਣ ਵਾਲ਼ੇ ਵੇਲੇ ਦੇ ਦੋ ਕੱਸੇ ਹੋਏ ਸਿਰੇ ਰਹਿ ਜਾਣੇ ਹਨ; ਯਾਦ ਤੇ ਉੱਮੀਦ। ਏਸ ਰੱਸਾਕਸ਼ੀ ‘ਚ ਕੋਈ ਨਹੀਂ ਜਿੱਤਦਾ। ਇਹ ਸੂਰਜ ਅਸਤਣ ਵੇਲੇ ਦੀ ਤਸਵੀਰ ਹੈ - ਤ੍ਰਿਕਾਲ ਸੰਧਯਾ ਦੀ, ਜਦ ਤਿੰਨ ਵੇਲਿਆਂ ਦਾ ਮਿਲਾਪ ਹੁੰਦਾ ਹੈ। ਬੜਾ ਭਾਰਾ ਵੇਲਾ ਹੁੰਦਾ ਹੈ ਇਹ।

ਤਸਵੀਰ ਵਿਚਲੇ ਫ਼ੌਜੀਆਂ ਨੇ ਤੇ ਹੋਰਨਾਂ ਹਜ਼ਾਰਾਂ ਫ਼ੌਜੀਆਂ ਨੇ ਲਾਮ ਟੁੱਟੀ ‘ਤੇ ਘਰ ਮੁੜ ਆਉਣਾ ਹੈ, ਪਰ ਮਾਂ ਦੇ ਪੈਰੀਂ ਹੱਥ ਲਾ ਰਹੇ ਇਸ ਫ਼ੌਜੀ ਨੇ ਨਹੀਂ ਮੁੜਨਾ। ਇਹ ਤਾਂ ਮਰ-ਜਾਣਾ ਹੈ। ਇਹੀ ਇਸ ਵੇਲੇ ਦੀ ਹੋਣੀ ਹੈ। ਏਸ ਪਲ ਇਸ ਫ਼ੌਜੀ ਨੂੰ ਸਿਰਫ਼ ਅਪਣੇ ਘਰਦਿਆਂ ਦੇ ਪਿਆਰ ਦੀ ਨਹੀਂ, ਸਗੋਂ ਦੁਨੀਆ ਦੇ ਸਾਰੇ ਪਿਆਰ ਦੀ ਲੋੜ ਹੈ। ਜੇ ਇਹਨੇ ਮੁੜ ਆਉਣਾ ਹੁੰਦਾ, ਤਾਂ ਇਹ ਤਸਵੀਰ ਨਹੀਂ ਸੀ ਬਣਨੀ। ਏਸ ਗੱਲੋਂ ਇਹ ਤਸਵੀਰ ਬੜੀ ਬੇਕਿਰਕ ਹੈ। ਮੌਤ ਕਿਤੇ ਖੜ੍ਹੀ ਹੱਸ ਰਹੀ ਹੈ, ਪਰ ਨਜ਼ਰ ਨਹੀਂ ਆਉਂਦੀ। ਜੋ ਨਜ਼ਰ ਆਉਂਦਾ ਹੈ, ਉਹ ਜ਼ਿੰਦਗੀ ਹੈ - ਇੱਕੋ ਵੇਲੇ ਕਿੰਨੀ ਅਮਰ ਤੇ ਕਿੰਨੀ ਨਾਸ਼ਵਾਨ। ਇਸ ਫ਼ੌਜੀ ਦੀ ਮੌਤ ਕਿਸੇ ਲੇਖੇ ਨਹੀਂ ਲੱਗਣੀ। ਇਹਨੂੰ ਕਿਸੇ ਸ਼ਹੀਦ ਨਹੀਂ ਆਖਣਾ। ਇਹਦੀ ਕਿਤੇ ਕੋਈ ਯਾਦਗਾਰ ਨਹੀਂ ਬਣਨੀ। ਇਹ ਰਜਪੂਤੀ ਜਾਂ ਖ਼ਾਲਸਾਈ ਸ਼ਾਨ ਦੀ ਤਸਵੀਰ ਨਹੀਂ। ਇਹ ਕੋਈ ਜੂਝਣ ਚੱਲਿਆ ਜੈ ਮਲ ਜਾਂ ਖ਼ਾਲਸਾ ਫ਼ੌਜ ਦਾ ਯੋਧਾ ਨਹੀਂ ਹੈ। ਇਹ ਭਾੜੇ ਦਾ ਫ਼ੌਜੀ ਹੈ। ਫ਼ਰੰਗੀ ਸਿੱਖਾਂ ਨੂੰ ਅਪਣੀ ਫ਼ੌਜ ਵਿਚ 1846 ਵਿਚ ਹੀ ਭਰਤੀ ਕਰਨ ਲਗ ਪਏ ਸੀ। ਸੰਨ 1853-54 ਦੌਰਾਨ ਸਿੱਖ ਫ਼ੌਜੀਆਂ ਨੇ ਗੰਗਾ ਘਾਟੀ ਵਿਚ ਸੰਥਾਲਾਂ ਦੀ ਬਗ਼ਾਵਤ ਕੁਚਲੀ ਸੀ। ਸੰਨ 1860 ਵਿਚ ‘ਲੂਧੀਆਹ’ .ਲੁਧਿਆਣਾ॥ ਰੈਜਮੰਟ ਨੇ ਹਾਂਙਕਾਂਙ ਤੇ ਪੀਕਿੰਙ ਸਰ ਕੀਤਾ ਸੀ। ਸਿੱਖ ਫ਼ੌਜੀ ਅੱਧੀ ਸਦੀ ਤਕ ਸਰਹੱਦੀ ਸੂਬੇ ਵਲ ਪਠਾਣਾਂ ਦੀਆਂ ਬਗ਼ਾਵਤਾਂ ਦਬਾਉਂਦੇ ਰਹੇ ਅਤੇ ਪਰਦੇਸਾਂ ਵਿਚ ਇਨ੍ਹਾਂ ਨੇ ਅਬੀਸੀਨੀਆ, ਮਲਾਇਆ, ਬਰਮਾ (1885), ਅਫ਼ਗ਼ਾਨਿਸਤਾਨ, ਕੇਂਦਰੀ ਪੂਰਬੀ ਤੇ ਦੱਖਣੀ ਅਫ਼ਰੀਕਾ ਵਿਚ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਲਾਈਆਂ। ਦੋਹਵਾਂ ਆਲਮੀ ਜੰਗਾਂ ਵਿਚ 70 ਹਜ਼ਾਰ ਤੋਂ ਵਧ ਸਿੱਖ ਫ਼ੌਜੀ ਮਰੇ ਸਨ। ਇਸ ਤਸਵੀਰ ਦਾ ਫ਼ੌਜੀ ਉਨ੍ਹਾਂ ਮਰਨ ਵਾਲ਼ਿਆਂ ‘ਚ ਸੀ।

ਕਬੀਰ ਜੀ ਤੇ ਗੁਰੂ ਸਾਹਬਾਨ ਆਖਦੇ ਹਨ ਕਿ ਨਾਲ਼ ਕੋਈ ਨਹੀਂ ਜਾਂਦਾ।

ਤੇਰੇ ਨਾਲ਼ ਕੀ ਤਲੰਗਿਆ ਜਾਣਾ, ਛੱਡ ਗਿਉਂ ਟੇਸ਼ਣ ’ਤੇ...

ਫ਼ਰੰਗੀ ਜਿਵੇਂ ਰੇਲ ਗੱਡੀ ‘ਚ ਹੀ ਬੈਠ ਕੇ ਆਏ ਸਨ। ਲੋਕ ਤੇ ਬਾਲਮਨ ਵਿਚ ਰੇਲਗੱਡੀ ਦਾ ਕੋਈ ਅਨੋਖਾ ਮਕ਼ਾਮ ਹੈ। ਇਹ ਸੁਪਨਿਆਂ ਦੀ ਵਾਹਨ ਹੈ। ਕਿਸੇ ‘ਜਨਾਬ ਨੂਰ’ ਨੇ 20ਵੀਂ ਸਦੀ ਦੇ ਸ਼ੁਰੂ ਵਿਚ ਕਾਗ਼ਜ਼ 'ਤੇ ਰੇਲਗੱਡੀ ਵਾਹੀ ਸੀ।

ਇਹ ਖਿਡੌਣੇ ਵਰਗੀ ਗੱਡੀ ਕਿਤੇ ਜਾਣੀ ਨਹੀਂ। ਤਕਰੀਬਨ ਹਰ ਭਾਰਤੀ ਫ਼ਿਲਮ ਵਿਚ ਰੇਲਗੱਡੀ ਹੁੰਦੀ ਹੈ; ਖ਼ਾਸਕਰ ਬੰਗਾਲੀ ਫ਼ਿਲਮਾਂ ਵਿਚ। ਇਹ ਪਿੰਡ ਨੂੰ ਸ਼ਹਿਰ ਨਾਲ਼, ਗ਼ੁਰਬਤ ਨੂੰ ਖ਼ੁਸ਼ਹਾਲੀ ਨਾਲ਼ ਮੇਲਣ ਵਾਲ਼ੀ ਸੰਗਯਾ ਤੇ ਕਿਰਿਆ ਹੈ। ਫ਼ੌਜੀਆਂ ਵਾਲ਼ੀ ਗੱਡੀ ਘਰ ਨੂੰ ਮੋਰਚੇ ਨਾਲ਼ ਜੋੜਦੀ ਹੈ ਤੇ ਇਹਦੀ ਵਾਪਸੀ ਯਕੀਨੀ ਨਹੀਂ। ਇਹਦਾ ਸਫ਼ਰ ਇਕਤਰਫ਼ਾ ਹੈ। ਕੁਝ ਸਾਲਾਂ ਨੂੰ 1947 ਵਿਚ ਇਸ ਗੱਡੀ ਨੇ ਇਹੋ-ਜਿਹਾ ਇਕ ਹੋਰ ਸਫ਼ਰ ਕਰਨਾ ਹੈ। ਓਦੋਂ ਇਸ ਟੇਸ਼ਣ ‘ਤੇ ਕੋਈ ਤੋਰਨ ਵਾਲ਼ਾ ਵੀ ਨਹੀਂ ਹੋਣਾ; ਸਭਨਾਂ ਨੇ ਤੁਰ ਜਾਣਾ ਹੈ। ਉਨ੍ਹਾਂ ਦੀ ਤਸਵੀਰ ਜਿਹਲਮ ਦਾ ਮੁੰਡਾ ਸਤੀਸ਼ ਗੁਜਰਾਲ ਬਣਾਏਗਾ।

ਪੰਜਾਬ ਦੀ ਵੰਡ ਤੇ ਦੋਹਵਾਂ ਜੰਗਾਂ ‘ਚ ਹਜ਼ਾਰਾਂ ਫ਼ੌਜੀਆਂ ਦੀਆਂ ਮੌਤਾਂ ਇਸ ਸਦੀ ਦੇ ਬਹੁਤ ਵੱਡੇ ਦੁਖਾਂਤ ਹਨ। ਪੰਜਾਬ ਦਾ ਟੁੱਟਣਾ ਜੰਗਾਂ ਤੋਂ ਵੀ ਵੱਡਾ ਦੁਖਾਂਤ ਹੈ; ਤਾਂਹੀਓਂ ਇਹਦਾ ਕੋਈ ਲੋਕਗੀਤ ਨਹੀਂ ਬਣਿਆ, ਸਿਰਫ਼ ਦੋ-ਤਿੰਨ ਨਜ਼ਮਾਂ ਹੀ ਲਿਖੀਆਂ ਗਈਆਂ ਹਨ। ਜੰਗਾਂ ਦਾ ਦੁੱਖ ਵੀ ਕਿਸੇ ਨਹੀਂ ਲਿਖਿਆ।

ਸਿਗਨਲ ਡਾਊਨ ਹੋ ਚੁੱਕਾ ਹੈ। ਬੇਮੁੱਖ ਗਾਰਡ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਸੀਟੀ ਮਾਰਨ ਲਈ ਸਾਹ ਭਰਿਆ ਹੈ। ਜੇਲਾਂ ਤੇ ਹਸਪਤਾਲਾਂ ਵਿਚ ਵੀ ਰੇਲਗਾਰਡ ਵਰਗੇ ਬੰਦੇ ਹੁੰਦੇ ਹਨ, ਜਿਨ੍ਹਾਂ ਦਾ ਵਜੂਦ ਮੁਲਾਕਾਤੀਆਂ ਨੂੰ ਆਖਦਾ ਹੁੰਦਾ ਹੈ - ਹੁਣ ਬਸ ਵੀ ਕਰੋ; ਵੇਲਾ ਹੋ ਗਿਆ। - ਜੇ ਇਹ ਨਜ਼ਾਰਾ ਕਿਸੇ ਫ਼ਿਲਮ ‘ਚ ਹੋਵੇ ਜਾਂ ਡਰਾਮੇ ਵਿਚ, ਤਾਂ ਪਿਛਵਾੜੇ ਕਿਹੋ ਜਿਹਾ ਸੰਗੀਤ ਵੱਜੇ? ਸਾਕਾ ਵਰਤਣ ਵੇਲੇ ਸਾਜ਼ ਨਹੀਂ ਵੱਜਦੇ ਹੁੰਦੇ, ਤੇ ਨਾ ਹੀ ਕੋਈ ਰਫ਼ੀ ਮੁਹੰਮਦ ਗੀਤ ਗਾਉਂਦਾ ਹੁੰਦਾ ਹੈ। ਇੰਜਣ ਨੇ ਹੁਣੇ ਚੀਕ ਮਾਰਨੀ ਹੈ। ਪਹੀਏ ਇਕ ਵਾਰੀ ਲੀਹ ‘ਤੇ ਉਂਜ ਹੀ ਘੁੰਮ ਜਾਣਗੇ। ਦਿਲਾਂ ਦੀ ਧੜਕਣ ਖੁੰਝ ਜਾਏਗੀ। ਲੋਹੇ ਦੀਆਂ ਲੀਹਾਂ ‘ਤੇ ਧੜਵੈਲ ਪਹੀਆਂ ਦੇ ਘਿਸਰਨ ਦੀ ਆਵਾਜ਼ ਨਿਕਲ਼ੇਗੀ। ਖੜਕਦੇ ਡੱਬੇ ਹੁੱਝਕੇ ਮਾਰਨਗੇ। ਨਾ ਚੱਲਣ ਦੀ ਜ਼ਿੱਦ ਕਰਨਗੇ।

ਟੁੱਟ ਜਾਏਂ ਰੇਲਗੱਡੀਏ ਤੇਰਾ ਇੰਜਣ ਹੁਲਾਰੇ ਖਾਵੇ
ਰੋਕੋ ਨੀ ਕੁੜੀਓ ਮੇਰਾ ਢੋਲ ਲਾਮ ਨੂੰ ਜਾਵੇ

ਤਸਵੀਰ ਵਿਚ ਇਕੱਲੇ ਰਹਿ ਗਏ ਫ਼ੌਜੀਆਂ ਦੇ ਸਿਰਾਂ ਦੁਆਲ਼ੇ ਆਭਾਮੰਡਲ ਨਹੀਂ, ਇੰਜਣ ਦੀ ਭਾਫ਼ ਦੇ ਛੱਲੇ ਹਨ। ਇਨ੍ਹਾਂ ਛੱਲਿਆਂ ਨੇ ਹਰ ਸ਼ਕਲ ਸੰਗਲੀ ‘ਚ ਪੁਰੋਈ ਹੋਈ ਹੈ; ਦੁਮੇਲ ਵੀ। ਜਿਵੇਂ ਕੈਲੰਡਰ ‘ਤੇ ਕਿਸੇ ਤਾਰੀਖ਼ ਦੁਆਲ਼ੇ ਨਿਸ਼ਾਨੀ ਲਾਈਦੀ ਹੈ, ਇਵੇਂ ਤਸਵੀਰ ਵਿਚ ਟਾਈਮ ਤੇ ਸਪੇਸ ਨੂੰ ਸਿਮਰਤੀ ਨੇ ਬੰਨ੍ਹ ਮਾਰ ਦਿੱਤਾ ਹੈ। ਸਿਮਰਤੀ ਦੀ ਇਹ ਕਾਰ ਕੋਈ ਵੀ ਨਹੀਂ ਉਲੰਘ ਸਕਦਾ।

ਮਰ ਰਹੇ ਬੰਦੇ ਦੀਆਂ ਅੱਖਾਂ ਅੱਗੇ ਆਖ਼ਰੀ ਪਲਾਂ ਵਿਚ ਕੀ ਕੁਝ ਆਉਂਦਾ ਹੋਵੇਗਾ? ਯਮ ਇੰਜਣ ‘ਤੇ ਸਵਾਰ ਹੋ ਕੇ ਇਸ ਫ਼ੌਜੀ ਨੂੰ ਲੈਣ ਆਏ ਹੋਣਗੇ। ਇਹਦੀਆਂ ਅੱਖਾਂ ਨੇ ਕੀ ਕੁਝ ਦੇਖਿਆ ਹੋਏਗਾ - ਮਾਂ ਦੇ ਪੈਰ? ਪਿਉ ਦੀ ਬੱਗੀ ਕੰਬਦੀ ਦਾਹੜੀ? ਜਾਂ ਅਪਣੀ ਤੀਵੀਂ ਦੇ ਕੰਨਾਂ ਦੀ ਵਾਲ਼ੀ?

ਬੰਦਰਗਾਹਾਂ ਅਤੇ ਹਵਾਈ ਅੱਡਿਆਂ ‘ਤੇ ਵੀ ਵਿਛੋੜੇ ਦਾ ਸਾਕਾ ਵਾਪਰਦਾ ਹੈ। ਬੰਦਰਗਾਹ ਵਿਚ ਗੱਡੀ ਦੀ ਲੀਹ ਨਹੀਂ ਹੁੰਦੀ, ਪਾਣੀ ਦੀਆਂ ਲਹਿਰਾਂ ਹੁੰਦੀਆਂ ਹਨ। ਹਵਾਈ ਅੱਡੇ ਵਿਚ ਲਹਿਰਾਂ ਤੇ ਲੀਹਾਂ ਖੜ੍ਹੇ ਰੁਖ਼ ਹੋ ਕੇ ਅਲੋਪ ਹੋ ਜਾਂਦੀਆਂ ਹਨ। ਓਥੇ ਦੁਮੇਲ ਨਹੀਂ ਹੁੰਦਾ। ਧਰਤੀ ਤੇ ਆਕਾਸ਼ ਮਿਲ਼ਦੇ ਨਹੀਂ ਕਦੇ ਵੀ, ਜਿਵੇਂ ਰੇਲ ਦੀਆਂ ਲੀਹਾਂ ਨਹੀਂ ਮਿਲ਼ਦੀਆਂ।

ਵਿਛੋੜੇ ਵਿਚ ਮਿਲਾਪ ਵੀ ਹੁੰਦਾ ਹੈ। ਇਸ ਟੱਬਰ ਦੇ ਸਾਰੇ ਜੀਆਂ ਨੂੰ ਸ਼ਾਇਦ ਅੱਜ ਪਹਿਲੀ ਵਾਰ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਆਪੋ ਵਿਚ ਕਿੰਨਾ ਪਿਆਰ ਹੈ; ਇਨ੍ਹਾਂ ਨੂੰ ਇਕ ਦੂਜੇ ਦੀ ਕਿੰਨੀ ਲੋੜ ਹੈ, ਖ਼ਾਸਕਰ ਜਾਣ ਵਾਲ਼ੇ ਦੀ। ਇਨ੍ਹਾਂ ਦਾ ਇਹੋ ਜਿਹਾ ਮਿਲਾਪ ਪਹਿਲਾਂ ਕਦੇ ਨਹੀਂ ਸੀ ਹੋਇਆ। ਅੱਜ ਵਿਛੜ ਕੇ ਸਾਰੇ ਇਕ ਦੂਜੇ ਦੇ ਬਹੁਤ ਨੇੜੇ ਹੋ ਜਾਣਗੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346