ਸ਼ਿਵ ਬਟਾਲਵੀ
ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ
ਜਾਂਦਾ ਤਾਂ ਉਸ ਨੂੰ ਆਪਣੇ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ,
ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ।
ਸ਼ਿਵ ਸਟੇਟ ਬੈਂਕ ਆਫ਼ ਇੰਡੀਆ
ਤੋਂ ਛੁੱਟੀ ਲਏ ਬਗੈਰ ਕਈ ਵਾਰ ਮੇਰੇ ਨਾਲ ਦਿੱਲੀ ਜਾਂਦਾ।
ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦੀ ਘਾਟ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ
ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਹੈ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ
ਜੇਬ ਵਿਚ ਜੇ ਇਕ ਹਜ਼ਾਰ ਰੁਪਿਆ ਹੁੰਦਾ ਤਾਂ ਉਹ ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ
ਤੇ ਖੁਆਣ ਉਤੇ ਖ਼ਰਚ ਕਰ ਦੇਂਦਾ। ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫ਼ਕੀਰ। ਉਸ ਵਿਚ ਆਪਣੇ ਆਪ ਨੂੰ
ਉਜਾੜਨ ਦੀ ਬਹੁਤ ਸ਼ਕਤੀ ਸੀ।
ਉਸ ਨੇ ਆਖਿਆ, ‘‘ਇਹ ਸਾਲੀਆਂ ਤੀਵੀਆਂ ਹਮੇਸ਼ਾ ਰੋਂਦੀਆਂ ਰਹਿੰਦੀਆਂ ਨੇ ਕਿ ਫ਼ਲਾਂ ਮਰਦ ਨੇ
ਮੇਰੀ ਅਸਮਤ ਲੁੱਟ ਲਈ। ਤੁਸੀਂ ਆਪਣੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਰਖ ਦਿਉ। ਮੈਂ ਬੈਂਕ
ਵਿਚ ਕੰਮ ਕਰਦਾ ਹਾਂ। ਬੜੇ ਲਾਕਰ ਨੇ ਉਥੇ। ਨੋਟਾਂ ਦੇ ਥੱਬੇ। ਸੋਨੇ ਦੇ ਗਹਿਣੇ। ਹੀਰੇ। ਪਰ
ਕੋਈ ਅਜਿਹਾ ਲਾਕਰ ਨਹੀਂ ਜਿਥੇ ਤੀਵੀਂ ਆਪਣੇ ਹੁਸਨ ਜਾਂ ਜਵਾਨੀ ਨੂੰ ਰਖ ਕੇ ਕੁੰਜੀ ਜੇਬ ਵਿਚ
ਪਾ ਲਵੇ? ਇਸ ਸਾਲੇ ਹੁਸਨ ਨੇ ਤਾਂ ਤਬਾਹ ਹੋਣਾ ਹੀ ਹੈ... ਤੇ ਤਬਾਹੀ ਕਿਸ ਗੱਲ ਦੀ? ਪਿਆਰ
ਨਾਲ ਹੁਸਨ ਚਮਕਦਾ ਹੈ। ਜਵਾਨੀ ਮੱਚਦੀ ਹੈ। ਇਸਮਤ ਦਾ ਪਾਖੰਡ ਤਾਂ ਕੋਝੀਆਂ ਤੀਵੀਆਂ ਨੇ ਰਚਿਆ
ਹੈ.. ਇਨਸਾਨੀ ਜਿਸਮ ਨੂੰ ਕੋਈ ਚੀਜ਼ ਮੈਲਾ ਨਹੀਂ ਕਰ ਸਕਦੀ। ਹਮੇਸ਼ਾ ਨਿਖਰਿਆ ਤੇ ਸਜਰਾ
ਰਹਿੰਦਾ ਹੈ ਹੁਸਨ।’’
ਸ਼ਿਵ ਨਾਲ ਕਾਰ ਵਿਚ ਸਫ਼ਰ ਕਰਨ ਦਾ ਕੋਈ ਸੌਦਾ ਨਹੀਂ ਸੀ, ਇਹ ਤਾਂ ਇਕ ਪ੍ਰਕਾਰ ਦਾ ਲਾਡ ਸੀ।
ਮੈਂ ਕਾਰ ਵਿਚ ਲੋਕਾਂ ਨੂੰ ਢੋਣ ਦੇ ਹੱਕ ਵਿਚ ਨਹੀ। ਸਫ਼ਰ ਬੜੀ ਸੂਖਮ ਤੇ ਅਧਿਆਤਮਕ ਚੀਜ਼ ਹੈ
ਮੇਰੇ ਲਈ। ਜੇ ਕੋਈ ਯਾਰ ਨਾਲ ਹੋਵੇ ਤਾਂ ਸੌ ਮੀਲ ਦਾ ਸਫ਼ਰ ਮਿੰਟਾਂ ਵਿਚ ਕਟ ਜਾਂਦਾ ਹੈ। ਜੇ
ਕੋਈ ਬੋਰ ਨਾਲ ਹੋਵੇ ਤਾਂ ਦੋ ਮੀਲ ਦਾ ਸਫ਼ਰ ਵੀ ਦੋ ਹਜ਼ਾਰ ਮੀਲ ਲਗਦਾ ਹੈ।
ਇਕ ਦਿਨ ਸਵੇਰੇ ਸਵੇਰੇ ਸ਼ਿਵ ਮੇਰੇ ਘਰ ਆਇਆ ਤੇ ਆਖਣ ਲਗਾ, ‘‘ਅੱਜ ਸ਼ਾਮ ਨੂੰ ਕਪੂਰਥਲੇ
ਮੁਸ਼ਾਇਰਾ ਹੈ। ਤੂੰ ਮੇਰੇ ਨਾਲ ਚੱਲ।’’
ਮੈਂ ਉ¤ਤਰ ਦਿਤਾ ਕਿ ਮੈਂ ਨਹੀਂ ਜਾ ਸਕਦਾ। ਕਿਸੇ ਹੋਰ ਨੂੰ ਨਾਲ ਲੈ ਜਾਹ।
ਸ਼ਿਵ ਬੋਲਿਆ, ‘‘ਟੈਕਸੀ ਲੈ ਕੇ ਆਵਾਂਗਾ। ਇਕੱਲਾ। ਹੋਰ ਕਿਸੇ ਕੰਜਰ ਨੂੰ ਨਹੀਂ ਦਸਣਾ।
ਚੰਡੀਗੜ੍ਹ ਭਰਿਆ ਪਿਆ ਹੈ ਮੁਫ਼ਤਖੋਰਿਆਂ ਦਾ। ਐਵੇਂ ਨਾਲ ਤੁਰ ਪੈਣਗੇ। ਮੈਂ ਟੈਕਸੀ ਵਿਚ ਸੂਰ
ਨੂੰ ਲੱਦ ਕੇ ਲਿਜਾ ਸਕਦਾ ਹਾਂ, ਪਰ ਕਿਸੇ ਬੋਗਸ ਰਾਈਟਰ ਨੂੰ ਨਹੀਂ। ਤੈਨੂੰ ਚਲਣਾ ਪਏਗਾ।
ਮੈਂ ਤੈਨੂੰ ਬੀਅਰ ਦੀਆਂ ਤਿੰਨ ਬੋਤਲਾਂ ਤੇ ਭੁੰਨਿਆ ਹੋਇਆ ਮੁਰਗਾ ਖੁਆਵਾਂਗਾ ਰਸਤੇ ਵਿਚ। ਤੇ
ਤੀਹ ਰੁਪਏ।’’
ਮੈਂ ਆਖਿਆ, ‘‘ਮੇਰਾ ਰੇਟ ਪੰਜਾਹ ਰੁਪਏ ਹੈ।’’
ਉਹ ਮੰਨ ਗਿਆ।
ਸ਼ਿਵ ਨੂੰ ਮੁਸ਼ਾਇਰੇ ਦੇ ਪੰਜ ਸੌ ਰੁਪਏ ਮਿਲਣੇ ਸਨ। ਪ੍ਰਬੰਧਕਾਂ ਨੇ ਇਹ ਗੱਲ ਲੁਕੋ ਕੇ ਰਖੀ
ਸੀ ਕਿ ਸ਼ਿਵ ਇਸ ਬਾਰੇ ਹੋਰ ਕਿਸੇ ਨਾਲ ਗੱਲ ਨਾ ਕਰੇ ਨਹੀਂ ਤਾਂ ਕਈ ਕਵੀ ਰੁਸ ਜਾਣਗੇ।
ਪੰਜ ਸੌ ਰੁਪਏ ਵਿਚੋਂ ਸ਼ਿਵ ਨੇ ਢਾਈ ਸੌ ਰੁਪਿਆ ਟੈਕਸੀ ਨੂੰ ਦੇਣਾ ਸੀ, ਤੇ ਬਾਕੀ ਖ਼ਰਚ ਵਰਚ
ਲਈ।
ਸ਼ਾਮ ਦੇ ਪੰਜ ਵਜੇ ਉਹ ਟੈਕਸੀ ਲੈ ਕੇ ਆ ਗਿਆ। ਮੈਨੂੰ ਨਾਲ ਬਿਠਾਇਆ ਤੇ ਟੈਕਸੀ ਦੌੜ ਪਈ।
ਰਸਤੇ ਵਿਚ ਹੀ ਸਾਨੂੰ ਅੱਠ ਵਜ ਚੁਕੇ ਸਨ। ਮੁਸ਼ਾਇਰੇ ਦਾ ਸਮਾਂ ਸਾਢੇ ਸੱਤ ਦਾ ਸੀ। ਮੈਂ ਵਕਤ
ਸਿਰ ਪੁੱਜਣ ਲਈ ਚਿੰਤਾਤੁਰ ਸਾਂ।
ਸ਼ਿਵ ਨੇ ਟੈਕਸੀ ਵਾਲੇ ਨੂੰ ਆਖਿਆ, ‘‘ਸਰਦਾਰ ਜੀ, ਜ਼ਰਾ ਇਸ ਕਾਲੋਨੀ ਵੱਲ ਗੱਡੀ ਨੂੰ ਮੋੜ ਲਉ।
ਮੈਂ ਇਕ ਦੋਸਤ ਨੂੰ ਮਿਲਣਾ ਹੈ।’’
ਮੈਂ ਆਖਿਆ, ‘‘ਪਹਿਲਾਂ ਹੀ ਦੇਰ ਹੋ ਚੁਕੀ ਹੈ।’’
‘‘ਫ਼ਿਕਰ ਨਾ ਕਰ, ਦੋ ਕੁ ਮਿੰਟ ਹੀ ਮਿਲਣਾ ਹੈ ਇਕ ਕੁੜੀ ਨੂੰ। ਉਹ ਮੇਰੀ ਦੋਸਤ ਹੈ।’’
ਟੈਕਸੀ ਕਲੋਨੀ ਦੀਆਂ ਸੜਕਾਂ ਘੁੰਮਦੀ ਫਿਰੀ। ਸ਼ਿਵ ਨੂੰ ਘਰ ਭੁਲ ਗਿਆ ਸੀ। ਨਾ ਨੰਬਰ ਯਾਦ ਸੀ,
ਨਾ ਗਲੀ। ਤਿੰਨ ਚਾਰ ਥਾਂ ਟੈਕਸੀ ਰੋਕ ਕੇ ਪੁਛਿਆ ਪਰ ਪਤਾ ਨਾ ਚਲਿਆ। ਟੈਕਸੀ ਘੁੰਮ ਕੇ ਇਕ
ਮੋੜ ਮੁੜੀ ਤਾਂ ਨਿੰਮ ਦਾ ਇਕ ਦਰਖੱਤ ਦਿਸਿਆ। ਸ਼ਿਵ ਨੇ ਆਖਿਆ, ‘‘ਬਸ ਬਸ, ਠਹਿਰੋ। ਇਹੀ
ਹੈ।’’
ਟੈਕਸੀ ਤੋਂ ਉਤਰ ਕੇ ਉਸ ਨੇ ਘੰਟੀ ਵਜਾਈ। ਇਕ ਨੌਜਵਾਨ ਔਰਤ ਨੇ ਬੂਹਾ ਖੋਲ੍ਹਿਆ, ¦ਮੇ ਕਾਲੇ
ਵਾਲ, ਸੋਹਣੇ ਨਕਸ਼।
ਸ਼ਿਵ ਬੋਲਿਆ,‘‘ਥੋੜ੍ਹੀ ਦੇਰ ਲਈ ਆਇਆ ਹਾਂ। ਕਿਥੇ ਐ ਤੇਰਾ ਮੀਆਂ?’’
‘‘ਡਿਊਟੀ ਤੇ ਗਏ ਹੋਏ ਹਨ। ਕੱਲ੍ਹ ਨੂੰ ਮੁੜਨਗੇ।’’
‘‘ਚੰਗਾ ਫਿਰ ਚਾਹ ਪਿਲਾ ਮੇਰੇ ਦੋਸਤ ਨੂੰ। ਜਾਣਦੀ ਹੈਂ ਨਾ ਇਹਨਾਂ ਨੂੰ?’’
ਉਸ ਨੇ ਮੇਰਾ ਤੁਆਰਫ਼ ਕਰਾਇਆ।
ਉਹ ਚਾਹ ਤਿਆਰ ਕਰਨ ਲਗੀ। ਸ਼ਿਵ ਦੀਵਾਨ ਉਤੇ ਸਣੇ ਬੂਟ ਲੇਟ ਗਿਆ।
ਮੈਂ ਇਰਗ ਗਿਰਦ ਨਜ਼ਰ ਸੁਟੀ। ਕੰਧ ਉਤੇ ਇਕ ਬੰਦੂਕ ਤੇ ਕਾਰਤੂਸਾਂ ਦੀ ਪੇਟੀ ਲਟਕ ਰਹੀ ਸੀ।
ਸ਼ਾਇਦ ਕਿਸ ਫ਼ੌਜੀ ਦਾ ਘਰ ਸੀ ਜਾਂ ਜੰਗਲਾਤ ਦੇ ਮਹਿਕਮੇ ਦੇ ਅਫ਼ਸਰ ਦਾ। ਇਕ ਪਾਸੇ ਉ¤ਚੇ
ਲਿਸ਼ਕਦੇ ਬੂਟ।
ਉਹ ਚਾਹ ਤੇ ਬਿਸਕੁਟ ਲੈ ਆਈ।
ਸ਼ਿਵ ਬੋਲਿਆ, ‘‘ਮੈਂ ਚਾਹ ਨਹੀਂ ਪੀਣੀ। ਇਹ ਸਿਰਫ਼ ਬਲਵੰਤ ਵਾਸਤੇ ਹੈ।’’
ਉਹ ਵੇਹੜੇ ਵਿਚ ਖੇਡਦੇ ਆਪਣੇ ਬੱਚੇ ਨੂੰ ਲੈ ਆਈ। ਸ਼ਿਵ ਨੇ ਉਸ ਦੀ ਗੱਲ੍ਹ ਉਤੇ ਕੁਤਕੁਤਾੜੀਆਂ
ਕੀਤੀਆਂ।
ਫਿਰ ਬੋਲਿਆ, ‘‘ਮੈਂ ਮੁਸ਼ਾਇਰੇ ਉਤੇ ਛੇਤੀ ਪਹੁੰਚਣਾ ਹੈ। ਤੂੰ ਵੀ ਨਾਲ ਚੱਲ।’’
ਉਹ ਬੋਲੀ, ‘‘ਮੈਂ ਕਿਵੇਂ ਜਾ ਸਕਦੀ ਹਾਂ? ਉਹਨਾਂ ਨੇ ਕੱਲ੍ਹ ਸਵੇਰੇ ਆਉਣਾ ਹੈ।’’
ਉਹ ਲਾਪ੍ਰਵਾਹੀ ਨਾਲ ਬੋਲਿਆ, ‘‘ਆਖ ਦੇਵੀਂ ਸ਼ਿਵ ਨਾਲ ਗਈ ਸਾਂ। ਤੈਨੂੰ ਉਸ ਨੇ ਕੁਝ ਨਹੀਂ
ਆਖਣਾ। ਨੀ ਸ਼ਾਇਰ ਨਾਲ ਚੱਲੀ ਏਂ, ਕਿਸੇ ਵਪਾਰੀ ਨਾਲ ਨਹੀਂ। ਚੱਲ ਛੇਤੀ ਕਰ।’’
ਇਹ ਆਖ ਕੇ ਸ਼ਿਵ ਉਠਿਆ ਤੇ ਉਸ ਦੇ ਮੋਢੇ ਉਤੇ ਹੱਥ ਰਖ ਕੇ ਬੋਲਿਆ, ‘‘ਸ਼ਿਵ...ਬਸ ਮੇਰਾ ਨਾਂ
ਲੈ ਦੇਵੀਂ...ਐਵੇਂ ਨਾ ਡਰ। ਚਲ ਛੇਤੀ ਕਰ।’’
ਮੈਂ ਸੋਚਿਆ ਇਹ ਕੀ ਬਕਵਾਸ ਕਰੀ ਜਾਂਦਾ ਹੈ। ਜੇ ਕਿਤੇ ਇਸ ਦੇ ਖਾਵੰਦ ਨੂੰ ਪਤਾ ਲਗ ਜਾਵੇ
ਤਾਂ ਇਸੇ ਬੰਦੂਕ ਨਾਲ ਦੋਹਾਂ ਨੂੰ ਉਡਾ ਦੇਵੇ। ਮੈਂ ਵੀ ਵਿਚੇ ਹੀ ਭੁੰਨਿਆ ਜਾਵਾਂ।
ਪਰ ਮੈਂ ਦੇਖਿਆ ਕਿ ਉਹ ਔਰਤ ਬੱਚੇ ਨੂੰ ਗੁਆਂਢਣ ਕੋਲ ਸੰਭਾਲ ਆਈ ਤੇ ਸ਼ਿਵ ਨਾਲ ਤੁਰ ਪਈ।
ਮੈਨੂੰ ਇਹ ਚਿੱਤਰ ਹੁਣ ਤੀਕ ਨਹੀਂ ਭੁੱਲਦਾ ਕਿ ਉਹ ਖੁੱਲ੍ਹੇ ਵਾਲਾਂ ਦੀ ਗੁੱਤ ਕਰਦੀ ਹੋਈ
ਸ਼ਿਵ ਨਾਲ ਬੈਠੀ ਸੀ ਤੇ ਕਾਰ ਕਪੂਰਥਲੇ ਵੱਲ ਦੌੜੀ ਜਾ ਰਹੀ ਸੀ।
ਉਥੇ ਪਹੁੰਚੇ ਤਾਂ ਸਾਢੇ ਨੌਂ ਵਜ ਚੁਕੇ ਸਨ ਤੇ ਮੁ²ਸ਼ਾਇਰਾ ਚਲ ਰਿਹਾ ਸੀ।
ਇਹ ਮੁਸ਼ਾਇਰਾ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸੰਬੰਧੀ ਸੀ। ਪ੍ਰਿੰਸੀਪਲ
ਓ.ਪੀ. ਸ਼ਰਮਾ ਨੇ ਧੂਮ ਧਾਮ ਨਾਲ ਇਹ ਮੁਸ਼ਾਇਰਾ ਰਚਾਇਆ ਸੀ। ਸਟੇਜ ਦੇ ਪਿਛਾੜੀ ਸ਼ਰਾਬ ਦੀ ਛਬੀਲ
ਲਗੀ ਹੋਈ ਸੀ। ਸ਼ਿਵ ਨੂੰ ਤੇ ਮੈਨੂੰ ਦੇਖਣਸਾਰ ਦੋ ਤਿੰਨ ਕਰਮਚਾਰੀ ਅੱਗੇ ਵਧੇ, ਸੁਆਗਤੀ
ਜੱਫ਼ੀਆਂ ਪਾਈਆਂ ਤੇ ਵਿਸਕ ਦੇ ਗਲਾਸ ਪੇਸ਼ ਕੀਤੇ। ਸ਼ਿਵ ਨੇ ਪੰਜ ਸੱਤ ਘੁੱਟਾਂ ਵਿਚ ਗਲਾਸ ਖ਼ਤਮ
ਕੀਤਾ।
ਅਸੀਂ ਅੰਦਰ ਸਟੇਜ ਉਤੇ ਗਏ ਤਾਂ ਸ਼ਿਵ ਨੂੰ ਦੇਖ ਕੇ ਸਾਰੇ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ
ਤੇ ਤਾੜੀਆਂ ਨਾਲ ਫ਼ਿਜ਼ਾ ਗੂੰਜ ਉਠੀ। ਵਿਚੋਂ ਦੋ ਚਾਰ ਮੁੰਡਿਆਂ ਤੇ ਕੁੜੀਆਂ ਦੀਆਂ ਜੁਸ਼ੀਲੀਆਂ
ਆਵਾਜ਼ਾਂ ਵੀ ਆਈਆਂ।
ਸਟੇਜ ਉਤ ਪੱਚੀ ਤੀਹ ਸ਼ਾਇਰ ਸਜੇ ਬੈਠੇ ਸਨ। ਇਨ੍ਹਾਂ ਵਿਚ ਪ੍ਰੋ. ਮੋਹਨ ਸਿੰਘ, ਮੀਸ਼ਾ, ਸਾਧੂ
ਸਿੰਘ ਹਮਦਰਦ, ਤੇ ਬਲੱਗਣ ਵੀ ਸਨ।
ਪੰਜ ਛੇ ਕਵੀਆਂ ਨੇ ਸਾਡੇ ਸਾਹਮਣੇ ਨਜ਼ਮਾਂ ਪੜ੍ਹੀਆਂ ਤਾਂ ਉਹਨਾਂ ਦਾ ਵਿਸ਼ਾ ਕੁਝ ਇਸ ਤਰ੍ਹਾਂ
ਸੀ: ਬਾਬਾ ਨਾਨਕ, ਹੁਣ ਤੂੰ ਨਾ ਆਵੀਂ। ਇਥੇ ਰਿਸ਼ਵਤਾਂ, ਝਗੜੇ, ਵੰਡੀਆਂ, ਰਗੜੇ। ਤੂੰ ਨਾ
ਆਵੀਂ। ਜਾਂ ਇਸ ਵਿਸ਼ੇ ਉਤੇ : ਬਾਬਾ ਤੂੰ ਆ ਕੇ ਦੇਖ ਦੇਸ਼ ਵਿਚ ਕਿੰਨਾ ਭ੍ਰਿਸ਼ਟਾਚਾਰ ਹੈ।
ਗ਼ਰੀਬਾਂ ਉਪਰ ਜ਼ੁਲਮ ਹੁੰਦਾ ਹੈ। ਲੋਕ ਨੰਗੇ ਭੁੱਖੇ ਫਿਰਦੇ ਹਨ। ਤੂੰ ਆ ਕੇ ਦੇਖ!
ਮੋਹਨ ਸਿੰਘ ਨੇ ਆਪਣੇ ਮਹਾ-ਕਾਵਿ ‘ਨਨਕਾਇਣ’ ਵਿਚੋਂ ਨਜ਼ਮ ਪੜ੍ਹੀ ਜਿਸ ਵਿਚ ਉਹ ਤਲਵੰਡੀ ਦੀ
ਸ਼ਾਮ ਬਿਆਨ ਕਰਦਾ ਹੈ। ਸਾਰੇ ਕਾਫ਼ੀਏ ‘²ਸ਼ਾਮ’, ‘ਨਾਮ’, ‘ਕਾਮ’, ‘ਧਾਮ’ ਆਦਿ ਨਾਲ ਭਰੇ ਪਏ
ਸਨ। ਮੁਸ਼ਾਇਰੇ ਵਿਚ ਥਕਾਵਟ ਸੀ, ਖ਼ਿਆਲਾਂ ਦਾ ਬੁਢਾਪਾ।
ਸ਼ਿਵ ਉਠਿਆ ਤਾਂ ਸਾਰੇ ਹਾਲ ਵਿਚ ਲੂਹਰੀ ਦੌੜ ਗਈ।
ਉਸ ਨੇ ਨਜ਼ਮ ਪੜ੍ਹੀ : ‘ਸਫ਼ਰ’।
ਅੱਖਾਂ ਬੰਦ ਕਰਕੇ ਤੇ ਬਾਂਹ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁਣ-ਗੁਣਾਇਆ। ਨਸ਼ੀਲੇ ਧੀਮੇ
ਸੁਰ ਲਰਜ਼ੇ ਤੇ ਲੋਕਾਂ ਦੇ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਨੇ ਮਿਜ਼ਰਾਬ ਨਾਲ ਛੇੜਿਆ।
ਯਕਦਮ ਉਸ ਦੀ ਆਵਾਜ਼ ਟੀਪ ਦੇ ਸੁਰਾਂ ਉਤੇ ਗੂੰਜੀ। ਉਹ ਨਾਨਕ ਨੂੰ ਵੰਗਾਰ ਰਿਹਾ ਸੀ। ਇਕ ਸ਼ਾਇਰ
ਦੂਜੇ ਸ਼ਾਇਰ ਨੂੰ ਮੁਖ਼ਾਤਿਬ ਸੀ। ਉਹ ਨਾਨਕ ਨੂੰ ਆਖ ਰਿਹਾ ਸੀ, ‘‘ਦੇਖ ਤੇਰੀ ਕੌਮ ਨੇ ਕਿੰਨਾ
ਸਫ਼ਰ ਕੀਤਾ ਹੈ, ਤੇਰੇ ਤੋਂ ਅੱਗੇ! ਇਹ ਅੱਜ ਪਹੁੰਚੀ ਹੈ ਨਾਮ ਤੋਂ ਤਲਵਾਰ ਤੀਕ।’’
‘ਨਾਮ ਤੋਂ ਤਲਵਾਰ ਤੀਕ’ ਦੇ ਸ਼ਬਦ ਗੂੰਜੇ ਤਾਂ ਜਵਾਨਾਂ ਦੇ ਸੀਨੇ ਵਿਚ ਸਮੁੱਚੀ ਕੌਮ ਦੇ
ਨਿਮਨ-ਚੇਤਨ ਵਿਚਲੀਆਂ ਸਧਰਾਂ ਜਾਗ ਉਠੀਆਂ। ਸਾਰੇ ਹਾਲ ਵਿਚ ਸ਼ਿਵ ਗੂੰਜ ਰਿਹਾ ਸੀ। ਉਸ ਦਾ
ਕੱਦ ਬਹੁਤ ਉ¤ਚਾ ਲਗ ਰਿਹਾ ਸੀ ਤੇ ਉਸ ਦੀ ਆਵਾਜ਼ ਵਿਚ ਪੈਗ਼ੰਬਰਾਂ ਵਾਲਾ ਜਲਾਲ ਸੀ - ਲੋਕਾਂ
ਨੂੰ ਹਲੂਣਨ ਦੀ ਸ਼ਕਤੀ, ਉਹਨਾਂ ਨੂੰ ਗੁਆਉਣ ਤੇ ਜਗਾਉਣ ਤੇ ਅੱਗੇ ਵਧਣ ਦੀ ਪ੍ਰੇਰਨਾ।
ਹਾਲ ਵਿਚ ਸੱਨਾਟਾ ਸੀ। ਕਿਸੇ ਕਿਸੇ ਵੇਲੇ ਹਲਕੀ ਜਿਹੀ ‘ਆਹ’ ਨਿਕਲਦੀ। ਫਿਰ ਟੂਣੇਹਾਰੀ
ਮੁਗਧਤਾ।
ਨਜ਼ਮ ਖ਼ਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ ‘‘ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ।’’
ਸ਼ਿਵ ਮੁਸਕ੍ਰਾਇਆ ਤੇ ਨਵਾਂ ਮੂਡ ਤਾਰੀ ਕਰਨ ਲਈ ਫਿਰ ਗੁਣਗੁਣਾਇਆ। ਨਜ਼ਮ ਗਾਉਣ ਲਗਾ ਜੋ ਉਸ ਨੇ
ਸੈਂਕੜੇ ਵਾਰ ਗਾਈ ਸੀ ਤੇ ਹਰ ਵਾਰੀ ਲੋਕਾਂ ਦੇ ਦਿਲ ਸੱਲੇ ਸਨ।
ਜਦੋਂ ਉਸਨੇ ਉ¤ਚੀ ਹੇਕ ਲਾ ਕੇ ਆਖਿਆ :
‘‘ਤਕਦੀਰ ਤਾਂ ਸਾਡੀ ਸੌਂਕਣ ਸੀ,
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ, ਨਾ ਕੰਨ ਪਾਟੇ
ਝੁੰਡ ¦ਘ ਗਿਆ ਇੰਜ ਹੀਰਾਂ ਦਾ।’’
ਹਾਲ ਵਿਚ ਬੈਠੇ ਸਾਰੇ ਲੋਕ ਤੜਪ ਉਠੇ। ਕਾਲਜ ਦੀਆਂ ਕੁੜੀਆਂ ਦੇ ਸੀਨੇ ਵਿਚ ਹੂਕ ਉ¤ਠੀ। ਉਹ
ਹੀਰਾਂ ਦਾ ਰੂਪ ਸਨ। ਜਵਾਨਾਂ ਦੇ ਸੀਨੇ ਵਿਚ ਸੱਪਾਂ ਨੇ ਡੰਗ ਮਾਰੇ ਕਿਉਂਕਿ ਉਹ ਸਾਰੇ ਅਜਿਹੇ
ਰਾਂਝੇ ਸਨ ਜੋ ਕੰਨ ਨਹੀਂ ਸਨ ਪੜਵਾ ਸਕੇ।
ਇਕ ਦਰਦ ਭਰਿਆ ਮਾਹੌਲ ਛਾ ਗਿਆ।
ਸ਼ਿਵ ਤਿੰਨ ਨਜ਼ਮਾਂ ਪੜ੍ਹ ਕੇ ਮਾਈਕ੍ਰੋਫ਼ੋਨ ਤੋਂ ਹਟਿਆ ਤਾਂ ਹੋਰ ਕਈ ਸ਼ਾਇਰ ਖੜ੍ਹਾ ਨਾ ਹੋ
ਸਕਿਆ। ਸਮਾਂ ਟੁੱਟ ਗਿਆ ਤੇ ਮੇਲਾ ਉਜੜ ਗਿਆ।
ਸ਼ਿਵ ਬਾਹਰ ਨਿਕਲਿਆ ਤੇ ਉਸਨੇ ਇਕ ਕਰਮਚਾਰੀ ਨੂੰ ਆਖਿਆ, ‘‘ਕੁਤਿਓ, ਵਿਸਕੀ ਸਿਰਫ਼ ਆਉਣ ਲਗਿਆ
ਹੀ ਪਿਆਉਣੀ ਸੀ? ਗਲਾਸ ਲਿਆਉ।’’
ਇਕ ਆਦਮੀ ਨੇ ਵਿਸਕੀ ਦਾ ਇਕ ਗਲਾਸ ਭਰ ਕੇ ਸ਼ਿਵ ਨੂੰ ਫੜਾਇਆ ਤੇ ਦੂਜਾ ਮੈਨੂੰ। ਉਥੇ ਇਕ
ਮੁਨਸ਼ੀ ਬੈਠਾ ਸੀ ਜੋ ਸ਼ਾਇਰਾਂ ਨੂੰ ਰੁਪਏ ਦੇ ਕੇ ਰਸੀਦਾਂ ਲੈ ਰਿਹਾ ਸੀ। ਉਸਨੇ ਸ਼ਿਵ ਨੂੰ ਇਕ
ਲਿਫ਼ਾਫ਼ਾ ਫੜਾਇਆ ਤੇ ਰਸੀਦੀ ਟਿਕਟ ਉਤੇ ਉਸਦੇ ਦਸਤਖ਼ਤ ਲੈ ਲਏ। ਸ਼ਿਵ ਨੇ ਨੋਟ ਗਿਣੇ ਬਗ਼ੈਰ
ਲਿਫ਼ਾਫ਼ਾ ਜੇਬ ਵਿਚ ਪਾ ਲਿਆ।
ਅਸੀਂ ਤਿੰਨੇ ਬਾਹਰ ਨਿਕਲੇ ਤਾਂ ਓ.ਪੀ. ਸ਼ਰਮਾ ਨੇ ਆਖਿਆ ਕਿ ਡਿਨਰ ਉਸ ਦੇ ਘਰ ਸੀ। ਸਾਰੇ ਉਥੇ
ਚਲੇ ਗਏ।
ਸ਼ਿਵ ਨੇ ਹਾਮੀ ਭਰੀ। ਅਸੀਂ ਇਕੱਠੇ ਤੁਰੇ।
ਥੋੜ੍ਹੇ ਚਿਰ ਪਿਛੋਂ ਮੈਂ ਦੇਖਿਆ ਕਿ ਸ਼ਿਵ ਹਨੇਰੇ ਵਿਚ ਕਿਤੇ ਗੁੰਮ ਹੋ ਗਿਆ ਸੀ।
ਸਵੇਰੇ ਮੈਂ ਘੂਕ ਸੁੱਤਾ ਪਿਆ ਸਾਂ। ਜਦੋਂ ਸ਼ਿਵ ਨੇ ਮੈਨੂੰ ਆਣ ਜਗਾਇਆ, ‘‘ਉ¤ਠ, ਹੁਣ ਚੱਲੀਏ
ਵਾਪਿਸ ਚੰਡੀਗੜ੍ਹ। ਉਸਨੂੰ ਵੀ ਰਾਹ ਵਿਚ ਛਡਣਾ ਹੈ। ਅਸੀਂ ਟੈਕਸੀ ਵਿਚ ਬੈਠੇ ਹਾਂ, ਛੇਤੀ
ਕਰ।’’
ਮੈਂ ਤਿਆਰ ਹੋ ਕੇ ਬਾਹਰ ਆਇਆ ਤਾਂ ਸ਼ਿਵ ਤੇ ਉਹ ਔਰਤ ਮੇਰਾ ਇੰਤਜ਼ਾਰ ਕਰ ਰਹੇ ਸਨ।
ਟੈਕਸੀ ਵਾਪਸ ਦੌੜਨ ਲਗੀ। ਉਸੇ ਕਾਲੋਨੀ ਵਿਚ ਨਿੰਮ ਵਾਲੇ ਦਰੱਖ਼ਤ ਦੇ ਕੋਲ ਰੁਕੀ। ਸ਼ਿਵ ਤੇ
ਉਸਦੀ ਦੋਸਤ ਬਾਹਰ ਨਿਕਲੇ। ਘਰ ਦੇ ਸਾਹਮਣੇ ਜੀਪ ਖੜੀ ਸੀ।
ਉਹ ਬੋਲੀ, ‘‘ਉਹ ਆ ਗਏ ਹਨ।’’
ਸ਼ਿਵ ਨੇ ਆਖਿਆ, ‘‘ਚਲ ਅੰਦਰ ਚਲੀਏ। ਬਲਵੰਤ, ਤੂੰ ਵੀ ਆ ਜਾ।’’
ਮੈਂ ਅੰਦਰ ਜਾਣ ਤੋਂ ਇਨਕਾਰ ਕਰ ਦਿਤਾ। ਮੈਨੂੰ ਕੰਧ ਤੇ ਟੰਗੀ ਬੰਦੂਕ ਨਜ਼ਰ ਆ ਰਹੀ ਸੀ,
ਕਾਰਤੂਸਾਂ ਦੀ ਪੇਟੀ ਤੇ ਲਿਸ਼ਕਦੇ ਉ¤ਚੇ ਬੂਟ। ਹੁਣੇ ਕੋਈ ਕਾਰਾ ਹੋਣ ਵਾਲਾ ਸੀ।
ਸ਼ਿਵ ਨੇ ਮੈਨੂੰ ਖਿਚ ਕੇ ਆਖਿਆ, ‘‘ਆ ਯਾਰ, ਦੋ ਮਿੰਟ ਲਗਣਗੇ।’’
ਮੈਂ ਦੁਚਿਤੀ ਵਿਚ ਸਾਂ। ਇਸ ਪਾਗਲ ਨੇ....
ਸ਼ਿਵ ਦੀ ਦੋਸਤ ਅੱਗੇ ਸੀ ਤੇ ਅਸੀਂ ਦੋਵੇਂ ਪਿਛੇ। ਪਤਾ ਨਹੀਂ ਕੀ ਹੋਵੇਗਾ ਹੁਣ।
ਸ਼ਿਵ ਨੇ ਅੰਦਰ ਵੜਦਿਆਂ ਸਾਰ ਮੁਸਕਰਾ ਕੇ ਆਖਿਆ , ‘‘ਲੈ ਭਈ ਸਾਂਭ ਆਪਣੀ ਬੀਵੀ। ਮੈਂ ਲੈ ਗਿਆ
ਸਾਂ ਮੁਸ਼ਾਇਰੇ ਉਤੇ।’’
ਉਹ ਸੋਹਣਾ ਜਵਾਨ ਸੀ। ਬੋਲਿਆ, ‘‘ਆਉ ਬੈਠੋ। ਚਾਹ ਪੀ ਕੇ ਜਾਇਉ।’’
ਸ਼ਿਵ ਨੇ ਆਖਿਆ, ‘‘ਸਾਨੂੰ ਜਲਦੀ ਹੈ। ਅਸੀਂ ਚਲਦੇ ਹਾਂ।’’
ਉਸ ਨੇ ਝੂਮਦੇ ਹੋਏ ਉਸ ਨੂੰ ਜੱਫੀ ਪਾਈ ਤੇ ਅਸੀਂ ਚੰਡੀਗੜ੍ਹ ਲਈ ਰਵਾਨਾ ਹੋਏ।
ਮੈਂ ਸ਼ਿਵ ਦੀ ਬੇਬਾਕ ਕਸ਼ਿਸ਼ ਉਤੇ ਹੈਰਾਨ ਸਾਂ, ਤੇ ਔਰਤ ਦੀ ਦਲੇਰੀ ਉਤੇ।
ਸ਼ਿਵ ਇਕ ਸੰਕਲਪ ਸੀ, ਸਿਰਜਨਾਤਮਕਤਾ ਦਾ ਪ੍ਰਤੀਕ, ਇਕ ਅਜਿਹੀ ਸ਼ਕਤੀ ਜੋ ਸਰੀਰਕ ਹੁੰਦੇ ਹੋਏ
ਵੀ ਅਧਿਆਤਮਕ ਸੀ।
ਮੈਂ ਗੁਰੂ ਨਾਨਕ ਦੇਵ ਉਤੇ ਲਾਈਟ ਐਂਡ ਸਾਊਂਡ ਡਰਾਮਾ ਲਿਖਿਆ। ਇਸ ਨਾਟਕੀ ਪ੍ਰਦਰਸ਼ਨੀ ਦੀ
ਰੂਪ-ਰੇਖਾ ਤਿਆਰ ਕੀਤੀ । ਇਸ ਦੇ ਗੀਤ ਸ਼ਿਵ ਨੇ ਲਿਖੇ।
ਉਹ ਇਕ ਮਹੀਨਾ ਮੇਰੇ ਘਰ ਹੀ ਰਿਹਾ।
ਅਸੀਂ ਦੋਵੇਂ ਜਨਮ ਸਾਖੀਆਂ ਪੜ੍ਹਦੇ ਤੇ ਨਾਟਕ ਦੀ ਬਾਣੀ ਦੇ ਇਕ-ਇਕ ਸ਼ਬਦ ਦਾ ਰਸ ਪੀਂਦੇ।
ਸ਼ਿਵ ਸਵੇਰੇ ਚਾਰ ਵਜੇ ਉਠ ਬੈਠਦਾ। ਰੋਜ਼ ਦੋ-ਤਿੰਨ ਗੀਤ ਲਿਖ ਕੇ ਮੈਨੂੰ ਜਗਾਉਂਦਾ। ‘‘ਲੈ
ਸੁਣ।’’
‘‘ਹਰਿਆ ਨੀ ਮਾਏ, ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ ਭਰਿਆ।
ਮੇਰੇ ਹਰੇ ਦੇ ਚੰਦ ਸੂਰਜ ਹਾਣੀ....।’’
ਇਸ ਜਨਮ ਉਤੇ ਤਾਰੇ ਮਠਿਆਈਆਂ ਵੰਡ ਰਹੇ ਹਨ। ਧਰਤੀ ਉਸਦੀ ਦਾਈ...।
ਉਹ ਗਾ ਰਿਹਾ ਸੀ ਤੇ ਮੇਰੀਆਂ ਅੱਖਾਂ ਵਿਚ ਹੰਝੂ ਸਨ।
ਉਸਨੇ ਨਾਨਕ ਦੇ ਘਰ ਤੋਂ ਚਲੇ ਜਾਣ ਦਾ ਗੀਤ ਲਿਖਿਆ। ਕਿਸ ਤਰ੍ਹਾਂ ਮਾਤਾ ਤ੍ਰਿਪਤਾ ਤੇ
ਸੁਲੱਖਣੀ ਨਾਨਕ ਦੇ ਵਿਛੋੜੇ ਵਿਚ ਸੰਤਾਪ ਝਲਦੀਆਂ ਹਨ।
ਸ਼ਿਵ ਨੇ ਉ¤ਚੀ ਆਵਾਜ਼ ਵਿਚ ਸਹਿਰਾਈ ਦੇ ਸੁਰਾਂ ਵਿਚ ਗਾਇਆ:
ਇਕ ਦੇ ਸਿਰ ਦਾ ਸਾਈਂ ਚਲਿਆ
ਇਕ ਦੀ ਅੱਖ ਦਾ ਨੂਰ।
ਇਕ ਦੇ ਥਣ ਵਿਚ ਬਿਰਹਾ ਰੋਵੇ,
ਇਕ ਦੀ ਮਾਂਗ ਵਿਚ ਸੰਧੂਰ
ਇਸ ਵਿਚ ਮਾਂ ਦੀ ਮਮਤਾ, ਬਿਰਹਾ ਤੇ ਸੋਗ ਸੀ। ਦਿਲ ਸੂਤਿਆ ਜਾਂਦਾ ਸੀ।
ਉਹ ਬੋਲਿਆ, ‘‘ਤੂੰ ਸੁੱਤਾ ਪਿਆ ਸੀ। ਮੈਂ ਸੋਚਿਆ ਇਕ ਨਜ਼ਮ ਹੋਰ ਲਿਖ ਲਵਾਂ। ਲੈ ਸੁਣ। ਇਹ
ਪਿੰਡ ਦੀ ਕੁੜੀ ਦੇ ਉਧਾਲੇ ਦੀ ਨਜ਼ਮ ਹੈ :
ਕੋਠੇ ਚੜ੍ਹ ਕੇ ਕੱਤਣ ਲਗੀ
ਆ ਪੂਣੀ ਨੂੰ ਅੱਗ ਪਈ
ਪੱਟਾਂ ਦੇ ਵਿਚ ਪੀਂਘਾਂ ਪਾਈਆਂ
ਹੁਸਨ ਜਵਾਨੀ ਰੱਜ ਗਈ
ਸਾਵੇ ਟੋਭੇ ਦੇ ਸ਼ੀਸ਼ੇ ਦੀ
ਚਿੱਪਰ ਚਿੱਪਰ ਭੱਜ ਗਈ
ਸ਼ਿਵ ਨੇ ਇਹ ਨਜ਼ਮ ਮੈਨੂੂੰ ਦਿਖਾਈ। ਇਸ ਵਿਚ ਦੋ-ਚਾਰ ਲਾਈਨਾਂ ਕੱਟੀਆਂ ਹੋਈਆਂ ਸਨ। ਇਹ
ਲਾਈਨਾਂ ਵੀ ਉਸ ਕੱਟ ਸੁੱਟੀਆਂ ਸਨ :
ਖੇਤਾਂ ਵਿਚੋਂ ਸੂਰਜ-ਰੰਗੀ
ਟੌਰੇ ਵਾਲੀ ਪੱਗ ਗਈ।
ਉਹ ਕਈ ਵਾਰ ਖ਼ੂਬਸੂਰਤ ਤੁਕਾਂ ਤੇ ਅ¦ਕਾਰ ਕੱਟ ਸੁਟਦਾ। ਅਜਿਹੀਆਂ ਪੰਕਤੀਆਂ ਜੋ ਕੋਈ ਦੂਜਾ
ਸ਼ਾਇਰ ਸ਼ਾਇਦ ਨਾ ਲਿਖ ਸਕਦਾ, ਸ਼ਿਵ ਸਹਿਜ-ਸੁਭਾਅ ਰਚ ਕੇ ਸੁਟ ਦੇਂਦਾ। ਉਸਦੀ ਸ਼ਬਦਾਂ ਦੀ ਜੜਤ
ਵਿਚ ਚਮਤਕਾਰ ਸੀ, ਨਾਟਕੀ ਬੀੜ ਸੀ। ਦੋ ਵੱਖਰੇ ਸ਼ਬਦਾਂ ਨੂੰ ਤੇ ਚਿਤਰਾਂ ਨੂੰ ਅਜੀਬ ਤਰ੍ਹਾਂ
ਜੋੜਦਾ। ਉਸਨੇ ਉਹ ਬਿੰਬ ਤੇ ਪ੍ਰਤੀਕ ਤਰ੍ਹਾਂ ਜੋੜਦਾ। ਉਸਨੇ ਉਹ ਬਿੰਬ ਤੇ ਪ੍ਰਤੀਕ ਵਰਤੇ ਕਿ
ਉਸਦੇ ਨਾਂ ਨਾਲ ਹੀ ਜੁੜ ਗਏ। ਕਿਸੇ ਦੀ ਹਿੰਮਤ ਨਹੀਂ ਕਿ ‘ਭੱਠੀ ਵਾਲੀਏ’ ਜਾਂ ਕੰਡਿਆਲੀ
ਥੋਹਰ’ ਜਾਂ ‘ਸੱਪਣੀ’ ਜਾਂ ‘ਚੰਦਰੇ ਰੁਖ’ ਜਾਂ ‘ਪੁਠੜੇ ਤਵੇ’ ਜੇਹੇ ਸ਼ਬਦ ਵਰਤੇ।
ਜੇ ਉਹ ਪਿਆਰ ਦਾ ਗੀਤ ਰਚਦਾ ਜਾਂ ਖ਼ੁਸ਼ੀ ਦਾ ਤਾਂ ਉਸ ਵੇਲੇ ਕਬਰਾਂ ਜਾਂ ਮੌਤ ਦੇ ਵਿਸ਼ੇ ਬਾਰੇ
ਵੀ ਗੀਤ ਲਿਖਦਾ ਸੀ। ਨਾਨਕ ਉਤੇ ਰਹੱਸਵਾਦੀ ਕਵਿਤਾ ਰਚਣ ਪਿਛੋਂ ਉਸਨੇ ਉਸ ਵੇਲੇ ਉਧਾਲੇ ਉਤੇ
ਨਜ਼ਮ ਲਿਖੀ। ਉਹ ਅਲਖ ਵਛੇਰੀ ਦੀ ਗਲ ਕਰਦਾ ਹੈ ਜੋ ਸੌ ਕਿੱਲੇ ਪੱਟ ਕੇ ਨੱਸ-ਨੱਸ ਜਾਂਦੀ ਹੈ।
ਇਕ ਵਿਚ ਰੂਹਾਨੀ ਨਸ਼ਾ ਤੇ ਵੈਰਾਗ ਹੈ, ਦੂਜੀ ਵਿਚ ਜਿਸਮ ਦਾ ਸ਼ੂਕਦਾ ਵੇਗ ਤੇ ਵਰਜਿਤ ਪਿਆਰ।
ਸ਼ਿਵ ਬਹੁ-ਪਾਸੜ ਤੇ ਬਹੁ-ਮੁਖੀ ਕਵੀ ਸੀ।
¦ਡਨ ਵਿਚ ਉਸਨੂੰ ਬੀ.ਬੀ.ਸੀ. ਵਾਲਿਆਂ ਨੇ ਆਖਿਆ, ‘‘ਤੂੰ ਗ਼ਮ ਦਾ ਸ਼ਾਇਰ ਹੈਂ, ਇਸ ਬਾਰੇ ਕੁਝ
ਦੱਸ।’’
ਸ਼ਿਵ ਬੋਲਿਆ, ‘‘ਕਾਹਦਾ ਗ਼ਮ? ਮੈਨੂੰ ਕੋਈ ਗ਼ਮ ਨਹੀਂ। ਮਜ਼ੇ ਨਾਲ ਸ਼ਰਾਬ ਪੀਂਦਾ ਹਾਂ।
ਮਹਿਬੂਬਾਵਾਂ ਨੇ ਪਿਆਰ ਦਿਤਾ। ਬੇਸ਼ੁਮਾਰ ਕੁੜੀਆਂ ਨੇ ਇਸ਼ਕ ਕੀਤਾ। ਬਥੇਰਾ ਰੁਪਿਆ ਹੈ। ਯਾਰ
ਦੋਸਤ ਨੇ। ਨੇਕ ਬੀਵੀ ਹੈ। ਕਾਹਦਾ ਗ਼ਮ? ਮੈਨੂੰ ਕੋਈ ਗ਼ਮ ਨਹੀਂ। ਮੈਂ ਗ਼ਮ ਦੀ ਕਵਿਤਾ ਲਿਖਤਾ
ਹਾਂ, ਹੱਸ ਕੇ। ਮੈਨੂੰ ਆਪਣਾ ਕੋਈ ਗ਼ਮ ਨਹੀਂ। ਦੁਨੀਆਂ ਦਾ ਗ਼ਮ ਜ਼ਰੂਰ ਮੇਰੇ ਅੰਦਰ ਹੈ। ਜੋ
ਸ਼ਾਇਰ ਜਾਤੀ ਗ਼ਮ ਦੀਆਂ ਕੂਕਾਂ ਮਾਰਦੇ ਹਨ, ਉਹਨਾਂ ਦੀ ਕਵਿਤਾ ਫਿੱਕੀ ਹੁੰਦੀ ਹੈ।
ਜਦੋਂ ਮੈਂ ¦ਡਨ ਗਿਆ ਤਾਂ ਲੋਕ ਮਹਿਫ਼ਲਾਂ ਵਿਚ ਉਸਦੀ ਗੱਲ ਕਰਦੇ ਸਨ। ਗਲਾਸਗੋ ਗਿਆ ਤਾਂ ਉਸਦੀ
ਗੱਲ। ਟੋਰਾਂਟੋ ਵੀ ਉਸਦੀ ਗੱਲ, ਤੇ ਨਿਊਯਾਰਕ ਦੀਆਂ ਪੰਜਾਬੀ ਮਹਿਫ਼ਲਾਂ ਵਿਚ ਉਸੇ ਦਾ ਚਰਚਾ।
ਉਹ ਮੌਤ ਪਿਛੋਂ ਇਕ ਮਿਥ ਬਣ ਗਿਆ ਹੈ- ਮੰਟੋ ਵਾਂਗ, ਸਹਿਗਲ ਵਾਂਗ। ਜੇ ਕਿਸੇ ਨੇ ਸ਼ਿਵ ਨਾਲ
ਰੋਟੀ ਖਾਧੀ ਜਾਂ ਬਸ ਵਿਚ ਸਫ਼ਰ ਕੀਤਾ ਜਾਂ ਸ਼ਰਾਬ ਪੀਤੀ ਜਾਂ ਉਸਦੀ ਤਿੱਲੇ ਵਾਲੀ ਚੱਪਲ ਗੰਢੀ
ਜਾਂ ਰੇਸ਼ਮੀ ਕੁੜਤਾ ਸੀਤਾ ਤਾਂ ਉਹ ਫ਼ਖ਼ਰ ਨਾਲ ਸ਼ਿਵ ਦੀ ਗੱਲ ਕਰਦਾ ਹੈ। ਅਜਿਹੀ ਸ਼ੁਹਰਤ ਤੇ
ਪਿਆਰ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ।
ਸ਼ਿਵ ਨੇ ਆਪਣੀ ਮੌਤ ਅਠਾਈ ਸਾਲ ਦੀ ਉਮਰ ਵਿਚ ਹੀ ਮਿਥ ਲਈ ਸੀ। ਕੋਈ ਤਾਕਤ ਉਸਨੂੰ ਮਰਨ ਤੋਂ
ਰੋਕ ਨਹੀਂ ਸੀ ਸਕਦੀ। ਜਦ ਕਿਸੇ ਦਾ ਨਾਂ ਹੀ ਸ਼ਿਵ ਬਟਾਲਵੀ ਹੋਵੇ ਤਾਂ ਉਸਦੀ ਮੌਤ ਜਵਾਨੀ ਵਿਚ
ਹੀ ਲਿਖੀ ਹੁੰਦੀ ਹੈ। ਉਸਨੇ ਆਪਣੀ ਕਲਮ ਨਾਲ ਆਪਣਾ ਮਰਸੀਆ ਖ਼ੁਦ ਲਿਖਿਆ।
ਉਹ ਭਰਪੂਰ ਜਵਾਨੀ ਵਿਚ ਮਰਨ ਦਾ ਚਾਹਵਾਨ ਸੀ। ਇਕ ਵਾਰ ਸ਼ਰਾਬ ਵੀ ਕੇ ਮਖ਼ਮੂਰੀ ਅੱਖਾਂ ਨਾਲ
ਦੇਖਦਾ ਹੋਇਆ ਉਹ ਮੈਨੂੰ ਆਖਣ ਲਗਾ, ‘‘ਮੈਂ ਬੁੱਢਾ ਹੋ ਕੇ ਨਹੀਂ ਮਰਨਾ ਚਾਹੁੰਦਾ। ਬੁੱਢੇ ਦੀ
ਮੌਤ ਬਹੁਤ ਜ਼ਲੀਲ ਚੀਜ਼ ਹੈ। ਜਾਪਾਨ ਦੇ ਸਮੂਰਾਈ ਸੂਰਮੇ ਆਪਣੇ ਜਿਸਮ ਨੂੰ ਸਡੌਲ ਤੇ ਖ਼ੂਬਸੂਰਤ
ਬਣਾਉਂਦੇ ਹਨ। ਜਦੋਂ ਜਿਸਮ ਦੀ ਖ਼ੂਬਸੂਰਤੀ ਸਿਖ਼ਰ ਉਤੇ ਹੁੰਦੀ ਹੈ ਤਾਂ ਉਹ ਆਪਣੇ ਢਿਡ ਵਿਚ
ਤਲਵਾਰ ਮਾਰ ਕੇ ਹਾਰਾਕੇਰੀ ਦੀ ਰਸਮ ਅਦਾ ਕਰਦੇ ਹਨ ਤੇ ਮੌਤ ਦੀ ਗੋਦੀ ਵਿਚ ਸੌਂ ਜਾਂਦੇ ਹਨ।
ਚੈਰੀ ਦਾ ਫੁੱਲ ਪੂਰੀ ਤਰ੍ਹਾਂ ਖਿੜਦਾ ਹੈ ਤੇ ਅਦਾ ਨਾਲ ਡਿਗਦਾ ਹੈ। ਮਰਨਾ ਕੋਈ ਚੈਰੀ ਦੇ
ਫੁੱਲ ਤੋਂ ਸਿੱਖੇ।’’
ਸ਼ਿਵ ਨੇ ਆਪਣੀ ਮੌਤ ਨੂੰ ਫੁੱਲਾਂ ਨਾਲ ਤਸ਼ਬੀਹ ਦਿਤੀ ਹੈ। ਉਸਨੇ ਜਵਾਨੀ ਵਿਚ ਮਰਨ ਦੀ
ਖ਼ੂਬਸੂਰਤੀ ਦਾ ਵਰਣਨ ਕੀਤਾ ਤੇ ਇਸ ਦੀ ਰਸਮ ਪੁਗਾਈ।
ਚੰਡੀਗੜ੍ਹ ਵਿਚ ਅਸੀਂ ਅਕਸਰ ਮਿਲਦੇ। ਉਹ ਸਰਦੀਆਂ ਵਿਚ ਮਲਾਗੀਰੀ ਕੋਟ ਤੇ ਮਫ਼ਲਰ ਪਾਈ
ਕਦੇ-ਕਦੇ ਸਟੇਟ ਬੈਂਕ ਆਉਂਦਾ। ਉਥੋਂ ਉਠ ਕੇ ਮੇਰੇ ਨਾਲ ਕਾਫ਼ੀ ਹਾਊਸ ਆ ਜਾਂਦਾ। ਮੇਰੇ ਬਹੁਤ
ਮਜਬੂਰ ਕਰਨ ਤੇ ਉਹ ਕਾਫ਼ੀ ਨਾ ਪੀਂਦਾ। ਉਸ ਦੇ ਖ਼ੂਨ ਸ਼ਰਾਬ ਇਸ ਤਰ੍ਹਾਂ ਅਸਰ ਕਰ ਗਈ ਸੀ ਕਿ
ਚਾਹ ਜਾਂ ਕਾਫ਼ੀ ਉਸਨੂੰ ਚੰਗੀ ਨਹੀਂ ਸੀ ਲਗਦੀ। ਸਿਰਫ਼ ਸ਼ਰਾਬ ਹੀ ਠੰਢ ਪਾ ਸਕਦੀ ਸੀ ਉਸਦੇ
ਸਰੀਰ ਵਿਚ। ਕਈ ਵਾਰ ਉਹ ²ਸ਼ਰਾਬ ਦੀ ਸ਼ੀਸ਼ੀ ਵਿਚੋਂ ਬਿਨ ਸੋਡਾ ਜਾਂ ਪਾਣੀ ਪਾਏ ਸਿਧੀਆਂ ਤਿੰਨ
ਚਾਰ ਘੁੱਟਾਂ ਅੰਦਰ ਸੁਟਦਾ ਜਿਸ ਨਾਲ ਉਸ ਦਾ ਮਨ ਸ਼ਾਂਤ ਤੇ ਇਕਾਗਰ ਹੋ ਜਾਂਦਾ। ਉਸ ਵਿਚ
ਰਚਨ-ਸ਼ਕਤੀ ਦੌੜਨ ਲਗਦੀ। ਉਹ ਪਹਿਲਾਂ ਨਾਲੋਂ ਵੀ ਵਧੇਰੇ ਨਿਮਰ ਹੋ ਜਾਂਦਾ। ਉਸ ਵਿਚ ਬਰਦਾਸ਼ਤ
ਕਰਨ ਦੀ ਬੇ-ਹਦ ਸ਼ਕਤੀ ਸੀ।
ਨਵੇਂ ਸ਼ਾਇਰ, ਮਸ-ਫੁਟੇ, ਸ਼ਾਇਰ, ਇਨਕਲਾਬੀ ਸ਼ਾਇਰ, ਪ੍ਰਯੋਗਵਾਦੀ ਸ਼ਾਇਰ ਉਸਦੇ ਖਿਲਾਫ਼ ਬੋਲਦੇ।
ਉਸ ਨੂੰ ਸਮਾਜੀ ਚੇਤਨਾ ਤੋਂ ਵਾਂਝਾ ਆਖਦੇ। ਭਲਾ ਅਜਿਹੀ ਕਵਿਤਾ ਦਾ ਕੀ ਮਤਲਬ ਜਦੋਂ ਕਿ ਮੁਲਕ
ਵਿਚ ਭ੍ਰਿਸ਼ਟਾਚਾਰ, ਬਰੁਜ਼ਗਾਰੀ, ਭੁੱਖ ਹੈ ਤੇ ਸ਼ਿਵ ਚੰਦ ਤੇ ਸੂਰਜ ਤੇ ‘ਕੱਚੀ ਕੰਧ ਮਲੇ
ਦੰਦਾਸਾ’ ਦੀਆਂ ਗੱਲਾਂ ਕਰਦਾ ਹੈ। ਉਹ ਸਮਾਜ ਤੋਂ ਕਟ ਗਿਆ ਹੈ।
ਅਜਿਹੇ ਕਵੀ ਉਸ ਦੇ ਖ਼ਿਲਾਫ਼ ਰਸਾਲਿਆਂ ਵਿਚ ਲਿਖਦੇ ਰੇ ਤੇ ਸਟੇਜਾਂ ਉ¤ਤੇ ਬੋਲਦੇ ਰਹੇ। ਪਰ
ਕੋਈ ਮੁਸ਼ਾਇਰਾ ਸ਼ਿਵ ਤੋਂ ਬਿਨਾਂ ਸੰਪੂਰਣ ਨਹੀਂ ਸੀ ਹੁੰਦਾ। ਕਵੀ ਦਰਬਾਰਾਂ ਵਿਚ ਲੋਕ ਪਹਿਲੀ
ਗੱਲ ਇਹ ਪੁਛਦੇ ਕਿ ਸ਼ਿਵ ਇਸ ਮੁਸ਼ਾਇਰੇ ਵਿਚ ਆ ਰਿਹਾ ਹੈ ਕਿ ਨਹੀਂ।
ਸ਼ਿਵ ਆਪਣੀ ਵਧੀਆ ਕਲਾ ਤੇ ਰਚਣ ਸ਼ਕਤੀ ਬਾਰੇ ਸੁਚੇਤ ਸੀ। ਲੋਕ ਉਸ ਨੂੰ ਨਿਰਾਸ਼ਾਵਾਦੀ ਕਵੀ ਆਖ
ਕੇ ਭੰਡਦੇ ਰਹੇ। ਕੁਝ ਉਸ ਨੂੰ ਵਾਸ਼ਨਾ ਦਾ ਕਵੀ ਆਖਦੇ। ਕਈ ਲੋਕ ਉਸ ਦੀ ਕਵਿਤਾ ’ਚੋਂ ਤਕਨੀਕੀ
ਗ਼ਲਤੀਆਂ ਕੱਢਦੇ ਰਹੇ। ਕਈ ਉਸ ਦੀ ਨਕਲ ਕਰਕੇ ਉਸ ਨਾਲੋਂ ਬੇਹਤਰ ਕਵੀ ਹੋਣ ਦਾ ਦਾਅਵਾ ਕਰਦੇ
ਰਹੇ। ਪਰ ਸ਼ਿਵ ਸੋਹਲੇ ਵਾਂਗ ਮਚਦਾ ਰਿਹਾ ਤੇ ਰੌਸ਼ਨੀ ਸੁਟਦਾ ਰਿਹਾ।
ਉਸ ਨੇ ਆਖਿਆ, ‘‘ਸਾਰੀ ਪ੍ਰਕਿਰਤੀ ਇਕ ਦੂਜੇ ਦੀ ਨਿੰਦਿਆ ਤੇ ਪ੍ਰਸ਼ੰਸਾ ਹੈ। ਸਾਡਾ ਜਨਮ ਹੀ
ਨਿੰਦਿਆ ਤੇ ਪ੍ਰਸ਼ੰਸਾ ਦੇ ਸੰਭੋਗ ਤੋਂ ਹੁੰਦਾ ਹੈ। ਮੇਰਾ ਸਭ ਤੋਂ ਵੱਡਾ ਨਿੰਦਕ ਜਾਂ
ਪ੍ਰਸ਼ੰਸਕ ਮੈਂ ਆਪ ਹਾਂ। ਆਪਣੀ ਪੀੜ ਦੀ ਨਿੰਦਿਆਂ ਮੈਂ ਆਪਣੇ ਗੀਤਾਂ ਨਾਲ ਕੀਤੀ। ਤੇ ਮੇਰੇ
ਗੀਤਾਂ ਦੀ ਨਿੰਦਿਆਂ ਲੋਕਾਂ ਨੇ ਕੀਤੀ। ਇਸ ਦਾ ਕਾਰਣ ਮੇਰੀ ਸ਼ੁਹਰਤ ਪ੍ਰਤਿ ਸਾੜੇ ਤੋਂ ਸਿਵਾ
ਕੁਝ ਨਹੀਂ। ਸਾੜਾ ਹਮੇਸ਼ਾ ਘਟੀਆ ਨੂੰ ਵਧੀਆ ਨਾਲ ਹੁੰਦਾ ਹੈ।’’
ਮੈਂ ਉਸ ਦੇ ਜੀਊਂਦੇ-ਜੀ ਉਸ ਉਤੇ ਕਈ ਲੇਖ ਲਿਖੇ, ਉਸ ਦੀਆਂ ਕਈ ਕਵਿਤਾਵਾਂ ਦਾ ਉਸ ਨੂੰ ਨਾਲ
ਬਿਠਾ ਕੇ ਅੰਗਰੇਜ਼ੀ ਵਿਚ ਤਰਜਮਾ ਕੀਤਾ। ਪਰ ਉਸ ਦੀ ਮੌਤ ਪਿਛੋਂ ਪੰਜਾਬੀ ਵਿਚ ਕਈ ਲੇਖ ਨਾ
ਲਿਖਿਆ। ਪ੍ਰਸ਼ੰਸਾਤਮਕ ਲੇਖ ਲਿਖਣ ਦਾ ਕੰਮ ਮੈਂ ਉਸ ਦੇ ਨਿੰਦਕਾਂ ਲਈ ਛਡ ਦਿਤਾ ਸੀ, ਜੋ ਵਧ
ਚੜ੍ਹ ਕੇ ਕੂਕਾਂ ਮਾਰਨ ਤੇ ਸੋਹਲੇ ਗਾਉਣ ਲਈ ਤਤਪਰ ਸਨ।
ਸ਼ਿਵ ਦੀ ਮੌਤ ਇਕ ਜ਼ਾਤੀ ਗ਼ਮ ਵੀ ਸੀ ਤੇ ਸਮੁੱਚਾ ਗ਼ਮ ਵੀ। ਅਜਿਹੀ ਪੀੜ ਕਈ ਵਾਰ ਬੰਦੇ ਦੇ ਅੰਦਰ
ਹੀ ਰਹਿ ਜਾਂਦੀ ਹੈ।
ਹੁਣ ਸ਼ਿਵ ਨੂੰ ਮਰੇ ਬਾਰਾਂ ਸਾਲ ਹੋ ਗਏ ਹਨ। ਉਸ ਦੀ ਕਵਿਤਾ, ਉਸ ਦੀ ਯਾਦ, ਉਸ ਦੀ ਉਦਾਸੀ
ਹਾਸੀ, ਟਿੱਪਣੀਆਂ ਤੇ ਝੰਜੋੜ ਸੁਟਣ ਵਾਲੇ ਗੀਤ ਉਸੇ ਤਰ੍ਹਾਂ ਸੱਜਰੇ ਹਨ।
ਉਹ ¦ਡਨ ਵਿਚ ਪੰਜ ਛੇ ਮਹੀਨੇ ਰਹਿ ਕੇ ਵਾਪਸ ਆਇਆ ਤਾਂ ਮੈਂ ਉਸ ਨੂੰ ਮਿਲਣ ਗਿਆ। 21 ਸੈਕਟਰ
ਵਿਚ ਉਸ ਨੇ ਮਕਾਨ ਬਦਲ ਲਿਆ ਸੀ।
ਉਥੇ ਪਹੁੰਚਿਆ ਤਾਂ ਦੇਖਿਆ ਸ਼ਿਵ ਦੇ ਡਰਾਇੰਗ ਰੂਮ ਵਿਚ ਗੋਲ ਮਟੋਲ ਰਬੜ ਦੀਆਂ ਫੁਲੀਆਂ ਹੋਈਆਂ
ਕੁਰਸੀਆਂ ਸਨ। ਕੁਝ ਬਦੇਸ਼ੀ ਚੀਜ਼ਾਂ। ਦੀਪਕ ਮਨਮੋਹਨ ਉਸ ਦਾ ਪ੍ਰਸ਼ੰਸਕ ਤੇ ਚੇਲਾ ਵੀ ਉਥੇ ਬੈਠਾ
ਸੀ। ਇਕ ¦ਮੀ ਕੁੜੀ ਕਿਚਨ ਵਿਚ ਰੋਟੀ ਪਕਾ ਰਹੀ ਸੀ -ਉਸ ਦੀ ਫ਼ੈਨ। ਅਰੁਨਾ ਵੀ ਖ਼ੁਸ਼ੀ ਨਾਲ ਕੰਮ
ਕਰ ਰਹੀ ਸੀ। ਘਰ ਵਿਚ ਖ਼ੁਸ਼ਹਾਲੀ ਸੀ।
ਸ਼ਿਵ ਗੱਲਾਂ ਕਰਨ ਲਗਾ ਤਾਂ ਮੈਂ ਦੇਖਿਆ ਕਿ ਉਹ ਉਹਨਾਂ ਛੇ ਮਹੀਨਿਆਂ ਵਿਚ ਬਦਲ ਗਿਆ ਸੀ। ਉਸ
ਦੀਆਂ ਗੱਲਾਂ ਭਰ ਗਈਆਂ ਸਨ, ਤੇ ਇਕ ਧੁਆਂਖੀ ਛਾਂ ਜਿਹੀ ਉਸ ਦੇ ਚਿਹਰੇ ਉਤੇ ਸੀ।
ਮੈਂ ਸੋਚਦਾ ਰਿਹਾ ਕਿ ਕੀ ਉਹ ਜ਼ਿਆਦਾ ਸਿਹਤਮੰਦ ਹੋ ਗਿਆ ਸੀ ਜਾਂ ਬੀਮਾਰ।
ਉਸ ਨੇ ਆਖਿਆ, ‘‘ਇਹ ਦੇਖ ਰਬੜ ਦੀਆਂ ਕੁਰਸੀਆਂ। ¦ਡਨ ਤੋਂ ਲੈ ਕੇ ਆਇਆ ਹਾਂ ਇਹ। ਇਹਨਾਂ ਵਿਚ
ਹਵਾ ਭਰੋ ਤਾਂ ਭਾਵੇਂ ਦੋ ਮਾਣ ਦੀ ਤੀਵੀਂ ਬੈਠ ਜਾਵੇ... ਭਾਵੇਂ ਬਾਰਾਂ ਮਣ ਦੀ ਧੋਬਣ...
ਬੜੀ ਦੇਰ ਹੋ ਗਈ ਬਾਈਸਕੋਪ ਦੇਖੇ ਨੂੰ... ਦਿੱਲੀ ਕਾ ਕੁਤਬਮੀਨਾਰ ਦੇਖੋ, ਆਗਰੇ ਕਾ ਤਾਜ
ਦੇਖੋ, ਬਾਰਾਂ ਮਣ ਕੀ ਧੋਬਣ ਦੇਖੋ.... ਇਕ ਲੋਕ ਕਿਥੇ ਚਲੇ ਗਏ?’’
ਮੈਂ ਆਖਿਆ, ‘‘¦ਡਨ ਦੀ ਕੋਈ ਗੱਲ ਸੁਣਾ ਕੀ ਹਾਲ ਹੈ ਉਥੋਂ ਦੇ ਲੋਕਾਂ ਦਾ?’’
‘‘ਸਭ ਪੌਂਡਾਂ ਦੇ ਭੁੱਖੇ। ਹਰ ਕੋਈ ਸ਼ਾਇਰ ਤੇ ਲੇਖਕ। ਉਹਨਾਂ ਨੇ ਬਰਤਾਨੀਆ ਫ਼ਤਹਿ ਕਰ ਲਿਆ।
ਉਹ ਪੰਜਾਬ ਤੋਂ ਆਏ ਲੇਖਕ ਦੀ ਸੇਵਾ ਕਰਦੇ ਹਨ ਤੇ ਉਸ ਨੂੰ ਨਫ਼ਰਤ ਵੀ। ਮੈਨੂੰ ਉਥੇ ਪਾਕਿਸਤਾਨ
ਦੀ ਸ਼ਾਇਰਾ.... ਸਰ ਮੁਹੰਮਦ ਇਕਬਾਲ ਦੀ ਪੋਤੀ.... ਬਹੁ²ਤ ਖ਼ੂਬਸੂਰਤ ਕੁੜੇ ਮੇਰੇ ਤੇ ਫ਼ਿਦਾ
ਹੋ ਗਈ.... ਉਸ ਦੀਆਂ ਚਿੱਠੀਆਂ... ਤੇ ਤਿੰਨ ਚਾਰ ਹੋਰ ਕੁੜੀਆਂ ਦਾ.... ਮੈਂ ਆਚਾਰ ਪਾਉਣਾ
ਇਹਨਾਂ ਕੁੜੀਆਂ ਦਾ... ਸ਼ਰਾਬ ਪਿਲਾਉਂਦੇ ਸਨ ਮੈਨੂੰ ਤੇ ਮੇਰੇ ਗੀਤ ਸੁਣਦੇ ਸਨ.... ਮੈਂ ਆਖ
ਦਿਤਾ ਸੀ ਕਿ ਮੈਂ ਪੰਜ ਸੌ ਪੌਂਡ ਲਵਾਂਗਾ ਇਕ ਸ਼ਾਮ ਦਾ.... ਤੇ ਉਹਨਾਂ ਦੇ ਪੈਸੇ ਦਿਤੇ....
ਗੋਡੇ ਟੇਕ ਕੇ। ਮੈਂ ਤਾਂ ਸ਼ਾਇਰ ਹਾਂ... ਸ਼ਿਵ.. ਉਹਨਾਂ ਦਾ ਬਾਪ... ਪਰ ਉਹ ਕੁੜੀ ਸਾਇਰਾ
ਬਾਨੋ... ਜਾਂ ਸ਼ਾਇਦ ਨਸੀਮ ਬਾਨੋ ਮੇਰੇ ਤੇ ਫ਼ਿਦਾ ਹੋ ਗਈ... ਪਰ ਮੈਨੂੰ ਕੀ ਪ੍ਰਵਾਹ....
ਮੈਨੂੰ ਘਰ ਯਾਦ ਆ ਰਿਹਾ ਸੀ... ਅਰੁਨਾ... ਬੱਚੇ... ਵਿਸਕੀ... ਮੇਰਾ ਪੁੱਤ....।’’
ਇਹਨਾਂ ਟੁੱਟੇ ਫੁੱਟੇ ਸ਼ਬਦਾਂ ਨੇ ਸ਼ਿਵ ਦੀ ਸਾਰੀ ਮਾਨਸਿਕ ਹਾਲਤ ਬਿਆਨ ਕਰ ਦਿਤੀ। ਠੀਕਰੇ
ਹੋਇਆ ਮਨ.... ਥਿੜਕਦੇ ਬੋਲ ਤੇ ਬੇ-ਰਬਤ ਫ਼ਿਕਰੇ... ਇਹਨਾਂ ਵਿਚ ਅੰਦਰੂਨੀ ਤਰਕ ਸੀ। ਉਹ ਇਸ
ਤਰ੍ਹਾਂ ਬੋਲ ਰਿਹਾ ਸੀ ਜਿਵੇਂ ਉਹ ਮੈਨੂੰ ਨਹੀਂ, ਕਿਸੇ ਹੋਰ ਨੂੰ ਬੋਲ ਰਿਹਾ ਹੋਵੇ।
ਕਈ ਦਿਨਾਂ ਪਿਛੋਂ ਪਤਾ ਚਲਿਆ ਕਿ ਸ਼ਿਵ ਬੀਮਾਰ ਹੈ। ਮੈਂ ਉਸ ਨੂੰ ਮਿਲਿਆ ਤਾਂ ਉਸ ਦੀਆਂ
ਗੱਲਾਂ ਹੋਰ ਵੀ ਉਖੜੀਆਂ ਹੋਈਆਂ ਤੇ ਬੇਤੁਕੀਆਂ ਸਨ। ਮੈਨੂੰ ਹੁਣ ਤੀਕ ਯਾਦ ਹੈ ਉਸ ਦਾ
ਧੁਆਂਖਿਆ ਚਿਹਰਾ ਤੇ ਬੁਝੀਆਂ ਅੱਖਾਂ।
ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ। ਨਿਰਾਸਤਾ ਦੇ ਡੂੰਘੇ ਖੂਹ ਵਿਚ ਪੈ ਕੇ ਉਸ ਨੇ ਕਈ
ਅਜਿਹੀਆਂ ਕਵਿਤਾਵਾਂ ਲਿਖੀਆਂ ਜੋ ਸਮੁੱਚੀ ਪਰੰਪਰਾ ਦੇ ਵਿਰੁਧ ਸਨ। ਇਹਨਾਂ ਵਿਚ ਇਕ ਅਜੀਬ
ਦਿੱਵ-ਦ੍ਰਿਸ਼ਟੀ ਸੀ ਜੁ ਕਈ ਵਾਰ ਉਸ ਬੰਦੇ ਵਿਚ ਆ ਜਾਂਦੀ ਹੈ ਜੋ ਮੌਤ ਨੂੰ ਵੇਖ ਰਿਹਾ ਹੋਵੇ।
ਜਿਸ ਨੂੰ ਕਿਸੇ ਦਾ ਡਰ ਨਾ ਹੋਵੇ। ਜੋ ਹਨੇਰੀ ਕੋਠੜੀ ਵਿਚ ਛੱਤ ਪਾੜਣ ਵਾਲੀ ਚੀਖ਼ ਮਾਰ ਸਕੇ
ਤਾਂ ਜੁ ਸੁੱਤੇ ਪਏ ਲੋਕ ਜਾਗ ਸਕਣ। ਏਸੇ ਮਾਨਸਿਕ ਅਵਸਥਾ ਵਿਚ ਉਸ ਨੇ ਕਵਿਤਾਵਾਂ ਰਚੀਆਂ
-ਕੁੱਤੇ, ਫ਼ਾਂਸੀ, ਲੁੱਚੀ ਧਰਤੀ। ਉਹ ਧਰਤੀ ਨੂੰ ਮਾਤਾ ਆਖਦਾ ਆਖਦਾ ਥੱਕ ਗਿਆ ਸੀ। ਇਸ ਦੇ
ਇਲਾਵਾ ਉਹ ਵੇਖ ਰਿਹਾ ਸੀ ਕਿ ਪਾਖੰਡੀ ਤੇ ਹਰ ਕਿਸਮ ਦਾ ਸਾਹਿਤਕ ਤੇ ਸਿਆਸੀ ਪਤਵੰਤਾ ਧਰਤੀ
ਨੂੰ ਮਾਂ ਆਖ ਕੇ ਇਸ ਨੂੰ ਲੁੱਟ ਰਿਹਾ ਸੀ। ਸ਼ਿਵ ਨੇ ਧਰਤੀ ਨੂੰ ਲੁੱਚੀ ਆਖ ਕੇ ਆਪਣੇ
ਆਲੇ-ਦੁਆਲੇ ਨੂੰ ਚੌਂਕਾਇਆ। ਪਰੰਪਰਾਗਤ ਨਮਸਕਾਰ ਨੂੰ ਤਜ ਕੇ ਆਪਣੀ ਪਿਅਰੀ ਧਰਤੀ ਨੂੰ ਕ੍ਰੋਧ
ਨਾਲ ਲੁੱਚੀ ਆਖਿਆ- ਜਿਵੇਂ ਕੋਈ ਜਵਾਨ ਪੁੱਤ ਆਪਣੀ ਮਾਂ ਨੂੰ ਗਾਲ੍ਹ ਕੱਢ ਦੇਵੇ।
ਲੋਕਾਂ ਨੇ ਸ਼ਿਵ ਨੂੰ ਗਾਲ੍ਹਾਂ ਕੱਢੀਆਂ। ਸ਼ਿਵ ਹੋਰ ਖਿਝ ਗਿਆ, ਤੇ ਆਖਣ ਲਗਾ ‘‘ਬੇਵਕੂਫ਼ੋ!
ਕੁੱਤਿਓ! ਮੇਰੀ ਗੱਲ ਸੁਣੋਂ! ਮੈਂ ਸੱਚ ਆਖ ਰਿਹਾ ਹਾਂ। ਮੇਰੀ ਗੱਲ ਸੁਣੋਂ!’’
ਲੋਕਾਂ ਨੇ ਉਸ ਨੂੰ ਹੋਰ ਲਲਕਾਰਿਆ ਤੇ ਆਖਿਆ ਕਿ ਉਸ ਦੀ ਸੋਚਣੀ ਪੁੱਠੀ ਹੈ। ਸ਼ਿਵ ਨੇ ਆਖਿਆ-
‘‘ਹਾਂ ਮੈਂ ਪੁੱਠਾ ਹਾਂ- ਸ਼ੀਸ਼ੇ ਵਾਂਗ ਤੁਹਾਡਾ ਅਕਸ ਹਾਂ, ਜੋ ਤੁਹਾਨੂੰ ਪੁੱਠਾ ਲਗਦਾ ਹੈ।’’
ਹੌਲੀ ਹੌਲੀ ਸ਼ਿਵ ਆਪਣੇ ਅੰਦਰ ਹੀ ਅੰਦਰ ਧਸਦਾ ਗਿਆ। ਲੋਕਾਂ ਨੇ ਜੋ ਆਖਿਆ ਉਹ ਉਹਨਾਂ ਨੂੰ
ਉਸੇ ਰੂਪ ਵਿਚ ਬਣ ਕੇ ਦਿਖਾਉਣ ਦੀ ਜ਼ਿਦ ਵਿਚ ਹੋਰ ਵੀ ਆਪ-ਹੁਦਰੀਆਂ ਗੱਲਾਂ ਕਰਨ ਲੱਗਾ
ਜਿਨ੍ਹਾਂ ਵਿਚ ਹਕੀਕਤ ਦੀਆਂ ਚਿਣਗਾਂ ਸਨ। ਕਈਆਂ ਨੇ ਆਖਿਆ, ‘‘ਸ਼ਿਵ ਬਤੌਰ ਸ਼ਾਇਰ ਦੇ ਮਰ ਗਿਆ
ਹੈ। ਉਹ ਬਿਲਕੁਲ ਮਰ ਗਿਆ ਹੈ।’’ ਸ਼ਿਵ ਮਰਨ ਲਈ ਤਿਆਰ ਹੋ ਗਿਆ।
ਮੈਨੂੰ ਪਤਾ ਲਗਿਆ ਕਿ ਸ਼ਿਵ ਹਸਪਤਾਲ ਵਿਚ ਹੈ ਤੇ ਮੈਨੂੰ ਯਾਦ ਕਰ ਰਿਹਾ ਹੈ।
ਮੈਂ ਹਪਸਤਾਲ ਵਿਚ ਗਿਆ ਤਾਂ ਉਹ ਪ੍ਰਾਈਵੇਟ ਕਮਰੇ ਵਿਚ ਮੰਜੀ ਉਤੇ ਪਿਆ ਸੀ। ਦਵਾਈ ਦੀਆਂ
ਸ਼ੀਸ਼ੀਆਂ, ਤੇ ਅਜੀਬ ਹਸਪਤਾਲੀ ਬੂ ਤੇ ਘੁਟਨ। ਉਸ ਦੇ ਪੈਂਦੀਂ ਉਹੀ ¦ਮੀ ਸੁਹਣੀ ਕੁੜੀ ਬੈਠੀ
ਸੀ ਜੋ ਉਸ ਦੇ ਘਰ ਰੋਟੀ ਪਕਾ ਰਹੀ ਸੀ।
ਇਕ ਰਾਤ ਉਹ ਹਪਸਤਾਲ ਵਿਚੋਂ ਨਿਕਲ ਕੇ ਚਲਾ ਗਿਆ। ‘‘ਮੈਂ ਹਸਪਤਾਲ ਵਿਚ ਨਹੀਂ ਮਰਨਾ
ਚਾਹੁੰਦਾ।’’ ਉਸ ਨੂੰ ਫ਼ਿਰ ਹਪਸਤਾਲ ਵਿਚ ਦਾਖ਼ਿਲ ਕਰਾਇਆ ਗਿਆ। ਉਸ ਦੀ ਹਾਲਤ ਵਿਗੜਦੀ ਗਈ।
ਉਹ ਬਿਸਤਰੇ ਤੇ ਪਿਆ ਕਈ ਵਾਰ ਉ¤ਚੀ ਉ¤ਚੀ ਰੋਂਦਾ ਤੇ ਹਾਕਾਂ ਮਾਰਦਾ : ਮੈਂ ਮਰ ਰਿਹਾ ਹਾਂ।
ਕਿਥੇ ਨੇ ਮੇਰੇ ਯਾਰ ਦੋਸਤ? ਕੁੱਤਿਓ ਮੈਂ ਮਰ ਰਿਹਾ ਹਾਂ। ਲਭੋਗੇ ਸ਼ਿਵ ਨੂੰ!
ਉਸ ਦੇ ਬਹੁਤੇ ਦੋਸਤ ਮਸਰੂਫ਼ ਸਨ। ਕਿਸੇ ਕੋਲ ਵਕਤ ਨਹੀਂ ਸੀ। ਸਾਹਿਤ ਸਮਾਰੋਹ ਹੋ ਰਹੇ ਸਨ।
ਭਾਸ਼ਨ ਚਲ ਰਹੇ ਸਨ। ਕਾਫ਼ੀ ਹਾਊਸਾਂ ਵਿਚ ਲੇਖਕਾਂ ਤੇ ਅਧਿਆਪਕਾਂ ਤੇ ਅਖ਼ਬਾਰਾਂ ਵਾਲਿਆਂ
ਦਾ ਜਮਘਟ ਲਗਿਆ ਰਹਿੰਦਾ ਸੀ। ਉਹਨਾਂ ਕੋਲ ਵੇਹਲ ਨਹੀਂ ਸੀ ਕਿ ਸ਼ਿਵ ਨੂੰ ਮਿਲਣ ਜਾਣਾ।
ਮੈਨੂੰ ਇਕ ਸ਼ਾਮ ਸੁਨੇਹਾ ਮਿਲਿਆ ਕਿ ਸ਼ਿਵ ਮੈਨੂੰ ਯਾਦ ਕਰ ਰਿਹਾ ਹੈ। ਉਸ ਨੇ ਮੈਨੂੰ ਫ਼ੌਰਨ
ਮਿਲਣ ਲਈ ਆਖਿਆ ਕਿਉਂਕਿ ਉਹ ਚੰਡੀਗੜ੍ਹ ਛਡ ਕੇ ਦੂਜੀ ਸਵੇਰ ਬਟਾਲੇ ਜਾ ਰਿਹਾ ਸੀ। ਚੰਡੀਗੜ੍ਹ
ਉਸ ਨੂੰ ਰਾਸ ਨਹੀਂ ਸੀ ਆਇਆ। ਉਹ 21 ਸੈਕਟਰ ਦੀ ਮਾਰਕੀਟ ਦੇ ਪਿਛਾੜੀ ਇਕ ਦੋਸਤ ਦੇ ਘਰ
ਠਹਿਰਿਆ ਹੋਇਆ ਸੀ ਜਿਸ ਦਾ ਪਤਾ ਮੈਂ ਨੋਟ ਕਰ ਲਿਆ।
ਰਾਤ ਹੋ ਚੁਕੀ ਸੀ। ਸੋਚਿਆ ਸਵੇਰੇ ਉਸ ਨੂੰ ਮਿਲਣ ਜਾਵਾਂਗਾ।
ਮੈਨੂੰ ਡਰ ਲਗਿਆ ਕਿ ਉਹ ਕਿਤੇ ਮੈਨੂੰ ਮਿਲੇ ਬਗ਼ੈਰ ਨਾ ਚਲਾ ਜਾਵੇ। ਇਕ ਅਜੀਬ ਖ਼ੌਫ਼ ਤੇ
ਬੇਚੈਨੀ ਮੇਰੇ ਅੰਦਰ ਸੀ ਕਿ ਜੇ ਇਹ ਬਟਾਲੇ ਚਲਾ ਗਿਆ ਤਾਂ ਪਤਾ ਨਹੀਂ ਕਦੋਂ ਮੁਲਾਕਾਤ ਹੋਵੇ।
ਮੈਂ ਸਵੇਰੇ ਸਾਢੇ ਪੰਜ ਵਜੇ ਉਠਿਆ, ਕਾਰ ਸਟਾਰ ਕੀਤੀ ਤੇ 21 ਸੈਕਟਰ ਉਸ ਪਤੇ ਤੇ ਗਿਆ। ਲੋਕ
ਸੁੱਤੇ ਪਏ ਸਨ। ਤਿੰਨ ਮੰਜ਼ਲੇ ਮਕਾਨ ਸ਼ਾਂਤ ਸਨ। ਮੈਨੂੰ ਉਹ ਮਕਾਨ ਲੱਭਣ ਵਿਚ ਕੁਝ ਸਮਾਂ ਲਗ
ਗਿਆ। ਘਬਰਾਹਟ ਵਧਦੀ ਗਈ।
ਜਦੋਂ ਅਖ਼ੀਰ ਵਿਚ ਮਕਾਨ ਮਿਲਿਆ ਤਾਂ ਪਤਾ ਲਗਾ ਕਿ ਸ਼ਿਵ ਅੱਧਾ ਘੰਟਾ ਪਹਿਲਾਂ ਉਥੋਂ ਚਲਾ ਗਿਆ
ਸੀ।
‘‘ਕਿਥੇ?’’ ਮੈਂ ਪੁਛਿਆ।
‘‘ਬਟਾਲੇ’’
ਮੈਂ ਫ਼ੌਰਨ ਕਾਰ ਮੋੜੀ ਤੇ ਬੱਸ ਅੱਡੇ ਗਿਆ। ਬਟਾਲੇ ਜਾਣ ਵਾਲੀ ਬੱਸ ਦਾ ਪਤਾ ਕੀਤਾ। ਅੱਧਾ
ਘੰਟਾ ਬੱਸ ਦੇ ਅੱਡੇ ਉਤੇ ਟੋਲਦਾ ਫਿਰਿਆ।
ਸ਼ਿਵ ਜਾ ਚੁਕਾ ਸੀ।
ਫੇਰ ਪਤਾ ਲਗਾ ਕਿ ਸ਼ਿਵ ਆਪਣੀ ਬੀਵੀ ਤੇ ਬੱਚਿਆਂ ਨਾਲ ਟੈਕਸੀ ਵਿਚ ਬਟਾਲੇ ਗਿਆ ਸੀ। ਉਸ ਦੀ
ਹਾਲਤ ਬਹੁਤ ਖ਼ਰਾਬ ਸੀ।
ਉਸ ਨੇ ਟੈਕਸੀ ਨੂੰ 22 ਸੈਕਟਰ ਦੇ ਬੱਤੀਆਂ ਵਾਲੇ ਚੌਂਕ ਵਿਚ ਰੋਿਕਆ ਜਿਥੇ ਉਹ ਦੋਸਤਾਂ ਨਾਲ
ਸ਼ਾਮ ਨੂੰ ਲੋਹੇ ਦੇ ਜੰਗਲੇ ਕੋਲ ਖੜਾ ਹੁੰਦਾ ਸੀ। ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ। ਨਫ਼ਰਤ
ਨਾਲ ਥੁਕਿਆ ਤੇ ਆਖਿਆ, ‘‘ਕਦੇ ਨਹੀਂ ਆਉਣਾ ਮੈਂ ਇਸ ਕੁੱਤੇ ਸ਼ਹਿਰ ਵਿਚ!’’
ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਸੀ, ਬਟਾਲਾ ਲੋਹਾ ਦਾ। ਦੋਹਾਂ ਸ਼ਹਿਰਾਂ ਨੇ ਉਸ ਨੂੰ ਪਿਆਰ
ਦਿਤਾ; ਸ਼ਿਵ ਨੇ ਇਹਨਾਂ ਸ਼ਹਿਰਾਂ ਨੂੰ ਗੀਤ ਦਿਤੇ। ਦੋਹਾਂ ਸ਼ਹਿਰਾਂ ਨੂੰ ਉਸ ਨੇ ਪਿਆਰ ਵੀ
ਕੀਤਾ ਤੇ ਨਫ਼ਰਤ ਵੀ।
ਬਟਾਲੇ ਉਹ ਕੁਝ ਦਿਨ ਹੀ ਰਿਹਾ। ਫਿਰ ਅਰੁਨਾ ਨਾਲ ਆਪਣੇ ਸਹੁਰੇ ਪਿੰਡ ਚਲਾ ਗਿਆ ਜੋ ਪਠਾਣਕੋਟ
ਤੋਂ ਪੰਦਰਾਂ ਮੀਲ ਪਹਾੜ ਦੇ ਪੈਰਾਂ ਵਿਚ ਹੈ।
ਇਥੇ ਹਰਿਆਵਲ ਸੀ, ਨਿੱਕੇ ਘਰ ਸਨ, ਖੇਤ ਸਨ।
ਸ਼ਿਵ ਇਸ ਘਰ ਦੇ ਚੁਬਾਰੇ ਵਿਚ ਰਿਹਾ ਜਿਥੇ ਅੰਤਾਂ ਦੀ ਗਰਮੀ ਸੀ।
ਰਾਤ ਨੂੰ ਉਸ ਨੂੰ ਨੀਂਦ ਨਾ ਆਉਂਦੀ। ਕਈ ਵਾਰ ਉਹ ਹਾਕਾਂ ਮਾਰਦਾ ਤੇ ਰੋਂਦਾ। ਮੈਂ ਇਕੱਲਾ
ਹਾਂ ਲੋਕੋ! ਮੈਂ ਇਕੱਲਾ ਰਹਿ ਗਿਆ। ਕਿਥੇ ਨੇ ਮੇਰੇ ਯਾਰ?
ਦੂਰ ਖੇਤਾਂ ਵਿਚ ਗਿੱਦੜ ਰੋਂਦੇ ਤੇ ਭਾਂ ਭਾਂ ਕਰਦੀ ਰਾਤ ਵਿਚ ਸ਼ਿਵ ਦੀਆਂ ਹਾਕਾਂ ਗੁਆਚ
ਜਾਂਦੀਆਂ।
6 ਮਈ, 1973 ਦੀ ਰਾਤ ਨੂੰ ਸ਼ਿਵ ਦੀ ਕੂਕਦੀ ਆਤਮਾ ਹਮੇਸ਼ਾ ਲਈ ਸ਼ਾਂਤ ਹੋ ਗਈ।
-0- |