Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ‘ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

‘ਆਪ ਕੀ ਸ਼ਾਦੀ ਹੂਈ ਹੈ?’

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ‘ਚੇਤੰਨ’ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 


ਅਸਲੀ ਮਰਦ

 

 

ਹਰਜੀਤ ਅਟਵਾਲ
ਰਾਣੀ ਜਿੰਦਾਂ ਦੀ ਗੋਲੀ ਮੋਤੀਆ ਦਾ ਕਹਿਣਾ ਸੀ ਕਿ ਇਹ ਮਰਦ ਸਿਰਫ ਨਾਂ ਦੇ ਮਰਦ ਹਨ, ਪੰਜਾਬ ਵਿਚ ਕੋਈ ਅਸਲੀ ਮਰਦ ਬਚਿਆ ਹੀ ਕਦੋਂ ਹੈ!...
ਲੌਰਡ ਹਾਰਡਿੰਗ ਦੀ ਸਿਹਤ ਬਹੁਤੀ ਵਧੀਆ ਨਹੀਂ ਸੀ। ਉਮਰ ਵਿਚ ਵੀ ਸੱਠ ਨੂੰ ਢੁਕ ਰਿਹਾ ਸੀ। ਉਸ ਵਿਚ ਅੰਗਰੇਜ਼ ਰਾਜ ਨੂੰ ਫੈਲਾਉਣ ਦੀ ਹਾਲੇ ਵੀ ਉਨੀ ਹੀ ਲਾਲਸਾ ਸੀ ਪਰ ਸਿਹਤ ਬਹੁਤਾ ਸਾਥ ਨਹੀਂ ਸੀ ਦੇ ਰਹੀ। ਉਹ ਆਪ ਪਿਸ਼ਾਵਰ ਟੱਪਣਾ ਚਾਹੁੰਦਾ ਸੀ ਤੇ ਕਾਬਲ ‘ਤੇ ਰਾਜ ਕਰਕੇ ਆਪਣੀ ਸਰਹੱਦ ਰੂਸ ਨਾਲ ਜੋੜਨਾ ਚਾਹੁੰਦਾ ਸੀ। ਰੂਸ ਤੇ ਇੰਗਲੈਂਡ ਦੀ ਪੁਰਾਣੀ ਦੁਸ਼ਮਣੀ ਚਲੀ ਆ ਰਹੀ ਸੀ। ਕਦੇ ਕਦੇ ਇਹ ਅਫਵਾਹਾਂ ਉਡਣ ਲਗਦੀਆਂ ਕਿ ਰੂਸ ਅਫਗਾਨਿਸਤਾਨ ਵਲ ਵਧ ਰਿਹਾ ਹੈ ਤੇ ਹੋ ਸਕਦਾ ਹੈ ਪੰਜਾਬ ਉਪਰ ਹਮਲਾ ਕਰ ਦੇਵੇ ਪਰ ਇਹ ਅਫਵਾਹਾਂ ਹੀ ਸਨ। ਜੇ ਇੰਗਲੈਂਡ ਨੂੰ ਆਪਣੇ ਜਲ-ਸੈਨਾ ਉਪਰ ਮਾਣ ਸੀ ਤਾਂ ਰੂਸ ਨੂੰ ਆਪਣੀ ਥਲ-ਸੈਨਾ ਉਪਰ। ਲੌਰਡ ਹਾਰਡਿੰਗ ਨੂੰ ਰੂਸ ਦੀ ਹਾਲੇ ਬਹੁਤੀ ਚਿੰਤਾ ਨਹੀਂ ਸੀ ਉਸ ਨੂੰ ਤਾਂ ਹਿੰਦੁਸਤਾਨ ਦੀ ਸਰਹੱਦ ਅਗੇ ਤਕ ਲੈ ਜਾਣ ਦਾ ਫਿਕਰ ਸੀ ਤੇ ਇਸ ਵਿਚ ਉਹ ਆਪਣੇ ਆਪ ਨੂੰ ਕਾਮਯਾਬ ਸਮਝ ਰਿਹਾ ਸੀ। ਹੁਣ ਉਸ ਦੀ ਸਿਹਤ ਵੀ ਬਹੁਤੀ ਵਧੀਆ ਨਹੀਂ ਸੀ ਰਹੀ। ਉਹ ਵਾਪਸ ਇੰਗਲੈਂਡ ਮੁੜ ਜਾਣ ਬਾਰੇ ਸੋਚਣ ਲਗਿਆ। ਭੈਰੋਵਾਲ ਦੀ ਸੰਧੀ ਤੋਂ ਬਾਅਦ ਉਹ ਫਿਰੋਜ਼ਪੁਰ ਚਲੇ ਗਿਆ। ਇਕ ਦਿਨ ਉਸ ਨੇ ਹੈਨਰੀ ਲਾਰੰਸ ਨੂੰ ਮਿਲਣ ਦਾ ਸੱਦਾ ਭੇਜਿਆ ਕਿਉਂਕਿ ਉਹ ਹੁਣ ਵਾਪਸ ਲਹੌਰ ਨਹੀਂ ਸੀ ਆਉਣਾ ਚਾਹੁੰਦਾ। ਲਾਰੰਸ ਆਇਆ। ਦੋਵੇਂ ਹੀ ਬਹੁਤ ਪਿਆਰ ਨਾਲ ਮਿਲੇ। ਦੋਵੇਂ ਹੀ ਆਪਣੇ ਆਪ ਨੂੰ ਇਸ ਵਕਤ ਵੱਡੇ ਯੋਧੇ ਤੇ ਨੀਤੀਵਾਨ ਸਮਝ ਰਹੇ ਸਨ। ਹਾਰਡਿੰਗ ਨੇ ਪੰਜਾਬ ਦੇ ਹਾਲਾਤ ਬਾਰੇ ਪੁੱਛਿਆ ਤਾਂ ਲਾਰੰਸ ਨੇ ਕਿਹਾ,
“ਸਰ, ਠੀਕ ਏ, ਸਭ ਕਾਬੂ ਵਿਚ ਏ।”
“ਮੇਜਰ, ਮੈਨੂੰ ਵੀ ਲਗਦਾ ਏ ਕਿ ਪੰਜਾਬ ਹੁਣ ਕਾਬੂ ਵਿਚ ਆ ਚੁਕਿਆ ਏ ਤੇ ਅਗਲੇ ਸੱਤ ਸਾਲ ਤਕ ਸਾਨੂੰ ਗੋਲੀ ਵੀ ਚਲਾਉਣ ਦੀ ਲੋੜ ਨਹੀਂ ਪਵੇਗੀ।”
“ਸਰ, ਮੈਨੂੰ ਵੀ ਲਗਦਾ ਏ ਕਿ ਹੁਣ ਸਭ ਠੀਕ ਏ, ਹੁਣ ਹਰ ਪੰਜਾਬੀ ਕਾਬੂ ਵਿਚ ਏ ਸਿਰਫ ਇਕ ਔਰਤ ਈ ਏ ਜਿਹੜੀ ਤੰਗ ਕਰ ਰਹੀ ਏ।”
“ਮੇਜਰ, ਤੁਸੀਂ ਰਾਣੀ ਜਿੰਦ ਕੋਰ ਦੀ ਗੱਲ ਕਰ ਰਹੇ ਓ?”
“ਜੀ, ਸਿਰਫ ਉਹ ਹੀ ਇਕ ਹੈ ਜੋ ਸਾਡਾ ਵਿਰੋਧ ਕਰ ਰਹੀ ਏ, ਹਰ ਕੰਮ ਵਿਚ ਅੜਿੱਕਾ ਡਾਹੁਣ ਦੀ ਕੋਸਿ਼ਸ਼ ਕਰਦੀ ਏ।”
“ਮੇਜਰ, ਮੈਂ ਸੋਚ ਰਿਹਾ ਸਾਂ ਕਿ ਉਹ ਔਖੀ ਤਬੀਅਤ ਦੀ ਔਰਤ ਜ਼ਰੂਰ ਏ ਪਰ ਠੀਕ ਹੋ ਜਾਵੇਗੀ ਕਿਉਂਕਿ ਹੁਣ ਪੰਜਾਬ ਵਿਚ ਅਮਨ ਹੋ ਚੁਕਿਆ ਏ, ਹੋਰ ਉਸ ਨੂੰ ਕੀ ਚਾਹੀਦਾ ਏ, ਯਾਦ ਨੇ ਉਸ ਦੇ ਸੁਨੇਹੇ ਕਿ ਖਾਲਸਾ ਫੌਜ ਤੋਂ ਬਚਾਓ, ਹੁਣ ਅਸੀਂ ਬਚਾ ਤਾਂ ਰਹੇ ਹਾਂ ਹੋਰ ਕੀ ਕਰੀਏ!”
“ਸਰ, ਇਸ ਦੇ ਬਾਵਜੂਦ ਵੀ ਮੁਸਬੀਤ ਬਣੀ ਹੋਈ ਏ, ਇਹ ਵੀ ਚੰਗੀ ਗੱਲ ਏ ਕਿ ਉਹਦਾ ਕੋਈ ਸਾਥ ਨਹੀਂ ਦੇ ਰਿਹਾ, ਸ਼ੇਰ ਸਿੰਘ ਅਟਾਰੀਵਾਲਾ ਤੇ ਚਤਰ ਸਿੰਘ ਅਟਾਰੀਵਾਲਾ ਜੋ ਕਿ ਉਸ ਦੇ ਰਿਸ਼ਤੇਦਾਰ ਬਣਨਵਾਲੇ ਨੇ ਉਹ ਵੀ ਉਸ ਦੇ ਨਾਲ ਨਹੀਂ ਨੇ।”
“ਰਿਸ਼ਤੇਦਾਰ ਕਿਵੇਂ?”
“ਸਰ, ਚਤਰ ਸਿੰਘ ਅਟਾਰੀਵਾਲੇ ਦੀ ਲੜਕੀ ਮਹਾਂਰਾਜਾ ਦਲੀਪ ਸਿੰਘ ਨਾਲ ਮੰਗੀ ਹੋਈ ਏ ਪਰ ਮੈਂ ਇਹ ਰਿਸ਼ਤਾ ਹੋਣ ਨਹੀਂ ਦੇਵਾਂਗਾ।”
“ਮੇਜਰ, ਮੈਂ ਸੋਚ ਰਿਹਾਂ ਕਿ ਮਹਾਂਰਾਜਾ ਦੀ ਸੰਭਾਲ ਦੀ ਸੰਭਾਲ ਲਈ ਇਕ ਵੱਖਰਾ ਵਿਭਾਗ ਬਣਾ ਦਿਤਾ ਜਾਵੇ, ਇਸ ਤਰ੍ਹਾਂ ਰਾਣੀ ਜਿੰਦਾਂ ਨੂੰ ਇਸ ਜਿ਼ੰਮੇਵਾਰੀ ਤੋਂ ਵੀ ਅਸੀਂ ਵਿਹਲਾ ਕਰਕੇ ਉਸ ਤੋਂ ਦੂਰ ਕਰ ਸਕਦੇ ਹਾਂ?”
“ਠੀਕ ਏ ਸਰ, ਇਸ ਬਾਰੇ ਵਿਚਾਰ ਕਰਕੇ ਅਸੀਂ ਕਿਸੇ ਆਪਣੇ ਅਫਸਰ ਨੂੰ ਉਸ ਦਾ ਸਰਪ੍ਰਸਤ ਬਣਾ ਦੇਵਾਂਗੇ।”
“ਮੇਜਰ, ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਹਾਂ ਉਹ ਇਹ ਏ ਕਿ ਮੈਂ ਵਾਪਸ ਇੰਗਲੈਂਡ ਜਾਣ ਬਾਰੇ ਸੋਚ ਰਿਹਾਂ ਤੇ ਮੈਂ ਚਾਹੁੰਦਾ ਹਾਂ ਕਿ ਜੇ ਪੰਜਾਬ ਬਾਰੇ ਕਿਸੇ ਕਿਸਮ ਦਾ ਕੋਈ ਠੋਸ ਫੈਸਲਾ ਲੈਣਾ ਏ ਤਾਂ ਮੇਰੇ ਹੁੰਦੇ ਹੁੰਦੇ ਲੈ ਲੈ।”
“ਸਰ, ਹੁਣ ਸਭ ਠੀਕ ਈ ਜਾਪਦਾ ਏ, ਹਜ਼ਾਰੇ ਵਿਚ ਚਤਰ ਸਿੰਘ ਏ ਜੋ ਕਿ ਉਸ ਇਲਾਕੇ ਨੂੰ ਬਾਖੂਬੀ ਸੰਭਾਲ ਰਿਹਾ ਏ ਤੇ ਪਠਾਨਾਂ ਨੂੰ ਵੀ ਦੂਰ ਰੱਖ ਰਿਹਾ ਏ, ਦੂਜਾ ਮਜ਼ਬੂਤ ਗੜ੍ਹ ਮੁਲਤਾਨ ਦਾ ਕਿਲ੍ਹਾ ਏ, ਉਥੇ ਵੀ ਮੂਲਰਾਜ ਲਹੌਰ ਪ੍ਰਤੀ ਵਫਾਦਾਰ ਏ।”
“ਹੁਣ ਜੀਸਸ ਸਭ ਠੀਕ ਰਖਣਗੇ, ਆਪਣੀ ਖਤੋ-ਖਿਤਾਬਤ ਚਲਦੀ ਰਹੇਗੀ, ਮੈਂ ਜਾਣ ਤੋਂ ਪਹਿਲਾਂ ਦੱਸਾਂਗਾ।”
ਹੈਨਰੀ ਲਾਰੰਸ ਵਾਪਸ ਲਹੌਰ ਆ ਕੇ ਆਪਣੇ ਕੰਮ ਵਿਚ ਲਗ ਗਿਆ। ਉਹ ਰਾਣੀ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਨੀ ਚਾਹੁੰਦਾ। ਪੰਜਾਬ ਦੇ ਸਾਰੇ ਵੱਡੇ ਸਰਦਾਰ ਤੇ ਹੋਰ ਰਈਸ ਉਸ ਦੀ ਮੁੱਠੀ ਵਿਚ ਸਨ, ਤੇਜ ਸਿੰਘ ਫੌਜਾਂ ਦਾ ਮੁੱਖੀ ਉਹਨਾਂ ਦਾ ਆਪਣਾ ਬੰਦਾ ਹੈ ਹੀ ਸੀ ਤੇ ਫੌਜ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਸ ਨੂੰ ਜਾਪਦਾ ਸੀ ਕਿ ਰਾਣੀ ਦੀ ਮੱਦਦ ਲਈ ਕੋਈ ਨਹੀਂ ਉਠੇਗਾ ਪਰ ਹੈਨਰੀ ਲਾਰੰਸ ਨੇ ਪੰਜਾਬ ਦੇ ਆਮ ਲੋਕਾਂ ਬਾਰੇ ਕਦੇ ਵੀ ਜਾਨਣ ਦੀ ਕੋਸਿ਼ਸ਼ ਨਹੀਂ ਸੀ ਕੀਤੀ। ਆਮ ਲੋਕਾਂ ਵਿਚ ਅੰਗਰੇਜ਼ਾਂ ਨਾਲ ਦਿਨੋ ਦਿਨ ਨਫਰਤ ਵਧ ਰਹੀ ਸੀ। ਅੰਮ੍ਰਿਤਸਰ ਦੇ ਹਰਿਮੰਦਰ ਵਿਚ ਇਕ ਦਿਨ ਕੁਝ ਅੰਗਰੇਜ਼ ਫੌਜੀ ਜੁਤੀ ਸਣੇ ਜਾ ਵੜੇ ਸਨ ਤਾਂ ਲੋਕਾਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਸੀ। ਅੰਗਰੇਜ਼ਾਂ ਨੇ ਮੁਸਲਮਾਨਾਂ ਤੇ ਹਿੰਦੂਆਂ ਨੂੰ ਪਾੜ ਕੇ ਰੱਖਣ ਦੀ ਨੀਤੀ ਦੇ ਅਧਾਰ ‘ਤੇ ਗਾਈਆਂ ਨੂੰ ਮਾਰਨ ਦੀ ਇਜਾਜ਼ਤ ਦੇ ਦਿਤੀ ਸੀ, ਇਹ ਵੀ ਗੁੱਸੇ ਦਾ ਕਾਰਨ ਬਣ ਰਹੀ ਸੀ। ਅੰਗਰੇਜ਼ ਹਿੰਦੂ-ਮੁਸਲਮਾਨ ਵਿਚ ਪਾੜ ਘੱਟ ਪਾ ਸਕੇ ਸਨ ਤੇ ਆਪਣਾ ਵਿਰੋਧ ਵਧਾ ਲਿਆ ਸੀ। ਇਕ ਅਫਵਾਹ ਅਚਾਨਕ ਹੀ ਅਜਿਹੀ ਫੈਲੀ ਕਿ ਸਾਰਾ ਪੰਜਾਬ ਉਸ ਨਾਲ ਫਿਕਰਵੰਦ ਹੋ ਗਿਆ। ਅਫਵਾਹ ਇਹ ਸੀ ਕਿ ਅੰਗਰੇਜ਼ ਸਿਪਾਹੀਆਂ ਨੂੰ ਜਲਦੀ ਹੀ ਇਜਾਜ਼ਤ ਮਿਲਣ ਵਾਲੀ ਹੈ ਕਿ ਉਹ ਜਿਸ ਔਰਤ ਨਾਲ ਵੀ ਚਾਹੁਣ ਉਹਨਾਂ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਖੁਲ੍ਹ ਹੋਵੇਗੀ ਚਾਹੇ ਉਹ ਕਿਸੇ ਦਰਬਾਰੀ ਦੀ ਧੀ-ਭੈਣ ਹੋਵੇ ਜਾਂ ਕਿਸੇ ਗਰੀਬ ਦੀ। ਇਕ ਹੋਰ ਅਫਵਾਹ ਵੀ ਉਠੀ ਕਿ ਹਰ ਮਰਨ ਵਾਲੇ ਪੰਜਾਬੀ ਦੇ ਸਰੀਰ ਵਿਚੋਂ ਹੁਣ ਮਮਿਆਈ ਕੱਢ ਲਈ ਜਾਇਆ ਕਰੇਗੀ। ਪੰਜਾਬ ਦੇ ਲੋਕ ਅੰਗਰੇਜ਼ਾਂ ਤੋਂ ਡਰੇ ਹੋਏ ਵੀ ਸਨ ਤੇ ਕਹਿਰੀ ਅੱਖ ਨਾਲ ਵੀ ਦੇਖ ਰਹੇ ਸਨ। ਰਾਣੀ ਜਿੰਦਾਂ ਦੇ ਵਿਦਰੋਹ ਦੀਆਂ ਖਬਰਾਂ ਜਿਉਂ ਹੀ ਲੋਕਾਂ ਵਿਚ ਪੁੱਜੀਆਂ ਤਾਂ ਲੋਕ ਸ਼ਾਹ ਮੁਹੰਮਦ ਦੇ ਕਿੱਸੇ ਵਾਲੀ ਜਿੰਦਾਂ ਨੂੰ ਭੁੱਲ ਗਏ ਤੇ ਉਹਨਾਂ ਸਾਹਮਣੇ ਇਕ ਬਹਾਦਰ ਜਿੰਦਾਂ ਆ ਕੇ ਖੜੀ ਹੋਣ ਲਗੀ। ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੂੰ ਰਾਣੀ ਹੀ ਇਕੋ ਇਕ ਆਸ ਦੀ ਕਿਰਨ ਜਾਪ ਰਹੀ ਸੀ।
ਰਾਣੀ ਜਿੰਦਾਂ ਨੂੰ ਪਤਾ ਸੀ ਕਿ ਉਸ ਉਪਰ ਨਿਗਾਹ ਰੱਖੀ ਜਾ ਰਹੀ ਹੈ ਪਰ ਉਹ ਜੋ ਕੁਝ ਕਰਦੀ ਸੀ ਕਰਦੀ ਜਾ ਰਹੀ ਸੀ। ਜਿਸ ਨੂੰ ਮਿਲਣਾ ਸੀ ਮਿਲਦੀ ਸੀ ਤੇ ਜੋ ਕੁਝ ਵੀ ਅਗਲੇ ਨੂੰ ਕਹਿਣਾ ਸੀ ਕਹਿ ਦਿੰਦੀ ਸੀ। ਉਹ ਮਿਲਣ ਆਏ ਸਰਦਾਰਾਂ ਨੂੰ ਅੰਗਰੇਜ਼ਾਂ ਦੇ ਪਿੱਠੂ ਹੋਣ ‘ਤੇ ਝਾੜਾਂ ਤਕ ਪਾ ਦਿੰਦੀ। ਉਸ ਦਾ ਵੱਡਾ ਫਿਕਰ ਆਪਣਾ ਪੁੱਤਰ ਸੀ। ਉਹ ਕਈ ਵਾਰ ਦਲੀਪ ਸਿੰਘ ਨਾਲ ਗੱਲਾਂ ਕਰਨ ਲਗਦੀ, ਆਖਦੀ,
“ਬੇਟਾ ਜੀ, ਤੁਸੀਂ ਹੁਣ ਨੌਵੇਂ ਸਾਲ ਵਿਚ ਓ, ਸਾਰੀ ਗੱਲ ਸਮਝਦੇ ਓ, ਤੁਹਾਨੂੰ ਆਪਣੇ ਬਾਪ ਵਾਂਗ ਬਹਾਦਰ ਬਣਨਾ ਪਵੇਗਾ, ਤੁਹਾਡੇ ਪਿਤਾ ਨੇ ਕਦੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ, ਇਹ ਸਾਰੇ ਅੰਗਰੇਜ਼ ਉਹਨਾਂ ਦਾ ਪਾਣੀ ਭਰਦੇ ਸਨ ਸੀ, ਜੇ ਉਹ ਜੀਉਂਦੇ ਹੁੰਦੇ ਤਾਂ ਅਜ ਇਹ ਫਿਰੰਗੀ ਸਿਰ ਨੀਵਾਂ ਕਰਕੇ ਤੁਰ ਰਹੇ ਹੁੰਦੇ ਉਹਨਾ ਦੇ ਸਾਹਮਣੇ।”
ਦਲੀਪ ਸਿੰਘ ਨੇ ਆਪਣੇ ਪਿਓ ਬਾਰੇ ਬਹੁਤ ਸਾਰੀਆਂ ਗੱਲਾਂ ਸੁਣ ਰੱਖੀਆਂ ਸਨ। ਜਦੋਂ ਦੀ ਉਸ ਨੇ ਹੋਸ਼ ਸੰਭਾਲੀ ਸੀ ਹਰ ਕੋਈ ਉਸੇ ਦੀ ਹੀ ਗੱਲ ਕਰਦਾ ਸੀ। ਉਸ ਦੇ ਮਨ ਵਿਚ ਲੋਚਾ ਪੈਦਾ ਹੋਣ ਲਗਦੀ ਕਿ ਕਾਸ਼ ਉਸ ਨੇ ਆਪਣੇ ਪਿਤਾ ਨੂੰ ਦੇਖਿਆ ਹੁੰਦਾ, ਕਾਸ਼ ਉਸ ਦਾ ਪਿਤਾ ਹਾਲੇ ਹੋਰ ਜਿਉਂਦਾ ਰਹਿੰਦਾ। ਕਈ ਵਾਰ ਉਹ ਆਪਣੇ ਪਿਤਾ ਦੀ ਤਸਵੀਰ ਮੁਹਰੇ ਜਾ ਖੜਦਾ ਤੇ ਕਿੰਨਾ ਚਿਰ ਉਸ ਵਲ ਤਕਦਾ ਰਹਿੰਦਾ। ਇਵੇਂ ਇਕ ਦਿਨ ਰਾਣੀ ਜਿੰਦਾਂ ਨੇ ਉਸ ਨੂੰ ਦੇਖ ਲਿਆ ਤੇ ਜੱਫੀ ਵਿਚ ਲੈਂਦੀ ਬੋਲੀ,
“ਬੇਟਾ ਜੀ, ਮੈਨੂੰ ਪਤਾ ਏ ਕਿ ਤੁਹਾਡੇ ਮਨ ਵਿਚ ਕੀ ਏ, ਤੁਸੀਂ ਇਸ ਵੇਲੇ ਬਹੁਤ ਇਕੱਲੇ ਹੋ, ਹਰ ਪਾਸੇ ਤੁਹਾਡੇ ਦੁਸ਼ਮਣ ਨੇ, ਤੁਹਾਨੂੰ ਬਹੁਤ ਮਜ਼ਬੂਤ ਹੋਣਾ ਪਵੇਗਾ, ਆਪਣੇ ਪਿਤਾ ਵਰਗੇ ਮਜ਼ਬੂਤ, ਮੈਂ ਹਾਂ, ਮੈਂ ਤੁਹਾਡੇ ਨਾਲ ਹਾਂ, ਮੈਂ ਇਸ ਹੈਨਰੀ ਲਾਰੰਸ ਨਾਲ ਅਖੀਰ ਤਕ ਲੜਾਂਗੀ ਪਰ ਫਿਰ ਵੀ ਤੁਹਾਨੂੰ ਵੀ ਮਜ਼ਬੂਤ ਹੋਣਾ ਪਵੇਗਾ।”
ਦਲੀਪ ਸਿੰਘ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ। ਭਾਵੇਂ ਉਹ ਬੱਚਾ ਸੀ ਤੇ ਬਹੁਤੀ ਦੂਰ ਦੀ ਨਹੀਂ ਸੀ ਸੋਚ ਸਕਦਾ ਪਰ ਇਹਨਾਂ ਸਾਰੀਆਂ ਗੱਲਾਂ ਦਾ ਉਸ ਉਪਰ ਅਸਰ ਜ਼ਰੂਰ ਹੁੰਦਾ ਸੀ। ਦਿਨ ਭਰ ਉਹ ਆਪਣੇ ਦੋਸਤਾਂ ਨਾਲ ਖੇਡਦਾ ਰਹਿੰਦਾ ਸੀ। ਆਪਣੀ ਉਮਰ ਦੇ ਸੱਠ ਮੁੰਡਿਆਂ ਦੇ ਜਥੇ ਵਿਚੋਂ ਸਭ ਤੋਂ ਤਾਕਤਵਰ ਸੀ। ਘੋੜ ਸਵਾਰੀ ਵਿਚ ਤਾਂ ਉਹ ਆਪਣੀ ਉਮਰ ਤੋਂ ਵੱਡੇ ਮੁੰਡਿਆਂ ਨੂੰ ਵੀ ਮਾਤ ਪਾ ਦਿੰਦਾ ਸੀ। ਰਾਵੀ ਦੇ ਕੰਢੇ ਕੰਢੇ ਘੋੜਾ ਭਜਾਉਣਾ ਉਸ ਨੂੰ ਬਹੁਤ ਚੰਗਾ ਲਗਦਾ। ਉਸ ਦੀ ਘੋੜੀ ਨੀਲੋ ਤੇ ਘੋੜਾ ਨੀਲਾ ਦੋਵੇਂ ਹੀ ਉਸ ਨੂੰ ਬਹੁਤ ਪਿਆਰੇ ਸਨ। ਸਿ਼ਕਾਰ ਖੇਡਣ ਦਾ ਸ਼ੌਂਕ ਤਾਂ ਉਸ ਨੂੰ ਆਪਣੇ ਪਿਓ ਵਾਂਗ ਜਾਂ ਭਰਾਵਾਂ ਵਾਂਗ ਹੀ ਸੀ। ਉਹ ਕਈ ਆਪਣੇ ਦੋਸਤਾਂ ਦੇ ਨਾਲ ਰਾਵੀ ਵਲ ਨਿਕਲ ਜਾਂਦਾ ਤੇ ਸਾਰਾ ਦਿਨ ਸਿ਼ਕਾਰ ਖੇਡਦਾ ਰਹਿੰਦਾ। ਰਾਵੀ ਵਲ ਜਾਣਾ ਤਾਂ ਉਸ ਨੂੰ ਵੈਸੇ ਹੀ ਚੰਗਾ ਲਗਦਾ ਸੀ। ਸਿਕ਼ਾਰ ਖੇਡਣ ਲਈ ਉਸ ਨੇ ਇਕ ਬਾਜ਼ ਵੀ ਰੱਖਿਆ ਹੋਇਆ ਸੀ, ਸਿ਼ਕਾਰੀ ਕੁੱਤੇ ਵੀ ਸਨ। ਸਿ਼ਕਾਰ ਵਾਲੀਆਂ ਬੰਦੂਕਾਂ ਵੀ। ਸਿ਼ਕਾਰ ਖੇਡਣ ਸਮੇਂ ਦਰਬਾਰ ਦੇ ਕਰਮਚਾਰੀ ਉਸ ਦੀ ਅਗਵਾਈ ਕਰ ਰਹੇ ਹੁੰਦੇ। ਇਵੇਂ ਹੀ ਉਹ ਪੜ੍ਹਾਈ ਵਿਚ ਵੀ ਹੁਸਿ਼ਆਰ ਸੀ। ਮੌਲਵੀ ਉਸ ਨੂੰ ਫਾਰਸੀ ਸਿਖਾਉਣ ਆਉਂਦਾ ਤੇ ਗਰੰਥੀ ਗੁਰਮੁਖੀ। ਗੁਰਮੁਖੀ ਉਹ ਜਲਦੀ ਸਿਖ ਗਿਆ ਸੀ ਤੇ ਪੜ੍ਹਨ ਵੀ ਲਗ ਪਿਆ ਸੀ। ਫਾਰਸੀ ਦੇ ਅੱਖਰ ਵੀ ਉਠਾ ਲੈਂਦਾ ਸੀ। ਹਿਸਾਬ ਦਾ ਅਧਿਆਪਕ ਵੀ ਉਸ ਤੋਂ ਖੁਸ਼ ਸੀ।
ਦਲੀਪ ਨੂੰ ਅੰਗਰੇਜ਼ ਇੰਨੇ ਬੁਰੇ ਨਹੀਂ ਸਨ ਲਗਦੇ ਜਿੰਨੇ ਉਸ ਦੀ ਮਾਂ ਕਹਿੰਦੀ ਸੀ, ਉਸ ਨੂੰ ਸਿਰਫ ਕਸੂਰ ਜਾ ਕੇ ਲੌਰਡ ਹਾਰਡਿੰਗ ਨੂੰ ਮਿਲਣਾ ਪਸੰਦ ਨਹੀਂ ਸੀ ਆਇਆ। ਵੈਸੇ ਲੌਰਡ ਹਾਰਡਿੰਗ ਤਾਂ ਉਸ ਨੂੰ ਬਹੁਤ ਚੰਗਾ ਲਗਦਾ ਜਿਸ ਨੇ ਉਸ ਦੀ ਬਾਂਹ ਉਪਰ ਕੋਹੇਨੂਰ ਬੰਨਿਆਂ ਸੀ। ਬਹੁਤ ਸਾਰੇ ਅੰਗਰੇਜ਼ ਦਰਬਾਰ ਵਿਚ ਆਉਂਦੇ ਤੇ ਉਸ ਨਾਲ ਖੁਸ਼ ਖੁਸ਼ ਹੋ ਕੇ ਗੱਲਾਂ ਕਰਦੇ। ਲਾਰੰਸ ਵੀ ਉਸ ਨੂੰ ਮਿਲਦਾ ਰਹਿੰਦਾ ਸੀ ਤੇ ਠੀਕ ਹੀ ਬੋਲਦਾ ਹੋਰ ਵੀ ਬਹੁਤ ਸਾਰੇ ਸਨ ਸਗੋਂ ਕਈ ਉਸ ਨੂੰ ਖਿਡੌਣੇ ਵੀ ਲਿਆ ਦਿੰਦੇ ਸਨ, ਜਿਵੇਂ ਕਿਸੇ ਨੇ ਸਿ਼ਕਾਰ ਵਾਲੀ ਛੋਟੀ ਬੰਦੂਕ ਵੀ ਦਿਤੀ ਸੀ ਜਾਂ ਸ਼ੇਰ ਹਾਥੀ ਜਿਹੇ ਖਿਡੌਣੇ। ਜਿਵੇਂ ਜੱਲਾ ਉਸ ਨੂੰ ਡਰਾਉਂਦਾ ਸੀ ਇਹ ਫਿਰੰਗੀ ਇਵੇਂ ਡਰਾਉਂਦੇ ਨਹੀਂ ਸਨ। ਇਹਨਾਂ ਵਿਚੋਂ ਸਭ ਤੋਂ ਵਧੀਆ ਲਗਦਾ ਸੀ ਕ੍ਰਿਸਟੋਫਰ। ਉਹ ਹੁਣ ਅਕਸਰ ਮਹਾਂਰਾਜੇ ਨੂੰ ਮਿਲਣ ਆ ਜਾਂਦਾ ਤੇ ਉਸ ਨਾਲ ਮਣਾਂ ਮੂੰਹੀਂ ਗੱਲਾਂ ਕਰਦਾ ਰਹਿੰਦਾ। ਕਈ ਵਾਰ ਉਹ ਦੋਵੇਂ ਰਾਵੀ ਵਲ ਘੋੜ ਸਵਾਰੀ ਕਰਨ ਜਾ ਨਿਕਲਦੇ। ਘੋੜ ਸਵਾਰੀ ਦਾ ਦਲੀਪ ਸਿੰਘ ਨੂੰ ਇੰਨਾ ਸ਼ੌਂਕ ਸੀ ਕਿ ਕਦੇ ਕਦੇ ਉਹ ਚੁੱਪ ਕਰਕੇ ਕਿਸੇ ਨੂੰ ਦਸੇ ਬਿਨਾਂ ਹੀ ਨਿਕਲ ਜਾਂਦਾ ਤੇ ਇਕ ਲੰਮਾ ਗੇੜਾ ਲਾ ਕੇ ਮੁੜਦਾ। ਰਾਣੀ ਜਿੰਦਾਂ ਉਸ ਦਾ ਫਿਕਰ ਕਰਦੀ ਰਹਿੰਦੀ ਕਿ ਦੁਸ਼ਮਣ ਚਾਰੇ ਪਾਸੇ ਫੈਲੇ ਹੋਏ ਹਨ, ਦਲੀਪ ਸਿੰਘ ਮੁੜ ਕੇ ਨਾ ਜਾਣ ਦਾ ਵਾਅਦਾ ਕਰਦਾ ਪਰ ਸਭ ਤੋਂ ਚੋਰੀ ਫਿਰ ਚਲੇ ਜਾਂਦਾ।
ਇਕ ਦਿਨ ਮਹਾਂਰਾਜਾ ਤੇ ਕ੍ਰਿਸਟੋਫਰ ਬਰੋ ਬਰਾਬਰ ਘੋੜੇ ਲਈ ਜਾ ਰਹੇ ਸਨ ਕਿ ਸਾਹਮਣੇ ਧੂੜ ਭਰੀ ਹਲਕੀ ਜਿਹੀ ਹਨੇਰੀ ਚਲ ਰਹੀ ਸੀ। ਕ੍ਰਿਸਟੋਫਰ ਨੇ ਕਿਹਾ,
“ਮਹਾਂਰਾਜਾ, ਸਾਡੇ ਮੁਲਕ ਵਿਚ ਇਹ ਧੂੜ ਨਹੀਂ।”
“ਕਿਉਂ? ਕੀ ਤੁਹਾਡੇ ਮੁਲਕ ਵਿਚ ਮਿੱਟੀ ਨਹੀਂ ਏ?”
“ਮਿੱਟੀ ਹੈ ਵੇ ਪਰ ਇੰਨੀ ਨਹੀਂ, ਸਾਡਾ ਮੁਲਕ ਸੁਹਣਾ ਏਂ, ਇੰਨੀ ਦੇਰ ਖੁਸ਼ਕੀ ਨਹੀਂ ਰਹਿੰਦੀ ਕਿ ਮਿੱਟੀ ਧੂੜ ਬਣ ਜਾਵੇ, ਜ਼ਰਾ ਕੁ ਗਰਮੀ ਪਈ ਨਹੀਂ ਕਿ ਮੀਂਹ ਆਇਆ ਨਹੀਂ।”
“ਅੱਛਾ! ਹੋਰ ਕੀ ਏ ਤੁਹਾਡੇ ਮੁਲਕ ਵਿਚ?”
“ਸਾਡੇ ਮੁਲਕ ਵਿਚ ਇਵੇਂ ਗਰਮੀ ਨਹੀਂ ਪੈਂਦੀ ਜਿਵੇਂ ਇਥੇ ਪੈਂਦੀ ਏ, ਚਮੜੀ ਸਾੜਦੀ ਧੁੱਪ ਵੀ ਨਹੀਂ ਪੈਂਦੀ।”
“ਇਸੇ ਲਈ ਤੁਹਾਡੇ ਰੰਗ ਚਿੱਟੇ ਨੇ?”
“ਨਹੀਂ, ਅਸੀਂ ਚਿੱਟੇ ਤਾਂ ਇਸ ਕਰਕੇ ਹਾਂ ਕਿ ਸਾਡੀ ਨਸਲ ਉਤਮ ਏਂ, ਰੱਬ ਨੇ ਸਾਨੂੰ ਸਭ ਤੋਂ ਖਰੀ ਨਸਲ ਦੇ ਇਨਸਾਨ ਬਣਾਇਆ ਏ।”
“ਰੰਗ ਤੋਂ ਬਿਨਾਂ ਤੁਹਾਡੇ ਵਿਚ ਤੇ ਹੋਰ ਮਨੁੱਖ ਵਿਚ ਕੀ ਫਰਕ ਏ?”
“ਅਸੀਂ ਦੁਨੀਆਂ ‘ਤੇ ਰਾਜ ਕਰਨ ਲਈ ਪੈਦਾ ਹੋਏ ਹਾਂ।”
“ਰਾਜ ਤਾਂ ਮੇਰੇ ਪਿਤਾ ਨੇ ਵੀ ਕੀਤਾ ਤੇ ਮੈਂ ਵੀ ਰਾਜ ਕਰਨ ਲਈ ਪੈਦਾ ਹੋਇਆਂ, ਇਹ ਤਾਂ ਤੁਸੀਂ ਈ ਮੇਰੇ ਤੋਂ ਮੇਰਾ ਰਾਜ ਖੋਹ ਰਹੇ ਓ, ...ਇਹ ਤਾਂ ਕੋਈ ਫਰਕ ਨਹੀਂ ਹੋਇਆ।”
ਕ੍ਰਿਸਟੋਫਰ ਨੂੰ ਮਹਾਂਰਾਜੇ ਦੇ ਇਸ ਸਵਾਲ ਦਾ ਕੋਈ ਜਵਾਬ ਨਾ ਸੁਝਿਆ ਤੇ ਇਹ ਕਹਿ ਕੇ ਕਿ ਇਹ ਰਾਜ ਵੀ ਹੁਣ ਸਾਡਾ ਹੀ ਹੋਣ ਵਾਲਾ ਹੈ ਉਹ ਮਹਾਂਰਾਜੇ ਨੂੰ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਫਿਰ ਕਿਹਾ,
“ਸਰਦੀਆਂ ਨੂੰ ਸਾਡਾ ਮੁਲਕ ਹੋਰ ਵੀ ਖੂਬਸੂਰਤ ਹੋ ਜਾਂਦਾ ਏ।”
“ਕਿਉਂ ਸਰ, ਉਥੇ ਸਰਦੀ ਨਹੀਂ ਪੈਂਦੀ?”
“ਪੈਂਦੀ ਏ ਪਰ ਬਰਫ ਵੀ ਪੈਂਦੀ ਏ ਜਿਵੇਂ ਇਥੇ ਪਹਾੜਾਂ ਵਿਚ ਪਿਆ ਕਰਦੀ ਤੇ ਸਾਰੀ ਧਰਤੀ ਉਪਰ ਚਿੱਟਾ ਕੰਬਲ ਵਿਛਾ ਜਾਂਦੀ ਏ ਜੋ ਕਿ ਬਹੁਤ ਸੋਹਣਾ ਲਗਦਾ ਏ।”
ਕ੍ਰਿਸਟੋਫਰ ਦੇ ਕਹਿਣ ‘ਤੇ ਮਹਾਂਰਾਜਾ ਧਰਤੀ ਉਪਰ ਵਿਛੇ ਚਿੱਟੇ ਕੰਬਲ ਦੀ ਕਲਪਨਾ ਕਰਨ ਲਗਿਆ। ਕ੍ਰਿਸਟੋਫਰ ਨੇ ਫਿਰ ਕਿਹਾ,
“ਸਾਡਾ ਰੱਬ ਵੀ ਤੁਹਾਡੇ ਰੱਬ ਤੋਂ ਵਧੀਆ ਏ, ..ਬਹੁਤ ਹੀ ਵਧੀਆ, ਰੱਬ ਤੇ ਬੰਦੇ ਵਿਚਕਾਰ ਕੋਈ ਹੋਰ ਚੀਜ਼ ਨਹੀਂ ਏ, ਬੰਦਾ ਚਾਹੇ ਤਾਂ ਅਰਦਾਸ ਕਰਕੇ ਸਿਧਾ ਰੱਬ ਨਾਲ ਵਾਹ ਪਾ ਸਕਦਾ ਏ।”
“ਅੱਛਾ! ਤੁਸੀਂ ਵੀ ਇਵੇਂ ਕਰਦੇ ਹੋ ਕਦੇ?”
“ਹਾਂ, ਮੈਂ ਚਰਚ ਜਾਂਦਾ ਹਾਂ, ਮੈਂ ਕਿਸੇ ਵਹਿਮ ਭਰਮ ਵਿਚ ਨਹੀਂ ਫਸਦਾ, ਮੇਰੇ ਤੇ ਰੱਬ ਵਿਚਕਾਰ ਹੋਰ ਕੁਝ ਵੀ ਨਹੀਂ ਏ, ਰੱਬ ਲਈ ਸਭ ਬਰਾਬਰ ਨੇ, ਰੱਬ ਮੁਹਰੇ ਜਾ ਕੇ ਸਾਰੀ ਊਚ ਨੀਚ ਖਤਮ ਹੋ ਜਾਂਦੀ ਏ, ਹਰ ਪ੍ਰਾਣੀ ਬਰਾਬਰ!”
ਕ੍ਰਿਸਟੋਫਰ ਮਹਾਂਰਾਜੇ ਨੂੰ ਇਸਾਈ ਧਰਮ ਦੇ ਗੁਣਾਂ ਬਾਰੇ ਦਸਣ ਲਗਿਆ। ਮਹਾਂਰਾਜਾ ਬਹੁਤ ਹੀ ਧਿਆਨ ਨਾਲ ਸੁਣਦਾ ਗਿਆ। ਉਹ ਰਾਵੀ ਦਾ ਲੰਮਾ ਗੇੜਾ ਲਾ ਕੇ ਵਾਪਸ ਕਿਲ੍ਹੇ ਦੇ ਨਜ਼ਦੀਕ ਆਏ ਤਾਂ ਕ੍ਰਿਟੋਫਰ ਨੇ ਕਿਹਾ,
“ਮਹਾਂਰਾਜਾ, ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਤੁਸੀਂ ਅੰਗਰੇਜ਼ੀ ਸਿਖੋ, ਇਹ ਭਾਸ਼ਾ ਬਹੁਤ ਹੀ ਵਿਕਸਤ ਭਾਸ਼ਾ ਏ, ਜੇ ਤੁਸੀਂ ਅੰਗਰੇਜ਼ੀ ਸਿਖ ਲਈ ਤਾਂ ਆਪਾਂ ਦੋਨਾਂ ਨੂੰ ਇਕ ਦੂਜੇ ਦੀ ਗੱਲ ਚੰਗੀ ਤਰ੍ਹਾਂ ਸਮਝ ਆ ਸਕੇਗੀ, ਇਵੇਂ ਦੇਖੋ ਬਹੁਤ ਸਾਰੀਆਂ ਗੱਲਾਂ ਆਪਾਂ ਤੋਂ ਛੁੱਟ ਰਹੀਆਂ ਨੇ, ਜੇ ਤੁਸੀਂ ਚਾਹੋਂ ਤਾਂ ਮੈਂ ਤੁਹਾਡੇ ਲਈ ਅੰਗਰੇਜ਼ੀ ਦੇ ਅਧਿਆਪਕ ਦਾ ਇੰਤਜ਼ਾਮ ਕਰ ਦੇਵਾਂਗਾ।”
“ਕਿਉਂ ਨਹੀਂ।”
ਮਹਾਂਰਾਜੇ ਨੇ ਕਿਹਾ ਤੇ ਉਸ ਦਾ ਦਿਲ ਸੱਚ ਹੀ ਅੰਗਰੇਜ਼ੀ ਸਿਖੱਣ ਲਈ ਕਾਹਲਾ ਪੈਣ ਲਗਿਆ।
ਇਵੇਂ ਕ੍ਰਿਸਟੋਫਰ ਜਦ ਵੀ ਉਸ ਨੂੰ ਮਿਲਦਾ ਤੇ ਇੰਗਲੈਂਡ ਦੀਆਂ ਗੱਲਾਂ ਸੁਣਾਉਣ ਲਗਦਾ। ਇਕ ਦਿਨ ਉਸ ਨੇ ਇੰਗਲੈਂਡ ਦੀ ਮਹਾਂਰਾਣੀ ਬਾਰੇ ਗੱਲ ਸ਼ੁਰੂ ਕਰਦਿਆਂ ਕਿਹਾ,
“ਸਾਡੀ ਰਾਣੀ ਦਾ ਨਾਂ ਵਿਕਟੋਰੀਆ ਏ ਤੇ ਉਹ ਬਹੁਤ ਹੀ ਖੂਬਸੂਰਤ ਏ।”
“ਮੇਰੇ ਬੀਬੀ ਜੀ ਤੋਂ ਵੀ ਵੱਧ?”
“ਹਾਂ, ਕਿਤੇ ਵੱਧ, ਦੋਨਾਂ ਵਿਚ ਬਹੁਤ ਫਰਕ ਏ?”
“ਕੀ ਫਰਕ ਏ?”
“ਅਸੀਂ ਹਜ਼ਾਰਾਂ ਮੀਲ ਦੂਰ ਬੈਠ ਕੇ ਵੀ ਉਸ ਲਈ ਵਫਾਦਾਰ ਹਾਂ, ਸਾਡੇ ਲਈ ਰੱਬ ਤੋਂ ਬਾਅਦ ਸਾਡੀ ਰਾਣੀ ਹੀ ਏ, ਉਹ ਦਇਆ ਦੀ ਤੇ ਮਮਤਾ ਦੀ ਮੂਰਤ ਏ, ਜੇ ਤੁਸੀਂ ਕਦੇ ਉਸ ਨੂੰ ਦੇਖੋਂਗੇ ਤਾਂ ਤੁਹਾਨੂੰ ਉਸ ਮਹਾਨ ਆਤਮਾ ਨਾਲ ਪਿਆਰ ਹੋ ਜਾਵੇਗਾ, ਉਹ ਸੱਚ ਮੁਚ ਹੀ ਮਹਾਨ ਏ।”
“ਜੇ ਉਹਨੂੰ ਮਿਲਣਾ ਹੋਵੇ ਤਾਂ?”
“ਤਾਂ ਤੁਹਾਨੂੰ ਇੰਗਲੈਂਡ ਜਾਣਾ ਪਵੇਗਾ।”
“ਇੰਗਲੈਂਡ ਤੇ ਬਹੁਤ ਦੂਰ ਏ ਨਾ?”
“ਹਾਂ, ਹਜ਼ਾਰਾਂ ਮੀਲ, ਸੱਤ ਸਮੁੰਦਰ ਲੰਘ ਕੇ, ਮਹੀਨੇ ਤੋਂ ਵਧ ਲੰਮਾ ਸਫਰ ਕਰਕੇ।”
ਮਹਾਂਰਾਜਾ ਉਸ ਦੀ ਗੱਲ ਸੁਣਦਾ ਗਿਆ ਤੇ ਕੁਝ ਨਾ ਬੋਲਿਆ। ਉਹ ਹੈਰਾਨ ਸੀ ਕਿ ਇਹ ਲੋਕ ਇੰਨੀ ਦੂਰ ਕਿਵੇਂ ਆ ਗਏ ਉਸ ਲਈ ਤਾਂ ਕਸੂਰ ਸ਼ਹਿਰ ਜਾਣਾ ਹੀ ਔਖਾ ਸੀ। ਉਸ ਨੇ ਅਗਲੇ ਦਿਨ ਹੀ ਆਪਣੇ ਪੰਜਾਬੀ ਦੇ ਅਧਿਆਪਕ ਗੁਰਮੁੱਖ ਸਿੰਘ ਨੂੰ ਪੁੱਛਿਆ,
“ਭਾਈ ਜੀ, ਤੁਹਾਨੂੰ ਅੰਗਰੇਜ਼ੀ ਆਉਂਦੀ ਏ?”
“ਛੀ ਛੀ, ਮਹਾਂਰਾਜਾ, ਇਹ ਫਿਰੰਗੀਆਂ ਦੀ ਜ਼ੁਬਾਨ ਏ!”
ਉਸ ਦੇ ਕਹਿਣ ਦੇ ਲਹਿਜ਼ੇ ਤੋਂ ਮਹਾਂਰਾਜਾ ਉਚੀ ਉਚੀ ਹੱਸਣ ਲਗਿਆ ਪਰ ਉਸ ਦਾ ਅੰਗਰੇਜ਼ੀ ਸਿੱਖਣ ਦਾ ਚਾਅ ਹੋਰ ਵੀ ਪੱਕਾ ਹੋ ਗਿਆ। ਨਾਲ ਹੀ ਉਸ ਨੂੰ ਇਸ ਗੱਲ ਦੀ ਸਮਝ ਵੀ ਆ ਗਈ ਕਿ ਉਸ ਦੀ ਮਾਤਾ ਨੇ ਵੀ ਅੰਗਰੇਜ਼ੀ ਸਿੱਖਣ ਵਾਲੀ ਇਹ ਗੱਲ ਪਸੰਦ ਨਹੀਂ ਕਰਨੀ ਕਿਉਂਕਿ ਉਹ ਤਾਂ ਅੰਗਰੇਜ਼ਾਂ ਨੂੰ ਭਾਈ ਗੁਰਮੁੱਖ ਸਿੰਘ ਤੋਂ ਵੀ ਜਿ਼ਆਦਾ ਨਫਰਤ ਕਰਦੀ ਸੀ। ਉਹ ਹਰ ਵੇਲੇ ਲਾਰੰਸ ਦੇ ਖਿਲਾਫ ਕੁਝ ਨਾ ਕੁਝ ਬੋਲਦੀ ਰਹਿੰਦੀ ਸੀ। ਹਾਲੇ ਕੱਲ ਹੀ ਮੰਗਲਾ ਨਾਲ ਗੱਲਾਂ ਕਰਦੀ ਹੋਈ ਕਹਿ ਰਹੀ ਸੀ,
“ਇਹ ਲਾਰੰਸ ਕੀ ਸਮਝੇਗਾ ਕਿ ਪੰਜਾਬ ਵਿਚ ਕੋਈ ਹੈ ਹੀ ਨਹੀਂ ਜੋ ਉਸ ਦੀਆਂ ਵਧੀਕੀਆਂ ਨੂੰ ਟੋਕ ਸਕੇ, ਮੈਂ ਹਾਂ ਹਾਲੇ, ਮੈਂ ਇਸ ਨਾਲ ਸਿਝਾਂਗੀ। ਇਸ ਨੂੰ ਅਜਿਹਾ ਸਬਕ ਸਿਖਾਵਾਂਗੀ ਕਿ ਯਾਦ ਰਖੇ!”
ਮਹਾਂਰਾਜੇ ਨੂੰ ਨਹੀਂ ਸੀ ਪਤਾ ਕਿ ਲਾਰੰਸ ਨੇ ਰਾਣੀ ਨੂੰ ਕਿੰਨਾ ਤੰਗ ਕਰ ਰਖਿਆ ਹੈ। ਜਦੋਂ ਤੋਂ ਲਾਰੰਸ ਨੂੰ ਮੁਖਬਰੀ ਹੋ ਰਹੀ ਸੀ ਕਿ ਪੰਜਾਬ ਦੇ ਲੋਕਾਂ ਵਿਚ ਰਾਣੀ ਦਾ ਮਾਣ-ਸਨਮਾਨ ਵਧ ਰਿਹਾ ਹੈ ਤਾਂ ਲਾਰੰਸ ਨੇ ਇਸ ਨੂੰ ਰੋਕਣ ਦੇ ਤਰੀਕੇ ਸੋਚਣੇ ਸ਼ੁਰੂ ਕਰ ਦਿਤੇ ਸਨ। ਰਾਣੀ ਜਿੰਦਾਂ ਕਈ ਵਾਰੀ ਕੌਂਸਲ ਦੇ ਕੁਝ ਮੈਂਬਰਾਂ ਨੂੰ ਮਹਿਲਾਂ ਵਿਚ ਸੱਦ ਲਿਆ ਕਰਦੀ ਤੇ ਸਲਾਹ ਮਸ਼ਵਰੇ ਕਰਨ ਲਗਦੀ। ਤੇਜ ਸਿੰਘ ਨੂੰ ਛੱਡ ਕੇ ਸਾਰੇ ਹੀ ਆ ਜਾਂਦੇ ਤੇ ਬਹੁਤੇ ਜਾ ਕੇ ਸਾਰੀ ਗੱਲਬਾਤ ਲਾਰੰਸ ਨੂੰ ਦੱਸ ਵੀ ਦਿੰਦੇ। ਰਾਣੀ ਹੁਣ ਇੰਨੀ ਕੁ ਨੀਤੀ ਸਿਖ ਚੁਕੀ ਸੀ ਕਿ ਕਿਸ ਨਾਲ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਤੇ ਨਾਲ ਉਸ ਇਹ ਵੀ ਜਾਣਦੀ ਸੀ ਕਿ ਇਹ ਸਾਰੇ ਹੀ ਅੰਗਰੇਜ਼ਾਂ ਦੇ ਪਿੱਠੂ ਹਨ ਤੇ ਇਹਨਾਂ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਦੇ ਭਰੋਸੇ ਦੇ ਫਕੀਰ ਭਰਾ ਹੀ ਸਨ ਜਾਂ ਫਿਰ ਚਤਰ ਸਿੰਘ ਅਟਾਰੀਵਾਲਾ। ਚਤਰ ਸਿੰਘ ਅਟਾਰੀਵਾਲੇ ਦੀ ਕੁੜੀ ਨਾਨਕੀ ਦੀ ਦਲੀਪ ਮੰਗਣੀ ਹੋ ਚੁੱਕੀ ਸੀ ਇਸ ਲਈ ਕੁਝ ਕੁ ਭਰੋਸਾ ਕਰਦੀ ਸੀ। ਚਤਰ ਸਿੰਘ ਦੋਨੋਂ ਪਾਸੇ ਹੀ ਰੱਖ ਲੈਂਦਾ ਸੀ ਪਰ ਉਸ ਦੀ ਦਿਲੋਂ ਹਮਦਰਦੀ ਰਾਣੀ ਜਾਂ ਪੰਜਾਬ ਨਾਲ ਹੀ ਸੀ। ਚਤਰ ਸਿੰਘ ਕਈ ਵਾਰ ਆਪਣਾ ਫਿਕਰ ਜ਼ਾਹਰ ਕਰਦਾ ਹੋਇਆ ਕਹਿੰਦਾ,
“ਮਾਈ ਜੀ, ਪਤਾ ਨਹੀਂ ਇਹ ਫਿਰੰਗੀ ਸਾਡੇ ਇਸ ਰਿਸ਼ਤੇ ਨੂੰ ਧੁਰ ਚੜਨ ਵੀ ਦੇਣਗੇ ਜਾਂ ਨਹੀਂ!”
“ਸਰਦਾਰ ਜੀ, ਕਿਉਂ ਨਹੀਂ! ਇਹ ਰਿਸ਼ਤਾ ਅਸੀਂ ਦੋ ਪਰਿਵਾਰਾਂ ਨੇ ਆਪਸ ਵਿਚ ਕੀਤਾ ਏ ਨਾ ਕਿ ਇਹਨਾਂ ਫਿਰੰਗੀਆਂ ਨੇ ਸੋ ਮਰਜ਼ੀ ਵੀ ਸਾਡੀ ਵੀ ਹੋਵੇਗੀ, ਕੁਝ ਦੇਰ ਅਟਕੋ, ਥੋੜੇ ਹਾਲਾਤ ਠੀਕ ਹੋ ਜਾਣ ਫਿਰ ਆਪਾਂ ਗੱਜ-ਵੱਜ ਕੇ ਵਿਆਹ ਕਰਾਂਗੇ।”
ਚਤਰ ਸਿੰਘ ਆਪਣੇ ਬੇਟੇ ਸ਼ੇਰ ਸਿੰਘ ਨੂੰ ਮਿਲਦਾ ਤੇ ਅਜਿਹੀਆਂ ਹੀ ਸਲਾਹਾਂ ਉਸ ਨਾਲ ਵੀ ਕਰਨ ਲਗਦਾ। ਸ਼ੇਰ ਸਿੰਘ ਆਖਦਾ,
“ਪਿਤਾ ਜੀ, ਮੇਰਾ ਅੰਗਰੇਜ਼ਾਂ ਦੇ ਨੇੜੇ ਰਹਿਣਾ, ਉਹਨਾਂ ਲਈ ਵਫਾਦਾਰ ਰਹਿਣ ਦਾ ਕਾਰਣ ਇਹੋ ਏ ਕਿ ਇਹ ਰਿਸ਼ਤਾ ਸਿਰੇ ਚੜੇ, ਇਹਦੇ ਨਾਲ ਅਸੀਂ ਪੰਜਾਬ ਦੇ ਰਾਜ ਵਿਚ ਹਿੱਸੇਦਾਰ ਹੋਵਾਂਗੇ, ਮੇਰੇ ਵਜ਼ੀਰ ਬਣਨ ਦੇ ਮੌਕੇ ਹੋਣਗੇ।”
“ਬੇਟਾ ਜੀ, ਇਹ ਫਿਰੰਗੀ ਇਮਾਨਦਾਰ ਲੋਕ ਨਹੀਂ ਨੇ, ਜਿਹੜਾ ਵਾਅਦਾ ਇਹ ਕਰ ਰਹੇ ਨੇ ਪਤਾ ਨਹੀਂ ਪੂਰਾ ਕਰਨਗੇ ਵੀ ਜਾਂ ਨਹੀਂ।”
“ਪਿਤਾ ਜੀ, ਮੈਂ ਤਾਂ ਇਹਨਾਂ ਨਾਲ ਵਫਾਦਾਰੀ ਓਨਾ ਚਿਰ ਹੀ ਨਿਭਾਵਾਂਗਾ ਜਿੰਨਾ ਚਿਰ ਮੈਨੂੰ ਪਤਾ ਰਹੇਗਾ ਕਿ ਇਹ ਰਿਸ਼ਤਾ ਪੱਕਾ ਏ, ਨਹੀਂ ਤਾਂ ਮੈਂ ਕੋਈ ਹੋਰ ਰਾਹ ਫੜ ਲਵਾਂਗਾ, ਮੂਲਰਾਜ ਦੇ ਮੈਨੂੰ ਕਈ ਸੁਨੇਹੇ ਆ ਚੁੱਕੇ ਨੇ ਕਿ ਉਸ ਨੂੰ ਜਾ ਕੇ ਮਿਲਾਂ, ਕੋਈ ਜ਼ਰੂਰੀ ਗੱਲ ਕਰਨੀ ਏ, ਮੈਨੂੰ ਪਤਾ ਏ ਕਿ ਉਹ ਕੀ ਕਹਿਣਾ ਚਾਹ ਰਿਹਾ ਏ।”
ਮੂਲਰਾਜ ਮੁਲਤਾਨ ਦਾ ਗਵਰਨਰ ਸੀ। ਉਹ ਤੇ ਮੁਲਤਾਨ ਦੇ ਬਹੁਤ ਸਾਰੇ ਲੋਕ ਅੰਗਰੇਜ਼ਾਂ ਖਿਲਾਫ ਬਗਾਵਤ ਕਰਨ ਬਾਰੇ ਸੋਚ ਰਹੇ ਸਨ। ਸ਼ੇਰ ਸਿੰਘ ਨੂੰ ਆਪਣੇ ਨਾਲ ਮਿਲਣ ਲਈ ਕਹਿੰਦੇ ਰਹਿੰਦੇ ਸਨ ਪਰ ਸ਼ੇਰ ਸਿੰਘ ਨੂੰ ਅੰਗਰੇਜ਼ਾਂ ਨਾਲ ਦੋਸਤੀ ਵਿਚੋਂ ਫਾਇਦਾ ਦਿਸਦਾ ਸੀ। ਸ਼ੇਰ ਸਿੰਘ ਅਟਾਰੀਵਾਲਾ ਅਜਕਲ ਲਾਰੰਸ ਦੀ ਸੱਜੀ ਬਾਂਹ ਬਣਿਆ ਹੋਇਆ ਸੀ। ਹੈਨਰੀ ਲਾਰੰਸ ਕਈ ਗੱਲਾਂ ਵਿਚ ਉਸ ਨੂੰ ਰਾਣੀ ਦੇ ਖਿਲਾਫ ਵੀ ਵਰਤ ਜਾਂਦਾ ਸੀ। ਸ਼ੇਰ ਸਿੰਘ ਅਟਾਰੀਵਾਲੇ ਨੇ ਭਵਿੱਖ ਬਾਰੇ ਆਪਣੇ ਨਿਸ਼ਾਨੇ ਮਿੱਥੇ ਹੋਏ ਸਨ ਇਸ ਲਈ ਰਾਣੀ ਜਿੰਦਾਂ ਦੇ ਖਿਲਾਫ ਜਾਣਾ ਵੀ ਉਸ ਨੂੰ ਮੁਸ਼ਕਲ ਨਾ ਲਗਦਾ। ਉਹ ਤਾਂ ਭਵਿੱਖ ਵਿਚ ਪਏ ਉਹਨਾਂ ਦਿਨਾਂ ਦੇ ਸੁਫਨੇ ਲੈਂਦਾ ਰਹਿੰਦਾ ਜਦ ਉਸ ਦੀ ਭੈਣ ਪੰਜਾਬ ਦੀ ਮਹਾਂਰਾਣੀ ਹੋਵੇਗੀ ਤੇ ਉਹ ਵਜ਼ੀਰ। ਕਈ ਲੋਕ ਲਾਰੰਸ ਕੋਲ ਸ਼ੇਰ ਸਿੰਘ ਦੀਆਂ ਚੁਗਲੀਆਂ ਵੀ ਕਰਦੇ ਪਰ ਲਾਰੰਸ ਨੂੰ ਜਿਵੇਂ ਉਹਨਾਂ ਦੀ ਪਰਵਾਹ ਹੀ ਨਾ ਹੋਵੇ। ਵੈਸੇ ਉਸ ਸ਼ੇਰ ਸਿੰਘ ਉਪਰ ਨਜ਼ਰ ਰੱਖ ਰਿਹਾ ਸੀ। ਸ਼ੇਰ ਸਿੰਘ ਇਕ ਕਿਸਮ ਨਾਲ ਲਾਰੰਸ ਲਈ ਮੁਖਬਰ ਦਾ ਕੰਮ ਵੀ ਕਰਦਾ ਸੀ। ਉਹ ਰਾਣੀ ਨਾਲ ਮੁਲਾਕਾਤ ਕਰਕੇ ਉਹ ਸਾਰੀ ਖਬਰ ਆ ਕੇ ਲਾਰੰਸ ਨੂੰ ਦਿੰਦਾ ਜਿਹੜੇ ਕੌਂਸਲ ਦੇ ਹੋਰ ਮੈਂਬਰ ਨਾ ਲਿਆ ਸਕਦੇ। ਰਾਣੀ ਦਰਬਾਰੀਆ ਨੂੰ ਮਹਿਲਾਂ ਵਿਚ ਬੁਲਾ ਕੇ ਉਹਨਾਂ ਨੂੰ ਅੰਗਰੇਜ਼ਾਂ ਤੋਂ ਚੌਕੰਨੇ ਰਹਿਣ ਲਈ ਆਖਦੀ ਰਹਿੰਦੀ। ਲਾਰੰਸ ਇਸ ਗੱਲ ਤੋਂ ਬਹੁਤ ਔਖਾ ਸੀ। ਉਸ ਨੇ ਆਪਣੀ ਗੱਲ ਕਰਨ ਲਈ ਰਾਣੀ ਨਾਲ ਚਿੱਠੀ ਪਤਰ ਕਰਨਾ ਹੀ ਬਿਹਤਰ ਸਮਝਿਆ। ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਲਿਖਿਆ,
‘ਰਾਣੀ ਸਾਹਿਬਾ, ...ਭੈਰੋਵਾਲ ਦੀ ਸੰਧੀ ਮੁਤਾਬਕ ਤੁਹਾਨੂੰ ਦਰਬਾਰ ਦੇ ਕਿਸੇ ਕੰਮ ਵਿਚ ਦਖਲ ਦੇਣ ਦਾ ਹੱਕ ਨਹੀਂ ਹੈ, ਤੁਹਾਨੂੰ ਅਰਾਮ ਨਾਲ ਜਿ਼ੰਦਗੀ ਬਿਤਾਉਣ ਲਈ ਪੈਨਸ਼ਨ ਦਿਤੀ ਗਈ ਹੈ, ਇਸ ਦੇ ਬਾਵਜੂਦ ਤੁਸੀਂ ਤੁਸੀਂ ਦਰਜਨ ਦੋ ਦਰਜਨ ਸਰਦਾਰਾਂ ਨੂੰ ਆਪਣੇ ਮਹਿਲਾਂ ਵਿਚ ਦਾਅਵਤ ‘ਤੇ ਬੁਲਾਉਂਦੇ ਹੋ ਤੇ ਉਹਨਾਂ ਉਪਰ ਆਪਣੀ ਰਾਏ ਥੋਪਣ ਦੀ ਕੋਸਿ਼ਸ਼ ਕਰਦੇ ਹੋ। ਨਾਲ ਹੀ ਤੁਸੀਂ ਸੌ ਸੌ ਬ੍ਰਾਹਮਣਾਂ ਲਈ ਬ੍ਰਹਮ ਭੋਜ ਦਾ ਇੰਤਜ਼ਾਮ ਕਰਦੇ ਹੋ, ਇਹ ਠੀਕ ਨਹੀਂ ਹੈ। ਸੰਧੀ ਮੁਤਾਬਕ ਮਹਾਂਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਜਿ਼ੰਮੇਵਾਰੀ ਰੈਜ਼ੀਡੈਂਟ ਉਪਰ ਭਾਵ ਮੇਰੇ ਉਪਰ ਹੈ ਇਸ ਲਈ ਮੈਨੂੰ ਕਹਿਣਾ ਪੈਂਦਾ ਹੈ ਕਿ ਇਸ ਸਭ ਤੁਹਾਡੇ ਆਹੁਦੇ ਨੂੰ ਸ਼ੋਭਦਾ ਨਹੀਂ।’...
ਰਾਣੀ ਜਿੰਦਾਂ ਨੇ ਵੀ ਆਪਣੀ ਗੱਲ ਕਰਨ ਲਈ ਕਾਹਲੀ ਨਾਲ ਹੈਨਰੀ ਲਾਰੰਸ ਨੂੰ ਚਿੱਠੀ ਲਿਖ ਦਿਤੀ;
‘ਰੈਜ਼ੀਡੈਂਟ ਸਾਹਿਬ, ...ਤੁਸੀਂ ਕਿਹਾ ਕਿ ਰਾਜ ਵਿਚ ਦਖਲ ਦੇਣ ਦਾ ਮੇਰਾ ਕੋਈ ਹੱਕ ਨਹੀਂ, ਤੁਹਾਨੂੰ ਬਹੁਤੇ ਅਧਿਕਾਰ ਰਾਜ ਧਰੋਹ ਦਬਾਉਣ ਲਈ ਤੇ ਮੇਰੀ ਤੇ ਮੇਰੇ ਬੇਟੇ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਖਿਆ ਕਾਰਨ ਦਿਤੇ ਗਏ ਸਨ ਨਾ ਕਿ ਮੇਰੇ ਹੱਕ ਖੋਹਣ ਲਈ ਫਿਰ ਵੀ ਮੈਂ ਰਾਜਮਾਤਾ ਵੀ ਹਾਂ ਜਿਵੇਂ ਤੁਸੀਂ ਬਾਕੀ ਹੱਕ ਖੋਹਣਾ ਚਾਹ ਰਹੇ ਹੋ ਤਿਵੇਂ ਤੁਸੀਂ ਇਹ ਹੱਕ ਨਹੀਂ ਖੋਹ ਸਕਦੇ। ਜਿਹੜੀ ਪੈਨਸ਼ਨ ਦੀ ਗੱਲ ਕਰਦੇ ਹੋ, ਔਖਾ ਵੇਲਾ ਆਉਣ ਸਮੇਂ ਇਨਸਾਨ ਬਿਨਾਂ ਪੈਸੇ ਤੋਂ ਵੀ ਗੁਜ਼ਾਰਾ ਕਰ ਸਕਦਾ ਹੈ। ਰਾਜਮਾਤਾ ਹੋਣ ਦੇ ਨਾਤੇ ਰਾਜ ਨਾਲ ਸਬੰਧਤ ਸਰਦਾਰਾਂ ਨੂੰ ਮਿਲ ਵੀ ਲਿਆ ਤਾਂ ਕੀ ਫਰਕ ਪੈਂਦਾ ਹੈ ਵੈਸੇ ਵੀ ਤਾਂ ਉਹਨਾਂ ਵਿਚੋਂ ਤੇਜ ਸਿੰਘ ਵਰਗੇ ਬਹੁਤੇ ਤੁਹਾਡੇ ਹੀ ਪਿੱਠੂ ਹਨ। ਬ੍ਰਹਮ ਭੋਜ ਤਾਂ ਇਕ ਧਾਰਮਿਕ ਰਸਮ ਹੈ ਪਰ ਜੇ ਤੁਹਾਨੂੰ ਚੰਗੀ ਨਹੀਂ ਲਗਦੀ ਤਾਂ ਬੰਦ ਕਰ ਸਕਦੀ ਹਾਂ।’...
“ਰਾਣੀ ਸਾਹਿਬਾ, ...ਭਲਾਈ ਇਸ ਵਿਚ ਹੈ ਕਿ ਮਹੀਨੇ ਵਿਚ ਪੰਜ-ਸੱਤ ਸਰਦਾਰਾਂ ਤੋਂ ਜਿ਼ਆਦਾ ਨਾ ਮਿਲਿਆ ਕਰੋ, ਇਹ ਬ੍ਰਹਮ ਭੋਜ ਵਾਲੀਆਂ ਧਾਰਮਿਕ ਰਸਮਾਂ ਨੂੰ ਵੀ ਘੱਟ ਕਰੋ, ਇਸ ਕੰਮ ਲਈ ਮਹੀਨੇ ਵਿਚ ਕੋਈ ਇਕ ਦਿਨ ਤੈਅ ਕਰ ਲਓ। ਜੇ ਕਿਸੇ ਸਰਦਾਰ ਨਾਲ ਮਿਲਣ ਦੀ ਲੋੜ ਪਵੇ ਤਾਂ ਜੋਧਪੁਰ, ਜੈਪੁਰ ਜਾਂ ਨੇਪਾਲ ਦੀਆ ਰਾਜਕੁਮਾਰੀਆਂ ਵਾਂਗ ਪਰਦੇ ਵਿਚ ਰਹਿ ਕੇ ਮਿਲਿਆ ਕਰੋ।’...
“ਰੈਜ਼ੀਡੈਂਟ ਸਾਹਿਬ, ਤੁਸੀਂ ਜਿਹਨਾਂ ਰਾਜਕੁਮਾਰੀਆਂ ਦੀ ਪਰਦੇ ਵਿਚ ਰਹਿਣ ਦੀ ਗੱਲ ਕਰਦੇ ਹੋ ਉਹ ਇਸ ਕਰਕੇ ਨੇ ਕਿ ਉਹਨਾਂ ਨੂੰ ਆਪਣੇ ਰਾਜ ਪਾਲਕਾਂ ਉਪਰ ਪੂਰਾ ਭਰੋਸਾ ਹੁੰਦਾ ਹੈ ਪਰ ਪੰਜਾਬ ਦੇ ਰਾਜ ਪਾਲਕ ਕੀ ਕਰ ਰਹੇ ਹਨ ਇਸ ਦਾ ਤੁਹਾਨੂੰ ਵੀ ਬਾਖੂਬੀ ਪਤਾ ਹੈ। ਮੈਂ ਤੁਹਾਨੂੰ ਇਕ ਸਲਾਹ ਦੇਵਾਂਗੀ ਕਿ ਆਪਣੇ ਚਹੇਤੇ ਕੁਝ ਦੇਸ਼ ਧਰੋਹੀਆਂ ਨੂੰ ਆਪਣੀ ਬੁੱਕਲ ਵਿਚ ਰੱਖ ਕੇ ਬਾਕੀ ਸਾਰੇ ਪੰਜਾਬ ਨੂੰ ਮੌਤ ਦੇ ਘਾਟ ਉਤਾਰ ਦਿਓ।”
ਰਾਣੀ ਜਿੰਦਾਂ ਲਾਰੰਸ ਦੀਆਂ ਗੱਲਾਂ ਤੋਂ ਨਾਬਰ ਸੀ। ਲਾਰੰਸ ਨੂੰ ਲਗਿਆ ਕਿ ਇਹ ਔਰਤ ਖਰਾਬ ਕਰੇਗੀ। ਰਾਣੀ ਤੇ ਲਾਰੰਸ ਵਿਚਕਾਰ ਚਿੱਠੀਆਂ ਦੀ ਕੰਨਸੋਅ ਲੋਕਾਂ ਤਕ ਪੁੱਜ ਗਈ। ਅੰਗਰੇਜ਼ਾਂ ਦਾ ਵਿਰੋਧ ਕਰ ਸਕਣਾ ਬਹੁਤ ਵੱਡੀ ਗੱਲ ਸੀ। ਰਾਣੀ ਦੀ ਇਸ ਬਹਾਦਰੀ ਦੀ ਚਰਚਾ ਲਹੌਰ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਪੁੱਜਣ ਲਗੀ। ਲਹੌਰ ਦੇ ਆਮ ਬੰਦੇ ਨੇ ਤਾਂ ਇਸ ਬਾਰੇ ਗੱਲ ਕਰਨੀ ਹੀ ਹੋਈ।...
ਉਸ ਦਿਨ ਵਜੀਦਾ ਬਸ਼ੀਰੇ ਨੂੰ ਮਿਲਣ ਆਇਆ ਹੋਇਆ ਸੀ। ਉਹ ਦੋਵੇਂ ਅਲਗੋਜਿ਼ਆਂ ਦੇ ਖਾੜੇ ਲਗਾ ਕੇ ਲਹੌਰ ਦਰਬਾਰ ਦੀਆਂ ਕਹਾਣੀਆਂ ਪੂਰੇ ਪੰਜਾਬ ਨੂੰ ਸੁਣਾਉਂਦੇ। ਬਸ਼ੀਰਾ ਤੇ ਵਜੀਦਾ ਸ਼ਾਹ ਮੁਹੰਮਦ ਦੇ ਕਿੱਸੇ ਦੇ ਉਸ ਭਾਗ ਦੀ ਮੱਸ਼ਕ ਕਰ ਰਹੇ ਸਨ ਜਿਸ ਵਿਚ ਉਹ ਸ਼ਾਮ ਸਿੰਘ ਅਟਾਰੀਵਾਲੇ ਦੀ ਵੀਰਤਾ ਦੀ ਗੱਲ ਕਰਦਾ ਉਸ ਦੇ ਅੰਗਰੇਜ਼ਾਂ ਨੂੰ ਨਿੰਬੂਆਂ ਵਾਂਗ ਨਿਚੋਣਨ ਦੀ ਗੱਲ ਕਹਿੰਦਾ ਹੈ। ਵਾਰ ਦੇ ਇਸ ਭਾਗ ਨੂੰ ਲੋਕ ਬਹੁਤ ਉਤਸ਼ਾਹ ਨਾਲ ਸਣਿਆ ਕਰਦੇ। ਉਹਨਾਂ ਦੀ ਚਲਦੀ ਮਸ਼ਕ ਵਿਚ ਮ੍ਹੀਦਾ ਮਰਾਸੀ ਆ ਪੁਜਿਆ। ਉਸ ਨੇ ਆਦਤ ਮੁਤਾਬਕ ਮਣੀ ਛਕੀ ਹੋਈ ਸੀ ਤੇ ਨੱਕ ਵਿਚ ਬੋਲ ਰਿਹਾ ਸੀ। ਉਹ ਇਕ ਅੱਖ ਥੋੜੀ ਜਿਹੀ ਮੀਟਦਾ ਹੋਇਆ ਬੋਲਿਆ,
“ਬਈ ਮੈਨੂੰ ਲਗਦਾ ਏ ਕਿ ਤੁਹਾਡਾ ਸ਼ਾਹ ਮੁਹੰਮਦ ਤਾਂ ਝੂਠਾ ਨਿਕਲਿਆ।”
“ਨਹੀਂ ਓਏ ਮ੍ਹੀਦਿਆ, ਉਹ ਝੂਠਾ ਨਹੀਂ, ਸਭ ਸੱਚ ਲਿਖਿਆ ਏ।”
“ਵਜੀਦਿਆ, ਜੇ ਸੱਚ ਏ ਤਾਂ ਉਹਨੂੰ ਕਹਿ ਕਿ ਹੁਣ ਲਿਖੇ; ਪੰਜਾਬ ਦੇ ਸਾਰੇ ਮਰਦ ਨਮਰਦ ਬਣੇ ਪੂਛਾਂ ਚੱਡਿਆਂ ‘ਚ ਦੇਈ ਫਿਰਦੇ ਨੇ ਤੇ ਅਸਲੀ ਮਰਦ ਜਿੰਦ ਕੋਰ ਗੜ੍ਹਕ ਰਹੀ ਏ।”
(ਤਿਆਰੀ ਅਧੀਨ ਨਾਵਲ; ‘ਦਸ ਸਾਲ, ਦਸ ਯੁੱਗ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346