Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

ਆਪ ਕੀ ਸ਼ਾਦੀ ਹੂਈ ਹੈ?

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ਚੇਤੰਨ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਮੇਰਾ ਬਾਪੂ ਮੇਰਾ ਬੇਲੀ
- ਮੁਖਵੀਰ ਸਿੰਘ

 

ਮਰੀਜ਼ਾਂ ਨਾਲ ਭਰਿਆ ਇੱਕ ਵਾਰਡ, ਉਸ ਵਿੱਚ ਵਾਰਡ ਵਿੱਚ ਮਰੀਜ਼ ਬਣਿਆਂ ਮੇਰਾ ਬਾਪੂ ਤੇ ਉਸ ਮਰੀਜ਼ ਦਾ ਮੈਂ ਇੱਕ ਰਿਸ਼ਤੇਦਾਰ।।।।ਏਹੀ ਭਾਸ਼ਾ ਹੈ ਹਸਪਤਾਲ ਦੀ। ਜਿਥੇ ਬੰਦਾ ਮਰੀਜ਼ ਅਖਵਾਉਂਦਾ ਹੈ। ਮਹਿਜ਼ ਇੱਕ ਮਰੀਜ਼।
ਮੇਰਾ ਬਾਪੂ ਇੱਕ ਕਿਸਾਨ ਹੈ ,ਕਿਰਤੀ ਕਿਸਾਨ। ਜਿਸ ਲਈ ਖੇਤਾਂ ਨੂੰ ਬੀਜਣਾ, ਸਿੰਜਣਾ ਤੇ ਵੱਢਣਾ ਹੀ ਜ਼ਿੰਦਗੀ ਹੈ।।।।ਜੇ ਫ਼ਸਲ ਮਰ ਜਾਂਦੀ ਹੈ ਤਾਂ ਵੀ ਰੱਬ ਦੀ ਰਜ਼ਾ ਤੇ ਜੇ ਚਾਰ ਦਾਣੇ ਹੋ ਜਾਣ ਤਾਂ ਵੀ ਰੱਬ ਦਾ ਸ਼ੁਕਰਾਨਾ।।ਜਿਸ ਨੂੰ ਹਰ ਕਿਰਤੀ-ਵਿਅਕਤੀ ਵਾਂਗ ਦਿਨੇਂ ਮੰਜੇ 'ਤੇ ਲੇਟਣਾ ਦਲਿੱਦਰੀਆਂ ਦਾ ਕੰਮ ਲੱਗਦਾ। ਜਿਸ ਨੂੰ ਕਦੇ ਬਿਮਾਰ ਹੋਣਾ , ਆਪਣੇ-ਆਪ ਨੂੰ ਬਿਮਾਰ ਦੱਸਣਾ ਵਿਹਲਿਆਂ ਦਾ ਬਹਾਨਾ ਲੱਗਦਾ । ਗਲ਼ੇ ਦੀ ਛੋਟੀ ਜੇਹੀ ਤਕਲੀਫ਼ ਕਿਸੇ ਵੱਡੀ ਬਿਮਾਰੀ ਜੜ੍ਹ ਹੈ ਉਸ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ। ਡਾਕਟਰ ਇਸ ਨੂੰ ਕੈਂਸਰ ਦੱਸਦੇ। 'ਕੈਂਸਰ' ਜਿਸ ਦਾ ਨਾਂ ਸੁਣਦੇ ਹੀ ਬੰਦਾ ਜਮਦੂਤ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ।'ਕੈਂਸਰ' ਜਿਸ ਦਾ ਨਾਂ ਸੁਣਦੇ ਹੀ ਹਰ ਬੰਦੇ ਦੀ ਰੂਹ ਕੰਬ ਉੱਠਦੀ ਹੈ। ਪਰ ਬਾਪੂ ਇਹ ਨਾਂ ਸੁਣ ਕੇ ਵੀ ਰੱਬ ਦੀ ਰਜ਼ਾ ਵਿਚ ਸੀ ਤੇ ਉਸ 'ਤੇ ਪੂਰਾ ਭਰੋਸਾ ਵੀ ਕਿ ਇਹ ਨਾ-ਮੁਰਾਦ ਬਿਮਾਰੀ ਉਸ ਦੇ ਨੇੜੇ ਨਹੀਂ ਆ ਸਕਦੀ। ਪਹਿਲਾਂ ਤਾਂ ਉਹ ਡਾਕਟਰ ਦੇ ਕਹੇ ਕੋਈ ਵੀ ਟੈਸਟ ਕਰਵਾਉਣ ਲਈ ਤਿਆਰ ਨਹੀਂ ਸੀ,

''ਗਲ਼ਾ ਦੁਖਣ ਨਾਲ ਵੀ ਭਲਾ ਕੈਂਸਰ ਹੋ ਜਾਂਦਾ ਹੈ?।।।ਅਸੀਂ ਕਿਹੜਾ ਰੱਬ ਸਹੁਰੇ ਦੇ ਮਾਂਹ ਮਾਰੇ ਆ''।

ਬਾਪੂ ਰੱਬ ਨਾਲ ਹਮੇਸ਼ਾ ਗੱਲਾਂ ਕਰਦਾ ਰਹਿੰਦਾ ਹੈ। ਯਾਰਾਂ ਬੇਲੀਆਂ ਵਾਂਗ। ਕਦੇ ਰੱਬ ਨੂੰ ਜੱਟਾਂ ਵਾਲੀਆਂ ਗਾਲ੍ਹਾਂ ਵੀ ਪੈ ਜਾਂਦੀਆਂ। ਹੁਣ ਵੀ ਰੱਬ 'ਤੇ ਰੋਅਬ ਸੀ 'ਜੇ ਕੋਈ ਵਾਧ-ਘਾਟ ਹੋਈ ਤਾਂ ਦੇਖ ਲਈਂ '। ਮੈਂ ਰੱਬ, ਬਾਪੂ, ਡਾਕਟਰ ਤੇ ਟੈਸਟ ਸਭ ਕੁੱਝ ਬਾਰੇ ਹੀ ਸੋਚ ਰਿਹਾ ਸੀ। ਮੁਸ਼ਕਲ ਵੇਲੇ ਹੀ ਤਾਂ ਰੱਬ ਯਾਦ ਆਉਂਦਾ ਹੈ ਘੱਟੋ-ਘੱਟ ਮਾਨਸਿਕ ਤਸੱਲੀ ਤਾਂ ਹੈ ਹੀ। ਪਰ ਏਥੇ ਰੱਬ ਤੋਂ ਪਹਿਲਾਂ ਬਾਪੂ ਨੂੰ ਟੈਸਟਾਂ ਲਈ ਮਨਾਉਣਾ ਜ਼ਰੂਰੀ ਸੀ। ਆਖ਼ਿਰ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਡਾਕਟਰ ਦੀ ਸਲਾਹ ਮੰਨਣ ਲਈ ਤਿਆਰ ਕੀਤਾ ਕਿਉਂਕਿ ਇਹ ਤਕਲੀਫ਼ ਕੈਂਸਰ ਹੈ ਜਾਂ ਨਹੀਂ ਇਸ ਗੱਲ ਦਾ ਨਿਤਾਰਾ ਕਰਨ ਲਈ ਗਲ਼ੇ ਵਿੱਚੋਂ ਮਾਸ ਲੈ ਕੇ ਉਸ ਦਾ ਟੈਸਟ ਕਰਨਾ ਜ਼ਰੂਰੀ ਸੀ। ਗਲ਼ੇ ਵਿੱਚੋਂ ਮਾਸ ਦਾ ਟੁਕੜਾ ਲੈਣ ਲਈ ਛੋਟਾ ਜੇਹਾ ਉਪਰੇਸ਼ਨ ਕਰਨਾ ਸੀ। ਜਿਸ ਲਈ ਸਾਨੂੰ ਸੀ।ਐਮ।ਸੀ ਲੁਧਿਆਣੇ ਜਾਣਾ ਪਿਆ। ਉਸ ਉਪਰੇਸ਼ਨ ਬਾਅਦ ਅਸੀਂ ਇੱਕ ਦਿਨ ਵਿੱਚ ਹੀ ਘਰ ਪਰਤ ਸਕਦੇ ਸਾਂ ਕਿਉਂਕਿ ਉਸ ਦੀ ਰਿਪੋਟਰ ਇੱਕ ਹਫ਼ਤੇ ਬਾਅਦ ਮਿਲਣੀ ਸੀ। ਪਰ ਉਪਰੇਸ਼ਨ ਤੋਂ ਬਾਅਦ ਬਾਪੂ ਦੀ ਤਕਲੀਫ਼ ਵੀ ਵੱਧ ਗਈ ਤੇ ਡਾਕਟਰ ਨੇ ਵੀ ਇਹ ਸਲਾਹ ਦਿੱਤੀ ਕਿ ਤੁਸੀਂ ਅੱਜ ਦੀ ਰਾਤ ਹਸਪਤਾਲ ਵਿੱਚ ਹੀ ਰੁਕੋ। ਪਰ ਹਸਪਤਾਲ ਵਿੱਚ ਕੋਈ ਕਮਰਾ ਖਾਲ਼ੀ ਨਹੀਂ ਸੀ, ਜਰਨਲ ਵਾਰਡ ਵਿੱਚ ਵੀ ਮੁਸ਼ਕਲ ਨਾਲ ਇੱਕ ਬੈੱਡ ਮਿਲਿਆ।।।।ਐਂਨੇ ਮਰੀਜ਼ ਜਿਵੇਂ ਸਾਰੀ ਦੁਨੀਆਂ ਹੀ ਬਿਮਾਰ ਹੋ ਗਈ ਹੋਵੇ ਤੇ ਸਾਡੇ ਵਰਗੇ ਪੇਂਡੂਆਂ ਲਈ ਪਰੇਸ਼ਾਨ ਹੋਣ ਲਈ ਲੁਧਿਆਣੇ ਸ਼ਹਿਰ ਦੀ ਭੀੜ ਹੀ ਕਾਫ਼ੀ ਸੀ।।।ਪਰ ਹਸਪਤਾਲ ਦਾ ਇਹ ਛੋਟਾ ਜੇਹਾ ਵਾਰਡ ਵਾਰਡ ਵਿੱਚ ਪੰਜਰਾਂ-ਸੌਲਾਂ ਮਰੀਜ਼ ।।ਹਰ ਮਰੀਜ਼ ਨਾਲ ਦੋ-ਦੋ, ਤਿੰਨ-ਤਿੰਨ ਰਿਸ਼ਤੇਦਾਰ।।।ਤੇ ਉਹਨਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ।।।ਇਹ ਸਭ ਵੇਖ ਕੇ ਕਦੇ ਨਾ ਘਬਰਾਉਣ ਵਾਲੇ ਮੇਰੇ ਬਾਪੂ ਨੂੰ ਆਪਣਾ-ਆਪ ਬਹੁਤ ਜ਼ਿਆਦਾ ਬਿਮਾਰ ਲੱਗਣ ਲੱਗਾ ਤੇ ਉਹ ਚਾਦਰ ਲੈ ਕੇ ਲੇਟ ਗਿਆ। ਜਿਵੇਂ ਹੋਰ ਕਿਸੇ ਮਰੀਜ਼ ਨੂੰ ਦੇਖਣਾ ਨਾ ਚਾਹੁੰਦਾ ਹੋਵੇ।

ਮੈਂ ਸਾਰੇ ਮਰੀਜ਼ਾਂ ਦੇ ਚਿਹਰੇ ਵੇਖ ਉਹਨਾਂ ਦੇ ਦੁੱਖ ਨੂੰ ਸਮਝਣ ਦਾ ਜਤਨ ਕਰ ਰਿਹਾ ਸੀ। ਸ਼ਾਇਦ ਸਾਰੇ ਗਲ਼ੇ ਜਾਂ ਮੂੰਹ ਦੀ ਤਕਲੀਫ਼ ਵਾਲੇ ਮਰੀਜ਼ ਸਨ। ਕਿਸੇ ਦਾ ਗਲ਼ਾ ਫੁੱਲਿਆ ਪਿਆ ਸੀ । ਕਿਸੇ ਦੇ ਗਲ਼ੇ 'ਤੇ ਪੱਟੀਆਂ ਕੀਤੀਆਂ ਸੀ।।। ਤੇ ਮੂੰਹ ਦੇ ਕੈਂਸਰ ਤੋਂ ਪੀੜਿਤ ਮਰੀਜ਼ਾਂ ਦੇ ਚਿਹਰੇ ਕਰੂਪ ਹੋ ਚੁਕੇ ਸਨ । ਪਰ ਸਾਡੇ ਬਿਲਕੁਲ ਸਾਹਮਣੇ ਵਾਲਾ ਬਜ਼ੁਰਗ ਡਾਢਾ ਤਕਲੀਫ਼ ਵਿਚ ਸੀ। ਕੁੱਝ ਘੰਟੇ ਪਹਿਲਾਂ ਹੀ ਇਸ ਦਾ ਉਪਰੇਸ਼ਨ ਵੀ ਮੇਰੇ ਬਾਪੂ ਵਾਂਗ ਕੈਂਸਰ ਦੇ ਟੈਸਟ ਲਈ ਕੀਤਾ ਗਿਆ ਸੀ।।ਪਰ ਇਸ ਦਾ ਟਿਊਮਰ ਖਾਣੇ ਵਾਲੀ ਨਾਲ਼ੀ ਦੇ ਵਿੱਚ ਸੀ ਜਿਸ ਕਾਰਨ ਉਸ ਦਾ ਮਾਸ ਲੈਣ ਲਈ ਗਲ਼ੇ ਵਿੱਚ ਛੇਕ ਕੀਤਾ ਗਿਆ ਤੇ ਇੱਕ ਨਾਲ਼ੀ ਪਾ ਦਿੱਤੀ ਗਈ। ਗਲ਼ੇ ਵਿਚ ਪਾਈ ਨਾਲ਼ੀ ਕਾਰਨ ਉਹ ਬਹੁਤ ਕਾਫ਼ੀ ਤਕਲੀਫ਼ ਮਹਿਸੂਸ ਕਰ ਰਿਹਾ ਸੀ ਤੇ ਉਸ ਦੇ 'ਬੋਲ' ਜਿਵੇਂ ਡਾਕਟਰ ਨੇ ਉਪਰੇਸ਼ਨ ਦੁਰਾਨ ਕੱਢ ਲਏ ਹੋਣ। ਹੁਣ ਉਹ ਇਸ਼ਾਰਿਆਂ ਨਾਲ ਗੱਲਾਂ ਕਰਦਾ। ਜਿਵੇਂ ਕੋਈ ਵਿਅਕਤੀ ਅਣਜਾਣ ਧਰਤੀ 'ਤੇ ਆ ਗਿਆ ਹੋਵੇ ਜਿਥੇ ਉਸ ਦੀ ਬੋਲੀ ਸਮਝਣ ਵਾਲਾ ਕੋਈ ਨਾ ਹੋਵੇ। ਉਪਰੇਸ਼ਨ ਤੋਂ ਪਹਿਲਾਂ ਮੈਂ ਉਸ ਨਾਲ ਗੱਲਾਂ ਵੀ ਕੀਤੀਆਂ ਸੀ। ਉਹ ਰੁਕ-ਰੁਕ ਗੱਲਾਂ ਕਰਦਾ।

''ਮੇਰੇ ਦੋ ਮੁੰਡੇ ਦੋਵੇਂ 'ਮਰੀਕਾ ਨੇ।।। ਬੁੜੀ ਨੇ ਦੱਸ ਦਿੱਤਾ ਉਹਨਾਂ ਨੂੰ ।।।। ਵੱਡਾ ਕੱਲ੍ਹ ਆ ਜਾਵੇਗਾ''

ਕੁਝ ਘੰਟੇ ਪਹਿਲਾਂ ਗੱਲਾਂ-ਬਾਤਾਂ ਕਰਦਾ ਬਜ਼ੁਰਗ ਹੁਣ ਬੋਲ ਨਹੀਂ ਸੀ ਸਕਦਾ। ਮੇਰੇ ਵੱਲ ਦੇਖ ਉਸ ਦੀਆਂ ਅੱਖਾਂ ਭਰ ਆਈਆਂ ਤੇ 'ਮੈਂ' ਉਸ ਬਜ਼ੁਰਗ ਨੂੰ ਜ਼ਿੰਦਗੀ ਦੇ ਇਸ ਕੌੜੇ ਸੱਚ ਨੂੰ 'ਕੱਲੇ ਭੋਗਦੇ ਤੱਕ ਰਿਹਾ ਸੀ।

ਜਿਵੇਂ ਰਾਤ ਪੈ ਰਹੀ ਮੈਨੂੰ ਆਪਣਾ ਪਿੰਡ, ਆਪਣਾ ਘਰ ਯਾਦ ਆ ਰਿਹਾ ਸੀ। ਅਸੀਂ ਆਪਣੇ ਘਰ ਵਿਚ ਕਿੰਨਾ ਸਹਿਜ ਮਹਿਸੂਸ ਕਰਦੇ ਹਾਂ। ਆਪਣਾ ਘਰ ਤੋਂ ਕਿੰਨਾ ਦੂਰ ਹੈ ਹਸਪਤਾਲ।।।ਕਿੰਨਾ ਵੱਖਰਾ ਹੈ ਘਰ ਦੇ ਮਾਹੌਲ ਤੋਂ ਹਸਪਤਾਲ ਦਾ ਮਾਹੌਲ।।।।।ਕਿੰਨੇ ਦੁੱਖੀ ਹਨ ਏਥੇ ਰਹਿਣ ਵਾਲੇ ਲੋਕ।

ਜਦੋਂ ਅਸੀਂ ਕਿਸੇ ਆਪਣੇ ਨਾਲ ਇਸ ਦੁੱਖ ਨੂੰ ਭੋਗ ਰਹੇ ਹੁੰਦੇ ਹਾਂ ਤਾਂ ਅਸੀਂ ਦੁੱਖ ਦੇ ਭਾਰ ਹੇਠ ਦੱਬੇ ਜਾਂਦੇ ਹਾਂ। ਹੇਠਾਂ ਦੱਬਿਆਂ ਦੇ ਹੱਥ-ਪੈਰ ਆਪੀ ਚਲਣ ਲੱਗਦੇ ਹਨ। ਰੱਬ ਅੱਗੇ ਅਰਦਾਸ, ਡਾਕਟਰ, ਨੀਮ-ਹਕੀਮ ਸਭ ਹੱਥ ਪੈਰ ਮਾਰਨਾ ਹੀ ਤਾਂ ਹੈ। ਜਦੋਂ ਤੋਂ ਅਸੀਂ ਇਸ ਬਿਮਾਰੀ ਦਾ ਨਾਂ ਸੁਣਿਆਂ ਸੀ ਉਦੋਂ ਤੋਂ ਹੀ ਅਸੀਂ ਵੀ ਹੱਥ-ਪੈਰ ਮਾਰ ਰਹੇ ਸੀ। ਮੇਰੇ ਬਾਪੂ ਨੂੰ ਉਸ ਬਜ਼ੁਰਗ ਜਿੰਨੀ ਤਕਲੀਫ਼ ਤਾਂ ਨਹੀਂ ਸੀ ਕਿਉਂਕਿ ਇਹਨਾਂ ਦਾ ਟਿਊਮਰ ਖਾਣੇ ਵਾਲੀ ਨਾਲ਼ੀ ਦੇ ਅੱਗੇ ਸੀ ਜਿਸ ਕਾਰਨ ਮੂੰਹ ਵਿਚੋਂ ਹੀ ਉਪਰੇਸ਼ਨ ਕਰ ਲਿਆ ਗਿਆ ਪਰ ਗਲ਼ੇ ਦੀ ਤਕਲੀਫ਼ ਇਸ ਉਪਰੇਸ਼ਨ ਨਾਲ ਵੱਧ ਚੁਕੀ ਸੀ । ਹਫ਼ਤੇ ਬਾਅਦ ਆਉਣ ਵਾਲੀ ਰਿਪੋਟਰ ਵਿੱਚ ਕੀ ਹੋਵੇਗਾ? ਇਹ ਵੀ ਚਿੰਤਾ ਦਾ ਕਾਰਨ ਸੀ ਤੇ ਸਭ ਤੋਂ ਵੱਡੀ ਗੱਲ ਇਸ ਬਿਮਾਰੀ ਦਾ ਨਾਂ ਹੀ ਸਭ ਤੋਂ ਵੱਧ ਤਕਲੀਫ਼ ਦੇਣ ਵਾਲਾ ਸੀ।
ਜਿਵੇਂ ਹਨ੍ਹੇਰਾ ਕੁੱਝ ਗਹਿਰਾ ਹੋਇਆ ਮਰੀਜ਼ ਨਾਲ ਆਏ ਰਿਸ਼ਤੇਦਾਰ ਆਪਣੇ ਸੌਣ ਦਾ ਹੀਲ਼ਾ ਕਰਨ ਲੱਗੇ। ਮਰੀਜ਼ ਦੇ ਨਾਲ ਆਏ ਰਿਸ਼ਤੇਦਾਰ ਨੂੰ ਇੱਕ ਬਹੁਤ ਹੀ ਛੋਟਾ ਜੇਹਾ ਬੈੱਚ ਮਿਲਦਾ ਜਿਸ 'ਤੇ ਸੌਣਾ ਕੀ, ਅਰਾਮ ਨਾਲ ਬੈਠਣਾ ਵੀ ਮੁਸ਼ਕਲ ਲੱਗਦਾ।।ਸਾਰੇ ਲੋਕ ਆਪਣੇ ਮਰੀਜ਼ ਦੇ ਬੈੱਡ ਥੱਲੇ ਹੀ ਬਿਸਤਰਾ ਵਿਛਾ ਸੌ ਰਹੇ ਸਨ।।। ਉੱਪਰ ਮਰੀਜ਼ ਥੱਲੇ ਮਰੀਜ਼ ਦਾ ਰਿਸ਼ਤੇਦਾਰ।।।। ਕਹਿੰਦੇ ਹਨ 'ਨੀਂਦ ਤਾਂ ਕੰਢਿਆਂ 'ਤੇ ਵੀ ਆ ਜਾਂਦੀ ਹੈ' ਪਰ ਮੈਂ ਇਹ ਦ੍ਰਿਸ਼ ਪਹਿਲ਼ੀ ਵਾਰ ਤੱਕ ਰਿਹਾ ਸੀ , ਮੈਂ ਸੋਚਿਆ ਅੱਜ ਦੀ ਰਾਤ ਦੀ ਹੀ ਗੱਲ ਹੈ ਬੈਠ ਕੇ ਹੀ ਗੁਜ਼ਾਰ ਲੈਂਦੇ ਹਾਂ।

ਬਾਪੂ ਨੂੰ ਵੀ ਨੀਂਦ ਨਹੀਂ ਸੀ ਆ ਰਹੀ। ਗਲ਼ੇ ਦੀ ਤਕਲੀਫ਼ ਤੇ ਬੇਚੈਨੀ ਮਹਿਸੂਸ ਹੋ ਰਹੀ ਸੀ। ਮੈਂ ਪਹਿਲ਼ੀ ਵਾਰ ਉਹਨਾਂ ਦੇ ਮੂੰਹੋਂ 'ਹਾਏ' ਸ਼ਬਦ ਸੁਣਿਆਂ। ਡਾਕਟਰ ਨੇ ਉਹਨਾਂ ਨੂੰ ਨੀਂਦ ਦੀ ਗੋਲੀ ਦਿੱਤੀ,
''ਸੌ ਜਾਓ ਬਜ਼ੁਰਗੋ"
''ਗੋਲੀ ਖਾ ਕੇ ਸੌਣ ਵੀ ਕੋਈ ਸੌਣ ਆ''
ਬਾਪੂ ਬੁੜਬੁੜਾ ਰਿਹਾ ਸੀ। ਸਾਰੀ ਉਮਰ ਖੇਤਾਂ ਵਿਚੋਂ ਥੱਕੇ-ਹਾਰੇ ਆ ਕੇ ਪੈੱਗ ਲਾ ਕੇ ਸੌਣ ਵਾਲੇ ਮੇਰੇ ਬਾਪੂ ਨੂੰ ਅੱਜ ਨੀਂਦ ਦੀ ਗੋਲੀ ਬੰਦੂਕ ਦੀ ਗੋਲੀ ਤੋਂ ਘੱਟ ਨਹੀਂ ਸੀ ਲੱਗ ਰਹੀ।
''ਤੂੰ ਵੀ ਸੌ ਜਾ ਹੁਣ।।।ਤੜਕੇ ਦਾ ਉੱਠਿਆਂ ।।"
'' ਇਥੇ ਕਿਥੇ ਸੌਣਾ।।।।??"
''ਜਿਥੇ ਬਾਕੀ ਸੁੱਤੇ ਆ।।ਤੂੰ ਡੀ।ਸੀ ਲੱਗਾਂ"

ਬਾਪੂ ਦੀ ਸੁਰ ਪਹਿਲਾਂ ਤੋਂ ਹੀ ਖੜ੍ਹਵੀ ਰਹੀ ਹੈ। ਚਾਹੇ ਮੈਂ ਤਿੰਨਾਂ ਭੈਣਾਂ ਤੋਂ ਬਾਅਦ ਇਕੋ-ਇਕ ਉਹਨਾਂ ਦਾ 'ਲਾਡਲਾ' ਪੁੱਤ ਹਾਂ ਫਿਰ ਵੀ ਬਾਪੂ ਨੇ ਮੈਨੂੰ ਛੋਟੇ ਹੁੰਦੇ ਨੂੰ ਹੀ ਚੰਡ ਕੇ ਰੱਖਿਆ। ਸਕੂਲੋਂ-ਕਾਲਜੋਂ ਪੜ੍ਹ ਕੇ ਆਉਣ ਤੋਂ ਬਾਅਦ ਵੀ ਪੈਲ਼ੀ-ਬੰਨ੍ਹੇ ਜਾਣਾ ਜ਼ਰੂਰੀ ਨੇਮ ਸੀ। ਚਾਹੇ ਮੈਂ ਪਹਿਲਾਂ ਤੋਂ ਹੀ ਬਹਾਨੇਬਾਜ਼ ਰਿਹਾ ਹਾਂ ਪਰ ਬਾਪੂ ਨੇ ਇਕ ਵੀ ਬਹਾਨਾ ਚੱਲਣ ਨਾ ਦੇਣਾ। 'ਹਾਂ' ਪੇਪਰਾਂ ਦੇ ਦੇਣਾ ਵਿਚ ਜਿੰਨਾ ਮਰਜ਼ੀ ਕੰਮ ਹੋਵੇ ਬਾਪੂ ਨੇ ਕਹਿਣਾ ਤੂੰ ਪੜ੍ਹ ਆਪਣਾ। ਕਈ ਵਾਰ ਗਾਲ੍ਹਾਂ ਵੀ ਪੈ ਜਾਣੀਆਂ। ਗਾਲ੍ਹਾਂ ਕੱਢਦਾ ਬਾਪੂ ਮੈਨੂੰ ਕਦੇ ਚੰਗਾ ਨਾ ਲੱਗਦਾ।

ਬਾਪੂ ਦੇ ਆਖੇ ਲੱਗ ਮੈਂ ਵੀ ਬਾਪੂ ਦੇ ਬੈੱਡ ਥੱਲੇ ਹੀ ਘਰੋਂ ਲਿਆਂਦੀ ਇਕ ਚਾਦਰ ਵਿਛਾ ਲਈ। ਉੱਪਰ ਬਾਪੂ ਪਿਆ ਸੀ ਤੇ ਥੱਲੇ ਮੈਂ।।। ਮੈਨੂੰ ਇਕ ਅਲੱਗ ਜੇਹਾ ਅਨੁਭਵ ਹੋਇਆ। ਮੈਨੂੰ ਲੱਗਾ ਕਿ ਇਸ ਤੋਂ ਪਹਿਲਾਂ ਮੈਂ ਕਦੇ ਐਨਾ ਬਾਪੂ ਦੇ ਨੇੜੇ ਨਹੀਂ ਆਇਆ ਸੀ। ਉਹ ਬਾਪੂ ਜੋ ਬਾਹਰੋਂ ਸਖ਼ਤ ਤੇ ਅੰਦਰੋਂ ਨਰਮ। ਸ਼ਾਇਦ ਹਰ ਬਾਪੂ ਵਾਂਗ। ਥੱਲੇ ਪਿਆ ਮੈਂ ਪਿਓ-ਦਿਲ ਤੱਕ ਪਹੁੰਚ ਰਿਹਾ ਸੀ। ਅੰਦਰ ਵਾਲੇ ਬਾਪੂ ਤੱਕ।

ਸਾਹਮਣੇ ਵਾਲਾ ਬਜ਼ੁਰਗ ਮੈਨੂੰ ਬਹੁਤ 'ਕੱਲਾ ਲੱਗ ਰਿਹਾ ਸੀ। ਆਪਣੇ ਪੁੱਤਾਂ ਤੋਂ ਦੂਰ।।। ਕੱਲ੍ਹ ਉਸ ਦਾ ਪੁੱਤ ਵੀ ਆ ਜਾਵੇਗਾ।।ਉਸ ਦੀ ਉਡੀਕ ਜ਼ਰੂਰ ਉਸ ਦੀ ਇਹ ਤਕਲੀਫ਼ ਘੱਟ ਕਰਦੀ ਹੋਵੇਗੀ।।।ਪਰ ਅੱਜ ਦੀ ਰਾਤ ਦੀ ਉਡੀਕ ਇਸ ਲਈ ਕੋਈ ਸੌਖਾ ਕੰਮ ਨਹੀਂ।।।ਨਾਲ ਆਈ ਬਜ਼ੁਰਗ ਔਰਤ ਵੀ ਸ਼ਾਇਦ ਆਪਣੇ ਪੁੱਤ ਦੀ ਉਡੀਕ ਕਰਦੀ ਅਜੇ ਵੀ ਬੈੱਚ 'ਤੇ ਹੀ ਬੈਠੀ ਸੀ। ਮੈਂ ਉਸ ਪੁੱਤ ਬਾਰੇ ਸੋਚ ਰਿਹਾ ਸੀ ਜੋ ਪਰਦੇਸ਼ ਤੋਂ ਦੇਸ਼ ਆਉਣ ਲਈ ਜਹਾਜ਼ ਬੈਠਾ ਹੋਵੇਗਾ ਪਰ ਉਸ ਦਾ ਦਿਲ ਆਪਣੇ ਬਿਮਾਰ ਬਾਪੂ ਵੱਲ ਹੀ ਹੋਵੇਗਾ।

ਬਜ਼ੁਰਗ ਦੀ ਤਕਲੀਫ਼ ਹੋਰ ਵੱਧ ਰਹੀ ਸੀ। ਉਹ ਇਸ਼ਾਰਿਆਂ ਨਾਲ ਆਪਣੀ ਘਰਵਾਲੀ ਨੂੰ ਕੁਝ ਕਹਿੰਦਾ। ਔਰਤ ਬਹੁਤ ਕਮਜ਼ੋਰ ਲੱਗ ਰਹੀ ਸੀ ਜਿਵੇਂ ਖ਼ੁਦ ਵੀ ਬਿਮਾਰ ਹੋਵੇ। ਮੇਰੇ ਤੋਂ ਰਿਹਾ ਨਾ ਗਿਆ, ਮੈਂ ਉੱਠਿਆ ਤੇ ਉਸ ਬਜ਼ੁਰਗ ਕੋਲ ਜਾ ਕੇ ਖੜ੍ਹਾ ਹੋ ਗਿਆ।
''ਪੁੱਤ ਦੇਖ! ਇਹ ਕੀ ਕਹਿ ਰਏ ਨੇ" ਔਰਤ ਨੇ ਜਿਵੇਂ ਤਰਲਾ ਕੀਤਾ।
ਬਜ਼ੁਰਗ ਨੇ ਵੀ ਅੱਖਾਂ ਭਰ ਆਪਣੇ ਗਲ਼ੇ ਵਿਚ ਪਾਈ ਨਾਲ਼ੀ ਵੱਲ ਇਸ਼ਾਰਾ ਕੀਤਾ। ਮੈਂ ਨੇੜੇ ਹੋ ਕਿ ਪੁੱਛਿਆ,
''ਗਲਾ ਦੁੱਖਦਾ ਤਾਡ੍ਹਾ ?"
ਉਸ ਨੇ 'ਨਹੀਂ' ਵਿਚ ਸਿਰ ਹਿਲਾਇਆ। ਉਸ ਨੂੰ ਸ਼ਾਇਦ ਮੇਰੇ 'ਤੇ ਗੁੱਸਾ ਆ ਰਿਹਾ ਸੀ ਜਾਂ ਆਪਣੀ ਬੇਵਸੀ 'ਤੇ। ਏਧਰ-ਓਧਰ ਦੇਖਣ ਤੋਂ ਬਾਅਦ ਉਸ ਨੇ ਮੇਰੇ ਲੱਗੇ ਪੈੱਨ ਵੱਲ ਦੇਖਿਆ ਤੇ ਕੁਝ ਲਿਖਣ ਲਈ ਇਸ਼ਾਰਾ ਕੀਤਾ। ਮੈਂ ਆਪਣਾ ਪੈੱਨ ਤੇ ਆਪਣੀ ਛੋਟੀ ਡਾਇਰੀ ਉਸ ਨੂੰ ਦਿੱਤੀ। ਉਹ ਜਲਦੀ-ਜਲਦੀ ਪੈੱਨ ਘਸਾਉਣ ਲਗਦਾ ਹੈ, ''ਮੈਨੂੰ ਸਾਹ ਨਹੀਂ ਆਉਂਦਾ, ਡਾਕਟਰ ਨੂੰ ਕਹਿ ਆ ਨਾਲੀ ਲਾਅ ਦੇਵੇ"

ਮੈਂ ਬਾਹਰ ਬੈਠੀਆਂ ਨਰਸਾਂ ਤੋਂ ਗਿਆ। ਉਹ ਆਈਆਂ ਤੇ ਉਹਨਾਂ ਨੇ ਇਕ ਮਸ਼ੀਨ ਨਾਲ ਨਾਲ਼ੀ ਵਿਚ ਫਸੀ ਬਲਗਮ ਕੱਢ ਦਿੱਤੀ,
''ਇਹ ਨਾਲੀ ਨਹੀਂ ਕੱਢ ਸਕਦੇ, ਪਹਿਲਾਂ-ਪਹਿਲਾਂ ਥੌੜੀ ਤਕਲੀਫ਼ ਹੋਣੀ ਹੀ ਹੈ ਫਿਰ ਠੀਕ ਹੋ ਜਾਣਾ ਹੈ।" ਨਰਸ ਸ਼ਾਇਦ ਝੂਠੀ ਤਸੱਲ਼ੀ ਦੇ ਰਹੀ ਸੀ।

ਪਰ ਬਜ਼ੁਰਗ ਕੁੱਝ ਠੀਕ ਮਹਿਸੂਸ ਕਰ ਰਿਹਾ ਸੀ ਉਹ ਸੌਖਾ ਸਾਹ ਲੈਣ ਲੱਗਦਾ ਹੈ। ਹੁਣ ਮੈਂ ਬਜ਼ੁਰਗ ਨੂੰ ਧਿਆਨ ਨਾਲ ਦੇਖ ਰਿਹਾ ਸੀ। ਦੋਨਾਂ ਕੰਨਾਂ ਵਿਚ ਨੱਤੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀ, ਮੁੱਛਾਂ ਨੂੰ ਅਜੇ ਵੀ ਕੁੰਢ ਪਏ ਹੋਏ ਸੀ, ਇਹ ਬਜ਼ੁਰਗ ਜ਼ਰੂਰ ਕੁੰਢੀਆਂ ਮੁੱਛਾਂ ਰੱਖਦਾ ਹੋਵੇਗਾ। ਹਸਪਤਾਲ ਆ ਕੇ ਸ਼ਾਇਦ ਇਸ ਨੂੰ ਵਟ ਦੇਣਾ ਭੁੱਲ ਗਿਆ। ਏਥੇ ਆਣ ਕੇ ਬੰਦੇ ਦਾ ਕੀ ਦਾ ਕੀ ਬਣ ਜਾਂਦਾ ਹੈ?
ਉਸ ਨੇ ਮੈਨੂੰ ਹੱਥ ਨਾਲ ਇਸ਼ਾਰਾ ਕੀਤਾ ।
'ਜਾ ਹੁਣ ਤੂੰ'
ਔਰਤ ਨੇ ਮੈਨੂੰ ਅਸੀਸ ਦਿੱਤੀ , ''ਜਿਉਂਦਾ ਰਹਿ ਪੁੱਤ" ਤੇ ਨਾਲ ਦੁੱਖ ਵੀ ਸਾਂਝਾ ਕਰ ਲਿਆ, ''ਕਿਹੜੀ ਬਿਪਤਾ ਵਿਚ ਫਸ ਗਏ ਆਂ।।"
ਮੈਂ ਆਣ ਕੇ ਫਿਰ ਪਹਿਲਾਂ ਵਾਲੀ ਜਗ੍ਹਾ ਲੇਟ ਗਿਆ। ਮੈਂ ਸੋਚ ਰਿਹਾ ਸੀ ਕਿ ਕੱਲ੍ਹ ਉਸ ਬਜ਼ੁਰਗ ਦਾ ਮੁੰਡਾ ਆਵੇਗਾ ।।ਮੈਂ ਉਸ ਨੂੰ ਮਿਲਾਂਗਾ।।ਉਹ ਮੇਰਾ ਸ਼ੁਕਰੀਆ ਕਰੇਗਾ।।।ਅਗਲੇ ਹੀ ਪਲ ਮੈਂ ਆਪਣੇ ਬਾਰੇ ਸੋਚਦਾ ਹਾਂ ਕਿ ਕਿਸੇ ਦੀ ਛੋਟੀ ਜਿਹੀ ਮਦਦ ਕਰਨ ਤੋਂ ਬਾਅਦ ਵੀ ਅਸੀਂ ਸ਼ੁਕਰੀਆ ਭਾਲਦੇ ਹਾਂ।।ਮੈਨੂੰ ਆਪਣੀ ਸੋਚ ਬਹੁਤ ਛੋਟੀ ਲੱਗੀ। ਫਿਰ ਉਹ ਬਜ਼ੁਰਗ ਔਰਤ ਮੈਨੂੰ ਆਪਣੀ ਮਾਂ ਵਰਗੀ ਲੱਗਦੀ ਹੈ ।।ਮੇਰੀ ਮਾਤਾ ਵੀ ਘਰ ਵਿਚ ਬੈਠੀ ਇਸ ਵਾਂਗ ਹੀ ਫ਼ਿਕਰ ਕਰਦੀ ਹੋਵੇਗੀ।

ਥੱਲੇ ਲੇਟਿਆ ਮੈਂ ਬਹੁਤ ਕੁੱਝ ਸਿੱਖ ਰਿਹਾ ਸੀ । ਮੈਂ ਸੋਚ ਰਿਹਾ ਸੀ ਕਿ ਮੈਂ ਬਾਪੂ ਤੋਂ ਕਿੰਨਾ ਕੁੱਝ ਸਿੱਖਿਆ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿੱਖ ਹੀ ਰਿਹਾ ਹਾਂ।।ਪੜ੍ਹਨਾ ਵੀ ਬਾਪੂ ਨੇ ਹੀ ਸਿਖਾਇਆ ਤੇ ਟਰੈਕਟਰ ਚਲਾਉਣਾ ਵੀ ।ਮੈਂ ਅਜੇ ਸੱਤਵੀ-ਅੱਠਵੀਂ ਜਮਾਤ ਪੜ੍ਹਦਾ ਸੀ ਕੇ ਟਰੈਕਟਰ ਚਲਾਉਣ ਲਗ ਪਿਆ ਸੀ। ਜਦੋਂ ਆਲੂ ਪਟਾਈ ਤੋਂ ਬਾਅਦ ਅਸੀਂ ਸੂਰਜਮੁੱਖੀ ਬੀਜਣਾ ਤਾਂ ਮੇਰੇ ਤੋਂ ਸਿਆੜ ਕਦੇ ਵੀ ਸਿੱਧੇ ਨਾ ਨਿਕਲਣੇ ਮੈਂ ਹਮੇਸ਼ਾ ਬਾਪੂ ਨੂੰ ਕਹਿਣਾ 'ਤੁਸੀਂ ਕੱਢ ਦਿਓ ਪਹਿਲਾ ਸਿਆੜ' ਤੇ ਉਹਨਾਂ ਹਮੇਸ਼ਾਂ ਹੱਸ ਕੇ ਜਵਾਬ ਦੇਣਾ ''ਪਹਿਲਾਂ ਖਿੱਚੇ ਸਿਆੜਾਂ ਵਿਚ ਬੀਜਣਾ ਸੌਖਾ ਆ ਕਾਕਾ, ਆਪ ਸਿਆੜ ਪਾ, ਵੇਖੀਂ ਫਿਰ ਬੀਜਣ ਵਿਚ ਕਿੰਨਾ ਮਜ਼ਾ ਆਉਂਦਾ'' ਕਿੰਨਾ ਡੂੰਘਾ ਫ਼ਲਸਫ਼ਾ ਸੀ ਉਸ ਗੱਲ ਵਿਚ।। ਤੇ ਮੈਂ 'ਅੱਜ' ਇਸ ਗੱਲ ਬਾਰੇ ਸੋਚ ਰਿਹਾ ਸੀ।

ਬਾਪੂ ਦੇ ਦੂਰ ਜਾਣ ਦੇ ਡਰ ਨੇ ਅੱਜ ਮੈਨੂੰ ਉਹਨਾਂ ਦੇ ਹੋਰ ਨੇੜੇ ਲਿਆਂਦਾ ਸੀ। ਪਹਿਲਾਂ-ਪਹਿਲ ਮੈਂ ਬਾਪੂ ਨੂੰ 'ਡੈਡੀ ਜੀ' ਕਿਹਾ ਕਰਦਾ ਸੀ ਉਹਨਾਂ ਹਮੇਸ਼ਾ ਕਹਿਣਾ ''ਆ ਕੀ ਡੈਡੀ-ਡੈਡੀ ਲਾਈ, ਬਾਪੂ ਕਹਿ ਬਾਪੂ, ਮੈਂ ਵੀ ਆਪਣੇ ਪਿਓ ਨੂੰ ਬਾਪੂ ਹੀ ਕਹਿੰਦਾ ਸੀ'' ਉਹਨਾਂ ਨੂੰ ਬਾਪੂ ਜੀ ਕਹਿਣ 'ਤੇ ਵੀ ਇਤਰਾਜ਼ ਹੈ ਹੁਣ ਮੈਂ ਉਹਨਾਂ ਨੂੰ ਜ਼ਿਆਦਾਤਰ 'ਬਾਪੂ' ਹੀ ਕਹਿੰਦਾ । 'ਯਾਰੀ' ਵਾਲਾ 'ਬਾਪੂ'। ਸਹੀ ਵੀ ਹੈ ਪਿਓ-ਪੁੱਤ ਦੀ ਯਾਰੀ ਤੋਂ ਵੱਡੀ ਕਿਹੜੀ ਯਾਰੀ ਹੋ ਸਕਦੀ ਹੈ। ਪਰ ਸਾਡੀ ਇਹ ਯਾਰੀ ਕਦੇ ਖੁੱਲ੍ਹ ਕੇ ਸਾਹਮਣੇ ਨਾ ਆ ਪਾਉਂਦੀ।।।ਬਾਪੂ ਉਪਰੋਂ-ਉਪਰੋਂ ਰੋਅਬ ਪਾਉਂਦਾ ਰਹਿੰਦਾ ਤੇ ਦਿਲੋਂ ਨਰਮ ਰਹਿੰਦਾ।।।ਮੇਰਾ ਬਹੁਤ ਵਾਰ ਦਿਲ ਕਰਦਾ ਕਿ ਮੈਂ ਬਾਪੂ ਨੂੰ ਯਾਰਾਂ ਬੇਲੀਆਂ ਵਾਂਗ ਕਲਾਵੇ ਵਿਚ ਲਵਾਂ। ਪਰ ਬਾਪੂ ਅੱਗੇ ਜਾ ਕੇ ਮੈਂ ਹਿੰਮਤ ਨਾ ਕਰ ਸਕਦਾ ਤੇ ਮੈਂ ਕਦੇ ਵੀ ਬਾਪੂ ਨੂੰ ਗਲ਼ਵੱਕੜੀ ਵਿਚ ਲੈਣ ਦੀ ਹਿੰਮਤ ਨਾ ਕਰ ਸਕਿਆ।

ਮੈਂ ਉਸ ਬਜ਼ੁਰਗ ਤੇ ਆਪਣੇ ਬਾਪੂ ਬਾਰੇ ਸੋਚਦਾ ਸੌ ਜਾਂਦਾ ਹਾਂ। ਸੁਪਨੇ ਵਿਚ ਮੈਂ ਆਪਣੇ ਬਾਪੂ ਤੇ ਉਸ ਬਜ਼ੁਰਗ ਨੂੰ ਵੇਖਦਾ ਦੋਨੋਂ ਆਪਸ ਵਿਚ ਹੱਸ ਕੇ ਗੱਲਾਂ ਕਰਦੇ ਹਨ ।।ਬਜ਼ੁਰਗ ਮੁੱਛਾਂ ਕੁੰਢੀਆਂ ਕਰ ਮਿਰਜ਼ਾ ਗਾ ਰਿਹਾ ਹੈਸੁਪਨੇ ਦੇ ਵਿਚ ਹੀ ਬਜ਼ੁਰਗ ਦੇ ਦੋਵੇਂ ਮੁੰਡੇ ਵੀ ਆ ਜਾਂਦੇ ਉਹ ਦੋਨੋਂ ਆਪਣੇ ਬਾਪੂ ਨੂੰ ਗਲ਼ਵੱਕੜੀ ਪਾਉਂਦੇ ਨੇ।।ਮੈਂ ਵੀ ਉਹਨਾਂ ਵੱਲ ਦੇਖ ਕੇ ਬਾਪੂ ਨੂੰ ਆਪਣੇ ਕਲਾਵੇ ਵਿਚ ਲੈਣ ਲਗਦਾ ਹਾਂ।"

ਐਨੇ ਨੂੰ ਮੇਰੀ ਨੀਂਦ ਖੁੱਲ੍ਹ ਜਾਂਦੀ ਹੈ। ਗਾਰਡ ਡੰਡੇ ਨਾਲ ਮੈਨੂੰ ਹਿਲਾ ਰਿਹਾ ਸੀ,
"ਉੱਠ ਜਵਾਨਾਂ ਸਵੇਰ ਹੋ ਗਈ"
ਮੈਂ ਉੱਠ ਕੇ ਬਾਪੂ ਦੇ ਕੋਲ ਬੈਠ ਜਾਂਦਾ ਹਾਂ। ਸੁੱਤੇ ਬਾਪੂ ਵਲ ਵੇਖ ਮੇਰਾ ਮਨ ਭਰ ਆਉਂਦਾ ਹੈ। ਮੇਰਾ ਬਾਪੂ ਨੂੰ ਕਲਾਵੇ ਵਿਚ ਲੈਣ ਨੂੰ ਦਿਲ ਕਰਦਾ ਹੈ। ਮੈਨੂੰ ਲੱਗਾ ਮੇਰੀ ਤਕਲੀਫ਼ ਬਾਪੂ ਤੋਂ ਵੀ ਵੱਧ ਗਈ ਹੈ। ਫਿਰ ਮੈਂ ਸਾਹਮਣੇ ਬਜ਼ੁਰਗ ਵੱਲ ਵੇਖਦਾ ਹਾਂ ਮੈਨੂੰ ਉਸ ਦੇ ਤਕਲੀਫ਼ ਸਾਹਮਣੇ ਸਾਡੀ ਤਕਲੀਫ਼ ਛੋਟੀ ਲੱਗਦੀ ਹੈ।ਉਸ ਦੀਆਂ ਅੱਖਾਂ ਦੀ ਚਮਕ ਮਰ ਚੁਕੀ ਸੀ। ਸ਼ਾਇਦ ਉਹ ਰਾਤ ਭਰ ਨਹੀਂ ਸੀ ਸੁੱਤਾ।
ਕੁੱਝ ਦੇਰ ਬਾਅਦ ਬਾਪੂ ਉੱਠਦਾ ਹੈ। ਮੈਂ ਆਪਣੇ ਮਨ ਵਿਚ ਦੱਬੀ ਇੱਛਾ ਜਲਦੀ ਪੂਰੀ ਕਰਨਾ ਚਾਹੁੰਦਾ ਸੀ ਪਰ ਮੈਂਨੂੰ ਪਤਾ ਹੀ ਨਹੀਂ ਲੱਗਾ ਕਿ ਬਾਪੂ ਕਦੋਂ ਉੱਠ ਕੇ ਬਾਥਰੂਮ ਚਲਾ ਗਿਆ। ਬਾਥਰੂਮ ਵੱਲੋਂ ਮੂੰਹ-ਹੱਥ ਧੋ ਕੇ ਪਰਤਦੇ ਬਾਪੂ ਵੱਲ ਮੈਂ ਗਲ਼ਵੱਕੜੀ ਪਾਉਣ ਲਈ ਅੱਗੇ ਵਧਦਾ ਹਾਂ।।ਤੇ ਕੋਲ ਜਾ ਕੇ ਜਾਂਦਾ ਹਾਂ।

"ਕੀ ਹੋਇਆ ? ਕੀ ਦੇਖੀ ਜਾਣਾ ?ਮੈਂ ਹੁਣ ਠੀਕ ਹਾਂ ਡਾਕਟਰ ਲੱਭ, ਛੁੱਟੀ ਲਈਏ ।। ਪਿੰਡ ਬਹੁਤ ਸਾਰੇ ਕੰਮ ਕਰਨ ਵਾਲੇ ਨੇ।"
ਬਾਪੂ ਜਿਵੇਂ ਸਭ ਭੁੱਲ ਚੁਕਾ ਸੀ ਤੇ ਮੈਨੂੰ ਜਿਵੇਂ ਸਭ ਕੁੱਝ ਯਾਦ ਆ ਗਿਆ ਹੋਵੇ। ਮੈਂ ਕੁੱਝ ਰੁਕ ਕੇ ਫਿਰ ਬਾਪੂ ਨੂੰ ਆਪਣੀ ਗਲ਼ਵੱਕੜੀ ਵਿੱਚ ਲੈ ਲੈਂਦਾ ਹਾਂ। ਬਾਪੂ ਵੀ ਮੈਨੂੰ ਆਪਣੀਆਂ ਬਾਹਾਂ ਵਿਚ ਘੁੱਟ ਲੈਂਦਾ ਹੈ। ਸਾਹਮਣੇ ਪਏ ਬਜ਼ੁਰਗ ਦੀਆਂ ਅੱਖਾਂ ਸਾਡੇ ਵੱਲ ਵੇਖ ਚਮਕ ਉੱਠਦੀਆਂ ਹਨ। ਹੁਣ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਬਾਪੂ ਸੱਚਮੁੱਚ ਮੇਰਾ ਬੇਲੀ ਹੈ ਤੇ ਘਰ ਪਹੁੰਚ ਕੇ ਮੈਂ ਬਾਪੂ ਬਾਰੇ ਕੁਝ ਸਤਰਾਂ ਲਿਖਦਾ ਹਾਂ:-

ਮੇਰਾ ਬਾਪੂ ਮੇਰਾ ਬੇਲੀ


ਮੈਨੂੰ ਉਹ ਦਿਨ ਯਾਦ ਨਹੀਂ
ਜਦ ਮੇਰਾ ਬਾਪੂ 'ਘੋੜਾ' ਸੀ
ਤੇ ਮੈਂ ਉਸ ਦੀ 'ਸਵਾਰੀ'
ਪਰ ਉਹ ਦਿਨ ਮੈਨੂੰ
ਨਹੀਂ ਭੁੱਲ ਸਕਦੇ
ਜਦ ਬਾਪੂ ਦੇ ਮੋਢੇ ਚੜ੍ਹ
ਦੁਨੀਆਂ ਦੇਖੀ ਸਾਰੀ ,
ਕਿੱਡੀ ਵੱਡੀ ਦੌਲਤ ਸੀ
ਉਹ ਛੋਟਾ ਪੈਸਾ
ਜੋ ਚੱਕ ਭੱਜ ਜਾਣਾ
ਤੇ ਕਰ ਜਾਣੀ ਖ਼ਾਲੀ
ਬਾਪੂ ਦੇ ਹਥੇਲ਼ੀ।

ਮੇਰਾ ਬਾਪੂ ਮੇਰਾ ਬੇਲੀਮੈਨੂੰ ਤਾਂ ਉਹਨਾਂ ਲੋਕਾਂ ਦੀ ਸਮਝ ਨਾ ਆਵੇ
ਜੋ ਮਹਿਤਾ ਕਾਲੂ ਨੂੰ 'ਖਲ਼ਨਾਇਕ' ਦੱਸਦੇ ਨੇ,
ਕੀ ਉਹਨਾਂ ਲੋਕਾਂ ਨੂੰ ਬਾਬੇ ਨਾਨਕ ਦਾ ਬਚਪਨ ਨਜ਼ਰ ਨਾ ਆਵੇ?
ਉਹਨਾਂ ਉਹ ਦ੍ਰਿਸ਼ ਮਨਫ਼ੀ ਕਿਉਂ ਕਰ ਦਿੱਤਾ
ਜਦ ਬਾਬੇ ਦਾ ਬਾਪੂ ਮੋਢੇ ਚੱਕ ਖਿਡਾਵੇ?
ਬਾਬਾ ਮਹਾਨ ਸੀ
ਪਰ ਪਿਉ-ਦਿਲ ਨੂੰ ਸਮਝਣ ਦੀ
ਕਿਸੇ ਕੋਸ਼ਿਸ਼ ਕਿਉਂ ਨਾ ਕੀਤੀ?
ਇਹ ਉਹਨਾਂ ਲੋਕਾਂ ਬਾਬੇ ਦੇ ਬਾਪੂ ਦੀ
ਕਿਹੜੀ ਤਸਵੀਰ ਪੇਸ਼ ਕੀਤੀ?
ਉਹ ਤਾਂ ਬੱਸ ਬਾਪੂ ਸੀ,
ਮੇਰੇ ਬਾਪੂ ਵਰਗਾ
ਜੋ ਰਹਿਣਾ ਚਾਵੇ
ਆਪਣੇ ਪੁੱਤ ਨਾਲ ਵਾਂਗ 'ਸੰਗ-ਸਹੇਲੀ' ।

ਮੇਰਾ ਬਾਪੂ ਮੇਰਾ ਬੇਲੀ


ਇਤਿਹਾਸ ਵਿਚ ਬੈਠਾ ਔਰਗਜ਼ੇਬ ਬਾਪੂ
ਪੱਥਰ ਦਿਲ ਸੀ
ਜੋ ਆਪਣੇ ਬਾਗ਼ੀ ਪੁੱਤ ਨੂੰ ਮਾਰ ਮੁਕਾਵੇ,
ਕਦੀ ਨਾਲ ਰੌਣ ਵਾਲਾ ਪੱਥਰ ਦਿਲ ਬਾਪੂ
ਆਪਣੇ ਪੁੱਤ ਦੀ ਲਾਸ਼ 'ਤੇ ਫਿਰ ਫੁੱਟ-ਫੁੱਟ ਰੋਵੇ।
ਸ਼ੁਕਰ ਹੈ ! ਸਾਡੇ ਤੋਂ ਕੋਈ ਰਾਜ ਭਾਗ ਨਹੀਂ ਹੈ,
ਅਸੀਂ ਤਾਂ ਇਕ-ਦੂਜੇ ਦੇ ਸੁਪਨੇ 'ਤੇ ਹੀ
ਆਪਣਾ 'ਮਹਿਲ' ਬਣਾਇਆ।
ਮੇਰਾ ਬਾਪੂ ਤਾਂ ਓਹੀ ਬਾਪੂ ਹੈ
ਜੋ ਕਦੇ ਗੰਨੇ ਦੀ ਪੋਰੀ ਛਿੱਲ ਕੇ ਦਿੰਦਾ,
ਕਦੇ ਦਿੰਦਾ ਸੀ ਗੁੜ ਦੀ ਭੇਲੀ ।

ਮੇਰਾ ਬਾਪੂ ਮੇਰਾ ਬੇਲੀ

-ਮੁਖਵੀਰ ਸਿੰਘ
ਪਿੰਡ: ਮੱਲ੍ਹੀਆਂ, ਡਾਕ: ਦਿਆਲਪੁਰ
ਜਲੰਧਰ
M: 91-9463636241
www.mukhvir.blogspot.com
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346