ਸ਼ਾਹ ਹੁਸੈਨ ਦਾ ਮਜ਼ਾਰ ਡਾ. ਜਗਤਾਰ
ਨੇ ਪਹਿਲਾਂ ਦੇਖਿਆ ਹੋਇਆ ਸੀ ਤੇ ਅਸੀਂ ਠੀਕ ਰਸਤੇ ‘ਤੇ ਹੀ ਜਾ ਰਹੇ ਸਾਂ ਪਰ ਫਿਰ ਵੀ ਪੁਸ਼ਟ
ਕਰ ਲੈਣ ਲਈ ਡਰਾਈਵਰ ਨੂੰ ਕਿਹਾ। ਡਰਾਈਵਰ ਕਿਉਂਕਿ ਸਾਡੇ ਕੋਲੋਂ ‘ਸ਼ਾਹ ਹੁਸੈਨ’ ਬਾਰ-ਬਾਰ
ਸੁਣ ਰਿਹਾ ਸੀ, ਉਸ ਨੇ ਹੌਲੀ ਕਰ ਕੇ ਕਿਸੇ ਨੂੰ ਪੁੱਛਿਆ, ‘‘ਸ਼ਾਹ ਹੁਸੈਨ ਦਾ ਮਜ਼ਾਰ ਕਿਥੇ
ਹੈ?’’
ਉਸ ਬੰਦੇ ਨੇ ਲਾਇਲਮੀ ਜ਼ਾਹਿਰ ਕੀਤੀ ਤਾਂ ਜਗਤਾਰ ਨੇ ਡਰਾਈਵਰ ਨੂੰ ਸਮਝਾਇਆ, ‘‘ਏਥੇ ਸ਼ਾਹ
ਹੁਸੈਨ ਆਖਿਆਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮਾਧੋ ਲਾਲ ਹੁਸੈਨ ਆਖ।’’
ਉਸ ਨੇ ਅਗਲੇ ਬੰਦੇ ਨੂੰ ਮਾਧੋ ਲਾਲ ਹੁਸੈਨ ਦਾ ਨਾਂ ਲੈ ਕੇ ਪੁੱਛਿਆ ਤਾਂ ਉਸ ਨੇ ਤੁਰੰਤ ਰਾਹ
ਦੱਸਦਿਆਂ ਥੋੜ੍ਹਾ ਕੁ ਅੱਗੇ ਜਾਣ ਲਈ ਕਿਹਾ। ਮੁਸਲਮਾਨ ਸੂਫ਼ੀ ਫ਼ਕੀਰ ਸ਼ਾਹ ਹੁਸੈਨ ਤੇ ਉਸਦਾ
ਹਿੰਦੂ ਦੋਸਤ, ‘ਮਾਧੋ ਲਾਲ’ ਆਪਣੀ ਆਪਸੀ ਪ੍ਰੀਤੀ ਕਰ ਕੇ ਇਕੋ ਦੇਹ-ਜਾਨ ਹੋ ਨਿੱਬੜੇ ਸਨ।
ਅੱਡਰੀ ਹਸਤੀ ਗਵਾ ਕੇ ਇਕ ਹੋ ਗਏ ਸਨ। ‘ਮਾਧੋ ਲਾਲ ਹੁਸੈਨ’ ਦੋ ਵਿਅਕਤੀ ਦੋ ਫਿਰਕਿਆਂ ਦੀ
ਆਪਸੀ ਸਾਂਝ ਤੇ ਮੁਹੱਬਤ ਦੇ ਪ੍ਰਤੀਕ ਹੋ ਨਿੱਬੜੇ ਸਨ।
ਬਾਜ਼ਾਰ ਦੇ ਵਿਚਕਾਰ ਹੀ ਇਕ ਪਾਸੇ ਇਕ ਛੋਟਾ ਜਿਹਾ ਤਕੀਆ ਸੀ ਜਿਥੇ ਦੋਹਾਂ ਮਿੱਤਰ-ਪਿਆਰਿਆਂ
ਦੀਆਂ ਕਬਰਾਂ ਸਨ। ਬਾਹਰ ਦਰਵਾਜ਼ੇ ‘ਤੇ ਗੁਲਾਬ ਦੇ ਹਾਰ ਤੇ ਫੁੱਲ ਪੱਤੀਆਂ ਅਕੀਦਤ ਭੇਟ ਕਰਨ
ਲਈ ਵਿਕ ਰਹੇ ਸਨ। ਅਸੀਂ ਫੁੱਲਾਂ ਦੇ ਹਾਰ ਲਏ ਤੇ ਬੜੀ ਸ਼ਰਧਾ ਨਾਲ ਵੀਹ ਪੰਝੀ ਗ਼ਜ਼ ਦਾ
ਲਾਂਘਾ ਲੰਘ ਕੇ ਜ਼ਮੀਨ ਤੋਂ ਪੰਜ-ਚਾਰ ਫੁੱਟ ਉਪਰ ਬਣੇ ਮਜ਼ਾਰ ਦੀਆਂ ਪੌੜੀਆਂ ਤਕ ਪੁੱਜੇ ਤਾਂ
ਇਕ ਜਣੇ ਨੇ ਸਭ ਤੋਂ ਅੱਗੇ ਪੌੜੀਆਂ ਚੜ੍ਹ ਰਹੇ ਜਗਤਾਰ ਨੂੰ ਰੋਕ ਲਿਆ ਤੇ ਉਪਰ ਜਾਣੋਂ
ਮਨ੍ਹਾਂ ਕੀਤਾ।
‘‘ਮੈਂ ਆਪਣੇ ਬਾਬੇ ਕੋਲ ਆਇਆਂ। ਤੂੰ ਮੈਨੂੰ ਕਿਉਂ ਰੋਕਦੈਂ!’’ ਜਗਤਾਰ ਨੇ ਆਪਣਾ ਹੱਕ
ਜਤਾਇਆ।
ਏਨੇ ਨੂੰ ਤੇਜ਼-ਤੇਜ਼ ਤੁਰਦਾ ਇਕ ਸ਼ਖ਼ਸ ਆਇਆ ਤੇ ਉਹਨੇ ਦੂਸਰੇ ਬੰਦੇ ਨੂੰ ਵਰਜ ਦਿੱਤਾ। ਉਹ
ਸ਼ਾਇਦ ਇਥੋਂ ਦਾ ਇੰਚਾਰਜ ਸੀ। ਦੂਜਾ ਬੰਦਾ ਪਾਸੇ ਹੋਇਆ ਤਾਂ ਆਉਣ ਵਾਲੇ ਬੰਦੇ ਨੇ ਕਿਹਾ,
‘‘ਗੁਸਤਾਖ਼ੀ ਮੁਆਫ...ਚਲੋ ਜੀ ਉਪਰ ਤੁਸੀਂ...‘‘
ਉਪਰ ਚੜ੍ਹ ਕੇ ਅਸੀਂ ਦਰਵਾਜ਼ੇ ਦੀ ਚੌਖਟ ‘ਤੇ ਖਲੋਤੇ ਸਾਂ। ਸਾਹਮਣੇ ਪੰਜਾਬ ਦੀ ਸਾਂਝੀ ਆਤਮਾ
ਦੋਹਾਂ ਫਕੀਰਾਂ ਦੇ ਰੂਪ ਵਿਚ ਇਕ ਦੂਜੇ ਦੇ ਅੰਗ-ਸੰਗ ਕਬਰਾਂ ਵਿਚ ਲੇਟੀ ਹੋਈ ਸੀ। ਮੇਰੇ
ਅੰਦਰੋਂ ਸ਼ਾਹ ਹੁਸੈਨ ਬੋਲਿਆ-
ਹੋਰਾਂ ਨਾਲ ਹਸੰਦੀ-ਖਡੰਦੀ
ਸ਼ਹੁ ਨਾਲ ਘੁੰਘਟ ਕੇਹਾ
ਚਾਰੇ ਨੈਣ ਗਡਾਵਡ ਹੋਏ
ਵਿਚ ਵਿਚੋਲਾ ਕਿਹਾ।
ਅਸੀਂ ਪਰਿਕਰਮਾ ਕਰ ਰਹੇ ਸਾਂ। ਫੁੱਲਾਂ ਦੇ ਹਾਰ ਚੜ੍ਹਾ ਰਹੇ ਸਾਂ ਤੇ ਆਪਣੇ ਵਡੇਰਿਆਂ ਦੇ
ਅੰਗ-ਸੰਗ ਵਿਚਰਣ ਦੇ ਇਲਾਹੀ ਅਨੰਦ ਵਿਚ ਮਗ਼ਨ ਸਾਂ। ਅੱਖਾਂ ਮੀਟ ਕੇ ਉਨ੍ਹਾਂ ਦੇ ਨੈਣਾਂ ਵਿਚ
ਨੈਣ ਗੱਡੇ ਹੋਏ ਸਨ।
ਬਣਦੀ-ਸਰਦੀ ਮਾਇਆ ਭੇਟ ਕਰ ਕੇ ਹੇਠਾਂ ਉਤਰੇ ਤਾਂ ਜਗਤਾਰ ਕਹਿਣ ਲੱਗਾ, ‘‘ਆ ਤੈਨੂੰ ਇਕ ਹੋਰ
ਬਾਬੇ ਨਾਲ ਮਿਲਾਈਏ।’’
ਸ਼ਾਹ ਹੁਸੈਨ ਦੇ ਮਜ਼ਾਰ ਤੋਂ ਉਤਰਦਿਆਂ ਖੱਬੇ ਹੱਥ ਨਾਲ ਹੀ ਪੰਜ-ਛੇ ਗਜ਼ ਦੀ ਦੂਰੀ ‘ਤੇ
ਦੋਹਾਂ ਪੰਜਾਬਾਂ ਵਿਚ ਸਤਿਕਾਰੇ ਜਾਂਦੇ ਪੰਜਾਬੀ ਦੇ ਮਹਾਨ ਸ਼ਾਇਦ ਉਸਤਾਦ ਦਾਮਨ ਦੀ ਯਾਦਗਾਰ
ਸੀ। ਅਸੀਂ ਇਸ ਬੁਲੰਦ ਆਤਮਾ ਵਾਲੇ ਨਿਡਰ ਸ਼ਾਇਰ ਅੱਗੇ ਸਿਰ ਝੁਕਾਇਆ ਤੇ ਉਸ ਦੀ ਫ਼ਕੀਰੀ ਦਾ
ਜਿ਼ਕਰ ਸਾਂਝਾ ਕੀਤਾ ਜਿਸ ਨੇ ਹਨੇਰੇ ਸਿੱਲ੍ਹੇ ਘੁਰਨੇ ਵਰਗੇ ਹੁਜਰੇ ਵਿਚ ਉਮਰ ਬਤੀਤ ਕੀਤੀ
ਪਰ ਉਹ ਦੀ ਸ਼ਾਇਰੀ ਹਮੇਸ਼ਾਂ ਹੱਕ ਸੱਚ ਦਾ ਚਾਨਣ ਵੰਡਦੀ ਵੱਡੇ ਤੋਂ ਵੱਡੇ ਹਾਕਮਾਂ ਨਾਲ ਆਢਾ
ਲਾਉਣ ਤੋਂ ਨਹੀਂ ਸੀ ਟਲੀ। ਥਾਂ-ਥਾਂ ਵਿਕਦੀਆਂ ਤੇ ਛੋਟੇ-ਮੋਟੇ ਇਨਾਮਾਂ-ਸਨਮਾਨਾਂ ਲਈ
ਲਿਲਕੜੀਆਂ ਕਢਦੀਆਂ ਕਲਮਾਂ ਵਾਲੇ ਇਸ ਦੌਰ ਵਿਚ ਉਸਤਾਦ ਦਾਮਨ ਧਰੂ ਤਾਰੇ ਵਾਂਗ ਚਮਕ ਰਿਹਾ
ਸੀ। ਅਡਿਗ, ਅਡੋਲ, ਸਥਿਰ। ਸੱਚ ਤੇ ਜ਼ਮੀਰ ਦੀ ਆਵਾਜ਼ ‘ਤੇ ਪਹਿਰਾ ਦੇਣ ਵਾਲਾ।
ਛੋਟੇ-ਛੋਟੇ ਬੱਚਿਆਂ ਦੀ ਇਕ ਭੀੜ ਸਾਡੇ ਦੁਆਲੇ ਇਕੱਠੀ ਹੋ ਗਈ। ਉਹ ਵਾਰੀ-ਵਾਰੀ ਬੜੇ ਚਾਅ
ਨਾਲ ਸਾਨੂੰ ਹੱਥ ਮਿਲਾ ਰਹੇ ਸਨ। ਇਕ ਅਲਸਮਤ ਮਾਈ ਨੇ ਆ ਕੇ ਨਾਅ੍ਹਰੇ ਲਾਉਣੇ ਸ਼ੁਰੂ ਕਰ
ਦਿੱਤੇ...‘‘ਹੱਕ...ਹੱਕ...ਜਿ਼ੰਦਾਬਾਦ!...ਜਿ਼ੰਦਾਬਾਦ!! ਪਾਕਿਸਤਾਨ ਜਿ਼ੰਦਾਬਾਦ!
ਹਿੰਦੁਸਤਾਨ ਜਿ਼ੰਦਾਬਾਦ! ਜਿ਼ੰਦਾਬਾਦ! ਜਿ਼ੰਦਾਬਾਦ!!’’
ਜਗਤਾਰ ਨੇ ਉਸ ਨੂੰ ਪੰਜਾਂ ਦਾ ਨੋਟ ਫੜਾਇਆ। ਉਹ ਹੋਰ ਵਜਦ ਵਿਚ ਆ ਕੇ ਨਾਅ੍ਹਰੇ ਲਾਉਣ ਲੱਗੀ,
‘‘ਜਿ਼ੰਦਾਬਾਦ, ਜਿ਼ੰਦਾਬਾਦ!’’ ਉਹ ਨੇ ਦੋਵੇਂ ਬਾਹਵਾਂ ਹਵਾ ਵਿਚ ਲਹਿਰਾਈਆਂ, ‘‘ਫ਼ਤਹਿ
ਨਸੀਬ ਹੋਊ ਤੁਹਾਨੂੰ...ਜਾਓ, ਜਿ਼ੰਦਾਬਾਦ!...ਹਿੰਦੁਸਤਾਨ ਜਿ਼ੰਦਾਬਾਦ! ਪਾਕਿਸਤਾਨ
ਜਿ਼ੰਦਾਬਾਦ...‘‘
ਨਿਆਣਿਆਂ ਦੀ ਭੀੜ ਖੜਖਿੱਲੀ ਪਾ ਰਹੀ ਸੀ। ‘‘ਓ ਬਸ ਵੀ ਕਰ! ਮਹਿਮਾਨ ਆਏ ਨੇ...ਐਵੇਂ ਬਹੁਤਾ
ਸਿਰ ਨਾ ਖਾਹ...‘‘ ਉਥੇ ਬੈਠੇ ਕੁਝ ਸਿਆਣਿਆਂ ਨੇ ਮਾਈ ਨੂੰ ਝਿੜਕਿਆ। ‘‘ਕੋਈ ਗੱਲ
ਨਹੀਂ...ਰਹਿਣ ਦਿਓ ਰੱਬ ਦੀ ਮੌਜ ‘ਚ ਇਹਨੂੰ...‘‘ ਜਗਤਾਰ ਨੇ ਆਖਿਆ ਤੇ ਅਸੀਂ ਵਾਪਸ ਜਾਣ ਲਈ
ਪਰਤੇ। ਮਾਈ ਨੇ ਲਲਕਾਰਿਆ, ‘‘ਜਿ਼ੰਦਾਬਾਦ!...ਫਤਹਿ ਹੋਊ...ਸ਼ੇਖੂਪੁਰੇ ਜ਼ਰੂਰ ਜਾਇਓ...‘‘
ਉਹ ਬੋਲੀ ਜਾ ਰਹੀ ਸੀ।
ਮੈਂ ‘ਸ਼ੇਖੂਪੁਰੇ’ ਦੇ ਅਰਥਾਂ ‘ਚ ਵੜ ਕੇ ਨਨਕਾਣੇ ਜਾਣ ਦਾ ਉਹਦਾ ਸੁਨੇਹਾ ਲੱਭ ਹੀ ਰਿਹਾ
ਸਾਂ ਕਿ ਸੱਠ-ਪੈਂਹਠ ਸਾਲ ਦਾ ਪਰ ਸਿਹਤੋਂ ਚੰਗਾ ਇਕ ਪੇਂਡੂ ਜਾਪਦਾ ਆਦਮੀ ਮੇਰੇ ਕੋਲ ਆ
ਖੜੋਤਾ। ਸਿਰ ‘ਤੇ ਘਮਸੈਲਾ ਜਿਹਾ ਪਟਕਾ ਬੰਨ੍ਹਿਆ ਹੋਇਆ। ਗਲ ਪੀਲੇ ਰੰਗ ਦਾ ਕੁਰਤਾ ਤੇ ਤੇੜ
ਘਮਸੈਲਾ ਚਾਦਰਾ! ਹੱਥ ਵਿਚ ਡੰਗਰਾਂ ਨੂੰ ਹਿੱਕਣ ਲਈ ਪਰਾਣੀ।
‘‘ਮੈਂ ਤੇ ਮੇਰੀ ਘਰਵਾਲੀ ਔਹ ਟਾਂਗੇ ‘ਤੇ ਜਾਂਦੇ ਪਏ ਸਾਂ। ਮੈਂ ਤੁਹਾਨੂੰ ਵੇਖਿਆ ਕਿ ਸਰਦਾਰ
ਹੁਰੀਂ..ਖਲੋਤੇ ਨੇ ਟਾਂਗਾ ਰੋਕ ਕੇ ਤੁਹਾਨੂੰ ਮਿਲਣ ਲਈ ਭੱਜਾ ਆਇਆਂ..‘‘
ਮੇਰੇ ਸਾਥੀ ਕਾਰ ਕੋਲ ਖਲੋਤੇ ਮੇਰੀ ਉਡੀਕ ਕਰ ਰਹੇ ਸਨ। ਮੈਂ ਉਸ ਪੇਂਡੂ ਕਿਸਾਨ ਨੂੰ ਸਤਿਕਾਰ
ਦੇ ਕੇ ਤੁਰਨਾ ਚਾਹੁੰਦਾ ਸਾਂ ਪਰ ਉਸ ਨੇ ਗੱਲ ਛੇੜ ਲਈ, ‘‘ਸਰਦਾਰ ਜੀ, ਅਸੀਂ ਉਨ੍ਹਾਂ ਦਿਨਾਂ
ਨੂੰ ਰੋਂਦੇ ਆਂ..ਜਦੋਂ ਤੁਸੀਂ ਸਾਥੋਂ ਅਲੱਗ ਹੋਏ। ਡਸਕੇ ਲਾਗੇ ਐ ਸਾਡਾ ਪਿੰਡ। ਜ਼ੈਲਦਾਰ
ਰਣਜੀਤ ਸੁੰਹ ਦਾ ਪਿੰਡ...ਤੁਹਾਡਾ ਲੂਣ ਖਾਧਾ ਏ ਸਰਦਾਰ ਜੀ! ਕਦੀ ਭੁੱਲ ਨਹੀਂ ਸਕਦੇ। ਸਾਨੂੰ
ਗਰੀਬਾਂ ਨੂੰ ਪਿੱਛੇ ਛੱਡ ਕੇ ਕਿਧਰ ਤੁਰ ਗਏ ਤੁਸੀਂ ਸਰਦਾਰ ਜੀ।’’
ਉਸ ਨੇ ਡੂੰਘਾ ਹਉਕਾ ਭਰਿਆ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਉਲ੍ਹਾਮਾ’ ਮੇਰਿਆਂ ਚੇਤਿਆਂ
ਵਿਚ ਲਿਸ਼ਕ ਉੱਠੀ। ਦੇਸ਼ ਦੀ ਵੰਡ ਦੇ ਰੌਲਿਆਂ ਵਾਲੇ ਦਿਨ ਸਨ। ਆਪਣਾ ਘਰ ਘਾਟ ਤੇ ਪਿੰਡ ਛੱਡ
ਕੇ ਲਾਗਲੇ ਪਿੰਡ ਦਾ ਮੁਖੀ ਆਪਣੀ ਜਾਨ-ਬਚਾ ਕੇ ਕੈਂਪ ਵਿਚ ਬੈਠਾ ਹੋਇਆ ਹੈ। ਆਸੇ-ਪਾਸੇ
ਪਾਕਿਸਤਾਨੀ ਪੁਲੀਸ ਤੇ ਮਿਲਟਰੀ ਹੈ। ਬਾਹਰੋਂ ਨਾ ਕੋਈ ਕੈਂਪ ਦੇ ਨੇੜੇ ਆ ਸਕਦਾ ਹੈ ਤੇ ਨਾ
ਹੀ ਕੈਂਪ ਦੇ ਅੰਦਰੋਂ ਕੋਈ ਬਾਹਰ ਜਾ ਸਕਦਾ ਹੈ। ਦੋਵਾਂ ਸੂਰਤਾਂ ਵਿਚ ਗੋਲੀ ਸੀਨਾ ਚੀਰ ਸਕਦੀ
ਹੈ। ਹਿੰਦੁਸਤਾਨ ਜਾਣ ਦਾ ਅਜੇ ਸਬੱਬ ਬਣ ਨਹੀਂ ਰਿਹਾ। ਉਹ ਸਰਦਾਰ ਇਕ ਦਿਨ ਸੁਰੱਖਿਆ
ਕਰਮਚਾਰੀਆਂ ਕੋਲ ਤਰਲਾ ਮਾਰਦਾ ਹੈ ਕਿ ਇਕ ਵਾਰ ਹਿੰਦੁਸਤਾਨ ਨੂੰ ਤੁਰਨ ਤੋਂ ਪਹਿਲਾਂ ਉਹ
ਆਪਣੇ ਪਿੰਡ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਆਗਿਆ ਲੈ ਕੇ ਜਦੋਂ ਉਹ ਪਿੰਡ ਪੁੱਜਦਾ ਹੈ ਤਾਂ
ਉਹਦੇ ਪਿੰਡ ਦੇ ਮੁਸਲਮਾਨ, ਖੇਤਾਂ ਵਿਚ ਕੰਮ ਕਰਨ ਵਾਲੇ ਕਾਮੇ ਉਹਦੇ ਦੁਆਲੇ ਇਕੱਠੇ ਹੋ
ਜਾਂਦੇ ਹਨ। ਬੱਚਿਆਂ ਤੇ ਔਰਤਾਂ ਦੀ ਭੀੜ ਵੀ ਆ ਉਲਰਦੀ ਹੈ ਤੇ ਪਿੰਡ ਦੀ ਇਕ ਬਜ਼ੁਰਗ ਔਰਤ
ਸਰਦਾਰ ਨੂੰ ਆ ਕੇ ਉਲ੍ਹਾਮਾ ਦਿੰਦੀ ਹੈ, ‘‘ਸਰਦਾਰ ਇਹ ਤੂੰ ਕੀ ਕੀਤਾ? ਸਾਨੂੰ ਏਥੇ ਛੱਡ ਕੇ
ਆਪ ਤੂੰ ਕੁੱਪ ਵਿਚ ਜਾ ਵੜਿਓਂ। ਸਾਡੀ ਬਾਂਹ ਕੀਹਨੂੰ ਫੜਾਈ ਆ। ਅਸੀਂ ਤੇਰੇ ਪੀੜ੍ਹੀਆਂ ਦੇ
ਕੰਮੀਂ ਸਾਂ।’’
ਵਿਰਕ ਨੇ ਇਸ ਕਹਾਣੀ ਬਾਰੇ ਆਪ ਹੀ ਟਿੱਪਣੀ ਕਰਦਿਆਂ ਲਿਖਿਆ ਸੀ, ‘‘ਉਲ੍ਹਾਮਾ ਕਹਾਣੀ ਵਿਚ ਇਹ
ਦਿਖਾਣਾ ਸੀ ਕਿ ਕਿਸ ਤਰ੍ਹਾਂ ਜਨ-ਸਾਧਾਰਨ ਉਨ੍ਹਾਂ ਮਹਾਨ ਰਾਜਨੀਤਕ ਤਬਦੀਲੀਆਂ ਦਾ, ਜਿਹੜੀਆਂ
ਉਸ ਦਾ ਨਾਂ ਲੈ ਕੇ ਲਿਆਈਆਂ ਜਾਂਦੀਆਂ ਹਨ, ਅਰਥ ਸਮਝਣ ਤੋਂ ਵੀ ਅਸਮਰਥ ਰਹਿੰਦਾ ਹੈ।’’
ਇਸੇ ਪ੍ਰਸੰਗ ਵਿਚ ਰਘਬੀਰ ਸਿੰਘ ਨਾਲ ਕਿਸੇ ਮੁਸਲਮਾਨ ਨੌਜੁਆਨ ਦੀ ਗੱਲ ਵੀ ਕੁਝ ਇਸੇ ਭਾਵ
ਨੂੰ ਪ੍ਰਗਟ ਕਰਦੀ ਸੀ। ਉਹ ਨੌਜਵਾਨ ਬਲੋਚਿਸਤਾਨ ਦੇ ਇਲਾਕੇ ‘ਚੋਂ ਆਇਆ ਸੀ। ਫਟੇ-ਹਾਲ ਕੱਪੜੇ
ਪਰ ਜਿਸਮ ਨਰੋਇਆ। ਗੱਲਾਂ-ਬਾਤਾਂ ਵਿਚ ਰਘਬੀਰ ਸਿੰਘ ਨੇ ਪੁੱਛਿਆ, ‘‘ਬਲੋਚਿਸਤਾਨ ਤੋਂ ਲਾਹੌਰ
ਕਿਉਂ ਆਇਐਂ?’’
‘‘ਸਾਡੇ ਓਧਰ ਪਾਣੀ ਨਹੀਂ, ਫਸਲਾਂ ਨਹੀਂ ਹੁੰਦੀਆਂ। ਗਰੀਬੀ ਬਹੁਤ ਹੈ। ਕੰਮ ਹੈ ਨਹੀਂ...
ਇਧਰ ਆਇਆਂ ਕੁਝ ਦਿਨ ਹੋਏ...ਕੰਮ ਦੀ ਤਲਾਸ਼ ਵਿਚ’’
‘‘ਫਿਰ ਮਿਲਿਆ ਕੋਈ ਕੰਮ!’’ ਰਘਬੀਰ ਸਿੰਘ ਨੇ ਕਿਹਾ ਤਾਂ ਉਹ ਮਾਸੂਮੀਅਤ ਨਾਲ ਕਹਿਣ ਲੱਗਾ,
‘‘ਅਜੇ ਤਕ ਤਾਂ ਮਿਲਿਆ ਨਹੀਂ। ਤੁਸੀਂ ਹੀ ਕੋਈ ਕੰਮ ਧੰਦਾ ਦੇ ਦਿਓ।’’
ਉਸ ਨੌਜਵਾਨ ਨੂੰ ਏਨਾ ਪਤਾ ਵੀ ਨਹੀਂ ਸੀ ਕਿ ਜਿਸ ਬੰਦੇ ਨੂੰ ਉਹ ਕੰਮ ਪੁਛਦਾ ਪਿਆ ਸੀ ਤੇ
ਪਾਕਿਸਤਾਨ ਦਾ ਸ਼ਹਿਰੀ ਸਮਝਦਾ ਸੀ, ਉਸ ਨੂੰ ਜਾਂ ਉਸ ਦੀ ਜਾਤੀ ਦੇ ਲੋਕਾਂ ਨੂੰ ਤਾਂ ਅੱਧੀ
ਸਦੀ ਪਹਿਲਾਂ ਇਥੋਂ ਇਸ ਲਈ ਕੱਢ ਦਿੱਤਾ ਗਿਆ ਸੀ ਤਾਂ ਕਿ ਇਹ ਮੁਲਕ ਨਿਰੋਲ ਉਸ ਨੌਜਵਾਨ ਦਾ
ਹੀ ਹੋ ਸਕੇ।
ਤੇ ਉਹ ਨੌਜਵਾਨ ਇਸ ਤੋਂ ਕੰਮ ਪੁੱਛਦਾ ਪਿਆ ਸੀ!
ਮੈਂ ਪਿਆਰ ਨਾਲ ਭਿੱਜ ਕੇ ਉਸ ਕਿਸਾਨ ਨੂੰ ਗਲ ਨਾਲ ਲਾਇਆ। ਅਸੀਂ ਅਜੇ ਜੁਦਾ ਹੋਏ ਹੀ ਸਾਂ ਕਿ
ਸਿਰ ‘ਤੇ ਟੋਪੀ ਅਤੇ ਦਰਵੇਸ਼ੀ ਲਿਬਾਸ ਵਾਲਾ ਇਕ ਸਾਈਂ ਲੋਕ ਕਾਹਲੇ ਕਦਮੀਂ ਤੁਰਦਾ ਮੇਰੇ ਕੋਲ
ਆਇਆ। ਉਹਦੇ ਹੱਥਾਂ ਵਿਚ ਗੁਲਾਬ ਦੀਆਂ ਫੁੱਲ-ਪੱਤੀਆਂ ਨਾਲ ਭਰਿਆ ਲਿਫ਼ਾਫ਼ਾ ਸੀ। ਉਹ
ਲਿਫ਼ਾਫ਼ਾ ਉਸ ਨੇ ਮੇਰੇ ਹੱਥਾਂ ਵਿਚ ਦਿੰਦਿਆਂ ਬੜੇ ਵੈਰਾਗ ਨਾਲ ਆਖਿਆ, ‘‘ਸਰਦਾਰ ਜੀ! ਐਹ
ਫੁੱਲਾਂ ਦੀ ਖ਼ੁਸ਼ਬੋ ਮੇਰੇ ਵਲੋਂ ਕਬੂਲ ਕਰੋ। ਤੇ ਤੁਹਾਡੇ ਈਮਾਨ ਦੀ ਸਹੁੰ ਜੇ-ਤੁਸੀਂ ਇਹ
ਫੁੱਲ ਮੇਰੇ ਵਲੋਂ ਗੰ੍ਰਥ ਸਾਹਿਬ ਦੇ ਅੱਗੇ ਚੜ੍ਹਾਉਣੇ..‘‘
ਇਹ ਆਖ ਕੇ ਉਸ ਨੇ ਮੈਨੂੰ ਗਲਵੱਕੜੀ ਵਿਚ ਘੁੱਟ ਲਿਆ ਤੇ ਮੇਰੇ ਮੋਢੇ ‘ਤੇ ਧੌਣ ਰੱਖੀ
ਫੁਸਫੁਸਾਇਆ, ‘‘ਸਰਦਾਰ ਜੀ! ਬਸ ਰੋ ਈ ਨਹੀਂ ਸਕਦੇ।’’
ਪਰ ਉਸ ਦਾ ਗੱਚ ਭਰ ਆਇਆ ਸੀ ਤੇ ਬੋਲ ਸਿੱਲ੍ਹੇ ਹੋ ਗਏ ਸਨ। ਸਾਡੀ ਗਲਵੱਕੜੀ ਟੁੱਟੀ ਤਾਂ ਨਾਲ
ਹੀ ਮੇਰੇ ਅੰਦਰੋਂ ਕੜੱਚ ਕਰ ਕੇ ਕੁਝ ਟੁੱਟਾ ਤੇ ਮੇਰੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ।
ਏਨੇ ਵਿਚ ਰਿਜ਼ਵਾਨ ਮੇਰੇ ਕੋਲ ਆਣ ਖੜੋਤਾ ਸੀ। ਉਸ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਢਾਰਸ
ਦਿੱਤੀ। ਮੈਂ ਅੱਥਰੂ ਪੂੰਝਦਿਆਂ ਕਾਰ ਵੱਲ ਤੁਰ ਪਿਆ।
ਕਾਰ ਵਿਚ ਵੜਨ ਤੋਂ ਪਹਿਲਾਂ ਮੈਂ ਪਰਤ ਕੇ ਝਾਤ ਪਾਈ ਤਾਂ ਪੇਂਡੂ ਕਿਸਾਨ ਨੇ ਪਰਾਣੀ ਵਾਲਾ
ਹੱਥ ਮੱਥੇ ਨੂੰ ਛੁਹਾ ਕੇ ਕਿਹਾ, ‘‘ਅੱਛਾ ਸਰਦਾਰ ਜੀ ਰੱਬ ਰਾਖਾ।’’ ਉਹਦੇ ਪਿੱਛੇ ਉਹਦੀ
ਪਤਨੀ ਅੱਧਾ ਚਿਹਰਾ ਕੱਜੀ ਤਰਲ ਅੱਖਾਂ ਨਾਲ ਮੇਰੇ ਵੱਲ ਵੇਖ ਰਹੀ ਸੀ। ਮੈਂ ਜੇਬ ‘ਚੋਂ ਸੌ ਦਾ
ਨੋਟ ਕੱਢਿਆ ਤੇ ਕਿਸਾਨ ਦੀ ਮੁੱਠੀ ਵਿਚ ਦੇ ਦਿੱਤਾ। ਉਸ ਨੇ ਫਿਰ ਮੱਥੇ ਨੂੰ ਹੱਥ ਲਾ ਕੇ
ਸਲਾਮ ਆਖੀ।
ਕਾਰ ਤੁਰ ਪਈ। ਮੈਂ ਪਿੱਛਾ ਭੌਂ ਕੇ ਵੇਖਿਆ। ਦੋਵੇਂ ਪਤੀ-ਪਤਨੀ ਅਜੇ ਵੀ ਉਥੇ ਹੀ ਖੜੋਤੇ ਸਨ,
ਜਿਵੇਂ ਆਪਣੇ ਮਿੱਤਰ ਪਿਆਰਿਆਂ ਨੂੰ ਵਿਦਾ ਕਰ ਕੇ ਕੋਈ ਓਨਾ ਚਿਰ ਉਥੇ ਹੀ ਖੜੋਤਾ ਰਹਿੰਦਾ ਹੈ
ਜਿੰਨਾ ਚਿਰ ਅਗਲੇ ਦਿਸਦੇ ਰਹਿੰਦੇ ਨੇ। ਉਨ੍ਹਾਂ ਦੇ ਪਿੱਛੇ ਖਲੋਤਾ ਸੀ ਉਹ ਦਰਵੇਸ਼ ਤੇ ਮੇਰਾ
ਸਾਈਂ ਸ਼ਾਹ ਹੁਸੈਨ। ਮੈਨੂੰ ਲੱਗਾ ਮੈਂ ਨਿਰ੍ਹੇ ਲਾਹੌਰ ਦੀ ਹੀ ਨਹੀਂ ਪੰਜਾਬ ਦੀ ਸੁੱਚੀ
ਆਤਮਾ ਨੂੰ ਮਿਲ ਕੇ ਹਟਿਆ ਹੋਵਾਂ।
ਅੱਥਰੂਆਂ ਦੀ ਸਿੱਲ੍ਹ ਅਜੇ ਵੀ ਮੇਰੀਆਂ ਪਲਕਾਂ ‘ਤੇ ਸੀ।
-0- |