ਜ਼ਬਾਨ ਸੰਭਾਲ ਕੇ ਬੋਲਣਾ,ਠੀਕ
ਮੌਕੇ ‘ਤੇ ਠੀਕ ਗੱਲ ਢੁਕਵੇਂ ਸ਼ਬਦਾਂ ਵਿਚ ਕਰਨੀ ਇੱਕ ਅਜਿਹੀ ਕਲਾ ਹੈ ਜਿਸ ਬਾਰੇ ਸੈਂਕੜੇ
ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।ਭਾਵੇਂ ਇਹ ਅਕਸਰ ਕਿਹਾ ਜਾਂਦਾ ਹੈ ਕਿ ਭਾਸ਼ਾ ਮਨੁੱਖੀ
ਵਿਚਾਰਾਂ ਨੂੰ ਪ੍ਰਗਟਾਉਣ ਦਾ ਇਕ ਵਸੀਲਾ ਹੈ ਪਰ ਅੱਜ ਕੱਲ੍ਹ ਦਾ ਮਨੁੱਖ ਬੜਾ ਭੇਦ ਭਰਿਆ ਅਤੇ
ਗੁੰਝਲਦਾਰ ਹੋ ਗਿਆ ਹੈ ਅਤੇ ਉਹ ਭਾਸ਼ਾ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਥਾਂ ਉਹਨਾਂ
ਨੂੰ ਲੁਕਾਉਣ ਵਾਸਤੇ ਵੀ ਵਰਤਣ ਲੱਗ ਪਿਆ ਹੈ।ਜਿਹੜੇ ਸਚਮੁੱਚ ਭਾਸ਼ਾ ਨੂੰ ਆਪਾ ਪ੍ਰਗਟਾਉਣ ਦਾ
ਸਾਧਨ ਸਮਝਦੇ ਵੀ ਹਨ ਕੀ ਉਹ ਸਚਮੁੱਚ ਆਪਣੇ ਵਿਚਾਰਾਂ ਨੂੰ ਦੂਜੇ ਤੱਕ ਪਹੁੰਚਾ ਵੀ ਸਕਦੇ ਹਨ?
ਸ਼ਾਇਦ ਨਹੀਂ!ਇਸੇ ਕਰਕੇ ਹੀ ਤਾਂ ਅਸੀਂ ਅਕਸਰ ਲੋਕਾਂ ਨੂੰ ਕਹਿੰਦਿਆਂ ਸੁਣਦੇ ਹਾਂ, “ਇਹ ਗੱਲ
ਕਹਿਣ ਲਈ ਮੈਨੂੰ ਸ਼ਬਦ ਨਹੀਂ ਔੜਦੇ ਪਏ।”ਬਹੁਤੀ ਵਾਰ ਤਾਂ ਅੰਦਰਲੇ ਭਾਵਾਂ ਦਾ ਅਨਾਰ ਮਨ ਦੇ
ਅੰਦਰ ਅੰਦਰ ਹੀ ਜਗ ਕੇ ਬੁਝ ਜਾਂਦਾ ਹੈ।ਸਿਰਫ਼ ਇਕ ਦੋ ‘ਚੰਗਿਆੜੇ’ ਹੀ ਬਾਹਰ ਨਿਕਲ ਸਕਦੇ
ਹਨ।ਕਈ ਵਾਰ ਕਹਿਣਾ ਕੁਝ ਹੋਰ ਚਾਹੁੰਦੇ ਹਾਂ ਪਰ ਕਿਹਾ ਕੁਝ ਹੋਰ ਜਾਂਦਾ ਹੈ।ਅਸੀਂ ਅਕਸਰ
ਆਪਣੀ ਗੱਲਬਾਤ ਵਿਚ ਇਹ ਸ਼ਬਦ ਦੁਹਰਾਉਂਦੇ ਹਾਂ,”ਮੇਰਾ ਕਹਿਣ ਤੋਂ ਇਹ ਮਤਲਬ ਤਾਂ ਨਹੀਂ
ਸੀ!”ਜਿੰਨੇ ਚਿਰ ਨੂੰ ਮਤਲਬ ਸਮਝਾਈਦਾ ਹੈ ਓਨੇ ਚਿਰ ਨੂੰ ਕੁਝ ਨਾ ਕੁਝ ਹੋਰ ਹੋ ਚੁੱਕਾ
ਹੁੰਦਾ ਹੈ।
ਮਤਲਬ ਠੀਕ ਤਰ੍ਹਾਂ ਨਾ ਸਮਝਾ ਸਕਣ ਵਾਲੀ ਗੱਲ ਇੱਕ ਵਾਰ ਇੰਜ ਵੀ ਹੋਈ:
ਪੰਜਾਬ ਵਿੱਚ ਕਾਲੇ ਦਿਨਾਂ ਦਾ ਸਿਖਰਲਾ ਦੌਰ ਸੀ।ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ
ਬੇਦੋਸਿ਼ਆਂ ਦੇ ਖ਼ੰ਼ੂਨ ਨਾਲ ਰੰਗੀਆਂ ਹੁੰਦੀਆਂ ਸਨ।ਸਾਡੇ ਪਿੰਡ ਨੇੜਲੇ ਕਸਬੇ ਭਿੱਖੀਵਿੰਡ
ਵਿੱਚ ਪਿਛਲੇ ਚਾਰ ਪੰਜ ਦਿਨ ਤੋਂ ਰੋਜ਼ ਹੀ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਵੇਖ ਕੇ
ਪ੍ਰਸ਼ਾਸਨ ਵੱਲੋਂ ਰਾਤ ਦਾ ਕਰਫਿ਼ਊ ਲਾ ਦਿੱਤਾ ਗਿਆ ਸੀ।ਮੇਰੇ ਪਿਤਾ ਦੇ ਦੋਸਤ ਕਰਮ ਸਿੰਘ ਦੇ
ਲੜਕੇ ਦਾ ਵਿਆਹ ਸੀ।ਮੇਰੇ ਮਾਤਾ ਪਿਤਾ ਵਿਚੋਲੇ ਸਨ।ਮੈਂ ਦਸ ਕੁ ਸਾਲ ਦਾ ਹੋਵਾਂਗਾ ਪਰ ਵਿਆਹ
ਵਾਲੇ ਮੁੰਡੇ ਨਾਲ ਮੇਰੀ ‘ਦੋਸਤੀ’ਸੀ।ਉਹ ਮੈਨੂੰ ਆਪਣੇ ਛੋਟੇ ਭਰਾ ਵਾਂਗ ਪਿਆਰਦਾ ਸੀ। ਜੰਜ
ਗੁਰਦਾਸਪੁਰ ਜਿ਼ਲ੍ਹੇ ਦੇ ਪਸਿੱਤੇ ਜਿਹੇ ਪਿੰਡ ਗਈ ਸੀ।ਸਿਆਲੀ ਦਿਨ ਸਨ।ਤੁਰਦਿਆਂ ਕਰਦਿਆਂ
ਕਾਹਲੀ ਕਰਨ ਦੇ ਬਾਵਜੂਦ ਥੋੜ੍ਹਾ ਕੁਵੇਲਾ ਹੋ ਗਿਆ।ਆਮ ਦਿਨਾਂ ਵਿੱਚ ਤਾਂ ਕੋਈ ਗੱਲ ਨਹੀਂ
,ਪਰ ਇਹਨਾਂ ਦਿਨਾਂ ਵਿੱਚ ਤਾਂ ਛੇ ਵਜੇ ਦੇ ਲਗਭਗ ਆਪਣੇ ਟਿਕਾਣੇ ਤੇ ਪੁੱਜਣਾ ਲਾਜ਼ਮੀ ਸੀ
ਨਹੀਂ ਤਾਂ ਰਾਹ ਵਿੱਚ ‘ਕਿਸੇ ਵੱਲੋਂ’ ਵੀ ਹਮਲੇ ਦਾ ਡਰ ਹੋ ਸਕਦਾ ਸੀ। ਮੈਂ ‘ਮੁੰਡੇ-ਕੁੜੀ’
ਨਾਲ ਹੀ ਕਾਰ ਵਿਚ ਬੈਠਾ ਸਾਂ।ਮੇਰੀ ਮੰਮੀ ਵੀ ਵਿਚੋਲਣ ਹੋਣ ਕਰਕੇ ਉਸੇ ਕਾਰ ਵਿਚ ਸਾਡੇ ਨਾਲ
ਸੀ।
ਜਿ਼ੰਮੇਵਾਰ ਬੰਦਿਆਂ ਵੱਲੋਂ ਡਰਾਈਵਰਾਂ ਨੂੰ ਕਾਰਾਂ ਤੇਜ਼ ਚਲਾਉਣ ਦੀ ਹਦਾਇਤ ਦੇਣ ਦੇ
ਬਾਵਜੂਦ ਅੰਮ੍ਰਿਤਸਰ ਪਾਰ ਕਰਦਿਆਂ ਤੱਕ ਸੂਰਜ ਪੱਛਮ ਵਿੱਚ ਰੁੱਖਾਂ ਓਹਲੇ ਲੁਕਣਾ ਸ਼ੁਰੂ ਹੋ
ਗਿਆ।ਜਦੋਂ ਅਸੀਂ ਭਿੱਖੀਵਿੰਡ ਚੌਂਕ ਤੋਂ ਉਰਲੇ ਪਾਸੇ ਡਰੇਨ ਦੇ ਪੁਲ ਕੋਲ ਪੁੱਜੇ ਤਾਂ ਸਾਢੇ
ਸੱਤ ਵੱਜ ਚੁੱਕੇ ਸਨ।ਉਹਨਾਂ ਦਿਨਾਂ ਵਿੱਚ ਸਾਢੇ ਸੱਤ ਵੀ ਬੜਾ ਕੁਵੇਲਾ ਸਮਝਿਆ ਜਾਂਦਾ
ਸੀ।ਹਨੇਰਾ ਪੱਸਰ ਆਇਆ ਸੀ ਤੇ ਰੌਸ਼ਨੀਆਂ ਜਗ ਚੁੱਕੀਆਂ ਸਨ।ਸਾਨੂੰ ਪੁਲ ਤੋਂ ਅੱਗੇ ਲੱਗੇ
ਨਾਕੇ ਉੱਤੇ ਪੁਲਸ ਅਤੇ ਸੀ:ਆਰ:ਪੀ:ਐਫ: ਵਾਲਿਆਂ ਨੇ ਰੋਕ ਲਿਆ।
“ਤੁਹਾਨੂੰ ਪਤਾ ਨਹੀਂ ਅੱਗੇ ਕਰਫਿਊ ਲੱਗਾ ਹੋਇਐ ਕਸਬੇ ਵਿੱਚ----“ ਪੁਲਿਸ ਵਾਲੇ ਨੇ ਰੋਹਬ
ਨਾਲ ਆਖਿਆ।
ੳਸੀਂ ਅੰਕਲ ਕਰਮ ਸਿੰਘ ਦੇ ਪਿੰਡ ਨੂੰ ਇਸ ਚੌਂਕ ਵਿੱਚੋਂ ਦੀ ਲੰਘ ਕੇ ਹੀ ਜਾ ਸਕਦੇ ਸਾਂ,ਹੋਰ
ਕੋਈ ਰਸਤਾ ਨਹੀਂ ਸੀ।ਪੰਜ-ਛੇ ਮੀਲ ਦਾ ਮਸਾਂ ਪੈਂਡਾ ਰਹਿ ਗਿਆ ਸੀ।
ਦੋ ਕੁ ਜਾਣੇ ਅਗਲੀ ਕਾਰ ਵਿੱਚੋਂ ਉੱਤਰੇ ਤੇ ਪੁਲਿਸ ਵਾਲੇ ਨੂੰ ਦੱਸਣ ਲੱਗੇ ਕਿ ਇਹ ਬਰਾਤ
ਦੀਆਂ ਕਾਰਾਂ ਨੇ,ਕਿਰਪਾ ਕਰਕੇ ਲੰਘ ਜਾਣ ਦਿਓ।
“ਬਰਾਤ ਦੀਆਂ ਕਾਰਾਂ ਨੇ ਤਾਂ ਫਿ਼ਰ ਕੀ ਹੋਇਆ!ਤੁਹਾਨੂੰ ਪਤਾ ਹੋਣਾ ਚਾਹੀਦਾ ਸੀ!ਵੇਲੇ ਸਿਰ
ਨਹੀਂ ਸੀ ਤੁਰਿਆ ਜਾਂਦਾ?” ਉਹ ਅਕਸਰ ਪੁਲਸੀਆ ਸੀ। ਇੱਕਦਮ ਤਾਂ ਮੰਨ ਨਹੀਂ ਸੀ ਸਕਦਾ।
“ਹੁਣ ਘਰਾਂ ਨੂੰ ਜਾਣਾ ਤਾਂ ਹੈ ਜੀ!” ਕਿਸੇ ਨੇ ਆਖਿਆ।
“ਹੂੰਅ ਜਾਣਾ ਤੇ ਹੈ ਨਾ----ਉੱਤੋਂ ਨੇਰ੍ਹੀ ਕੀ ਝੁੱਲੀ ਆ ਤੇ ਇਹਨਾਂ ਨੂੰ ਫਿ਼ਕਰ ਈ ਕੋਈ
ਨ੍ਹੀਂ----“ ਉਹ ਥੋੜ੍ਹਾ ਕੁ ਢੈਲਾ ਹੋਇਆ ਹੀ ਸੀ ਕਿ ਅਚਾਨਕ ਅੰਕਲ ਕਰਮ ਸਿੰਘ ਗੱਲਾਂ ਕਰਦੇ
ਜਾਂਜੀਆਂ ਨੂੰ ਪਿੱਛੇ ਕਰਦਿਆਂ ਅੱਗੇ ਹੋਇਆ।
“ਆਪ ਕੋ ਥੋੜ੍ਹਾ ਪਹਿਲੇ ਚਲਨਾ ਚਾਹੀਏ ਥਾ ਨਾ---“ ਕੋਲੋਂ ਸੀ:ਆਰ:ਪੀ: ਵਾਲੇ ਨੇ ਰਸਮੀ ਹਾਮੀ
ਭਰੀ। ਲੱਗਦਾ ਸੀ ਗੱਲ ਬਣ ਗਈ ਹੈ।ਪਰ ਕਰਮ ਸਿੰਘ ਨੇ ਗੱਲ ਹੋਰ ਹੀ ਲੀਹੇ ਪਾ ਦਿੱਤੀ।ਉਹ
ਸੀ:ਆਰ:ਪੀ: ਵਾਲੇ ਨੂੰ ਪੁੱਛਣ ਲੱਗਾ, “ਆਪ ਕੋ ਪਤਾ ਹੈ ਦਿਨ ਮੇਂ ਕਿਤਨੇ ਘੰਟੇ ਹੋਤੇ ਹੈਂ?”
ਕਰਮ ਸਿੰਘ ਨੇ ਤਾਂ ਸੁਭਾਵਿਕ ਹੀ ਪੁੱਛਿਆ ਸੀ ਪਰ ਉਸਦੀ ਸੁਭਾਵਿਕ ਆਵਾਜ਼ ਵੀ ਗੜ੍ਹਕੇ ਵਾਲੀ
ਹੈ।ਸੀ:ਆਰ:ਪੀ: ਵਾਲੇ ਨੇ ਕਰਮ ਸਿੰਘ ਦਾ ‘ਮਤਲਬ’ ਨਾ ਸਮਝਿਆ ਤੇ ਅੱਗੋਂ ਖਿਝ ਕੇ ਬੋਲਿਆ
ਜਿਵੇਂ ਉਹਦੀ ਲਿਆਕਤ ਨੂੰ ਚੈਲੰਜ ਕੀਤਾ ਗਿਆ ਹੈ।
“ਆਪ ਮੁਝ ਕੋ ਪਾਠ ਪੜ੍ਹਾਏਂਗੇ ਅਬ, ਕਿ, ਦਿਨ ਮੇਂ ਕਿਤਨੇ ਘੰਟੇ ਹੋਤੇ ਹੈਂ?”
“ਨਹੀਂ ਪਹਿਲੇ ਬਤਾਓ ਮੁਝੇ ਕਿ ਦਿਨ ਮੇਂ ਕਿਤਨੇ ਘੰਟੇ ਹੋਤੇ ਹੈਂ?”ਕਰਮ ਸਿੰਘ ਆਪਣੇ ਸਵਾਲ
ਦਾ ਜਵਾਬ ਲੈਣ ਲਈ ਅੜਿਆ ਹੋਇਆ ਸੀ।
ਪਿਛਲੀ ਸੀਟ’ਤੇ ‘ਕੁੜੀ-ਮੁੰਡੇ’ ਕੋਲ ਬੈਠੀ ਮੇਰੀ ਮਾਂ ਕਹਿਣ ਲੱਗੀ, “ਇਹ ਭਾ ਜੀ ਕਰਮ ਸਿੰਘ
ਕੀ ਗੱਲਾਂ ਕਰਨ ਡਹੇ ਨੇ---“
ਅਗਲੀ ਕਾਰ ਵਿਚੋਂ ਬਾਹਰ ਨਿਕਲ ਰਹੇ ਮੇਰੇ ਪਿਤਾ ਨੂੰ ਮੰਮੀ ਨੇ ਪੁਛਿਆ ਤਾਂ ਉਹਨਾਂ ਹੱਸ ਕੇ
ਦੱਸਿਆ ਕਿ ਕਰਮ ਸਿੰਘ ਦਾ ਮਤਲਬ ਇਹ ਹੈ ਕਿ ਸਿਆਲੀ ਦਿਨ ਛੋਟੇ ਹੁੰਦੇ ਹਨ ।ਵਿਆਹ ਸ਼ਾਦੀਆਂ
ਵਿੱਚ ਰਸਮਾਂ ਭੁਗਤਾਉਂਦਿਆਂ ਸਮਾਂ ਖਰਚ ਹੋ ਹੀ ਜਾਂਦਾ ਹੈ।ਜੇ ਅਗਲੇ ਪੁੱਛਣ ਵਾਲੇ ਨੂੰ ਇਸ
ਸਮੇਂ ਦੀ ਤੰਗੀ ਦਾ ਅਹਿਸਾਸ ਹੋਵੇ ਤਾਂ ਉਹ ਸਾਨੂੰ ਰੋਕੇ ਨਾ!
“ਹੱਛਾ! ਤੂੰ ਹੁਣ ਸਾਨੂੰ ਹਿਸਾਬ ਦੇ ਸਵਾਲ ਸਿਖਾਵੇਂਗਾ?”ਪਹਿਲਾ ਪੁਲਸੀਆ ਕੌੜ ਨਾਲ ਬੋਲਿਆ।
ਕਰਮ ਸਿੰਘ ਨੇ ਉਲਟਾ ਉਸ ਉੱਤੇ ਸਵਾਲ ਦਾਗ ਦਿੱਤਾ।
“ਆਪ ਕੀ ਸ਼ਾਦੀ ਹੂਈ ਹੈ?” ਉਸ ਨੇ ਪੰਜਾਬੀ ਪੁਲਸੀਏ ਨੂੰ ਵੀ ਹਿੰਦੀ’ਚ ਸੰਬੋਧਨ ਕੀਤਾ।ਅਸਲ
ਵਿਚ ਕਰਮ ਸਿੰਘ ਆਪਣੀ ਵੱਲੋਂ ਤਾਂ ਇਹ ਕਹਿ ਰਿਹਾ ਸੀ ਕਿ ਵਿਆਹੇ ਵਰ੍ਹੇ ਬੰਦਿਆਂ ਨੂੰ ਪਤਾ
ਹੀ ਹੁੰਦਾ ਹੈ ਕਿ ਕਿਵੇਂ ਦੇਰ ਹੁੰਦੀ ਹੈ ਵਿਆਹਾਂ ਵਿੱਚ!ਪਰ ਗੱਲ ਠੀਕ ਤਰੀਕੇ ਨਾਲ ਪੇਸ਼ ਨਾ
ਕੀਤੇ ਜਾ ਸਕਣ ਕਾਰਨ ਪੁਲਸੀਆ ਉਹਦੇ ਭਾਵ ਨਾ ਸਮਝਿਆ ਤੇ ਹੋਰ ਚਿੜ੍ਹ ਗਿਆ।
ਉਸ ਨੇ ਹੱਥ ਵਿੱਚ ਫੜੇ ਯੰਤਰ ਨੂੰ ਮੂੰਹ ਨਾਲ ਲਾਇਆ ਤੇ ਅੱਗੇ ਥਾਣੇ ਵਿੱਚ ਸੁਨੇਹਾ ਦੇਣ
ਲੱਗਾ, “ਹੈਲੋ!ਹੈਲੋ!ਆਹ ਕਾਰਾਂ ਤੁਰੀਆਂ ਆਉਂਦੀਐਂ----ਇਹਨਾਂ ਨੂੰ ਅੱਗੇ ਨਹੀਂ ਜਾਣ
ਦੇਣਾ----ਥਾਣੇ ਰੋਕ ਲੈਣੈ---ਇਹਨੂੰ ਦੱਸਦਾਂ ਮੇਰੀ ਸ਼ਾਦੀ ਹੋਈ ਆ ਕਿ ਨਹੀਂ!”
ਮੈਂ ਸਾਰੀ ਕਾਰਵਾਈ ਬੜੀ ਦਿਲਚਸਪੀ ਨਾਲ ਵੇਖ, ਸੁਣ ਰਿਹਾ ਸਾਂ।ਸ਼ਾਇਦ ਅੱਗੋਂ ਵਾਪਰਣ ਵਾਲੀ
ਕਾਰਵਾਈ ਦੀ ਮੈਨੂੰ ਏਨੀ ਸੋਝੀ ਨਹੀਂ ਸੀ,ਪਰ ਪੁਲਸੀਏ ਦੀ ਗੱਲ ਸੁਣ ਕੇ ਸਾਰੇ ਡਰ ਗਏ।ਉਹਨਾਂ
ਦਿਨਾਂ ਵਿਚ ਕੁਝ ਵੀ ਹੋ ਸਕਦਾ ਸੀ।
“ਲੈ---ਥਾਣੇ ਘੱਲ ਲਾ ਭਰਾਵਾ---ਤੁਹਾਡਾ ਰਾਜ ਜੂ ਆ----ਮੈਂ ਤੈਨੂੰ ਇਹੋ ਪੁੱਛਿਆ ਕਿ ਤੇਰੀ
ਸ਼ਾਦੀ ਹੋਈ ਆ ਕਿ ਨਹੀਂ” ਕਰਮ ਸਿੰਘ ਨੇ ਸਿੱਧੀ ਗੱਲ ਕਰਨ ਦੀ ਥਾਂ ਫੇਰ ਪਹਿਲੇ ਥਾਂ ‘ਤੇ
ਸੂਈ ਧਰ ਦਿੱਤੀ।ਮੇਰੀ ਮੰਮੀ ਨੇ ਕਾਰ ਦੀ ਬਾਰੀ ਖੋਲ੍ਹ ਕੇ ਨੇੜੇ ਆਣ ਖਲੋਤੇ ਮੇਰੇ ਪਿਤਾ ਦੇ
ਦੋਸਤ ਜਸਵੰਤ ਸਿੰਘ ਨੂੰ ਕਿਹਾ-“ਭਾ ਜੀ!ਕਰਮ ਸਿੰਘ ਭਾ ਜੀ ਨੂੰ ਪਿੱਛੇ ਕਰਕੇ ‘ਇਹਨਾਂ’ ਨੂੰ
ਆਖੋ ਕਿ ਇਹ ਆਪ ਅੱਗੇ ਹੋਣ।” ‘ਇਹਨਾਂ’ਤੋਂ ਉਸਦਾ ਭਾਵ ਮੇਰੇ ਪਿਤਾ ਤੋਂ ਸੀ,ਜੋ ਅਜੇ ਹੋ ਰਹੇ
ਸਵਾਲ ਜਵਾਬ ਸੁਣ ਰਹੇ ਸਨ ਅਤੇ ਖ਼ਾਮੋਸ਼ ਦਰਸ਼ਕ ਬਣਕੇ ਖਲੋਤੇ ਸਨ।
ਮੰਮੀ ਖਿਝ ਗਈ ਅਤੇ ਕਹਿਣ ਲੱਗੀ, “ ਕੋਈ ‘ਸਿਆਣਾ’ ਬੰਦਾ ਗੱਲ ਕਿਉਂ ਨਹੀਂ ਕਰਦਾ?” ਉਸ ਨੂੰ
ਡਰ ਸੀ ਕਿ ਜੇ ਕੁੜੀ ਸਮੇਤ ਜੰਜ ਥਾਣੇ ਰੋਕ ਲਈ ਤਾਂ ਖੱਜਲ ਖ਼ਰਾਬੀ ਤੋਂ ਬਿਨਾਂ ਬਦਨਾਮੀ ਵੀ
ਕਿੰਨੀ ਹੋਊ!
ਤੇ ਫਿ਼ਰ ਕਿਸੇ ‘ਸਿਆਣੇ’ ਨੇ ਕਮਾਨ ਸੰਭਾਲ ਲਈ।ਪੁਲਸੀਆਂ ਤੋਂ ਖਿ਼ਮਾ ਯਾਚਨਾ ਕੀਤੀ।ਠੀਕ
ਤਰ੍ਹਾਂ ਨਾ ਸਮਝੇ ਸਮਝਾਏ ਜਾਣ ਬਾਰੇ ਗੱਲ ਸਾਫ਼ ਕੀਤੀ। ‘ਤੇ ਆਪਾਂ ਸਾਰੇ ਧੀਆਂ ਭੈਣਾਂ ਵਾਲੇ
ਹਾਂ----ਇਹ ਜਿਹੜੀ ਵਿਆਹ ਕੇ ਲਿਆਂਦੀ ਗਈ ਹੈ ,ਇਹ ਵੀ ਤਾਂ ਤੁਹਾਡੀ ਹੀ ਨੂੰਹ ਧੀ ਹੈ-“ ਆਖ
ਕੇ ਉਹਨਾਂ ਨੂੰ ਆਪਣੇ ਨਾਲ ਜੋੜਿਆ।
ਪੁਲਸੀਏ ਨੇ ਢਿੱਲੇ ਪੈ ਕੇ ਆਖਿਆ, “ਜਾਓ” ਫਿ਼ਰ ਉਸਨੇ ਵਾਇਰਲੈੱਸ ‘ਤੇ ਸੁਨੇਹਾ ਦਿੱਤਾ,
“ਹੈਲੋ!ਹੈਲੋ! ਇਹ ਕਾਰਾਂ ਬਰਾਤ ਦੀਆਂ ਨੇ,ਲੰਘ ਜਾਣ ਦਿਓ-ਓਵਰ”
ਕਾਰਾਂ ਵਿੱਚ ਵੜਦੇ ਜਾਂਜੀਆਂ ਨੇ ਸੁਣਿਆ ਪੁਲਸੀਆ ਕਹਿ ਰਿਹਾ ਸੀ, “ਪਰ ਇਹਨੂੰ ਸਰਦਾਰ ਨੂੰ
ਬੋਲਣ ਦੀ ਤਮੀਜ਼ ਨਹੀਂ।”
“ਤੈਨੂੰ ਸਮਝਣ ਦੀ ਕਿਹੜੀ ਤਮੀਜ਼ ਹੈ” ਕਰਮ ਸਿੰਘ ਨੇ ਹੌਲੀ ਜਿਹੀ ਆਖਿਆ ਤੇ ਸਾਰੇ ਹੱਸ ਪਏ।
ਘਰ ਜਾ ਕੇ ਸਾਰਿਆਂ ਨੇ ਕਰਮ ਸਿੰਘ ਨੂੰ ਲੱਖ ਆਖਿਆ ਕਿ ਤੇਰੇ ਅਸਪੱਸ਼ਟ ਸੁਆਲਾਂ ਨੇ ਕੰਮ
ਵਿਗਾੜ ਦੇਣਾ ਸੀ,ਪਰ ਉਹ ਆਪਣੀ ਜਿ਼ੱਦ ਉੱਤੇ ਅੜਿਆ ਕਹਿ ਰਿਹਾ ਸੀ, “ਮੈਂ ਕੀ ਗਲਤ ਆਖਿਆ?”
ਜਸਵੰਤ ਨੇ ਗੱਲ ਹਾਸੇ ਵਿੱਚ ਪਾ ਦਿੱਤੀ, “ਰਜਵੰਤ ਭੈਣ ਜੀ ਆਖਣ ---ਅਖੇ ਭਾ ਜੀ ਕਿਸੇ
‘ਸਿਆਣੇ’ ਬੰਦੇ ਨੂੰ ਅੱਗੇ ਕਰੋ।”ਉਹ ਮੇਰੀ ਮੰਮੀ ਦੀ ਆਖੀ ਗੱਲ ਦਾ ਹਵਾਲਾ ਦੇ ਰਿਹਾ ਸੀ।
“ਆਹੋ,ਤੁਸੀਂ ਹੀ ਬਹੁਤੇ ਸਿਆਣੇ ਜੇ ।ਮੈਂ ਹੀ ਕਮਲਾ ਹੋਇਆ!” ਕਰਮ ਸਿੰਘ ਖਿਝ ਗਿਆ।
ਮੇਰੀ ਮੰਮੀ ਅਜੇ ਵੀ ਹੱਸੀ ਜਾ ਰਹੀ ਸੀ, “ਭਾ ਜੀ--- ਜੇ ਸਿਆਣੇ ਬੰਦੇ ਅੱਗੇ ਨਾ ਹੁੰਦੇ ਤਾਂ
ਤੁਸੀਂ ਤਾਂ ਸਾਨੂੰ ਵਿਖਾ ਦਿੱਤਾ ਸੀ ਥਾਣਾ।”
“ਹੂੰਅ! ਤੁਸੀਂ ਵੱਡੇ ਸਿਆਣੇ!”ਕਰਮ ਸਿੰਘ ਨੇ ਨਰਾਜ਼ਗੀ ਨਾਲ ਮੂੰਹ ਵੱਟ ਲਿਆ।
ਵਿਆਂਹਦੜ ਮੁੰਡਾ ਸਾਡੇ ਕੋਲ ਹੀ ਬੈਠਾ ਸੀ।ਉਹ ਸੁਭਾ ਦਾ ਬੜਾ ਮਜ਼ਾਕੀਆ ਤੇ ਖੁ਼ਸ਼-ਤਬੀਅਤ
ਹੈ।ਉਸਨੇ ਵਿਆਹ ਦੀ ਖੁ਼ਸ਼ੀ ਵਾਲਾ ਮਾਹੌਲ ਆਪਣੇ ਪਿਓ ਦੀ ਨਾਰਾਜ਼ਗੀ ਕਰਕੇ ਤਣਾਓ ਵਿਚ ਬਦਲਿਆ
ਵੇਖਿਆ ਤਾਂ ਹਵਾ ‘ਚ ਉਂਗਲ ਸਿੱਧੀ ਕਰਦਿਆਂ ਮੁਸਕਰਾ ਕੇ ਮੇਰੇ ਪਿਤਾ ਨੂੰ ਸਵਾਲ ਕੀਤਾ ,
‘ਚਾਚਾ ਜੀ! ਆਪ ਕੀ ਸ਼ਾਦੀ ਹੂਈ ਹੈ?ਅਗਰ ਆਪ ਕੀ ਸ਼ਾਦੀ ਹੂਈ ਹੈ ਤੋ ਬਤਾਈਏ ਦਿਨ ਮੇਂ ਕਿਤਨੇ
ਘੰਟੇ ਹੋਤੇ ਹੈ?”
ਸਾਰੇ ਹੱਸ ਪਏ ਤੇ ਕਰਮ ਸਿੰਘ ‘ਹੂੰਅ’ ਕਹਿ ਕੇ ਸਿਰ ਮਾਰ ਕੇ ਦੂਜੇ ਪਾਸੇ ਤੁਰ ਪਿਆ।
-0-
|