Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ‘ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

‘ਆਪ ਕੀ ਸ਼ਾਦੀ ਹੂਈ ਹੈ?’

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ‘ਚੇਤੰਨ’ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਕੁੰਡੀ ਸ਼ਾਸਤਰ
- ਰਾਜਪਾਲ ਸੰਧੂ ਸਿਡਨੀ

 

ਕਿਸੇ ਨੇ ਸੱਚ ਹੀ ਲਿਖਿਆ ਹੈ ਕਿ “ਜਿਹੜਾ ਅੱਜ ਆਂਡਾ ਚੋਰੀ ਕਰਦਾ ਹੈ ਉਹ ਕੱਲ੍ਹ ਨੂੰ ਬਲਦ ਵੀ ਚੋਰੀ ਕਰੇਗਾ”।

ਹਿੰਦੁਸਤਾਨ ਦੇ ਵੱਖ ਵੱਖ ਸੁੂਬਿਆਂ ਵਿਚ ਕੁੰਡੀ ਦਾ ਆਪਣਾ ਆਪਣਾ ਮਤਲਬ ਹੈ।ਹਰਿਆਣੇ ਵਿਚ ਇਸ ਦਾ ਮਤਲਬ ਓਸ ਦੌਰੀ ਤੋਂ ਹੈ ਜਿਸ ਵਿਚ ਸ਼ਿਵ ਦੇ ਭਗਤ ਭੰਗ ਘੋਟ ਕੇ ਪੀਂਦੇ ਹਨ।ਕੰਨ੍ਹੜ, ਮਲਯਾਲਮ ਅਤੇ ਤਾਮਿਲ ਵਿਚ ਕੁੰਡੀ ਉਹ ਮਾਸੂਮ ਅਤੇ ਬੇਜ਼ਬਾਨ ਹੈ ਜਿਸ ਉੱਤੇ ਪੰਜਾਬ ਪੁਲਿਸ ਵਾਲੇ ਡੰਡੇ ਮਾਰਦੇ ਰੱਤੀ ਭਰ ਵੀ ਤਰਸ ਨਹੀਂ ਖਾਂਦੇ।ਕੁੰਡੀ ਦਾ ਪੰਜਾਬੀ ਵਿਚ ਸਹੀ ਅਰਥ ਤਾਂ ਨਹੀਂ ਲੱਭਦਾ ਪਰ ਮੇਰੀ ਸਮਝ ਦੇ ਹਿਸਾਬ ਨਾਲ ‘ਮਿੱਠੀ ਚੋਰੀ‘ ਸਭ ਤੋਂ ਨਜ਼ਦੀਕ ਹੈ।

ਕੂੰਡੀ ਇਕ ਪਖ਼ਤੂਨ ਕਬੀਲਾ ਵੀ ਹੈ ਜੋ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੈਠਾ ਹੈ।ਇਹ ਅਰਬ ਤੋਂ ਧਾੜਵੀਆਂ ਨਾਲ ਆਇਆ ਹੋਇਆ ਕਬੀਲਾ ਹੈ।

ਮੈਂ ਪਹਿਲੀ ਵਾਰੀ ਕੁੰਡੀ ਸ਼ਬਦ 1988 ਵਿੱਚ ਸੁਣਿਆ ਸੀ।ਉਦੋਂ ਹਾਲਾਤ ਖ਼ਰਾਬ ਦਸੇ ਜਾਂਦੇ ਸਨ। ਮੇਰੀ ਭੂਆ ਦਾ ਮੁੰਡਾ ਪੁਲਿਸ ਤੋਂ ਭੱਜਾ ਹੋਇਆ ਸਾਡੇ ਕੋਲ ਹਰਿਆਨੇ ਆ ਕੇ ਰਹਿਣ ਲਗ ਪਿਆ ਸੀ ।ਉਸਦਾ ਕਸੂਰ ਇੰਨਾ ਸੀ ਕਿ ਉਹ ਜਵਾਨ ਸੀ , ਕਬੱਡੀ ਖ਼ੇਢਦਾ ਸੀ ਤੇ ਨਸ਼ੇ ਪਤੇ ਨਹੀਂ ਕਰਦਾ ਸੀ ।
ਸ਼ਾਮ ਦਾ ਵੇਲਾ ਸੀ।7 ਵਜੇ ਹੀ ਅਸੀਂ ਉਚਿਆਂ ਕੰਧਾ ਵਾਲੇ ਗੇਟ ਨੁੰ ਅੰਦਰੋ ਵਡਾ ਤਾਲਾ ਮਾਰ ਕੇ, ਨਾਹ ਧੋ ਕੇ ਟੀ. ਵੀ. ਦੇਖ ਰਹੇ ਸਾਂ।ਬੀਬੀ ਰੋਟੀ ਬਣਾ ਰਹੀ ਸੀ।ਟੀ. ਵੀ ‘ਤੇ ‘ਰੌਣਕ ਮੇਲਾ‘ ਪ੍ਰੋਗਰਾਮ ਚੱਲ ਰਿਹਾ ਸੀ।ਰੋਣਕੀ ਰਾਮ ਵਾਲਾ ।ਅਚਾਨਕ ਇਕ ਜੋਰ ਦਾ ਧਮਾਕਾ ਹੋਇਆ ਤੇ ਬਿਜਲੀ ਗੋਤਾ ਮਾਰ ਗਈ।ਕੁਝ ਦੇਰ ਅਸੀਂ ਬੈਠੇ ਬਿਜਲੀ ਦਾ ਇੰਤਜ਼ਾਰ ਕਰਦੇ ਰਹੇ।ਫਿਰ ਮੇਰਾ ਚਾਚੇ ਦਾ ਮੁੰਡਾ ਉਠ ਕੇ ਬਾਹਰ ਗਿਆ।ਉਹ ਕੁਝ ਦੇਰ ਬਾਅਦ ਮੁੜਿਆ ਤੇ ਕਹਿੰਦਾ “ਟਰਾਂਸਫ਼ਾਰਮਰ ਉੱਡ ਗਿਆ ਜੇ।ਕੀਪੇ ਹੋਰੀਂ ਕੁੰਡੀ ਲਾਉਣ ਡਹੇ ਸੀ।ਪੈ ਗਿਆ ਪਟਾਕਾ”।

ਮੈਂ ਪੁੱਛਿਆ ਕਿ “ਕੁੰਡੀ ਕੀ ਹੁੰਦੀ ਏ”? ਅੱਗੋਂ ਉਹ ਕਹਿੰਦਾ “ਰਾਤ ਨੂੰ ਸਾਰੇ ਮਹੱਲੇ ਵਾਲੇ ਰੋਟੀ ਲਈ ਹੀਟਰ ਤੇ ਸੌਣ ਲਈ ਕੂਲਰ ਚਲਾਊਂਦੇ ਨੇ।ਇਹ ਕੰਮ ਕੁੰਡੀ ‘ਤੇ ਹੀ ਵਾਰਾ ਖਾਂਦਾ ਏ।ਮੀਟਰ ‘ਤੇ ਬਿਜਲੀ ਬਹੁਤ ਮਹਿੰਗੀ ਏ”।ਮੈਨੂੰ ਕੁੰਡੀ ਸ਼ਬਦ ਚੰਗਾ ਲੱਗਾ।ਦਰਅਸਲ ਮੈਂਨੂੰ ਪਹਿਲੀ ਵਾਰੀ ਕੋਈ ਨਵਾਂ ਸ਼ਬਦ ਚੰਗਾ ਲਗਿਆ ਸੀ।

ਹਨੇਰੇ ਵਿਚ ਅਸੀਂ ਜਿਵੇਂ ਕਿਵੇਂ ਰੋਟੀ ਖਾਧੀ ਤੇ ਫਿਰ ਮੋਮਬੱਤੀ ਨਾਲ ਬਿਸਤਰੇ ਲੱਭ ਕੇ ਪੈ ਗਏ।ਲੰਮਾ ਪਿਆ ਮੈਂ ਸੋਚ ਰਿਹਾ ਸੀ ਕਿ ਸਵੇਰੇ ਅਸੀਂ ਬਚੀਆ ਨਰਮਾ ਲੈ ਕੇ ਮੰਡੀ ਗਏ ਸਾਂ।ਜਿੰਨੀ ਰਕਮ ਸਾਨੂੰ ਮਿਲੀ ਉਸ ਵਿਚੋਂ ਅਸੀਂ 100 ਦੀ ਕੁੰਡੀ ਲਾ ਕੇ ਬਾਕੀ ਇਮਾਨਦਾਰੀ ਨਾਲ ਚਾਚੇ ਨੂੰ ਲਿਆ ਕੇ ਦੇ ਦਿੱਤੀ ਸੀ।ਅਸੀਂ ਬਾਪ ਨੂੰ ਚਾਚਾ ਹੀ ਕਹਿੰਦੇ ਸਾਂ ।ਮੈਂ ਹਨੇਰੇ ਵਿੱਚ ਹੀ ਮੁਸਕਰਾ ਰਿਹਾ ਸਾਂ।

ਫਿਰ ਤਾਂ ਬੱਸ ਕੁੰਡੀ ਲਾਉਣਾ ਇਕ ਮੁਹਾਵਰਾ ਜਿਹਾ ਬਣ ਗਿਆ ਹੈ।ਸਾਨੂੰ ਇੰਜ ਲਗਦਾ ਸੀ ਜਿਵੇਂ ਜੋ ਕੁੰਡੀ ਨਹੀਂ ਲਾਉਂਦਾ ਉਹ ਜ਼ਮਾਨੇ ਤੋਂ ਪਿੱਛੇ ਰਹਿ ਗਿਆ ਸੀ।ਸਾਡੇ ਨਾਲ ਉਸਦਾ ਬਹਿਣ ਉਠਣ ਹੀ ਨਹੀਂ ਸੀ ਬਣਦਾ।

ਅਸੀਂ ਕਾਲਜ ਵਿਚ ਦਾਖ਼ਲਾ ਲੈ ਲਿਆ ।ਮੇਰਾ ਇੱਕ ਰਿਸ਼ਤੇਦਾਰ ਮੈਨੂੰ ਬੱਸ ਵਿੱਚ ਕੰਡਕਟਰ ਲੱਗਾ ਮਿਲ ਗਿਆ।ਉਸ ਮੈਨੂੰ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬਿਠਾ ਦਿੱਤਾ।ਆਪ ਟਿਕਟਾਂ ਕੱਟਣ ਲੱਗ ਗਿਆ।ਉਹ ਲੰਮੇ ਸਫ਼ਰ ਦਿਆਂ ਸਵਾਰੀਆਂ ਤੋਂ ਪੈਸੇ ਫੜੀ ਜਾਵੇ ਤੇ ਟਿਕਟਾਂ ਨਾ ਦੇਵੇ।ਟਿਕਟ ਦੇ ਮਗਰ ਕੁਝ ਲਿਖ ਕੇ ਪੈਸੇ ਤੇ ਟਿਕਟਾਂ ਆਪਣੇ ਝੋਲੇ ਵਿਚ ਪਾ ਲਿਆ ਕਰੇ।ਰਾਹ ਵਿਚ ਅਸੀਂ ਚਾਹ ਪੀਣ ਲਈ ਰੁਕੇ।ਮੈਂ ਪੁਛਿਆਂ “ਤੂੰ ਟਿਕਟਾਂ ਕਿਉਂ ਨੀਂ ਦਿੱਤੀਆਂ ਸਵਾਰੀਆਂ ਨੂੰ? ਜੇ ਕੋਈ ਅਫਸਰ ਮਿਲ ਗਿਆ ਫਿਰ”।

ਅੱਗੋਂ ਉਹ ਹੱਸਣ ਲਗ ਗਿਆ “ਥੋੜੀ ਬਹੁਤ ਕੁੰਡੀ ਲਾਉਣ ਦੀ ਸਾਨੂੰ ਉੱਤੋਂ ਛੁੱਟ ਮਿਲੀ ਹੋਈ ਹੈ, ਨਾਲੇ ਉਹਨਾਂ ਦੇ ਹਿੱਸੇ ਦੀ ਕੁੰਡੀ ਵੀ ਤਾਂ ਇਸੇ ਬੈਗ ਵਿਚ ਹੀ ਹੈ”।ਉਸ ਨੇ ਚਾਹ ਵਾਲਾ ਗਿਲਾਸ ਰੱਖ ਦਿੱਤਾ ਤੇ ਢਾਬੇ ਦੇ ਮਾਲਿਕ ਨੂੰ ਟਾ ਟਾ ਕਹਿ ਕੇ ਤੁਰ ਪਿਆ।ਅਸੀਂ ਚਾਹ ਪੀ ਕੇ ਬਿਨਾਂ ਪੈਸੇ ਦਿੱਤੇ ਬੱਸ ਵਿਚ ਚੜ ਗਏ।ਡਰਾਈਵਰ ਤੇ ਕੰਡਕਟਰ ਦੀ ਚਾਹ ਪਾਣੀ ਮੁਫ਼ਤ ਸੀ।ਮੈਂ ਕਈ ਦਿਨ ਕੰਡਕਟਰ ਬਣਨ ਦੇ ਸੁਪਨੇ ਲੈਂਦਾ ਰਿਹਾ ਸੀ।

ਮੇਰਾ ਇੱਕ ਦੋਸਤ ਸੀ।ਉਸ ਨੇ ਪੜ੍ਹਾਈ ਛੱਡ ਕੇ ਆਪਣੇ ਬਾਪ ਦਾ ਮੈਡੀਕਲ ਸਟੋਰ, ਜੋ ਕਿ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਸੀ, ਸੰਭਾਲ ਲਿਆ।ਇੱਕ ਦਿਨ ਮੈਂ ਕਿਸੇ ਮਰੀਜ਼ ਨੂੰ ਮਿਲਣ ਉਸ ਹਸਪਤਾਲ ਗਿਆ।ਮੈਨੂੰ ਉਹ ਦੁਕਾਨ ਦੇ ਬਾਹਰ ਮਿਲ ਗਿਆ।ਬਦੋ ਬਦੀ ਅੰਦਰ ਲੈ ਗਿਆ।ਬਰਫ਼ੀ ਨਾਲ ਚਾਹ ਪਿਆਈ।ਮੈਨੂੰ ਬੜਾ ਚੰਗਾ ਲੱਗਿਆ।ਇੱਕ ਬੀਬੀ ਟੀਕਾ ਲੈਣ ਆ ਗਈ।ਕੈਂਸਰ ਦਾ ਟੀਕਾ ਸੀ।ਇਸ ਕਰਕੇ ਭੋਲੇ ਨੂੰ ਕਾਊਂਟਰ ‘ਤੇ ਜਾਣਾ ਪਿਆ।ਟੀਕਾ ਸਿਰਫ਼ ਇਸੇ ਦੁਕਾਨ ਤੋਂ ਮਿਲਦਾ ਸੀ। ਬੀਬੀ ਨੇ ਝੋਲੇ ਵਿਚੋਂ ਵਾਹਵਾ ਸਾਰੇ ਪੈਸੇ ਕੱਢ ਕੇ ਦਿੱਤੇ।ਜਦ ਉਹ ਚਲੀ ਗਈ ਤਾਂ ਮੈਂ ਪੁੱਛਿਆ “ਭੋਲੇ, ਟੀਕਾ ਐਨਾ ਮਹਿੰਗਾ?”

ਉਹ ਕਹਿੰਦਾ “ਇਹ 25000 ਰੁਪਏ ਦਾ ਟੀਕਾ ਹੈ।ਇਸ ਦੀ ਖਾਸੀਅਤ ਇਹ ਹੈ ਕਿ ਇਹ ਟੀਕਾ ਸ਼ਾਮ ਨੂੰ ਫਿਰ ਮੁੜ ਕੇ ਇੱਥੇ ਹੀ ਆ ਜਾਣਾ ਹੈ।ਸਾਲ ਭਰ ਤੋਂ ਇਹ ਟੀਕਾ ਇੰਜ ਹੀ ਘੁੰਮ ਰਿਹਾ ਹੈ।ਡਾਕਟਰ ਅਸਲੀ ਟੀਕਾ ਲਾਉਂਦਾ ਹੀ ਨਹੀਂ।ਉਹ ਸ਼ਾਮ ਨੂੰ ਸਾਨੂੰ ਵੇਚ ਜਾਂਦਾ ਹੈ।ਸਾਡਾ ਅਧੋ ਅੱਧ ਚਲਦਾ ਓਹਦੇ ਨਾਲ।ਜੇ ਕੁੰਡੀ ਉਹ ਲਾਉਂਦਾ ਹੈ ਤਾਂ ਅਸੀਂ ਲਾ ਲਈ ਤਾਂ ਕੀ”।ਮੈਂ ਬਰਫ਼ੀ ਪਲੇਟ ਸਾਫ ਕਰ ਕੇ ਨਿਕਲ ਗਿਆ।ਮੈਂ ਗਰੀਬ ਸਾਂ ਸੋ ਮੈਡੀਕਲ ਸਟੋਰ ਖੋਲਣ ਦਾ ਸੁਪਣਾ ਵੀ ਨਾਂ ਲੈ ਸਕਿਆ।ਮੇਰਾ ਜੀ ਕਰਦਾ ਸੀ ਕਿ ਮੈਂ ਵੀ ਭੋਲੇ ਤਰਾਂ ਕੂੰਡੀ ਲਾਂਵਾਂ।

ਇੰਡੀਆ ਵਿਚ ਹੜ੍ਹ ਆ ਗਏ।ਅਸੀਂ ਇੱਕ ਕਮੇਟੀ ਬਣਾਈ।ਨੇੜੇ ਦੇ ਪਿੰਡਾਂ ਤੋਂ ਲੋਕਾਂ ਨੇ ਦਿਲ ਖੋਲ ਕੇ ਦਾਨ ਦਿੱਤਾ।ਨਕਦੀ, ਰਾਸ਼ਨ, ਕਪੜੇ, ਭਾਂਡੇ ਆਦਿ ਦਾਨ ਲੈ ਕੇ ਕਮੇਟੀ ਦੇ ਪ੍ਰਧਾਨ ਜੀ ਹੜ੍ਹ ਵਾਲੀ ਥਾਂ ‘ਤੇ ਪਹੁੰਚੇ।ਪ੍ਰਧਾਨ ਜੀ ਨੇ ਸਾਰਾ ਸਮਾਨ ਉਜੜੇ ਲੋਕਾਂ ਨੂੰ ਦੇ ਦਿੱਤਾ।ਆਖਰ ਕੁੰਡੀ ਲਾਉਣ ਵਾਲਿਆਂ ਦਾ ਵੀ ਕੋਈ ਈਮਾਨ ਹੁੰਦਾ ਹੈ।ਨਕਦ ਪੈਸੇ ਪ੍ਰਧਾਨ ਜੀ ਨੇ ਆਪ ਰਖ ਲਏ ਤੇ ਕਈ ਦਿਨ ਦਿੱਲੀ ਘੁੰਮਦੇ ਰਹੇ।ਮੈਂ ਸੋਚ ਰਿਹਾ ਸੀ ਕਿ ਜੇਕਰ ਮੈਂ ਪ੍ਰਧਾਨ ਬਣ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।

2004 ਵਿਚ ਮੈਂ ਸਿਡਨੀ ਆ ਗਿਆ ਪਰ ਮੈਨੂੰ ਕੁੰਡੀ ਵਾਲੀ ਗੱਲ ਭੁੱਲੀ ਨਹੀਂ।ਮੈਂ ਗੋਰਿਆ ਨੂੰ ਕਦੀ ਕੁੰਡੀ ਦੀ ਗਲਬਾਤ ਕਰਦੇ ਸੁਣਿਆਂ ਨਹੀਂ ਸੀ।ਮੈਂ ਕਈ ਦਿਨ ਸੋਚਦਾ ਰਿਹਾ ਕਿ ਇਹਨਾਂ ਨੂੰ ਪੁੱਛਾਂ ਕਿ ਕੁੰਡੀ ਦਾ ਇੰਗਲਿਸ਼ ਵਿਚ ਕੀ ਮਤਲਬ ਹੋਵੇਗਾ ਪਰ ਮੈਨੂੰ ਸਮਝ ਨਾ ਆਵੇ ਕਿ ਪੁੱਛਾਂ ਕਿਵੇਂ?

ਮੇਰੇ ਇੱਕ ਮਿੱਤਰ ਦਾ ਭਤੀਜਾ ਪੈਟਰੌਲ ਪੰਪ ‘ਤੇ ਕੰਮ ਕਰਦਾ ਸੀ।ਮੈਂ ਕਾਰ ਵਿਚ ਤੇਲ ਭਰਵਾਉਣ ਚਲਾ ਗਿਆ।ਮੈਂ ਪੁੱਛਿਆ “ਕਿਵੇਂ ਬਾਲੀ, ਤਨਖਾਹ ਤਾਂ ਠੀਕ ਮਿਲੀ ਜਾਂਦੀ ਆ?”।ਉਹ ਕਹਿੰਦਾ “ਤਨਖਾਹ ਤਾਂ ਥੋੜ੍ਹੀ ਹੈ ਭਾ ਜੀ।ਬੱਸ ਕੁੰਡੀ ਲਾ ਕੇ ਗੁਜਾਰਾ ਕਰੀਦਾ।ਨਾਲੇ ਕੰਮ ਤੋਂ ਹੀ ਫੋਨ ਕਰ ਲਈ ਦੇ ਇੰਡੀਆ ਨੂੰ ਫ੍ਰੀ ਵਿੱਚ”।

ਸ਼ਾਮ ਨੂੰ ਮੈਨੂੰ ਉਸੇ ਪੰਪ ਦਾ ਮਾਲਕ ਇੱਕ ਡਿਨਰ ਪਾਰਟੀ ਵਿਚ ਮਿਲ ਗਿਆ।ਮੈਂ ਕਿਹਾ “ਜਗਤ, ਕਿਵੇਂ ਚਲਦਾ ਹੈ ਬਿਜ਼ਨਸ?” ਕਹਿੰਦਾ ਜੀ “ਕਾਹਦਾ ਬਿਜ਼ਨਸ, ਸਰਕਾਰ ਨੇ ਚਾਰੇ ਪਾਸੇ ਤੋਂ ਘੇਰ ਰਖਿਆ ਟੈਕਸਾਂ ਆਦਿ ਨਾਲ।ਕੁੰਡੀ ਤੋਂ ਬਿਨਾ ਕੰਮ ਨਹੀਂ ਚਲਦਾ। ਕੁਝ ਟੈਕਸ ਵਾਲਿਆਂ ਨੂੰ ਲਾਈਦੀ ਏ।ਕੁਝ ਤੇਲ ਵਿਚ ਮਿਲਾਵਟ ਕਰੀਦੀ ਏ ਬਾਕੀ ਕੰਮ ਕਰਨ ਵਾਲੇ ਮੁੰਡਿਆ ਦੀ ਤਨਖਾਹ ਵਿਚੋਂ ਕੁੰਡੀ ਲਾਈਦੀ ਏ।ਇੰਜ ਬਸ ਗਰੀਬ ਗੁਜਾਰਾ ਜਿਹਾ ਕਰੀਦਾ।ਫਿਰ ਗੱਲੀਂਬਾਤੀਂ ਦੱਸਿਆ ਥੋੜੇ ਦਿਨ ਪਹਿਲਾਂ ਹੀ ਉਸਨੇ ਦੋ ਪੰਪ ਹੋਰ ਖਰੀਦ ਲਏ ਹਨ।

“ਭਾਬੀ ਜੀ ਕੀ ਹਾਲ ਨੇ, ਜੌਬ ਕਿਵੇਂ ਚਲਦੀ ਹੈ?” ਮੈਂ ਜਗਤ ਦੀ ਘਰਵਾਲੀ ਨੂੰ ਪਾਰਟੀ ਵਿਚ ਡਾਂਸ ਕਰਨ ਤੋਂ ਬਾਅਦ ਪੁੱਛਿਆ।“ਹਾਲ ਤਾਂ ਠੀਕ ਨੇ ਸੰਧੂ ਭਾਜੀ, ਜੋਬ ਵਧੀਆ ਚਲੀ ਜਾਂਦੀ ਏ।ਬਸ ਜਦ ਕਦੇ ਛੁੱਟੀ ਦੀ ਲੋੜ ਹੁੰਦੀ ਏ ਤਾਂ ਕੁੰਡੀ ਲਾਉਣੀ ਪੈਂਦੀ ਏ।ਡਾਕਟਰ ਨਾਲ ਉਕਾ ਪੁੱਕਾ ਕੀਤਾ ਏ।ਬੱਸ ਬਿਮਾਰੀ ਦਾ ਪ੍ਰਮਾਣ ਪੱਤਰ ਘਰੇ ਹੀ ਆ ਜਾਂਦਾ ਹੈ।ਹੁਣ ਤੁਸੀਂ ਦੱਸੋ ਸਿਮਰਨ ਨੂੰ ਸਵਿਮਿੰਗ ਲਿਜਾਨਾ ਪੈਂਦਾ ਹੈ।ਕੁੰਡੀ ਨਾ ਲਾਓ ਤਾਂ ਕੁੜੀ ਤਾਂ ਹੋ ਗਿਆ ਨਾਂ ਭਵਿਖ ਖਰਾਬ?”

“ਏਧਰ ਆਉ ਬੇਟਾ ਸਿਮਰਨ, ਸੰਧੂ ਅਕੰਲ ਨਾਲ ਮਿਲੋ” ਇਹ ਕਹਿ ਕੇ ਭਾਬੀ ਜੀ ਦੁਬਾਰਾ ਨੱਚਣ ਚਲੇ ਗਏ।ਮੈਂ ਤੇ ਸਿਮਰਨ ਰਸੋਈ ਵਿਚ ਜੂਸ ਪੀ ਰਹੇ ਸੀ।“ਸਿਮਰਨ, ਕਿਹੜੀ ਕਲਾਸ ਵਿਚ ਹੋ ਬੇਟਾ?” “12ਵੀਂ ਦੇ ਪੇਪਰ ਦਿੱਤੇ ਨੇ ਅੰਕਲ”।“ਠੀਕ ਹੈ ਕੀ ਕਰਦੇ ਹੋ ਫਿਰ ਛੁੱਟੀਆਂ ਵਿਚ”।
ਉਹ ਬੁਲ ਟੇਰ ਕੇ ਬੋਲੀ “ਮੰਮੀ ਬਾਹਰ ਤਾਂ ਜਾਣ ਨਹੀਂ ਦਿੰਦੀ, ਇਸ ਕਰਕੇ ਕੁੰਡੀ ਲਾਉਣੀ ਪੈਂਦੀ ਹੈ।ਘਰੇ ਕਹਿ ਕੇ ਜਾਈਦਾ ਕਿ ਮੈਂ ਸਹੇਲੀ ਘਰੇ ਪੜ੍ਹਨ ਚਲੀ ਹਾਂ।ਫਿਰ ਦੋਸਤਾਂ ਨਾਲ ਕਲੱਬ ਵਿਚ ਡਾਂਸ ਕਰਕੇ ਛੇਤੀ ਘਰੇ ਆ ਜਾਈਦਾ”।


“ਸਿਮਰਨ ਬੇਟਾ ਤੁਹਾਡਾ ਭਰਾ ਜੌਹਨੀ ਕੀ ਕਰਦਾ ਹੁਣ”।“ਉਹ ਜੀ ਮੇੈਲਬੋਰਨ ਤੋਂ ਸਿਡਨੀ ਦੇ ਵਿਚਕਾਰ ਟਰੱਕ ਚਲਾਉਂਦਾ ਹੈ।ਸਿਡਨੀ ਤੋਂ ਟੀ ਵੀ ਭਰ ਕੇ ਲੈ ਜਾਂਦਾ ਏ ਉਥੋਂ ਆਊਂਦੀ ਵਾਰੀ ਮੋਬਾਈਲ ਫੋਨ ਭਰ ਕੇ ਲਿਆਉਂਦਾ ਹੈ।ਚੰਗੀ ਕੰਪਨੀ ਨਾਲ ਲੱਗਾ ਹੈ।ਪਰ ਹਰ ਵਾਰੀ ਇੱਕ ਦੋ ਟੀ ਵੀ ਤੇ 5-10 ਫੋਨ ਡਾਲੇ ਵਿਚੋਂ ਡਿਗ ਪੈਂਦੇ ਨੇ।ਉਂਜ ਉਹਦਾ ਮਾਲਿਕ ਸ਼ੱਕ ਕਰਦਾ ਉਹਦੇ ‘ਤੇ, ਕਹਿੰਦਾ ਇਹ ਸਾਲਾ ਕੁੰਡੀ ਲਾਉਂਦਾ ਏ।
ਅਕੰਲ ਤੁਸੀਂ ਕਦੋਂ ਘਰ ਲਵੋਗੇ।ਸਾਡੇ ਕੋਲ ਤਾਂ ਹੁਣ ਤਿੰਨ ਘਰ ਨੇ”।ਮੈਂ ਪਾਰਟੀ ਵਿਚੋਂ ਸ਼ਰਮਿੰਦਾ ਹੋ ਕੇ ਨਿਕਲ ਆਇਆ ਕਿਉਂ ਕਿ ਮੈਨੂੰ ਜੈਲਸੀ ਦਾ ਅਟੈਕ ਹੋ ਗਿਆ ਸੀ।

ਰਾਹ ਵਿਚ ਮਂੈ ਸੋਚ ਰਿਹਾ ਸੀ ਕਿ ਮੈਂ ਵੀ ਤਾਂ ਵਧੀਆ ਕੰਪਨੀ ਵਿਚ ਜੋਬ ਕਰਦਾ ਹਾਂ।ਸਵੇਰੇ 10 ਵਜੇ ਦਫ਼ਤਰ ਵੜਦਾ ਹਾਂ।ਫਿਰ ਬਹਾਨੇ ਲਾ ਕੇ ਬੌਸ ਨੂੰ ਮਨਾਉਂਦਾ ਹਾਂ।ਕਦੀ ਗੱਡੀ ਖਰਾਬ, ਕਦੀ ਬੱਚਾ ਬੀਮਾਰ।ਹੁਣ ਤਾਂ ਬਹਾਨੇ ਵੀ ‘ਸੁੱਖ ਨਾਲ‘ ਗੂਗਲ ਤੋਂ ਲੱਭਣੇ ਪੈਂਦੇ ਨੇ।ਫਿਰ ਕੰਪੀਊਟਰ ‘ਤੇ ਖ਼ਬਰਾਂ ਪੜਦਾ ਹਾਂ।ਫਿਰ ਸਾਰਾ ਦਿਨ ਚੱਲ ਸੋ ਚੱਲ।5-4 ਵਾਰੀ ਚਾਹ ਪੀਤੀ।ਮੇਮਾਂ ਨਾਲ ਗੱਪਾਂ ਮਾਰਦਿਆਂ, ਗੂਗਲ ‘ਤੇ ਕੋਈ ਨਵਾਂ ਬਿਜ਼ਨਸ ਵੇਖਦਿਆਂ, ਥੋੜਾ ਜਿਹਾ ਨਾਵਲ ਪੜ੍ਹਿਆ, 10-12 ਯਾਰਾਂ ਬੇਲੀਆਂ ਨੂੰ ਫੋਨ ਕੀਤੇ।ਕੰਪਨੀ ਦੇ ਕਲਰ ਪ੍ਰਿੰਟਰ ਤੋਂ 100-50 ਪ੍ਰਿੰਟ ਮਾਰਦੇ ਨੂੰ ਬਾਕੀ ਦਾ ਦਿਨ ਦਿਨ ਲੰਘ ਜਾਂਦਾ ਏ।ਮੈਂ ਵਕਤ ਦਾ ਬਹੁਤ ਪਾਬੰਦ ਹਾਂ।ਸ਼ਾਮੀ 4 ਵਜੇ ਮੈਂ ਘਰੇ ਆ ਜਾਂਦਾ ਹਾਂ।ਮੈਂ ਇਸ ਆਪਣੀ ਕਿਸਮ ਦੀ ਕੁੰਡੀ ਨਾਲ ਆਪਣੇ ਮਨ ਨੂੰ ਸਮਝਾ ਰਿਹਾ ਸੀ।

ਨੋਟ: ਇਹ ਆਰਟੀਕਲ ਲੇਖਕ ਨੇ ਆਪ ਆਪਣੇ ਦਿਮਾਗ ਨਾਲ ਲਿਖਿਆ ਹੈ।ਇਸ ਵਿਚ ਕੋਈ ਕੁੰਡੀ ਨਹੀਂ ਲਾਈ ਗਈ ।

-0-