ਇਸ ਸਮੁੱਚੇ ਜੀਵ ਜਗਤ ਵਿੱਚ ਕੇਵਲ
ਮਨੁੱਖ ਹੀ ਕੇਵਲ ਅਜਿਹਾ ਪ੍ਰਾਣੀ ਹੈ ਜਿਸਨੂੰ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਗਤੀਵਿਧੀਆਂ
ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਹਮੇਸ਼ਾਂ ਹੀ ਲਾਲਸਾ ਰਹੀ ਹੈ।ਸਮੇਂ ਦੇ ਨਾਲ ਨਾਲ ਘਟਨਾਵਾਂ
ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਹੋਰ ਵੀ ਤੀਬਰ ਹੋਈ ‘ਤੇ ਇਸੇ ਵਿੱਚੋਂ ਹੀ ਪੱਤਰਕਾਰੀ
ਦਾ ਨਿਕਾਸ ਅਤੇ ਵਿਕਾਸ ਹੋਇਆ।ਅੱਜ ਪੂਰੀ ਦੁਨੀਆਂ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਅਖਬਾਰ
ਮੈਗਜੀਨ ਆਦਿ ਛਪਦੇ ਹਨ ਤੇ ਕਿੰਨੇ ਹੀ ਲੋਕ ਇਸ ਪੇਸ਼ੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ
ਇਸ ਪੇਸ਼ੇ ਨਾਲ ਜੁੜੇ ਹੋਏ ਹਨ ਜਿੰਨਾਂ ਨੂੰ ਅਸੀਂ ਪੱਤਰਕਾਰ ਕਹਿੰਦੇ ਹਾਂ ਅਤੇ ਸਾਰੀ
ਪ੍ਰਕਿਰਿਆ ਨੂੰ ਪੱਤਰਕਾਰੀ ਕਿਹਾ ਜਾਂਦਾ ਹੈ।ਪੱਤਰਕਾਰੀ ਦੀ ਜੇਕਰ ਆਮ ਸ਼ਬਦਾਂ ਵਿੱਚ
ਪਰਿਭਾਸ਼ਾਂ ਦੇਣੀਂ ਹੋਵੇ ਤਾਂ ਸਿੱਧੀ ਸਪਸ਼ਟ ਗੱਲ ਹੈ ਕਿ ਖਬਰਾਂ ਇਕੱਠੀਆਂ ਕਰਨ ਦਾ
ਕੰਮ।ਅਜਿਹੀਆਂ ਖਬਰਾਂ ਜਿੰਨ੍ਹਾਂ ਵਿੱਚ ਜਾਣਕਾਰੀ,ਸੁਚੇਤਤਾ,ਸੋਝੀ ਦੀ ਪ੍ਰਾਪਤੀ ਤੋਂ ਇਲਾਵਾ
ਸਮਾਜ ਨੂੰ ਵੀ ਕੋਈ ਲਾਭ ਪਹੁੰਚਦਾ ਹੋਵੇ।ਹੁਣ ਜੇਕਰ ਪੰਜਾਬੀ ਪੱਤਰਕਾਰੀ ਦੀ ਗੱਲ ਕਰੀਏ ਤਾਂ
ਸਮੇਂ ਦੇ ਨਾਲ ਨਾਲ ਪੰਜਾਬੀ ਪੱਤਰਕਾਰੀ ਨੇ ਸਮੇਂ ਦੀ ਹਾਣੀ ਬਣ ਕੇ ਭਰਪੂਰ ਵਿਕਾਸ ਕੀਤਾ
ਹੈ।ਇੰਟਰਨੈੱਟ ਦਾ ਵਿਕਾਸ ਹੋਣ ਨਾਲ ਪੰਜਾਬੀ ਵਿੱਚ ਛਪਣ ਵਾਲੇ ਈ-ਪੇਪਰਾਂ ਦੀ ਤਾਂ ਕੋਈ
ਗਿਣਤੀ ਹੀ ਨਹੀ।ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਵੀ ਆਪਣੇ ਤੌਰ ਦੇ ਅਨੇਕਾਂ
ਹੀ ਪੇਪਰ ਕੱਢਣੇ ਸ਼ੁਰੂ ਕੀਤੇ ਹੋਏ ਹਨ।ਪੱਤਰਕਾਰੀ ਦੀਆਂ ਪਰਤਾਂ ਨੂੰ ਜੇ ਥੋੜ੍ਹਾ ਹੋਰ
ਡੁੰਘਾਈ ਵਿੱਚ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਇਮਾਨਦਾਰੀ ਨਾਲ ਕੀਤੀ ਗਈ ਪੱਤਰਕਾਰੀ ਵੈਸੇ
ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਹੀ ਗੱਲ ਹੋ ਨਿੱਬੜਦੀ ਹੈ।ਇਕੱਲੀ ਪੰਜਾਬੀ ਪੱਤਰਕਾਰੀ ਵਿੱਚ
ਹੀ ਅਜਿਹੀਆਂ ਅਨੇਕਾਂ ਨਾਂਮਵਰ ਸ਼ਖਸ਼ੀਅਤਾਂ ਹਨ ਜਿੰਨ੍ਹਾਂ ਨੇ ਆਪਣੇ ਸਮੇਂ ‘ਤੇ ਇਮਾਨਦਾਰੀ
ਨਾਲ ਪੱਤਰਕਾਰੀ ਕਰ ਕੇ ਨਾਮਣਾਂ ਖੱਟਿਆ ਹੈ ਤੇ ਪੱਤਰਕਾਰੀ ਦੇ ਖੇਤਰ ਵਿੱਚ ਉਹਨਾਂ ਦਾ ਨਾਂਮ
ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ।ਪਰ ਅਜੋਕੀ ਪੱਤਰਕਾਰੀ ਹੁਣ “ਘਰ ਫੂਕ ਤਮਾਸ਼ਾ ਦੇਖਣ ਵਾਲੀ
ਗੱਲ ਨਹੀਂ ਰਹੀ।ਹੁਣ ਦੀ ਪੱਤਰਕਾਰੀ ਇੱਕ ਬੜੇ ਹੀ ਮੁਨਾਫੇ ਵਾਲਾ ਸੌਦਾ ਸਾਬਤ ਹੋ ਰਹੀ ਹੈ
‘ਤੇ ਇਸੇ ਕਰ ਕੇ ਹੁਣ ਹਰ ਸ਼ਹਿਰ ਹਰ ਪਿੰਡ ਵਿੱਚ ਅਨੇਕਾਂ ਹੀ ਪੱਤਰਕਾਰ ਖੁੰਭਾਂ ਵਾਂਗੂੰ
ਉੱਗ ਪਏ ਹਨ ‘ਤੇ ਇਸ ਪੱਤਰਕਾਰੀ ਦੇ “ਬਿਜਨਸ’ ਵਿੱਚ ਪਏ ਹੋਏ ਹਨ।ਅੱਜ ਦੇ ਕੰਪੀਟੀਸ਼ਨ ਦੇ
ਯੁੱਗ ਵਿੱਚ ਹਰ ਅਖਬਾਰੀ ਅਦਾਰੇ ਦਾ ਯਤਨ ਹੁੰਦਾ ਹੈ ਕਿ ਉਹਨਾਂ ਦਾ ਅਖਬਾਰ ਜਿਆਦਾ ਪੜ੍ਹਿਆ
ਜਾਵੇ,ਜਿਆਦਾ ਗਿਣਤੀ ਵਿੱਚ ਛਪੇ ਅਤੇ ਲੋਕਾਂ ਵਿੱਚ ਜਿਆਦਾ ਹਰਮਨ ਪਿਆਰਾ ਹੋਵੇ।ਇਸੇ ਲਈ ਉਹ
ਆਪਣੇ ਅਖਬਾਰ ਦੀ ਛਪਣ ਗਿਣਤੀ ਵਧਾਉਣ ਦੇ ਲਈ ਅਤੇ ਹੋਰ ਵਧੇਰੇ ਪਾਠਕ ਵਰਗ ਪੈਦਾ ਕਰਨ ਲਈ ਕਈ
ਨੀਵੇਂ ਪੱਧਰ ਦੇ ਹੱਥਕੰਡੇ ਵੀ ਵਰਤਦੇ ਹਨ।ਪੰਜਾਬ ਵਿੱਚ ਹੁਣ ਚਾਰ ਪੰਜ ਪ੍ਰਮੁੱਖ ਅਖਬਾਰ ਛਪ
ਰਹੇ ਹਨ ‘ਤੇ ਇਹ ਸਾਰੇ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਨਜਰ ਆਉਂਦੇ ਹਨ।ਕਿਸੇ
ਅਖਬਾਰ ਤੇ ਕਾਂਗਰਸ ਪੱਖੀ ਅਤੇ ਕਿਸੇ ‘ਤੇ ਆਕਾਲੀ ਪੱਖੀ ਹੋਣ ਦੇ ਦੋਸ਼ ਮੁੱਢ ਤੋਂ ਹੀ ਲੱਗਦੇ
ਆਏ ਹਨ।ਕੋਈ ਵਿਰਲਾ ਅਖਬਾਰ ਹੀ ਆਪਣੇ ਮਿਆਰ ਨੂੰ ਕਾਇਮ ਰੱਖ ਰਿਹਾ ਹੈ।ਖੈਰ ਆਪਣੀਂ
ਲੋਕਪ੍ਰਿਅਤਾ ਵਧਾਉਣ ਵਾਸਤੇ ਇਹਨਾਂ ਸਾਰੇ ਹੀ ਅਖਬਾਰਾਂ ਨੇ ਜਿਲ੍ਹਾ ਵਾਈਜ ਤੇ ਫਿਰ ਸ਼ਹਿਰ
ਵਾਈਜ ਸਪਲੀਮੈਂਟ ਕੱਢਣੇ ਸ਼ੁਰੂ ਕਰ ਦਿੱਤੇ।ਜਿਲ੍ਹੇ ਜਾਂ ਸ਼ਹਿਰ ਦੇ ਆਲੇ ਦੁਆਲੇ ਦੇ ਖੇਤਰ
ਚੋਂ ਖਬਰਾਂ ਇਕੱਤਰ ਕਰਨ ਲਈ ਇਹਨਾਂ ਨੂੰ ਹੋਰ ਵੀ ਜਿਆਦਾ ਪੱਤਰ ਪ੍ਰੇਰਕਾਂ ਦੀ ਲੋੜ ਪਈ ਅਤੇ
ਇਸੇ ਕਾਰਨ ਹੀ ਪੱਤਰਕਾਰੀ ਦੇ ਖੇਤਰ ਵਿੱਚ ਉਹ ਵਿਅਕਤੀ ਵੀ ਦਾਖਲ ਹੋ ਗਏ ਜਿਹਨਾਂ ਦਾ
ਪੱਤਰਕਾਰੀ ਨਾਲ ਕੋਈ ਦੂਰ ਦੁਰਾਡੇ ਦਾ ਵਾਹ ਵੀ ਨਹੀਂ ਹੈ।ਅਖਬਾਰਾਂ ਵਾਲਿਆਂ ਨੇ ਜਿਲ੍ਹਾ
ਵਾਈਜ ਜਾਂ ਸ਼ਹਿਰ ਵਾਈਜ ਛਪਦੇ ਅਖਬਾਰੀ ਪੰਨੇ ਭਰਨੇਂ ਹੁੰਦੇ ਹਨ,ਖਬਰਾਂ ਬੇਸ਼ੱਕ ਜਿਹੋ
ਜਿਹੀਆਂ ਮਰਜੀ ਹੋਣ।ਇਸੇ ਕਰਕੇ ਹੁਣ ਅਸੀਂ ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਵੀ ਪੜਦੇ ਹਾਂ
ਕਿ ਫਲਾਣੇ ਪਿੰਡ ਕਿਸੇ ਦੀ ਮੱਝ ਦਾ ਕੱਟਾ ਮਰ ਗਿਆ,ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨਾਲ
ਫਰਾਰ,ਫਲਾਣੇ ਇਲਾਕੇ ਵਿੱਚੋਂ ਬੱਕਰੀਆਂ ਚੋਰੀ ਵਗੈਰਾ ਵਗੈਰਾ।ਹੁਣ ਸੋਚਣ ਵਾਲੀ ਗੱਲ ਇਹ ਹੈ
ਕੀ ਅਜਿਹੀਆਂ ਖਬਰਾਂ ਨਾਲ ਸਾਡੀ ਜਾਣਕਾਰੀ ਵਿੱਚ ਕੋਈ ਵਾਧਾ ਹੁੰਦੈ ਜਾਂ ਅਜਿਹੀਆਂ ਖਬਰਾਂ
ਨਾਲ ਸਾਡੇ ਸਮਾਜ ਨੂੰ ਕੋਈ ਸੇਧ ਮਿਲਦੀ ਹੈ?ਹਾਂ ਪਰ ਅਜਿਹੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ
ਵੀਰ ਜਰੂਰ ਲਾਹਾ ਲੈ ਜਾਂਦੇ ਹਨ।ਇਲਾਕੇ ਦੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਵਿਅਕਤੀ ਦੀ
ਅਖਬਾਰ ਵਿੱਚ ਫੋਟੋ ਵਗੈਰਾ ਛਪਵਾ ਕੇ ਜਾਂ ਉਸਦਾ ਕੋਈ ਬਿਆਨ ਆਦਿ ਛਾਪ ਕੇ ਆਪਣੇਂ ਨਿੱਜੀ ਕੰਮ
ਇਹਨਾਂ ਤੋਂ ਜਰੂਰ ਕਰਵਾ ਲੈਂਦੇ ਹਨ।ਬੱਸ ਏਨਾਂ ਕੁ ਮੰਤਵ ਹੈ ਅਖਬਾਰਾਂ ਵਿੱਚ ਛਪਦੇ ਵਿਸ਼ੇਸ਼
ਸਪਲੀਮੈਟ ਦਾ।ਪਿੱਛੇ ਜਿਹੇ ਕਪੂਰਥਲੇ ਸ਼ਹਿਰ ਵਿੱਚ ਪਾਣੀਂ ਵਾਲੀ ਟੈਂਕੀ ‘ਤੇ ਚੜ੍ਹ ਕੇ ਆਪਣੇ
ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ।ਅਜਿਹੀ ਖਬਰ ਅਖਬਾਰਾਂ ਵਾਲਿਆਂ ਨੂੰ ਮਸਾਂ ਕਿਤੇ
ਲੱਭਦੀ ਹੈ ਸੋ ਅਖਬਾਰਾਂ ਵਾਲਿਆਂ ਨੇ ਇਹ ਖਬਰ ਫੋਟੋਆਂ ਸਮੇਤ ਮਸਾਲੇ ਲਗਾ ਕੇ ਛਾਪੀ।ਹੁਣ ਹਰ
ਦਿਨ ਅਖਬਾਰਾਂ ਵਿੱਚ ਅਜਿਹੀ ਖਬਰ ਜਰੂਰ ਛਪਦੀ ਹੈ ਕਿ ਫਲਾਣੇ ਮਹਿਕਮੇ ਦੇ ਮੁਲਾਜਮ ਆਪਣੀਆਂ
ਮੰਗਾਂ ਮਨਵਾਉਣ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹੇ ਅਤੇ ਨਾਲ ਹੀ ਸਰਕਾਰੀ ਬਿਆਨ ਫੋਟੋਆਂ ਸਮੇਤ
ਛਾਪਿਆ ਹੁੰਦਾ ਕਿ ਪੰਜਾਬ ਵਿਚਲੀਆਂ ਸਾਰੀਆਂ ਪਾਣੀਆਂ ਦੀਆਂ ਟੈਕੀਆਂ ਦੀ ਸੁਰੱਖਿਆ ਲਈ ਪੁਲਿਸ
ਤਾਇਨਾਤ।ਸਦਕੇ ਜਾਈਏ ਐਸੀਆਂ ਖਬਰਾਂ ਦੇ ਜਿੰਨ੍ਹਾਂ ਨੂੰ ਪੜ੍ਹ ਕੇ ਸ਼ਾਧਾਰਨ ਵਿਅਕਤੀ ਨੂੰ ਇਹ
ਨਹੀਂ ਪਤਾ ਲੱਗਦਾ ਕਿ ਹੁਣ ਖਤਰਾ ਪਾਣੀ ਵਾਲੀਆਂ ਟੈਕੀਆਂ ਨੂੰ ਹੈ ਜਾਂ ਇਹਨਾਂ ‘ਤੇ ਚੜ੍ਹ ਕੇ
ਖੁਦਕੁਸ਼ੀ ਦੀਆਂ ਧਮਕੀਆਂ ਦੇਣ ਵਾਲੇ ਇਨਸਾਨਾਂ ਨੂੰ।ਪੰਜਾਬ ਤੋਂ ਹੀ ਛਪਦੇ ਇੱਕ ਅਖਬਾਰ ਵਿੱਚ
ਫੋਟੋ ਸਮੇਤ ਖਬਰ ਲੱਗੀ ਕਿ ਫਲਾਣੇ ਸ਼ਹਿਰ ਦੇ ਢਿਮਕੇ ਕਲੱਬ ਦੇ ਮੈਂਬਰਾਂ ਨੇ ਪਾਣੀ ਦੀ ਛਬੀਲ
ਲਗਾਈ।ਉਸ ਫੋਟੋ ਵਿੱਚ ਵੀਹ ਕੁ ਬੰਦੇ ਹੱਥਾਂ ‘ਚ ਗਿਲਾਸ ਫੜੀ ਉਪਰੋਥਲੀ ਇੰਝ ਖੜੇ ਸੀ ਕਿ
ਕਿਤੇ ਮੇਰਾ ਚਿਹਰਾ ਨਾਂ ਦਿਸਣੋਂ ਰਹਿ ਜਾਵੇ।ਅਜਿਹੀ ਹੀ ਇੱਕ ਹੋਰ ਖਬਰ ਸੀ ਕਿ ਦਾਜ ਦੀ ਬਲੀ
ਚੜੀ ਕਿਸੇ ਔਰਤ ਦੇ ਸਹੁਰਿਆਂ ਨੂੰ ਸਜਾ ਦਿਵਾਉਣ ਦੇ ਮਾਮਲੇ ‘ਚ ਸਥਾਨਕ ਥਾਣੇਂ ਮੂਹਰੇ ਦਿੱਤੇ
ਧਰਨੇਂ ਵਾਲੀ ਖਬਰ ਦੇ ਨਾਲ ਲੱਗੀ ਫੋਟੋ ਵਿੱਚ ਹੱਥ ਉੱਪਰ ਚੁੱਕੀ ਖੜੀ ਮੁੰਡੀਹਰ ਇੰਝ ਦੰਦ
ਕੱਢ ਰਹੀ ਸੀ ਜਿਵੇਂ ਹੁਣੇਂ ਹੁਣੇਂ ਕਬੱਡੀ ਦਾ ਮੈਚ ਜਿੱਤ ਕੇ ਆਏ ਹੋਣ।ਪੰਜਾਬ ਵਿੱਚ ਜਿਹੜੀ
ਪਾਰਟੀ ਦੀ ਵੀ ਸਰਕਾਰ ਹੁੰਦੀ ਹੈ ਤਾਂ ਸੁਭਾਵਿਕ ਹੀ ਹਰ ਵਿਅਕਤੀ ਆਪਣੇ ਆਪਣੇ ਢੰਗ ਵਰਤ ਕੇ
ਸਰਕਾਰ ਦੀ ਪ੍ਰਸੰਸਾ ਕਰ ਕੇ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੁੰਦਾ ਹੈ ‘ਤੇ ਕਈ ਸੱਜਣ ਤਾਂ
ਆਪਣੇ ਆਪ ਨੂੰ ਸਰਕਾਰ ਦੇ ਸਭ ਤੋਂ ਵੱਡੇ ਸ਼ੁੱਭਚਿੰਤਕ ਤੇ ਵਫਾਦਾਰ ਪਾਰਟੀ ਵਰਕਰ ਦਰਸਾਉਣ ਲਈ
ਫਿਰ ਪੀਲੀ ਪੱਤਰਕਾਰੀ ਕਰ ਰਹੇ ਪੱਤਰਕਾਰਾਂ ਦੀਆਂ ਸੇਵਾਵਾਂ ਲੈਂਦੇ ਹਨ।ਵੱਖ ਵੱਖ ਅਖਬਾਰਾਂ
ਵਿੱਚ ਹਰ ਰੋਜ ਅਜਿਹੇ ਵਿਅਕਤੀਆਂ ਦੇ ਸੈਕੜੇ ਬੇਬੁਨਿਆਦੀ ਬਿਆਨ ਛਪਦੇ ਹਨ ਜਿੰਨ੍ਹਾਂ ਵਿੱਚ
ਵਿਰੋਧੀ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਮੌਜੂਦਾ ਸਰਕਾਰ ਦੀ ਪ੍ਰਸੰਸਾ ਕੀਤੀ ਹੁੰਦੀ ਹੈ ਤੇ
ਆਪਣਾਂ ਨਾਂ ਵੱਡੇ ਵੱਡੇ ਅੱਖਰਾਂ ਵਿੱਚ ਲਿਖਵਾਇਆ ਹੁੰਦਾ ਹੈ ਤਾਂ ਕਿ ਸ਼ਰਕਾਰ ਨੂੰ ਪਤਾ ਲੱਗ
ਜਾਵੇ ਤੇ ਆਮ ਲੋਕਾਂ ‘ਤੇ ਵੀ ਦਬਦਵਾ ਬਣਿਆ ਰਹੇ ‘ਤੇ ਅਜਿਹੇ ਵਿਅਕਤੀ ਦੂਜੀ ਪਾਰਟੀ ਦੀ
ਸਰਕਾਰ ਆਉਦੇ ਹੀ ਵਧਾਈ ਸੰਦੇਸ਼ ਦੇਣ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੁੰਦੇ ਹਨ।ਸੋ
ਅਜਿਹੀਆਂ ਖਬਰਾਂ ਨਾਂ ਤਾਂ ਅਖਬਾਰ ਵਾਲੇ ਮੁਫਤ ਵਿੱਚ ਛਾਪਦੇ ਹਨ ਅਤੇ ਨਾਂ ਹੀ ਪੱਤਰਕਾਰ
ਸੱਜਣ ਮੁਫਤ ਵਿੱਚ ਅਜਿਹੀ ਖਬਰ ਲਿਖਣ ਨੂੰ ਤਿਆਰ ਹੁੰਦੇ ਹਨ।ਸੋ ਸਭ ਨੂੰ ਲਾਭ ਹੀ ਲਾਭ।
ਪਿੱਛੇ ਜਿਹੇ ਆਸਟਰੇਲੀਆ ਵਿੱਚ ਭਾਰਤੀ ਲੋਕਾਂ ਦੇ ਸੰਬੰਧ ਵਿੱਚ ਜਿਹੋ ਜਿਹੇ ਹਾਲਾਤ ਬਣੇ
ਉਹਨਾਂ ਨੂੰ ਸਾਡੇ ਭਾਰਤੀ ਮੀਡੀਏ ਨੇ ਅਜਿਹਾ ਉਛਾਲ ਕੇ ਲੋਕਾ ਸਹਮਣੇਂ ਪੇਸ਼ ਕੀਤਾ ਕਿ ਖਬਰਾਂ
ਪੜ੍ਹਨ ਸੁਣਨ ਵਾਲੇ ਲੋਕ ਵੀ ਹੱਕੇ ਬੱਕੇ ਰਹਿ ਜਾਂਦੇ ਸਨ।ਇੱਥੇ ਸਾਡੇ ਪੱਤਰਕਾਰ ਭਾਈਚਾਰੇ ਨੇ
ਵੀ ਇਸ ਗੱਲ ‘ਤੇ ਲੱਕ ਬੰਨਿਆਂ ਹੋਇਆ ਸੀ ਕਿ ਕੋਈ ਕਿਸੇ ਭਾਰਤੀ ਵੱਲ ਜਰਾ ਤੱਕੇ ਵੀ ਸਹੀ ਤਾਂ
ਅਸੀਂ ਐਸੀ ਖਬਰ ਬਣਾ ਕੇ ਘੱਲਣੀਂ ਹੈ ਕਿ ਪੜ੍ਹਨ ਵਾਲਿਆਂ ਦੇ ਸਾਹ ਸੂਤੇ ਜਾਣ।ਜਦੋਕਿ ਗੱਲ
ਏਡੀ ਨਹੀ ਹੁੰਦੀ ਸੀ ਜਿੱਡੀ ਇਹ ਖਬਰਾਂ ਦੇ ਰੂਪ ਵਿੱਚ ਪੰਜਾਬ ਦੇ ਅਖਬਾਰਾਂ ਦੇ ਜਰੀਏ ਲੋਕਾਂ
ਸਾਹਮਣੇਂ ਪੇਸ਼ ਕਰਦੇ ਸਨ।ਅਜਿਹੇ ਹੀ ਇੱਕ ਪੱਤਰਕਾਰ ਸੱਜਣ ਨੇਂ ਪੰਜਾਬੋਂ ਛਪਦੇ ਇੱਕ ਅਖਬਾਰ
ਵਿੱਚ ਖਬਰ ਛਪਵਾਈ ਕਿ ਕਨੇਡਾ ਦੇ ਇੱਕ ਸ਼ਹਿਰ ‘ਚ ਵਸਦੇ ਫਲਾਣਾਂ ਸਿਓਂ ਨੇ ਸੰਨ ਚੁਰਾਸੀ ਦੇ
ਦਰਬਾਰ ਸਹਿਬ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ।ਹੁਣ ਖਬਰ ਵਿੱਚਲੇ ਉਸ ਬੰਦੇ ਅਤੇ ਪੱਤਰਕਾਰ
ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਯਾਰ ਤੈਨੂੰ ਇਕੱਲੇ ਨੂੰ ਦੁੱਖ ਹੈ।ਇਸ ਨਾਲ ਤਾਂ ਪੂਰੀ
ਸਿੱਖ ਕੌਮ ਵਲੂਧਰੀ ਪਈ ਹੈ।ਇੱਕ ਵਿਦੇਸ਼ ਵਸਦੇ ਸੱਜਣ ਨੇ ਇੱਕ ਪੱਤਰਕਾਰ ਦੇ ਜਰੀਏ ਖਬਰ
ਛਪਵਾਈ ਕਿ ਪੰਜਾਬ ਵਿੱਚ ਬੱਸਾਂ ਦੇ ਕਿਰਾਇਆਂ ਵਿੱਚ ਜੋ ਵਾਧਾ ਕੀਤਾ ਹੈ ਸਰਕਾਰ ਉਸ ਨੂੰ
ਵਾਪਸ ਲਵੇ।ਇੱਕ ਸੱਜਣ ਨੇਂ ਖਬਰ ਛਪਵਾਈ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ ਹੋ ਰਹੀ
ਹੈ।ਸੋ ਹੁਣ ਅਜਿਹੀਆਂ ਖਬਰਾਂ ਦਾ ਸਿੱਧਾ ਮਤਲਬ ਆਪਣਾਂ ਨਾਂ ਚਮਕਾਉਣਾਂ ਹੀ ਹੁੰਦਾ
ਹੈ।ਪਿੱਛਲੇ ਕਾਫੀ ਸਮੇਂ ਤੋਂ ਇੱਕ ਹੋਰ ਖਬਰ ਅਖਬਾਰਾਂ ਦੇ ਅੰਤਰਰਾਸਟਰੀ ਪੰਨਿਆਂ ਵਾਲੇ
ਹਿੱਸੇ ਵਿੱਚ ਆਮ ਹੀ ਪੜ੍ਹਨ ਨੂੰ ਮਿਲਦੀ ਹੈ ਕਿ ਸ਼ਹਿਰ ਵਿੱਚ ਫਲਾਣੇਂ ਕਲਾਕਾਰ ਦੀ ਕੈਸੇਟ
ਰਿਲੀਜ ਕੀਤੀ ਗਈ ਤੇ ਨਾਲ ਹੀ ਛਪੀ ਫੋਟੋ ਵਿੱਚ ਪੰਜ ਸੱਤ ਬੰਦੇ ਉਸ ਕਲਾਕਾਰ ਦੀ ਕੈਸੇਟ ਦੇ
ਰੈਪਰ ਹੱਥਾਂ ਵਿੱਚ ਚੁੱਕੀ ਦਿਖਾਈ ਦੇ ਰਹੇ ਹੁੰਦੇ ਹਨ ਬੇਸ਼ੱਕ ਉਸ ਕਲਾਕਾਰ ਨੇਂ ਇਹਨਾਂ
ਸੱਜਣਾਂ ਨੂੰ ਫੋਨ ਕਰ ਕੇ ਵੀ ਅਜਿਹਾ ਕਰਨ ਨੂੰ ਨਹੀਂ ਕਿਹਾ ਹੁੰਦਾ।ਅਜਿਹੀਆਂ ਖਬਰਾਂ ਨਾਲ
ਬੇਸ਼ੱਕ ਸਾਡੇ ਸਮਾਜ ਨੂੰ ਕੋਈ ਲਾਭ ਨਹੀ ਪਰ ਅਜਿਹੀਆਂ ਖਬਰਾਂ ਛਪਵਾਉਣ ਵਾਲੇ ਪੱਤਰਕਾਰ
ਮਿੱਤਰਾਂ ਨੂੰ ਅਤੇ ਖਬਰ ਵਿੱਚਲੇ ਵਿਅਕਤੀਆਂ ਜਰੂਰ ਕਈ ਤਰਾਂ ਦੇ ਲਾਭ ਪਹੁੰਚਦੇ ਹਨ।ਫਰਾਂਸ
ਵਿੱਚ ਪੰਜਾਬੀਆਂ ਦੀ ਪਗੜੀ ਦਾ ਮਾਮਲਾ,ਡੁੱਬਈ ਵਿੱਚ ਮਜਦੂਰੀ ਕਰਦੇ ਪੰਜਾਬੀਆਂ ਦੀਆਂ
ਸਮੱਸਿਆਵਾਂ,ਇੰਗਲੈਂਡ ਵਿੱਚਲੇ ਕੱਚੇ ਪੰਜਾਬੀ ਕਾਮਿਆਂ ਦੀਆਂ ਮੁਸ਼ਕਿਲਾਂ,ਵੱਖ ਵੱਖ ਦੇਸ਼ਾਂ
ਦੀਆਂ ਜੇਲ੍ਹਾਂ ਵਿੱਚ ਬੰਦ ਪੰਜਾਬੀਆਂ ਬਾਰੇ ਕਦੇ ਖਬਰਾਂ ਅਖਬਾਰ ਵਿੱਚ ਛਪੀਆਂ ਨਹੀਂ
ਦਿਸਦੀਆਂ।
ਪੰਜਾਬ ਵਿੱਚ ਗਰਮੀਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੰਤਰੀ ਕੀ,ਐੱਮ.ਐਲ.ਏ,ਚੇਅਰਮੈਨ ਜਾਂ
ਸਿਆਸਤ ਦਾ ਮਾੜਾ ਮੋਟਾ ਊੜਾ,ਆੜਾ ਜਾਨਣ ਵਾਲੇ ਲੋਕ ਵਿਦੇਸ਼ੀ ਦੌਰਿਆਂ ‘ਤੇ ਨਿੱਕਲੇ।ਗੱਲ ਕੀ
ਮਾੜੇ ਮੋਟੇ ਸ਼ਹਿਰ ਦੇ ਐਮ.ਸੀ. ਤੋਂ ਲੇ ਕੇ ਐੱਮ.ਪੀ.ਤੱਕ ਅਮਰੀਕਾ,ਆਸਟ੍ਰੇਲੀਆ,ਕੈਨੇਡਾ ਦੇ
ਦੌਰਿਆ ‘ਤੇ ਗਏ।ਇਹਨਾਂ ਵਿੱਚੋਂ ਹੀ ਇੱਕ ਚੇਅਰਮੈਨ ਰੈਂਕ ਦੇ ਬੰਦੇ ਨੇਂ ਤਾਂ ਆਪਣੇ ਵਿਦੇਸ਼ੀ
ਦੌਰੇ ‘ਤੇ ਜਾਣ ਤੋਂ ਪਹਿਲਾਂ ਹੀ ਅਖਬਾਰ ਵਿੱਚ ਇੱਕ ਬਹੁਤ ਵੱਡਾ ਇਸਿ਼ਤਿਹਾਰ ਦੇ ਦਿੱਤਾ ਜਿਸ
ਵਿੱਚ ਲਿਖਿਆ ਸੀ ਕਿ ਲੋਕਾਂ ਦੇ ਮਸੀਹਾ ਫਲਾਣਾਂ ਸਿਓਂ ਪ੍ਰਵਾਸੀ ਪੰਜਾਬੀਆਂ ਦੀਆਂ
ਸਮੱਸਿਆਵਾਂ ਤੋਂ ਜਾਣੂੰ ਹੋਣ ਲਈ ਵਿਦੇਸੀ ਦੌਰੇ ‘ਤੇ ਜਾ ਰਹੇ ਹਨ।ਫਿਰ ਜਿੰਨੇਂ ਦਿਨ
ਚੇਅਰਮੈਨ ਸਾਹਿਬ ਕੈਨੇਡਾ ਰਹੇ ਹਰ ਦਿਨ ਅਖਬਾਰ ਵਿੱਚ ਉਹਨਾਂ ਦੇ ਵੱਖ ਵੱਖ ਸ਼ਹਿਰਾਂ ਵਿੱਚ
ਸਨਮਾਨ ਹੋਣ ਦੀ ਖਬਰ ਸਨਮਾਨ ਕਰਨ ਵਾਲੇ ਸੱਜਣਾਂ ਦੇ ਨਾਵਾਂ ਦੀ ਸੂਚੀ ਫੋਟੋਆਂ ਸਮੇਤ ਛਪਦੀ
ਰਹੀ।ਹੁਣ ਤਾਂ ਇਹ ਆਮ ਜਿਹੀ ਗੱਲ ਹੋ ਗਈ ਹੈ ਕਿ ਐਸ.ਐਸ.ਪੀ,ਡੀ.ਐੱਸ.ਪੀ,ਮੰਤਰੀ,ਐੱਮ.ਸੀ.ਆਦਿ
ਦੇ ਵਿਦੇਸ਼ੀ ਦੌਰਿਆਂ ਦੀਆਂ ਖਬਰਾਂ ਉਹਨਾਂ ਦੀ ਪ੍ਰਹੁਣਾਂਚਾਰੀ ਕਰਨ ਵਾਲੇ ਪ੍ਰਵਾਸੀਆਂ ਦੀਆਂ
ਤਸਵੀਰਾਂ ਸਮੇਤ ਛਪੀਆਂ ਖਬਰਾਂ ਵਿੱਚ ਇੰਨੀ ਗੱਲ ਲਿਖੀ ਹੁੰਦੀ ਹੈ ਕਿ ਆਹ ਆਹ ਪ੍ਰਵਾਸੀ
ਵੀਰਾਂ ਨੇ ਇਹਨਾਂ ਦਾ ਸਨਮਾਨ ਕੀਤਾ।ਇਸ ਤੋਂ ਵੱਧ ਹੋਰ ਕੁੱਜ ਨਹੀਂ।ਕੈਨੇਡਾ
ਅਮਰੀਕਾ,ਇਟਲੀ,ਇੰਗਲੈਂਡ,ਫਰਾਂਸ,ਨਿਊਜੀਲੈਂਡ,ਆਸਟਰੇਲੀਆ ਆਦਿ ਦੇਸ਼ਾਂ ਦੇ ਕੁੱਝ ਗਿਣੇ ਚੁਣੇ
ਕੁ ਬੰਦੇ ਹੀ ਹਨ ਜਿਹੜੇ ਪੰਜਾਬੋ ਗਏ ਅਜਿਹੇ ਅਸਰ ਰਸੂਖ ਵਾਲੇ ਬੰਦਿਆ ਨਾਲ ਏਅਰਪੋਰਟ ‘ਤੇ
ਸਵਾਗਤੀ ਖਬਰਾਂ ਫੋਟੋਆਂ ਤੋ ਲੈ ਕੇ ਉਹਨਾਂ ਦਾ ਸਨਮਾਨ ਕਰਨ ਤੱਕ ਸੁਰਖੀਆਂ ਵਿੱਚ ਰਹਿੰਦੇ
ਹਨ।ਹੁਣ ਇਹ ਮੰਤਰੀ,ਐੱਮ.ਸੀ. ਚੇਅਰਮੈਨ, ਐੱਮ.ਸੀ ਪ੍ਰਵਾਸੀਆਂ ਦੀਆਂ ਕਿਹੜੀਆਂ ਸਮੱਸਿਆਵਾਂ
ਸੁਣਨ ਗਏ ਸੀ ‘ਤੇ ਇਹਨਾਂ ਸਮੱਸਿਆਵਾਂ ਦਾ ਕੀ ਹੱਲ ਕਰ ਕੇ ਆਏ ਹਨ,ਇਸ ਗੱਲ ਦੀ ਕੋਈ ਖਬਰ
ਨਹੀਂ।ਅਜਿਹੀਆਂ ਖਬਰਾਂ ਪ੍ਰਕਾਸ਼ਤ ਕਰਵਾ ਕੇ ਪੱਤਰਕਾਰ ਮਿੱਤਰ ਤਾਂ ਡਾਲਰਾਂ ਨਾਲ ਆਪਣੀਆਂ
ਝੋਲੀਆਂ ਭਰਦੇ ਹੀ ਹਨ ਉਥੇ ਅਜਿਹੇ ਬੰਦਿਆਂ ਦੀ ਪ੍ਰਹੁਣਾਂਚਾਰੀ ਕਰਨ ਵਾਲੇ ਲੋਕ ਇਹਨਾਂ
ਰਾਜਨੀਤਿਕ ਲੋਕਾਂ ਤੋਂ ਆਪਣੇਂ ਪੰਜਾਬ ਵਿੱਚਲੇ ਅੜੇ ਥੁੜੇ ਕੰਮ ਵੀ ਆਸਾਨੀਂ ਨਾਲ ਕਰਵਾ
ਜਾਂਦੇ ਹਨ।ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸੱਭਿਆਚਾਰ ਮੇਲਿਆਂ,ਖੇਡ ਟੂਰਨਾਂਮੈਂਟਾਂ ਆਦਿ
ਤੇ ਪੰਜਾਬ ਤੋਂ ਕਲਾਕਾਰ ਜਾਂ ਖਿਡਾਰੀ ਮੰਗਵਾ ਕੇ ਆਪਣੀਆਂ ਖਬਰਾਂ ‘ਤੇ ਫੋਟੋਆਂ ਪ੍ਰਕਾਸਿਤ
ਕਰਵਾ ਕੇ ਅੱਡ ਆਪਣੀਂ ਚੌਧਰ ਚਮਕਾਉਣ ‘ਚ ਲੱਗੇ ਰਹਿੰਦੇ ਹਨ।ਜਿਹੜਾ ਮਰਜੀ ਅਖਬਾਰ ਚੁੱਕ ਕੇ
ਦੇਖ ਲਵੋ ਸਾਰੇ ਹੀ ਅਜਿਹੀਆਂ ਖਬਰਾਂ ਨਾਲ ਭਰੇ ਪਏ ਹਨ।ਫੋਕੀ ਚੌਧਰ ‘ਤੇ ਸਸਤੀ ਸ਼ੋਹਰਤ ਦੇ
ਭੁੱਖੇ ਅਜਿਹੇ ਲੋਕ ਮੌਕਿਆਂ ਦੀ ਭਾਲ ‘ਚ ਹੀ ਰਹਿੰਦੇ ਹਨ ਕਿ ਕਦੋਂ ਕੋਈ ਘਟਨਾਂ ਵਾਪਰੇ,ਕਦੋਂ
ਕੋਈ ਖਬਰ ਲੱਭੇ ਜਿਸ ਵਿੱਚ ਅਸੀਂ ਆਪਣੀਂ ਲੱਤ ਫਸਾ ਕੇ ਸੁਰਖੀਆਂ ਵਿੱਚ ਆਈਏ।ਇਹਨਾਂ ਸੱਜਣਾਂ
ਦੀ ਮੱਦਦ ਲਈ ਹਰ ਸਹਿਰ ਹਰ ਦੇਸ਼ ਵਿੱਚ ਇਹਨਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਪੱਤਰਕਾਰ ਸਹਿਬ
ਵੀ ਆਸਾਨੀਂ ਨਾਲ ਲੱਭ ਜਾਂਦੇ ਹਨ।
ਸੋ ਅਜਿਹੀਆਂ ਬੇਢੰਗੀਆਂ ਖਬਰਾਂ ਨਾਲ ਅਖਬਾਰ ਤਾਂ ਜਰੂਰ ਬਹੁ ਗਿਣਤੀ ਵਿੱਚ ਛਪ ਜਾਂਦੇ ਹਨ ਪਰ
ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦੇ।ਅਖਬਾਰਾਂ
ਨੂੰ ਵੀ ਚਾਹੀਦਾ ਹੈ ਕਿ ਉਹ ਹਰ ਖਬਰ ਦੀ ਚੰਗੀ ਤਰ੍ਹਾਂ ਪੜਚੋਲ ਕਰਕੇ ਹੀ ਖਬਰਾਂ ਛਾਪਣ।ਸੱਚ
ਤਾਂ ਇਹ ਹੈ ਕਿ ਪੱਤਰਕਾਰੀ ਹੁਣ ਇੱਕ ਦੁਕਾਨਦਾਰੀ ਬਣ ਚੁੱਕੀ ਹੈ ਜਿਸਦੇ ਅਨੇਕਾਂ ਹੀ ਗਾਹਕ
ਹਨ।ਇਸ ਪੇਸ਼ੇ ਵਿੱਚ ਆਏ ਨਿਘਾਰ ਨੂੰ ਹੁਣ ਮੋੜਾ ਪਾਉਣ ਦੀ ਲੋੜ ਹੈ।
ਫੋਨ-0061434288301
e-mail-harmander.kang@gmail.com
|