ਬੈਠਕ ਅੰਦਰ ਪਾਠ ਚੱਲ ਰਿਹਾ ਸੀ,
ਅਖੰਡ-ਪਾਠ। ਬਾਹਰ ਖੁੱਲ੍ਹੇ ਵਿਹੜੇ ‘ਚ ਵਿਛੀ ਦਰੀ ‘ਤੇ ਬੈਠੇ ਸਮਿੱਤਰ ਦੇ ਮਨ-ਮਸਤਕ ਅੰਦਰ
ਇੱਕ ਰੀਲ੍ਹ ਦੌੜ ਰਹੀ ਸੀ, ਅਖੰਡ-ਰੀਲ। ਧੀਮੀ ਸੁਰ ‘ਚ ਬਾਣੀ ਪੜ੍ਹਦੇ ਭਾਈ ਦੀ ਆਵਾਜ਼ ਵਿੱਚ
ਵਾਰ ਉੱਚੀ ਹੋ ਜਾਂਦੀ, ਮੱਥਾ ਟੇਕਣ ਆਏ ਤੱਕ ਅੱਪੜਦੀ ਹੋਣ ਲਈ, ਪਰ ਸਮਿੱਤਰ ਅੰਦਰ ਗੂੰਜ
ਰਿਹਾ ਸ਼ੋਰ ਕਿਸੇ ਨੂੰ ਵੀ ਸੁਣਾਈ ਨਹੀਂ ਸੀ ਦਿੰਦਾ। ਉਸ ਨੂੰ ਆਪ ਨੂੰ ਵੀ ਨਹੀਂ। ਇੱਕ ਛੱਲ
ਵਾਂਗ ਉੱਠਦਾ, ਇੱਕ ਵੇਗ ਵਾਂਗ ਵਹਿੰਦਾ ਇਹ ਉਸਦੀਆਂ ਅੱਖਾਂ ਤਕ ਵੀ ਅੱਪੜਦਾ ਰਿਹਾ ਸੀ,
ਕੰਨਾਂ ਤਕ ਵੀ ਤੇ ਉਸਦੀ ਜੀਭ ਤਕ ਵੀ, ਕੱਲ੍ਹ ਦੁਪਹਿਰ ਵੇਲੇ ਤੋਂ ਲਗਾਤਾਰ। ਕਦੀ ਉਸਦੇ ਕੰਨ
ਸਾਂ-ਸਾਂ ਕਰਨ ਲਗਦੇ, ਕਦੀ ਜੀਭ ਥਰਕਣ ਲਗਦੀ, ਕਦੀ ਅੱਖਾਂ ਨਮ ਹੁੰਦੀਆਂ ਰਹੀਆਂ। ਨਮ ਹੀ
ਨਹੀਂ ਬਹੁਤੀ ਵਾਰ ਤਾਂ ਇਹ ਪਰਲ-ਪਰਲ ਵਗਦੀਆਂ ਵੀ ਰਹੀਆਂ ਸਨ।
ਪਿਛਲੇ ਦਸ ਦਿਨਾਂ ‘ਚ ਉਸ ਨਾਲ ਇਉਂ ਇੱਕ ਵਾਰ ਵੀ ਨਹੀਂ ਸੀ ਵਾਪਰੀ। ਗੁਰਬਖ਼ਸ਼ ਸਿੰਘ ਦੀ ਚਿਤਾ
ਲਾਗੇ ਖੜੋਤਾ ਵੀ ਉਹ ਸ਼ਾਂਤ-ਚਿੱਤ ਰਿਹਾ ਸੀ। ਰੋਦੇਂ-ਡੁਸਕਦੇ ਘਰ ਦੇ, ਬਾਹਰ ਦੇ ਨਿੱਕੇ-ਵੱਡੇ
ਜੀਆਂ ਨੂੰ ਸਗੋਂ ਵਰਚਾਉਂਦਾ ਰਿਹਾ ਸੀ। ਢਾਰਸ ਦਿੰਦਾ ਰਿਹਾ ਸੀ ਉਹਨਾਂ ਨੂੰ। ਇਉਂ ਕਰਦੇ ਨੂੰ
ਉਸਨੂੰ ਆਪ ਨੂੰ ਵੀ ਢੇਰ ਸਾਰੀ ਰਾਹਤ ਮਹਿਸੂਸ ਹੁੰਦੀ ਰਹੀ। ਉਸਦੇ ਦਿਲ-ਦਿਮਾਗ਼ ਅੰਦਰ ਤਸਕੀਨ,
ਤਸੱਲੀ ਵਰਗੇ ਸ਼ਬਦ-ਭਾਵ ਜਮ੍ਹਾਂ ਹੁੰਦੇ ਰਹੇ। ਪਰ, ਕੱਲ੍ਹ ... ਕੱਲ੍ਹ ਦੁਪਹਿਰ ਵੇਲੇ
ਅਖੰਡ-ਪਾਠ ਦੇ ਰੱਖ ਹੁੰਦਿਆਂ ਸਾਰ ਉਸਦੇ ਤਨ-ਮਨ ਨੂੰ, ਜਿਵੇਂ ਇੱਕ ਤਰ੍ਹਾਂ ਦਾ ਤਾਪ ਚੜ੍ਹ
ਗਿਆ ਹੋਵੇ। ਉਸਦੇ ਬਿਰਧ ਹੋਏ ਅੰਗਾਂ-ਪੈਰਾਂ ਨੂੰ ਅਜੀਬ ਕਿਸਮ ਦੀ ਕੰਬਣੀ ਛਿੜ ਗਈ ਹੋਵੇ।
ਬਖ਼ਸ਼ੇ ਭਾਅ ਨਾਲ ਬਿਤਾਏ ਪਲ, ਦਿਨ, ਮਹੀਨ੍ਹੇ, ਵਰ੍ਹੇ, ਉਸ ਦੀਆਂ ਅੱਖਾਂ ਅੱਗੇ ਬੇ-ਤਰਤੀਬੇ
ਜਿਹੇ ਹੋ ਕੇ ਖ਼ਿਲਰ ਗਏ ਸਨ।
ਕਰੀਬ ਦਸਾਂ ਕੁ ਵਰ੍ਹਿਆਂ ਦੇ ਸਮਿੱਤਰ ਨੇ ਗੁਰਬਖ਼ਸ ਸਿੰਘ ਨੂੰ ਪਹਿਲੀ ਵਾਰ ਆਪਣੇ ਨਾਨਕੇ ਘਰ
ਦੀ ਪਿਛਵਾੜੀ ਦੇਖਿਆ ਸੀ, ਇੱਕ ਕੱਚੇ ਜਿਹੇ ਕੋਠੜੇ ਦੀ ਛੱਤ ‘ਤੇ। ਭੁੰਜੇ ਸੌਦੇਂ ਨੂੰ। ਮੰਜੀ
ਉਸ ਨੇ ਬਾਹੀ-ਭਾਰ ਇੱਕ ਪਾਸੇ ਖੜ੍ਹੀ ਕੀਤੀ ਹੁੰਦੀ।
ਆਇਆ ਤਾਂ ਸਮਿੱਤਰ ਪਹਿਲਾਂ ਵੀ ਕਈ ਵਾਰ ਸੀ ਨਾਨੇ-ਨਾਨੀ ਪਾਸ ਦੋ ਚਾਰ ਦਿਨਾਂ ਲਈ, ਪਰ ਓਸ
ਵਾਰ ਉਹਦੇ ਨਾਨੀ-ਨਾਨਾ ਆਪ ਲੈ ਕੇ ਆਏ ਸਨ, ਉਚੇਚ ਨਾਲ। ਇਕੱਲੇ ਰਹਿ ਗਏ ਸਨ ਉਹ। ਉਹਨਾਂ ਦੇ
ਮੁਖਤਿਆਰੇ ਨੂੰ ਪਿੰਡ ਤੇ ਜ਼ੈਲਦਾਰ ਨੇ ਜ਼ਬਰੀ ਭਰਤੀ ਕਰਵਾ ਦਿੱਤਾ ਸੀ, ਕਈ ਸਾਰੇ ਹੋਰਨਾਂ
ਗੱਭਰੂਆਂ ਸਮੇਤ ਲਾਮ ‘ਤੇ ਭੇਜਣ ਲਈ, ਦੂਰ-ਪਾਰ ਦੇਸੀਂ-ਪਰਦੇਸੀਂ। ਲਾਮ ‘ਤੇ ਗਏ ਫੌਜੀਆਂ
ਦੀਆਂ ਉਹਨੀਂ ਦਿਨੀਂ ਚਿੱਠੀਆਂ ਨਹੀਂ ਤਾਰਾਂ ਆਉਂਦੀਆਂ ਸਨ। ਆਪਣੇ ਇਕੋ-ਇੱਕ ਪੁੱਤਰ ਤੋਂ
ਵਿਛੜ ਕੇ ਸਮਿੱਤਰ ਤੇ ਨਾਨੇ-ਨਾਨੀ ਨੂੰ ਜਿਵੇਂ ਵੱਡਾ-ਭਾਰਾ ਪੱਥਰ ਰੱਖਣਾ ਪਿਆ ਸੀ ਆਪਣੇ ਦਿਲ
‘ਤੇ। ਉਹ ਕਈ ਚਿਰ ਤਾਬੇ ਨਹੀਂ ਸਨ ਆਏ। ਰੋਂਦੇ-ਕੁਰਲਾੳਂਦੇ ਰਹੇ ਸਨ, ਦਿਨ-ਪੁਰ-ਦਿਨ।
ਆਖ਼ਰ ਉਹਨਾਂ ਦੇ ਜਖ਼ਮਾਂ ‘ਤੇ ਥੋੜੀ ਕੁ ਮੱਲ੍ਹਮ-ਪੱਟੀ ਕਰ ਦਿੱਤੀ ਤੇ ਬਹੁਤਾ ਸਮਿੱਤਰ ਤੇ
ਮੋਹ-ਪਿਆਰ ਨੇ ਵਰਚਾ ਲਿਆ। ਸਾਉਣ-ਭਾਦੋਂ ਦੀਆਂ ਰਾਤਾਂ ਦਾ ਹੁੱਸੜ, ਉਹਨਾਂ ਨੂੰ ਵੀ ਆਪਣੇ
ਛੱਤੜੇ ‘ਤੇ ਲੈ ਚੜਿਆ। ਜੇਠ-ਹਾੜ੍ਹ ਦੀ ਪੰਿਡੇ ਸਾੜਵੀਂ ਲੂਅ ਤਾਂ ਉਸ ਵਾਰ ਉਹਨਾਂ ਦੇ
ਹਉਂਕਿਆਂ-ਹਟਕੋਰਿਆਂ ਦੀ ਤਪਸ਼ ਅੱਗੇ ਬੇ-ਹਿਸ ਜਿਹੀ, ਬੇ-ਬੱਸ ਜਿਹੀ ਹੋਈ ਰਹੀ ਸੀ ।
ਆਸ-ਪਾਸ ਉਹ ਦੋਨੋਂ, ਵਿਚਕਾਰ ਸਮਿੱਤਰ ਤੀ ਛੋਟੀ ਮੰਜੀ।
ਥੋੜ੍ਹੇ ਕੁ ਦਿਨ ਸਮਿੱਤਰ ਸੌਂਦਾ -ਜਾਗਦਾ, ਨਾਨਕੇ ਘਰ ਦੀ ਪਿਛਵਾੜੀ ਇੱਕ ਗੱਭਰੂ ਹੋ ਰਹੇ
ਮੁੰਡੇ ਨੂੰ ਦੇਖਦਾ ਰਿਹਾ। ਮੰਜੀ ਉਸਦੀ ਬਾਹੀ-ਭਾਰ ਉਹਦੇ ਲਾਗੇ ਖੜ੍ਹੀ ਹੰਦੀੇ ਸਮਿੱਤਰ ਨੇ
ਸੋਚਿਆ -ਕੱਚੇ ਲੇਪਣ ਦੀ ਠੰਡਕ ਉਹਦੇ ਨੰਗੇ ਪਿੰਡੇ ਨੂੰ ਚੰਗੀ ਚੰਗੀ ਲਗਦੀ ਹੋਣੀ ਆ। ਪਰ, ਆ
ਦੋ ਚਾਰ ਦਿਨ, ਫਿਰ ਕਈ ਦਿਨ ਲਗਾਤਾਰ ਉਸ ਨੂੰ ਉਂਵੇ ਹੀ ਸੌਂਦਾ ਵੇਖ, ਨਾਨੇ ਤੋਂ ਆਖ਼ਿਰ ਪੁੱਛ
ਹੀ ਲਿਆ ਸੀ ਸਮਿੱਤਰ ਨੇ - “ਬਾਪੂ ਆਪ ਮੁੰਡਾ ਕੌਣ ਆ ... ਏਹ ਭੁੰਜੇ ਕ੍ਹਾਤੋਂ ਸੌਂਦਾ
...?”
“ਬਖ਼ਸ਼ਾ ਆ ਲੰਬੜਾਂ ਦਾ, ਜਲ੍ਹਿਆਂ ਆਲੇ ਜਿੱਦਣ ਦੀ ਗੋਲੀ ਚੱਲੀ ਆ ਅੰਬਰਸਰ, ਓੁਦਣ ਦਾ ਏ ਮੰਜੇ
‘ਤੇ ਨਈਂ ਸੁੱਤਾ। ਤਿੰਨ ਮੀਨ੍ਹੇ ਹੋ ਗਏ। ਤਿੰਨ ਮੀਨ੍ਹੇ ਹੋ ਗਏ ਹਨ। ਪੜ੍ਹਦਾ ਸੀ ਖ਼ਬਨੀ
ਸੱਤਮੀਂ, ਖ਼ਬਨੀਂ ਅੱਠਵੀਂ ‘ਚ। ਓਦਣ ਦਾ ਸਕੂਲੋਂ ਵੀ ਨਈਂ ਗਿਆ। ਕ੍ਹੈਂਦਾ ਗਰੇਜਾਂ ਦੀ ਮਾਂ
... ! ਉਸਨੇ ਮੁਖਤਿਆਰ ਨੂੰ ਉਸ ਤੋਂ ਖਿੱਚ ਕੇ ਲੈ ਜਾਣ ਵਾਲੇ ਅੰਗਰੇਜ਼ ਨੂੰ ਕੱਢਣ ਲਈ ਭਰਵੀਂ
ਜਿਹੀ ਗਾਲ੍ਹ ਮੇਵਾ ਸਿੰਘ ਦੇ ਬੁੱਲਾਂ ਤਕ ਤਿਲਕ ਆਈ, ਉਸ ਨੇ ਮਸਾਂ ਕਾਬੂ ਹੇਠ ਕੀਤੀ ਸੀ।
ਸਮਿੱਤਰ ਨੂੰ ਨਿਆਣ-ਮੱਤ ਸਮਝ ਕੇ। ਪਰ, ਪਿਛਲੇ ਢਾਈ-ਤਿੰਨ ਮਹੀਨਿਆਂ ਤੋਂ ਨਾਨੇ-ਨਾਨੀ ਦਾ
ਦੁੱਖ-ਦਰਦ ਸੁਣਦੇ-ਸਹਾਰਦੇ ਸਮਿੱਤਰ ਅੰਦਰਲੀ ਬਾਲ-ਚੰਚਲਤਾ ਜਿਵੇਂ ਅਸਲੋਂ ਹੀ ਕਿਧਰੇ
ਗੁੰਮ-ਗੁਆਚ ਗਈ ਸੀ।
ਅਗਲੀ ਦੁਪਹਿਰ ਉਹ ਨਾਨਕੇ ਘਰ ਦੀ ਪਿਛਵਾੜੀ ਖੁੱਲੇ-ਡੁੱਲ੍ਹੇ ਇਹਾਤੇ ‘ਚ ਉੱਗੀ ਵੱਡੀ-ਭਾਰੀ
ਨਿੰਮ ਦੀ ਸੰਘਣੀ ਛਾਂ ਹੇਠ ਡਿੱਗੀਆਂ ਦੋ ‘ਚੋਂ ਇੱਕ ‘ਤੇ ਜਾ ਬੈਠਾ ਸੀ, ਗੁਰਬ਼ਖਸ਼ ਸਿੰਘ ਦੀ
ਪੁਆਂਦੀ, ਉਸ ਤੋਂ ਅਗਲੀ ਦੁਪਹਿਰ ਵੀ ... ਫਿਰ ਉਸ ਤੋਂ ਅਗਲੀ ਵੀ …ਅਗਲੀ…।
ਚੌਥੀ ਪਾਸ ਕਰਕੇ ਨਾਨਕੇ ਪਿੰਡ ਆਇਆ ਸਮਿੱਤਰ ਨਾ ਆਪਣੇ ਪਿੰਡ ਵਾਪਸ ਪਰਤਿਆ, ਨਾ ਉਸਦਾ ਮਾਮਾ
ਮੁਖਤਿਆਰਾ ਲਾਮ ਤੋਂ ਜੀਂਉਦਾ ਘਰ ਮੁੜਿਆ।
2
ਬੀਤੇ ਦਸਾਂ ਕੁ ਦਿਨਾਂ ਦੀ ਆਓ-ਗਸ਼ਤ ਵੱਲ ਧਿਆਨ ਮਾਰਦਿਆਂ ਸਮਿੱਤਰ ਨੇ ਦੇਖਿਆ ਕਿ ਉਸਦੇ ਬਖ਼ਸ਼ੇ
ਭਾਅ ਦਾ ਅਫ਼ਸੋਸ ਕਰਨ ਥੋੜ੍ਹੇ ਕੁ ਜਿੰਨੇ ਬੁੱਢੇ-ਠੇਰੇ ਹੀ ਆਏ ਸਨ, ਡਿਗਦੇ-ਡੋਲਦੇ। ਕੋਈ
ਖੂੰਟੀ ਆਸਰੇ ਤੁਰਦਾ ਆਇਆ ਸੀ, ਕੋਈ ਢੱਕਾਂ ‘ਤੇ ਹੱਥ ਰੱਖੀ। ਉਹ ਕਿੰਨਾਂ-ਕਿੰਨਾਂ ਚਿਰ ਉਸ
ਪਾਸ ਬੈਠਦੇ ਰਹੇ ਸਨ। ਘਰ-ਘਰ ਦੀਆਂ, ਦੇਸ਼-ਦੁਨੀਆਂ ਦੀਆਂ ਗੱਲਾਂ-ਬਾਤਾਂ ਕਰਦੇ ਉਹ ਬੀਤੇ
ਅਤੀਤ ਤੋਂ ਲੈ ਕੇ ਵਿਚਰਦੇ ਵਰਤਮਾਨ ਤਕ ਦਾ ਪੈਂਡਾ ਗਾਹੁੰਦੇ ਰਹੇ ਸਨ। ਕਿੰਨਾ ਕੁੱਝ
ਚੰਗਾ-ਮਾੜਾ ਹੰਗਾਰਦੇ ਰਹੇ ਸਨ। ਉਸ ਦੇ ਆਸ-ਪਾਸ ਐਧਰ-ਓਧਰ ਟਹਿਲਦੀ-ਘੁੰਮਦੀ, ਮਟਰ-ਗਸ਼ਤੀ
ਕਰਦੀ ਨੌਜਵਾਨ ਮੁਢੀਰ ਲਈ ਤਾਂ ਜਿਵੇਂ ਕੁੱਝ ਹੋਇਆ-ਵਾਪਰਿਆ ਹੀ ਨਹੀਂ ਸੀ, ਇੱਕ ਤਰੰਨਵੇਂ
ਸਾਲਾ ਬੁੱਢੇ ਤੇ ਮੰਜਾ ਖ਼ਾਲੀ ਕਰਨ ਤੋਂ ਵੱਧ। ਇਹਨਾਂ ਦਿਨਾਂ ਵਿੱਚ ਕੁੱਝ ਇੱਕ ਖਾਂਦੇ-ਪੀਂਦੇ
ਘਰਾਂ ਦੇ ਸਜੇ-ਸੰਵਰੇ, ਨੇਤਾ-ਨੁਮਾ ਕਾਕੇ ਜ਼ਰੂਰ ਆਏ ਸਨ, ਕਾਰਾਂ-ਜੀਪਾਂ ‘ਤੇ ਸਵਾਰ ਹੋਏ,
ਉਹਨਾਂ ਨੂੰ ਸਮਿੱਤਰ ਨੇ ਪਹਿਲੋ ਕਦੀ ਨਹੀਂ ਸੀ ਦੇਖਿਆ ਗੁਰਬਖਸ਼ ਭਾਅ ਨੂੰ ਮਿਲਦਿਆਂ। ਜਿਹੜੇ
ਆਉਦੇਂ-ਮਿਲਦੇ ਰਹੇ ਸਨ ਪਹਿਲਾਂ, ਜਿਹਨਾਂ ਦੀ ਉਡੀਕ ਰਹਿੰਦੀ ਸੀ ਗੁਰਬਖਸ਼ ਸਿੰਘ ਨੂੰ
ਸੌਂਦਿਆਂ-ਜਾਗਦਿਆਂ, ਉਹ ਹੁਣ ਵੀ ਨਹੀਂ ਸੀ ਆਏ। ਨਾ ਜੋਗਿੰਦਰ ਸੱਗਲ ਆਇਆ ਸੀ, ਨਾ ਗੁਰਚਰਨ
ਰੰਧਾਵਾ। ਨਾ ਲਿੱਤਰਾਂ ਪਿੰਡ ਤੋਂ ਪ੍ਰੀਤਮ ਸੂੰਹ ਆਇਆ ਸੀ, ਨਾ ਮੂਣਕਾਂ ਤੋਂ ਗਿਆਨ ਸੂੰਹ।
ਇਹਨਾਂ ਵਿੱਚੋਂ ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ-ਚੌਥਾ, ਗੁਰਬਖਸ਼ ਸਿੰਘ ਦੀਆਂ
ਸੱਜੀਆਂ-ਖੱਬੀਆਂ ਬਾਹਾਂ ਬਣ ਕੇ ਵਿਚਰੇ ਸਨ, ਬੀਤੀ ਪੌਣੀ ਸਦੀ। ਮੋਰਚਿਆਂ-ਸੰਗਰਾਮਾਂ ਲਈ
ਬਣਿਆ-ਤੁਰਿਆ ਇਹਨਾਂ ਪੰਜਾਂ ਦਾ ਇੱਕ ਜੁੱਟ, ਕਈ ਵਾਰ ਖਿੰਡ-ਵਿਖ਼ਰ ਕੇ ਵੀ ਗੁਰਬਖ਼ਸ਼ ਸਿੰਘ ਦੀ
ਹਵੇਲੀ ਨੂੰ ਕਦੀਂ ਨਹੀ ਸੀ ਭੁੱਲਿਆ। ਪਰ ਹੁਣ ... ਹੁਣ ਦੋ-ਢਾਈ ਸਾਲਾਂ ਤੋਂ ਮੰਜਾ ਮੱਲੀ ਪਏ
ਬਖ਼ਸ਼ੇ ਭਾਅ ਦਾ ਹਾਲ-ਚਾਲ ਪੁੱਛਣ-ਦੇਖਣ ਵੀ ਕੋਈ ਨਹੀਂ ਸੀ ਬਹੁੜਿਆ।
3
ਸੁਬਹ-ਸਵੇਰੇ ਤੋਂ ਗੁਰਬਖਸ਼ ਸਿੰਘ, ਸਮਿੱਤਰ ਨੂੰ ਥੋੜ੍ਹਾ ਕੁ ਬੇ-ਚੈਨ ਜਿਹਾ ਲੱਗਾ। ਥੋੜ੍ਹਾ
ਕੁ ਨਹੀਂ ਕਾਫ਼ੀ ਸਾਰੀ ਲਾਚਾਰਗੀ ਵੀ ਛਾਈ-ਪੱਸਰੀ ਦਿਸੀ ਉਸਦੇ ਮੂੰਹ-ਚਿਹਰੇ ‘ਤੇ ਸਮਿੱਤਰ
ਨੂੰ। ਉਸਦੀ ਮੰਜੀ ਲਾਗੇ ਕੁਰਸੀ ਖਿੱਚ ਕੇ ਬੈਠਦੇ ਨੇ, ਉਸਨੇ ਝਕਦੇ-ਝਕਦੇ ਨੇ ਪੁੱਛ ਲਿਆ -
“ਕੀ ਗੱਲ ਐ ਭਾਅ ... ਅੱਜ ... ਅੱਜ।” ਇਸ ਤੋਂ ਅੱਗੇ ਉਸਨੂੰ ਕੋਈ ਗੱਲ ਹੀ ਨਹੀਂ ਸੁਝੀ, ਕਿ
ਉਸਦੇ ਸਾਥੀਆਂ-ਸੰਗੀਆਂ ਦੀ ਗੱਲ ਤੋਰੇ ਉਸਦੇ ਦਾਰੂ-ਦਰਮਲ ਦੀ। ਉਸਨੂੰ ਅੱਜ ਦੇ ਅ਼ਖਬਾਰ ਦੀਆਂ
ਸੁਰਖ਼ੀਆਂ ਪੜ੍ਹ ਕੇ ਸੁਣਾਏ, ਜਾਂ ਕਈਆਂ ਦਿਨਾਂ ਤੋਂ ਨਿੱਤ-ਨੇਮ ਦੀ ਕਿਸੇ ਵੀ ਬਾਣੀ ਦੀ ਨਾ
ਕੀਤੀ ਫ਼ਰਮਾਇਸ਼ ਦਾ ਕਾਰਨ ਪੁੱਛੋ ... ?
ਗੁਰਬਖ਼ਸ਼ ਸਿੰਘ ਨੇ ਵੀ ਜਿਵੇਂ ਸਮਿੱਤਰ ਤੇ ਅਣਬੋਲੇ ਬੋਲ ਝੱਟ ਸਮਝ ਲਏ ਸਨ। ਆਪਣੇ
ਬੁਝੂੰ-ਬੁਝੂੰ ਕਰਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਣ ਲਿਆਉਦੇਂ ਨੇ, ਉਸਨੇ ਸਮਿੱਤਰ ਨੂੰ
ਢਾਰਸ ਦੇਣ ਵਰਗਾ ਉੱਤਰ ਦਿੱਤਾ ਸੀ - “ਕੁਅੱਛ ... ਨਈਂ ਼ ਼ਈਂ, ਼ ਼ ਕੁੱਛ ਨਈਂ ਼ ਼ ਈਂ ਼
਼ ਹੋਇਆ ਼ ਼ ਆ ਼ ਼ ਆ ਼ ਼ ਮੈਅ ਼ ਼ ਨੂੰ ਼ ਼ਸੱਮੀਂ ... । ਬੱਅੱ ਼ ਼ ਸ ਼ ਼ ਐਮੇਂ ਼ ਼
ਐਅਮੇਂ ਼ ਼ ਈ ਼ ਼ ਚੇਅਤੇ ਼ ਼ ਆਈ ਼ ਼ਈ ਼ ਼ ਜਾਂਦੇ ... ਆ ਼ ਼ ਓਆ ਼ ਼।”
ਸਮਿੱਤਰ ਦਾ ਸੰਸਾ ਠੀਕ ਹੀ ਨਿਕਲਿਆ ਸੀ।
ਉਸਦਾ ਗਿਲ੍ਹਾ ਢੇਰ ਸਾਰੀ ਰੰਜਸ਼ ਵਿੱਚ ਬਦਲ ਗਿਆ ਸੀ। ... ਇਕ-ਦੋ-ਚਾਰ ਵਾਰ ਨਹੀਂ ਅਨੇਕਾਂ
ਵਾਰ ਉਹਨਾਂ ਲਈ ਸਭ ਤੋਂ ਵੱਧ ਸੁਰੱਖਿਅਤ ਸਿੱਧ ਹੋਈ ਸ਼ਰਨਗਾਹ, ਬਖ਼ਸ਼ੇ ਭਆ ਹੀ ਹਵੇਲੀ ਪਤਾ
ਨਹੀਂ ਹੁਣ ਕਿਉਂ ਵਿਸਾਰ ਛੱਡੀ ਸੀ, ਉਸਦੇ ਬੇਲੀਆਂ-ਜੋਟੀਦਾਰਾਂ ਨੇ।
ਹਵੇਲੀਉਂ ਵੱਧ ਪਿੰਡ ਦਾ ਗੁਰਦਵਾਰਾ।
ਪਿਛਲੇ ਕਈਆਂ ਵਰ੍ਹਿਆਂ ਤੋ ਉਹਨਾਂ ‘ਚੋਂ ਨਾ ਕੋਈ ਵਿਸਾਖੀ ਦੇਖਣ ਆਇਆ ਸੀ, ਨਾ ਮਾਘ੍ਹੀ। ਨਾ
ਕਿਸੇ ਮੱਸਿਆ-ਸੰਗਰਾਂਦੇ।
ਮੁੱਢਲੇ ਦਿਨਾਂ ਦੀ ਕਾਰਗੁਜ਼ਾਰੀ ਸਮਿੱਤਰ ਦੇ ਨਾਲ ਨਾਲ ਹੋ ਤੁਰੀ ... ।
ਪਿੰਡ ਦੇ ਬਾਹਰ-ਬਾਹਰ ਪੈਂਦਾ ਇਹ ਗੁਰੂ-ਸਥਾਨ ਉਹਨਾਂ ਦੇ ‘ਗੁਪਤ-ਲੁਪਤ ਮੇਲ-ਮਿਲਾਪ’ ਲਈ
ਬੇ-ਹੱਦ ਰਾਸ ਆਉਂਦਾ ਰਿਹਾ। ਓਦੋਂ ਇਵੇਂ ਦੀ ਆਲੀਸ਼ਾਨ ਇਮਾਰਤ ਨਹੀਂ ਸੀ ਹੁੰਦੀ ਇਸ ਥਾਂ।
ਬੱਸ, ਇੱਕ ਛੋਟੀ ਜਿਹੀ ਮਮਟੀ ਹੁੰਦੀ ਸੀ ਛੇ-ਕੌਣੀ, ਗਰਨੇ ਦੇ ਝਾੜ ਲਾਗੇ। ਥੋੜ੍ਹਾ ਕੁ
ਹਟਵੀਂ, ਇੱਕ ਬਉਲੀ, ਇਸ਼ਨਾਨ-ਪਾਨ ਲਈ। ਬਾਕੀ ਸਾਰੀ ਥਾਂ ਵਿਹਲੀ ਖੁੱਲੀ-ਮੋਕਲੀ। ਕਿਧਰੇ
ਕਿਧਰੇ ਕੋਈ ਝਾੜ-ਰੁੱਖ। ਓਹਲੇ-ਅਛੋਪਲੇ ਬੈਠ ਮੇ ਕੁਛ ਦੱਸਣ-ਪੁੱਛਣ ਲਈ, ਕੁੱਝ ਸਿੱਖਣ-ਸਮਝਣ
ਲਈ। ਇਸੇ ਹੀ ਥਾਂ ‘ਤੇ ਗੁਰਮੁੱਖੀ-ਗੁਰਬਾਣੀ ਸਿੱਖਦਿਆਂ ਗੁਰਬਖ਼ਸ਼ ਸਿੰਘ ਦੇ ਤਾਂ ਜਿਵੇਂ ਮਨ
ਤੇ ਮਸਤਕ ਦੋਨੋਂ ਜਾਗਦੇ ਹੋ ਗਏ ਸਨ, ਇਕੱਠੇ। ਨਾ ਉਸਤੋਂ ਜਲ੍ਹਿਆਂ ਵਾਲੇ ਬਾਗ ਦਾ ਕਤਲੇ-ਆਮ
ਸਹਾਰਿਆ ਗਿਆ ਸੀ, ਨਾ ਨਨਕਾਣਾ ਸਾਹਿਬ ਦਾ ਗੋਲੀ-ਕਾਂਡ। ਜੈਤੋਂ ਦੇ ਮੋਰਚੇ ‘ਚ ਪੁੱਜਣ ਲਈ
ਤਾਂ ਉਹ ਅੱਗੇ ਲੱਗ ਤੁਰਿਆ ਸੀ ਕਾਲੀ ਪੱਗ ਬੰਨ ਕੇ। ਉਸ ਵਰਗੇ ਹੀ ਉਸਦੇ ਹਾਣੀ-ਹਮਜੋਲੀ ਆ
ਰਲੇ ਸਨ ਵਾਰੀ ਵਾਰੀ । ਪਹਿਲਾਂ ਸਮਿੱਤਰ, ਫ਼ਿਰ ਜੋਗਿੰਦਰ, ਫ਼ਿਰ ਗੁਰਚਰਨ, ਫ਼ਿਰ ਪ੍ਰੀਤਮ, ਫ਼ਿਰ
ਗਿਆਨ।
ਅਧਰੰਗ ਦੀ ਮਾਰ ਹੇਠ ਆਈ ਗੁਰਬਖ਼ਸ਼ ਸਿੰਘ ਦੀ ਲੱਠਮਾਰ ਦੇਹ ਪੋਟਾ-ਪੋਟਾ ਕਰਕੇ ਖ਼ਰਦੀ ਗਈ। ਪਰ,
ਉਸਦੀ ਪਾਂਡਵ-ਭਰਾਵਾਂ ਨੂੰ ਮਿਲਣ ਦੀ ਤਾਂਘ, ਉਹਨਾਂ ਨਾਲ ਬਾਤ-ਚੀਤ ਕਰਨ ਦੀ ਇੱਛਾ-ਮਨਸ਼ਾ ਨੇ
ਜਿਵੇਂ ਉਸਦਾ ਸਾਰੇ ਦਾ ਸਾਰਾ ਅੰਦਰ ਹੀ ਮੱਲ ਰੱਖਿਆ ਹੋਵੇ। ... ਉਹਨਾਂ ਦਾ ਸਫ਼ਰ ਵੀ ਉਸ
ਵਾਂਗ ਗੁਰਦੁਆਰਾ ਸੁਧਾਰ ਲਹਿਰ ਤਕ ਖ਼ਤਮ ਨਹੀਂ ਸੀ ਹੋਇਆ। ਉਹਨਾਂ ਨੂੰ ਪਿਸ਼ਾਵਰ ਵੱਲ ਨੂੰ ਲੈ
ਤੁਰੀ ਸੀ, ਮਾਸਟਰ ਤਾਰਾ ਸਿੰਘ ਤੇ ਜੱਥੇ ਨਾਲ।
ਪਿਸ਼ਾਵਰ ਪੁੱਜਣ ਤੋਂ ਪਹਿਲਾਂ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। -ਗ੍ਰਫਤਾਰ ਕਰਕੇ
ਹੱਥ ਕੜੀਆਂ ਜਕੜ ਦਿੱਤੀਆਂ ਗਈਆਂ।
ਹੱਥ-ਕੜੀ ਵਾਲੀ ਘਟਨਾ ਦਾ ਚੇਤਾ ਆਉਂਦਿਆਂ ਸਮਿੱਤਰ ਤੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਫੈਲ
ਗਈ। ... ਗੁਰਬਖ਼ਸ਼ ਸਿੰਘ ਦੀ ਨਿੱਗਰ-ਸੜੌਲ ਬਾਂਹ ਦੇ ਕੋਈ ਵੀ ਹੱਥ-ਕੜੀ ਮੇਚ ਨਹੀਂ ਸੀ ਆਈ।
ਉਸਨੂੰ ਸੰਗਲੀ ਨਾਲ ਹੀ ਬੰਨ੍ਹ ਲਿਆ ਗਿਆ। ਰੋਹ ‘ਚ ਆਏ ਗੁਰਬਖ਼ਸ਼ ਸਿੰਘ ਨੇ ਦੋਹਾਂ ਬਾਹਾਂ
ਲਮਕਾਉਂਦਾ ਜੱਥੇ ਨਾਲ ਟਹਿਲਦਾ ਤੁਰਿਆ ਜਿਹਲਮ ਅਦਾਲਤ ‘ਚ ਜਾ ਪੇਸ਼ ਹੋਇਆ।
ਸਮਿੱਤਰ ਨੂੰ ਲੱਗਾ ਸੁਬਹ-ਸਵੇਰ ਤੋਂ ਖੁਦ ਨਾਲ ਗੱਲੀਂ ਲੱਗੇ ਗੁਰਬਖ਼ਸ਼ ਸਿੰਘ ਨੂੰ ਹੱਥ-ਕੜੀ
ਵਾਲੀ ਗੱਲ ਯਾਦ ਆਈ ਹੈ। ਉਸ ਨੇ ਵੀ ਸੰਗਲੀ ਤੋੜਨ ਵਾਲੀਆਂ ਆਪਣੀਆਂ ਬਾਹਾਂ ਦਾ ਜਾਇਜ਼ਾ ਲਿਆ
ਹੈ। ਦੋਨਾਂ ਹੱਥਾਂ ਦੀਆਂ ਉਂਗਲਾਂ ਨੂੰ ਇੱਕ ਦੂਜੀ ਵਿੱਚ ਕੱਸ ਕੇ, ਇੱਕ ਜ਼ੋਰਦਾਰ ਝਟਕਾ ਮਾਰਨ
ਦਾ ਫ਼ਿਰ ਤੋਂ ਉਪਰਾਲਾ ਕਰਨਾ ਚਾਹਿਆ ਹੈ। ਪਰ ਼ ਼ ਪਰ ਉਸਦੀ ਤਾਂ ਕੇਵਲ ਇੱਕ ਬਾਂਹ ਹੀ ਵਿਛੀ
ਚਾਦਰ ਤੋਂ ਉਪਰ ਉੱਠੀ ਸੀ। ਇਹ ਉੱਪਰ ਉੱਠੀ ਬਾਂਹ ਵੀ ਉਸਨੂੰ ਆਪਣੀ ਨਹੀਂ ਸੀ ਲੱਗੀ। ਇਸ
ਦੀਆਂ ਤਾਂ ਪੰਜੇ ਉਗਲਾਂ ਜਿਵੇਂ ਸੁੱਕੇ ਟਾਹਣ ਨਾਲ ਜੁੜੀਆਂ ਖੜ-ਸੁੱਕ ਹੋਈਆਂ ਛੀਂਗਰਾਂ
ਵਰਗੀਆਂ ਲੱਗੀਆਂ ਸਨ, ਉਸਨੂੰ।
ਇਸ ਜ਼ਰਾ ਮੁ ਉੱਪਰ ਉੱਠੀ ਬਾਂਹ ਵੱਲ ਨੂੰ ਦੇਖਦਾ ਗੁਰਬਖ਼ਸ਼ ਸਿੰਘ ਸਮਿੱਤਰ ਨੂੰ ਹੋਰ ਵੀ ਉਦਾਸ
ਹੋਇਆ ਲੱਗਾ। ਇੱਕ ਗੰਭੀਰ ਕਿਸਮ ਦੀ ਮਾਯੂਸੀ ਉਸਦੇ ਮੂੰਹ-ਚਿਹਰੇ ‘ਤੇ ਫੈਲ ਗਈ ਦਿਸੀ।
ਅਗਲ਼ੇ ਹੀ ਛਿਣ ਉਸਦੀ ਟੁੱਟਵੀਂ ਪਰ ਰੋਹਬ-ਦਾਅਬ ਆਵਾਜ਼ ਅਟਕੋਰੇ ‘ਚ ਬਦਲ ਹੋ ਕੇ ਸਮਿੱਤਰ ਦੇ
ਕੰਨਾਂ ਤਰ ਅੱਪੜ ਗਈ। ਸਮਿੱਤਰ ਹੈਰਾਨ-ਪ੍ਰੇਸ਼ਾਨ। ਹੈਰਾਨ-ਪ੍ਰੇਸ਼ਾਨ ਵੀ ਤੇ ਫ਼ਿਕਰਮੰਦ ਵੀ।
ਗੁਰਬਖ਼ਸ਼ ਸਿੰਘ ਇਵੇਂ ਦੀ ਅਵਸਥਾ ਪਹਿਲਾਂ ਉਸਦੇ ਕਦਾਚਿੱਤ ਵੀ ਨਹੀਂ ਸੀ ਦੇਖੀੇ ਹਟਕੋਰਾ ਤਾਂ
ਕੀ ਉਸਨੇ ਕਦੀ ਗੱਚ ਨਹੀਂ ਸੀ ਭਰਿਆ।
“ਕੀਈ ਗੱਲ ਐ ਭਾਅ ਼ ਼ ਤਬੀਅਤ ਬਹੁਤੀ ਢਿੱਲੀ ਐ ... , ਬੁਲਾਮਾਂ ਡਾਕਟਰ ਨੂੰ ... ?”
ਕੁਰਸੀ ‘ਤੇ ਬੈਠੇ ਨੇ, ਉਸਨੇ ਹੋਰ ਨੇੜੇ ਹੋਕੇ ਪੁੱਛਿਆ ਸੀ ।
“ਨਈਂ ... ਈਂ ... , ਨਈ਼ਂ ਼ ਼ ਠੀਅਕ ... ਆਂ ... ਅ਼ਾਂ ... ਮੈਂਅ ... ਐਅਮੈਂ ... ਈ
... ਬਅੱਸ਼ ਼ ਼ ਸ ਼ ਼।” ਇਉਂ ਕਹਿੰਦੇ ਗੁਰਬਖ਼ਸ਼ ਸਿੰਘ ਨੇ ਜਿਵੇਂ ਮੁੜ ਆਪਣਾ ਆਪ ਸੰਭਾਲ ਲਿਆ
ਹੋਵੇ। ... ਉਸਦਾ ਕਿੰਨਾ ਸਾਰਾ ਅਤੀਤ ਉਸਦੀਆਂ ਅੱਖਾਂ ਅੱਗੇ ਵਿਛ ਗਿਆ ਸੀ । ਉਸਨੇ ਕਦੀ
ਢੇਰੀ ਨਹੀਂ ਸੀ ਢਾਹੀ। ਔਖੀ ਤੋਂ ਔਖੀ ਘੜੀ ‘ਚ, ਉਲਝੇ-ਬਿਖੜੇ ਪੈਂਡੇ ਮਾਰਦਾ ਵੀ ਉਹ ਕਦੀ
ਮਾਯੂਸ ਨਹੀਂ ਸੀ ਹੋਇਆ। ਇਕੱਤੀ ਸੰਨ ਦੇ ਪਿਸ਼ਾਵਰ ਮੋਰਚੇ ‘ਚ ਹੋਈ ਇੱਕ ਸਾਲ ਦੀ ਕੈਦ, ਬੱਤੀ
ਸੰਨ ‘ਚ ਹੋਈ ਛੇ ਮਹੀਨੇ ਦੀ ਸਜ਼ਾ, ਪੰਜ ਸੌ ਜੁਰਮਾਨਾ, ਫ਼ਿਰ ਕਿਰਤੀ ਪਾਰਟੀ ਦਾ ਲਿਟਰੇਚਰ
ਵੰਡਣ ਦੇ ਜੁਰਮ ‘ਚ ਇੱਕ ਸਾਲ ਦੀ ਕੈਦ ਕੱਟ ਕੇ ਤਾਂ ਉਸ ਅੰਦਰਲਾ ਜੋਸ਼ ਵੀ ਮਘ੍ਹਦਾ ਹੋ ਗਿਆ
ਸੀ। ਉਹ ਇਕੱਲਾ ਹੀ ਨਹੀਂ, ਉਸਦੇ ਚਾਰੇ ਦੇ ਜੋਟੀਦਾਰ ਵੀ ਉਸ ਵਰਗੇ ਨਿਡਰ ਤੇ ਨਿਰਭੈਅ ਹੋ ਕੇ
ਨਿੱਤਰੇ ਸਨ। ਉਸ ਵਾਂਗ ਸਜ਼ਾਵਾਂ ਕੱਟ ਕੇ ਬਾਹਰ ਆਏ। ਉਹ ਛੱਤੀ ਸੰਨ ਦੇ ਕਿਸਾਨ ਮੋਰਚੇ ਲਈ
ਹੋਰ ਵੀ ਤਿੱਖੇ ਹੋ ਕੇ ਨਿਕਲ ਤੁਰੇ ਸਨ, ਯੋਗ ਰਾਜ ਗੰਭੋਆਲ ਨਾਲ।
ਥੋੜ੍ਹਾ ਕੁ ਚਿਰ ਪਹਿਲਾਂ ਹਟਕੋਰੇ ਭਰਨ ਵਰਗੀ ਬਣੀ ਗੁਰਬਖ਼ਸ਼ ਸਿੰਘ ਦੀ ਆਵਾਜ਼ ਹੁਣ ਇੱਕ
ਖੜਕਵੇਂ ਜਿਹੇਂ ਖੰਘੂਰੇ ‘ਚ ਵਟ ਗਈ । ਸਮਿੱਤਰ ਦਾ ਧਿਆਨ ਫ਼ਿਰ ਉਸ ਵੱਲ ਖਿੱਚਿਆ ਗਿਆ। ਇਸ
ਵਾਰ ਗੁਰਬਖ਼ਸ਼ ਸਿੰਘ ਦੇ ਚਿਹਰੇ ‘ਤੇ ਉਸਨੂੰ ਇੱਕ ਤਰ੍ਹਾਂ ਦੀ ਤਸਕੀਨ ਇੱਕ ਤਰ੍ਹਾਂ ਦੀ ਤਸੱਲੀ
ਭਰਪੂਰ ਆਭਾ ਛਾਈ-ਪੱਸਰੀ ਦਿਸੀ। ਉਹਨੇ ਚਿਹਰੇ ‘ਤੇ ਛਾਈ-ਪੱਸਰੀ ਭਰਪੂਰ ਆਭਾ ਸਮਿੱਤਰ ਨੇ ਕਈ
ਵਰ੍ਹੇ ਪਹਿਲਾਂ ਵੀ ਦੇਖੀ ਸੀ । ਉਸ ਅੰਦਰ ਇੱਕ ਤਰ੍ਹਾਂ ਦੀ ਨਵੀਂ ਕਿਸਮ ਦੀ ਊਰਜਾ ਭਰ ਹੋ ਗਈ
ਸੀ, ਕਿਸਾਨ ਮੋਰਚਾ ਜਿੱਤ ਕੇ ਆਏ ਦੇ। ਚੰਨਣ ਸਿੰਘ ਧੂਤ, ਰਾਮ ਸਿੰਘ ਜੌਹਲ, ਸੋਹਣ ਸਿੰਘ
ਜੋਸ਼, ਅੱਛਰ ਸਿੰਘ ਛੀਨੇ ਨਾਲ ਜੁੜਿਆ ਉਹ ਨਵੇਂ ਰਾਹ ਤਲਾਸ਼ ਆਇਆ ਸੀ।
ਕਮਿਊਨਿਸਟ ਬਣ ਗਿਆ ਸੀ ਉਹ ਵੀ, ਜੋਟੀਦਾਰ ਕਿਰਤੀ-ਲਹਿਰੀਆਂ ਸਮੇਤ।
ਇਸ ਦਾ ਸਿੱਕੇਬੰਦ ਪ੍ਰਮਾਣ ਪੇਸ਼ ਕਰਨ ਲਈ ਉਸਦੇ ਚੁਤਾਲੀ ਸੰਨ ਦੀ ਪਾਰਟੀ ਕਾਨਫ਼ਰੰਸ ਆਪਣੇ
ਪਿੰਡ, ਆਪਣੀ ਹੀ ਹਵੇਲੀ ‘ਚ ਕਰਵਾਉਣ ਦਾ ਫ਼ੈਸਲਾ ਵੀ ਕਰ ਲਿਆ।
ਪਿੰਡ ‘ਚ ਜੱਥੇਦਾਰ ਵਜੋਂ ਅੰਕਿਤ ਹੋਇਆ ਗੁਰਬਖ਼ਸ਼ ਸਿੰਘ ਹੁਣ ਨਵੀਂ ਕਿਸਮ ਦੇ ਸੰਕਟ ‘ਚ ਘਿਰ
ਗਿਆ ਸੀੇ।
ਉਸ ਨਾਲ ਅੰਦਰੋਂ-ਅੰਦਰ ਖ਼ਾਰ ਖਾਂਦੇ, ਬਾਬੂ ਪੂਰਨ ਸਿੰਘ, ਜੱਥੇਦਾਰ ਕਰਤਾਰ ਸਿੰਘ, ਜ਼ੈਲਦਾਰ
ਗੰਗਾ ਸਿੰਘ ਹੁਣ ਖੁੱਲੇ-ਆਮ, ਇੱਕ ਤਰ੍ਹਾਂ ਨਾਲ ਰੋੜੇ-ਕੰਡੇ ਬਣ ਕੇ ਖਿੱਲਰ ਗਏ, ਉਸਦੇ
ਰਾਹਾਂ ‘ਚ। ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਉਹਨਾਂ ਦਫ਼ਾ ਚੁਤਾਲੀ ਲੁਆ ਲਈ। ਸਾਰਾ ਪਿੰਡ
ਸਕਤੇ ‘ਚ ਆ ਗਿਆ। ਦਹਿਲ ਪਸਰ ਗਿਆ ਸੀ ਸਾਰੇ ਪਾਸੇ। ਪਰ, ਗੁਰਬਖ਼ਸ਼ ਸਿੰਘ ਨੇ ਰਤੀ ਭਰ ਵੀ
ਝੇਂਪ ਨਹੀਂ ਸੀ ਮੰਨੀ, ਪੈਰ ਭਰ ਵੀ ਪਿਛਾਂਹ ਨਹੀਂ ਸੀ ਹੋਇਆ। ਉਸਨੇ ਕਾਨੂੰਨ ਦੀ ਉਲੰਘਣਾ
ਵੀਂ ਨਹੀਂ ਸੀ ਕੀਤੀ ਤੇ ਕਾਨਫਰੰਸ ਵੀ ਕਰਵਾ ਲਈ। ਥਾਂ ਬਦਲੀ ਕਰ ਲਈ ਸੀ ਇਸਦੀ, ਬਾਹਰ ਲੈ
ਗਿਆ ਸੀ ਇਸ ਨੂੰ ਪਿੰਡੋਂ, ਆਪਣੇ ਕੋਟਲੀ ਖ਼ਾਸ ਵਾਲੇ ‘ਚ।
ਸਾਰੇ ਪਿੰਡੋਂ ਸਿਰਫ਼ ਤਿੰਨ ਜਣੇ ਨਿੱਤਰੇ ਸਨ, ਗੁਰਬਖ਼ਸ਼ ਸਿੰਘ ਦੀ ਪਿੱਠ ‘ਤੇ ਖੜੋੜ ਲਈ - ਉਸ
ਦਾ ਛੋਟਾ ਭਰਾ ਨੱਥਾ ਸਿੰਘ, ਉਸ ਵਰਗਾ ਛੜਾ-ਛਾਂਟ ਬਲਵੰਤ ਸਿੰਘ ਜ਼ਖ਼ਮੀ ਤੇ ਉਹ ਆਪ ਪਿੰਡ ਦਾ
ਦੋਹਤਰਾ, ਸਮਿੱਤਰ। ਇਸ, ਨੇਪੜੇ ਚੜ੍ਹੀ ਕਾਨਫ਼ਰੰਸ ਨੇ ਸਮਿੱਤਰ ਲਈ ਹੋਰ ਵੀ ਬਿਪਤਾ ਖ੍ਹੜੀ ਕਰ
ਦਿੱਤੀ ਸੀ। ਉਹ ਪਹਿਲਾਂ ਨਾਲੋਂ ਵੀ ਵੱਧ ਚੁੱਭਣ ਲੱਗ ਪਿਆ ਸੀ ਪਿੰਡ ਦੇ
ਜਗੀਰਦਾਰਾਂ-ਜ਼ੈਲਦਾਰਾਂ ਨੂੰ। ਉਹ ਤਾਂ ਉਸਦੇ ਬਖ਼ਸ਼ੇ ਭਾਅ ਨਾਲੋਂ ਵੀ ਵੱਧ ਰੜਕ ਰੱਖਣ ਲੱਗ ਪਏ
ਸਨ ਉਸ ਨਾਲ। ਓਪਰਾ ਹੋਣ ਕਰਕੇ। ਉਹਨਾਂ ਗਿਣ-ਕਿਮ ਕੇ ਪਹਿਲਾਂ ਗੁਰਬਖ਼ਸ਼ ਸਿੰਘ ‘ਤੇ ਨਾਸਤਕ
ਹੋਣ ਦਾ ਫ਼ਤਵਾ ਲਾ ਦਿੱਤਾ, ਫ਼ਿਰ ਉਸ ਉੰਤੇ। ਪਰ, ਉਹ ਕਿਸੇ ਵੀ ਤਰ੍ਹਾਂ ਡਰਿਆ-ਡੋਲਿਆ ਨਾ।
ਸਗੋਂ ਹੋਰ ਵੀ ਪੱਕੀ ਤਰ੍ਹਾਂ ਗੰਢਿਆ ਗਿਆ ਸੀ ਗੁਰਬਖ਼ਸ਼ ਸਿੰਘ ਨਾਲ। ਸੰਤਾਲੀ ਦੀ ਵੱਢ-ਟੁੱਕ
ਵੇਲੇ ਇਸ ਸਾਂਝ ਦੀਆਂ ਗੰਢਾਂ ਹੋਰ ਵੀ ਕਸੀਆਂ ਗਈਆਂ। ਇਹਨਾਂ ਗੰਢਾਂ ਦੇ ਤੰਦ, ਤੰਦਾਂ ਦੇ
ਰੇਸ਼ੇ, ਉਹਨਾਂ ਦੀਆਂ ਰਗਾਂ, ਉਹਨਾਂ ਦੇ ਲਹੂ ਅੰਦਰ ਡੂੰਘੀ ਤਰ੍ਹਾਂ ਫੈਲ ਗਏ, ਰਚ-ਮਿਚ ਗਏ।
ਇਕ ਪਾਸੇ ਇਹਨਾਂ ਦੀ ਪੀਸ-ਕਮੇਟੀ, ਦੂਜੇ ਪਾਸੇ ਸਿਰ-ਫਿਰੇ। ਲੁੱਟ-ਮਾਰ, ਕਤਲੋ-ਗ਼ਾਰਤ,
ਸਾੜ-ਫ਼ੂਕ ਕਰਨ ਵਾਲੇ ਹੁੱਲੜਬਾਜ਼। ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਵਾਲੇ, ਉਹਨਾਂ ਦੀ ਵੇਚ-ਵਟਕ
ਕਰਨ ਵਾਲੇ ਟਾਊਟ। ਸਭ ਤਰ੍ਹਾਂ ਦੀੇ ਮੌਕਾ-ਪ੍ਰਸਤ ਉਹਨਾਂ ਦੀ ਪਿੱਠ ‘ਤੇ।
ਇਹ ਦੋਨੋਂ-ਤਿੰਨੋਂ ਵੀ ਸਿਰ ‘ਤੇ ਕੱਫਂਣ ਬੰਨ੍ਹ ਕੇ ਆਪਣੀ ਥਾਂ ਡਟੇ ਰਹੇ ਸਨ। ਆਪਣੇ ਪਿੰਡ
‘ਚ ਇੱਕ ਤੁਪਕਾ ਵੀ ਕਿਧਰੇ ਕਿਸੇ ਦਾ ਖ਼ੂਨ ਨਹੀਂ ਸੀ ਡੁੱਲਣ ਦਿੱਤਾ ਇਹਨਾਂ।
ਜ਼ੈਲਦਾਰਾਂ-ਜਗੀਰਦਾਰਾਂ ਦੇ ਟੁੱਕੜ-ਬੋਚ ਆਸ-ਪਾਸ ਦੇ ਪਿੰਡਾਂ ‘ਚ ਰੱਜਵਾਂ ਭੜਬੂ ਪਾਉਂਦੇ
ਰਹੇ, ਬੇ-ਰੋਕ ਟੋਕ। ਲਾਗਦੇ ਪਿੰਡ ਦੇ ਰੇਲ-ਸਟੇਸ਼ਨ ‘ਤੇ ਖੜ੍ਹੀ ਗੱਡੀ ਵੀ ਉਹਨਾਂ ਆਪਣੇ
ਆਕਾਵਾਂ ਦੀ ਸ਼ਹਿ ‘ਤੇ ਹੀ ਕਤਲ ਕੀਤੀ।
ਸੰਨ ਸੰਤਾਲੀ ਦਾ ਚੇਤਾ ਆਉਂਦਿਆ, ਗੁਰਬਖ਼ਸ਼ ਸਿੰਘ ਲਾਗੇ ਬੈਠਾ ਸਮਿੱਤਰ ਸਿਰ ਤੋਂ ਪੈਰਾਂ ਤਕ
ਇਕਸਾਰ ਕੰਬਣ ਲੱਗ ਪਿਆ। ਉਸਦੇ ਅੰਗਾਂ-ਪੈਰਾਂ ਨੂੰ ਅਜੀਬ ਕਿਸਮ ਦੀ ਤੜਫ਼ਾਹਟ ਜਿਹੀ ਲੱਗ ਪਈ।
਼ ਼ ਉਸ ਪਾਸ ੳਸ ਸਮੇਂ ਨਾ ਕੋਈ ਬੰਦੂਕ ਸੀ, ਨਾ ਗੋਲੀ ਸਿੱਕਾ। ਸਿਰਫ਼ ਇੱਕੋ-ਇਕ ਕਿਰਪਾਨ ਸੀ,
ਸਾਢੇ-ਚਾਰ ਫੁੱਟੀ। ਬੱਸ ਏਹੀ ਹਥਿਆਰ ਨੱਥਾ ਸਿੰਘ ਪਾਸ ਸੀ। ਗੁਰਬਖ਼ਸ਼ ਸਿੰਘ ਨੂੰ ਦੱਸੇ ਬਿਨਾਂ
ਉਹ ਸਟੇਸ਼ਨ ਵੱਲ ਨੂੰ ਦੌੜ ਪਏ ਸਨ, ਜੈਕਾਰੇ ਮਾਰਦੇ। ਜਿੰਨਾ ਕੁ ਬਚਾ ਹੋ ਸਕਿਆ ਉਹਨਾਂ ਕੀਤਾ
ਵੀ। ਪਰ, ਓਦੋਂ ਤਕ ਵੱਡਾ ਭਾਣਾ ਵਰਤ ਚੁੱਕਾ ਸੀ ਕਤਲੋ-ਗ਼ਾਰਤ ਦਾ।
ਲਹੂ ਨਾਲ ਲੱਥ-ਪੱਥ ਹੋਏ, ਮਰੇ-ਸਹਿਕਦੇ ਬੱਚੇ-ਬੁੱਢੇ, ਇਸਤਰੀਆਂ-ਮਰਦ ਉਹਨਾਂ ਤੋਂ ਦੇਖੇ
ਨਹੀਂ ਸੀ ਗਏ। ਰੋਂਦੇ-ਵਿਲਕਦੇ, ਤਰਲੋ-ਮੱਛੀ ਹੋਏ ਉਹ ਦੋਨੋਂ ਵਾਪਸ ਹਵੇਲੀ ਪਰਤ ਆਏ ਸਨ ...
।
ਲਹੂ-ਲਹਾਣ ਹੋਈ ਗੱਡੀ ਸਮਿੱਤਰ ਨੂੰ ਅੱਖਾਂ ਸਾਹਮਣੇ ਖੜ੍ਹੀ ਮੁੜ ਤੋਂ ਉਵੇਂ ਹੀ ਦਿਸਣ ਲੱਗ
ਪਈ। ਵੱਂ ਉਵੇਂ ਹੀ ਦਿਸਣ ਲੱਗ ਪਈ। ਵੱਢ-ਟੁੱਕ ਹੋਏ ਵਤਨੀਆਂ ਦਾ ਵਿਰਲਾਪ ਫ਼ਿਰ ਤੋਂ ਉਸਦੇ
ਕੰਨਾਂ ‘ਚ ਗੂੰਜਣ ਲੱਗ ਪਿਆ। ਭੈਅ-ਭੀਤ ਹੋਇਆ ਉਹ ਗੁਰਬਖ਼ਸ਼ ਸਿੰਘ ਲਾਗਿਓਂ ਉੱਠ ਖੜ੍ਹਾ ਹੋਇਆ।
ਸਿਰ ਤੋਂ ਪੈਰਾਂ ਤਕ ਕੰਬਦੇ-ਡੋਲਦੇ ਦੇ ਉਸਦੇ ਪੈਰ ਘਰ ਵੱਲ ਨੂੰ ਜਾਣ ਦੀ ਬਜਾਏ ਬਾਹਰ ਵੱਲ
ਨੂੰ ਵਗ ਤੁਰੇ। ਗੁਰਦੁਆਰੇ ਨੂੰ ਜਾਂਦੇ ਵੱਡੇ ਰਾਹ ਵੱਲ ਨੂੰ। ਵੱਡਾ ਰਾਹ ਸਵੇਰੇ-ਸ਼ਾਮ ਦੇ
ਭੀੜ-ਭੜੱਕੇ ਤੋਂ ਲਗਪਗ ਮੁਕਤ ਸੀ। ਕਿਧਰੇ ਕੋਈ ਵਿਰਲੀ-ਟਾਵੀਂ ਆਓ-ਗਸ਼ਤ ਜ਼ਰੂਰ ਦਿਖਾਈ ਦਿੱਤੀ
ਉਸਨੂੰ। ਉਸਦਾ ਕਿਸੇ ਵੱਲ ਵੀ ਧਿਆਨ ਨਹੀਂ ਸੀ ਗਿਆ । ਨਾ ਉਸ ਨੂੰ ਕਿਸੇ ਨੇ ਸਾਬ੍ਹ-ਸਲਾਮ
ਕੀਤੀ, ਨਾ ਕਿਸੇ ਨ਼ੂੰ ਉਸਨੇ। ਉਸਨੂੰ ਪਤਾ ਤਕ ਨਾ ਲੱਗਾ ਕਿ ਕਦੋਂ ਉਹ ਗੁਰਦੁਆਰਾ ਦਾ
ਬਾਹਰਲਾ ਵੱਡਾ ਗੇਟ ਲੰਘ ਆਇਆ ਸੀ। ਕਦ ਉਸਨੇ ਧੌੜੀ ਦੀ ਜੁੱਤੀ ਜੌੜਾ-ਖਾਨੇ ਲਾਗੇ ਉਤਾਹ
ਦਿੱਤੀ ਹੈ, ਕਦ ਉਸਨੇ ਡਿਉੜ੍ਹੀਉਂ ਬਾਹਰ ਬਣੀ ਪੇਤਲੀ ਜਿਹੀ ਚੁਬੱਤੀ ‘ਚ ਨੰਗੇ ਪੈਰ ਡੋਬ
ਦਿੱਤੇ ਸਨ।
ਉਸਨੂੰ ਅਜੇ ਤਕ ਇਹ ਵੀ ਸਮਝ ਨਹੀਂ ਸੀ ਲੱਗੀ ਕਿ ਉਹ ਇਸ ਵੇਲੇ ਗੁਰਦੁਆਰੇ ਆਇਆ ਕਿਸ ਕਾਰਨ
ਹੈ। ਉਸ ਦਿਨ ਮੱਸਿਆ ਸੀ ਕਿ ਸੰਗਰਾਂਦ, ਕੋਈ ਪੁਰਬ ਸੀ ਜਾਂ ਕੋਈ ਦਿਨ ਤਿਉਹਾਰ, ਉਸਨੂੰ ਇਸ
ਦੀ ਵੀ ਜਾਣਕਾਰੀ ਨਹੀਂ ਸੀ। ਉਹ ਤਾਂ ਬੱਸ ਪਹੁੰਚ ਹੀ ਗਿਆ ਜਿਵੇਂ-ਕਿਵੇਂ।
ਐਸੀ ਗੱਲ ਨਹੀਂ ਕਿ ਉਸਨੂੰ ਮੱਸਿਆ-ਸੰਗਰਾਂਦਾਂ, ਪੁਰਬਾਂ-ਤਿਉਹਾਰਾਂ ਦਾ ਪਤਾ ਨਹੀਂ ਸੀ
ਹੁੰਦਾ। ਉਸਨੂੰ ਤਾਂ ਸਗੋਂ ਗਰਬਖ਼ਸ਼ ਨਾਲੋਂ ਵੀ ਵੱਧ ਚੇਤੇ ਹੁੰਦੇ ਸਨ ਇਹੋ ਜਿਹੇ ਖ਼ਾਸ ਦਿਨ।
ਉਸ ਨੂੰ ਤਾਂ ਇੱਕ ਤਰ੍ਹਾਂ ਦੀ ਖਿੱਚ ਰਹਿੰਦੀ ਸੀ ਮੇਲੇ-ਮੁਸਾਹਵੇ ਦੇਖਣ ਦੀ, ‘ਕੱਠਾਂ-ਵੱਠਾਂ
‘ਚ ਘੁੰਮਣ ਫਿਰਨ ਦੀ। ਬੱਸ ਇਹ ਸ਼ੌਕ ਸੀ ਉਸਦਾ। ਪਰ ... ਹੁਣ ਤਾਂ ਉਸਦੇ ਇਸ ਸ਼ੌਕ ਦੀ ਪੂਰਤੀ
ਹੋਇਆਂ ਵੀ ਕਿੰਨੇ ਸਾਰੇ ਵਰ੍ਹੇ ਲੰਘ ਗਏ ਸਨ। ਨਾ ਬਖ਼ਸ਼ੇ ਭਾਅ ਦੇ ਹਾਣੀ-ਬੇਲੀ ਹੀ ਬਹੁੜੇ ਸਨ
ਕਈਆਂ ਚਿਰਾਂ ਤੋਂ, ਨਾ ਉਸਦਾ ਕੱਲਮ-ਕੱਲੇ ਭਾਅ ਦੇ ਹਾਣੀ-ਬੇਲੀ ਹੀ ਬਹੁੜੇ ਸਨ ਕਈਆਂ ਚਿਰਾਂ
ਤੋਂ, ਨਾ ਉਸਦਾ ਕੱਲਮ-ਕੱਲੇ ਦਾ ਚਿੱਤ ਹੀ ਕੀਤਾ ਸੀ ਬੇ-ਤਹਾਸ਼ਾ ਵਧਣ ਲੱਗ ਪਈ ਸੀ,
ਬੇ-ਤਰਤੀਬੀ, ਬੇ-ਲਗਾਮ ਜਿਹੀ। ਸੰਗਤ-ਮਰਯਾਦਾ ਤੋਂ ਬਿਲਕੁਲ ਸੱਖਣੀ, ਅਨੁਸ਼ਸਨ ਰਹਿਤ।
ਨੰਗੇ ਪੈਰਾਂ ਨੂੰ ਚੜ੍ਹੀ ਚੁੱਬਦੀ ਦੇ ਪਾਣੀ ਸੁਖਾਵੀਂ ਜਿਹੀ ਠਰਨ ਨੇ, ਉਸਨੂੰ ਢੇਰ ਸਾਰਾ
ਆਪਣੇ ਵੱਲ ਮੋੜ ਲਿਆਂਦਾ। ਭੀੜ ਪ੍ਰਬੰਧਾਂ ‘ਤੇ ਖਿਝਣ-ਖ਼ਪਣ ਦੀ ਥਾਂ ਉਸਦੀ ਸੁਰਤੀ ਸਹਿ-ਸੁਭਾ
ਹੀ ਉਸਦੇ ਅੰਦਰ ਵੱਲ ਨੂੰ ਝਾਕਣ ਲੱਗ ਪਈ। ਼ ਼ ਉਸਨੂੰ ਆਪਣਾ ਆਪ ਵੀ ਇੱਕ ਤਰ੍ਹਾਂ ਦੀ ਭੀੜ
ਦਾ ਹਿੱਸਾ ਹੀ ਜਾਪਿਆ। ਬ਼ਖਸ਼ੇ ਭਾਅ ਦੁਆਲੇ ਜੁੜੀ ਦਾ ਹਿੱਸਾ ਹੀ ਜਾਪਿਆ। ਬਖ਼ਸ਼ੇ ਭਾਅ ਦੁਆਲੇ
ਜੁੜੀ ਭੀੜ ਦਾ ਹਿੱਸਾ। ਇਸ ਦੀ ਜਿੰਨੀ ਕੁ ਵਕਤ ਸੀ, ਓਨਾ ਕੁ ਪੈਂਡਾ ਤੁਰ ਕੇ ਇਹ ਵੀ
ਖਿੰਡ-ਵਿਖ਼ਰ ਗਈ। ਹੁਣ ਨਾ ਕਦੀ ਜੋਗਿੰਦਰ ਸੱਗਲ ਆਇਆ ਸੀ, ਨਾ ਗੁਰਚਰਨ ਰੰਧਾਵਾ, ਹੁਣ ਨਾ ਕਦੀ
ਲਿੱਤਰਾਂ ਪਿੰਡ ਤੋਂ ਪ੍ਰੀਤਮ ਸੂੰਹ ਬਹੁੜਿਆ ਸੀ, ਨਾ ਮੂਣਕਾ ਤੋਂ ਗਿਆਨ ਸੂੰਹ। ਪਹਿਲਾਂ 64
ਸੰਨ, ਫ਼ਿਰ 67, ਫ਼ਿਰ ਅੱਗੇ ਚੱਲ ਸੋ ਚੱਲ। ਇਸ ਦੀ ਟੁੱਟ-ਭੱਜ ਦੇ ਸਾਰੇ ਨਾਂ ਵੀ ਉਸਦੇ ਚੇਤੇ
ਨਹੀਂ ਸੀ ਰਹੇ।
ਚੁਬੱਚੀ ‘ਚ ਸਾਫ਼ ਹੋਏ ਪੈਰਾਂ ਵੱਲ ਰਸਮੀ ਜਿਹੀ ਝਾਤ ਮਾਰ ਕੇ ਉਸਨੇ ਸਰਦਲ ਟੱਪ ਲਈ। ਡਿਊੜ੍ਹੀ
‘ਚ ਖੜ੍ਹੇ ਦਰਬਾਨ ਨੇ ਉਸਨੂੰ ਗੱਜਵੀ ਫਤਹਿ ਬੁਲਾਈ। ਉਸਦਾ ਬਣਦਾ-ਸਰਦਾ ਉੱਤਰ ਦੇ ਕੇ ਉਸਨੇ
ਦਰਬਾਰ ਹਾਲ ਵੱਲ ਜਾਣ ਲਈ ਅਜੇ ਦੋ-ਚਾਰ ਲਾਂਘਾਂ ਹੀ ਭਰੀਆਂ ਸਨ ਕਿ ਲੰਗਰ ਵਾਲੇ ਪਾਸਿਉਂ
ਉਸਨੂੰ ਤੂੰ-ਤੂੰ, ਮੈਂ-ਮੈਂ ਦੀਆਂ ਤਿੱਖੀਆਂ ਆਵਾਜਾਂ ਸੁਣਾਈ ਦਿੱਤੀਆਂ । ਅਗਲੇ ਹੀ ਪਲ ਇਹ
ਤੂੰ-ਤੂੰ, ਮੈਂ-ਮੈ ਚੀਕਾਂ-ਚਾਂਗਰਾਂ, ਤੋਹਮਤਾਂ-ਉਲ੍ਹਾਮਿਆਂ ਵਿੱਚ ਤਬਦੀਲ ਹੋ ਗਈ। ਇਹ
ਪ੍ਰਬੰਧਕੀ ਕਮੇਟੀ ਦੀ ਘੈਂਸ-ਘੈਂਸ ਸੀ। ‘ਹੋ ਸਕਦਾ ਇਹ ਚੋਣ-ਦੰਗਲ ਦੀ ਤਿਆਰੀ ਹੋਵੇ ਜਾਂ ਹੋਰ
ਕੋਈ ਗੋਲਕ-ਮਸਲਾ ‘- ਸਮਿੱਤਰ ਦਾ ਕਮੇਟੀ ਰੂਮ ਵੱਲ ਨੂੰ ਜਾਣ ਨੂੰ ਮਨ ਕਰ ਆਇਆ। ਪਰ, ਉਹ ਗਿਆ
ਨਹੀਂ। ਇਕ-ਦੋ ਕਦਮ ਓਧਰ ਵੱਲ ਨੂੰ ਤੁਰ ਕੇ ਉਹ ਥਾਂਏ ਰੁਕ ਗਿਆ। ... ਗੁਰਦੁਆਰਾ ਸੁਧਾਰ
ਲਹਿਰ ਦੀ ਕੁਲ ਵਿਥਿਆ ਉਹਦੇ ਜ਼ਿਹਨ ‘ਚ ਉੱਤਰ ਆਈ - ਨਾਨਕਾਣਾ ਸਾਹਿਬ ਦਾ ਮੋਰਚਾ,
ਗੰਗਸਰ-ਜੈਤੋ, ਫ਼ਿਰ ਚਾਬੀਆਂ ਦਾ ਮੋਰਚਾ। ਇਹਨਾਂ ਮੋਰਚਿਆਂ ‘ਚ ਉਸਦੀ ਆਪਣੀ ਹਿੱਸੇਦਾਰੀ।
ਫ਼ਿਰ ਝੱਟ ਹੀ ਉਸਤੋਂ ਆਪਣੇ ਆਪ ਤੋਂ ਅਜੀਬ ਜਿਹੀ ਪੁੱਛ ਪੁੱਛੀ ਗਈ - ‘ਕੀ ਲੱਭਾ ਸਮਿੱਤਰ
ਸਿਆਂ ਤੈਅਨੂੰ ਼ ਼! ਕੀ ਹੱਥ ਪੱਲੇ ਵਿਆ ਤੇਰੇ ... ਤੇਰੇ ਜੋਟੀਦਾਰਾਂ ਦੇ ... ? ਐਨਾ ਕੁਸ਼
ਕਰ ਕਰਾ ਕੇ ... ਹੈਂਅ ... ਦੱਸ ...’
ਉਸਨੂੰ ਪਤਾ ਤਕ ਨਾ ਲੱਗਾ ਕਿ ਆਪਣੇ ਆਪ ਨੂੰ ਕੀਤਾ ਇਹ ਪ੍ਰਸ਼ਨ ਕਿੰਨਾ ਕੁ ਵਾਜਬ ਹੈ, ਕਿੰਨਾ
ਕੁ ਗੈਰ-ਵਾਜਬ। ਤਾਂ ਵੀ ੳਸ ਅੰਦਰੋਂ ਇਸ ਤੇ ਉੱਤਰ ਨੇ ਇਕ-ਦਮ ਜਿਵੇਂ ਸਿਰ ਚੁੱਕ ਲਿਆ ਹੋਵੇ
‘ਤੂੰ ... ਤੂੰ ਕ੍ਹਾਨੇ ਪਿੱਠ ਕੀਤੀ ਰੱਖੀ ਐਧਰਲੇ ਵੰਨੇ ... ਹੈਂਅ ... ਦੱਸ ਼ ਼!
ਇਕੱਲੇ-ਦੁਕੱਲੇ ਸੰਤ-ਮਹੰਤ ਦੀ ਥਾਂ ਸੰਤਾਂ-ਮਹੰਤਾਂ ਦੇ ਵੱਡੇ-ਭਾਰੇ ਜੁੱਟ ਕਾਬਜ਼ ਹੁੰਦੇ
ਰਹੇ, ਵਾਰੀ ਬਦਲ ਕੇ। ਤੇਰੇ ਨਾਨਕੇ ਪਿੰਡ ਦੇ ਗੁਰਦੁਆਰੇ ‘ਤੇ ਤੇਰੇ ਸਾਹਮਣੇ। ਹੁੰਦੇ ਰਹੇ
ਕਿ ਨਹੀਂ ਹੁੰਦੇ ਰਏ ... ਹੈਂਅ ... ਦੱਸ ... ? ਓਦੋਂ ਤੂੰ ਚੁੱਪ ਰਿਹੋਂ, ਹੁਣ ਕੀ ਲੱਭਿਆ
ਭਾਲਦੈਂ ... ! ਹੁਣ ... ਹੁਣ ਉਹ ਲਾਗੇ ਲੱਗਣ ਦਿੰਦੇ ਆ ਤੈਨੂੰ, ਨਾਲੇ ਤੇਰੇ ਭਾਅ ਬਖ਼ਸ਼ਾ
ਸੂੰਹ ਨੂੰ ... !’
ਬਖ਼ਸ਼ੇ ਭਾਅ ਦਾ ਚੇਤਾ ਆਉਂਦਿਆਂ ਉਸਨੂੰ ਇੱਕ ਝਟਕਾ ਜਿਹਾ ਲੱਗਾ। ਉਸਨੂੰ ਯਾਦ ਆਇਆ ਕਿ ਉਸ
ਤੋਂ, ਉਸਨੂੰ ਦੁਆਈ ਵੀ ਨਹੀਂ ਦਿੱਤੀ ਗਈ। ... ਹਰ ਰੋਜ਼ ਸਵੇਰੇ ਵੇਲੇ ਦੀ ਦੁਆਈ ਦੇਣ ਦਾ
ਜੁੰਮਾਂ ਉਸਨੇ ਆਪ ਮੰਗ ਦੇ ਲਿਆ ਸੀ, ਗੁਰਬਖ਼ਸ਼ ਸਿੰਘ ਦੇ ਛੋਟੇ ਭਰਾ ਨੱਥਾ ਸਿੰਘ ਤੋਂ। ਇਉਂ
ਹਰ ਰੋਜ਼ ਉਸਦੀ ਖ਼ਬਰ-ਸਾਰ ਵੀ ਲਈ ਜਾਂਦੀ, ਤਾਜ਼ਾ ਅਖ਼ਬਾਰੀ ਖ਼ਬਰਾ ‘ਤੇ ਟੀਕ-ਟਿੱਪਣੀ ਵੀ ਕਰ ਲਈ
ਜਾਂਦੀ ਤੇ ਗਰਮ-ਭੱਖਵੇਂ ਮਸਲਿਆਂ ‘ਤੇ ਥੋੜ੍ਹੀ-ਬਹੁਤ ਚੁੰਝ-ਚਰਚਾ ਵੀ। ਜਿੰਨਾ ਕੁ ਸਾਥ
ਦਿੰਦੇ ਸਨ , ਗੁਰਬਖ਼ਸ਼ ਸਿੰਘ ਦੇ ਬੋਲ, ਉਸਦੀ ਸੁਰਤੀ-ਬਿਰਤੀ।
ਪਰ, ਉਸ ਦਿਨ ਸਵੇਰ ਵੇਲੇ ਤੋਂ ਲੈ ਕੇ ਛਾਹ ਵੇਲੇ ਤਕ ਕੁੱਝ ਵੀ ਨਹੀਂ ਸੀ ਕਰ ਸਕਿਆ ਸਮਿੱਤਰ।
ਡੌਰ-ਭੌਰ ਹੋਏ ਦੇ ਉਸਦੇ ਪੈਰ ਉਸੇ ਵੇਲੇ ਪਿਛਾਂਹ ਵੱਲ ਨੂੰ ਪਰਤ ਪਏ। ਡਿਊੜ੍ਹੀ ‘ਚ ਦਰਬਾਰ
ਨੇ ਇਸ ਵਾਰ ਬੜੀ ਨੀਂਝ ਲਾ ਕੇ ਦੇਖਿਆ ਉਸ ਵੱਲ ਨੂੰ - “ਕੀ ਗੱਲ ਹੋਈ ਕਾਮਰੇਡ ਜੀਈ ...
ਮੱਥਾ ਟੇਕਣ ਤੋਂ ਬਿਨਾਂ ਹੀ ਮੁੜ ਆਏ ... ?”
ਉਹ ਅੱਗੋਂ ਚੁੱਪ ਦਾ ਚੁੱਪ। ਇਸ ਦਾ ਉਸ ਪਾਸੋਂ ਕੋਈ ਉੱਤਰ ਨਾ ਦਿੱਤਾ ਗਿਆ। ਰਵਾਂ ਰਵੀਂ
ਤੁਰਿਆ ਉਹ ਹਵੇਲੀ ਪਰਤ ਆਇਆ।
ਦੁਪਹਿਰ ਵੇਲੇ ਦੀ ਕੋਸੀ-ਕੋਸੀ ਧੁੱਪ ਨੇ ਉਸਦੇ ਠਰ-ਕੰਬ ਗਏ ਅੰਗਾਂ-ਪੈਂਰਾਂ ਨੂੰ ਕਾਫ਼ੀ ਸਾਰਾ
ਨਿੱਘਾ ਕਰ ਦਿੱਤਾ ਸੀ।
4
ਹਵੇਲੀ ਦੇ ਬਾਹਰਲੇ ਗੇਟ ਅੰਦਰ ਪੈਰ ਧਰਦੇ ਸਮਿੱਤਰ ਨੂੰ, ਗੁਰਬਖ਼ਸ਼ ਸਿੰਘ ਦੀ ਪੁਆਂਦੀ ਖੜ੍ਹਾ
ਇੱਕ ਸਾਧੂ-ਸੰਤ ਜਾਪਦਾ ਬੰਦਾ ਦਿਖਾਈ ਦਿੱਤਾ। ਚਿੱਟਾ-ਚਮਕਦਾਰ ਕੁੜਤਾ-ਪਜਾਮਾ,
ਚੌੜਾ-ਰੋਹਬਦਾਰ ਮੱਥਾ, ਖੁੱਲੀ-ਚਿੱਟੀ ਦਾੜ੍ਹੀ ਛੋਟੀ-ਛੋਟੀ। ਸਿਰ ਦੇ ਵਿਰਲੇ ਵਿਰਲੇ ਵਾਲ
ਪਿਛਾਂਹ ਵੱਲ ਨੂੰ ਵਾਹੇ, ਉਸ ਦੇ ਗਲ ਪਈ ਬਦਾਮੀ ਰੰਗੀ ਜਾਕਟ ਦੇ ਕਾਲਰ ਤਕ ਪੁੱਜਦੇ, ਉਸਦੇ
ਕਿਸੇ ਰਿਸ਼ੀ-ਮੁਨੀ ਹੋਣ ਦਾ ਭੁਲੇਖਾ ਪਾਉਂਦੇ ਸਨ।
ਇਹ ਯੋਗਰਾਜ ਸੀ, ਯੋਗਰਾਜ ਗੰਭੋਵਾਲ ਤੋਂ। ਗੁਰਬਖ਼ਸ਼ ਸਿੰਘ ਦਾ ਸਭ ਤੋਂ ਛੋਟੀ ਉਮਰ ਦਾ
ਜੋਟੀਦਾਰ। ਜ਼ੋਟੀਦਾਰ ਨਾਲੋਂ ਵੱਧ ਉਸਦਾ ਚੇਲ-ਬਾਲਕਾ, ਉਸਦਾ ਸ਼ਾਗਿਰਦ। ਉਸਦੇ ਪੰਜ-ਪਾਂਡੂਆਂ
ਨਾਲੋਂ ਤਰ੍ਹਾਂ ਦਾ, ਗਰਮ ਦਲੀਆ। ਸਮਿੱਤਰ ਨੇ ਉਸਨੂੰ ਬੁਲਾਇਆ-ਚਲਾਇਆ ਨਾ। ਗੁਰਬਖ਼ਸ਼ ਨਾਲ
ਜੁੜੀ ਉਸਦੀ ਸੁਰਤੀ ਭੰਗ ਨਾ ਕੀਤੀ। ਉਸਦੀ ਪਿਛਵਾੜੀਉਂ ਅਛੋਪਲੇ ਜਿਹੇ ਲੰਘਦਾ, ਸਮਿੱਤਰ ਬੈਠਕ
ਅੰਦਰ ਚਲਾ ਗਿਆ।
ਗੁਰਬਖ਼ਸ਼ ਸਿੰਘ ਅੱਖਾਂ ਮੀਟੀ ਥੋੜ੍ਹਾ ਕੁ ਵੱਖੀ ਭਾਰ ਹੋਇਆ ਲੰਮਾ ਪਿਆ ਸੀ, ਧੁੱਪੇ । ਕਿਸੇ
ਆਏ ਦੀ ਆਹਟ ਸੁਣ ਕੇ ਉਸਦੀਆਂ ਅੱਖਾਂ ਸਹਿਵਨ ਖੁੱਲ ਗਈਆਂ। ਖੁੱਲਦਿਆਂ ਸਾਰ ਇਹ ਇੱਕ ਤਰ੍ਹਾਂ
ਦੇ ਚਾਅ-ਮਲ੍ਹਾਰ ਨਾਲ ਜਿਵੇਂ ਛਲਕ ਹੀ ਪਈਆਂ।
ਗੁਰਬਖ਼ਸ਼ ਸਿੰਘ ਨੂੰ ਸਵੇਰ-ਸਾਰ ਲੱਗੀ ਅੱਚੋਆਈ ਪਲ-ਛਿੰਨ ਅੰਦਰ ਹੀ ਕਿਧਰੇ ਉੱਡ-ਪੁੱਡ ਗਈ।
ਕਿਸੇ ਦੂਜੇ ਦਾ ਆਸਰਾ ਲੈ ਕੇ ਉਸਦੀ ਉੱਠਣ-ਬੈਠਣ ਯੋਗ ਦੇਹੀ, ਇੱਕ ਜ਼ੋਰਦਾਰ ਹੰਭਲਾ ਕਾਰ ਕੇ
ਕਿੰਨੀ ਸਾਰੀ ਬੈਠਕ ਵਰਗੀ ਹੋ ਗਈ। ਮੋਢੇ ਤਕ ਬੇ-ਹਰਕਤ ਹੋਈ ਸੱਜੀ ਬਾਂਹ ਵੀ ਖੱਬੀ ਵਾਂਗ
ਸਾਹਮਣੇ ਖੜ੍ਹੇ ਯੋਗਰਾਜ ਵੱਲ ਨੂੰ ਉੱਲਰ ਪਈ। ਪਰ, ਉਸਨੂੰ ਆਵਾਜ਼ ਮਾਰ ਕੇ ਆਪਣੇ ਨੇੜੇ ਹੋ
ਜਾਣ ਲਈ ਕਹਿਣ ਨੂੰ, ਉਸਦੀ ਜੀਭ ਨੇ ਉਸਦਾ ਸਾਥ ਨਾ ਦਿੱਤਾ। ਉਸਦੇ ਅੱਡੇ ਰਹਿ ਗਏ ਮੂੰਹ ਅੰਦਰ
ਥਰਕਦੀ ਰਹੀ, ਇੱਕ ਖਿੱਚ ਹੋਏ ਮਾਸ ਦੀ ਪੱਚਰ, ਜਿਵੇਂ ਯੋਗਰਾਜ ਨੂੰ ਆਖਦੀ ਰਹੀ ਹੋਵੇ - “ਆ
... ਆ ... ਜਾ ... ਮੇਰੇ ... ਵੀ ਼ ਼ਰਿਆ ... ਮੇਰਿਅ਼ਾ ਼ ਼ ਯੋਗਿਆ ... ਮੇਰੇ ਯੋਗਾ
ਸਿਆਂ ... ਆ ... ਮੈਂ ਼ ਼ ਤੈਨੂੰ ਜੱਫ਼ੀ ‘ਚ ... ਲੈ ਲਾਂ। ... ਆ ਼ ਼ ਮੈਂ ... ਤੈਨੂੰ
... ਥਾਪੀ ਦਿਆਂ ... ਆ ... ਮੇਰੇ ... ਸ਼ੇਰਾ ਼ ਼ ਆ ਼ ਼ ਮੇਰੇ ... ਬੱਬਰਾ। ... ਲਾਜ ਼
਼ਰੱਖ ਲਈ ... ਤੈਂ ... ਬੱਬਰਾਂ ਦੀ ਜੂਹ ਼ ਼ਦੀ ਼ ਼। ਚਾਰ ਚੰਦ ... ਲਾ ਦਿੱਤੇ ... ਤੈਂ
ਦੇਸ ਦੁਆ ... ।”
ਪਰ, ਛੇਤੀ ਹੀ ਉਸਦੀ ਲਾਚਾਰਗੀ ਉਸ ਉੱਤੇ ਹਾਵੀ ਹੋ ਗਈ।
ਥੋੜ੍ਹੀ ਕੁ ਚਾਪ ਬਣੀ ਉਸਦੀ ਕਮਰ, ਉਪਰ ਨੂੰ ਉੱਠੀਆਂ ਬਾਹਾਂ, ਮੁੜ ਤੋਂ ਮੰਜੀ ‘ਤੇ ਚੌਫ਼ਾਲ
ਡਿੱਗ ਪਈਆਂ। ਉਸਦੇ ਅੱਡੇ ਗਏ ਮੂੰਹ ਅੰਦਰੋਂ ਨਿਕਲਦੀ ਆਂਅ ... ਆਂ ਼ ਼ਆ ਦੀ ਆਵਾਜ਼ ਵੀ ਉਸਦੇ
ਇਕਰਾਰ ਵਹਿ ਤੁਰੇ ਹੰਝੂਆਂ ਨਾਲ ਜਿੱਚ ਹੋ ਗਈ। ... ਲਾਹੌਰ ਸੈਂਟਰਲ ਜੇਲ੍ਹ ਦੇ ਗੇਟੋਂ ਬਾਹਰ
ਨਿਕਲੇ ਯੋਗਰਾਜ ਤੋਂ ਉਸਦੇ ਇੱਕ ਸਾਲਾ ਪੁੱਤਰ ਦੀ ਲਾਸ਼ ਨੂੰ ਉਸਤੋਂ ਪਕੜ ਕੇ ਆਪਣੇ ਢਿੱਡ ਨਾਲ
ਘੁੱਟਦਿਆਂ ਬੋਲੇ, ਉਸ ਸਮੇਂ ਦੇ ਕਿੰਨੇ ਸਾਰੇ ਸ਼ਬਦ-ਬੋਲ ਗੁਰਬਖ਼ਸ਼ ਸਿੰਘ ਦੇ ਸੀੇਨੇ ਅੰਦਰ
ਉਵੇਂ ਦੇ ਉਂਵੇ ਘੁੱਟੇ ਰਹਿ ਗਏ ਸਨ।
ਗੁਰਬਖ਼ਸ਼ ਸਿੰਘ ਨਾਲੋਂ ਵੱਧ ਵਿਆਕੁਲ ਹੋਇਆ ਯੋਗਰਾਜ , ਉਸਦੀ ਮੰਜੀ ਲਾਗੇ ਧਰਤੀ ‘ਤੇ ਡਿੱਗਣ
ਵਾਂਗ ਹੇਠਾਂ ਬਹਿ ਗਿਆ ਸੀ, ਘੱਟੇ ਮਿੱਟੀ ‘ਚ।
ਉਸਦੇ ਮੰਜੇ ਦੀ ਬਾਹੀ ‘ਤੇ ਵੱਧ ਕੂਹਣੀਆਂ ਟਿਕਾਈ ਉਹ ਗੁਰਬਖ਼ਸ਼ ਸਿੰਘ ਦੇ ਚਿਹਰੇ ਨੂੰ
ਟਿਕਟਿਕੀ ਲਾਈ ਦੇਖਦਾ ਰਿਹਾ ਼ ਼ ਦੇਖਦਾ ਰਿਹਾ। ਉਸਨੇ ਜਿਵੇਂ ਗੁਰਬਖ਼ਸ਼ ਸਿੰਘ ਤੋਂ ਅਣਕਹੀ
ਅਣਬੋਲੀ ਰਹਿ ਗਈ ਢੇਰ ਸਾਰੀ ਵਾਰਤਾ, ਮੁੱਢ-ਸ਼ੁਰੂ ਤੋਂ ਆਪ ਅੱਗੇ ਤੋਰ ਲਈ ਸੀ, ਉਸਦੀਆਂ
ਜਗਦੀਆਂ-ਮਘਦੀਆਂ ਅੱਖਾਂ ‘ਚ ਛੱਤੀ-ਚਾਲੀ ਸੰਨ ਦੇ ਕਿਸਾਨ ਮੋਰਚੇ ਦੀਆਂ ਸੂਚੀ-ਬੱਧ ਘਟਨਾਵਾਂ,
ਲੜੀਵਾਰ ਹੋ ਕੇ ਪਸਰ ਗਈਆਂ ਸਨ।
਼ ਼ ਉਸਦੀ ਪਤਨੀ ਈਸ਼ਰ ਕੌਰ ਇਸਤਰੀ ਜੱਥਿਆਂ ਦੀ ਮੋਹਰੀ ਬਣ ਕੇ ਵਿਚਰੀ ਸੀ, ਤੇ ਆਪ ... ਆਪ
ਉਹ ਮਰਦ ਜੱਥਿਆਂ ਦਾ ਨਾਇਕ ਬਣ ਕੇ।
ਨਹਿਰੀ ਮਾਲੀਆ ਵਧਾਉਣ ਵਿਰੁੱਧ ਉੱਠੇ ਵਿਦਰੋਹ ਦੇ ਪਹਿਲੇ ਹੱਲੇ, ਉਸ ਸਮੇਤ ਦਰਸ਼ਨ ਸਿੰਘ
ਫੇਰੂਮਾਨ, ਸੋਹਣ ਸਿੰਘ ਜਲਾਲ-ਉਲਮਾ, ਸੋਹਣ ਸਿੰਘ ਭਕਨਾ, ਬਾਬਾ ਕਿਸ਼ਨ ਸਿੰਘ, ਈਸ਼ਰ ਸਿੰਘ
ਵਰਗੇ ਸੱਤਰ ਆਗੂ ਫੜੇ ਗਏ। ਸਾਰੇ ਦੇ ਸਾਰੇ ਇੱਕ ਇਕ ਸਾਲ ਲਈ ਅੰਦਰ। ਰਿਹਾਅ ਹੋਣ ਪਿੱਛੋਂ
ਪੰਦਰਾਂ ਕੁ ਜਣੇ ਫ਼ਿਰ ਇਕੱਠੇ ਹੋਏ। ਬੰਦ ਪਿਆ ਮੋਰਚਾ 23 ਮਾਰਚ ‘39 ਨੂੰ ਲਾਹੌਰ ਤੋਂ ਫਿਰ
ਆਰੰਭ ਦਿੱਤਾ। ਯੋਗਰਾਜ ਪਹਿਲੇ ਜੱਥੇ ਦਾ ਆਗੂ। ਬਾਲ-ਬੱਚੇ ਸਮੇਤ ਅਸੈਂਬਲੀ ਹਾਲ ਵੱਲ ਨੂੰ
ਤੁਰਿਆ, ਰਾਹ ਵਿੱਚ ਹੀ ਰੋਕ ਲਿਆ ਗਿਆ। ਸੱਤ ਸੌ ਅੰਦੋਲਨਕਾਰੀ ਅੰਦਰ ਡੱਕੇ ਗਏ। ਉਸ ਨੂੰ
ਤਿੰਨ ਹਫਤੇ ਦੀ, ਪਤਨੀ ਈਸ਼ਰ ਕੌਰ ਨੂੰ, ਪੁੱਤਰੀ ਵਿਦਿਆ ਨੂੰ ਇੱਕ ਹਫ਼ਤੇ ਦੀ ਸਜ਼ਾ ਹੋ ਗਈ।
ਪਰ, ਮੋਰਚਾ ਚਲਦਾ ਰੱਖਿਆ ਸੀ। ਹਰਕਿਸ਼ਨ ਸਿੰਘ ਸੁਰਜੀਤ, ਭਾਗ ਸਿੰਘ ਸੱਜਣ, ਕਰਮ ਸਿੰਘ ਮਾਨ,
ਡਾ ਼ ਰਾਮ ਚੰਦਰ, ਪੰਡਿਤ ਮੰਗਲ ਦਾਸ ਨੇ। ਹਰ ਰੋਜ਼ ਸੌ ਡੂਢ ਸੌ ਕਿਸਾਨ ਗ੍ਰਿਫਤਾਰ ਹੁੰਦਾ
ਗਿਆ। ਬੇ-ਹੱਦ ਜ਼ੋਸ਼ ਸੀ ਕਿਸਾਨੀ ਸਫ਼ਾਂ ‘ਚ। ਨਾ ਰਾਸ਼ਨ-ਪਾਣੀ ਦੀ ਕਮੀ ਆਉਣ ਦਿੱਤੀ ਸੀ ਆਸ-ਪਾਸ
ਦੇ ਪਿੰਡਾਂ ਨੇ, ਨਾ ਮਰਜੀਵੜੇ ਪੁੱਤ-ਭਰਾ ਘਰੋਂ ਤੋਰਨ ਦੀ।
ਉਸਨੂੰ, ਤਿੰਨ ਹਫ਼ਤੇ ਦੀ ਸਜ਼ਾ ਕੱਟ ਕੇ ਬਾਹਰ ਆਏ ਨੂੰ ਬਾਗ਼ੀਆਨਾ ਤਕਰੀਰਾਂ ਕਰਨ ਦੇ ਜੁਰਮ ਹੇਠ
ਫਿਰ ਦੋ ਸਾਲਾਂ ਲਈ ਅੰਦਰ ਡੱਕ ਦਿੱਤਾ ਗਿਆ, ਪਰ ਸਾਥੀ ਸੰਚਾਲਕਾਂ ਦੀ ਅਪੀਲ ‘ਤੇ ਛੇਤੀ
ਰਿਹਾਅ ਹੋ ਗਿਆ। ਹੁਣ ਤਕ ਪੰਜਾਬ ਦੇ ਸਾਰੇ ਜ਼ਿਲ੍ਹੇ ਸਰਗਰਮ ਹੋ ਗਏ ਸਨ। ਕਿਸਾਨ ਇਸਤਰੀਆਂ ਵੀ
ਗ੍ਰਿਫਤਾਰੀ ਲਈ ਤਿਆਰ ਹੋਣ ਲੱਗ ਪਈਆਂ। ਅੰਮ੍ਰਿ਼ਤਸਰ ਜ਼ਿਲ੍ਹੇ ਤੋਂ ਇਸਤਰੀ ਜੱਥਾ ਉਸਨੇ ਤੇ
ਉਸਦੀ ਪਤਨੀ ਨੇ ਲਾਮ-ਬੰਦ ਕੀਤਾ ਸੀ। ਆਪ ਉਸਨੇ ਢੰਡ-ਕਸੇਲ ਤੋਂ ਦਸ ਇਸਤਰੀਆਂ ਤਿਆਰ ਕੀਤੀਆਂ।
ਪਤਨੀ ਈਸ਼ਰ ਕੌਰ ਨੇ ਭੰਗਾਲੀ ਤੋਂ ਸੱਤ। ਕੁਲ ਸਤਾਰਾਂ ਇਸਤਰੀਆਂ ਲਾਹੌਰ ਤਕ ਪੁੱਜਦੀਆ ਚਾਲੀ
ਹੋ ਗਈਆਂ ਸਨ, ਰਾਹ ‘ਚੋਂ ਰਲਦੀਆਂ। ਈਸ਼ਰ ਕੌਰ ਇਸ ਜੱਥੇ ਦੀ ਜੱਥੇਦਾਰ। ਕੁੱਛੜ ਇੱਕ ਸਾਲ ਦਾ
ਪੁੱਤਰ ਗੁਰਮੀਤ। ਮਈ ਮਹੀਨੇ ਦੀ ਅਤਿ ਦੀ ਗਰਮੀ। ਅਨਾਰਕਲੀ ਬਾਜ਼ਾਰੋਂ ਬਾਹਰ ਨਿਕਲਦਿਆਂ ਸਾਰ,
ਸਭ ਨੂੰ ਰੋਕ ਲਿਆ ਗਿਆ। ਸਾਰਾ ਇਸਤਰੀ ਜੱਥਾ ਅੰਦਰ ਡੱਕ ਦਿੱਤਾ। ਹਰ ਇੱਕ ਨੂੰ ਤਿੰਨ-ਤਿੰਨ
ਮਹੀਨੇ ਦੀ ਕੈਦ।
ਟੀਸੀ ‘ਤੇ ਪੁੱਜੇ ਮੋਰਚੇ ਦੀ ਗੂੰਜ ਪੰਜਾਬ ਅਸੈਂਬਲੀ ਅੰਦਰ ਵੀ ਗੂੰਜਣ ਲੱਗ ਪਈ ਸੀ। ਕਰੀਬ
ਤੀਹ ਹਜ਼ਾਰ ਮਰਦ-ਇਸਤਰੀਆਂ ਗ੍ਰਿਫਤਾਰ ਹੋ ਚੁੱਕੇ ਸਨ। ਸਰਕਾਰ ਟੱਸ ਤੋਂ ਮੱਸ ਨਹੀਂ ਸੀ ਹੋ
ਰਹੀ। ਮੋਰਚਾ ਲਮਕ ਗਿਆ। ਬਾਹਰ ਰੁਪਏ ਪੈਸੇ, ਰਾਸ਼ਨ-ਪਾਣੀ ਦੀ ਘਾਟ ਆਉਣ ਲੱਗ ਪਈ, ਅੰਦਰ ਗਰਮੀ
ਦਾ ਸੇਕ ਬਰਦਾਸ਼ਤ ਤੋਂ ਬਾਹਰ ਹੁੰਦਾ ਗਿਆ। ਉਸਦਾ ਫੁੱਲ ਜਿਹਾ ਬੱਚਾ ਜੇਲ੍ਹ ਦੇ ਹੁਸੜ ਨੇ
ਬੀਮਾਰ ਕਰ ਦਿੱਤਾ। ਉਸਨੂੰ ਚੜ੍ਹਿਆ ਬੁਖ਼ਾਰ ਟਾਈਫ਼ਾਈਡ ਵਿੱਚ ਬਦਲ ਗਿਆ। ਉਸ ਦੀ ਹਾਲਤ
ਦਿਨੋਂ-ਦਿਨ ਖ਼ਰਾਬ ਹੁੰਦੀ ਗਈ। ਮੈਜਿਸਟਰੇਟ ਨੇ ਬੱਚੇ ਨੂੰ ਬਾਹਰ ਲੈ ਜਾਣ ਦੀ ਆਗਿਆ ਵੀ
ਦਿੱਤੀ। ਪਰ, ਉਹ ਨਹੀ ਸੀ ਲਿਆਇਆ। ਉਸਨੂੰ ਬੱਚੇ ਨਾਲੋਂ ਵੱਧ ਮੋਰਚੇ ਦੀ ਚਿੰਤਾ ਸੀ। ਮੋਰਚੇ
ਨੂੰ ਆਈ ਰੁਪਏ ਪੈਸੇ ਦੀ ਥੁੜ ਦਾ ਫ਼ਿਕਰ ਸੀ। ਇਹ ਘਾਟ ਉਸਨੇ ਪੂਰੀ ਵੀ ਕਰ ਦਿੱਤੀ ਸੀ ਛੇਤੀ
ਹੀ, ਦੋ ਸੌ ਰੁਪਿਆ ਇਕੱਠਾ ਕਰਕੇ। ਇੱਕ ਸੌ ਉਸਨੇ ਪੰਜਾਰ ਯੂਨੀਵਰਸਿਟੀ ਦੇ ਰਜਿਸਟਰਾਰ ਪੀ ਼
ਐਨ ਼ ਦੱਤਾ ਤੋਂ ਉਗਰਾਹ ਲਿਆਂਦਾ ਸੀ। ਉਸਦੇ ਪੁੱਤਰ ਪ੍ਰੋ ਼ ਕਿਰਪਾਲ ਸਿੰਘ ਰਾਹੀਂ ਦਿਆਲ
ਸਿੰਘ ਕਾਲਜ ਪੁੱਜ ਕੇ, ਤੇ ਦੂਜਾ ... ਦੂਜਾ ਸੌ ਉਸਦੀ ਮੁੱਠ ‘ਚ ਆਪਣੇ ਆਪ ਪੁੱਜਦਾ ਹੋ ਗਿਆ।
ਉਸਦੇ ਇੱਕ ਵਾਕਫ਼ ਪੁਲਸ ਅਫ਼ਸਰ ਨੇ, ਉਸ ਨਾਲ ਹੱਥ ਮਿਲਾਉਣ ਦੇ ਬਹਾਨੇ ਅਨਾਰਕਲੀ ਬਾਜ਼ਾਰ ਵੱਲ
ਨੂੰ ਜਾਂਦੇ ਨੂੰ ਰੋਕ ਕੇ, ਇੱਕ ਤੇਜ਼-ਤਰਾਰ ਧਮਕੀ ਵੀ ਅਰਸਾਲ ਕੀਤੀ ਸੀ ਉਸ ਵੱਲ ਨੂੰ -
“ਦੋਖੋਂ, ਗੜਬੜ ਮੱਤ ਕਰਨਾ, ਵਰਨਾ ਛੋੜੂੰਗਾ ਨਹੀਂ ... ।”
ਇਕੱਠਾ ਹੋਇਆ ਫੰਡ ਮੋਰਚਾ ਅੱਪੜਦਾ ਕਰਕੇ ਉਸਨੇ ਕਿਸੇ ਨੂੰ ਡੋਲਣ ਨਹੀਂ ਸੀ ਦਿੱਤਾ। ਨਾ ਉਹ
ਆਪ ਡੋਲਿਆ ਸੀ। ਆਪਣੇ ਪੁੱਤਰ ਦੀ ਹੁਣ ਤਕ ਹੋਈ ਨਾ ਦੇਖ-ਸਕਣ ਯੋਗ ਹਾਲਤ ਦੇਖ ਕੇ ਵੀ। ਕਾ:
ਸੁਰਜੀਤ, ਕਾ: ਰਾਮ ਚੰਦਰ, ਮੰਗਲ ਦਾਸ, ਦੇਸ ਰਾਜ ਚੱਢਾ ਉਸਦੇ ਨਾਲ ਗਏ ਸਨ ਜੇਲ੍ਹ ਅੰਦਰ,
ਬੱਚੇ ਨੂੱ ਦੇਖਣ। ਹੁਣ ... ਹੁਣ ਕਿਸੇ ਪਾਸ ਕੋਈ ਚਾਰਾ ਨਹੀਂ ਸੀ ਬਚਿਆ, ਈਸ਼ਰ ਕੌਰ ਨੂੰ
ਦਿਲਾਸਾ ਦੇਣ ਤੋਂ ਸਿਵਾ। ਜੇਲ ਕਰਮਚਾਰੀ ਬੱਚੇ ਨੂੰ ਜੇਲੋਂ ਬਾਹਰ ਹਸਪਤਾਲ ਦਿਖਾਉਣ ਲਈ ਵੀ
ਲਿਆਏ ਸਨ, ਪਰ ਸਭ ਵਿਅਰਥ। ਆਖ਼ਿਰ ਦਸ ਕੁ ਦਿਨਾਂ ਪਿੱਛੋਂ ਗੁਰਮੀਤ ਦੀ ਲੱਥ ਯੋਗਰਾਜ ਦੇ
ਹਵਾਲੇ ਕਰ ਦਿੱਤੀ ਗਈ, ਲੌਢੇ ਕੁ ਵੇਲੇ। ਲਾਹੌਰ ਸੈਂਟਰਲ ਜੇਲ੍ਹ ਦੇ ਵੱਡੇ ਗੇਟ ‘ਤੇ ... ।
ਮੰਜੇ ਦੀ ਬਾਹੀ ‘ਤੇ ਰੱਖਿਆਂ, ਟਿੱਕੀਆਂ ਕੂਹਣੀਆਂ ਯੋਗਰਾਜ ਨੇ ਇੱਕ ਵਾਰ ਉਠਾ ਕੇ ਫਿਰ ਉਵੇਂ
ਹੀ ਟਿਕਾਈਆਂ ਕਰ ਲਈਆਂ। ਇਸ ਵਾਰ ਉਸਦੀ ਠੋਡੀ ਵੀ ਬਾਹਾਂ ਦੀ ਬਣੀ ਗੰਭਲੀ ‘ਤੇ ਰੱਖੀ ਗਈ।
ਉਸਦੀਆਂ ਅੱਖਾਂ ‘ਚ ਸਿਮ ਆਇਆ ਕਿੰਨਾ ਸਾਰਾ ਪਾਣੀ ਆਪ-ਮੁਹਾਰੇ ਉਸਦੀਆਂ ਖਾਖਾਂ ਵੱਲ ਨੂੰ
ਤਿਲਕ ਆਇਆ।
ਸਹਿ-ਸੁਭਾ ਹੀ ਉਸਦੀ ਨਿਗ਼ਾਹ ਉਸ ਵੱਲ ਦੇਖਦੀਆਂ ਗੁਰਬਖ਼ਸ਼ ਸਿੰਘ ਦੀਆਂ ਅੱਖਾਂ ਨਾਲ ਜਾ ਟਕਰਾਈ।
ਸਿਲ੍ਹ-ਸਲਾਬ੍ਹ ਦੀ ਥਾਂ ਇਹਨਾਂ ਅੰਦਰ ਉਸਨੂੰ, ਉਸ ਦਿਨ ਵਰਗਾ, ਬਿਲਕੁਲ ਉਵੇਂ ਦਾ ਹਿਰਖ਼-ਰੋਬ
ਭਰ ਹੋਇਆ ਜਾਪਿਆ। ... ਉਸ ਦਿਨ ਯੋਗਰਾਜ ਤੋਂ ਪਕੜ ਕੇ ਆਪਣੀ ਹਿੱਕ ਨਾਲ ਚਿਪਕਾਏ ਗੁਰਮੀਤ
ਨੇ, ਉਸ ਨੂੰ ਇੱਕ ਤਰ੍ਹਾਂ ਦਾ ਤਾਅ ਚਾੜ੍ਹ ਦਿੱਤਾ ਸੀ। ਉਸਦੀ ਟਿਕਵੀਂ ਰੋਹਬ-ਦਾਅਬ ਆਵਾਜ਼,
ਇਕ-ਦਮ ਗੂਸੈਲੀ-ਗੜ੍ਹਗਵੀਂ ਸੁਰ ‘ਚ ਬਦਲ ਗਈ ਸੀ। ਪ੍ਰਸ਼ਾਸਨ-ਪ੍ਰਬੰਧ ਦੀ ਮੁਰਦਾਬਾਦ ਕਰਦਿਆਂ
ਉਸਨੇ ਜ਼ਿੰਦਾਬਾਦ ਦੇ ਬੁਲੰਦ ਨਾਹਰੇ ਵਰਗੀ ਸ਼ਾਬਾਸ਼ ਦਿੱਤੀ ਸੀ ਯੋਗਰਾਜ ਨੂੰ। ਉਸਦੇ ਪੁੱਤਰ
ਗੁਰਮੀਤ ਨੂੰ ਵੀ। ਉਹਨਾਂ ਦੋਹਾਂ ਨੂੰ ਬੱਬਰ ਆਖਿਆ ਸੀ, ਦੁਆਬੇ ਦੇ ਬੱਬਰ-ਸ਼ੇਰ। ਕਿਸਾਨ
ਮੋਰਚੇ ਦੇ ਯੁੱਧ ਨਾਇਕ। ਸ਼ਹੀਦੀ ਮੋਰਚਿਆਂ ਦੇ ਹੀਰੋ।
ਉਸ ਦਿਨ ਇੱਕ ਪਾਸੇ ਗ਼ਿਲਾਨੀ ਭਰਿਆ ਰੋਹ ਸੀ, ਦੂਜੇ ਪਾਸੇ ਹਾਹਾਕਾਰ। ਹਨੇਰਾ ਪੈਣ ਤੋਂ
ਪਹਿਲਾਂ ਸੌਂ ਤੋਂ ਵੱਧ ਬੰਦੇ ਭੰਗਾਲੀਓਂ ਪੁੱਜ ਗਏ ਸਨ। ਇਹ ਗੁਰਬਖ਼ਸ਼ ਸਿੰਘ ਦੀ ਹੂਕ ਸੀ ਜਾਂ
ਮੋਰਚਾ ਸੰਚਾਲਕਾਂ ਦੀ ਤਮੰਨਾ ਕਿ ਗੁਰਮੀਤ ਤੀ ਸ਼ਹਾਦਤ ਨੂੰ ਨਸ਼ਰ ਕਰਨ ਦਾ ਫੈਸਲਾ ਹੋ ਗਿਆ। ਉਹ
ਰਾਤ ਬੱਚੇ ਦੀ ਲੋਥ ਨੂੰ ਬਰਫ਼ ਵਿੱਚ ਸਾਂਭ ਲਿਆ ਗਿਆ। ਰਾਤੋਂ ਰਾਤ ਇਸ਼ਤਿਹਾਰ ਛਪਵਾਏ ਗਏ।
ਜਲੂਸ ਦਾ ਸਮਾਂ ਕਿਮ ਲਿਆ ਗਿਆ।
ਅਗਲੇ ਦਿਨ ਹਜ਼ਾਰਾਂ ਲੋਕ ਬਰਦਲਾ ਹਾਲ ਤੋਂ ਅਨਾਰਕਲੀ ਬਾਜ਼ਾਰ ਲੰਘ ਕੇ ਲਾਹੌਰ ਛਾਉਣੀ ਵੱਲ ਨੂੰ
ਨਿਕਲ ਤੁਰੇ ਸਨ। ਬੱਚੇ ਦੀ ਲੋਥ ਫੁੱਲਾਂ ਨਾਲ ਲੱਦੀ ਗਈ। ਅੱਗੇ-ਅੱਗੇ ਮਾਤਮੀ ਬਾਜਾ। ਜਲੂਸ
ਪਿੱਛੋਂ ਜਲਸਾ, ਜਲਸੇ ਪਿੱਛੋਂ ਸਸਕਾਰ । ਬਰਕੀ ਰੋਡ ਪਾਰਟੀ ਦਫ਼ਤਰ ਦੇ ਵਿਹੜੇ ‘ਚ ਬਚੇ ਦੇ
ਨਾਂ ‘ਤੇ ਲਾਇਬਰੇਰੀ ਖੋਲ੍ਹਣ ਦਾ ਫੈਸਲਾ ਲਿਆ ਗਿਆ-ਗੁਰਮੀਤ ਲਾਇਬਰੇਰੀ। ਪਿਸ਼ਾਵਰੋ ਵਾਪਸੀ
‘ਤੇ ਕਾਂਗਰਸ ਪ੍ਰਧਾਨ ਸੁਭਾਸ਼ ਚੰਦਰ ਬੋਸ ਲਾਇਬਰੇਰੀ ਦਾ ਨੀਂਹ ਪੱਥਰ ਰੱਖਣਾ ਮੰਨ ਗਏ। ਬਹੁਤ
ਦੁੱਖੀ ਹੋਏ ਸਨ ਉਹ। ਇੱਕ ਤਰ੍ਹਾਂ ਦਾ ਹੰਗਾਮਾ ਖੜ੍ਹਾ ਹੋ ਗਿਆ ਸੀ। ਮੁੱਖ ਮੰਤਰੀ ਸਕੰਦਰ
ਹਯਾਤ ਖਾਂ ਨੂੰ ਮੁਆਫ਼ੀ ਮੰਗਣੀ ਪਈ ਸੀ ਲਾਹੌਰ ਅਸੈਂਬਲੀ ‘ਚ।
ਸਸਕਾਰ ਤੋਂ ਅਗਲੇ ਦਿਨ ਯੋਗਰਾਜ ਦੀ ਜ਼ਮਾਨਤ ਫ਼ਿਰ ਮਨਸੂਖ਼। ਅਗਲੇ ਦਿਨ ਹੋਈ ਪੇਸ਼ੀ ‘ਚ ਦੋ ਸਾਲ
ਕੈਦ ਮੁੜ ਬਹਾਲ ਕਰ ਦਿੱਤੀ ਗਈ। ਇਲਜ਼ਾਮ ਉਹੀ ਸਨ-ਭੜਕਾਊਂ ਭਾਸ਼ਨ। ਉਸਤੋਂ ਅਗਲੇ ਦਿਨ ਉਸਨੂੰ
ਲਾਹੌਰ ਤੋਂ ਰਾਵਲਪਿੰਡੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਸੀ।
ਪਰ, ਉਸਦਾ ਸਰਗਰਮ ਕੀਤਾ ਮੋਰਚਾ ਕਿਸੇ ਵੀ ਤਰ੍ਹਾਂ ਮੱਠਾ ਨਹੀਂ ਸੀ ਪਿਆ। ਸੈਂਕੜੇ ਕਿਸਾਨ
ਗ੍ਰਿਫ਼ਤਾਰ ਹੁੰਦੇ ਸਨ ਰੋਜ਼। ਇਹ ਉਸਦੇ ਗੁਰਮੀਤ ਦੀ ਸ਼ਹਾਦਤ ਦਾ ਅਸਰ ਸੀ ਕਿ ਕਿਸਾਨੀ ਸਫ਼ਾਂ
ਅੰਦਰ ਇਕ-ਦਮ ਭਖ਼ ਉੱਠੇ ਰੋਹ ਅੱਗੇ ਹਯਾਤ ਖਾਂ ਸਰਕਾਰ ਲਿਫ਼ ਗਈ। ਉਸਨੇ ਮੋਰਚੇ ਲੀਡਰ ਗੱਲ-ਬਾਤ
ਲਈ ਸੱਦ ਲਏ। ਉਸ ਨੂੰ ਵੀ ਰਾਵਲਪਿੰਡੀਉਂ ਲਾਹੌਰ ਲਿਆ ਕੇ ਰਿਹਾਅ ਕਰ ਦਿੱਤਾ ਗਿਆ, ਸ਼ਾਮੀ ਸੱਤ
ਕੁ ਵਜੇ ਸੋਹਣ ਸਿੰਘ ਭਕਨਾ, ਡਾ: ਭਾਗ ਸਿੰਘ, ਮੋਰਚਾ ਨਾਇਕ ਯੋਗਰਾਜ ਨੂੰ ਨਾਲ ਲੈ ਕੇ ਮੁੱਖ
ਮੰਤਰੀ ਦੀ ਕੋਠੀ ਚਲੇ ਗਏ। ਸਕੰਦਰ ਹਯਾਤ ਖਾਂ ਨੇ ਪਹਿਲਾਂ ਬੱਚੇ ਦਾ ਅਫ਼ਸੋਸ ਕੀਤਾ, ਫ਼ਿਰ
ਜੇਲ੍ਹ ਕਰਮਚਾਰੀਆਂ ਦੀ ਅਣਗਹਿਲੀ ਦੀ ਆਪਣੇ ਵੱਲੋਂ ਮੁਆਫ਼ੀ ਮੰਗੀ ਸੀ। ਅਗਲੀ ਗੱਲ ਬਾਤ ‘ਚ
ਕਿਸਾਨੀ ਮੰਗਾਂ ਮੰਨ ਲਈਆਂ ਗਈਆਂ। ਬਿਆਨ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ। ਮੋਰਚਾ
ਸੰਚਾਲਕਾਂ ਨੂੰ ਤਸੱਲੀ ਸੀ ਬਿਆਨ ‘ਤੇ। ਮੋਰਚਾ ਵਾਪਸ ਲੈ ਲਿਆ ਗਿਆ। ਸਾਰੇ ਅੰਦੋਲਨਕਾਰੀ
ਰਿਹਾਅ ਹੋ ਗਏ ਸਨ। ਮੋਰਚਾ ਦਫ਼ਤਰ ਬੰਦ ਕਰਕੇ ਗੁਰਬਖ਼਼ਸ਼ ਸਿੰਘ ਤਾਂ ਪਿੰਡ ਪਰਤ ਆਇਆ ਸੀ, ਪਰ
ਯੋਗਰਾਜ ਫ਼ਿਰ ਤੋ ਗ੍ਰਿਫ਼ਤਾਰ ਕਰ ਲਿਆ ਗਿਆ। ਸੰਨ ‘40 ਦੀ ਅਪੀਲ ਮਨਜ਼ੂਰ ਤਕ ਉਹ ਫ਼ਿਰ ਅੰਦਰ
ਰਿਹਾ ਸੀ।
ਹੁਣ ਤਕ ਸ਼ਾਂਤ ਚਿੱਤ ਪਏ ਗੁਰਬਖ਼ਸ਼ ਸਿੰਘ ਨੇ ਯੋਗਰਾਜ ਦੇ ਮਨ ਮਸਤਕ ਰਾਹੀਂ ਨਸ਼ਰ ਹੁੰਦੀ ਰਹੀ
ਮੂਕ-ਇਬਾਰਤ ਜਿਵੇਂ ਸਾਰੀ ਦੀ ਸਾਰੀ ਸੁਣ ਲਈ ਸੀ। ਇੱਕ ਵਾਰ ਫਿਰ ਉਸ ਨੇ ਹਿੰਮਤ ਕਰਕੇ ਆਪਣੇ
ਆਪ ਉੱਠ ਕੇ ਬੈਠਣ ਲਈ ਹੰਭਲਾ ਮਾਰਿਆ। ਉਸ ਵੇਲੇ ਨਿਢਾਲ ਹੋਏ ਅੰਗਾਂ-ਪੈਰਾਂ ਨੇ ਥੋੜ੍ਹੀ ਕੁ
ਜਿੰਨੀ ਹਿਲ-ਜੁਲ ਕਰ ਵੀ ਲਈ। ਉੇਸੇ ਵੇਲੇ ਯੋਗਰਾਜ ਨੇ ਉਸਨੂੰ ਆਸਰਾ ਦੇ ਕੇ, ਪੁਆਂਦੀ ਪਈ
ਰਜਾਈ ਉਸਦੀ ਪਿੱਠ ਪਿੱਛੇ ਰੱਖ ਕੇ ਸਹਾਰਾ-ਢੋਅ ਬਣਾ ਦਿੱਤੀ।
ਥੋੜ੍ਹਾ ਕੁ ਚਿਰ ਪਹਿਲਾਂ ਗੁਰਬਖ਼ਸ਼ ਸਿੰਘ ਦੀਆਂ ਅੱਖਾਂ ‘ਚ ਭਰ ਆਈ ਰੋਹ-ਕਰੋਧ ਦੀ ਗਹਿਰ
ਯੋਗਰਾਜ ਨੂੰ ਹੁਣ ਪੂਰੀ ਗ਼ਾਇਬ ਹੋਈ ਜਾਪੀ। ਇਹਨਾਂ ਅੰਦਰ ਹੁਣ ਇੱਕ ਤਰ੍ਹਾਂ ਦੀ ਲਿਸ਼ਕ-ਚਮਕ
ਉੱਘੜ ਆਈ ਸੀ। ਜਗਦੀ ਮਸ਼ਾਲ ਵਰਗੀ ਲਿਸ਼ਕ-ਲਿਸ਼ਕੋਰ। ਇਸ ਵਿੱਚ ਢੇਰ ਸਾਰਾ ਮਾਣ-ਫ਼ਖਰ ਸ਼ਾਮਲ ਸੀ,
ਥੋੜ੍ਹਾ ਕੁ ਜਿੰਨਾ ਗੁੱਸਾ-ਰੋਸਾ। ਇਵੇਂ ਦਾ ਗੁੱਸਾ-ਰੋਸਾ ਗੁਰਬਖ਼ਸ਼ ਸਿੰਘ ਨੇ ਉਸ ਉੱਤੇ
ਪਹਿਲਾਂ ਵੀ ਕੀਤਾ ਸੀ, ਉਸਦੇ ਕਿਸਾਨ ਮੋਰਚੇ ਸੰਭਾਲਣ ਤੋਂ ਪਹਿਲਾਂ। ਸਹਿਕਾਰੀ ਬੈਂਕ ਦੀ
ਨੌਕਰੀ ਸਮੇਂ ਲਾਇਲਪੁਰੋਂ ਬਦਲ ਹੋ ਕੇ ਦੀਨਾ ਨਗਰ ਆਏ ਯੋਗਰਾਜ ਨੇ ਭਾਰਤ ਨੌਜਵਾਨ ਸਭਾ ਦੀ
ਭਰਤੀ ਕਰਨ ਲੱਗਿਆਂ, ਚੰਗੀ ਤਰ੍ਹਾਂ ਛਾਣ-ਬੀਣ ਨਹੀਂ ਸੀ ਕੀਤੀ ਮੈਂਬਰਾਂ ਦੀ। ਪੂਰੀ ਤਰ੍ਹਾਂ
ਟੋਹਿਆ-ਪਰਖਿਆ ਨਹੀਂ ਸੀ, ਨਾ ਉਸਨੇ ਨਾ ਉਸਦੇ ਜੁੱਟ ਤਾਰਾ ਸਿੰਘ, ਹਜ਼ਾਰਾ ਸਿੰਘ ਨੇ। ਉਹਨਾਂ
ਅਜਾਇਬ ਸਿੰਘ ਵਰਗੇ ਕੱਚੇ-ਪਿੱਲੇ ਬੰਦੇ ਵੀ ਸ਼ਾਮਲ ਕਰ ਲਏ ਸਨ, ਸਿਰ-ਲੱਥਾਂ ਦੀ ਪਾਲ ‘ਚ।
ਕੱਚੇ-ਪਿੱਲੇ ਵੀ, ਡਰੂ-ਡਰਾਕਲ ਵੀ।
ਭਗਤ ਸਿੰਘ ਨੂੰ ਫ਼ਾਸੀ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਐਸ ਼ ਪੀ ਼ ਅਬਦੁੱਲ ਅਜ਼ੀਜ਼
ਖਾਨ ਨੂੰ ਪਾਰ ਬਲਾਉਣ ਦਾ ਫੈਸਲਾ ਵੀ ਸਭਾ ਦੀ ਗੁਰਦਾਸਪੁਰ ਯੂਨਿਟ ਦੇ ਆਪਣੇ ਆਪ ਹੀ ਕਰ ਲਿਆ
ਸੀ। ... ਲਾਹੌਰ ਉਸਦੀ ਜਾਨ ਨੂੰ ਖ਼ਤਰਾ ਭਾਂਪਦਿਆਂ, ਮਹਿਕਮੇ ਨੇ ਉਸ ਨੂੰ ਗੁਰਦਾਸਪੁਰ ਤਬਦੀਲ
ਕਰ ਦਿੱਤਾ। ਯੋਗਰਾਜ ਹੋਣਾਂ ਨੂੰ ਹੋਰ ਵੀ ਸੌਖ ਹੋ ਗਈ। ਉਹਨਾਂ ਤੱਟ-ਫੱਟ ਐਕਸ਼ਨ ਉਲੀਕ ਲਿਆ।
ਡੀ ਼ ਸੀ ਼ ਦਫ਼ਤਰ ‘ਚ ਕਲਰਕ ਹੋਣ ਨਾਤੇ ਤਾਰਾ ਸਿੰਘ ਨੇ ਅੰਦਰਲੀ ਹਿਲਜੁਲ ‘ਤੇ ਨਜਰ ਰੱਖਣੀ
ਸੀ। ਯੋਗਰਾਜ, ਕਾਂਸ਼ੀ ਰਾਮ, ਹਜ਼ਾਰਾ ਸਿੰਘ ਨੇ ਹਥਿਆਰਬੰਦ ਹੋ ਕੇ ਗੇਟੋਂ ਬਾਹਰ ਖੜ੍ਹੇ ਹੋਣਾ
ਸੀ ਕਾਰ ‘ਚ। ਅਬਦੁੱਲ ਅਜ਼ੀਜ਼ ਨੂੰ ਬਾਹਰ ਨਿਕਲਦੇ ਸਾਰ ਗੋਲੀ ਮਾਰ ਦੇਣੀ ਸੀ। ਪਰ ਉਸ ਦਿਨ ...
ਉਸ ਰਸਤਿਉਂ ਉਹ ਬਾਹਰ ਹੀ ਨਾ ਨਿਕਲੀਆ। ਸਕੀਮ ਫੇਲ੍ਹ ਹੋ ਗਈ। ਪਰ, ਉਹਨਾਂ ਅੰਦਰ ਲੱਟ-ਲੱਟ
ਕਰਦੀ ਬਦਲਾ ਲੈਣ ਦੀ ਅੱਗ, ਕਿਸੇ ਤਰ੍ਹਾਂ ਮੱਠੀ ਨਹੀਂ ਸੀ ਪਈ।
ਬਚ-ਬਚਾਅ ਰੱਖਣ ਲਈ ਉਹ ਉਸ ਰਾਤ ਐਧਰ-ਓਧਰ ਖਿਸਕੇ ਰਹੇ ਸਨ। ਆਪੋ-ਆਪਣੇ ਕਮਰਿਆਂ ਵਿੱਚ ਵੀ
ਨਹੀਂ ਸੀ ਗਏ।
ਅਗਲਾ ਦਿਨ ਐਤਵਾਰ, ਛੁੱਟੀ ਵਾਲਾ ਦਿਨ।
ਐਤਵਾਰ ਸਮੇਤ ਸਿਰਫ਼ ਚਾਰ ਦਿਨ ਬਾਕੀ ਸਨ ਮਹੱਰਮ ‘ਚ। ਜਿਸ ਰਾਹ ਤੋਂ ਜਲੂਸ ਲੰਘਣਾ ਸੀ, ਉਸ
ਰਾਹ ‘ਚ ਇੱਕ ਰੁੱਖ ਸੀ ਪਿੱਪਲ ਦਾ, ਵੱਡਾ-ਭਾਰਾ। ਲੰਮੇ-ਲੰਮੇਂ ਟਾਹਣਿਆਂ ਵਾਲਾ। ਤਾਜ਼ੀਆਂ
ਲੰਘਾਉਣ ਲਈ ਹਰ ਵਰ੍ਹੇ ਇਸ ਰੁੱਖ ਦੀ ਕੋਈ ਨਾ ਕੋਈ ਝੁਕੀ ਟਾਹਣੀ ਵੱਢਣੀ ਪੈਂਦੀ। ਇਸ ਗੱਲੇ
ਹਿੰਦੂ ਲੋਗ ਖਿਝਦੇ। ਪਿੱਪਲ ਦੇਵਤਾ ਦੇ ਛਾਂਗੇ ਜਾਣ ‘ਤੇ ਕਲਪ ਉੱਠਦੇ । ਬਹੁਤੇ,
ਡਾਂਗਾਂ-ਸੋਟੇ ਵੀ ਚੱਕ ਲੈਂਦੇ। ਹਰ ਵਰ੍ਹੇ ਹੱਥੋਂ -ਪਾਈ ਹੁੰਦੀ। ਕਈ ਵਾਰੀ ਲੜਾਈ-ਝਗੜਾ
ਵਧਿਆ ਵੀ । ਪ੍ਰਸ਼ਾਸਨ ਨੂੰ ਹਰ ਵਾਰ ਪਹਿਰਾ ਦੇਣਾ ਪੈਂਦਾ। ਡੀ ਼ ਸੀ ਼ ਐੱਸ ਼ ਪੀ ਼ ਖੁਦ
ਹਾਜ਼ਰ ਰਹਿੰਦੇ। ਵੱਡੀ ਫੋਰਸ ਲੈ ਕੇ। ਉਸ ਵਾਰ ਅਬਦੁੱਲ ਅਜ਼ੀਜ਼ ਖਾਨ ਦੀ ਵਾਰੀ ਸੀ। ਯੋਗਰਾਜ
ਹੋਰਾਂ ਨੂੰ ਲਗਦੇ ਹੱਥ ਹੀ ਮੌਕਾ ਮਿਲ ਗਿਆ। ਉਹਨਾਂ ਅਗਲੀ ਰਾਤੇ ਉਸ ਪਿੱਪਲ ਦੇ ਆਸ-ਪਾਸ ਪੰਜ
ਬੰਬ ਫਿੱਟ ਕਰ ਦਿੱਤੇ। ਵਿਚਕਾਰ ਦੋ ਦਿਨ ਦਾ ਵਕਫ਼ਾ ਸੀ। ਤਾਰਾ ਸਿੰਘ, ਹਜ਼ਾਰਾ ਸਿੰਘ ਨੇ
ਮੂਲੇ-ਚੱਕ ਵਾਲਾ ਐਕਸ਼ਨ ਸਿਰੇ ਚਾੜ੍ਹਨ ਦੀ ਯੋਜਨਾ ਬਣਾ ਲਈ।
ਅੰਮ੍ਰਿਤਸਰ ਜ਼ਿਲ੍ਹੇ ਦੇ ਮੂਲੇਚੱਕ ਦੇ ਜਗੀਰਦਾਰ ਨੇ ਆਪਣੀ ਆਕਸਫੋਰਡ ਗਰੇਜੂਏਟ ਧੀ ਦਾ ਆਪ
ਕਤਲ ਕੀਤਾ ਸੀ। ਉਹ ਭਾਰਤ ਨੌਜਵਾਨ ਸਭਾ ਦੀ ਮੈਂਬਰੀ ਨਹੀ ਸੀ ਛੱਡਦੀ। ਤਾਰਾ ਸਿੰਘ, ਹਜ਼ਾਰਾ
ਸਿੰਘ ਨੇ ਜਗੀਰਦਾਰ ਨੂੰ ਪਾਰ ਬੁਲਾਉਣ ਦਾ ਜੁੰਮਾ ਅਜਾਇਬ ਸਿੰਘ, ਬਲਵੀਰ ਸਿੰਘ ਨੂੰ ਸੌਂਪ
ਦਿੱਤਾ। ਅਗਲੇ ਦਿਨ ਸਵੇਰੇ ਉਹਨਾਂ ਦੋਨਾਂ ਨੂੰ ਪਹਿਲੀ ਬੱਸੇ ਚਾੜ੍ਹ ਕੇ ਆਪ ਮਗਰ ਪੁੱਜਣਾ ਸੀ
ਉਹਨਾਂ ਦੇ। ਪਰ, ਅਜਾਇਬ ਸਿੰਘ ਨੇ ਸਾਰੀ ਯੋਜਨਾ ਆਪਣੇ ਮਾਮੇ ਤੇ ਪੁੱਤਰ ਪਟਵਾਰੀ ਨੰਦ ਸਿੰਘ
ਪਾਸ ਉਂਗਲ ਦਿੱਤੀ। ਨੰਦ ਸਿੰਘ ਨੇ ਅੱਗੇ ਪੁਟਆਰਪੁਣੇ ਦਾ ਮੁਜ਼ਾਹਰਾ ਕਰ ਛੱੜਿਆ। ਉਸਨੇ ਸਾਰਾ
ਭੇਦ ਪੁਲਿਸ ਤਕ ਅੱਪੜਦਾ ਕਰ ਦਿੱਤਾ। ਬਲਵੀਰ ਸਿੰਘ, ਅਜਾਇਬ ਸਿੰਘ ਅੰਮ੍ਰਿਤਸਰ ਜਾਂਦੇ
ਧਾਰੀਵਾਲ ਬੱਸ ਅੱਡੇ ‘ਤੇ ਫੜੇ ਗਏ, ਪਸਤੌਲਾਂ ਸਮੇਤ। ਉਹਨਾਂ ਦੀ ਕੁੱਟ-ਫੰਡ ਹੋਈ, ਉਹਨਾਂ
ਝੱਟ ਸਾਰਾ ਕੁੱਝ ਉਗਲ ਦਿੱਤਾ। ਯੋਗਰਾਜ ਸਮੇਤ ਤੇਤੀ ਬੰਦੇ ਫੜੇ ਗਏ। ਤਿੰਨ-ਤਿੰਨ ਮਹੀਨੇ
ਪੁਲੀਸ ਹਿਰਾਸਤ ‘ਚ ਰਹੇ। ਸਿਰੇ ਦਾ ਤਸ਼ੱਦਦ ਹੋਇਆ ਸਭ ‘ਤੇ। ਚਾਰ ਵਾਇਦਾ-ਮੁਆਫ਼ ਗਵਾਹ ਬਣ ਗਏ।
ਬਾਕੀਆਂ ‘ਤੇ ਮੁਕੱਦਮੇ ਚੱਲੇ। ਕਿਸੇ ਨੂੰ ਤਿੰਨ ਸਾਲ, ਕਿਸੇ ਨੂੰ ਚਾਰ ਸਾਲ, ਕਿਸੇ ਨੂੰ ਸੱਤ
ਸਾਲ। ਤਾਰਾ ਸਿੰਘ, ਹਜ਼ਾਰਾ ਸਿੰਘ ਨੂੰ ਤੇਰਾਂ ਤੇਰਾਂ ਸਾਲ। ਯੋਗਰਾਜ ਨੂੰ ਚੌਦਾਂ ਸਲਾ ਦੀ
ਕੈਦ ਹੋਈ, ਬਾ-ਮੁਸ਼ੱਕਤ।
ਲਾਹੌਰ ਦੀ ਸੈਂਟਰਲ ਜੇਲ੍ਹ। ਨਾ ਕਿਸੇ ਬਾਹਰਲੇ ਨੂੰ ਮਿਲਣ ਦੀ ਆਗਿਆ , ਨਾ ਅੰਦਰ ਇੱਕ ਦੂਜੇ
ਨੂੰ ਦੇਖਣ ਦੀ। ਬੇੜੀਆਂ, ਹੱਥਕੜੀਆਂ ਪੱਕੀਆਂ। ਸਜ਼ਾਵਾਂ ਵਿਰੁੱਧ ਕੀਤੀ ਅਪੀਲ ਦਾ ਫੈਸਲਾ
ਕਿਧਰੇ ਛੇਈਂ ਮਹੀਨੀਂ ਹੋਇਆ ਸੀ। ਯੋਗਰਾਜ ਦੀ ਚੌਦਾਂ ਸਾਲ ਕੈਦ, ਸੱਤ ਸਾਲ ਰਹਿ ਗਈ ਸੀ।
ਪੂਰੇ ਸੱਤ ਸਾਲ ਅੰਦਰ ਕੱਟ ਕੇ, ਇਸ ਵਾਰ ਵੀ ਯੋਗਰਾਜ ਕਿਧਰੇ ਨਹੀਂ ਸੀ ਗਿਆ। ਇਥੇ ਥਾਂ
ਪੁੱਜਾ ਸੀ, ਗੁਰਬਖ਼ਸ਼ ਸਿੰਘ ਦੀ ਹਵੇਲੀ। ਹਾਰਿਆ-ਝੰਬਿਆ, ਮੂੰਹ-ਸਿਰ ਲਮਕਾਈ, ਉਦਾਸ ਤੇ
ਗ਼ਮਗੀਨ। ਇਵੇਂ ਦੀ ਉਦਾਸੀ ਉਸਦੇ ਮੂੰਹ-ਚਿਹਰੇ ‘ਤੇ ਪਹਿਲੋਂ ਕਦੀ ਨਹੀਂ ਸੀ ਦੇਖੀ, ਨਾ
ਗੁਰਬਖ਼ਸ਼ ਸਿੰਘ ਨੇ, ਨਾ ਸਮਿੱਤਰ ਨੇ ... ।
ਮੰਜੇ ਦੀ ਬਾਹੀ ਤੋਂ ਠੋਡੀ ਉੱਪਰ ਨੂੰ ਚੁੱਕਦਿਆਂ ਯੋਗਰਾਜ ਨੇ ਐਧਰ-ਓਧਰ ਤਰਵੀਂ ਜਿਹੀ ਨਿਗ਼ਾਹ
ਮਾਰੀ। ਹਵੇਲੀ ਦੀ ਦਿੱਖ ਬਿਲਕੁਲ ਉਸੇ ਤਰ੍ਹਾਂ ਦੀ ਸੀ। ਕਈ ਵਰ੍ਹੇ ਪਹਿਲਾਂ ਵਰਗੀ। ਉਹੀ
ਪੱਕੀਆਂ ਇੱਟਾਂ ਦੇ ਪੀਲਪਾਵੇ, ਕੱਚੀਆਂ ਇੱਟਾਂ ਦੇ ਭਿੱਤ। ਕੁਲ ਛੇ ਖ਼ਾਨੇ ਦੀ ਛਤੌੜ। ਬਾਕੀ
ਸਾਰਾ ਵਿਹੜਾ ਖੁੱਲ੍ਹਾ-ਮੋਕਲਾ ਪਸ਼ੂਆਂ-ਡੰਗਰਾਂ ਲਈ ਵੀ, ਰੁੱਖਾਂ-ਬਿਰਖਾਂ ਲਈ ਵੀ। ਸਿਰਫ਼
ਗੁਰਬਖ਼ਸ਼ ਸਿੰਘ ਦਾ ਮੰਜਾ ਡਾਹੁਣ ਲਈ ਢਾਰੇ ਨਾਲ ਜੁੜਵੀਂ ਸਿਰਕੀ ਦੀ ਥਾਂ ਇੱਕ ਬੈਠਕ ਉਸਦੀ
ਸੀ, ਪੱਕੀ। ਦੋ ਢਾਈ ਖ਼ਾਨੇ ਦੀ। ਜਾਂ ਰਾਹ ਵਾਲੇ ਪਾਸੇ ਲੱਗਾ ਸੀ ਕੰਡਿਆਲੀ ਤਾਰ ਵਗ਼ਲ ਹੋ ਕੇ।
ਯੋਗਰਾਜ ਨੂੰ ਜ਼ੋਰਦਾਰ ਝਟਕਾ ਲੱਗਾ। ਬੀਤੀ ਪੌਣੀ ਸਦੀ ਦਾ ਇਤਿਹਾਸ ਉਸਦੀਆਂ ਅੱਖਾਂ ਅੱਗੇ ਫੈਲ
ਗਿਆ। ਗੁਰਬਖ਼ਸ਼ ਸਿੰਘ ਵਰਗੇ ਕਈ ਸਾਰੇ ਹੱਠ-ਧਰਮੀ ਉਸਦੀ ਸਿਮਰਤੀ ‘ਚ ਉਤਰ ਆਏ। ਕਿਸੇ ਨੇ ਵੀ
ਉਸ ਜਿੰਨੀ ਜਾਨਮਾਰੀ ਨਹੀਂ ਸੀ ਕੀਤੀ। ਜਿੰਨੇ ਕੀਤੀ ਵੀ ਸੀ, ਉਸਨੇ ਵੀ ਮੌਕਾ ਸਾਂਭ ਲਿਆ ਸੀ।
ਵਕਤ ਵਿਚਾਰ ਲਿਆ ਸੀ, ਹਵਾ ਦਾ ਰੁੱਖ ਦੇਖ ਕੇ। ਕੋਈ ਕਿਸੇ ਧਿਰ ਨਾਲ ਜਾ ਰਲ੍ਹਿਆ ਸੀ, ਕੋਈ
ਕਿਸੇ ਨਾਲ। ਕੋਈ ਕਿਧਰੇ ਵੀ ਨਹੀਂ ਸੀ ਗਿਆ। ਬੱਸ, ਆਪਣੇ ਆਪ ਨਾਲ ਹੀ ਨੱਥੀ ਹੋਇਆ ਰਿਹਾ ਸੀ,
ਉਸ ਵਾਂਗ। ਕਾਰੋਬਾਰੀ ਧੰਦਿਆਂ ‘ਚ। ਫ਼ਰੀਫਮ-ਫ਼ਾਇਟਰ ਕੋਟੇ ‘ਚੋਂ ਪਹਿਲਾਂ ਉਹ ਡੀਪੂ ਹੋਲਡਰ
ਬਣਿਆ ਰਿਹਾ, ਫਿਰ ਪੈਟਰੋਲ-ਪੰਪ ਮਾਲਕ। ਹੁਣ ਉਹ ਆੜ੍ਹਤੀਆ ਵੀ ਸੀ ਤੇ ਰਾਈਸ-ਮਿੱਲ ਮਾਲਕ ਵੀ।
ਨਾਂ ਸਭ ਥਾਈਂ ਉਸਦੇ ਗੁਰਮੀਤ ਦਾ ਹੀ ਚੱਲਦਾ, ਸ਼ਹੀਦ ਗੁਰਮੀਤ ਸਿੰਘ ਦਾ। ਸਾਰੇ ਕਾਰੋਬਾਰ ਤੋਂ
ਛੋਟੇ ਸਾਂਭਦੇ ਸਨ। ਤੇ ਆਪ ... ਆਪ ਬੱਸ ਸੈਰੋ-ਤਫ਼ਰੀਹ। ਕਦੀ ਕਿਧਰੇ, ਕਦੀ ਕਿਧਰੇ। ਬਣ-ਸੰਵਰ
ਕੇ, ਚਿੱਟੇ ਕੱਪੜੇ ਪਾ ਕੇ।
ਸਹਿ-ਸੁਭਾ ਹੀ ਯੋਗਰਾਜ ਤੋਂ ਆਪਣੇ ਦੁੱਧ-ਚਿੱਟੇ ਕੁੜਤੇ-ਪਜਾਮੇ ਵੱਲ ਨੂੰ ਮੁੜ ਕੇ ਦੇਖਿਆ
ਗਿਆ । ਉਹ ਚੰਗੇ-ਚੋਖੇ ਲਿੱਬੜੇ ਹੋਏ ਸਨ। ਹੁਣ ਉਸਨੂੰ ਮਿੱਟੀ-ਘੱਟੇ ‘ਚ ਵੱਜੀ ਚੌਕੜੀ
ਬੇ-ਹੱਦ ਓਪਰੀ ਓਪਰੀ ਜਿਹੀ ਲੱਗਣ ਲੱਗ ਪਈ, ਐਵੇਂ ਵਿਖਾਵਾ ਕਰਨ ਵਰਗੀ । ਬੈਠੇ ਬੈਠੇ ਨੇ
ਉਸਨੇ ਵਾਹ ਲਗਦੀ ਨੂੰ ਦੋਨੋਂ ਕੱਪੜੇ ਥੋੜ੍ਹਾ ਬਹੁਤ ਝਾੜ ਵੀ ਲਏ। ਗੁਰਬਖ਼ਸ਼ ਸਿੰਘ ਦਾ ਉਸਦੀ
ਇਸ ਕਿਰਿਆਂ ਵੱਲ ਰਤੀ ਭਰ ਵੀ ਧਿਆਨ ਨਹੀਂ ਸੀ। ... ਉਸਦੀਆਂ ਤਾਂ ਯੋਗਰਾਜ ਦੀ ਮੂਕ ਅਬਾਰਤ
ਸੁਣਦੇ ਸੁਣਦੇ ਦੀਆਂ ਅੱਖਾਂ, ਬੇ-ਹੱਦ ਸਹਿਜਦਾ ਨਾਲ ਮੀਟ ਹੁੰਦੀਆਂ ਗਈਆਂ ਸਨ। ਆਪਣੇ ਆਪ
ਮੁੰਦ ਹੁੰਦੀਆਂ ਗਈਆਂ ਸਨ। ਇਹ ਜਿਵੇਂ ਯੋਗਰਾਜ ਵੱਲ ਨੂੰ ਦੇਖਦੀਆਂ ਦੇਖਦੀਆਂ ਥੱਕ ਗਈਆਂ ਸਨ,
ਜਾਂ ਰੱਜ-ਪੁੱਜ ਗਈਆ ਸਨ। ਬਿਨਾਂ ਅੰਦਰੋਂ ਹੁਣ ਜਿਵੇਂ ਹੋਰ ਕਿਸੇ ਨੂੰ ਦੇਖਣ-ਮਿਲਣ ਦੀ ਤਾਂਘ
ਹੀ ਖ਼ਾਰਜ ਹੋਂ ਗਈ ਸੀ।
ਗੁਰਬਖ਼ਸ਼ ਸਿੰਘ ਨੂੰ ਨੀਂਦ ਝੌਂਕਾ ਆਇਆ ਸਮਝ ਕੇ ਯੋਗਰਾਜ ਨੇ ਵੀ ਹੇਠਾਂ ਮਾਰੀ ਚੌਕੜੀ ਪੁੱਟ
ਲਈ। ਉਸਦੀ ਮੰਜੀ ਤੋਂ ਥੋੜ੍ਹਾ ਹਟਵਾਂ ਖੜੋ ਕੇ, ਉਸਨੇ ਫ਼ਿਰ ਲਿਬੜੇ ਕਪੜੇ ਝਾੜ ਲਏ।
ਅਗਲੇ ਹੀ ਪਲ, ਉਸਨੇ ਪੈਰ ਟਿਕਵੀਂ ਚਾਲੇ ਤੁਰੇ, ਬਾਹਰਲੇ ਗੇਟ ਵੱਲ ਨੂੰ ਨਿਕਲ ਗਏ।
ਉਸਦੇ ਜਾਂਦਿਆਂ ਸਾਰ, ਢਾਰੇ ਨਾਲ ਜੁੜਵੀਂ ਛੋਟੀ ਬੈਠਕ ਅੰਦਰੋਂ ਸਮਿੱਤਰ ਨੇ ਦੁਆਈਆਂ ਵਾਲੀ
ਥੈਲੀ ਗੁਰਬਖ਼ਸ਼ ਸਿੰਘ ਦੇ ਸਰ੍ਹਾਣੇ ਲਿਆ ਰੱਖੀ। ਨਲਕੇ ਤੋਂ ਪਾਣੀ ਦੀ ਗੜਵੀਂ ਦੀ ਭਰ ਕੇ ਮੁੜੇ
ਨੇ ਉਸਨੇ ਗੁਰਬਖ਼ਸ਼ ਸਿੰਘ ਨੂੰ ਹਲਕੀ ਜਿਹੀ ਆਵਾਜ਼ ਮਾਰੀ- “ਭਾਅ ... ਯੋਗਰਾਜ ਨੂੰ ਮਿਲ ਕੇ
ਬੜੀ ਗੂੜ੍ਹੀ ਨੀਂਦ ਆ ਗਈ ਆ ... ਹੈਂਅ ... ।”
ਗੁਰਬਖ਼ਸ਼ ਸਿੰਘ ਫ਼ਿਰ ਚੁੱਪ ਸੀ।
ਉਸਨੂੰ ਸੱਚ-ਮੁੱਚ ਦੀ ਗੂੜ੍ਹੀ ਮਿੱਠੀ ਨੀਂਦ ਆ ਗਈ ਸੀ। ਹੁਣ ਼ ਼ ਹੁਣ ਉਸਦੇ ਬਖ਼ਸ਼ੇ ਭਾਅ ਨੂੰ
ਕਿਸੇ ਦਾਰੂ-ਦਰਮਲ ਦੀ ਲੋੜ ਨਹੀਂ ਸੀ ਰਹੀ।
-5-
ਵਿਹੜੇ ‘ਚ ਪਸਰੀ ਕੋਸੀ ਕੋਸੀ ‘ਚ ਧੁੱਪ ‘ਚ ਕੰਧ ਨਾਲ ਢੋਅ ਲਾਈ ਬੈਠੇ ਸਮਿੱਤਰ ਨੇ ਅੱਖਾਂ ‘ਚ
ਉਮੜ ਆਏ ਅੱਥਰੂ, ਮੋਢੇ ‘ਤੇ ਲਟਕਦੇ ਪਰਨੇ ਨਾਲ ਸਾਫ਼ ਕੀਤੇ। ਵਾਗਲੇ ਦੇ ਵੱਡੇ ਗੇਟ ਤੋਂ ਬੈਠਕ
ਵੱਲ ਨੂੰ ਤੁਰਿਆ ਆੳ਼ੁਂਦਾ ਉਸਨੂੰ ਟਾਵਾਂ-ਟਾਵਾਂ ਆਕਾਰ ਸਾਫ਼-ਸਾਫ਼ ਦਿਸਣ ਲੱਗ ਪਿਆ। ਮੋਟੇ
ਸ਼ੀਸ਼ਿਆਂ ਦੀ ਐਨਕ ਥਾਂ ਸਿਰ ਕਰਦੇ ਨੇ ਉਸਨੇ ਇੱਕ ਜਣੇ ਨੂੰ ਪਛਾਣ ਲਿਆ। ਇਹ ਸੋਹਣਾ ਸੀ,
ਕੱਲੋਵਾਲੀਆ ਸੋਹਣ ਸਿੰਘ। ਉਸ ਦਾ ਹਮ-ਜਮਾਤੀ। ਦੋਨੋਂ ਚਾਰ ਜਮਾਤਾਂ ਇਕੱਠੇ ਪੜ੍ਹੇ ਸਨ,
ਇਸਲਾਮੀਆਂ ਸਕੂਲ। ਪਹਿਲੀ ਤੋਂ ਚੌਥੀ ਤਕ। ਦੋਨੋਂ ਬਰਾਬਰ ਦੇ ਘੋਲੀ ਸਨ। ਇਕੋ ਜਿਹੇ
ਹੁੰਦੜ-ਹੇੜ। ਦੋਨਾਂ ਦੀਆਂ ਵੀਣੀਆਂ ਕੌਡ-ਕਬੱਡੀ ਖੇਡਦਿਆ ਕਿਸੇ ਤੀਜੇ ਦੀ ਪਕੜ ਵਿੱਚ ਨਹੀਂ
ਸਨ ਆਉਂਦੀਆਂ। ਚੌਥੀ ਪਾਸ ਕਰਕੇ ਸੋਹਣਾ ਫੌਜ਼ ‘ਚ ਭਰਦੀ ਹੋ ਗਿਆ ਸੀ ਤੇ ਉਹ ਆਪ ਨਾਨਕੇ ਪਿੰਡ
ਆ ਟਿਕਿਆ ਸੀ, ਨਾਨੇ-ਨਾਨੀ ਕੋਲ। ਛੁੱਟੀ ਆਇਆ ਸੋਹਣਾ ਉਸਨੂੰ ਜ਼ਰੂਰ ਮਿਲ ਕੇ ਜਾਂਦਾ। ਬੜਾ
ਹੁੱਬ-ਹੁੱਬ ਕੇ ਕਿੱਸੇ ਸੁਣਾਉਂਦਾ ਗੋਰੇ ਦੀ ਚੜ੍ਹਤ ਦੇ।
ਸਮਿੱਤਰ ਕਦੀ ਸੱਚ ਮੰਨ ਲੈਂਦਾ ਕਦੀ ਗੱਪ-ਸ਼ੱਪ। ਇੱਕ ਵਾਰ ਉਸਨੇ ਪਹਿਲੀਆਂ ਨਾਲੋ ਢੇਰ ਸਾਰੀ
ਬਦਲਵੀਂ ਗੱਲ ਆ ਦੱਸੀ ਉਸਨੂੰ - “ਭਾਅ ਸਮਿੱਤਰ ਸਿਆਂ ਐਤਕੀਂ ਦੀ ਵਾਰੀ ਮੈਂ ਨੇ ਇੱਕ
ਪਾਕ-ਪਵਿੱਤਰ ਜਗਾਹ ਦੀ ਜ਼ਿਆਰਤ ਕੀਤੀ ਔਂਰ ਏਕ ... ।” ਮਦੀਨੇ ਦੀ ਜਾਂ ਬਗ਼ਦਾਦ ਦੀ। ਬਸਰੇ ਦੀ
ਲਾਮ ‘ਤੇ ਗਏ ਨੇ, ਅਰਬਾਂ ਵਾਲੇ ਪਾਸੇ।” ਪਰ, ਉਸਦੀ ਕਥਾ-ਕਹਾਣੀ ਸੁਣ ਕੇ ਸਮਿੱਤਰ
ਹੈਰਾਨ-ਪ੍ਰੇਸ਼ਾਨ। ਉਹ ਕਦੀ ਉਹਦੀ ਵੱਲ ਦੇਖੇ, ਕਦੀ ਉੱਪਰ-ਹੇਠਾਂ। ਸੋਹਣੇ ਦੀ ਸੁਣਾਈ ਵਾਰਤਾ
ਨਾ ਉਸਨੂੰ ਠੀਕ ਲਗਦੀ ਸੀ ਨਾ ਗ਼ਲਤ। ਸ਼ਸ਼ੋਪੰਜ ‘ਚ ਪਏ ਨੇ ਉਸਨੇ ਉਸੇ ਵੇਲੇ ਸੋਹਣ ਨੂੰ ਨਾਲ
ਲਿਆ ਤੇ ਅੱਪੜ ਗਿਆ ਸੀ ਗੁਰਬਖ਼ਸ਼ ਸਿੰਘ ਪਾਸ, ਆਪਣੀ ਦੁਬਿਧਾ ਸਮੇਤ - “ਭਾਅ ਬਖ਼ਸ਼ਾ ਸਿੰਆਂ ਇਹ
ਸੋਹਣਾ ਆਂ, ਕੱਲੋਵਾਲ ਤੋਂ। ਮੇਰਾ ਜਮਾਤੀ ਰਿਹਾ, ਹੁਣ ਫੌਜ਼ ‘ਚ ਆ। ਏਹ ਕੈਂਦਾ ਮੈਂ ਇਸ ਵਾਰ
ਭਗਤ ਸੂੰਹ ਦੇ ਚਾਚੇ ਨੂੰ ਮਿਲ ਕੇ ਆਇਆਂ, ਅਜੀਤ ਸੂੰਹ ਨੂੰ, ਇਟਲੀ ... ਹੈਂਅ ਦੱਸ ... !
ਨਾਲੇ ਸੁਭਾਸ਼ ਚੰਦਰ ਨੂੰ। ਮੇਰੇ ਤਾਂ ਗੱਲ ਮੰਨਣ ‘ਚ ਨਹੀਂ ਆਈ। ਮੈਨੂੰ ਲਗਦਾ ੲ੍ਹੇਨੇ ਗਪੌੜ
ਮਾਰਤੀ ਆ ਫੌਜੀਆਂ ਆਲੀ ... ਤੂੰ ਸਮਝ ਤਾਂ ਠੀਕ ਤਰ੍ਹਾਂ ... ।”
ਸਮਿੱਤਰ ਨੂੰ ਸੁਣ ਕੇ ਗੁਰਬਖ਼ਸ਼ ਸਿੰਘ ਨੂੰ ਦੁਬਿਧਾ ਨਹੀਂ ਚਿੰਤਾ ਜ਼ਰੂਰ ਹੋ ਗਈ ਸੀ ਕਾਫ਼ੀ
ਸਾਰੀ ... ਉਸਨੂੰ ਤਾਂ ਬਿਲਕੁਲ ਹੀ ਉਮੀਦ ਨਹੀਂ ਸੀ ਸੁਭਾਸ਼ ਚੰਦਰ ਬੋਸ ਜਰਮਨੀ-ਇਟਲੀ ਜਾ
ਫਸਿਆ ਹੋਊ। ਉਸ ਪਾਸੇ ਤਾਂ ਜਾਣਾ ਈ ਨਹੀਂ ਸੀ ਉਸਨੇ। ਉਸਨੇ ਤਾਂ ਮਾਸਕੋ ਜਾਣਾ ਸੀ ਰੂਸ ਦੀ
ਰਾਜਧਾਨੀ, ਇੱਕ ਖ਼ਾਸ ਮਿਸ਼ਨ ‘ਤੇ। ਗੁਰਬਖ਼ਸ਼ ਸਿੰਘ ਆਪ ਤਾਂ ਹਿੱਸੇਦਾਰ ਰਿਹਾ ਸੀ, ਸੁਭਾਸ਼ ਨੂੰ
ਮੁਲਕੋਂ ਬਾਹਰ ਭੇਜਣ ਦੀ ਦੂਜੀ ਮੁਹਿੰਮ ‘ਚ। ਪਹਿਲੀ ਵਾਰ ... ਚਾਲੀ ਸੰਨ ਦੇ ਮਾਰਚ ਮਹੀਨੇ
ਸੁਭਾਸ਼ ਨੇ ਆਪਣੇ ਸਭ ਤੋਂ ਨੇੜਲੇ ਸਾਥੀ ਤਾਲਿਬ ਨੂੰ ਕਿਹਾ ਸੀ ਕਿ ਉਹ ਗੁਪਤ-ਵਾਸ ਹੋ ਕੇ ਰੂਸ
ਜਾਣ ਵਾਲੇ ਰਸਤਿਆਂ ਦਾ ਸਰਵੇ ਕਰਕੇ ਆਏ। ਤਾਲਿਬ ਨੇ ਅੱਗੋਂ ਘਰੇਲੂ ਮਜਬੂਰੀ ਦੱਸ ਕੇ
ਟਾਲਮ-ਟੋਲ ਕਰ ਛੱਡੀ। ਜਾਣੇ-ਅਣਜਾਣੇ ਉਸ ਤੋਂ ਸੁਭਾਸ਼ ਦੀ ਰੂਸ ਜਾਣ ਦੀ ਇੱਛਾ ਬਲਦੇਵ ਸੂੰਹ
ਨੂੰ ਦੱਸ ਹੋ ਗਈ। ਬਲਦੇਵ ਸਿੰਘ ਉਸ ਤੋਂ ਵੀ ਨਿਕੰਮਾ ਨਿਕਲਿਆ। ਉਸਨੇ ਦਾਰੂ ਦੀ ਲੋਰ ‘ਚ
ਝੂਮਦੇ ਨੇ ਅੱਗੇ ਐਮ ਼ ਐੱਨ ਼ ਡੇਅ ਅੱਗੇ ਭੇਤ ਖੋਲ੍ਹ ਦਿੱਤਾ। ਕਲਕੱਤਾ ਕਾਰਪੋਰੇਸ਼ਨ ਦੇ
ਚੇਅਰਮੈਨ ਡੇਅ ਪਾਸ। ਇਉਂ ਗੁਪਤ ਰੱਖੀ ਜਾਣ ਵਾਲੀ ਯੋਜਨਾ ਆਸੇ-ਪਾਸੇ ਖ਼ਿੱਲਰੀ ਦੇਖ, ਸੁਭਾਸ਼
ਨੇ ਓਦੋਂ ਮਾਸਕੋ ਜਾਣ ਦਾ ਵਿਚਾਰ ਛੱਡ ਦਿੱਤਾ ਸੀ।
ਤਿੰਨ ਕੁ ਮਹੀਨੇ ਪਿੱਛੋਂ ਬਰਤਾਨੀਆ ਨੂੰ ਜਰਮਨੀ ਨਾਲ ਗਹਿ-ਗੱਚ ਉਲਝਿਆ ਦੇਖ ਕੇ ਸੁਭਾਸ਼, ਰੂਸ
ਤੋਂ ਫੌਜੀ ਸਹਾਇਤਾ ਮੰਗਣ ਦੇ ਇਰਾਦੇ ਨਾਲ ਫਿਰ ਤਿਆਰ ਹੋ ਗਿਆ। ਇਸ ਵਾਰ ਉਸਨੇ ਗੁਰਮੁਖ ਸਿੰਘ
ਮੁਸਾਫਿਰ ਨੂੰ ਕੋਈ ਭਰੋਸੇ-ਯੋਗ ਬੰਦਾ ਲੱਭਣ ਲਈ ਕਿਹਾ। ਮੁਸਾਫ਼ਿਰ ਨੇ ਅੱਗੇ ਛੀਨੇ ਦੀ ਦੱਸ
ਪਾ ਦਿੱਤੀ। ਅੱਛਰ ਸਿੰਘ ਛੀਨਾ ਪੂਰੀ ਤਰ੍ਹਾਂ ਵਾਕਿਫ਼ ਸੀ ਜ਼ਮੀਨੀ ਰਸਤਿਆਂ ਦਾ। ਅਫ਼ਗਾਨਿਸਤਾਨ
ਰਾਹੀਂ ਰੂਸ ਤਕ ਪੁੱਜਦੇ ਗੁਪਤ ਰਾਹਾਂ ਦਾ।
ਅਗਲੇ ਦਿਨ ਹੀ ਛੀਨਾ ਐਥੇ ਪੁੱਜ ਗਿਆ ਸੀ, ਗੁਰਬਖ਼ਸ਼ ਸਿੰਘ ਦੀ ਹਵੇਲੀ। ਇਸ ਨੂੰ ਉਹ ਹਵੇਲੀ
ਨਹੀਂ ਗੜ੍ਹੀ ਕਿਹਾ ਕਰਦਾ ਸੀ, ਗੜ੍ਹੀ। ਜੜ੍ਹੀ ਬਖ਼ਸ਼ਾ ਸਿੰਘ। ਚਮਕੌਰ ਦੀ ਕੱਚੀ ਗੜ੍ਹੀ ਜਿੰਨੀ
ਪੱਕੀ ਤੇ ਪੁਖਤਾ। ਪੱਕੀਆਂ ਇੱਟਾਂ ਦੇ ਪੀਲ ਪਾਵੇ, ਕੱਚੀਆਂ ਇੱਟਾਂ ਦੇ ਭਿੱਤ। ਕੁੱਝ ਛੇ
ਖਾਨੇ ਦੀ ਛਤੌੜ, ਬਾਕੀ ਸਭ ਵਿਹੜਾ ਖੁੱਲ੍ਹਾ-ਮੋਕਲਾ । ਪਸ਼ੂਆਂ-ਡੰਗਰਾਂ ਲਈ ਵੀ,
ਰੁੱਖਾਂ-ਬਿਰਖਾਂ ਲਈ ਵੀ। ਗੁਰਬਖ਼ਸ਼ ਸਿੰਘ ਦਾ ਮੰਜਾ ਢਾਰੇ ਨਾਲ ਜੁੜਵੀਂ ਸਿਰਕੀ ਹੇਠ। ਉਸ ਪਾਸ
ਆਇਆ-ਗਿਆ ਵੀ ਓਥੇ। ਇਸ ਸਿਰਕੀ ਹੇਠੋਂ ਸ਼ੁਰੂ ਕੀਤੀ ਕੋਈ ਵੀ ਲੜਾਈ। ਕੋਈ ਵੀ ਮੁਹਿੰਮ, ਆਰ
ਲੱਗੀ ਸੀ ਜਾਂ ਪਾਰ। ਕਦੀ ਵਿਚ-ਵਿਚਾਰੇ ਨਹੀਂ ਸੀ ਲਟਕੀ।
ਉਸ ਤੋਂ ਅਗਲੇ ਦਿਨ ਛੀਨਾ ਕਲਕੱਤੇ ਵੱਲ ਨੂੰ ਨਿਕਲ ਤੁਰਿਆ ਸੀ , ਗੁਰਬਖ਼ਸ਼ ੰਿਸੰਘ ਨੂੰ ਨਾਲ
ਲੈ ਕੇ। ਨੇਤਾ ਜੀ ਸੁਭਾਸ਼ ਕੋਲ ਪੁੱਜਣ ਲਈ, ਉਸ ਨਾਲ ਸਫ਼ਰ ਕਰਨ ਲਈ।
ਥੋੜ੍ਹੀ ਕੁ ਵਿਹਲ ਸੀ ਦੋਨਾਂ ਨੂੰ, ਕਿਸਾਨ ਮੋਰਚਾ ਜਿੱਤ ਕੇ।
ਪਰ, ਸੁਭਾਸ਼ ਨੂੰ ਤਿਆਰ ਹੋ ‘ਚ ਕਈ ਦਿਨ ਹੋਰ ਲੱਗ ਗਏ। ਛੀਨਾ, ਰਾਮ ਕਿਸ਼ਨ ਨਾਲ ਚਲੇ ਗਿਆ, ਉਸ
ਨੂੰ ਅਫ਼ਸਾਨਿਸਤਾਨ ਰਾਹੀਂ ਰੂਸ ਅੱਪੜਦਾ ਕਰਨ। ਉਸਦੀ ਗ਼ੈਰ-ਹਾਜ਼ਰੀ ‘ਚ ਇਹ ਕੰਮ ਤਲਵਾੜ ਨੂੰ
ਕਰਨਾ ਪਿਆ ਸੀ, ਭਗਤ ਰਾਮ ਤਲਵਾੜ ਨੂੰ। ਉਸ ਨੇ ਆਪਣੇ ਢੰਗ ਦੀ ਕਮਾਲ ਦੀ ਸਾਵਧਾਨੀ ਵਰਤੀ ਸੀ।
ਪਿਸ਼ਾਵਰੋਂ ਉਸਨੇ ਦੋ ਪਠਾਣੀ ਵਰਦੀਆਂ ਖ਼ਰੀਦ ਲਈਆਂ। ਇੱਕ ਸੁਭਾਸ਼ ਨੂੰ ਪੁਆ ਦਿੱਤੀ। ਉਸਨੂੰ
ਜ਼ਿਆਉਂਦੀਨ ਬਣਾ ਦਿੱਤਾ। ਬੀਮਾਰ ਜ਼ਿਆਉਂਦੀਨ। ਜੋ ਨਾ ਬੋ ਸਕਦਾ ਸੀ, ਨਾ ਸੁਣ ਸਕਦਾ ਸੀ ਤੇ ਆਪ
... ਆਪ ਉਹ ਦੂਜੀ ਵਰਦੀ ਪਹਿਨ ਕੇ ਰਹਿਮਤ ਖਾਂ ਬਣ ਤੁਰਿਆ ਸੀ, ਉਸ ਦਾ ਭਤੀਜਾ। ਬੀਮਾਰ ਚਾਚੇ
ਦਾ ਇਲਾਜ ਕਰਵਾਉਣ ਲਈ ਕਾਬਲ ਤੋਂ।
‘ਕਾਬਲ ਪੁੱਜੇ ਤਲਵਾੜ ਨੂੰ ਰੂਸੀ ਰਾਜਦੂਤ ਨੇ ਪੱਲਾ ਨਹੀਂ ਸੀ ਫੜਾਇਆ, ਇਸ ਤੱਥ ਦੀ ਜਾਣਕਾਰੀ
ਗੁਰਬਖ਼ਸ਼ ਸਿੰਘ ਪਾਸ ਕਿਸੇ ਵਸੀਲਿਉਂ ਅੱਪੜਦੀ ਨਹੀਂ ਸੀ ਹੋਈ। ਜੋ ਅੱਪੜਦਾ ਰਿਹਾ, ਉਹ ਉਸ ਦੇ
ਮੰਨਣ ‘ਚ ਨਹੀਂ ਸੀ ਆਇਆ।
... ਸੁਭਾਸ਼ ਦੇ ਜਰਮਨੀ-ਇਟਲੀ ‘ਚ ਹੋਣ ਦੀ ਸੂਚਨਾ ਸੁਣ ਕੇ ਗੁਰਬਖ਼ਸ਼ ਸਿੰਘ ਨੂੰ ਥੋੜ੍ਹੀ
ਜਿੰਨੀ ਰਾਹਤ ਮਿਲੀ ਸੀ, ਪਰ ਬਹੁਤੀ ਸਾਰੀ ਚਿੰਤਾ ਲੱਗ ਗਈ। ਰਾਹਤ, ਸੁਭਾਸ਼ ਦੇ ਸਹੀ-ਸਲਾਮਤ
ਹੋਣ ਦੀ ਤੇ ਚਿੰਤਾ ਉਸਦੇ ਉਦੋਂ ਤਕ ਰਾਹ ‘ਚ ਫਸੇ ਹੋਣ ਦੀ। ਉਹ ਵੀ ਜਰਮਨੀ-ਇਟਲੀ। ਨਾਜ਼ੀਆਂ
ਦੀ ਚੁੰਗਲ ‘ਚ। ਕਾਬਲ ਤੋਂ ਉਸ ਪਾਸੇ ਵੱਲ ਜਾਣ ਦਾ ਕਾਰਨ ਗੁਰਬਖ਼ਸ਼ ਸਿੰਘ ਨੂੰ ਸਮਝ ਨਾ ਆਇਆ।
ਕਈਆਂ ਚਿਰਾਂ ਤੋਂ ਉਹ ਕਿਸੇ ਨੂੰ ਮਿਲ ਵੀ ਨਹੀਂ ਸੀ ਸਕਿਆ। ਨਾ ਛੀਨੇ ਨੂੰ, ਨਾ ਤਲਵਾੜ ਨੂੰ,
ਨਾ ਮੁਸਾਫ਼ਿਰ ਨੂੰ। ਸਾਰੇ ਆਪਣੀ ਆਪਣੀ ਥਾਂ ਫਿਰ ਤੋ ਰੁੱਝ ਗਏ ਸਨ। ਕੋਈ ਗੁਪਤ ਰਹਿ ਕੇ, ਕੋਈ
ਕਿਸੇ ਮੋਰਚੇ-ਮੁਹਿੰਮ ‘ਚ ਸ਼ਾਮਲ ਹੋ ਕੇ। ਬਹੁਤਾ ਕਰਕੇ ਆਜ਼ਾਦੀ ਸੰਗਰਾਮ ‘ਚ।
ਸੋਹਣੇ ਨੇ ਹੋਰ ਵੇਰਵਾ ਜਾਨਣ ਲਈ ਉਸਨੇ, ਉਸਦੇ ਹੋਰ ਨੇੜੇ ਢੁੱਕ ਕੇ ਬੈਠਦਿਆਂ ਪੁੱਛਿਆ ਸੀ -
“ਛੋਟੇ ਭਾਅ, ਕਿੱਥੇ ਮਿਲੇ ਸੀ ਤੈਨੂੰ ਦੋਨੋਂ ... ?”
ਸੋਹਣੇ ਨੇ ਇਸ ਵਾਰੀ ਵਿਥਿਆ ਵਾਕ-ਦਰ-ਵਾਕ ਗੁਰਬਖ਼ਸ਼ ਸਿੰਘ ਅੱਗੇ ਜਿਵੇਂ ਢੇਰੀ ਕਰ ਦਿੱਤੀ
ਹੋਵੇ। ਮੁੱਢ-ਸ਼ੁਰੂ ਤੋਂ ਲੈ ਕੇ - “ਸੰਨ 28 ‘ਚ ਭਰਤੀ ਹੋ ਕੇ ਸਾਬ੍ਹ ਜੀ, ਮੈਂ ਕਈ ਸਾਲ
ਗੋਰੇ ਦਾ ਵਫ਼ਾਦਾਰ ਸ਼ਪਾਈ ਰਹਾ। ਮੇਰੀ ਯਨਿਟ ਬਸਰੇ ਵੀ ਰਹੀ, ਬਗ਼ਦਾਦ ਵੀ, ਈਰਾਨ ਵੀ ਰਹੀ। ਮੈਂ
ਹਵਾਨੀ ਝੀਲ ਕੰਢੇ ਜਰਮਨ ਆਰਟਿੱਲਰੀ ਨਾਲ ਹੋਈ ਜ਼ਬਰਦਸਤ ਮੁੱਠ-ਭੇੜ ਮੇਂ ਵੀ ਸ਼ਾਮਿਲ ਥਾ। ਹਮ,
ਸੁਏਜ਼ ਨਹਿਰ ਟੱਪ ਕੇ ਅਫ਼ਰੀਕੀ ਮੁਲਕਾਂ ਵਿੱਚ ਲੜੇ। ਉਸ ਜਹਾਨ ਸੇ ਕੰਟਾਰ ਵੱਲ ਨੂੰ ਮੁੜਦੇ
ਆੳ਼ੁਦੇ ਹਮ ਈਰਾਨੀਆਂ ਨੂੰ ਹਰਾ ਕੇ ਇਟਲੀ ਵੱਲ ਨੂੰ ਰਵਾਨਾ ਹੋਏ। ਇਟਲੀ ਆਲਿਆਂ ਸਾਬ੍ਹ ਜੀ
ਸਾਨੂੰ ਹਿੰਦੋਸਤਾਨੀ ਫੌਜੀਆਂ ਨੂੰ ਹੱਥਾਂ ਪਰ ਚੁੱਕ ਲਿਆ। ਉਹਨਾਂ ਸਾਨੂੰ ਬਤਾਇਆ ਕਿ ਅਜੀਤ
ਸੂੰਹ ਵੀ ਏਥੇ ਹੀ ਹੈ। ਹਮਾਰੇ ਮੁਲਕ ਮੇਂ ਟੀਚਰ ਹੈ। ਗੰਨਪੋਲ ਸ਼ਹਿਰ ਮੇਂ। ਏਸ਼ੀਆਈ ਜ਼ੁਬਾਨੇ
ਪੜ੍ਹਾਤਾ ਹੈ। ਮੈਨੂੰ ਤਾਂ ਭਾਅ ਜੀ ਸੱਚੀ ਬਾਤ ਐ, ਅੱਚੋਆਈ ਲੱਗ ਗਈ ਉਸੇ ਵਕਤ। ਮੈਂ ਕਹਾਂ,
ਕ੍ਹੇੜੀ ਘੜੀ ਚਾਚਾ ਜੀ ਨੂੰ ਜਾ ਮਿਲਾਂ। ਹਮ ਕਿੰਨੇ ਸਾਰੇ ਪੰਜਾਬੀ ਜੁਆਨ ਥੇ। ਪਹਿਲੋਂ ਸਭ
ਤਿਆਰ ਹੋ ਗਏ , ਫੇਅਰ ਖ਼ਿਸਕ ਗਏ। ਰਹਿ ਗਏ ਝੁੰਗੇ ‘ਚ ਹਮ ਦਸ-ਬਾਰਾਂ ਜੁਆਨ। ਮੈਂ ਬੋਲਿਆ
ਮਿਲਣਾ ਜ਼ਰੂਰ ਆ ਚਾਚਾ ਜੀ ਨੂੰ। ਕਿਆ ਕਰ ਲੈਣਗੇ ਅਫ਼ਸਰ। ਵੱਧ ਤੋਂ ਵੱਧ ਗੋਲੀ ਮਾਰ ਦੇਣਗੇ।
ਤੇ ਸਾਬ੍ਹ ਜੀ ਗੋਲੀ ਸੇ ਸੂਰਮਾ ਸ਼ਪਾਹੀ ਬਿਲਕੁਲ ਨਹੀਂ ਡਰਤਾ। ਗੋਲੀ ਹੀ ਹਮਾਰੀ ਸਭ ਸੇ ਬੜੀ
ਦੋਸਤ ਹੁੰਦੀ ਹੈ ਮਦਾਨੇ ਜੰਗ ਮੇਂ। ਜੇ ਛਾਤੀ ‘ਚ ਵੱਜ ਗਈ ਤਾਂ ਤਗਮਾਂ, ਜੇ ਪਾਸੇ ਸੇ ਲੰਘ
ਗਈ ਤਾਂ ਪਿਨਸ਼ਨ। ਪਰ ਜੀ ਨਹੀਂ, ਬਲਹਾਰੇ ਜਾਈਏ ਇਟਲੀ ਵਾਲੋਂ ਕੇ। ਉਹਨਾਂ ਸਾਨੂੰ ਤੱਤੀ ਵਾਅ
ਤਕ ਨਾ ਲੱਗਣ ਦਿੱਤੀ। ਬਤਾਇਆ ਤਕ ਨਾ ਹਮਾਰੇ ਅਫ਼ਸਰੋਂ ਕੋ। ਦੂਜੇ ਚੌਥੇ ਦਿਨ ਹਮੇਂ ਲੇ ਗਏ ਥੇ
ਇੱਕ ਥਾਂ। ਬਤਾਇਆ ਤਕ ਨਾ ਹਮਾਰੇ ਲੱਗੇ ਨਾ ਗਿਰਜਾ ਘਰ। ਇੱਕ ਸਾਧਾਰਨ ਜਿਹਾ ਕਮਰਾ ਥਾ ਚੌਰਸ।
ਅੱਧਾ ਕੱਚਾ, ਅੱਧਾ ਪੱਕਾ। ਕੋਈ ਸ਼ਖ਼ਸ ਅੰਦਰ ਬੈਠਾ ਥਾ ਇਕੱਲਾ ਕੁਰਸੀ ‘ਤੇ। ਖੁੱਲਾ-ਖੁੱਲ੍ਹਾ
ਜਿਹਾ ਕੋਟ ਪਹਿਨਾ ਥਾ ਉਸਨੇ। ਪਗੜੀ ਨਹੀਂ ਸੀ ਬੰਨੀਉਂ। ਅੱਖਾਂ ਪੁਰ ਮੋਟੇ ਸ਼ੀਸ਼ੇ ਕੀ ਐਨਕ
ਥੀ। ਨਾ ਹਮੇਂ ਉਸਕੀ ਪਛਾਣ, ਨਾ ਉਸ ਕੋ ਸਾਡੀ। ਥੋੜ੍ਹੀ ਕੁ ਦੇਰ ਹਮ ਅੰਦਰ ਜਾਣੋਂ ਝਕਦੇ
ਰਹੇ। ਤਥੀ ਉਹਨਾਂ ਦੀ ਧੀਮੀਂ ਧੀਮੀਂ ਸੀ ਆਵਾਜ਼ ਸਾਡੇ ਤਕ ਪੁੱਜ ਗਈ - “ਆ ਜਾਓ ਅੰਦਰ ...
ਮੇਰੇ ਵਤਨੀਓਂ, ਸਿੰਘੋ-ਸੂਰਮਿਓ ... ਅੰਦਰ ਲੰਘ ਆਓ ... ਮੈਂ ਈ ਆਂ ਅਜੀਤ ਸੂੰਹ ... ਸ਼ੇਰ
ਪੁੱਤਰ ਭਗਤ ਸੂੰਹ ਦਾ ਚਾਚਾ ... ਦੇਸ਼-ਭਗਤ ਕਿਸ਼ਨ ਸੂੰਹ ਦਾ ਭਾਈ ... ।”
ਸੱਚੀ ਬਾਤ ਐ ਭਾਅ ਬਖ਼ਸ਼ਾ ਸੂੰਹ ਸਾਬ੍ਹ ਜੀ, ਮੈਨੂੰ ਤਾਂ ਪਤਾ ਈ ਨਈਂ ਕਿਆ ਹੋ ਗਿਆ ਉਸੇ ਵਕਤ।
ਮੇਰੇ ਸੇ ਅੱਛੀ ਤਰ੍ਹਾਂ ਸਾਸਰੀ ਕਾਲ ਵੀ ਨਾ ਬੋਲੀ ਗਈ। ਇੱਕ ਕਿਸਮ ਦਾ ਕਾਂਬਾ ਛਿੜ ਗਿਆ ਥਾ
ਮੇਰੇ ਕੋਅ। ਏਕ ਤਰਫ਼ ਵੋਹ ਥਾ, ਘਰੋਂ ਬੇ-ਘਰ ਹੋਇਆ, ਦੂਰ ਬੈਠਾ ਥਾ ਕੱਲਮ-ਕੱਲਾ ਆਪਣੇ ਮੁਲਕ
ਸੇ। ਫ਼ਿਰ ਵੀ ਚੜ੍ਹਦੀ ਕਲਾ ਮੇਂ ਥਾ। ਦੂਸਰੀ ਤਰਫ਼ ਹਮ ਥੇ। ਕਿੰਨੇ ਸਾਰੇ ਫੌਜੀ ਜੁਆਨ। ਏਕ
ਸਾਥ ਰਹਿੰਦੇ ਸੀ ‘ਕੱਠੇ। ਬਹੁਤ ਸਾਰੀਆਂ ਲੜਾਈਆਂ ਜੀਤ ਕੇ ਵੀ ਨਿਮੋਝਾਣ ਹੋਏ ਫਿਰਦੇ ਸੀ।
ਹਮ ਕੋ ਦਰੀ ‘ਤੇ ਬਿਠਾ ਕੇ ਆਪ ਵੀ ਵੋਹ ਭੁੰਜੇ ਬੈਠ ਗਏ। ਸਾਨੂੰ ਸਾਰਿਆਂ ਨੂੰ ਨਾਂਮ ਪੁੱਛੇ
ਵਾਰੀ ਵਾਰੀ। ਫਿਰ ਪੜ੍ਹਾਈ ਪੁੱਛੀ, ਫ਼ਿਰ ਤਨਖਾਹ।
ਚਾਚਾ ਜੀ ਕੇ ਬਗਲ ਮੇਂ ਬੈਠ ਕਰ ਹਮ ਅੱਛੇ ਹੋ ਗਏ ਥੇ। ਏਕ ਦਮ ਠੀਕ-ਠਾਕ ਹੋ ਗਏ ਸੀ, ਪਰ
ਤਨਖ਼ਾਹ ਵਾਲੀ ਬਾਤ ਬੋਡ ਕੇ ਉਹਨਾਂ ਸਾਨੂੰ ਫ਼ਿਰ ਤੋਂ ਝੰਜੋੜ ਛੱਡਿਆ। ਏਕ ਤਰ੍ਹਾਂ ਦਾ ਭਾਂਬੜ
ਬਾਲ ਦਿੱਤਾ ਹਮਾਰੇ ਅੰਦਰ। ਉਹਨਾਂ ਬੋਲਿਆ - “ਹਾਕਮ ਤੁਮ ਕੋ ਗੋਰੇ ਸ਼ਪਾਹੀ ਸੇ ਪਾਂਚ ਗੁਣਾਂ
ਘਟੀਆ ਗਿਣਦਾ। ਉਨ ਕੀ ਤਨਖ਼ਾਹ ਅੱਸੀ ਰੁਪਏ ਮਾਹਵਾਰ, ਤੁਮ੍ਹਾਰੀ ਸੋਲਾਂ ਰੁਪੀਏ ੇ ਪੰਜ ਗੁਣਾ
ਫ਼ਰਕ ਹੈ ਕਿ ਨਈਂ। ਔਰ ਤੁਮ ਕੋਈ ਹੀਲ-ਹੁੱਜਤ ਨਈਂ ਕਰਤੇ ... ।”
ਭਾਅ ਬਖ਼ਸ਼ਾ ਸਿੰਘ ਜੀ , ਥੋੜ੍ਹਾ ਕੁ ਰੁਕ ਕੇ ਉਹਨਾਂ ਫਿਰ ਬੋਲਿਆ - “ਐਉਂ ਨਾ ਕਰੋ। ਐਨੇ
ਘਟੀਆ ਨਾ ਬਣੋ। ਤਕੜੇ ਹੋਵੋ ਤਕੜੇ। ਆਪਣੀ ਖ਼ਾਤਰ ... ਆਪਣੀ ਖ਼ਾਤਰ ਲੜੋ, ਆਪਣੀ ਆਜ਼ਾਦ ਹਸਤੀ
ਖ਼ਾਤਰ ... ।”
ਸੱਚੀ ਬਾਤ ਐ ਸਾਬ੍ਹ ਜੀ, ਭਾਅ ਜੀ ਓਥੋਂ ਮੁੜਦੇ ਨੇ ਮੈਂ ਨੇ ਤੋਂ ਪੱਕੀ ਧਾਰ ਲਈ, ਪਈ ਨਹੀਂ
ਕਰਨੀ ਨੌਕਰੀ, ਗੁਲਾਮ ਚਾਕਰੀ। ਮਰ ਜਾਣਾ ਮਨਜੂਰ ਆ। ਹੋਈ ਜਾਏ ਜ਼ੋ ਹੋਤਾ ਹੈ। ਇਕੱਲਾ ਮੈਂ ਹੀ
ਨਹੀਂ ਜਿੰਨੇ ਜਣੇ ਅਸੀਂ ਮਿਲ ਕੇ ਆਏ ਥੇ ਚਾਚਾ ਜੀ ਨੂੰ ਸਾਰੇ ਐਦਾਂ ਈ ਬੋਲਦੇ ਸੀ।
ਸੁਬ੍ਹਾ-ਸ਼ਾਮ ਗਾਲੀਆਂ ਕੱਢਦੇ ਸੀ ਗੋਰੇ ਸਾਲੇ ਨੂੰ । ਅੱਗੇ ਅੱਛੀ ਬਾਤ ਏਹ ਬਣੀ ਕਿ ਸੁਭਾਸ਼
ਬਾਬੂ ਜੀ ਮਿਲ ਗਿਆ ਛੇਤੀ ਈ। ਇਟਲੀ ਵਾਲਿਆਂ ਉਸ ਨਾਲ ਵੀ ਹਮਾਰੀ ਮੁਲਾਕਾਤ ਕਰਵਾ ਤੀ। ਉਸਨੇ
ਚਾਚਾ ਜੀ ਨਾਲੋਂ ਵੀ ਤਿੱਖਾ ਭਾਸ਼ਣ ਦਿੱਤਾ। ਸੱਚੀ ਬਾਤ ਹੈ ਭਾਅ ਜੀ, ਉਸਨੇ ਹਮਾਰੇ ਲੂੰ-ਕੰਡੇ
ਖੜ੍ਹੇ ਕਰ ਦੀਏ। ਏਕ-ਦਮ ਜ਼ੋਸ਼ ਭਰ ਗਿਆ ਹਮਾਰੇ ਅੰਦਰ। ਪਹਿਲਾਂ ਉਸਦੀ ਤਕਰੀਰ ਸੁਣਦਿਆਂ, ਫੇਅਰ
ਉਸ ਨਾਲ ਨਾਹਰੇ ਲਾਉਂਦਿਆਂ। ‘ਜੈ ਹਿੰਦ -ਹੈ ਹਿੰਦ ‘ਬੋਲਦਿਆਂ ਉੱਚੀ-ਉੱਚੀ। ਫੇਅਰ ਪਤਾ ਕੀ
ਹੋਇਆ, ਫੇਰ ਪਤਾ ਨਈਂ, ਉਸ ਨੇ ਕਿੱਥੋਂ ਛੋਟੀ ਜੇਹੀ ਨੋਕਦਾਰ ਤਲਵਾਰ ਕੱਢ ਲਈ। ਹਮਾਰੇ
ਸਾਹਮਣੇ ਲੰਮੀ ਲੀਕ ਵਾਹੁੰਦਿਆਂ ਕਮਾਂਡਰੀ ਲਹਿਜੇ ਮੇਂ ਬੋਲਾ -” ਜਿਸਨੇ ਅਪਣੇ ਮੁਲਕ ਖ਼ਾਤਰ,
ਮੁਲਕ ਕੀ ਆਜ਼ਾਦੀ ਕੇ ਲੀਏ ਅੰਗਰੇਜ਼ ਖ਼ਿਲਾਫ ਲੜਨਾ ਹੈ, ਉਹ ਅੱਗੇ ਆ ਜਾਏ। ਵੋਹ ਲੀਕ ਟੱਪ ਕੇ
ਐਧਰ ਲੰਘ ਆਏ। ਜ਼ੋ ਗੁਲਾਮ ਰਹਿਣਾ ਚਾਹੁੰਦਾ, ਉਹ ਖੜ੍ਹਾ ਰਹੇ ਆਪਣੀ ਥਾਂ ... ।”
ਸੱਚੀ ਬਾਤ ਐ ਭਾਅ ਜੀ ਮਨ ਤਾਂ ਪਹਿਲੋਂ ਦਾ ਉੱਖੜ ਗਿਆ ਥਾ , ਉੱਪਰ ਸੇ ਝੱਟ-ਪੱਟ ਦਾ ਮੌਕਾ
ਮਿਲ ਗਿਆ। ਭਾਅ ਜੀ ਉਸ ਟੈਮ ਸੱਚੀ ਬਾਤ ਐ, ਮੁਝੇ ਲੱਗਾ ਸੁਭਾਸ਼ ਬਾਬੂ ਨੇ ਨਹੀਂ ਬਾਬਾ ਦੀਪ
ਸਿੰਘ ਨੇ ਲਲਕਾਰਿਆ ਹੈ ਮੇਰੇ ਕੋਅ। ਉਸਨੇ ਦੋ-ਧਾਗੇ ਖੰਡੇ ਸੇ ਲੀਕ ਵਾਹ ਕੇ ਬੋਲਿਆ ਹੈ -
‘ਜਿਨ੍ਹੇ ਜਾਨ ਤਲੀ ‘ਤੇ ਧਰ ਕੇ ਜਹਾਨ ਖ਼ਾਨ ਤੋਂ ਬਦਲਾ ਲੈਣਾ, ਉਹ ਲੀਕ ਟੱਪ ਕੇ ਅੱਗੇ ਆ
ਜਾਏ। ਬਾਕੀ ਦੇ ਘਰੋਂ ਕੋ ਪਰਤ ਜਾਣ।’
ਭਾਅ ਜੀ ਮੇਰੇ ਮਨ ਕੋ ਇਕ-ਦਮ ਖੁੜਕ ਗਈ - ‘ਉਸ ਵਕਤ ‘ਕੱਲੇ ਹਰਿਮੰਦਰ ਸਾਬ੍ਹ ਦੀ ਬੇ-ਅਦਬੀ
ਦਾ ਸਵਾਲ ਥਾ, ਇਸ ਵਕਤ ਪੂਰੇ ਮੁਲਕ ਦੀ ਇੱਜ਼ਤ-ਆਬਰੂ ਦਾ ਮਾਮਲਾ ਹੈ। ਹਿੰਦੋਸਤਾਨ ਦੀ
ਇੱਜ਼ਤ-ਆਬਰੂ ਕਾ।’
ਲਓ ਸਾਬ੍ਹ ਜੀ, ਹਮ ਗਿਆਰਾਂ ਜਣਿਆਂ ਤਾਂ ਮਿੰਟ ਨੀ ਲਾਇਆ, ਫੱਟ ਲੀਕ ਟੱਪ ਕੇ ਸੁਭਾਸ਼ ਬਾਬੂ
ਕੀ ਤਰਫ਼ ਚਲੇ ਘਏ। ਹਮਾਰੀ ਦੇਖਾ-ਦੇਖੀ ਹਜ਼ਾਰ ਕੁ ਜੁਆਨ ਹੋਰ ਵੀ ਆ ਗਿਆ ਹਮਾਰੇ ਪਾਸੇ। ਬਾਕੀ
ਦੀ ਰਹਿੰਦ-ਖੂੰਦ ਪਿਛਾਂਹ ... ।”
ਸਮਿੱਤਰ ਨੂੰ ਪੂਰਾ ਹੌਸਲਾ ਸੀ ਕਿ ਇਸ ਵਾਰ ਉਸ ਦੇ ਹਮ-ਜਮਾਤੀ ਨੇ ਕਿਸੇ ਵੀ ਤਰ੍ਹਾਂ ਦੀ
ਗੱਪ-ਛੜੱਪ ਨਹੀਂ ਸੀ ਮਾਰੀ। ਸਗੋਂ ਆਪਣੇ ਅੰਦਰਲੇ-ਬਾਹਰਲੇ ਸੱਚ ਨੂੰ ਸੱਚੋ-ਸੱਚ ਬਿਆਨ ਕੀਤਾ
ਸੀ, ਬਿਨਾਂ ਕਿਸੇ ਲੱਗ-ਲਿਬੇੜ ਦੇ। ਉਸ ਦੀ ਆਤਮ-ਵਾਰਤਾ ਸੁਣਦੇ ਗੁਰਬਖ਼ਸ਼ ਸਿੰਘ ਦੀ ਛਾਤੀ ਵੀ
ਸਮਿੱਤਰ ਦੀ ਹਿੱਕ ਵਾਂਗ ਮਾਣ-ਤਾਣ ਨਾਲ ਤਣਦੀ ਗਈ ਸੀ। ਸੁਭਾਸ਼ ਬਾਬੂ ਦੀ ਚਿੰਤਾ ‘ਚ ਘਿਰੇ
ਉਝਲੇ ਦਾ ਉਸਦਾ ਹੇਠਾਂ ਵੱਲ ਨੂੰ ਝੁਕਿਆ ਸਿਰ, ਬੇ-ਹੱਦ ਸਹਿਜ ਭਾਅ ਉਪਰ ਨੂੰ ਉੱਠਦਾ ਗਿਆ
ਸੀ। ਪਰ, ਸੋਹਣੇ ਨੂੰ ਇਕ-ਦਮ ਚੁੱਪ ਹੋਇਆ ਦੇਖ ਦੇ, ਉਹ ਦੋਨੋਂ ਵੀ ਇਕ-ਦਮ ਫ਼ਿਦਰਮੰਦ ਹੋ ਗਏ
ਸਨ। ਫ਼ਿਕਰਮੰਦ ਹੋਏ, ਉਹ ਉਸ ਵੱਲ ਬੜੇ ਧਿਆਨ ਨਾਲ ਦੇਖਣ ਲੱਗ ਪਏ ਸਨ।
ਅਲਾਈ ਮੰਜੀ ‘ਤੇ ਉਹਨਾਂ ਸਾਹਮਣੇ ਬੈਠੇ ਸੋਹਣੇ ਦਾ ਸਾਰਾ ਵਜੂਦ ਉਹਨਾਂ ਨੂੰ ਘੋਰ-ਸੰਘਣੀ
ਉਦਾਸੀ ‘ਚ ਘਿਰ ਗਿਆ ਲੱਗਾ। ਆਜ਼ਾਦ ਹਿੰਦ ਫੌਜ਼ ‘ਚ ਸ਼ਾਮਲ ਹੋ ਜਾਣ ਦੀ ਹਲਫ਼ੀਆ-ਸਹੁੰ ਦਲੇਰੀ
ਭਰੇ ਇਸ਼ਤਿਹਾਰ ਦੀ ਬਜਾਏ, ਹੁਣ ਜਿਵੇਂ ਨਿਰਾਸ਼ਾ ਦੀ ਇਬਾਰਤ ‘ਚ ਤਬਦੀਲ ਹੋ ਕੇ ਉਹਨੇ ਚਿਹਰੇ
ਚਿਪਕ ਗਈ ਸੀ।
ਥੋੜ੍ਹੇ ਕੁ ਪਲਾਂ ਲਈ ਉਹ ਤਿੰਨੋਂ ਚੁੱਪ ਦੀ ਹਨੇਰੀ ਗੁਫ਼ਾ ਅੰਦਰ ੰਿਘਰੇ, ਨੀਵੀਂ ਪਾਈ,
ਚੁੱਪ-ਚਾਪ ਬੈਠੇ ਰਹੇ ਸਨ। ਪਰ, ਉਹਨਾਂ ਦੇ ਦਿਲਾਂ-ਮਨਾਂ ‘ਤੇ ਛਾ ਗਈ ਫ਼ਿਕਰਮੰਦੀ, ਲਗਾਤਾਰ
ਮੁਖ਼ਾਤਬ ਹੁੰਦੀ ਰਹੀ ਸੀ, ਇਕ ਦੂਜੇ ਨੂੰ।
ਰੁਕੀ ਵਾਰਤਾ ਅੱਗੇ ਤੋਰਨ ਲਈ ਗੁਰਬਖ਼ਸ਼ ਸਿੰਘ, ਇੱਕ ਪ੍ਰਸ਼ਨ-ਵਾਕ ਦੇ ਸਰਲ ਜਿਹੇ ਸ਼ਬਦਾਂ ਨੂੰ
ਤਰਤੀਬ ਦੇ ਹੀ ਰਿਹਾ ਸੀ ਕਿ ਸੋਹਣੇ ਅੰਦਰ ਡੱਕ ਹੋਇਆ ਵੇਗ ਫਿਰ ਤੋ ਵਗ ਤੁਰਿਆ। ਇੱਕ ਡੂੰਘਾ
ਹਉਕਾ ਭਰਦੇ ਨੇ ਉਸਨੇ ਅੱਧ-ਵਿਚਕਾਰ ਛੱਡੀ ਲੜੀ ਫਿਰ ਤੋ ਜਿਵੇਂ ਧੱਕਾ ਮਾਰ ਕੇ ਅੱਗੇ ਤੋਰ ਲਈ
ਹੋਵੇ। ਉਸਦਾ ਭਰ ਆਇਆ ਅੰਦਰ, ਉਹਨਾਂ ਦੋਨਾਂ ਨੂੰ ਇਕਸਾਰ ਸੰਬੋਧਤ ਹੋਇਆ ਸੀ - “ਸਮਿੱਤਰ ਭਾਅ
ਜੀ, ਬਖ਼ਸ਼ਾ ਸਿੰਘ ਸਾਬ੍ਹ ਜੀ ... ਆਪਣੇ ਵੱਲੋਂ ਤਾਂ ਹਮ ਨੇ ਠੀਕ-ਠਾਕ ਕਦਮ ਪੁੱਟਿਆ ਸੀ। ਪਰ
ਸਾਲਾ ... ੳਲਟਾ ਪੜ ਗਿਆ। ਜਰਮਨ ਮਾਦਰ-ਚੋ ਚਾਲਕੀ ਮਾਰ ਗਿਆ। ਉਸ ਨੇ ... ਉਸਨੇ ਸੁਭਾਸ਼
ਬਾਬੂ ਨੂੰ ਅਗਲਵਾਂਡੀ ਘੇਰ ਲਿਆ। ਬਰਤਾਨੀਆਂ ਕੀ ਬਜਾਏ, ਉਸਨੇ ਰੂਸ ਪਰ ਹੱਲਾ ਬੋਲ ਦੀਆ ...
। ਇਸ ਉਲਟ-ਬਾਜ਼ੀ ‘ਚ ਉਹ ਸਾਲਾ ਆਪੂੰ ਵੀ ਮਰਿਆ, ਸਾਨੂੰ ਵੀ ਮੁਰਆਇਆ। ... ਹਮ, ਹਮਾਰੀ ਆਈ
਼ਏ ਼ ਹਾਕਮ ਦੀ ਜਾੜ੍ਹ ਹੇਠ ਆ ਗਈ। ਼ ਼ਬਹੁਤ ਬੇ-ਇੱਜ਼ਤੀ ਹੋਈ ਸਾਡੀ। ਬਹੁਤ ਘਟੀਆ ਸਲੂਕ
ਹੋਇਆ ਹਮਾਰੇ ਸਾਥ। ਸਾਡੇ ‘ਚੋਂ ਬਹੁਤ ਸਾਰੇ ਮੁਆਫ਼ੀ ਮੰਗ ਗਏ। ਵਾਪਸ ਚਲੇ ਗਏ ਆਪਣੀ ਆਪਣੀ
ਥਾਂ ... । ਪਰ, ਅਸੀਂ ਼ ਼ ਅਸੀਂ ਼ ਼ ਦੋ-ਢਾਈ ਸੌ ਪੰਜਾਬੀ ਜੁਆਨ ਹੁਣ ਕਿਧਰੇ ਜਾ ਕੇ
ਰਿਹਾਅ ਹੋਏ ਆਂ ... ਛੇਤੀਂ ਸੱਤੀ ਸਾਲੀਂ। ਬਰੰਗ ਹੋ ਕੇ ਮੁੜ ਆਂ ਘਰਾਂ ਨੂੰ! !”
‘ਬਓਤ ਮਾੜੀ ਹੋਈ ਆ ... ਬਓਤ ਈ ਮਾੜੀ ਕੀਤੀ ਐ, ਸਾਲੇ ਕੁੱਤੇ ਕਿਸੇ ... ’, “ਕਿ ਗੱਲ ਹੋਈ
ਭਾਅ ਸਮਿੱਤਰ ਕਿਨੂੰ ਗਾਲ੍ਹਾਂ ਕੱਢੀ ਜਾਨਾਂ ਼ ਼? “ਬੈਠਕ ਅੰਦਰੋਂ ਮੱਥਾ ਟੇਕ ਕੇ ਸਮਿੱਤਰ
ਲਾਗੇ ਆ ਰੁਕੇ ਸੋਹਣੇ ਦੀ ਆਵਾਜ਼, ਉਸਨੂੰ ਬਿਲਕੁਲ ਨਹੀ ਸੀ ਸੁਣੀ। ਉਹ ਤਾਂ ਅਜੇ ਤਕ ਵੀ
ਛਿਆਲੀ ਸੰਨ ‘ਚ ਜੇਲੋਂ ਰਿਹਾ ਹੋ ਕੇ ਇਸ ਥਾਂ, ਇਸ ਹਵੇਲੀ ‘ਚ ਪੁੱਜੇ ਸੋਹਣੇ ਲਾਗੇ, ਉਸਦੇ
ਬਹੁਤ ਨੇੜੇ ਢੁੱਕ ਕੇ ਬੈਠਾ, ਉਸਦੀ ਕਥਾ-ਹੋਣੀ ਨਾਲ ਹੀ ਜੁੜਿਆ ਪਿਆ ਸੀ। ਬਾਹਰਲੇ ਗੇਟ ਵੱਲ
ਨੂੰ ਤਾੜੇ ਲੱਗੀਆਂ ਅੱਖਾਂ, ਕਲ੍ਹ ਦੁਪਹਿਰ ਵੇਲੇ ਤੋਂ ਲਗਾਤਾਰ ਵਗਦੀਆ ਰਹੀਆਂ। ਲਾਲ-ਸੁਰਖ਼
ਹੋਈਆਂ ਪਈਆ ਸਨ। ... ਬੀਤੇ ਦਸ ਦਿਨਾਂ ‘ਚ, ਉਸ ਨਾਲ ਇੳ ਬਿਲਕੁਲ ਨਹੀਂ ਸੀ ਵਾਪਰੀ। ਨਾ
ਉਸਦੇ ਕੰਨਾਂ ‘ਚ ਸ਼ਾਂ-ਸ਼ਾਂ ਦੀ ਆਵਾਜ਼ ਗੂੰਜੀ ਸੀ, ਨਾ ਉਸਦੀ ਛਾਤੀ ਚੋਂ, ਗਲੇ ‘ਚੋਂ ਲੰਘ ਕੇ
ਬਾਹਰ ਵੱਲ ਨੂੰ ਆਏ ਉਸਦੇ ਸਾਹ ਕਿਸੇ ਵੀ ਤਰ੍ਹਾਂ ਦੀ ਸਿਲ੍ਹ-ਸਲ੍ਹਾਬ ਦੀ ਗ੍ਰਿਫਤ ਵਿੱਚ ਆਏ
ਸਨ।
ਖੂੰਟੀ ਦੀ ਮੁੱਠ ‘ਤੇ ਹਿੱਕ ਦਾ ਭਾਰ ਪਾ ਕੇ ਅਗਾਂਹ ਵੱਲ ਨੂੰ ਝੁੱਕਦੇ ਸੋਹਣੇ ਥ੍ਹੋੜਾ ਕੁ
ਉੱਚੀ ਆਵਾਜ਼ ਮਾਰ ਕੇ ਸਮਿੱਤਰ ਮਾਰ ਸਮਿੱਤਰ ਨੂੰ ਜਾਗਦੀ ਨੀਂਦ ‘ਚੋਂ ਜਗਾ ਲਿਆ। ਉਸ ਨੂੰ ‘ਆ
ਜਾ, ਬਹਿ ਜਾ ‘ਆਖ ਕੇ ਸਮਿੱਤਰ ਨੇ ਇੱਕ ਵਾਰ ਫਿਰ ਅੱਖਾਂ ‘ਚ ਤਰਦਾ ਪਾਣੀ ਮੋਢੇ ‘ਤੇ ਲਟਕਦੇ
ਪਰਨੇ ਨਾਲ ਸਾਫ਼ ਕੀਤਾ।
ਸੋਹਣੇ ਨੂੰ ਖੜ੍ਹਾ ਰਹਿਣ ਨਾਲੋਂ ਬੈਠਣਾ ਵਧੇਰੇ ਔਖਾ ਜਾਪ ਰਿਹਾ ਸੀ, ਤਾਂ ਵੀ ਉਸਨੇ ਆਕੜੇ
ਗੋੜੇ ਕਾਣਸੂਤੇ ਜਿਹੇ ਕਰਕੇ ਸਮਿੱਤਰ ਲਾਗੇ ਪਸਾਰ ਲਏ।
ਥੋੜ੍ਹਾ ਕੁ ਚਿਰ, ਦੋਨਾਂ ਵਿਚਕਾਰ ਅਜੀਬ ਜਿਹੀ ਚੁੱਪ ਪਸਰੀ ਰਹੀ, ਫ਼ਿਰ ਜਿਵੇਂ ਸੋਹਣੇ ਨੇ
ਗੱਲ ਤੋਰਨ ਲਈ ਕੀਤੀ ਹੋਵੇ - “ਭਾਅ ਸਮਿੱਤਰਾ ਪਿਲਸਨ ਲੱਗ ਗੀ ਸੀ। ਅਸੀਂ ਵੀ ਜੀਂਦਿਆਂ ‘ਚ
ਹੋ ਗਏ। ਨਈਂ ਤਾਂ ਘਰ ਦਿਆਂ ਵੰਨੀਓ ਤਾਂ ... । ਹੋਰ ਤਾਂ ਕੀ ਰੋਟੀ-ਟੁੱਕ ਤੋਂ ਵੀ ਅਵਾਜ਼ਾਰ
... ! ਭਲਾ ਹੋਵੇ ਗਿਆਨੀ ਜ਼ੈਲ ਸੂੰਹ ਦਾ ... ।”
ਅੰਗੋਂ ਸਮਿੱਤਰ ਚੁੱਪ ਦਾ ਚੁੱਪ। ਨਾ ਹੂ਼ੰ, ਨਾ ਹਾਂ। ਨਾ ਚੰਗੀ, ਨਾ ਮਾੜੀ। ਬੱਸ ਥੋੜ੍ਹੀ
ਕੁ ਜਿੰਨੀ ਅੱਖ ਪੁੱਟ ਕੇ ਉਸ ਨੇ ਸੋਹਣੇ ਵੱਲ ਦੇਖਿਆ, ਫ਼ਿਰ ਨੀਵੀਂ ਪਾ ਲਈ।
ਸੋਹਣੇ ਨੂੰ ਲੱਗਾ ਜਾਂ ਤਾਂ ਉਸਨੇ ਕਾਹਲ ਕੀਤੀਂ ਐ ਜਾਂ ਕੁਵੇਲੇ ਦਾ ਰਾਗ਼ ਛੇੜ ਲਿਆ। ਆਇਆ
ਤਾਂ ੳਹ ਬਖ਼ਸ਼ਾ ਸੂੰਹ ਭਾਅ ਦਾ ਅਫ਼ਸੋਸ ਕਰਨ ਸੀ, ਦੱਸਣ ਬੈਠ ਗਿਆ ਆਪਣੀ ਪੈਨਸ਼ਨ । ਉਹ ਵੀ ਵੀਹ
ਸਾਲ ਪੁਰਾਣੀ ਗੱਲ। ਚੱਲ ਜੇ ਦੱਸਣੀ ਈ ਸੀ ਤਾਂ ਚੱਲਦੀ ‘ਚ ਦੱਸਦਾ।
ਪਹਿਲਾਂ ਏਥੋਂ ਦਾ ਹਾਲ-ਹਵਾਲਾ ਪੁੱਛਣਾ-ਸਮਿੱਤਰ ਦਾ, ਗੁਰਬਖ਼ਸ਼ ਭਾਅ ਦਾ, ਬਖ਼ਸ਼ੇ ਭਾਅ ਦੇ
ਅੰਤਲੇ ਦਿਨਾਂ ਦਾ। ਫ਼ਿਰ ਆਪਣਾ ਦੱਸਦਾ। ਼ ਼ਆਪਣੇ ਹੀ ਘਰ ‘ਚ ਬਰਦਾਸ਼ਤ ਕਰਨੀ ਪਈ ਵਰ੍ਹਿਆਂ ਭਰ
ਦੀ ਜਲਾਵਤਨੀ ਵਰਗੀ ਹੋਣੀ ਦਾ ਜ਼ਿਕਰ ਛੇੜਦਾ। ਫ਼ਿਰ ਼ ਼ ਫ਼ਿਰ ਕਿਧਰੇ ੳਸਦੇ, ਮਹੀਨਾ-ਵਾਰ ਆਮਦਨ
ਨਾਲ ਵੱਧ ਗਏ ਮੁੱਲ ਦਾ ਮੁੱਲ ਐਥੇ ਵੀ ਪੈ ਜਾਣਾ ਸੀ।
ਇਸੇ ਹੀ ਘੁੰਮਣ ਘੇਰੀ ‘ਚ ਘਿਰੇ ਦੀ ਉਸਦੀ ਨਿਗ਼ਾਹ ਸਹਿਬਨ ਗੁਰਬਖ਼ਸ਼ ਸਿੰਘ ਦੀ ਡਿਗੂੰ-ਡਿੰਗੂ
ਕਰਦੀ ਹਵੇਲੀ ਵੱਲ ਨੂੰ ਘੁੰਮ ਗਈ। ਉਹੀ ਵਰ੍ਹਿਆਂ ਪੁਰਾਣਾ ਢਾਂਚਾ, ਵਰ੍ਹਿਆਂ ਪੁਰਾਣਾ
ਵਿਹੜਾ, ਜਿੰਨਾ ਕੁ ਉਸਨੇ ਛਿਆਲੀ ਸੰਨ ‘ਚ ਦੇਖਿਆ ਸੀ, ਗੋਰੇ ਦੀ ਕੈਦ ‘ਚੋਂ ਬਾਹਰ ਆਏ ਨੇ,
ਜਾਂ ਪਿੱਛੋਂ ਵੀ ਕਈ ਵਾਰ ਮਿਲਣ ਆਏ ਨੇ ਸਮਿੱਤਰ ਨੂੰ, ਗੁਰਬਖ਼ਸ਼ ਸਿੰਘ ਨੂੰ। ਇਸ ਵਾਰ, ਢਾਰੇ
ਨਾਲ ਬਣੀ ਛੋਟੀ ਬੈਠਕ, ਵਿਹੜੇ ਨੂੰ ਕੀਤਾ ਵਾਗਲਂਾਂ ਉਸ ਨੂੰ ਆਸ-ਪਾਸ ਉਸਰੇ ਆਲੀਸ਼ਾਨ
ਘਰਾਂ-ਕੋਠਿਆਂ ਦੇ ਪ੍ਰਛਾਵੇਂ ‘ਚ ਲੁਕਿਆ ਹੋਰ ਵੀ ਨਿਮਾਣਾ ਜਿਹਾ ਜਾਪਿਆ। ਨਿਮਾਣਾ ਤੇ ਲਾਚਾਰ
... ।
ਨਵੇਂ ਉਸਰੇ ਘਰਾਂ-ਕੋਠਿਆਂ ਨੇ ਸਭ ਨੇ ਪਿੱਠ ਕਰ ਲਈ ਸੀ ਹਵੇਲੀ ਵਾਲੇ ਪਾਸੇ ਨੂੰ। ਕਿਸੇ ਇੱਕ
ਦਾ ਮੂੰਹ ਇਧਰ ਵੰਨੀ ਨਹੀ ਸੀ ਰਿਹਾ। ਗੁਰਬਖ਼ਸ਼ ਸਿੰਘ ਵੰਨੀਂ। ਸਿਵਾ ਸਮਿੱਤਰ ਦੇ ਘਰ ਦੇ।
ਇਸੇ ਹੀ ਜ਼ੋੜ-ਤੋਙ ਵਿੱਚ ਉਸਦੀ ਸੁਰਤੀ-ਬਿਰਤੀ ਆਪਣੀ ਵੱਲ ਨੂੰ ਆਪਣੀ ਨੂੰ ਵੀ ਪਰਤੀ। ਉਸਦੀ
ਵੀ ਪਿੱਠ ਕੀਤੀ ਹੋਈ ਸੀ, ਛੋਟੀ ਬੈਠਕ ਵੱਲ ਨੂੰ। ਗੁਰੂ ਬਾਬੇ ਦੀ ਬੀੜ ਵੱਲ ਨੂੰ। ਹੋਈ ਗਲਤੀ
ਸੁਧਾਰਨ ਲਈ ਅਜੇ ਉਸਨੂੰ ਥੋੜ੍ਹੀ ਕੁ ਹਿਲ-ਜੁਲ ਕੀਤੀ ਹੀ ਸੀ ਕਿ ਸਮਿੱਤਰ ਦੇ ਸਥਿਰ ਬੋਲ
ਉਸਦੇ ਮੱਥੇ ‘ਚ ਆ ਵੱਜੇ - “ਬਖ਼ਸ਼ੇ ਭਾਅ ਨੂੰ ਵੀ ਆਏ ਸੀ ਕਾਗ਼ਤ, ਉਨ੍ਹੇ ਮੋੜਤੇ ਸੀ ਬਰੰਗ।
ਕਹਿੰਦਾ ਸੀ - ਨਈਂ ਕਲੰਕੀ ਹੋਣਾ। ਮੈਂ ਨਹੀਂ ਮੁੱਲ ਵੱਟਣਾ ਲੋਕ ਸੇਵਾ ਦਾ। ਐਂ ਤਾਂ ਮੈਂ
ਖ਼ਰੀਦਿਆਂ ਜਾਊਂ ... ਸਰਕਾਰੀਆਂ ਬਣ ਜਾਊ ... ।”
ਸੋਹਣਾ ਹੁਣ ਨਵੀਂ ਕਿਸਮ ਦੀ ਕਸ਼ਕਮਸ਼ ਅੰਦਰ ਉਲਝ ਗਿਆ ਸੀ।
ਇਕ ਪਾਸੇ, ਖ਼ਾਲੀ ਹੱਥ ਪਰਤ ਆਉਣ ਦੀ ਨਮੋਸ਼ੀ, ਸਾਲਾਂ-ਬੱਧੀ ਦੁਰਕਾਰਿਆਂ ਵਰਗੀ ਜੂਨ ਹੰਢਾਉਣ
ਦਾ ਸੰਤਾਪ, ਤੇ ਦੂਜੇ ਪਾਸੇ ਼ ਼ ਦੂਜੇ ਪਾਸੇ ਉਸਦੇ ਗੁਰੂਆਂ ਵਰਗੇ ਬਖ਼ਸ਼ੇ ਭਾਅ ਦਾ
ਐਲਾਨਨਾਮਾ, ਉਸਦਾ ਫੈਸਲਾ, ਉਸਦਾ ਤਿਆਗ। ਉਮਰ ਭਰ ਵਿਆਹ ਤਕ ਨਹੀਂ ਸੀ ਕਰਵਾਇਆ ਉਸਨੇ।
ਚਾਚਾ ਅਜੀਤ ਸਿੰਘ, ਸੁਭਾਸ਼ ਚੰਦਰ ਬੋਸ ਨਾਲ ਹੋਈਆਂ ਮੁਲਾਕਾਤਾਂ, ਨਵੇਂ ਸਿਰਿਉਂ ਚੇਤੇ ‘ਚ
ਪੈਰ ਪਸਾਰਨ ਲੱਗ ਪਈਆਂ।
ਪੈਨਸ਼ਨ ਲੈ ਕੇ ਸੱਚ-ਝੂਠ, ਠੀਕ-ਗਲਤ ਹੋਣ ਦੀ ਦੁਬਿਧਾ ‘ਚ ਫਸਿਆ ਅਜੇ ਉਹ ਕਿਸੇ ਸਿਰੇ ਨਹੀਂ
ਸੀ ਲੱਗਾ ਕਿ ਸਮਿੱਤਰ ਦੇ ਗਹਿਰ-ਗੰਭੀਰ ਬੋਲ ਫ਼ਿਰ ਉਸਦੇ ਕੰਨੀਂ ਆ ਪਏ -” ਉਹ ਵੀ ਤਾਂ ਈ ਨਈਂ
ਆਏ ਹੋਣੇ, ਬਖ਼ਸ਼ੇ ਭਾਅ ਨੂੰ ਮਿਲਣ ਐਨੇ ਚਿਰ ਤੋਂ। ਉਨ੍ਹਾਂ ਵੀ ਐਹੀ ਕੰਮ ਕਰ ਲਿਆਂ ਹੋਣਾਂ,
ਤੇਰੇ ਆਲਾ। ਪੈਨਸ਼ਨ ਲੈ ਲਈ ਹੋਣੀ ਆਂ। ਮਹੀਨਾ ਵਾਰ ... ।”
“ਓੁਹ ਕੌਣ ਭਾਅ ... ਸਮਿੱਤਰ ਸਿਆਂ ... ?”
“ਓਹੀ ਦੀ ਸੰਖੇਪ ਜਿਹੀ ਪੁੱਛ ਦਾ ਉੱਤਰ ਦਿੰਦਿਆ ਸਾਰ, ਸਮਿੱਤਰ ਦੀਆਂ ਅੱਖਾਂ, ਪਹਿਲਾਂ
ਨਾਲੋਂ ਵੀ ਵੱਧ ਛਲਕ ਪਈਆਂ। ਇਹਨਾਂ ਅੰਦਰ ਉਮੱਡ ਆਏ ਅੱਥਰੂ ਫ਼ਿਰ ਤੋਂ, ਪਰਲ-ਪਰਲ ਵਗਣ ਲੱਗ
ਪਏ। ਪਰਲ-ਪਰਲ ਵਗਦੇ ਅੱਥਰੂ ਉਸਨੇ ਮੋਢੇ ‘ਤੇ ਲਟਕਦੇ ਪਰਨੇ ਨਾਲ ਮੁੜ ਤੋਂ ਸਾਫ਼ ਕਰ ਲਏ।
ਮੋਟੇ ਸ਼ੀਸ਼ਿਆਂ ਦੀਆਂ ਐਨਕਾਂ ਉਤਾਰ ਕੇ। ਸਾਫ਼ ਹੋਈਆਂ ਅੱਖਾਂ ਨੇ ਫ਼ਿਰ ਤੋ ਬਾਗਲੇ ਦੇ ਵੱਡੇ
ਗੇਟ ਨੂੰ ਪਹਿਲਾਂ ਵਰਗੀ ਟਿਕਟਿਕੀ ਲਾ ਲਈ।
ਉਸਦੀ ਇਸ ਟਿਕਟਿਕੀ ਅੰਦਰ ਉਸਦੇ ਬਖ਼ਸ਼ੇ ਭਾਅ ਦੇ, ਗੁਰਬਖ਼ਸ਼ ਸਿੰਘ ਦੇ ਕਿਸੇ ਰਹੇ-ਬਚੇ ਜਾਨਸ਼ੀਨ
ਨੂੰ ਮਿਲਣ ਦੇਖਣ ਦੀ ਤਾਂਘ, ਅਜੇ ਤਕ ਵੀ ਨਹੀਂ ਸੀ ਮੁੱਕੀ ... ਬਰਕਰਾਰ ਸੀ ਉਵੇਂ ਦੀ ਉਵੇਂ
... ਸ਼ਾਇਦ ... । ?
-0-
|