Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

ਆਪ ਕੀ ਸ਼ਾਦੀ ਹੂਈ ਹੈ?

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ਚੇਤੰਨ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ
- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

 

ਉਪ੍ਰੋਕਤ ਪੂਰਾ ਨਾਂ ਯੋਗੀ ਹਰਭਜਨ ਸਿੰਘ ਜੀ ਦਾ ਹੈ।
1970 ਦੀ ਗੱਲ ਹੈ ਕਿ ਮੇਰੇ ਛੋਟੇ ਭਰਾ ਸ. ਹਰਜੀਤ ਸਿੰਘ ਨੇ ਇਕ ਦਿਨ ਆਖਿਆ, ਉਹ ਜੇਹੜੀਆਂ ਮਹਾਰਾਜ ਨੇ ਅਨੰਦ ਸਾਹਿਬ ਵਿਚ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਆਖਿਆ ਸੀ ਨਾ; ਉਹ ਇਹੋ ਪਰੀਆਂ ਨੇ!
ਲੱਗਦੀਆਂ ਵੀ ਉਹ ਬੀਬੀਆਂ ਉਚੀਆਂ ਲੰਮੀਆਂ ਖ਼ੂਬਸੂਰਤ ਚਿੱਟੇ ਸਿੱਖ ਪਹਿਰਾਵੇ ਵਿਚ, ਕਿਸੇ ਪਰੀ ਲੋਕ ਤੋਂ ਆਈਆਂ ਹੀ ਨਹੀ ਬਲਕਿ ਉਤਰੀਆਂ ਹੋਈਆਂ ਸਨ।
ਗੱਲ ਇਹ ਇਉਂ ਹੋਈ ਕਿ ਓਹਨੀਂ ਦਿਨੀਂ ਅਮ੍ਰੀਕਾ ਤੋਂ ਯੋਗੀ ਹਰਭਜਨ ਸਿੰਘ ਜੀ ਦੇ ਨਾਲ਼ ਕੁਝ ਗੋਰੇ ਅਮ੍ਰੀਕਨ ਨੌਜਵਾਨ ਬੱਚੇ ਬੱਚੀਆਂ, ਅੰਮ੍ਰਿਤਸਰ ਵਿਚ ਅਏ ਹੋਏ ਸਨ। ਉਹ ਸ੍ਰੀ ਦਰਬਾਰ ਕੰਪਲੈਕਸ ਦੇ ਆਲ਼ੇ ਦੁਆਲ਼ੇ ਅਤੇ ਗੁਰੂ ਕੀ ਨਗਰੀ ਦੇ ਬਾਜ਼ਾਰਾਂ ਵਿਚ ਘੁੰਮਦੇ, ਖ਼ੂਬਸੂਰਤ ਉਚੇ ਲੰਮੇ ਚਿੱਟੇ ਬਸਤਰਾਂ, ਖੁਲ੍ਹੇ ਕੁਰਤੇ, ਦਸਤਾਰਾਂ ਅਤੇ ਚੂੜੀਦਾਰ ਪਜਾਮਿਆਂ ਵਿਚ ਸਜੇ ਹੋਏ, ਅਲੋਕਿਕ ਦ੍ਰਿਸ਼ ਪੇਸ਼ ਕਰ ਰਹੇ ਸਨ। ਬੀਬੀਆਂ ਵੀ ਚਿੱਟੇ ਬਸਤਰਾਂ ਦੇ ਨਾਲ਼ ਸਿਰਾਂ ਉਪਰ ਪੂਰੀਆਂ ਦਸਤਾਰਾਂ ਅਤੇ ਉਹਨਾਂ ਦਸਤਾਰਾਂ ਉਪਰ ਚਿੱਟੀਆਂ ਚੁੰਨੀਆਂ ਓਹੜ ਕੇ ਸੁੰਦਰਤਾ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਗੁਰੂ ਦਰਬਾਰ ਵਿਚ ਏਧਰ ਓਧਰ ਵਿਚਰ ਰਹੇ ਇਹ ਨੌਜਵਾਨ ਪੰਜਾਬ ਦੇ ਲੋਕਾਂ ਲਈ ਅਦਭੁਤ ਨਜ਼ਾਰਾ ਹੀ ਭਾਸ ਰਹੇ ਸਨ।
ਗਲ ਇਹ ਸੀ ਇਕ ਕਸਟਮ ਅਫ਼ਸਰ ਸ. ਹਰਭਜਨ ਸਿੰਘ ਜੀ, ਦਿੱਲੀ ਤੋਂ ਕਿਸੇ ਅਮ੍ਰੀਕਨ ਦੇ ਸੱਦੇ ਉਪਰ ਯੋਗ ਸਿਖਾਉਣ ਗਿਆ ਸੀ। ਉਸ ਤੋਂ ਯੋਗ ਦੀ ਸਿੱਖਿਅ ਲੈਣ ਵਾਲ਼ੇ ਵਾਹਵਾ ਗਿਣਤੀ ਵਿਚ ਕੁਝ ਨੌਜਵਾਨ ਸਿੱਖੀ ਰਹਿਣੀ ਬਹਿਣੀ ਅਤੇ ਸਿੱਖਿਆ ਤੋਂ ਪ੍ਰਭਾਵਤ ਹੋ ਕੇ, ਸਿੱਖ ਬਾਣੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਪਾਨ ਕਰਨ ਵਾਸਤੇ ਅਏ ਸਨ।
ਇਹ ਗੱਲ ਤਾਂ ਏਥੇ ਹੀ ਮੁੱਕ ਗਈ। ਜਦੋਂ 1977 ਦੇ ਮਈ ਮਹੀਨੇ ਵਿਚ ਮੈ ਅਫ਼੍ਰੀਕਾ ਤੇ ਯੂਰਪ ਦੇ ਕੁਝ ਮੁਲਕਾਂ ਵਿਚਦੀ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ ਪੁੰਚਿਆ ਤਾਂ ਓਥੇ ਇਹਨਾਂ ਸਿੱਖਾਂ ਵੱਲੋਂ ਚਲਾਏ ਜਾ ਰਹੇ ਆਸ਼੍ਰਮ ਵਿਚ ਵੀ ਗਿਆ। ਓਥੇ ਜਾਣ ਦਾ ਸਬੱਬ ਤੇ ਵਿਸਥਾਰ ਮੈ ਇਕ ਹੋਰ ਲੇਖ ਵਿਚ ਪਾਠਕਾਂ ਨੂੰ ਦੱਸ ਚੁੱਕਾ ਹਾਂ। ਇਸ ਦੇ ਵਿਸਥਾਰ ਵਿਚ ਜਾਣ ਦੀ ਏਥੇ ਲੋੜ ਨਹੀ। ਇਹ ਮੇਰਾ ਪਹਿਲਾ ਸਿਧਾ ਸੰਪਰਕ ਇਹਨਾਂ ਲੋਕਾਂ ਨਾਲ਼ ਹੋਇਆ ਸੀ।
ਫਿਰ ਮੈ ਉਸ ਸਾਲ ਦੀਆਂ ਸਰਦੀਆਂ ਵਿਚ ਲੰਡਨ ਵਿਚ ਸਾਂ ਤੇ ਓਹਨੀਂ ਦਿਨੀਂ ਅੰਗ੍ਰੇਜ਼ੀ ਪ੍ਰੈਸ, ਖਾਸ ਕਰਕੇ ਟਾਈਮ ਮੈਗ਼ਜ਼ੀਨ ਵਿਚ ਛਪੇ ਮੈਟਰ ਨੂੰ, ਮੱਖੀ ਤੇ ਮੱਖੀ ਮਾਰਨ ਵਾਂਗ, ਵਲੈਤ ਦੇ ਪੰਜਾਬੀ ਪ੍ਰੈਸ ਨੇ ਵੀ ਮਸਾਲਾ ਲਾ ਲਾ ਕੇ, ਯੋਗੀ ਜੀ ਅਤੇ ਇਸ ਲਹਿਰ ਦੇ ਖਿ਼ਲਾਫ਼ ਵਾਹਵਾ ਕੁਝ ਲਿਖਿਆ। ਉਸ ਸਮੇ ਇਕ ਪੰਜਾਬੀ ਅਖ਼ਬਾਰ ਦੇ ਮਾਲਕ ਨੂੰ ਮੈਂ ਇਸ ਬਾਰੇ ਸਿ਼ਕਾਇਤ ਕੀਤੀ ਤਾਂ ਉਸ ਨੇ ਆਖਿਆ ਕਿ ਅਖ਼ਬਾਰੀ ਕਾਰੋਬਾਰ ਵਿਚ ਜੇ ਅਸੀਂ ਅਜਿਹਾ ਕੁਝ ਨਾ ਛਾਪੀਏ ਤਾਂ ਬਾਕੀਆਂ ਨਾਲ਼ੋਂ ਪਿੱਛੇ ਰਹਿ ਜਾਂਦੇ ਹਾਂ। ਇਸ ਲਈ ਅਜਿਹਾ ਸਾਨੂੰ ਛਾਪਣਾ ਹੀ ਪੈਂਦਾ ਹੈ। ਅਖੀਰ ਵਿਚ ਉਹਨਾਂ ਨੇ ਆਖਿਆ ਕਿ ਮੈ ਇਸ ਦੇ ਉਲਟ ਲਿਖ ਦੇਵਾਂ ਉਹ ਛਾਪ ਦੇਣਗੇ। ਜੋ ਮੇਰੀ ਉਸ ਸਮੇ ਸਮਝ ਵਿਚ ਅਇਆ ਮੈ ਲਿਖ ਦਿਤਾ। ਅਖਬਾਰ ਵਾਲ਼ੇ ਨੇ ਬਿਨਾ ਪ੍ਰੋਫ਼ੈਸ਼ਨਲ ਸੋਧ ਸੁਧਾਈ ਦੇ ਉਹ ਲੇਖ ਵਿੰਗ ਤੜਿੰਗਾ ਜਿਹਾ ਹੀ ਛਾਪ ਦਿਤਾ। ਅਗਲੀ ਸਵੇਰ ਤੋਂ ਪੰਜਾਬੀ ਸਿੱਖਾਂ ਵੱਲੋਂ ਮੇਰੇ ਤੇ ਰੋਹਬ ਪਾਉਣ ਵਾਲੇ ਫ਼ੋਨ ਅਉਣੇ ਸ਼ੁਰੂ ਹੋ ਗਏ। ਅਖੀਰ ਵਿਚ ਮੈਨੂੰ ਅਖਣਾ ਪਿਆ ਕਿ ਜੋ ਕੁਝ ਮੈ ਠੀਕ ਸਮਝਦਾ ਹਾਂ ਉਹ ਲਿਖ ਦਿਤਾ ਹੈ ਤੇ ਅੱਗੇ ਤੋਂ ਵੀ ਜੋ ਠੀਕ ਸਮਝਾਂਗਾ ਓਹੀ ਬੋਲਾਂਗਾ ਤੇ ਓਹੀ ਲਿਖਾਂਗਾ। ਤੁਸੀਂ ਜੋ ਕਰਨਾ ਹੈ ਕਰ ਲਵੋ। ਖੈਰ, ਉਹਨਾਂ ਸੱਜਣਾਂ ਵਿਚੋਂ ਇਕ ਬਹੁਤ ਵਿਦਵਾਨ ਸੱਜਣ ਨੇ ਸਾਂਝੇ ਮਿੱਤਰ ਗਿ. ਅਜਮੇਰ ਸਿੰਘ, ਸਕੱਤਰ ਸ਼੍ਰੋਮਣੀ ਅਕਾਲੀ ਦਲ ਕੋਲ਼ ਮੇਰੀ ਸਿ਼ਕਾਇਤ ਵੀ ਲਾਈ ਪਰ ਗਿਅਨੀ ਜੀ ਨੇ ਸਿਅਣਪ ਨਾਲ਼ ਮਸਲਾ ਨਜਿਠ ਦਿਤਾ।
ਇਹਨੀਂ ਦਿਨੀਂ ਹੀ ਯੋਗੀ ਜੀ ਵੀ ਲੰਡਨ ਵਿਚ ਪਧਾਰੇ। ਉਹਨਾਂ ਨੂੰ ਕਿਸੇ ਤੋਂ ਪਤਾ ਲਗਾ ਕਿ ਇਸ ਰਾਮਰੌਲ਼ੇ ਵਿਚ ਸਿਰਫ਼ ਮੈ ਹੀ ਉਹ ਕੁਝ ਲਿਖਿਆ ਹੈ ਜੋ ਉਹਨਾਂ ਦੇ ਖਿ਼ਲਾਫ਼ ਪ੍ਰਚਾਰੇ ਜਾ ਰਹੇ ਵਿਰੋਧ ਦੇ ਵਿਰੁਧ ਹੈ। ਉਹਨਾਂ ਦੇ ਹੱਕ ਵਿਚ ਸਾਊਥਾਲ ਵਿਚ ਇਕ ਜਲਸਾ ਵੀ ਕੀਤਾ ਗਿਆ। ਉਸ ਜਲਸੇ ਵਿਚ ਵੀ ਮੈ ਨਿਰਭੈਤਾ ਨਾਲ਼ ਜੋ ਮੈਨੂੰ ਠੀਕ ਲੱਗੀ ਉਹ ਗੱਲ ਕੀਤੀ।
ਉਹਨੀਂ ਦਿਨੀਂ ਹੀ ਯੋਗੀ ਜੀ ਦੀ ਲੰਡਨ ਯਾਤਰਾ ਦੌਰਾਨ, ਉਹਨਾਂ ਦੇ ਸੱਦੇ ਤੇ ਮੈ ਚੌਵੀ ਘੰਟੇ ਉਹਨਾਂ ਨਾਲ਼ ਬਿਤਾਏ। ਪਤਾ ਨਹੀ ਲੱਗਾ ਕਿ ਉਹ ਕੇਹੜੇ ਵੇਲ਼ੇ ਸੁਤੇ। ਤਿੰਨ ਚਾਰ ਵਜੇ ਦਾ ਸਮਾ ਹੋਵੇਗਾ ਜਦੋਂ ਉਹ ਕੁਝ ਸਮੇ ਲਈ ਉਪਰਲੀ ਛੱਤ ਉਪਰ ਗਏ ਤੇ ਛੇਤੀ ਹੀ ਵਾਪਸ ਆ ਕੇ ਫਿਰ ਸਾਡੇ ਵਿਚ ਬੈਠ ਗਏ। ਸਾਰੇ ਸਮੇ ਦੌਰਾਨ ਮੈ ਉਹਨਾਂ ਨੂੰ ਬੋਲਦਿਆਂ, ਦੂਜਿਆਂ ਨੂੰ ਝਾੜਦਿਆਂ ਤੇ ਉਹਨਾਂ ਦੀ ਖੁੰਬ ਠੱਪਦਿਆਂ ਹੀ ਵੇਖਿਆ। ਕਿਸੇ ਦਾ ਵੀ ਉਹ ਲਿਹਾਜ਼ ਨਹੀ ਸਨ ਕਰ ਰਹੇ। ਆਪਣੇ ਨੌਜਵਾਨ ਗੋਰੇ ਸ਼ਰਧਾਲੂਆਂ ਨੂੰ ਤਾਂ ਗਾਹਲਾਂ ਦਾ ਵੀ ਖੁਲ੍ਹਾ ਗੱਫਾ ਵਰਤਾ ਰਹੇ ਸਨ। ਕਿਸੇ ਗੱਲ ਤੋਂ ਮੈਨੂੰ ਵੀ ਉਹਨਾਂ ਨੇ ਝਿੜਕ ਜਿਹੀ ਵਾਂਗ ਸੰਬੋਧਨ ਕੀਤਾ ਪਰ ਮੈ ਤਾਂ ਛੇਤੀ ਹੀ ਸਾਵਧਾਨ ਹੋ ਗਿਆ ਤੇ ਲਾਸ ਏਂਜਨਲਜ਼ ਦੀ, ਉਹਨਾਂ ਦੇ ਹੈਡ ਕੁਅਰਟਰ ਦੀ ਯਾਤਰਾ ਸਮੇ, ਮੈ ਇਸ ਗੱਲ ਦਾ ਖਾਸ ਧਿਅਨ ਰੱਖਿਆ ਕਿ ਉਹਨਾਂ ਨੂੰ ਫਿਰ ਅਜਿਹਾ ਮੌਕਾ ਨਹੀ ਦੇਣਾ ਕਿ ਉਹ ਦੂਜੇ ਲੋਕਾਂ ਵਾਂਗ ਮੈਨੂੰ ਵੀ ਝਿੜਕ ਮਾਰ ਸੱਕਣ। ਪ੍ਰਸਿਧ ਸਿੱਖ ਵਿਦਵਾਨ ਡਾ. ਗੋਬਿੰਦ ਸਿੰਘ ਮਨਸੁਖਾਨੀ ਦੀ ਵੀ ਉਹਨਾਂ ਨੇ ਚੰਗੀ ਖੁੰਬ ਠੱਪ ਦਿਤੀ ਸੀ।
ਇਹ ਗੱਲ ਆਈ ਗਈ ਹੋ ਗਈ।
ਮੈ ਦੇਸੋਂ ਵਲੈਤ ਗਏ ਪੰਥਕ ਅਗੂਆਂ ਨਾਲ਼ ਵਾਪਸ ਅੰਮ੍ਰਿਤਸਰ ਆ ਗਿਆ। ਜਿਸ ਕਾਰਜ ਲਈ ਟੌਹੜਾ ਸਾਹਿਬ ਮੈਨੂੰ ਲੈ ਕੇ ਆਏ ਸਨ ਉਹ ਕਾਰਜ ਉਹ ਸਿਰੇ ਨਾ ਚੜ੍ਹਾ ਸਕੇ ਤੇ ਮੈਨੂੰ ਹੋਰ ਪੇਸ਼ਕਸ਼ ਕੀਤੀ ਜੋ ਮੈ ਉਸ ਸਮੇ ਨਿਭਾਉਣ ਤੋਂ ਸੰਕੋਚ ਕਰ ਲਿਆ। ਚਿਰ ਤੋਂ ਖਾਹਸ਼ ਸੀ ਕਿ ਅਮ੍ਰੀਕਾ, ਕੈਨੇਡਾ ਰਾਹੀਂ ਫਿਜੀ, ਨਿਊ ਜ਼ੀਲੈਂਡ, ਅਸਟ੍ਰੇਲੀਆ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਆਦਿ ਦੇਸਾਂ ਵਿਚ ਦੀ ਵਿਚਰਦਾ ਹੋਇਆ ਦੁਨੀਆ ਦੇ ਦੁਆਲੇ ਇਕ ਭੁਆਟਣੀ ਲਾਵਾਂ। ਮਲਾਵੀ ਤੋਂ ਤੁਰਨ ਸਮੇ ਇਸ ਤਰ੍ਹਾਂ ਦੀ ਇਕ ਟਿਕਟ ਵੀ ਜੇਬ ਵਿਚ ਪਾ ਕੇ ਤੁਰਿਆ ਸਾਂ। ਉਸ ਕਾਰਜ ਨੂੰ ਪੂਰਾ ਕਰਨ ਲਈ ਮੈ ਫਿਰ ਵਾਪਸ ਲੰਡਨ ਨੂੰ ਚਾਲੇ ਪਾਉਣ ਦਾ ਵਿਚਾਰ ਬਣਾ ਲਿਆ। ਮਲਾਵੀ ਤੋਂ ਅਮ੍ਰੀਕਾ ਦੇ ਪਰਾਪਤ ਕੀਤੇ ਗਏ ਮਲਟੀਪਲ ਵੀਜ਼ੇ ਦੀ ਮਿਅਦ ਤਾਂ ਭਾਵੇ ਮੁੱਕ ਚੁੱਕੀ ਸੀ ਪਰ ਲੰਡਨ ਤੋਂ ਫਿਰ ਲੈ ਲੈਣ ਦੀ ਆਸ ਸੀ, ਤੇ ਉਹ ਪੂਰੀ ਵੀ ਹੋ ਗਈ ਅਰਥਾਤ ਵੀਜ਼ਾ ਫਿਰ ਮਿਲ਼ ਗਿਆ।
ਮਹੀਨਾ ਕੁ ਅੰਮ੍ਰਿਤਸਰ ਰਹਿ ਕੇ ਵਾਪਸ ਲੰਡਨ ਨੂੰ ਮੁੜ ਗਿਆ ਤੇ ਓਥੋਂ ਮਹੀਨੇ ਕੁ ਪਿੱਛੋਂ, ਵੀਜ਼ਾ ਲੈਣ ਉਪ੍ਰੰਤ, ਇਕ ਪਾਸੜ 64 ਪੌਂਡ ਦੀ ਸਟੈਂਡਬਾਈ ਟਿਕਟ ਲੈ ਕੇ, 12 ਅਪ੍ਰੈਲ਼ 1978 ਵਾਲ਼ੀ ਰਾਤ ਨੂੰ, ਲੰਡਨੋਂ ਏਅਰ ਇੰਡੀਆ ਦੇ ਜਹਾਜ ਸ਼ਾਹ ਜਹਾਨ ਵਿਚ ਬੈਠ ਕੇ ਅਗਲੇ ਦਿਨ, 13 ਅਪ੍ਰੈਲ ਨੂੰ ਨਿਊ ਯਾਰਕ ਜਾ ਉਤਰਿਅ। ਜਦੋਂ ਹਵਾਈ ਅੱਡੇ ਤੋਂ ਗਿ. ਗੁਰਦੀਪ ਸਿੰਘ ਜੀ, ਹੈਡ ਗ੍ਰੰਥੀ ਗੁਰਦੁਅਰਾ ਰਿਚਮੰਡ ਹਿੱਲ ਨੂੰ ਰਿੰਗਿਆ ਤਾਂ ਉਹਨਾਂ ਨੂੰ ਇਤਬਾਰ ਨਾ ਆਇਆ। ਤਸੱਲੀ ਲਈ ਉਹਨਾਂ ਪੁੱਛਿਆ ਕਿ ਲੰਡਨ ਦੇ ਹਵਾਈ ਅੱਡੇ ਤੋਂ ਬੋਲ ਰਿਹਾ ਹਾਂ ਜਾਂ ਕਿ ਨਿਊ ਯਾਰਕ ਦੇ ਹਵਾਈ ਅੱਡੇ ਤੋਂ! ਮੇਰੇ ਦੁਬਾਰਾ ਦੱਸਣ ਤੇ ਉਹਨਾਂ ਨੇ ਆਖਿਆ, ਚੰਗਾ ਫਿਰ ਇਉਂ ਕਰ, ਬੱਸ ਰਾਹੀਂ ਏਥੇ ਪੁੱਜ ਜਾਹ। ਤੇ ਮੈ ਓਵੇਂ ਹੀ ਡਾਂਡੇ ਮੀਂਡੇ ਗੁਰਦੁਆਰੇ ਅੱਪੜ ਕੇ ਜਾ ਫ਼ਤਿਹ ਬੁਲਾਈ। ਓਥੇ ਹੀ ਸ. ਪਰਗਟ ਸਿੰਘ ਜੀ ਵੀ ਮਿਲ਼ ਗਏ। ਮਿਲ਼ ਕੇ ਪਰਸਪਰ ਪ੍ਰਸੰਨਤਾ ਪਰਾਪਤ ਹੋਈ।
1978 ਦੀ ਵੈਸਾਖੀ ਦੇ ਸਮਾਗਮ ਵਿਚ ਏਥੇ ਹੀ ਭਾਗ ਲਿਆ। ਅੰਮ੍ਰਿਤ ਸੰਚਾਰ ਵਿਚ ਵੀ ਸ਼ਮਲ ਹੋਇਆ। ਮੈਨੂੰ ਇਸ ਲਈ ਅੰਮ੍ਰਿਤ ਸੰਚਾਰ ਵਿਚ ਸ਼ਾਮਲ ਕਰਦੇ ਹਨ ਕਿ ਜਾਪੁ ਸਾਹਿਬ ਨਾਮੀ ਬਾਣੀ ਆਮ ਤੌਰ ਤੇ ਸਿੰਘਾਂ ਨੂੰ ਕੰਠ ਨਹੀ ਹੁੰਦੀ ਪਰ ਮੈਨੂੰ ਬਚਪਨ ਵਿਚ ਹੀ ਭਾਈਆ ਜੀ ਨੇ ਬਾਕੀ ਬਾਣੀਆਂ ਦੇ ਨਾਲ਼ ਹੀ ਕੰਠ ਕਰਵਾ ਦਿਤੀ ਹੋਈ ਸੀ। ਏਥੇ ਹੀ ਅੰਮ੍ਰਿਤਸਰ ਵਿਚ ਵਾਪਰਨ ਵਾਲ਼ੇ ਦੁਖਾਂਤ ਦੀ ਮਾੜੀ ਖ਼ਬਰ ਮਿਲੀ। ਇਸ ਦੁਰਘਟਨਾ ਦੇ ਦੋਸ਼ੀਆਂ ਨੂੰ ਸਰਕਾਰ ਵੱਲੋਂ ਸਜਾ ਨਾ ਦਿਵਾਈ ਜਾ ਸੱਕਣ ਕਾਰਨ ਹੀ ਏਨਾ ਵਿਖਾਂਦ ਵਧ ਗਿਆ ਕਿ ਉਸ ਵਿਖਾਂਦ ਕਾਰਨ ਹੀ, ਡੇਢ ਕੁ ਦਹਾਕਾ ਸਿੱਖ ਕੌਮ ਨੇ ਭਿਆਨਕ ਸੰਤਾਪ ਹੰਡਾਇਆ।
ਅਮ੍ਰੀਕਾ ਤੇ ਕੈਨੇਡਾ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ, ਵੱਖ ਵੱਖ ਸ਼ਹਿਰਾਂ ਵਿਚ ਦੀ, ਬੱਸਾਂ ਤੇ ਕਾਰਾਂ ਰਾਹੀਂ ਘੁੰਮਦਾ ਹੋਇਆ, ਅਖੀਰ ਜਨਵਰੀ 1979 ਵਿਚ ਮੈ ਯੋਗੀ ਜੀ ਦੇ ਹੈਡ ਕੁਅਰਟਰ ਵਾਲ਼ੇ ਸ਼ਹਿਰ ਲਾਸ ਏਂਜਲਜ਼ ਵਿਚ ਪੁੱਜ ਗਿਆ।
ਜਾਣਾ ਤੇ ਮੈ ਚਾਹੁੰਦਾ ਸੀ ਸਿਧਾ ਯੋਗੀ ਜੀ ਦੇ ਆਸ਼੍ਰਮ ਵਿਚ ਹੀ ਪਰ ਬੱਸ ਅੱਡੇ ਤੋਂ ਫ਼ੋਨ ਰਾਹੀਂ ਉਹਨਾਂ ਨਾਲ ਸਿਧਾ ਸੰਪਰਕ ਨਾ ਹੋਣ ਕਾਰਨ ਮੈ ਫਿਰ ਗੁਰਦੁਆਰਾ ਸਾਹਿਬ ਵਿਚ ਹੀ ਚਲਿਆ ਗਿਆ। ਇਸ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਵੀ ਬਹੁਤੇ ਸਥਾਨਾਂ ਦੇ ਪ੍ਰਬੰਧਕਾਂ ਵਾਂਗ ਯੋਗੀ ਦੇ ਅਸ਼ੁਭਚਿੰਤਕ ਹੀ ਸਨ। ਰਾਤ ਸਮੇ ਰਹਿਣ ਲਈ ਗ੍ਰੰਥੀ ਜੀ ਨੇ ਮੈਨੂੰ ਕਮਰਾ ਬਖ਼ਸ਼ ਦਿਤਾ। ਇਹ ਗਿਆਨੀ ਜੀ, ਸਮੇਤ ਪਰਵਾਰ ਗੁਰਦੁਅਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਪਰ ਪਰਵਾਰਕ ਉਪਜੀਵਕਾ ਚਲਾਉਣ ਲਈ ਬਾਹਰ ਅਖ਼ਬਾਰਾਂ ਆਦਿ ਵੇਚਣ ਦੀ ਕਿਰਤ ਕਰਿਆ ਕਰਦੇ ਸਨ। ਵਿਚਾਰੇ ਇਮੀਗ੍ਰੇਸ਼ਨ ਦੀ ਆਸ ਤੇ ਇਹ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਉਹਨਾਂ ਦੇ ਪਰਵਾਰ ਵਿਚ ਅਣਸੁਖਾਵੀਂ ਘਟਨਾ ਵੀ ਵਾਪਰ ਗਈ ਜਿਸ ਦਾ ਅਸਰ ਗਿਅਨੀ ਜੀ ਦੇ ਚੇਹਰੇ ਅਤੇ ਬੋਲ ਬਾਣੀ ਤੋਂ ਪਰਗਟ ਹੁੰਦਾ ਸੀ। ਸੱਤਰਵਿਆਂ ਵਾਲ਼ੇ ਦਹਾਕੇ ਦੌਰਾਨ ਪਰਦੇਸਾਂ ਵਿਚ ਵੇਖਿਆ ਕਿ ਜਿਸ ਗੁਰਦੁਅਰੇ ਦੇ ਪ੍ਰਬੰਧਕ ਧਨੀ, ਵੱਡੇ ਪ੍ਰੋਫ਼ੈਸ਼ਨਲ ਵਿਅਕਤੀ ਅਤੇ ਸੰਗਤ ਹੁੰਦੀ ਸੀ ਓਥੋਂ ਦੇ ਗ੍ਰੰਥੀ ਸਿੰਘ ਜੀ ਨੂੰ ਪਰਵਾਰ ਦੇ ਗੁਜ਼ਾਰੇ ਲਈ ਬਾਹਰ ਹੀ ਮਜ਼ਦੂਰੀ ਵਗੈਰਾ ਕਰਨੀ ਪੈਂਦੀ ਸੀ ਪਰ ਜਿਥੇ ਮਜ਼ਦੂਰਾਂ, ਕਿਸਾਨਾਂ ਦੀ ਸੰਗਤ ਹੁੰਦੀ ਸੀ ਓਥੇ ਹਰ ਪੱਖੋਂ ਲਹਿਰਾਂ ਬਹਿਰਾਂ ਹੁੰਦੀਆਂ ਸਨ। ਸਾਰੇ ਸੰਸਾਰ ਵਿਚ ਵੱਸਦੇ ਸਿੱਖਾਂ ਦੇ ਭਾਈਚਾਰਕ ਹਾਲਾਤ 1984 ਤੋਂ ਪਿੱਛੋਂ ਬਦਲ ਗਏ ਹੋਏ ਹਨ।
ਕਿਉਂਕਿ ਮੇਰੇ ਲਾਸ ਏਂਜਲਜ਼ ਵਿਚ ਪਹੁੰਚਣ ਦਾ ਪਤਾ ਯੋਗੀ ਜੀ ਨੂੰ ਲੱਗ ਚੁੱਕਾ ਸੀ। ਇਸ ਲਈ ਸਵੇਰੇ ਹੁੰਦਿਆਂ ਹੀ ਉਹਨਾਂ ਦਾ ਚੀਫ਼ ਪ੍ਰੋਟੋਕੋਲ ਅਧਿਕਾਰੀ ਅਤੇ ਇਕ ਦੋ ਹੋਰ ਸੱਜਣ ਮੈਨੂੰ ਲੈਣ ਲਈ ਆ ਗਏ। ਮੇਰੇ ਉਹਨਾਂ ਨਾਲ਼ ਤੁਰਨ ਸਮੇ ਗਿਅਨੀ ਜੀ ਉਪਰੋਂ ਆਪਣੇ ਕਮਰੇ ਵਿਚੋਂ ਵੇਖ ਰਹੇ ਸਨ ਤੇ ਆਪਣੀ ਡਿਊਟੀ ਸਮਝ ਕੇ ਇਹ ਖ਼ਬਰ ਉਹਨਾਂ ਨੇ ਪ੍ਰਬੰਧਕਾਂ ਤੱਕ ਪੁਚਾ ਦਿਤੀ। ਮੈ ਕੋਈ ਕਿਸੇ ਤੋਂ ਲੁਕ ਕੇ ਤਾਂ ਜਾ ਨਹੀ ਸੀ ਰਿਹਾ। ਮੇਰਾ ਤੇ ਜੋ ਵੀ ਕਾਰਜ ਹੁੰਦਾ ਹੈ ਪਰਗਟ ਹੀ ਹੁੰਦਾ ਹੈ। ਲੁਕਾ ਰੱਖ ਸੱਕਣ ਦੀ ਰੱਬ ਨੇ ਅਕਲ ਹੀ ਨਹੀ ਦਿਤੀ।
ਖ਼ੈਰ ਉਸ ਦਿਨ ਬੁਧਵਾਰ ਸੀ ਤੇ ਬੁਧਵਾਰ ਯੋਗੀ ਜੀ ਦਾ ਛੁੱਟੀ ਦਾ ਦਿਨ ਹੁੰਦਾ ਹੈ। ਬਾਕੀ ਦੇ ਛੇ ਦਿਨ ਉਹ ਕਾਰਜ ਵਿਚ ਲੱਗੇ ਰਹਿੰਦੇ ਹਨ ਤੇ ਇਸ ਲਈ ਉਹ ਰਾਤ ਹੋਵੇ ਜਾਂ ਦਿਨ ਕੋਈ ਸਮਾ ਨਹੀ ਵਿਚਾਰਿਆ ਕਰਦੇ ਸਨ। ਕੇਵਲ ਬੁਧਵਾਰ ਹੀ ਹੀ ਮੁਕੰਮਲ ਛੁੱਟੀ ਮਨਾਇਆ ਕਰਦੇ ਸਨ।
ਮੈ ਜਦੋਂ ਉਹਨਾਂ ਦੇ ਕਮਰੇ ਵਿਚ ਪਰਵੇਸ਼ ਕੀਤਾ ਤਾਂ ਉਸ ਸਮੇ ਉਹ ਕਛਹਿਰੇ ਅਤੇ ਬੁਨੈਣ ਵਿਚ ਇਕ ਵਿਸ਼ਾਲ ਕੁਰਸੀ ਉਪਰ ਸੁਸ਼ੋਭਤ ਸਨ। ਕਛਹਿਰਾ ਉਹਨਾਂ ਦਾ ਗੋਡਿਆਂ ਤੱਕ, ਨਿਹੰਗ ਸਿੰਘਾਂ ਦੇ ਕਛਹਿਰਿਆਂ ਵਾਂਗ, ਬੜਾ ਪ੍ਰਭਾਵਸ਼ਾਲੀ ਲੱਗ ਰਿਹਾ ਸੀ। ਇਕ ਬੀਬੀ ਉਹਨਾਂ ਦੀ ਸੱਜੀ ਲੱਤ ਦੀ ਮਾਲਸ਼ ਕਰ ਰਹੀ ਸੀ ਤੇ ਇਕ ਖੱਬੀ ਲੱਤ ਦੀ। ਇਕ ਉਹਨਾਂ ਦੇ ਸਿਰ ਦੀ ਮਾਲਸ਼ ਕਰ ਰਹੀ ਸੀ। ਮੈਨੂੰ ਵੇਖ ਕੇ ਨਾ ਤਾਂ ਉਹ ਉਠੇ ਤੇ ਨਾ ਹੀ ਚੱਲ ਰਹੀ ਕਾਰ ਸੇਵਾ ਵਿਚ ਕੋਈ ਵਿਘਨ ਪਿਆ। ਵੈਸੇ ਉਸ ਵਰਗੀ ਮਹਾਨ ਸ਼ਖ਼ਸੀਅਤ ਦਾ ਮੇਰੇ ਵਰਗੇ ਦੀ ਆਮਦ ਤੇ ਉਠਣਾ ਯੋਗ ਵੀ ਨਹੀ ਸੀ। ਬੈਠਿਆਂ ਬੈਠਿਆਂ ਹੀ ਉਹਨਾਂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ, ਬੜੇ ਖੁਲਾਸੇ ਬਚਨਾਂ ਵਿਚ ਆਖਿਆ, ਆ ਓਇ ਸੰਤੋਖ ਸਿੰਹਾਂ ਕਦੋਂ ਦੇ ਅਸੀਂ ਤੈਨੂੰ ਉਡੀਕ ਰਹੇ ਸੀ। ਹੋਰ ਵੀ ਕਈ ਖੁਲ੍ਹੇ ਬਚਨਾਂ ਦਾ ਪਰਸਪਰ ਵਟਾਂਦਰਾ ਹੋਇਆ। ਉਪ੍ਰੰਤ ਉਹਨਾਂ ਨੇ ਕੁਝ ਛਕਣ ਛਕਾਉਣ ਦੀ ਗੱਲ ਕੀਤੀ। ਇਸ ਦੇ ਜਵਾਬ ਵਿਚ ਮੈ ਕਿਹਾ ਕਿ ਛਾਹ ਵੇਲਾ ਤਾਂ ਮੈ ਕਰ ਚੁਕਿਆ ਹਾਂ ਤੇ ਦੁਪਹਿਰ ਸਮੇ ਦੋ ਫੁਲਕੇ ਛਕਣ ਦੀ ਲੋੜ ਦੱਸ ਦਿਤੀ। ਇਸ ਦੇ ਉਤਰ ਵਿਚ ਉਹਨਾਂ ਨੇ ਆਖਿਆ, ਓਇ ਤੂੰ ਗੁਰੂ ਰਾਮਦਾਸ ਜੀ ਦੇ ਘਰ ਅਇਆ ਏਂ; ਤੈਨੂੰ ਏਥੋਂ ਦੋ ਰੋਟੀਆਂ ਨਾ ਮਿਲਣਗੀਆਂ?
ਉਸ ਤੋਂ ਬਾਅਦ ਬਹੁਤ ਸਾਰੇ ਖੁਲ੍ਹੇ ਬਚਨ ਦੁਪਹਿਰ ਤੱਕ ਹੁੰਦੇ ਰਹੇ; ਜਿਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਉਹਨਾਂ ਪਾਸ ਮੇਰੀ ਸਾਰੀ ਰੀਪੋਰਟ ਸੀ। 13 ਅਪ੍ਰੈਲ ਤੋਂ ਲੈ ਕੇ ਕਿਥੇ ਗਿਆ ਤੇ ਕੀ ਕੀ ਕੀਤਾ। ਹਾਊ ਡਿਡ ਯੂ ਸਰਵਾਈਵ? ਮੈ ਆਖਿਆ ਕਿ ਅਰਾਊਂਡ ਦਾ ਵਰਲਡ ਟਿਕਟ ਜੇਬ ਵਿਚ ਪਾ ਕੇ, ਪਰਵਾਰ ਨੂੰ ਇਕ ਸਾਲ ਦਾ ਖ਼ਰਚ ਦੇ ਕੇ ਅੰਮ੍ਰਿਤਸਰ ਭੇਜ ਦਿਤਾ ਸੀ। ਮੈਨੂੰ ਕਿਸੇ ਦੀ ਪਰਵਾਹ ਨਹੀ। ਦਾਤੇ ਦੀ ਸਾਜੀ ਹੋਈ ਰੰਗ ਬਰੰਗੀ ਦੁਨੀਆ ਦੇ ਦਰਸ਼ਨ ਕਰਦਾ ਫਿਰਦਾ ਹਾਂ। ਇਹ ਵੀ ਮਾਣ ਹੈ ਕਿ ਜਿਨ੍ਹਾਂ ਦੇਸਾਂ ਦਾ ਹਿੰਦੁਸਤਾਨੀਆਂ ਨੂੰ ਵੀਜ਼ਾ ਨਹੀ ਮਿਲ਼ਦਾ ਉਹਨਾਂ ਵਿਚ ਮੈ ਸੈਰਾਂ ਕਰਦਾ ਫਿਰਦਾ ਹਾਂ। ਜੇ ਕਿਸੇ ਸੰਸਥਾ ਦੇ ਪ੍ਰਬੰਧਕਾਂ ਦੇ ਮਨ ਮੇਹਰ ਪੈ ਜਾਵੇ ਤੇ ਆਪਣੀ ਜਥੇਬੰਦੀ ਦੇ ਇਕਠ ਨੂੰ ਸੰਬੋਧਨ ਕਰਨ ਦਾ ਸ਼ੁਭ ਅਵਸਰ ਪਰਾਪਤ ਕਰਾ ਦੇਣ ਤਾਂ ਉਸ ਨਿਰੰਕਾਰ ਦਾ ਸ਼ੁਕਰ ਹੋ ਜਾਂਦਾ ਹੈ ਤੇ ਲੋਕਾਂ ਨਾਲ਼ ਵਾਕਫ਼ੀਅਤ ਵਿਚ ਵਾਧਾ ਮੁਫ਼ਤ ਵਿਚ।
ਇਕ ਗੱਲ ਦੱਸਣ ਵਾਲ਼ੀ ਰਹਿ ਗਈ। ਇਸ ਵਾਰੀਂ ਜਦੋਂ ਮੈ ਅੰਮ੍ਰਿਤਸਰੋਂ ਤੁਰਨਾ ਸੀ ਤਾਂ ਐਵੇਂ ਵਿਚਾਰ ਜਿਹਾ ਆ ਗਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿ. ਸਾਧੂ ਸਿੰਘ ਭੌਰਾ ਜੀ ਨੂੰ ਮਿਲ਼ਦੇ ਜਾਈਏ। ਭੌਰਾ ਜੀ ਯੋਗੀ ਜੀ ਨਾਲ਼ ਖ਼ੁਸ਼ ਨਹੀ ਸਨ। ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਸੀ ਕਿ ਯੋਗੀ ਜੀ ਖ਼ੁਦ ਨੂੰ ਸ੍ਰੀ ਸਿੰਘ ਸਾਹਿਬ ਅਖਵਾਉਂਦੇ ਤੇ ਇਸ ਪਦਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਰਾਪਤ ਹੋਈ ਜ਼ਾਹਰ ਕਰਦੇ ਸਨ, ਜਦੋਂ ਕਿ ਪਦਵੀ ਦੇਣ ਵਾਲਾ ਸਿਰਫ਼ ਸਿੰਘ ਸਾਹਿਬ ਹੀ ਆਖਿਆ ਜਾਂਦਾ ਹੈ। ਇਸ ਯਾਤਰਾ ਦੌਰਾਨ ਮੈ ਪ੍ਰੈਸ, ਜਥੇਦਾਰ ਭੌਰਾ ਜੀ ਅਤੇ ਕੁਝ ਅਪਣੇ ਵੱਲੋਂ ਪੈਦਾ ਹੋਏ ਸ਼ੰਕੇ ਵੀ, ਰੂਬਰੂ ਹੋ ਕੇ ਦੂਰ ਕਰਨੇ ਚਾਹੁੰਦਾ ਸਾਂ।
ਦੁਪਹਿਰ ਸਮੇ ਅਸੀਂ ਸਾਰੇ ਰੋਟਰੀ ਕਲੱਬ ਨੂੰ ਚੱਲ ਪਏ। ਯੋਗੀ ਜੀ ਸਿਰ ਤੇ ਵਲ੍ਹੇਟੀ ਹੋਈ ਚਿੱਟੀ ਦਸਤਾਰ, ਜੋ ਉਹਨਾਂ ਦੇ ਤਾਲ਼ੂ ਦੇ ਵਿਚਕਾਰ ਭਰਵੇਂ ਜੂੜੇ ਕਰਕੇ ਸੋਹਣੀ ਸਜ ਰਹੀ ਸੀ ਤੇ ਉਹਨਾਂ ਨੂੰ ਉਹਨਾਂ ਦੇ ਅਸਲੀ ਕੱਦ ਨਾਲ਼ੋਂ ਉਚੇਰਾ ਦਰਸਾ ਰਹੀ ਸੀ। ਭਾਵੇਂ ਕਿ ਅਸਲੀ ਕੱਦ ਵੀ ਉਹਨਾਂ ਦਾ ਆਮ ਬੰਦੇ ਨਾਲ਼ੋਂ ਕੁਝ ਉਚੇਰਾ ਹੀ ਸੀ। ਗਲ਼ ਤੋਂ ਲੈ ਕੇ ਗਿੱਟਿਆਂ ਤੱਕ ਚਿੱਟਾ ਚੋਲ਼ਾ ਤੇ ਹੱਥ ਵਿਚ ਵੱਡੀ ਸ੍ਰੀ ਸਾਹਿਬ ਸੋਭ ਰਹੀ ਸੀ। ਮਗਰੇ ਉਹਨਾਂ ਦਾ ਚੀਫ਼ ਪ੍ਰੋਟੋਕੋਲ ਅਧਿਕਾਰੀ, ਉਹਨਾਂ ਦੀ ਸੈਕ੍ਰੇਟਰੀ, ਇਕ ਦੋ ਹੋਰ ਸਜੱਣ ਤੇ ਵਿਚੇ ਹੀ ਮੈ ਵੀ ਉਹਨਾਂ ਦੀ ਕਾਨਵਾਈ ਵਿਚ ਸ਼ਾਮਲ ਸਾਂ। ਬਾਕੀ ਸਾਰੇ ਸੱਜਣ ਨਿਰੋਲ਼ ਦੁਧ ਰੰਗੀਆਂ ਚਿੱਟੀਆਂ ਪੁਸ਼ਾਕਾਂ ਵਿਚ ਤੇ ਸਿਰਫ਼ ਮੈ ਹੀ ਨੀਲੀ ਪੱਗ ਤੇ ਨੀਲੇ ਓਵਰ ਕੋਟ ਵਾਲ਼ਾ ਸਾਂ ਪਰ ਚੂੜੀਦਾਰ ਪਜਾਮਾ ਮੇਰਾ ਵੀ ਚਿੱਟਾ ਸੀ ਤੇ ਕੋਟ ਦੇ ਥੱਲੇ ਗੋਡਿਆਂ ਤੱਕ ਲੰਮਾ ਝੱਗਾ ਵੀ ਚਿੱਟਾ ਹੀ ਸੀ। ਹਾਲ ਸਾਰਾ ਭਰਿਆ ਹੋਇਆ ਸੀ ਅਤੇ ਹੋਰ ਕੋਈ ਆਪੋ ਅਪਣੇ ਟੇਬਲ ਉਪਰ ਸਜਿਆ ਹੋਇਆ ਤੇ ਰੁਝਾ ਹੋਇਆ ਦਿਸ ਰਿਹਾ ਸੀ। ਜਦੋਂ ਯੋਗੀ ਜੀ ਦੀ ਅਗਵਾਈ ਹੇਠ ਅਸੀਂ ਅੰਦਰ ਦਾਖ਼ਲ ਹੋਏ ਤਾਂ ਜ਼ਾਹਰਾ ਤੌਰ ਤੇ ਇਉਂ ਲੱਗਾ ਜਿਵੇਂ ਸਾਡੇ ਵੱਲ ਕਿਸੇ ਨੇ ਧਿਅਨ ਨਾ ਦਿਤਾ ਹੋਵੇ। ਪੱਛਮੀ ਦੇਸਾਂ ਦੇ ਵਸਿੰਦਿਆਂ ਦੀ ਇਕ ਇਹ ਵੀ ਖ਼ੂਬੀ ਹੈ ਕਿ ਉਹ ਅਣਜਾਣੇ ਬੰਦਿਆਂ ਵੱਲ, ਸਾਡੇ ਵਾਂਗ ਡੇਲੇ ਪਾੜ ਪਾੜ ਕੇ ਨਹੀ ਵੇਖਦੇ। ਚੁੱਪ ਚੁਪੀਤੇ ਭਾਵੇਂ ਇਕ ਨਜ਼ਰ ਉਹ ਵੇਖ ਲੈਣ ਪਰ ਜ਼ਾਹਰਾ ਤੌਰ ਤੇ ਇਉਂ ਹੀ ਅਹਿਸਾਸ ਕਰਵਾਉਣਗੇ ਜਿਵੇਂ ਉਹਨਾਂ ਨੇ ਤੁਹਾਡੇ ਵੱਲ ਬਾਕੀਆਂ ਨਾਲ਼ੋਂ ਕੋਈ ਉਚੇਚ ਨਹੀ ਵਿਖਾਈ।
ਸਪੈਸ਼ਲ ਇਕ ਵੱਡਾ ਟੇਬਲ ਉਹਨਾਂ ਵਾਸਤੇ ਸ਼ਾਕਾਹਾਰੀ ਭੋਜਨ ਦਾ ਸਜਾਇਆ ਹੋਇਆ ਸੀ। ਅਸੀਂ ਸਾਰੇ ਜਾ ਕੇ ਨਿਸਚਿਤ ਟੇਬਲ ਉਪਰ ਸਜ ਗਏ ਸਾਰੇ ਟੇਬਲਾਂ ਵਾਲ਼ੇ ਚੁਪ ਚਾਪ ਆਪਣੇ ਆਪਣੇ ਭੋਜਨ ਵਿਚ ਰੁਝੇ ਹੋਏ ਸਨ। ਇਸ ਸਮੇ ਦੀ ਚੁੱਪਚਾਪ ਨੂੰ ਯੋਗੀ ਜੀ ਨੇ ਅਚਾਨਕ ਆਪਣੀ ਬੁਲੰਦ ਅਵਾਜ਼ ਨਾਲ਼ ਇਉਂ ਤੋੜਿਆ:
ਇਫ਼ ਹਿੰਦੂਜ਼ ਈਟ ਬੀਫ਼ ਦੇ ਗੋ ਟੂ ਹੈਲ। ਇਫ਼ ਮੁਸਲਿਮਜ਼ ਈਟ ਪੋਰਕ, ਦੇ ਗੋ ਟੂ ਹੈਲ। ਕ੍ਰਿਸਚੀਅਨਜ਼ ਈਟ ਬੋਥ,ਦੇ ਗੋ ਟੂ ਹੈਵਨ।
ਜੇ ਹਿੰਦੂ ਗਾਂ ਖਾਣ ਤਾਂ ਉਹ ਨਰਕ ਵਿਚ ਜਾਂਦੇ ਨੇ। ਜੇ ਮੁਸਲਮਾਨ ਸੂਰ ਖਾਣ ਤਾਂ ਉਹ ਵੀ ਨਰਕ ਵਿਚ ਜਾਂਦੇ ਨੇ ਪਰ
ਈਸਾਈ ਦੋਵੇਂ ਖਾ ਜਾਂਦੇ ਨੇ ਤੇ ਉਹ ਸਵੱਰਗ ਵਿਚ ਜਾਂਦੇ ਨੇ।
ਇਹ ਸੁਣ ਕੇ ਸਾਰੇ ਹਾਲ ਵਿਚ ਹਾਸੇ ਦੀ ਲਹਿਰ ਇਉਂ ਪੈਦਾ ਹੋਈ ਜਿਵੇਂ ਝੀਲ਼ ਦੇ ਸ਼ਾਂਤ ਪਾਣੀਆਂ ਵਿਚ ਕੁਝ ਸੁੱਟਣ ਨਾਲ਼ ਪਲ ਭਰ ਲਈ ਲਹਿਰਾਂ ਪੈਦਾ ਹੋ ਜਾਂਦੀਆਂ ਨੇ; ਤੇ ਫਿਰ ਇਉਂ ਚੁੱਪ ਚਾਂਦ ਹੋ ਗਈ ਜਿਵੇਂ ਮੁੜ ਪਾਣੀ ਆਪਣੀ ਪਹਿਲੀ ਸ਼ਾਂਤੀ ਵਿਚ ਹੀ ਆ ਜਾਂਦਾ ਹੈ। ਨਾ ਕਿਸੇ ਨੇ ਕੋਈ ਗੱਲ ਤੇ ਨਾ ਹੀ ਖ਼ੁਸਰ ਫ਼ੁਸਰ ਕੀਤੀ। ਸਾਰੇ ਆਪੋ ਆਪਣੇ ਕਾਰਜਾਂ ਵਿਚ ਮਸਤ।
ਖੈਰ, ਖਾਣਾ ਖਾ ਕੇ ਅਸੀਂ ਵਾਪਸ ਆ ਗਏ। ਉਸ ਦਿਨ ਤਾਂ ਮੈ ਵਾਪਸ ਗੁਰਦੁਆਰਾ ਸਾਹਿਬ ਵਿਖੇ ਚਲਿਆ ਗਿਆ ਕਿਉਂਕਿ ਐਤਵਾਰ ਦੇ ਦੀਵਾਨ ਵਿਚ ਓਥੇ ਮੇਰਾ ਵਿਖਿਅਨ ਸੀ ਤੇ ਮੇਰਾ ਟਿੰਡ ਫਹੁੜੀ ਵੀ ਓਥੇ ਹੀ ਸੀ। ਮੇਰੇ ਵਾਪਸ ਮੁੜਨ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੇਰੀ ਜਵਾਬ ਤਲਬੀ ਕੀਤੀ। ਪੁਛਿਆ, ਯੋਗੀ ਜੀ ਨਾਲ਼ ਮੇਰੇ ਕੀ ਸਬੰਧ ਹਨ! ਮੈ ਕਿਹਾ, ਬਹੁਤ ਚੰਗੇ ਹਨ। ਪੰਥ ਉਹਨਾਂ ਨੂੰ ਮਾਨਤਾ ਦਿੰਦਾ ਹੈ ਤੇ ਮੈ ਵੀ ਉਹਨਾਂ ਦਾ ਪ੍ਰਸੰਸਕ ਹਾਂ। ਮੇਰਾ ਇਹ ਜਵਾਬ ਉਹਨਾਂ ਨੂੰ ਚੰਗਾ ਨਾ ਲੱਗਾ ਤੇ ਉਹ ਯੋਗੀ ਜੀ ਦੇ ਖਿ਼ਲਾਫ਼ ਵਾਹਵਾ ਗੱਲਾਂ ਕਰਨ ਲੱਗ ਪਏ ਪਰ ਉਹਨਾਂ ਨੇ ਐਤਵਾਰੀ ਦੀਵਾਨ ਵਿਚ ਮੈਨੂੰ ਅੱਧਾ ਘੰਟਾ ਵਿਖਿਅਨ ਵਾਸਤੇ ਦੇ ਦਿਤਾ। ਨਾ ਚੰਗਾ ਆਖਿਆ ਨਾ ਮਾੜਾ। 51 ਡਾਲਰਾਂ ਸਮੇਤ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾ ਵੀ ਬਖ਼ਸ਼ ਦਿਤਾ। ਇਕ ਨੌਜਵਾਨ ਡਾਕਟਰ ਸੱਜਣ ਦੀਵਾਨ ਉਪ੍ਰੰਤ ਮਿਲ਼ੇ ਜਿਹਨਾਂ ਨੂੰ ਪਤਾ ਨਹੀ ਸੀ ਕਿ ਪ੍ਰਬੰਧਕ ਮੇਰੇ ਤੇ ਖ਼ੁਸ਼ ਨਹੀ ਹਨ। ਉਹਨਾਂ ਨੇ ਅਗਲੀ ਵਾਰ ਆਪਣੇ ਨਾਲ ਇਕ ਰਾਗੀ ਜਥਾ ਲਿਆਉਣ ਦਾ ਵੀ ਸੁਝਾ ਦਿਤਾ ਤੇ ਇਸ ਬਾਰੇ ਆਪਣੇ ਵੱਲੋਂ ਸਹਾਇਤਾ ਕਰਨ ਦਾ ਬਚਨ ਵੀ ਦਿਤਾ। ਮੈ ਆਪਣਾ ਲਟਾ ਪਟਾ ਚੁੱਕਿਆ ਅਤੇ ਯੋਗੀ ਜੀ ਵੱਲੋਂ ਭੇਜੀ ਗਈ ਕਾਰ ਉਪਰ ਸਵਾਰ ਹੋ ਕੇ, ਉਹਨਾਂ ਵੱਲੋਂ ਆਪਣੇ ਆਸ਼੍ਰਮ ਵਿਚ ਮੇਰੇ ਵਾਸਤੇ ਖਾਲੀ ਕੀਤੇ ਗਏ ਕਮਰੇ ਵਿਚ ਜਾ ਝੰਡਾ ਗੱਡਿਆ। ਉਹਨਾਂ ਨੇ ਜੁੰਮੇਵਰ ਸੱਜਣਾਂ ਨੂੰ ਪ੍ਰਸ਼ਾਦੇ ਪਾਣੀ ਦਾ ਧਿਆਨ ਰੱਖਣ ਲਈ ਆਖ ਦਿਤਾ।
ਕੁਝ ਸ਼ੰਕੇ ਜੋ ਪ੍ਰੈਸ ਵਿਚ ਅਤੇ ਗਿ. ਸਾਧੂ ਸਿੰਘ ਜੀ ਹੋਰਾਂ ਵੱਲੋਂ ਪਰਗਟ ਕੀਤੇ ਗਏ ਸਨ ਉਹਨਾਂ ਬਾਰੇ ਮੈ ਸਾਹਮਣੇ ਬੈਠ ਕੇ ਯੋਗੀ ਜੀ ਦੀ ਆਪਣੀ ਰਸਨਾ ਦੁਆਰਾ ਜਵਾਬ ਲੈਣੇ ਚਾਹੁੰਦਾ ਸਾਂ। ਸਾਡੀਆਂ ਖੁਲ੍ਹੀਆਂ ਵਿਚਾਰਾਂ ਕੁਝ ਦਿਨ ਹੁੰਦੀਆਂ ਰਹੀਆਂ। ਜਥੇਦਾਰ ਭੌਰਾ ਜੀ ਨੇ, ਜਿਵੇਂ ਕਿ ਕਿਸੇ ਦੀ ਮੈ ਜਾਸੂਸੀ ਕਰਨ ਦੇ ਜਿਵੇਂ ਕਾਬਲ ਹੋਵਾਂ, ਮੈਨੂੰ ਕੁਝ ਖਾਸ ਗੱਲਾਂ ਦਾ ਪਤਾ ਕਰਨ ਲਈ ਆਖਿਆ। ਮੈ ਕਿਹਾ ਕਿ ਮੈਨੂੰ ਤਾਂ ਉਹਨਾਂ ਦੇ ਕਾਰ ਵਿਹਾਰ ਵਿਚ ਕੋਈ ਕਮੀ ਨਜ਼ਰ ਨਹੀ ਆਈ; ਤਾਂ ਭੌਰਾ ਜੀ ਖਾਸੇ ਜੋਸ਼ ਵਿਚ ਆ ਕੇ ਬੋਲੇ:
ਇਹੀ ਤਾਂ ਤੇਰੇ ਵਿਚ ਨੁਕਸ ਆ ਸੰਤੋਖ ਸਿਹਾਂ। ਤੂੰ ਕਿਸੇ ਨੂੰ ਗ਼ਲਤ ਪਾਸਿਉਂ ਵੇਖਦਾ ਈ ਨਹੀ। ਜੇ ਨੁਕਸ ਲਭਣ ਦੀ ਰੁਚੀ ਨਾਲ਼ ਵੇਖੋ ਤਾਂ ਹਰੇਕ ਵਿਚੋਂ ਨੁਕਸ ਲਭ ਪੈਂਦੇ ਹਨ।
ਖੈਰ, ਮੈ ਤਾਂ ਗਿਅਨੀ ਜੀ ਦਾ ਵਿਦਵਾਨ ਅਤੇ ਮਨਮੋਹਕ ਸਖ਼ਸੀਅਤ ਦੇ ਮਾਲਕ ਹੋਣ ਕਰਕੇ ਸਤਿਕਾਰ ਕਰਦਾ ਸਾਂ ਤੇ ਹਾਂ ਵੀ। ਮੈ ਕੁਝ ਨਾ ਬੋਲਿਆ ਪਰ ਇਹਨਾਂ ਗੱਲਾਂ ਨੂੰ ਧਿਆਨ ਵਿਚ ਜਰੂਰ ਰੱਖਿਆ। ਇਸ ਲਈ ਮੈ ਯੋਗੀ ਜੀ ਪਾਸੋਂ ਤਸੱਲੀ ਵਾਸਤੇ ਕੁਝ ਸਵਾਲ ਆਹਮੋ ਸਾਹਮਣੇ ਬੈਠ ਕੇ ਪੁੱਛੇ। ਉਹਨਾਂ ਵਿਚੋਂ ਕੁਝ ਹੁਣ ਵੀ ਯਾਦ ਹਨ:
ਅੰਮ੍ਰਿਤ ਕਦੋਂ ਤੇ ਕਿਥੋਂ ਛਕਿਆ?
ਅੱਠ ਸਾਲ ਦੀ ਉਮਰ ਵਿਚ ਸ੍ਰੀ ਗੁਰੂ ਸਿੰਘ ਸਭਾ ਗੁੱਜਰਾਂਵਾਲ਼ਾ ਤੋਂ।
ਯੋਗ ਦੀ ਸਿੱਖਿਆ ਕਿਸ ਤੋਂ ਲਈ?
ਸੰਤ ਹਜ਼ਾਰਾ ਸਿੰਘ ਜੀ ਤੋਂ
ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾ ਕੇ ਦੱਸਦੇ ਹੋ?
ਸਿੱਖਾਂ ਦੀ ਗਿਣਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਆਖਿਆ ਕਿ ਸਾਡੇ ਵੱਖ ਵੱਖ ਆਸ਼੍ਰਮਾਂ ਵਿਚ ਜੇਹੜੇ ਲੋਕ ਫੀਸ ਭਰ ਕੇ ਯੋਗ ਸਿੱਖਣ ਲਈ ਦਾਖ਼ਲਾ ਲੈਂਦੇ ਹਨ ਉਹਨਾਂ ਦੀ ਗਿਣਤੀ ਰਜਿਸਟਰ ਅਨੁਸਾਰ ਕੋਈ ਢਾਈ ਲੱਖ ਦੇ ਕਰੀਬ ਹੈ। ਸਾਰੇ ਤਾਂ ਸਿੱਖ ਨਹੀ ਬਣ ਗਏ। ਉਹਨਾਂ ਵਿਚੋਂ ਕਈ ਵਿਚੇ ਛੱਡ ਜਾਂਦੇ ਹਨ, ਕਈ ਯੋਗ ਸਿੱਖ ਕੇ ਆਪਣੇ ਰਾਹ ਲੱਗਦੇ ਹਨ। ਜੇਹੜੇ ਆਪਣੀ ਖ਼ੁਸ਼ੀ ਨਾਲ਼ ਸਿੱਖ ਸਜਣਾ ਚਾਹੁਣ ਉਹਨਾਂ ਨੂੰ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਭੇਜ ਕੇ ਅੰਮ੍ਰਿਤ ਛਕਣ ਲਈ ਅਖਦਾ ਹਾਂ। ਜੇ ਏਥੇ ਪ੍ਰਬੰਧ ਹੋ ਜਾਵੇ ਤਾਂ ਏਥੇ ਵੀ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੈ ਕਿਸੇ ਨੂੰ ਵੀ ਸਿੱਖ ਬਣਨ ਲਈ ਆਖਦਾ। ਜੇ ਕੋਈ ਸਾਡੀ ਰਹਿਤ ਬਹਿਤ, ਵਰਤੋਂ ਵਿਹਾਰ ਤੋਂ ਪ੍ਰਭਾਵਤ ਹੋ ਕੇ ਸਿੱਖ ਸਜਣਾ ਚਾਹੇ ਤਾਂ ਅਸੀਂ ਕਿਸੇ ਨੂੰ ਰੋਕਦੇ ਨਹੀ ਸਗੋਂ ਸਵਾਗਤ ਕਰਦੇ ਹਾਂ। ਇਸ ਸਮੇ ਸਾਰੇ ਸਮੇ ਵਾਸਤੇ ਸਾਡੀ ਜਥੇਬੰਦੀ ਦੇ ਵੱਖ ਵੱਖ ਅਦਾਰਿਆਂ ਵਿਚ ਕੰਮ ਕਰਨ ਵਾਲ਼ੇ ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਕੁੱਲ 920 ਹਨ ਜੋ ਵੱਖ ਵਖ ਕਾਰਜ ਕਰਨ ਦੇ ਮਾਹਰ ਹਨ। ਕੁਝ ਯੋਗ ਕਲਾਸਾਂ ਚਲਾਉਂਦੇ ਹਨ, ਕੁਝ ਰੈਸਟੋਰੈਂਟ ਤੇ ਕੁਝ ਹੋਰ ਬਿਜ਼ਨਿਸ। ਹੁਣ ਪਤਾ ਲੱਗਾ ਹੈ ਕਿ ਅਕਾਲ ਸੈਕਿਉਰਟੀ ਸਰਵਿਸ ਨਾਂ ਦੀ ਸੈਕਿਉਰਟੀ ਫ਼ਰਮ ਵੀ ਚਲਾਉਂਦੇ ਹਨ ਜੋ ਕਿ ਬਹੁਤ ਇਤਬਾਰ ਯੋਗ ਸਮਝੀ ਜਾਂਦੀ ਹੈ।
ਸਿੱਖ ਬਣਾਉਣ ਲਈ ਕੀ ਤਰੀਕਾ ਵਰਤਦੇ ਹੋ?
ਕੋਈ ਤਰੀਕਾ ਨਹੀ। ਯੋਗ ਸਿੱਖਣ ਆਇਆ ਕੋਈ ਵਿਅਕਤੀ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਸਿੱਖ ਬਣਨਾ ਚਾਹੇ ਤਾਂ ਉਸ ਨੂੰ ਪੰਜ ਪਿਆਰਿਆਂ ਦੁਆਰਾ ਅੰਮ੍ਰਿਤ ਛਕਾ ਦਿਤਾ ਜਾਂਦਾ ਹੈ।
ਸ੍ਰੀ ਸਿੰਘ ਸਾਹਿਬ ਦਾ ਖਿ਼ਤਾਬ ਕਿਸ ਨੇ ਤੇ ਕਦੋਂ ਦਿਤਾ?
ਇਸ ਬਾਰੇ ਯੋਗੀ ਜੀ ਨੇ ਬਹੁਤ ਲੰਮਾ ਅਤੇ ਜਜ਼ਬਾਤੀ ਜਿਹਾ ਭਾਸਨ ਦੇ ਦਿਤਾ ਜਿਸ ਦੇ ਵਿਸਥਾਰ ਵਿਚ ਜਾਣ ਦੀ ਹੁਣ ਸਮਰਥਾ ਨਹੀ। ਇਹ ਤਾਂ ਮੈਨੂੰ ਪਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ, ਕੌਮੀ ਅਤੇ ਧਾਰਮਿਕ ਸੇਵਾਵਾਂ ਕਰਕੇ, ਭਾਈ ਸਾਹਿਬ ਦਾ ਖਿ਼ਤਾਬ ਅਤੇ ਸ੍ਰੀ ਸਾਹਿਬ ਦੀ ਬਖ਼ਸਿ਼ਸ ਹੋਈ ਸੀ।
ਯੋਗੀ ਜੀ ਨਾਲ਼ ਬਹੁਤ ਖੁਲ੍ਹੀਆਂ ਵਿਚਾਰਾਂ ਦੌਰਾਨ ਮੇਰੇ ਉਪਰ ਯੋਗੀ ਜੀ ਨੇ ਆਪਣਾ ਰੋਹਬ ਪਾਉਣ ਲਈ ਵੀ ਕਦੀ ਕਦੀ ਯਤਨ ਕਰਨਾ ਪਰ ਇਹਨੀਂ ਦਿਨੀਂ ਮੇਰੇ ਮੂੰਹ ਅਤੇ ਦਾਹੜੀ ਦਾ ਇਕੋ ਰੰਗ ਹੋਣ ਕਰਕੇ, ਮੈ ਹੁਣ ਨਾਲ਼ੋਂ ਵਧ ਦਲੇਰ ਆਖ ਲਵੋ ਜਾਂ ਮੂਰਖ ਵਧ ਹੀ ਸਾਂ। ਇਸ ਲਈ ਉਹਨਾਂ ਦੇ ਬਚਨਾਂ ਦੀ ਮਾਰ ਹੇਠ ਨਾ ਆਇਆ। ਫਿਰ ਓਹਨੀਂ ਦਿਨੀਂ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਅਤੇ ਕੇਂਦਰ ਵਿਚ ਅਕਾਲੀ ਭਾਈਵਾਲ਼ ਹੋਣ ਕਰਕੇ, ਅਤੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਦੋਵੇਂ ਕੇਂਦਰ ਦੇ ਮੰਤਰੀਆਂ, ਸਰਦਾਰ ਸੁਰਜੀਤ ਸਿੰਘ ਬਰਨਾਲਾ ਅਤੇ ਸਰਦਾਰ ਧੰਨਾ ਸਿੰਘ ਗੁਲਸ਼ਨ ਨਾਲ਼ ਮੇਰੀ ਸਿਧੀ ਵਾਕਫ਼ੀ ਹੋਣ ਦਾ ਵੀ ਮੇਰੀ ਦਲੇਰੀ ਉਪਰ ਅਸਰ ਸੀ। ਮੇਰੇ ਉਹਨਾ ਦੇ ਪ੍ਰਭਾਵ ਥੱਲੇ ਨਾ ਆ ਸਕਣ ਤੇ ਇਕ ਦਿਨ ਆਪਣੇ ਸਾਥੀ ਵੱਲ ਇਸ਼ਾਰਾ ਕਰਕੇ ਅੰਗ੍ਰੇਜ਼ੀ ਵਿਚ ਬੋਲੇ, ਇਹ ਵੀ ਕੁਝ ਹੈ ਈ!
ਮੇਰੇ ਵੱਲੋਂ ਸ. ਪ੍ਰੀਤਮ ਸਿੰਘ ਅਤੇ ਸ. ਰੈਲਫ਼ ਸਿੰਘ ਦੇ ਯੋਗੀ ਜੀ ਤੋਂ ਬਾਗ਼ੀ ਹੋ ਕੇ ਖਿ਼ਲਾਫ਼ ਪ੍ਰਚਾਰ ਦਾ ਕਾਰਨ ਪੁੱਛਣ ਤੇ ਵੀ ਯੋਗੀ ਜੀ ਨੇ ਆਪਣਾ ਪੱਖ ਦੱਸਿਆ।
ਇਸ ਕਿਆਮ ਦੌਰਾਨ ਹੋਰ ਵੀ ਬਹੁਤ ਸਾਰੇ ਖੁਲ੍ਹੇ ਵਿਚਾਰ ਵਟਾਂਦਰੇ ਹੁੰਦੇ ਰਹੇ।
ਇਸ ਸਮੇ ਕੁਝ ਖਾਸ ਘਟਨਾਵਾਂ ਵੀ ਘਟੀਆਂ। ਇਕ ਦਿਨ ਉਹਨਾਂ ਦਾ ਸਹਿਜ਼ਾਦਾ ਵੀ ਓਥੇ ਹੀ ਸੀ। ਦਾਹੜਾ ਤਾਂ ਭਾਵੇਂ ਉਸ ਦਾ ਪੂਰਾ ਤੇ ਪ੍ਰਕਾਸ਼ਤ ਰੂਪ ਵਿਚ ਸੀ ਪਰ ਅਮ੍ਰੀਕਨ ਸਿੱਖਾਂ ਵਰਗਾ ਉਸ ਨੇ ਲਿਬਾਸ ਨਹੀ ਸੀ ਪਾਇਆ ਹੋਇਆ। ਆਮ ਸਾਧਾਰਨ ਕਮੀਜ਼ ਤੇ ਨੀਲੇ ਰੰਗ ਦੀ ਜੀਨ, ਜੋ ਕਿ ਉਸ ਸਮੇ ਦੌਰਾਨ ਨੌਜਵਾਨਾਂ ਦਾ ਬੜਾ ਮਨ ਭਾਉਂਦਾ ਪਹਿਰਾਵਾ ਹੁੰਦਾ ਸੀ, ਪਾਈ ਹੋਈ ਸੀ ਤੇ ਯੋਗੀ ਜੀ ਉਸ ਨਾਲ਼ ਬਹੁਤ ਗੱਲਾਂ ਕਰ ਰਹੇ ਸਨ। ਉਹ ਇਉਂ ਪ੍ਰਭਾਵ ਦੇ ਰਿਹਾ ਸੀ ਜਿਵੇਂ ਬਹੁਤ ਹੀ ਭੋਲ਼ਾ ਜਿਹਾ ਨੌਜਵਾਨ ਹੁੰਦਾ ਤੇ ਬੋਹੜ ਰੂਪੀ ਪਿਤਾ ਦੀ ਛਾਂ ਹੇਠ ਆਮ ਵਾਂਗ ਮੌਲ ਨਹੀ ਰਿਹਾ।
ਏਸੇ ਸਮੇ ਇਕ ਨੌਜਵਾਨ ਆਇਆ। ਉਹ ਸਿੱਖੀ ਸਰੂਪ ਵਿਚ ਸੀ ਪਰ ਯੋਗੀ ਜੀ ਦੀ ਜਥੇਬੰਦੀ ਛੱਡ ਕੇ ਜਾਣਾ ਚਾਹੁੰਦਾ ਸੀ। ਯੋਗੀ ਜੀ ਨੇ ਉਸ ਨੂੰ ਐਸੀ ਚੜ੍ਹਦੀਕਲਾ ਵਾਲ਼ੇ ਬਚਨਾਂ ਨਾਲ ਘੇਰਾ ਪਾਇਆ ਕਿ ਉਸ ਦਾ ਵਿਚਾਰ ਬਦਲ ਗਿਆ। ਉਸ ਨੂੰ ਆਖੇ ਗਏ ਬਚਨਾਂ ਵਿਚੋਂ ਮੈਨੂੰ ਇਕ ਗੱਲ ਹੁਣ ਵੀ ਯਾਦ ਹੈ। ਯੋਗੀ ਜੀ ਨੇ ਉਸ ਨੂੰ ਆਖਿਆ ਕਿ ਖ਼ਾਲਸੇ ਦਾ ਰਾਜ ਆਉਣ ਵਾਲ਼ਾ ਹੈ ਤੇ ਅਸੀਂ ਨਹੀ ਚਾਹੁੰਦੇ ਕਿ ਤੇਰੇ ਵਰਗਾ ਸਿੰਘ ਉਸ ਸਮੇ ਸਾਡੇ ਨਾਲ਼ ਨਾ ਹੋਵੇ। ਉਹ ਛੁੱਟੀ ਮੰਗਣ ਆਇਆ ਨੌਜਵਾਨ ਆਪਣਾ ਇਰਾਦਾ ਤਰਕ ਕਰਕੇ ਤੇ ਸੰਸਥਾ ਦੇ ਨਾਲ਼ ਰਹਿਣ ਦਾ ਵਿਚਾਰ ਬਣਾ ਕੇ ਗਿਆ।
ਇਕ ਦਿਨ ਯੋਗੀ ਜੀ ਦੇ ਬਚਨਾਂ ਦਾ ਹੋਰ ਚਮਤਕਾਰ ਵੇਖਣ ਦਾ ਮੌਕਾ ਮਿਲਿ਼ਆ। ਫ਼ੋਨ ਰਾਹੀਂ ਇਕ ਸਿੱਖ ਯੋਗੀ ਜੀ ਕੋਲ਼ ਆਪਣੇ ਪਰ ਇਸਤਰੀ ਸੰਗ ਦੇ ਗੁਨਾਹ ਦਾ ਇਕਬਾਲ ਕਰ ਰਿਹਾ ਸੀ। ਯੋਗੀ ਜੀ ਤੋਂ ਪ੍ਰਭਾਵਤ ਹੋ ਕੇ ਬਣੇ ਸਿੱਖਾਂ ਦਾ ਪਿਛੋਕੜ ਈਸਾਈ ਹੋਣ ਕਰਕੇ ਉਹ ਵੀ ਜਿਵੇਂ ਆਪਣੇ ਪ੍ਰੀਸਟ ਕੋਲ਼ ਜਾ ਕੇ ਗੁਨਾਹ ਦਾ ਇਕਬਾਲ ਕਰਕੇ, ਪ੍ਰੀਸਟ ਵੱਲੋਂ ਦੱਸਿਆ ਡੰਨ ਭਰ ਕੇ, ਮੁਆਫ਼ ਹੋਇਆ ਸਮਝਦੇ ਹਨ; ਏਸੇ ਤਰ੍ਹਾਂ ਇਹ ਸਿੱਖ ਵੀ ਆਪਣੇ ਗੁਨਾਹ ਦਾ ਇਕਬਾਲ ਕਰ ਰਿਹਾ ਸੀ। ਯੋਗੀ ਜੀ ਦੇ ਸਾਹਮਣੇ ਵਾਲ਼ੀ ਕੁਰਸੀ ਤੇ ਬੈਠਾ ਹੋਣ ਕਰਕੇ, ਉਸ ਦੇ ਬੋਲ ਤਾਂ ਮੈਨੂੰ ਸੁਣਾਈ ਨਹੀ ਸਨ ਦਿੰਦੇ ਪਰ ਯੋਗੀ ਜੀ ਉਸ ਨੂੰ ਅੰਗ੍ਰੇਜ਼ੀ ਵਿਚ ਜੋ ਉਤਰ ਦੇ ਰਹੇ ਸਨ, ਉਹ ਮੈ ਸੁਣ ਰਿਹਾ ਸਾਂ। ਅਖੀਰ ਤੇ ਯੋਗੀ ਜੀ ਨੇ ਜੋ ਆਪਣੀ ਬੁਲੰਦ ਆਵਾਜ਼ ਵਿਚ ਆਖਿਆ ਉਸ ਦਾ ਭਾਵ ਪੰਜਾਬੀ ਵਿਚ ਕੁਝ ਇਸ ਤਰ੍ਹਾਂ ਦਾ ਬਣਦਾ ਹੈ:
ਓਇ ਮਰਦਾ ਕਿਉਂ ਜਾਨਾਂ? ਗੁਨਾਹ ਤਾਂ ਤੂੰ ਛੇ ਇੰਚ ਦੇ ਸੰਦ ਨਾਲ਼ ਕੀਤਾ; ਬਾਕੀ ਪੰਜ ਫੁੱਟ ਸਾਢੇ ਸੱਤ ਇੰਚ ਤਾਂ ਤੂੰ ਗੁਰੂ ਦਾ ਸਿੱਖ ਹੀ ਹੈਂ! ਹੌਸਲਾ ਕਰ ਤੇ ਅੱਗੇ ਤੋਂ ਬਚ ਕੇ ਰਹੀਂ। ਹੁਣ ਐਵੇਂ ਨਾ ਝੂਰੀ ਜਾਹ!
ਕੁਝ ਦਿਨ ਏਧਰ ਓਧਰ ਮੈਨੂੰ ਉਹਨਾਂ ਦੇ ਸਿੰਘਾਂ ਵ ੱਲੋਂ ਘੁਮਾਇਆ ਗਿਆ। ਇਕ ਦਿਨ ਇਕ ਸਿੰਘ ਮੈਨੂੰ ਯੂਨੀਵਰਸਲ ਸਟੁਡੀਉ ਵਿਚ ਲੈ ਗਿਆ। ਓਥੇ ਭਾਂਤ ਭਾਂਤ ਦੇ ਅਦਭੁਤ ਦ੍ਰਿਸ਼ ਵੇਖੇ। ਸਪੇਸ ਯਾਤਰਾ ਨੂੰ ਲੈ ਕੇ ਜਾਣ ਵਾਲ਼ੀ ਗੱਡੀ ਵਿਚ ਬੈਠ ਕੇ ਜਦੋਂ ਅੰਦਰ ਨੂੰ ਜਾਣ ਲੱਗੇ ਤਾਂ ਨਾਲ਼ ਵਾਲਾ ਸਿੰਘ ਸਪੇਸ ਯਾਤਰਾ ਬਾਰੇ ਮੁੜ ਮੁੜ ਡਰਾਉਣੀਆਂ ਗੱਲਾਂ ਆਖੀ ਜਾਵੇ। ਹਾਰ ਕੇ ਮੈ ਆਖਿਆ ਕਿ ਤੂੰ ਇਹ ਕੁਝ ਵੇਖਿਆ ਹੈ? ਉਸ ਦੇ ਹਾਂ ਆਖਣ ਤੇ ਮੈ ਕਿ ਆਖਿਆ ਕਿ ਜੇ ਤੂੰ ਇਹ ਕੁਝ ਵੇਖ ਕੇ ਜੀਂਦਾ ਵਾਪਸ ਆ ਗਿਆ ਸੀ ਤਾਂ ਫਿਕਰ ਨਾ ਕਰ ਮੈ ਵੀ ਮੁੜ ਹੀ ਆਵਾਂਗਾ। ਇਸ ਤੋਂ ਬਾਅਦ ਉਸ ਨੇ ਏਨਾ ਹੀ ਆਖਿਆ, ਆਪਣੀ ਕੁਰਸੀ ਨੂੰ ਘੁੱਟ ਕੇ ਫੜੀ ਰੱਖੀਂ; ਕਿਤੇ ਡਰ ਕੇ ਉਠ ਨਾ ਭੱਜੀਂ। ਅੰਦਰ ਸਪੇਸ ਯਾਤਰਾ ਸਮੇ ਜੋ ਕੁਝ ਮੇਰੇ ਹਿਰਦੇ ਨਾਲ਼ ਵਾਪਰਿਆ ਉਸ ਨੇ ਇਕ ਵਾਰੀਂ ਤਾਂ ਮੈਨੂੰ ਪੈਰਾਂ ਤੋਂ ਕਢ ਦਿਤਾ। ਮੈ ਸੋਚਿਆ ਵੀ ਕਿ ਇਹ ਕੁਝ ਵੇਖਣ ਨਹੀ ਸੀ ਆਉਣਾ ਚਾਹੀਦਾ।
ਬਾਹਰ ਆ ਕੇ ਉਸ ਸਿੰਘ ਨੇ ਦੱਸਿਆ, ਮੈ ਮੁੜ ਮੁੜ ਡਰਾਉਣੀਆਂ ਗੱਲਾਂ ਕਰਕੇ ਤੇਰਾ ਦਿਲ ਕਾਇਮ ਕਰਨਾ ਚਾਹੁੰਦਾ ਸੀ ਤਾਂ ਕਿ ਅੰਦਰ ਤੂੰ ਘਬਰਾ ਨਾ ਜਾਵੇਂ। ਵੈਸੇ ਵੀ ਉਸ ਸਥਾਨ ਦੇ ਬੂਹੇ ਉਪਰ ਲਿਖਿਆ ਹੋਇਆ ਸੀ ਕਿ ਜੇ ਤੁਸੀਂ ਦਿਲ ਦੇ ਕਮਜੋਰ ਹੋ ਤਾਂ ਹੁਣੇ ਏਥੋਂ ਹੀ ਵਾਪਸ ਮੁੜ ਜਾਵੋ।
ਏਥੇ ਹੀ ਅਮ੍ਰੀਕਨ ਇੰਡੀਅਨ ਪਿੰਡ ਦੀ ਇਕ ਝਾਕੀ ਵਿਖਾਈ ਗਈ। ਇਉਂ ਲੱਗਾ ਜਿਵੇਂ ਸਾਉਣ ਦੇ ਮਹੀਨੇ ਵਿਚ ਆਪਣੇ ਪਿੰਡ ਸੂਰੋਪੱਡੇ ਦਾ ਦ੍ਰਿਸ਼ ਹੀ ਹੋਵੇ। ਜੋਰਦਾਰ ਮੀਂਹ ਤੇ ਝੱਖੜ ਝੁੱਲਿਆ। ਸਾਰੇ ਜਲ ਥਲ ਹੋ ਗਿਆ। ਦਰੱਖਤ ਵੀ ਡਿਗ ਪਏ। ਕੁਝ ਹੀ ਸਮੇ ਪਿਛੱੋਂ ਸਭ ਪਾਸੇ ਚੁੱਪ ਚਾਂ ਹੋ ਗਈ ਤੇ ਇਉਂ ਲੱਗਾ ਜਿਵੇ ਮੀਂਹ ਤੋਂ ਪਿਛੋਂ ਚੁਲ੍ਹਿਆਂ ਵਿਚ ਅੱਗ ਬਲ ਪਈ ਹੋਵੇ ਤੇ ਧੂਆਂ ਨਿਕਲ਼ ਆਇਆ। ਕੁਝ ਪਲਾਂ ਪਿੱਛੋਂ ਹੀ ਸਭ ਕੁਝ ਜਿਉਂ ਦਾ ਤਿਉਂ ਹੋ ਗਿਆ। ਦਰੱਖਤ ਵੀ ਮੁੜ ਖੜ੍ਹੇ ਹੋ ਗਏ ਤੇ ਇਉਂ ਲੱਗੇ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।
ਉਸ ਸਟੁਡੀਉ ਵਿਚ ਹੋਰ ਵੀ ਬੜਾ ਕੁਝ ਵੇਖਿਆ।
ਖੁਲ੍ਹੀਆਂ ਵਿਚਾਰਾਂ ਦੌਰਾਨ ਇਕ ਦਿਨ ਯੋਗੀ ਜੀ ਆਖਣ ਲੱਗੇ, ਇਹ ਪੰਜਾਬੀ ਸਿੱਖਾਂ ਦੇ ਚੌਧਰੀ ਮੇਰੇ ਖਿ਼ਲਾਫ਼ ਕਿਉਂ ਹਨ? ਮੈ ਆਪਣੀ ਸਮਝ ਅਨੁਸਰ ਦੱਸਣ ਦਾ ਯਤਨ ਕੀਤਾ ਕਿ ਉਹ ਤਾਂ ਅਮ੍ਰੀਕਨਾਂ ਵਰਗੇ ਲੱਗਣ ਦੇ ਸਾਰੇ ਯਤਨ ਕਰ ਰਹੇ ਹਨ ਪਰ ਤੁਸੀਂ ਅਮ੍ਰੀਕਨਾਂ ਨੂੰ ਸਿੰਘ ਸਜਾ ਰਹੇ ਹੋ। ਇਸ ਲਈ ਉਹ ਤੁਹਾਡੇ ਨਾਲ਼ ਈਰਖਾ ਕਰਦੇ ਹਨ। ਫਿਰ ਤੁਸੀਂ ਕਿਸੇ ਦਾ ਲਿਹਾਜ ਨਹੀ ਕਰਦੇ; ਹਰੇਕ ਨੂੰ ਝਾੜ ਕੇ ਬੈਠਾ ਦਿੰਦੇ ਹੋ। ਗੁਰਦੁਆਰਿਆਂ ਦੇ ਦੀਵਾਨਾਂ ਵਿਚ ਜਾ ਕੇ ਵੀ ਪ੍ਰਬੰਧਕਾਂ ਦੀ ਯਹੀ ਤਹੀ ਫੇਰ ਦਿੰਦੇ ਹੋ। ਭਾਵੇਂ ਕਿ ਉਹ ਨਹੀ ਚਾਹੁੰਦੇ ਕਿ ਤੁਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਬੋਲੋ ਪਰ ਉਹ ਤੁਹਾਨੂੰ ਰੋਕ ਨਹੀ ਸਕਦੇ ਤੇ ਤੁਸੀਂ ਉਹਨਾਂ ਮੂੰਹ ਤੇ ਹੀ ਆਪਣੇ ਲੈਕਚਰਾਂ ਰਾਹੀਂ, ਉਹਨਾਂ ਦੀ ਚੌਧਰ ਦੇ ਪਰਖਚੇ ਉਡਾ ਦਿੰਦੇ ਹੋ।
ਇਸ ਤੋਂ ਉਹਨਾਂ ਨੂੰ ਆਪਣੇ ਏਥੇ ਆਉਣ ਦੀ ਗੱਲ ਚੇਤੇ ਆ ਗਈ ਤੇ ਉਹਨਾਂ ਨੇ ਮੈਨੂੰ ਇਉਂ ਸੁਣਾਈ:
ਜਦੋਂ ਮੈ ਜਿਸ ਸੱਜਣ ਦੇ ਸੱਦੇ ਉਤੇ ਆਇਆ ਸਾਂ, ਏਥੇ ਉਤਰਿਆ ਤਾਂ ਪਤਾ ਲੱਗਾ ਕਿ ਉਹ ਚਲਾਣਾ ਕਰ ਗਿਆ ਹੈ। ਮੈ ਫਿਰ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰ ਕੋਲ਼ ਚਲਿਆ ਗਿਆ। ਉਸ ਨੇ ਮੇਰਾ ਮੰਜਾ ਆਪਣੇ ਮਕਾਨ ਦੇ ਬੇਸਮੈਂਟ ਵਿਚ ਡਾਹ ਦਿਤਾ ਜੋ ਕਿ ਮੈਨੂੰ ਆਪਣੀ ਹੱਤਕ ਮਹਿਸੂਸ ਹੋਈ। ਨਾਲ਼ੇ ਇਹ ਵੀ ਆਖ ਦਿਤਾ ਕਿ ਸਿਰ ਮੂੰਹ ਮੁੰਨ ਕੇ ਹੀ ਬਾਹਰ ਨਿਕਲਣਾ ਨਹੀ ਤਾਂ ਲੋਕ ਢੀਮਾਂ ਮਾਰਨਗੇ। ਮੈ ਆਖਿਆ ਕੋਈ ਗੱਲ ਨਹੀ ਮੈ ਇਹਨਾਂ ਨੂੰ ਵੀ ਆਪਣੇ ਵਰਗੇ ਬਣਾਵਾਂਗਾ।
ਕੁਝ ਦਿਨਾਂ ਪਿੱਛੋਂ ਮੈ ਫਿਰ ਡਾ. ਅਮਰਜੀਤ ਸਿੰਘ ਮਰਵਾਹਾ ਨੂੰ ਫ਼ੋਨ ਕਰਕੇ ਲਾਸ ਏਂਜਲਜ਼ ਆ ਗਿਆ ਤੇ ਏਥੇ ਉਹਨਾਂ ਦੇ ਗੈਰਜ ਵਿਚ ਯੋਗਾ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ। ਫਿਰ ਹੌਲ਼ੀ ਹੌਲ਼ੀ ਕੰਮ ਵਧਦਾ ਗਿਆ। ਹੁਣ ਭਾਵੇਂ ਡਾਕਟਰ ਸਾਹਿਬ ਮੇਰੇ ਵਿਰੁਧ ਹੀ ਹਨ ਪਰ ਮੈ ਉਹਨਾਂ ਦੇ ਵਿਰੁਧ ਕੋਈ ਗੱਲ ਨਹੀ ਕਰਨੀ। ਉਹਨਾਂ ਵੱਲੋਂ ਸ਼ੁਰੂ ਵਿਚ ਦਿਤੇ ਗਏ ਸਹਿਯੋਗ ਅਤੇ ਭਰਜਾਈ ਦੇ ਖਵਾਏ ਜਵੈਣ ਵਾਲ਼ੇ ਪਰਾਉਂਠੇ ਮੈ ਨਹੀ ਭੁਲਾ ਸਕਦਾ। ਵੈਸੇ ਮੈ ਉਹਨਾਂ ਦੇ ਕੈਨੇਡਾ ਵਾਲ਼ੇ ਰਿਸ਼ਤੇਦਾਰ ਨੂੰ ਵੀ ਆਪਣੀ ਕੈਨੇਡਾ ਦੇ ਉਸ ਸ਼ਹਿਰ ਦੀ ਯਾਤਰਾ ਸਮੇ ਮਿਲਿ਼ਆ ਸਾਂ।
ਇਕ ਦਿਨ ਮੈਨੂੰ ਪੁੱਛਣ ਲੱਗੇ, ਦੇਸੋਂ ਆਉਣ ਵਾਲ਼ੇ ਸੰਤ, ਸਾਧ, ਗਿਆਨੀ, ਧਿਆਨੀ ਮੇਰੇ ਖਿ਼ਲਾਫ਼ ਕਿਉਂ ਹੁੰਦੇ ਹਨ? ਮੈ ਆਖਿਆ, ਕਿਉਂਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਤੁਹਾਡੇ ਖਿ਼ਲਾਫ਼ ਹਨ ਤੇ ਦੇਸੋਂ ਆਉਣ ਵਾਲੇ ਸਾਰੇ ਸੱਜਣਾਂ ਨੂੰ ਉਹਨਾਂ ਦੀ ਲੋੜ ਹੁੰਦੀ ਹੈ। ਹਰੇਕ ਬੰਦਾ ਸਵਾਰਥੀ ਹੈ। ਜੇਹੜਾ ਤੁਹਾਡੇ ਹੱਕ ਵਿਚ ਬੋਲੇ ਉਸ ਤੋਂ ਉਹ ਕੰਨੀ ਕਤਰਾਉਂਦੇ ਹਨ ਤੇ ਜੇਹੜਾ ਉਹਨਾਂ ਦੀ ਮਰਜੀ ਅਨੁਸਾਰ ਤੁਹਾਡੇ ਖਿ਼ਲਾਫ਼ ਬੋਲੇ ਉਸ ਦਾ ਪੂਰਾ ਆਦਰ ਕਰਦੇ ਹਨ। ਮੈ ਫਿਰ ਆਪਣੀ ਮਿਸਾਲ ਦੇ ਕੇ ਦੱਸਣ ਦਾ ਯਤਨ ਕੀਤਾ: ਇਸ ਤੁਹਾਡੇ ਸ਼ਹਿਰ ਦੇ ਗੁਰਦੁਆਰੇ ਵਾਲਿ਼ਆਂ ਨੂੰ ਜਦੋਂ ਮੇਰਾ ਤੁਹਾਡੇ ਨਾਲ਼ ਮੇਲ ਹੋਣ ਦਾ ਪਤਾ ਲੱਗਾ ਤਾਂ ਮੇਰੀ ਪੁੱਛ ਪੜਤਾਲ ਵੀ ਕੀਤੀ ਤੇ ਇਕ ਦਿਨ ਵਿਖਿਆਨ ਦਾ ਸਮਾ ਦੇ ਕੇ ਤੇ 51 ਡਾਲਰ ਦਾ ਸਿਰੋਪਾ ਦੇ ਕੇ ਤੋਰ ਦਿਤਾ। ਮੇਰੇ ਤੋਂ ਪਹਿਲਾਂ ਇਕ ਹੋਰ ਗਿਆਨੀ ਜੀ ਆਏ ਉਹਨਾਂ ਦਾ ਪੂਰਾ ਆਦਰ ਕੀਤਾ ਤੇ ਉਹਨਾਂ ਨੂੰ ਗ੍ਰੰਥੀ ਰੱਖਣ ਦੀ ਵੀ ਤੇ ਫਿਰ ਆਉਣ ਲਈ, ਹਰ ਪ੍ਰਕਾਰ ਦੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਗਈ; ਇਸ ਲਈ ਕਿ ਉਹ ਤੁਹਾਡੇ ਵਿਰੁਧ ਵਿਚਾਰ ਰੱਖਦਾ ਸੀ। ਇਹ ਫਰਕ ਹੈ ਤੁਹਾਡੇ ਹਿਮਾਇਤੀਆਂ ਤੇ ਵਿਰੋਧੀਆਂ ਬਾਰੇ ਇਹਨਾਂ ਚੌਧਰੀਆਂ ਦੇ ਰਵੱਈਏ ਵਿਚ।
ਫਿਰ ਮੈ ਇਕ ਦਿਨ ਪੁੱਛਆ ਕਿ ਹਿੰਦੁਸਤਾਨ ਦਾ ਇਕ ਸਰਕਾਰੇ ਦਰਬਾਰੇ ਵੱਡੀ ਪਹੁੰਚ ਰਖਣ ਵਾਲ਼ਾ ਧਾਰਮਿਕ ਵਿਅਕਤੀ ਤੁਹਾਡੇ ਏਨਾ ਖਿ਼ਲਾਫ਼ ਕਿਉਂ ਹੈ! ਤੁਹਾਡੇ ਸਿੰਘਾਂ ਦੇ ਦੱਸਣ ਮੁਤਾਬਿਕ ਉਸ ਨੇ ਤੁਹਾਡੇ ਤੇ ਜਾਨ ਲੇਵਾ ਹਮਲੇ ਵੀ ਇਕ ਤੋਂ ਵਧ ਕਰਵਾਏ ਹਨ। ਉਸ ਦੇ ਚੇਲੇ ਇਹ ਵੀ ਦੱਸਦੇ ਹਨ ਕਿ ਤੁਹਾਨੂੰ ਉਸ ਨੇ ਏਥੇ ਭੇਜਿਆ ਸੀ ਉਸ ਅਨੁਸਾਰ ਪ੍ਰਚਾਰ ਕਰਨ ਲਈ ਪਰ ਤੁਸੀਂ ਆਪਣਾ ਵੱਖਰਾ ਹੀ ਡਗ ਡਗਾ ਵਜਾ ਲਿਆ। ਇਸ ਦੇ ਉਤਰ ਵਿਚ ਯੋਗੀ ਨੇ ਆਖਿਆ ਕਿ ਦੇਸ ਵਿਚ ਰਹਿੰਦੇ ਸਮੇ ਉਸ ਸੱਜਣ ਨਾਲ਼ ਚੰਗਾ ਮੇਲ਼ ਜੋਲ ਸੀ ਪਰ ਉਸ ਦਾ ਭੇਜਿਆ ਹੋਇਆ ਮੈ ਏਥੇ ਨਹੀ ਆਇਆ। ਉਹ ਚਾਹੁੰਦਾ ਸੀ ਕਿ ਮੈ ਪੱਛਮੀ ਲੋਕਾਂ ਦੇ ਸਾਹਮਣੇ ਉਸ ਨੂੰ ਅਵਤਾਰ ਬਣਾ ਕੇ ਪੇਸ਼ ਕਰਾਂ ਪਰ ਉਹ ਮੈ ਕੀਤਾ ਨਹੀ ਤੇ ਨਾ ਹੀ ਕਰਾਂਗਾ। ਇਸ ਲਈ ਉਹ ਮੇਰਾ ਏਨਾ ਕੱਟੜ ਵਿਰੋਧੀਬਣ ਗਿਆ ਹੈ।
ਇਕ ਦਿਨ ਬੜੇ ਜੋਸ਼ ਜਿਹੇ ਵਿਚ ਬੋਲੇ, ਇਹ ਸਾਧ ਮੈਨੂੰ ਕਹਿੰਦੇ ਨੇ ਮੈ ਬੀਬੀਆਂ ਕਿਉਂ ਨਾਲ਼ ਰੱਖਦਾ ਹਾਂ। ਇਹ ਤਾਂ ਪੱਛਮ ਦਾ ਵਿਹਾਰ ਹੀ ਹੈ ਕਿ ਸੈਕ੍ਰੇਟਰੀ, ਨਿਜੀ ਸੇਵਾਦਾਰ ਪੀ.ਏ. ਆਦਿ ਦਾ ਕੰਮ ਬੀਬੀਆਂ ਹੀ ਕਰਦੀਆਂ ਹਨ। ਇਹਨਾਂ ਨੂੰ ਕੋਈ ਪੁੱਛੇ ਕਿ ਇਹ ਆਪਣੀ ਅਰਦਲ ਵਿਚ ਮੁੰਡੇ ਕਿਉਂ ਨਾਲ਼ ਰੱਖਦੇ ਨੇ! ਇਹ ਤਾਂ ਪੱਛਮ ਵਾਲਿਆਂ ਦੇ ਵਿਚਾਰ ਅਨੁਸਾਰ ਬਿਲਕੁਲ ਹੀ ਗ਼ਲਤ ਗੱਲ ਹੈ!
ਇਕ ਦਿਨ ਮੈ ਪੁੱਿਛਆ ਕਿ ਕੁਝ ਲੋਕ ਸ਼ੰਕਾ ਕਰਦੇ ਹਨ ਕਿ ਤੁਹਾਡਾ ਅਮ੍ਰੀਕਨ ਸਰਕਾਰ ਨਾਲ਼ ਸਬੰਧ ਹੈ। ਇਸ ਦੇ ਉਤਰ ਵਿਚ ਉਹਨਾਂ ਨੇ ਆਖਿਆ ਕਿ ਇਕੱਲੀ ਅਮ੍ਰੀਕਨ ਸਰਕਾਰ ਹੀ ਨਹੀ ਸਾਡੇ ਹਿੰਦੁਸਤਾਨ ਸਰਕਾਰ ਨਾਲ਼ ਵੀ ਸਬੰਧ ਮਾੜੇ ਨਹੀ। ਮੇਰੇ ਕਿਉਂ ਪੁਛਣ ਤੇ ਉਹਨਾਂ ਨੇ ਜੋ ਅਮ੍ਰੀਕਨ ਸਰਕਾਰ ਦੀ ਖ਼ੁਸ਼ੀ ਦਾ ਕਾਰਨ ਦੱਸਿਆ ਉਹ ਕੁਝ ਇਉਂ ਸੀ:
ਜਿਸ ਦੇਸ ਦੇ ਚਿੱਕੜ ਵਿਚ ਰੁਲ਼ ਰਹੇ ਹੀਰਿਆਂ ਨੂੰ ਅਸੀਂ ਧੋ ਮਾਂਜ ਕੇ ਲਿਸ਼ਕਾ ਦਿਤਾ ਹੈ। ਹਰ ਸਮੇ ਨਸਿ਼ਆਂ ਤੇ ਵਿਸਿ਼ਆਂ ਵਿਚ ਡੁੱਬੇ ਰਹਿਣ ਵਾਲ਼ੇ ਅਤੇ ਜੁਰਮਾਂ ਦੇ ਸੰਸਾਰ ਵਿਚ ਹੀ ਵਿਚਰਨ ਵਾਲ਼ੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਅਸੀਂ ਸ਼ੁਧ ਕਰਕੇ, ਅਠਾਰਾਂ ਅਠਾਰਾਂ ਘੰਟੇ ਕੰਮ ਕਰਨ ਦੀ ਯੋਗਤਾ ਵਾਲ਼ੇ ਬਣਾ ਦਿਤਾ ਹੈ, ਨਾਸਤਕਾਂ ਨੂੰ ਯੋਗਾ ਰਾਹੀਂ ਸਿੱਖੀ ਦੇ ਲੜ ਲਾ ਕੇ, ਧਰਮੀ ਜੀਵੜੇ ਬਣਾ ਦਿਤਾ ਹੈ; ਉਸ ਦੇਸ਼ ਦੀ ਸਰਕਾਰ ਸਾਡੇ ਤੇ ਖ਼ੁਸ਼ ਨਾ ਹੋਵੇ ਤਾਂ ਉਹ ਬੜੀ ਮੂਰਖਾਂ ਦੀ ਸਰਕਾਰ ਹੋਵੇਗੀ!
ਮੇਰਾ ਵਿਚਾਰ ਹੈ ਤੇ ਇਹ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿੱਖਿਆ ਦੀ ਰੋਸ਼ਨੀ ਵਿਚ ਬਣਿਆ ਹੈ ਕਿ ਜੇ ਕੋਈ ਇਹ ਵਿਚਾਰੇ ਕਿ ਸਿੱਖੀ ਵਿਚ ਕਨਵਰਸ਼ਨ ਨਹੀ ਹੈ; ਇਹ ਗੱਲ ਠੀਕ ਹੈ ਕਿ ਕਿਸੇ ਨੂੰ ਭੁਚਲਾ ਕੇ, ਡਰਾ ਕੇ, ਉਸ ਦੀ ਮਜਬੂਰੀ ਦਾ ਲਾਭ ਉਠਾ ਕੇ ਜਾਂ ਲਾਲਚ ਦੇ ਕੇ ਸਿੱਖ ਬਣਾਉਣਾ ਗੁਰਮਤਿ ਦੇ ਉਲ਼ਟ ਹੈ ਪਰ ਜੇਕਰ ਕੋਈ ਸਿੱਖੀ ਨੂੰ ਕਲਿਆਣਕਾਰੀ ਧਰਮ ਸਮਝ ਕੇ, ਇਸ ਨੂੰ ਆਪਣੀ ਖ਼ੁਸ਼ੀ ਨਾਲ਼ ਅਪਨਾਉਣਾ ਚਾਹੇ ਤਾਂ ਉਸ ਦਾ ਹਮੇਸ਼ਾ ਹੀ ਸਵਾਗਤ ਹੈ। ਗੁਰੂ ਸਾਹਿਬਾਨ ਦੇ ਸਮੇ ਜਿੰਨੇ ਵੀ ਸਿੱਖ ਬਣੇ ਉਹ ਸਿੱਖੀ ਦੀਆਂ ਵਿਸ਼ੇਸ਼ਤਾਈਆਂ ਤੋਂ ਪ੍ਰਭਾਵਤ ਹੋ ਕੇ ਹੀ ਬਣੇ ਸਨ। ਇਸ ਲਈ ਕਿਸੇ ਸਿੱਖੀ ਵਿਰੋਧੀ ਨਾਸਤਕ ਵਿਦਵਾਨ ਵੱਲੋਂ ਅਜਿਹੀ ਢੁਚਰ ਡਾਹੁਣੀ, ਜਾਣ ਬੁਝ ਕੇ ਗ਼ਲਤ ਬਿਅਨੀ ਵਾਲ਼ੀ ਗੱਲ ਹੈ। ਯੋਗੀ ਜੀ ਨੇ ਮੈਨੂੰ ਖ਼ੁਦ ਦੱਸਿਆ ਕਿ ਉਹ ਤਾਂ ਫ਼ੀਸ ਲੈਂਦੇ ਹਨ ਤੇ ਯੋਗਾ ਸਿਖਾਉਂਦੇ ਹਨ। ਇਹ ਉਹਨਾਂ ਦਾ ਪ੍ਰੋਫ਼ੈਸ਼ਨ ਹੈ ਜਿਵੇਂ ਦੁਨੀਆ ਤੇ ਹੋਰ ਅਨੇਕ ਤਰ੍ਹਾਂ ਦੇ ਪ੍ਰੋਫ਼ੈਸ਼ਨ ਹਨ। ਫਿਰ ਜੇਕਰ ਕੋਈ ਸਿੱਖੀ ਦੇ ਗੁਣਾਂ ਤੋਂ ਪ੍ਰੇਰਤ ਹੋ ਕੇ ਸਿੱਖ ਬਣਨਾ ਚਾਹੇ ਤਾਂ ਮੈ ਕਿਵੇਂ ਰੁਕਾਵਟ ਪਾ ਸਕਦਾ ਹਾਂ! ਸਗੋਂ ਉਸ ਦੀ ਹਰ ਸੰਭਵ ਸਹਾਇਤਾ ਹੀ ਕਰਾਂਗਾ!
ਹਰੇਕ ਵਿਅਕਤੀ ਦਾ ਇਸ ਸੰਸਾਰ ਵਿਚ ਵਿਰੋਧ ਵੀ ਹੁੰਦਾ ਹੈ ਤੇ ਯੋਗੀ ਜੀ ਇਸ ਤੋਂ ਬਚੇ ਹੋਏ ਨਹੀ ਸਨ। ਇਸ ਪ੍ਰਥਾਇ ਗੁਰਬਾਣੀ ਦਾ ਵੀ ਸਪਸ਼ਟ ਫੁਰਮਾਨ ਹੈ:
ਬਿਨੁ ਬਾਦ ਵਿਰੋਧਹਿ ਕੋਈ ਨਾਹੀ॥ ਮੈ ਦੇਖਾਲਿਹੁ ਤਿਸੁ ਸਾਲਾਹੀ॥ (ਮਾਰੂ ਮਹਲਾ 1, 1025)
ਅਰਥ: ਗੁਰੂ ਨਾਨਾਕ ਦੇਵ ਜੀ ਫੁਰਮਾਉਂਦੇ ਹਨ ਕਿ ਕੋਈ ਵੀ ਵਿਅਕਤੀ ਝਗੜਿਆਂ ਤੇ ਵਿਰੋਧਾਂ ਤੋਂ ਰਹਿਤ ਨਹੀਂ ਹੈ। ਮੈਨੂੰ ਕੋਈ ਐਸਾ ਵਿਖਾਓ ਜਿਸ ਦਾ ਵਿਰੋਧ ਨਾ ਹੋਵੇ, ਮੈਂ ਉਸ ਦਾ ਸਤਿਕਾਰ ਕਰਦਾ ਹਾਂ।
ਜਾਣਾਂ ਤਾਂ ਮੈ ਅੱਗੇ ਨੂੰ ਸੀ ਅਰਥਾਤ ਨਿਊ ਜ਼ੀਲੈਂਡ ਆਸਟ੍ਰੇਲੀਆ ਆਦਿ ਦੇਸਾਂ ਰਾਹੀ ਅੰਮ੍ਰਿਤਸਰ ਪੁੱਜਣ ਦਾ ਪ੍ਰੋਗਰਮ ਸੀ ਪਰ ਯੋਗੀ ਜੀ ਦੀ ਪ੍ਰੇਰਨਾ ਦੇ ਅਸਰ ਹੇਠ, ਇਹ ਕਾਰਜ ਅੱਗੇ ਤੇ ਪਾ ਕੇ, ਓਥੋਂ ਵਾਪਸੀ ਚਾਲੇ ਪਾ ਦਿਤੇ ਅਤੇ 25 ਜਨਵਰੀ 1979 ਨੂੰ, ਮੈ ਇਕ ਪਾਸੜ 125 ਡਾਲਰ ਦੀ ਹਵਾਈ ਟਿਕਟ ਖ਼ਰੀਦ ਕੇ, ਲਾਸ ਏਂਜਲਸ ਤੋਂ ਲੰਡਨ ਆ ਗਿਆ। ਕੁਝ ਦਿਨ ਵਲੈਤ ਵਿਚ ਰੁਕ ਕੇ, ਲੰਡਨੋਂ 80 ਪੌਂਡ ਦੀ ਇਕ ਪਾਸੜ ਟਿਕਟ ਲੈ ਕੇ, ਅੰਮ੍ਰਿਤਸਰ ਆ ਉਤਰਿਆ।

gianisantokhsingh@yahoo.com.au
+61 43 50 60 970

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346