ਦੋ
ਇੰਨਾ ਤਾਂ ਪਤਾ ਹੀ ਸੀ ਕਿ ਦਰਸ਼ਨ ਹੁਣ ਬਰਮਾ ਵਿਚ ਲੜ ਰਿਹਾ ਸੀ। ਛੇ ਕੁ ਮਹੀਨੇ ਬਾਅਦ ਉਸ
ਦੀ ਇਕ ਹੋਰ ਚਿੱਠੀ ਆਈ। ਉਹ ਠੀਕ ਠਾਕ ਸੀ। ਉਸ ਨੇ ਕਿਹਾ ਸੀ ਕਿ ਛੁੱਟੀ ਮਿਲਣ ਦੀ ਕੋਈ ਆਸ
ਨਹੀਂ ਹੈ। ਇਹ ਤਾਂ ਸਾਨੂੰ ਵੀ ਪਤਾ ਸੀ। ਇਵੇਂ ਫਿਕਰਾਂ ਦੀ ਭੱਠੀ ਵਿਚ ਭੁੱਜਦਿਆਂ ਦਾ ਸਾਡਾ
ਇਕ ਸਾਲ ਤੋਂ ਵਧ ਸਮਾਂ ਨਿਕਲ ਗਿਆ। ਸਾਡੇ ਪਿੰਡ ਦੇ ਜਿਹੜੇ ਹੋਰ ਮੁੰਡੇ ਭਰਤੀ ਹੋਏ ਸਨ
ਉਹਨਾਂ ਵਿਚੋਂ ਤਾਂ ਇਕ ਮੁੰਡਾ ਨਾਂ ਕਟਾ ਕੇ ਭੱਜ ਆਇਆ ਸੀ ਤੇ ਦੂਜਾ ਕਿਸੇ ਹੋਰ ਪਾਸੇ ਚਲੇ
ਗਿਆ ਸੀ। ਬਰਮਾ ਦੇ ਬਾਰਡਰ ‘ਤੇ ਕੋਈ ਨਹੀਂ ਸੀ ਗਿਆ। ਦਰਸ਼ਨ ਦੇ ਨਾਲ ਇਕ ਮੁੰਡਾ ਨਵੇਂ ਪਿੰਡ
ਦਾ ਵੀ ਸੀ। ਜਿਸ ਦਿਨ ਅਸੀਂ ਦਰਸ਼ਨ ਨੂੰ ਫਗਵਾੜੇ ਛੱਡਣ ਗਏ ਤਾਂ ਸਾਨੂੰ ਉਥੇ ਦੋ ਮੁੰਡੇ ਹੋਰ
ਵੀ ਮਿਲੇ ਸਨ। ਮੈਂ ਸੋਚਿਆ ਕਿ ਨਵੇਂ ਪਿੰਡ ਦੇ ਮੁੰਡੇ ਦੇ ਘਰਦਿਆਂ ਨੂੰ ਮਿਲ ਕੇ ਆਵਾਂ ਕਿ
ਦੇਖਾਂ ਕਿ ਉਹਨਾਂ ਦਾ ਕੀ ਹਾਲ ਹੈ। ਸਾਡੇ ਪਿੰਡ ਕਿਸੇ ਦੀ ਨਵੇਂ ਪਿੰਡ
ਰਿਸ਼ਤੇਦਾਰੀ ਸੀ ਮੈਂ ਉਸ ਨੂੰ ਨਾਲ ਲੈ ਕੇ ਨਵੇਂ ਪਿੰਡ ਚਲੇ ਗਿਆ। ਮੁੰਡੇ ਦਾ ਨਾਂ ਤਾਂ
ਮੈਨੂੰ ਪਤਾ ਨਹੀਂ ਸੀ ਪਰ ਮੈਂ ਸੋਚਦਾਂ ਸਾਂ ਕਿ ਜੇ ਹੁਲੀਆ ਦਸਿਆ ਤਾਂ ਸਹਿਜੇ ਹੀ ਪਤਾ ਚਲ
ਜਾਵੇਗਾ। ਫਿਰ ਕਿੰਨੇ ਕੁ ਮੁੰਡੇ ਉਸ ਵਕਤ ਭਰਤੀ ਹੋਏ ਹੋਣਗੇ। ਇਵੇਂ ਹੀ ਹੋਇਆ। ਸਾਨੂੰ ਉਸ
ਮੁੰਡੇ ਦਾ ਤੇ ਉਸ ਦੇ ਮਾਂਪਿਆਂ ਦਾ ਸਾਨੂੰ ਸਜਿਹੇ ਹੀ ਪਤਾ ਚਲ ਗਿਆ। ਜਦ ਮਿਲਣ ਗਏ ਤਾਂ ਉਹ
ਮੁੰਡਾ ਸੱਜਣ ਸਿੰਘ ਘਰ ਆਇਆ ਬੈਠਾ ਸੀ। ਸ਼ਟੇਸ਼ਨ ‘ਤੇ ਮਿਲੇ ਦੀ ਸ਼ਕਲ ਹਾਲੇ ਵੀ ਮੈਨੂੰ ਯਾਦ
ਸੀ ਪਰ ਉਹ ਇੰਨਾ ਰਹਿ ਗਿਆ ਸੀ ਕਿ ਪੱਛਾਣਿਆਂ ਨਹੀਂ ਸੀ ਜਾ ਰਿਹਾ। ਉਸ ਨੂੰ ਕੋਈ ਬੁਖਾਰ
ਚੜ੍ਹ ਗਿਆ ਸੀ ਜੋ ਕਿ ਲੜਾਈ ਵਿਚ ਕਈ ਵਾਰ ਚੜ ਜਾਇਆ ਕਰਦਾ ਹੈ। ਕਈ ਇਸ ਨੂੰ ਡਰ ਦਾ ਬੁਖਾਰ
ਵੀ ਆਖਦੇ ਹਨ ਪਰ ਉਹ ਮੁੰਡਾ ਕਹਿ ਰਿਹਾ ਸੀ ਕਿ ਉਸ ਨੂੰ ਜੰਗਲ ਵਿਚ ਰਹਿਣ ਕਰਕੇ ਜੰਗਲੀ
ਬੁਖਾਰ ਚੜ ਗਿਆ ਹੈ ਜੋ ਕਿ ਮੈਦਾਨ ਵਿਚ ਆ ਕੇ ਠੀਕ ਹੋ ਜਾਂਦਾ ਹੈ। ਉਸ ਦੀ ਸਿਹਤ ਇੰਨੀ
ਕਮਜ਼ੋਰ ਸੀ ਕਿ ਉਸ ਤੋਂ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਹੁੰਦਾ। ਫੌਜੀ ਹਸਪਤਾਲ ਵਿਚ
ਜਖਮੀਆਂ ਨੂੰ ਰੱਖਣਾ ਸੀ ਇਸ ਕਰਕੇ ਅਜਿਹੀ ਬਿਮਾਰੀ ਵਾਲਿਆਂ ਨੂੰ ਘਰ ਭੇਜ ਦਿਤਾ ਜਾਂਦਾ ਸੀ।
ਮੇਰੀਆਂ ਉਸ ਨਾਲ ਥੋੜੀਆਂ ਗੱਲਾਂ ਹੀ ਹੋ ਸਕੀਆਂ। ਉਸ ਤੋਂ ਦਰਸ਼ਨ ਦੀ ਰਾਜ਼ੀ ਖੁਸ਼ੀ ਦਾ ਪਤਾ
ਚਲ ਗਿਆ ਸੀ। ਉਹ ਦੋਵੇਂ ਇਕੋ ਫਰੰਟ ਤੇ ਹੀ ਸਨ। ਬਹੁਤੀ ਗੱਲ ਕਰਨ ਜੋਗਾ ਉਹ ਹੈ ਵੀ ਨਹੀਂ
ਸੀ।
ਸੱਜਣ ਸਿੰਘ ਨੂੰ ਮਿਲ ਕੇ ਲਗਦਾ ਸੀ ਜਿਵੇਂ ਦਰਸ਼ਨ ਨਾਲ ਹੀ ਮੁਲਾਕਾਤ ਹੋ ਗਈ ਹੋਵੇ। ਦੋ ਕੁ
ਮਹੀਨੇ ਵਿਚ ਉਹ ਠੀਕ ਹੋ ਗਿਆ ਤੇ ਵਾਪਸ ਲੜਾਈ ਵਿਚ ਜਾਣ ਦੀ ਤਿਆਰੀ ਕਰਨ ਲਗਿਆ। ਵਾਪਸ ਮੁੜਨ
ਤੋਂ ਪਹਿਲਾਂ ਇਕ ਵਾਰ ਫਿਰ ਉਹ ਮਿਲਣ ਆਇਆ। ਅਸੀਂ ਦਰਸ਼ਨ ਲਈ ਘਿਓ ਭੇਜਣਾ ਚਾਹੁੰਦੇ ਸਾਂ ਪਰ
ਲੜਾਈ ਵਿਚ ਤਾਂ ਰੋਟੀ ਖਾਣ ਦੀ ਫੁਰਸਤ ਨਹੀਂ ਹੁੰਦੀ, ਘਿਓ ਕਦੋਂ ਖਾ ਹੋਵੇਗਾ।
ਲੜਾਈ ਚਲਦੀ ਰਹੀ। ਤਬਾਹੀ ਹੁੰਦੀ ਰਹੀ। ਜਪਾਨ ਕਾਬੂ ਵਿਚ ਨਹੀਂ ਸੀ ਆ ਰਿਹਾ। ਜਪਾਨ ਕਾਰਨ
ਹਿਟਲਰ ਵੀ ਸ਼ੇਰ ਹੋਇਆ ਪਿਆ ਸੀ। ਇਕ ਲੱਖ ਤੀਹ ਹਜ਼ਾਰ ਅੰਗਰੇਜ਼ ਤੇ ਉਸ ਦੀਆਂ ਸਾਥੀ ਫੌਜਾਂ
ਦੇ ਸਿਪਾਹੀ ਤਾਂ ਜੰਗੀ ਕੈਦੀ ਬਣਾ ਲਏ ਸਨ ਜਪਾਨ ਨੇ। ਜੰਗੀ ਕੈਦੀਆਂ ਨਾਲ ਜਿਹੋ ਜਿਹਾ
ਵਿਵਹਾਰ ਜਪਾਨੀ ਕਰ ਰਹੇ ਸਨ ਇਹ ਰੌਂਗਟੇ ਖੜੇ ਕਰਨ ਵਾਲਾ ਹੁੰਦਾ। ਅਜੀਬ ਜਿਹੇ ਜਿਉਂਦੇ
ਜਾਗਦੇ ਪਿੰਜਰਾਂ ਦੀਆਂ ਤਸਵੀਰਾਂ ਛਪਦੀਆਂ। ਅਖਬਾਰ ਪੜ੍ਹ ਪੜ੍ਹ ਦਿਲ ਦਹਿਲ ਜਾਂਦਾ। ਹਾਲੇ
ਲੜਾਈ ਹੋਰ ਚਲਣੀ ਸੀ ਜੇ ਅਮਰੀਕਾ ਜਪਾਨ ਤੇ ਬੰਬ ਨਾ ਸੁਟਦਾ। ਅਮਰੀਕਾ ਨੇ ਨਾਗਾਸਾਕੀ ਤੇ
ਹੀਰੋਸ਼ੀਮਾ ਉਪਰ ਐਟਮ ਬੰਬ ਸੁਟੇ ਤਾਂ ਜਪਾਨ ਨੂੰ ਹਥਿਆਰ ਸੁਟਣੇ ਪਏ। ਜੇ ਅਮਰੀਕਾ ਨੇ ਐਟਮ
ਬੰਬ ਦੀ ਕਾਢ ਨਾ ਕੱਢ ਲਈ ਹੁੰਦੀ ਤਾਂ ਅਜ ਦੁਨੀਆਂ ਦਾ ਨਕਸ਼ਾ ਹੋਰ ਹੋਣਾ ਸੀ। ਲੜਾਈ ਖਤਮ
ਹੋਈ ਤਾਂ ਦਰਸ਼ਨ ਦੀ ਚਿੱਠੀ ਆ ਗਈ ਕਿ ਉਹ ਛੁੱਟੀ ਆ ਰਿਹਾ ਹੈ। ਸਾਡਾ ਚਾਅ ਤਾਂ ਪੁੱਛੀਏ ਈ
ਜਾਣੀਏ। ਮਹੀਨੇ ਕੁ ਬਾਅਦ ਦਰਸ਼ਨ ਘਰ ਆ ਗਿਆ। ਨੰਦੀ ਤਾਂ ਉਸ ਨੂੰ ਬੁੱਕਲ ਵਿਚ ਲੈ ਕੇ ਰੋਈ
ਹੀ ਜਾਵੇ। ਸਾਡੇ ਲਈ ਤਾਂ ਪੁੱਤ ਦਾ ਦੁਬਾਰਾ ਜਨਮ ਹੋਇਆ ਸੀ। ਉਸ ਦੀ ਸਿਹਤ ਕਮਜ਼ੋਰ ਹੋਈ ਪਈ
ਸੀ ਪਰ ਉਹ ਚੜਦੀ ਕਲਾ ਵਿਚ ਸੀ। ਉਹ ਸਾਨੂੰ ਲੜਾਈ ਦੀਆਂ ਕਿੰਨੀਆਂ ਹੀ ਕਹਾਣੀਆਂ ਸੁਣਾਉਂਦਾ।
ਲੜਾਈ ਵਿਚ ਆਪਣੇ ਕਾਰਨਾਮਿਆਂ ਕਾਰਨ ਉਹ ਸਿਪਾਹੀ ਤੋਂ ਲੈਸ-ਨੈਕ ਤੇ ਫਿਰ ਨੈਕ ਬਣ ਗਿਆ ਸੀ।
ਹੁਣ ਉਸ ਨੂੰ ਆਸ ਸੀ ਕਿ ਜਲਦੀ ਹੀ ਹੌਲਦਾਰ ਵੀ ਬਣ ਜਾਵੇਗਾ। ਅਸੀਂ ਸ਼ਾਮ ਨੂੰ ਇਕੱਠੇ ਸ਼ਰਾਬ
ਪੀਂਦੇ ਤੇ ਗੱਲਾਂ ਕਰਦੇ। ਦੇਵ ਉਦੋਂ ਛੋਟਾ ਜਿਹਾ ਸੀ ਉਹ ਵੀ ਸਾਡੇ ਕੋਲ ਆ ਕੇ ਬੈਠ ਜਾਂਦਾ।
ਅਸੀਂ ਉਸ ਨੂੰ ਵੀ ਨਿਕਾ ਜਿਹਾ ਹਾੜਾ ਪਾ ਦਿੰਦੇ। ਹੁਣ ਇੰਨਾ ਬਹੁਤ ਸੀ ਕਿ ਲੜਾਈ ਖਤਮ ਹੋ ਗਈ
ਸੀ। ਹੁਣ ਕਿਸੇ ਕਿਸਮ ਦਾ ਫਿਕਰ ਨਹੀਂ ਸੀ। ਦਰਸ਼ਨ ਮਹੀਨਾ ਕੁ ਰਹਿ ਕੇ ਮੁੜ ਗਿਆ। ਇਸ ਵਾਰ
ਅਸੀਂ ਉਸ ਦੇ ਜਾਣ ਤੇ ਇੰਨੇ ਉਦਾਸ ਨਹੀਂ ਸਾਂ। ਹੁਣ ਤਾਂ ਜਿਵੇਂ ਉਹ ਕਮਾਈ ਕਰਨ ਜਾ ਰਿਹਾ
ਹੋਵੇ।
ਹੁਣ ਅਖਬਾਰਾਂ ਵਿਚ ਅੰਗਰੇਜ਼ਾਂ ਦੀਆਂ ਸਿਫਤਾਂ ਦੇ ਪੁਲ ਬੰਨੇ ਹੋਏ ਹੁੰਦੇ। ਇਹ ਆਲਮੀ ਜੰਗ
ਭਾਵੇਂ ਅਮਰੀਕਾ ਨੇ ਜਿੱਤੀ ਸੀ ਪਰ ਅੰਗਰੇਜ਼ ਸਾਰਾ ਸਿਹਰਾ ਆਪਣੇ ਸਿਰ ਬੰਨ ਰਹੇ ਸਨ।
ਜਪਾਨੀਆਂ ਨੂੰ ਕੈਦੀ ਬਣਾਇਆ ਜਾ ਰਿਹਾ ਸੀ। ਜਪਾਨੀ ਜਨਰਲ ਟੋਜੋ ਜੋ ਕਿ ਤਬਾਹੀ ਦਾ
ਜਿ਼ੰਮੇਵਾਰ ਸੀ ਉਸ ਉਪਰ ਤੇ ਹੋਰ ਬਹੁਤ ਸਾਰੇ ਅਫਸਰਾਂ ਉਪਰ ਮੁਕੱਦਮੇ ਚਲਾਏ ਗਏ। ਇਹਨਾਂ
ਵਿਚੋਂ ਸਾਰਿਆਂ ਤੋਂ ਜਿ਼ਆਦਾ ਜਿਸ ਦੀਆਂ ਖਬਰਾਂ ਆਉਂਦੀਆਂ ਉਹ ਸੀ ਜਨਰਲ ਟੋਜੋ। ਇਕ ਦਿਨ ਮੈਂ
ਸ਼ਹਿਰ ਗਿਆ ਤਾਂ ਅੰਗਰੇਜ਼ੀ ਦੀ ਅਖਬਾਰ ਦੇਖੀ ਜਿਸ ਵਿਚ ਇਕ ਫੋਟੋ ਸੀ ਕਿ ਟੋਜੋ ਨੂੰ ਪੇਸ਼ੀ
ਤੇ ਲਈ ਜਾ ਰਹੇ ਹਨ ਤੇ ਦਰਸ਼ਨ ਕਹਿਚਰੀ ਮੁਹਰੇ ਪਹਿਰਾ ਦੇ ਰਿਹਾ ਹੈ। ਮੈਨੂੰ ਕਿਸੇ ਤੋਂ
ਪੜ੍ਹਾਉਣ ਦੀ ਲੋੜ ਹੀ ਨਾ ਪਈ, ਮੈਂ ਸਾਰੀ ਗੱਲ ਸਮਝ ਗਿਆ ਸਾਂ। ਮੈਂ ਅਖਬਾਰ ਖਰੀਦੀ ਤੇ ਘਰ
ਨੂੰ ਲੈ ਆਇਆ। ਕਈਆਂ ਨੂੰ ਦਿਖਾਈ। ਮੈਂ ਸਾਂਭ ਕੇ ਰੱਖਣੀ ਚਾਹੁੰਦਾ ਸਾਂ ਪਰ ਨੰਦੀ ਨੇ ਰੱਦੀ
ਸਮਝ ਕੇ ਚੁੱਲੇ ਬਾਲ ਦਿਤੀ। ਇਵੇਂ ਉਹ ਪਹਿਲਾਂ ਵੀ ਮੇਰੀਆਂ ਅਖਬਾਰਾਂ ਨਾਲ ਚੁਲਾ ਬਾਲਣ ਦਾ
ਕੰਮ ਲਿਆ ਕਰਦੀ ਸੀ। ਮੁੜ ਕੇ ਮੈਨੂੰ ਉਹ ਅਖਬਾਰ ਕਿਤੇ ਨਹੀਂ ਦਿਸੀ।
ਦੁਨੀਆਂ ਵਿਚ ਭਾਵੇਂ ਲੱਖ ਸ਼ਾਂਤੀ ਹੋ ਗਈ ਹੋਵੇ ਪਰ ਹਿੰਦੁਸਤਾਨ ਵਿਚ ਬਹੁਤ ਅਸ਼ਾਂਤੀ ਸੀ।
ਪਰ ਮੈਨੂੰ ਹੁਣ ਦਰਸ਼ਨ ਵਲੋਂ ਫਿਕਰ ਹਟ ਗਿਆ ਸੀ। ਹੁਣ ਤਾਂ ਮੈਂ ਚਾਹੁੰਦਾ ਸਾਂ ਕਿ ਇਕ
ਛੁੱਟੀ ਆਵੇ ਤਾਂ ਉਸ ਦਾ ਰਿਸ਼ਤਾ ਕਰ ਦੇਈਏ ਤੇ ਦੂਜੀ ਵਾਰੀ ਛੁੱਟੀ ਆਵੇ ਤਾਂ ਵਿਆਹ ਕਰ
ਦੇਈਏ।
ਤਿੰਨ
ਹਿੰਦੁਸਤਾਨ ਵਿਚ ਅੰਗਰੇਜ਼ ਦੀ ਮੁਖਾਲਫਤ ਬਹੁਤ ਵਧ ਗਈ ਸੀ। ਅੰਗਰੇਜ਼ ਵੀ ਸ਼ਾਇਦ ਹੁਣ ਅੱਕੇ
ਪਏ ਸਨ। ਉਹਨਾਂ ਇਥੋਂ ਚਲੇ ਜਾਣ ਵਿਚ ਹੀ ਫਾਇਦਾ ਸਮਝਿਆ। ੳਹੁਨਾਂ ਨੂੰ ਵੱਡੀ ਲੜਾਈ ਵਿਚ ਹੋਈ
ਜਿੱਤ ਹੀ ਹੁਣ ਵੱਡੀ ਗੱਲ ਲਗਦੀ ਸੀ। ਉਹਨਾਂ ਆਪਣਾ ਬੋਰੀਆ ਬਿਸਤਰਾ ਬੰਨਣਾ ਸ਼ੁਰੂ ਕਰ ਦਿਤਾ।
ਲੋਕ ਖੁਸ਼ੀ ਵਿਚ ਨੱਚਣ ਗਾਉਣ ਲਗੇ। ਮੈਨੂੰ ਤਾਂ ਕੋਈ ਖੁਸ਼ੀ ਨਹੀਂ ਸੀ। ਅੰਗਰੇਜ਼ਾਂ ਦੇ ਰਾਜ
ਵਿਚ ਪੂਰਾ ਇਨਸਾਫ ਮਿਲਦਾ ਸੀ। ਪਰ ਇਕ ਹੋਰ ਦੁਖ ਦੀ ਖਬਰ ਇਹ ਆਉਣ ਲਗੀ ਕਿ ਹਿਦੁਸਤਾਨ ਦੇ ਦੋ
ਹਿੱਸੇ ਕੀਤੇ ਜਾ ਰਹੇ ਹਨ। ਮੁਸਲਮਾਨਾਂ ਨੂੰ ਅਲੱਗ ਮੁਲਕ ਦਿਤਾ ਜਾ ਰਿਹਾ ਹੈ। ਪਹਿਲਾਂ ਤਾਂ
ਮੈਂ ਸੋਚਦਾ ਕਿ ਇਹ ਕੋਈ ਅਫਵਾਹ ਹੈ ਜਾਂ ਕਿਸੇ ਦੀ ਸ਼ਰਾਰਤ। ਮੁਸਲਮਾਨਾਂ ਨੂੰ ਬਾਕੀ ਸਭ ਤੋਂ
ਜੁਦਾ ਕਿਵੇਂ ਕੀਤਾ ਜਾ ਸਕਦਾ ਹੈ ਫਿਰ ਸੋਚਿਆ ਕਿ ਇਹ ਜਨਾਹ ਨੇ ਦੂਜਿਆਂ ਨਾਲ ਕੋਈ ਅੜਿਕਾ
ਪਾਇਆ ਹੋਇਆ ਹੈ, ਬਾਕੀ ਦੇ ਲੀਡਰ ਉਸ ਨੂੰ ਕਹਿਣਗੇ ਕਿ ਤੂੰ ਇਸ ਪਾਸੇ ਹਕੂਮਤ ਕਰੀ ਚੱਲ ਪਰ
ਇਵੇਂ ਨਹੀਂ ਕਹਿਣ ਲਗੇ ਕਿ ਸਾਰੇ ਮੁਸਲਮਾਨ ਇਧਰ ਆ ਜਾਵੋ ਤੇ ਹਿੰਦੂ-ਸਿੱਖ ਓਧਰ ਹੋ ਜਾਵੋ।
ਫਿਰ ਖਬਰਾਂ ਆਉਣ ਲਗੀਆਂ ਕਿ ਮੁਸਲਮਾਨਾਂ ਨੂੰ ਪੰਜਾਬ ਦੇ ਪੱਛਮ ਵਲ ਲੈ ਜਾਇਆ ਜਾਵੇਗਾ ਜਿਥੇ
ਪਾਕਿਸਤਾਨ ਵਸਾਇਆ ਜਾ ਰਿਹਾ ਸੀ ਤੇ ਹਿੰਦੂ ਸਿੱਖਾਂ ਨੂੰ ਇਧਰ ਹਿੰਦੁਸਤਾਨ ਵਿਚ ਲਿਆਂਦਾ
ਜਾਵੇਗਾ। ਕੋਈ ਵੀ ਗੱਲ ਯਕੀਨ ਵਾਲੀ ਨਹੀਂ ਸੀ ਜਾਪਦੀ। ਇਹ ਕਿਵੇਂ ਹੋ ਸਕਦਾ ਹੈ ਕਿ ਇਕ ਦਿਨ
ਅਚਾਨਕ ਕੋਈ ਆਵੇ ਤੇ ਕਹੇ ਕਿ ਇਹ ਤੁਹਾਡਾ ਪਿੰਡ ਨਹੀਂ, ਇਹ ਤੁਹਾਡਾ ਘਰ ਨਹੀਂ ਤੁਹਾਡਾ ਘਰ
ਓਧਰ ਪਾਕਿਸਤਾਨ ਵਿਚ ਕਿਧਰੇ ਹੈ। ਉਸ ਇਲਾਕੇ ਵਿਚ ਜਿਹੜਾ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ
ਹੈ। ਅਸੀਂ ਮੁਸਲਮਾਨਾਂ ਨਾਲ ਸਦੀਆਂ ਤੋਂ ਭਰਾਵਾਂ ਵਾਂਗ ਰਹਿੰਦੇ ਆਏ ਸਾਂ। ਹੋਰ ਕਿਸੇ ਦੀ
ਹੋਵੇ ਜਾਂ ਨਾ ਹੋਵੇ ਮੇਰੀ ਤੇ ਫਿਰ ਦਰਸ਼ਨ ਦੀ ਵੀ ਮੁਸਲਮਾਨਾਂ ਨਾਲ ਰੋਟੀ ਦੀ ਸਾਂਝ ਸੀ।
ਦਰਸ਼ਨ ਦਾ ਦੋਸਤ ਗਾਮਾ ਤਾਂ ਦਰਸ਼ਨ ਛੁੱਟੀ ਆਂਉਂਦਾ ਤਾਂ ਸਿਧਾ ਸਾਡੇ ਘਰ ਹੀ ਆ ਜਾਂਦਾ।
ਦਰਸ਼ਨ ਵੀ ਉਸ ਦੇ ਘਰ ਜਾ ਕੇ ਖਾਣਾ ਖਾ ਆਇਆ ਕਰਦਾ। ਮੇਰੇ ਵੀ ਕਈ ਦੋਸਤ ਸਨ, ਚੌਧਰੀ ਇਨਾਇਤ
ਅਲੀ ਸੀ, ਪੰਨੂੰ ਗੁਜਰ ਸੀ। ਹੋਰ ਵੀ ਕਈ ਸ਼ਾਮ ਨੂੰ ਮੇਰੇ ਅਟਾਲ ਤੇ ਆ ਬੈਠਦੇ, ਕਈ ਕਈ ਘੰਟੇ
ਗੱਲਾਂ ਕਰਦੇ। ਮੇਰੇ ਕੋਲੋਂ ਪੜਨ ਲਈ ਕੋਈ ਨਾ ਕੋਈ ਕਿਤਾਬ ਲੈ ਜਾਂਦੇ, ਕੋਈ ਦੇ ਜਾਂਦੇ।
ਇਕ ਦਿਨ ਅਚਾਨਕ ਦਰਸ਼ਨ ਛੁੱਟੀ ਆ ਗਿਆ। ਅਸੀਂ ਸਾਰੇ ਹੈਰਾਨ ਸਾਂ। ਉਹ ਕਹਿਣ ਲਗਾ,
“ਸਾਨੂੰ ਛੇ ਮਹੀਨੇ ਦੀ ਛੁੱਟੀ ਮਿਲ ਗਈ, ਸਰਕਾਰ ਕਹਿੰਦੀ ਆ ਕਿ ਪਾਕਿਸਤਾਨ ਬਣਨ ਵਾਲ਼ਾ ਤੇ
ਤੁਸੀਂ ਜਾ ਕੇ ਆਪਣੇ ਟਬੱਰ ਸੰਭਾਲੋ।”
ਇਕ ਦਿਨ ਦਰਸ਼ਨ ਦੱਸਣ ਲਗਾ,
“ਭਾਈਆ, ਮੇਰਾ ਤਾਂ ਸਾਬ ਕਹਿੰਦਾ ਸੀ ਬਈ ਜੇ ਇੰਗਲੈਂਡ ਜਾਣਾ ਤਾਂ ਮੇਰੇ ਨਾਲ ਚਲ। ਤੈਨੂੰ
ਓਥੇ ਕੰਮ ਵੀ ਦਵਾ ਦੇਊਂ। ਮੈਂ ਨਾਂਹ ਕਰ ‘ਤੀ।”
“ਚੰਗਾ ਕੀਤਾ, ਇਹ ਤਾਂ ਜੱਟ-ਸਿੱਖਾਂ ਦੀ ਇਕ ਰਜਮੈਂਟ ਰਾਜੇ ਦੀ ਫੌਜ ਵਿਚ ਰੱਖਣਾ ਚਾਹੁੰਦੇ
ਸੀ, ਜਿੱਦਾਂ ਗੋਰਖਿਆਂ ਦੀ ਰੱਖੀ ਆ।”
ਉਹੋ ਗੱਲ ਹੋਈ ਜਿਸ ਦਾ ਡਰ ਸੀ। ਖਬਰ ਆਈ ਕਿ ਨਵੇਂ ਬਣੇ ਪਾਕਿਸਤਾਨ ਵਿਚ ਮੁਸਲਮਾਨਾਂ ਨੇ
ਸਿੱਖਾਂ ਤੇ ਹਿੰਦੂਆਂ ਨੂੰ ਮਾਰਨਾ ਸ਼ੁਰੂ ਕਰ ਦਿਤਾ ਹੈ। ਤੇ ਫਿਰ ਕੀ ਸੀ ਇਧਰ ਵੀ ਇਹੋ ਕੰਮ
ਅਰੰਭ ਹੋ ਗਿਆ। ਕਤਲੋ-ਗਾਰਤ ਸ਼ੁਰੂ ਹੋ ਗਈ। ਦਰਸ਼ਨ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੋਣ
ਲਗੀ। ਉਸ ਨੇ ਆਪਣੇ ਨਾਲ ਪਿੰਡ ਦੇ ਹਾਣੀ ਮੁੰਡਿਆਂ ਨੂੰ ਲੈ ਕੇ ਸਭ ਤੋਂ ਪਹਿਲਾ ਕੰਮ ਇਹ
ਕੀਤਾ ਕਿ ਪਿੰਡ ਦੇ ਮੁਸਲਮਾਨਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾ ਦਿਤੀ ਕਿ ਉਹਨਾਂ ਨੂੰ
ਕੋਈ ਕੁਝ ਨਾ ਕਹੇ। ਪਿੰਡ ਦੇ ਕਿਸੇ ਬੰਦੇ ਦੀ ਹਿੰਮਤ ਨਹੀਂ ਪੈਣੀ ਤੇ ਬਾਹਰਲਾ ਕੋਈ ਅਜਿਹਾ
ਕੋਈ ਬੰਦਾ ਪਿੰਡ ਵਿਚ ਵੜਨ ਨਹੀਂ ਦੇਣਾ। ਪਿੰਡ ਦੇ ਮੁੱਖ ਰਾਹਾਂ ‘ਤੇ ਪਹਿਰਾ ਲਾ ਦਿਤਾ ਗਿਆ।
ਕੁਝ ਵੀ ਸੀ ਪਰ ਮੁਸਲਮਾਨ ਬਹੁਤ ਡਰ ਗਏ ਸਨ। ਕਈਆਂ ਨੂੰ ਤਾਂ ਲਗਦਾ ਸੀ ਕਿ ਹੁਣ ਵੀ ਮਰੇ ਕਿ
ਹੁਣ ਵੀ ਮਰੇ। ਇਕ ਦਿਨ ਪਿੰਡ ਦੇ ਕੁਝ ਮੁਸਲਮਾਨ ਇਕੱਠੇ ਹੋ ਕੇ ਪਿੰਡ ਦੇ ਮੋਹਤਬਰਾਂ ਕੋਲ ਆਏ
ਤੇ ਕਹਿਣ ਲਗੇ,
“ਸਾਨੂੰ ਤਾਂ ਜੀ ਸਿੱਖ ਬਣਾ ਲਓ, ਅਗੇ ਵੀ ਅਸੀਂ ਹਿੰਦੂਆਂ ‘ਚੋਂ ਈ ਮੁਸਲਮਾਨ ਬਣੇ ਆਂ।”
ਉਹਨਾਂ ਵਿਚੋਂ ਗੱਲ ਕਰਨ ਵਾਲਾ ਰਹਿਮਤ ਸੀ। ਮੈਂ ਉਸ ਨੂੰ ਪੁੱਛਿਆ,
“ਤੁਹਾਡੇ ‘ਤੇ ਕਿਸੇ ਨੇ ਦਬਾਅ ਪਾਇਆ?”
“ਨਹੀਂ ਜੀ, ਮੌਤ ਸਾਹਮਣੇ ਦਿਸਦੀ ਆ, ਧਰਮ ਤਾਂ ਸਾਰੇ ਇਕੋ ਜਿਹੇ ਹੁੰਦੇ ਆ ਗੱਲ ਤਾਂ ਇਹ
ਜਿ਼ੰਦਗੀ ਮੁੜ ਕੇ ਨਹੀਂ ਮਿਲਣੀ।”
“ਤੁਸੀਂ ਡਰੋ ਨਾ, ਇਥੇ ਤੁਹਾਡੀ ਹਵਾ ਵਲ ਵੀ ਨਹੀਂ ਕੋਈ ਦੇਖ ਸਕਦਾ।”
“ਇਹ ਤਾਂ ਠੀਕ ਆ ਜੀ, ਹੁਣ ਪਾਕਿਸਤਾਨ ਤਾਂ ਜਾਣਾ ਈ ਪੈਣਾਂ, ਇਥੋਂ ਬਚੇ ਤਾਂ ਰਾਹ ‘ਚ ਕੋਈ
ਮਾਰ ਦੇਊ, ਇਥੇ ਰਹਿਣਾ ਤਾਂ ਸਿੱਖ ਜਾਂ ਹਿੰਦੂ ਬਣ ਕੇ ਰਹਿਣਾ ਪਊ, ਪਾਕਿਸਤਾਨ ‘ਚ ਸਾਡਾ ਕੌਣ
ਆਂ ਜਿਥੇ ਅਸੀਂ ਜਾਈਏ, ਇਥੇ ਸਾਰਾ ਪਿੰਡ ਸਾਡਾ ਆਪਣਾ।”
ਪਿੰਡ ਦੇ ਲੋਕਾਂ ਨੇ ਸਲਾਹ ਕੀਤੀ। ਉਹਨਾਂ ਨੂੰ ਸਿੱਖ ਬਣਾ ਲੈਣ ਦਾ ਫੈਸਲਾ ਹੋ ਗਿਆ। ਲੁਹਾਰ
ਸੱਦਿਆ ਗਿਆ ਕਿ ਇਹਨਾਂ ਲਈ ਕੜੇ ਬਣਾਏ ਜਾਣ। ਦਰਜੀ ਸੱਦਿਆ ਗਿਆ ਕਿ ਇਹਨਾਂ ਲਈ ਕਛਿਹਰੇ ਸਮਾਏ
ਜਾਣ। ਲੁਹਾਰ ਕੋਲ ਇੰਨੇ ਕੜੇ ਬਣਾਉਣ ਜੋਗਾ ਲੋਹਾ ਨਹੀਂ ਸੀ। ਲੋਕਾਂ ਨੇ ਮੇਰੇ ਅਟਾਲ ਵਿਚੋਂ
ਲਕੜੀ ਤੋਲਣ ਵਾਲੇ ਤੱਕ ਦੀਆਂ ਤਾਰਾਂ ਹੀ ਖੋਹਲ ਕੇ ਕੜੇ ਬਣਾ ਦਿਤੇ। ਕਈਆਂ ਮੁਸਲਮਾਨਾਂ ਨੇ
ਅੰਮ੍ਰਿਤ ਛਕ ਲਿਆ, ਰਹਿਮਤ ਦਾ ਨਾਂ ਰਾਮ ਸਿੰਘ ਰੱਖ ਦਿਤਾ ਗਿਆ। ਅਜਰੂ ਦਾ ਨਾਂ ਅਜੈਬ ਸਿੰਘ
ਹੋ ਗਿਆ। ਪਰ ਇਸ ਗੱਲ ਨਾਲ ਪਿੰਡ ਦਾ ਮਹੌਲ ਕੁਝ ਅਜੀਬ ਹੋ ਗਿਆ। ਜਿਹੜੇ ਮੁਸਲਮਾਨ ਸਿੱਖ
ਨਹੀਂ ਸਨ ਬਣੇ ਉਹ ਸਾਰੇ ਪਿੰਡ ਨੂੰ ਹੀ ਹੋਰ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਣ ਲਗ ਪਏ। ਉਹ
ਸਾਰੇ ਪਿੰਡ ਨੂੰ ਹੀ ਇਹਨਾਂ ਦਾ ਧਰਮ ਬਦਲਣ ਦੇ ਦੋਸ਼ੀ ਮੰਨਣ ਲਗ ਪਏ। ਕਈਆਂ ਨੇ ਨਵੇਂ ਬਣੇ
ਸਿੱਖਾਂ ਦੇ ਘਰ ਜਾ ਕੇ ਉਹਨਾਂ ਨੂੰ ਲਾਹਨਤਾਂ ਵੀ ਪਾਈਆਂ।
ਛੇਤੀ ਹੀ ਬਹਿਰਾਮ ਕੈਂਪ ਲਗ ਗਿਆ। ਇਥੇ ਆਲੇ ਦੁਆਲੇ ਦੇ ਪਿੰਡਾਂ ਦੇ ਮੁਸਲਮਾਨ ਇਸ ਕੈਂਪ ਵਿਚ
ਇਕੱਠੇ ਹੋਣ ਲਗੇ ਤਾਂ ਜੋ ਇਥੋਂ ਅਗੇ ਪਾਕਿਸਤਾਨ ਜਾ ਸਕਣ। ਪਿੰਡ ਦੇ ਮੁੰਡੇ ਪਿੰਡ ਦੇ
ਮੁਸਲਮਾਨਾਂ ਨੂੰ ਕੈਂਪ ਲੈ ਕੇ ਜਾਣ ਲਗੇ ਤਾਂ ਨਵੇਂ ਬਣੇ ‘ਸਿੱਖ’ ਸਭ ਤੋਂ ਮੁਹਰੇ ਸਨ। ਕੁਝ
ਦਿਨਾਂ ਵਿਚ ਹੀ ਪਿੰਡ ਦੇ ਸਾਰੇ ਮੁਸਲਮਾਨਾਂ ਨੂੰ ਸਹੀ ਸਲਾਮਤ ਕੈਂਪ ਵਿਚ ਪਹੁੰਚਾ ਦਿਤਾ
ਗਿਆ। ਸਾਡੇ ਪਿੰਡ ਸਭ ਠੀਕ ਸੀ ਪਰ ਆਲੇ ਦੁਆਲੇ ਦੇ ਪਿੰਡਾਂ ਵਿਚ ਕਤਲੋ ਗਾਰਤ ਚਲ ਰਹੀ ਸੀ।
ਅੱਗਾਂ ਲਗ ਰਹੀਆਂ ਸਨ। ਮਨੱਖੀ ਮਾਸ ਦੇ ਸੜਨ ਦੀ ਦੁਰਗੰਧ ਸਾਰਾ ਦਿਨ ਆਉਂਦੀ ਰਹਿੰਦੀ।
ਦਰਸ਼ਨ ਨੂੰ ਪਸ਼ੂ ਚਾਰਨ ਦਾ ਸ਼ੌਂਕ ਬਚਪਨ ਤੋਂ ਹੀ ਸੀ। ਛੁੱਟੀ ਆਇਆ ਵੀ ਸਵੇਰੇ ਹੀ ਬੱਗ
ਖੋਹਲ ਕੇ ਤੁਰ ਪੈਂਦਾ ਤੇ ਬਾਕੀ ਬਾਗੀਆਂ ਤੋਂ ਬਾਅਦ ਵਿਚ ਮੁੜਦਾ। ਮੈਂ ਬਹੁਤ ਕਹਿੰਦਾ ਕਿ
ਸਮੇਂ ਮਾੜੇ ਹਨ ਜਲਦੀ ਆ ਜਾਇਆ ਕਰੇ ਪਰ ਉਹ ਸਭ ਤੋਂ ਬਾਅਦ ਵਿਚ ਹੀ ਆਉਂਦਾ।
ਇਕ ਦਿਨ ਜਦ ਉਹ ਡੱਬਰੀ ਤੋਂ ਵਾਪਸ ਮੁੜਨ ਦੀ ਤਿਆਰੀ ਕਰ ਰਿਹਾ ਸੀ ਤਾਂ ਕੀ ਦੇਖਦਾ ਹੈ ਕਿ
ਸਾਹਮਣੇ ਇਕ ਬਿਜ਼ੁਰਗ ਜੋੜਾ ਆ ਰਿਹਾ ਹੈ ਤੇ ਉਹਨਾਂ ਦੇ ਨਾਲ ਇਕ ਜਵਾਨ ਕੁੜੀ ਵੀ ਹੈ। ਉਹਨਾਂ
ਦਰਸ਼ਨ ਨੂੰ ਦੇਖਿਆ ਤਾਂ ਸਵਾ ਛੇ ਫੁੱਟਾ ਸਰਦਾਰ ਦੇਖ ਕੇ ਡਰ ਗਏ। ਦਰਸ਼ਨ ਉਹਨਾਂ ਦੇ ਨੇੜੇ
ਗਿਆ ਤਾਂ ਬਿਜ਼ੁਰਗ ਕਹਿਣ ਲਗਾ,
“ਆਹ ਸਾਰੇ ਗਹਿਣੇ ਲੈ ਲਓ ਪਰ ਮੇਰੀ ਕੁੜੀ ਨੂੰ ਕੁਸ਼ ਨਾ ਕਿਹੋ।”
ਦਰਸ਼ਨ ਉਸ ਵਲ ਦੇਖ ਕੇ ਹੱਸਿਆ ਤੇ ਬੋਲਿਆ,
“ਬਜ਼ੁਰਗਾ, ਕਿਹੋ ਜਿਹੀਆਂ ਗੱਲਾਂ ਕਰਦਾਂ, ਤੂੰ ਮੇਰੇ ਪਿਓ ਵਰਗਾਂ ਤੇ ਇਹ ਕੁੜੀ ਮੇਰੀ ਭੈਣ
ਵਰਗੀ। ਦਸ ਕਿਥੇ ਜਾਣਾਂ, ਮੈਂ ਪਹੁੰਚਦਾ ਕਰ ਦਿੰਨਾ ਤੁਹਾਨੂੰ।”
“ਅਸੀਂ ਬਰਾਮ ਕੈਂਪ ਵਿਚ ਜਾਣਾ।”
ਉਹ ਬੰਦਾ ਡਰਦਾ ਡਰਦਾ ਬੋਲਿਆ। ਦਰਸ਼ਨ ਉਹਨਾਂ ਨੂੰ ਆਪਣੇ ਨਾਲ ਲੈ ਆਇਆ। ਜਦ ਹਵੇਲੀ ਪੁੱਜਾ
ਤਾਂ ਮੈਂ ਉਹਦੇ ਨਾਲ ਇਕ ਬੰਦਾ ਤੇ ਦੋ ਔਰਤਾਂ ਦੇਖ ਕੇ ਸਭ ਕੁਝ ਇਕ ਦਮ ਸਮਝ ਗਿਆ। ਉਹਨਾਂ
ਨੂੰ ਅਸੀਂ ਰੋਟੀ-ਪਾਣੀ ਖਵਾਇਆ-ਪਿਲਾਇਆ। ਸਾਡੇ ਬਹੁਤਾ ਕਹਿਣ ਤੇ ਸਾਡੇ ਕੋਲ ਰਾਤ ਰਹਿਣਾ ਵੀ
ਮੰਨ ਗਏ। ਉਹ ਨਾਲ ਦੇ ਪਿੰਡ ਘੁੰਮਣਾਂ ਤੋਂ ਹੀ ਸਨ ਤੇ ਲੁਕ ਲੁਕ ਕੇ ਕੈਂਪ ਵਿਚ ਪੁੱਜਣਾ
ਚਾਹੁੰਦੇ ਸਨ। ਜਵਾਨ ਕੁੜੀ ਨਾਲ ਹੋਣ ਕਰਕੇ ਉਹਨਾਂ ਦਾ ਡਰ ਬਹੁਤ ਵੱਡਾ ਸੀ। ਸਾਰੀ ਗੱਲ
ਮੈਨੂੰ ਦਸਦਾ ਉਹ ਬੰਦਾ ਬੋਲਿਆ,
“ਸਰਦਾਰਾ, ਤੂੰ ਬਹੁਤ ਕਿਸਮਤ ਵਾਲਾਂ ਜਿਹਦੇ ਘਰ ਏਨਾ ਨੇਕ ਪੁੱਤ ਜੰਮਿਆਂ।”
ਦਰਸ਼ਨ ਉਹਨਾਂ ਨੂੰ ਸਵੇਰੇ ਆਪ ਜਾ ਕੇ ਕੈਂਪ ਵਿਚ ਛੱਡ ਆਇਆ।
ਰੌਲਿ਼ਆਂ ਵੇਲੇ ਲੁੱਟ ਖੋਹ ਤਾਂ ਜਾਰੀ ਹੈ ਹੀ ਸੀ ਪਰ ਔਰਤਾਂ ਉਧਾਲਣ ਦਾ ਕੰਮ ਵੀ ਜ਼ੋਰਾਂ
‘ਤੇ ਸੀ। ਕਈ ਅਜਿਹੇ ਲੋਕ ਜਿਹਨਾਂ ਦਾ ਵਿਆਹ ਹੋ ਸਕਣ ਦੇ ਮੌਕੇ ਘੱਟ ਸਨ ਕਈ ਔਰਤਾਂ ਨੂੰ
ਜਬਰਦਸਤੀ ਚੁੱਕ ਕੇ ਆਪਣੇ ਘਰ ਪਾ ਰਹੇ ਹਨ ਤੇ ਵਿਆਹ ਕਰਾ ਰਹੇ ਸਨ। ਇਵੇਂ ਹੀ ਸਾਡੇ ਪਿੰਡ ਦੇ
ਕੁਝ ਛੜਿਆਂ ਨੇ ਸਲਾਹ ਕੀਤੀ ਕਿ ਕਿਉਂ ਨਾ ਕਿਸੇ ਪਾਸਿਓਂ ਆਪੋ ਆਪਣੇ ਲਈ ਔਰਤਾਂ ਚੁੱਕ
ਲਿਆਈਏ। ਹੋਰ ਕਿਸੇ ਪਾਸੇ ਦਾਅ ਨਾ ਲਗਦਾ ਦੇਖ ਇਕ ਦਿਨ ਉਹ ਬਹਿਰਾਮ ਕੈਂਪ ਕੋਲ ਘਾਤ ਲਾ ਕੇ
ਬੈਠ ਗਏ। ਤਿੰਨ ਜਵਾਨ ਕੁੜੀਆਂ ਜੰਗਲ ਪਾਣੀ ਲਈ ਕੈਂਪ ਤੋਂ ਬਾਹਰ ਨਿਕਲੀਆਂ ਤਾਂ ਉਹਨਾਂ ਨੇ
ਚੁੱਕ ਲਈਆਂ ਤੇ ਪਿੰਡ ਲੈ ਆਏ। ਮੌਕਾ-ਮੇਲ ਇਹ ਕਿ ਉਹ ਕੁੜੀਆਂ ਸਾਡੇ ਪਿੰਡ ਦੀਆਂ ਭਰਾਈਆਂ
ਦੀਆਂ ਕੁੜੀਆਂ ਹੀ ਸਨ। ਲੋਕਾਂ ਨੇ ਦੇਖਿਆ ਤਾਂ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈ ਉਹਨਾਂ
ਨੂੰ ਵਧਾਈਆਂ ਵੀ ਦੇਣ ਲਗੇ। ਇਸ ਰੌਲੇ ਰੱਪੇ ਵਿਚ ਕੁੜੀਆਂ ਦੌੜ ਕੇ ਆਪੋ ਆਪਣੇ ਘਰੀਂ ਜਾ
ਵੜੀਆਂ। ਦਰਸ਼ਨ ਕੁਝ ਦੋਸਤਾਂ ਨੂੰ ਲੈ ਕੇ ਉਹਨਾਂ ਕੁੜੀਆਂ ਨੂੰ ਵਾਪਸ ਕੈਂਪ ਵਿਚ ਛੱਡ ਆਇਆ।
ਰੌਲਿ਼ਆਂ ਵੇਲੇ ਦੀਆਂ ਬਹੁਤ ਸਾਰੀਆਂ ਯਾਦਾਂ ਹਨ। ਦਰਸ਼ਨ ਕਤਲੋ-ਗਾਰਤ ਰੋਕਣ ਲਈ ਮੁਹਰੇ ਹੋ
ਜਾਂਦਾ ਸੀ। ਉਹ ਕਹਿੰਦਾ ਕਿ ਮੈਂ ਲੜਾਈ ਵਿਚ ਬਹੁਤ ਕੁਝ ਦੇਖ ਆਇਆ ਹਾਂ ਹੁਣ ਹੋਰ ਨਹੀਂ
ਦੇਖਿਆ ਜਾਂਦਾ। ਪਰ ਜੋ ਇਕ ਯਾਦ ਹੈ ਜਦ ਵੀ ਮਨ ਦੇ ਬੂਹੇ ਆਉਂਦੀ ਹੈ ਤਾਂ ਸਾਰੀ ਕਾਇਆ ਹੀ
ਹਿਲਾ ਜਾਂਦੀ ਹੈ।
ਹੋਇਆ ਇਹ ਕਿ ਜਦ ਰੌਲੇ਼ ਪਏ ਤਾਂ ਫੌਜ ਬਹੁਤ ਬਾਅਦ ਵਿਚ ਹਰਕਤ ਵਿਚ ਆਈ। ਜਦ ਤਕ ਬਹੁਤ ਸਾਰਾ
ਨੁਕਸਾਨ ਹੋ ਚੁੱਕਾ ਸੀ। ਫੌਜ ਨੇ ਬਹਿਰਾਮ ਵਾਲੇ ਕੈਂਪ ਦੀ ਸੁਰਖਿਆ ਕਰਨੀ ਸ਼ਰੂ ਕਰ ਦਿਤੀ
ਸੀ। ਫੌਜੀ ਲੋਕਾਂ ਨੂੰ ਕਹਿ ਰਹੇ ਸਨ ਕਿ ਕਿਸੇ ਦਾ ਘਰ ਵਿਚ ਕੋਈ ਸਮਾਨ ਰਹਿ ਗਿਆ ਹੈ ਤਾਂ
ਉਹਨਾਂ ਦੇ ਨਾਲ ਚਲ ਕੇ ਲੈ ਆਵੋ। ਦਰਸ਼ਨ ਦਾ ਦੋਸਤ ਗਾਮਾ ਇਕ ਫੌਜੀ ਨੂੰ ਨਾਲ ਲੈ ਕੇ ਪਿੰਡ ਆ
ਗਿਆ। ਗਾਮੇ ਦੀ ਅਜੀਬ ਜਿਹੀ ਹਾਲਤ ਸੀ ਜਿਵੇਂ ਮਨ ਦਾ ਤਵਾਜ਼ਨ ਗੁਆ ਚੁੱਕਾ ਹੋਵੇ। ਇਹ
ਕੁਦਰਤੀ ਵੀ ਸੀ। ਇੰਨੇ ਬੇਕਸੂਰੇ ਮੁਸਲਮਾਨ ਮਾਰੇ ਗਏ ਹੋਣ ਤਾਂ ਕਿਸੇ ਵੀ ਮੁਸਲਮਾਨ ਦੇ ਮਨ
ਉਪਰ ਇਸ ਦਾ ਡੂੰਘਾ ਅਸਰ ਹੋ ਸਕਦਾ ਹੈ।
ਦਰਸ਼ਨ ਗਭਲੇ ਖੂਹ ਤੇ ਨਹਾ ਰਿਹਾ ਸੀ। ਇਹ ਗਭਲਾ ਖੂਹ ਬਾਬੇ ਹਦਾਲ ਦੇ ਵੇਲੇ ਦਾ ਹੈ। ਸਾਰੇ
ਪਿੰਡ ਨੂੰ ਪਾਣੀ ਇਥੋਂ ਹੀ ਜਾਇਆ ਕਰਦਾ ਸੀ। ਲੋਕ ਇਥੇ ਹੀ ਨਹਾ ਵੀ ਲੈਂਦੇ ਸਨ। ਇਥੇ
ਮੁੰਡਿਆਂ-ਖੁੰਡਿਆਂ ਦਾ ਇਕੱਠ ਹੋਇਆ ਹੀ ਰਹਿੰਦਾ ਸੀ। ਸਾਡੇ ਤਿੰਨਾਂ ਭਰਾਵਾਂ ਦੇ ਪਹਿਲੇ
ਜੱਦੀ ਘਰ ਵੀ ਨਾਲ ਵਾਲੀ ਬੀਹੀ ਵਿਚ ਸਨ, ਖੂਹ ਤੋਂ ਤਿੰਨ ਕੁ ਕਰਮਾਂ ਦੀ ਦੂਰੀ ‘ਤੇ। ਗਭਲੇ
ਖੂਹ ਨਾਲ ਖਹਿੰਦੀ ਪਿੰਡ ਦੀ ਮੁੱਖ ਗਲੀ ਵੀ ਲੰਘਦੀ ਸੀ। ਪਿੰਡ ਵਿਚ ਕਿਸੇ ਨੇ ਆਉਣਾ ਹੋਵੇ
ਤਾਂ ਇਸ ਬੀਹੀ ਰਾਹੀਂ ਹੀ ਆਉਂਦਾ। ਇਹ ਗਲੀ ਅਗੇ ਬਜ਼ਾਰ ਨੂੰ ਤੇ ਮੁਸਲਮਾਨਾਂ ਦੇ ਘਰ ਨੂੰ
ਜਾਂਦੀ ਸੀ। ਗਾਮਾ ਇਕ ਫੌਜੀ ਨੂੰ ਨਾਲ ਲੈ ਕੇ ਆ ਗਿਆ। ਮਧਰਾ ਜਿਹਾ ਫੌਜੀ ਮਾਰਚ ਕਰਦਾ ਆ
ਰਿਹਾ ਸੀ। ਜਦ ਉਹ ਗਭਲੇ ਖੂਹ ਉਪਰਲੀ ਛੋਟੀ ਜਿਹੀ ਭੀੜ ਕੋਲ ਪੁੱਜਾ ਤਾਂ ਉਹ ਰੌਲਾ ਪਾਉਣ
ਲਗਾ। ਉਹ ਕਹਿ ਰਿਹਾ ਸੀ,
“ਕੌਨ ਹੈ ਇਸ ਗਾਓਂ ਮੇਂ ਬਦਮਾਸ਼, ਮੈਂ ਸ਼ੂਟ ਕਰ ਦੂੰਗਾ, ਜ਼ਰਾ ਮੇਰੇ ਸਾਮਨੇ ਲਾਓ ਉਸ
ਬਦਮਾਸ਼ ਕੋ।”
ਉਸ ਨੂੰ ਇਸ ਤਰ੍ਹਾਂ ਬੁੱਕਦੇ ਨੂੰ ਦੇਖ ਕੇ ਦਰਸ਼ਨ ਨੇ ਗਾਮੇ ਨੂੰ ਹੌਲੇ ਜਿਹੇ ਦੋਸਤਾਨਾ
ਲਹਿਜੇ ਵਿਚ ਆਖਿਆ,
“ਗਾਮਿਆਂ, ਅਸੀਂ ਤਾਂ ਤੇਰਾ ਇਕ ਇਕ ਜੀਅ ਕੈਂਪ ਵਿਚ ਪਹੁੰਚਦਾ ਕਰ ਦਿਤਾ, ਤੂੰ ਕਾਹਨੂੰ ਏਸ
ਫੌਜੀ ਨੂੰ ਲਿਆਉਣਾ ਸੀ ਪਿੰਡ ਵਿਚ!”
ਉਸ ਦੇ ਇੰਨੀ ਕਹਿਣ ਦੀ ਦੇਰ ਸੀ ਕਿ ਗਾਮਾ ਉਸ ਵਲ ਇਸ਼ਾਰਾ ਕਰਦਾ ਫੌਜੀ ਨੂੰ ਕਹਿਣ ਲਗਾ,
“ਇਕ ਬਦਮਾਸ਼ ਤਾਂ ਇਹੋ ਆ।”
ਬਸ ਫਿਰ ਕੀ ਸੀ। ਫੌਜੀ ਦਾ ਗੁੱਸਾ ਸਤਵੇਂ ਅਸਮਾਨ ਤੇ ਜਾ ਚੜਿਆ। ਉਹ ਕਹੇ ਕਿ ਦਰਸ਼ਨ ਦੇ
ਗੋਲੀ ਮਾਰਨੀ ਹੈ। ਸਾਰੇ ਕਹਿਣ ਕਿ ਦਰਸ਼ਨ ਬੇਕਸੂਰ ਹੈ। ਇਕ ਸ਼ੋਰ ਜਿਹਾ ਮਚ ਗਿਆ। ਸਾਡੇ
ਘਰਾਂ ਵਿਚ ਵੀ ਪਤਾ ਚਲ ਗਿਆ ਕਿ ਗਭਲੇ ਖੂਹ ਤੇ ਕੀ ਹੋ ਰਿਹਾ ਹੈ। ਅਸੀਂ ਸਾਰੇ ਘਬਰਾ ਗਏ।
ਦਰਸ਼ਨ ਨੇ ਆਪ ਵੀ ਕਿਹਾ ਕਿ ਉਹ ਵੀ ਫੌਜੀ ਹੈ ਤੇ ਹੁਣੇ ਹੀ ਬਰਮਾ ਦੇ ਬਾਰਡਰ ਤੇ ਲੜਦਾ ਰਿਹਾ
ਹੈ ਪਰ ਫੌਜੀ ਤਾਂ ਕਿਸ ਦੀ ਇਕ ਨਾ ਸੁਣੇ। ਫੌਜੀ ਨੇ ਬੰਦੂਕ ਤਾਣ ਲਈ ਤੇ ਦਰਸ਼ਨ ਨੂੰ ਬਾਹਾਂ
ਉਪਰ ਕਰਨ ਦਾ ਹੁਕਮ ਦੇ ਦਿਤਾ। ਸਭ ਦੇ ਸਾਹ ਸੂਤੇ ਗਏ। ਸਭ ਬੇਵਸ ਖੜੇ ਹੋਣੀ ਨੂੰ ਦੇਖ ਰਹੇ
ਸਨ। ਇਧਰ ਸਾਡੇ ਘਰ ਚੀਕ ਚਿਹਾੜਾ ਪੈ ਗਿਆ। ਫੌਜੀ ਇਕ ਦੋ ਤਿੰਨ ਗਿਣਨ ਲਗਿਆ। ਦਰਸ਼ਨ ਨੇ ਆਲੇ
ਦੁਆਲੇ ਦਾ ਕਾਹਲੀ ਵਿਚ ਜ਼ਾਇਜ਼ਾ ਲਿਆ। ਜਿਉਂ ਹੀ ਫੌਜੀ ਘੋੜਾ ਦੱਬਣ ਲਗਿਆ ਤਾਂ ਦਰਸ਼ਨ ਨੇ
ਬੰਦੂਕ ਦੀ ਨਾਲੀ ਦਾ ਮੂੰਹ ਹਵਾ ਵਿਚ ਕਰ ਦਿਤਾ। ਫਾਇਰ ਹਵਾ ਵਿਚ ਹੀ ਹੋ ਗਿਆ ਤੇ ਦਰਸ਼ਨ ਨੇ
ਇਕ ਜ਼ੋਰਦਾਰ ਚੁਪੇੜ ਫੌਜੀ ਦੇ ਮੂੰਹ ਤੇ ਮਾਰੀ ਠਿਗਨਾ ਜਿਹਾ ਫੌਜੀ ਔਹ ਜਾ ਕੇ ਡਿਗਿਆ।
ਦਰਸ਼ਨ ਨਾਲ ਦੀ ਗਲੀ ਵਿਚ ਦੀ ਦੌੜ ਤੁਰਿਆ। ਫੌਜੀ ਉਠਿਆ ਤੇ ਇਕ ਫਾਇਰ ਹੋਰ ਕੀਤਾ। ਗਲੀ
ਵਿੰਗੀ ਟੇਡੀ ਸੀ ਇਸ ਲਈ ਗੋਲੀ ਕੰਧ ਵਿਚ ਵੱਜੀ। ਫੌਜੀ ਵੀ ਦਰਸ਼ਨ ਮਗਰ ਗੋਲੀ ਚਲਾਉਂਦਾ
ਭੱਜਿਆ ਪਰ ਦਰਸ਼ਨ ਨੇ ਉਸ ਨੂੰ ਡਾਹੀ ਨਹੀਂ ਦਿਤੀ। ਫੌਜੀ ਪਿੰਡ ਦੀਆਂ ਗਲੀਆਂ ਤੋਂ ਅਣਜਾਣ ਵੀ
ਸੀ ਤੇ ਬਹੁਤੀ ਦੂਰ ਨਾ ਜਾ ਸਕਿਆ। ਸਾਡੇ ਘਰ ਔਰਤਾਂ ਰੋਣ ਲਗੀਆਂ ਕਿ ਸ਼ਾਇਦ ਦਰਸ਼ਨ ਦੇ ਗੋਲੀ
ਲਗ ਗਈ ਹੈ। ਮੈਂ ਸਭ ਨੂੰ ਚੁੱਪ ਕਰਾਇਆ ਕਿ ਰੋ ਕੇ ਫੌਜੀ ਦਾ ਧਿਆਨ ਨਾ ਖਿਚੋ, ਕਿਤੇ ਹੋਰ
ਬੜੀ ਮੁਸੀਬਤ ਨਾ ਖੜੀ ਹੋ ਜਾਵੇ। ਫੌਜੀ ਨੇ ਦੇਖਿਆ ਕਿ ਸਾਰਾ ਪਿੰਡ ਹੀ ਇਕੱਠਾ ਹੋ ਰਿਹਾ ਹੈ,
ਉਸ ਨੇ ਉਥੋਂ ਖਿਸਕ ਜਾਣ ਵਿਚ ਹੀ ਭਲਾਈ ਸਮਝੀ।
ਦਰਸ਼ਨ ਗੁਰਦਵਾਰੇ ਨਾਲ ਲਗਦੇ ਬਾਵਿਆਂ ਦੇ ਬਾਗ ਵਿਚ ਜਾ ਲੁਕਿਆ। ਉਸ ਨੇ ਆਪਣੇ ਬਚਾਅ ਲਈ ਇਕ
ਸੋਟੇ ਦਾ ਇੰਤਜ਼ਾਮ ਕਰ ਲਿਆ ਸੀ ਕਿ ਜੇ ਹੁਣ ਫੌਜੀ ਨੇੜੇ ਆਇਆ ਤਾਂ ਉਹ ਉਸ ਦਾ ਮੁਕਬਾਲਾ
ਕਰੇਗਾ। ਕੁਝ ਦੇਰ ਦੇਖ ਕੇ ਉਹ ਸੋਟਾ ਲੈ ਕੇ ਬਾਹਰ ਨਿਕਲ ਆਇਆ। ਮੈਂ ਉਸ ਦੀ ਭਾਲ ਵਿਚ
ਤੁਰਿਆਂ ਸਾਂ ਕਿ ਮੈਨੂੰ ਉਹ ਆਉਂਦਾ ਦਿਸ ਪਿਆ। ਮੇਰੇ ਮਨ ਨੂੰ ਤਸੱਲੀ ਹੋਈ। ਇਕ ਵਾਰ ਤਾਂ
ਲਗਿਆ ਸੀ ਕਿ ਫੌਜ ਵਿਚੋਂ ਬਚ ਕੇ ਆਇਆ ਮੇਰਾ ਪੁੱਤ ਇਥੇ ਮਾਰ ਦਿਤਾ ਜਾਵੇਗਾ। ਉਹ ਸ਼ਾਂਤ ਸੀ
ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੈਨੂੰ ਢਾਰਸ ਦੇਣ ਲਈ ਉਹ ਕਹਿਣ ਲਗਾ,
“ਜਦ ਮੈਂ ਬੰਦੂਕ ਦਾ ਮੂੰਹ ਉਪਰ ਨੂੰ ਚੁੱਕਿਆ ਸੀ ਮੈਂ ਉਸ ਤੋਂ ਬੰਦੂਕ ਖੋਹ ਵੀ ਸਕਦਾ ਸੀ ਪਰ
ਮੈਂ ਬਰਮਾ ਵਿਚ ਬਹੁਤ ਕੁਸ਼ ਦੇਖ ਆਇਆਂ।”
ਅਗਲੇ ਦਿਨ ਪਿੰਡ ਦੇ ਮੁੰਡੇ ਹੀ ਨਹੀਂ ਆਲੇ ਦੁਆਲੇ ਦੇ ਕਈ ਮੁੰਡੇ ਵੀ ਇਕੱਠੇ ਹੋ ਕੇ ਉਸ ਕੋਲ
ਆ ਗਏ। ਕਈਆਂ ਕੋਲ ਤਾਂ ਅਸਲਾ ਵੀ ਸੀ। ਜੱਸੋਮਜਾਰੇ ਤੋਂ ਉਸ ਦਾ ਇਕ ਦੋਸਤ ਸੀ, ਕਹਿਣ ਲਗਾ,
“ਦੇਖ, ਤੂੰ ਇਹਨਾਂ ਦੀ ਤਰਫਦਾਰੀ ਕਰਦਾ ਸੀ ਉਹ ਕੀ ਕਰ ਗਏ, ਸਾਨੂੰ ਨਸੀਹਤਾਂ ਦਿੰਦਾ ਸੀ,
...ਚਲ ਸਾਡੇ ਨਾਲ, ...ਕੈਂਪ ਤੇ ਹਮਲਾ ਕਰਦੇ ਆਂ, ਜਿੰਨੇ ਹੋਏ ਮੁਸਲਮਾਨ ਮਾਰਦੇ ਆਂ ਨਾਲੇ
ਓਸ ਫੌਜੀ ਨੂੰ ਲਭਦੇ ਆਂ, ਜੇ ਗਾਮਾ ਮਿਲ ਗਿਆ ਤਾਂ ਉਹਦਾ ਸਿਰ ਵੱਢਦੇ ਆਂ।”
“ਨਹੀਂ ਬਈ, ਜੇ ਆਪਾਂ ਵੀ ਉਹਨਾਂ ਵਾਲ਼ਾ ਕੰਮ ਕਰਨ ਲਗ ਪਏ ਤਾਂ ਹੋਰਨਾਂ ਵਿਚ ਤੇ ਆਪਣੇ ਵਿਚ
ਕੀ ਫਰਕ ਹੋਇਆ?”
-0-
|