( ਮੰਗਤ ਰਾਮ ਪਾਸਲਾ ਜਾਣੇ ਪਛਾਣੇ ਕਮਿਊਨਿਸਟ ਆਗੂ ਹਨ। ਮਾਰਕਸਵਾਦੀ ਪਾਰਟੀ (ਪੰਜਾਬ) ਦੇ
ਜਨਰਲ ਸਕੱਤਰ। ਆਗੂ ਵਜੋਂ ਤਾਂ ਉਹਨਾਂ ਦੇ ਕੰਮ, ਸੰਘਰਸ਼ ਅਤੇ ਦੇਣ ਬਾਰੇ ਬਹੁਤੇ ਲੋਕ ਜਾਣਦੇ
ਨੇ। ਪਰ ਉਹ ਇਕ ਬਹੁਤ ਹੀ ਪਿਆਰੇ ਮਨੁੱਖ ਤੇ ਸ਼ਾਇਰਾਨਾ ਤਬੀਅਤ ਦੇ ਮਾਲਕ ਸੰਵੇਦਨਸ਼ੀਲ ਹਿਰਦੇ
ਵਾਲੇ ਇਨਸਾਨ ਵੀ ਹਨ। ਅਸੀਂ ਉਹਨਾਂ ਨੂੰ ਬੇਨਤੀ ਕਰਕੇ ‘ਸੀਰਤ’ ਵਾਸਤੇ ਉਹਨਾਂ ਦੀ ਆਪ ਬੀਤੀ
ਦਾ ਇਕ ਬਿਰਤਾਂਤ ਲਿਖਵਾਇਆ ਹੈ। ਇਸ ਲਿਖਤ ਤੋਂ ਜ਼ਾਹਿਰ ਹੁੰਦਾ ਹੈ ਕਿ ਦਰਦਮੰਦ ਦਿਲ ਰੱਖਣ
ਵਾਲੇ ਇਸ ਆਗੂ ਦਾ ਆਪਣੇ ਲੋਕਾਂ ਦੇ ਦੁੱਖਾਂ ਤੇ ਪੀੜਾਂ ਨਾਲ ਕਿੰਨਾ ਪੀਚਵਾਂ ਨਾਤਾ ਹੈ ਅਤੇ
ਉਹ ਕਿੰਨੀ ਡੂੰਘੀ ਸਿ਼ੱਦਤ ਨਾਲ ਉਸ ਦੁਖ ਨੂੰ ਮਹਿਸੂਸ ਕਰਦੇ ਹਨ। ਇਸਤੋਂ ਇਹ ਵੀ ਪਤਾ ਚੱਲਦਾ
ਹੈ ਕਿ ਇਕ ਆਗੂ ਵਜੋਂ ਉਹਨਾਂ ਨੂੰ ਭਵਿੱਖ ਵਿਚ ਕਿਹੜੀਆਂ ਵੰਗਾਰਾਂ ਤੇ ਜਿ਼ਮੇਵਾਰੀਆਂ ਦਾ
ਸਾਹਮਣਾ ਹੈ। ਅਸੀਂ ‘ਸੀਰਤ’ ਲਈ ਇਹ ਵਾਰਤਕ ਟੋਟਾ ਲਿਖਣ ਲਈ ਉਹਨਾਂ ਦੇ ਧੰਨਵਾਦੀ ਹਾਂ)
ਜਿਹੜੀ ਦਾਲ, ਰੋਟੀ ਰਾਤੀਂ ਸੰਘ ਵਿਚੋਂ ਹੇਠਾਂ ਨਹੀਂ ਸੀ ਉਤਰਦੀ, ਉਹ ਸਵੇਰੇ ਕਿਵੇਂ ਸੁਆਦੀ
ਬਣ ਗਈ, ਇਹ ਗਲ ਸਮਝ ਨਹੀਂ ਸੀ ਪੈ ਰਹੀ ਮੈਨੂੰ? ਮੇਰੇ ਦੋਸਤ, ਗਾਮੇ ਦੀ ਪਤਨੀ ਨੇ ਬੜੇ ਹੀ
ਸ਼ਰਧਾ ਨਾਲ ਰਾਤ ਦਾ ਭੋਜਨ ਤਿਆਰ ਕੀਤਾ ਸੀ। ਦਾਲ, ਸਬਜ਼ੀ, ਪਿਆਜ਼ ਦਾ ਸਲਾਦ, ਅਚਾਰ, ਜੋ ਵੀ ਘਰ
ਵਿਚ ਸੰਭਵ ਸੀ ਮੈਨੂੰ ਤੇ ਮੇਰੇ ਮਿੱਤਰ ਗਾਮੇ ਨੂੰ ਰਾਤੀਂ ਪ੍ਰੋਸਿਆ ਗਿਆ। ਪ੍ਰੰਤੂ ਮੈਂ ਜਦੋਂ
ਵੀ ਗ੍ਰਾਹੀ ਮੂੰਹ ਵਿਚ ਪਾਉਣ ਲੱਗਾਂ, ਫੁਲ ਕੇ ਬਾਹਰ ਵੱਲ ਨੂੰ ਏਦਾਂ ਵਾਪਸ ਆਵੇ ਜਿਵੇਂ ਭਾਰ
ਤੋਲਣ ਵਾਲੀ ਮਸ਼ੀਨ ਵਿਚ ਲੋੜੀਂਦੇ ਸਿੱਕੇ ਨਾਲੋਂ ਪਾਇਆ ਛੋਟਾ ਸਿੱਕਾ ਭੁੜਕ ਕੇ ਬਾਹਰ ਨੂੰ
ਵਾਪਸ ਆਉਂਦਾ ਹੈ। ਮਿੱਤਰ ਪਰਿਵਾਰ ਦੀ ਮੁਹੱਬਤ ਦੇਖ ਕੇ ਮਨ ਤਾਂ ਕਰਦਾ ਸੀ ਕਿ ਸਾਰਾ ਕੁਝ
ਝਬਦੇ ਹੀ ਖਾ ਜਾਵਾਂ। ਭੁੱਖ ਵੀ ਤਾਂ ਲੱਗੀ ਹੋਈ ਸੀ। ਪ੍ਰੰਤੂ ਇਸ ਕੰਮ ਲਈ ਦਿਮਾਗੀ ਅਵਸਥਾ
ਸਾਥ ਨਹੀਂ ਸੀ ਦੇ ਰਹੀ। ਦੋਸਤ ਦੀ ਪਤਨੀ ਵਾਰ ਵਾਰ ਹੋਰ ਦਾਲ ਸਬਜ਼ੀ ਲਿਆ ਕੇ ਚੰਗੇ
ਪ੍ਰਹੁਣਚਾਰੀ ਹੋਣ ਦਾ ਸਬੂਤ ਦੇ ਰਹੀ ਸੀ, ਪ੍ਰੰਤੂ ਮੈਂ ‘ਬੱਸ ਜੀ‘ ਉਪਰ ਅੜਿਆ ਬੈਠਾ ਸਾਂ।
ਅੱਧ ਪੁਚੱਧਾ ਖਾ ਕੇ ਸੌ ਗਿਆ ਸਾਂ ਰਾਤੀਂ। ਰਾਤ ਨੂੰ ਮੈਨੂੰ ਨੀਂਦ ਵੀ ਪੂਰੀ ਨਹੀਂ ਸੀ ਆਈ।
ਮਨ ਦੀ ਭਟਕਣ ਤੇ ਵਿਆਕੁਲਤਾ ਨੀਂਦ ਦੀਆਂ ਦੁਸ਼ਮਣ ਦੱਸੀ ਦੀਆਂ ਹਨ। ਇਵੇਂ ਹੀ ਮੇਰੇ ਨਾਲ
ਵਾਪਰਿਆ।
ਪ੍ਰੰਤੂ ਸਵੇਰ ਵੇਲੇ ਦੇ ਨਾਸ਼ਤੇ ਵਿਚ ਰਾਤ ਵਾਲਾ ਮੀਨੂੰ ਮੇਰਾ ‘ਮਨ ਭਾਉਂਦਾ ਖਾਜਾ‘ ਬਣ ਗਿਆ।
ਗੱਲ ਅਸਲ ਇੰਝ ਵਾਪਰੀ ਕਿ ਜਦੋਂ ਮੈਂ ਕੱਲ ਸ਼ਾਮ ਨੂੰ ਆਪਣੇ ਮਿੱਤਰ ਸਾਥੀ ਦੇ ਪਿੰਡ ਉਸਨੂੰ
ਮਿਲਣ ਲਈ ਪੁੱਜਿਆ, ਥੋੜੀ ਦੇਰ ਬਾਦ ਕੁਝ ਬੇ ਸੁਆਦਾ ਜਿਹਾ ਵਾਪਰ ਗਿਆ ਸੀ, ਜਿਸਨੇ ਮੈਨੂੰ
ਬੇਹਬਲ ਕਰ ਦਿੱਤਾ। ਗਾਮੇ ਵਲੋਂ ਮੈਨੂੰ ਕਿੰਨੇ ਚਿਰਾਂ ਤੋਂ ਪਿੰਡ ਆਉਣ ਦਾ ਸੱਦਾ ਦਿੱਤਾ ਜਾ
ਰਿਹਾ ਸੀ। ਪ੍ਰੰਤੂ ਮੈਂ ਲਾਰਾ ਲੱਪਾ ਲਾਈ ਜਾਂਦਾ ਸਾਂ। ਕਿਤੇ ਗਾਮਾ ਮੇਰੇ ਨਾ ਜਾਣ ਦਾ ਬੁਰਾ
ਹੀ ਨਾ ਮਨਾ ਲਵੇ ਇਸ ਡਰੋਂ ਇਕ ਦਿਨ ਮੈਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਗਾਮੇ ਦੇ ਪਿੰਡ ਰਾਤ
ਠਹਿਰਨ ਦਾ ਮਨ ਬਣਾ ਲਿਆ ਸੀ। ਉਹ ਮੇਰਾ ਜਨਤਕ ਲਹਿਰ ਵਿਚ ਚੰਗਾ ਸਾਥੀ ਹੋਣ ਦੇ ਨਾਲ ਨਾਲ
ਗੂੜ੍ਹਾ ਮਿੱਤਰ ਵੀ ਬਣ ਗਿਆ ਸੀ। ਅਸੀਂ ਇਕ ਦੂਸਰੇ ਨਾਲ ਸਾਰੇ ਦੁੱਖ ਸੁਖ ਸਾਂਝੇ ਕਰ ਲੈਂਦੇ
ਸਾਂ। ਮੇਰੇ ਘਰ ਵੜਦਿਆਂ ਹੀ ਸਾਰੇ ਪਰਿਵਾਰ ਨੂੰ ਚਾਅ ਚੜ੍ਹ ਗਿਆ। ਦੋਨੋਂ ਮੁੰਡੇ ਅੱਗੇ ਪਿੱਛੇ
ਅੰਕਲ-ਅੰਕਲ ਕਰਦੇ ਫਿਰਨ। ਗਾਮੇ ਦਾ ਬਾਪ 70ਵਿਆਂ ਨੂੰ ਢੁਕ ਚੁੱਕਾ ਸੀ। ਪ੍ਰੰਤੂ ਫੇਰ ਵੀ
ਕੁਝ ਨਾ ਕੁਝ ਕਰੀ ਜਾਂਦਾ ਸੀ। ਠੇਕੇ ‘ਤੇ ਜ਼ਮੀਨ ਲੈ ਕੇ ਖਾਣ ਜੋਗੇ ਦਾਣੇ ਕਰ ਲੈਂਦਾ। ਹਰ
ਰੋਜ਼ ਮੱਝ ਲਈ ਪੱਠੇ ਲੈ ਆਉਂਦਾ ਤੇ ਸਾਰਾ ਦਿਨ ਇਸਦੀ ਸੇਵਾ ਸੰਭਾਲ ਕਰਦਾ। ਗਾਮੇ ਦੀ ਘਰਵਾਲੀ
ਘਰ ਦਾ ਸਾਰਾ ਕੰਮਕਾਰ ਸਾਂਭੀ ਜਾਂਦੀ ਸੀ। ਦੋਨੋਂ ਮੁੰਡੇ ਅਜੇ ਨਿਆਣੇ ਸਨ। ਬਹੁਤਾ ਪੜ੍ਹਾਈ
ਵਿਚ ਵੀ ਮਨ ਨਹੀਂ ਸਨ ਲਾਉਂਦੇ।
ਘਰ ਪੁਜਦਿਆਂ ਹੀ ਗਾਮੇ ਦੀ ਪਤਨੀ ਪਹਿਲਾਂ ਪਾਣੀ, ਫੇਰ ਚਾਹ ਤੇ ਨਾਲ ਗਰਮ ਪਕੌੜੇ ਲਿਆਈ। ਮੈਨੂੰ
ਜਾਪਿਆ ਮੇਰੇ ਆਓ ਭਗਤ ਦੀਆਂ ਹਦਾਇਤਾਂ ਗਾਮੇ ਨੇ ਸਾਰੇ ਟੱਬਰ ਨੂੰ ਪਹਿਲਾਂ ਹੀ ਦੇ ਰੱਖੀਆਂ
ਸਨ। ਉਸੇ ਵਿਧੀ ਮੁਤਾਬਕ ਸਾਰਾ ਕੰਮ ਹੋ ਰਿਹਾ ਸੀ। ਘੁਸਮੁਸਾ ਹੁੰਦੇ ਅਸੀਂਂ ਦੋਨੋਂ ਬਾਹਰ
ਖੇਤਾਂ ਵਿਚ ਜੰਗਲ ਪਾਣੀ ਜਾਣ ਲਈ ਘਰੋਂ ਨਿਕਲੇ ਹੀ ਸਾਂ ਕਿ ਘਰ ਦੇ ਅੱਗੇ ਗਾਮੇ ਦੀ ਧਰਮ ਪਤਨੀ
ਤੇ 9 ਕੁ ਸਾਲ ਦਾ ਮੁੰਡਾ ਵਿਜੇ, ਕੱਚੇ ਰਾਹ ਉਪਰ ਤੇਜ਼ੀ ਨਾਲ ਕੁਝ ਟੋਲਣ ਲੱਗੇ ਹੋਏ ਸਨ। ਸੌ
ਕੁ ਗਜ਼ ਕਦੀ ਅੱਗੇ ਨੂੰ ਜਾਣ, ਕਦੇ ਫੇਰ ਪਿਛਾਂਹ ਪਰਤ ਆਉਣ। ਪ੍ਰੀਤੋ ਪੈਰਾਂ ‘ਚ ਪਾਈਆਂ ਚਪਲਾਂ
ਨਾਲ ਕਦੀ ਮਿੱਟੀ ਵਿਚ ਪੈਰ ਮਾਰੇ, ਕਦੇ ਰਾਹ ਵਿਚ ਪੱਥੀਆਂ ਗੋਹੇ ਦੀਆਂ ਪਾਥੀਆਂ ਨੂੰ ਪਰਾਂਹ
ਹਟਾ ਕੇ ਬੇਸਬਰੀ ਨਾਲ ਕੁੱਝ ਟਟੋਲੇ। ਵਿਜੇ ਤਾਂ ਨੰਗੇ ਪੈਰਾਂ ਨਾਲ ਹੀ ਤੁਰਦਾ ਤੁਰਦਾ ਗਰਮੀਓਂ
ਗਰਮੀ ਹੋਇਆ ਇਵੇਂ ਬੌਂਦਲਿਆ ਪਿਆ ਸੀ ਜਿਵੇਂ ਕੋਈ ਨਿਆਣਾ ਭਰੇ ਮੇਲੇ ਵਿਚ ਆਪਣੀ ਮਾਂ ਤੋਂ
ਵਿਛੜ ਕੇ ਬਿਹਬਲ ਹੋਇਆ ਰੋ-ਕੁਰਲਾ ਰਿਹਾ ਹੋਵੇ। ਅਸੀਂ ਦੋਨੋਂ ਇਹ ਸਾਰਾ ਕੁੱਝ ਦੇਖ ਕੇ ਹੌਲੀ
ਹੌਲੀ ਉਨ੍ਹਾਂ ਦੋਨਾਂ ਕੋਲੋਂ ਲੰਘ ਕੇ ਅੱਗੇ ਖੇਤਾਂ ਵੱਲ ਨੂੰ ਨਿਕਲ ਗਏ। ਮੇਰੇ ਪੁੱਛਣ ‘ਤੇ
ਗਾਮੇ ਨੇ ਦੱਸਿਆ ਕਿ ਉਸਦੇ ਬਾਪ ਨੇ ਇਸ ਵਾਰ ਇਕ ਕਿੱਲਾ ਜ਼ਮੀਨ ਠੇਕੇ ਉਪਰ ਲੈ ਲਈ ਹੋਈ ਸੀ ਤੇ
ਕੱਲ੍ਹ ਹੀ ਉਸ ਵਿਚ ਝੋਨੇ ਦੀ ਬਿਜਾਈ ਕੀਤੀ ਸੀ। ਵਿਜੇ ਨੂੰ ਨਾਲ ਲੈ ਕੇ ਬਾਪੂ ਨੇ ਸਾਰਾ ਦਿਨ
ਉਸਨੂੰ ਕੰਮ ਉਤੇ ਲਾਈ ਰੱਖਿਆ। ਕਦੀ ਪਨੀਰੀ ਪੁੱਟਣ, ਕਈ ਪਨੀਰੀ ਗੱਡਣ। ਜੇਕਰ ਹੋਰ ਕੁਝ ਨਹੀਂ
ਤਾਂ ਘਰੋਂ ਦਾਲ ਰੋਟੀ ਲੈ ਕੇ ਆਉਣ ਦਾ ਜ਼ਿੰਮਾ। ਗਰੀਬ ਆਦਮੀ ਲਈ ਇਕ ਕਿੱਲੇ ਦੀ ਖੇਤੀ ਲਈ ਵੀ
ਸੌ ਕਿਲੇ ਸਾਂਭਣ ਜਿੰਨਾ ਆਹਰ ਤੇ ਉਦਮ ਕਰਨਾ ਪੈਂਦਾ ਹੈ। ਸ਼ਾਮ ਨੂੰ ਗਾਮੇ ਦੇ ਬਾਪ ਨੇ ਵਿਜੇ
ਨੂੰ ਦਿਨ ਦੇ ਕੰਮ ਬਦਲੇ ਪੰਜ ਰੁਪਏ ਦਾ ਨੋਟ ਦਿੱਤਾ।
‘ਇਸਨੂੰ ਦਿਹਾੜੀ ਸਮਝੋ ਜਾਂ ਛੋਟਾ ਇਨਾਮ‘ ਗਾਮੇ ਨੇ ਗੱਲ ਨੂੰ ਮੁਕਾਉਂਦਿਆਂ ਆਖਿਆ।
ਕੁੱਝ ਦੇਰ ਰੁਕਣ ਤੋਂ ਬਾਅਦ ਉਸਨੇ ਦੱਸਿਆ ਕਿ ਵਿਜੇ ਨੇ ਇਹ ਪੰਜ ਰੁਪਏ ਇਕ ਕਾਗਜ਼ ਵਿਚ ਲਪੇਟੇ
ਤੇ ਉਪਰੋਂ ਧਾਗੇ ਨਾਲ ਘੁਟ ਕੇ ਬੰਨ੍ਹ ਲਏ। ਖੇਡਦਿਆਂ ਹੋਇਆਂ ਵਿਜੇ ਤੋਂ ਇਹ ਕਾਗਜ਼ ਦੀ ਪੁੜੀ
ਪਤਾ ਨਹੀਂ ਕਿੱਥੇ ਗੁਆਚ ਗਈ। ਹੌਕਾ ਜਿਹਾ ਲੈ ਕੇ ਗਾਮੇ ਨੇ ਦੱਸਿਆ ਕਿ ਸ਼ਇਦ ਮਾਂ-ਪੁੱਤ ਦੋਨੋਂ
ਉਸਨੂੰ ਹੀ ਲੱਭ ਰਹੇ ਸਨ। ਜਦੋਂ ਕਿਸੇ ਦਾ ‘ਕੀਮਤੀ ਖਜ਼ਾਨਾ‘ ਲੁਟਿਆ ਜਾਵੇ ਤੇ ਉਸਦਾ ਕੋਈ ਥਹੁ
ਪਤਾ ਨਾ ਲੱਗੇ ਫੇਰ ਉਸ ਵਿਅਕਤੀ ਦਾ ਕੀ ਹਾਲ ਬਣਦਾ ਹੈ, ਦਾ ਅੰਦਾਜ਼ਾ ਗਾਮੇ ਦੀ ਪਤਨੀ ਪ੍ਰੀਤੋ
ਤੇ ਪੁੱਤਰ ਵਿਜੇ ਦੇ ਉਦਾਸ ਚਿਹਰਿਆਂ ਨੂੰ ਦੇਖ ਕੇ ਹੀ ਲੱਗ ਸਕਦਾ ਹੈ। ਸ਼ਾਇਦ ਫੇਰ ਵੀ ਪੂਰਾ
ਅੰਦਾਜ਼ਾ ਨਾ ਹੀ ਲੱਗੇ, ਪ੍ਰੰਤੂ ਮਸਲੇ ਦੀ ਗੰਭੀਰਤਾ ਦਾ ਅਹਿਸਾਸ ਜ਼ਰੂਰ ਹੋ ਸਕਦਾ ਹੈ!
ਅਸੀਂ ਬਾਹਰੋਂ ਘੁੰਮ ਕੇ ਆ ਗਏ। ਹੱਥ ਧੋਣ ਤੋਂ ਬਾਅਦ ਬੈਠੇ ਹੀ ਸਾਂ ਕਿ ਪ੍ਰੀਤੋ ਰਾਤ ਦੀ
ਰੋਟੀ ਥਾਲੀਆਂ ਵਿਚ ਪ੍ਰੋਸ ਕੇ ਲੈ ਕੇ ਆਈ। ਪਹਿਲਾਂ ਚਾਹ ਪਕੌੜੇ ਪਰੋਸਣ ਤੇ ਬਾਅਦ ਵਿਚ ਰਾਤੀਂ
ਰੋਟੀ ਵਰਤਾਉਣ ਸਮੇਂ ਗਾਮੇ ਦੀ ਪਤਨੀ ਪ੍ਰੀਤੋ ਤੇ ਬੇਟੇ ਵਿਜੇ ਦੀ ਬੋਲੀ, ਸਲੀਕੇ ਤੇ ਚਿਹਰੇ
ਦੇ ਹਾਅ-ਭਾਵ ਵਿਚਲਾ ਅੰਤਰ ਸਮਝਣਾ ਮੈਨੂੰ ਔਖਾ ਨਹੀਂ ਲੱਗਾ। ਕਿਸੇ ਮੁਸਾਫਰ ਦੇ ਲੁੱਟੇ ਜਾਣ
ਤੋਂ ਪਹਿਲੇ ਤੇ ਬਾਅਦ ਦੇ ਮਨ ਦੀ ਅਵਸਥਾ ਵਾਂਗਰ। ਮੈਂ ਸੌਣ ਤੋਂ ਪਹਿਲਾਂ ਗਾਮੇ ਨੂੰ ਕਿਹਾ,
“ਯਾਰ, ਮੈਥੋਂ ਪੰਜ ਰੁਪਏ ਲੈ ਲਾ ਤੇ ਬੇਟੇ ਨੂੰ ਕਹਿ ਦੇ ਕਿ ਪੈਸੇ ਲੱਭ ਪਏ ਨੇ। ਖੁਸ਼ ਹੋ
ਜਾਵੇਗਾ।‘‘ ਪ੍ਰੰਤੂ ਉਸਨੇ ਹਾਮੀ ਨਾ ਭਰੀ। ਮੈਥੋਂ ਵਿਜੇ ਦਾ ਉਦਾਸ ਤੇ ਮੁਰਝਾਇਆ ਚਿਹਰਾ
ਸਹਾਰਿਆ ਨਹੀਂ ਸੀ ਜਾ ਰਿਹਾ।
ਸੁਤ ਉਣੀਦੀਆਂ ਅੱਖਾਂ ਨਾਲ ਅਸੀਂ ਦੋਨੋਂ ਸਵੇਰ ਵੇਲੇ ਬਾਹਰ ਵੱਲ ਨੂੰ ਨਿਕਲ ਤੁਰੇ। ਮੈਂ
ਸੁੱਤੇ ਸਿੱਧ ਹੀ ਆਪਣੀ ਜੁੱਤੀ ਨਾਲ ਉਹੀ ਸੌ ਕੁ ਗਜ਼ ਦੇ ਰਾਹ ਦੀ ਮਿੱਟੀ, ਖਿਲਰੇ ਕੱਖ ਪੱਤੇ
ਤੇ ਪਾਥੀਆਂ ਉਪਰ ਫੋਲਾ ਫਰਾਲੀ ਕਰਦਾ ਤੁਰਿਆ ਜਾ ਰਿਹਾ ਸਾਂ। ਇਕ ਗੋਹੇ ਦੀ ਪੁੱਠੀ ਪਈ ਪਾਥੀ
ਨੂੰ ਮੈਂ ਠੋਕਰ ਮਾਰ ਕੇ ਸਿੱਧੇ ਕੀਤਾ ਤਾਂ ਹੇਠੋਂ ਧਾਗੇ ਵਿਚ ਲਪੇਟੀ ਇਕ ਕਾਗਜ਼ ਦੀ ਪੁੜੀ
ਜਿਹੀ ਮਿਲੀ। ਇਹ ਉਹੀ ਪੰਜ ਰੁਪਿਆ ਵਾਲਾ ਬਟੂਆ ਜਾਪਦਾ ਸੀ। ਮੈਂ ਚੁਕ ਕੇ ਝਬਦੇ ਹੀ ਗਾਮੇ
ਨੂੰ ਫੜਾ ਕੇ ਕਿਹਾ, “ਯਾਰ ਪੈਸੇ ਲਭ ਪਏ ਐ।”
ਉਸਨੇ ਕਾਗਜ਼ ਦੀ ਪੁੜੀ ਨੂੰ ਆਪਣੀ ਜੇਬ ਵਿਚ ਪਾ ਲਿਆ। ਅਸੀਂ ਬਾਹਰੋਂ ਜਲਦੀ ਜਲਦੀ ਜੰਗਲ ਪਾਣੀ
ਕਰਕੇ ਵਾਪਸ ਪਰਤ ਆਏ। ਸਾਡੇ ਲਈ ਚਾਹ-ਨਾਸ਼ਤਾ ਬਣਾਉਣ ਦੇ ਆਹਰ ਵਿਚ ਰਸੋਈ ਵਿਚ ਜੁਟੀ ਹੋਈ
ਪ੍ਰੀਤੋ ਨੂੰ ਇਹ ਕਾਗਜ਼ ਫੜਾ ਕੇ ਗਾਮੇ ਨੇ ਤੇਜ਼ੀ ਨਾਲ ਦੱਸਿਆ ਕਿ “ਆਹ ਲੈ, ਵਿਜੇ ਦੇ ਪੈਸੇ
ਲਭ ਪਏ ਆ‘‘ ਬੱਸ ਫੇਰ ਕੀ ਸੀ, ਪ੍ਰੀਤੋ ਨੇ ਸੁੱਤੇ ਪਏ ਮੁੰਡੇ ਨੂੰ ਜਗਾਇਆ ਤੇ ਖੁਸ਼ੀ ਵਿਚ
ਜ਼ੋਰ ਨਾਲ ਚੀਕ ਕੇ ਕਿਹਾ, “ਵਿਜੇ ਤੇਰੇ ਗੁਆਚੇ ਪੈਸੇ ਤੇਰੇ ਅੰਕਲ ਨੂੰ ਲੱਭ ਪਏ ਆ, ਲੈ ਫੜ‘‘
ਉਘਲਾਉਂਦੇ ਤੇ ਅੱਖਾਂ ਮਲਦੇ ਹੋਏ ਵਿਜੇ ਦਾ ਚਿਹਰਾ ਇਕਦਮ ਆਪ ਮੁਹਾਰਾ ਖਿੜ ਗਿਆ, ਦਗ ਦਗ ਕਰਨ
ਲੱਗ ਪਿਆ। ਕਹਿੰਦੇ ਨੇ ਸਵੇਰੇ ਸੂਰਜ ਚੜ੍ਹਨ ਸਮੇਂ ਸਾਰਾ ਸਮੁੰਦਰ ਲਾਲ ਸੂਹਾ ਹੋ ਜਾਂਦਾ ਹੈ।
ਪਰ ਮੈਨੂੰ ਉਸਤੋਂ ਵੀ ਜ਼ਿਆਦਾ ਵਿਜੇ ਦਾ ਚਿਹਰਾ ਲਾਲ ਭਾਅ ਮਾਰਦਾ ਜਾਪਿਆ। ਉਸਦੀ ਖੁਸ਼ੀ ਦਾ
ਅੰਦਾਜ਼ਾ ਲਗਾਉਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਲੱਗਾ ਮੈਨੂੰ। ਮੈਂ ਤੇ ਗਾਮਾ ਇਕੱਠੇ ਛਾਹ
ਵੇਲਾ ਖਾ ਰਹੇ ਸਾਂ। ਪ੍ਰੀਤੋ ਤੇ ਦੋਨੋਂ ਮੁੰਡੇ ਵੀ ਨਾਲ ਦੀ ਮੰਜੀ ਉਪਰ ਬੈਠੇ ਸਾਡੀ ਸੰਗਤ
ਕਰ ਰਹੇ ਸਨ।
ਪ੍ਰੀਤੋ ਨੇ ਮੇਰੇ ਕੀਤੇ ਕਾਰਨਾਮੇ ਉਪਰ ਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਵਿਜੇ ਵੱਲ ਮੂੰਹ ਕਰਕੇ
ਕਿਹਾ, “ਦੇਖਿਆ ਬੇਟਾ, ਤੇਰੇ ਅੰਕਲ ਨੇ ਤੇਰਾ ਖੁਸਿਆ ਖਜ਼ਾਨਾ ਲੱਭ ਦਿੱਤਾ ਜੇ। ਹੁਣ ਸਾਂਭ ਕੇ
ਰੱਖੀ।‘‘
ਇਹ ਸੁਣ ਕੇ ਮੈਂ ਥੋੜਾ ਗੰਭੀਰ ਜਿਹਾ ਹੋ ਗਿਆ। ਸੋਚਦਾ ਸਾਂ ਕਿ ਜਿਥੇ ਜਾ ਕੇ ਮੈਂ ਅੱਜ ਵੱਡੇ
ਇਕੱਠ ਨੂੰ ਸੰਬੋਧਨ ਕਰਨਾ ਹੈ ਉਨ੍ਹਾਂ ਲੋਕਾਂ ਦਾ ਖੁਸਿਆ ਖਜ਼ਾਨਾ ਅਸੀਂ ਕਦੋਂ ਲੱਭ ਕੇ ਦੇ
ਸਕਾਂਗੇ? ਬੜੇ ਸਾਲਾਂ ਦੇ ਲੱਗੇ ਹੋਏ ਆਂ। ਮਹਿਸੂਸ ਹੋਇਆ ਜਿਵੇਂ ਦਾਲ ਵਿਚਲਾ ਕੋਈ ਕੋਕੜੂ
ਦੰਦਾਂ ਹੇਠਾਂ ਆ ਗਿਆ ਹੋਵੇ। ਮੈਂ ਜਲਦੀ ਜਲਦੀ ਖਾਣਾ ਖਾ ਕੇ ਰਾਜਸੀ ਕਾਨਫਰੰਸ ਵਿਚ ਸਮੇਂ
ਸਿਰ ਪੁੱਜਣਾ ਚਾਹੁੰਦਾ ਸਾਂ। ਮੈਂ ਹੀ ਤਾਂ ਉਥੇ ਮੁੱਖ ਬੁਲਾਰਾ ਸਾਂ।
“ਚਲ ਯਾਰ, ਰਈਏ ਬਸ ਚੜ੍ਹਾ ਆ, ਮੈਨੂੰ ਉਥੇ ਪੁੱਜਣ ਨੂੰ ਘੱਟੋ ਘੱਟ 3 ਘੰਟੇ ਤਾਂ ਲੱਗ ਹੀ
ਜਾਣੇ ਨੇ। ਲੋਕੀਂ ਉਡੀਕਦੇ ਰਹਿਣਗੇ ਐਵੇਂ।‘‘ ਮੈਂ ਗਾਮੇਂ ਨੂੰ ਇਹ ਕਹਿ ਕੇ ਜਾਣ ਲਈ ਤਿਆਰੀ
ਕਰ ਲਈ।
ਵਿਜੇ ਆਪਣੇ ਕਿਸੇ ਮਿੱਤਰ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਚਲਾ ਗਿਆ ਜਾਪਦਾ ਸੀ।
ਸਾਨੂੰ ਅਜੇ ਸਭ ਦੀ ਗਵਾਚੀ ਖ਼ੁਸ਼ੀ ਲੱਭਣ ਲਈ ਪਤਾ ਨਹੀਂ ਕਿੰਨਾਂ ਸਮਾਂ ਲੱਗਣਾ ਸੀ!
-0-
|