Welcome to Seerat.ca
Welcome to Seerat.ca

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ

 

- ਸੁਰਜੀਤ ਪਾਤਰ

ਆਪ ਬੀਤੀ / ਗਵਾਚੀ ਖ਼ੁਸ਼ੀ

 

- ਮੰਗਤ ਰਾਮ ਪਾਸਲਾ

ਮੈਂ ਇਸਨੂੰ ‘ਗੁਫਾ ਵਿਚਲੀ ਉਡਾਣ‘ ਨਹੀਂ ਮੰਨਦਾ

 

- ਰਘਬੀਰ ਸਿੰਘ ‘ਸਿਰਜਣਾ’

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ

 

- ਵਰਿਆਮ ਸਿੰਘ ਸੰਧੂ

ਭੰਗ ਦੇ ਭਾੜੇ ਗਿਆ ਜੈਮਲ

 

- ਜਗਜੀਤ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

‘ਈਮਾਨਦਾਰੀ ਦੀ ਦਾਦ’

 

- ਗੁਲਸ਼ਨ ਦਿਆਲ

ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ

 

- ਹਰਜੀਤ ਸਿੰਘ ਗਿੱਲ

'ਆਵਦਾ ਹਿੱਸਾ'

 

- ਵਕੀਲ ਕਲੇਰ

ਸਿਆਸੀ ਸਵਾਰੀ ਦਾ ਧਰਮ-ਸੰਕਟ

 

- ਹਰਪ੍ਰੀਤ ਸੇਖਾ

ਬਠਲੂ ਚਮਿਆਰ

 

- ਅਤਰਜੀਤ

ਗ਼ਦਰ ਪਾਰਟੀ - ਪ੍ਰਮੁੱਖ ਘਟਨਾਵਾਂ

 

- ਉਂਕਾਰਪ੍ਰੀਤ

ਨਸ਼ਿਆਂ ਦੀ ਆਦਤ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ ਵਿਚ ਪੰਜਾਬੀ ਵਿਹਲੜ ਦਾ ਸਕੈਯੂਅਲਾਂ

 

- ਗੁਰਦੇਵ ਚੌਹਾਨ

ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ

 

- ਲਸ਼ਮਣ ਸਿੰਘ ਸੇਵੇਵਾਲਾ

ਵਗਦੀ ਏ ਰਾਵੀ / ਸਾਰੇ ਆਪਾਂ ਪੰਜਾਬੀ ਭਰਾ ਹਾਂ

 

- ਵਰਿਆਮ ਸਿੰਘ ਸੰਧੂ

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? / ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

ਹੁੰਗਾਰੇ
 

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ
- ਵਰਿਆਮ ਸਿੰਘ ਸੰਧੂ

 

ਸਾਂਝ ਦਾ ਮਾਹੌਲ ਸਮੁੱਚੇ ਪਿੰਡ ਵਿੱਚ ਹੀ ਰਚਿਆ ਵੱਸਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਸਾਡੇ ਪਿੰਡ ਦੋ ਵੱਡੇ ਧਾਰਮਿਕ ਮੇਲੇ ਲੱਗਦੇ ਅਤੇ ਇਹਨਾਂ ਮੇਲਿਆਂ ਉੱਪਰ ਰਾਗੀ-ਢਾਡੀ ਅਤੇ ਕਵੀਸ਼ਰ ਸਿੱਖ-ਇਤਿਹਾਸ ਸੁਣਾਉਂਦੇ। ਮੈਂ ਢਾਡੀਆਂ ਅਤੇ ਕਵੀਸ਼ਰਾਂ ਨੂੰ ਬੜੇ ਉਮਾਹ ਨਾਲ ਸੁਣਦਾ। ਸਵੇਰੇ ਹੀ ਨਹੀਂ ਰਾਤ ਨੂੰ ਵੀ ਮੈਂ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਦਾ। ਇੰਜ ਮੇਰਾ ਸਿੱਖ-ਇਤਿਹਾਸ ਅਤੇ ਗੁਰਮਤਿ-ਵਿਚਾਰਧਾਰਾ ਦੇ ਮਾਨਵਵਾਦੀ ਪੱਖਾਂ ਨਾਲ ਲਗਾਓ ਵਧਦਾ ਗਿਆ। ਹਰ ਮੇਲੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਕੀਰਤਨ ਕਰਦਾ ਜਲੂਸ ਸਾਰੇ ਪਿੰਡ ਵਿੱਚੋਂ ਗੁਜ਼ਰਦਾ। ਬਿਧੀਚੰਦੀਏ ਬਾਬਿਆਂ ਦੇ ਸਿੱਖ-ਸੇਵਕ ਢੋਲਕੀ ਛੈਣਿਆਂ ਨਾਲ ਕੀਰਤਨ ਕਰਦੇ। ਵੱਡੇ ਹੋ ਕੇ ਤਾਂ ਮੈਂ ਇਸ ਜਲੂਸ ਵਿੱਚ ਸ਼ਾਮਲ ਵੀ ਹੁੰਦਾ ਰਿਹਾ ਅਤੇ ਵੱਖ-ਵੱਖ ਪੜਾਵਾਂ ਉੱਤੇ ਜਲੂਸ ਦੇ ਠਹਿਰਨ ‘ਤੇ ਕਵਿਤਾਵਾਂ ਵੀ ਪੜ੍ਹਦਾ ਰਿਹਾ, ਪਰ ਛੋਟੇ ਹੁੰਦਿਆਂ ਅਸੀਂ ਆਪਣੇ ਕੋਠਿਆਂ ‘ਤੇ ਚੜ੍ਹ ਕੇ ਬਾਜ਼ਾਰ ਵਿੱਚੋਂ ਲੰਘਦੇ ਜਲੂਸ ਨੂੰ ਵੇਖਦੇ। ਇਹ ਜਲੂਸ ਪਿੰਡ ਦੇ ਚੜ੍ਹਦੇ ਪਾਸੇ ਖੱਬੇ ਹੱਥ ਬਣੀ ਨਿਹੰਗ-ਸਿੰਘਾਂ ਦੀ ‘ਛਾਉਣੀ’ ਤੋਂ ਨਿਕਲਦਾ ਅਤੇ ਪਿੰਡ ਦੇ ਖੱਬੇ ਹੱਥ ਵਾਲੇ ਪਾਸੇ ਤੋਂ ਫਿਰਨੀਓਂ ਫਿਰਨੀ ਤੁਰਦਾ, ਵ਼ੱਖ ਵੱਖ ਪੜਾਵਾਂ ਤੇ ਰੁਕਦਾ ਜਦੋਂ ਪਿੰਡ ਦੀ ਲਹਿੰਦੀ ਬਾਹੀ ਪਹੁੰਚਦਾ ਤਾਂ ਸਾਡੇ ਘਰ ਦੇ ਕੋਲ ਦੀ ਲੰਘਦੇ ਤੇ ਪਿੰਡ ਨੂੰ ਅੱਧ ਵਿਚਕਾਰੋਂ, ਚੜ੍ਹਦੇ-ਲਹਿੰਦੇ ਦੋ ਭਾਗਾਂ ਵਿੱਚ ਚੀਰਨ ਵਾਲੇ ਬਾਜ਼ਾਰ ਦੇ ਆਖ਼ਰੀ ਹਿੱਸੇ ‘ਰਾਮਗੜ੍ਹੀਆਂ ਦੇ ਬਾਜ਼ਾਰ’ ਵਿਚੋਂ ਗੁਜ਼ਰਦਾ ਪਿੰਡ ਦੇ ਅੰਦਰਵਾਰ ਨੂੰ ਮੁੱਖ-ਬਜ਼ਾਰ ਵੱਲ ਮੁੜਦਾ। ਰਾਮਗੜ੍ਹੀਆਂ ਦੇ ਮੁਹੱਲੇ ਵਿੱਚ ਗੁਰਦਵਾਰਾ ਬਾਬਾ ਭਾਈ ਝਾੜੂ ਵਿੱਚ ਜਲੂਸ ਦਾ ਪੜਾਅ ਹੁੰਦਾ ਤੇ ਓਥੋਂ ਤੁਰਦਾ ਜਲੂਸ ਮੇਨ-ਬਾਜ਼ਾਰ ਵਿੱਚ ਦਾਖ਼ਲ ਹੋ ਕੇ ਸਾਡੇ ਘਰ ਕੋਲੋਂ ਦੀ ਲੰਘਦਾ ਹੋਇਆ ਪਿੰਡ ਦੇ ‘ਦੇਵੀ-ਦੁਆਰੇ’ ਦੇ ਖੁੱਲ੍ਹੇ ਅਹਾਤੇ ਵਿੱਚ ਆਪਣਾ ਪੜਾਅ ਕਰਦਾ। ਜਦੋਂ ਜਲੂਸ ਬਾਜ਼ਾਰ ਵਿਚੋਂ ਗੁਜ਼ਰ ਰਿਹਾ ਹੁੰਦਾ ਤਾਂ ਢੋਲਕੀ ਛੈਣਿਆਂ ਵਾਲੇ ਸਿੰਘ ਅਕਸਰ ਇਹ ਸ਼ਬਦ ਹੀ ਪੜ੍ਹਿਆ ਕਰਦੇ:
“ਰੰਗ ਰੰਗ ਦੀ ਵਜਾਉਂਦਾ ਬੰਸਰੀ; ਨਾਲੇ ਕਾਹਨ ਗਊਆਂ ਚਾਰਦਾ…।”
ਛੋਟਾ ਹੋਣ ਕਰਕੇ ਕਈ ਸਾਲ ਤਾਂ ਮੇਰੇ ਮਨ ਵਿੱਚ ਇਹੋ ਹੀ ਰਿਹਾ ਕਿ ਸ਼ਾਇਦ ਜਲੂਸ ਵਿੱਚ ਸਾਰੇ ਰਾਹ ਇਹੋ ਇੱਕੋ ਸ਼ਬਦ ਹੀ ਗਾਇਆ ਜਾਂਦਾ ਹੋਵੇ। ਪਰ ਥੋੜ੍ਹੀ ਸੋਝੀ ਆਉਣ ‘ਤੇ ਮੈਂ ਮਹਿਸੂਸ ਕੀਤਾ ਕਿ ਇਹ ਤਾਂ ‘ਹਿੰਦੂ ਇਲਾਕੇ’ ਵਿੱਚੋਂ ਲੰਘਦਿਆਂ ਹਿੰਦੂ ਭਾਈਚਾਰੇ ਪ੍ਰਤੀ ਆਪਸੀ ਸਾਂਝ ਅਤੇ ਪਿਆਰ ਪ੍ਰਗਟਾਉਣ ਦਾ ਇੱਕ ਸੂਖ਼ਮ ਇਸ਼ਾਰਾ ਸੀ ਅਤੇ ਇਹ ਦੱਸਣ ਦਾ ਯਤਨ ਸੀ ਕਿ ‘ਬੰਸਰੀ ਵਾਲਾ ਵੀ ਉਹਨਾਂ ਦਾ ਆਪਣਾ ਹੀ ਹੈ।’ ਉਂਜ ਵੀ ਪਿੰਡ ਦੇ ਅੱਧ ਵਿਚਕਾਰੋਂ ਹੀ ਜਲੂਸ ਦਾ ਬਾਜ਼ਾਰ ਵੱਲ ਮੁੜ ਪੈਣ ਦਾ ਇਹੋ ਕਾਰਨ ਸੀ ਕਿ ਪਾਲਕੀ ਨੂੰ ਉਡੀਕ ਰਹੇ ਹਿੰਦੂ ਭਾਈਚਾਰੇ ਨੂੰ ਆਪਣਾ ਆਦਰ ਪ੍ਰਗਟਾਉਣ ਦਾ ਮੌਕਾ ਮਿਲ ਸਕੇ। ਬਾਜ਼ਾਰ ਵਿੱਚ ਆਪਣੇ ਪੜਾਅ ਤੋਂ ਬਾਅਦ ਜਲੂਸ ਫਿਰ ਪਿੰਡ ਦੇ ਵਿਚੋ-ਵਿਚ ਦੀ ਬਾਹਰਲੀ ਫਿਰਨੀ ਵੱਲ ਪਰਤ ਜਾਂਦਾ ਸੀ।
ਜਿਸ ਦਿਨ ਜਲੂਸ ਲੰਘਣਾ ਹੁੰਦਾ ਉਸ ਦਿਨ ਬਾਜ਼ਾਰ ਵਾਲਿਆਂ ਵੱਲੋਂ ਸਾਰੇ ਬਾਜ਼ਾਰ ਦੀ ਉਚੇਚੀ ਸਫ਼ਾਈ ਕਰਵਾਈ ਜਾਂਦੀ। ਪਾਣੀ ਤਰੌਂਕਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬੀੜ ਲੰਘਦੀ ਤਾਂ ਦੁਕਾਨਾਂ ਵਿਚੋਂ ਬਾਹਰ ਨਿਕਲ ਕੇ ਹੱਥ ਜੋੜੀ ਖਲੋਤੇ ਹਿੰਦੂ ਦੁਕਾਨਦਾਰ ਅੱਗੇ ਵਧ ਕੇ, ਸਿਰ ਝੁਕਾ ਕੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਜਿੰਨਾ ਚਿਰ ਜਲੂਸ ਲੰਘ ਨਾ ਜਾਂਦਾ, ਉਹ ਹੱਥ ਜੋੜ ਕੇ ਅਦਬ ਵਿੱਚ ਖਲੋਤੇ ਰਹਿੰਦੇ। ਜਦੋਂ ਜਲੂਸ ‘ਦੇਵੀ-ਦੁਆਰੇ’ ਵਾਲੇ ਪੜਾਅ ‘ਤੇ ਪਹੁੰਚਦਾ ਤਾਂ ਅੱਗੇ ਪਿੰਡ ਦੇ ਮੁਖੀ ਹਿੰਦੂ ਸਿਰ ਉੱਤੇ ਚਿੱਟੀਆਂ ਪੱਗਾਂ ਬੰਨ੍ਹ ਕੇ ਸੁਆਗਤ ਲਈ ਹਾਜ਼ਰ ਹੁੰਦੇ। ਗੁਰਦੁਆਰੇ ਲਈ ਮਾਇਆ ਅਰਦਾਸ ਕਰਾਉਂਦੇ। ਕਵੀਸ਼ਰ ਅਤੇ ਢਾਡੀ ਸਿੰਘ ਹਿੰਦੂ-ਮਿਥਿਹਾਸ ਵਿੱਚੋਂ ਕਿਸੇ ਨਾ ਕਿਸੇ ਕਥਾ ਦਾ ਗਾਇਨ ਕਰਦੇ। ਆਮ ਤੌਰ ‘ਤੇ ਦ੍ਰੋਪਦੀ ਦੇ ਚੀਰ-ਹਰਣ ਅਤੇ ਭਗਵਾਨ ਕ੍ਰਿਸ਼ਨ ਵੱਲੋਂ ਉਸਦੀ ਰੱਖਿਆ ਕੀਤੇ ਜਾਣ ਜਾਂ ਰਾਮ ਜੀ ਵੱਲੋਂ ਭੀਲਣੀ ਦੇ ਬੇਰ ਖਾਣ ਵਾਲੀ ਕਥਾ ਸੁਣਾਈ ਜਾਂਦੀ। ਉਸ ਤੋਂ ਬਾਅਦ ਜੈਕਾਰੇ ਛੱਡਦਾ ਜਲੂਸ ਅਗਲੇ ਪੜਾਅ ਲਈ ਤੁਰ ਪੈਂਦਾ।
ਦੇਵੀ-ਦੁਆਰੇ ਵਿੱਚ ਹਰ ਸਾਲ ਜਨਮ-ਅਸ਼ਟਮੀ ਮਨਾਈ ਜਾਂਦੀ। ਸ਼ਹਿਰਾਂ ਚੋਂ ਮੰਗਵਾਏ ਪ੍ਰਸਿੱਧ ਹਿੰਦੂ ਕੀਰਤਨੀਏਂ ਦੀਵਾਨ ਲਾਉਂਦੇ। ਭਗਵਾਨ ਕ੍ਰਿਸ਼ਨ ਦੇ ਜੀਵਨ-ਸਮਾਚਾਰ ਅਤੇ ਭਗਤੀ-ਗਾਇਨ ਸੁਣਨ ਲਈ ਪਿੰਡ ਦੇ ਕਿਸਾਨ ਅਤੇ ਹੋਰ ਜਾਤਾਂ ਦੇ ਲੋਕ ਦੀਵਾਨ ਵਿੱਚ ਪੁੱਜਦੇ। ਉਗਰਾਹੀ ਵੀ ਦਿੰਦੇ। ਇਸਤਰ੍ਹਾਂ ਜਨਮ-ਅਸ਼ਟਮੀ ਵੀ ਪਿੰਡ ਦਾ ਸਾਂਝਾ ਤਿਓਹਾਰ ਹੋ ਨਿੱਬੜਦਾ। ਏਨਾ ਹੀ ਨਹੀਂ ਬਾਜ਼ਾਰ ਵਿੱਚ ਚਮੜੇ ਦਾ ਕੰਮ ਕਰਨ ਵਾਲੇ ਕਾਰੀਗਰ ਹਰ ਸਾਲ ਭਗਤ ਰਵਿਦਾਸ ਜੀ ਦਾ ਜਨਮ-ਦਿਹਾੜਾ ਮਨਾਉਂਦੇ। ਉਹ ਬਾਜ਼ਾਰ ਵਿੱਚ ਹੀ ਕਿਸੇ ਖੁੱਲ੍ਹੇ ਥਾਂ ‘ਤੇ ਸ਼ਾਮਿਆਨੇ ਤੇ ਕਨਾਤਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਅਤੇ ਉਹਨਾਂ ਵੱਲੋਂ ਸੱਦੇ ਬੁਲਾਰੇ ਅਤੇ ਕੀਰਤਨੀਏਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਗਾਇਨ ਵੀ ਕਰਦੇ ਤੇ ਸੰਗਤਾਂ ਨੂੰ ਉਹਨਾਂ ਦੇ ਜੀਵਨ-ਸਮਾਚਾਰ ਵੀ ਸੁਣਾਉਂਦੇ। ਏਥੇ ਵੀ ਪਿੰਡ ਦੇ ਸਾਰੀਆਂ ਜ਼ਾਤਾਂ ਦੇ ਲੋਕ ਸਤਿਕਾਰ ਵਜੋਂ ਹਾਜ਼ਰੀ ਭਰਦੇ।
ਮੈਂ ਤਾਂ ਇਹਨਾਂ ਸਭ ਥਾਵਾਂ ‘ਤੇ ਬਚਪਨ ਤੋਂ ਹੀ ਹਾਜ਼ਰੀ ਭਰਦਾ ਰਿਹਾ। ਇੰਜ ਹੀ ਸਾਡੇ ਪਿੰਡ ਬਾਬੇ ਸ਼ਾਹ ਮਾਲਕ ਅਤੇ ਬਾਬੇ ਸ਼ਾਹ ਜਮਾਲ ਦੀਆਂ ਕਬਰਾਂ ‘ਤੇ ਵੀ ਦੇਸ਼-ਵੰਡ ਤੋਂ ਪਹਿਲਾਂ ਮੇਲੇ ਲੱਗਦੇ ਹੁੰਦੇ ਸਨ। ਹੁਣ ਭਾਵੇਂ ਮੁਸਲਮਾਨ ਚਲੇ ਗਏ ਸਨ ਪਰ ਕਦੀ ਕਦੀ ਕੋਈ ਖੁੱਲ੍ਹ-ਦਿਲੇ ਫ਼ਕੀਰੀ ਰੂਹ ਵਾਲੇ ਲੋਕ ਇਹਨਾਂ ਪੀਰਾਂ ਦੀ ਜਗ੍ਹਾ ਤੇ ਵੀ ਕਦੀ ਕਦੀ ਉਗਰਾਹੀ ਕਰਕੇ ਮੇਲਾ-ਗੇਲਾ ਕਰਾ ਦਿੰਦੇ। ਉਹ ਕਵਾਲਾਂ ਨੂੰ ਸੱਦਦੇ ਅਤੇ ਕਵੀ-ਕਵੀਸ਼ਰਾਂ ਨੂੰ ਵੀ। ਮਿੱਠੇ ਚੌਲਾਂ ਦੀਆਂ ਦੇਗਾਂ ਚੜ੍ਹਦੀਆਂ ਤੇ ਲੰਗਰ ਲਾਇਆ ਜਾਂਦਾ। ਪਿੰਡ ਵਿੱਚ ਇੱਕੋ ਇੱਕ ਮੁਸਲਮਾਨਾਂ ਦਾ ਘਰ ਦਾਰਾਂ ਮਰਾਸਣ ਦਾ ਸੀ। ਦਾਰਾਂ ਨੇ ਸੰਤਾਲੀ ਦੇ ਰੌਲਿਆਂ ਵੇਲੇ ਆਪਣੇ ਜੱਦੀ ਪਿੰਡ ਨੂੰ ਛੱਡਣਾ ਅਪ੍ਰਵਾਨ ਕਰ ਦਿੱਤਾ ਸੀ ਤੇ ਉਹ ਆਪਣੇ ਬਾਕੀ ਪਰਿਵਾਰ ਨਾਲ ਪਾਕਿਸਤਾਨ ਜਾਣ ਤੋਂ ਇਨਕਾਰੀ ਹੋ ਗਈ ਸੀ। ਉਸਦਾ ਮੁੰਡਾ ਸਦੀਕ ਸਾਡਾ ਹਾਣੀ ਸੀ ਤੇ ਉਸਦੀ ਆਵਾਜ਼ ਵਿੱਚ ਲੋਹੜੇ ਦੀ ਮਿਠਾਸ ਅਤੇ ਸੋਜ਼ ਸੀ। ਦਾਰਾਂ ਪਿੰਡ ਦੇ ਹਰੇਕ ਵਿਆਹ ਤੇ ਢੋਲਕੀ ਲੈ ਕੇ ਹਾਜ਼ਰ ਹੁੰਦੀ ਅਤੇ ਆਪਣੇ ਗੀਤਾਂ ਦੀ ਛਹਿਬਰ ਨਾਲ ਖ਼ੁਸ਼ੀ ਦੇ ਮਾਹੌਲ ਨੂੰ ਹੋਰ ਰਾਂਗਲਾ ਬਣਾ ਦਿੰਦੀ। ਉਹ ਹੁਣ ਸਾਰੇ ਪਿੰਡ ਦੇ ਵੱਡਿਆਂ ਦੀ ਧੀ-ਭੈਣ ਅਤੇ ਸਾਡੀ ਉਮਰ ਦਿਆਂ ਦੀ ‘ਭੂਆ’ ਵਜੋਂ ਪਿਆਰੀ-ਸਤਿਕਾਰੀ ਜਾਂਦੀ ਸੀ ਅਤੇ ਪਿੰਡ ਦੇ ਲੋਕ ਉਸਦਾ ਬਹੁਤ ਆਦਰ ਕਰਦੇ। ਉਹ ਵਿੱਛੜ ਗਏ ਮੁਸਲਮਾਨ ਭਰਾਵਾਂ ਦੀ ਆਖ਼ਰੀ ਯਾਦ-ਨਿਸ਼ਾਨੀ ਵਜੋਂ ਵੀ ਸਤਿਕਾਰ-ਪਿਆਰ ਦੀ ਅਧਿਕਾਰੀ ਬਣੀ ਹੋਈ ਸੀ।
ਹਰੇਕ ਸਾਲ ‘ਬ੍ਰਹਮਚਾਰੀ’ ਨਾਮ ਦਾ ਇੱਕ ਬਜ਼ੁਰਗ ਵਿਅਕਤੀ ਸਾਡੇ ਪਿੰਡ ਆਉਂਦਾ। ਉਹ ਅਕਸਰ ਲਾਲਾ ਹੁਕਮ ਚੰਦ ਦੇ ਘਰ ਠਹਿਰਦਾ। ਸਾਡੇ ਘਰ ਤੋਂ ਥੋੜ੍ਹੀ ਹੀ ਦੂਰ ਬਾਜ਼ਾਰ ਵਿੱਚ ਸ਼ਿਵ-ਦਵਾਲਾ ਸੀ। ਰਾਤ ਨੂੰ ਸ਼ਿਵ-ਦਵਾਲੇ ਦੇ ਸਾਹਮਣੇ ਬਾਜ਼ਾਰ ਵਿਚਲੇ ਥਾਂ ਅਤੇ ਹੁਕਮ ਚੰਦ ਦੇ ਘਰ ਦੇ ਸਾਹਮਣੇ ਥੋੜ੍ਹੀ ਕੁ ਬਚੀ ਖਾਲੀ ਥਾਂ ਨੂੰ ਮਿਲਾ ਕੇ ਛੋਟਾ ਜਿਹਾ ਪੰਡਾਲ ਬਣ ਜਾਂਦਾ। ਇਸੇ ਥਾਂ ਨਿਰਮਲ ਸ਼ਾਹ ਦੀ ਦੁਕਾਨ ਦੀ ਵੱਖੀ ਨਾਲ ਲੱਗਾ ਛੋਟਾ ਜਿਹਾ ਤਖ਼ਤਪੋਸ਼ ਹੁੰਦਾ ਸੀੇ, ਜਿੱਥੇ ਸਵੇਰੇ ਸੁੱਚਾ ਨਾਈ ਲੋਕਾਂ ਦੀਆਂ ਹਜਾਮਤਾਂ ਕਰਦਾ; ਓਸੇ ਤਖ਼ਤਪੋਸ਼ ਨੂੰ ਸਟੇਜ ਬਣਾ ਕੇ, ਰਾਤ ਨੂੰ ਬ੍ਰਹਮਚਾਰੀ ਰਮਾਇਣ ਅਤੇ ਮਹਾਂਭਾਰਤ ਦੀ ਕਥਾ ਸੁਣਾਉਂਦਾ। ਹਾਰਮੋਨੀਅਮ ਉਹ ਆਪਣੇ ਨਾਲ ਲੈ ਕੇ ਆਉਂਦਾ ਪਰ ਗਾਉਂਦੇ ਸਮੇਂ ਢੋਲਕ ਤੇ ਸਾਥ ਦੇਣ ਲਈ ਬਾਬਾ ਤਾਰਾ ਸਿੰਘ ਪੈਂਚ ਉਹਦੀ ਮਦਦ ਕਰਨ ਲਈ ਹਰ ਸਾਲ ਬਹੁੜਦਾ। ਬ੍ਰਹਮਚਾਰੀ ਦੀ ਕੀਤੀ ਕਥਾ ਨੂੰ ਸੁਣਨ ਵੀ ਨੇੜਲੀਆਂ ਪੱਤੀਆਂ ਦੇ ਜੱਟ-ਜ਼ਿਮੀਂਦਾਰ ਅਤੇ ਹੋਰ ਲੋਕ ਹਾਜ਼ਰ ਹੁੰਦੇ। ਮੈਂ ਤਾਂ ਹਾਜ਼ਰ ਹੋਣਾ ਹੀ ਹੁੰਦਾ। ਬ੍ਰਹਮਚਾਰੀ ਰਮਾਇਣ ਜਾਂ ਮਹਾਂਭਾਰਤ ਦੀ ਕਿਸੇ ਵਾਰਤਾ ਨੂੰ ਛੂੰਹਦਾ ਅਤੇ ਬੜੇ ਲਟਕਾਓ ਅਤੇ ਕੀਲ ਲੈਣ ਵਾਲੇ ਅੰਦਾਜ਼ ਨਾਲ ਤੜ੍ਹਕੇ ਪਹਿਰ ਤੱਕ ਉਸਨੂੰ ਮੁਕਾਉਂਦਾ। ਉਸਨੂੰ ਸੁਣਦਿਆਂ ਸਰੋਤੇ ਹੱਸਦੇ ਵੀ, ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਵੀ ਸਿੰਮਦਾ; ਉਹਨਾਂ ਅੰਦਰ ਗੁੱਸੇ, ਹਮਦਰਦੀ ਅਤੇ ਦੁਖ-ਸੁਖ ਦੇ ਭਾਵ ਵੀ ਜਾਗਦੇ। ਕਥਾ-ਰਸ ਵਿੱਚ ਮੁਗਧ ਹੋਏ ਲੋਕ ਅਗਲੀ ਰਾਤ ਫ਼ਿਰ ਛੇਤੀ ਤੋਂ ਛੇਤੀ ਪੰਡਾਲ ਵਿੱਚ ਪੁੱਜ ਕੇ ਚੰਗੀ ਥਾਂ ਮੱਲਣ ਦੀ ਕੋਸ਼ਿਸ਼ ਕਰਦੇ। ਰਮਾਇਣ ਅਤੇ ਮਹਾਂਭਾਰਤ ਤੋਂ ਇਲਾਵਾ ਹਿੰਦੂ ਮਿਥਿਹਾਸ ਨਾਲ ਜੁੜੀਆਂ ਹੋਰ ਕਥਾਵਾਂ ਅਤੇ ਲੋਕ-ਕਥਾਵਾਂ ਵੀ ਬ੍ਰਹਮਚਾਰੀ ਸੁਣਾਇਆ ਕਰਦਾ। ਮਹੀਨਾ ਭਰ ਕਥਾ ਕਰਨ ਤੋਂ ਬਾਅਦ ਜਦੋਂ ਉਸਦਾ ਆਪਣੇ ‘ਵਤਨ’ ਵਾਪਸ ਪਰਤ ਜਾਣ ਦਾ ਵੇਲਾ ਆਉਂਦਾ ਤਾਂ ਹਰੇਕ ਦੁਕਾਨ ਤੋਂ ਉਸ ਨੂੰ ਭੇਟਾ ਕਰਨ ਲਈ ਉਗਰਾਹੀ ਕੀਤੀ ਜਾਂਦੀ। ਸਿੱਖ ਦੁਕਾਨਦਾਰ ਤਾਂ ਭੇਟਾ ਦਿੰਦੇ ਹੀ ਪਰ ਦੀਵਾਨ ਵਿੱਚ ਆਉਣ ਵਾਲੇ ਹੋਰ ਜੱਟ-ਸਿੱਖ ਵੀ ਬ੍ਰਹਮਚਾਰੀ ਨੂੰ ਭੇਟਾ ਦਿੰਦੇ। ਬ੍ਰਹਮਚਾਰੀ ਦੇ ਤੁਰਨ ਵਾਲੇ ਦਿਨ ਮੇਰੇ ਦਿਲ ਨੂੰ ਖੋਹ ਪੈਣੀ ਸ਼ੁਰੂ ਹੋ ਜਾਣੀ ਅਤੇ ਮੈਂ ਉਸ ਦਿਨ ਤੋਂ ਹੀ ਬ੍ਰਹਮਚਾਰੀ ਦਾ ਅਗਲੇ ਸਾਲ ਆਉਣਾ ਉਡੀਕਣਾ ਸ਼ੁਰੂ ਕਰ ਦਿੰਦਾ।
ਹਿੰਦੂ ਇਤਿਹਾਸ ਅਤੇ ਮਿਥਿਹਾਸ ਨਾਲ ਮੇਰੀ ਮੁੱਢਲੀ ਅਤੇ ਵਿਸਤ੍ਰਿਤ ਜਾਣਕਾਰੀ ਦਾ ਮੁੱਢਲਾ ਸਰੋਤ ਬ੍ਰਹਮਚਾਰੀ ਹੈ ਜਦ ਕਿ ਸਿੱਖ ਇਤਹਾਸ ਨਾਲ ਮੇਰੀ ਪਹਿਲ-ਪਲੱਕੜੀ ਮੁਹੱਬਤ ਪਿੰਡ ਦੇ ਸਾਲਾਨਾ-ਜੋੜ ਮੇਲਿਆਂ ‘ਤੇ ਲੱਗਦੇ ਦੀਵਾਨਾਂ ਵਿੱਚ ਸੁਣਾਏ ਜਾਂਦੇ ਪ੍ਰਸੰਗਾਂ ਦੇ ਹਵਾਲੇ ਨਾਲ ਹੋਈ। ਇਸ ਵਿੱਚ ਰਾਮਗੜ੍ਹੀਆਂ ਦੇ ਮੁਹੱਲੇ ਗੁਰਦਵਾਰਾ ਬਾਬਾ ਭਾਈ ਝਾੜੂ ਵਿਖੇ ਭਾਈ ਰਾਮ ਸਿੰਘ ਦੁਆਰਾ ਅੰਮ੍ਰਿਤ ਵੇਲੇ ਸੁਣਾਈ ਜਨਮ-ਸਾਖੀਆਂ ਦੀ ਕਥਾ ਦਾ ਅਸਰ ਵੀ ਸ਼ਾਮਲ ਹੈ। ਏਥੇ ਮੈਂ ਆਪਣੇ ਬਾਪੂ ਚੰਦਾ ਸਿੰਘ ਨਾਲ ਨਿੱਕਾ ਹੁੰਦਾ ਸਵੇਰ ਵੇਲੇ ਕਥਾ ਸੁਣਨ ਜਾਂਦਾ ਹੁੰਦਾ ਸਾਂ। ਉਸ ਉਮਰ ਵਿੱਚ ਜਦੋਂ ਅਜੇ ਬੱਚਿਆਂ ਨੂੰ ਨੀਂਦ ਪਿਆਰੀ ਹੁੰਦੀ ਹੈ ਮੈਂ ਕਥਾ ਸੁਣਨ ਦੇ ਲਾਲਚ ਵਿੱਚ ਵੇਲੇ ਸਿਰ ਜਾਗ ਪੈਂਦਾ। ਬਚਪਨ ਵਿੱਚ ਸੁਣੇ ਇਹਨਾਂ ਬੁਲਾਰਿਆਂ ਦੇ ਕਥਾ-ਰਸ ਰਾਹੀਂ ਸਰੋਤਿਆਂ ਨੂੰ ਕੀਲ ਲੈਣ ਵਾਲੇ ਅੰਦਾਜ਼ ਦੀ ਝਲਕ ਮੇਰੀਆਂ ਕਹਾਣੀਆਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਵੇਖੀ ਜਾ ਸਕਦੀ ਹੈ।
ਅਜਿਹੇ ਸਾਂਝਾ ਅਤੇ ਅਪਣੱਤ ਭਰੇ ਮਾਹੌਲ ਵਿੱਚ ਹਿੰਦੂ ਮਿਥਿਹਾਸ ਵੀ ਮੈਨੂੰ ਆਪਣੀ ਹੀ ਸੰਸਕ੍ਰਿਤਕ ਵਿਰਾਸਤ ਲੱਗਦਾ। ਭਗਤ ਰਵਿਦਾਸ ਦੀ ਮਿੱਠੀ ਬਾਣੀ ਅੱਗੇ ਵੀ ਮੇਰਾ ਸਿਰ ਝੁਕਦਾ। ਸਿੱਖਾਂ ਦਾ ਜੁਝਾਰੂ ਤੇ ਅਣਖ਼ੀਲਾ ਪਰ ਆਪਸੀ ਮਾਨਵੀ ਬਰਾਬਰੀ ਦਾ ਇਤਿਹਾਸ ਮੇਰੀ ਰੂਹ ਦਾ ਹਿੱਸਾ ਬਣ ਰਿਹਾ ਸੀ ਅਤੇ ‘ਏਕੁ ਪਿਤਾ ਏਕਿਸ ਕੇ ਹਮੁ ਬਾਰਿਕ’ ਅਨੁਸਾਰ ਮੈਂ ਜ਼ਾਤਾਂ-ਪਾਤਾਂ ਤੋਂ ਪਾਰ ਜਾ ਕੇ ਮਨੁੱਖ ਨੂੰ ਮਨੁੱਖ ਵਜੋਂ ਪਛਾਨਣ ਦੀ ਨਜ਼ਰ ਹਾਸਲ ਕਰ ਲਈ ਸੀ। ਮੇਰੀ ਸੋਚ ਵਸੀਹ ਹੋ ਰਹੀ ਸੀ; ਕਿਸੇ ਵੀ ਕਿਸਮ ਦੀ ਧਾਰਮਿਕ ਤੰਗ-ਦਿਲੀ ਤੋਂ ਮੁਕਤ। ਇਸੇ ਕਰਕੇ ਮੈਂ ਆਪਣੇ ਬਚਪਨ ਦੇ ਦੋਸਤਾਂ; ਜੋਗਿੰਦਰ ਨਾਲ ਮਜ੍ਹ਼ਬੀ ਸਿੰਘਾਂ ਦੀ ਠੱਠੀ ਵਿੱਚ ਅਤੇ ਫੌਜੂ ਸਾਂਹਸੀ ਦੇ ਘਰ ਬੇਰੋਕ ਟੋਕ ਜਾ ਸਕਦਾ ਸਾਂ ਅਤੇ ਕਦੀ ਕਦੀ ਉਹਨਾਂ ਨਾਲ ਖਾ ਪੀ ਵੀ ਲੈਂਦਾ ਸਾਂ। ਇਸਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਸਾਡੇ ਘਰ ਵਿੱਚ ਕੋਈ ਵੀ ਜੀਅ ਧਾਰਮਿਕ ਕੱਟੜਤਾ ਦਾ ਸ਼ਿਕਾਰ ਨਹੀਂ ਸੀ। ਮੇਰੀ ਦਾਦੀ ਹਰਨਾਮ ਕੌਰ ਤਾਂ ਅਕਸਰ ਸਿੱਖ ਗੁਰੂਆਂ ਦੇ ਮਾਨਵੀ ਸੁਨੇਹੇ ਦੀਆਂ ਕਥਾਵਾਂ ਸੁਣਾਉਂਦੀ ਰਹਿੰਦੀ ਸੀ। ਮੈਨੂੰ ਯਾਦ ਹੈ ਜਦੋਂ ਸਾਡੇ ਘਰ ਦੇ ਸਾਹਮਣੇ ਦੀਵਾਨ ਸ਼ਾਹ ਹੁਰਾਂ ਦੇ ਚੁਬਾਰਿਆਂ ਵਿੱਚ ਜੁੱਤੀਆਂ ਸੀਊਣ ਵਾਲਾ ਕਾਰੀਗਰ ਕਰਮ ਚੰਦ ਅਤੇ ਉਸਦਾ ਪਰਿਵਾਰ ਰਹਿੰਦਾ ਸੀ ਤਾਂ ਉਸਦੀ ਘਰਵਾਲੀ ਬਾਵੀ ਸੁਥਰੇ ਕੱਪੜੇ ਪਾ ਕੇ ਮੇਰੀ ਮਾਂ ਜਾਂ ਦਾਦੀ ਨਾਲ ਉਹਨਾਂ ਦੀ ਮੰਜੀ ਉੱਤੇ ਬੈਠ ਕੇ ਗੱਪ-ਗੋਸ਼ਟ ਵੀ ਕਰਦੀ ਰਹਿੰਦੀ ਤੇ ਨਾਲ ਨਾਲ ਜੁੱਤੀਆਂ ਦੇ ਪੱਲਿਆਂ ‘ਤੇ ਤਿੱਲੇ ਦੀ ਕਢਾਈ ਵੀ ਕਰੀ ਜਾਂਦੀ। ਘਰ ਦੇ ਕਿਸੇ ਜੀਅ ਨੂੰ ਉਸ ਵੱਲੋਂ ਮੰਜੇ ‘ਤੇ ਕੋਲ ਬਹਿ ਕੇ ਚਮੜੇ ਦਾ ਕੰਮ ਕਰਨਾ ਅਸਹਿਜ ਨਹੀਂ ਸੀ ਲੱਗਦਾ। ਇਥੇ ਮੰਜੇ ਤੇ ਬੈਠਿਆਂ ਹੀ ਕਦੀ ਕਦੀ ਕੋਈ ਜਣਾ ਰੋਟੀ ਵੀ ਖਾਂਦਾ ਤੇ ਚਾਹ ਤਾਂ ਅਕਸਰ ਪੀਤੀ ਜਾਂਦੀ। ਕਿਸੇ ਸੁੱਚ-ਭਿੱਟ ਦਾ ਨਾ ਹੀ ਖ਼ਿਆਲ ਸੀ ਤੇ ਨਾ ਹੀ ਕੋਈ ਸਵਾਲ।
ਸਾਡੇ ਗੁਆਂਢ ਕਰਿਆਨੇ ਦੀ ਦੁਕਾਨ ਕਰਨ ਵਾਲਾ ਚਾਚਾ ਵੇਦ ਪ੍ਰਕਾਸ਼ ਅੰਗੀਠੀ ਭਖ਼ਾ ਕੇ ਦੁਕਾਨ ਦੇ ਵਿਚਕਾਰ ਰੱਖ ਲੈਂਦਾ। ਰਾਤ ਨੂੰ ਕਿਸੇ ਜ਼ਨਾਨਾ ਚੁੰਗ ਦੇ ਆਉਣ ਦੀ ਗੁੰਜਾਇਸ਼ ਤਾਂ ਹੁੰਦੀ ਨਹੀਂ ਸੀ। ਕਦੀ ਕਦੀ ਕੋਈ ਮਰਦ ਗਾਹਕ ਹੀ ਆਉਂਦਾ ਅਤੇ ਉਹ ਉੱਠ ਕੇ ਸੌਦਾ ਜੋਖ ਦਿੰਦਾ ਨਹੀਂ ਤਾਂ ਅੰਗੀਠੀ ਦੁਆਲੇ ਦੋ–ਚਾਰ ਬੰਦਿਆਂ ਨਾਲ ਬੈਠ ਕੇ ਉਹ ਦੇਰ ਰਾਤ ਤੱਕ ਗੱਲਾਂ-ਗੱਪਾਂ ਮਾਰਨ ਦਾ ਮਾਹੌਲ ਬਣਾਈ ਰੱਖਦਾ। ਮੈਂ ਆਪਣੇ ਪਿਓ ਨਾਲ ਹੀ ਗੱਲਾਂ ਦੇ ਕੰਨ-ਰਸ ਦਾ ਮਾਰਿਆ, ਬਚਪਨ ਵਿੱਚ, ਦੇਰ ਰਾਤ ਤੱਕ ਦੁਕਾਨ ਵਿੱਚ ਬੈਠਿਆ ਰਹਿੰਦਾ। ਤਾਇਆ ਲਾਭ-ਚੰਦ ਵੀ ਸ਼ਾਮ ਨੂੰ ਆਪਣੀ ਬਜਾਜੀ ਦੀ ਦੁਕਾਨ ਵਧਾ ਕੇ ਇੱਥੇ ਆ ਬੈਠਦਾ। ਪਾਕਿਸਤਾਨ ਬਣੇ ਨੂੰ ਅਜੇ ਥੋੜ੍ਹੇ ਸਾਲ ਹੀ ਹੋਏ ਸਨ ਅਤੇ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ ਅਕਸਰ ਹੀ ਪਿੰਡ ਛੱਡ ਕੇ ਪਾਕਿਸਤਾਨ ਤੁਰ ਗਏ ਉਹਨਾਂ ਦੇ ਮੁਸਲਮਾਨ ਗਿਰਾਈਂ ਹੁੰਦੇ। ਉਹ ਆਪਣੇ ਜਮਾਤੀਆਂ, ਯਾਰਾਂ ਅਤੇ ਹੋਰ ਚੰਗੇ ਮੁਸਲਮਾਨਾਂ ਨੂੰ ਯਾਦ ਕਰਕੇ, ਉਹਨਾਂ ਦੀਆਂ ਖ਼ੂਬੀਆਂ ਗਿਣ ਕੇ ਹੋਈ ਦੇਸ਼-ਵੰਡ ਅਤੇ ਕਤਲੋਗ਼ਾਰਤ ਉੱਤੇ ਝੂਰਦੇ ਰਹਿੰਦੇ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਵਾਂਗ ਹੀ ਬੜਾ ਦੁੱਖ ਹੁੰਦਾ ਕਿ ਮੁਸਲਮਾਨ ਇੱਥੋਂ ਕਿਓਂ ਚਲੇ ਗਏ। ਮੈਂ ਮੁਸਲਮਾਨਾਂ ਸਮੇਤ ਵੰਡ ਤੋਂ ਪਹਿਲਾਂ ਵੱਸਦੇ ਪਿੰਡ ਦੀ ਕਲਪਨਾ ਕਰ ਕੇ ਰੋਮਾਂਚਿਤ ਹੋ ਉੱਠਦਾ। ਉਹਨਾਂ ਸਾਰਿਆਂ ਦੀਆਂ ਗੱਲਾਂ ਵਿੱਚ ਤੁਰ ਗਏ ਭਰਾਵਾਂ ਦੇ ਵਿਛੋੜੇ ਦਾ ਹੇਰਵਾ ਅਤੇ ਵਿਗੋਚਾ ਹੁੰਦਾ। ਉਹ ਉਸ ਸਮੇਂ ਪੈਦਾ ਹੋਏ ਨਫ਼ਰਤ ਦੇ ਮਾਹੌਲ ਉੱਤੇ ਵੀ ਟਿੱਪਣੀ ਕਰਦੇ।
ਭਾਵੇਂ ਪਿੰਡ ਦੇ ਮੁਸਲਾਮਨਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਫ਼ਿਰ ਵੀ ਮੈਨੂੰ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਤੋਂ ਹੀ ਪਤਾ ਲੱਗਾ ਕਿ ਸਾਡੇ ਹੀ ਪਿੰਡ ਦੇ ਦੋ ਬੰਦਿਆਂ ਨੇ ਕੁੱਝ ਮੁਸਲਮਾਨਾਂ ਨੂੰ ਲੱਭ ਲੱਭ ਅਤੇ ਚੁਣ ਚੁਣ ਕੇ ਮਾਰਿਆ। ਉਹ ਦੋਵੇਂ ਬੰਦੇ ਅਜੇ ਜਿਊਂਦੇ ਸਨ। ਮੈਂ ਉਹਨਾਂ ਬੰਦਿਆਂ ਨੂੰ ਵੇਖ ਕੇ ਸਹਿਮ ਜਾਂਦਾ। ਉਹਨਾਂ ਵਿਚੋਂ ਇੱਕ ਤਾਂ ਮੇਰੇ ਜਮਾਤੀ ਦਾ ਹੀ ਪਿਓ ਸੀ ਅਤੇ ਉਸ ਜਮਾਤੀ ਨਾਲ ਮੇਰਾ ਉਹਨਾਂ ਦੇ ਘਰ ਆਉਣ-ਜਾਣ ਸੀ। ਦੂਜਾ ਤਾਂ ਹੈ ਹੀ ਸਾਡੇ ਸਕਿਆਂ ਵਿਚੋਂ ਸੀ। ਪੜ੍ਹਿਆ-ਲਿਖਿਆ ਅਤੇ ਆਜ਼ਾਦ ਹਿੰਦ ਫੌਜ ਦਾ ਸਾਬਕਾ ਸਿਪਾਹੀ। ਉਹਦੀ ਪਤਨੀ ਵੀ ਸਾਡੇ ਪੁਰਾਣੇ ਪਿੰਡ ਭਡਾਣੇ ਤੋਂ ਹੋਣ ਕਰਕੇ ਸਾਡੀ ਭੂਆ ਲੱਗਦੀ ਸੀ। ਬੜਾ ਹੀ ਪਿਆਰ ਕਰਨ ਵਾਲੀ ਨੇਕ-ਰੂਹ ਔਰਤ। ਉਹਨਾਂ ਦਾ ਇਕਲੌਤਾ ਮੁੰਡਾ ਵੀ ਮੇਰਾ ਯਾਰ ਸੀ। ਇਸ ਲਈ ਉਹਨਾਂ ਦੇ ਘਰ ਵੀ ਅਕਸਰ ਜਾਂਦਾ ਆਉਂਦਾ ਰਹਿੰਦਾ ਸਾਂ। ਭਾਵੇਂ ਇਹਨਾਂ ਬੰਦਿਆਂ ਦਾ ਵਤੀਰਾ ਆਮ ਬੰਦਿਆਂ ਵਰਗਾ ਹੀ ਹੁੰਦਾ ਪਰ ਮੈਨੂੰ ਫ਼ਿਰ ਵੀ ਉਹਨਾਂ ਅੰਦਰ ਲੁਕੇ ਦੈਂਤ ਤੋਂ ਖ਼ੌਫ਼ ਆਉਂਦਾ ਹੀ ਰਹਿੰਦਾ। ਜਿੰਨਾ ਚਿਰ ਉਹ ਜਿਊਂਦੇ ਰਹੇ, ਮੈਂ ਉਹਨਾਂ ਨੂੰ ਕਦੀ ਸਹਿਜ-ਭਾਵ ਨਾਲ ਨਹੀਂ ਵੇਖ ਸਕਿਆ। ਮੇਰੀ ਕਹਾਣੀ ‘ਪਰਛਾਵੇਂ’ ਵਿੱਚ ਇਹਨਾਂ ਵਿੱਚੋਂ ਇੱਕ ਦਾ ਜ਼ਿਕਰ ਹੋਇਆ ਹੈ। ਇਸ ਪਾਤਰ ਦਾ ਨਾਮ ‘ਬਲਬੀਰ ਸਿੰਘ’ ਹੈ। ਉਹਦੇ ਦੁਆਰਾ ਕੀਤੇ ‘ਫ਼ਜ਼ਲ ਹੁਸੈਨ’ ਨਾਂ ਦੇ ਪਾਤਰ ਦਾ ਕਤਲ ਮੇਰੇ ਪਿੰਡ ਦੀ ਹੀ ਕਹਾਣੀ ਸੀ। ਇਹ ‘ਬਲਬੀਰ ਸਿੰਘ’ ਉਹੋ ਸੀ ਜਿਸ ਦੀ ਪਤਨੀ ਨੂੰ ਪਿਛਲੇ ਪਿੰਡ ਦੇ ਸਾਕ ਵਜੋਂ ‘ਭੂਆ’ ਆਖਦਾ ਸਾਂ ਅਤੇ ਜਿਸਨੂੰ ਇਸ ਪਿੰਡ ਦੇ ਭਾਈਚਾਰੇ ਵਿਚੋਂ ਸਕਿਆਂ ਵਿਚੋਂ ਹੋਣ ਤੇ ‘ਤਾਇਆ’ ਆਖਦਾ ਸਾਂ। ਜਦੋਂ ਮੈਂ ਵੱਡਾ ਹੋ ਕੇ ਲਿਖਣ-ਛਪਣ ਲੱਗ ਪਿਆ ਤਾਂ ਉਸਨੇ ਮੈਨੂੰ ਆਪਣੇ ਆਜ਼ਾਦ ਹਿੰਦ ਫੌਜ ਦੇ ਦਿਨਾਂ ਦੀ ਲਿਖੀ ਡਾਇਰੀ ਦੇ ਕੇ ਆਪਣੇ ਬਾਰੇ ਕੁੱਝ ਲਿਖਣ ਲਈ ਵੀ ਕਿਹਾ ਸੀ। ਅੱਜ ਵੀ ਇਹ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਆਜ਼ਾਦ ਹਿੰਦ ਫੌਜ ਵਿੱਚ ਰਹਿ ਕੇ ਵੀ, ਜਿੱਥੇ ਹਿੰਦੂ, ਸਿੱਖ ਤੇ ਮੁਸਲਮਾਨ, ਮਿਲ ਕੇ ਭਰਾਵਾਂ ਵਾਂਗ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਜੂਝੇ ਸਨ, ਉਹ ਰੌਲਿਆਂ ਵੇਲੇ ਕਿਵੇਂ ‘ਦੈਂਤ’ ਬਣ ਗਿਆ ਸੀ!
ਸਾਂਝ ਦੇ ਮਾਹੌਲ ਵਿਚੋਂ ਰਸ ਚੋਣ ਲਈ ਮੇਰੀ ਸੰਵੇਦਨਸ਼ੀਲਤਾ ਤੇ ਮੇਰੇ ਕੰਨ-ਰਸ ਨੇ ਬੜੀ ਸਹਾਇਤਾ ਕੀਤੀ। ਵੱਡਾ ਹੋਣ ‘ਤੇ ਸਕੂਲ ਅਧਿਆਪਕ ਬਣ ਜਾਣ ਤੋਂ ਬਾਅਦ ਵੀ ਮੈਂ ਵਿਹਲੇ ਸਮੇਂ ਵਿੱਚ ਤਾਏ ਲਾਭ ਚੰਦ ਦੀ ਦੁਕਾਨ ‘ਤੇ ਉਸ ਕੋਲ ਜਾ ਬਹਿੰਦਾ ਅਤੇ ਉਸ ਕੋਲੋਂ ‘ਉਹਦੇ ਵੇਲਿਆਂ ਦੀਆਂ’ ਪੁਰਾਣੀਆਂ ਗੱਲਾਂ ਸੁਣਦਾ। ਇੰਜ ਹੀ ਧੰਨਾ ਸਿੰਘ ਮੋਚੀ ਕੋਲ ਵੀ ਲੋਕ-ਕਥਾਵਾਂ ਦਾ ਖ਼ਜ਼ਾਨਾ ਹੁੰਦਾ ਸੀ। ਉਹ ਦਸਵੀਂ ਤੱਕ ਮੇਰੇ ਜਮਾਤੀ ਰਹਿ ਚੁੱਕੇ ਤਰਸੇਮ ਦਾ ਪਿਉ ਸੀ ਪਰ ਮੇਰਾ ਉਸ ਨਾਲ ਬੁਲਾਰੇ ਅਤੇ ਸਰੋਤੇ ਵਾਲਾ ਯਰਾਨਾ ਸੀ। ਉਹ ਜੁੱਤੀਆਂ ਸੀ ਰਿਹਾ ਹੁੰਦਾ ਤੇ ਮੈਂ ਉਸਦੇ ਸਾਹਮਣੇ ਚੌਕੀ ‘ਤੇ ਬੈਠ ਕੇ ਉਸਤੋਂ ਜੱਗ-ਜਹਾਨ ਦੀਆਂ ਗੱਲਾਂ ਸੁਣਦਾ। ਭਗਤ ਰਵਿਦਾਸ ਦੀ ਸਿਲ਼ ਹੇਠਾਂ ਵਗਦੀ ਗੰਗਾ ਵਾਂਗ ਧੰਨਾ ਸਿੰਘ ਦੀ ‘ਸਿਲ਼’ ਹੇਠਾਂ ਕਥਾ-ਕਹਾਣੀਆਂ ਦੀ ਗੰਗਾ ਵਗਦੀ ਸੀ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿਚੋਂ ਤਾਇਆ ਲਾਭ ਚੰਦ ਤਥਾ-ਕਥਿਤ ਉਚ-ਜਾਤੀ ਬ੍ਰਾਹਮਣ ਸੀ ਅਤੇ ਧੰਨਾ ਸਿੰਘ ਕਥਿਤ ਨਿਮਨ-ਜਾਤ ਨਾਲ ਸੰਬੰਧਤ। ਪਰ ਮੇਰੇ ਲਈ ਦੋਵੇਂ ਹੀ ਮੇਰੇ ਆਦਰਯੋਗ ਬਜ਼ੁਰਗ ਸਨ। ਅੱਜ ਵੀ ਉਹਨਾਂ ਨੂੰ ਯਾਦ ਕਰਕੇ ਸਿਰ ਆਦਰ ਨਾਲ ਝੁਕ ਜਾਂਦਾ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346