Welcome to Seerat.ca
Welcome to Seerat.ca

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ

 

- ਸੁਰਜੀਤ ਪਾਤਰ

ਆਪ ਬੀਤੀ / ਗਵਾਚੀ ਖ਼ੁਸ਼ੀ

 

- ਮੰਗਤ ਰਾਮ ਪਾਸਲਾ

ਮੈਂ ਇਸਨੂੰ ਗੁਫਾ ਵਿਚਲੀ ਉਡਾਣ ਨਹੀਂ ਮੰਨਦਾ

 

- ਰਘਬੀਰ ਸਿੰਘ ਸਿਰਜਣਾ

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ

 

- ਵਰਿਆਮ ਸਿੰਘ ਸੰਧੂ

ਭੰਗ ਦੇ ਭਾੜੇ ਗਿਆ ਜੈਮਲ

 

- ਜਗਜੀਤ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਈਮਾਨਦਾਰੀ ਦੀ ਦਾਦ

 

- ਗੁਲਸ਼ਨ ਦਿਆਲ

ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ

 

- ਹਰਜੀਤ ਸਿੰਘ ਗਿੱਲ

'ਆਵਦਾ ਹਿੱਸਾ'

 

- ਵਕੀਲ ਕਲੇਰ

ਸਿਆਸੀ ਸਵਾਰੀ ਦਾ ਧਰਮ-ਸੰਕਟ

 

- ਹਰਪ੍ਰੀਤ ਸੇਖਾ

ਬਠਲੂ ਚਮਿਆਰ

 

- ਅਤਰਜੀਤ

ਗ਼ਦਰ ਪਾਰਟੀ - ਪ੍ਰਮੁੱਖ ਘਟਨਾਵਾਂ

 

- ਉਂਕਾਰਪ੍ਰੀਤ

ਨਸ਼ਿਆਂ ਦੀ ਆਦਤ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ ਵਿਚ ਪੰਜਾਬੀ ਵਿਹਲੜ ਦਾ ਸਕੈਯੂਅਲਾਂ

 

- ਗੁਰਦੇਵ ਚੌਹਾਨ

ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ

 

- ਲਸ਼ਮਣ ਸਿੰਘ ਸੇਵੇਵਾਲਾ

ਵਗਦੀ ਏ ਰਾਵੀ / ਸਾਰੇ ਆਪਾਂ ਪੰਜਾਬੀ ਭਰਾ ਹਾਂ

 

- ਵਰਿਆਮ ਸਿੰਘ ਸੰਧੂ

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? / ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

ਹੁੰਗਾਰੇ
 

ਭੰਗ ਦੇ ਭਾੜੇ ਗਿਆ ਜੈਮਲ
- ਜਗਜੀਤ

 

(ਜਗਜੀਤ ਨੌਸ਼ਹਿਰਵੀ ਨੂੰ ਬਹੁਤ ਵਧੀਆ ਪੰਜਾਬੀ ਸ਼ਾਇਰ ਵਜੋਂ ਤਾਂ ਪਾਠਕ ਜਾਣਦੇ ਹੀ ਹਨ ਪਰ ਉਸ ਵਿਚ ਇਕ ਚੰਗੇ ਵਾਰਤਕ ਲੇਖਕ ਬਣਨ ਦੀਆਂ ਸੰਭਾਵਨਾਵਾਂ ਦੇ ਜਿਹੜੇ ਬੀਜ ਲੁਕੇ ਹਨ ਸੀਰਤ ਨੇ ਉਹਨਾਂ ਵਿਚੋਂ ਪੁੰਗਾਰੇ ਤੇ ਆਏ ਇਕ ਬੀਜ ਦੀ ਦਾਸਤਾਨ ਆਪਣੇ ਪਾਠਕਾਂ ਨਾਲ ਪਵਾਉਣ ਦਾ ਮਾਣ ਹਾਸਲ ਕਰ ਲਿਆ ਹੈ)

ਕਾਲਜ ਦੇ ਦਿਨਾਂ ਦੀ ਗੱਲ ਹੈ। ਮੈਂ ਛੁੱਟੀਆਂ ਚ ਪਿੰਡ ਆਇਆ ਹੋਇਆ ਸੀ। ਅਸੀਂ ਖੇਤਾਂ ਵਿੱਚ ਰਹਿੰਦੇ ਸੀ। ਪਿੰਡਾਂ ਵਾਲੀ ਰੌਣਕ ਹਵੇਲੀਆਂ ਚ ਨਹੀਂ ਹੁੰਦੀ। ਸਾਰਾ ਦਿਨ ਘਰੇ ਬੈਠੇ ਰਹੋ। ਉਹਨੀਂ ਦਿਨੀਂ ਅਜੇ ਟੀਵੀ ਦਾ ਵੀ ਐਨਾਂ ਖਿਲਾਰਾ ਨਹੀਂ ਸੀ ਪਿਆ। ਵੈਸੇ ਵੀ ਸਾਡੇ ਘਰੇ ਟੀਵੀ ਨਹੀਂ ਸੀ। ਘਰਦਿਆਂ ਦੀ ਸਖਤ ਹਦਾਇਤ ਸੀ ਪੜ੍ਹਾਈ ਵੱਲੇ ਧਿਆਨ ਦਿਓ, ਇਹ ਕੰਮ ਬਾਅਦ ਵਿੱਚ। ਇੰਟਰਨੈੱਟ ਦਾ ਅਜੇ ਕਿਸੇ ਨੂੰ ਸੁਫਨਾ ਵੀ ਨਹੀਂ ਸੀ। ਹਾਣ ਦੇ ਸਭ ਕਮਾਊ ਪੁੱਤ ਆਪੋ ਆਪਣੇ ਕੰਮੀਂ ਲੱਗੇ ਹੋਏ ਸੀ ਖੇਤਾਂ ਚ ਤੇ ਮੈਂ ਵਿਹਲੜ। ਸਕੂਲ ਵੇਲੇ ਤੱਕ ਮੈਂ ਖੇਤੀ ਦੇ ਸਾਰੇ ਕੰਮਾਂ ਚ ਹੱਥ ਵਟਾਉਂਦਾ ਸੀ ਪਾਣੀ ਲਾਉਣਾ, ਪੱਠੇ ਵੱਡਣੇ, ਮੱਝਾਂ ਚੋਣੀਆਂ, ਨਹਾਉਣੀਆਂ, ਝੋਨੇ ਦੀ ਪਨੀਰੀ ਪੁੱਟਣੀ, ਕਣਕ ਦੀ ਵਾਢੀ ਵੇਲੇ ਬੇੜ੍ਹ ਵੱਟਣੇ, ਭਰੀਆਂ ਬਨਾਉਣੀਆਂ ਤੇ ਮਸ਼ੀਨ ਚ ਰੁੱਗ ਦੇਣੇ। ਇਹ ਆਖਰੀ ਕੰਮ ਮੇਰਾ ਸਭ ਤੋਂ ਮਨ ਭਾਉਂਦਾ ਸੀ। ਰਾਤ ਨੂੰ ਮਸ਼ੀਨ ਦੀ ਅਵਾਜ਼ ਚ ਆਪਣੀ ਬੇਸੁਰੀ ਅਵਾਜ਼ ਵਿਚ ਉੱਚੀ ਉੱਚੀ ਗਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਸੀ। ਪਰ ਹੁਣ ਤਾਂ ਘਰ ਦਿਆਂ ਨੂੰ ਜਿਵੇਂ ਫਿਕਰ ਰਹਿੰਦਾ ਸੀ, ਪੜ੍ਹਾਕੂ ਦੇ ਹੱਥ ਨਾ ਖਰਾਬ ਹੋ ਜਾਣ। ਜਦੋਂ ਦਾ ਮੈਂ ਕਾਲਜ਼ ਗਿਆ ਸੀ, ਇਸ ਸਭ ਤੋਂ ਛੁਟਕਾਰਾ ਹੋ ਗਿਆ ਸੀ। ਸਾਡੀ ਕੁੱਝ ਜ਼ਮੀਨ ਘਰ ਤੋਂ ਥੋੜ੍ਹੀ ਦੂਰ ਸੀ। ਓਥੇ ਬੰਬੀ ਦੇ ਨਾਲ ਲਾਈਆਂ ਕੁੱਝ ਟਾਹਲੀਆਂ ਵੱਡੀਆਂ ਹੋ ਗਈਆਂ ਸਨ। ਗਰਮੀਆਂ ਦੇ ਦਿਨਾਂ ਚ ਮੈਂ ਕੋਈ ਕਿਤਾਬ ਲੈ ਕੇ ਉਸ ਬੰਬੀ ਤੇ ਚਲੇ ਜਾਣਾ। ਬਾਕੀ ਲੋਕਾਂ ਦੀਆਂ ਹਵੇਲੀਆਂ ਇਸ ਬੰਬੀ ਤੋਂ ਦੂਰ ਸਨ। ਕੋਈ ਨੇੜੇ ਨਹੀਂ ਸੀ ਆਉਂਦਾ। ਚਾਹੋ ਤੇ ਮੰਜੇ ਤੇ ਟਾਹਲੀ ਹੇਠ ਲੰਮੇ ਪਏ ਰਹੋ, ਜਦੋਂ ਜੀਆ ਕਰੇ ਬੰਬੀ ਤੇ ਨਾਹ ਲਓ, ਕੁਝ ਪੜ੍ਹ ਲਓ ਜਾਂ ਫਿਰ ਸੌਣ ਦੀ ਝੁੱਟੀ ਲਾ ਲਓ।

ਬੰਬੀ ਦੇ ਨੇੜੇ ਤੋਂ ਨੇੜੇ ਪੈਂਦੀਆਂ ਹਵੇਲੀਆਂ ਚ ਇੱਕ ਹਵੇਲੀ ਉਹਨਾਂ ਦੀ ਸੀ। ਉਹਨਾਂ ਦੇ ਸਾਡਾ ਪਹਿਲਾਂ ਬਹੁਤ ਆਉਣ ਜਾਣ ਹੁੰਦਾ ਸੀ। ਉਹਨਾ ਦੇ ਦੋ ਮੁੰਡੇ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਸਕੂਲ ਵਿੱਚ। ਤਿੰਨ ਚਾਰ ਭਰਾਵਾਂ ਦੇ 6-7 ਪੁੱਤ ਸੀ। ਬਹੁਤੇ ਨਿੱਕੇ ਹੁੰਦਿਆਂ ਤੋਂ ਹੀ ਖੇਤੀ ਚ ਲਾ ਲਏ ਸੀ। ਆਮ ਜਿਹਾ ਜੱਟ ਪ੍ਰੀਵਾਰ। ਸਾਡੇ ਵਰਗੇ ਹੀ ਸੀ। ਕੱਲ੍ਹੀ ਖੇਤੀ ਦੀ ਕਮਾਈ ਨਾਲ ਕੀ ਬਣਦਾ ਸੀ ਉਹਨੀਂ ਦਿਨੀਂ। ਜਦੋਂ ਦਾਅ ਲੱਗੇ ਉਹ ਸ਼ਰਾਬ ਦੀ ਭੱਠੀ ਲਾ ਛੱਡਦੇ ਸੀ। ਸਾਡੇ ਘਰੇ ਕੋਈ ਨਹੀਂ ਸੀ ਪੀਂਦਾ ਪਰ ਆਏ ਗਏ ਤੋਂ ਅਸੀਂ ਉਹਨਾ ਦੇ ਘਰੋਂ ਡੋਲੂ ਚ ਲੋੜ ਮੂਜਬ ਲੈ ਆਉਂਦੇ ਸੀ। ਸੱਤਵੀਂ ਜਮਾਤ ਤੱਕ ਇਹ ਡੋਲੂ ਵਾਲੀ ਡਿਊਟੀ ਮੇਰੀ ਹੁੰਦੀ ਸੀ ਜੋ ਮੈਂ ਖੁਸ਼ੀ ਖੁਸ਼ੀ ਨਿਭਾਉਂਦਾ ਆ ਰਿਹਾ ਸੀ। ਉਹਨਾਂ ਦਾ ਮੁੰਡਾ ਜੈਮਲ ਤੇ ਪਾਸ਼ਾ(ਪ੍ਰਕਾਸ਼ਾ) ਸਾਡੇ ਆੜੀ ਸੀ। ਪਾਸ਼ਾ ਤੇ ਸਾਡਾ ਜਮਾਤੀ ਸੀ। ਜੈਮਲ ਤੇ ਪਾਸ਼ੇ ਹੋਰੀਂ ਸਾਡੇ ਨਾਲ ਇੱਕਠੇ ਸਕੂਲੇ ਜਾਂਦੇ। ਕੁਝ ਹੋਰ ਵੀ ਬੱਚੇ ਉਹਨਾਂ ਦੇ ਟੱਬਰ ਦੇ ਸਕੂਲੇ ਜਾਂਦੇ ਸੀ ਪਰ ਉਹ ਪ੍ਰਾਇਮਰੀ ਚ ਸੀ। ਜੈਮਲ ਸ਼ਾਇਦ ਦੋ ਸਾਲ ਅੱਗੇ ਸੀ। ਅਸੀਂ ਸਾਰੇ ਤੁਰ ਕੇ 2 ਕਿਲੋਮੀਟਰ ਦੂਰ ਪਿੰਡ ਸਕੂਲੇ ਜਾਂਦੇ। ਰਾਹ ਚ ਕਾਫੀ ਹਾਸਾ ਠੱਠਾ ਕਰਦੇ ਜਾਂਦੇ। ਕਈ ਵਾਰ ਮਖੌਲ ਮਖੌਲ ਚ ਲੜ ਵੀ ਪੈਂਦੇ ਪਰ ਹੋਰ ਦਸ ਕਦਮ ਅੱਗੇ ਜਾ ਕੇ ਭੁੱਲ ਜਾਂਦਾ ਪਈ ਅਸੀਂ ਲੜੇ ਹਾਂ। ਹਵੇਲੀਆਂ ਚੋਂ ਮੁੰਡੇ ਕੁੜੀਆਂ ਸਕੂਲ ਜਾਣ ਲਈ ਪਿੰਡ ਨੂੰ ਜਾਂਦੀ ਸੜਕ ਤੇ ਢਾਣੀਆਂ ਵਿੱਚ ਰਲੀ ਜਾਂਦੇ। ਕਈ ਲਾਗਲੇ ਪਿੰਡਾਂ ਭੈਣੀ, ਦਾਉਕੇ, ਭਰੋਵਾਲ ਦੇ ਮੁੰਡੇ ਕੁੜੀਆਂ ਵੀ ਸਾਈਕਲਾਂ ਤੇ ਨਾਲ ਆ ਰਲਦੇ ਤੇ ਸਾਈਕਲਾਂ ਤੋਂ ਉੱਤਰ ਕੇ ਸਾਡੇ ਨਾਲ ਤੁਰਨ ਲਗਦੇ। ਪਿੰਡ ਪਹੁੰਚਦਿਆਂ ਅੱਧਾ ਸਕੂਲ ਤੇ ਅਸੀਂ ਹੀ ਹੁੰਦੇ ਇਹਨਾਂ ਢਾਣੀਆਂ ਚ। ਹੋਰਨਾਂ ਦੇ ਨਾਲ ਪਾਸ਼ੇ ਤੇ ਜੈਮਲ ਨਾਲ ਵੀ ਜੋਟੀ ਬਣੀ ਹੋਈ ਸੀ।

ਕੁਦਰਤ ਦੀ ਖੇਡ ਸਾਡੇ ਸ਼ਰੀਕੇ ਚ ਇੱਕ ਵਿਆਹ ਤੇ ਝਗੜਾ ਹੋ ਗਿਆ। ਹਾਜ਼ਰ ਬੰਦਿਆਂ ਵਿੱਚ ਪੈ ਪੁਆ ਕੇ ਗੱਲ ਆਈ ਗਈ ਕਰ ਦਿੱਤੀ। ਪਰ ਡੋਲੀ ਤੁਰਨ ਪਿਛੋਂ ਪਿੰਡ ਦੇ ਕੁੱਝ ਬਦ ਕਿਸਮ ਦੇ ਬੰਦਿਆਂ ਉਹਨਾਂ ਚੋਂ ਇੱਕ ਭਰਾ, ਪਾਸ਼ੇ ਦੇ ਪਿਓ ਨੂੰ, ਚੁੱਕ ਚੁੱਕਾ ਕੇ ਗੱਲ ਨੂੰ ਤੂਲ ਦੇ ਦਿੱਤੀ। ਰਾਤ ਪਈ ਤੋਂ ਕੁੱਝ ਬੰਦੇ ਪਾਸ਼ੇ ਦੇ ਪਿਓ ਨਾਲ ਆਏ ਤੇ ਝਗੜਾ ਵਧ ਗਿਆ। ਮੇਰੇ ਪਿਤਾ ਦੇ ਚਾਚੇ ਦਾ ਪੁੱਤ ਉਸ ਰਾਤ ਸਿਰ ਚ ਗੋਲੀ ਲੱਗਣ ਨਾਲ ਕਤਲ ਹੋ ਗਿਆ। ਕਾਫੀ ਚਿਰ ਕੇਸ ਚੱਲਿਆ, ਪਾਸ਼ੇ ਦੇ ਪਿਓ ਨੂੰ ਸਜ਼ਾ ਹੋ ਗਈ ਤੇ ਸਾਡੇ ਪ੍ਰੀਵਾਰ ਦੀ ਉਹਨਾਂ ਨਾਲ ਦੁਸ਼ਮਣੀ ਚੱਲ ਪਈ। ਸਾਡੇ ਪ੍ਰੀਵਾਰ ਨੇ ਦੋ ਲਾਈਸੈਂਸੀ ਦੁਨਾਲੀਆਂ ਲੈ ਆਦੀਆਂ। ਕਈ ਨਵੇਂ ਗੰਡਾਸੇ ਤੇ ਕਿਰਪਾਨਾਂ ਵੀ ਖਰੀਦ ਲਿਆਂਦੀਆਂ। ਇੱਕ ਦੂਜੇ ਤੋਂ ਸੁਚੇਤ ਰਹਿਣ ਲੱਗੇ, ਕੋਈ ਹੋਰ ਨੁਕਸਾਨ ਨ ਕਰਨ। ਨੁਕਸਾਨ ਤਾਂ ਉਹਨਾਂ ਕੀ ਕਰਨਾ ਸੀ? ਕੇਸ ਨੇ ਉਹਨਾਂ ਦੇ ਘਰ ਦਾ ਮੂੰਹ ਦੂਜੇ ਪਾਸੇ ਲਾ ਦਿੱਤਾ ਸੀ। ਸਾਡੇ ਬੰਦੇ ਵੀ ਸ਼ਰੀਫ ਸੀ, ਏਨੇ ਚ ਸੰਤੁਸ਼ਟ ਹੋ ਗਏ ਪਈ ਚਲੋ ਜੇ ਮਾਰਿਆ ਏ, ਉਹਨਾਂ ਦੀ ਵੀ ਤਾਂ ਬਸ ਹੋ ਗਈ ਏ। ਖੈਰ, ਇਸ ਦੌਰਾਨ ਜੈਮਲ ਤੇ ਪਾਸ਼ਾ ਸਕੂਲੋਂ ਹੱਟ ਗਏ। ਜੈਮਲ ਸਾਡੇ ਤੋਂ ਅੱਗੇ ਸੀ, ਉਹਨੇ ਸ਼ਾਇਦ ਉਦੋਂ ਤੱਕ 8 ਕਰ ਲੀਆਂ ਸੀ ਜਾਂ ਪਤਾ ਨਹੀਂ ਪ੍ਰਾਈਵੇਟ ਦਸਵੀਂ ਵੀ ਕਰ ਲਈ ਹੋਵੇ। ਮੇਰਾ ਜੈਮਲ ਤੇ ਪਾਸ਼ੇ ਹੋਰਾਂ ਨਾਲ ਮੇਲ ਜੋਲ, ਗੱਲਬਾਤ ਹਮੇਸ਼ਾਂ ਲਈ ਟੁੱਟ ਗਈ।

ਦਸਵੀਂ ਕਰਕੇ ਮੈਂ ਪਿੰਡੋਂ ਆ ਗਿਆ। ਕਦੀ ਕਦਾਈਂ ਜਾਣਾ। ਜਦੋਂ ਪੈਸੇ ਮੁੱਕ ਜਾਣੇ। ਜੈਮਲ ਤੇ ਪਾਸ਼ੇ ਹੋਰੀਂ ਮੇਰੇ ਮਨ ਚੋਂ ਵਿਸਰ ਚੁੱਕੇ ਸਨ। ਆਪਣੀ ਬੰਬੀ ਤੱਕ ਜਾਣਾ ਤੇ ਕਦੇ ਉਹਨਾਂ ਦੂਰ ਪੈਲੀਆਂ ਵਾਹੁੰਦਿਆਂ ਨਜ਼ਰ ਵੀ ਆ ਜਾਣਾ ਪਰ ਮਿਲਣ ਗਿਲਣ ਦਾ ਤੇ ਮਤਲਬ ਹੀ ਕੋਈ ਨਹੀਂ ਸੀ। ਕਾਲਜ ਦੀਆਂ ਦੋਸਤੀਆਂ ਚ ਏਨਾ ਦਿਲ ਲੱਗਾ ਕਿ ਪਿੰਡ ਦੇ ਸਾਰੇ ਸਕੂਲ ਸਮੇਂ ਦੇ ਦੋਸਤ ਵਿਸਰ ਹੀ ਗਏ, ਸਿਵਾਏ 2-3 ਦੇ ਜਿਹੜੇ ਕਾਲਜ ਗਏ ਸੀ ਕਦੀ ਕਦਾਈਂ ਏਧਰ ਓਧਰ ਮੇਲ ਹੋ ਜਾਂਦਾ ਸੀ ਉਹਨਾਂ ਨਾਲ।

ਉਪਰਲੀ ਗੱਲ ਨੂੰ ਹੁਣ 9-10 ਸਾਲ ਹੋ ਗਏ ਸੀ।

ਜਦੋਂ ਮੈਂ ਘਰੋਂ ਨਿਕਲ ਕੇ ਪਹ੍ਹੇ ਤੇ ਆ ਰਿਹਾ ਸੀ ਤਾਂ ਮੈਨੂੰ ਲੱਗਾ ਪਾਸ਼ੇ ਦਾ ਤਾਇਆ?ਜੈਮਲ ਦਾ ਪਿਓ ਦਿਆਲ ਸਿਓਂ ਆਪਣੇ ਘਰ ਵਲੋਂ ਏਧਰ ਨੂੰ ਆ ਰਿਹਾ ਸੀ। ਪਿੰਡ ਜਾਣ ਦਾ ਇਹ ਉਹਨਾਂ ਦਾ ਰਾਹ ਸੀ। ਮੈਂ ਸੋਚਿਆ ਸ਼ਾਇਦ ਪਿੰਡ ਜਾ ਰਿਹਾ ਹੋਵੇ। ਜਦ ਉਹ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਉਹਦੇ ਕਦਮ ਥੋੜੇ ਜਿਹੇ ਰੁਕੇ ਪਰ ਉਹ ਬਿਨਾਂ ਬੋਲੇ ਮੇਰੇ ਨਾਲ ਦੀ ਅੱਗੇ ਲੰਘ ਗਿਆ। ਜਦ ਮੈਂ ਥੋੜਾ ਹੋਰ ਅੱਗੇ ਜਾ ਕੇ ਨਜ਼ਰ ਪਿਛਾਂਹ ਮਾਰੀ ਤਾਂ ਮੈਂ ਦੇਖਿਆ ਉਹ ਉਥੇ ਪਹ੍ਹੇ ਤੇ ਕਿਸੇ ਛੋਟੇ ਜਿਹੇ ਬੂਟੇ ਦੀ ਛਾਵੇਂ ਬੈਠਾ ਸੀ। ਮੈਂ ਬੰਬੀ ਤੇ ਪਹੁੰਚ ਗਿਆ। ਪਹਿਲਾਂ ਠੰਡੇ ਪਾਣੀ ਦੀ ਧਾਰ ਥੱਲੇ ਰੱਜ ਕੇ ਚੁੱਭੀਆਂ ਲਾਈਆਂ ਤੇ ਟਾਹਲੀ ਹੇਠ ਡੱਠੇ ਮੰਜੇ ਤੇ ਪੈਣ ਹੀ ਲੱਗਾ ਸਾਂ ਕਿ ਦੇਖਿਆ ਉਹ ਪਹ੍ਹੇ ਤੋਂ ਹੱਟ ਕੇ ਵੱਟੇ ਵੱਟ ਸਾਡੀ ਬੰਬੀ ਵੱਲ ਨੂੰ ਆ ਰਿਹਾ ਸੀ। ਮੇਰੇ ਮਨ ਚ ਇਹ ਦੁਸ਼ਮਣੀ ਵਾਲੀ ਗੱਲ ਖਣਕੀ। ਪਤਾ ਨਹੀਂ ਇਹਦੇ ਕੋਲ ਕੁੱਝ ਹੋਵੇ ਨਾ। ਦੁਸ਼ਮਣੀ ਦੇ ਮਾਮਲੇ ਚ ਜੱਟ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ। ਇਹ ਮੇਰੇ ਵੱਲ ਨੂੰ ਕਿਓਂ ਆ ਰਿਹਾ ਏ। ਅੱਜਕਲ੍ਹ ਤੇ ਸਾਡੇ ਇਲਾਕੇ ਚ ਹਾਰੀ ਸਾਰੀ ਹਥਿਆਰ ਲਈ ਫਿਰਦਾ, ਕਿੱਤੇ ਏਹਦਾ ਕੋਈ ਹੋਰ ਇਰਾਦਾ ਨਾ ਹੋਵੇ। ਇੱਕ ਦਮ ਯਾਦ ਆਇਆ ਇਹਦਾ ਮੁੰਡਾ ਜੈਮਲ ਤੇ ਸੁਣਿਆ ਸੀ ਕੁੱਝ ਸਾਲ ਪਹਿਲਾਂ ਫੌਜ ਚ ਭਰਤੀ ਹੋ ਗਿਆ। ਫੌਜੀਆਂ ਦੇ ਘਰਾਂ ਚ ਹਥਿਆਰ ਹੁੰਦਾ ਈ ਏ। ਮੈਂ ਮੰਜੇ ਤੇ ਪੈਣਾ ਤੇ ਕੀ ਸੀ ਖੜ੍ਹਾ ਹੋ ਕੇ ਦੇਖਣ ਲੱਗਾ ਕਿ ਏਥੋਂ ਸਾਡੇ ਘਰਾਂ ਵੱਲ ਕੋਈ ਹੋਰ ਬੰਦਾ ਨਜ਼ਰ ਆਉਂਦਾ ਹੋਵੇ। ਲੋੜ ਪੈਣ ਤੇ ਬੁਲਬਲੀ ਮਾਰਕੇ ਸੁਚੇਤ ਕੀਤਾ ਜਾ ਸਕਦਾ। ਪਰ ਗਰਮੀ ਦੇ ਦਿਨ ਕੋਈ ਨਜ਼ਰੀਂ ਨ ਆਇਆ। ਦੇਖਿਆ, ਉਹ ਵੀ ਮੇਰੇ ਤੋਂ ਦੋ ਕੁ ਪੈਲੀਆਂ ਦੂਰ ਫਿਰ ਖਾਲ ਦੇ ਕੰਢੇ ਛਾਵੇਂ ਬੈਠ ਗਿਆ। ਮੈਨੂੰ ਲੱਗਾ ਮੇਰਾ ਏਥੇ ਇੱਕਲੇ ਬੈਠਣਾ ਠੀਕ ਨਹੀਂ। ਵਾਪਸ ਘਰ ਨੂੰ ਜਾਇਆ ਜਾਵੇ। ਮੈਂ ਧੁੱਪ ਤੋਂ ਬਚਣ ਲਈ ਆਪਣਾ ਗਿੱਲਾ ਪਰਨਾ ਸਿਰ ਉੱਤੇ ਰੱਖਿਆ ਤੇ ਘਰ ਨੂੰ ਤੁਰ ਪਿਆ। ਲੰਘਣਾ ਮੈਂ ਫਿਰ ਉਹਦੇ ਨਾਲ ਦੀ ਸੀ, ਕੋਈ ਅੱਧੇ ਕਿੱਲੇ ਦੀ ਵਿੱਥ ਤੇ। ਜਦ ਮੈਂ ਉਹਦੇ ਨੇੜੇ ਆਇਆ ਤਾਂ ਉਹ ਉੱਠ ਕੇ ਮੇਰੇ ਵੱਲ ਨੂੰ ਤੁਰ ਪਿਆ। ਪਹਿਲਾਂ ਤੇ ਮੈਂ ਡਰਿਆ, ਪਰ ਦੇਖਿਆ ਉਹਦੇ ਹੱਥ ਵਿੱਚ ਕੋਈ ਪੇਪਰ ਫੜ੍ਹਿਆ ਹੋਇਆ ਸੀ। ਉਹਦਾ ਅੰਦਾਜ਼ ਵੀ ਮੈਨੂੰ ਗਰੀਬੜਾ ਜਿਹਾ ਲੱਗਾ ਜਿਵੇਂ ਕੋਈ ਤਰਲੇ ਜਿਹੇ ਨਾਲ ਔਹਲ ਰਿਹਾ ਹੋਵੇ।

ਅਜੇ ਮੈਂ ਜੱਕੋ ਤੱਕੇ ਵਿੱਚ ਹੀ ਸੀ ਕਿ ਉਹਨੇ ਮੈਨੂੰ ਰੋਕਣ ਦੇ ਅੰਦਾਜ਼ ਵਿੱਚ ਉੱਚੀ ਆਵਾਜ਼ ਮਾਰੀ ਪਾੜ੍ਹਿਆ! ਜ਼ਰਾ ਰੁਕੀਂ। ਕਾਗਜ਼ ਵਾਲਾ ਹੱਥ ਉਹਦਾ 30 ਗਜ਼ ਤੋਂ ਹੀ ਮੇਰੇ ਵੱਲ ਉਲਰਿਆ ਹੋਇਆ ਸੀ।

ਮੈਂ ਰੁੱਕ ਗਿਆ। ਦਿਆਲ ਸਿੰਘ ਮੇਰੇ ਕੋਲ ਆਇਆ ਤੇ ਬਿਨਾ ਬੋਲੇ ਹੱਥਲਾ ਲਿਫਾਫਾ ਮੇਰੇ ਵੱਲ ਕਰ ਦਿੱਤਾ ਤੇ ਮੇਰੇ ਚਿਹਰੇ ਵੱਲ ਵੇਖਣ ਲੱਗਾ। ਕਈਆਂ ਸਾਲਾਂ ਬਾਅਦ ਉਹ ਮੇਰੇ ਏਨਾ ਨੇੜੇ ਖਲੋਤਾ ਸੀ। ਹੁਣ ਮੈਂ ਸਕੂਲ ਜਾਂਦੇ ਆਮ ਜਿਹੇ ਪੇਂਡੂ ਮੁੰਡੇ ਤੋਂ ਪੜ੍ਹਿਆ ਲਿਖਿਆ ਨੌਜਵਾਨ ਬਣ ਚੁੱਕਾ ਸੀ। ਸ਼ਾਇਦ ਉਹ ਏਸੇ ਤਬਦੀਲੀ ਨੂੰ ਨਿਹਾਰ ਰਿਹਾ ਸੀ। ਲਿਫਾਫਾ ਪਹਿਲਾਂ ਹੀ ਖੁੱਲ੍ਹਿਆ ਹੋਇਆ ਸੀ। ਚਿੱਠੀ ਅੰਗਰੇਜ਼ੀ ਵਿੱਚ ਟਾਈਪ ਕੀਤੀ ਹੋਈ ਸੀ। ਅਜੇ ਮੈਂ ਪੇਪਰ ਖੋਲ੍ਹ ਹੀ ਰਿਹਾ ਸੀ ਕਿ ਉਹ ਬੜੀ ਅਪਣਤ ਨਾਲ ਬੋਲਿਆ ਆਹ ਸਾਡੇ ਜੈਮਲ ਦੇ ਨਾਉਂ ਆਈ ਲੱਗਦਾ। ਪਿੰਡ ਚੱਲਿਆ ਸੀ ਮਾਸਟਰ ਨੂੰ ਪੜਾਉਣ, ਸੋਚਿਆ ਐਨੀ ਗਰਮੀ ਚ ਕਿੱਥੇ ਤੁਰਿਆ ਜਾਊਂ। ਤੂੰ ਵੀ ਸਾਡੇ ਜੈਮਲ ਦਾ ਹਾਣੀ ਏਂ....... ਉਹ ਬੋਲੀ ਜਾ ਰਿਹਾ ਸੀ ਪਰ ਚਿਹਰਾ ਉਹਦਾ ਉਤਰਿਆ ਹੋਇਆ ਸੀ। ਚਿੱਠੀ ਨੇ ਬਿਨਾਂ ਪੜ੍ਹੇ ਹੀ ਉਹਦੇ ਮਨ ਚ ਕੋਈ ਤੜਥੱਲੀ ਮਚਾਈ ਹੋਈ ਸੀ।

ਮੈਂ ਇੱਕ ਸਫੇ ਦੀ ਚਿੱਠੀ ਪੜ੍ਹੀ। ਚਿੱਠੀ ਦੇ ਉਪਰਲੇ ਤੇ ਹੇਠਲੇ ਹਿੱਸੇ ਵਿੱਚ ਕੁੱਝ ਸਥਾਈ ਜਿਹੀ ਜਾਣਕਾਰੀ ਤੇ ਖ਼ਤ ਪੱਤਰ ਲਈ ਐਡਰੈਸ ਵਗੈਰਾ ਸੀ ਪਰ ਵਿਚਾਲੇ 2-3 ਲਾਈਨਾਂ ਦੇ ਇੱਕ ਛੋਟੇ ਜਿਹੇ ਪੈਰੇ ਵਿੱਚ ਅਸਲੀ ਸੁਨੇਹਾ ਲਿਖਿਆ ਹੋਇਆ ਸੀ - ਸ੍ਰੀ ਲੰਕਾ ਦੇ ਜ਼ਾਫਨਾ ਇਲਾਕੇ ਵਿੱਚ ਫਲਾਨੇ ਦਿਨ ਫਲਾਨੀ ਬਟਾਲੀਅਨ ਦੀ ਫਲਾਨੀ ਫੌਜੀ ਟੁੱਕੜੀ ਗ਼ਸ਼ਤ ਲਈ ਗਈ ਸੀ ਪਰ ਦੁਸ਼ਮਣਾਂ ਨਾਲ ਹੋਈ ਝੜਪ ਦੌਰਾਨ ਜੈਮਲ ਸਿੰਘ ਸੰਧੂ ਲਾਪਤਾ ਹੋ ਗਿਆ ਹੈ। ਅਜੇ ਤੱਕ ਉਸਦੀ ਕੋਈ ਸੂਹ ਨਹੀਂ ਮਿਲੀ। ਜਿਓਂ ਹੀ ਉਸਦੀ ਲਾਸ਼ ਜਾਂ ਉਸ ਬਾਰੇ ਕੋਈ ਹੋਰ ਜਾਣਕਾਰੀ ਮਿਲੀ ਉਸਦੇ ਪ੍ਰੀਵਾਰ ਨਾਲ ਸਾਂਝੀ ਕੀਤੀ ਜਾਏਗੀ।
ਚਿੱਠੀ ਮੁਤਾਬਕ ਉਹ ੰੀੳ ਸੀ ਪਰ ਇਹ ਐਵੇਂ ਟਾਲਣ ਵਾਲੀ ਗੱਲ ਸੀ।

ਮੈਂ ਪੜ੍ਹ ਕੇ ਸੁੰਨ ਹੋ ਗਿਆ। ਮੈਂ ਜੈਮਲ ਦੇ ਪਿਓ ਨੂੰ ਪਿਛਲੇ 6-7 ਸਾਲ ਤੋਂ ਦੇਖਿਆ ਤੱਕ ਨਹੀਂ ਸੀ। 10 ਸਾਲ ਤੋਂ ਕਦੇ ਇਸ ਜਾਂ ਇਸਦੇ ਪ੍ਰੀਵਾਰ ਨਾਲ ਕੋਈ ਬੋਲ ਸਾਂਝਾ ਨਹੀਂ ਸੀ ਹੋਇਆ। ਬੜਾ ਸੰਭਲ ਕੇ ਮੈਂ ਸਾਦਾ ਜਿਹਾ ਪੰਜਾਬੀ ਤਰਜ਼ਮਾ ਉਸਨੂੰ ਸੁਣਾਇਆ। ਉਸਦੇ ਲਾਪਤਾ ਹੋਣ ਵਾਲੀ ਗੱਲ ਦੱਸੀ ਤੇ ਦੱਸਿਆ ਕਿ ਫੌਜੀ ਮਹਿਕਮਾ ਜਲਦੀ ਉਹਦੇ ਬਾਰੇ ਹੋਰ ਜਾਣਕਾਰੀ ਭੇਜੇਗਾ। ਉਹ ਚੁੱਪ ਚਾਪ ਸੁਣਦਾ ਰਿਹਾ। ਮੈਂ ਲਾਸ਼ ਵਾਲੀ ਗੱਲ ਤਰਜ਼ਮੇ ਚ ਲੁਕਾਅ ਗਿਆ ਜਾਂ ਸਮਝੋ ਮੇਰਾ ਕਹਿਣ ਨੂੰ ਹੀਆਂ ਨਾ ਪਿਆ ਪਰ ਮੈਨੂੰ ਲੱਗਾ ਉਹਦੀਆਂ ਅੱਖਾਂ ਨਮ ਸੀ। ਚਿੱਠੀ ਉਹਦੀ ਸਮਝ ਪੈ ਗਈ ਸੀ। ਉਹਨੇ ਮੇਰੇ ਤੋਂ ਮੂੰਹ ਪਾਸੇ ਕਰ ਲਿਆ ਤੇ ਭਰਵੀਂ ਜਿਹੀ ਅਵਾਜ਼ ਚ ਪੁੱਛਿਆ ਪਾੜ੍ਹਿਆ, ਫਿਰ ਅਜੇ ਹੋਰ ਚਿੱਠੀ ਉਡੀਕੀਏ..ਕਿ......? ਸਵਾਲ ਉਹਦੇ ਮੂੰਹ ਚ ਹੀ ਰਹਿ ਗਿਆ ਤੇ ਉਹ ਬਿਨਾਂ ਕੁੱਝ ਕਹੇ ਇੱਕ ਦਮ ਆਪਣੇ ਘਰ ਵੱਲ ਨੂੰ ਤੁਰ ਪਿਆ।

ਮੈਂ ਅੱਜ ਵੀ ਇਹ ਸੋਚ ਕਿ ਤ੍ਰੱਭਕ ਜਾਨਾ ਕਿ ਉਸ ਦਿਨ ਦਿਆਲ ਸਿੰਘ ਆਪਣੇ ਘਰ ਕਿੰਝ ਗਿਆ ਹੋਏਗਾ।

ਅੱਗਲੇ ਦਿਨ ਸਵੇਰੇ ਮੈਂ ਲੁਧਿਆਣੇ ਆ ਗਿਆ ਤੇ ਫਿਰ ਦੋ ਮਹੀਨੇ ਬਾਅਦ ਗਿਆ। ਓਦੋਂ ਤੱਕ ਜੈਮਲ ਦੇ ਸਭ ਕਾਰਜ ਪੂਰੇ ਹੋ ਚੁੱਕੇ ਸੀ। ਜੈਮਲ ਦੀਆਂ ਨਿੱਕੀਆਂ ਨਿੱਕੀਆਂ ਮੁੱਛਾਂ ਤੇ ਦਾਹੜੀ, ਹਸੂੰ ਹਸੂੰ ਕਰਦਾ ਗੋਰਾ ਨਿਛੋਹ ਚਿਹਰਾ ਤੇ ਉਸ ਦਿਨ ਉਸਦੇ ਪਿਓ ਦੇ ਮੇਰੇ ਤੋਂ ਪਾਸਾ ਵੱਟ ਕੇ ਛੁਪਾਏ ਹੰਝੂ ਮੈਨੂੰ ਹਮੇਸ਼ਾਂ ਯਾਦ ਰਹਿਣਗੇ। ਇਸ ਗੱਲ ਨੂੰ ਵੀ ਹੁਣ 23-24 ਸਾਲ ਹੋ ਗਏ ਨੇ। ਅਮਰੀਕਾ ਵਿੱਚ ਵਿਚਰਦਿਆਂ ਅਕਸਰ ਤਾਮਿਲ ਤੇ ਸ੍ਰੀਲੰਕਨ ਮੂਲ ਦੇ ਇੰਜੀਨੀਅਰਾਂ ਨਾਲ ਵਾਹ ਪੈ ਜਾਂਦਾ। ਉਹਨਾਂ ਨਾਲ ਗੱਲ ਕਰਦਿਆਂ ਮੈਂ ਹਮੇਸ਼ਾਂ ਸੋਚਦਾਂ, ਸਾਡਾ ਜੈਮਲ ਭੰਗ ਦੇ ਭਾੜੇ ਗਿਆ। ਪੰਜਾਬ ਦੇ ਪਤਾ ਨਹੀਂ ਕਿੰਨੇ ਜੈਮਲ ਭੰਗ ਦੇ ਭਾੜੇ ਗਏ ਨੇ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346