ਵੈਸੇ ਤਾਂ ਹਰ ਮੁਲਕਾਂ ਦੇ
ਵਿਹਲੜਾਂ ਦੇ ਆਪਣਾ ਵਕਤ ਬਿਤਾਉਣ ਦੇ ਤਰੀਕਿਆਂ ਵਿਚ ਬਹੁਤ ਕੁਝ ਸਾਂਝਾ ਹੁੰਦਾ ਹੈ ਪਰ
ਪੰਜਾਬੀ ਖਾਸ ਤੌਰ ਤੇ ਜਦ ਉਹ ਕੈਨੇਡਾ ਦਾ ਬਸਿੰਦਾ ਹੋਵੇ ਤਾਂ ਉਸ ਦਾ ਆਪਣਾ ਦਿਨ ਬਿਤਾਉਣ ਦਾ
ਤੌਰ ਤਰੀਕਾ ਕੁਝ ਅਲਗ ਅੰਦਾਜ਼ ਦਾ ਹੁੰਦਾ ਹੈ।
ਵਿਹਲੜ ਸ਼ਬਦ ਦਾ ਭਾਵ ਹੈ ਜਿਸ ਕੋਲ ਵਿਹਲ ਹੋਵੇ। ਵਿਹਲ ਦੋ ਤਰਾਂ ਦੀ ਹੁੰਦੀ ਹੈ, ਇਕ ਉਹ
ਵਿਹਲ ਜਿਹੜੀ ਕੋਈ ਪੰਜ ਦਿਨ ਕੰਮ ਨਾਲ ਥੱਕ ਹਾਰ ਕੇ ਖਟਦਾ ਹੈ ਅਤੇ ਦੂਸਰੀ ਤਰ੍ਹਾਂ ਦੀ ਵਿਹਲ
ਜਿਹੜੀ ਕੰਮ ਨਾ ਕਰਨ ਕਰਕੇ ਭਾਵੇਂ ਇਹ ਮਿਲਦਾ ਵੀ ਹੋਵੇ ਤਾਂ ਵੀ ਨਾ ਕਰਕੇ ਲੁੱਟੀ ਜਾਂਦੀ
ਹੈ। ਪਰ ਮੇਰਾ ਇੱਥੇ ਬਹੁਤਾ ਸਬੰਧ ਇਸ ਦੂਸਰੀ ਤਰ੍ਹਾਂ ਦੀ ਵਿਹਲ ਨਾਲ ਹੈ ਅਤੇ ਉਹਨਾਂ ਨਾਲ
ਜਿਹੜੇ ਇਹ ਹੰਢਾ ਰਹੇ ਹੋਣ। ਇਸ ਬੰਨਗੀ ਦੇ ਵਿਹਲੜਾਂ ਨੂੰ ਅਸੀਂ ਠੇਠ ਵਿਹਲੜਾਂ ਦਾ ਨਾਂਅ ਦੇ
ਸਕਦੇ ਹਾਂ। ਕੈਨੇਡਾ ਵਿਚ ਬਹੁਤੇ ਪੰਜਾਬੀ ਵਿਹਲੜਾਂ ਦਾ ਕੰਮ ਆਪਣੇ ਪੋਤੇ ਪੋਤੀਆਂ ਨੂੰ ਜਾਂ
ਦੋਹਤੇ ਦੋਹਤੀਆਂ ਨੂੰ ਖਿਡਾਉਣਾ ਹੁੰਦਾ ਹੈ ਜਾਂ ਜੇਕਰ ਉਹ ਕੁਝ ਵੱਡੇ ਹੋਣ ਅਤੇ ਨਵੇਂ ਨਵੇਂ
ਸਕੂਲ ਜਾਣ ਲੱਗੇ ਹੋਣ ਤਾਂ ਉਹਨਾਂ ਨੂੰ ਸਕੂਲ ਛੱਡਣਾ ਅਤੇ ਸਕੂਲੋਂ ਲਿਆਉਣਾ। ਪਰ ਕੁਝ
ਟੈੇਕਨੀਕਲ ਕਾਰਣਾਂ ਕਰਕੇ ਇਨ੍ਹਾਂ ਵਿਹਲੜਾਂ ਨੂੰ ਠੇਠ ਵਿਹਲੜਾਂ ਦੀ ਕੈਟਾਗਰੀ ਵਿਚ ਨਹੀਂ
ਰਖਿਆ ਜਾ ਸਕਦਾ ਭਾਵੇਂ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਉਨ੍ਹਾਂ ਦੀਆਂ
ਦੁੱਖਦੀਆਂ ਰਗਾਂ ਨੂੰ ਛੇੜ ਰਹੇ ਹੋਵਾਂਗੇ। ਸਾਨੂੰ ਇਹ ਵੀ ਪਤਾ ਹੈ ਕਿ ਵੈਸੇ ਉਨ੍ਹਾਂ ਵਿਚ
ਠੇਠ ਪੰਜਾਬੀ ਵਿਹਲੜ ਬਨਣ ਦੀ ਪੂਰੀ ਯੋਗਤਾ ਛੁੱਪੀ ਹੁੰਦੀ ਹੈ ਪਰ ਇਹ ਕੁਝ ਘਰੋਗੀ ਕਾਰਣਾਂ
ਕਰਕੇ ਅਜੇ ਪੂਰੀ ਤਰ੍ਹਾਂ ਬਾਹਰ ਆ ਕੇ ਵਿਕਸਤ ਨਹੀਂ ਹੋਈ ਹੁੰਦੀ।
ਇਕ ਠੇਠ ਪੰਜਾਬੀ ਵਿਹਲੜ ਨੂੰ ਆਪਣੀ ਵਿਹਲ ਨੂੰ ਕਿਸੇ ਬੰਨੇ ਲਾਉਣ ਲਈ ਆਮ ਤੌਰ ਤੇ ਔਸਤਨ ਇਕ
ਹੋਰ ਵਿਹਲੜ ਦੀ ਲੋੜ ਹੁੰਦੀ ਹੈ। ਜੇਕਰ ਕੋਈ ਅਜੇਹਾ ਵਿਹਲੜ ਨਾ ਮਿਲੇ ਤਾਂ ਧੱਕੇ ਨਾਲ ਕਿਸੇ
ਨੂੰ ਇਕ ਦਿਨ ਲਈ ਜ਼ਬਰਨ ਵਿਹਲੜ ਬਨਾਉਣ ਦੇ ਮਨਸੂਬੇ ਨਾਲ ਹੀ ਵਿਹਲੜ ਦਾ ਦਿਨ ਸ਼ੁਰੂ ਹੁੰਦਾ
ਹੈ। ਅਸਲ ਵਿਚ ਵਿਹਲੜ ਦਾ ਦਿਨ ਸੂਰਜ ਦੇ ਚੜਣ ਸਾਰ ਹੀ ਨਹੀਂ ਸ਼ੁਰੂ ਹੁੰਦਾ। ਇਹ ਜ਼ਰਾ ਲੇਟ
ਸ਼ੁਰੂ ਹੁੰਦਾ ਹੈ ਜਦ ਕੰਮ ਕਰਨ ਵਾਲੇ ਉਸ ਦੀ ਵਿਹਲ ਨੂੰ ਵਿਗਾੜ ਨਾ ਸਕਦੇ ਹੋਣ ਅਤੇ ਉਸ ਦੀ
ਵਿਹਲ ਦਾ ਨਜ਼ਾਇਜ਼ ਫਾਇਦਾ ਨਾ ਉਠਾ ਸਕਦੇ ਹੋਣ। ਮਸਲਨ ਉਹ ਉਸ ਨੂੰ ਇਹ ਨਾ ਕਹਿ ਸਕਦੇ ਹੋਣ
ਕਿ ਭਗਤਿਆ ਤੂੰ ਵਿਹਲਾ ਏਂ ਜ਼ਰਾ ਮੇਰੇ ਲਈ ਪਰਾਈਸ਼ ਚੌਪਰਜ਼ ਤੋਂ ਦੋ ਪੈਕਟ ਦੁੱਧ ਲੈ ਕੇ
ਸਾਡੇ ਘਰ ਦੇ ਦੇਵੀਂ ਜਾਂ ਉਹੇ ਜਗਤਿਆ ਜ਼ਰਾ ਸਾਡੇ ਬੱਚਿਆਂ ਦਾ ਧਿਆਨ ਰਖੀਂ ਅਸੀਂ ਬਰੈਂਮਲੀ
ਡਰੱਗ਼ਮਾਰਟ ਵਿਚ ਡਾਕਟਰ ਦੇ ਜਾਣਾ ਹੈ। ਠੇਠ ਵਿਹਲੜਾਂ ਨੂੰ ਕੰਮ ਕਾਰ ਕਰਨ ਵਾਲੇ ਅਤੇ ਉਹਨਾਂ
ਕੋਲੋਂ ਕੰਮ ਲੈਣ ਦੀ ਆਸ ਰਖਣ ਵਾਲੇ ਬੰਦੇ ਚੰਗੇ ਨਹੀਂ ਲਗਦੇ।
ਚਲੋ, ਅਸੀਂ ਇਸ ਆਪਣੇ ਇਸ ਕਲਪਿਤ ਵਿਹਲੜ ਦਾ ਨਾਂਅ ਰਖ ਲੈਂਦੇ ਹਾਂ: ਪਰਸਾ। ਸੋ ਸਾਡਾ ਪਰਸਾ
ਦੇਰ ਰਾਤ ਨੂੰ ਸੋਂਣ ਕਰਕੇ ਢੇਰ ਦਿਨ ਚੜ੍ਹੇ ਉੱਠਦਾ ਹੈ। ਅਸਲ ਵਿਚ ਉਹ ਕਦੇ ਸੂਰਜ਼ ਵੇਖਕੇ
ਆਪਣੀ ਵਿਹਲ ਬਿਤਾਉਣ ਦਾ ਕੰਮ ਨਹੀਂ ਕਰਦਾ। ਸੂਰਜ ਵਲ ਤਾਂ ਉਸ ਦੀ ਹਮੇਸ਼ਾ ਪਿੱਠ ਰਹਿੰਦੀ
ਹੈ। ਪਰਸੇ ਪਾਸ ਵੀ ਇਥੋਂ ਦੇ ਹੋਰ ਵਿਹਲੜਾਂ ਵਾਂਗ ਖਰਚਣ ਲਈ ਸਰਕਾਰੀ ਪੈਸੇ ਹੁੰਦੇ ਹਨ। ਇਹ
ਉਸ ਕਿਸ ਤਰ੍ਹਾਂ ਕਮਾਏ ਹੁੰਦੇ ਹਨ ਇਸ ਦੀ ਤਫ਼ਸੀਲ ਵਿਚ ਜਾਣ ਦੀ ਲੋੜ ਨਹੀਂ। ਲੋੜ ਤਾਂ ਸਿਰਫ
ਪਰਸੇ ਨੂੰ ਆਪਣੀ ਵਿਹਲ ਖਰਚਦਿਆਂ ਤੁਹਾਡੇ ਵੇਖਣ ਦੀ ਹੈ। ਪਰ ਦਿੱਕਤ ਇਹ ਹੈ ਕਿ ਹਰ ਵਿਹਲਾ
ਬੰਦਾ ਚਾਹੁੰਦਾ ਹੈ ਕਿ ਉਸ ਦੀ ਵਿਹਲ ਕਿਸੇ ਨੂੰ ਨਾ ਦਿੱਸ ਸਕੇ। ਉਹ ਆਪਣੀ ਵਿਹਲ ਨੂੰ ਲੁਕੋਣ
ਦੇ ਬਹੁਤ ਤਰੀਕੇ ਜਾਣਦਾ ਹੈ। ਉਹ ਆਪਣੇ ਮੂੰਹ ਨੂੰ ਕੁਝ ਇਸ ਤਰ੍ਹਾਂ ਬਣਾ ਕੇ ਜਾਂ ਕਹਿ ਲਵੋ
ਸੁਜਾ ਕੇ ( ਸਜਾ ਕੇ ਨਹੀਂ) ਰਖਦਾ ਹੈ ਕਿ ਵੇਖਣ ਵਾਲੇ ਨੂੰ ਜਾਪੇ ਕਿ ਦੁਨੀਆਂ ਦੇ ਸਾਰੇ
ਕੰਮਾਂ ਦਾ ਬੋਝ ਮਾਣੋ ਉਸ ਦੇ ਸਿਰ ਤੇ ਹੀ ਆਣ ਪਿਆ ਹੈ।
ਉਹ ਹਰ ਕੰਮ ਕੰਮਕਾਜ਼ੀ ਤੇਜ਼ੀ ਨਾਲ ਕਰਦਾ ਹੈ। ਇਹ ਤੇਜ਼ੀ ਕੇਵਲ ਵਿਖਾਉਣ ਲਈ ਹੁੰਦੀ ਹੈ।
ਮਸਲਨ ਤੁਹਾਡੇ ਕੋਲੋਂ ਲੰਘਦਾ ਹੋਇਆ ਉਹ ਚਾਲ ਕੁਝ ਤੇਜ਼ ਕਰ ਲੈਂਦਾ ਹੈ ਅਤੇ ਅਗੋਂ ਜਾ ਕੇ
ਬੇਸ਼ਕ ਇਹ ਕੂਝ ਵੱਧ ਹੀ ਢਿਲੀ ਕਿਉਂ ਨਾ ਹੋ ਜਾਵੇ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਰਗੇ
ਵਿਹਲੜ ਕਿੱਥੇ ਅਤੇ ਕਦੋਂ ਮਿਲ ਸਕਦੇ ਹਨ। ਉਹ ਆਪਣੀ ਨਸਲ ਦੇ ਬੰਦੇ ਨੂੰ ਸੁੰਘ ਕੇ ਪਛਾਣ
ਸਕਦਾ ਹੈ। ਅਜੇਹੇ ਵਿਹਲੜ ਬੇਟਿੱਕਟੇ ਕਬੱਡੀ ਦੇ ਟੂਰਨਾਮੈਂਟਾਂ ਦੀ ਭਾਲ ਵਿਚ ਰਹਿੰਦੇ ਹਨ
ਜਿਹੜੇ ਇੱਥੇ ਹਰ ਵੇਲੇ ਕਵੇਲੇ ਲਗਦੇ ਰਹਿੰਦੇ ਹਨ। ਉਹ ਗੁਰਦਵਾਰਿਆਂ ਦਾ ਲੰਗਰ ਬੜੇ ਪਿਆਰ
ਅਤੇ ਸ਼ਰਧਾ ਦੀ ਭਾਵਨਾ ਨਾਲ ਛਕਦੇ ਹਨ ਅਤੇ ਮੁਫਤ ਦੀਆਂ ਪੰਜਾਬੀ ਅਖਬਾਰਾਂ ਨੂੰ ਵੀ ਉੱਥੇ ਹੀ
ਬਾਹਰ ਅਤੇ ਅੰਦਰ ਬਣੇ ਚੌਂਤਰਿਆਂ ‘ਤੇ ਬੈਠ ਕੇ ਲੋੜ ਅਨੁਸਾਰ ਥੁਹੜਾ ਬਹੁਤਾ ਪੜ੍ਹਦੇ ਹਨ
ਜਿੰਨੇ ਸਮੇਂ ਵਿਚ ਉਨ੍ਹਾਂ ਨੂੰ ਆਪਣਾ ਕੋਈ ਹੋਰ ਸਾਥੀ ਨਹੀਂ ਮਿਲ ਜਾਂਦਾ ਅਤੇ ਫਿਰ ਉਹਨਾਂ
ਨੂੰ ਉੱਥੇ ਹੀ ਪਿਆਰ ਸਤਿਕਾਰ ਸਹਿਤ ਪਈਆਂ ਰਹਿਣ ਦਿੰਦੇ ਹਨ। ਆਪਣੇ ਸਾਥੀਆਂ ਦੇ ਮਿਲਣ ਸਾਰ
ਗੁਰਦਵਾਰੇ ਅਤੇ ਰੱਬ ਨੂੰ ਉੱਥੇ ਛੱਡ ਕੇ ਆਪ ਉੱਥੋਂ ਖਿਸਕ ਆਉਂਦੇ ਹਨ। ਪਾਰਕਾਂ ਵਿਚ ਗੱਡੇ
ਬੈਂਚਾਂ ਦੇ ਖਾਲੀ ਹੋਣ ਦੇ ਸਮੇਂ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ। ਮੀਂਹ ਪੈਣਾ
ਹੋਵੇ ਤਾਂ ਉਹਨਾਂ ਕੋਲ ਛੱਤਰੀ ਹੁੰਦੀ ਹੈ, ਸਰਦੀ ਦਾ ਡਰ ਹੋਵੇ ਤਾਂ ਉਹ ਜਿਸਮ ਨੂੰ ਢਕਣ ਵਿਚ
ਅਤੇ ਸੱਜ ਧੱਜ ਨਾਲ ਬਾਹਰ ਨਿਕਲਣ ਵਿਚ ਆਪਣੀ ਵਿਹਲ ਦਾ ਚੋਖਾ ਹਿੱਸਾ ਖਰਚ ਦਿੰਦੇ ਹਨ। ਤਾਸ਼
ਖੇਡਣ ਅਤੇ ਗਪਸ਼ੱਪ ਵਿਚ ਤਾਂ ਉਹ ਆਪਣੀਆਂ ਕਈ ਜਿੰਦਗੀਆਂ ਲੰਘਾ ਸਕਦੇ ਹਨ। ਇੱਥੇ ਦੀਆਂ
ਕਮਿਊਨਿਟੀ ਸੈਂਟਰਾਂ ਨੇ ਵੀ ਇਨ੍ਹਾਂ ਲਈ ਤਾਸ਼ਖੇਡ ਟੇਬਲਾਂ ਬਣਾਈਆਂ ਹੋਈਆਂ ਹਨ। ਪੰਜਾਬੀ
ਵਿਹਲੜਾਂ ਦੇ ਹੱਥਾਂ ਵਿਚ ਵਿਹਲ ਦੀ ਬੇਕਦਰੀ ਦੀ ਕਲਾ ਇਤਨੀ ਵਿਕਸਤ ਹੋ ਗਈ ਹੁੰਦੀ ਹੈ ਕਿ ਼
ਵਕਤ ਨੇ ਉਹਨਾਂ ਦੀ ਦੁਸ਼ਮਣੀ ਅੱਗੇ ਆਪਣੇ ਸਾਰੇ ਹਥਿਆਰ ਕਦੋਂ ਦੇ ਸੁੱਟ ਦਿੱਤੇ ਹੁੰਦੇ ਹਨ
ਅਤੇ ਆਪਣੀ ਹਾਰ ਮੰਨ ਲਈ ਹੁੰਦੀ ਹੈ।
ਪਰਸਾ ਕੈਨੇਡਾ ਵਿਚ ਨਵੇਂ ਆਏ ਬੰਦੇ ਨੂੰ ਇਵੇਂ ਪਛਾਣ ਲੈਂਦਾ ਹੈ ਜਿਵੇਂ ਸਿ਼ਕਾਰੀ ਕੁੱਤਾ
ਝਾੜੀ ਵਿਚ ਦੁਬਕੇ ਹੋਏ ਖ਼ਰਗੋਸ਼ ਨੂੰ। ਅਜੇਹੇ ਬੰਦੇ ਹੀ ਉਸ ਦੀ ਵਿਹਲ ਨੂੰ ਸਾਰਥਕ ਕਰ ਸਕਦੇ
ਹਨ। ਪਰਸਾ ਕਦੇ ਲਾਇਬਰੇਰੀ ਵਿਚ ਨਹੀਂ ਜਾਂਦਾ। ਉਸ ਪਾਸ ਕਿਤਾਬਾਂ ਪੜਣ੍ਹ ਦੀ ਵਿਹਲ ਕਿੱਥੇ?
ਉਹ ਵਕਤ ਦਾ ਇਤਨਾ ਪਾਬੰਦ ਹੈ ਕਿ ਮਜ਼ਾਲ ਹੈ ਕਿਸੇ ਦੇ ਘਰ ਵਿਚ ਰਖਾਏ ਅਖੰਡ ਪਾਠ ਦੇ ਭੋਗ
ਪੈਣ ਤੋਂ ਐਨ ਪੰਜ ਮਿੰਟ ਪਹਿਲਾਂ ਨਾ ਪਹੁੰਚ ਜਾਵੇ। ਉਸ ਨੂੰ ਹੋਰ ਪਹਿਲਾਂ ਜਾਣਾ ਇਸ ਕਰਕੇ
ਪਸੰਦ ਨਹੀਂ ਕਿ ਅਜੇਹਾ ਕਰਨ ਨਾਲ ਕਿਤੇ ਲੋਕ ਉਸ ਨੂੰ ਵਿਹਲੜ ਅਤੇ ਨਿਕੰਮਾ ਹੀ ਨਾ ਸਮਝ ਲੈਣ
ਅਤੇ ਇਹ ਸਮਝਦੇ ਹੋਏ ਉਸ ਨੂੰ ਕਸੂਤੇ ਕੰਮ ਵਿਚ ਹੀ ਨਾ ਫਸਾ ਦੇਣ। ਮਸਲਨ ਪਾਠੀ ਸਿੰਘਾਂ ਨੂੰ
ਰੋਟੀ ਖੁਆਣਾ, ਉਹਨਾਂ ਨੂੰ ਰੌਲ਼ ਲਈ ਜਗਾਉਣਾ,ਆਦਿ। ਮੂਸਾ ਭੱਜਿਆ ਕੰਮ ਤੋਂ ਅਗੇ ਕੰਮ ਖੜਾ
ਵਾਲੀ ਕਹਾਵਤ ਹੀ ਸੱਚ ਨਾ ਹੋ ਜਾਵੇ। ਵੋਟਾਂ ਵਾਲੇ ਦਿਨ ਉਹਨਾਂ ਨੂੰ ਬਹੁਤ ਰਾਸ ਆਉਂਦੇ ਹਨ।
ਉਹਨਾਂ ਦਿਨਾਂ ਵਿਚ ਉਹ ਬਹੁਤ ਰੁਝੇ ਹੋਏ ਬੰਦੇ ਬਣ ਜਾਂਦੇ ਹਨ। ਇਹ ਉਹਨਾਂ ਦੀ ਕਦਰ ਪੈਣ ਦੇ
ਦਿਨ ਹੁੰਦੇ ਹਨ।
ਕੈਨੇਡਾ ਵਿਚ ਵਿਹਲੇ ਬੰਦੇ ਦੀ ਮਦਦ ਕਰਨ ਵਿਚ ਇੱਥੋਂ ਦੀਆਂ ਸਰਕਾਰੀ ਬੱਸਾਂ ਬਹੁਤ ਸਹਾਈ
ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਸਹਾਈ ਹੁੰਦੀ ਹੈ ਸ਼ਾਮ ਵੇਲੇ ਦੀ ਦਾਰੂ। ਉਹਨਾਂ ਨੂੰ ਪਤਾ
ਹੁੰਦਾ ਹੈ ਕਿ ਕਿਵੇਂ ਇਕ ਟਿਕਟ ਨਾਲ ਦਿੱਲੀ ਦੱਖਣ ਗਾਹੁਣਾ ਹੈ। ਉਹ 18 ਨੰਬਰ ਤੇ ਪਹਿਲਾਂ
ਡਿਕਸੀ ਗੁਰਦਵਾਰੇ ਜਾਂਦੇ ਹਨ। ਲੰਗਰ ਤਿਆਰ ਮਿਲਦਾ ਹੈ। ਲੰਗਰ ਛੱਕਣ ਬਾਅਦ ਉਹ 42 ਨੰਬਰ ਦੀ
ਵੈਸਟਵੁੱਡ ਮਾਲ ਜਾਣ ਵਾਲੀ ਮਿਸੀਸਾਗਾ ਦੀ ਬੱਸ ਫੜ ਲੈਂਦੇ ਹਨ ਹਨ ਇਸ ਤਰ੍ਹਾਂ ਉਹਨਾਂ ਦੇ
ਮੁਫ਼ਤ ਸਫ਼ਰ ਦੇ ਦੋ ਘੰਟੇ ਹੋਰ ਵੱਧ ਜਾਂਦੇ ਹਨ। ਵੈਸਟਵੁੱਡ ਮਾਲ ਤੋਂ ਉਹ ਬਰੈਂਪਟਨ ਦੀ 30
ਨੰਬਰ ਪਕੜ ਲੈਂਦੇ ਹਨ ਅਤੇ ਮਾਲਟਨ ਗੁਰਦਵਾਰੇ ਚਾਹ ਦਾ ਲੰਗਰ ਛੱਕਦੇ ਹਨ। ਦੋ ਘੰਟੇ ਹੋਰ
ਵਧਾਉਣ ਲਈ ਉਹ ਹਰ ਡੇਢ ਘੰਟੇ ਵਿਚ ਲੋੜ ਅਤੇ ਸਮੇਂ ਅਨੁਸਾਰ ਮਿਸੀਸਾਗਾ ਤੋਂ ਬਰੈਂਪਟਨ ਅਤੇ
ਬਰੈਂਪਟਨ ਤੋਂ ਮਿਸੀਸਾਗਾ ਦੀ ਬੱਸ ਬਦਲਦੇ ਰਹਿੰਦੇ ਹਨ ਅਤੇ ਇਤਨੇ ਵਿਚ ਦਿਨ ਢਲਣ ਤੇ ਆ
ਜਾਂਦਾ ਹੈ। ਦਿਨ ਨੂੰ ਵਿਹਲ ਦੀ ਵਰਤੋਂ ਨਾਲ ਸਫਲਤਾ ਨਾਲ ਬਿਤਾਉਣਾ ਹੀ ਪਰਸੇ ਵਰਗੇ ਵਿਹਲੜਾਂ
ਦੀ ਮਿਸ਼ਨ ਸਟੇਟਮੈਂਟ ਹੈ।
ਪਰਸੇ ਨੂੰ ਕੈਨੇਡਾ ਵਿਚ ਆਏ 11 ਸਾਲ ਹੋ ਚੁੱਕੇ ਹਨ। ਪੈਨਸ਼ਨ ਲਗੀ ਹੋਈ ਹੈ। ਘਰ ਵਿਚ ਅਤੇ
ਪੰਜਾਬ ਵਿਚ ਇਜ਼ਤ ਹੈ। ਛੇ ਮਹੀਨੇ ਪਿੰਡ ਚਲੇ ਜਾਂਦਾ ਹੈ ਅਤੇ ਛੇ ਮਹੀਨੇ ਕੈਨੇਡਾ ਵਿਚ
ਗ਼ੁਜ਼ਾਰਦਾ ਹੈ। ਬਚਪਨ ਵਿਚ ਸਕੂਲ ਵਿਚ ਪੜ੍ਹਦਿਆਂ ਉਸ ਕਦੇ ਘਰ ਦਾ ਕੰਮ ਨਹੀਂ ਸੀ ਕੀਤਾ ਅਤੇ
ਘਰ ਦੇ ਕੰਮਾਂ ਤੋਂ ਸਕੂਲ ਤੋਂ ਮਿਲੇ ਕੰਮ ਕਰਨ ਦੇ ਬਹਾਨੇ ਬਚਿਆ ਰਹਿੰਦਾ ਸੀ। ਕਲਾਸਾਂ
ਜਿੰਨੀਆਂ ਮਾਸਟਰਾਂ ਨੇ ਪਾਸ ਕਰਾ ਦਿੱਤੀਆਂ ਕਰ ਲਈਆਂ। ਸਕੂਲੋਂ ਬਾਹਰ ਆ ਕੇ ਚਜਦਾ ਕੰਮ ਲਭਣ
ਦੇ ਬਹਾਨੇ ਕੰਮ ਤੋਂ ਬਚਦਾ ਰਿਹਾ। ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਕਿ ਹੁਣ ਕਿਸੇ ਆਹਰੇ
ਲਗ ਜਾਵੇਗਾ। ਵਹੁਟੀ ਚੰਗੀ ਸੀ। ਉਸ ਕਦੇ ਉਸ ਦੀ ਵਿਹਲ ਨੂੰ ਨਾ ਟੋਕਿਆ। ਕਿੰਨੇ ਸਾਲ ਘਰ
ਵਸਾਉਣ ਵਿਚ ਰੁਝਾ ਰਿਹਾ ਅਤੇ ਇਸ ਲਈ ਹੋਰ ਕੋਈ ਕੰਮ ਨਹੀਂ ਕੀਤਾ। ਮੁੰਡੇ ਕੁੜੀਆਂ ਆਪੇ ਪੜ੍ਹ
ਲਿਖ ਗਏ ਅਤੇ ਵਿਆਹੇ ਵੱਤਰੇ ਗਏ।
ਜਿਥੋਂ ਤੀਕ ਉਸਦੀ ਨਜ਼ਰ ਜਾਂਦੀ ਹੈ ਉਸ ਜਿੰਦਗੀ ਵਿਚ ਕਦੇ ਕੰਮ ਨਹੀਂ ਕੀਤਾ, ਨਾ ਪੰਜਾਬ ਵਿਚ
ਅਤੇ ਨਾ ਇੱਥੇ ਆ ਕੇ ਹੀ। ਹੁਣ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਬੁਢਾਪਾ ਪੈਨਸ਼ਨ
ਲਗੀ ਹੋਈ ਹੈ। ਦੋਹਾਂ ਨੂੰ ਪੂਰੇ ਅਠਾਰਾਂ ਸੌ ਡਾਲਰ ਮਿਲਦੇ ਹਨ। ਛੇ ਮਹੀਨੇ ਪੰਜਾਬ ਵਿਚ ਅਤੇ
ਛੇ ਮਹੀਨੇ ਕੈਨੇਡਾ ਵਿਚ। ਉਸ ਕਦੇ ਘੜੀ ਵਲ ਨਹੀਂ ਵੇਖਿਆ ਅਤੇ ਨਾ ਕਦੇ ਸੂਰਜ ਵਲ । ਨਾ ਕਿਸੇ
ਦੀ ਨਿੰਦਾ ਕੀਤੀ ਹੈ ਅਤੇ ਨਾ ਚੁਗਲੀ। ਨਾ ਕਿਸੇ ਦੀ ਚੰਗੀ ਵਿਚ ਅਤੇ ਨਾ ਕਿਸੇ ਦੀ ਮੰਦੀ
ਵਿਚ। ਬਸ ਆਪਣੀ ਵਿਹਲ ਨਾਲ ਮਤਲਬ ਰਖਦਾ ਹੈ ਅਤੇ ਜਾਂ ਵਿਹਲ ਵਿਚ ਕੰਮ ਆ ਸਕਣ ਵਾਲੇ ਬੰਦਿਆਂ
ਨਾਲ। ਅੱਜ ਤੀਕ ਉਸ ਦੀ ਵਿਹਲ ਦੀ ਚਾਂਦੀ ਰਹੀ ਹੈ ਅਤੇ ਕੱਲ੍ਹ ਕਿਸ ਨੇ ਵੇਖੀ ਹੈ। ਉਸ ਨੇ
ਵਿਹਲ ਵਿਹਲ ਵਿਚ ਹੀ ਜਿੰਦਗੀ ਦੇ ਕਈ ਰੰਗ ਵੇਖ ਲਏ ਹਨ ਅਤੇ ਕਈ ਰੰਗਾਂ ਦੇ ਲੋਕ ਵੀ। ਸਭ ਤੋਂ
ਵੱਧ ਇਹ ਕਿ ਉਸ ਕਈ ਰੰਗਾਂ ਦੀ ਵਿਹਲ ਵੀ ਵੇਖ ਚਾਖ਼ ਲਈ ਹੈ।
-0-
|