ਜਲੰਧਰ: 31 ਮਾਰਚ: ਦੇਸ਼
ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਕਮੇਟੀ ਵਲੋਂ ‘ਗ਼ਦਰੀ ਬਾਬੇ ਕੌਣ ਸਨ? ‘ ਵਿਸ਼ੇ ਉਪਰ
ਹੋਈ ਵਿਸ਼ੇਸ਼ ਵਿਚਾਰ-ਚਰਚਾ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਰਿਆਮ ਸਿੰਘ ਸੰਧੂ
(ਡਾ.) ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਗ਼ਦਰੀ ਸੂਰਬੀਰਾਂ ਦੇ ਮਹਾਨ ਸ਼ਾਨਾਮੱਤੇ
ਇਤਿਹਾਸ ਦੀਆਂ ਪੈੜਾਂ ਅਤੇ ਅਮਿੱਟ ਦੇਣ ਦੇ ਭੁਲਾਏ-ਵਿਸਾਰੇ ਜਾ ਰਹੇ ਅਨਮੋਲ ਪੱਖਾਂ ਨੂੰ
ਰੌਸ਼ਨੀ ‘ਚ ਲਿਆਂਦਾ।
ਇਹ ਵਿਚਾਰ-ਚਰਚਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ
ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਆਰਡੀਨੇਟਰ
ਨੌਨਿਹਾਲ ਸਿੰਘ ਅਤੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਦੀ ਪ੍ਰਧਾਨਗੀ
ਅਤੇ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਦੀ ਮੰਚ ਸੰਚਾਲਨਾ ‘ਚ ਹੋਈ।
ਵਿਚਾਰ-ਚਰਚਾ ਦਾ ਆਗਾਜ਼ ਡਾ. ਵਰਿਆਮ ਸਿੰਘ ਸੰਧੂ ਵੱਲੋਂ ਲਿਖੇ ਕਿਤਾਬਚੇ ‘ਗ਼ਦਰੀ ਬਾਬੇ ਕੌਣ
ਸਨ? ‘ ਮੰਚ ਤੋਂ ਜਾਰੀ ਕਰਨ ਨਾਲ ਹੋਇਆ। ‘ਗ਼ਦਰੀ ਬਾਬੇ ਕੌਣ ਸਨ? ‘ ਕਿਤਾਬਚੇ ‘ਚ ਕੀ ਗ਼ਦਰੀ
ਬਾਬੇ ਡਾਕੂ, ਕਾਤਲ ਅਤੇ ਲੁਟੇਰੇ ਸਨ?, ਕੀ ਗ਼ਦਰੀ ਬਾਬੇ ਦਹਿਸ਼ਤਗਰਦ ਸਨ ਜਾਂ ਇਨਕਲਾਬੀ?, ਕੀ
ਗ਼ਦਰੀ ਨਾਸਤਕ ਸਨ ਤੇ ‘ਸਿੱਖ‘ ਨਹੀਂ ਸਨ?, ਕੀ ਗ਼ਦਰ ਲਹਿਰ ਕੇਵਲ ‘ਸਿੱਖ ਲਹਿਰ‘ ਹੀ ਸੀ? ਆਦਿ
ਵਿਸ਼ਿਆਂ ਨੂੰ ਸੰਜੋਇਆ ਗਿਆ ਹੈ। ਜੋ ਕਿ ਗ਼ਦਰ ਸ਼ਤਾਬਦੀ ਮੁਹਿੰਮ ਦੌਰਾਨ ਬਹੁ-ਚਰਚਿਤ ਵਿਸ਼ੇ ਹਨ।
ਮੰਚ ਤੋਂ ਇਹ ਕਿਤਾਬਚਾ ਪ੍ਰਧਾਨਗੀ ਮੰਡਲ ਦੇ ਨਾਲ ਕਮੇਟੀ ਮੈਂਬਰ ਕਾਮਰੇਡ ਚੈਨ ਸਿੰਘ ਚੈਨ,
ਰਘਬੀਰ ਸਿੰਘ ਛੀਨਾ, ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਕੁਲਵੰਤ ਸਿੰਘ, ਕਾਮਰੇਡ ਅਜਮੇਰ
ਸਿੰਘ, ਅਮੋਲਕ ਸਿੰਘ, ਰਣਜੀਤ ਸਿੰਘ, ਪ੍ਰਿਥੀਪਾਲ ਮਾੜੀਮੇਘਾ, ਦੇਵਰਾਜ ਨਈਅਰ, ਗੁਰਮੀਤ ਢੱਡਾ
ਵਲੋਂ ਜਾਰੀ ਕੀਤਾ ਗਿਆ।
ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸਕ ਹਵਾਲਿਆਂ ਨਾਲ ਗ਼ਦਰੀ
ਦੇਸ਼ ਭਗਤਾਂ ਦੇ ਜੀਵਨ ਸੰਗਰਾਮ ਦੀਆਂ ਅਣਫੋਲੀਆਂ ਪਰਤਾਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ
ਦਰਸਾਇਆ ਕਿ ਕਿਵੇਂ ਅਹਿੰਸਾ ਦਾ ਰਟਣ ਮੰਤਰ ਕਰਨ ਵਾਲਿਆਂ ਨੇ ਇਨਕਲਾਬੀ ਗ਼ਦਰੀ ਦੇਸ਼ ਭਗਤਾਂ
ਨੂੰ ਹਿੰਸਕ ਬਣਾਕੇ ਪੇਸ਼ ਕੀਤਾ। ਅਜ਼ਾਦੀ ਸੰਗਰਾਮ ਵਿਚ ਇਹਨਾਂ ਦੇ ਲਹੂ-ਵੀਟਵੇਂ ਸੰਗਰਾਮ ਦੀ
ਗਾਥਾ ਨੂੰ ਹਾਸ਼ੀਏ ‘ਤੇ ਧੱਕਣ ਲਈ ਪੂਰਾ ਟਿੱਲ ਲਾਇਆ ਗਿਆ।
ਡਾ. ਵਰਿਆਮ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਉਸ ਸਮੇਂ ਬਰਤਾਨਵੀ ਹਾਕਮਾਂ ਦੀ ਚਾਕਰੀ ਕਰਨ
ਵਾਲਿਆਂ ਵੱਲੋਂ ਗ਼ਦਰੀ ਦੇਸ਼ ਭਗਤਾਂ ਬਾਰੇ ਉਸ ਮੌਕੇ ਧੂੰਆਂ ਧਾਰ ਹੋਛਾ ਪ੍ਰਚਾਰ ਕੀਤਾ ਗਿਆ ਕਿ
ਇਹ ਸਿੱਖ ਨਹੀਂ। ਉਨ੍ਹਾਂ ਦੱਸਿਆ ਕਿ ਸਮਾਂ ਅਜੇਹਾ ਵੀ ਆਇਆ ਜਦੋਂ ਇਤਿਹਾਸ ਨੇ ਅਜੇਹੇ ਕੋਝੇ
ਕਦਮ ਚੁੱਕਣ ਵਾਲਿਆਂ ਨੂੰ ਨਕਾਰਿਆ ਅਤੇ ਗ਼ਦਰੀ ਸੂਰਬੀਰਾਂ ਦੀ ਭੂਮਿਕਾ ਦਾ ਖਿੜੇ ਮੱਥੇ
ਸਤਿਕਾਰ ਕੀਤਾ।
ਉਨ੍ਹਾਂ ਕਿਹਾ ਜਿਉਂ ਜਿਉਂ ਹੁਣ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਮਨਾਈ ਜਾਣ ਵਾਲੀ ਗ਼ਦਰ
ਸ਼ਤਾਬਦੀ ਮੁਹਿੰਮ ਸਿਖਰਾਂ ਵੱਲ ਵਧ ਰਹੀ ਹੈ ਤਿਉਂ ਤਿਉਂ ਕੁਝ ਤਾਕਤਾਂ ਗ਼ਦਰੀ ਬਾਬਿਆਂ ਨੂੰ
ਆਪਣੇ ਸੌੜੇ ਮਨੋਰਥਾਂ ਲਈ ਵਰਤਣ ਵਾਸਤੇ ਗੈਰ ਹਕੀਕੀ, ਗੈਰ-ਇਤਿਹਾਸ ਅੰਦਾਜ਼ ‘ਚ ਗ਼ਦਰੀਆਂ ਨੂੰ
ਸਿਰਫ਼ ‘ਸਿੱਖ‘ ਬਣਾਕੇ ਪੇਸ਼ ਕਰ ਰਹੇ ਹਨ ਜਦੋਂ ਕਿ ਗ਼ਦਰੀ ਬਾਬਿਆਂ ਦੇ ਅਕੀਦੇ ਦਿਸੇ ਇਕ ਧਰਮ
ਤੋਂ ਕਿਤੇ ਉਚੇਰਾ ਉਠਕੇ ਕੁੱਲ ਜਲਦੀ ਦੁਨੀਆਂ ਦੀ ਪੀੜ ਸਮਝਕੇ ਮਾਨਵਤਾ ਦੀ ਸਾਂਝੀਵਾਲਤਾ ਦੀ
ਨਵੀਂ ਇਤਿਹਾਸਕਾਰੀ ਦੀ ਸਿਰਜਣਾ ਕਰ ਰਹੇ ਸਨ।
ਉਨ੍ਹਾਂ ਇਤਿਹਾਸਕ ਮੂਲ
ਪਾਠ ਵਿਚੋਂ ਸਾਬਤ ਕੀਤਾ ਕਿ ਗ਼ਦਰ ਪਾਰਟੀ ਦੀ ਦ੍ਰਿਸ਼ਟੀ ‘ਚ ਧਰਮ ਨੂੰ ਵਿਅਕਤੀ ਦੇ ਨਿੱਜੀ
ਮਸਲੇ ਵਜੋਂ ਲਿਆ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ
ਨੇ ਗ਼ਦਰ ਲਹਿਰ ਵਿਚ ਜੀਅ ਜਾਨ ਨਾਲ ਆਪਣਾ ਯੋਗਦਾਨ ਪਾਇਆ।
ਗ਼ਦਰ ਲਹਿਰ ਦੇ ਕੌਮਾਂਤਰੀ ਨਜ਼ਰੀਏ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਹਰ
ਸਿਪਾਹੀ ਦਾ ਇਹ ਮੁੱਢਲਾ ਫਰਜ਼ ਸੀ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਏਗਾ ਉਥੇ ਹੀ
ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਵਿਚ ਭਾਗ ਲਵੇਗਾ। ਬਲੋਚ ਰੈਜ਼ੀਮੈਂਟ ਸਿੰਘਾਪੁਰ
ਵਰਗੀਆਂ ਮਾਣਯੋਗ ਸ਼ਹਾਦਤਾਂ ਦਰਸਾਉਂਦੀਆਂ ਹਨ ਕਿ ਮੁਲਕ ਦੀ ਅਜ਼ਾਦੀ ‘ਚ ਮੁਸਲਮਾਨ ਭਰਾਵਾਂ ਦੀ
ਕੁਰਬਾਨੀ ਦੀ ਮਸ਼ਾਲ ਸਦਾ ਮਘਦੀ ਰਹੇਗੀ। ਧਰਮਾਂ, ਫ਼ਿਰਕਿਆਂ, ਜਾਤ-ਪਾਤ, ਇਲਾਕੇ, ਪ੍ਰਾਂਤ,
ਦੇਸ਼ ਆਦਿ ਦੀਆਂ ਸਭਨਾਂ ਵਲਗਣਾਂ ਤੋਂ ਉਪਰ ਉਠਕੇ ਦੁਨੀਆਂ ਭਰ ਦੀਆਂ ਦੱਬੀਆਂ, ਕੁੱਚਲੀਆਂ
ਕੌਮਾਂ ਅਤੇ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਮੁਕਤੀ ਲਈ ਸਾਮਰਾਜ ਅਤੇ ਉਸਦੇ ਸੇਵਾਕਾਰਾਂ
ਤੋਂ ਛੁਟਕਾਰਾ ਦੁਆ ਕੇ ਅਜ਼ਾਦ, ਖੁਸ਼ਹਾਲ, ਨਿਆਂ ਅਤੇ ਬਰਾਬਰੀ ਭਰਿਆ ਸਮਾਜ ਸਿਰਜਣਾ ਲਈ ਚੱਲੇ
ਸੰਗਰਾਮ ਦਾ ਨਾਂਅ ਗ਼ਦਰ ਹੈ। ਇਸਨੂੰ ਬੁਲੰਦ ਕਰਨ ਦਾ ਸਿਰਨਾਵਾਂ ਹੀ ਸਾਨੂੰ ਸਹੀ ਇਤਿਹਾਸ ਤੱਕ
ਲਿਜਾ ਸਕਦਾ ਹੈ ਅਤੇ ਭੇਦ ਪਵਾ ਸਕਦਾ ਹੈ ਕਿ ਗ਼ਦਰੀ ਬਾਬੇ ਕੌਣ ਸਨ?
ਗ਼ਦਰੀ ਦੇਸ਼ ਭਗਤਾਂ ਦੇ ਪੈਰ ਜ਼ਮੀਨ ‘ਤੇ ਹਨ ਅਤੇ ਸਿਰ ਕੌਮਾਂਤਰੀ ਪੱਧਰ ਦੇ ਸਰੋਕਾਰਾਂ ਨਾਲ
ਜੁੜਿਆ ਹੋਇਆ ਸੀ। ਸਾਨੂੰ ਸਮੇਂ ਦਾ ਇਹ ਦੁੱਖਦਾਈ ਪੱਖ ਹੈ ਕਿ ਅਸੀਂ ਜਿਹੜੇ ਗ਼ਦਰੀ
ਸੰਗਰਾਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗੰਭੀਰਤਾ ਨਾਲ ਯਤਨਸ਼ੀਲ ਹਾਂ, ਅਸੀਂ ਆਪਣੇ
ਇਤਿਹਾਸ, ਵਿਰਸੇ ਤੋਂ ਕੋਹਾਂ ਦੂਰ ਵਿਚਰ ਰਹੇ ਹਾਂ, ਇਸ ਕਰਕੇ ਸਾਡੀ ਜੜ੍ਹ ਡੂੰਘੀ ਤਰ੍ਹਾਂ
ਜ਼ਮੀਨ ਦੇ ਅੰਦਰ ਨਹੀਂ ਲੱਗ ਰਹੀ।
ਲੋੜਾਂ ਦੀ ਲੋੜ ਇਹ ਹੈ ਕਿ ਅਸੀਂ ਗ਼ਦਰ ਇਤਿਹਾਸ ਦਾ ਗੰਭੀਰਤਾ ਨਾਲ ਅਧਿਐਨ ਕਰੀਏ। ਸਵੈ-ਮੰਥਨ
ਕਰੀਏ। ਸਮੇਂ ਦੇ ਠੋਸ ਹਾਲਾਤ ਦੇ ਹਾਣੀ ਬਣੀਏ, ਮੇਰੀ ਜਾਚੇ ਕਲਿਆਣ ਏਸੇ ਵਿਚ ਹੈ ਕਿ
ਭਿੱਜੀਆਂ ਬੱਤੀਆਂ ਵਾਲੇ ਦੀਵੇ, ਚੇਤਨਾ ਦੀ ਚਿੰਗਾੜੀ ਦਾ ਇੰਤਜ਼ਾਰ ਕਰ ਰਹੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਨੇ ਇਸ ਵਿਚਾਰ-ਚਰਚਾ ਉਪਰੰਤ ਕਿਹਾ ਕਿ
65 ਸਾਲ ਬੀਤ ਗਏ, ਸਾਨੂੰ ਇਹ ਪੁੱਛਣਾ ਬਣਦਾ ਹੈ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ
ਪਿਆ। ਡਾ. ਸੁਰਿੰਦਰ ਸਿੰਘ ਸਿੱਧੂ, ਜੁਗਿੰਦਰ ਸਿੰਘ ਕੈਨੇਡਾ, ਜਸਬੀਰ ਸਿੰਘ, ਅਤਰਜੀਤ,
ਲਖਵੀਰ ਸਿੰਘ ਅਤੇ ਸੀਤਲ ਸਿੰਘ ਸੰਘਾ ਵੱਲੋਂ ਕੀਤੇ ਸਵਾਲਾਂ ਦੇ ਡਾ. ਵਰਿਆਮ ਸਿੰਘ ਸੰਧੂ ਨੇ
ਸਾਰਥਕ ਜਵਾਬ ਦਿੱਤੇ।
ਪ੍ਰਧਾਨਗੀ ਮੰਡਲ ਵਲੋਂ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਵਿਚਾਰ-ਚਰਚਾ ਨੂੰ
ਸਮੇਟਦਿਆਂ ਕਿਹਾ ਕਿ ਗ਼ਦਰ ਸ਼ਤਾਬਦੀ ਲਈ ਅਜਿਹੀ ਵਿਚਾਰ-ਚਰਚਾ ਬਹੁਤ ਹੀ ਅਹਿਮ ਰਹੇਗੀ। ਉਨ੍ਹਾਂ
ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਵੱਲੋਂ ਸ਼ੁਰੂ ਕੀਤਾ ਹਥਿਆਰਬੰਦ ਸੰਘਰਸ਼ ਉਨ੍ਹਾਂ ਦੇ ਟੀਚਿਆਂ ਦੀ
ਪੂਰਤੀ ਲਈ ਅੱਜ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਜਾਰੀ ਹੈ।
-0- |