Welcome to Seerat.ca
Welcome to Seerat.ca

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ

 

- ਸੁਰਜੀਤ ਪਾਤਰ

ਆਪ ਬੀਤੀ / ਗਵਾਚੀ ਖ਼ੁਸ਼ੀ

 

- ਮੰਗਤ ਰਾਮ ਪਾਸਲਾ

ਮੈਂ ਇਸਨੂੰ ‘ਗੁਫਾ ਵਿਚਲੀ ਉਡਾਣ‘ ਨਹੀਂ ਮੰਨਦਾ

 

- ਰਘਬੀਰ ਸਿੰਘ ‘ਸਿਰਜਣਾ’

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ

 

- ਵਰਿਆਮ ਸਿੰਘ ਸੰਧੂ

ਭੰਗ ਦੇ ਭਾੜੇ ਗਿਆ ਜੈਮਲ

 

- ਜਗਜੀਤ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

‘ਈਮਾਨਦਾਰੀ ਦੀ ਦਾਦ’

 

- ਗੁਲਸ਼ਨ ਦਿਆਲ

ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ

 

- ਹਰਜੀਤ ਸਿੰਘ ਗਿੱਲ

'ਆਵਦਾ ਹਿੱਸਾ'

 

- ਵਕੀਲ ਕਲੇਰ

ਸਿਆਸੀ ਸਵਾਰੀ ਦਾ ਧਰਮ-ਸੰਕਟ

 

- ਹਰਪ੍ਰੀਤ ਸੇਖਾ

ਬਠਲੂ ਚਮਿਆਰ

 

- ਅਤਰਜੀਤ

ਗ਼ਦਰ ਪਾਰਟੀ - ਪ੍ਰਮੁੱਖ ਘਟਨਾਵਾਂ

 

- ਉਂਕਾਰਪ੍ਰੀਤ

ਨਸ਼ਿਆਂ ਦੀ ਆਦਤ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ ਵਿਚ ਪੰਜਾਬੀ ਵਿਹਲੜ ਦਾ ਸਕੈਯੂਅਲਾਂ

 

- ਗੁਰਦੇਵ ਚੌਹਾਨ

ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ

 

- ਲਸ਼ਮਣ ਸਿੰਘ ਸੇਵੇਵਾਲਾ

ਵਗਦੀ ਏ ਰਾਵੀ / ਸਾਰੇ ਆਪਾਂ ਪੰਜਾਬੀ ਭਰਾ ਹਾਂ

 

- ਵਰਿਆਮ ਸਿੰਘ ਸੰਧੂ

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? / ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

ਹੁੰਗਾਰੇ
 

ਮੈਂ ਇਸਨੂੰ ‘ਗੁਫਾ ਵਿਚਲੀ ਉਡਾਣ‘ ਨਹੀਂ ਮੰਨਦਾ
- ਰਘਬੀਰ ਸਿੰਘ ‘ਸਿਰਜਣਾ’

 

(ਸੰਗਮ ਪਬਲੀਕੇਸ਼ਨਜ਼ ਸਮਾਣਾ, ਵੱਲੋਂ ਵਰਿਆਮ ਸਿੰਘ ਸੰਧੂ ਦੇ ਹੁਣੇ ਛਪੇ ਸਵੈਜੀਵਨਕ ਬਿਰਤਾਂਤ ‘ਗੁਫ਼ਾ ਵਿਚਲੀ ਉਡਾਣ’ ਬਾਰੇ ਰਘਬੀਰ ਸਿੰਘ ਸਿਰਜਣਾ ਦੇ ਵਿਚਾਰ। ਇਸਤੋਂ ਪਹਿਲਾਂ ਵਰਿਆਮ ਸਿੰਘ ਸੰਧੂ ਦੀ ‘ਸਾਹਿਤਕ ਸਵੈਜੀਵਨੀ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪ ਚੁੱਕੀ ਹੈ ਜਿਸਨੂੰ ‘ਸੀਰਤ’ ਵਿਚ ਲੜੀਵਾਰ ਪ੍ਰਕਾਸਿ਼ਤ ਕੀਤਾ ਜਾ ਰਿਹਾ ਹੈ।)

ਵਰਿਆਮ ਸੰਧੂ ਦੀ ਕਲਮ ਅਤੇ ਜ਼ੁਬਾਨ, ਦੋਹਾਂ ਉੱਤੇ ਹੀ ਸੁਰਸਵਤੀ ਦਾ ਵਾਸਾ ਹੈ। ਕਹਾਣੀ-ਲੇਖਣ ਦੇ ਖੇਤਰ ਵਿਚ ਉਸਦੇ ਸ਼ਾਹ-ਸਵਾਰ ਹੋਣ ਦੀ ਹਕੀਕਤ ਨੂੰ ਤਾਂ ਸਾਰੇ ਮੰਨਦੇ ਹਨ, ਵਿਚਾਰ-ਗੋਸ਼ਟੀਆਂ ਅਤੇ ਜਨਤਕ ਸੰਬੋਧਨਾਂ ਵਿਚ ਉਸਦੇ ਬੋਲਾਂ ਦੇ ਜਾਦੂਮਈ ਪ੍ਰਭਾਵ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ। ‘ਡੰਮ੍ਹ‘, ‘ਆਪਣਾ ਆਪਣਾ ਹਿੱਸਾ‘, ‘ਅੰਗ ਸੰਗ‘, ‘ਸੁਨਹਿਰੀ ਕਿਣਕਾ‘, ‘ਦਲਦਲ‘ ਤੇ ‘ਨਾਇਕ‘ ਤੋਂ ਲੈ ਕੇ ‘ਵਾਪਸੀ‘, ‘ਭੱਜੀਆਂ ਬਾਹੀਂ‘, ‘ਮੈਂ ਹੁਣ ਠੀਕ ਠਾਕ ਹਾਂ‘,’ਚੌਥੀ ਕੁਟ‘, ‘ਨੌਂ ਬਾਰਾਂ ਦਸ‘, ‘ਰਿਮ ਝਿਮ ਪਰਬਤ‘ ਅਤੇ ‘ਜਮਰੌਦ‘ ਤਕ ਉਸਦੀਆਂ ਅਨੇਕਾਂ ਕਹਾਣੀਆਂ ਭਰਵੀਂ ਚਰਚਾ ਦਾ ਵਿਸ਼ਾ ਬਣੀਆਂ ਅਤੇ ਸ਼ਾਹਕਾਰ ਰਚਨਾਵਾਂ ਵਜੋਂ ਪ੍ਰਵਾਨ ਚੜ੍ਹੀਆਂ ਹਨ। ਕਹਾਣੀ ਤੋਂ ਅਗਾਂਹ ਜਿਸ ਵੀ ਵਿਧਾ ਵਿਚ ਉਸਨੇ ਕਲਮ ਚਲਾਈ ਹੈ, ਉਸ ਉੱਤੇ ਵੀ ਉਸਨੇ ਆਪਣੀ ਨਿਵੇਕਲੀ ਮੁਹਰ-ਛਾਪ ਛੱਡੀ ਹੈ। ‘ਪਰਦੇਸੀ ਪੰਜਾਬ‘ ਅਤੇ ‘ਵਗਦੀ ਏ ਰਾਵੀ‘ ਉਸਦੇ ਦੋ ਸਫ਼ਰਨਾਮੇ ਬੋਲੀ–ਸ਼ੈਲੀ ਤੇ ਵਸਤੂ-ਸਮੱਗਰੀ ਸਭ ਪੱਖੋਂ ਏਨੇ ਸ੍ਰੇਸ਼ਟ ਹਨ ਕਿ ਇਹ ਨਤੀਜਾ ਕੱਢੇ ਬਿਨਾਂ ਨਹੀਂ ਰਿਹਾ ਜਾ ਸਕਦਾ ਕਿ ਇਹਨਾਂ ਦੀ ਰਚਨਾ ਵਰਿਆਮ ਸੰਧੂ ਹੀ ਕਰ ਸਕਦਾ ਸੀ। ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ-ਤਾਰਾ‘ ਉਸਦੀ ਕਲਮ ਤੋਂ ਇਉਂ ਆਈ ਹੈ ਜਿਵੇਂ ਸਾਹਿਤ-ਰਚਨਾ ਦੇ ਅਖਾੜੇ ਵਿਚ ਕਿਸੇ ਕਲਮ ਦੇ ਰੁਸਤਮ ਨੇ ਮਾਲੀ ਜਿੱਤਕੇ ਭਲਵਾਨੀ ਗੇੜਾ ਲਾਇਆ ਹੋਵੇ। ਸਾਹਿਤ-ਆਲੋਚਨਾ ਦੇ ਰੁੱਖੇ ਸਮਝੇ ਜਾਂਦੇ ਖੇਤਰ ਨੂੰ ਵੀ ਉਸਨੇ ਆਪਣੀ ਸਿਰਜਣਾਤਮਕਤਾ ਦੇ ਹਾਣ ਦੀ ਪਹੁਲ ਦੇ ਦਿੱਤੀ ਹੈ। ਜਿਸ ਤੀਖਣ ਨੀਝ ਅਤੇ ਮਾਨਵੀ ਸਰੋਕਾਰਾਂ ਵਾਲੀ ਦ੍ਰਿਸ਼ਟੀ ਨਾਲ ਉਸਨੇ ਆਪਣੇ ਤੋਂ ਪਹਿਲਾਂ ਦੇ ਦਿੱਗਜ ਰਚਨਾਕਾਰਾਂ ਸੋਹਣ ਸਿੰਘ ਸੀਤਲ ਅਤੇ ਕੁਲਵੰਤ ਸਿੰਘ ਵਿਰਕ ਦਾ ਮੁੱਲਾਂਕਣ ਕੀਤਾ ਹੈ, ਉਸ ਤੋਂ ਵਰਿਆਮ ਦੀ ਕਲਮ ਦੀ ਸਮਰੱਥਾ ਵੀ ਪ੍ਰਮਾਣਤ ਹੋਏ ਬਿਨਾਂ ਨਹੀਂ ਰਹਿੰਦੀ।
ਕਲਮ ਤੇ ਜ਼ਬਾਨ ਦਾ ਧਨੀ ਹੋਣ ਤੋਂ ਬਿਨਾਂ ਵਰਿਆਮ ਦੀ ਜੋ ਵਿਸ਼ੇਸ਼ਤਾ ਇਕ ਲੇਖਕ ਵਜੋਂ ਉਸਨੂੰ ਉਸਦੇ ਦੂਸਰੇ ਬਹੁਤ ਸਾਰੇ ਸਮਕਾਲੀਆਂ ਤੋਂ ਨਿਖੇੜਦੀ ਹੈ, ਉਹ ਹੈ ਉਸਦਾ ਸਾਹਿਤ-ਸਿਰਜਣਾ ਨੂੰ ਜੀਵਨ ਦੇ ਵਡੇਰੇ ਸਰੋਕਾਰਾਂ ਨਾਲ਼ ਜੋੜਕੇ ਦੇਖਣਾ। ਕਿ ਲੇਖਕ ਸਮਾਜ ਤੋਂ ਟੁੱਟਿਆ, ‘ਸ਼ੁੱਧ ਸਾਹਿਤਕਾਰ‘ ਦੇ ਆਪਣੇ ਘੇਰੇ ਵਿਚ ਕੈਦ, ਮਹਿਜ਼ ਇਕ ਅਲਬੇਲਾ ਵਿਅਕਤੀ ਹੀ ਨਾ ਹੋਵੇ, ਵਰਿਆਮ ਨੇ ਇਸ ਧਾਰਨਾ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ। ਉਸਦੀ ਸੋਚ ਇਹ ਰਹੀ ਹੈ ਕਿ ਸਾਹਿਤਕਾਰ ਭਾਵੇਂ ਅਮਲੀ ਖੇਤਰ ਵਿਚ ਜੂਝਣ ਵਾਲੇ ਸੰਗਰਾਮੀਏ ਦਾ ਬਦਲ ਤਾਂ ਨਹੀਂ, ਪਰ ਉਹ ਆਪਣੇ ਦੁਆਲੇ ਦੇ ਨਿੱਤ-ਦਿਹਾੜੀ ਦੇ ਜੀਵਨ ਤੋਂ ਨਿਰਲੇਪ ਹੋ ਕੇ ਵੀ ਨਹੀਂ ਰਹਿ ਸਕਦਾ। ਜ਼ਿੰਦਗੀ ਦੇ ਸੱਚ ਦੀਆਂ ਮਹੀਨ ਪਰਤਾਂ ਨੂੰ ਬਰੀਕਬੀਨੀ ਨਾਲ ਫਰੋਲਣ, ਸਮਝਣ ਤੇ ਪੇਸ਼ ਕਰਨ ਦੇ ਨਾਲ ਨਾਲ ਸਾਹਿਤਕਾਰ ਦੀ ਸਿਰਜਣਾ ਵਿਚੋਂ ਅਵੱਸ਼ ਮਾਨਵੀ ਹਮਦਰਦੀ ਦੀਆਂ ਕਨਸੋਆਂ ਆਉਣੀਆਂ ਚਾਹੀਦੀਆਂ ਹਨ। ਏਸੇ ਲਈ ਸਮਕਾਲ ਵਿਚ ਜਦੋਂ ਰਾਜਸੀ ਅਰਾਜਕਤਾ, ਸਮਾਜੀ ਨਿਘਾਰ ਅਤੇ ਨਿਜੀ ਵਿਹਾਰ ਦੀ ਅਨੈਤਕਿਤਾ ਨੇ ਹੋਰਨਾਂ ਖੇਤਰਾਂ ਦੇ ਨਾਲ ਸਾਹਿਤ ਦੇ ਖੇਤਰ ਵਿਚ ਵੀ ਆਪਣੇ ਪੈਰ ਪਸਾਰ ਰੱਖੇ ਹਨ, ਆਪਣੀ ਸਿਰਜਣਾਤਮਕਤਾ ਅਤੇ ਆਪਣੇ ਅਮਲੀ ਜੀਵਨ ਵਿਚ ਵਰਿਆਮ ਨੇ ਯਥਾ ਸੰਭਵ ਨਿੱਜ ਤੇ ਸਮੂਹ ਦੇ ਸਰੋਕਾਰਾਂ ਵਿਚ ਸੰਤੁਲਨ ਬਣਾਈ ਰੱਖਣ ਦਾ ਸੁਚੇਤ ਯਤਨ ਕੀਤਾ ਹੈ।
ਸਵੈ-ਜੀਵਨੀ ਲਿਖਣਾ ਬਹੁਤ ਕਠਿਨ ਕਾਰਜ ਹੈ। ਸਭ ਤੋਂ ਪਹਿਲੀ ਚੁਣੌਤੀ ਤਾਂ ਸਵੈ-ਜੀਵਨੀ ਦੇ ਲੇਖਕ ਅੱਗੇ ਇਹ ਹੁਂੰਦੀ ਹੈ ਕਿ ਹਉਂਵਾਦੀ ਹੋਣ ਦੇ ਦੋਸ਼ ਤੋਂ ਬਚ ਕੇ ਕਿਵੇਂ ਉਹ ਆਪਣੇ ਕੰਮਾਂ-ਕਾਰਾਂ ਤੇ ਆਪਣੀਆਂ ਪ੍ਰਾਪਤੀਆਂ ਦੀ ਗੱਲ ਕਰੇ। ਸਵੈ-ਜੀਵਨੀ ਦਾ ਮਤਲਬ ਹੀ ਇਹ ਹੈ ਕਿ ਇਸਦਾ ਲੇਖਕ ਜੇ ਖੁਦ ਦੀ ਮੁਹਾਰਨੀ ਨਹੀਂ ਵੀ ਰਟਦਾ ਤਦ ਵੀ ਉਹ ਏਨਾ ਕੁ ਮਹੱਤਵਪੂਰਨ ਤਾਂ ਆਪਣੇ ਆਪ ਨੂੰ ਸਮਝਦਾ ਹੀ ਹੈ ਕਿ ਉਹ ਆਪਣੇ ਜੀਵਨ ਦੇ ਸਮਾਚਾਰ ਵਿਆਪਕ ਪਾਠਕ-ਸਮੂਹ ਅਥਵਾ ਲੋਕਾਂ ਤਕ ਪੁਚਾਉਣਾ ਉਚਿਤ ਸਮਝਦਾ ਹੈ। ਇਕ ਚੰਗੀ ਸਵੈ ਜੀਵਨੀ ਦਾ ਇਹ ਵੀ ਮਤਲਬ ਹੁੰਦਾ ਹੈ ਕਿ ਲਿਖਤ ਸਿਰਫ ਵਿਅਕਤੀ ਵਿਸ਼ੇਸ਼ ਦੇ ਨਿੱਜੀ ਸਮਾਚਾਰਾਂ ਦੇ ਉਲੇਖ ਤਕ ਸੀਮਤ ਨਾ ਹੋਵੇ, ਇਹ ਉਸ ਸਮਾਜ ਤੇ ਦੇਸ਼-ਕਾਲ ਦੇ ਸਮਾਚਾਰਾਂ ਤੇ ਸਰੋਕਾਰਾਂ ਨਾਲ ਵੀ ਪਰਿਚਯ ਕਰਾਏ, ਜਿੰਨ੍ਹਾਂ ਵਿਚੋਂ ਸਵੈ-ਜੀਵਨੀਕਾਰ ਗੁਜ਼ਰਿਆ ਹੈ। ਹੱਥਲੀ ਪੁਸਤਕ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਕਹਿਣ ‘ਤੇ ਲਿਖਵਾਈ ਗਈ ਆਪਣੀ ‘ਸਾਹਿਤਕ ਸਵੈ ਜੀਵਨੀ‘ ਵਿਚ ਆਂਸ਼ਕ ਰੂਪ ਵਿਚ ਵਰਿਆਮ ਸੰਧੂ ਇਸ ਪ੍ਰਕਿਰਿਆ ਵਿਚੋਂ ਲੰਘ ਚੁੱਕਿਆ ਹੈ। ਆਪਣੀਆਂ ਲਿਖਤਾਂ, ਲਿਖਣ-ਕਾਰਜ, ਲਿਖਤ-ਪ੍ਰਯੋਜਨ ਦਾ ਇਤਿਹਾਸਮੁਖ ਵੇਰਵਾ ਦਿੰਦਿਆਂ ਉਸਨੇ ਹਉਂਵਾਦ ਤੋਂ ਮੁਕਤ ਰਹਿਣ ਦੀ ਕੋਸ਼ਿਸ਼ ਵਿਚ ਚੋਖੀ ਸਫਲਤਾ ਹਾਸਲ ਕੀਤੀ ਹੈ। ਤਦ ਵੀ ਵਰਿਆਮ ਨੂੰ ਇਹ ਅਹਿਸਾਸ ਹੈ ਕਿ ਕੇਵਲ ਲਿਖਤਾਂ ਦੀ ਗੱਲ ਕਰਦਿਆਂ ਜਿੱਥੇ ਸਵੈ-ਸੰਕੋਚ ਰੱਖ ਸਕਣਾ ਕਾਫੀ ਹੱਦ ਤਕ ਸੰਭਵ ਹੈ, ਓਥੇ ਨਿਰੋਲ ਆਪਣੇ ਜੀਵਨ ਦੀ ਬਾਤ ਪਾਉਂਦਿਆਂ ‘ਮੈਂ‘ ਦੇ ਅਲਾਪ ਤੋਂ ਮੁਕਤ ਰਹਿ ਸਕਣਾ ਬਹੁਤ ਮੁਸ਼ਕਲ ਕਾਰਜ ਹੈ।
ਹੱਥਲੀ ਪੁਸਤਕ ਲਿਖਣ ਸਮੇਂ ਇਹ ਮੁਸ਼ਕਲ ਜਾਂ ਦੁਬਿਧਾ ਵਰਿਆਮ ਸੰਧੂ ਨੂੰ ਵੀ ਦਰਪੇਸ਼ ਰਹੀ ਹੈ, ਜਿਸਦਾ ਸੰਕੇਤ ਪੁਸਤਕ ਦੇ ਨਾਮਕਰਣ ਤੋਂ ਹੀ ਮਿਲ ਜਾਂਦਾ ਹੈ। ਉਹ ਆਪਣੇ ਆਪਨੂੰ ਕੋਈ ‘ਵੱਡਾ ਆਦਮੀ‘ ਨਹੀਂ ਐਲਾਨਣਾ ਲੋਚਦਾ। ਉਹ ਕਹਿ ਰਿਹਾ ਹੈ ਕਿ ਉਸਨੇ ਅਜਿਹੇ ਕੋਈ ਕਾਰਜ ਸਰ ਅੰਜਾਮ ਨਹੀਂ ਕੀਤੇ ਜੋ ਉਸਨੂੰ ਮਹਾਂ ਨਾਇਕ ਬਣਾਉਂਦੇ ਹੋਣ। ਉਹ ਤਾਂ ਵਰਤਮਾਨ ਯੁਗ ਦਾ ਇਕ ਸਾਧਾਰਨ ਮਨੁੱਖ ਹੈ ਜਿਸਨੇ ਆਪਣੀ ਸਮਰੱਥਾ ਅਨੁਸਾਰ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਅਗਾਧ ਆਕਾਸ਼ ਵਿਚਲੀ ਲੰਮੀ ਉਡਾਰੀ ਨਹੀਂ, ਸਾਧਾਰਨ ਮਨੁੱਖ ਦੀ ਸਮਰੱਥਾ ਨਾਲ ਮੇਲ ਖਾਂਦੀ ‘ਗੁਫਾ ਵਿਚਲੀ ਉਡਾਣ‘ ਹੈ। ਇਸ ਤਰ੍ਹਾਂ ਦੇ ਨਾਮਕਰਣ ਤੇ ਬੋਲਾਂ ਵਿਚ ਅਵੱਸ਼ ਹੀ ਨਿਰਮਾਣਤਾ ਦੀ ਭਾਵਨਾ ਕਾਰਜਸ਼ੀਲ ਹੈ। ਨਹੀਂ ਤਾਂ ਇਕ ਲੇਖਕ ਵਜੋਂ ਵੀ ਅਤੇ ਇਕ ਮਨੁੱਖ ਵਜੋਂ ਵੀ ਵਰਿਆਮ ਦੀ ਪ੍ਰਾਪਤੀ ਅਜਿਹੀ ਨਹੀਂ ਜਿਸਨੂੰ ਕਿਸੇ ਵੀ ਤਰ੍ਹਾਂ ਛੁਟਿਆ ਕੇ ਦੇਖਿਆ ਜਾ ਸਕੇ। ਸਾਹਿਤ-ਜਗਤ ਨੇ ਤਾਂ ਰਾਸ਼ਟਰੀ ਸਾਹਿਤ ਅਕਾਦਮੀ ਦੇ ਪੁਰਸਕਾਰ ਤੋਂ ਲੈ ਕੇ ਅਨੇਕਾਂ ਉੱਚ-ਪੱਧਰੀ ਮਾਣ ਸਨਮਾਨ ਉਸਦੀ ਝੋਲੀ ਪਾਉਣ ਤੋਂ ਬਿਨਾਂ ਪਾਠਕ ਵਰਗ ਵਿਚ ਵਿਆਪਕ ਲੋਕ-ਪ੍ਰਿਯਤਾ ਦੇ ਰੂਪ ਵਿਚ ਜਿਵੇਂ ਉਸਨੂੰ ਪ੍ਰਵਾਨਗੀ ਦਿੱਤੀ ਹੈ, ਉਹ ਉਸ ਵੱਲੋਂ ਭਰੀਆਂ ਗਈਆਂ ਉਚੇਰੀਆਂ ਉਡਾਣਾਂ ਦਾ ਹੀ ਤਾਂ ਪੁਸ਼ਟੀਕਰਨ ਹੈ।
ਜਨ-ਜੀਵਨ ਵਿਚਲੇ ਉਸਦੇ ਕੰਮ-ਕਾਰ ਵੀ ਕੋਈ ਘੱਟ ਮਾਣ-ਮੱਤੇ ਨਹੀਂ। ਇਹਨਾਂ ਕੰਮਾਂ-ਕਾਰਾਂ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਜੇ ਉਹ ਆਪਣੇ ਆਪ ਨੂੰ ਨਾਇਕ ਨਾ ਵੀ ਸਮਝੇ, ਤਦ ਵੀ ਉਸਦਾ ਕੱਦ ਏਨਾ ਉੱਚਾ ਜ਼ਰੂਰ ਹੈ ਕਿ ਜਨ-ਸਮੂਹ ਵਿਚ ਉਸਦੀ ਨਿਵੇਕਲੀ ਪਛਾਣ ਹੋਣੀ ਸੁਭਾਵਕ ਹੈ। ਚੜ੍ਹਦੀ ਜਵਾਨੀ ਦੀ ਉਮਰੇ ਉਹ ਵੀ ਤੱਤੇ ਵਗਣ ਵਾਲਿਆਂ ਵਿਚੋਂ ਸੀ ਅਤੇ ਇੰਝ ਸੱਤਾ ਤੇ ਸਥਾਪਤੀ ਨਾਲ ਟਕਰਾਉਂਦਾ ਹੋਇਆ ਉਹ 1972 ਵਿਚ ‘ਮੋਗਾ ਵਿਦਿਆਰਥੀ ਅੰਦੋਲਨ‘ ਦੌਰਾਨ ਜੇਲ੍ਹ ਯਾਤਰਾ ਵੀ ਕਰ ਆਇਆ ਸੀ। ਪਰ ਮਗਰੋਂ ਕਲਾਕਾਰ ਵਾਲੇ ਸੁਭਾਅ, ਸਿਰ ਉੱਤੇ ਆ ਪਈਆਂ ਘਰੇਲੂ ਜ਼ਿੰਮਵਾਰੀਆਂ ਜਾਂ ਸੋਝੀ ਦੇ ਵਿਸਤਾਰ ਜਹੇ ਕਾਰਨਾਂ ਕਰਕੇ ਉਸਨੇ ਸੱਤਾ ਤੇ ਸਥਾਪਤੀ ਨਾਲ ਸਿੱਧੇ ਰੂਪ ਵਿਚ ਟੱਕਰਨ ਦਾ ਰਾਹ ਤਾਂ ਨਾ ਚੁਣਿਆ, ਪਰ ਨਿਆਂ ਤੇ ਹੱਕ-ਸੱਚ ਲਈ ਉਠਦੀ ਆਪਣੀ ਆਵਾਜ਼ ਨੂੰ ਉਸਨੇ ਮੱਧਮ ਨਹੀਂ ਹੋਣ ਦਿੱਤਾ। ਇਹ ਆਵਾਜ਼ ਉਸਦੀ ਬਹੁਤ ਸਮਰੱਥ ਕਲਮ ਰਾਹੀਂ ਤਾਂ ਲੋਕਾਂ ਤਕ ਪੁੱਜਦੀ ਹੀ ਰਹੀ, ਲੋੜ ਅਨੁਸਾਰ ਵਿਰੋਧ ਤੇ ਰਿਜ਼ਿਸਟੈਂਸ ਦਾ ਅਮਲੀ ਰੂਪ ਵੀ ਧਾਰਦੀ ਰਹੀ। ਨਤੀਜੇ ਵਜੋਂ ਸਮੇਂ ਸਮੇਂ ਜੇ ਰਾਜ-ਵਿਵਸਥਾ ਉਸਨੂੰ ਜੇਲ੍ਹਾਂ ਵਿਚ ਭੇਜਣ ਦਾ ਫਰਜ਼ ਨਿਭਾਉਂਦੀ ਰਹੀ ਹੈ ਤਾਂ ਕਈ ਹਾਲਤਾਂ ਵਿਚ ਸੱਤਾ ਦਾ ਵਿਰੋਧ ਕਰਨ ਵਾਲੇ ਆਪਣੀ ਤਰ੍ਹਾਂ ਦੇ ‘ਸੂਰਮਿਆਂ‘ ਦੀ ਕਰੋਪੀ ਦਾ ਵੀ ਉਸਨੂੂੰ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਸਮੇਂ ਸਮੇਂ ‘ਆਪਣਿਆਂ‘ ਵੱਲੋਂ ਦਿੱਤੇ ਸੰਤਾਪ ਨੂੰ ‘ਖਿੜੇ ਮੱਥੇ‘ ਜਾਂ ‘ਮਜਬੂਰੀ ਵੱਸ‘ ਝੇਲਣਾ ਅਤੇ ਉਸਦਾ ਮੁਕਾਬਲਾ ਕਰਨਾ ਵੀ ਏਸੇ ਕੜੀ ਦਾ ਹਿੱਸਾ ਹੈ। ਸਾਲ 1975 ਦੀ ਐਮਰਜੈਂਸੀ ਦੌਰਾਨ ਰਾਜ-ਵਿਵਸਥਾ ਦਾ ਦੁਸ਼ਮਣ ਗਰਦਾਨਕੇ ਉਸਨੂੰ ‘ਡਿਫੈਂਸ ਔਫ ਇੰਡੀਆ ਰੂਲ‘ ਅਧੀਨ ਨਜ਼ਰਬੰਦ ਕੀਤਾ ਗਿਆ। ਏਸੇ ਸਿਲਸਲੇ ਵਿਚ ਪੁਲਸ ਇੰਟੈਰੋਗੇਸ਼ਨ ਦੇ ਅੰਮ੍ਰਿਤਸਰ ਵਿਚਲੇ ਕੁੰਭੀ ਨਰਕ ਵਾਲੀ ਕਾਲ ਕੋਠੜੀ ਦੇ ਦਰਸ਼ਨ ਵੀ ਉਸਨੂੰ ਨਸੀਬ ਹੋਏ। ਪੰਜਾਬ ਸੰਤਾਪ ਦੇ ਦਿਨਾਂ ਵਿਚ ਤਥਾ-ਕਥਿਤ ਖਾੜਕੂਆਂ ਦੀਆਂ ਧਮਕੀਆਂ ਹੀ ਨਹੀਂ ਉਸਨੂੰ ਮਿਲਦੀਆਂ ਰਹੀਆਂ, ਇਹਨਾਂ ਧਮਕੀਆਂ ਦਾ ਅਮਲੀ ਕਾਰਾ ਵੀ ਦੇਵ ਨੇਤ ਉਸਦੀਆਂ ਬਰੂਹਾਂ ਤੋਂ ਆ ਕੇ ਮੁੜ ਜਾਂਦਾ ਰਿਹਾ। ਆਪਣੇ ਪਿੰਡ ਵਿਚ ਜੇ ਨੌਜਵਾਨ ਸਭਾਵਾਂ ਜਾ ਪੰਚਾਇਤੀ ਇਕੱਠਾਂ ਰਾਹੀਂ ਉਹ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਤੇ ਰੋਕਣ, ਸਮਾਜ ਸੁਧਾਰ ਦੇ ਕੰਮ ਨੇਪਰੇ ਚਾੜ੍ਹਨ, ਲੋੜਵੰਦਾਂ ਦੀ ਮਦਦ ਕਰਨ ਤੇ ਨਿਆਂ ਦੁਆਉਣ ਵਰਗੇ ਕੰਮ ਕਰਾਉਂਦਾ ਰਿਹਾ ਹੈ ਤਾਂ ਪਿੰਡ ਦੇ ਘੇਰੇ ਤੋਂ ਬਾਹਰ ਕੀਤੇ ਅਜਿਹੇ ‘ਨਿੱਕੇ ਮੋਟੇ ਕਾਰਜਾਂ‘ ਦੀ ਸੂਚੀ ਵੀ ਨਿੱਕੀ ਨਹੀਂ। ਬਲੈਕ ਵਿਚ ਵਿਕਦੀ ਜਾਂ ਸਿਰਫ ਅਮੀਰ ਭੋਂਪਤੀਆਂ ਦੀ ਵਰਤੋਂ ਲਈ ਰਾਤ ਬਰਾਤੇ ਚੋਰੀ- ਛਿਪੇ ਜਾਂਦੇ ਖਾਦ ਦੇ ਟਰੱਕ ਨੂੰ ਰੋਕਕੇ ਲੋਕਾਂ ਵਿਚ ਵੰਡਣ, ਸ਼ਾਮਲਾਤੀ ਜ਼ਮੀਨ ਨੂੰ ਸਮਰੱਥਾਵਾਨ ਲੋਕਾਂ ਦੇ ਨਾਜਾਇਜ਼ ਕਬਜ਼ੇ ‘ਚੋਂ ਛੁਡਾਉਣ, ਬਦਮਾਸ਼ੀ ਵਿਖਾਉਣ ਜਾਂ ਹੋ-ਹੱਲਾ ਮਚਾਉਣ ਵਾਲੇ ਲੋਕਾਂ ਨੂੰ ਨੱਥ ਪਾਉਣ, ਇਕ ਸਤਿਕਾਰੇ ਬਜ਼ੁਰਗ ਦੀ ਦਾੜ੍ਹੀ ਪੁੱਟਣ ਵਰਗੀ ਪੁਲਸ ਦੇ ਥਾਣੇਦਾਰ ਵੱਲੋਂ ਕੀਤੀ ਵਧੀਕੀ ਵਿਰੁੱਧ ਡਟਣ ਅਤੇ ਥਾਣੇਦਾਰ ਨੂੰ ਉੱਥੋਂ ਕੱਢਣ, ਅਤਿਵਾਦੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਾਂਭਣ ਵਰਗੇ ਇਸ ਤਰ੍ਹਾਂ ਦੇ ਅਨੇਕਾਂ ਕਾਰਜ ਵਰਿਆਮ ਸੰਧੂ ਦੇ ਪਿੰਡ ਦੇ ਕਾਰਜਾਂ ਦੀ ਸੂਚੀ ਦਾ ਹਿੱਸਾ ਹਨ। ਜੇਲ੍ਹ-ਨਿਵਾਸ ਦੌਰਾਨ ਇਕ ਚਿੱਠੀ ਲਿਖਣ ਅਤੇ ਉਸਨੂੰ ਬਾਹਰ ਪੁਚਾਉਣ ਦਾ ਪ੍ਰਬੰਧ ਕਰਕੇ ਉਹ ਇਕ ਬੇਗੁਨਾਹ ਨੂੰ ਕਤਲ ਦੇ ਕੇਸ ਵਿਚੋਂ ਬਰੀ ਕਰਵਾ ਲੈਣ ਦਾ ਸਾਧਨ ਬਣਦਾ ਹੈ ਤਾਂ ਲੇਖਕ ਹੋਣ ਦਾ ਉਸਦਾ ਰਸੂਖ ਉਸਦੇ ਉਸ ‘ਧਰਮੀੰ‘ ਮਾਮੇ ਨੂੰ ਤਥਾ-ਕਥਿਤ ‘ਪੁਲਸ ਮੁਕਾਬਲੇ‘ ਵਿਚ ਮਾਰੇ ਜਾਣ ਦੀ ਸਥਿਤੀ ਤੋਂ ਬਚਾ ਕੇ ਘਰ ਲੈ ਆਉਂਦਾ ਹੈ, ਜਿਸ ਮਾਮੇ ਨਾਲ ਉਸਦੀ ਬੋਲ-ਚਾਲ ਵੀ ਬੰਦ ਸੀ । ਜੇਲ੍ਹ-ਯਾਤਰਾ ਜਾਂ ਅਜਿਹੇ ਵਿਕੋਲਿਤਰੇ ਕੰਮਾਂ ਦਾ ਵੇਰਵਾ ਦਿੰਦਿਆਂ ਉਸਨੇ ਕਿਤੇ ਵੀ ‘ਚੀਚੀ ਉਂਗਲੀ ਉੱਤੇ ਖੂਨ ਲਾ ਕੇ ਸ਼ਹੀਦ ਬਣਨ‘ ਵਾਲਿਆਂ ਦੀ ਬਿਰਤੀ ਦਾ ਵਿਖਾਵਾ ਨਹੀਂ ਕੀਤਾ, ਜੋ ਬਿਰਤੀ ਸਾਡੇ ਲੇਖਕਾਂ, ਕਲਾਕਾਰਾਂ ਸਮੇਤ ਆਮ ਹੀ ‘ਵੱਡੇ ਲੋਕਾਂ‘ ਵਿਚ ਵੇਖਣ ਨੂੰ ਮਿਲਦੀ ਹੈ। ਸਗੋਂ ਇਸ ਤਰ੍ਹਾਂ ਦੇ ਵੇਰਵਿਆਂ ਰਾਹੀਂ ਵਰਿਆਮ ਨੇ ਆਪਣੀਆਂ ਸੀਮਾਵਾਂ ਦਾ ਵੀ ਖੁਲ੍ਹਕੇ ਉਲੇਖ ਕੀਤਾ ਹੈ, ਜਿੱਥੇ ਉਹ ਹਾਲਾਤ ਵੱਸ ਚਾਹੁੰਦਿਆਂ ਹੋਇਆਂ ਵੀ ਕੁਝ ਕਰ ਨਹੀਂ ਸਕਿਆ। ਆਪਣੇ ਪਿੰਡ ਦੀ ਇਕ ਬਜ਼ੁਰਗ ਔਰਤ ਦੀ ਨੰਗਿਆਂ ਕਰਕੇ ਕੀਤੀ ਬੇਪਤੀ ਬਾਰੇ ਸੁਣਕੇ ਉਸ ਦੇ ਹੱਕ ਵਿਚ ਕੁਝ ਨਾ ਕਰ ਸਕਣ ਦੀ ਉਸਨੂੰ ਡੂੰਘੀ ਨਮੋਸ਼ੀ ਹੈ। ਉਸਨੂੰ ਇਹ ਵੀ ਦੁੱਖ ਹੈ ਕਿ ਨੇੜਲੀ ਰਿਸ਼ਤੇਦਾਰੀ ਵਿਚ ਵਿਆਹ ‘ਤੇ ਗਿਆਂ ਉਹ ਧਰਮ ਦੀ ਗੁਮਰਾਹਕੁਨ ਧਾਰਨਾ ਵਿਚੋਂ ਉਭਰੇ ਮਾਮੇ ਦੇ ਕੁਸੈਲੇ ਤੇ ਧਮਕੀ ਭਰੇ ਬੋਲਾਂ ਦਾ ਮੁਕਾਬਲਾ ਨਾ ਕਰ ਸਕਦਾ ਹੋਇਆ ਆਪਣੇ ਨਿੱਕੇ ਨਿੱਕੇ ਬੱਚਿਆਂ ਤੇ ਬੀਵੀ ਸਮੇਤ ਵਿਆਹ ਵਿਚੇ ਛੱਡਕੇ ਮੁੜ ਆਇਆ ਸੀ ਅਤੇ ਕਿਸੇ ਸਕੇ ਸੰਬੰਧੀ ਨੇ ਉਸਨੂੰ ਵਰਜਿਆ ਨਹੀਂ ਸੀ। ਕੈਦੀ ਨਿਹੰਗ ਸਿੰਘ ਦੀ ਚਿੱਠੀ ਜੇਲ੍ਹ ਤੋਂ ਬਾਹਰ ਭੇਜਣ ਸਮੇਂ ਹਿਰਾਸਤ ਦੌਰਾਨ ਪੁਲਸੀਏ ਵੱਲੋਂ ਪਈ ਚਪੇੜ ਨਾਲ ਉਸਦੀ ਗਲ੍ਹ ਹੀ ਚਲੂੰ ਚਲੂੰ ਨਹੀਂ ਕਰਦੀ ਰਹੀ, ਇਸਦੀ ਨਮੋਸ਼ੀ ਵੀ ਬਹੁਤ ਰੜਕਦੀ ਰਹੀ ਹੈ। ਫਿਰਕਾਪ੍ਰਸਤੀ ਦੀ ਹਨੇਰੀ ਵਿਚ ਜਿੰਨ੍ਹਾਂ ਲੋਕਾਂ ਨੂੰ ਬਚਾਉਣ ਲਈ ਉਸਨੇ ਜਾਨ ਹਥੇਲੀ ‘ਤੇ ਧਰੀ ਸੀ, ਉਹਨਾਂ ਦੇ ਹੀ ਇਕ ਭਾਗ ਨੇ ਉਸਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਵੇਖਿਆ ਸੀ ਅਤੇ ਉਸ ਨੂੰ ਕਤਲ ਕੇਸ ਵਿਚ ਘਸੀਟੇ ਜਾਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਿਆ ਸੀ
ਵਧੇਰੇ ਕਰਕੇ ਸਮ੍ਹੁਹਕ ਸਰੋਕਾਰਾਂ ਨਾਲ ਵਾਹ-ਵਾਸਤਾ ਰਖਦੇ ਇਸ ਪੁਸਤਕ ਦੇ ਵੇਰਵਿਆਂ ਵਿਚ ਅਸਲੋਂ ਨਿੱਜੀ ਤੇ ਪਰਿਵਾਰਕ ਸਮਾਚਾਰਾਂ ਦੀ ਸੂਹ ਤਾਂ ਮਿਲਦੀ ਹੈ ਪਰ ਅਜਿਹੇ ਵੇਰਵਿਆਂ ਦਾ ਅਨੁਪਾਤ ਕਾਫੀ ਥੋੜ੍ਹਾ ਹੈ। ਸਾਧਾਰਨ ਕਿਸਾਨੀ ਪਰਿਵਾਰ ਦੇ ਜੰਮਪਲ ਹੋਣ ਦੇ ਤੱਥ ਨੂੰ ਉਸਨੇ ਤੱਠਸੱਠ ਰੂਪ ਵਿਚ ਬਿਅਨਿਆ ਹੈ, ਨਾ ਇਸ ਵਿਚੋਂ ਗ਼ਰੀਬ ਜਾਪਣ ਵਾਲੀ ਰੁਦਨ ਦੀ ਧੁਨੀ ਸੁਣੀਂਦੀ ਹੈ ਅਤੇ ਨਾ ਹੀ ‘ਖ਼ਾਨਦਾਨੀ ਚੜ੍ਹਤ‘ ਵਾਲੀ ਭੂਪਵਾਦੀ ਹਉਂ ਦਾ ਵਿਖਾਵਾ ਹੁੰਦਾ ਹੈ। ਰਿਸ਼ਤਿਆਂ ਦੇ ਸੱਚ ਵਿਚ ਜਿਸ ਤਰ੍ਹਾਂ ਦੀ ਖਟਾਸ ਤੇ ਮਿਠਾਸ ਦਾ ਅਕਸਰ ਜੀਵਨ ਵਿਚ ਸਾਹਮਣਾ ਹੁੰਦਾ ਹੈ, ਉਸਦਾ ਵਿਉਰਾ ਆਪਣੇ ਪਰਿਵਾਰ ਦੇ ਪ੍ਰਸੰਗ ਵਿਚ ਵਰਿਆਮ ਨੇ ਦਿੱਤਾ ਹੈ। ਏਥੇ ਵੀ ਪਹੁੰਚ ਖੁਦ ਨੂੰ ਵਡਿਆਉਣ ਜਾਂ ਦਰੁਸਤ ਸਾਬਤ ਕਰਨ ਵਾਲੀ ਨਹੀਂ ਸਗੋਂ ਆਲੋਚਨਾਤਮਕ ਨਜ਼ਰ ਨਾਲ ਵੇਖਣ ਦੀ ਹੈ। ਮਾਂ-ਪਿਉ, ਭੈਣਾਂ-ਭਰਾਵਾਂ, ਮਾਮਿਆਂ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੀ ਬਾਤ ਨਿਰਲੇਪ ਰਹਿ ਕੇ ਇੰਝ ਪਾਈ ਹੈ ਜਿਵੇਂ ਉਹ ਆਪਣੀ ਕਿਸੇ ਕਹਾਣੀ ਦਾ ਯਥਾਰਥਕ ਪਾਤਰ-ਚਿਤਰਨ ਕਰ ਰਿਹਾ ਹੋਵੇ। ਲੋੜੀਂਦੀ ਵਿੱਥ ‘ਤੇ ਖਲੋ ਕੇ ਉਸਨੇ ਉੁਹਨਾਂ ਦੀ ਸ਼ਖਸੀਅਤ ਤੇ ਵਿਹਾਰ ਨੂੰ ਵੇਖਿਆ ਪਛਾਣਿਆ ਹੈ। ਏਸੇ ਲਈ ਉਹ ਆਰਥਿਕ ਤੰਗੀ ਕਾਰਨ ਨਸ਼ਿਆਂ ਦੀ ਮਾਰ ਹੇਠ ਆ ਗਏ ਆਪਣੇ ਪਿਤਾ ਨੂੰ ਪਿੱਛਲ ਝਾਤ ਰਾਹੀਂ ਹਮਦਰਦੀ ਦੀ ਭਾਵਨਾ ਨਾਲ ਵੇਖਦਾ ਹੋਇਆ ਉਸ ਪ੍ਰਤੀ ਰਹੇ ਆਪਣੇ ਕੁਰਖਤ ਵਤੀਰੇ ਉੱਤੇ ਅਫਸੋਸ ਜ਼ਾਹਰ ਕਰਦਾ ਹੈ। ਸਮੁੱਚੀ ਪੁਸਤਕ ਵਿਚ ਹੀ ਇਕ ਗਲਪਕਾਰ ਵਜੋਂ ਵਰਿਆਮ ਦੀ ਨਿਪੁੰਨਤਾ ਆਪਣਾ ਪ੍ਰਗਟਾਅ ਕਰਦੀ ਹੈ, ਜਿਸ ਵਿਚ ਯਥਾਰਥ ਪ੍ਰਤੀ ਵਫਾਦਾਰੀ, ਸੰਵੇਦਨਸ਼ੀਲਤਾ ਤੇ ਮਾਨਵੀ ਸਰੋਕਾਰ ਇਕੋ ਜਿੰਨੇ ਕਾਰਜਸ਼ੀਲ ਹਨ।
ਵਰਿਆਮ ਸੰਧੂ ਦੀ ਇਸ ਸਵੈ-ਜੀਵਨੀ ਨੂੰ ਮੈ ‘ਗੁਫਾ ਵਿਚਲੀ ਉਡਾਣ‘ ਤਾਂ ਮੰਨਣ ਲਈ ਤਿਆਰ ਨਹੀਂ। ਇਸ ਵਿਚ ਉਸਨੇ ਆਪਣੀ ਸ਼ਖਸੀਅਤ ਦੇ ਹਾਣ ਦੀ ਅਵੱਸ਼ ਬੜੀ ਉੱਚੀ ਤੇ ਸੋਹਣੀ ਉਡਾਣ ਭਰੀ ਹੈ। ਵਰਿਆਮ ਦੀਆਂ ਬਾਕੀ ਲਿਖਤਾਂ ਵਾਂਗ ਹੀ ਇਹ ਉਸਦੀ ਬਹੁਤ ਖੂਬਸੂਰਤ ਤੇ ਗੌਲਣਯੋਗ ਰਚਨਾ ਹੈ। ਮੈਂ ਇਸ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346