Welcome to Seerat.ca
Welcome to Seerat.ca

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ

 

- ਸੁਰਜੀਤ ਪਾਤਰ

ਆਪ ਬੀਤੀ / ਗਵਾਚੀ ਖ਼ੁਸ਼ੀ

 

- ਮੰਗਤ ਰਾਮ ਪਾਸਲਾ

ਮੈਂ ਇਸਨੂੰ ‘ਗੁਫਾ ਵਿਚਲੀ ਉਡਾਣ‘ ਨਹੀਂ ਮੰਨਦਾ

 

- ਰਘਬੀਰ ਸਿੰਘ ‘ਸਿਰਜਣਾ’

ਸਾਹਿਤਕ ਸਵੈਜੀਵਨੀ/4
ਰੰਗ ਰੰਗ ਦੀ ਵਜਾਉਂਦਾ ਬੰਸਰੀ

 

- ਵਰਿਆਮ ਸਿੰਘ ਸੰਧੂ

ਭੰਗ ਦੇ ਭਾੜੇ ਗਿਆ ਜੈਮਲ

 

- ਜਗਜੀਤ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

‘ਈਮਾਨਦਾਰੀ ਦੀ ਦਾਦ’

 

- ਗੁਲਸ਼ਨ ਦਿਆਲ

ਪਰਵਾਸੀ ਪੰਜਾਬੀ ਪੱਤਰਕਾਰੀ ਮੌਜੂਦਾ ਰੁਝਾਨ,ਸੀਮਾਵਾਂ ਅਤੇ ਸਮੱਸਿਆਵਾਂ

 

- ਹਰਜੀਤ ਸਿੰਘ ਗਿੱਲ

'ਆਵਦਾ ਹਿੱਸਾ'

 

- ਵਕੀਲ ਕਲੇਰ

ਸਿਆਸੀ ਸਵਾਰੀ ਦਾ ਧਰਮ-ਸੰਕਟ

 

- ਹਰਪ੍ਰੀਤ ਸੇਖਾ

ਬਠਲੂ ਚਮਿਆਰ

 

- ਅਤਰਜੀਤ

ਗ਼ਦਰ ਪਾਰਟੀ - ਪ੍ਰਮੁੱਖ ਘਟਨਾਵਾਂ

 

- ਉਂਕਾਰਪ੍ਰੀਤ

ਨਸ਼ਿਆਂ ਦੀ ਆਦਤ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ ਵਿਚ ਪੰਜਾਬੀ ਵਿਹਲੜ ਦਾ ਸਕੈਯੂਅਲਾਂ

 

- ਗੁਰਦੇਵ ਚੌਹਾਨ

ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ

ਖੇਤ ਮਜ਼ਦੂਰ ਔਰਤਾਂ ਦੇ ਦੁਖੜੇ ਤੇ ਦਮ

 

- ਲਸ਼ਮਣ ਸਿੰਘ ਸੇਵੇਵਾਲਾ

ਵਗਦੀ ਏ ਰਾਵੀ / ਸਾਰੇ ਆਪਾਂ ਪੰਜਾਬੀ ਭਰਾ ਹਾਂ

 

- ਵਰਿਆਮ ਸਿੰਘ ਸੰਧੂ

ਵਿਚਾਰ ਚਰਚਾ: ਗ਼ਦਰੀ ਬਾਬੇ ਕੌਣ ਸਨ? / ਧਰਤੀ ਅਤੇ ਅੰਬਰ ਨਾਲ ਜੁੜੇ ਸਨ ਗ਼ਦਰੀ ਬਾਬੇ: ਡਾ. ਵਰਿਆਮ ਸਿੰਘ ਸੰਧੂ

ਹੁੰਗਾਰੇ
 


ਸਿਆਸੀ ਸਵਾਰੀ ਦਾ ਧਰਮ-ਸੰਕਟ
- ਹਰਪ੍ਰੀਤ ਸੇਖਾ
 

 

ਉਸਦੇ ਕਾਲਾ ਲੰਮਾ ਕੋਟ ਪਾਇਆ ਹੋਇਆ ਸੀ। ਉਸ ਕੋਲ ਕੋਈ ਸੂਟਕੇਸ ਜਾਂ ਕੋਈ ਹੋਰ ਸਮਾਨ ਨਹੀਂ ਸੀ। ਉਸ ਨੇ ਹੱਥ ਚੁੱਕ ਕੇ ਇਸ਼ਾਰਾ ਕੀਤਾ। ‘ਮਿਲਗੀ ਸ਼ੌਰਟੀ,’ ਸੋਚਕੇ ਮੈਂ ਬੇਦਿਲੀ ਨਾਲ ਟੈਕਸੀ ਦਰਵਾਜ਼ੇ ਦੇ ਨੇੜੇ ਉਸ ਆਦਮੀ ਦੇ ਕੋਲ ਲੈ ਗਿਆ। ਟੈਕਸੀ ‘ਹੋਟਲ ਵੈਨਕੂਵਰ’ ਦੇ ਮੂਹਰੇ ਲਾਈ ਹੋਈ ਸੀ। ਸਵੇਰ ਦੇ ਪੰਜ ਵਜੇ ਦਾ ਟਾਈਮ ਸੀ। ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕੋਈ ਹੋਰ ਨਹੀਂ ਸਗੋਂ ਬੀ ਸੀ ਦਾ ਸਾਬਕਾ ਪ੍ਰੀਮੀਅਰ ਤੇ ਮੌਜ਼ੂਦਾ ਮੈਂਬਰ ਪਾਰਲੀਮੈਂਟ ਉੱਜਲ ਦੁਸਾਂਝ ਸੀ। ਉਸ ਨੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਵਿਚ ਬੈਠਦੇ ਨੇ ਸਾਊਥ ਵੈਨਕੂਵਰ ਦਾ ਪਤਾ ਦੱਸਿਆ। ਮੇਰੇ ਲਈ ਅਚੇਤ ਹੀ ਉਹ ਇਕ ਖਾਸ ਸਵਾਰੀ ਬਣ ਗਈ। ਮੈਂ ਰਾਜਨੀਤਕ ਨੇਤਾਵਾਂ ਜਾਂ ਹੋਰ ਮਸ਼ਹੂਰ ਲੋਕਾਂ ਨਾਲ ਹੱਥ ਮਿਲਾਉਣ ਜਾਂ ਫੋਟੋ ਖਿਚਵਾਉਣ ਲਈ ਤਾਂਘੜ ਕੇ ਅਗਾਂਹ ਨਹੀਂ ਹੁੰਦਾ, ਸਗੋਂ ਇਕ-ਦੂਜੇ ਨੂੰ ਪਿਛਾਂਹ ਧੱਕ ਕੇ ਮੂਹਰੇ ਹੋਣ ਵਾਲਿਆਂ ‘ਤੇ ਚਿੱਤ ‘ਚ ਹੱਸਦਾ ਹਾਂ। ਪਰ ਉੱਜਲ ਦੁਸਾਂਝ ਦਾ ਟੈਕਸੀ ਵਿਚ ਬੈਠਣਾ ਪਤਾ ਨਹੀਂ ਕਿਓਂ ਮੈਨੂੰ ਅਚੰਭਿਤ ਕਰ ਰਿਹਾ ਸੀ। ਜਦੋਂ ਤੋਂ ਉਹ ਖੱਬੇ-ਪੱਖੀ ਸਮਝੀ ਜਾਂਦੀ ਐਨ ਡੀ ਪੀ ਪਾਰਟੀ ਨੂੰ ਛੱਡ ਕੇ ਸੈਂਟਰਲ ਅਖਵਾਉਂਦੀ ਲਿਬਰਲ ਪਾਰਟੀ ਵਿਚ ਚਲਾ ਗਿਆ ਸੀ, ਮੇਰੇ ਲਈ ਓਨਾ ਸਤਿਕਾਰਯੋਗ ਵੀ ਨਹੀਂ ਸੀ ਰਿਹਾ। ਫਿਰ ਵੀ ਪਤਾ ਨਹੀਂ ਕਿਓਂ ਮੈਂ ਉਤੇਜਿਤ ਹੋ ਰਿਹਾ ਸੀ। ਸਗੋਂ ਮੈਂ ਤਾਂ ਕਿਰਾਏ ਵਾਲਾ ਮੀਟਰ ਚਲਾਉਣਾ ਵੀ ਭੁੱਲ ਗਿਆ। ਛੇਤੀ ਵਿਚ ਮੈਂ ਸੋਚਿਆ ਕਿ ਉਸ ਨਾਲ ਕੀ ਗੱਲ ਸ਼ੁਰੂ ਕੀਤੀ ਜਾਵੇ; ਉਸਦਾ ਪਾਰਟੀ ਬਦਲਣਾ ਜਾਂ ਕੁਝ ਹਫ਼ਤੇ ਪਹਿਲਾਂ ਇੱਕ ਕਿਤਾਬ ਦੇ ਰੀਲੀਜ਼ ਸਮਾਰੋਹ ਮੌਕੇ ਦਿੱਤੀ ਉਸਦੀ ਤਕਰੀਰ, ਜਿਸ ਨੂੰ ਸੁਣ ਕੇ ਮੈਨੂੰ ਦੁੱਖ ਹੋਇਆ ਸੀ। ਮੈਂ ਝੱਟ ਫੈਸਲਾ ਕਰ ਲਿਆ ਕਿ ਤਕਰੀਰ ਵਾਲੀ ਗੱਲ ਹੀ ਸ਼ੁਰੂ ਕਰਾਂ। ਪਾਰਟੀ ਬਦਲਣ ਵਾਲੀ ਗੱਲ ਬਾਰੇ ਉਹ ਕੋਈ ਰਾਜਨੀਤਕ ਜਿਹਾ ਜਵਾਬ ਹੀ ਦੇਵੇਗਾ, ਜਿਹੜਾ ਕਿ ਉਹ ਕਈ ਵਾਰ ਰੇਡੀਓ ਟੀ ਵੀ ਵਾਲਿਆਂ ਨੂੰ ਦੇ ਚੁੱਕਾ ਸੀ। ਹਾਓ ਸਟਰੀਟ ‘ਤੇ ਟੈਕਸੀ ਮੋੜਦਿਆਂ ਮੈਂ ਬਿਨਾਂ ਕਿਸੇ ਭੂਮਿਕਾ ਦੇ ਆਖ ਦਿੱਤਾ, “ ਦੁਸਾਂਝ ਸਾਹਬ ਕੁਝ ਹਫ਼ਤੇ ਪਹਿਲਾਂ ਤੁਸੀਂ ਸੋਹਣ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਦੇ ਰਲੀਜ਼ ਸਮਾਗਮ ਮੌਕੇ ਕਿਹਾ ਸੀ ਕਿ ਉਹ ਪੰਜਾਬੀ ਦੀ ਪਹਿਲੀ ਕਿਤਾਬ ਹੈ, ਜਿਹਨੂੰ ਲੇਖਕ ਨੇ ਪੱਲਿਓਂ ਖਰਚ ਕੇ ਨੀ ਛਪਵਾਇਆ, ਸਗੋਂ ਪਬਲਿਸ਼ਰ ਨੇ ਰੌਇਲਟੀ ਦਿੱਤੀ ਆ?”
“ਮੈਂ ਂਨੌਰਥ ਅਮੈਰਿਕਾ ਵਿਚ ਕਿਹਾ ਸੀ।”
“ਨੌਰਥ ਅਮੈਰਿਕਾ ਵਿਚ ਵੀ ਇਹ ਗੱਲ ਸਹੀ ਨੀ। ਏਹਦੇ ‘ਚ ਸ਼ੱਕ ਨੀ ਬਈ ਉਹ ਵਧੀਆ ਕਿਤਾਬ ਐ। ਮੇਰੀ ਕਿਤਾਬ ਤਿੰਨ ਸਾਲ ਪਹਿਲਾਂ ਛਪੀ ਸੀ। ਮੈਨੂੰ ਰੌਇਲਟੀ ਵਜੋਂ ਪੰਜਾਹ ਕਿਤਾਬਾਂ ਮਿਲੀਆਂ ਸੀ। ਇਹਦੀ ਤਸਦੀਕ ਤੁਸੀਂ ਆਪਣੇ ਦੋਸਤ ਦਰਸ਼ਨ ਗਿੱਲ ਕੋਲੋਂ ਕਰਵਾ ਸਕਦੇ ਆਂ। ਹੋਰ ਵੀ ਦੋਸਤਾਂ ਨੂੰ ਮੈਂ ਜਾਣਦੈਂ ਜਿਨ੍ਹਾਂ ਨੇ ਪੱਲਿਓਂ ਖਰਚ ਕੇ ਨਹੀਂ ਛਪਵਾਈਆਂ। ਗਿਆਨੀ ਕੇਸਰ ਸਿੰਘ ਹੋਰਾਂ ਨੂੰ ਵੀ ਮੇਰਾ ਖਿਆਲ ਨੀਂ ਬਈ ਪਬਲਿਸ਼ਰਾਂ ਨੂੰ ਕੁਛ ਦੇਣਾ ਪਿਆ ਹੋਊ।” ( ਬਾਅਦ ਵਿਚ ਮੈਂ ਪਛਤਾਇਆ ਕਿ ਕਾਹਲੀ ਵਿਚ ਮੈਂ ਆਪਣੀ ਹੀ ਗੱਲ ਕਰ ਗਿਆ। ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ! ਮੈਨੂੰ ਸਗੋਂ ਕਿਸੇ ਹੋਰ ਲੇਖਕ ਦੇ ਹਵਾਲੇ ਨਾਲ ਗੱਲ ਕਰਨੀ ਚਾਹੀਦੀ ਸੀ)
“ਮੇਰੀ ਜਾਣਕਾਰੀ ‘ਚ ਨਹੀਂ ਸੀ ਇਹ ਗੱਲ। ਆਈ ਐਮ ਸੌਰੀ,” ਉਸ ਨੇ ਕਿਹਾ।
“ਮੈਨੂੰ ਲੱਗਦਾ ਹੁੰਦੈ ਬਈ ਜਦੋਂ ਅਸੀਂ ਕਿਸੇ ਕਿਤਾਬ ਨੂੰ ਸੈਲੀਬਰੇਟ ਕਰ ਰਹੇ ਹੁੰਨੇ ਆਂ ਉਦੋਂ ਅਚੇਤ ਹੀ ਅਸੀਂ ਹੋਰ ਕਿਤਾਬਾਂ ਨੂੰ ਛੁਟਿਆਉਣ ਲੱਗ ਪੈਨੇ ਆਂ।”
“ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਇਆਂ ਪਰ ਮੈਂ ਆਪ ਵਹਾਅ ‘ਚ ਆ ਕੇ ਕਦੇ ਤਕਰੀਰ ਨਹੀਂ ਕਰਦਾ ਹੁੰਦਾ। ਅਸਲ ‘ਚ ਮੈਂ ਇਹ ਗੈੱਸ ਕੀਤਾ ਸੀ। ਉਹ ਕਿਤਾਬ ਬਹੁਤ ਵਧੀਆ। ਆਈ ਐਮ ਸੌਰੀ ਅਗੇਨ ਤੁਹਾਨੂੰ ਠੇਸ ਪਹੁੰਚੀ ਆ । ਸਗੋਂ ਮੈਨੂੰ ਹੋਰ ਬੰਦਿਆਂ ਦੇ ਨਾਂ ਵੀ ਦੱਸੋ, ਜਿਹੜੇ ਤੁਹਾਡੇ ਵਾਂਗ ਸੋਚਦੇ ਆ ਮੈਂ ਉਨ੍ਹਾਂ ਕੋਲੋਂ ਵੀ ਸੌਰੀ ਮੰਗਾਂਗਾ।”
ਉਸਦਾ ਫੋਨ ਵੱਜਣ ਲੱਗਾ। ਤੇ ਮੇਰੀ ਨਿਗ੍ਹਾ ਮੀਟਰ ‘ਤੇ ਪਈ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਮੈਂ ਮੀਟਰ ਚਲਾ ਦਿੱਤਾ। ਮੈਂ ਸੋਚਣ ਲੱਗਾ ਕਿ ਫੋਨ ਬੰਦ ਹੁੰਦਿਆਂ ਹੀ ਕਿਹੜੀ ਗੱਲ ਸ਼ੁਰੂ ਕਰਾਂ। ਫੋਨ ਉਸ ਨੇ ਛੇਤੀਂ ਹੀ ਬੰਦ ਕਰ ਦਿੱਤਾ। ਮੈਂ ਫਿਰ ਛੇੜ ਲਿਆ, “ਤੁਸੀਂ ਪਹਿਲਾਂ ਤਾਂ ਐੱਚ ਐੱਸ ਟੀ (ਨਵਾਂ ਟੈਕਸ) ਦੇ ਖਿਲਾਫ਼ ਬੜੇ ਧੜੱਲੇ ਨਾਲ ਬਿਆਨ ਦਿੰਦੇ ਸੀ, ਜਦੋਂ ਥੋਡੇ ਲੀਡਰ ਨੇ ਇਸ ਦੇ ਹੱਕ ‘ਚ ਸਟੈਂਡ ਲੈ ਲਿਆ। ਤੁਸੀਂ ਵੀ ਪਾਰਲੀਮੈਂਟ ਵਿਚ ਇਸ ਟੈਕਸ ਦੇ ਹੱਕ ‘ਚ ਵੋਟ ਪਾ ਦਿੱਤੀ।”
“ਇਕ ਪਾਰਟੀ ‘ਚ ਰਹਿੰਦਿਆਂ ਤੁਸੀਂ ਪਾਰਟੀ ਲੀਡਰ ਦੇ ਉਲਟ ਨ੍ਹੀ ਜਾ ਸਕਦੇ। ਮਿਸਟਰ ਇਗਨਾਟੀਅਫ ਨੇ ਜਦੋਂ ਵਿੱਪ ਜਾਰੀ ਕਰ ਦਿੱਤਾ ਤਾਂ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਮੇਰਾ ਫ਼ਰਜ਼ ਸੀ ਕਿ ਮੈਂ ਉਸਦੇ ਆਦੇਸ਼ ਦਾ ਪਾਲਣ ਕਰਦਾ-----ਆਈ ਐਮ ਸੌਰੀ ਮੈਂ ਇਕ ਕਾਲ ਕਰਨੀ ਆ।” ਅਤੇ ਉਹ ਆਪਣੇ ਬਲੈਕ ਬੈਰੀ ਉਪਰ ਉਂਗਲਾਂ ਮਾਰਨ ਲੱਗਾ। ਮੈਨੂੰ ਲੱਗਾ ਕਿ ਉਹ ਮੇਰੇ ਪ੍ਰਸ਼ਨ ਦਾ ਜਵਾਬ ਦੇਣੋਂ ਕਤਰਾ ਰਿਹਾ ਹੈ। ਮੈਨੂੰ ਖਿਝ ਚੜ੍ਹਨ ਲੱਗੀ। “ ਫਿਰ ਜਿਹੜਾ ਬਿਆਨ ਤੁਸੀਂ ਪਹਿਲਾਂ ਐਚ ਐਸ ਟੀ ਦੇ ਵਿਰੋਧ ਵਿਚ ਦਿੱਤਾ ਸੀ ਉਹ ਆਪਣੀ ਪਾਰਟੀ ਦੇ ਸਟੈਂਡ ਨੂੰ ਜਾਣੇ ਬਿਨਾਂ ਹੀ ਪਬਲਿਕ ਸਪੋਰਟ ਲੈਣ ਲਈ ਦਿੱਤਾ ਸੀ?” ਉਸ ਦੇ ਫੋਨ ਨੂੰ ਕੰਨ ਨਾਲ ਲਾਉਂਦਿਆਂ-ਲਾਉਂਦਿਆਂ ਹੀ ਮੈਂ ਇੱਕ ਹੋਰ ਗੋਲ਼ਾ ਦਾਗ ਦਿੱਤਾ। ਮੈਂ ਉਡੀਕ ਕਰਨ ਲੱਗਾ ਕਿ ਕਦੋਂ ਉਹ ਫ਼ੋਨ ਤੋਂ ਵੇਹਲਾ ਹੁੰਦਾ ਹੈ। ਉਸ ਦੇ ਫ਼ੋਨ ‘ਤੇ ਗੱਲ ਕਰਦਿਆਂ ਹੀ ਉਸ ਨੂੰ ਵਿੱਚੇ ਹੋਰ ਕਾਲ ਆ ਗਈ। ਉਸਦਾ ਟਿਕਾਣਾ ਨੇੜੇ ਆ ਰਿਹਾ ਸੀ ਪਰ ਉਸ ਦਾ ਫੋਨ ਬੰਦ ਨਹੀਂ ਸੀ ਹੋ ਰਿਹਾ। ਮੈਨੂੰ ਇਹ ਸਮਾਂ ਅਜਾਈਂ ਹੀ ਜਾਂਦਾ ਲੱਗ ਰਿਹਾ ਸੀ। ਟਿਕਾਣੇ ‘ਤੇ ਪਹੁੰਚ ਕੇ ਜਦ ਉਸ ਨੇ ਫੋਨ ਕੰਨ ਨਾਲੋਂ ਲਾਹਿਆ ਤਾਂ ਮੈਂ ਕਿਹਾ, “ਤੁਸੀਂ ਮੇਰੇ ਐੱਚ ਐੱਸ ਟੀ ਵਾਲੇ ਸਵਾਲ ਦਾ ਜਵਾਬ ਤਾਂ ਦਿੱਤਾ ਨੀ।” “ਓ, ਆਈ ਐਮ ਸੌਰੀ ਕੁਝ ਇੰਪੌਰਟੈਂਟ ਟੈਲੀਫੋਨ ਆ ਗਏ। ਤੁਸੀਂ ਕਦੇ ਫਿਰ ਸਮਾਂ ਕੱਢ ਕੇ ਮਿਲ ਲਿਓ,” ਉਸ ਨੇ ਕਿਹਾ। ਫਿਰ ਪੂਰਾ ਕਰਾਇਆ ਦਿੰਦਿਆਂ ਬੋਲਿਆ, “ ਮੈਨੂੰ ਪਤੈ ਐਨੇ ਕੁ ਚੱਲ ਜਾਂਦੇ ਆ। ਮੈਂ ਆਮ ਹੀ ਟੈਕਸੀ ਲੈਨਾ ਓਥੋਂ।” ਮੀਟਰ ਲੇਟ ਚਲਾਇਆ ਹੋਣ ਕਰਕੇ ਉਸ ਉੱਪਰ ਘੱਟ ਭਾੜਾ ਬਣਿਆ ਸੀ। ਪੂਰਾ ਕਿਰਾਇਆ ਲੈ ਕੇ ਵੀ ਮੈਨੂੰ ਕੋਈ ਖੁਸ਼ੀ ਨਾ ਹੋਈ।
ਇਸ ਬਾਰੇ ਮੈਂ ਕਾਫ਼ੀ ਦੇਰ ਸੋਚਦਾ ਰਿਹਾ। ਕੁਝ ਸਮੇਂ ਬਾਅਦ ਮੈਨੂੰ ਖਿਆਲ ਆਇਆ ਕਿ ਇਕ ਟੈਕਸੀ ਚਾਲਕ ਵਜੋਂ ਇਕ ਸਵਾਰੀ ਕੋਲ ਆਪਣੇ ਨਿੱਜੀ ਗਿਲੇ-ਸਿ਼ਕਵੇ ਕਰਨੇ ਜ਼ਾਇਜ ਹਨ? ਮੈਂਨੂੰ ਕੁਝ ਹਫ਼ਤੇ ਪਹਿਲਾਂ ਪੜ੍ਹੀ ਪੀਟਰ ਮਕਸ਼ੈਰੀ ਦੀ ਕਿਤਾਬ ‘ਮੀਨ ਸਟਰੀਟਸ : ਕਨਫੈਸ਼ਨਸ ਆਫ਼ ਏ ਨਾਈਟ ਟਾਈਮ ਟੈਕਸੀ ਡਰਾਈਵਰ’ ਯਾਦ ਆਈ। ਉਸ ਵਿਚ ਲੇਖਕ ਨੇ ਕਿਹਾ ਹੈ ਕਿ ਟੈਕਸੀ ਡਰਾਈਵਰ ਨੂੰ ਮਸ਼ਹੂਰ ਹਸਤੀਆਂ ਨੂੰ ਇਕ ਸਵਾਰੀ ਵਜੋਂ ਬਣਦੀ ਸਰਵਿਸ ਦੇਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਪ੍ਰਤੀ ਆਪਣੇ ਗਿਲੇ ਜ਼ਾਹਰ ਕਰਨੇ ਚਾਹੀਦੇ ਹਨ। ਮੈਨੂੰ ਲੇਖਕ ਦੀ ਇਹ ਗੱਲ ਚੰਗੀ ਲੱਗੀ। ਮੈਂ ਸੋਚਣ ਲੱਗਾ ਕਿ ਉਜੱਲ ਦੁਸਾਂਝ ਨੇ ਇਸ ਰਾਈਡ ਦੀ ਕੀਮਤ ਤਾਰਨੀ ਸੀ । ਕੀ ਉਸਦਾ ਹੱਕ ਨਹੀਂ ਕਿ ਇਸ ਬਦਲੇ ਉਹ ਚੰਗੇ ਤੇ ਖੁਸ਼ਗਵਾਰ ਮਾਹੌਲ ਵਿਚ ਸਫ਼ਰ ਕਰਦਾ। ਮੈਂ ਬਾਕੀ ਸਵਾਰੀਆਂ ਨੂੰ ਖੁਸ਼ ਰੱਖਣ ਲਈ ਵੀ ਤਾਂ ਉਹੋ-ਜਿਹੀਆਂ ਗੱਲਾਂ ਕਰਨ ਦੀ ਕੋਸਿ਼ਸ਼ ਕਰਦਾ ਹਾਂ , ਜਿਸ ਨਾਲ ਉਨ੍ਹਾਂ ਦਾ ਟੈਕਸੀ ਵਿਚਲਾ ਸਫ਼ਰ ਚੰਗਾ ਹੋਵੇ। ਜੇ ਉਹ ਫੋਨ ਵਗੈਰਾ ‘ਤੇ ਰੁੱਝੇ ਹੋਣ ਤਾਂ ਮੈਂ ਚੁੱਪ ਕਰ ਜਾਂਦਾ ਹਾਂ। ਤੇ ਫਿਰ ਮੈ ਇਕ ਰਾਜਨੀਤੀਵਾਨ ਤੋਂ ਕਿਓਂ ਆਸ ਰੱਖੀ ਕਿ ਉਹ ਮੇਰੇ ਸਵਾਲਾਂ ਦਾ ਜ਼ਰੂਰ ਹੀ ਜਵਾਬ ਦੇਵੇ? ਉਸਨੇ ਇਕ ਸਵਾਰੀ ਵਜੋਂ ਮੇਰੇ ਕੀ ਮਾਂਹ ਮਾਰੇ ਸਨ?

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346