‘ਘੁੰਮਣਘੇਰੀਆਂ’ ਰਾਹੀਂ ਐਸ ਅਸ਼ੋਕ ਭੌਰਾ ਨੇ ਅਜੋਕੇ ਦੌਰ ਦੇ ਬੁਲੰਦ ਵਾਰਤਕ ਲੇਖਕਾਂ ਦੇ
ਵਿਰਲੇ ਜਿਹੇ ਇਕੱਠ ਵਿਚ ਆਪਣਾ ਝੰਡਾ ਲਿਆ ਗੱਡਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ
ਝੰਡਾ ਦੂਜੇ ਲੇਖਕਾਂ ਤੋਂ ਉੱਚਾ, ਬਰਾਬਰ ਜਾਂ ਜ਼ਰਾ ਕੁ ਜਿੰਨਾਂ ਨੀਵਾਂ ਹੈ, ਮੇਰਾ ਜ਼ੋਰ
ਤਾਂ ਇਸ ਗੱਲ ‘ਤੇ ਹੈ ਕਿ ਇਹ ਝੰਡਾ ਨਿਰੋਲ ਉਹਦਾ ‘ਆਪਣਾ’ ਹੈ। ਉਹਦੇ ਨਿੱਜ ਵਰਗਾ। ਵੱਖਰੀ
ਨੁਹਾਰ ਤੇ ਵਿਲੱਖਣ ਦਿੱਖ ਵਾਲਾ। ਵਿਸ਼ੇਸ਼ ‘ਭੌਰਵੀ’ ਰੰਗ ਵਿਚ ਰੰਗਿਆ ਹੋਇਆ। ਨਿਆਰੇ ਤੇ
ਨਿਰਾਲੇ ਜਲੌਅ ਵਿਚ ਲਿਸ਼ਕਦਾ ਤੇ ਲਹਿਰਦਾ। ਰਤਾ ਕੁ ਧਿਆਨ ਨਾਲ ਵੇਖਣ ਵਾਲਾ ਛੇਤੀ ਹੀ ਇਹਦੀ
ਮਿਕਨਾਤੀਸੀ ਕਸਿ਼ਸ਼ ਵਿਚ ਗੜੁੱਚ ਹੋ ਕੇ, ਇਹਦੇ ਰੰਗਾਂ ਵਿਚ ਘੁਲ਼ ਕੇ ਇਹਦੇ ਨਾਲ ਨਾਲ ਝੂਲਣ
ਲੱਗਦਾ ਹੈ, ਝੂਮਣ ਲੱਗਦਾ ਹੈ। ਤੇ ਝੰਡੇ ਐਵੇਂ ਕਿਵੇਂ ਨਹੀਂ ਝੁੱਲਦੇ। ਇਹਨਾਂ ਲਈ ਮੰਚ ਤਿਆਰ
ਕਰਨ ਲਈ ਲੋੜੀਂਦਾ ਸਮਾਨ ਲੱਭਣ ਤੇ ਖੋਜਣ ਵਾਸਤੇ, ਇਹਨਾਂ ਦਾ ਡਿਜ਼ਾਈਨ ਤਿਆਰ ਕਰਨ ਲਈ,
ਇਹਨਾਂ ਵਿਚ ਸੰਵੇਦਨਾ ਦਾ ਗੂੜ੍ਹਾ ਰੰਗ ਭਰਨ ਲਈ ਕਰੜੀ ਘਾਲਣਾ ਘਾਲਣੀ ਪੈਂਦੀ ਹੈ। ਉਮਰਾਂ
ਲੱਗਦੀਆਂ ਨੇ। ਇਹ ਕਿਤਾਬ ਵੀ ਉਹਦੀ ਉਮਰ ਭਰ ਦੀ ਕਮਾਈ ਹੈ। ਇਸ ਖੱਟੀ-ਕਮਾਈ ਨਾਲ ਉਹਨੇ
ਜਿਸਮਾਨੀ ਉਮਰ ਭੋਗ ਲੈਣ ਤੋਂ ਬਾਅਦ ਵੀ ਜਿਊਂਦੇ ਰਹਿਣ ਦਾ ਜੁਗਾੜ ਕਰ ਲਿਆ ਹੈ।
ਇਸ ਪੁਸਤਕ ਦੀ ਸਹਿਜ ਪੜ੍ਹਤ ਹੀ ਅਹਿਸਾਸ ਕਰਾ ਦਿੰਦੀ ਹੈ ਕਿ ਲੇਖਕ ਕੋਲ ਜਿ਼ੰਦਗੀ ਦਾ ਵਸੀਹ
ਤਜਰਬਾ ਤੇ ਅਨੁਭਵੀ-ਮੁਸ਼ਾਹਦਾ ਹੈ; ਰਿਸ਼ਤਿਆਂ ਤੇ ਮਸਲਿਆਂ ਨੂੰ ਬਰੀਕੀ ਤੇ ਡੂੰਘਾਈ ਨਾਲ
ਸਮਝਣ ਵਾਲਾ ਅਤੇ ਦਿੱਖ ਦੀ ਪੱਧਰ ‘ਤੇ ਸਿੱਧੇ-ਸਪਾਟ ਪਰ ਤੱਤ ਦੀ ਸ਼ਕਲ ਵਿਚ ਅਤਿ ਦੇ
ਗੁੰਝਲਦਾਰ ਵਰਤਾਰਿਆਂ ਦੀ ਕੱਪੜ-ਛਾਣ ਕਰਨ ਵਾਲਾ ਦਾਰਸ਼ਨਿਕ ਨਜ਼ਰੀਆ ਹੈ। ਉਸ ਕੋਲ ਲੋਕਾਈ
ਨਾਲ ਰਲ ਕੇ ਉਹਦੇ ਦੁਖ-ਸੁਖ ਵਿਚ ਰੋਣ-ਹੱਸਣ ਵਾਲਾ ਸੰਵੇਸ਼ਨਸ਼ੀਲ ਹਿਰਦਾ ਹੈ। ਸਭ ਤੋਂ ਵਧ
ਕੇ ਉਸ ਕੋਲ ਆਪਣੀ ਗੱਲ ਨੂੰ ਭਰੋਸੇ ਨਾਲ ਕਹਿਣ, ਆਪਣੀ ਬਬੇਕ-ਬੁੱਧ ਵਿਚੋਂ ਕਸ਼ੀਦ ਕੀਤੇ ਸੱਚ
ਨੂੰ ਸਮਝਾਉਣ, ਮੰਨਵਾਉਣ ਤੇ ਉਹਦੇ ਲੜ ਲਾਉਣ ਦਾ ਲਾਸਾਨੀ ਹੁਨਰ ਹੈ। ਉਹ ਆਪ ਹੀ ਇਕ ਥਾਂ
ਲਿਖਦਾ ਹੈ, ‘ਜਿਹਨੂੰ ਗੱਲ ਕਰਨ ਤੇ ਗੱਲ ਸਮਝਾਉਣ ਦੀ ਕਲਾ ਆ ਜਾਵੇ, ਸ਼ਾਇਦ ਉਸਤੋਂ ਵੱਡਾ
ਕਲਾਕਾਰ ਨਾ ਹੋਵੇ।’ ਜਿਹੜਾ ਭੌਰਾ ਖ਼ੁਦ ਇਸ ਹਕੀਕਤ ਨੂੰ ਜਾਣਦਾ ਹੈ ਭਲਾ ਉਹ ਆਪ ਕਿਉਂ ਨਾ
ਇਸ ਹੁਨਰ ‘ਤੇ ਖ਼ਰਾ ਉਤਰਨ ਦਾ ਚਾਰਾ ਕਰੂ। ਹੁਨਰਮੰਦੀ ਬਿਨਾਂ ਸਾਰਾ ਮਸੌਦਾ ਤੇ ਦਰਸ਼ਨ
ਸ਼ਬਦਾਂ ਦੇ ਬੇਤਰਤੀਬੇ, ਬੇਢੱਬੇ ਤੇ ਬੇਥ੍ਹਵੇ ਜੰਗਲ ਤੋਂ ਵੱਧ ਕੁਝ ਨਹੀਂ ਹੁੰਦਾ। ਸਮਝ ਅਤੇ
ਸੰਵੇਦਨਾ ਦੇ ਪ੍ਰਿਜ਼ਮੀ ਰੰਗਾਂ ਵਿਚ ਲਿਸ਼ਕਦੇ ਤੇ ਬੀੜੇ ਸ਼ਬਦ ਹਨੇਰੇ ਜੰਗਲ ਵਿਚ ਸੰਜੀਵਨੀ
ਬੂਟੀ ਵਾਂਗ ਜਗਣ ਲੱਗਦੇ ਹਨ। ਭੌਰਾ ਇਹ ਕਮਾਲ ਤਾਂ ਹੀ ਕਰ ਸਕਿਆ ਹੈ ਕਿਊਂਕਿ ਉਹਦੀ ਲਿਖਤ
ਰਗਾਂ ਵਿਚ ਵਹਿੰਦੇ ਸੁਸਤ-ਚਾਲੇ ਤੁਰ ਰਹੇ ਲਹੂ ਨਾਲ ਨਹੀਂ ਸਗੋਂ ਅੱਖਾਂ ‘ਚੋਂ ਟਪਕਣ ਵਾਲੇ
ਅਤੇ ਦਰਿਆ ਬਣ ਕੇ ਵਹਿਣ ਲਈ ਉੱਬਲ-ਉੱਛਲ ਰਹੇ ਲਹੂ ਨਾਲ ਲਿਖੀ ਗਈ ਹੈ।
ਉਹਦੇ ਰਚਨਾ-ਸੰਸਾਰ ਵਿਚ ਪੇਸ਼ ਵਿਸਿ਼ਆਂ ਦੀ ਵਿਵਿਧਤਾ ਤੇ ਵੰਨਗੀ ਤੋਂ ਸਹਿਜੇ ਹੀ ਅਨੁਮਾਲ
ਲਾਇਆ ਜਾ ਸਕਦਾ ਹੈ ਕਿ ‘ਭੌਰਾ’ ਕਿਸੇ ਇੱਕੋ ਫੁੱਲ ਤੇ ਮੰਡਰਾਉਣ ਵਾਲਾ ਇਕ-ਰਸਾ ਤੇ ਇਕ-ਮੁਖਾ
ਆਸ਼ਕ-ਲੇਖਕ ਨਹੀਂ। ਪੂਰੀ ਸਾਹਿਤਕ-ਸਮਾਜਕ ਜਿ਼ੰਮੇਵਾਰੀ ਤੇ ਵਫ਼ਾਦਾਰੀ ਨਾਲ ਜੱਗ-ਜਹਾਨ ਦੇ
‘ਫੁੱਲ ਫੁੱਲ ‘ਤੇ ਭੌਰਿਆਂ ਵਾਂਗ ਫਿਰ ਕੇ’ ਉਹਨਾਂ ਦੀ ਵਾਸ ਸੁੰਘਣਾਂ-ਸੁੰਘਾਉਣਾ ਉਹਦਾ
‘ਦਸਤੂਰ’ ਹੈ। ਉਹ ਵਾਹ ਲੱਗਦੀ ਬਲਦੀ ਧਰਤੀ ਦੇ ਹਰੇਕ ਤਪਦੇ ਕਣ ਨੂੰ ਆਪਣੇ ਹੂੰਝੂਆਂ ਦੀ
ਵਾਛੜ ਨਾਲ ਠਾਰਨ ਦੇ ਯਤਨ ਵਿਚ ਹੈ। ਉਹਦਾ ਦਿਲ ਵੰਨ-ਸੁਵੰਨੇ ਲੋਕਾਂ, ਧਿਰਾਂ, ਰਿਸ਼ਤਿਆਂ ਤੇ
ਜੀਵਾਂ ਨਾਲ ਮਿਲ ਕੇ ਧੜਕਦਾ ਹੈ। ਉਹਦੇ ਸ਼ਬਦਾਂ ਵਿਚ ਹਰੇਕ ਜਣੇ ਦੀ ਪੀੜ ਨਾਲ ਇਕਸੁਰ ਹੋ ਕੇ
ਹੂੰਗਣ ਦੀ ਤੜਪ ਵਿਲਕਦੀ ਹੈ। ਸਗਲੀ ਧਰਤ ਉਹਦੀ ਆਪਣੀ ਹੈ ਤੇ ਧਰਤੀ ਦੇ ਧੀਆਂ-ਪੁੱਤਾਂ ਦੀਆਂ
ਬਿਪਤਾਵਾਂ ਤੇ ਵਿਲਕਣੀਆਂ ਵੀ ਉਹਦੀਆਂ ਆਪਣੀਆਂ ਹਨ। ਜਦੋਂ ਉਹ ਆਖਦਾ ਹੈ, “ਤੀਰਥੋ ਨੂੰ
ਤੁਸੀਂ ਵੀ ਜਾਣਦੇ ਹੋ ਪਰ ਮੈਂ ਉਹਨੂੰ ਥੋੜ੍ਹਾ ਨੇੜੇ ਤੋਂ ਜਾਣਦਾ ਹਾਂ। ਤੁਸੀਂ ਸ਼ਾਇਦ
ਉਹਨੂੰ ਦੇਖਿਆ ਨਹੀਂ ਹੋਵੇਗਾ ਪਰ ਮੈਂ ਉਹਦੇ ਬੜੀ ਵਾਰ ਦਰਸ਼ਨ ਕੀਤੇ ਹਨ।” ਤਾਂ ਉਹ ਲੇਖਕ ਦੀ
ਵੱਖਰੀ, ਵੱਡੀ ਤੇ ਉੱਚੀ ਹਸਤੀ ਬਾਰੇ ਆਪਣਾ ਮਤ ਪ੍ਰਗਟਾ ਰਿਹਾ ਹੈ। ਲੇਖਕ ਆਮ ਲੋਕਾਂ ਵਰਗਾ
ਹੋ ਕੇ ਵੀ ਉਹਨਾਂ ਤੋਂ ਵੱਖਰਾ ਤੇ ਉੱਚਾ ਹੈ ਕਿਉਂਕਿ ਉਸ ਕੋਲ ‘ਕੋਠੇ ਚੜ੍ਹ ਕੇ ਘਰ ਘਰ ਬਲਦੀ
ਅੱਗ’ ਵੇਖ ਸਕਣ ਵਾਲੀ ਨਜ਼ਰ ਹੈ ਅਤੇ ਉਹਨੂੰ ਕਿਸੇ ਇਕ ‘ਤੀਰਥੋ’ ਜਾਂ ਕਿਸੇ ਇੱਕ ‘ਤੀਰਥ’ ਦੇ
ਦੁੱਖ ਨੂੰ ਹਜ਼ਾਰ-ਹਾਅ ‘ਤੀਰਥੋਆਂ’ ਜਾਂ ‘ਤੀਰਥਾਂ’ ਦਾ ਵਿਆਪਕ ਦੁੱਖ-ਦਰਦ ਬਣਾ ਕੇ ਉਹਦੇ
ਕਲਾਤਮਕ ‘ਦਰਸ਼ਨ’ ਕਰਵਾ ਸਕਣ ਦਾ ਹੁਨਰ ਆਉਂਦਾ ਹੈ। ਲੇਖਕ ਸਾਡੇ ਆਸੇ-ਪਾਸੇ ਤੇ ਅੰਗ-ਸੰਗ
ਵਿਚਰਦੇ, ਉਤੋਂ-ਉੱਤੋਂ ਜਾਣੇ-ਪਛਾਣੇ ਪਰ ਧੁਰ ਅੰਦਰਲੀਆਂ ਡੁੰਘਾਣਾਂ ਤੋਂ ਅਣਪਛਾਤੇ ਪਾਤਰਾਂ
ਨੂੰ ਡੂੰਘੇ ਮਾਨਵੀ ਦਰਦ ਵਿਚ ਭਿੱਜ ਕੇ ਇਸ ਅੰਦਾਜ਼, ਜੁਗਤ ਤੇ ਸਿਆਣਪ ਨਾਲ ਸਿਰਜਦਾ ਹੈ ਕਿ
ਪਾਠਕ ਦਾ ਆਪਾ ਗੂੜ੍ਹੇ ਮਜੀਠੀ ਰੰਗਾਂ ਵਿਚ ਰੌਸ਼ਨ ਹੋ ਉੱਠਦਾ ਹੈ।
ਭੌਰਾ ਬਹੁ-ਬਿਧਿ ਪ੍ਰਤਿਭਾ ਦਾ ਮਾਲਕ ਹੈ। ਉਹ ਸਮਾਜ-ਵਿਗਿਆਨੀ, ਮਨੋਵਿਗਿਆਨੀ,
ਜੀਵ-ਵਿਗਿਆਨੀ, ਦਾਰਸ਼ਨਿਕ, ਨੀਤੀ-ਵੇਤਾ, ਖੋਜੀ, ਸਾਹਿਤਕਾਰ, ਇਤਿਹਾਸਕਾਰ, ਸੰਗੀਤਕਾਰ ਤੇ
ਹੋਰ ਵੀ ਕਿੰਨਾ ਕੁਝ ਹੈ। ਤੁਸੀਂ ਉਹਦੀ ਇਸ ਬਹੁਰੰਗੀ ਪ੍ਰਤਿਭਾ ਦੇ ‘ਦਰਸ਼ਨ’ ਉਹਦੀ ਵਾਰਤਕ
ਵਿਚੋਂ ਸਹਿਜੇ ਹੀ ਕਰ ਸਕਦੇ ਹੋ। ਉਹ ਬੰਦਿਆਂ ਵਿਚ ਲੁਕੇ ਸੱਪਾਂ, ਕੁੱਤਿਆਂ, ਬਾਂਦਰਾਂ,
ਬਘਿਆੜਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਉਹ ਬੰਦੇ ਦੀ ‘ਪਸ਼ੂਤਾ’ ਨੂੰ ਜਾਨਵਰਾਂ ਵਿਚ
ਲੁਕੀ ‘ਮਾਨਵਤਾ’ ਦੇ ਰੂਬਰੂ ਖੜਾ ਕਰਕੇ ਬੰਦੇ ਨੂੰ ਛਿੱਥਾ ਤੇ ਸ਼ਰਮਿੰਦਾ ਕਰ ਦਿੰਦਾ ਹੈ। ਉਹ
ਜਦੋਂ ਕਿਸੇ ਵਿਸ਼ੇ ਜਾਂ ਮਸਲੇ ਬਾਰੇ ਗੱਲ ਕਰਦਾ ਹੈ ਤਾਂ ਵਰਮੇਂ ਵਾਂਗ ਡੂੰਘਾ ਛੇਕ ਕਰਕੇ
ਉਹਦੀਆਂ ਧੁਰ ਡੁੰਘਾਣਾਂ ਤੱਕ ਜਾ ਅੱਪੜਦਾ ਹੈ। ਨਮੂਨੇ ਵਜੋਂ ‘ਚਲੋ ਇੱਲਾਂ ਤਾਂ ਗਈਆਂ’ ਵਾਲਾ
ਲੇਖ ਪੜ੍ਹ ਲਓ। ਇੱਲਾਂ ਬਾਰੇ ਗੱਲ ਕਰਦਾ ਉਹ ਦਿਨੋ-ਦਿਨ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨਾਲ
ਜੁੜੀਆਂ ਅਨੇਕਾਂ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਸੰਵਾਦ ਰਚਾਉਣ ਲੱਗਦਾ ਹੈ। ‘ਹੀਰ-ਰਾਂਝੇ’
ਦੀ ਕਹਾਣੀ ਦਾ ਕੱਚ-ਸੱਚ ਲੱਭਣ ਲਈ ਉਹ ਕਹਾਣੀ ਤੋਂ ਪਿਆਜ਼ ਦੇ ਛਿਲਕਿਆਂ ਵਾਂਗ ਹੇਠਲੀ ਤੋਂ
ਧੁਰ ਹੇਠਲੀ ਪਰਤ ਤਕ ਏਨੇ ਸਹਿਜ ਨਾਲ ਪਹੁੰਚ ਜਾਂਦਾ ਹੈ ਕਿ ਪਾਠਕ ਉਹਦੀ ਖੋਜੀ ਬਿਰਤੀ ਦੀ
ਦਾਦ ਦਿੱਤੇ ਬਗ਼ੈਰ ਰਹਿ ਨਹੀਂ ਸਕਦਾ। ਲਿਖਣ ਲੱਗੇ ਤਾਂ ਬੰਦੇ ਤਾਂ ਕੀ ਉਹ ਮੱਖੀਆਂ ਦੀ
ਜਾਤ-ਔਕਾਤ ਬਾਰੇ ਵੀ ਅਲੋਕਾਰੀ ਗੱਲਾਂ ਕਰ ਸਕਦਾ ਹੈ।
‘ਅਲੋਕਾਰ’ ਸ਼ਬਦ ਤੋਂ ਖਿ਼ਆਲ ਆਇਆ; ਉਹਦੇ ਰਚਨਾ-ਜਗਤ ਵਿਚ ਪੇਸ਼ ਘਟਨਾਵਾਂ ਵੀ ਬਹੁਤੀ ਵਾਰ
ਅਲੋਕਾਰ ਤੇ ਅਜਨਬੀ ਹੁੰਦੀਆਂ ਹਨ। ਘਟਨਾਵਾਂ ਦੀ ਅਜਿਹੀ ਜੁੜਤ ਗਹਿਰੀ ਉਤਸੁਕਤਾ ਦਾ ਕਾਰਨ
ਬਣਦੀ ਹੈ। ਪਾਠਕ ਸਾਹ ਰੋਕ ਕੇ ਘਟਨਾਵਾਂ ਦੇ ਨਾਲ ਦੌੜਦਾ ਹੈ। ਨਾਟਕੀ ਸਥਿਤੀਆਂ ਤੇ ਮੋੜਾਂ
ਨਾਲ ਭਰਪੂਰ ਇਹ ਘਟਨਾਵਾਂ ਕਈ ਵਾਰ ਅਖ਼ੀਰ ‘ਤੇ ਪਹੁੰਚ ਕੇ ਪਾਠਕ ਦੀ ਸੋਚ ਨੂੰ ਅਜਿਹਾ
ਧੋਬੀ-ਪਟਕਾ ਮਾਰਦੀਆਂ ਹਨ ਕਿ ਉਹ ਚਕਾ-ਚੌਂਧ ਕਰਦੇ ਇੰਕਸ਼ਾਫ਼ ਦੇ ਰੂਬਰੂ ਖਲੋਤਾ ਮਹਿਸੂਸ
ਕਰਦਾ ਹੈ। ਕਿੰਨੀਆਂ ਹੀ ਰਚਨਾਵਾਂ ਵਿਚ ਵਿਰੋਧੀ ਘਟਨਾਵਾਂ ਦੇ ਟਕਰਾ ‘ਚੋਂ ਪੈਦਾ ਹੋਈ ਲਿਸ਼ਕ
ਅਜਿਹੀ ਅਜਨਬੀ ਅਸਲੀਅਤ ਦੇ ਦੀਦਾਰ ਕਰਵਾਉਂਦੀ ਹੈ। ਘਟਨਾਵਾਂ ਦਾ ਇਹ ਉਲਟ-ਫੇਰ ਕਦੀ ਤਾਂ
ਪਾਠਕ ਨੂੰ ਹਸਾਉਣ ਲੱਗਦਾ ਹੈ ਤੇ ਕਦੀ ਹਉਕਾ ਭਰਨ ਲਈ ਮਜਬੂਰ ਕਰ ਦਿੰਦਾ ਹੈ। ਹੱਸਦੇ ਦੰਦਾਂ
ਦੇ ਸਿੰਮਦੀਆਂ ਅੱਖਾਂ ਦੀ ਹਕੀਕਤ ਨਾਲੋ ਨਾਲ ਤੁਰਦੀ ਹੈ। ਹਾਸਾ ਤੇ ਰੋਣਾ, ਜੀਵਨ ਤੇ ਮੌਤ
ਉਹਦੀਆਂ ਲਿਖਤਾਂ ਵਿਚ ਸਕੇ ਭੈਣ-ਭਰਾਵਾਂ ਵਾਂਗ ਕਰਿੰਘੜੀ ਪਾ ਕੇ ਚੱਲਦੇ ਹਨ। ਲੋਹੜੇ ਦੀ
ਉਤਸੁਕਤਾ ਨਾਲ ਓਤ-ਪੋਤ ਭੌਰੇ ਦਾ ਰਚਨਾ-ਪ੍ਰਬੰਧ ਕੇਵਲ ਜਸੂਸੀ ਅੰਦਾਜ਼ ਵਿਚ ਘਟਨਾ ਦਾ ਰਹੱਸ
ਉਦਘਾਟਤ ਨਹੀਂ ਕਰਦਾ ਸਗੋਂ ਜੀਵਨ ਦੇ ਰਹੱਸ ਦੇ ਅਨੇਕ ਭੇਤ ਖੋਲ੍ਹ ਧਰਦਾ ਹੈ। ਘਟਨਾਵਾਂ ਦੀ
ਅਲੋਕਾਰਤਾ ਪਿੱਛੇ ਇੱਕ ਸਬੱਬ ਸ਼ਾਇਦ ਇਹ ਵੀ ਹੈ ਕਿ ਭੌਰੇ ਦੀਆਂ ਲਿਖਤਾਂ ਵਿਚ ਬਹੁਤੀ ਵਾਰ
‘ਹੋਣੀ’ ਜਾਂ ‘ਕਿਸਮਤ’ ਵੀ ਆਪਣਾ ਵਿਸ਼ੇਸ਼ ਰੋਲ ਅਦਾ ਕਰਦੀ ਨਜ਼ਰ ਆਉਂਦੀ ਹੈ। ਇਹ ‘ਹੋਣੀ’
ਵੀ ‘ਹਕੀਕਤ’ ਦੀ ਭੈਣ ਹੈ। ਅਸੀਂ ‘ਹੋਣੀ’ ਦੀ ਹਕੀਕਤ ਨੂੰ ‘ਹਊ-ਪਰੇ’ ਕਹਿ ਕੇ ਟਾਲ ਨਹੀਂ
ਸਕਦੇ। ਇਹ ਜਿਨ੍ਹਾਂ ਨਾਲ ਬੀਤਦੀ ਹੈ, ਉਹੋ ਹੀ ਇਹਦੀ ਸਾਰ ਜਾਣਦੇ ਨੇ।
ਭੌਰਾ ਬੜਾ ਸੁਚੇਤ ਹੋ ਕੇ ਆਪਣੇ ਰਚਨਾ-ਪ੍ਰਬੰਧ ਦੀ ਉਸਾਰੀ ਕਰਦਾ ਹੈ। ‘ਨਜ਼ਮ ਤੋਂ ਪਹਿਲਾਂ
ਸਿ਼ਅਰ ਅਰਜ਼ ਹੈ’, ਕਹਿਣ ਵਾਲੇ ਸ਼ਾਇਰਾਂ ਵਾਂਗ ਉਹ ਸਭ ਤੋਂ ਪਹਿਲਾਂ ਇਕ ਪੈਰੇ ਵਿਚ ਸਿਆਣੇ
ਦਾਰਸ਼ਨਿਕ ਵਾਂਗ ਪ੍ਰਵਚਨੀ ਵਾਕ ਉਚਾਰਦਾ ਹੈ। ਲਿਖਤ ਦੀ ਉਪਰਲੀ ਸਤਹ ‘ਤੇ ਦੇਸੀ ਘਿਓ ਦੇ
ਤਿਰਵਰੇ ਵਾਂਗ ਤਰ ਰਹੇ ਭਾਰੇ-ਗੌਰੇ ਇਹਨਾਂ ਪ੍ਰਵਚਨੀ ਵਾਕਾਂ ਦਾ ਆਪਸੀ ਸੰਬੰਧ ਜੋੜਨ ਲਈ
ਸਾਧਾਰਨ ਪਾਠਕ ਨੂੰ ਭਾਵੇਂ ਆਪਣੀ ਬੁੱਧੀ ਉੱਤੇ ਉਚੇਚਾ ਜ਼ੋਰ ਵੀ ਦੇਣਾ ਪੈਂਦਾ ਹੋਵੇ ਤਦ ਵੀ
ਉਹਦੀ ਸਾਧਾਰਨ ਬੁੱਧ ਨੂੰ ਵੀ ਕੱਲ੍ਹੇ ਕੱਲ੍ਹੇ ਪਏ ਇਹਨਾਂ ਵਾਕਾਂ ਦੇ ਹੁਸਨ ਦੀ ਲਿਸ਼ਕ
ਵਿਚੋਂ ਵਾਰਿਸਸ਼ਾਹੀ ਸਿਆਣਪ ਝਲਕਾਰੇ ਮਾਰਦੀ ਦਿਸ ਪੈਂਦੀ ਹੈ। ਇਹਨਾਂ ਵਾਕਾਂ ਦੇ ਸਮੁੱਚ ਵਿਚ
ਰਚਨਾ ਵਿਚ ਆਖੀ ਜਾਣ ਵਾਲੀ ਅਗਲੀ ਗੱਲ ਦੀ ਗਿਰੀ ਪਈ ਹੁੰਦੀ ਹੈ। ‘ਕੁੱਜੇ ਵਿਚ ਸਮੁੰਦਰ’
ਪਾਉਣ ਵਾਲੀ ਉਕਤੀ ਸ਼ਾਇਦ ਕਿਸੇ ਅਜਿਹੀਆਂ ਲਿਖਤਾਂ ਦਾ ਮੁਹਾਂਦਰਾ ਵੇਖ ਕੇ ਹੀ ਉਚਾਰੀ ਗਈ
ਹੋਵੇਗੀ। ਪਹਾੜੀ ਉਚਾਣ ਵਾਲੇ ਪ੍ਰਵਚਨ ਦੀ ਸਿਖ਼ਰ ਤੋਂ ਬਾਅਦ ਅਸਲੀ ਬਿਰਤਾਂਤ ਸ਼ੂਕਦੇ ਦਰਿਆ
ਵਾਂਗ ਵਗਣਾ ਸ਼ੁਰੂ ਹੋ ਜਾਂਦਾ ਹੈ। ਇਸ ਬਿਰਤਾਂਤ ਵਿਚ ਜੀਵਨੀ, ਸਵੈਜੀਵਨੀ, ਰੇਖ਼ਾ-ਚਿਤਰ,
ਸਫ਼ਰਨਾਮੇਂ, ਨਿਬੰਧ, ਗਲਪ, ਕਵਿਤਾ ਤੇ ਨਾਟਕ ਦੀਆਂ ਵਿਧਾਵਾਂ ਘੁਲ-ਮਿਲ ਜਾਂਦੀਆਂ ਹਨ।
ਵਿਭਿੰਨ ਕਲਾ-ਜੁਗਤਾਂ ਦਾ ਸੁੰਦਰ ਕਲਾਤਮਕ ਸੰਜੋਗ ਲਿਖਤ ਨੂੰ ਯਾਦਗ਼ਾਰੀ ਮਹੱਤਵ ਪ੍ਰਦਾਨ ਕਰ
ਦਿੰਦਾ ਹੈ। ਬਿਰਤਾਂਤ ਦੀ ਗਤੀ ਤੇਜ਼ ਰੱਖਣ ਲਈ ਉਹ ਵਿਚ ਵਿਚ ਕਥਾ-ਟੋਟਕਿਆਂ, ਨਾਟਕੀ
ਵਾਰਤਾਲਾਪਾਂ, ਲੋਕ-ਸਿਆਣਪਾਂ, ਮੁਹਾਵਰਿਆਂ, ਢੁਕਵੇਂ ਸਿ਼ਅਰਾਂ, ਵਿਅੰਗਾਤਮਕ ਟੇਢ ਮਾਰਦੇ
ਰੂਪਕੀ ਵਾਕਾਂ ਦੀਆਂ ‘ਠੋਕਰਾਂ’ ਲਾਈ ਜਾਂਦਾ ਹੈ। ਵਿਸਿ਼ਆਂ ਦਾ ਕਲਾਵਾ ਏਨਾ ਮੋਕਲਾ ਹੈ ਕਿ
ਇਸ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਿਆਸਤ ਤੋਂ ਲੈ ਕੇ ਪੈਸਾ ਪ੍ਰਧਾਨ ਕੀਮਤਾਂ ਵਾਲੇ ਸਮਾਜ
ਵਿਚ ‘ਬੰਦੇ ਦੀ ਥਾਂ ਪੈਸੇ ਦਾ ਪੁੱਤ’ ਬਣ ਗਏ ਅਤੇ ਮਨੁੱਖੀ ਗੌਰਵ ਤੋਂ ਵਿਰਵੇ ਹੁੰਦੇ ਜਾ
ਰਹੇ ਇਨਸਾਨਾਂ, ਰਿਸ਼ਤਿਆਂ ਵਿਚ ਮੱਚੀ ਗੰਧਲ-ਚੌਦੇਂ, ਔਰਤਾਂ ਨਾਲ ਹੁੰਦੇ ਜਬਰ ਤੇ ਧੱਕੇ,
ਦਲ਼ੇ-ਮਲ਼ੇ ਲੋਕਾਂ ਦੀ ਮੂਕ ਪੀੜਾ, ਵਾਤਾਵਰਣ ਵਿਚ ਫ਼ੈਲ ਰਹੇ ਮਾਰੂ ਪ੍ਰਦੂਸ਼ਣ ਤੱਕ
ਅਨੇਕਾਂ-ਅਨੇਕ ਬਹੁ-ਰੰਗੇ ਤੇ ਬਹੁ-ਵੰਨੇ ਵਿਸ਼ੇ ਸਮਾ ਗਏ ਹਨ। ਵੱਡੀ ਗੱਲ ਤਾਂ ਇਹ ਹੈ ਕਿ
ਭੌਰਾ ਪੰਜਾਬੀ ਸਾਹਿਤ ਦੀ ਮਾਣਯੋਗ ਪ੍ਰੰਪਰਾ ਦਾ ਅਨੁਯਾਈ ਬਣ ਕੇ ‘ਨੀਵਿਆਂ’, ਨਿਮਾਣਿਆਂ’,
‘ਨਿਥਾਵਿਆਂ’ ਦੀ ਧਿਰ ਬਣ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਂਦਾ ਹੈ। ਬਾਬੇ ਨਾਨਕ
ਦਾ ਸੱਚਾ ਸਿੱਖ ਬਣ ਕੇ ‘ਸੱਚ ਸੁਣਾਇਸੀ ਸੱਚ ਕੀ ਬੇਲਾ’ ਦਾ ਅਨੁਸਰਣ ਕਰਦਾ ਹੋਇਆ ਐਨ ਮੌਕੇ
ਮੁਤਾਬਕ ਸੱਚੀ ਗੱਲ ਕਹਿਣੋਂ ਨਾ ਡਰਦਾ ਹੈ ਨਾ ਉੱਕਦਾ। ਉਹ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਣ
ਦਾ ਕੋਈ ਐਲਾਨ ਨਹੀਂ ਕਰਦਾ ਤੇ ਨਾ ਹੀ ਸਾਹਿਤਕਾਰ ਨੂੰ ਰਚਨਾ ਕਰਨ ਤੋਂ ਪਹਿਲਾਂ ਕਿਸੇ ਐਲਾਨ
ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਉਹਦੀ ਰਚਨਾ ਵਿਚ ਪਿਆ ਸੂਖ਼ਮ ਤੇ ਸਾਹਿਤਕ ਸੁਨੇਹਾਂ ਹੀ
ਉਹਦਾ ਵਿਚਾਰਧਾਰਕ ਐਲਾਨ ਹੁੰਦਾ ਹੈ। ਐਲਾਨ ਦੀ ਆਵਾਜ਼ ਜਿੰਨੀ ਮੱਧਮ ਤੇ ਲੁਪਤ ਹੋਵੇ ਓਨੀ
ਵਧੇਰੇ ਕਾਟ ਕਰਦੀ ਹੈ। ਭੌਰੇ ਨੂੰ ਇਸ ਸਚਾਈ ਦੀ ਸਮਝ ਹੈ। ਉਹ ਕਿਸੇ ‘ਵਾਦ’ ਦੇ ਝਗੜੇ-ਝਮੇਲੇ
ਵਿਚ ਨਹੀਂ ਪੈਂਦਾ ਸਗੋਂ ਪਾਠਕ ਦੇ ਮਨ-ਮਾਸਤਕ ਤੱਕ ਸਿੱਧਾ ਰਾਬਤਾ ਬਣਾ ਕੇ ਉਹਦੇ ਧੁਰ
ਅਵਚੇਤਨ ਵਿਚ ‘ਚੰਗਿਆਈ’ ਦਾ ਕੋਈ ਬੀਜ ਅਛੋਪਲੇ ਜਿਹੇ ਸੁੱਟ ਜਾਂਦਾ ਹੈ। ਅਜਿਹੇ ਬੀਜ
ਬੀਜਦਿਆਂ ਉਸ ਵੱਲੋਂ ਸਿਰਜਿਆ ਬਿਰਤਾਂਤ ਅੱਗੇ ਤੁਰਿਆ ਜਾਂਦਾ ਹੈ ਤੇ ਕੀਲੇ ਹੋਏ ਪਾਠਕ ਨੂੰ
ਪਤਾ ਵੀ ਨਹੀਂ ਚੱਲਦਾ ਕਿ ਉਹ ਰਚਨਾ ਦੇ ਅਖ਼ੀਰ ਤੱਕ ਆਣ ਪੁੱਜਾ ਹੈ। ਅੰਤ ‘ਤੇ ਮੁੰਦਾਵਣੀ
ਵਾਂਗ ਭੌਰਾ ਕਿਸੇ ਲੋਕ-ਗੀਤ, ਨਵੇਂ-ਪੁਰਾਣੇ ਕਿਸੇ ਕਵੀ ਦੇ ਸਿ਼ਅਰ ਜਾਂ ਕਿਸੇ ਲੋਕ-ਤੱਥ ਨਾਲ
ਗੱਲ ਨੂੰ ਅਜਿਹੀ ਕਲਾਤਮਕ ਗੋਲਾਈ ਦੇ ਦਿੰਦਾ ਹੈ ਕਿ ਪੇਸ਼ਕਾਰੀ ਦਾ ਇਹ ਅਸਲੋਂ ਨਿਵੇਕਲਾ ਤੇ
ਨਿਆਰਾ ਅੰਦਾਜ਼ ਐਸ ਅਸ਼ੋਕ ਭੌਰਾ ਦੀ ਆਪਣੀ ਵਿਸ਼ੇਸ਼ ਪਛਾਣ ਹੋ ਨਿੱਬੜਦਾ ਹੈ। ਏਸੇ ਨੂੰ ਮੈਂ
‘ਭੌਰਵੀ ਅੰਦਾਜ਼’ ਆਖਦਾ ਹਾਂ।
ਚੰਗੀ ਰਚਨਾ ਚੰਗੇ ਫਿ਼ਕਰੇ ਦੀ ਕਰਾਮਾਤ ਹੁੰਦੀ ਹੈ। ਜੇ ਉਹ ਚੰਗੇ ਵਾਰਤਕਕਾਰ ਵਜੋਂ ਅੱਜ
ਵੱਖਰਾ ਤੇ ਉੱਚਾ ਦਿਸਣ ਲੱਗਾ ਹੈ ਤਾਂ ਇਹ ਸਾਰੀ ਉਸ ਵੱਲੋਂ ਚੰਗਾ ਫਿ਼ਕਰਾ ਸਿਰਜ ਸਕਣ ਦੇ
ਹੁਨਰ ਦੀ ਕਰਾਮਾਤ ਹੈ। ਵਾਰਿਸ ਦਾ ਹੀਰ ਦੇ ਅਮਰ ਕਿੱਸੇ ਬਾਰੇ ਕੀਤਾ ਕਥਨ ‘ਫਿ਼ਕਰਾ ਜੋੜ ਕੇ
ਖ਼ੂਬ ਦਰੁਸਤ ਕੀਤਾ, ਸੋਹਣਾ ਫੁੱਲ ਗੁਲਾਬ ਦਾ ਤੋੜਿਆ ਈ’ ਭੌਰੇ ਦੀ ਪੁਸਤਕ ‘ਘੁੰਮਣਘੇਰੀਆਂ’
ਬਾਰੇ ਵੀ ਬੜੀ ਖ਼ੁਸ਼ੀ ਨਾਲ ਵਰਤਿਆ ਜਾ ਸਕਦਾ ਹੈ। ਥਾਂ ਥਾਂ ਨਗੀਨੇ ਵਾਂਗ ਚਮਕਦੇ ਤੇ
ਵਾਰਿਸਸ਼ਾਹੀ ਸਿਆਣਪਾਂ ਨਾਲ ਲਬਰੇਜ਼ ਫਿ਼ਕਰੇ ਉਹਦੀ ਰਚਨਾ ਵਿਚ ਪੂਰੇ ਜਲੌਅ ਵਿਚ ਲਟ ਲਟ
ਬਲਦੇ ਨਜ਼ਰ ਆਉਂਦੇ ਹਨ।
ਵਿਸਿ਼ਆਂ ਦੀ ਵੰਨ-ਸੁਵੰਨਤਾ ਦੀ ਜੁੜਤ ਤੇ ਜੜਤ ਨਾਲ ਲਿਸ਼ਕਦੀ, ਨਜ਼ਰ ਤੇ ਨਜ਼ਰੀਏ ਦੀ
ਤਾਜ਼ਗੀ ਨਾਲ ਭਰਪੂਰ ਅਤੇ ‘ਫਿ਼ਕਰਾ ਜੋੜ ਕੇ ਖ਼ੂਬ ਦਰੁਸਤ’ ਕਰਨ ਦੀ ਲਾਸਾਨੀ ਕਲਾ ਨਾਲ
ਓਤ-ਪੋਤ ਅਜਿਹੀ ਵਾਰਤਕ ਪੁਸਤਕ ਲਿਖ ਕੇ ਐਸ ਅਸ਼ੋਕ ਭੌਰਾ ਨੇ ਵਾਰਤਕ ਲੇਖਣ ਦੇ ਸਮਕਾਲੀ
ਇਤਿਹਾਸ ਵਿਚ ਸੱਚਮੁੱਚ ‘ਗੁਲਾਬ ਦਾ ਸੋਹਣਾ ਫੁੱਲ ਤੋੜਨ’ ਦਾ ਕਮਾਲ ਕਰ ਵਿਖਾਇਆ ਹੈ। ਇਸਦਾ
ਪਾਠ ਮੇਰੇ ਲਈ ਹੀ ਨਹੀਂ ਹਰੇਕ ਪੰਜਾਬੀ ਪਾਠਕ ਲਈ ਖ਼ੁਸ਼ਗਵਾਰ ਅਨੁਭਵ ਹੋਵੇਗਾ।
ਭੌਰਾ ਇਕ ਥਾਂ ਲਿਖਦਾ ਹੈ, ‘ਥੋਡੀਆਂ ਪ੍ਰਾਪਤੀਆਂ ਤੇ ਕਈ ਲੋਕ ਏਦਾਂ ਨਹੀਂ ਲੱਗਦੇ ਜਿਵੇਂ
ਮੁਬਾਰਕਾਂ ਦੇਣ ਵੇਲੇ ਸਾਰੇ ਦੇ ਸਾਰੇ ਸਲ੍ਹਾਬੇ ਹੋਣ।’
ਮੈਂ ਸਲ੍ਹਾਬ ਕੇ ਨਹੀਂ ਸਗੋਂ ਖੜ-ਖੜ ਖੜਕਦੇ ਨੋਟ ਵਾਂਗ ਖੜਕ ਕੇ ਉਹਦੀ ਵਾਰਤਕ ਦੇ ਸਿਰ
ਉੱਤੋਂ ਆਪਣੇ ਚਾਅ ਅਤੇ ਮੁਬਾਰਕ ਦਾ ਸਿਰਵਾਰਨਾ ਕਰਦਾ ਹਾਂ।
-0- |