ਗੱਲ ਇਹ 1969 ਦੀਆਂ
ਸਰਦੀਆਂ ਦੀ ਹੈ। ਮੈ ਹੁਸ਼ਿਆਰਪੁਰ ਦੇ ਮੁਖ ਬਾਜ਼ਾਰ ਵਿਚਲੀ ਦਵਾਈਆਂ ਦੀ ਦੁਕਾਨ ਉਪਰ ਬੈਠਾ
ਅਖ਼ਬਾਰ ਪੜ੍ਹ ਰਿਹਾ ਸਾਂ ਕਿ ਇਕ ਪਤਲੇ ਜਿਹੇ ਸੋਹਣੇ ਸਰੀਰ ਵਾਲ਼ਾ ਜਵਾਨ ਮੁੰਡਾ ਆਇਆ। ਗੋਰਾ
ਰੰਗ ਸੀ ਉਸ ਦਾ ਪਰ ਪੀਲ਼ਾ ਪਿਆ ਹੋਇਆ ਸੀ। ਉਸ ਦੇ ਮੂੰਹ ਤੇ ਨਿੱਕੀ ਨਿੱਕੀ ਇਕੋ ਜਿਹੀ ਸੋਹਣੀ
ਦਾਹੜੀ ਸੀ। ਉਹ ਕੈਮਿਸਟ ਤੋਂ ਤਰਲਿਆਂ ਨਾਲ਼ ਕੋਈ ਦਵਾਈ ਜਾਂ ਟੀਕਾ ਮੰਗੀ ਜਾਵੇ। ਇਹ ਤਾਂ
ਮੈਨੂੰ ਪਤਾ ਨਾ ਲੱਗਾ ਕਿ ਉਹ ਕੇਹੜੀ ਦਵਾਈ ਮੰਗਦਾ ਸੀ ਪਰ ਇਹ ਜਰੂਰ ਯਾਦ ਹੈ ਕਿ ਉਹ ਕੋਈ
ਨਸ਼ੀਲੀ ਵਸਤੂ ਹੀ ਮੰਗ ਰਿਹਾ ਸੀ। ਉਹ ਤਰਲੋਮੱਛੀ ਹੋਇਆ ਮਿੰਨਤਾਂ ਹੀ ਕਰੀ ਜਾਵੇ ਪਰ ਕਾਲ਼ੀ
ਦਾਹੜੀ ਵਾਲੇ ਸਾਬਤ ਸੂਰਤ ਸਿੱਖ ਨੇ ਟੱਸ ਤੋਂ ਮੱਸ ਹੋਣਾ ਨਾ ਮੰਨਿਆ ਤੇ ਇਕੋ ਨੰਨਾ ਹੀ ਫੜੀ
ਰੱਖਿਆ। ਹਾਰ ਕੇ ਉਹ ਚਲਿਆ ਗਿਆ ਪਰ ਥੋਹੜੇ ਹੀ ਮਿੰਟਾਂ ਪਿੱਛੋਂ, ਹੱਥ ਵਿਚ ਇਕ ਪਰਚੀ ਜਿਹੀ
ਫੜੀ ਆ ਗਿਆ। ਕਿਸੇ ਡਾਕਟਰ ਕੋਲ਼ੋਂ ਕੁਝ ਲਿਖਵਾ ਲਿਆਇਆ ਸੀ ਸ਼ਾਇਦ! ਪਰਚੀ ਅਤੇ ਪੈਸੇ ਫੜ ਕੇ
ਕੈਮਿਸਟ ਨੇ ਉਸ ਨੂੰ ਇਕ ਟੀਕਾ ਦੇ ਦਿਤਾ। ਉਸ ਨੇ ਕੈਮਿਸਟ ਨੂੰ ਇਹ ਵੀ ਤਰਲਾ ਪਾਇਆ ਕਿ ਉਹ
ਆਪਣੀ ਸਰਿੰਜ ਨਾਲ਼ ਉਸ ਦੀ ਬਾਂਹ ਵਿਚ ਟੀਕਾ ਲਾ ਦਵੇ ਪਰ ਕੈਮਿਸਟ ਨੇ ਇਕੋ ਨੰਨਾ ਹੀ ਫੜੀ
ਰੱਖਿਆ। ਆਖਰ ਉਹ ਜਵਾਨ ਦੁਕਾਨ ਦੀ ਕੰਧ ਦੀ ਜਰਾ ਕੁ ਓਟ ਜਿਹੀ ਵਿਚ ਜਾ ਕੇ ਜ਼ਮੀਨ ਤੇ ਬੈਠ
ਗਿਆ ਤੇ ਇਕ ਬਹੁਤ ਹੀ ਖੁੰਢੀ ਜਿਹੀ ਸੂਈ ਵਾਲ਼ੀ ਮੈਲ਼ੀ ਜਿਹੀ ਸਰਿੰਜ ਆਪਣੇ ਪਾਸੋਂ ਉਸ ਨੇ ਕੱਢ
ਲਈ। ਝੱਗੇ ਦੀ ਬਾਂਹ ਉਤਾਂਹ ਚੜ੍ਹਾ ਕੇ ਉਸ ਨੇ ਨੰਗੀ ਕਰ ਲਈ ਅਤੇ ਆਪਣੀ ਮੈਲ਼ੀ ਜਿਹੀ ਸਰਿੰਜ
ਦੀ ਖੁੰਢੀ ਜਿਹੀ ਸੂਈ ਨਾਲ਼, ਬੜੀ ਜਦੋ ਜਹਿਦ ਪਿੱਛੋਂ, ਉਹ ਆਪਣੀ ਬਾਂਹ ਵਿਚ ਦਵਾਈ ਦਾਖਲ ਕਰਨ
ਵਿਚ ਸਫ਼ਲ ਹੋ ਗਿਆ। ਪਲ ਕੁ ਭਰ ਪੈਰਾਂ ਭਾਰ ਬੈਠਾ ਰਿਹਾ ਤੇ ਫਿਰ ਚੁਪ ਚਾਪ ਉਠ ਕੇ ਇਕ ਪਾਸੇ
ਨੂੰ ਤੁਰ ਗਿਆ। ਇਹ ਦ੍ਰਿਸ਼ ਵੇਖ ਕੇ ਉਸ ਮੁੰਡੇ ਦੀ ਹਾਲਤ ਉਤੇ ਥੋਹੜਾ ਜਿਹਾ ਤਰਸ ਤਾਂ ਆਇਆ
ਪਰ ਇਸ ਹਾਲਤ ਦੀ ਗੰਭੀਰਤਾ ਦਾ ਖ਼ੁਦ ਨੂੰ ਤਜੱਰਬਾ ਨਾ ਹੋਣ ਕਰਕੇ, ਅਸਲੀਅਤ ਦਾ ਪੂਰਾ ਅਨੁਭਵ
ਨਹੀ ਸੀ ਹੋਇਆ।
ਸਾਰੇ ਹੀ ਸੂਝਵਾਨ ਸੱਜਣ ਨਸ਼ੇ ਦੀ ਲਤ ਤੋਂ ਬਚਣ ਲਈ ਉਪਦੇਸ਼ ਦਿੰਦੇ ਹਨ ਤੇ ਮੈ ਵੀ ਉਹਨਾਂ
ਵਿਚੋਂ ਇਕ ਹਾਂ। ਸਗੋਂ ਕਈ ਵਾਰ ਅਮਲੀਆਂ ਨੂੰ ਉਪਦੇਸ਼ ਦੇਣਾ ਵੀ ਆਪਣੇ ਫ਼ਰਜ਼ਾਂ ਵਿਚ ਸਮਝਿਆ
ਕਰਦਾ ਸਾਂ। ਬਚਪਨ ਵਿਚ ਘਰੋਂ ਵੀ ਇਸ ਬਾਰੇ ਕੁਝ ਜਾਣਕਾਰੀ ਸੀ। ਨਿੱਕੇ ਬਾਪੂ ਜੀ (ਮੇਰੇ
ਪੜਦਾਦਾ ਜੀ ਦੇ ਛੋਟੇ ਭਰਾ) ਅਫ਼ੀਮ ਖਾਇਆ ਕਰਦੇ ਸਨ ਪਰ ਉਹਨਾਂ ਦੀ ਇਸ ਆਦਤ ਤੋਂ ਪਰਵਾਰ ਨੂੰ
ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ। ਉਹ ਜਦੋਂ ਅੰਮ੍ਰਿਤਸਰ ਆਪਣੀ
ਪੈਨਸ਼ਨ ਲੈਣ ਜਾਂਦੇ ਸਨ ਓਦੋਂ ਓਥੋਂ ਹੀ ਅਫ਼ੀਮ ਵੀ ਖ਼ਰੀਦ ਕੇ ਲੈ ਆਇਆ ਕਰਦੇ ਸਨ ਜਿਸ ਨੂੰ
ਚਾਂਦੀ ਰੰਗੀ ਨਿੱਕੀ ਜਿਹੀ ਡੱਬੀ ਵਿਚ ਰੱਖਦੇ ਸਨ। ਸ਼ਾਇਦ ਇਹ ਗੱਲ ਦਿਲਚਸਪ ਲੱਗੇ ਕਿ ਸਾਡੇ
ਨਿੱਕੇ ਜਿਹੇ ਪਿੰਡ ਵਿਚ, ਮੇਰੇ ਬਚਪਨ ਦੇ ਸਮੇ ਦੌਰਾਨ, ਤਿੰਨ ਬੰਦੇ ਹੀ ਅਫ਼ੀਮ ਖਾਂਦੇ ਸਨ ਤੇ
ਉਹ ਤਿੰਨੇ ਹੀ ਛੜੇ ਅਤੇ ਸਾਬਕ ਫੌਜੀ ਸਨ ਪਰ ਤਿੰਨਾਂ ਤੋਂ ਹੀ ਪਿੰਡ ਵਾਸੀਆਂ ਨੂੰ ਕੋਈ
ਸ਼ਿਕਾਇਤ ਨਹੀਂ ਸੀ, ਸਿਵਾਇ ਮੇਰੇ ਨਿੱਕੇ ਬਾਪੂ ਜੀ ਤੋਂ, ਜੋ ਕਿ ਕਦੀ ਕਦੀ ਗਾਹਲ਼ਾਂ ਦੇ
ਖੁਲ੍ਹੇ ਗੱਫੇ ਵਰਤਾਉਣ ਦੇ ਆਦੀ ਸਨ ਤੇ ਉਹ ਵੀ, "ਅੰਨ੍ਹਾ ਵੰਡੇ ਸ਼ੀਰਨੀ, ਮੁੜ ਘਿੜ ਘਰਦਿਆਂ
ਨੂੰ।" ਦੀ ਮਿਸਾਲ ਵਾਂਗ, ਆਮ ਕਰਕੇ ਘਰਦਿਆਂ ਨੂੰ ਹੀ ਵਰਤਾਉਂਦੇ ਸਨ।
1954 ਵਿਚ ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਵਿਚ ਸਾਂ ਤੇ ਓਥੇ ਇਕ ਨਿਹੰਗ ਸਿੰਘਾਂ ਦੀ
ਛਾਉਣੀ ਹੁੰਦੀ ਸੀ। ਨਿਹੰਗ ਸਿੰਘ ਆਪਣੇ ਧਰਮਸਥਾਨ ਨੂੰ ਗੁਰਦੁਆਰੇ ਦੀ ਬਜਾਇ ਛਾਉਣੀ ਆਖਦੇ ਹਨ
ਅਤੇ ਉਹਨਾਂ ਦੀ ਛਾਉਣੀ ਦੇ ਲੰਗਰ ਵਿਚ ਚੌਟੰਗੇ ਦਾ ਮਹਾਂ ਪ੍ਰਸ਼ਾਦ ਵੀ ਵਰਤਾਉਣ ਉਪਰ ਵੀ ਕੋਈ
ਰੋਕ ਨਹੀ। ‘ਸ਼ਹੀਦੀ ਦੇਗ‘ ਦਾ ਰਗੜਾ ਤਾਂ ਲੱਗਦਾ ਹੀ ਹੈ। ਦੋ ਕੁ ਵਾਰ ਮੈਂ ਵੀ ਓਥੋਂ
‘ਞਸ਼ਹੀਦੀ ਦੇਗ ਦਾ ਗੱਫਾ ਲਾ ਲਿਆ ਸੀ। ਇਕ ਵਾਰ ਦੀ ਘਟਨਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ।
ਡੇਰਾ ਮਸਤਾਨ ਸਿੰਘ ਜੀ ਵਿਚ ਸ਼ਾਮ ਦੇ ਸਮੇ, ਸੂਰਮੇ ਬਜ਼ੁਰਗ ਸੰਤ ਗਿਆਨੀ ਸਰੋਵਰ ਸਿੰਘ ਜੀ,
‘ਨਾਨਕ ਪ੍ਰਕਾਸ਼‘ ਦੀ ਕਥਾ ਕਰਿਆ ਕਰਦੇ ਸਨ ਅਤੇ ਕਥਾ ਸਮੇ ਮੈ ਉਸ ਗ੍ਰੰਥ ਦਾ ਪਾਠ ਕਰਿਆ ਕਰਦਾ
ਸਾਂ। ਇਕ ਵਾਰ ਇਉਂ ਹੋਇਆ ਮੈ ਤੁਕ ਦਾ ਪਾਠ ਕਰਕੇ, ਜਦੋਂ ਗਿਆਨੀ ਜੀ ਦੇ ਕਥਾ ਕਰਨ ਸਮੇ ਅਗਲੀ
ਤੁਕ ਦੀ ਇੰਤਜ਼ਾਰ ਵਿਚ ਰੁਕਾਂ, ਤਾਂ ਮੇਰੀ ਬਿਰਤੀ ਜੁੜ ਜਾਇਆ ਕਰੇ ਅਤੇ ਸੰਤ ਜੀ ਵੱਲੋਂ ਉਸ
ਤੁਕ ਦੀ ਕਥਾ ਉਪ੍ਰੰਤ ਅਗਲੀ ਤੁਕ ਪੜ੍ਹਨ ਸਮੇ, ਮੇਰੀ ‘ਸਮਾਧੀ‘ ਲੱਗੀ ਹੋਈ ਹੋਣ ਕਰਕੇ, ਮੈ
ਚੁੱਪ ਬੈਠਾ ਰਹਾਂ। ਇਕ ਦੋ ਵਾਰ ਅਜਿਹਾ ਹੋਣ ਤੇ ਅਖੀਰ ਸੰਤ ਜੀ ਅੱਕ ਕੇ ਆਂਹਦੇ, "ਓਇ, ਤੂੰ
ਕਿਤੇ ਭੰਗ ਤਾਂ ਨਹੀਂ ਪੀਤੀ ਹੋਈ?" ਸੰਗਤ ਵਿਚ ਇਹ ਸੁਣ ਕੇ ਹਾਸਾ ਪੈ ਗਿਆ। ਮੈਂ ਉਸ ਸਮੇ
ਸਵੀਕਾਰਿਆ ਤਾਂ ਨਹੀ ਸੀ ਪਰ ਸੰਤ ਜੀ ਦਾ ਇਹ ਸ਼ੰਕਾ ਸਹੀ ਹੀ ਸੀ। ਮੈ ਉਸ ਸਮੇ ਨਿਹਮਗ ਸਿੰਘਾਂ
ਦੀ ਛਾਉਣੀ ਤੋਂ ਭੰਗ ਪੀਤੀ ਹੋਈ ਸੀ।
ਮੇਰੇ ਦੁਆਰਾ, ਬ੍ਰਿਜਭਾਸ਼ਾ ਜਿਹੀ ਔਖੀ ਬੋਲੀ ਵਿਚ ਲਿਖੇ ਗਏ, ਮਹਾਂ ਕਵੀ ਭਾਈ ਸੰਤੋਖ ਸਿੰਘ
ਜੀ ਦੁਆਰਾ, ਗ੍ਰੰਥ ਦਾ ਸੰਗਤ ਵਿਚ ਕੇਵਲ ਪਾਠ ਕਰਨ ਕਰਕੇ ਹੀ ਮੈਨੂੰ ਮਲਵਈਆਂ ਵਿਚ
‘ਬਿੱਦਬਾਨ‘ ਸਮਝਿਆ ਜਾਣ ਲੱਗ ਪਿਆ। ਖਾਸ ਕਰਕੇ ਬਜ਼ੁਰਗ ਬੀਬੀਆਂ ਤਾਂ ਖ਼ੁਸ਼ੀ ਪਰਗਰਟ ਕਰਿਆ
ਕਰਦੀਆਂ ਤੇ ਕਈ ਤਾਂ ਇਕ ਦੂਜੀ ਨੂੰ ਹੈਰਾਨੀ ਭਰੇ ਲਹਿਜ਼ੇ ਵਿਚ ਇਉਂ ਵੀ ਆਖਿਆ ਕਰਦੀਆਂ ਸਨ,
"ਨੀ, ਇਹ ਤਾਂ ਨਿੱਕਾ ਜਿਹਾ ਕਥਾ ਕਰਦਾ ਵਾ! ਇਉਂ ਲੱਗਦਾ ਜਿਵੇਂ ਇਹ ਢਿਡ ਵਿਚੋਂ ਹੀ ਪੜ੍ਹ
ਕੇ ਆਇਆ ਹੋਵੇ!"
ਮੈ ਆਪਣੇ ਅਫ਼ੀਮ ਦੇ ਸਵਾਦ ਬਾਰੇ ਵੀ ਪਾਠਕਾਂ ਨੂੰ ਦੱਸ ਹੀ ਦੇਵਾਂ: 1972 ਦੀ ਪੰਜਾਬ
ਅਸੈਂਬਲੀ ਦੀ ਚੋਣ ਸਮੇ, ਪਾਰਟੀ ਵੱਲੋਂ ਮੇਰੀ ਡਿਊਟੀ ਜਗਰਾਉਂ ਹਲਕੇ ਵਿਚ ਲੱਗ ਗਈ। ਦਲ
ਵੱਲੋਂ ਚੋਣ ਸ. ਤਾਰਾ ਸਿੰਘ ਗੋਰਸੀਆਂ ਚੋਣ ਲੜ ਰਹੇ ਸਨ। ਉਹ ਪੇਂਡੂ ਪਿਛੋਕੜ ਅਤੇ ਸਿਆਸਤ
ਵਿਚ ਨਵੇਂ ਹੋਣ ਕਰਕੇ, ਸਟੇਜੀ ਬੁਲਾਰੇ ਨਹੀਂ ਸਨ, ਇਸ ਲਈ ਚੋਣ ਜਲਸਿਆਂ ਵਿਚ ਅਸੀਂ ਦੋ ਹੀ
ਬੁਲਾਰੇ ਸਾਂ। ਇਕ ‘ਪੰਥਕ ਕਵੀ‘ ਸ੍ਰੀ ਵੀਰਿੰਦਰ ਕੁਮਾਰ ਬਾਗੀ ਅਤੇ ਦੂਜਾ ਮੈਂ। ਬਾਗੀ
ਆਪਣੀਆਂ ਹਸੌਣੀਆਂ ਕਵਿਤਾਵਾਂ ਨਾਲ਼ ਭੀੜ ਇਕੱਠੀ ਕਰਦਾ ਸੀ ਤੇ ਮੈ ਉਸ ਭੀੜ ਦੀ ਮੱਤ ਆਪਣੇ
ਭਾਸ਼ਨਾਂ ਨਾਲ਼ ਭੁਆਉਂਦਾ ਸਾਂ। ਬਾਗੀ ਜੀ ਸਮੇ ਦੇ ਮੁਤਾਬਿਕ, ਮੌਕੇ ਤੇ ਹੀ ਹਸਾਉਣੀ ਤੁਕਬੰਦੀ
ਜੋੜ ਲਿਆ ਕਰਦੇ ਸਨ ਤੇ ਸਮਕਾਲੀ ਕਾਂਗਰਸੀ ਲੀਡਰਾਂ ਦੇ ਕਾਰਨਾਮਿਆਂ ਤੇ ਚੰਗਾ ਤਵਾ ਲਾਇਆ
ਕਰਦੇ ਸਨ। ਉਹਨਾਂ ਦੀਆਂ ਅਜਿਹੀਆਂ ਤੁਕਬੰਦੀਆਂ ਉਹਨੀਂ ਦਿਨੀਂ ਬੜੀਆਂ ਪ੍ਰਸਿਧ ਹੁੰਦੀਆਂ ਸਨ:
ਇਸ ਕਾਂਗਰਸ ਮੇਂ ਸਭ ਚੋਰ ਚੋਰ
ਕੋਈ ਨਿੱਕਾ ਚੋਰ ਕੋਈ ਵਡਾ ਚੋਰ
ਕੋਈ ਚਿੱਟਾ ਚੋਰ ਕੋਈ ਕਾਲ਼ਾ ਚੋਰ
ਫਿਰ ਕਿਸੇ ਮੌਕੇ ਦੇ ਪ੍ਰਸਿਧ ਕਾਂਗਰਸੀ ਦਾ ਨਾਂ ਲੈ ਕੇ ਆਖਣਾ:
..... ਸਿੰਘ ਦਾ ਸਾਲ਼ਾ ਚੋਰ।
ਚੋਰਾਂ ਦੀ ਇਕ ਭਰਜਾਈ ਏ
ਨਾ ਉਸ ਦਾ ਹੈ .... ਕੌਰ।
ਇਕ ਹੋਰ ਕਵਿਤਾ ਵੀ ਹੁੰਦੀ ਸੀ:
ਖਾਣ ਤੇ ਟੈਕਸ ਪੀਣ ਤੇ ਟੈਕਸ
ਮਰਨ ਤੇ ਟੈਕਸ ਜੀਣ ਤੇ ਟੈਕਸ
ਕਣਕ ਤੇ ਟੈਕਸ ਕਪਾਹ ਤੇ ਟੈਕਸ
ਹੁਣ ਲਾਉਣਾ ਏਂ ਇਹਨਾਂ ਨੇ
ਚੁਲ੍ਹਿਆਂ ਦੀ ਸਵਾਹ ਤੇ ਟੈਕਸ
ਇਕ ਹੋਰ ਕਵਿਤਾ ਵੀ ਹੁੰਦੀ ਸੀ:
ਲੁੱਟ ਤੇ ਲੁੱਟ ਮਚਾਈ ਚੱਲੋ
ਅੱਖੀਂ ਘੱਟਾ ਪਾਈ ਚੱਲੋ
ਧੂੜ ‘ਚ ਟੱਟੂ ਰਲ਼ਾਈ ਚੱਲੋ
ਰਲ਼ ਮਿਲ਼ ਸਭ ਕੁਝ ਖਾਈ ਚੱਲੋ
ਇਲੈਕਸ਼ਨ ਦੌਰਾਨ ਇਕ ਇਕ ਦਿਨ ਵਿਚ ਕਈ ਕਈ ਜਲਸਿਆਂ ਨੂੰ ਸੰਬੋਧਨ ਕਰਨਾ ਹੁੰਦਾ ਸੀ। ਇਕ ਦਿਨ
ਮੈ ਕੁਝ ਖ਼ੁਦ ਨੂੰ ਢਿੱਲਾ ਜਿਹਾ ਮਹਿਸੂਸ ਕੀਤਾ ਤੇ ਸੋਚਿਆ ਕਿ ਸ਼ਾਇਦ ਅਗਲੇ ਜਲਸੇ ਵਿਚ ਮੈ ਨਾ
ਬੋਲ ਸਕਾਂ। ਅਜਿਹਾ ਹੁੰਦਾ ਤਾਂ ਭਾਸ਼ਨ ਸਮੇ ਸ੍ਰੋਤਿਆਂ ਦੀ ਆਸ ਉਪਰ ਪੂਰਾ ਨਹੀਂ ਸੀ ਉਤਰਿਆ
ਜਾਣਾ। ਆਪਣੀ ਇਸ ਹਾਲਤ ਦਾ ਜ਼ਿਕਰ ਮੈਂ ਇਕ ਪਿੰਡ ਦੇ ਸਰਪੰਚ ਨਾਲ਼ ਕਰ ਦਿਤਾ। ਉਸ ਨੇ ਆਖਿਆ,
"ਲੈ ਇਹ ਕੇਹੜੀ ਵੱਡੀ ਗੱਲ ਆ!" ਆਪਣੇ ਇਕ ਸਾਥੀ ਤੋਂ ਪਾਣੀ ਮੰਗਵਾਇਆ। ਕਾਲ਼ੀ ਨਾਗਣੀ ਦੀ
ਨਿੱਕੀ ਜੇਹੀ ਗੋਲ਼ੀ ਮੇਰੇ ਹੱਥ ਤੇ ਰੱਖੀ ਤੇ ਪਾਣੀ ਦਾ ਕੌਲਾ ਮੇਰੇ ਹੱਥ ਫੜਾ ਕੇ ਆਖਿਆ, "ਲੈ
ਓਇ ਅਕਾਲੀ ਅੰਬਰਸਰੀਆ, ਲੈ ਰੱਬ ਦਾ ਨਾਂ ਤੇ ਨਿਗਲ਼ ਜਾਹ ਵਾਹਿਗੁਰੂ ਕਹਿ ਕੇ! ਫਿਰ ਵੇਖੀ
ਕਿਵੇਂ ਤੇਰੀ ਤਕਰੀਰ ਜੰਮਦੀ ਆ!" ਮੈ ਉਸ ਦੀ ਹਿਦਾਇਤ ਅਨੁਾਸਾਰ ਪਾਣੀ ਨਾਲ਼ ਗੋਲ਼ੀ ਨਿਗਲ਼ ਲਈ
ਪਰ ਉਸ ਨੇ ਪਹਿਲਾਂ ਨਾਲ਼ੋਂ ਵੀ ਮੇਰਾ ਭੱਠਾ ਬਿਠਾ ਦਿਤਾ। ਮੇਰੀਆਂ ਤੇ ਰਗਾਂ ਈ ਫੜੀਆਂ ਗਈਆਂ;
ਮਸਾਂ ਹੀ ਮੈਂ ਆਪਣਾ ਭਾਸ਼ਨ ਪੂਰਾ ਕਰ ਸਕਿਆ। ਇਹ ਵੀ ਚੰਗਾ ਹੀ ਹੋਇਆ ਨਹੀਂ ਤਾਂ ਹੋ ਸਕਦਾ ਸੀ
ਉਸ ਰਾਹੀਂ ਬਣੇ ਚੰਗੇ ਅਸਰ ਕਾਰਨ ਮੈਂ ਉਸ ਦਾ ਆਦੀ ਹੀ ਹੋ ਜਾਂਦਾ!
ਦੂਜਾ ਕੌੜਾ ਤਜੱਰਬਾ ਇਸ ਕਾਲ਼ੇ ਮੂੰਹ ਵਾਲੀ ਨਾਲ਼ ਆਪਣੀ 2004 ਵਾਲ਼ੀ ਯੂਰਪ ਦੀ ਯਾਤਰਾ ਦੌਰਾਨ
ਹੋਇਆ। ਇਕ ਸੱਜਣ ਦੇ ਘਰ ਠਹਿਰਿਆ ਹੋਇਆ ਸਾਂ। ਉਹ ਇਸ ਕਲਮੂਹੀਂ ਦਾ ਆਦੀ ਸੀ। ਮੈਨੂੰ ਵੀ ਉਸ
ਨੇ ਆਪਣੇ ਨਾਲ਼ ਸ਼ਾਮਲ ਕਰਨ ਲਈ, ਇਸ ਦੇ ਬਹੁਤ ਸਾਰੇ ਲਾਭਾਂ ਦਾ ਵਖਾਣ ਕਰਕੇ, ਇਕ ਗੋਲ਼ੀ ਦੇ
ਦਿਤੀ। ਮੇਰੇ ਤਾਂ ਬੰਨ੍ਹ ਹੀ ਪੈ ਗਿਆ। ਦੋ ਚਾਰ ਦਿਨ ਤਾਂ ਬਾਥਰੂਮ ਵਿਚ ਬੈਠ ਬੈਠ ਕੇ ਉਂਜ
ਹੀ ਉਠ ਆਉਣਾ। ਤਾਂ ਹੀ ਤਾਂ ਗੁਰਬਾਣੀ ਸਾਨੂੰ ਵਾਰ ਵਾਰ ਸਾਵਧਾਨ ਕਰਦੀ ਹੈ ਕਿ ਚੰਗੇ ਪੁਰਸ਼ਾਂ
ਦੀ ਸੰਗਤ ਹੀ ਕਰਨੀ ਚਾਹੀਦੀ ਹੈ ਤੇ ਮਾੜੇ ਪਾਸੇ ਤੋਰਨ ਵਾਲ਼ਿਆਂ ਦੀ ਨਹੀਂ। ਗੁਰਬਾਣੀ ਦਾ
ਫੁਰਮਾਨ ਹੈ:
ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ ਪਾਸਿ॥
ਕਿਉਂਕਿ:
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ (ਪੰਨਾ 146)
ਕਬੀਰ ਜੀ ਤਾਂ ਏਥੋਂ ਤੱਕ ਵੀ ਆਖਦੇ ਨੇ:
ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ॥131॥ (ਪੰਨਾ 1371)
ਸੱਚ ਹੈ ਕਿ ਜੇ ਅਸੀਂ ਅਮਲੀ ਕੋਲ਼ ਬੈਠਾਂਗੇ ਤਾਂ ਉਹ ਅਮਲ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇਗਾ।
ਵਕੀਲ ਕੋਲ਼ ਬੈਠਾਂਗੇ ਤਾਂ ਉਹ ਸਾਨੂੰ ਕਾਨੂੰਨੀ ਨੁਕਤੇ ਸਮਝਾ ਸਮਝਾ ਕੇ ਕਚਹਿਰੀਆਂ ਦੇ ਚੱਕਰ
ਵਿਚ ਪਾਏਗਾ। ਏਸੇ ਤਰ੍ਹਾਂ ਡਾਕੂ, ਚੋਰ, ਜਾਰ, ਠੱਗ, ਜੇਬ ਕਤਰਾ, ਫਿਰਕਾ ਪ੍ਰਸਤ, ਦੰਗੇਬਾਜ
ਆਦਿ ਆਪੋ ਆਪਣੇ ਕਸਬਾਂ ਤੇ ਕਰਤਬਾਂ ਦੀ ਕਥਾ ਸੁਣਾ ਸੁਣਾ ਕੇ ਸਾਨੂੰ ਉਸ ਪਾਸੇ ਵੱਲ ਉਤਸ਼ਾਹਤ
ਕਰਨਗੇ। ਸੰਗਤ ਦੀ ਰੰਗਤ ਮਨੁਖ ਨੂੰ ਲਗ ਹੀ ਜਾਂਦੀ ਹੈ। ਚੌਥੇ ਪਾਤਿਸ਼ਾਹ ਆਖਦੇ ਨੇ:
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ
ਪੜਿ ਸੂਆ ਗਨਿਕ ਉਧਾਰੇ॥ (ਪੰਨਾ 981)
ਆਖਰ, "ਭਲਾ ਹੋਇਆ ਲੜ ਪਹਿਲੇ ਛੁੱਟਾ, ਮੇਰੀ ਉਮਰ ਨਾ ਬੀਤੀ ਸਾਰੀ।" ਅਨੁਸਾਰ, ਮੇਰੇ ਲਈ
ਚੰਗਾ ਹੀ ਹੋਇਆ ਕਿ ਕਾਲ਼ੇ ਮੂੰਹ ਵਾਲ਼ੀ ਦਾ, ਅਮਲੀਆਂ ਦੇ ਦੱਸਣ ਅਨੁਸਾਰ, ਚੰਗਾ ਅਸਰ ਨਾ
ਹੋਇਆ।
ਗੱਲ ਤਾਂ ਚੱਲੀ ਸੀ ਨਸ਼ਿਆਂ ਦੀ। ਨਸ਼ਿਆਂ ਦੀ ਨਿਖੇਧੀ, ਕੁਝ ਕੁ ਨੂੰ ਛੱਡ ਕੇ ਸ਼ਾਇਦ ਸਾਰੇ
ਧਰਮਾਂ ਦੀ ਸਿੱਖਿਆ ਵਿਚ ਹੋਵੇ ਪਰ ਸਿਖ ਵਾਸਤੇ ਤਾਂ ਰਹਿਤਨਾਮੇ ਅਨੁਸਾਰ, "ਸਿੱਖ ਅਮਲ
ਪ੍ਰਸਾਦੇ ਦਾ ਰੱਖੇ॥" ਆਖ ਕੇ ਗੁਰੂ ਸਾਹਿਬਾਨ ਨੇ, ਆਪਣੇ ਸਿੱਖਾਂ ਨੂੰ ਹਰ ਪ੍ਰਕਾਰ ਦੇ ਨਸ਼ੇ
ਤੋਂ ਵਰਜਤ ਕੀਤਾ ਹੈ। ਸ਼ਰਾਬ ਬਾਰੇ ਵੀ ਰਹਿਤਨਾਮੇ ਦੀ ਸਿੱਿਖਆ ਹੈ, "ਗੁਰੂ ਕਾ ਸਿਖ ਸ਼ਰਾਬ
ਕਭੀ ਨ ਪੀਵੇ॥" ਆਖ ਕੇ ਵਰਜਿਆ ਗਿਆ ਹੈ। ਤਮਾਕੂ ਵਰਗੇ ਧੀਮੇ ਪਰ ਅਤੀ ਮਾਰੂ ਨਸ਼ੇ ਬਾਰੇ ਤਾਂ
ਗੁਰੂ ਸਾਹਿਬਾਨ ਵੱਲੋਂ ਮਨਾਹੀ ਦਾ ਹੁਕਮ ਹੈ ਅਤੇ ਦਸਮ ਪਾਤਿਸ਼ਾਹ ਵੱਲੋਂ ਤਾਂ ਇਸ ਦੀ ਵਰਤੋਂ
ਕਰਨ ਵਾਲ਼ੇ ਸਿੱਖ ਨੂੰ ਸਿੱਖੀ ਤੋਂ ਪਤਿਤ ਕਰਾਰ ਦਿਤਾ ਗਿਆ ਹੈ।
ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਰਹਿ ਗਈਆਂ ਜਦੋਂ ਭੰਗ, ਅਫ਼ੀਮ, ਸ਼ਰਾਬ, ਧਤੂਰਾ, ਤਮਾਕੂ ਆਦਿ
ਨਸ਼ੇ ਜਾਣੇ ਤੇ ਸਮਝੇ ਜਾਂਦੇ ਹੋਣ ਕਰਕੇ, ਇਹਨਾਂ ਦੀ ਵਰਤੋਂ ਕਰਨ ਵਾਲ਼ੇ ਨੂੰ ਭਾਈਚਾਰੇ ਵਿਚ
ਚੰਗੀ ਨਜ਼ਰ ਨਾਲ਼ ਨਹੀਂ ਸੀ ਵੇਖਿਆ ਜਾਂਦਾ। ਹੁਣ ਤਾਂ ਪਤਾ ਨਹੀ ਕਿੰਨੇ ਪ੍ਰਕਾਰ ਦੇ ਨਸ਼ੇ ਆ ਗਏ
ਹਨ! ਆਪਣੀ 1978 ਵਾਲ਼ੀ ਪੱਛਮੀ ਦੇਸਾਂ ਦੀ ਯਾਤਰਾ ਸਮੇ ਇਕ ਅਮ੍ਰੀਕਨ ਸਜੀ ਸਿੰਘਣੀ ਨਾਲ਼
ਵਿਚਾਰ ਕਰਦਿਆਂ ਮੈਂ ਆਪਣੀ ਅਣਜਾਣਤਾ ਵੱਸ ਉਸ ਨੂੰ ਪੁੱਛ ਬੈਠਾ ਕਿ ਜਦੋਂ ਸ਼ਰਾਬ, ਤਮਾਕੂ ਆਦਿ
ਨਸ਼ੇ ਪੱਛਮੀ ਸਮਾਜ ਵਿਚ ਖੁਲ੍ਹੇ ਤੌਰ ਤੇ ਵਰਤੇ ਜਾਂਦੇ ਹਨ ਤਾਂ ਲੋਕ ਕਿਉਂ ਹੋਰ ਤਰ੍ਹਾਂ ਦੇ
ਮਹਿੰਗੇ ਤੇ ਗੈਰ ਕਾਨੂੰਨੀ ਨਸ਼ੇ ਕਰਨ ਦਾ ਖ਼ਤਰਾ ਸਹੇੜਦੇ ਹਨ! ਉਸ ਬੀਬੀ ਨੇ ਦੱਸਿਆ ਕਿ ਇਹ
ਨਸ਼ੇ ਤਾਂ ਉਹ ਆਪਣੀ ਮਾਂ ਦੇ ਪੇਟੋਂ ਹੀ ਕਰਦੇ ਆ ਰਹੇ ਹੁੰਦੇ ਹਨ। ਬਾਹਰ ਆ ਕੇ ਤਾਂ ਨਸ਼ੱਈ
ਹੋਣ ਲਈ ਉਹਨਾਂ ਨੂੰ ਬਹੁਤ ਤਿੱਖੇ ਨਸ਼ਿਆਂ ਦੀ ਲੋੜ ਹੁੰਦੀ ਹੈ।
ਹੁਣ ਮੈਂ ਆਪਣੀ ਗੱਲ ਕਰ ਲਵਾਂ। ਏਥੇ ਸਿਡਨੀ ਵਿਚ, 1983 ਦੀ ਦੀਵਾਲੀ ਸਮੇ ਮੈਨੂੰ ਵੀ ਮਾਊਂਟ
ਡਰੂਟ ਹਸਪਤਾਲ ਦਾਖਲ ਹੋਣਾ ਪਿਆ। ਇਹ ਦਾਖਲਾ ਮੈਨੂੰ ਮੇਰੇ ਹਮਦਰਦ ਮਿਤਰ ਡਾ. ਨਰਿੰਦਰ ਪਾਲ
ਸਿੰਘ ਜੀ ਦੀ ਸਿਫ਼ਾਰਸ਼ ਨਾਲ਼ ਮਿਲ਼ਿਆ। ਓਥੇ ਦਾਖਲੇ ਸਮੇ ਆਸਟ੍ਰੇਲੀਅਨ ਗੋਰੇ ਸਪੈਸ਼ਲਿਸਟ ਨੇ
ਮੈਨੂੰ ਕੋਈ ਚਿੱਟੇ ਰੰਗ ਦੀ ਦਵਾਈ ਲਾ ਦਿਤੀ ਤੇ ਵਾਹਵਾ ਸਾਰੀਆਂ ਗੋਲ਼ੀਆਂ ਦਿਨ ਵਿਚ ਤਿੰਨ
ਵਾਰ ਖਾਣ ਲਈ ਹਿਦਾਇਤ ਕਰ ਦਿਤੀ। ਮੈਨੂੰ ਤਾਂ ਇਉਂ ਮਹਿਸੂਸ ਹੋਵੇ ਕਿ ਜਿਵੇਂ ਮੈ ਆਕਾਸ਼ ਵਿਚ
ਉਡਦਾ ਹਾਂ। ਪਹਾੜ ਨੂੰ ਟੱਕਰ ਮਾਰਾਂ ਤੇ ਤੋੜ ਕੇ ਰੱਖ ਦਿਆਂ। ਮੇਰੇ ਸਾਹਮਣੇ ਦੁਨੀਆ ਦੀ ਕੋਈ
ਸ਼ਕਤੀ ਨਹੀਂ ਅੜ ਸਕਦੀ। ਮੈ ਮਨ ਹੀ ਮਨ ਸੋਚਦਾ ਸਾਂ ਕਿ ਛੋਟੇ ਜਿਹੇ ਉਪ੍ਰੇਸ਼ਨ ਦੌਰਾਨ
ਡਾਕਟਰਾਂ ਪਾਸੋਂ ਮੇਰੇ ਅੰਦਰ ਦੀ ਕੋਈ ਨਾੜ ਗ਼ਲਤੀ ਨਾਲ ਗ਼ਲਤ ਪਾਸੇ ਜੁੜ ਗਈ ਹੈ ਜਿਸ ਸਦਕਾ
ਮੇਰੇ ਅੰਦਰ ਅਣਜਾਣੇ ਹੀ ਕੋਈ ਕਰਾਮਾਤ ਪੈਦਾ ਹੋ ਗਈ ਹੈ। ਕੁਝ ਦਿਨ ਅਜਿਹੀ ਅਵੱਸਥਾ ਰਹੀ। ਇਕ
ਦਿਨ ਗੁਰਦੁਆਰਾ ਸਾਹਿਬ ਵਿਖੇ ਹਫ਼ਤਾਵਾਰੀ ਦੀਵਾਨ ਉਪ੍ਰੰਤ, ਮੈਨੂੰ ਹਸਪਤਾਲ ਭੇਜਣ ਵਾਲ਼ੇ
ਡਾਕਟਰ ਸਾਹਿਬ ਜੀ ਦੀ ਪਤਨੀ, ਬੀਬੀ ਚਾਂਦ ਸਿੰਘ ਜੀ, ਜੋ ਕਿ ਖ਼ੁਦ ਵੀ ਸਫ਼ਲ ਡਾਕਟਰ ਹਨ ਅਤੇ
ਉਹਨਾਂ ਨੂੰ ਮੇਰੇ ਹਸਪਤਾਲ ਜਾਣ ਦਾ ਪਤਾ ਸੀ, ਪੁੱਛਣ ਲੱਗੇ, "ਭਰਾ ਜੀ, ਹੁਣ ਕੀ ਹਾਲ ਹੈ
ਤੁਹਾਡਾ?" ਮੈ ਬੜੇ ਖ਼ੁਸ਼ੀ ਭਰੇ ਸ਼ਬਦਾਂ ਵਿਚ ਆਪਣੀ ‘ਚੜ੍ਹਦੀਕਲਾ‘ ਵਾਲ਼ੀ ਹਾਲਤ ਬਿਆਨ ਕਰ
ਦਿਤੀ। ਉਹ ਮੇਰੇ ਪਾਸੋਂ ਚੁਪ ਚਾਪ ਚਲੇ ਗਏ ਤੇ ਡਾਕਟਰ ਸਾਹਿਬ ਨੂੰ ਬੁਲਾ ਲਿਆਏ। ਡਾਕਟਰ ਜੀ
ਨੇ ਆ ਕੇ ਮੈਨੂੰ ਪੁੱਛਿਆ ਕਿ ਮੈ ਦਵਾਈ ਕੇਹੜੀ ਖਾਨਾ! ਮੈ ਜਦੋਂ ਡਾਕਟਰ ਜੀ ਨੂੰ ਦਵਾਈ
ਵਿਖਾਈ ਤਾਂ ਉਹ ਕਹਿਣ ਲੱਗੇ, "ਇਹ ਦਵਾਈ ਤੁਹਾਨੂੰ ਉਡਾਉਂਦੀ ਹੈ। ਇਸ ਦਾ ਤੁਹਾਨੂੰ ਨਸ਼ਾ ਲੱਗ
ਜਾਵੇਗਾ ਜਿਸ ਤੋਂ ਫਿਰ ਖਹਿੜਾ ਨਹੀਂ ਛੁਡਾਇਆ ਜਾ ਸਕੇਗਾ। ਉਸ ਡਾਕਟਰ ਨਾਲ਼ ਸਲਾਹ ਕਰਕੇ ਇਸ
ਨੂੰ ਜਿੰਨੀ ਛੇਤੀ ਹੋਵੇ, ਛੱਡਣ ਦਾ ਉਪਰਾਲਾ ਕਰੋ।"
ਡਾਕਟਰ ਜੀ ਦੇ ਮੂੰਹੋਂ ਇਹ ਸੁਣ ਕੇ ਮੇਰੀ ਤਾਂ ਖਾਨਿਉਂ ਗਈ! ਮੈਨੂੰ ਫਿਕਰ ਲੱਗ ਗਿਆ ਕਿ
ਕਿਤੇ ਮੈਂ ਡਰੱਗੀ ਹੀ ਨਾ ਹੋ ਜਾਵਾਂ! ਮੈ ਫੌਰਨ ਹੀ ਇਹ ਦਵਾਈ ਪ੍ਰਿਸਕਰਾਈਬ ਕਰਨ ਵਾਲੇ
ਡਾਕਟਰ ਨੂੰ ਰਿੰਗ ਮਾਰਿਆ ਅਤੇ ਇਸ ਦਵਾਈ ਦੇ ਨਸ਼ੇ ਦਾ ਅਮਲੀ ਬਣ ਜਾਣ ਦਾ ਡਰ ਦੱਸ ਕੇ, ਇਸ
ਤੋਂ ਖਹਿੜਾ ਛੁਡਾਉਣ ਲਈ ਆਖਿਆ। ਡਾਕਟਰ ਨੇ ਅੱਗੋਂ ਕਿਹਾ, "ਅਜੇ ਨਹੀ ਚਾਰ ਕੁ ਹਫ਼ਤਿਆਂ
ਪਿੱਛੋਂ ਏਨੀ ਮਾਤਰਾ ਵਿਚ ਘਟਾਉਣੀ ਸ਼ੁਰੂ ਕਰਨੀ ਹੈ" ਪਰ ਮੈ ਤਾਂ ਉਸ ਦਿਨ ਤੋਂ ਹੀ ਘਟਾਉਣੀ
ਸ਼ੁਰੂ ਕਰ ਦਿਤੀ ਤੇ ਜਿੰਨੀ ਮਾਤਰਾ ਵਿਚ ਉਸ ਨੇ ਘਟਾਉਣ ਲਈ ਕਿਹਾ ਸੀ ਉਸ ਤੋਂ ਦੁੱਗਣੀ
ਘਟਾਉਣੀ ਸ਼ੁਰੂ ਕਰ ਦਿਤੀ। ਮੈ ਹੀ ਜਾਣਦਾ ਹਾਂ ਉਸ ਫਰਕ ਨੂੰ। ਇਉਂ ਜਾਪੇ ਜਿਵੇਂ ਮੈ ਸਵੱਰਗ
ਤੋਂ ਨਰਕ ਵਿਚ ਆ ਡਿੱਗਾ ਹਾਂ। ਮੈਂ ਮੂਹੋਂ ਮੂੰਹੀਂ ਸੱਜਣਾਂ ਤੇ ਪਰਵਾਰ ਦੇ ਸਾਹਮਣੇ ਅੱਖਾਂ
ਵਿਚ ਪਾਣੀ ਭਰ ਕੇ ਆਖਿਆ ਕਰਾਂ ਕਿ ਅਜਿਹੇ ਦਸ ਸਾਲਾਂ ਦੀ ਜ਼ਿੰਦਗੀ ਨਾਲ਼ੋਂ ਤਾਂ ਉਹ ਦਸ ਦਿਨ
ਦੀ ਚੰਗੀ। ਨਾ ਕੁਝ ਖਾਣ ਨੂੰ ਜੀ ਕਰੇ ਨਾ ਕੁਝ ਕਰਨ ਨੂੰ। ਕਦੀ ਡੌਲ਼ਿਆਂ ਵਿਚ ਪੀੜ ਕਈ
ਬਾਹਵਾਂ ਵਿਚ, ਕਦੀ ਲੱਤਾਂ ਵਿਚ ਤੇ ਕਦੀ ਕਿਸੇ ਹੋਰ ਥਾਂ। ਅੱਖਾਂ ਵਿਚ ਹਰ ਵੇਲ਼ੇ ਪਾਣੀ ਭਰਿਆ
ਰਹਿਣਾ।
ਉਸ ਢਹਿੰਦੀਕਲਾ ਵਾਲ਼ੇ ਸਮੇ ਦੌਰਾਨ ਚੇਤਾ ਆਇਆ, ਛੇਵੇਂ ਦਹਾਕੇ ਦੇ ਪਿਛਲੇ ਅਤੇ ਸੱਤਵੇਂ
ਦਹਾਕੇ ਦੇ ਪਹਿਲੇ ਸਾਲਾਂ ਦਾ। ਸਾਡਾ ਇਕ ਮਿੱਤਰ ਹੁੰਦਾ ਸੀ ਸ. ਦਰਸ਼ਨ ਸਿੰਘ ਮਜਬੂਰ। ਉਹ
ਬਹੁਤ ਹੀ ਚੜ੍ਹਦੀਕਲਾ ਵਾਲ਼ਾ ਸੱਜਣ ਸੀ ਪਰ ਫਿਰ ਬਹੁਤ ਚਿਰ ਪਿੱਛੋਂ ਸਮਝ ਆਈ ਕਿ ਉਸ ਦੀ
ਦਲੇਰੀ ਪਿੱਛੇ ਰਾਜ਼ ਕੀ ਸੀ। ਕਦੀ ਕਦੀ ਉਸ ਨੇ ਸਾਰਿਆਂ ਨੂੰ ਖਿਝ ਖਿਝ ਪੈਣਾ। ਅੰਗਾਂ ਵਿਚ
ਪੀੜ ਹੋਣ ਦੀ ਸ਼ਿਕਾਇਤ ਕਰਨੀ। ਫਿਰ ਸਾਡੇ ਨਾਲ਼ ਰੁੱਸ ਕੇ ਕਿਧਰੇ ਚਲੇ ਜਾਣਾ ਤੇ ਕੁਝ ਸਮੇ
ਪਿੱਛੋਂ ਪ੍ਰਸੰਨ ਹੋਏ ਹੋਏ ਨੇ ਸਾਡੇ ਵਿਚ ਆ ਕੇ ਪਹਿਲਾਂ ਵਾਂਗ ਹੀ ਖ਼ੁਦ ਪ੍ਰਸੰਨ ਹੋਣ ਦੇ
ਨਾਲ਼ ਸਾਨੂੰ ਵੀ ਸਾਰਿਆਂ ਨੂੰ ਪ੍ਰਸੰਨ ਕਰ ਦੇਣਾ। ਮੈਨੂੰ ਇਸ ਗੱਲ ਦੀ ਸਮਝ ਨਹੀ ਸੀ। ਸਾਡੇ
ਸਾਂਝੇ ਮਿੱਤਰ ਸ. ਅਜੀਤ ਸਿੰਘ ਮੌਲਵੀ ਨੇ ਆਖਣਾ ਕਿ ਇਹ ਨਸ਼ੇ ਦਾ ਆਦੀ ਹੈ ਤੇ ਤੋਟ ਸਮੇ ਇਸ
ਤਰ੍ਹਾਂ ਕਰਦਾ ਹੈ। ਮੈਂ ਸੁਣ ਲੈਣਾ ਪਰ ਇਸ ਗੱਲ ਨੂੰ ਗੰਭੀਰਤਾ ਨਾਲ਼ ਨਾ ਲੈਣਾ।
ਮੌਲਵੀ ਜੀ ਦਾ ਜ਼ਿਕਰ ਆਉਣ ਤੇ ਇਕ ਹੋਰ ਗੱਲ ਚੇਤੇ ਆ ਗਈ। ਸਾਡੇ ਤੋਂ ਪਹਿਲੀ ਪੀਹੜੀ ਦਾ,
ਸ਼੍ਰੋਮਣੀ ਕਮੇਟੀ ਵਿਚ ਇਕ ਬੜਾ ਕਾਮਯਾਬ ਸਟੇਜੀ ਬੁਲਾਰਾ ਹੁੰਦਾ ਸੀ। ਉਹ ਅਫ਼ੀਮ ਦਾ ਅਮਲੀ ਸੀ।
ਇਸ ਗੱਲ ਤੋਂ ਉਸ ਨੇ ਅਕਸਰ ਪ੍ਰੁੇਸ਼ਾਨ ਰਹਿਣਾ ਕਿ ਅਕਾਲੀ ਦਲ ਦੀਆਂ ਸਟੇਜਾਂ ਤੇ ਸਰਕਾਰ ਦੇ
ਖ਼ਿਲਾਫ਼ ਭਾਸ਼ਨ ਕਰਨੇ ਹੁੰਦੇ ਨੇ ਤੇ ਇਸ ਕਰਕੇ ਜੇਹਲ ਜਾਣ ਤੇ ਓਥੇ ਨਸ਼ਾ ਨਾ ਮਿਲਣ ਕਾਰਨ ਮੁਸ਼ਕਲ
ਹੋ ਸਕਦੀ ਹੈ। (ਸ਼ਾਇਦ ਉਸ ਸਮੇ ਅੱਜ ਵਾਂਗ ਜੇਹਲਾਂ ਵਿਚ ਹਰ ਵਸਤੂ ਮਿਲ਼ ਸਕਣ ਦੀ ਸਹੂਲਤ ਨਾ
ਹੁੰਦੀ ਹੋਵੇ!) ਇਹ ਵੀ ਯਾਦ ਰਹੇ ਕਿ ਅੱਜ ਵਾਂਗ ਓਦੋਂ ਅਕਾਲੀ ਦਲ ਸਰਕਾਰੀ ਪਾਰਟੀ ਨਾ ਹੋ ਕੇ
ਵਿਰੋਧੀ ਪਾਰਟੀ ਹੁੰਦਾ ਸੀ ਤੇ ਆਏ ਦਿਨ ਸਰਕਾਰ ਦੇ ਖ਼ਿਲਾਫ਼ ਕੋਈ ਨਾ ਕੋਈ ਮੋਰਚਾ ਵਿੱਢੀ ਹੀ
ਰੱਖਦਾ ਸੀ; ਇਸ ਲਈ ਇਸ ਦੇ ਵਰਕਰਾਂ ਤੇ ਪ੍ਰਚਾਰਕਾਂ ਨੂੰ ਜੇਹਲੀਂ ਜਾਣ ਦਾ ਸਬੱਬ ਬਣਦਾ ਹੀ
ਰਹਿੰਦਾ ਸੀ। ਫਿਰ ਅਜਿਹਾ ਸਮਾ ਵੀ ਆਇਆ ਜਦੋਂ ਕਦੀ ਅਕਾਲੀਆਂ ਦੀ ਵਿੰਗ ਤੜਿੰਗੀ ਜਿਹੀ ਸਰਕਾਰ
ਬਣ ਜਾਣੀ ਤੇ ਕਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਿਸੇ ਨਾ ਕਿਸੇ ਬਹਾਨੇ ਇਹ ਤੋੜ ਦੇਣੀ।
ਅਜਿਹੇ ਦੌਰ ਦੌਰਾਨ ਦੋ ਗਵਾਂਢਣਾਂ ਆਪਸ ਵਿਚ ਲੜ ਪਈਆਂ। ਬੰਦਿਆਂ ਵਾਂਗ ਉਹਨਾਂ ਨੇ ਮਾਵਾਂ
ਭੈਣਾਂ ਦੀ ਯਹੀ ਤਹੀ ਤਾਂ ਫੇਰਨੀ ਨਹੀਂ ਸੀ। ਕੁਝ ਨਰਮ ਨਰਮ ਜਿਹੀਆਂ ਬੀਬੀਆਂ ਵਾਲ਼ੀਆਂ
ਗਾਹਲ਼ਾਂ ਤੇ ਮੇਹਣੇ ਇਕ ਦੂਜੀ ਨੂੰ ਦੇਣ ਲੱਗੀਆਂ। ਇਕ ਖਿਝ ਕੇ ਆਂਹਦੀ, "ਨੀ, ਤੇਰਾ ਖਸਮ ਮਰ
ਜਾਵੇ! ਰੱਬ ਕਰਕੇ ਤੂੰ ਰੰਡੀ ਹੋ ਜਾਵੇਂ!" ਦੂਜੀ ਜਵਾਬ ਵਿਚ ਆਂਹਦੀ, "ਨੀ ਰੱਬ ਕਰੇ, ਤੇਰਾ
ਘਰ ਵਾਲ਼ਾ ‘ਕਾਲੀ ਹੋ ਜੇ!" ਕਿਸੇ ਸਿਆਣੇ ਬੰਦੇ ਨੇ ਲਾਗੋਂ ਆਖਿਆ, "ਬੀਬੀ, ਤੂੰ ਇਹ ਕੀ ਗੱਲ
ਕੀਤੀ! ਲੜਾਈ ਵਿਚ ਤਾਂ ਨਹਿਲੇ ਤੇ ਦਹਿਲਾ ਮਾਰਿਆ ਜਾਂਦਾ ਏ ਪਰ ਤੂੰ ਤਾਂ ਨਹਿਲੇ ਤੇ ਦੁੱਕੀ
ਵੀ ਨਹੀ ਮਾਰੀ! ਅਕਾਲੀਆਂ ਦੀ ਤਾਂ ਚਾਰੇ ਪਾਸੇ ਚੜ੍ਹਤ ਵਾ। ਮਾਰ ਸਿਪਾਹੀ ਤੇ ਠਾਣੇਦਾਰ ਵੀ
ਇਹਨਾਂ ਦਾ ਲਿਹਾਜ਼ ਕਰਦੇ ਆ; ਅਕਾਲੀ ਹੋਣਾ ਮਾੜਾ ਕਿਵੇਂ ਹੋ ਗਿਆ!" ਉਹ ਬੀਬੀ ਅੱਗੋਂ ਆਂਹਦੀ,
"ਆਹ, ਚੜ੍ਹਤ ਵਾ! ਸਵਾਹ ਤੇ ਖੇਹ! ਮੈ ਰੰਡੀ ਹੋ ਜਾਊਂ ਤਾਂ ਜਾਂ ਸਬਰ ਕਰ ਲਊਂ ਜਾਂ ਕਿਸੇ
ਹੋਰ ਨੂੰ ਸਿਰ ਧਰ ਲਊਂ। ਇਹਦੇ ਘਰ ਵਾਲ਼ਾ ‘ਕਾਲੀ ਹੋਇਆ ਨਾ ਜੀਂਦਿਆਂ ‘ਚ ਨਾ ਮੋਇਆਂ ‘ਚ।
ਸਰਕਾਰ ਬਣ ਗਈ ਤਾਂ ਰੇਲਾਂ ਵਿਚ, ਸਰਕਾਰ ਟੁੱਟ ਗਈ ਤਾਂ ਜੇਹਲਾਂ ਵਿਚ। ਨਾ ਉਹ ਘਰ ਵੜੇ, ਨਾ
ਇਹ ਕਿਸੇ ਹੋਰ ਦੇ ਬਹਿਣ ਜੋਗੀ।" ਪਰ ਹੁਣ ਇਹ ਹਾਲਤ ਨਹੀਂ ਰਹੀ। ਅਕਾਲੀਆਂ ਨੂੰ ਵੀ ਸਮੇ ਅਤੇ
ਤਜੱਰਬੇ ਨੇ ਰਾਜ ਭਾਗ ਦਾ ਸੁਖ ਮਾਨਣਾ ਸਿਖਾ ਦਿਤਾ ਹੈ। ਹਾਂ, ਗੱਲ ਚੱਲੀ ਸੀ ਅਮਲੀ ਪ੍ਰਚਾਰਕ
ਦੀ। ਉਸ ਨੂੰ ਸਾਡਾ ਸਾਂਝਾ ਮਿੱਤਰ, ਸ. ਅਜੀਤ ਸਿੰਘ ਮੌਲਵੀ, ਫ਼ਤਿਹਗੜ੍ਹ ਸਾਹਿਬ ਨੇੜੇ ਆਪਣੇ
ਘਰ ਵਿਚ ਲੈ ਗਿਆ। ਮੌਲਵੀ ਚੰਗੇ ਖਾਦੇ ਪੀਂਦੇ ਜ਼ਿਮੀਦਾਰ ਪਰਵਾਰ ਵਿਚੋਂ ਸੀ। ਉਸ ਨੇ ਉਸ
ਪ੍ਰਚਾਰਕ ਨੂੰ ਆਪਣੇ ਘਰ ਰੱਖ ਕੇ, ਉਸ ਦੀ ਚੰਗੀ ਸੇਵਾ ਕੀਤੀ। ਉਸ ਦੀ ਅਫ਼ੀਮ ਛੁਡਵਾਈ। ਉਸ ਦਾ
ਗੰਦ ਮੰਦ ਵੀ ਸਾਂਭਿਆ ਤੇ ਘਰ ਦਾ ਦੁਧ ਘਿਓ ਹੋਣ ਕਰਕੇ, ਉਸ ਦੀ ਖੁਰਾਕੀ ਪੱਖ ਤੋਂ ਵੀ ਚੰਗੀ
ਸੰਭਾਲ਼ ਕੀਤੀ। ਕੁਝ ਦਿਨ ਤਾਂ ਉਹ ਬਿਨਾ ਅਫ਼ੀਮ ਤੋਂ ਰਿਹਾ ਪਰ ਕੁਝ ਸਮੇ ਪਿਛੋਂ ਮੈਨੂੰ ਪਤਾ
ਲੱਗਾ ਕਿ ਉਹ ਫਿਰ ਇਸ ਕਲ਼ਮੂੰਹੀ ਦਾ ਗੱਫਾ ਲਾਉਣ ਲੱਗ ਪਿਆ ਸੀ। ਮੈ ਇਕ ਦਿਨ ਉਸ ਨੂੰ ਇਸ
ਬਾਰੇ ਪੁੱਛਿਆ ਤਾਂ ਉਹ ਖਿਸਿਆਨਾ ਜਿਹਾ ਹੋ ਕੇ, ਐਵੇਂ ਪਾਣੀ ਮਾਰਵੇਂ ਜਿਹੇ ਬਹਾਨੇ ਸੁਣਾਉਣ
ਲੱਗ ਪਿਆ, "ਓਇ ਸੰਤੋਖ ਸਿਹਾਂ, ਯਾਰ ਕੀ ਦੱਸਾਂ, ਕੁੜੀ ਯਾਵ੍ਹਾ ਨਾ ਖਾਣ ਦਾ ਸਵਾਦ ਨਾ ਪੀਣ
ਦਾ, ਨਾ ਲੈਕਚਰ ਕਰਨ ਦਾ, ਨਾ ਗੱਲ ਕਰਨ ਦਾ, ਨਾ ......... " ਕੁਝ ਸਾਲਾਂ ਪਿੱਛੋਂ ਉਸ ਦੀ
ਮੌਤ ਵੀ ਇੱਕ ਦਿਨ ਆਮ ਦਿਨਾਂ ਨਾਲ਼ੋਂ ਕੁਝ ਵੱਧ ਅਫ਼ੀਮ ਦਾ ਗੱਫਾ (ਓਵਰਡੋਜ਼) ਲਾ ਲੈਣ ਕਾਰਨ ਹੀ
ਹੋਈ। ਕਾਰਨ ਇਹ ਬਣਿਆ ਕਿ ਗ਼ਲਤੀ ਨਾਲ਼ ਕਿਤੇ ਮਿਲਾਵਟ ਵਾਲ਼ੀ ਅਫ਼ੀਮ ਦੀ ਥਾਂ ਬਿਨਾ ਮਿਲਾਵਟ ਤੋਂ
ਮਿਲ਼ ਗਈ ਤੇ ਉਸ ਨੇ ਮਿਲਾਵਟ ਵਾਲ਼ੀ ਜਿੰਨੀ ਮਾਤਰਾ ਵਿਚ ਹੀ ਨਿਗਲ਼ ਲਈ ਜਿਸ ਨੇ ਉਸ ਦਾ ਇਸ
ਜ਼ਹਿਮਤ ਤੋ ਸਦਾ ਲਈ ਛੁਟਕਾਰਾ ਕਰ ਦਿਤਾ।
ਸ਼ੁਕਰ ਹੈ ਉਸ ਸਰਬ ਸ਼ਕਤੀਮਾਨ ਨਿਰੰਕਾਰ ਦਾ ਕਿ ਉਸ ਨੇ ਸਮੇ ਸਿਰ ਡਾਕਟਰ ਨਰਿੰਦਰਪਾਲ ਸਿੰਘ ਜੀ
ਦੁਆਰਾ ਮੈਨੂੰ ਸੂਚਤ ਕਰਵਾ ਦਿਤਾ ਅਤੇ ਫਿਰ ਯੋਗ ਦ੍ਰਿੜ੍ਹਤਾ ਵੀ ਬਖ਼ਸ਼ੀ ਜਿਸ ਕਰਕੇ ਮੇਰਾ ਇਸ
ਜ਼ਹਿਮਤ ਤੋਂ ਸਮੇ ਸਿਰ ਹੀ ਛੁਟਕਾਰਾ ਹੋ ਗਿਆ।
ਉਸ ਸਮੇ ਤੋਂ ਲੈ ਕੇ ਹੁਣ ਤੱਕ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਫਲਾਣਾ ਵਿਅਕਤੀ ਨਸ਼ੱਈ ਹੈ
ਤਾਂ ਉਸ ਨੂੰ ਉਪਦੇਸ਼ ਦੇਣ ਦੀ ਬਜਾਇ ਮੈਨੂੰ ਉਸ ਉਪਰ ਤਰਸ ਹੀ ਆਉਂਦਾ ਹੈ।
-0-
|