“ ਬੋਲਦੇ ਨੀ “ ਨਿੰਦਰ ਨੇ
ਸਵਰਨ ਦੇ ਕੋਲੇ ਆਕੇ ਬੈਠਦਿਆਂ ਆਖਿਆ, “ ਜੇ ਗੁੱਸਾ ਨਾਂ ਕਰੋਂ ਤਾਂ ਇੱਕ ਗੱਲ ਆਖਾਂ”
“ ਆਖ “
“ ਹੁਣ ਵੇਖਲੋ ਆਪਾਂ ਬਾਈ ਜੀ ਗੁਰਦਿਆਲ ਦੀ ਕਿਨੀ ਮੱਦਦ ਕਰੀ ਐ ਦੋਹਾਂ ਕੁੜੀਆਂ ਦੇ ਵਿਆਹ ਵੀ
ਕੀਤੇ, ਐਥੋਂ ਜਾਕੇ, ਫੇਰ ਐਨਾ ਚਿਰ ਹੋ ਗਿਆ ਕਦੇ ਹਿੱਸਾ ਠੇਕਾ ਨੀ ਲਿਆ, ਹੁਣ ਆਪਣੀ ਕੁੜੀ
ਤਾਂ ਆਪ ਸਿਰ ਨੂੰ ਆਈ ਪਈ ਐ ਜੇ ਐਥੇ ਮੁੰਡਾ ਨਾ ਮਿਲਿਆ ਤਾਂ ਖਵਰੇ ਇੰਡੀਆ ਜਾਕੇ ਈ ਵਿਆਹ
ਕਰਨਾ ਪਊ...”
“ ਅੱਛਾ ਤੇ ਫੇਰ ?”
“ ਮੈਂ ਕਹਿਨੀ ਆਂ ਆਪਾਂ ਨੂੰ ਆਵਦੇ ਹਿੱਸੇ ਬਹਿੰਦੀ ਜ਼ਮੀਨ ਦਾ ਕੁਸ ਕਰਨਾ ਚਾਹੀਦੈ”
“ ਕੀ ਮਤਲਬ “ ਕਹਿਕੇ ਸਵਰਨ ਨੇ ਟੀ ਵੀ ਬੰਦ ਕਰਤਾ ਤੇ ਨਿੰਦਰ ਦੀ ਗੱਲ ਧਿਆਨ ਨਾਲ ਸੁਣਨ ਲੱਗ
ਪਿਆ “
“ ਆਪਣੇ ਮੁੰਡੇ ਨੇ ਤਾਂ ਓਥੇ ਜਾਣਾ ਨੀ ਹੁਣ, ਰੱਬ ਨਾ ਕਰੇ ਕਲ੍ਹ ਨੂੰ ਥੋਨੂੰ ਕੁਸ ਹੋ ਜਾਵੇ
ਤਾਂ ਸਾਨੂੰ ਤਾਂ ਓਥੇ ਕੋਈ ਡਾਹ ਦੁਆਲ ਨੀ, ਜਿਹੜੀ ਚਾਰ ਕਿੱਲੇ ਐ, ਵੇਚਕੇ ਭਾਵੇਂ ਓਥੇ ਈ
ਪੈਸੇ ਜਮਾਂ ਕਰਾ ਦਿਉ, ਕਲ੍ਹ ਨੂੰ ਕੋਈ ਬੁੱਤਾ ਸਾਰਾਂਗੇ “
“ ਪਰ ਅਜੇ ਜਮੀਨ ਤਾਂ ਸਾਡੇ ਦੋਹਾਂ ਭਰਾਵਾਂ ਦੇ ਨਾਂ ਈ ਐ, ਪਹਿਲਾਂ ਵੰਡ ਵੰਡਾਈ ਹੋਊ ਫੇਰ
ਕਿਤੇ ਜਾਕੇ ਕੋਈ ਗੱਲ ਲੋਟ ਆਊ ਤੇ ਮੈਂਨੂੰ ਐਨੀਆਂ ਛੁੱਟੀਆਂ ਨੀ ਮਿਲਣੀਆਂ ਫੈਕਟਰੀ ‘ਚੋਂ,
ਸਾਡੇ ਤਾਂ ਅੱਗੇ ਈ ਦੋ ਤਿੰਨਾਂ ਨੂੰ ਲੇਅ ਆਫ ਦੇਤੀ, ਪੰਜਾਬ ‘ਚ ਕੰਮ ਕਿਤੇ ਸੌਖਿਆਂ ਈ ਹੋ
ਜਾਂਦੇ ਐ, ਮੇਰੇ ਕੋਲੋਂ ਨੀ ਐਨਾ ਚਿਰ ਰਹੀਦਾ ਓਥੇ, ਜੇ ਮੇਰੀ ਜੌਬ ਛੁੱਟਗੀ ਮੁੜਕੇ ਐਨੀ
ਵਧੀਆ ਜੌਬ ਨੀ ਮਿਲਣੀ ...”
“ ਮੈਂ ਕੀਤੀ ਸੀ ਗੱਲ ਮੇਰੇ ਮਾਮੇ ਨਾਲ ਉਹ ਵਥੇਰਾ ਤੁਰਿਆ ਫਿਰਿਆ ਬੰਦੈ, ਕਹਿੰਦਾ ਸੀ ਤੁਸੀਂ
ਮੁਖਤਿਆਰ ਨਾਵਾਂ ਭੇਜ ਦਿਉ ਬਾਕੀ ਮੈਂ ਆਪੇ ਸਾਰਾ ਕੁਸ ਕਰਲੂੰ ਤੁਸੀਂ ਜਾਕੇ ਬੱਸ ਦਸਕਤ ਈ
ਕਰਨੇ ਐ, ਐਨੀ ਕੁ ਤਾਂ ਛੁੱਟੀ ਮਿਲ ਈ ਜਾਊ ਸੋਨੂੰ ਵੀਕ ਖੰਡ ਦੀ “
“ ਹਾਹੋ ਐਂ ਤਾ ਕੋਈ ਨੀ ਪਿਛਲੀ ਕਰਿਸਮਸ ਤੇ ਅਹੁ ਸਾਲੇ ਬਿੱਲੇ ਜੇ, ਸਟੀਵ ਨੂੰ ਕੁੰਡੇ ਆਲੀ
ਬੋਤਲ ਦਿੱਤੀ ਸੀ, ਉਦੋਂ ਦਾ ਕਿਤੇ ਕਿਤੇ ਓਵਰ ਟੈਮ ਵੀ ਲੁਆ ਲੈਂਦਾ ਐ, ਸਾਡੇ ਸੈਕਸ਼ਨ ਦਾ ਉਹੀ
ਸੁਪਰਵਾਈਜ਼ਰ ਐ ਹੁਣ ਤਾਂ “ ਸਵਰਨ ਤੇ ਨਿੰਦਰ ਨੇ ਫੈਸਲਾ ਕਰ ਲਿਆ ਕਿ ਆਵਦੇ ਹਿੱਸੇ ਦੀ ਜ਼ਮੀਨ
ਵੇਚ ਦੇਣੀ ਐ । ਸਵਰਨ ਕਹਿ ਕਹਾਕੇ ਤਿੰਨ ਵੀਕਾਂ ਦੀ ਛੁੱਟੀ ਲੈਕੇ ਪੰਜਾਬ ਆਵਦੇ ਪਿੰਡ ਚਲਾ
ਗਿਆ ।
ਹਫਤਾ ਕੁ ਤਾਂ ਓਸਨੇ ਆਵਦੇ ਭਰਾ ਨਾਲ ਕੋਈ ਗੱਲ ਨਾਂ ਕੀਤੀ । ਅੱਜ ਨਿੰਦਰ ਦਾ ਕੈਨੇਡਾ ਤੋਂ
ਸਖਤਾਈ ਨਾਲ ਫੋਨ ਆਇਆ, “ ਜਿਹੜੇ ਕੰਮ ਗਏ ਓਂ ਓਹ ਨਬੇੜੋ ਸੋਡੀ ਛੁੱਟੀ ਤਾਂ ਮੁਕਦੀ ਜਾਂਦੀ
ਐ...”
“ ਅੱਜ ਕਰਦਾਂ ਗੱਲ ਬਾਈ ਨਾਲ, ਅੱਜ ਮਾਮੇ ਹੋਰੀਂ ਵੀ ਆਏ ਹੋਏ ਐ ਪਿੰਡੋਂ ...”
“ ਮਾਮੇ ਹੋਰਾਂ ਨੂੰ ਵਿੱਚ ਨਾਂ ਪਾਈਂ ਜਦੋਂ ਮੈਂ ਮਾਮੇ ਨਾਲ ਸੋਡੇ ਗਿਆਂ ਪਿੱਛੋਂ, ਗੱਲ
ਕੀਤੀ ਸੀ, ਮੈਂ ਤਾਂ ਸੋਨੂੰ ਦੱਸਿਆ ਨੀ ਬਈ ਐਵੇਂ ਲੜੋਂਗੇ, ਅੱਗੋਂ ਕਹਿੰਦਾ ਮੇਰੀ ਪੋਤਰੀ ਦਾ
ਕੋਈ ਬੰਨ੍ਹ ਸੁਭ ਕਰੋ, ਮੈਂ ਕਿਹਾ ਮਾਮਾ ਜੀ ਬਈ ਸਾਡੇ ਕੀ ਵੱਸ ਐ ਤਾਂ ਔਖਾ ਈ ਬੋਲਿੱਆ
ਕਹਿੰਦਾ, ‘ ਸ਼ੇਰਾ ਜੇ ਕਰਨਾ ਹੋਵੇ ਤਾ ਸਾਰਾ ਕੁਸ਼ ਈ ਹੋ ਜਾਂਦੈ ‘ ਮੈਂ ਤਾਂ ਚੁੱਪ ਈ ਕਰਗੀ ।
ਤੁਸੀਂ ਇਹਨਾਂ ਦੇ ਗਿਆਂ ਤੋਂ ਈ ਗੱਲ ਕਰਿਆ ਜੇ ਬਾਈ ਜੀ ਨਾਲ, ਮੈਨੂੰ ਮਾਮੇ ਹੋਰਾਂ ਦਾ ਰੁਕ
ਜਾ ਵੀ ਕੁਸ ਬਾਹਲਾ ਵਧੀਆ ਨੀ ਲੱਗਿਆ ।
“ ਅੱਛਾ ਤੂੰ ਦੱਸਿਆ ਨਾਂ ਮੈਂ ਤਾਂ ਸਗੋਂ ਸੁਨੇਹਾਂ ਘੱਲਕੇ ਉਹਨਾਂ ਨੂੰ ਸਦਾ ਲਿਆ ਬਈ ਮੇਰੇ
ਹੱਕ ਦੀ ਗੱਲ ਕਰਨਗੇ, ਚੰਗਾ ਹੋਇਆ ਵਾਹਵਾ ਦੱਸਤਾ ਹੁਣ ਕਲ੍ਹ ਨੂੰ ਏਹਨਾਂ ਦੇ ਗਿਆਂ ਪਿੱਛੋਂ
ਈ ਗੱਲ ਛੇੜੂੰ “
ਮਾਮੇ ਹੋਰੀਂ ਚਲੇ ਗਏ ਸਵਰਨ ਨੇ ਮੌਕਾ ਜਾ ਵੇਖਕੇ ਗੱਲ ਛੇੜੀ, “ਬਾਈ ਆਪਾਂ ਆਪਣੀ ਜ਼ਮੀਨ ਦਾ
ਹਿਸਾਬ ਕਿਤਾਬ ਜਾ ਕਰ ਲੈਂਦੇ”
“ ਜ਼ਮੀਨ ਦਾ ਹਿਸਾਬ ਕਿਤਾਬ ਕੀ ਮਤਲਬ ?”
“ ਮਖਾਂ ਆਪੋ ਆਪਣਾ ਹਿੱਸਾ ਜਾ ਪਤਾ ਲੱਗਜੇ ਪਿੱਛੋਂ ਨਿਆਣਿਆ ਨੂੰ ਤਾਂ ਕੁਛ ਪਤਾ ਨੀ
ਲੱਗਣਾਂ, ਆਪਾਂ ਵੰਣ ਵੰਡਾ ਕਰ ਲੀਏ “
“ ਹੰਉ ਅੱਛਾ, ਤਾਂ ਤੂੰ ਤਾਂ ਆਇਐਂ , ਤੈਨੂੰ ਪਤੈ ਜਦੋਂ ਤੈਨੂੰ ਘੱਲਿਆ ਸੀ ਕਨੇਡੇ ਨੂੰ ਚਾਰ
ਕਿੱਲੇ ਗਹਿਣੇ ਕਰਤੇ ਸੀ ਬਾਪੂ ਨੇ, ਉਹ ਛੁਡਾਈ ਕੀਹਨੇ ?, ਮੈਂ, ਤੈਂ ਦਿੱਤੀ ਦਵਾਨੀ ਕੋਈ ?,
ਪਿੱਛੋਂ ਸਰਦਾਰ ਜੀ ਦੋ ਬੋਰ ਕਰਾਏ ਤੈਥੋਂ ਲਈ ਦੁਆਨੀ ? ਸਾਨੂੰ ਈ ਪਤੈ ਕਿਵੇਂ ਵੇਲਾ ਪੂਰਾ
ਕੀਤੈ, ਮੈਂ ਆਵਦੇ ਸਹੁਰਿਆਂ ਤੋਂ ਪੈਸੇ ਫੜ੍ਹਕੇ ਜ਼ਮੀਨ ਛੁਡਾਈ ਸੀ ਅਜੇ ਉਹਨਾਂ ਦੇ ਅੱਧੇ ਈ
ਮੋੜੇ ਐ ਅੱਧੇ ਅਜੇ ਖੜੋਤੇ ਐ, ਸਰਦਾਰ ਜੀ ਆਹੜਤੀਆਂ ਦਾ ਵਿਆਜ ਮੈਂ ਅੱਡ ਭਰਦਾ ਰਿਹਾ, ਤੂੰ
ਤਾਂ ਦਸ ਸਾਲ ਸਾਡੀ ਬਾਤ ਈ ਨੀ ਪੁੱਛੀ ਬਈ ਮਰੇ ਆਂ ਕਿ ਜਿਉਂਦੇ, ਹੁਣ ਤੈਨੂੰ ਚੇਤਾ ਆ ਗਿਆ
ਜ਼ਮੀਨ ਦਾ ?”
“ ਬਾਈ ਜਦੋਂ ਮੈਂ ਪੱਕਾ ਈ ਨੀ ਹੋਇਆ ਸੀ ਤਾਂ ਥੋਨੂੰ ਕਿੱਥੋਂ ਡਾਲੇ ਭੇਜ ਦਿੰਦਾ ?, ਤੇ
ਜਿਹੜੀ ਮੈਂ ਆਹ ਕੋਠੀ ਪੁਆਈ ਐ, ਤੇ ਤੇਰੀਆਂ ਦੋਹਾਂ ਕੁੜੀਆਂ ਦੇ ਵਿਆਹ ਕੀਤੇ ਸਾਰਾ ਟੱਬਰ
ਆਉਂਦੇ ਸੀ ਵਿਆਹਾਂ ਤੇ, ਟਿਕਟਾਂ ਈ ਦਸ ਹਜ਼ਾਰ ਡਾਲਰ ਦੀਆਂ ਲੱਗ ਜਾਂਦੀਆਂ ਸੀ ਤੇ ਐਥੇ ਆਕੇ
ਸਾਰਾ ਖਰਚਾ ਈ ਸਾਨੂੰ ਚੱਕਣਾਂ ਪੈਂਦਾ ਸੀ ਵਿਆਹਾਂ ਦਾ, ਉਹ ਸਾਰਾ ਈ ਭੁੱਲਗੇ ?”
“ ਮੇਰੀ ਸੁਣਲਾ ਗੱਲ ਜੇ ਤਾਂ ਭਲਾਮਾਣਸ ਬਣਕੇ ਚਾਰ ਦਿਨ ਪਿੰਡ ਰਹਿਣੈ ਤਾਂ ਰਹਿਪਾ ਤੇ ਜ਼ਮੀਨ
ਜ਼ਮੂਨ ਦਾ ਤਾਂ ਮੈਂ ਓਰਾ ਨੀ ਦਿੰਦਾ, ਤੈਨੂੰ ਪੈਸੇ ਲਾਕੇ ਭੇਜਤਾ ਕਨੇਡਾ ਜਿਹੜੀ ਤੇਰੀ ਓਥੇ
ਜੈਦਾਤ ਐ ਉਸਚੋਂ ਅਸੀਂ ਨੀ ਦਆਨੀ ਦੇ ਰਵਾਦਾਰ ਤੇ ਐਥੋਂ ਵਾਲੀ ਮਾੜੀ ਮੋਟੀ ਜਿਹੜੀ ਐ, ਉਹ
ਬਾਪੂ ਨੇ ਕਰਾਤੀ ਸੀ ਮੇਰੇ ਨਾਂ, ਬਾਹਲਾ ਉੱਨੀ ਇੱਕੀ ਕਰੇਂਗਾ ਤਾਂ ਤੇਰੇ ਹਿੱਸੇ ਚੋਂ ਈ ਇੱਕ
ਕਿੱਲਾ ਫੂਕਕੇ ਤੇਰੇ ਤੇ ਈ ਲਾਦੂੰ ਤੇ ਸਰਦਾਰ ਜੀ ਤੇਰਾ ਪਤਾ ਈ ਨੀ ਲੱਗਣਾ ਕਿੱਧਰ ਗਿਆ, ਆਗੀ
ਸਮਝ ?” ਭਰਾ ਦੀ ਗੱਲ ਸੁਣਕੇ ਸਵਰਨ ਅ-ਵਾਕ ਹੀ ਰਹਿ ਗਿਆ, ਜਦੋਂ ਟਰਾਂਟੋ ਏਅਰਪੋਰਟ ਤੇ ਆਕੇ
ਉਤਰਿਆ ਭਰਾ ਦੇ ਕਹੇ ਸ਼ਬਦ ਅਜੇ ਵੀ ਓਸਦੇ ਸਿਰ ‘ਚ ਵਦਾਣਾਂ ਵਾਂਗੂੰ ਵੱਜ ਰਹੇ ਸੀ, ‘ਬਾਹਲਾ
ਉੱਨੀ ਇੱਕੀ ਕਰੇਂਗਾ ਤਾਂ ਤੇਰੇ ਹਿੱਸੇ ‘ਚੋਂ ਈ ਇੱਕ ਕਿੱਲਾ ਫੂਕਕੇ ਤੇਰੇ ਤੇ ਈ ਲਾਦੂੰ, ਤੇ
ਸਰਦਾਰ ਜੀ ਤੇਰਾ ਪਤਾ ਈ ਨੀ ਲੱਗਣਾ ਕਿੱਧਰ ਗਿਆ “
-0-
|