ਭਾਗ ਦੂਜਾ
ਸਭ ਤੋਂ ਪਹਿਲਾ ਫਿਲਮੀ ਅਨੁਭਵ ਮੈਨੂੰ ਸੱਤਾਂ-ਅੱਠਾਂ ਸਾਲਾਂ ਦੀ ਉਮਰ ਵਿਚ ਹੋਇਆ।
ਰਾਵਲਪਿੰਡੀ ਸ਼ਹਿਰ ਵਿਚ ਪਲੇਗ ਦਾ ਖਤਰਾ ੳੁੱਠ ਪਿਆ ਸੀ। ਮੇਰੀ ਮਾਂ ਨੇ ਘਰ ਵਿਚ ਇਕ ਚੂਹਾ
ਟੱਪਦਾ ਵੇਖਿਆ। ਉਸੇ ਦਿਨ ਉਹ ਬੱਚਿਆਂ ਨੂੰ ਨਾਲ ਲੈ ਕੇ ਭੇਰੇ ਚਲੀ ਗਈ, ਜੋ ਸਾਹਨੀਆਂ ਦਾ
ਪੁਸ਼ਤੈਨੀ ਟਿਕਾਣਾ ਹੈ। ਇਥੇ ਸਾਹਨੀਆਂ ਦਾ ਆਪਣਾ ਅਲੱਗ ਮਹੱਲਾ ਹੈ, ਸੇਠੀਆਂ ਦਾ ਅਲੱਗ, ਅਤੇ
ਇਸੇ ਤਰ੍ਹਾਂ ਹੋਰ ਸਾਰੀਆਂ ਖੁਖਰੈਣ ਖੱਤਰੀ ਜ਼ਾਤਾਂ ਦਾ ਅਲੱਗ। ਇਹ ਕਦੋਂ ਤੇ ਕਿੰਜ ਹੋਇਆ,
ਰੱਬ ਜਾਣੇ। ਮੇਰੀ ਮਾਂ ਨੇ ਸਾਨੂੰ ਸਰੀਰਕ ਤੌਰ ਤੇ ਤਾਂ ਸੁਰਖਿਅਤ ਕਰ ਲਿਆ, ਪਰ ਮਾਨਸਿਕ ਤੌਰ
ਤੇ ਬੜੇ ਸੰਗੀਨ ਖਤਰਿਆਂ ਵਿਚ ਧੱਕ ਦਿਤਾ। ਭੇਰਾ ਨਾਂ ਨੂੰ ਤਾਂ ਸ਼ਹਿਰ ਸੀ, ਪਰ ਵਾਤਾਵਰਣ
ਨਿਰਾਪੁਰਾ ਪੇਂਡੂ ਸੀ। ਅਜ ਕਲ ਦੇ ਪੇਂਡੂ ਵਾਤਾਵਰਣ ਦਾ ਅੰਗਰੇਜ਼ਾਂ ਵੇਲੇ ਦੇ ਵਾਤਾਵਰਣ ਨਾਲ
ਕੋਈ ਮੁਕਾਬਲਾ ਨਹੀਂ। ਬੇਸ਼ਕ ਉਸ ਵੇਲੇ ਚੀਜ਼ਾਂ ਸਸਤੀਆਂ ਸਨ, ਆਰਥਕ ਨਿਸਚਿੰਤਤਾ ਵੀ ਵਧੇਰੇ
ਸੀ, ਪਰ ਪੁਲਿਸ ਤੇ ਅਫਸਰੀ ਦਹਿਸ਼ਤ ਹੱਦਾਂ ਟੱਪਦੀ ਸੀ। ਮਨੁੱਖ ਨਾਲ ਕੇਵਲ ਸਲੂਕ ਹੀ ਪਸ਼ੂ
ਵਾਲਾ ਨਹੀਂ ਸੀ ਕੀਤਾ ਜਾਂਦਾ, ਬਲਕਿ ਉਹਨੂੰ ਪਸ਼ੂ ਬਣਾ ਛੱਡਣ, ਉਸ ਅੰਦਰੋਂ ਸਾਰੀ ਸਭਿਅ
ਮਨੁੱਖਤਾ ਖਤਮ ਕਰ ਦੇਣ ਦੀ ਵੀ ਉਸ ਨਜ਼ਾਮ ਨੇ ਪੂਰੀ ਵਿਉਂਤ ਬੰਨ੍ਹੀ ਹੋਈ ਸੀ। ਹਰ ਪ੍ਰਕਾਰ
ਦੀ ਬਦਚਲਨੀ, ਜਹਾਲਤ ਅਤੇ ਨਹੂਸਤ ਨੂੰ ਸ਼ਹਿ ਦਿੱਤੀ ਜਾਂਦੀ ਸੀ। ਸ਼ਰੀਫਾਂ ਲਈ ਇਜ਼ਤ ਨਾਲ
ਝੱਟ ਲੰਘਾਣਾ ਦਿਨ-ਬਦਿਨ ਮੁਸ਼ਕਲ ਹੁੰਦਾ ਜਾ ਰਿਹਾ ਸੀ। ਜਿਹੜੇ ਇਸ ਪ੍ਰਵਿਰਤੀ ਦਾ ਵਿਰੋਧ ਕਰ
ਸਕਦੇ ਸਨ, ਉਹ ਧਨ-ਦੌਲਤ ਦੇ ਲਾਲਚ ਵਿਚ ਰਾਵਲਪਿੰਡੀ ਤੇ ਲਾਹੌਰ ਵਰਗੇ ਵਡੇ ਸ਼ਹਿਰਾਂ ਨੂੰ
ਨੱਠ ਜਾਣ ਦੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਸਨ। ਗਿਰਾਵਟ ਦਾ ਪਰਚਮ ਦਿਨੋ-ਦਿਨ ਬੁਲੰਦ
ਹੁੰਦਾ ਜਾ ਰਿਹਾ ਸੀ। 1947 ਵਿਚ ਪੰਜਾਬੀਆਂ ਨੇ ਤੀਵੀਂਆਂ ਵਿਰੁਧ ਜਿਸ ਵਹਿਸ਼ਤ ਦਾ ਸਬੂਤ
ਦਿਤਾ, ਉਸ ਦੀ ਤਿਆਰੀ ਦਾ ਮੁੱਢ ਦੂਰ-ਦਰਸ਼ੀ ਅੰਗਰੇਜ਼ ਸਰਕਾਰ ਨੇ ਉਦੋਂ ਤੋਂ ਬੰਨ੍ਹਣਾ
ਸ਼ੁਰੂ ਕੀਤਾ ਸੀ। ਇਕ ਦਿਨ ਸਾਡੇ ਸਕੂਲ ਵਿਚ ਐਲਾਨ ਹੋਇਆ ਕਿ ਰਾਤੀਂ ਸਭਨਾਂ ਵਿਦਿਆਰਥੀਆਂ
ਨੂੰ “ਬਾਇਸਕੋਪ” ਵਿਖਾਣ ਲਈ ਲੈ ਜਾਇਆ ਜਾਏਗਾ। ਬਾਇਸਕੋਪ ਲਈ ਮੰਡੂਆ ਸਾਡੇ ਘਰ ਦੇ ਨੇੜੇ, ਪਰ
ਸ਼ਹਿਰੋਂ ਬਾਹਰ, ਇਕ ਮੈਦਾਨ ਵਿਚ ਕਨਾਤਾਂ ਲਾ ਕੇ ਬਣਾਇਆ ਗਿਆ ਸੀ। ਛੱਤ ਖੁੱਲ੍ਹੀ। ਇਸ ਲਈ
ਸ਼ੋ ਰਾਤ ਨੂੰ ਤਾਰਿਆਂ ਹੇਠ ਹੁੰਦੇ ਸਨ। ਪਰਦੇ ਦੇ ਲਾਗੇ ਇਕ ਉੱਚੇ ਮਚਾਨ ਉਪਰ ਬੁਲਾਰਾ ਖੜਾ
ਰਹਿੰਦਾ। ਫਿਲਮਾਂ ਬੋਲਦੀਆਂ ਨਹੀਂ ਸਨ। ਬਣ ਕੇ ਵੀ ਵਲੈਤੋਂ ਆਉਂਦੀਆਂ ਸਨ। ਬੁਲਾਰਾ ਉਹਨਾਂ
ਦੀ ਕਹਾਣੀ ਨਾਲ-ਨਾਲ ਬਿਆਨ ਕਰਦਾ ਜਾਂਦਾ ਸੀ। ਸਾਰਾ ਸਕੂਲ ਸ਼ੋ ਵੇਖਣ ਜਾ ਰਿਹਾ ਸੀ, ਮਾਸਟਰ
ਅਤੇ ਹੈਡਮਾਸਟਰ ਵੀ। ਅਤੇ ਸਾਡੇ ਦੇਸ ਵਿਚ ਮਾਸਟਰਾਂ ਨੂੰ ਇਖਲਾਕੀ ਫਰਿਸ਼ਤੇ ਮੰਨਣ, ਭੇਡਾਂ
ਨੂੰ ਭੇੜੀਏ ਦਾ ਆਸਾਨ ਸਿ਼ਕਾਰ ਬਣਾ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ। ਮਾਂ ਨੇ ਖੁਸ਼ੀ ਨਾਲ
ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਜਾਣ ਦੀ ਇਜਾਜ਼ਤ ਦੇ ਦਿਤੀ। ਸਕੂਲ ਵਾਲਿਆਂ ਨੂੰ ਸ਼ੋ
ਅੱਧੀ ਟਿਕਟ ਉਤੇ ਵਿਖਾਇਆ ਜਾਣਾ ਸੀ। ਇਹ ਵੀ ਤਾਂ ਉਸ ਦੇ ਨਰੋਇਆ ਅਤੇ ਗੁਣਕਾਰੀ ਹੋਣ ਦਾ ਹੀ
ਸਬੂਤ ਸੀ।
ਮੈਂ ਪੰਜਤਾਲੀ ਵਰ੍ਹੇ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਉਸ ਫਿਲਮ ਦੀ ਕਹਾਣੀ ਬਾਰੇ ਏਨਾ ਹੀ
ਯਾਦ ਹੈ ਕਿ ਉਹ ਜਸੂਸੀ ਜਿਹੀ ਸੀ। ਪਰ ਜਿਹੜੀ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ,
ਅਤੇ ਸਦਾ ਯਾਦ ਰਹੇਗੀ, ਉਹ ਇਹ ਕਿ ਅਦਾਕਾਰੀ ਕਰਦਿਆਂ ਨਾਇਕਾ ਕਈ ਝਾਕੀਆਂ ਵਿਚ ਇਕਦਮ ਅਲਫ
ਨੰਗੀ ਹੋ ਜਾਂਦੀ ਸੀ। ਅਤੇ ਬੁਲਾਰਾ ਬੋਲਦਾ ਸੀ – “ਸਾਹਿਬਾਨ, ਖਿਆਲ ਰਖੀਏ, ਯੇ ਨੰਗੀ ਨਹੀਂ
ਹੈ। ਅਬ ਇਸ ਨੇ ਜਾਦੂਈ ਪੋਸ਼ਾਕ ਪਹਿਨ ਲੀ ਹੈ, ਜਿਸ ਕੀ ਮਦਦ ਸੇ ਯੇ ਕਹੀਂ ਭੀ ਜਾ ਸਕਤੀ ਹੈ।
ਯੇ ਸਭ ਕੋ ਦੇਖ ਸਕਤੀ ਹੈ ਮਗਰ ਇਸ ਕੋ ਕੋਈ ਨਹੀਂ ਦੇਖ ਸਕਤਾ!”
ਸੰਭਵ ਹੈ, ਉਹ ਠੀਕ ਹੀ ਕਹਿੰਦਾ ਹੋਵੇ। ਨਗਨ ਅਵਸਥਾ ਵਿਚ ਉਸ ਮੇਮ ਦਾ ਮੂੰਹ ਤਾਂ ਸਫੈਦ
ਰਹਿੰਦਾ ਸੀ, ਪਰ ਸਰੀਰ ਸਾਰਾ ਕਾਲਾ ਹੋ ਜਾਂਦਾ ਸੀ। ਜਾਂ ਤਾਂ ਉਸ ਦੇ ਨੰਗੇ ਸਰੀਰ ਉਪਰ ਕਾਲਾ
ਮੇਕ-ਅੱਪ ਮਲ ਦੇਂਦੇ ਹੋਣਗੇ, ਜਾਂ ਕੋਈ ਚੁਮਟਣੀ ਪੁਸ਼ਾਕ ਪਹਿਨਾ ਦੇਂਦੇ ਹੋਣਗੇ। ਨਾ ਤਾਂ
ਸਾਡੇ ਹੈਡਮਾਸਟਰ, ਅਤੇ ਨਾ ਹੀ ਉਪਸਥਿਤ ਸ਼ਰੀਫਾਂ ਵਿਚੋਂ ਹੋਰ ਕਿਸੇ ਨੇ ਏਸ ਅਸ਼ਲੀਲਤਾ ਦਾ
ਵਿਰੋਧ ਕੀਤਾ। ਔਰਤਾਂ ਨੂੰ ਸਿਨੇਮੇ ਲੈ ਜਾਣ ਦਾ ਓਦੋਂ ਰਿਵਾਜ ਨਹੀਂ ਸੀ। ਐਵੇਂ ਰੌਲਾ-ਗੌਲਾ
ਪਾ ਕੇ ਆਪਣਾ ਸਵਾਦ ਕਿਉਂ ਖਰਾਬ ਕੀਤਾ ਜਾਏ? ਬੁਲਾਰੇ ਨੇ ਕਹਿ ਜੁ ਦਿੱਤਾ ਕਿ ਉਹ ਨੰਗੀ
ਨਹੀਂ। ਬੱਚੇ ਸਰਲ ਜੀਵ ਹੁੰਦੇ ਹਨ। ਉਹਨਾਂ ਅਵੱਸ਼ ਬੁਲਾਰੇ ਦੀ ਗੱਲ ਉਤੇ ਯਕੀਨ ਕਰ ਲਿਆ
ਹੋਵੇਗਾ। ਇਸ ਤਰ੍ਹਾਂ ਇਖਲਾਕੀ ਸੱਟ ਵਜਣ ਦੀ ਕੋਈ ਖਾਸ ਸੰਭਾਵਨਾ ਨਾ ਰਹੀ। ਫੇਰ, ਆਪਣਾ ਮਜ਼ਾ
ਕਿਉਂ ਖਰਾਬ ਕੀਤਾ ਜਾਏ। ਮੁਮਕਨ ਹੈ, ਕਿਸੇ ਵਿਅਕਤੀ ਨੂੰ ਉੱਠ ਕੇ ਵਿਰੋਧ ਕਰਨ ਦਾ ਖਿਆਲ ਆਇਆ
ਵੀ ਹੋਵੇ। ਪਰ ਆਲੇ-ਦੁਆਲੇ ਸਭਨਾਂ ਨੂੰ ਪਾਪ ਦਾ ਹਿੱਸੇਦਾਰ ਬਣਿਆ ਵੇਖ ਕੇ ਉਹ ਵੀ ਖਾਮੋਸ਼
ਹੀ ਰਹਿ ਗਿਆ, ਜਿਵੇਂ ਬਲੈਕ ਨਾ ਕਰਨਾ ਚਾਹੁੰਦੇ ਹੋਏ ਵੀ ਕਈ ਫਿਲਮਕਾਰ ਬਲੈਕ ਕਰਦੇ ਹਨ,
ਜਿਵੇਂ ਸੰਨ ਸੰਤਾਲੀ ਵੇਲੇ, ਸੌ-ਸੌ ਮਰਦਾਂ ਨੂੰ ਕਿਸੇ ਬੇ-ਸਹਾਰਾ ਧੀ-ਭੈਣ ਨਾਲ ਸਰੇ-ਬਜ਼ਾਰ
ਜ਼ਨਾਂ ਕਰਦਿਆਂ ਵੇਖ ਕੇ ਵੀ ਲੋਕ ਖਾਮੋਸ਼ ਹੀ ਰਹੇ। ਆਲਾ-ਦੁਆਲਾ ਬੜਾ ਬਲਵਾਨ ਹੁੰਦਾ ਹੈ,
ਅਤੇ ਪੰਜਾਬੀਆਂ ਲਈ ਉਹ ਵਿਸ਼ੇਸ਼ ਤੌਰ ਤੇ ਇਖਲਾਕੀ ਕਮਜ਼ੋਰੀ ਦਾ ਕਾਰਨ ਬਣਿਆ ਹੈ। ਮੈਨੂੰ
ਨਹੀਂ ਯਾਦ, ਉਸ ਵੇਲੇ ਮੇਰੇ ਅੰਦਰ ਕੋਈ ਲਿੰਗ-ਭਾਵ ਜਾਗਰਤ ਹੋਇਆ ਸੀ ਜਾਂ ਨਹੀਂ। ਪਰ ਮੱਸ
ਫੁਟਣ ਦੇ ਦਿਨ ਬਹੁਤ ਦੂਰ ਨਹੀਂ ਸਨ। ਅਤੇ ਬਾਲਗ ਹੁੰਦਿਆਂ ਸਾਰ ਉਸ ਤੀਵੀਂ ਦੀਆਂ ਨੰਗੀਆਂ
ਛਾਤੀਆਂ ਦੇ ਕਲੋਜ਼-ਅਪ ਮੇਰੇ ਲਈ ਲਿੰਗ ਵਾਸ਼ਨਾ ਦਾ ਇੱਕ ਲੱਜ਼ਤ ਭਰਿਆ ਸਾਮਾਨ ਬਣ ਗਏ। ਇਸ
ਨਾਲ ਮੇਰੀ ਸਰੀਰਕ ਅਤੇ ਮਾਨਸਿਕ ਹਾਨੀ ਕਿੰਨੀ ਹੋਈ, ਮੈਂ ਨਹੀਂ ਕਹਿ ਸਕਦਾ। ਪਰ ਲਾਭ ਕੋਈ
ਨਹੀਂ ਹੋਇਆ, ਏਨਾ ਮੈਂ ਜ਼ਰੂਰ ਕਹਿ ਸਕਦਾ ਹਾਂ।
ਦੋ-ਚਾਰ ਦਿਨ ਮਗਰੋਂ, ਮੈਂ ਏਸ ਤੋਂ ਵੀ ਗਿਰੇ ਹੋਏ ਦਰਜੇ ਦੀ ਇਕ ਫਿਲਮ ਵੇਖੀ। ਸਾਡਾ ਰਸੋਈਆ
ਮੈਨੂੰ ਨਾਲ ਲੈ ਕੇ ਮੰਡੂਏ ਦੀ ਕਨਾਤ ਦੇ ਪਿਛਵਾੜੇ ਇਕ ਦਰੱਖਤ ਉਤੇ ਚੜ੍ਹ ਗਿਆ, ਕਿਉਂਕਿ
ਟਿਕਟ ਜੋਗੇ ਪੈਸੇ ਉਸ ਕੋਲ ਨਹੀਂ ਸਨ। ਦਰੱਖਤ ਕਨਾਤ ਤੋਂ ਦੂਰ ਸੀ, ਪਰ ਪਰਦੇ ਉਤੇ ਚਲਦੀਆਂ
ਤਸਵੀਰਾਂ ਸਾਨੂੰ ਚੰਗੀ ਤਰ੍ਹਾਂ ਦਿਖਾਈ ਦੇਂਦੀਆਂ ਸਨ। ਸ਼ੋ ਸ਼ੁਰੂ ਹੁੰਦਿਆਂ ਸਾਰ, ਪਹਿਲੀ
ਹੀ ਝਾਕੀ ਵਿਚ ਇਕ ਮਰਦ ਤੇ ਇਕ ਔਰਤ, ਕੁੱਤਿਆਂ ਵਰਗੀ ਨਿਰਲੱਜਤਾ ਨਾਲ, ਅਤੇ ਹੂ-ਬ-ਹੂ ਉਸੇ
ਤਰ੍ਹਾਂ ਭੋਗ ਵਿਚ ਜੁਟ ਪਏ। ਮੇਰੇ ਲਈ ਇਹ ਬੜਾ ਹੀ ਭਿਆਨਕ ਦ੍ਰਿਸ਼ ਸੀ, ਕਿਉਂਕਿ ਮੈਨੂੰ
ਨਹੀਂ ਸੀ ਪਤਾ ਕਿ ਉਹ ਕੀ ਕਰ ਰਹੇ ਹਨ। ਮੈਂ ਜ਼ੋਰ ਜ਼ੋਰ ਦੀ ਚੀਕ ਉਠਿਆ ਅਤੇ ਨੌਕਰ ਨੂੰ, ਜੋ
ਮੈਥੋਂ ਉਪਰ ਵਾਲੀ ਸ਼ਾਖ ਤੇ ਚੜ੍ਹਿਆ ਹੋਇਆ ਸੀ, ਪੈਰੋਂ ਫੜ ਕੇ ਹੇਠਾਂ ਧਰੀਕਣ ਲਗ ਪਿਆ।
ਪਹਿਲਾਂ ਤਾਂ ਉਸ ਨੇ ਮੈਨੂੰ ਚੁੱਪ ਰਹਿਣ ਦੀ ਡਾਂਟ ਦਿਤੀ, ਪਰ ਜਦੋਂ ਮੈਂ ਕਿਸੇ ਹੀਲੇ ਚੁੱਪ
ਨਾ ਹੋਇਆ ਤਾਂ ਉਹ ਬੇ-ਦਿਲੀ ਨਾਲ ਹੇਠਾਂ ਲਹਿਣ ਉਤੇ ਮਜ਼ਬੂਰ ਹੋ ਗਿਆ। ਉਸ ਵੇਲੇ ਉਸ ਦ੍ਰਿਸ਼
ਨਾਲ ਮੈਨੂੰ ਕੇਵਲ ਘ੍ਰਿਣਾ ਹੋਈ ਸੀ, ਪਰ ਜਿਉਂ-ਜਿਉਂ ਮੈਂ ਬਾਲਗ ਹੁੰਦਾ ਗਿਆ, ਘ੍ਰਿਣਾ ਵਿਚ
ਆਕਰਸ਼ਣ ਦਾ ਵੀ ਮਿਸ਼ਰਣ ਹੁੰਦਾ ਗਿਆ। ਮੈਨੂੰ ਅਫਸੋਸ ਹੋਣ ਲਗ ਪੈਂਦਾ, ਮੈਂ ਕਿਉਂ ਰਸੋਈਏ ਦਾ
ਸੁਆਦ ਖਰਾਬ ਕੀਤਾ। ਖੋਰੇ ਕਿੰਨੇ ਚਿਰਾਂ ਬਾਅਦ ਵਿਚਾਰੇ ਨੂੰ ਜਿ਼ੰਦਗੀ ਵਿਚ ਕੋਈ ਸੁਆਦ ਨਸੀਬ
ਹੋਇਆ ਸੀ! ਇਹ ਸੀ ਫਿਲਮਾਂ ਨਾਲ ਮੇਰੀ ਸਭ ਤੋਂ ਪਹਿਲੀ ਮੁਲਾਕਾਤ। ਜੇ ਏਸ ਪਿਛੋਂ ਮੈਂ ਜੀਵਨ
ਵਿਚ ਕੋਈ ਹੋਰ ਫਿਲਮ ਨਾ ਵੀ ਵੇਖੀ ਹੁੰਦੀ, ਤਾਂ ਵੀ ਕਹਿ ਸਕਦਾ ਸਾਂ ਕਿ ਇਸਤ੍ਰੀ ਨੂੰ ਕੇਵਲ
ਪੁਰਸ਼ ਦੇ ਕਾਮ-ਭੁਖ-ਮਿਟਾਊ ਪਦਾਰਥ-ਰੂਪ ਵਿਚ ਵੇਖਣ ਦੀ ਸਿੱਖਿਆ ਮੈਨੂੰ ਬੜੀ ਪ੍ਰਬਲਤਾ ਨਾਲ
ਦਿੱਤੀ ਜਾ ਚੁੱਕੀ ਸੀ।
ਅੱਜ ਦੇ ਜ਼ਮਾਨੇ ਵਿਚ, ਪਿੰਡਾਂ ਵਿਚ ਅਜਿਹੀ ਦਲੇਰੀ ਨਾਲ ਨਗਨ-ਫਿਲਮਾਂ (ਜੋ ਖੁਫੀਆ ਅਤੇ
ਗੈਰ-ਕਾਨੂੰਨੀ ਤੌਰ ਤੇ ਬਾਹਰ ਦੇ ਦੇਸ਼ਾਂ ਵਿਚੋਂ ਦਰਾਮਦ ਕੀਤੀਆਂ ਜਾਂਦੀਆਂ ਹਨ) ਵਿਖਾਣਾ
ਸੰਭਵ ਨਹੀਂ। ਪਰ ਅਜ ਵੀ ਪਿੰਡਾਂ ਦੇ ਨਿਰਦੋਸ਼ ਅਤੇ ਸਰਲ ਲੋਕਾਂ ਨੂੰ ਹੋਰ ਕਈ ਤਰੀਕਿਆਂ ਨਾਲ
ਸ਼ਹਿਰੀ ਲਿੰਗ-ਗਿਰਾਵਟ ਦਾ ਸਿ਼ਕਾਰ ਬਣਾ ਕੇ ਖਰਾਬ ਕੀਤਾ ਜਾਂਦਾ ਹੈ। ਇਸ ਦਾ ਮੂਲ ਕਾਰਨ,
ਸਿਖਿਅਤ ਵਰਗ ਦਾ ਅੰਗਰੇਜ਼ਾਂ ਦੀ ਚਾਲੂ ਕੀਤੀ ਪਿੰਡਾਂ ਵਲੋਂ ਉਪਰਾਮ ਰਹਿਣ ਦੀ ਨਿੰਦਨੀਕ
ਨੀਤੀ ਉਪਰ ਅਜੇ ਵੀ ਅਮਲ ਕਰੀ ਜਾਣਾ ਹੈ। ਜੇ ਚੰਗੇ ਵਿਚਾਰਾਂ ਵਾਲੇ ਸ਼ਹਿਰੀ ਲੋਕ ਪਿੰਡਾਂ
ਨਾਲ ਆਪਣਾ ਮੇਲ-ਮਿਲਾਪ ਕਾਇਮ ਰਖਣ, ਤਾਂ ਲੁੱਚੇ ਸ਼ਹਿਰੀ ਅਨਸਰ ਨੂੰ ਬੇਧੜਕ ਹੋ ਕੇ ਪਿੰਡਾਂ
ਵਿਚ ਖਰੂਦ ਮਚਾਣ ਦੀ ਖੁਲ੍ਹ ਨਾ ਮਿਲੇ। ਅਤੇ ਇੰਜ ਅਸੀਂ ਆਪਣੇ ਸੁਹਣੇ ਲੋਕ-ਨ੍ਰਿਤ ਅਤੇ
ਲੋਕ-ਗੀਤ ਵੀ ਬਰਬਾਦ ਹੋਣ ਤੋਂ ਬਚਾ ਸਕੀਏ। ਪਰ ਨਗਾਰ-ਖਾਨੇ ਵਿਚ ਤੂਤੀ ਦੀ ਵਾਜ ਭਲਾ ਕੌਣ
ਸੁਣਦਾ ਹੈ!
-0-
|