ਮਾਂਝੀ
1612
ਅੰਬਰ ਦਾ ਤੌਰ ਤਰੀਕਾ ਅੱਜ ਅਫ਼ਸੋਸਨਾਕ ਜਾਪਦਾ ਹੈ। ਪੱਛੋਂ ਹਾਲੇ ਨਰਮੀ ਨਾਲ਼ ਵਗਦੀ ਹੈ।ਕੁੱਝ
ਦੇਰ ਪਹਿਲਾ ਹੀ, ਮੈਂ ਮੂੰਹ ਹਨੇਰੇ ਇੱਕ ਸਵਾਰੀ ਨੂੰ ਸਾਹਿਲ ਤੋਂ ਲਿਜਾਣ ਲਈ ਤਿਆਰ ਹੋ ਗਿਆ
ਸਾਂ। ਸਨੇਹਾ ਆਇਆ ਸੀ ਕਿ ਉਸ ਸਵਾਰੀ ਨੂੰ ਕਿਹੜੀ ਥਾਂ ਤੋਂ ਅਤੇ ਕਿਸ ਵੇਲੇ ਲਿਜਾਣਾ ਏ। ਮੈਂ
ਐਨ ਵਕਤ ਸਿਰ ਉਸ ਨੂੰ ਲਿਜਾਣ ਵਾਸਤੇ ਪੁੱਜ ਗਿਆ ਸਾਂ, ਉਹ ਉਸ ਥਾਂ।ਮੇਰੇ ਪੁੱਜਣ ਤੋਂ ਇੱਕ
ਘੰਟਾ ਬਾਅਦ'ਚ ਆਇਆ ਸੀ। ਉਹ ਮੈਨੂੰ ਨਸ਼ੇ'ਚ ਧੁੱਤ ਲੱਗਿਆ। ਹੁਣ ਮੇਰੇ ਸ਼ਿਕਾਰੇ'ਚ ਬੈਠਾ
ਹੈ।ਅੱਜ ਕੁਦਰਤ ਦੇ ਸ਼ਾਂਤ ਚਿੱਤ ਵਰਤਾਰੇ ਵਿੱਚ ਆਈ ਖਲਲ ਕਰਕੇ ਸ਼ਿਕਾਰੇ ਦੇ ਇਰਦ ਗਿਰਦ
ਸਮੁੰਦਰੀ ਛੱਲਾਂ ਸ਼ਿਕਾਰੇ ਨੂੰ ਉੱਪਰ ਹੇਠਾਂ ਕਰ ਰਹੀਆਂ ਹਨ ਤੇ ਸ਼ਿਕਾਰਾ ਬੁਰੀ ਤਰ੍ਹਾਂ ਡੋਲ
ਰਿਹਾ ਹੈ।ਮੈਂ ਚੱਪੂਆਂ ਸਮੇਤ ਅਵਾਰਾ ਲਹਿਰਾਂ ਨਾਲ਼ ਦੋ-ਚਾਰ ਹੋ ਰਿਹਾ ਹਾਂ।ਗਣਰੂ ਦਾ ਜਜ਼ੀਰਾ
ਹਜੇ ਇੱਕ ਘੰਟੇ ਦੀ ਵਾਟ ਤੇ ਹੈ।ਹਾਲੇ ਸਾਝਰਾ ਹੀ ਹੈ।ਹਵਾ ਦੀ ਸਾਂ ਸਾਂ ਦੀ ਅਵਾਜ਼ ਤੜਾਕਦੀ
ਹੈ। ਹੋਰ ਅਵਾਜ਼ਾਂ ਵੀ ਸੁਣਦੀਆਂ ਨੇ। ਮਹਾਂਟੋਟਰੂ ਅਤੇ ਸਾਗਰ-ਮੁਰਗ਼ਾਈਆਂ ਚੀਕ-ਚਿਹਾੜਾ
ਪਾਉਂਦੇ ਨੇ; ਪਾਣੀ ਦੀਆਂ ਠਾਠਾਂ ਸ਼ੋਰ ਮਚਾਉਂਦੀਆਂ ਹਨ। ਸਮੁੰਦਰ ਦੇ ਸੰਸਾਰ ਜਾਂ ਆਸਮਾਨ ਦੀ
ਛੱਤ ਤੋਂ ਸਿਵਾ ਮੈਨੂੰ ਕੁੱਝ ਨਹੀਂ ਦਿਸਦਾ।
ਮੈਨੂੰ ਮੇਰੇ ਸਾਹਮਣੇ ਦੂਰ ਤੱਕ ਗਣਰੂ ਦਾ ਤੱਟ ਸਾਫ਼ ਦਿਸਦਾ ਹੈ। ਪਰ ਮੇਰੀ ਸਵਾਰੀ ਦੀ ਪਿੱਠ
ਹੈ ਗਣਰੂ ਦੇ ਜਜ਼ੀਰੇ ਵੱਲ। ਇਸ ਕਰਕੇ ਮੈਂ ਸਹਿਜੇ ਹੀ ਸਵਾਰੀ ਦੀ ਸੂਰਤ ਵੱਲ ਤੱਕ ਸਕਦਾ ਹਾਂ।
ਉਸਦਾ ਜੂੜਾ ਟੇਢਾ ਹੈ, ਸਿਰ ਖੁੱਥਾ ਅਤੇ ਸ਼ਕਲ ਥੁੰਨ ਮੁੰਨ ਹੈ। ਚੁਸਤ ਚਿਹਰੇ ਹੇਠ ਉਸਦਾ
ਸਾਰਾ ਸਰੀਰ ਕਿਮੋਨੋ ਵਿੱਚ ਲਪੇਟਿਆ ਹੋਇਆ ਹੈ।ਕਿਮੋਨੋ ਵੀ ਉਸਦਾ ਅੱਧਾ ਪਾਟਿਆ ਹੈ, ਹਵਾ'ਚ
ਫੜ ਫੜਾਂਦਾ ਏ। ਉਸ ਬੰਦੇ ਦੇ ਮੂੰਹੋਂ ਸਾਕੀ ਸ਼ਰਾਬ ਦੀ ਹਮਕ ਆਉਂਦੀ ਹੈ। ਸ਼ਰਾਬੀ ਹੈ। ਉਸਨੇ
ਆਪਣੇ ਹੱਥਾਂ ਨੂੰ ਆਲ਼ੇ ਦੁਆਲ਼ੇ ਮਾਰਿਆ। ਉਹ ਆਵਦੀ ਤਲਵਾਰ, ਇੱਕ ਜਪਾਨੀ ਕੱਤਾਨਾ, ਨੂੰ ਟੋਲਦਾ
ਹੈ।ਜਦ ਤਲਵਾਰ ਲੱਭੀ ਨ੍ਹੀਂ, ਉਸ ਨੂੰ ਮਹਿਸੂਸ ਹੋਇਆ ਕਿ ਪਿੰਡ ਦੇ ਅੱਡੇ'ਚ ਹੀ ਭੁੱਲ ਆਇਆ
ਹੈ।
ਫਿਰ ਉਸਨੇ ਆਵਦੇ ਕਿਮੋਨੋ ਵਿੱਚੋਂ ਛੁਰਾ ਭਾਲ਼ਿਆ ਅਤੇ ਆਵਦੀਆਂ ਉਕਾਬੀ ਅੱਖਾਂ ਉਤਾਂਹ ਚੁੱਕ
ਮੇਰੇ ਵੱਲ ਝਾਕ ਚੱਪੂ ਵੱਲ ਇਸ਼ਾਰਾ ਕੀਤਾ। ਮੈਂ ਡਰ ਗਿਆ ਅਤੇ ਚੱਪੂਆਂ ਨੂੰ ਆਵਦੇ ਨੇੜੇ ਕਰ
ਲਿਆ।
-ਕੀ ਗੱਲ ਏ? ਪਾਰ ਜਾਣ ਲਈ ਇੱਕੋਂ ਕਾਫੀ ਨ੍ਹੀਂ? ਲੈ ਪੈਸੇ ਹੋਰ ਚਾਹੀਦੇ ਤਾਂ? ਆਹ ਚੱਕ! -,
ਉਸਨੇ ਥੈਲੀ ਵਗਾਹ ਕਿ ਮਾਰੀ ਜੋ ਮੇਰੇ ਝੋਲੀ'ਚ ਆ ਡਿੱਗੀ।
-ਇੱਕ ਨਾਲ਼ ਤਾਂ ਬਹੁਤ ਦੇਰ
ਲੱਗੂਗੀ….-, ਮੈਨੂੰ ਹੋਰ ਕੁੱਝ ਨਾ ਸੁਝਿਆ, ਉਸ ਵੇਲੇ।
-ਦੇਰ? ਉਹ ਉਡੀਕ ਲਊਂ ਮੈਨੂੰ।
ਮੈਨੂੰ ਕੋਈ ਕਾਹਲ ਨਹੀ-।
ਜੱਕੇ-ਤੱਕੀ ਵਿੱਚ ਮੈਂ ਉਸਦੇ ਹਵਾਲ਼ੇ ਇੱਕ ਚੱਪੂ ਕਰ ਦਿੱਤਾ। ਮੈਂ ਫਿਰ ਦੂਜੇ ਨਾਲ਼ ਹੀ ਡੰਗ
ਸਾਰ ਲਿਆ। ਉਸਨੇ ਮੇਰੇ ਸਾਹਮਣੇ ਛੁਰੇ ਨਾਲ ਕਾਠ ਨੂੰ ਕੱਟਣਾ ਸ਼ੁਰੂ ਕੀਤਾ, ਤੇ ਹੌਲੀ ਹੌਲੀ
ਤਰਾਸ਼ਕੇ ਚੱਪੂ ਦਾ ਰੂਪ ਬਦਲ ਦਿੱਤਾ। ਫਿਰ ਹੌਲੀ ਹੌਲੀ ਮੇਰੀਆਂ ਅੱਖਾਂ ਸਾਹਮਣੇ ਚੱਪੂ ਨੂੰ
ਖੜਗੀ ਸਰੂਪ'ਚ ਢਾਲ੍ਹ ਦਿੱਤਾ। ਇੱਕ ਲੱਕੜ ਦੀ ਕੱਤਾਨਾ ਨਿਰਮਿਤ ਕਰ ਦਿੱਤੀ!
ਮੈਂ ਔਖੇ ਹੋ ਕੇ ਇੱਕੋਂ ਚੱਪੂ ਨਾਲ਼ ਹੀ ਜਵਾਰਭਾਟੇ ਨਾਲ਼ ਲੜਿਆ। ਉਹ ਆਵਦੇ ਮਜ਼ੇ ਤੇ ਮਸਤੀ
ਵਿੱਚ ਆਵਦੀ ਕੱਤਾਨੇ ਨੂੰ ਬਣਾਈ ਗਿਆ। ਮੇਰੇ ਪਿੱਛੇ ਸੂਰਜ ਹੌਲੀ-ਹੌਲੀ ਉੱਚਾ ਉੱਠ ਰਿਹਾ ਹੈ।
ਫਿਰ ਜਦੋਂ ਸ਼ਿਕਾਰਾ ਗਣਰੂ ਦੇ ਕੰਢੇ ਤੇ ਜਾ ਲੱਗਾ, ਮੈਂ ਦੇਖਿਆ ਓੱਥੇਂ ਕਈ ਲੋਕ ਉਡੀਕ'ਚ
ਖਲੋਤੇ ਹਨ। ਜੋ ਕੀੜਿਆਂ ਦਾ ਭੋਣ ਹੀ ਲੱਗਦੇ ਹਨ ਦੂਰੋਂ ਤਾਂ ਬਾਲੂ ਤੇ ਖੜ੍ਹੇ। ਸ਼ਿਕਾਰਾ ਰੇਤ
ਨੂੰ ਚੁੰਮਕੇ ਅਟਕ ਗਿਆ। ਸਵਾਰੀ ਨੇ ਛਾਲ ਮਾਰਕੇ ਉਨ੍ਹਾਂ ਦਾ ਸਾਹਮਣਾ ਕੀਤਾ, ਉਸਦੇ ਹੱਥ'ਚ
ਲੱਕੜ ਦੀ ਤਲਵਾਰ। ਜਿੱਦਾਂ ਮੂਸਾ ਨੇ ਪਾਣੀ ਨੂੰ ਚੀਰਕੇ ਅੱਡ ਕੀਤਾ, ਉਸੇ ਤਰ੍ਹਾਂ ਸਾਰੇ
ਪਾਸੇ ਹੋ ਗਏ।
ਕੇਵਲ ਇੱਕ ਬੰਦਾ ਅਖ਼ੀਰ ਤੇ ਖੜ੍ਹਾ ਹੈ।
ਉਸਦਾ ਨਾਂਅ, ਸੱਸਾਕੀ ਕੋਜਿਰੋ। ਗਣਰੂਵਾਲਾ….ਜਜ਼ੀਰਾ ਦਾ ਨਾਮੀ ਸੂਰਬੀਰ!
ਵਾਹ! ਮੈਂ ਸੋਚਾ,
ਇਸਨੇ ਸੱਸਾਕੀ ਨਾਲ਼ ਤਲਵਾਰ ਚਲਾਉਣੀ! ਉਹ ਵੀ ਲੱਕੜ ਦੀ ਕੱਤਾਨੇ ਨਾਲ਼! ਇਨ੍ਹੀ ਹਿੰਮਤ ਵਾਲਾ
ਕੌਣ ਐ? ਮੈਂ ਸਵਾਰੀ ਦੀ ਪਿੱਠ ਵੱਲ ਝਾਕਾਂ। ਇਹ ਹੈ ਕੌਣ?
-0- |