ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਪੰਜਾਬੀ ਬੋਲੀ ਅੱਜ ਦੁਨੀਆਂ ਭਰ ਵਿੱਚ ਆਪਣਾ ਸਿਰ ਮਾਣ
ਨਾਲ਼ ਉੱਚਾ ਉਠਾ ਕੇ, ਦੁਨੀਆਂ ਭਰ ਦੀਆਂ ਬਾਕੀ ਜ਼ੁਬਾਨਾਂ ਨਾਲ਼ ਮੋਢਾ ਡਾਹ ਕੇ ਤੁਰਨ ਜੋਗੀ
ਹੋ ਗਈ ਹੈ। ਜਿਸ ਨਾਲ਼ ਹਰ ਪੰਜਾਬੀ ਦਾ ਵੀ ਸਿਰ ਉੱਚਾ ਹੋਇਆ ਹੈ। ਪਰ ਅਜੇ ਬਹੁਤ ਸਾਰੀਆਂ
ਅੜਚਣਾਂ ਪੰਜਾਬੀ ਦੇ ਰਾਹਾਂ 'ਚ ਪੱਥਰਾਂ ਤੇ ਕੰਡਿਆਂ ਵਾਂਗ ਖਿਲਰੀਆਂ ਪਈਆਂ ਹਨ। ਇਸਦੇ
ਰਾਹਾਂ ਦਾ ਸੱਭ ਤੋਂ ਵੱਡਾ ਪੱਥਰ ਜਾਂ ਕੰਡਾ ਹੈ ਭਾਂਤ ਭਾਂਤ ਦੇ, ਸਮਾਂ ਵਿਹਾ ਚੁੱਕੇ ਅੱਖਰ,
Fonts. ਜਿਨ੍ਹਾਂ ਤੋਂ ਹੁਣ ਸਦਾ ਲਈ ਛੁਟਕਾਰਾ ਪਾਉਣ ਦੀ ਲੋੜ ਹੈ। ਇਹ ਠੀਕ ਹੈ ਕਿ ਕੋਈ
ਸਮਾਂ ਸੀ ਜਦ ਉਨ੍ਹਾਂ ਨਾਲ਼ ਕਿਸੇ ਹੱਦ ਤੱਕ, ਆਪਣੇ ਸੀਮਤ ਦਾਇਰੇ ਵਿੱਚ ਰਹਿ ਕੇ ਕੰਮ ਚਲਾਇਆ
ਦਾ ਸਕਦਾ ਸੀ। ਪੰਜਾਬੀ ਦਾ ਇੱਕ ਪੁਰਾਣਾ ਗੀਤ ਹੈ ਜਿਸਦੀ ਨੁਹਾਰ ਹਮੇਸ਼ਾ ਤਾਜ਼ਾ ਰਹੇਗੀ,
"ਪਿੱਪਲ਼ੀ ਦੇ ਪੱਤਿਆ ਕੀ ਖੜ ਖੜ ਲਾਈਆ. ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈਆ"। ਪੁਰਾਣਿਆਂ
ਤੋਂ ਬਾਅਦ ਨਵਿਆਂ ਦਾ ਆਉਣਾ ਕੁਦਰਤ ਦਾ ਨਿਯਮ ਵੀ ਹੈ। ਹੁਣ ਕੰਪਿਊਟਰ ਨੇ ਹਰ ਖੇਤਰ ਵਿੱਚ
ਨਵੇਂ ਦਿਸਹੱਦਿਆਂ ਤੋਂ ਪਾਰ ਦੇਖਣ ਲਈ ਨਵੇਂ ਰਾਹ ਖ੍ਹੋਲ ਦਿੱਤੇ ਹਨ। ਜਿੰਨਾ ਚਿਰ ਪੁਰਾਣੇ
ਅੱਖਰਾਂ ਦੀ ਵਰਤੋਂ ਬੰਦ ਕਰਕੇ ਯੂਨੀਕੋਡ ਨੂੰ ਨਹੀਂ ਅਪਨਾਇਆ ਜਾਂਦਾ ਉਨਾਂ ਚਿਰ ਪੰਜਾਬੀ
ਦੀਆਂ ਅੜਚਣਾਂ ਬਨਾਮ ਮੁਸ਼ਕਲਾਂ ਬਰਕਰਾਰ ਰਹਿਣਗੀਆਂ। ਸਾਰੀਆਂ ਅੜਚਣਾਂ ਦੂਰ ਕਰਨ ਦਾ ਇੱਕੋ
ਇੱਕ, ਬਿਲਕੁਲ ਪੱਕਾ ਤੇ ਸ਼ਰਤੀਆ ਇਲਾਜ ਹੈ : "ਪੰਜਾਬੀ ਯੂਨੀਕੋਡ" !!
ਸ਼ਾਇਦ ਬਹੁਤਿਆਂ ਲਈ ਇਹ ਵੀ ਖੁਸ਼ੀ ਦੀ ਗੱਲ ਹੋਵੇ ਕਿ ਹਰ ਨਵੇਂ ਕੰਪਿਊਟਰ ਜਾਂ ਲੈਪ-ਟੌਪ
ਤੇ, ਜਿਸ ਤੇ ਵਿੰਡੋਜ਼ ਸਿਸਟਮ ਹੈ, ਪੰਜਾਬੀ ਲਿਖਣ ਲਈ ਕੀ-ਬੋਰਡ ਉਪਲੱਬਧ ਹੈ ਜੋ ਯੂਨੀਕੋਡ
ਪ੍ਰਣਾਲੀ ਤੇ ਅਧਾਰਤ ਹੈ। ਇਸ ਨੂੰ ਵਰਤਣ ਲਈ ਹਰ ਮਸ਼ੀਨ, ਉਪਕਰਨ, ਤੇ ਰਾਵੀ ਨਾਮ ਦੇ ਅੱਖਰ,
ਫੌਂਟਸ, ਉਪਲੱਬਧ ਨੇ। ਪਰ ਇਨ੍ਹਾਂ ਦੀ ਵਰਤੋਂ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕੰਟਰੋਲ
ਪੈਨਲ਼ ਵਿੱਚ ਜਾ ਕੇ ਪੰਜਾਬੀ ਕੀ-ਬੋਰਡ ਦੀ ਚੋਣ ਕਰਨੀ ਜ਼ਰੂਰੀ ਹੈ ਜੋ ਕਿਸੇ ਮਾਹਿਰ ਦੀ ਮਦਦ
ਸੰਭਵ ਹੋ ਸਕਦੀ ਹੈ। ਰਾਵੀ ਅੱਖਰਾਂ ਤੋਂ ਇਲਾਵਾ ਤੁਸੀਂ ਆਪਣੀ ਪਸੰਦ ਮੁਤਾਬਿਕ ਹੋਰ ਸੋਹਣੇ
ਦਿਖਣ/ਲੱਗਣ ਵਾਲ਼ੇ ਫੌਂਟਸ ਵੀ ਇੰਟਰਨੈੱਟ ਤੋਂ ਉਤਾਰ ਸਕਦੇ ਹੋ। ਯਾਦ ਰਹੇ ਕਿ ਯੂਨੀਕੋਡ
ਵਿੱਚ ਲਿਖੀ ਪੰਜਾਬੀ ਹੀ ਦੁਨੀਆਂ ਦੇ ਹਰ ਕੋਨੇ ਵਿੱਚ ਆਸਾਨੀ ਨਾਲ਼ ਪੜ੍ਹੀ ਜਾ ਸਕਦੀ ਹੈ।
ਕਿਸੇ ਕਨਵਰਟਰ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ
ਪੰਜਾਬੀ ਜਗਤ ਨੂੰ ਮਹਾਂ ਭੰਬਲਭੂਸੇ 'ਚ ਪਾ ਰੱਖਿਆ ਹੈ। ਰਾਹ ਭਟਕਾਉਣ ਵਾਲ਼ੇ ਬਹੁਤ ਹਨ ਪਰ
ਸਹੀ ਰਾਹ ਦੱਸਣ ਵਾਲ਼ਾ ਕੋਈ ਵੀ ਨਹੀਂ। ਪੰਜਾਬ ਦੇ ਵਿਸ਼ਵ-ਵਿਦਿਆਲੇ ਅਤੇ ਪੰਜਾਬੀ ਵਿਗਿਆਨੀ
ਇਸ ਵਿਸ਼ੇ ਤੇ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ।
ਪਰ ਵਿਦੇਸ਼ਾਂ ਦੇ ਪੰਜਾਬੀ ਹੱਥ ਤੇ ਹੱਥ ਧਰਕੇ ਕਦੇ ਨਹੀਂ ਬੈਠੇ। ਪਿਛਲੇ ਦਿਨੀਂ ਪੰਜਾਬੀ
ਵਿਕਾਸ ਮੰਚ, ਯੂ. ਕੇ. ਵਲੋਂ 5abi.com ਦੇ ਸਹਿਯੋਗ ਨਾਲ਼ ਇੰਗਲੈਂਡ ਦੇ ਸ਼ਹਿਰ
ਵੁਲਵਰਹੈਂਪਟਨ ਵਿਖੇ ਕੰਪਿਊਟਰ ਜਾਂ ਲੈਪ-ਟੌਪ ਤੇ ਕੰਪਿਊਟਰ ਤੇ ਪੰਜਾਬੀ ਦੀ ਵਰਤੋਂ ਹੋਰ
ਸੌਖੀ ਤੇ ਸਰਲ ਕਰਨ ਲਈ ਪੰਜਾਬੀ ਦੇ ਨਵੇਂ ਕੀ-ਬੋਰਡ ਪੰਜਾਬੀXL ਨੂੰ ਸਮੂਹ ਪੰਜਾਬੀਆਂ ਦੇ
ਰੂ-ਬਰੂ ਕੀਤਾ ਗਿਆ ਹੈ। ਜਿਸਦਾ ਭਰਵਾਂ ਸਵਾਗਤ ਸਿਰਫ ਪੰਜਾਬੀ ਭਾਈਚਾਰੇ ਵਲੋਂ ਹੀ ਨਹੀਂ
ਕੀਤਾ ਗਿਆ ਸਗੋਂ ਗੋਰਿਆਂ ਵਲੋਂ ਵੀ ਇਸ ਨੂੰ ਅਹਿਮ ਪ੍ਰਾਪਤੀ ਦੱਸਿਆ ਗਿਆ। ਦੁਨੀਆਂ ਭਰ ਦੇ
ਪੰਜਾਬੀ ਇਸ ਕੀ-ਬੋਰਡ ਦਾ 5abi.com ਤੋਂ ਉਤਾਰਾ ਕਰ ਸਕਦੇ ਹਨ ਜੋ ਸਭ ਲਈ ਬਿਲਕੁਲ ਮੁਫ਼ਤ
ਹੈ। ਜਾਂ ਇਸ ਲਿੰਕ ਤੇ ਕਲਿੱਕ ਕਰਕੇ ਵੀ, ਸਿਰਫ ਈ-ਮੇਲ ਰਾਹੀਂ, ਉਸ ਵੈੱਬ-ਸਾਈਟ ਤੇ ਜਾਇਆ
ਜਾ ਸਕਦਾ ਹੈ: PunjabiXL Keyboard ਜਾਂ ਗੂਗਲ ਤੇ ਭਾਲ਼ ਕਰਕੇ ਵੀ ਲੱਭਿਆ ਜਾ ਸਕਦਾ ਹੈ।
ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਮੁਸ਼ਕਿਲ ਆਵੇ PanjabiXL@5abi.com ਤੇ ਈ ਮੇਲ ਰਾਹੀਂ
ਬੇ-ਝਿਜਕ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬੀ ਸੁਭਾਅ ਅਨੁਸਾਰ ਬਹੁਤ ਸਾਰੇ ਲੋਕਾਂ ਖ਼ਾਸ ਕਰ
ਪੰਜਾਬੀਆਂ ਨੂੰ ਸ਼ਰਮ ਜਾਂ ਸੰਗ ਵੀ ਅਕਸਰ ਕੁੱਝ ਚੰਗਾ ਸਿੱਖਣ ਤੋਂ ਰੋਕ ਦਿੰਦੀ ਹੈ। ਤੁਸੀਂ
ਕੁਛ ਪੁੱਛੋਗੇ ਤਾਂ ਹੀ ਮੱਦਦ ਪ੍ਰਾਪਤ ਕਰ ਸਕੋਗੇ। ਕਹਿੰਦੇ ਨੇ ਬਿਨਾਂ ਰੋਣ ਦੇ ਮਾਂ ਵੀ
ਬੱਚੇ ਨੂੰ ਦੁੱਧ ਨਹੀਂ ਪਿਆਉਂਦੀ। ਬਿਨਾਂ ਮਰਜ਼ ਜਾਣਿਆਂ ਕੋਈ ਵੀ ਡਾਕਟਰ ਦਵਾਈ ਨਹੀਂ
ਦਿੰਦਾ। ਸਵਾਲ ਪੁੱਛੋਗੇ ਤਾਂ ਹੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ਼ੇਗਾ। ਤੁਹਾਡਾ
ਸਵਾਲ ਕਿੰਨਾ ਵੀ ਸਧਾਰਨ ਕਿਉਂ ਨਾ ਹੋਵੇ ਸ਼ਰਮ ਨੂੰ ਪਰ੍ਹੇ ਹਟਾ ਕੇ ਜ਼ਰੂਰ ਪੁੱਛੋ। ਨਹੀਂ
ਤਾਂ ਸਦਾ ਲਈ ਪਛੜ ਜਾਓਗੇ। ਤੁਹਾਡੀ ਹਰ ਮੁਸ਼ਕਿਲ ਆਸਾਨ ਕਰਨ ਦਾ ਹਰ ਸੰਭਵ ਯਤਨ ਕੀਤਾ
ਜਾਵੇਗਾ।
ਹੁਣ ਜਿਹੜੇ ਪਾਠਕ ਯੂਨੀਕੋਡ ਦੀ ਜਾਣਕਾਰੀ ਜਾਂ ਵਰਤੋਂ ਤੋਂ ਬਿਲਕੁਲ ਕੋਰੇ ਜਾਂ ਅਭਿੱਜ ਹਨ
ਉਨ੍ਹਾਂ ਦੇ ਗਿਆਤ ਲਈ ਮੁੱਢਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਇਸ
ਬਾਰੇ ਪੂਰੀ ਤਰਾਂ ਸਮਝ ਸਕਣ ਕਿ ਇਸਦੀ ਕੀ ਖ਼ਾਸੀਅਤ ਹੈ।
ਸੱਭ ਤੋਂ ਪਹਿਲਾਂ ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲ਼ੀ ਹੈ ਕਿ ਇਹ ਕੀ-ਬੋਰਡ
PanjabiXL ਭਾਰਤ ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾ CDAC ਦੁਆਰਾ ਬਣਾਏ ਗਏ
ਪੰਜਾਬੀ ਦੇ ਕੀ-ਬੋਰਡ ਵਿੱਚਲੀਆਂ ਅਣਗਿਣਤ ਖ਼ਾਮੀਆਂ ਨੂੰ ਦੂਰ ਕਰਕੇ ਬਣਾਇਆ ਗਿਆ ਹੈ। ਇਸ
ਕੀ-ਬੋਰਡ ਦੀ ਬਣਤਰ, ਲੇਅ-ਆਊਟ ਪਿੱਛੇ ਵੀ ਇੱਕ ਖਾਸ ਤਰਕ ਹੈ ਜਿਸਨੂੰ ਸਮਝਣਾ ਬਹੁਤ ਜ਼ਰੂਰੀ
ਤਾਂ ਹੈ ਪਰ ਸੰਖੇਪ 'ਚ ਏਹੋ ਕਿਹਾ ਜਾ ਸਕਦਾ ਹੈ ਕਿ ਇਸਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ
ਸ੍ਵਰ ਅੱਖਰਾਂ ਦੇ ਨਾਲ਼ ਲੱਗਦੀ ਢੁਕਵੀਂ ਲਗ-ਮਾਤਰ ਪਹਿਲਾਂ ਹੀ ਉਪਲਬਧ ਕਰਾ ਦਿੱਤੀ ਗਈ ਹੈ
ਜਿਸ ਨਾਲ਼ ਲਿਖਣ ਵਾਲ਼ੇ ਲਈ ਗ਼ਲਤੀ ਕਰਨ ਦੇ ਮੌਕੇ ਘੱਟ ਹਨ। ਭਾਵ ਕਿ ਅਣਜਾਣ ਨੂੰ ਵੀ ਪਤਾ
ਤੱਗ ਜਾਵੇਗਾ ਕਿ ਅੱਖਰ ੳ ਨੂੰ ਸਿਹਾਰੀ ਜਾਂ ਬਿਹਾਰੀ ਨਹੀਂ ਲੱਗ ਸਕਦੀ। ਨਾਲ਼ ਸਹੀ ਇਹ ਵੀ ੳ
ਤੇ ੲ ਇਕੱਲੇ ਨਹੀਂ ਵਰਤੇ ਜਾ ਸਕਦੇ ਜਾਂ ਵਰਤੋਂ 'ਚ ਨਹੀਂ ਆਉਂਦੇ। ਪਰਅ ਵਰਤਿਆ ਜਾ ਸਕਦਾ ਹੈ
ਜਿਵੇਂ ਅਮਲ, ਅਸਲ, ਅਮਰ ਆਦਿ। ਪਰ ੳ ਅਤੇ ੲ ਇਸ ਤਰਾਂ ਨਹੀਂ ਵਰਤੇ ਜਾ ਸਕਦੇ। ੳ ਨਾਲ਼ ਔਂਕੜ
ਜਾਂ ਦੁਲੈਂਕੜ ਜਾਂ ਫਿਰ ਹੋੜੇ ਦੀ ਆਵਾਜ਼ ਲਈ ਓ ਹੀ ਵਰਤਿਆ ਜਾ ਸਕਦਾ ਹੈ। ਏਸੇ ਤਰਾਂ ੲ
ਨਾਲ਼ ਸਿਰਫ ਲਾਂਵ, ਸਿਹਾਰੀ ਜਾਂ ਬਿਹਾਰੀ ਹੀ ਵਰਤੀ ਜਾ ਸਕਦੀ ਹੈ। ਏਸੇ ਕਰਕੇ ੳ, ਅ ਅਤੇ ੲ
ਨਾਲ਼ ਲੱਗਣ ਵਾਲ਼ੀਆਂ ਸਹੀ ਲਗਾ ਮਾਤਰਾਂ ਪਹਿਲਾਂ ਹੀ ਮੌਜੂਦ ਹੋਣ ਕਰਕੇ ਕੋਈ ਵੀ ਲਿਖਣ ਜਾਂ
ਸਿੱਖਣ ਵਾਲ਼ਾ ਗ਼ਲਤੀ ਕਰ ਹੀ ਨਹੀਂ ਸਕਦਾ। ਜਦ ਕਿ ਇਹ ਸਹੂਲਤ ਪੁਰਾਣੇ ਭਾਵ ਕਿ ਯੂਨੀਕੋਡ
ਤੋਂ ਬਾਹਰੇ ਅੱਖਰਾਂ ਵਿੱਚ ਹੈ ਹੀ ਨਹੀਂ। ਮਾਈਕ੍ਰੋਸੌਫਟ ਵੱਲੋਂ ਸਿਰਫ ਯੂਨੀਕੋਡ ਅੱਖਰਾਂ ਦੀ
ਹੀ ਚੋਣ ਕਰਨਾ ਪੰਜਾਬੀ ਭਾਸ਼ਾ ਦੀ ਦੁਨੀਆਂ ਵਿੱਚ, ਆਪਣੇ ਆਪ ਵਿੱਚ ਇੱਕ ਇਨਕਲਾਬ ਸੀ।
ਆਓ ਹੁਣ ਜਾਣੀਏ ਉੱਪਰ ਦਿੱਤੇ ਬਿਰਤਾਂਤ ਦੀ ਅਮਲੀ ਵਰਤੋਂ ਬਾਰੇ ਲੋੜੀਂਦੀ ਜਾਣਕਾਰੀ। ਧੁਨ
ਜਾਂ ਧ੍ਵਨੀਆਂ ਪੈਦਾ ਕਰਨ ਵਾਲ਼ੇ ਸ੍ਵਰ ਅੱਖਰਾਂ ਨਾਲ਼ ਲੱਗਣ ਵਾਲ਼ੀਆਂ ਲਗਾ ਮਾਤਰਾਂ ਵਾਲ਼ੇ
ਅੱਖਰ ਲਿਖਣ ਲਈ ਆਮ ਤੌਰ ਤੇ ਅੰਗ੍ਰੇਜ਼ੀ ਦੇ ਵੱਡੇ (ਕੈਪੀਟਲ - ਭਾਵ ਸ਼ਿਫਟ ਦੱਬ ਕੇ ਪੈਣ
ਵਾਲ਼ੇ) ਅੱਖਰਾਂ ਨਾਲ ਹੀ ਸ੍ਵਰ ਅੱਖਰ ਪਾਏ ਜਾਂ ਵਰਤੇ ਜਾ ਸਕਦੇ ਹਨ, ਜਿਸ ਦੀ ਉਦਾਹਰਣ ਇਸ
ਤਰਾਂ ਹੈ:
Q ਨਾਲ਼ ਔ - W ਨਾਲ਼ ਐ - E ਨਾਲ਼ ਆ - R ਨਾਲ਼ ਈ - T ਨਾਲ਼ ਊ - A ਨਾਲ਼ ਓ
S ਨਾਲ਼ ਏ - D ਨਾਲ਼ ਅ - F ਨਾਲ਼ ਇ - G ਨਾਲ਼ ਉ ਪਾਏ ਜਾ ਸਕਦੇ ਹਨ।
ਬਾਕੀ, ਵਿਅੰਜਨ, ਅੱਖਰਾਂ ਲਈ ਹੇਠ ਲਿਖੀ ਮਿਸਾਲ ਦੇਖੋ। ਬ੍ਰੈਕਟ ਵਿੱਚ ਵੱਡੇ ਅੱਖਰਾਂ, ਭਾਵ
ਸ਼ਿਫਟ ਦੱਬਣ, ਨਾਲ਼ ਪੈਣ ਵਾਲ਼ੇ ਅੱਖਰ ਇਸ ਤਰਾਂ ਹਨ :
y - ਬ(ਭ), u - ਹ(ਙ), i - ਗ(ਘ), o - ਦ(ਧ), p - ਜ(ਝ), [- ਡ(ਢ), ] ਖਾਲੀ(ਞ)
h - ਪ(ਫ), j - ਰ(ੜ), k - ਕ(ਖ), l - ਤ(ਥ), ; - ਚ(ਛ), - ਟ(ਠ) ≠ - ()
\ - ਖ਼ਾਲੀ, z - ; () - x - ਟਿੱਪੀ(ਬਿੰਦੀ), c - ਮ(ਣ), v - ਨ(ਜ਼), b - ਵ(ੲ),
n - ਲ(ਲ਼), m - ਸ(ਸ਼), , - , . - .(। ਡੰਡੀ) / - ਯ(?) (ਭਾਵ ਕੌਮੇ ਨਾਲ਼ ਕੌਮਾ,
ਡੌਟ (ਫੁੱਲ ਸਟੌਪ) ਨਾਲ਼ ਡੌਟ ਪਰ ਸ਼ਿਫਟ ਨਾਲ਼ ਡੰਡੀ)
ਕੁਛ ਹੋਰ ਲਗਾ ਮਾਤਰਾਂ ਅਤੇ ਵਿਸ਼ਰਾਮ ਚਿੰਨ੍ਹ (ਪੰਕਚੂਏਸ਼ਨ ਮਾਰਕ) ਵੀ ਵਾਰ ਵਾਰ ਅਭਿਆਸ
ਕਰਨ ਨਾਲ਼ ਜਾਂ ਪੁੱਛ ਕੇ ਸਿੱਖੇ ਅਤੇ ਵਰਤੇ ਜਾ ਸਕਦੇ ਰਨ। ਗੋਰੇ ਲੋਕਾਂ 'ਚ ਇਹ ਕਹਾਵਤ ਹੈ
ਕਿ ਰੋਮ ਇੱਕ ਦਿਨ ਵਿੱਚ ਨਹੀਂ ਸੀ ਬਣ ਗਿਆ ਬੜੀ ਮਸ਼ਹੂਰ ਹੈ ਤੇ ਅੱਜ ਦੇ ਵਿਸ਼ੇ ਲਈ ਵੀ
ਬੜੀ ਢੁਕਵੀਂ ਹੈ। ਰੋਜ਼ ਰੋਜ਼ ਥੋੜ੍ਹਾ ਅਭਿਆਸ ਕਰਨ ਨਾਲ਼ ਲਿਖਣਾ ਆਸਾਨ ਲੱਗਣ ਲੱਗੇਗਾ ਤੇ
ਤੁਸੀਂ ਬਿਨਾ ਕਿਸੇ ਕਨਵਰਟਰ ਦੀ ਮੱਦਦ ਦੇ ਆਪਣਾ ਮੁਨੇਹਾ ਆਪਣੀ ਮਾਂ ਬੋਲੀ ਵਿੱਚ ਦੇਸ਼
ਵਿਦੇਸ਼ ਦੇ ਲੱਖਾਂ ਪਾਠਕਾਂ ਤੱਕ ਪੁਚਾਅ ਸਕਦੇ ਹੋ। ਵਿੱਚ ਵਿਚਾਲ਼ੇ ਕਿਸੇ ਵਿਚੋਲੇ,
ਕਨਵਰਟਰ, ਨੂੰ ਪਾਉਣ ਦੀ ਉੱਕਾ ਲੋੜ ਨਹੀਂ ਹੈ ਤੇ ਨਾ ਹੀ ਦੂਜੇ ਪਾਸੇ ਪੜ੍ਹਨ ਵਾਲ਼ੇ ਨੂੰ ਹੀ
ਕੋਈ ਤਰੱਦਦ ਕਰਨਾ ਦੀ ਕੋਈ ਲੋੜ ਹੈ। ਇੱਕ ਦੂਜੇ ਨੂੰ ਪੰਜਾਬੀ ਵਿੱਚ ਈ-ਮੇਲ ਕਰ ਸਕਣਾ ਅੱਜ
ਤੋਂ ਤੁਹਾਡਾ ਮੁੱਖ ਨਿਸ਼ਾਨਾ ਹੋਵੇ। ਜਿਸ ਦਿਨ ਕਾਮਯਾਬ ਹੋ ਗਏ, ਸਮਝੋ ਕਿ ਤੁਸੀਂ ਸਮਝ ਗਏ
ਹੋ। ਗ਼ਲਤੀਆਂ ਤੋਂ ਨਾ ਡਰੋ। ਕੁੱਝ ਵੀ ਨਵਾਂ ਸਿੱਖਣ ਲਈ, ਪੁੱਛਣ ਤੋਂ ਕਦੇ ਨਾ ਸੰਗੋ। ਇਹ
ਸੰਗ (ਸੰਙ) ਹੀ ਬਹੁਤਿਆਂ ਕੋਹਾਂ ਪਿੱਛੇ ਪਾ ਦਿੰਦੀ ਹੈ। 'ਪਹਿਲਾਂ ਸਿੱਖ ਕੇ ਤਾਂ ਕੋਈ ਵੀ
ਨਹੀਂ ਸੀ ਆਇਆ।
ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ ਆਓ ਅੱਜ ਤੋਂ ਆਪ ਕੋਸ਼ਿਸ਼ ਕਰਨੀ ਸ਼ੁਰੂ ਕਰੀਏ
- ਸ਼ੁਰੂਆਤ ਹੌਲ਼ੀ ਹੀ ਸਹੀ ਪਰ ਇਹ ਸਭ ਤੋਂ ਆਸਾਨ ਤਰੀਕਾ ਹੈ ਜੋ ਸਭ ਨੂੰ ਬਾਕੀ ਸਾਰੇ
ਝੰਜਟਾਂ ਤੋਂ ਬਚਾਉਂਦਾ ਹੈ। ਤੁਸੀਂ ਆਪਣਾ ਸੰਦੇਸ਼ ਦੇਸ਼ ਵਿਦੇਸ਼ ਦੇ ਲੱਖਾਂ ਪੰਜਾਬੀਆਂ ਤੱਕ
ਕਿਵੇਂ ਪਚਾਉਣਾ ਹੈ?, ਕਿਹੜਾ ਰਾਹ ਚੁਣਨਾ ਹੈ?, ਸੌਖਾ ਅਤੇ ਸਿੱਧਾ, ਜਾਂ ਬਿਖੜਾ ਤੇ ਔਖਾ -
ਇਸਦਾ ਫ਼ੈਸਲਾ ਤੁਹਾਡੇ ਤੇ ਛੱਡ ਦਿੱਤਾ ਜਾਂਦਾ ਹੈ। ਪਰ ਤੁਸੀਂ ਆਪਣਾ ਅਨੁਭਵ ਬਾਕੀਆਂ ਨਾਲ਼
ਜ਼ਰੂਰ ਸਾਂਝਾ ਕਰਨ ਦੀ ਕੋਸ਼ਿਸ਼ ਕਰੋ। ਭਾਂਤ ਭਾਂਤ ਦੇ, ਆਪਣੀ ਮਿਆਦ ਪੁਗਾ ਚੁੱਕੇ ਅੱਖਰਾਂ
(Fonts) ਅਤੇ ਕਨਵਰਟਰਾਂ ਦੇ ਚੱਕਰਵਿਯੂ 'ਚੋਂ ਆਪ ਵੀ ਨਿੱਕਲੋ ਤੇ ਦੂਜਿਆਂ ਨੂੰ ਵੀ ਬਾਹਰ
ਦਾ ਰਸਤਾ ਦਿਖਾਓ। ਸੰਸਾਰ ਬਹੁਤ ਅੱਗੇ ਨਿੱਕਲ਼ ਗਿਆ ਹੈ। ਆਓ ਇਸ ਨਾਲ਼ ਰਲ਼ੀਏ। ਪੰਜਾਬੀ
ਬੋਲੀ ਤੇ ਭਾਸ਼ਾ ਤੁਹਾਥੋਂ ਉੱਦਮ ਤੇ ਹਿੰਮਤ ਦੀ ਮੰਗ ਕਰਦੀ ਹੈ ਕਿ ਆਓ ਮੇਰੇ ਪਿਆਰਿਓ ਹੁਣ
ਯੂਨੀਕੇਡ ਸਿੱਖੋ ਤੇ ਮੈਨੂੰ ਯੂਨੀਕੋਡ 'ਚ ਲਿਖੋ।
ਆਮ ਤੌਰ ਤੇ ਦੇਖਣ, ਸੁਣਨ ਓਤੇ ਪੜ੍ਹਨ ਵਿੱਚ ਆਉੰਦਾ ਹੈ ਕਿ ਬਹੁਤੇ ਲੋਕ, ਵਿੱਚੇ ਈ ਲਿਖਾਰੀ
ਅਤੇ ਜਨਤਕ ਆਗੂ ਹਰ ਗੱਲ ਦਾ ਕਸੂਰ ਸਰਕਾਰ ਅਤੇ ਪ੍ਰਸ਼ਾਸਨ ਸਿਰ ਹੀ ਮੜ੍ਹਦੇ ਹਨ ਕਿ ਇਹ ਆਹ
ਨੀ ਕਰਦੇ, ਔਹ ਨੀ ਕਰਦੇ। ਪਰ ਆਹ ਯੂਨੀਕੋਡ ਕਿਸੇ ਸਿੱਖਆ ਮੰਤਰੀ ਜਾਂ ਮੁੱਖ ਮੰਤਰੀ ਨੇ ਤਾਂ
ਆਕੇ ਸਿਖਾਉਣ ਨਹੀਂ ਆਉਣਾ, ਕਿਉਂਕਿ ਉਨ੍ਹਾਂ ਨੂੰ ਨਾ ਹੀ ਕੋਈ ਪ੍ਰਵਾਹ ਹੈ ਤੇ ਨਾ ਹੀ ਇਹ
ਉਨ੍ਹਾਂ ਦੇ ਵੱਸ ਦਾ ਇਹ ਰੋਗ ਹੈ। ਇਹ ਤਾਂ ਤੁਹਾਨੂੰ ਖ਼ੁਦ ਨੂੰ ਹੀ ਯਤਨ ਕਰਕੇ ਸਿੱਖਣਾ
ਪੈਣਾ ਹੈ। ਜਦ ਤੱਕ ਤੁਸੀਂ ਆਪ ਨਹੀਂ ਸਿੱਖਦੇ ਅਤੇ ਇਸਦੀ ਵਰਤੋਂ ਨਹੀਂ ਕਰਦੇ ਉਦੋਂ ਤੱਕ ਨਾ
ਹੀ ਕਿਸੇ ਨੂੰ ਕੁੱਝ ਸਮਝਾ ਸਕਦੇ ਹੋ ਨਾ ਹੀ ਕੋਈ ਦੋਸ਼ ਕਿਸੇ ਸਿਰ ਧਰ ਸਕਦੇ ਹੋ। ਜਦ ਤੱਕ
ਤੁਸੀਂ ਈ-ਮੇਲ ਪੰਜਾਬੀ ਵਿੱਚ ਕਰਨ ਵਿੱਚ ਕਾਮਯਾਬ ਅਤੇ ਯੋਗ ਨਹੀਂ ਹੁੰਦੇ, ਇਸਦੇ ਬਾਵਜੂਦ ਕਿ
ਤੁਹਾਡੇ ਕੋਲ਼ ਕਿੰਨੇ ਵੀ ਉੱਚ ਪਾਏ ਦੇ ਖ਼ਿਆਲ ਕਿਉਂ ਨਾ ਹੋਣ, ਤੁਸੀਂ ਆਪਣੇ ਆਪ ਨੂੰ
ਅੰਗ੍ਰੇਜ਼ੀ ਗ਼ੁਲਾਮ ਹੀ ਸਮਝੋ। ਗਲ਼ ਪਿਆ ਢੋਲ ਵਜਾਉਣਾ ਛੱਡੋ। ਨਵਾਂ ਸਿੱਖੋ - ਜੋ ਅੱਜ ਦੀ
ਲੋੜ' ਹੈ। ਖ਼ੁਦ ਨੂੰ ਸਿਖਾਉਣ ਦਾ ਪ੍ਰਣ ਕਰੋ - ਸਿੱਖੋ - ਹੋਰਨਾਂ ਨੂੰ ਵੀ ਸਿਖਾਓ, ਨਹੀਂ
ਤਾਂ ਬਹੁਤ ਹੀ ਦੇਰ ਹੋ ਜਾਵੇਗੀ - ਜਾਗੋ - ਅੱਖਾਂ ਖੋਹਲੇ - ਹੋਸ਼ ਸੰਭਲ਼ੋ - ਯਤਨ ਕਰੋ -
ਕਾਮਯਾਬ ਹੋਵੋ: ਵਕਤ ਵਿਚਾਰੇ ਸੋ ਬੰਦਾ ਹੋਇ।
ਇਸਦੇ ਨਾਲ਼ ਹੀ ਤੁੱਛ ਜਹੀ ਜਾਣਕਾਰੀ ਪੜ੍ਹਨ ਲਈ ਸਮਾਂ ਕੱਢਣ ਲਈ ਆਪਜੀ ਦਾ ਬਹੁਤ ਬਹੁਤ
ਧੰਨਵਾਦ। ਤੁਹਾਡੇ ਫੈਸਲੇ ਜਾਂ ਚੋਣ ਬਾਰੇ ਜਾਨਣ ਦੀ ਉਤਸੁਕਤਾ ਅਤੇ ਇਸ ਭਰਪੂਰ ਉਮੀਦ ਨਾਲ਼
ਕਿ ਤੁਸੀਂ ਪੰਜਾਬੀ ਭਾਸ਼ਾ ਦੀਆਂ ਉਮੀਦਾਂ ਤੇ ਪੂਰੇ ਉੱਤਰੋਗੇ। ਇੱਕ ਗੱਲ ਜ਼ਰੂਰ ਹੈ,
ਪੰਜਾਬੀ ਦੇ ਚਿੰਤਕਾਂ ਲਈ ਸ਼ਾਇਦ ਖੁਸ਼ੀ ਦੀ ਗੱਲ ਹੋਵੇ ਕਿ ਵਿਦੇਸ਼ਾਂ ਵਿੱਚ ਪੰਜਾਬੀ ਦਾ
ਭਵਿੱਖ ਸੁਨਹਿਰਾ ਹੈ। ਪੰਜਾਬ ਦੇ ਲੋਕ ਭਾਵੇਂ ਆਪਣੀ ਮਾਂ ਬੋਲੀ ਤੋਂ ਮੂੰਹ ਮੋੜ ਲੈਣ। ਪਰ
ਵਿਦੇਸ਼ਾਂ 'ਚ ਵਸਦੇ ਪੰਜਾਬੀ ਇਸਨੂੰ ਹਮੇਸ਼ਾ ਸੰਭਾਲ਼ ਕੇ ਰੱਖਣਗੇ। ਏਸ ਵਿਸ਼ੇ ਤੇ ਹੋਰ
ਜਾਣਕਾਰੀ ਆਉਣ ਵਾਲ਼ੇ ਦਿਨਾਂ ਵਿੱਚ ਤੁਹਾਡੇ ਸਾਰਿਆਂ ਨਾਲ਼ ਸਾਂਝੀ ਕਰਨ ਦੀ ਖੁਸ਼ੀ ਲਵਾਂਗਾ।
(ਨੋਟ: ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ, ਵਿਚਾਰ ਗੋਸ਼ਟੀ ਜਾਂ ਵਿਚਾਰ ਵਟਾਂਦਰਾ ਕਰਨ ਲਈ
ਜਾਂ ਕੀ-ਬੋਰਡ ਸਬੰਧੀ ਜਾਂ ਇਸਦੇ ਇਤਿਹਾਸ ਬਾਰੇ ਜਾਣਕਾਰੀ ਲਈ 5abi.com ਤੇ ਪੜ੍ਹੋ - ਜਾਂ
ਸਿੱਧਾ ਸੰਪਰਕ ਵੀ ਕਰ ਸਕਦੇ ਹੋ - ਧੰਨਵਾਦ)
(44) 780 3366 848 sp.singh@live.com
-0- |