1
ਮਨਾਂ ਚ ਧੜਕਦਾ ਏਦਾਂ ਵੀ ਕੋਈ ਸਾਜ਼ ਰਿਹਾ
ਨਾ ਕੋਈ ਸੋਚ ਦਾ ਵਕ਼ਤ ਦਾ ਲਿਹਾਜ਼ ਰਿਹਾ
ਹਵਾ ਦੇ ਸਫੇ ਤੇ ਕੁਹਰਾਮ ਮਚ ਗਿਆ ਉਸ ਪਲ
ਜੇ ਸ਼ਬਦ ਸਚ ਹੋ ਬਣਦਾ ਕੋਈ ਅਵਾਜ਼ ਰਿਹਾ
ਬੜਾ ਅਜੀਬ ਜਿਹਾ ਰਿਸ਼ਤਾ ਤੇਰੇ‘ਨਾ ਐ ਕੁਦਰਤ
ਮੇਰੀ 7ਆਵਾਜ਼ ਨੂੰ ਤੇਰੇ ਸਾਜ਼ ਤੇ ਹੀ ਨਾਜ਼ ਰਿਹਾ
ਬੜਾ ਹੀ ਡਰ ਜਿਹਾ ਲਗਦਾ ਰਿਹਾ ਮੁਹੱਬਤ ਨੂੰ
ਕਿ ਦਿਲ ‘ਚ ਪਾਥੀ ਤਰ੍ਹਾਂ ਧੁਖਦਾ ਹ੍ਮੇਸ਼ਾ ਰਾਜ਼ ਰਿਹਾ
ਸਦਾ ਹੀ ਸਹਿਮ ਕੇ ਕਿਓਂ ਚਹਿਚਿਹੁੰਦੀਆਂ ਚਿੜੀਆਂ
ਕਿਓਂ ਵਕ਼ਤ ਓਹਨਾਂ ਤੇ ਬਣਦਾ ਹਮੇਸ਼ਾ ਬਾਜ਼ ਰਿਹਾ
ਅਸੀਂ ਸਭ ਜਾਣਦੇ ਪਰ ਜਾਣਦੇ ਹੋਏ ਚੁੱਪ ਹਾਂ
ਕਿ ਤੇਰੇ ਵਾਸਤੇ ਦਿਲ ਵਿਚ ਕਿਤੇ ਲਿਹਾਜ਼ ਰਿਹਾ
ਸਦਾ ਹੀ ਵਕ਼ਤ ਨੂੰ ਕਲਗੀ ਦਾ ਫਿਕ਼ਰ ਹੈ ਤਾਹੀਓਂ
ਓਹ ਆਪਣੇ ਵਾਸਤੇ ਨਿਤ ਬਦਲਦਾ ਰੀਵਾਜ਼ ਰਿਹਾ
ਤੂੰ‘ਵਾਜ਼ ਮਾਰ ਕੇ ਲੰਘਿਆ ਕੀ ਦਿਲ ਦੇ ਬੂਹੇ ‘ਤੇ
ਕਿ ਹਾਲੇ ਤੱਕ ਵੀ ਦਿਲ ਵਿਚ ਧੜਕਦਾ ਸਾਜ਼ ਰਿਹਾ
2
ਤਾਰਾਂ ਤੋੜ ਕੇ ਖੌਰੂ ਪਾਇਆ ਡਰ ਚੁਕਿਆ ਗਿਆ ਮਾਲੀ ਦਾ
ਹੁਣ ਤਾਂ ਸਾਨੂੰ ਫਿਕ਼ਰ ਪਿਆ ਹੈ ਫੁੱਲਾਂ ਦੀ ਰਖਵਾਲੀ ਦਾ
ਝਪਟ ਮਾਰ ਕੇ ਕਲੀਆਂ ਤੋੜ ਕੇ ਲੈ ਗਿਆ ਤੇਰਾ ਸ਼ਰਧਾਲੂ
ਸ਼ਰਧਾ ਤੇਰੀ ਕਿੰਨੀ ਚੰਗੀ ਚੋਰ ਦਾ ਮਾਲ ਸੰਭਾਲੀ ਦਾ
ਘਰ ਦੇ ਕੋਲੇ ਰੋਜ਼ ਦਿਹਾੜੇ ਇਹ ਕੀ ਹੁੰਦਾ ਵੇਖ ਰਿਹਾਂ
ਇੱਕ ਸਿਵਾ ਹਾਲੇ ਬੁਝਿਆ ਹੀ ਨਹੀਂ ਹੋਰ ਨਵਾਂ ਇੱਕ ਬਾਲੀ ਦਾ
ਖੌਫ਼ ਦਾ ਨਾਗ ਚੁਫੇਰੇ ਘੁਮਦਾ ਚੌਕੀਦਾਰ ਵੀ ਸੌਂ ਚੁਕਿਆ
ਨ੍ਹੇਰਾ ਕਹਿੰਦਾ ਸ਼ੌਕ ਚਾਨਣੀ ਲੁੱਟਣ ਦਾ ਇਓਂ ਪਾਲੀ ਦਾ
ਤਕੜਾ ਹੀ ਜਿਓਂ ਸਕਦਾ ਏਥੇ, ਮਾੜੇ ਦਾ ਕੀ ਕੰਮ ਭਲਾ
ਅਸੀਂ ਡਾਰਵਿਨ ਦਾ ਲਿਖਿਆ ਇਹ, ਹੱਸ ਹੱਸ ਕੇ ਸੰਭਾਲੀ ਦਾ
ਜਿੱਥੇ ਵੇਖੋ ਤਾਂਡਵ ਨਚਦਾ, ਧਰਤੀ ਅੰਬਰ ਅੱਗ ਵਿਚ ਮਚਦਾ
ਮਾਰੂਥਲ ਦੀ ਅੱਗ ਪਾਲ ਕੇ ਨਖਲਿਸਤਾਨ ਨਹੀਂ ਭਾਲੀ ਦਾ
ਰੇਸ਼ਮ ਦੇ ਲਿਬਾਸ 'ਚ੍ ਬੈਠਾ ਕ੍ਰਿਸ਼ਨ ਬਚਾਵੇ ਕਿਸ ਕਿਸ ਨੂੰ
ਹੁਣ ਤਾਂ ਰੋਜ਼ ਹੀ ਹੁੰਦਾ ਰਹਿੰਦਾ ਚੀਰ ਹਰਨ ਪੰਚਾਲੀ ਦਾ
-0- |