ਦਿਲਜੀਤ ਸਿੰਘ ਬੇਦੀ
ਵੱਖ-ਵੱਖ ਅਖਬਾਰਾਂ, ਰਸਾਲਿਆਂ ਤੇ ਹੋਰ ਮਾਧਿਅਮ ਰਾਹੀਂ ਪੜ੍ਹੇ ਜਾਣ ਵਾਲੇ ਸਥਾਪਿਤ ਲੇਖਕਾਂ
ਵਿੱਚੋਂ ਮੂਹਰਲੀ ਕਤਾਰ ਦਾ ਲੇਖਕ ਹੈ। ਬੇਸ਼ੱਕ ਉਨ੍ਹਾਂ ਦੀ ਬਹੁਤੀ ਪੜ੍ਹਨ ਸਮਗਰੀ ਧਾਰਮਿਕ
ਸਾਹਿਤ ਦੇ ਰੂਪ ਵਿੱਚ ਪਾਠਕਾਂ ਦੇ ਦ੍ਰਿਸ਼ਟੀ ਗੋਚਰ ਹੁੰਦੀ ਰਹੀ ਹੈ। ਸਿੱਖਾਂ ਦੀ ਸਿਰਮੌਰ
ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇੱਕ ਬੇਹੱਦ ਜਿੰਮੇਵਾਰੀ ਵਾਲੇ ਅਹੁਦੇ ਤੇ
ਰਹਿੰਦਿਆਂ ਉਨ੍ਹਾਂ ਦੇ ਲਿਖਣ ਕਾਰਜ ਦਾ ਜਿਆਦਾ ਹਿੱਸਾ ਗੁਰਮਤ ਫਲਸਫੇ ਨਾਲ ਜੁੜਿਆ ਰਿਹਾ।
ਫਿਰ ਵੀ ਸ੍ਰ: ਬੇਦੀ ਹੋਰਾਂ ਦੀ ਪੰਜਾਬੀ ਸਾਹਿਤ ਤੇ ਨਾਮਵਰ ਸਾਹਿਤਕਾਰਾਂ ਨਾਲ ਕਰੀਬੀ ਨੇੜਤਾ
ਹੋਣ ਕਰਕੇ ਉਹ ਕਵਿਤਾ, ਕਹਾਣੀ ਤੇ ਪੰਜਾਬੀ ਸਾਹਿਤ ਦੀਆਂ ਹੋਰਨਾਂ ਸਿਨਫਾਂ ਰਾਹੀਂ ਗੌਲਣਯੋਗ
ਹਾਜਰੀ ਲਗਵਾਉਂਦੇ ਰਹੇ ਹਨ। ਦਿਲਜੀਤ ਸਿੰਘ ਬੇਦੀ ਆਪਣੇ ਸਤਿਕਾਰਤ ਪਿਤਾ ਬੇਦੀ ਲਾਲ ਸਿੰਘ
ਸਾਹਿਤਕਾਰ ਅਤੇ ਸ. ਕੁਲਵੰਤ ਸਿੰਘ ਸੂਫੀ, ਪ੍ਰੋ. (ਡਾ.) ਹਰਚੰਦ ਸਿੰਘ ਬੇਦੀ ਅਤੇ ਸ. ਹਰਜੀਤ
ਸਿੰਘ ਬੇਦੀ ਭਰਾਵਾਂ ਸਮੇਤ ਇਸ ਸਾਹਿਤਕ ਪਰਿਵਾਰ ਵੱਲੋਂ ਪੰਜਾਬੀ ਸਾਹਿਤ 'ਚ ਪਾਏ ਨਿਗਰ
ਯੋਗਦਾਨ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਪੰਜਾਬੀ ਸਾਹਿਤ 'ਚ ਕਠਿਨ ਅਤੇ ਚਣੌਤੀ ਭਰਪੂਰ
ਵਿਸ਼ੇ ਵਜੋਂ ਸਮਝੇ ਜਾਣ ਵਾਲੇ ਕਾਰਜ ਮੁਲਾਕਾਤਾਂ ਦੇ ਸਗ੍ਰਹਿ 'ਅਦਬੀ ਮੁਲਾਕਾਤਾਂ' ਰਾਹੀਂ
ਵੱਖਰੀ ਤੇ ਨਿਰੋਈ ਪੈੜ੍ਹ ਛਾਪ ਨਾਲ ਪੰਜਾਬੀ ਸਾਹਿਤ 'ਚ ਹਾਜ਼ਰੀ ਲਵਾਈ ਹੈ। ਚਰਚਾ ਅਧੀਨ ਇਸ
ਅਦਬੀ ਪੁਸਤਕ ਵਿੱਚ ਪੇਸ਼ ਸਾਰੇ ਸਖਸ਼ ਸਥਾਪਤੀ ਦੀ ਸਿਖਰ ਤੇ ਹਨ ਤੇ ਆਪੋ ਆਪਣੇ ਖੇਤਰ 'ਚ
ਨਿਰੰਤਰ ਕਾਰਜਸ਼ੀਲ ਰਹੇ ਹਨ। ਸ੍ਰ: ਬੇਦੀ ਵੱਲੋਂ ਪੁਸਤਕ ਦੀ ਸੰਪਾਦਨਾ ਵੇਲੇ ਇੰਨ੍ਹਾਂ
ਸਾਹਿਤਕਾਰਾਂ ਤੇ ਕਲਾਕਾਰਾਂ ਦੀ ਕੀਤੀ ਚੋਣ ਜੁਗਤ ਕਮਾਲ ਦੀ ਹੈ। ਜਿਹੜੀ ਹਰ ਵਰਗ ਦੇ ਪਾਠਕ
ਨੂੰ ਇਸ ਨਾਲ ਜੋੜਨ 'ਚ ਸਹਾਈ ਸਿੱੱਧ ਹੁੰਦੀ ਹੈ। ਜਿੱਥੇ ਉਹ ਡਾ. ਵਰਿਆਮ ਸੰਧੂ ਅਤੇ
ਤਲਵਿੰਦਰ ਸਿੰਘ ਜਿਹੇ ਪ੍ਰੋੜ ਕਹਾਣੀਕਾਰਾਂ ਦੇ ਕਥਾ-ਸੰਸਾਰ ਅਤੇ ਸਿਰਜਣ ਪ੍ਰਕਿਰਿਆ ਨੂੰ
ਪਾਠਕਾਂ ਦੇ ਸਨਮੁੱਖ ਕਰਦਿਆਂ ਪੰਜਾਬੀ ਕਹਾਣੀ ਦੀ ਬਣਤਰ ਤੇ ਬੁਣਤਰ ਦੇ ਨਾਲ-ਨਾਲ ਰਚੀ ਜਾ
ਰਹੀ ਨਵੀਂ ਕਹਾਣੀ ਦੇ ਵਭਿੰਨ ਪਸਾਰਾਂ ਦੀ ਚਰਚਾ ਵੀ ਕਰਦੇ ਹਨ ਤੇ ਵੱਖ-ਵੱਖ ਵਿਸ਼ਿਆਂ ਅਤੇ
ਕਥਾ ਜੁਗਤਾਂ ਨੂੰ ਕੇਂਦਰ 'ਚ ਰੱਖ ਕੇ ਕਹਾਣੀ ਦੇ ਵਿਕਾਸ ਮੁਖੀ ਸਫਰ ਦੀ ਨਿਸ਼ਾਨਦੇਹੀ ਵੀ
ਕਰਦੇ ਹਨ। ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਕੈਰੋਂ ਤੇ ਤੇਜਵੰਤ ਮਾਨ ਵਰਗੇ ਗਲਪਕਾਰ ਅਤੇ
ਅਲੋਚਕ ਇਸ ਪੁਸਤਕ ਦਾ ਹਿੱਸਾ ਬਣਕੇ ਗਲਪੀਬਿੰਬ ਦੀ ਵਿਧਵਤਾ ਭਰਪੂਰ ਉੱਚ-ਪਾਏ ਦੀ ਜਾਣਕਾਰੀ
ਸਾਂਝੀ ਕਰਦਿਆਂ ਪੰਜਾਬੀ ਸਾਹਿਤ ਦੀ ਬੇਹਤਰੀ ਸਹਿਤਕ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਦੇ
ਰੋਲ ਬਾਰੇ ਵੀ ਆਪਣੀ ਰਾਏ ਸ਼ੁਮਾਰੀ ਕਰਦੇ ਹਨ।
ਸ਼੍ਰੋਮਣੀ ਸ਼ਾਇਰ ਪਰਮਿੰਦਰਜੀਤ, ਡਾ. ਮਨਮੋਹਨ ਅਤੇ ਉਸਤਾਦ ਗਜਲਗੋ ਸੁਲੱਖਣ ਸਰਹੱਦੀ ਵਰਗੇ
ਪਰਪੱਕ ਸ਼ਾਇਰ ਆਪਣੀ ਗਲ ਕਹਿੰਦਿਆਂ ਗ਼ਜ਼ਲ ਦੀ ਵਿਧਾ ਵਿਧਾਨ ਅਤੇ ਅਜੋਕੀ ਪੰਜਾਬੀ ਸ਼ਾਇਰੀ ਦੀ
ਦਸ਼ਾ ਤੇ ਦਿਸ਼ਾ ਨੂੰ ਹਾਸ਼ੀਏ 'ਚ ਰੱਖਦਿਆਂ ਆਪਣੇ ਸਾਹਿਤਕ ਸਫਰ ਬਾਰੇ ਗੰਭੀਰਤਾ ਨਾਲ ਚਾਨਣਾ
ਪਾਉਂਦੇ ਹਨ। ਅਦਬੀ ਮੁਲਾਕਾਤਾਂ ਦਾ ਹਿੱਸਾ ਬਣੇ ਕੇਵਲ ਧਾਲੀਵਾਲ ਅਤੇ ਜਤਿੰਦਰ ਬਰਾੜ ਰੰਗਮੰਚ
ਦੇ ਸਫਰ ਤੇ ਸ਼ਾਸ਼ਤਰ, ਨਾਟਕੀ ਜੁਗਤਾਂ ਤੇ ਸਟੇਜ ਦੀਆਂ ਬਰੀਕ-ਬਾਨੀਆਂ ਦੇ ਨਾਲ-ਨਾਲ ਅਜੋਕੇ
ਪੰਜਾਬੀ ਨਾਟਕ ਨੂੰ ਭਾਰਤੀ ਰੰਗ-ਮੰਚ ਦੇ ਹਵਾਲੇ ਨਾਲ ਪੇਸ਼ ਚਣੌਤੀਆਂ ਅਤੇ ਸਮਾਧਾਨ ਦੀ ਚਰਚਾ
ਕਰਦੇ ਹਨ। ਜਿੱਥੇ ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਬਾਜਵੇ ਹੋਰਾਂ ਦੇ ਕੈਮਰੇ ਦੀ ਅੱਖ
ਬੋਲਦੀ ਹੈ। ਉਥੇ ਆਮ ਲੇਖਕਾਂ ਦੇ ਮਨਾਂ 'ਚ ਬਾਜਵਾ ਹੋਰਾਂ ਦੇ ਸੁਭਾਅ ਦੇ ਖੁਰਦਰੇ ਪਨ ਪ੍ਰਤੀ
ਭੁਲੇਖੇ ਦਾ ਵੀ ਧੂੰਦਲਕਾ ਸਾਫ ਹੁੰਦਾ ਹੈ। ਇਸੇ ਤਰ੍ਹਾਂ ਆਰਟਿਸਟ ਕੁਲਵੰਤ ਗਿੱਲ ਦੇ ਬਰੱਸ਼
ਦੀਆਂ ਕਲਾਤਮਕ ਸੋਹਾਂ ਦੀ ਜਾਣਕਾਰੀ ਇਸ ਪੁਸਤਕ ਨੂੰ ਗੰਭੀਰਤਾ ਨਾਲ ਪੜ੍ਹਨ, ਪੜਤਾਲਣ ਤੇ
ਘੋਖਣ ਲਈ ਮਜ਼ਬੂਰ ਕਰਦੀ ਹੈ। ਹਥਲੀ ਪੁਸਤਕ 'ਅਦਬੀ ਮੁਲਾਕਾਤਾਂ ਦੀ ਵਿਲੱਖਣਤਾ ਹੈ ਕਿ ਹਰ
ਮੁਲਾਕਾਤੀ ਨਾਲ ਕੀਤੀ ਗੁਫਤਗੂ ਸਹਿਜ ਹੈ। ਚਾਹ ਦੇ ਕੱਪ ਤੇ ਬੈਠਿਆਂ ਹੁੰਦੀ ਨਿੱਕੀ-ਨਿੱਕੀ
ਗਲਬਾਤ ਵਾਂਗ। ਹਰ ਸਵਾਲ ਸਿੱਧਾ ਤੇ ਸਪੱਸ਼ਟ। ਬਿਨ੍ਹਾਂ ਕਿਸੇ ਵਲ ਫਰੇਬ ਦੇ, ਅਗਲੇ ਦੀਆਂ
ਅੱਖਾਂ 'ਚ ਅੱਖਾਂ ਪਾ ਕੇ, ਉਹਦੇ ਧੁਰ ਅੰਦਰਲੀਆਂ ਪਰਤਾਂ ਖੋਲਣ ਲਈ ਕੀਤਾ ਲਗਦਾ ਹੈ। ਸਾਹਮਣੇ
ਵਾਲਾ ਵੀ ਪਰਤ-ਦਰ-ਪਰਤ ਉਦੜ੍ਹਦਾ ਜਾਂਦੈ। ਬਗੈਰ ਕਿਸੇ ਉਚੇਚ ਵਾਲੀ ਸ਼ਬਦਾਵਲੀ ਦੇ। ਹਰ ਗਲ ਦਾ
ਤਸੱਲੀ ਬਕਸ਼ ਜਵਾਬ ਦਿੰਦਾ। ਹੱਥਲੀ ਪੁਸਤਕ ਹਰ ਸਹਿਤਕਾਰ ਵੱਲੋਂ ਕੀਤੀ ਗਲਬਾਤ ਜੀਵਨ ਦੀ
ਸਧਾਰਣ ਤੇ ਸਾਰਥਿਕ ਘਟਨਾ ਜਾਂ ਸਥਿਤੀ ਵਿੱਚੋਂ ਵੀ ਮਨੁੱਖੀ ਜੀਵਨ ਦੇ ਗੁੱਝੇ ਅਰਥ ਤਲਾਸ਼ਣ ਦੇ
ਸਮਰੱਥ ਹੋ ਨਿਬੜਦੀ ਹੈ। ਸ੍ਰ: ਬੇਦੀ ਦੀ ਇੰਨ੍ਹਾਂ ਲੇਖਕ ਕਲਾਕਾਰਾਂ ਨਾਲ ਰਹੀ ਕਰੀਬੀ
ਮਿੱਤਰਾਚਾਰੀ ਦੀ ਨਿਘੀ ਮੁਹੱਬਤ 'ਚੋਂ ਹੀ ਇੰਨ੍ਹਾਂ ਲੇਖਕਾਂ ਦੀਆਂ ਬਹੁਤ ਸਾਰੀਆਂ ਨਿਜ ਨਾਲ
ਜੁੜੀਆਂ ਸਚਾਈਆਂ ਵੀ ਸਾਹਮਣੇ ਆਉਂਦੀਆਂ ਹਨ। ਬਣੇ-ਬਣਾਏ ਸੁਆਲਾਂ ਦੇ ਜਵਾਬਾਂ ਵਾਲੀਆਂ
ਰੈਡੀ-ਮੇਡ ਕਿਸਮ ਦੀਆਂ ਮੁਲਾਕਾਤਾਂ ਤੋਂ ਤਾਂ ਹੀ ਇਹ 'ਅਦਬੀ ਮੁਲਾਕਾਤਾਂ' ਵੱਖਰਾ ਸਥਾਨ
ਗ੍ਰਹਿਣ ਕਰਦੀਆਂ ਹਨ। ਇਸ ਲਈ ਪੁਸਤਕ ਅੰਦਰਲੀ ਪੜ੍ਹਨ ਸਮੱਗਰੀ 'ਚ ਕਿਧਰੇ ਸੂਖਮ ਛੋਹਾਂ ਹਨ
ਤੇ ਕਿਧਰੇ ਬ੍ਰਿਤਾਂਤ ਵੀ ਹੈ। ਕਿਧਰੇ ਪ੍ਰਸ਼ਨ ਚਿੰਨ੍ਹ ਵੀ ਤੇ ਕਿਧਰੇ ਸੱਚ ਤੇ ਜਾਗ੍ਰਿਤੀ ਵੀ
ਹੈ। ਕਿਉਂਕਿ ਹਰ ਮਨੁੱਖ ਅੰਦਰ ਵਭਿੰਨ ਸਰੋਕਾਰ, ਫਿਕਰ, ਉਦਾਸੀਆਂ, ਖੁਸ਼ੀਆਂ ਤੇ ਯਾਦਾਂ
ਹੁੰਦੀਆਂ ਹਨ। ਸ੍ਰ: ਦਿਲਜੀਤ ਸਿੰਘ ਬੇਦੀ ਵੱਲੋਂ ਇੰਨ੍ਹਾਂ ਨਿੱਕੀਆਂ ਵੱਡੀਆਂ ਮੁਲਾਕਾਤਾਂ
ਰਾਹੀਂ
ਆਪਣੀ ਤੀਖਣ ਬੁਧੀ ਨਾਲ ਮਨੁੱਖੀ ਕਦਰਾਂ-ਕੀਮਤਾਂ, ਮਾਨਵੀ ਰਿਸ਼ਤਿਆਂ ਅਤੇ ਅਜੋਕੇ ਸਮਾਜ ਦੀ
ਚੰਗੀ-ਮੰਦੀ ਹਕੀਕਤ ਨੂੰ ਸਮਝਣ ਲਈ ਸੰਜੀਦਾ ਯਤਨ ਕੀਤੇ ਹਨ। ਉਮਰ ਦੇ ਸੰਘਰਸ਼ ਭਰੇ ਤਜਰਬਿਆਂ
ਦਾ ਪਕੇਰਾ ਅਨੁਭਵ ਪੁੱਛੇ ਗਏ ਹਰ ਸਵਾਲ ਤੋਂ ਬੋਲਦਾ ਹੈ ਤੇ ਹਰ ਸਖਸ਼ ਵੱਲੋਂ ਦਿੱਤੇ ਜਵਾਬ
ਨੂੰ ਸਹਿਤਕ ਭਾਸ਼ਾ 'ਚ ਢਾਲਣ ਨਾਲ ਇੰਨ੍ਹਾਂ ਦੀ ਭਾਸ਼ਾ ਸ਼ੈਲੀ ਸਰਲ ਪਰ ਨਵੀਂ ਨਰੋਈ, ਸਹਿਜ
ਸੋਹਜ ਨਾਲ ਸ਼ਿੰਗਾਰੀ ਨਵੇਂ ਉਤਸ਼ਾਹ ਜਗਾਉਣ ਵਾਲੀ ਪ੍ਰੇਰਣਾ ਸ਼੍ਰੋਤ ਹੋ ਨਿਬੜਦੀ ਹੈ।
ਵੱਡੇ-ਵੱਡੇ ਲੇਖਕਾਂ ਨਾਲ ਲੰਮੀਆਂ ਅਤੇ ਅਰਥ ਭਰਪੂਰ ਮੁਲਾਕਾਤਾਂ ਦੀ ਇਹ ਹਥਲੀ ਪੁਸਤਕ ਬਹੁਤ
ਹੀ ਰੌਚਕ ਹੈ ਜੋ ਪਾਠਕਾਂ ਨੂੰ ਗੱਲਾਂ-ਗੱਲਾਂ 'ਚ ਆਪਣੇ ਨਾਲ ਤੋਰੀ ਰੱਖਦੀ ਹੈ ਅਤੇ ਪੜਨ
ਵਾਲੇ ਨੂੰ ਲੇਖਕ ਦੀ ਜਿੰਦਗੀ ਅਤੇ ਉਹਦੀ ਲੇਖਣੀ ਬਾਰੇ ਹੋਰ-ਹੋਰ ਜਾਣਕਾਰੀ ਲੈਣ ਲਈ ਉਤਸੁਕਤਾ
ਜਗਾਉਂਦੀ ਹੈ। ਕਿਉਂਕਿ ਇੰਨ੍ਹਾ ਮਹਾਨ ਲੇਖਕਾਂ, ਕਲਾਕਾਰਾਂ ਕੋਲ ਜਿੰਦਗੀ ਦੀਆਂ
ਖੱਟੀਆਂ-ਮਿੱਠੀਆਂ ਯਾਦਾਂ ਅਤੇ ਤਜਰਬਿਆਂ ਦਾ ਅਮੁੱਕ ਭੰਡਾਰ ਹੈ। ਮੇਰਾ ਵਿਸਵਾਸ਼ ਹੈ ਕਿ
ਇੰਨ੍ਹਾਂ 'ਅਦਬੀ ਮੁਲਾਕਾਤਾਂ' ਜਰੀਏ ਪਾਠਕ ਸਿਖ ਵੀ ਸਕਦਾ ਹੈ ਤੇ ਭਰਪੂਰ ਜਾਣਕਾਰੀ ਵੀ
ਹਾਸਿਲ ਕਰ ਸਕਦਾ ਹੈ।
ਐਲ-3/732, ਨਿਊ ਜਸਪਾਲ ਨਗਰ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ: 98721-65707
-0-
|