Welcome to Seerat.ca
|
-
ਕੁਫ਼ਰ ਟੂਟਾ ਖ਼ੁਦਾ ਖ਼ੁਦਾ
ਕਰਕੇ!
‘ਸੀਰਤ‘ ਦੀ ਸੂਰਤ ਦੇ ਦਰਸ਼ਨਾਂ ਦੀ ਤਾਂਘ ਵਿਚ ਤਾਂ ਹਰੇਕ ਮਹੀਨੇ ਦੀ ਅਖੀਰਲੀ ਤਰੀਕ ਤੋਂ ਹੀ
ਇਸ ਦੀ ਸਾਈਟ ਖੋਹਲਣੀ ਸ਼ੁਰੂ ਕਰ ਦਈਦੀ ਹੈ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ! ਹਰ ਰੋਜ਼ ਸਾਈਟ
ਖੋਹਲਣੀ ਪਰ ‘ਸੀਰਤ‘ ਦੀ ਮਾਰਚ ਮਹੀਨੇ ਵਾਲ਼ੀ ਸੂਰਤ ਦੇ ਦੀਦਾਰ ਨਾ ਹੋਣ ਤੇ ਸਿਰਫ਼ ਫ਼ਰਵਰੀ
ਵਾਲ਼ੀ ਦੇ ਹੀ ਦਰਸ਼ਨ ਹੋਣੇ। ਹਾਰ ਕੇ ਇਸ ਨੂੰ ਖੋਹਲਣਾ ਹੀ ਛੱਡ ਦਿਤਾ। ਫਿਰ ਕਲ੍ਹ ਵੈਸੇ ਹੀ
ਬੇਮੰਨੇ ਜਿਹੇ ਮਨ ਨਾਲ਼ ਖੋਹਲ ਲਈ ਤਾਂ ਦਰਸ਼ਨ ਕਰਕੇ ਜਿਥੇ ਨਿਹਾਲਤਾ ਪ੍ਰਾਪਤ ਭਈ ਓਥੇ ਤੁਹਾਡੇ
ਵੱਲੋਂ ਲਿਖੀ ਕਿਸੇ ਲਿਖਤ ਦੇ ਦਰਸ਼ਨ ਨਾ ਹੋਣ ਕਾਰਨ ਉਤਸ਼ਾਹ ਵਿਚ ਕੁਝ ਕੁ ਕਮੀ ਮਹਿਸੂਸ ਹੋਈ।
ਇਸ ਦਾ ਕਾਰਨ ਸ਼ਾਇਦ ਤੁਹਾਡਾ ਪੰਜਾਬ ਵਿਚ ਵਿਚਰਦੇ ਹੋਣਾ ਹੋਵੇ! ਪਰ ਨਵੀਂ ਨਹੀਂ ਤਾਂ ਤੁਹਾਡੀ
ਕੋਈ ਪਹਿਲੀ ਲਿਖਤ ਵੀ ਤਾਂ ਪਾਈ ਜਾ ਸਕਦੀ ਸੀ! ਗੁਰਬਾਣੀ ਅਨੁਸਾਰ, “ਸਚ ਪੁਰਾਣਾ ਹੋਵੈ
ਨਾਹੀ”। ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਤੁਹਾਡੀਆਂ ਲਿਖਤਾਂ ਦੇ ਦੀਦਾਰੇ ਦੀ ਮੈਨੂੰ
ਕਿੰਨੀ ਖਿੱਚ ਰਹਿੰਦੀ ਹੈ!
ਸਾਰੇ ਤਤਕਰੇ ਤੇ ਪੰਛੀ-ਝਾਤ ਪਿਛੋਂ ਉਪ੍ਰੰਤ ਫਿਰ ਇਕਬਾਲ ਗਿੱਲ ਜੀ ਦਾ ਲੇਖ ਪੜ੍ਹਿਆ ਤੇ ਫਿਰ
ਪ੍ਰਿੰ. ਸਰਵਣ ਸਿੰਘ ਦੀ ਲਿਖਤ ਪੜ੍ਹੀ। ਗੁਰਦਿਆਲ ਬੱਲ ਦੀ ਲੰਮੀ ਲਿਖਤ ਨੂੰ ਦੋ ਵਾਰੀ ਤਾਂ
ਥੋਹੜੀ ਥੋਹੜੀ ਕਰਕੇ ਪੜ੍ਹਨ ਦਾ ਯਤਨ ਕੀਤਾ ਹੈ ਪਰ ਅਜੇ ਅੱਧੀ ਵੀ ਨਹੀਂ ਪੜ੍ਹੀ ਗਈ। ਖੈਰ,
ਇਸ ਦੇ ਪੂਰੇ ‘ਰਕਬੇ‘ ਵਿਚਦੀ ਜਰੂਰ ਲੰਘਾਂਗਾ ਭਾਵੇ ਕਿੰਨੇ ਵੀ ਦਿਨ ਲੱਗ ਜਾਣ! ਇਸ ਵਿਚੋਂ
ਕਈ ਨਵੀਆਂ ਗੱਲਾਂ ਦਾ ਪਤਾ ਲੱਗ ਰਿਹਾ ਹੈ, ਜੇਹੜੀਆਂ ਉਸ ਸਮੇ ਦੇਸੋਂ ਬਾਹਰ ਹੋਣ ਕਰਕੇ,
ਪਹਿਲਾਂ ਮੈਨੂੰ ਪਤਾ ਨਹੀਂ ਸਨ। ਇਹ ਤਾਂ ਤੁਸੀਂ ਭਲੀ ਭਾਂਤ ਜਾਣਦੇ ਈ ਹੋਵੋਗੇ ਕਿ ਵੀਹਵੀਂ
ਸਦੀ ਦੇ ਅੰਤਲੇ ਦੋ ਦਹਾਕਿਆਂ ਦੌਰਾਨ ਪੰਜਾਬ ਅੰਦਰ ਵਾਪਰੀਆਂ ਮਨੁਖਤਾ ਤੋਂ ਗਿਰੀਆਂ ਹੋਈਆਂ
ਘਟਨਾਵਾਂ ਬਾਰੇ ਮੇਰੇ ਕੀ ਵਿਚਾਰ ਹਨ। ਇਕ ਪਾਸੇ ਸਰਕਾਰ ਤੇ ਉਸ ਨਾਲ਼ ਖਲੋਤੀਆਂ ਕਮਿਊਨਿਸਟ
ਪਾਰਟੀਆਂ ਤੇ ਦੂਜੇ ਪਾਸੇ ਸਿੱਖ ਕੌਮ। ਮੇਰੀ ਹਮਦਰਦੀ ਕਿਸ ਪਾਸੇ ਹੋ ਸਕਦੀ ਹੈ, ਇਸ ਬਾਰੇ
ਸੋਚ ਉਪਰ ਬਹੁਤਾ ਭਾਰ ਪਾਉਣ ਦੀ ਲੋੜ ਨਹੀਂ ਪਰ ਦੂਜੇ ਪਾਸੇ ਦੇ ਵਿਚਾਰਾਂ ਤੋਂ ਜਾਣੂ ਹੋਣਾ
ਤੇ ਉਹਨਾਂ ਵਿਚਲੀ ਦਿਆਨਤਦਾਰੀ ਨਾਲ਼ ਸਹਿਮਤ ਹੋਣਾ ਕੋਈ ਪਾਪ ਨਹੀਂ; ਜਿਵੇਂ ਤੁਸੀਂ ਵੀ ਗਿਆਨੀ
ਸੋਹਣ ਸਿੰਘ ਸੀਤਲ ਜੀ ਦੀਆਂ ਲਿਖਤਾਂ ਦੀਆਂ ਚੰਗਿਆਈਆਂ ਦੇ ਪ੍ਰਸੰਸਕ ਹੋ।
ਮੇਰੀ ਇਹ ਚਿੱਠੀ ਜਰੂਰ ਹੁੰਗਾਰਿਆਂ ਵਿਚ ਛਾਪ ਦੇਣੀ। ਨਹੀਂ ਤਾਂ ਮੈਂ ‘ਫਸੇ ਬੁੱਕ‘ ਤੇ ਚਾਹੜ
ਦੇਣੀ ਜੇ, ਫਿਰ ਨਾ ਗੁੱਸਾ ਕਰਿਓ। ‘ਹੁੰਗਾਰੇ‘ ਦਾ ਕਾਲਮ ਜਰੂਰ ਛਾਪਿਆ ਕਰੋ ਜੀ।
|