ਸੋਨੀਪਤ ਇੰਜੀਨੀਅਰਿੰਗ
ਕਾਲਜ ਵਿੱਚ ਦਾਖ਼ਲਾ ਲਿਆ। ਉਹਨਾਂ ਦਿਨਾਂ ਵਿੱਚ ਦਿੱਲੀ ਤੋਂ ਚਾਈਨਾ ਦੇ ਬਾਰਡਰ ਤੱਕ ਇੱਕ
ਵਿਸ਼ਾਲ ਪੰਜਾਬ ਹੁੰਦਾ ਸੀ। ਅੱਠਵੀਂ ਜਮਾਤ ਤੱਕ ਤਾਂ ਸਾਰੇ ਪੰਜਾਬੀ ਭਾਸ਼ਾ ਪੜ੍ਹਦੇ ਹੁੰਦੇ
ਸਨ। ਭਾਵੇਂ ਉਹ ਜਾਟ, ਪਹਾੜੀਏ ਜਾਂ ਸਿੱਖ, ਮਹਾਸ਼ੇ ਹੀ ਹੋਣ। ਪੰਜਾਬੀ ਦੀ ਪੂਰੀ ਧਾਂਕ ਅਤੇ
ਪੰਜਾਬੀ ਨਾਲ ਮੋਹ ਜਿਹਾ ਹੁੰਦਾ ਸੀ। ਇਓਂ ਤਾਂ ਸਾਡੇ ਕਾਲਜ ਵਿੱਚ ਹਰ ਸੂਬੇ ਤੋਂ ਆ ਕੇ
ਮੁੰਡੇ ਪੜ੍ਹਦੇ ਸਨ, ਪਰ ਅੱਸੀ ਪ੍ਰਤੀਸ਼ਤ ਪੰਜਾਬੀ ਪੜ੍ਹਦੇ ਸਨ ਅਤੇ ਬੋਲਦੇ ਵੀ ਪੰਜਾਬੀ ਸਨ।
ਇਸ ਲਈ ਮੈੱਸ ਵਿੱਚ ਜਿ਼ਆਦਾਤਰ ਪੰਜਾਬੀ ਖਾਣਾ ਹੀ ਪ੍ਰਧਾਨ ਹੁੰਦਾ ਸੀ। ਪਤਲੀ, ਬਿਨਾਂ ਤੜਕੇ
ਦੇ ਮਿਰਚਾਂ ਵਾਲੀ ਦਾਲ ਅਤੇ ਹਰ ਸਬਜ਼ੀ ਤਕਰੀਬਨ ਤਰੀ ਵਾਲੀ ਹੀ ਹੁੰਦੀ ਸੀ। ਰੋਟੀਆਂ,
ਅਜੀਬੋ-ਗਰੀਬ ਆਟੇ ਦੀਆਂ! ਜੋ ਠੰਡੀਆਂ ਹੋ ਜਾਣ ‘ਤੇ ਗੁਲੇਲ ਵਾਂਗ ਜਿੰਨੀਆਂ ਮਰਜ਼ੀ ਖਿੱਚ
ਲਓ, ਕੀ ਮਜਾਲ ਟੁੱਟ ਜਾਣ। ਉਹਨਾਂ ਦਿਨਾਂ ਵਿੱਚ ਕਾਲਜਾਂ ਵਿੱਚ ਸੀਨੀਅਰ ਵਿਦਿਆਰਥੀਆਂ ਦੀ
ਪੂਰੀ ਧਾਂਕ ਹੁੰਦੀ ਸੀ ਅਤੇ ਉਹਨਾਂ ਜਿੱਦੋ-ਜਿੱਦੀ ਦਸ-ਦਸ ਅਤੇ ਕਦੇ ਕਦੇ ਬਾਰਾਂ-ਬਾਰਾਂ
ਰੋਟੀਆਂ ਖਾ ਜਾਣੀਆਂ। ਕਈ ਵਾਰ ਤਾਂ ਜੂਨੀਅਰ ਵਿਦਿਆਰਥੀਆਂ ਨੂੰ ਦਾਲ ਸਬਜ਼ੀ ਪੀ ਕੇ ਹੀ
ਗ਼ੁਜ਼ਾਰਾ ਕਰਨਾ ਪੈਂਦਾ। ਕਈ ਮਾਂ ਦੇ ਲਾਡਲਿਆਂ ਨੇ ਥਾਲੀ ਅੱਗੇ ਰੱਖ ਕੇ ਮਾਂ ਨੂੰ ਯਾਦ
ਕਰਦਿਆਂ ਉੱਚੀ-ਉੱਚੀ ਰੋਣ ਲੱਗ ਪੈਣਾ। ਫ਼ੇਰ ਕਿਸੇ ਅੱਖੜ ਜਿਹੇ ਮੁੰਡੇ ਨੇ ਅੱਗਿਓਂ ਥਾਲੀ
ਚੁੱਕ ਲੈਣੀ ਅਤੇ ਕਹਿਣਾ- “ਛੋਰੇ ਤੂੰ ਪਹਿਲੇ ਜੰਮ ਕੇ ਰੋ ਲੈ, ਖਾਣਾ ਕੱਲ ਖਾ ਲੈਣਾਂ!”
ਸਾਰੇ ਹੀ ਢੀਠ ਜਿਹੇ ਹੋਏ ਸਨ। ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਹਰ ਗੱਲ ਵਿੱਚ
ਹਰ ਥਾਂ ਥੋੜ੍ਹਾ ਬਹੁਤ ਨਹੀਂ, ਸਗੋਂ ਕੁਝ ਜਿ਼ਆਦਾ ਹੀ ਧੱਕਾ ਚੱਲਦਾ ਸੀ। ਸਾਰੇ ਹੋਸਟਲ
ਵਾਸਤੇ ਤਿੰਨ ਬਾਥਰੂਮ ਅਤੇ ਸਿਰਫ਼ ਤਿੰਨ ਹੀ ਲੈਟਰੀਨ ਸਨ। ਸੀਨੀਅਰ ਮੁੰਡਿਆਂ ਨੇ ਆਪਣੇ ਕਮਰੇ
ਵਿਚੱੋਂ ਅਲਫ਼ ਨੰਗੇ ਹੀ ਨਿਕਲ ਕੇ ਆਉਣਾ ਅਤੇ ਸਿੱਧਾ ਜਾ ਕੇ ਨਵੇਂ ਮੁੰਡਿਆਂ ਨੂੰ ਪਰ੍ਹੇ ਕਰ
ਕੇ ਆਪ ਨਹਾਉਣ ਲੱਗ ਜਾਣਾ। ਹੱਦੋਂ ਵੱਧ ਤਾਂ ਉਦੋਂ ਹੋਣੀ, ਜਦੋਂ ਕੁਝ ਸੀਨੀਅਰ ਮੁੰਡਿਆਂ ਨੇ
ਲੈਟਰੀਨ ਗਏ ਜੂਨੀਅਰ ਮੁੰਡਿਆਂ ਦੇ ਨਾਲ ਹੀ ਨਾਲ ਵਾਲੀ ਖੁੱਤੀ ‘ਤੇ ਬਹਿ ਜਾਣਾ। ਸ਼ਰਮਾਕਲ
ਮੁੰਡੇ ਵਿੱਚੋਂ ਉੱਠ ਕੇ ਭੱਜ ਜਾਂਦੇ। ਕਈ ਸੀਨੀਅਰ ਤਾਂ ਸਾਬਣ-ਤੇਲ ‘ਤੇ ਵੀ ਹੱਥ ਸਾਫ਼ ਕਰ
ਲੈਂਦੇ ਅਤੇ ਜੂਨੀਅਰ ਮੁੰਡਿਆਂ ਦੇ ਨਾਲ ਨਹਾਉਣ ਜਾ ਵੜਦੇ ਤੇ ਉਹਨਾਂ ਦਾ ਹੀ ਸਾਬਣ, ਤੇਲ ਅਤੇ
ਤੌਲੀਆ ਵਰਤ ਜਾਂਦੇ ਸਨ। ਜੇ ਕੋਈ ਅੱਗੋਂ ਕੁਸਕੇ ਤਾਂ ਗਾਹਲਾਂ ਕੱਢਦੇ ਅਤੇ ਕਈ ਤਾਂ
ਕੁੱਟ-ਮਾਰ ਵੀ ਕਰਦੇ ਸਨ। ਇਸੇ ਚੱਕਰ ਵਿੱਚ ਕਈ ਵਿਚਾਰੇ ਜੂਨੀਅਰ ਮੁੰਡਿਆਂ ਨੇ ਬਿਨਾਂ
ਨਹਾਤੇ, ਬਿਨਾਂ ਨਾਸ਼ਤਾ ਕੀਤੇ ਇੱਕ-ਅੱਧ ਪੀਰੀਅਡ ਲੇਟ ਕਾਲਜ ਵਿੱਚ ਪਹੁੰਚਣਾ। ਕਾਲਜ ਇੰਚਾਰਜ
ਨੇ ਉੱਪਰੋਂ ਹੋਰ ਕਹਿਰ ਢਾਹੁੰਦਿਆਂ ਗ਼ੈਰਹਾਜ਼ਰੀ ਠੋਕ ਦੇਣੀ। ਤਿੰਨ ਦਿਨ ਦਾ ਪ੍ਰੈਕਟੀਕਲ
ਬਹੁਤ ਔਖਾ ਹੁੰਦਾ ਸੀ। ਖ਼ਾਸ ਕਰ ਕੇ ਫ਼ੋਰਜਿ਼ੰਗ ਹੀਟ ਟਰੀਟਮੈਂਟ। ਸਾਰਾ ਦਿਨ ਅੱਗ
ਉੱਗਲਦੀਆਂ, ਵੱਡੀਆਂ-ਵੱਡੀਆਂ ਭੱਠੀਆਂ ਵਿੱਚੋਂ ਲਾਲ-ਸੁਰਖ਼ ਹੋਇਆ ਲੋਹਾ ਕੱਢ ਕੇ, ਵੱਡੇ
ਸਾਰੇ ਹਥੌੜੇ ਨਾਲ ਕੁੱਟ-ਕੁੱਟ ਕੇ ਔਜ਼ਾਰ ਬਣਾਉਣੇ ਪੈਂਦੇ ਸਨ। ਪਸੀਨੇ ਨਾਲ ਜੁੱਤੀਆਂ ਭਰ
ਜਾਂਦੀਆਂ ਅਤੇ ਫ਼ੇਰ ਸ਼ਾਮ ਨੂੰ ਇੱਕ ਮੀਲ ਦੀ ਵਾਟ ਪੈਦਲ ਚੱਲ ਕੇ ਹੋਸਟਲ ਵਿੱਚ ਮਸਾਂ
ਪਹੁੰਚਣਾ। ਲਿੱਬੜੇ ਤਿੱਬੜੇ ਬੈਠੇ ਉਡੀਕਣਾ ਕਿ ਕਦ ਪਾਣੀ ਆਵੇ ਅਤੇ ਕਦ ਨਹਾਇਆ ਜਾਵੇ। ਪਰ
ਸ਼ਾਮ ਨੂੰ ਫ਼ੇਰ ਸੀਨੀਅਰ ਸਟੂਡੈਂਟਾਂ ਦੀ ਉਹੀ ਪ੍ਰੇਸ਼ਾਨੀ ਅੱਗੇ ਆਣ ਖਲੋਂਦੀ। ਜੇ ਹੋਸਟਲ
ਸੁਪਰਡੈਂਟ ਅੱਗੇ ਸਿ਼ਕਾਇਤ ਲਾਈ ਜਾਂਦੀ ਤਾਂ ਓਸ ਨੇ ਕਹਿਣਾ, “ ਕੋਈ ਗੱਲ ਨਹੀਂ ਅਗਲੇ ਸਾਲ
ਤੁਸੀਂ ਵੀ ਆਪਣੇ ਜੂਨੀਅਰ ਨਾਲ ਇਹੀ ਕੁਝ ਕਰੋਗੇ। ਇਹ ਤਾਂ ਸਦਾ ਤੋਂ ਚਲਦਾ ਆਇਆ ਹੈ, ਕੋਈ
ਨਵੀਂ ਗੱਲ ਨਹੀਂ। ਹੌਲੀ-ਹੌਲੀ ਤੁਸੀਂ ਵੀ ਯੂਜ਼ਡ ਟੂ ਹੋ ਜਾਓਗੇ। ਜਿਵੇਂ ਮਿਲਟਰੀ ਵਿੱਚ,
ਰੰਗਰੂਟੀ ਵੇਲੇ ਨਵੇਂ ਜਵਾਨਾਂ ਨੂੰ ਸੂਈ ਦੇ ਨੱਕੇ ਵਿੱਚੋਂ ਲੰਘਾ ਦਿੰਦੇ ਨੇ, ਓਸੇ ਤਰ੍ਹਾਂ
ਜਿਹੜਾ ਪਹਿਲਾ ਸਾਲ ਇੱਥੇ ਕੱਢ ਗਿਆ। ਸਮਝੋ ਉਹ ਜਿ਼ੰਦਗੀ ਵਿੱਚ ਕਦੇ ਕਿਤੇ ਵੀ ਮਾਰ ਨਹੀਂ ਖਾ
ਸਕਦਾ। ਸਾਰੇ ਨਖ਼ਰੇ ਵਖਰੇ ਤੇ ਰੜਕਾਂ ਨਿਕਲ ਜਾਂਦੀਆਂ ਨੇ। ਇੱਕ ਵਾਰੀ ਤਾਂ ਅਜਿਹਾ ਬੰਦੇ ਦਾ
ਪੁੱਤ ਬਣਾ ਦਿੰਦੇ ਨੇਂ ਕਿ ਫਿ਼ਰ ਬੰਦਾ ਕਦੇ ਕੰਨ ਵਿੱਚ ਪਾਇਆ ਨਾ ਰੜਕੇ।” ਸ਼ਾਇਦ ਇਹਨਾਂ ਸਭ
ਕਾਰਨਾਂ ਕਰਕੇ ਸਾਲ ਦੇ ਸ਼ੁਰੂ ਵਿੱਚ ਹੀ ਪੰਜਾਹ-ਸੱਠ ਮੁੰਡੇ ਦਾਖ਼ਲਾ ਲੈਂਦੇ ਹੀ ਹੌਲੀ-ਹੌਲੀ
ਕਿਰਨਾ ਸ਼ੁਰੂ ਹੋ ਜਾਂਦੇ ਅਤੇ ਫ਼ਾਇਨਲ ਸਾਲ ਤੱਕ ਪੱਚੀ-ਤੀਹ ਹੀ ਕਲਾਸ ਵਿੱਚ ਰਹਿ ਜਾਂਦੇ
ਸਨ।
ਸਾਡੀ ਪੰਜ-ਛੇ ਮੁੰਡਿਆਂ ਦੀ ਜੋਟੀ ਸੀ। ਦੋ ਤਿੰਨ ਬਹੁਤੇ ਤਕੜੇ- ਕੌਡੀ ਦੇ ਬੜੇ ਹੀ ਨਿਧੜਕ
ਪਲੇਅਰ ਸਨ। ਮੇਜਰ ਸਿੰਘ ਘੋਲੀਏ ਕਲਾਂ ਦਾ ਅਤੇ ਰਘਬੀਰ ਸਿੰਘ ਜਲਾਲਾਬਾਦੀ ਅਤੇ ਤਰਲੋਚਨ ਸਿੰਘ
ਧਾਮੀਆਂ ਕਲਾਂ ਦਾ, ਤਿੰਨੋਂ ਲੜਾਈ ਮੁੱਲ ਲੈਣੋਂ ਮੂਲੋਂ ਨਹੀਂ ਡਰਦੇ ਸਨ। ਛੇਤੀ ਹੀ ਸਾਡੀ
ਜੋਟੀ ਦੀ ਧਾਂਕ ਬਣ ਗਈ। ਸਾਡੇ ਨਾਲ ਸਹਿਜੇ ਕੀਤੇ, ਉਹ ਸੀਨੀਅਰ ਮੁੰਡੇ ਵੀ ਪੰਗਾ ਲੈਣੋਂ ਹਟ
ਗਏ ਸਨ।
ਹੌਲੀ-ਹੌਲੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬੜੇ ਦਿਨਾਂ ਦੀਆਂ ਛੁੱਟੀਆਂ ਆਉਣ ਵਾਲੀਆਂ
ਹੋ ਗਈਆਂ। ਏਨੇਂ ਕਾਲਜ ਦੇ ਸਮੇਂ ਵਿੱਚ ਕੁਝ ਛਟ ਗਏ, ਕੁਝ ਰਚ ਗਏ, ਤੇ ਕੁਝ ਡਟ ਗਏ। ਅਸੀਂ
ਵੀ ਆਪਣੇ-ਆਪਣੇ ਘਰੀਂ ਜਾਣ ਦਾ ਪ੍ਰੋਗਰਾਮ ਬਣਾ ਲਿਆ। ਤਰਲੋਚਨ ਕਹਿੰਦਾ, “ਆਪਾਂ ਸਾਰੇ ਇੱਕ
ਦਿਨ ਪਹਿਲਾਂ, ਪਹਿਲੀ ਜਨਵਰੀ ਨੂੰ ਸਵੇਰੇ ਹੀ ਹੋਸਟਲ ਪਹੁੰਚ ਜਾਵਾਂਗੇ ਤਾਂ ਕਿ ਵਧੀਆ-ਵਧੀਆ
ਮੰਜੇ ਅਤੇ ਟੇਬਲ ਕੁਰਸੀਆਂ ਛਾਂਟ ਸਕੀਏ ਨਾਲੇ ਪੂਰੀ ਤਰ੍ਹਾਂ ਰੈਸਟ ਵੀ ਮਿਲ ਜਾਏਗੀ। ਅਗਲੇ
ਦਿਨ ਆਰਾਮ ਨਾਲ ਕਾਲਜ ਜਾਵਾਂਗੇ।” ਸਾਰਿਆਂ ਨੇ ਹਾਮੀ ਭਰ ਲਈ ਕਿ ਅਸੀਂ ਸਾਰੇ 31 ਦਿਸੰਬਰ
1957 ਨੂੰ ਚੱਲਾਂਗੇ। ਹਰਦਵਾਰ ਮੇਲ ਵਿੱਚ ਚੜ੍ਹਾਂਗੇ ਤੇ ਅੰਬਾਲਾ ਕੈਂਟ ਤੋਂ ਕਾਲਕਾ ਮੇਲ
ਵਿੱਚ ਬਹਿ ਕੇ ਸੋਨੀਪਤ ਪਹੁੰਚ ਜਾਵਾਂਗੇ। ਉਹਨਾਂ ਦਿਨਾਂ ਵਿੱਚ ਦਿੱਲੀ ਤੋਂ ਅੰਬਾਲਾ ਕੈਂਟ
ਤੱਕ ਵਾਇਆ ਸੋਨੀਪਤ ਸਿੰਗਲ ਰੇਲ ਲਾਈਨ ਹੁੰਦੀ ਸੀ। ਥਾਂ-ਥਾਂ ‘ਤੇ ਗੱਡੀ ਨੇ ਰੁਕਣਾ ਅਤੇ
ਦੂਜੀ ਗੱਡੀ ਨੂੰ ਕਰਾਸ ਕਰਵਾਉਣਾ। ਕਾਫ਼ੀ ਬੋਰਿੰਗ ਜਿਹਾ ਸਫ਼ਰ ਹੁੰਦਾ ਸੀ। ਪਰ ਇਕੱਠੀ
ਮੁੰਡੀਰ ਵਿੱਚ ਕੁਝ ਪਤਾ ਹੀ ਨਹੀਂ ਚੱਲਦਾ ਸੀ। ਰਘਬੀਰ ਅਤੇ ਮੇਜਰ ਲੁਧਿਆਣੇ ਉੱਤਰ ਕੇ ਮੋਗੇ
ਵੱਲ ਚਲੇ ਗਏ ਅਤੇ ਮੈਂ ਤੇ ਤਰਲੋਚਨ ਜਲੰਧਰ ਕੈਂਟ ਇਕੱਠੇ ਉੱਤਰੇ। ਤਰਲੋਚਨ ਅੱਗੇ ਧਾਮੀਆਂ
ਕਲਾਂ ਨੂੰ ਚਲਾ ਗਿਆ ਅਤੇ ਮੈਂ ਜਲੰਧਰ ਕੈਂਟ ਆਪਣੇ ਘਰ ਚਲਾ ਗਿਆ। ਮਾਂ ਜੀ ਨੇ ਬੜਾ ਪਿਆਰ
ਅਤੇ ਦੁਲਾਰ ਦਿੱਤਾ। ਮਨ ਮਰਜ਼ੀ ਦੀਆਂ ਚੀਜ਼ਾਂ ਅਤੇ ਪਕਵਾਨ ਖੁਆਏ। ਭੈਣਾਂ ਅਤੇ ਭਰਾਵਾਂ ਨੇ
ਵੀ ਉਚੇਚ ਨਾਲ ਲਾਡ ਕੀਤਾ।
ਛੁੱਟੀਆਂ ਅੱਖ ਦੇ ਫ਼ੋਰ ਨਾਲ ਖ਼ਤਮ ਹੋ ਗਈਆਂ ਅਤੇ ਮੈਂ 31 ਦਸੰਬਰ ਨੂੰ ਹੀ ਅੜੀ ਕਰ ਕੇ ਬਹਿ
ਗਿਆ ਕਿ ਮੈਂ ਤਾਂ ਅੱਜ ਹੀ ਵਾਪਸ ਜਾਣਾ ਹੈ। ਮੇਰਾ ਸਾਰਿਆਂ ਨਾਲ ਪ੍ਰੋਗਰਾਮ ਬਣਿਆ ਹੋਇਆ ਹੈ।
ਸਾਰੇ ਮੈਨੂੰ ਉਡੀਕਦੇ ਹੋਣਗੇ। ਮਾਂ ਨੇ ਕਿਹਾ, “ਕਮਲਿਆ ਵਰ੍ਹੇ ਵਾਲੇ ਦਿਨ ਕਿੱਥੇ ਗੱਡੀ
ਵਿੱਚ ਧੱਕੇ ਖਾਏਂਗਾ? ਇੱਕ ਦੋ ਦਿਨ ਰੁਕ ਕੇ ਚਲੇ ਜਾਈਂ।” ਬਲਦੇਵ ਵੀਰ ਜੀ ਨੇ ਵੀ ਕਿਹਾ, “
ਬਿੱਲੂ ਮੈਂ ਵੀ ਪਰਸੋਂ ਆਪਣੀ ਡਿਊਟੀ’ਤੇ ਜਾਣਾ ਹੈ, ਆਪਾਂ ਕੱਠੇ ਚੱਲਾਂਗੇ। ਤੂੰ ਅੱਗੋਂ
ਸੋਨੀਪਤ ਚਲਾ ਜਾਵੀਂ।” ਪਰ ਜਦੋਂ ਮੈਂ ਅੜੀਅਲ ਟੱਟੂ ਵਾਂਗ ਟੱਸ ਤੋਂ ਮੱਸ ਨਾ ਹੋਇਆ ਤਾਂ ਮਾਂ
ਜੀ ਨੇ ਖਿਝ ਕੇ ਚਾਰ ਪਰੌਂਠੇ ਅਤੇ ਸੁੱਕੀ ਸਬਜ਼ੀ ਪਾ ਕੇ ਰਸਤੇ ਲਈ ਬੰਨ੍ਹ ਦਿੱਤੀ। ਬਲਦੇਵ
ਵੀਰ ਜੀ ਨੂੰ ਕਿਹਾ, “ਪੁੱਤਰ ਇਹਨੂੰ ਤੂੰ ਸਾਈਕਲ ‘ਤੇ ਬਿਠਾ ਕੇ ਜਲੰਧਰ ਛਾਉਣੀ ਦੇ
ਸਟੇਸ਼ਨ’ਤੇ ਚੜ੍ਹਾ ਆਵੀਂ। ਟਿਕਟ ਲੈ ਕੇ ਦੇ ਦੇਈਂ ਅਤੇ ਚੰਗੀ ਤਰ੍ਹਾਂ ਬਿਠਾ ਕੇ ਆਵੀਂ।”
ਮੈਂ ਢੀਠਾਂ ਵਾਂਗ ਤਿਆਰ ਹੋ ਕੇ ਫ਼ਟਾ-ਫ਼ਟ ਸਭ ਨੂੰ ਮਿਲਿਆ। ਮਾਂ ਜੀ ਦੇ ਪੈਰੀਂ ਹੱਥ ਲਾਇਆ
ਅਤੇ ਆਸ਼ੀਰਵਾਦ ਲਿਆ। ਮਾਂ ਜੀ ਦੀਆਂ ਅੱਖਾਂ ਦੇ ਵਿੱਚ ਮਮਤਾ ਦੇ ਨਾਲ-ਨਾਲ ਥੋੜ੍ਹੀ ਜਿਹੀ
ਸਿੱਲ ਵੀ ਸੀ। ਆਖ਼ਰ ਸਾਈਕਲ ‘ਤੇ ਬਹਿ ਕੇ ਬਲਦੇਵ ਭਾਅ ਜੀ ਨਾਲ ਮੈਂ ਜਲੰਧਰ ਕੈਂਟ ਦੇ ਰੇਲਵੇ
ਸਟੇਸ਼ਨ ‘ਤੇ ਪਹੁੰਚਿਆ ਅਤੇ ਵੀਰ ਜੀ ਨੇ ਮੈਨੂੰ ਗੱਡੀ ਵਿੱਚ ਬੱਚਿਆਂ ਵਾਂਗ ਬਿਠਾ ਕੇ ਤਾਕੀਦ
ਕੀਤੀ, “ਆਪਣਾ ਧਿਆਨ ਰੱਖੀਂ, ਜਾ ਕੇ ਆਪਣੀ ਰਾਜ਼ੀ ਖ਼ੁਸ਼ੀ ਦਾ ਇੱਕ ਕਾਰਡ ਪਾ ਦੇਵੀਂ, ਨਹੀਂ
ਤਾਂ ਮਾਂ ਜੀ ਫਿ਼ਕਰ ਕਰਨਗੇ।” “ਅੱਛਾ ਭਾਅ ਜੀ, ਤੁਸੀਂ ਫਿ਼ਕਰ ਨਾ ਕਰੋ।” ਭਾਅ ਜੀ ਪਿਆਰ ਦੇ
ਕੇ ਗੱਡੀ ਵਿੱਚੋਂ ਉੱਤਰ ਗਏ। ਗੱਡੀ ਹੌਲੀ-ਹੌਲੀ ਘਿਸਰਦੀ ਅਤੇ ਧੂੰਆਂ ਛੱਡਦੀ ਰੌਲਾ ਪਾਉਂਦੀ
ਤੁਰ ਪਈ। ਗੱਡੀ ਤੁਰਨ ਤੱਕ ਵੀ ਤਰਲੋਚਨ ਨਹੀਂ ਸੀ ਆਇਆ। ਹੁਸਿ਼ਆਰਪੁਰ ਵਾਲੀ ਗੱਡੀ ਤਾਂ ਕਦੋਂ
ਦੀ ਜਲੰਧਰ ਛਾਉਣੀ ਚਰੋਕਣੀਆਂ ਸਵਾਰੀਆਂ ਲਾਹ ਕੇ ਜਲੰਧਰ ਸ਼ਹਿਰ ਪਹੁੰਚ ਗਈ ਹੋਣੀ ਏਂ, ਪਰ
ਤਿਰਲੋਚਨ ਕਿਉਂ ਨਹੀਂ ਆਇਆ, ਸੋਚਾਂ ਵਿੱਚ ਡੁੱਬਿਆਂ ਗੱਡੀ ਜਦੋਂ ਲੁਧਿਆਣਾ ਜੰਕਸ਼ਨ ‘ਤੇ
ਪਹੁੰਚੀ ਤਾਂ ਮੈਂ ਪਲੇਟਫ਼ਾਰਮ ‘ਤੇ ਉੱਤਰ ਕੇ ਕਾਫ਼ੀ ਅੱਗੇ ਪਿੱਛੇ ਦੇਖਿਆ ਤਾਂ ਨਾਂ ਰਘਬੀਰ
ਅਤੇ ਨਾ ਹੀ ਮੇਜਰ ਕਿਧਰੇ ਅੱਖੀਂ ਰੜਕੇ। ਆਖਿ਼ਰ ਸੀਟੀਆਂ ਮਾਰਦੀ ਅਤੇ ਮੈਨੂੰ ਚਿੜਾਉਂਦੀ
ਗੱਡੀ ਲੁਧਿਆਣੇ ਸਟੇਸ਼ਨ ਤੋਂ ਵੀ ਤੁਰ ਪਈ ਅਤੇ ਮੈਂ ਕੱਲ੍ਹਾ ਹੀ ਆਪਣੀ ਸੀਟ ‘ਤੇ ਬੈਠਾ ਵਾਪਸ
ਜਾ ਰਿਹਾ ਸੀ। ਕੁਝ ਮਿੱਤਰਾਂ ਦੇ ਨਾਂ ਆਉਣ ‘ਤੇ ਨਿਰਾਸਤਾ ਅਤੇ ਕੁਝ ਪਛਤਾਵਾ ਜਿਹਾ ਤੰਗ ਕਰਨ
ਲੱਗਾ। ਮੈਂ ਐਵੇਂ ਸਾਰੇ ਘਰਦਿਆਂ ਨੂੰ ਨਾਰਾਜ਼ ਕਰ ਕੇ ਇਕੱਲਾ ਹੀ ਗੱਡੀ ਚੜ੍ਹ ਆਇਆ ਹਾਂ।
ਇਸੇ ਉਧੇੜਬੁਣ ਅਤੇ ਸ਼ਸ਼ੋਪੰਜ ਵਿੱਚ ਸਾਰੀ ਰਾਤ ਨਿਕਲ ਗਈ। ਖੈਰ! ਅੰਬਾਲੇ ਉੱਤਰ ਕੇ ਕਾਲਕਾ
ਮੇਲ ਜੋ ਦਿੱਲੀ ਜਾਂਦੀ ਸੀ, ਫੜ੍ਹੀ ਅਤੇ ਬਿਲਕੁਲ ਇੰਜਣ ਦੇ ਨਾਲ ਲੱਗਦੇ ਡੱਬੇ ਵਿੱਚ
ਚੜ੍ਹਿਆ। ਅੱਗੋਂ ਇੱਕ ਫ਼ੌਜੀ ਨੇ ਕਿਹਾ- “ਕਾਕਾ ਇਹ ਮਿਲਟਰੀ ਵਾਲਿਆਂ ਦਾ ਡੱਬਾ ਹੈ।” ਅੱਗੋਂ
ਮੈਂ ਕਿਹਾ, “ਭਾਅ ਜੀ! ਮੈਂ ਵੀ ਫ਼ੌਜੀ ਦਾ ਪੁੱਤਰ ਹਾਂ, ਜਲੰਧਰੋਂ ਛਾਓਣੀਓਂ ਆਇਆ ਹਾਂ।”
“ਅੱਛਾ ਅੱਛਾ ਆ ਜਾ ਫ਼ੇਰ।” ਇੱਕ ਫ਼ੌਜੀ ਨੇ ਕਿਹਾ ਅਤੇ ਮੈਂ ਡੱਬੇ ਵਿੱਚ ਚੜ੍ਹ ਗਿਆ। ਹੋਰ
ਜਿਹੜਾ ਵੀ ਆਵੇ, ਉਸਨੂੰ ਉਹ ਜਵਾਨ ਪਿਛਲੇ ਡੱਬਿਆਂ ਵੱਲ ਘੱਲ ਦੇਣ। ਕੁਝ ਤਾਂ ਚੁੱਪ-ਚਾਪ ਅਤੇ
ਕੁਝ ਬੁੜ-ਬੁੜ ਕਰਦੇ ਅੱਗੇ ਵਧ ਜਾਂਦੇ। ਤਕਰੀਬਨ ਤੜਕੇ ਦੇ ਢਾਈ ਵੱਜੇ ਹੋਣਗੇ ਤੇ ਗੱਡੀ
ਅੰਬਾਲਾ ਕੈਂਟ ਤੋਂ ਤੁਰ ਪਈ। ਸਾਰੇ ਹੀ ਜਵਾਨ ਇੱਕ ਤੋਂ ਇੱਕ ਵਧ ਕੇ ਸੁਨੱਖੇ ਅਤੇ ਗੱਭਰੂ,
ਜਾਣੋਂ ਪੰਜਾਬ ਦੀ ਕਰੀਮ ਹੋਵੇ। ਕਿਸੇ ਮਿਲਟਰੀ ਦੇ ਇੰਟਰ ਸਟੇਟ ਖੇਡ ਮੁਕਾਬਲੇ ਵਿੱਚ ਹਿੱਸਾ
ਲੈਣ ਜਾ ਰਹੇ ਸਨ। ਕੋਈ ਕਹਿੰਦਾ ਅੱਜ ਪਹਿਲੀ ਵਾਰ ਨਵਾਂ ਸਾਲ ਗੱਡੀ ਵਿੱਚ ਚੜ੍ਹਿਆ ਹੈ,
ਵਾਹਿਗੁਰੂ ਸੁੱਖ ਰੱਖੇ। ਇੱਕ ਜਵਾਨ, ਗੁਟਕਾ ਹੱਥ ਵਿੱਚ ਫੜ੍ਹ ਕੇ, ਸੁਖਮਨੀ ਸਾਹਿਬ ਦਾ ਪਾਠ
ਕਰ ਰਹਿਾ ਸੀ। ਉਸ ਨੇ ਕਿਹਾ ਕਿ ਸਾਰੇ ਦਿਨ ਕਰਤਾਰ ਨੇ ਹੀ ਸਿਰਜੇ ਨੇ। ਇੱਕ ਜਵਾਨ ਨੇ ‘ਬੋਲੇ
ਸੋ ਨਿਹਾਲ’ ਦਾ ਜੈਕਾਰਾ ਛੱਡ ਦਿੱਤਾ ਅਤੇ ਸਭ ਨੇ ‘ਸਤਿ ਸ੍ਰੀ ਅਕਾਲ’ ਕਹਿ ਕੇ ਜੈਕਾਰਾ
ਸੰਪੂਰਨ ਕੀਤਾ। ਫ਼ੇਰ ਪਾਠ ਕਰਨ ਵਾਲੇ ਫ਼ੌਜੀ ਨੇ ਕਿਹਾ, “ਨਾਨਕ ਨਾਮ ਚੜ੍ਹਦੀ ਕਲਾ ਤੇਰੇ
ਭਾਣੇਂ ਸਰਬੱਤ ਦਾ ਭਲਾ।” ਇੰਨੇ ਨੂੰ ਟੀਚੂੰ-ਟੀਚੂੰ ਕਰਦੀ ਗੱਡੀ ਮੋਹਰੀ ਸਟੇਸ਼ਨ ‘ਤੇ ਆ
ਰੁਕੀ। ਥੋੜ੍ਹੀ ਦੇਰ ਬਾਅਦ ਗੱਡੀ ਤੁਰਨ ਲੱਗੀ ਪਰ ਫ਼ੇਰ ਬਰੇਕਾਂ ਲੱਗ ਗਈਆਂ ਅਤੇ ਗੱਡੀ ਮੁੜ
ਰੁਕ ਗਈ। ਵਿੱਚੋਂ ਹੀ ਕਿਸੇ ਨੇ ਕਿਹਾ, “ਸ਼ਾਇਦ ਐਥੇ ਸਾਹਮਣਿਓਂ ਆਉਣ ਵਾਲੀ ਗੱਡੀ ਦਾ ਕਰਾਸ
ਹੋਵੇ।” ਇੱਕ ਹੋਰ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਐਸ ਵੇਲੇ ਕਿਹੜੀ ਗੱਡੀ ਦਾ ਕਰਾਸ ਹੋ ਸਕਦਾ
ਹੈ। ਇੱਕ ਹੋਰ ਨੇ ਜਵਾਬ ਦਿੱਤਾ ਕਿ ਸ਼ਾਇਦ ਜਨਤਾ ਐਕਸਪਰੈੱਸ ਨੇ ਲੰਘਣਾ ਹੋਵੇ। ਇਹ ਪਸੰਜਰ
ਗੱਡੀਆਂ ਤਾਂ ਨਖ਼ਸਮੀਆਂ ਹੀ ਹੁੰਦੀਆਂ ਹਨ, ਜਿੱਥੇ ਮਰਜ਼ੀ ਰੋਕ ਦਿੱਤਾ। ਕਦੇ ਕਦੇ ਤਾਂ ਇੰਜਣ
ਘੰਟਿਆਂ ਬੱਧੀ ਸਟੇਸ਼ਨ ‘ਤੇ ਖੜ੍ਹਾ ਹੌਂਕਦਾ ਰਹਿੰਦਾ ਹੈ।” ਮੈਂ ਉੱਪਰਲੀ ਸੀਟ ਤੋਂ ਉੱਤਰਿਆ
ਅਤੇ ਬਾਥਰੂਮ ਵੱਲ ਵਧਿਆ, ਪਰ ਬਾਥਰੂਮ ਵਿੱਚ ਕੋਈ ਵੜਿਆ ਹੋਇਆ ਸੀ, ਮੈਂ ਨੇੜੇ ਹੀ ਕੱਲ੍ਹੀ
ਸੀਟ ‘ਤੇ ਇੱਕ ਜਵਾਨ ਨਾਲ ਘੁਸੜ ਕੇ ਬੈਠ ਗਿਆ। ਉਸ ਨੇ ਕਿਹਾ, “ਕਾਕਾ! ਜੇ ਬਹਿਣਾ ਚਾਹੁੰਦਾ
ਹੈਂ ਤਾਂ ਚੰਗੀ ਤਰ੍ਹਾਂ ਬਹਿ ਜਾ। ਜੇ ਕਹੇਂ ਤਾਂ ਮੈਂ ਤੇਰੀ ਉੱਪਰਲੀ ਸੀਟ ‘ਤੇ ਜ਼ਰਾ ਪਿੱਠ
ਸਿੱਧੀ ਕਰ ਲਵਾਂ?” ਮੈਂ ਕਿਹਾ, “ਕਿਉਂ ਨਹੀਂ ਭਰਾ ਜੀ! ਤੁਸੀਂ ਆਰਾਮ ਕਰ ਲਵੋ। ਮੈਂ ਤਾਂ
ਵੈਸੇ ਵੀ ਸੋਨੀਪਤ ਹੀ ਉੱਤਰ ਜਾਣਾ ਹੈ।” ਉਹ ਜਵਾਨ ਉੱਤੇ ਚੜ੍ਹ ਕੇ ਲੇਟ ਗਿਆ। ਮੈਂ ਸਟੇਸ਼ਨ
‘ਤੇ ਪੱਸਰਿਆ ਸੰਨਾਟਾ ਦੇਖ ਰਿਹਾ ਸੀ। ਬਹੁਤ ਹੀ ਛੋਟਾ ਜਿਹਾ ਸਟੇਸ਼ਨ, ਉੱਤੇ ਪਲੇਟਫ਼ਾਰਮ ਵੀ
ਨਹੀਂ ਬਣੇ ਸਨ। ਕਿਤੇ-ਕਿਤੇ ਟਾਵੀਂ-ਟਾਵੀਂ ਬੱਤੀ ਜਲ ਰਹੀ ਸੀ। ਇੱਕ ਤਾਂ ਪਹਿਲੀ ਜਨਵਰੀ ਦੀ
ਤੜਕੇ ਦੀ ਠੰਡ, ਉੱਤੋਂ ਮਾੜੀ-ਮਾੜੀ ਕਿਣ-ਮਿਣ ਵੀ ਹੋ ਰਹੀ ਸੀ। ਮੈਂ ਬਾਹਰ ਝਾਤੀ ਮਾਰੀ,
ਜਾਣੋਂ ਇੰਜਣ ਡਰਾਇਵਰ ਪਲੇਟਫ਼ਾਰਮ ਤੇ ਖੜ੍ਹਾ ਕਿਸੇ ਨਾਲ ਬੀੜੀ ਪੀ ਰਿਹਾ ਸੀ। ਏਨੇਂ ਨੂੰ
ਕੋਈ ਦੂਜਾ ਬਾਥਰੂਮ ਵਿੱਚ ਵੜ੍ਹ ਗਿਆ। ਪਤਾ ਨਹੀਂ ਕੀ ਹੋਣੀ ਦਾ ਕ੍ਰਿਸ਼ਮਾ ਵਾਪਰਿਆ। ਮੈਂ
ਇੱਕਦਮ ਉੱਠਿਆ ਅਤੇ ਵਾਸ਼ਰੂਮ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ ਪਰ ਅੰਦਰੋਂ ਦਰਵਾਜ਼ੇ ਨੂੰ
ਚਿਟਕੀ ਲੱਗੀ ਹੋਈ ਸੀ। ਪਤਾ ਨਹੀਂ ਮੈਨੂੰ ਕੀ ਝੱਲ ਚੜ੍ਹਿਆ, ਮੈਂ ਗੱਡੀ ਤੋਂ ਹੇਠਾਂ ੳੱਤਰ
ਗਿਆ ਅਤੇ ਹੌਲੀ-ਹੌਲੀ ਇੰਜਣ ਦੇ ਸਿਗਨਲ ਵੱਲ ਦੇਖਦੇ-ਦੇਖਦੇ ਅੱਗੇ ਵਧ ਗਿਆ। ਮੈਂ ਪਲੇਟਫ਼ਾਰਮ
‘ਤੇ ਹੀ ਇੱਕ ਵੱਡੇ ਸਾਰੇ ਦਰਖ਼ਤ ਦੀ ਆੜ ਵਿੱਚ ਖੜਾ ਹੋ ਕੇ ਪਿਸ਼ਾਬ ਕਰਨ ਲੱਗ ਪਿਆ। ਏਨੇ
ਨੂੰ ਸਾਹਮਣੇ ਤੋਂ ਆਉਂਦੀ ਕਰਾਸ ਕਰਨ ਵਾਲੀ ਗੱਡੀ ਸ਼ੂਕਦੀ ਆਉਂਦੀ ਨਜ਼ਰੀਂ ਪਈ ਅਤੇ ਮੇਰੇ
ਦੇਖਦੇ-ਦੇਖਦੇ ਬਦਕਿਸਮਤੀ ਨਾਲ ਖੜ੍ਹੀ ਗੱਡੀ ਵਾਲੇ ਟਰੈਕ ‘ਤੇ ਪੂਰੀ ਰਫ਼ਤਾਰ ਨਾਲ ਆ ਗਈ।
ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਮੇਰੇ ਵੇਖਦਿਆਂ-ਵੇਖਦਿਆਂ ਹੀ ਪਲਾਂ-ਛਿਣਾਂ ਵਿੱਚ ਐਡਾ
ਵੱਡਾ ਰੇਲ-ਹਾਦਸਾ ਹੋ ਗਿਆ। ਦੋਨੋਂ ਇੰਜਣ ਆਹਮਣੇ-ਸਾਹਮਣਿਓਂ ਭਿੜ ਗਏ ਅਤੇ ਸਾਹਨਾਂ ਵਾਂਗ
ਤਿੰਨ ਵਾਰ ਟਕਰਾਏ। ਫ਼ੇਰ ਦੋਨੋਂ ਇੰਜਣ ਜਿਵੇਂ ਜੱਫ਼ੀ ਪਾ ਕੇ ਖੜ੍ਹੇ ਹੋ ਗਏ। ਮੇਰੀ ਵਾਲੀ
ਗੱਡੀ ਖੜ੍ਹੀ ਸੀ ਅਤੇ ਦੂਜੀ ਪੂਰੀ ਸਪੀਡ ‘ਤੇ ਆ ਰਹੀ ਸੀ। ਸਾਡੀ ਗੱਡੀ ਦੇ ਪਹਿਲੇ ਦੋ ਡੱਬੇ
ਤਾਂ ਪੂਰੀ ਤਰ੍ਹਾਂ ਨਾਲ ਦਰੜੇ ਗਏ ਅਤੇ ਬੁਰੀ ਤਰ੍ਹਾਂ ਕੱਟੇ, ਵੱਢੇ, ਚਿਪਕੇ, ਲਾਇਨੋਂ ਲਹਿ
ਗਏ। ਸਾਡੇ ਡੱਬੇ ਵਿਚੱੋਂ ਤਾਂ ਇੱਕ ਵੀ ਬੰਦਾ ਨਹੀਂ ਬਚਿਆ ਸੀ। ਦੂਜੀ ਗੱਡੀ ਦਾ ਬਹੁਤ
ਨੁਕਸਾਨ ਹੋਇਆ। ਜਿ਼ਆਦਾਤਰ ਤੀਵੀਂਆਂ ਅਤੇ ਮਾਸੂਮ ਬੱਚੇ ਅਣਿਆਈ ਮੌਤੇ ਮਾਰੇ ਗਏ। ਕੁਝ ਕੱਟੇ
ਵੱਢੇ ਗਏ ਅਤੇ ਕੁਝ ਮਿੱਧੇ ਜਕੜੇ ਹੋਏ ਚੀਕ ਚਿਹਾੜਾ ਪਾ ਰਹੇ ਸਨ। ਕੁਝ ਲਾਸ਼ਾਂ ਤਾਂ ਏਨੀ
ਬੇਰਹਿਮੀ ਨਾਲ ਕੱਟੀਆਂ ਵੱਢੀਆਂ ਗਈਆਂ ਸਨ ਕਿ ਵੇਖ ਕੇ ਦਿਲ ਦਹਿਲ ਉੱਠਦਾ ਸੀ। ਹਰ ਪਾਸੇ
ਹਾਹਾਕਾਰ ਮਚ ਗਈ ਸੀ। ਕੁਝ ਸਵਾਰਥੀ ਅਤੇ ਬੇਰਹਿਮ ਲੋਕ, ਆਪਣੇ ਡੱਬਿਆਂ ਵਿੱਚ ਹੀ ਬੈਠੇ ਰਹੇ।
ਪਰ ਕੁਝ ਹਿੰਮਤ ਵਾਲੇ ਅਤੇ ਰਹਿਮ ਦਿਲ ਯਾਤਰੀ ਅਤੇ ਲੋਕ ਪੀੜਤਾਂ ਨੂੰ ਬਚਾਉਣ ਲਈ ਪੂਰੀ ਤਾਣ
ਲਾ ਰਹੇ ਸਨ। ਥੋੜ੍ਹੀ ਦੇਰ ਬਾਅਦ ਲਾਗਲੇ ਪਿੰਡਾਂ ਦੇ ਲੋਕ ਵੀ ਆ ਗਏ ਸਨ, ਮਦਦ ਕਰਨ ਲਈ! ਕੁਝ
ਦਰਵੇਸ਼ਾਂ ਵਰਗੇ ਲੋਕ ਤਾਂ ਸੱਚਮੁੱਚ ਮਦਦ ਕਰ ਰਹੇ ਸਨ, ਪਰ ਕੁਝ ਵਹਿਸ਼ੀ ਕਮੀਨੇ ਇਨਸਾਨ
ਲੋਕਾਂ ਦੀਆਂ ਘੜੀਆਂ, ਕੜੇ ਅਤੇ ਮੁੰਦੀਆਂ ਲਾਹ ਕੇ ਖ਼ੀਸਿਆਂ ਦੇ ਹਵਾਲੇ ਕਰ ਰਹੇ ਸਨ ਅਤੇ
ਜੇਬ੍ਹਾਂ ਫ਼ੋਲ ਕੇ ਜੋ ਹੱਥ ਲੱਗਿਆ ਆਪਣੀਆਂ ਜੇਬ੍ਹਾਂ ਵਿੱਚ ਪਾ ਰਹੇ ਸਨ। ਬੰਦਾ ਏਨਾ ਵੀ
ਗਿਰ ਸਕਦਾ ਹੈ, ਏਨਾ ਕਮੀਨਾ ਹੋ ਸਕਦਾ ਹੈ, ਇਹ ਦੇਖ ਕੇ ਜਾਣੋਂ ਮਨੁੱਖਤਾ ਉੱਚੀ-ਉੱਚੀ
ਚੀਖ਼ਾਂ ਮਾਰ ਰਹੀ ਹੋਣੀ ਏਂ। ਜਿਵੇਂ ਕਹਿ ਰਹੀ ਹੋਵੇ-----“ਮੈਨੂੰ ਬਚਾਓ, ਮੈਂ ਮਰ ਰਹੀ
ਹਾਂ।” ਪਰ ਕਿੱਥੇ? ਸਭ ਬੋਲੇ ਅਤੇ ਅੰਨ੍ਹੇ ਹੋ ਗਏ ਸਨ।
ਰੇਲਵੇ ਦੇ ਦੋ ਡਰਾੲਵਿਰਾਂ ਵਿੱਚੋਂ ਇੱਕ ਤਾਂ ਥਾਂ ‘ਤੇ ਹੀ ਮਰ ਗਿਆ। ਦੂਜਾ ਹਸਪਤਾਲ ਵਿੱਚ
ਪਹੁੰਚ ਕੇ ਦਮ ਤੋੜ ਗਿਆ। ਬਾਕੀ ਸਟੇਸ਼ਨ ਦੇ ਰੇਲਵੇ ਮੁਲਾਜ਼ਮ ਘੇਰਾ ਪਾ ਕੇ ਆਪਣੇ ਬਚਾਅ
ਦੀਆਂ ਸਕੀਮਾਂ ਘੜ ਰਹੇ ਸਨ। ਕੁਝ ਉੱਦਮੀ ਬੰਦਿਆਂ ਨੇ ਜ਼ਖ਼ਮੀ ਬੰਦਿਆਂ ਅਤੇ ਬੱਚਿਆਂ ਨੂੰ
ਬਾਹਰ ਕੱਢਿਆ ਅਤੇ ਸਟੇਸ਼ਨ ਦੇ ਛੋਟੇ ਜਿਹੇ ਬਰਾਂਡੇ ਵਿੱਚ ਪਾਇਆ। ਬਾਕੀਆਂ ਨੂੰ ਵਰ੍ਹਦੇ
ਮੀਂਹ ਵਿੱਚ ਹੀ ਰੜੇ ਸਹਿਕਣ ਲਈ ਪਾ ਦਿੱਤਾ। ਮੁਸਾਫਿ਼ਰਾਂ ਨੂੰ ਡੱਬੇ ਖ਼ਾਲੀ ਕਰ ਦੇਣ ਲਈ
ਕਿਹਾ ਤਾਂ ਕਿ ਫ਼ੱਟੜਾਂ ਨੂੰ ਪਾਇਆ ਜਾ ਸਕੇ ਤਾਂ ਜੋ ਸਵੇਰੇ ਮੈਡੀਕਲ ਸਹਾਇਤਾ ਆਉਣ ਤੱਕ
ਫ਼ੱਟੜ ਮੁਸਾਫਿ਼ਰਾਂ ਨੂੰ ਕੁਝ ਆਸਰਾ ਮਿਲ ਸਕੇ, ਨਹੀਂ ਤਾਂ ਇਹ ਵਿਚਾਰੇ ਬਾਹਰ ਖੁੱਲ੍ਹੇ ਥਾਂ
‘ਤੇ ਠੰਡ ਨਾਲ ਹੀ ਮਰ ਜਾਣਗੇ। ਜੇ ਤੁਸੀਂ ਕੋਆਪਰੇਟ ਕਰੋ ਤਾਂ ਮਨੁੱਖਤਾ ਖ਼ਾਤਰ ਇਹਨਾਂ ‘ਤੇ
ਆਪਣੇ ਗਰਮ ਕੱਪੜੇ ਪਾ ਦਿਓ। ਰੱਬ ਦੇ ਵਾਸਤੇ ਕੁਝ ਤਾਂ ਕਰੋ! ਤੁਹਾਨੂੰ ਤੁਹਾਡੇ ਰੱਬ ਦਾ
ਵਾਸਤਾ ਹੈ! ਕੁਝ ਕਹਿੰਦੇ ਅਸੀਂ ਵੀ ਤਾਂ ਡਰੇ ਹੋਏ ਹਾਂ । ਅਤੇ ਕੁਝ ਕਹਿੰਦੇ ਜੇ ਤੁਹਾਨੂੰ
ਚੌਧਰ ਦਾ ਸ਼ੌਂਕ ਹੈ ਤਾਂ ਤੁਸੀਂ ਕਰੀ ਜਾਓ ਸੌਂਕ ਨਾਲ ਇਹਨਾਂ ਦੀ ਸੇਵਾ। ਇਹ ਤਾਂ ਰੱਬ ਦਾ
ਭਾਣਾ ਸੀ, ਸਾਡੀ ਵਧੀ ਸੀ, ਅਸੀਂ ਬਚ ਗਏ। ਜਿਨ੍ਹਾਂ ਦੀ ਆਈ ਸੀ, ਉਹ ਤੁਰ ਗਏ। ਕੁਝ ਹਮਦਰਦਾਂ
ਨੇ ਹਾਅ ਦਾ ਹੁੰਗਾਰਾ ਦਿੰਦਿਆਂ ਕਿਹਾ ਉਹ ਤਾਂ ਠੀਕ ਹੈ, ਪਰ ਜਿਹੜੇ ਸਹਿਕਦੇ ਨੇ ਤੇ ਬਚ
ਸਕਦੇ ਨੇਂ, ਉਹਨਾਂ ਨੂੰ ਤਾਂ ਬਚਾ ਲਵੋ। ਪਰ ਜਾਣੋਂ ਇਨਸਾਨ ਅੰਨ੍ਹਾ ਅਤੇ ਬੋਲਾ ਹੋ ਗਿਆ
ਹੋਵੇ, ਕੁਝ ਡੱਬੇ ਵਾਲਿਆਂ ਯਾਤਰੀਆਂ ਨੇ ਤਾਂ ਆਪਣੇ ਡੱਬੇ ਅੰਦਰੋਂ ਹੀ ਬੰਦ ਕਰ ਲਏ, ਕਿਤੇ
ਧੱਕੇ ਨਾਲ ਡੱਬਾ ਹੀ ਖਾਲੀ ਨਾ ਕਰਾ ਦੇਣ। ਮੈਂ ਵੀ ਮਦਦਗਾਰਾਂ ਨਾਲ ਰਲ ਕੇ ਕਈ ਬੰਦੇ ਡੱਬਿਆਂ
ਅੰਦਰੋਂ ਬਾਹਰ ਕੱਢੇ। ਕੁਝ ਤਾਂ ਬੜੀ ਮੁਸ਼ਕਿਲ ਨਾਲ ਬਾਹਰ ਕੱਢੇ, ਪਰ ਕੁਝ ਕਿਸਮਤ ਮਾਰਿਆਂ
ਦੇ ਸਿਰ ਹੀ ਫਿ਼ੱਸ ਗਏ ਸਨ, ਜਿਨ੍ਹਾਂ ਦੀ ਕੋਈ ਮਦਦ ਇਮਦਾਦ ਨਹੀਂ ਹੋ ਸਕੀ। ਕਿਸੇ ਦੀਆਂ
ਲੱਤਾਂ ਦਰੜੀਆਂ ਹੋਈਆਂ ਸਨ ਅਤੇ ਕਿਸੇ ਦਾ ਧੜ! ਕਿਤੇ ਮਾਂ-ਪਿਓ ਦੋਹਵੇਂ ਮਰੇ ਪਏ ਸਨ ਅਤੇ
ਬੱਚਾ ਥੱਲੇ ਗਿਰ ਕੇ ਵੀ ਬਚ ਗਿਆ ਸੀ। ਕੁਝ ਮਾਸੂਮ ਮਾਂ-ਪਿਓ ਦੀਆਂ ਅੱਖਾਂ ਦੇ ਤਾਰੇ ਗੋਦੀਆਂ
ਨਾਲ ਚਿੰਬੜੇ ਹੀ ਬੁਝ ਗਏ ਸਨ। ਬਹੁਤ ਸਾਰੇ ਜ਼ਖ਼ਮੀ ਬੰਦੇ ਉੱਚੀ-ਉੱਚੀ ਧਾਹਾਂ ਮਾਰ ਰਹੇ ਸਨ।
ਕੁਝ ਦਾ ਬਹੁਤ ਖ਼ੂਨ ਵਗ ਜਾਣ ਕਾਰਨ ਮਰਨ ਕਿਨਾਰੇ ਪਹੁੰਚ ਗਏ ਸਨ। ਮੇਰੇ ਕੱਪੜੇ ਖ਼ੂਨ ਨਾਲ
ਪਤਾ ਨਹੀਂ ਕਦੋਂ ਲਿੱਬੜ ਗਏ ਸਨ। ਬਚਾਓ ਕਰਦੇ ਅਚਾਨਕ ਮੈਨੂੰ ਇੱਕ ਫ਼ੌਜੀ ਦੀ ਕਿੱਟ ਵਿੱਚੋਂ
ਰਮ ਦੀ ਬੋਤਲ ਮਿਲ ਗਈ ਅਤੇ ਮੈਨੂੰ ਮੇਰੇ ਮਾਂ ਜੀ ਦੀ ਇੱਕ ਗੱਲ ਚੇਤੇ ਆ ਗਈ। ਉਹ ਵੀ ਸਾਡੇ
ਛੋਟੇ ਹੁੰਦਿਆਂ ਜੇ ਠੰਡ ਲੱਗੀ ਹੁੰਦੀ ਤਾਂ, ਕਦੇ-ਕਦੇ ਗਰਮ ਪਾਣੀ ਵਿੱਚ ਥੋੜ੍ਹੀ ਜਿਹੀ ਰਮ
ਪਾ ਕੇ ਜਾਂ ਬਰਾਂਡੀ ਦਾ ਚਮਚਾ ਪਾ ਕੇ ਪਿਲਾ ਦਿੰਦੀ ਸੀ। ਨਿੱਘ ਜਿਹਾ ਮਹਿਸੂਸ ਕਰੀਦਾ ਸੀ।
ਮੈਂ ਬੋਤਲ ਖੋਲ੍ਹੀ ਅਤੇ ਥੋੜ੍ਹੀ ਜਿਹੀ ਰਮ ਪੀ ਲਈ। ਕਈ ਮਰੀਜ਼ਾਂ ਦੇ ਮੂੰਹ ਵਿੱਚ ਪਾ
ਦਿੱਤੀ। ਸੋਚਿਆ, ਚਲੋ ਜਿਸਮ ਨੂੰ ਕੁਝ ਤਾਂ ਗਰਮਾਇਸ਼ ਮਿਲੇਗੀ। ਸਵੇਰੇ ਸੱਤ ਵਜੇ ਮਿਲਟਰੀ
ਅਤੇ ਰੇਲਵੇ ਦੀ ਮੈਡੀਕਲ ਹੈਲਪ ਆ ਗਈ। ਹੋਰ ਵੀ ਕਾਫ਼ੀ ਲੋਕ ਆਲੇ-ਦੁਆਲੇ ਤੋਂ ਇਕੱਠੇ ਹੋ ਗਏ।
ਫ਼ੇਰ ਸਰਕਾਰੀ ਤੌਰ’ਤੇ ਵੱਡੇ ਪੱਧਰ ‘ਤੇ ਰਾਹਤ ਦਾ ਕੰਮ ਸ਼ੁਰੂ ਹੋਇਆ। ਮਰੀਜ਼ਾਂ ਨੂੰ
ਗੱਡੀਆਂ ਵਿੱਚ ਪਾ ਕੇ ਹਸਪਤਾਲਾਂ ਵਿੱਚ ਭੇਜਣ ਦਾ ਕੰਮ ਸ਼ੁਰੂ ਹੋਇਆ ਅਤੇ ਫ਼ਸੇ ਜ਼ਖ਼ਮੀਆਂ
ਨੂੰ ਗੱਡੀ ਵਿੱਚੋਂ ਕੱਢਣ ਦਾ ਉਪਰਾਲਾ ਹੋਣ ਲੱਗਾ। ਬੜੀ ਮੁਸ਼ਕਿਲ ਨਾਲ ਫ਼ੱਟੜ ਡੱਬੇ ਦੇ
ਇੰਜਣ ਤੋਂ ਬਾਕੀ ਦੇ ਡੱਬਿਆਂ ਨੂੰ ਅਲੱਗ ਕਰ ਕੇ, ਨਾਲ ਵਾਲੀ ਰੇਲ ਲਾਇਨ ਨੂੰ ਕਰੇਨ ਦੀ ਮਦਦ
ਨਾਲ ਕਲੀਅਰ ਕਰਨ ਦੀ ਕੋਸਿ਼ਸ਼ ਹੋਣ ਲੱਗੀ। ਕੁਝ ਬਚੇ ਡੱਬਿਆਂ ਨੂੰ ਪਿਛਲੇ ਪਾਸੇ ਤੋਂ ਇੰਜਣ
ਨਾਲ ਜੋੜ ਕੇ ਵਾਪਸ ਗੱਡੀ ਅੰਬਾਲਾ ਕੈਂਟ ਵੱਲ ਤੋਰਨ ਦੀ ਵਿਓਂਤ ਬਣਾਈ ਗਈ। ਜਦੋਂ ਮਿਲਟਰੀ ਦਾ
ਇੱਕ ਵੱਡਾ ਡਾਕਟਰ ਅਤੇ ਉਸਦੇ ਸਹਾਇਕ ਮਰੀਜ਼ਾਂ ਨੂੰ ਮੈਡੀਕਲ ਏਡ ਦੇ ਰਹੇ ਸਨ ਤਾਂ ਇੱਕ ਨਰਸ
ਨੇ ਕਿਹਾ ਕਿ ਇਓਂ ਲੱਗਦਾ ਹੈ ਸਰ ਕਿ ਜਿਵੇਂ ਸਭ ਨੇ ਡਰਿੰਕ ਲਈ ਹੋਵੇ। ਮੈਂ ਕੋਲ ਹੀ ਖੜ੍ਹਾ
ਸੀ ਅਤੇ ਡਰਦੇ-ਡਰਦੇ ਨੇ ਕਿਹਾ, “ਸਰ ਜੀ! ਮੈਂ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਡੋਜ਼ ਰਮ ਦੀ
ਦਿੱਤੀ ਤਾਂ ਕਿ ਇਹ ਠੰਡ ਤੋਂ ਬਚ ਸਕਣ।” ਉਸ ਡਾਕਟਰ ਨੇ ਮੇਰੇ ਵੱਲ ਗ਼ੌਰ ਨਾਲ ਵੇਖਿਆ ਅਤੇ
ਕਿਹਾ, “ਵੈੱਲ ਡਨ ਮਾਈ ਬੁਆਏ।” ਮੈਂ ਕਿਹਾ ਕਿ ਸਰ ਮੈਂ ਇੱਕ ਫ਼ੌਜੀ ਦਾ ਪੁੱਤਰ ਹਾਂ, ਇਸ ਲਈ
ਆਪਣੀ ਤਾਣ ਮੁਤਾਬਕ ਜਿੰਨਾਂ ਮੈਥੋਂ ਹੋ ਸਕਿਆ ਮੈਂ ਕੀਤਾ। ਜੇ ਮੇਰੇ ਕੋਲੋਂ ਕੋਈ ਗ਼ਲਤੀ ਹੋ
ਗਈ ਹੋਵੇ ਤਾਂ ਮੈਨੂੰ ਮਾਫ਼ ਜਕਰਨਾ।” “ਨੋ-ਨੋ ਮਾਈ ਬੁਆਏ, ਰਾਦਰ ਮੈਂ ਤੈਨੂੰ ਜ਼ਾਤੀ
ਤੌਰ’ਤੇ ਸਲੂਟ ਕਰਦਾ ਹਾਂ। ਆਪਣਾ ਅਤੇ ਆਪਣੇ ਪਿਤਾ ਜੀ ਦਾ ਨਾਮ ਨਰਸ ਨੂੰ ਲਿਖਵਾ ਕੇ ਜਾਈਂ।”
ਮੈਂ ਉਸ ਸਾਹਬ ਦੇ ਪੈਰੀਂ ਹੱਥ ਲਾਇਆ ਤੇ ਕਿਹਾ, “ਸਰ ਜੀ! ਮੈਂ ਇਸ ਗੱਡੀ ਦੇ ਬਿਲਕੁਲ ਪਹਿਲੇ
ਡੱਬੇ ਵਿੱਚ ਸੀ ਜਿਸ ਵਿੱਚ ਸਾਰੇ ਹੀ ਫ਼ੌਜੀ ਅਥਲੀਟ ਸਨ। ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ
ਬਚਿਆ।” ਉਸ ਸਾਹਬ ਨੇ ਉੱਠ ਕੇ ਮੈਨੂੰ ਆਪਣੇ ਸੀਨੇ ਨਾਲ ਲਾਇਆ, “ ਓ ਮਾਈ ਗਾਡ, ਬਿੱਗ ਲਾਸ
ਆਫ਼ ਕੰਟਰੀ…।” ਉਸ ਨੇ ਗੁੱਝੇ ਅਹਿਸਾਸ ਨਾਲ ਮੇਰੀ ਪਿੱਠ ਥਪਥਪਾਈ। ਮੈਂ ਜਾਣੋਂ ਗੁੰਮਸੁੰਮ
ਜਿਹਾ ਹੋ ਗਿਆ ਸਾਂ ਅਤੇ ਭਾਰੀ ਮਨ ਨਾਲ ਚੱਲਦਾ ਹੋਇਆ ਗੱਡੀ ਵਿੱਚ ਆ ਕੇ ਬਹਿ ਗਿਆ। ਅੰਬਾਲੇ
ਪਹੁੰਚ ਕੇ ਰੇਲਵੇ ਨੇ ਬਚੇ ਡੱਬਿਆਂ ਨੂੰ ਵਾਇਆ ਸਹਾਰਨਪੁਰ ਦਿੱਲੀ ਜਾਣ ਵਾਲੀ ਗੱਡੀ ਨਾਲ ਜੋੜ
ਦਿੱਤਾ ਅਤੇ ਸੂਚਿਤ ਕੀਤਾ ਗਿਆ ਕਿ ਯਾਤਰੀ ਇਹਨਾਂ ਟਿਕਟਾਂ ਤੇ ਹੀ ਦਿੱਲੀ ਹੋ ਕੇ ਆਪਣੇ-ਆਪਣੇ
ਟਿਕਾਣਿਆਂ ਤੇ ਜਾ ਸਕਦੇ ਹਨ। ਐਕਸੀਡੈਂਟ ਦੀ ਜੱਦ ਵਿੱਚੋਂ ਗੁਜ਼ਰੇ ਮੁਸਾਫਿ਼ਰ ਬੜੇ ਸਹਿਮੇ
ਹੋਏ ਅਤੇ ਖ਼ਾਮੋਸ਼ ਸਨ, ਬਾਰ-ਬਾਰ ਆਪਣੇ ਰੱਬ ਦਾ ਸ਼ੁਕਰੀਆ ਕਰੀ ਜਾਂਦੇ ਸੀ।
ਇੰਨੇ ਨੂੰ ਇੱਕ ਦਰਵੇਸ਼ ਜਿਹੀ ਮਾਤਾ ਦੀ ਮੇਰੇ’ਤੇ ਨਜ਼ਰ ਪਈ ਤੇ ਉਸ ਤੇ ਮੈਨੂੰ ਬੜੇ ਮੋਹ
ਜਿਹੇ ਨਾਲ ਕਿਹਾ, “ ਵੇ ਪੁੱਤਾ ਸੁੱਖ ਤਾਂ ਹੈ, ਤੇਰੇ ਤਾਂ ਕੱਪੜੇ ਲਹੂ ਨਾਲ ਲਿੱਬੜੇ ਨੇਂ,
ਕੀ ਗੱਲ ਏ!” ਮੈਂ ਡੁਸਕਦਿਆਂ ਹੋਇਆਂ ਕਿਹਾ-“ ਮੈਂ ਮੋਹਰੀ ਵਾਲੀ ਗੱਡੀ ਵਿੱਚ ਸਾਂ, ਜਿਸ ਦਾ
ਐਕਸੀਡੈਂਟ ਹੋਇਆ ਹੈ। ਪਤਾ ਨਹੀਂ ਕਿਵੇਂ ਰੱਬ ਨੇ ਹੱਥ ਦੇ ਕੇ ਮੈਨੂੰ ਬਚਾ ਲਿਆ ਅਤੇ ਮੇਰੇ
ਡੱਬੇ ਦੇ ਬਾਕੀ ਸਾਰੇ ਜਣੇ ਮਾਰੇ ਗਏ ਮਾਂ ਜੀ।” ਮੈਂ ਆਪਣੇ ਘਰ ਵਾਲਿਆਂ ਨੂੰ ਛੁੱਟੀਆਂ ਵਿੱਚ
ਮਿਲ ਕੇ ਵਾਪਸ ਸੋਨੀਪਤ ਆਪਣੇ ਕਾਲਜ ਵਿੱਚ ਜਾ ਰਿਹਾ ਸੀ। ਮੈਨੂੰ ਮੇਰੀ ਮਾਂ ਅਤੇ ਮੇਰੇ
ਘਰਦਿਆਂ ਨੇ ਬੜਾ ਰੋਕਿਆ ਸੀ ਅਖੇ ਅੱਜ ਨਾ ਜਾਹ। ਪਰ ਮੈਂ ਨਾ ਰੁਕਿਆ, ਨਾਂ ਮੰਨਿਆ।” ਉਸ
ਮਾਤਾ ਨੇ ਵਿੱਚੋਂ ਹੀ ਮੇਰੀ ਗੱਲ ਟੋਕ ਕੇ ਕਿਹਾ, “ਵੇ ਪੁੱਤਾ ਤੂੰ ਕੀ ਜਾਣੇਂ ਮਾਂ ਦੀਆਂ
ਆਂਦਰਾਂ ਨੂੰ, ਉਸਦੇ ਢਿੱਡ ਨੂੰ ਤਾਂ ਪਹਿਲਾਂ ਹੀ ਸੇਕ ਲੱਗ ਰਿਹਾ ਹੋਣਾਂ। ਤਾਂ ਹੀ ਤਾਂ ਉਹ
ਤੈਨੂੰ ਬਾਰ-ਬਾਰ ਜਾਣ ਤੋਂ ਰੋਕਦੀ ਸੀ। ਹੋਰ ਚੰਦਰਿਆ ਉੇਸ ਵਿਚਾਰੀ ਨੂੰ ਆਪਣੇ ਸੁੱਖ-ਸਾਂਦ
ਦੀ ਖ਼ਬਰ ਦਿੱਤੀ ਕਿ ਨਹੀਂ?” ਅੱਗੋਂ ਮੈਂ ਸ਼ਰਮਿੰਦਾ ਜਿਹਾ, ਨਾਂਹ ਵਿੱਚ ਸਿਰ ਹਿਲਾਇਆ। ਉਸ
ਮਾਤਾ ਨੇ ਰਤਾ ਕੁ ਹਰਖ਼ ਨਾਲ ਕਿਹਾ, “ਹੁਣ ਤੂੰ ਬਿਨਾਂ ਕਿਸੇ ਨੂੰ ਕੁਝ ਦੱਸੇ ਹੀ ਅੱਗੇ ਜਾ
ਰਹਿਾ ਹੈਂ।” ਤੇ ਉਸ ਨੇ ਆਪਣੇ ਖ਼ੀਸੇ ਵਿੱਚੋਂ ਪੈਸੇ ਕੱਢ ਕੇ ਮੇਰੇ ਹੱਥ ‘ਤੇ ਪੰਜ ਰੁਪਏ
ਰੱਖ ਕੇ ਕਿਹਾ, “ਜਾਹ ਜਾ ਕੇ ਹੁਣੇ ਤਾਰ ਘੱਲ ਕੇ ਆ।” ਮੈਂ ਉੱਚੀ-ਉੱਚੀ ਰੋਣ ਲੱਗ ਪਿਆ ਅਤੇ
ਉਸ ਮਾਂ ਜੀ ਨੇ ਮੈਨੂੰ ਆਪਣੇ ਕਲੇਜੇ ਨਾਲ ਘੁੱਟ ਕੇ ਲਾ ਲਿਆ ਅਤੇ ਇੱਕ ਬਾਬੂ ਜੀ ਨੇ ਮੇਰੀ
ਬਾਂਹ ਫੜ੍ਹਦਿਆਂ ਕਿਹਾ, “ਚੱਲ ਮੈਂ ਤੇਰੇ ਨਾਲ ਚੱਲ ਕੇ ਤਾਰ ਦੁਆ ਆਂਦਾ ਹਾਂ।” ਉੇਹ ਬਾਬੂ
ਜੀ ਮੈਨੂੰ ਸਹਾਰਨਪੁਰ ਦੇ ਰੇਲਵੇ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਲੈ ਗਿਆ, ਜੋ ਮੇਰੇ ਬਾਰੇ
ਦੱਸ ਕੇ ਤਾਰ ਦੇਣ ਨੂੰ ਕਿਹਾ ਤਾਂ ਸਾਰਾ ਸਟਾਫ਼ ਮੇਰੇ ਦੁਆਲੇ ਇਕੱਠਾ ਹੋ ਗਿਆ। ਸਾਰੇ ਪੁੱਛਣ
ਲੱਗੇ, ਕਿਵੇਂ-ਕਿਵੇਂ ਹੋਇਆ। ਵਿੱਚ-ਵਿੱਚ ਕਹਿੰਦੇ ਕਿ ਇਹ ਮੁੰਡਾ ਓਸ ਹਾਦਸੇ ਦਾ ਚਸ਼ਮਦੀਦ
ਗਵਾਹ ਹੈ। ਕਾਫ਼ੀ ਦੇਰ ਜਾਣ-ਬੁੱਝ ਕੇ ਗੱਡੀ ਰੋਕੀ ਰੱਖੀ। ਫ਼ੇਰ ਮੇਰਾ ਤਾਰ ਦੇ ਕੇ ਮੈਨੂੰ
ਤੋਰ ਦਿੱਤਾ ਅਤੇ ਮੈਥੋਂ ਕੋਈ ਪੈਸੇ ਵੀ ਨਹੀਂ ਲਏ। ਮੈਂ ਓਸ ਦਰਵੇਸ਼ ਮਾਤਾ ਦਾ ਕੋਟਿ-ਕੋਟਿ
ਧੰਨਵਾਦੀ ਹਾਂ, ਜਿਸ ਨੇ ਇੱਕ ਦੂਜੀ ਮਾਂ ਦਾ ਦਰਦ ਪਹਿਚਾਣਿਆ ਸੀ। ਅਜੇਹੀ ਮਾਂ ਰੱਬ ਸਭ ਨੂੰ
ਦੇਵੇ! ਆਮੀਨ!
ਕਿਸੇ ਤਰ੍ਹਾਂ ਡਿੱਗਦਾ-ਢਹਿੰਦਾ, ਭੁੱਖਾ-ਭਾਣਾ ਦੇਰ ਸ਼ਾਮ ਤਾਈਂ ਭਟਕਦਾ-ਭਟਕਦਾ ਮੈਂ ਸੋਨੀਪਤ
ਪਹੁੰਚ ਗਿਆ। ਅੱਗੇ ਕੋਈ ਵੀ ਮੁੰਡਾ ਹੋਸਟਲ ਵਿੱਚ ਨਹੀਂ ਸੀ। ਚੌਂਕੀਦਾਰ ਨੂੰ ਕਹਿ ਕੇ ਆਪਣਾ
ਕਮਰਾ ਖੁਲਵਾਇਆ ਅਤੇ ਬਿਨਾਂ ਕੁਝ ਖਾਧੇ-ਪੀਤੇ ਅਤੇ ਬਿਨਾਂ ਬਿਸਤਰਾ ਵਿਛਾਏ, ਬਿਨਾਂ ਦਰਵਾਜ਼ਾ
ਬੰਦ ਕੀਤੇ ਬੱਸ ਮੰਜੇ ‘ਤੇ ਗੁੱਛੂ-ਮੁੱਛੂ ਜਿਹਾ ਹੋ ਕੇ ਮੈਂ ਪਿਆ ਰਿਹਾ। ਉਹੀ ਉੱਚੀ
ਚੀਖ਼-ਚਿਹਾੜਾ ਅਤੇ ਮੌਤ ਦੇ ਭਿਆਨਕ ਦ੍ਰਿਸ਼ਾਂ ਦਾ ਤਾਂਡਵ ਨਾਚ ਅੱਖਾਂ ਅੱਗੇ ਹੁੰਦਾ ਰਿਹਾ।
ਮੈਂ ਤ੍ਰਬਕ ਜਾਂਦਾ ਅਤੇ ਸਹਿਮ ਕੇ ਕਦੇ ਕੇਸਾਂ ਨੂੰ---ਮੁੱਠੀਆਂ ‘ਚ ਲੈ ਕੇ ਘੁੱਟਦਾ ਜਾਂ
ਅੱਖਾਂ ‘ਤੇ ਹੱਥ ਰੱਖ ਕੇ ਲੁਕਣ ਦੀ ਨਿਅਰਥ ਹੀ ਕੋਸਿ਼ਸ਼ ਕਰਦਾ। ਮੈਨੂੰ ਜਾਪਦਾ ਮੈਂ ਛੇਤੀ
ਹੀ ਪਾਗਲ ਹੋ ਜਾਵਾਂਗਾ।
ਇਸ ਭਿਆਨਕ ਅਤੇ ਮੰਦਭਾਗੇ ਰੇਲ ਹਾਦਸੇ ਦੀ ਖ਼ਬਰ ਜੰਗਲ ਦੀ ਅੱਗ ਵਾਂਗਰਾਂ ਸਾਰੇ ਪੰਜਾਬ ਵਿੱਚ
ਕੀ ਪੂਰੇ ਇੰਡੀਆ ਵਿੱਚ ਰੇਡੀਓ ਦੁਆਰਾ ਨਸ਼ਰ ਹੋ ਕੇ ਫ਼ੈਲਣ ਲੱਗੀ। ਅਖ਼ਬਾਰਾਂ ਦਿਆਂ ਪਹਿਲੇ
ਪੰਨੇ’ਤੇ ਸੁਰਖ਼ੀਆਂ ਬਣ ‘ਕੇ ਹਾਹਾਕਾਰ ਮਚਾ ਦਿੱਤੀ। ਹਰ ਘਰ ਵਿੱਚ ਹਰ ਪਲ ਇਹੋ ਗੱਲ ਦਾ
ਚਰਚਾ ਹੋ ਰਿਹਾ ਸੀ। ਸਾਡੇ ਘਰ ਵਿੱਚ ਵੀ ਸੋਗ ਦੀ ਲਹਿਰ ਫ਼ੈਲ ਗਈ। ਮਾਂ ਜੀ ਰੋਈ ਜਾਂਦੇ ਸਨ
ਕਿ ਮੈਂ ਹੱਥੀਂ ਪੁੱਤਰ ਨੂੰ ਮੌਤ ਦੇ ਮੂੰਹੀਂ ਤੋਰ ਦਿੱਤਾ। ਜਦੋਂ ਬਲਦੇਵ ਵੀਰ ਜੀ ਨੇ ਸੁਣਿਆ
ਅਤੇ ਕਿਹਾ , “ ਮੈਂ ਤਾਂ ਆਪ ਬਿੱਲੇ ਨੂੰ ਗੱਡੀ ਚਾੜ੍ਹ ਕੇ ਆਇਆਂ, ਰੱਬ ਕਰੇ ਮੇਰਾ ਛੋਟਾ
ਵੀਰ ਬਚ ਜਾਏ। ਉਸ ਨੂੰ ਕੁਝ ਨਾ ਹੋਏ, ਨਹੀਂ ਤਾਂ ਮੈਂ ਆਪਣੇ ਆਪ ਨੂੰ ਕਦੇ ਮੁਆਫ਼ ਨਹੀਂ
ਕਰਾਂਗਾ।” ਬਲਦੇਵ ਵੀਰ ਜੀ ਨੇ ਅੱਗੇ ਥਾਲੀ ਵਿੱਚ ਪਈ ਰੋਟੀ ਵੀ ਵਿੱਚ ਛੱਡ ਦਿੱਤੀ ਅਤੇ
ਕਿਹਾ, “ਮਾਂ! ਤੂੰ ਫਿ਼ਕਰ ਨਾ ਕਰ , ਮੈਂ ਬਿੱਲੇ ਨੂੰ ਲੱਭ ਕੇ ਹੀ ਰੋਟੀ ਖਾਵਾਂਗਾ। ਮਾਂ
ਮੈਂ ਤੇਰਾ ਦੋਸ਼ੀ ਹਾਂ, ਜੇ ਉਹ ਨਾ ਲੱਭਿਆ ਤਾਂ ਮੈਂ ਵੀ ਕਦੇ ਤੈਨੂੰ ਮੂੰਹ ਨਹੀਂ
ਦਿਖਾਵਾਂਗਾ।” ਮਾਂ ਜੀ ਨੇ ਰੋਂਦਿਆਂ-ਰੋਂਦਿਆਂ ਵੀਰ ਦੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ
ਘੁੱਟ ਕੇ ਆਪਣੇ ਕਲਾਵੇ ਵਿੱਚ ਲੈ ਲਿਆ। “ਵੇ ਮੇਰਿਆ ਝੱਲਿਆ ਪੁੱਤਾ! ਅਜਿਹਾ ਕਰਕੇ ਮੈਨੂੰ
ਮੂਲੋਂ ਹੀ ਮਾਰਨਾ ਚਾਹੁੰਦੈਂ?” “ਨਹੀਂ ਮਾਂ ਜੀ ਨਹੀਂ!” ਮਾਂ ਜੀ ਨੇ ਵੀਰ ਜੀ ਨੂੰ ਕਿਹਾ ਕਿ
ਜਾਹ ਪੁੱਤ ਰੱਬ ਭਲੀ ਕਰੂਗਾ। ਬਲਦੇਵ ਵੀਰ ਜੀ ਰਾਤੋ-ਰਾਤ ਹੀ ਗੱਡੀਆਂ, ਬੱਸਾਂ ਅਤੇ ਟਰੱਕ
ਫੜ੍ਹਦੇ ਹੋਏ ਕਿਵੇਂ ਨਾ ਕਿਵੇਂ ਮੋਹਰੀ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ। ਇੱਕ ਇੱਕ ਲਾਸ਼
ਦੇਖੀ, ਸਾਰੇ ਹਸਪਤਾਲ ਛਾਣ ਲਏ ਅਤੇ ਮਰਨ ਵਾਲਿਆਂ ਦੀ ਫ਼ਹਿਰਿਸਤ ਕਈ ਵਾਰ ਦੇਖੀ ਅਤੇ ਹਰ
ਕਿਸੇ ਨੂੰ ਕਮਲਿਆਂ ਵਾਂਗ ਮੇਰੇ ਬਾਰੇ ਪੁੱਛਦਾ ਰਿਹਾ। ਨਿਰਾਸ਼ਤਾ ਨਾਲ ਭਰਿਆ ਅਤੇ ਸਦਮੇ ਦੇ
ਭਾਰ ਹੇਠ ਦੱਬਿਆ ਮੇਰਾ ਵੀਰ ਬਲਦੇਵ ਬੜੀ ਨਮੋਸ਼ੀ ਨਾਲ ਤੀਸਰੇ ਦਿਨ ਘਰ ਵਾਪਸ ਮੁੜਿਆ। ਕਿੰਨੀ
ਹੀ ਦੇਰ ਦਰਵਾਜ਼ੇ ਦੇ ਮੋਹਰੇ ਬਾਹਰ ਖੜ੍ਹੇ ਰਹੇ, ਜਾਣੋਂ ਪੈਰਾਂ ਨੇ ਤੁਰਨਾ ਭੁਲਾ ਦਿੱਤਾ
ਹੋਵੇ ਅਤੇ ਘਰ ਦੇ ਅੰਦਰ ਵੜ੍ਹਨ ਦੀ ਹਿੰਮਤ ਨਹੀਂ ਇਕੱਠੀ ਕਰ ਪਾ ਰਹੇ ਸਨ। ਜਾਣੋਂ ਸੋਚ ਰਹੇ
ਹੋਣ ਕਿ ਕਿਵੇਂ ਨਿਰਾਸ਼ ਮਾਂ ਦਾ ਸਾਹਮਣਾ ਕਰਾਂਗਾ। ਮਾਂ ਦੀਆਂ ਆਂਦਰਾਂ ਨੇ ਬਾਹਰ ਖੜ੍ਹੇ
ਹਾਲੋਂ-ਬੇਹਾਲ ਪੁੱਤਰ ਦੀ ਪੀੜ ਨੂੰ ਮਹਿਸੂਸ ਕਰਦਿਆਂ ਆਪ ਹੀ ਦਰਵਾਜ਼ਾ ਖੋਹਲ ਦਿੱਤਾ।
ਦੋਹਵੇਂ ਮਾਂ-ਪੁੱਤ ਇੱਕ ਦੂਜੇ ਨੂੰ ਲਿਪਟ ਗਏ। “ਅੰਮੜੀਏ! ਮੈਨੂੰ ਮੁਆਫ਼ ਕਰ ਦੇ! ਮੈਂ ਤੇਰਾ
ਬਿੱਲੂ ਤੈਨੂੰ ਵਾਪਸ ਲਿਆ ਕੇ ਨਹੀਂ ਦੇ ਸਕਿਆ। ਮਾਂ! ਮੈਨੂੰ ਓਸ ਦਾ ਕੋਈ ਖੁਰਾ-ਖੋਜ ਨਹੀਂ
ਲੱਭਿਆ।” ਮਾਂ ਨੇ ਆਪਣੇ ਪੱਲੂ ਨਾਲ ਪੁੱਤਰ ਦੀਆਂ ਅੱਖਾਂ ਵਿੱਚੋਂ ਵਗਦੇ ਅੱਥਰੂ ਪੂੰਝੇ ਅਤੇ
ਕਿਹਾ, “ਰੱਬ ਦਾ ਲੱਖ-ਲੱਖ ਸ਼ੁਕਰ ਹੈ। ਤੇਰੇ ਬਿੱਲੂ ਨੂੰ ਓਸ ਦਾਤੇ ਨੇ ਆਪ ਹੱਥ ਦੇ ਕੇ ਰੱਖ
ਲਿਆ। ਉਸਦੀ ਭੇਜੀ ਤਾਰ ਆਈ ਸੀ। ਪਤਾ ਨਹੀਂ ਕਮਲਾ ਜਿਹਾ ਕਿਓਂ ਸਿੱਧਾ ਸੋਨੀਪਤ ਚਲੇ ਗਿਆ।
ਪੁੱਤਰਾ ਮੈਨੂੰ ਉਹਦੇ ਕੋਲ ਲੈ ਚੱਲ।” ਬਲਦੇਵ ਵੀਰ ਜੀ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ,
“ਮਾਂ ਜੀ! ਤੁਸੀਂ ਹੌਂਸਲਾ ਰੱਖੋ। ਸਭ ਕੁਝ ਠੀਕ ਹੋ ਜਾਣਾ ਹੈ। ਮੈਂ ਕੱਲ ਨੂੰ ਉਸ ਨੂੰ
ਸੋਨੀਪਤ ਤੋਂ ਲੈ ਕੇ ਆਵਾਂਗਾ।” ਤਦ ਤਾਈਂ ਦੂਜੇ ਭੈਣ-ਭਰਾ ਅਤੇ ਪਿਤਾ ਜੀ ਵੀ ਆ ਗਏ। ਵੀਰ ਜੀ
ਸਭ ਦੇ ਗਲ ਲੱਗ ਕੇ ਮਿਲੇ ਅਤੇ ਸਭ ਨੇ ਰਲ ਕੇ ਇੱਕੋ ਸੁਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ
ਕੀਤਾ।
ਇੱਧਰ ਅਗਲੇ ਦੋ ਤਿੰਨ ਦਿਨਾਂ ਵਿੱਚ ਤਕਰੀਬਨ ਸਾਰੇ ਹੀ ਮੁੰਡੇ ਵਾਪਸ ਕਾਲਜ ਆ ਗਏ ਅਤੇ ਮੇਰੇ
ਸਾਥੀ ਵੀ ਪਹੁੰਚ ਗਏ। ਗੱਲ ਹੋਸਟਲ ਤੋਂ ਹੁੰਦੀ-ਹੁੰਦੀ ਸਾਰੇ ਕਾਲਜ ਵਿੱਚ ਫ਼ੈਲ ਗਈ ਕਿ
ਚਮਤਕਾਰ ਹੀ ਸਮਝੋ ਕਿ ਆਪਣਾ ਬਿੱਲਾ ਐਕਸੀਡੈਂਟ ਵਿੱਚ ਖ਼ਾਸ ਕਰਕੇ ਓਸ ਡੱਬੇ ਵਿੱਚੋਂ ਕੱਲ੍ਹਾ
ਹੀ ਬਚਿਆ, ਜਿਸਦੇ ਸਾਰੇ ਯਾਤਰੀ ਮਾਰੇ ਗਏ ਅਤੇ ਡੱਬਾ ਵੀ ਇੰਜਣ ਦੇ ਨਾਲ ਵਾਲਾ ਸੀ, ਜਿਹਦੇ
ਚਿਥੜੇ-ਚਿਥੜੇ ਹੋ ਗਏ ਸਨ। ਮੇਰੇ ਕਮਰੇ ਵਿੱਚ ਤਾਂ ਸਾਥੀਆਂ, ਇੰਸਟਰਕਟਰਾਂ ਅਤੇ ਵਿਦਿਆਰਥੀਆਂ
ਦਾ ਮੇਲਾ ਜਿਹਾ ਹੀ ਲੱਗ ਗਿਆ। ਦੋ ਚਲੇ ਗਏ ਅਤੇ ਚਾਰ ਆ ਗਏ। ਇਸ ਹਾਦਸੇ ਕਰਕੇ ਖ਼ਾਸ ਕਰ
ਤਰਲੋਚਨ ਨੇ ਗੱਲ ਆਪਣੇ ਦਿਲ ਨੂੰ ਲਾ ਲਈ। ੳਸ ਨੇ ਚਿੱਤ ਵਿੱਚ ਬਿਠਾ ਲਿਆ ਕਿ ਮੈਂ ਹੀ
ਗੁਾਨਹਗਾਰ ਹਾਂ, ਮੈਂ ਹੀ ਇਸਨੂੰ ਮੌਤ ਦੇ ਮੂੰਹ ਵਿੱਚ ਧੱਕਾ ਦਿੱਤਾ ਸੀ।
ਅਗਲੀ ਸਵੇਰ ਹੀ ਬਲਦੇਵ ਵੀਰ ਜੀ ਸਾਡੇ ਹੋਸਟਲ ਪਹੁੰਚ ਗਏ। ਮੈਂ ਇੱਕ ਨਿੱਕੇ ਬਾਲ ਵਾਂਗ ਵੀਰ
ਜੀ ਨੂੰ ਜਾ ਚਿੰਬੜਿਆ ਅਤੇ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਵੀਰ ਜੀ ਦੀਆਂ ਵੀ ਅੱਖਾਂ ਭਰ
ਆਈਆਂ। ਉਹਨਾਂ ਮੈਨੂੰ ਬੜਾ ਪਿਆਰ ਅਤੇ ਦੁਲਾਰ ਦਿੱਤਾ। ਵੀਰ ਜੀ ਵਾਰ-ਵਾਰ ਮੇਰੇ ਵੱਲਾਂ ਵੇਖੀ
ਜਾਂਦੇ ਸਨ। ਉਹਨਾਂ ਦੀ ਮੇਰੇ ਤੋਂ ਨਜ਼ਰ ਹੀ ਨਹੀਂ ਸੀ ਹਟਦੀ। ਦੂਜੇ ਸਾਥੀ ਵੀ ਭਾਅ ਜੀ ਨੂੰ
ਆ ਕੇ ਮਿਲੇ ਅਤੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ। ਦੂਜੇ ਮੁੰਡਿਆਂ ਨੇ ਪਤਾ ਨਹੀਂ ਕਦੋਂ ਵੀਰ
ਜੀ ਦੇ ਨਹਾਉਣ ਦਾ ਇੰਤਜ਼ਾਮ ਕਰ ਲਿਆ ਅਤੇ ਫ਼ੇਰ ਨਾਲ ਦੇ ਮੁੰਡਿਆਂ ਨੇ ਨਾਸ਼ਤੇ ਅਤੇ ਚਾਹ ਦਾ
ਵੀ ਇੰਤਜ਼ਾਮ ਕਰ ਲਿਆ। ਵੀਰ ਜੀ ਨੇ ਉੱਠਦੇ ਹੋਏ ਕਿਹਾ, “ਚੰਗਾ ਬੱਚਿਓ, ਮੈਂ ਪਹਿਲਾਂ
ਥੋੜ੍ਹਾ ਜਿਹਾ ਫ਼ਰੈਸ਼ ਹੋ ਲਵਾਂ ਅਤੇ ਫ਼ੇਰ ਚਾਹ ਪਾਣੀ ਪੀ ਕੇ ਤੁਹਾਡੇ ਨਾਲ ਕਾਲਜ ਚੱਲਦੇ
ਹਾਂ। ਤੁਹਾਡਾ ਸੁਪਰੀਡੈਂਟ ਮੇਰਾ ਪੁਰਾਣਾ ਜਮਾਤੀ ਹੈ। ਉਸ ਨੂੰ ਮਿਲ ਕੇ ਬਿੱਲੇ ਨੂੰ ਕੁਝ
ਦਿਨਾਂ ਦੀਆਂ ਛੁੱਟੀਆਂ ਦੁਆ ਕੇ, ਜਲੰਧਰ ਮਾਂ ਜੀ ਦੇ ਕੋਲ ਲੈ ਕੇ ਜਾਣਾ ਹੈ। ਸਾਰਾ ਟੱਬਰ
ਬੜਾ ਅਪਸੈੱਟ ਹੈ।” ਸਾਰਿਆਂ ਨੇ ਕਿਹਾ, “ ਹਾਂ ਭਾਅ ਜੀ! ਸਾਰੇ ਭੈਣ-ਭਰਾਵਾਂ ਅਤੇ ਮਾਂ ਜੀ
ਨੂੰ ਮਿਲ ਕੇ ਇਸਦਾ ਦਿਲ ਵੀ ਥੋੜ੍ਹਾ ਜਿਹਾ ਧਰਵਾਸ ਧਰ ਜਾਊਗਾ। ਬਹੁਤ ਡੋਲਿਆ ਹੋਇਆ ਹੈ
ਵਿਚਾਰਾ।” ਸ਼ਾਮ ਨੂੰ ਤਕਰੀਬਨ ਸਾਰੇ ਸਾਥੀ, ਕੁਝ ਹੋਸਟਲ ਦੇ ਮੁੰਡੇ, ਕੁਝ ਮਾਸਟਰ ਅਤੇ ਸਾਡਾ
ਸੁਪਰੀਡੈਂਟ ਵੀ ਭਾਅ ਜੀ ਨੂੰ ਸੀ-ਆਫ਼ ਕਰਨ ਆਏ ਸੀ ਕਿਉਂਕਿ ਭਾਅ ਜੀ ਚੰਡੀਗੜ੍ਹ ਵਿੱਚ
ਇੰਡਸਟਰੀ ਡਿਪਾਰਟਮੈਂਟ ਵਿੱਚ ਵੱਡੇ ਅਫ਼ਸਰ ਲੱਗੇ ਹੋਏ ਸਨ। ਇਸ ਲਈ ਸਾਰੇ ਉਹਨਾਂ ਦੀ ਕਾਫ਼ੀ
ਦੀਦ ਅਤੇ ਮਾਣ ਕਰਦੇ ਸਨ। ਦੂਜਾ ਰੇਲ ਹਾਦਸੇ ਵਜੋਂ ਸਾਰਿਆਂ ਦੀ ਮੇਰੇ ਨਾਲ ਹਮਦਦਰਦੀ ਬਣੀ
ਹੋਈ ਸੀ। ਅਸੀਂ ਚਾਈਂ-ਚਾਈਂ ਗੱਡੀ ਚੜ੍ਹ ਕੇ ਦੂਜੇ ਦਿਨ ਸਵੇਰੇ ਹੀ ਜਾ ਘਰ ਦਾ ਦਰਵਾਜ਼ਾ
ਖੜਕਾਇਆ। ਸਭ ਮਿਲੇ ਅਤੇ ਖ਼ੁਸ਼ ਹੋਏ, ਪਰ ਮਾਂ ਤਾਂ ਬਾਰ-ਬਾਰ ਮੈਨੂੰ ਆਪਣੇ ਸੀਨੇ ਨਾਲ
ਲਾੳਂਦੀ ਨਾ ਰੱਜਦੀ।
ਹੁਣ ਗੱਲ ਕਰਦੇ ਹਾਂ ਮੇਰੇ ਪਿਤਾ ਜੀ ਬਾਰੇ। ਮੇਰੇ ਪਿਤਾ ਜੀ ਬਹੁਪੱਖੀ ਸ਼ਖ਼ਸੀਅਤ ਸਨ। ਇੱਕ
ਵਧੀਆ ਫ਼ੌਜੀ ਤਾਂ ਉਹ ਸਨ ਹੀ, ਨਾਲ-ਨਾਲ ਉਹ ਇੱਕ ਵਧੀਆ ਅਤੇ ਸਿਆਣੇ ਸਮਝਦਾਰ ਇਨਸਾਨ ਵੀ ਸਨ।
ਇੱਕ ਸਿੱਧੇ-ਸਾਦੇ, ਸਰਲ, ਸੰਜਮੀ ਅਤੇ ਕਰਮਯੋਗੀ, ਅਸੂਲ ਪਸੰਦ, ਅਸੂਲਾਂ ‘ਤੇ ਪਹਿਰਾ ਦੇਣ
ਵਾਲੇ। ਪਿਤਾ ਜੀ ਬੜੇ ਰਿਜ਼ਰਵ ਰਹਿੰਦੇ ਸਨ ਅਤੇ ਬੜੀ ਹੀ ਨਪੀ ਤੁਲੀ ਗੱਲ ਕਰਦੇ ਸਨ। ਆਪਣੇ
ਰਹਿਣ-ਸਹਿਣ ਅਤੇ ਖਾਣ-ਪੀਣ ਦੀ ਵੀ ਉਹਨਾਂ ਦੀ ਇੱਕ ਮਰਿਯਾਦਾ ਬਣੀ ਹੋਈ ਸੀ। ਉਹਨਾਂ ਕਦੇ
ਮੀਟ-ਮਾਸ ਦਾ ਸੇਵਨ ਨਹੀਂ ਕੀਤਾ ਸੀ ਅਤੇ ਜੇ ਸ਼ਾਮ ਨੂੰ ਕਦੇ ਰੋਟੀ ਲਈ ਸਾਢੇ ਛੇ ਤੋਂ ਸੱਤ
ਵੱਜ ਜਾਂਦੇ ਤੇ ਰੋਟੀ ਮਿਲ ਜਾਂਦੀ ਤਾਂ ਠੀਕ ਨਹੀਂ ਤਾਂ ਇੱਕ ਗਲਾਸ ਦੁੱਧ ਦਾ ਪੀ ਕੇ ਕਹਿਣਾ,
“ਬੱਸ! ਹੁਣ ਕੱਲ੍ਹ ਨੂੰ ਸਹੀ। ਚੱਲੋ ਇਸੇ ਬਹਾਨੇ ਜ਼ਰਾ ਪੇਟ ਨੂੰ ਵੀ ਆਰਾਮ ਮਿਲ ਜਾਏਗਾ।”
ਘਰ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਬਿਲਕੁਲ ਨਹੀਂ ਸਨ ਕਰਦੇ। ਪਰ ਉਹਨਾਂ ਦੀ ਨਜ਼ਰ ਹਰ
ਕਿਰਿਆ ‘ਤੇ ਰਹਿੰਦੀ ਸੀ। ਉਹਨਾਂ ਕਦੇ ਕਿਸੇ ਬੱਚੇ ਨੂੰ ਕੁਝ ਨਹੀਂ ਕਿਹਾ ਸੀ। ਪਰ ਉਹਨਾਂ ਦਾ
ਰੋਹਬ ਪੂਰਾ ਸੀ। ਇਸੇ ਤਰ੍ਹਾਂ ਮੇਰੇ ਮਾਤਾ ਜੀ ਭਾਵੇਂ ਬਹੁਤੇ ਪੜ੍ਹੇ-ਲਿਖੇ ਨਹੀਂ ਸਨ, ਪਰ
ਬਹੁਤ ਹੀ ਸੁੱਘੜ ਸਿਆਣੇ, ਸਿਦਕੀ ਅਤੇ ਅਪਣੱਤ ਵਾਲੇ ਸਨ। ਅਸੀਂ ਅੱਜ ਤਾਈਂ ਮਾਤਾ ਜੀ ਅਤੇ
ਪਿਤਾ ਜੀ ਨੂੰ ਉੱਚਾ ਬੋਲਦਿਆਂ ਨਹਂਿ ਵੇਖਿਆ ਸੀ। ਉਹਨਾਂ ਦੇ ਇਹੀ ਸੰਸਕਾਰ ਬਾਕੀ ਦੇ ਪਰਿਵਾਰ
ਵਿੱਚ ਸਨ। ਅਸੀਂ ਛੋਟੇ ਭੈਣ-ਭਰਾਵਾਂ ਨੇ ਵੱਡੇ ਵੀਰਾਂ ਅੱਗੇ ਕਦੇ ਬੋਲਣਾ ਤਾਂ ਕੀ ਉਹਨਾਂ ਦਾ
ਨਾਮ ਲੈ ਕੇ ਵੀ ਪੁਕਾਰਿਆ ਨਹੀਂ ਸੀ। ਸਾਡੇ ਮਾਂ ਜੀ ਦਾ ਅਸੀਂ ਘਰ ਦੇ ਜੀਅ ਹੀ ਨਹੀਂ ਸਗੋਂ
ਆਂਢੀ-ਗੁਆਂਢੀ ਅਤੇ ਸਾਰਾ ਪਿੰਡ ਅਤੇ ਸ਼ਰੀਕਾ ਦਿਲੋਂ ਮਾਣ ਅਤੇ ਸਤਿਕਾਰ ਕਰਦਾ ਸੀ।
ਕੁਝ ਕੁ ਦਿਨਾਂ ਬਾਅਦ ਪਿਤਾ ਜੀ ਮੇਰੀ ਮਾਂ ਜੀ ਨਾਲ ਸਲਾਹੀਂ ਪਏ ਸਨ, “ ਭਾਗਵਾਨੇ! ਹੋਰ
ਕਿੰਨੇ ਕੁ ਦਿਨ ਆਪਣੇ ਲਾਡਲੇ ਨੂੰ ਘਰੇ ਬਿਠਾਈ ਰੱਖੇਂਗੀ। ਉਸਦੀ ਪੜ੍ਹਾਈ ਖ਼ਰਾਬ ਹੋ ਰਹੀ
ਹੈ। ਬਹੁਤਾ ਲਾਡ-ਪਿਆਰ ਵੀ ਬੱਚਿਆਂ ਨੂੰ ਧੁਰ ਅੰਦਰੋਂ ਕਮਜ਼ੋਰ ਅਤੇ ਅਪਾਹਜ ਬਣਾ ਦਿੰਦਾ ਹੈ।
ਤੁਸੀਂ ਤਾਂ ਕਦੇ ਏਨੇ ਕਮਜ਼ੋਰ ਨਹੀਂ ਸੀ ਹੋਏ, ਤਗੜੇ ਹੋਵੋ! ਤੁਸੀਂ ਇੱਕ ਗਰੇਟ ਫ਼ੌਜੀ ਦੀ
ਧੀ ਹੋ, ਜਿਹਨਾਂ ਨੇ ਦੋ ਵਿਸ਼ਵ ਯੁੱਧ ਲੜੇ ਸਨ ਅਤੇ ਸਰਕਾਰ ਨੇ ਉਹਨਾਂ ਨੂੰ ਚਾਰ ਮੁਰੱਬੇ
ਜ਼ਮੀਨ ਇਨਾਮ ਵਜੋਂ ਦਿੱਤੀ ਸੀ। ਕਿੰਨੀਆਂ ਉਹਨਾਂ ਨੇ ਘਾਲਣਾਂ ਘਾਲੀਆਂ, ਮੈਂ ਤਾਂ ਉਹਨਾਂ
ਨੂੰ ਹਮੇਸ਼ਾਂ ਆਪਣਾ ਪ੍ਰੇਰਣਾ ਸਰੋਤ ਸਮਝਦਾ ਆਇਆ ਹਾਂ। ਖ਼ਾਸ ਕਰਕੇ ਜਦੋਂ ਮੈਂ ਦੂਜੇ ਵਿਸ਼ਵ
ਯੁੱਧ ਦੌਰਾਨ ਆਸਾਮ ਅਤੇ ਬਰਮਾ ਦੇ ਬਾਰਡਰ ‘ਤੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਿਆ ਸਾਂ।” ਓਸ
ਵੇਲੇ ਨੂੰ ਯਾਦ ਕਰ ਕੇ ਮਾਂ ਜੀ ਕੰਬ ਜਾਂਦੇ ਸਨ। ਮੈਂ ਉਹਨਾਂ ਦੇ ਕੋਲੋਂ ਲੰਘਣ ਲੱਗਾ ਤਾਂ
ਪਿਤਾ ਜੀ ਨੇ ਮੈਨੂੰ ਕੋਲ ਬੁਲਾ ਲਿਆ ਅਤੇ ਪੁੱਛਣ ਲੱਗੇ, “ਕਿਓਂ ਬਈ ਜਵਾਨਾ ਹੁਣ ਕੈਮ ਤਾਂ
ਹੈਂ ਨਾ? ਕਿੰਨੀਆਂ ਕੁ ਹੋਰ ਮਾਂ ਦੀਆਂ ਪੱਕੀਆਂ ਖਾਣੀਆਂ ਨੇ? ਵੇਖ ਤੇਰੀ ਪੜ੍ਹਾਈ ਖ਼ਰਾਬ ਹੋ
ਰਹੀ ਹੈ, ਹੋਰ ਕਿਤੇ ਤੇਰਾ ਸਾਲ ਨਾ ਮਾਰਿਆ ਜਾਵੇ। ਤਗੜਾ ਹੋ! ਤੂੰ ਫ਼ੌਜੀ ਦਾ ਪੁੱਤਰ ਹੈਂ,
ਅਜਿਹੇ ਹਾਦਸੇ ਤਾਂ ਰੋਜ਼ ਆਉਂਦੇ ਜਾਂਦੇ ਰਹਿੰਦੇ ਨੇ। ਹਾਂ! ਡਾਕਟਰ ਮੇਜਰ ਸ਼ਰਮਾ ਨੇ ਤੈਨੂੰ
ਖ਼ਾਸ ਕਰਕੇ ਆਪਣੀ ਸ਼ਾਬਾਸ਼ ਭੇਜੀ ਹੈ। ਤੇਰੀ ਬੜੀ ਸਿਫ਼ਤ ਕੀਤੀ ਹੈ। ਮੈਨੂੰ ਤੇਰੇ’ਤੇ ਮਾਣ
ਹੈ ਬੱਚੇ। ਪਰ ਤੂੰ ਉਦੋਂ ਨਹੀਂ ਡੋਲਿਆ ਸੀ ਤੇ ਹੁਣ ਤੈਨੂੰ ਕੀ ਹੋ ਗਿਐ?” “ਨਹੀਂ ਪਿਤਾ ਜੀ
ਮੈਂ ਬਿਲਕੁਲ ਠੀਕ ਹਾਂ। ਤੁਸੀਂ ਦੋਨਾਂ ਨੇ ਮੇਰਾ ਬਿਲਕੁਲ ਫਿ਼ਕਰ ਨਹੀਂ ਕਰਨਾ।” “ਚੰਗਾ
ਫ਼ੇਰ ਤੂੰ ਪਰਸੋਂ ਤਿਆਰ ਰਹੀਂ, ਮੈਂ ਵੀ ਸਰਕਾਰੀ ਦੌਰਾ ਪਾ ਲਵਾਂਗਾ ਦਿੱਲੀ ਜਾਣ ਦਾ। ਕੁਝ
ਮਸ਼ੀਨਾਂ ਦੀ ਹੈੱਡਕੁਆਰਟਰ ਵਿੱਚ ਅਦਲਾ-ਬਦਲੀ ਕਰਵਾ ਕੇ ਲਿਆਣੀ ਹੈ, ਰਾਹ ਵਿੱਚ ਤੈਨੂੰ ਲਾਹ
ਦਿਆਂਗੇ। ਚੰਗਾ ਭਾਗਵਾਨੇ! ਮੇਰੇ ਵੀ ਕੁਝ ਕੱਪੜੇ ਅਤੇ ਸਮਾਨ ਬੈਗ ਵਿੱਚ ਪਾ ਦੇਵੀਂ।” “ਅੱਛਾ
ਪਿਤਾ ਜੀ! ਮੈਂ ਵੀ ਤਿਆਰ ਰਹਾਂਗਾ ਤੁਹਾਡੇ ਨਾਲ ਜਾਣ ਲਈ।” ਪਰ ਮਾਂ ਦੀਆਂ ਆਂਦਰਾਂ ਹਾਲੇ
ਰੱਜੀਆਂ ਨਹੀਂ ਸਨ, ਉਸਦਾ ਡੂੰਘਾ ਅਹਿਸਾਸ ਕਹਿ ਰਹਿਾ ਸੀ ਕਿ ਹਾਲੇ ਮੇਰੇ ਪੁੱਤ ਦੇ ਧੁਰ
ਅੰਦਰਲੇ ਜ਼ਖ਼ਮ ਅੱਲ੍ਹੇ ਨੇ। ਇਸ ਨੂੰ ਹਾਲੇ ਮੇਰੀ ਮਮਤਾ ਦਾ ਨਿੱਘ ਦੀ ਬਹੁਤ ਲੋੜ ਹੈ। ਅਤੇ
ਫ਼ੇਰ ਜਾਣੋਂ ਅਸੀਂ ਦੋਹਵੇਂ ਮਾਂ-ਪੁੱਤ ਨੇ ਅੰਦਰੋ-ਅੰਦਰੀ ਵਕਤ ਨਾਲ ਸਮਝੌਤਾ ਕਰ ਲਿਆ ਹੋਵੇ।
ਪਿਤਾ ਜੀ ਤਾਂ ਸਵੇਰੇ ਤੋਂ ਹੀ ਆਪਣੇ ਲਾਮ-ਲਸ਼ਕਰ ਨਾਲ ਰੁੱਝੇ ਹੋਏ ਸਨ। ਚਾਰ-ਪੰਜ ਵੱਡੇ
ਟਰੰਕਾਂ ਵਿੱਚ ਲੱਦਿਆ ਹੋਇਆ ਸਮਾਨ ਅਤੇ ਵੀਹ ਦੇ ਕਰੀਬ ਜਵਾਨ ਨਾਲ ਜਾ ਰਹੇ ਸਨ। ਅਚਾਨਕ ਇੱਕ
ਫ਼ੌਜੀ ਜੀਪ ਘਰ ਅੱਗੇ ਆ ਕੇ ਰੁਕੀ ਅਤੇ ਇੱਕ ਜਵਾਨ ਨੇ ਆ ਕੇ ਬੜੇ ਅਦਬ ਨਾਲ ਮਾਂ ਜੀ ਨੂੰ
ਸਤਿ ਸ੍ਰੀ ਅਕਾਲ ਬੁਲਾਈ। ਉਸ ਨੇ ਕਿਹਾ “ਸਾਹਬ ਦਾ ਸਮਾਨ ਦੇ ਦਿਓ ਤੇ ਜੇ ਕਾਕਾ ਜੀ ਤਿਆਰ
ਹਨ, ਉਹਨਾਂ ਨੂੰ ਵੀ ਨਾਲ ਲਿਜਾਣਾ ਹੈ।” ਮੈਂ ਛੇਤੀ-ਛੇਤੀ ਦੋਹਵੇਂ ਭੈਣਾਂ ਦੇ ਗਲੇ ਮਿਲਿਆ
ਅਤੇ ਮਾਂ ਜੀ ਦੇ ਪੈਰੀਂ ਹੱਥ ਲਾਇਆ। ਮਾਂ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਕਿਹਾ,
“ਜਾਹ ਮੇਰੇ ਬੱਚੇ ਤੇਰਾ ਵਾਹਿਗੁਰੂ ਸਹਾਈ ਹੋਵੇ, ਤੱਤੀ ਵਾ ਨਾ ਲੱਗੇ। ਆਪਣਾ ਖਿ਼ਆਲ ਰੱਖੀਂ,
ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ।” ਮੈਂ ਕਿਹਾ, “ਮਾਂ ਮੈਂ ਦੋਹਵੇਂ ਵੱਡੇ ਵੀਰਿਆਂ
ਨੂੰ ਤਾਂ ਮਿਲ ਹੀ ਨਹੀਂ ਸਕਿਆ” ਤੇ ਮਾਂ ਜੀ ਨੇ ਦਿਲਾਸਾ ਦਿੱਤਾ, “ ਕੋਈ ਗੱਲ ਨਹੀਂ, ਮੈਂ
ਉਹਨਾਂ ਨੂੰ ਦੱਸ ਦਿਆਂਗੀ ਕਿ ਬਿੱਲਾ ਤੁਹਾਨੂੰ ਯਾਦ ਕਰਦਾ-ਕਰਦਾ ਗਿਆ ਏ।” ਡਰਾਈਵਰ ਸ਼ਾਇਦ
ਕਾਹਲ ਵਿੱਚ ਸੀ, ਉਹ ਮੈਨੂੰ ਲੈ ਕੇ ਛੇਤੀ ਮੁੜ ਪਿਆ। ਜੀਪ ਦੇ ਪਿਛਲੇ ਹਿੱਸੇ ਵਿੱਚ ਬੈਠਾ
ਮੈਂ ਦੂਰ ਤੱਕ ਮਾਂ ਜੀ ਵੱਲ ਦੇਖਦਾ ਰਿਹਾ।
ਰਾਹ ਵਿੱਚ ਅੰਬਾਲਾ ਕੈਂਟ ਦੇ ਕਿਸੇ ਮਿਲਟਰੀ ਹੈਡ ਕੁਆਰਟਰ ਵਿੱਚ ਅਸੀਂ ਰੁਕੇ ਅਤੇ ਓਥੇ ਹੀ
ਮੈੱਸ ਵਿੱਚ ਸਭ ਨੇ ਖਾਣਾ ਖਾਧਾ। ਓਥੇ ਘੰਟੇ ਕੁ ਦੇ ਪੜਾਅ ਮਗਰੋਂ ਅਸੀਂ ਦਿੱਲੀ ਵੱਲ ਰਵਾਨਾ
ਹੋ ਗਏ। ਕਰਨਾਲ ਲੰਘ ਕੇ ਖੇਤਾਂ ਦੇ ਕੋਲ ਇੱਕ ਵਾਰ ਫ਼ੇਰ ਸਾਡਾ ਕਾਫ਼ਲਾ ਰੁਕ ਗਿਆ। ਤਕਰੀਬਨ
ਸਾਰੇ ਹੀ ਬੜੀ ਫ਼ੁਰਤੀ ਨਾਲ ਹਲਕੇ ਹੋ ਕੇ ਆ ਗਏ। ਏਨੇ ਨੂੰ ਪਤਾ ਨਹੀਂ ਕਿਹੜੇ ਵੇਲੇ ਚੱਲਦੇ
ਟਰੱਕ ਵਿੱਚ ਹੀ ਮਿਲਟਰੀ ਦੇ ਜਵਾਨ ਨੂੰ ਵੱਡੀ ਕੇਤਲੀ ਵਿੱਚ ਚਾਹ ਬਣਾ ਲਈ। ਸਭ ਨੂੰ ਮਿਲਟਰੀ
ਦੇ ਵੱਡੇ-ਵੱਡੇ ਮੱਘਿਆਂ (ਚਿੱਟੇ ਨੀਲੀ ਧਾਰੀ ਵਾਲੇ) ਵਿੱਚ ਚਾਹ ਵਰਤਾ ਦਿੱਤੀ। ਚਾਹ
ਸੱਚਮੁੱਚ ਹੀ ਬੜ੍ਹੀ ਗਾੜ੍ਹੀ ਅਤੇ ਸੁਆਦੀ ਸੀ। ਫਿ਼ਰ ਪਤਾ ਨਹੀਂ ਪਿਤਾ ਜੀ ਨੂੰ ਕੀ ਲਾਡ ਆ
ਗਿਆ, ਉਹਨਾਂ ਨੇ ਮੈਨੂੰ ਅਗਲੀ ਸੀਟ’ਤੇ ਆਪਣੇ ਕੋਲ ਬਿਠਾ ਲਿਆ। ਦੋ ਚਾਰ ਸਰਸਰੀ ਜਿਹੀਆਂ
ਗੱਲਾਂ ਕਰਕੇ ਉਹ ਆਪਣੇ ਮੁੱਦੇ ਵਾਲੀਆਂ ਗੱਲਾਂ ਵੱਲ ਵਧੇ। ਉਹਨਾਂ ਅੱਜ ਮੈਨੂੰ ਬੜੀ ਅਪਣੱਤ
ਨਾਲ ਮੁਖ਼ਾਤਿਬ ਹੋ ਕੇ ਕਿਹਾ, “ਲੈ ਮੇਰੇ ਬੱਚੇ! ਅੱਜ ਮੈਂ ਆਪਣੀ ਜਿ਼ੰਦਗੀ ਦੀਆਂ ਬਹੁਤ
ਅਹਿਮ ਯਾਦਾਂ ਸਾਂਝੀਆਂ ਕਰ ਰਿਹਾ ਹਾਂ।” ਮੈਂ ਉਤਸ਼ਾਹ ਨਾਲ ਕਿਹਾ, “ਦੱਸੋ-ਦੱਸੋ ਪਿਤਾ ਜੀ!”
ਤੇ ਪਿਤਾ ਜੀ ਨੇ ਗੱਲ ਦੱਸਣੀ ਸ਼ੁਰੂ ਕਰ ਦਿੱਤੀ, “ ਮੇਰੇ ਬੱਚੇ ਗੱਲ ਉਦੋਂ ਦੀ ਹੈ,
1941-42 ਦੀ, ਜਦੋਂ ਤੂੰ ਹਾਲੇ ਜੰਮਿਆ ਨਹੀਂ ਸੀ। ਤੇਰੀ ਮਾਂ ਪੂਰੇ ਦਿਨਾਂ ਤੇ ਰੋਜ਼ ਤੈਨੂੰ
ਅਤੇ ਮੈਨੂੰ ਬੜੀ ਸਿੱ਼ਦਤ ਨਾਲ ਉਡੀਕਦੀ ਸੀ। ਮੈਂ ਅਤੇ ਮੇਰੇ ਦੋ ਸੌ ਸਾਥੀ ਦੂਸਰੇ ਵਿਸ਼ਵ
ਯੁੱਧ ਵਿੱਚ ਬਰਮਾ ਆਸਾਮ ਦੇ ਬਾਰਡਰ ‘ਤੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ। ਜਿਓਂ-ਜਿਓਂ
ਦੁਸ਼ਮਣਾਂ ਦਾ ਘੇਰਾ ਤੰਗ ਹੁੰਦਾ ਜਾਂਦਾ, ਸਾਡੇ ਜਿਊਣ ਦੀ ਆਸ ਓਨੀ ਹੀ ਘਟਦੀ ਜਾਂਦੀ।
ਨਾਲੇ-ਨਾਲੇ ਸਾਡੇ ਜਵਾਨਾਂ ਦੀ ਗਿਣਤੀ ਵੀ ਘਟਦੀ ਜਾਂਦੀ। ਜਵਾਨਾਂ ਦੇ ਨਾਲ-ਨਾਲ ਖਾਣ-ਪੀਣ ਦੀ
ਰਸਦ ਅਤੇ ਅਸਲਾ ਵੀ ਘਟਦਾ ਜਾ ਰਿਹਾ ਸੀ। ਅਸੀਂ ਦਿਨ-ਰਾਤ ਘਣੇ ਜੰਗਲਾਂ ਦੀਆਂ ਝਾੜੀਆਂ,
ਖਾਈਆਂ ਅਤੇ ਦਲਦਲਾਂ ਵਿੱਚ ਭੱਜੇ ਫਿ਼ਰਦੇ ਸੀ। ਹਰ ਪਾਸੇ ਮੌਤ ਸਿਰ’ਤੇ ਨੱਚਦੀ ਜਾਪਣ ਲੱਗੀ।
ਕਿਤੇ ਕੋਈ ਲਾਸ਼ ਫੁੱਲੀ ਪਈ, ਅਤੇ ਕਿਤੇ ਕੋਈ ਲਾਸ਼ ਜਾਨਵਰਾਂ ਨੇ ਖਾਧੀ ਪਈ ਸੀ। ਅਸੀਂ
ਉਹਨਾਂ ਬੋ ਮਾਰਦੀਆਂ ਲਾਸ਼ਾਂ ਦੀਆਂ ਕਿੱਟਾਂ ਵਿੱਚੋਂ ਫ਼ਰੋਲ ਕੇ ਬਚਿਆ ਫ਼ੂਡ ਖਾਂਦੇ ਅਤੇ
ਕਿਸੇ ਲਾਸ਼ ਦੀ ਕੁੱਪੀ ਵਿੱਚੋਂ ਬੂੰਦ-ਬੂੰਦ ਨਿਚੋੜ ਕੇ ਪਾਣੀ ਵੀ ਪੀਤਾ। ਅਸੀਂ ਮਰਿਆਂ
ਪਸ਼ੂਆਂ ਅੱਗਿਓਂ ਬਚਿਆ ਖੁਚਿਆ ਚੋਕਰ ਵੀ ਚੁੱਕ ਕੇ ਖਾਣਾ। ਸਾਡੇ ਬੂਟਾਂ ਵਿੱਚ ਤਸਮਿਆਂ ਦੇ
ਰਾਹ ਵੜੀਆਂ ਜੋਕਾਂ ਸਾਡਾ ਖ਼ੂਨ ਚੂਸ-ਚੂਸ ਕੇ ਫੁੱਲੀਆਂ ਪਈਆਂ ਸਨ। ਪੀੜ ਨਾਲ ਚੱਲਣਾ ਵੀ
ਮੁਸ਼ਕਿਲ ਹੋ ਗਿਆ ਸੀ। ਨੱਠਣਾ ਤਾਂ ਦੂਰ ਦੀ ਗੱਲ ਸੀ ਤੇ ਕਦੇ ਆਂਭੇ-ਲਾਂਭਿਓਂ ਗੋਲੀਆਂ ਦੀ
ਬੁਛਾੜ ਅਤੇ ਕਦੇ ਉੱਪਰੋਂ ਬੰਬਾਰਮੈਂਟ। ਇਓਂ ਲੱਗਦਾ ਸੀ ਕਿ ਬੱਸ ਹੁਣੇ ਗਏ ਕਿ ਗਏ। ਆਖਿ਼ਰ
ਉਹ ਦਿਨ ਵੀ ਆ ਹੀ ਗਿਆ ਜਦੋਂ ਅਸੀਂ ਦੁਸ਼ਮਣਾਂ ਦੀ ਜੱਦ ਵਿੱਚ ਬੁਰੀ ਤਰ੍ਹਾਂ ਨਾਲ ਫ਼ਸ ਗਏ।
ਤਿੰਨਾਂ ਪਾਸਿਆਂ ਤੋਂ ਹੈਵੀ ਗੋਲੀਆਂ , ਮੀਂਹ ਵਾਂਗਰਾਂ ਜਾਣੋਂ ਵਰ ਰਹੀਆਂ ਸਨ। ਪਿੱਛੇ ਸਾਡੇ
ਵੱਡੀ ਸਾਰੀ ਖਾਈ ਸੀ, ਜਿਸ ਵਿੱਚੋਂ ਗਿਰ ਕੇ ਕੁਝ ਜਵਾਨ ਪਲਾਂ ਵਿੱਚ ਦੁਸ਼ਮਣ ਦੀ ਗੋਲੀ ਨਾਲ
ਵੀਰ ਗਤੀ ਪਾ ਗਏ। ਅਸੀਂ ਬਚੇ ਪੰਜ ਜਵਾਨ ਭੁੱਖੇ ਪਿਆਸੇ ਕਰੀਬ ਚੌਦਾਂ ਦਿਨ ਉਹਨਾਂ ਲਾਸ਼ਾਂ
ਦੇ ਥੱਲੇ ਅੱਧਮੋਏ ਜਿਹੇ ਪਏ ਰਹੇ। ਏਸੇ ਵੇਲੇ ਦੁਸ਼ਮਣ ਸਨ ਜਾਂ ਫ਼ੇਰ ਲੋਕਲ ਨਾਗੇ ਲੋਕ ਪਤਾ
ਨਹੀਂ , ਸਾਡਾ ਅਸਲਾ ਤੇ ਸਮਾਨ ਲੁੱਟਣ ਆਏ ਤੇ, ਖੋਖਰੀਆਂ ਨਾਲ, ਸਣੇ ਪੈਰ ਬੂਟ ਬੱਢ ਕੇ ਲੈ
ਗਏ। ਵਰਦੀਆਂ ਤੱਕ ਲਾਹ ਲਈਆਂ। ਬੋ ਮਾਰਦੀਆਂ, ਨੰਗੀਆਂ ਧੜੰਗੀਆਂ ਫ਼ੁੱਲੀਆਂ ਅਤੇ ਪੈਰ
ਕੱਟੀਆਂ ਲਾਸ਼ਾਂ ਦੇ ਢੇਰ ਲਾਸ਼ਾਂ ਦੇ ਢੇਰ ਥੱਲੇ ਅਸੀਂ ਪਏ ਸਹਿਕਦੇ ਰਹੇ।”
“ਸਾਡੀ ਰੈਜੀਮੈਂਟ ਵਾਲਿਆਂ ਨੇ ਤਾਂ ਸਾਨੂੰ ਡੈੱਡ ਡਿਕਲੇਅਰ ਕਰਕੇ ਸਾਡੇ ਘਰੀਂ ਚਿੱਠੀਆਂ ਵੀ
ਭੇਜ ਦਿੱਤੀਆਂ ਸਨ। ਪਰ, ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ…। ਪਤਾ ਨਹੀਂ ਕਿੱਥੋਂ
ਰੈੱਡ ਕਰਾਸ ਵਾਲੇ ਆ ਗਏ ਤੇ ਫ਼ੇਰ ਉਹਨਾਂ ਜਾਣੋਂ ਸਾਨੂੰ ਮੌਤ ਦੇ ਰਾਹ ਤੋਂ ਮੋੜ ਲਿਆ ਹੋਵੇ।
ਫਿ਼ਰ ਕੁਝ ਮਹੀਨੇ ਅਸੀਂ ਦੁਸ਼ਮਣਾਂ ਦੀ ਕੈਦ ਵਿੱਚ ਰਹੇ ਅਤੇ ਥੋੜ੍ਹੀ ਬਹੁਤੀ ਤਿਮਾਰਦਾਰੀ
ਤੋਂ ਬਾਅਦ ਜੇਲ੍ਹਾਂ ਵਿੱਚ ਸਾਨੂੰ ਬੁਰੇ ਹਾਲ ‘ਤੇ ਛੱਡ ਦਿੱਤਾ ਗਿਆ। ਕਹਿਣ ਨੂੰ ਤਾਂ
ਸੋਲਜੀਅਰ ਕੈਦ ਸੀ, ਪਰ ਸਲੂਕ ਜਾਨਵਰਾਂ ਤੋਂ ਵੀ ਭੈੜਾ ਕਰਦੇ, ਜਾਣੋਂ ਅਸਮਾਨੋਂ ਗਿਰੇ ਤੇ
ਖਜੂਰ ‘ਤੇ ਅਟਕੇ ਵਾਲੀ ਗੱਲ ਸੀ। ਫ਼ੇਰ ਸੀਜ਼ ਫ਼ਾਇਰ ਹੋਇਆ ਅਤੇ ਫੌਜੀ ਕੈਦੀਆਂ ਵਿੱਚ
ਅਦਲਾ-ਬਦਲੀ ਹੋਈ । ਇੱਕ ਦਿਨ ਸਾਡੀ ਤਿੰਨਾਂ ਦੀ ਵਾਰੀ ਆ ਗਈ। ਸਾਡੇ ਪੰਜਾਂ ਵਿੱਚੋਂ ਇੱਕ
ਤਾਂ ਲਾਸ਼ਾਂ ਥੱਲੇ ਦੱਬ ਕੇ ਦਮ ਤੋੜ ਗਿਆ ਸੀ ਤੇ ਦੂਜਾ ਹਸਪਤਾਲ ਵਿੱਚ ਸਾਹ ਪੂਰੇ ਕਰ ਗਿਆ
ਸੀ। ਦਾਤੇ ਦੀ ਮਿਹਰ ਸਦਕਾ ਅਤੇ ਦੂਜਾ ਤੇਰੇ ਸਦਕਾ ਮੈਂ ਆਪਣੇ ਸਾਥੀਆਂ ਨਾਲ ਬਚ ਗਿਆ ਸੀ।
ਤੇਰੇ ਜਨਮ ਤੋਂ ਦੋ ਦਿਨ ਪਹਿਲਾਂ ਮੈਂ ਪਿੰਡ ਪਹੁੰਚ ਗਿਆ ਸਾਂ, ਸ਼ਾਇਦ ਇਸੇ ਕਰਕੇ ਵੀ ਤੇਰੀ
ਮਾਂ ਤੇਰੇ ਨਾਲ ਬਹੁਤ ਮੋਹ ਕਰਦੀ ਹੈ। ਹਮੇਸ਼ਾਂ ਕਹਿੰਦੀ ਹੈ ਕਿ ਮੇਰੇ ਪੇਟ ਘਰੋੜੀ ਦੇ ਪੁੱਤ
ਨੂੰ ਕਦੇ ਕੋਈ ਨਾ ਫਿ਼ਟਕਾਰਨਾ। ਇਹ ਤਾਂ ਮੇਰੇ ਲਈ ਬੜਾ ਹੀ ਕਰਮਾਂ ਵਾਲਾ ਹੈ। ਤੀਜਾ ਸ਼ਾਇਦ
ਇਸ ਲਈ ਜਿੰਦਾ ਰਿਹਾ ਕਿ ਜਵਾਨੀ ਵੇਲੇ ਦੇ ਦਿਨਾਂ ਵਿੱਚ ਸੰਘਰਸ਼ ਭਰਿਆ ਜੀਵਨ ਕਮਾਇਆ। ਉਹਨਾਂ
ਦਿਨਾਂ ਵਿੱਚ ਜਿਊਣਾ ਬੜਾ ਸਿੱਧਾ ਸਾਦਾ ਸੀ ਅਤੇ ਚੰਗੀਆਂ ਗੁੱਝੀਆਂ ਖ਼ੁਰਾਕਾਂ ਹੁੰਦੀਆਂ ਸਨ।
ਮੈਂ ਰੱਸੇ ਤੇ ਫ਼ੁੱਟਬਾਲ ਦਾ ਕਾਮਨ ਪਲੇਅਰ ਹੁੰਦਾ ਸੀ। ਪੰਜ ਲਿਟਰ ਦੁੱਧ ਰੋਜ਼ ਪੀਂਦਾ ਸੀਤੇ
ਪੰਜ-ਸੱਤ ਕਿੱਲੋਮੀਟਰ ਦੀ ਦੌੜ ਨਿੱਤਨੇਮ ਨਾਲ ਦੌੜਦਾ ਸੀ। ਦੋ ਸੌ ਡੰਡ ਅਤੇ ਪੰਜ ਸੌ ਬੈਠਕਾਂ
ਮਾਰਨੀਆਂ। ਅੱਧਾ ਪਾ ਦੇ ਕਰੀਬ ਰੋਜ਼ ਖਰਾ ਘਿਓ ਖਾਣਾ ਅਤੇ ਕਸਰਤ ਕਰਕੇ ਬਾਲਟੀਆਂ ਦੇ ਹਿਸਾਬ
ਪਸੀਨਾ ਵਹਾ ਦੇਣਾ ਜਿ਼ੰਦਗੀ ਦਾ ਜ਼ਰੂਰੀ ਹਿੱਸਾ ਸੀ। ਮੇਰੇ ਪ੍ਰਿੰਸੀਪਲ ਨੇ ਕਹਿਣਾ ਮਲੂਕ
ਸਿਆਂ ਤਗੜਾ ਹੋ ਜਾ ਪੰਜ ਸੇਰ ਦੁੱਧ ਨਾਲ ਕੁਝ ਨਹੀਂ ਬਣਦਾ। ਘੱਟੋ-ਘੱਟ ਸੱਤ ਸੇਰ ਤਾਂ ਕਰ ਦੇ
।ਸ਼ਾਮ ਨੂੰ ਕਹਿਣਾਂ ਤੇਰੇ ਪੱਟ ਬੜੇ ਮੋਟੇ ਹੋ ਗਏ ਨੇ, ਤੇਰਾ ਭੱਜਣਾ ਔਖਾ ਹੋ ਜਾਣਾ ਏਂ,
ਤੂੰ ਦੋ ਮੀਲ ਹੋਰ ਭੱਜਿਆ ਕਰ। ਬੱਸ ਉਹਨਾਂ ਦੀ ਸਵੇਰ ਅਤੇ ਸ਼ਾਮ ਦੀ ਫ਼ਟੀਕ ਭਰੀ ਨਸੀਹਤ ਨੇ
ਮੈਨੂੰ ਸੂਈ ਦੇ ਨੱਕੇ ਵਿੱਚੋਂ ਲੰਘਾ ਦਿੱਤਾ ਹੋਇਆ ਸੀ। ਉਹ ਜਵਾਨੀ ਦੀ ਖਾਧੀ ਖ਼ੁਰਾਕ ਅਤੇ
ਕਰੜੀ ਕਸਰਤੀ ਮਿਹਨਤ ਨੇ ਮੈਨੂੰ ਬੜੀ ਤੋਂ ਬੜੀ ਔਕੜ ਵਿੱਚ ਵੀ ਡੋਲਣ ਨਹੀਂ ਦਿੱਤਾ ਅਤੇ ਕਵਚ
ਬਣ ਕੇ ਮੇਰੀ ਰੱਖਿਆ ਕੀਤੀ। ਮੇਰੇ ਬੱਚੇ! ਤੈਨੂੰ ਆਪਣੇ ਇਸ ਕਰੜੇ ਤਜਰਬੇ ਦੀ ਗੱਲ ਇਸ ਕਰਕੇ
ਸੁਣਾਈ ਕਿ ਹੋ ਸਕਦੈ ਤੈਨੂੰ ਕੋਈ ਪ੍ਰੇਰਨਾ ਮਿਲ ਸਕੇ, ਤੇ ਤੂੰ ਆਸਾਨੀ ਨਾਲ ਇਸ ਸਦਮੇਂ ਤੋਂ
ਬਾਹਰ ਆ ਸਕੇ।”
ਪਿਤਾ ਜੀ ਰੌਂਗਟੇ ਖੜੇ ਕਰ ਦੇਣ ਵਾਲੀ ਹੱਡ-ਬੀਤੀ ਸੁਣ ਕੇ ਪਤਾ ਨਹੀਂ ਲੱਗਿਆ ਕਦ ਸੋਨੀਪਤ
ਜੀ:ਟੀ ਰੋਡ ਦੇ ਮਾਰੂਥਲ ਦਾ ਨਾਕਾ ਆ ਗਿਆ। ਪਿਤਾ ਜੀ ਨੇ ਕਿਹਾ ਕਿ ਬਿੱਲੇ ਨੂੰ ਇੱਥੇ ਹੀ
ਲਾਹ ਦਿੰਦੇ ਹਾਂ। ਇੱਥੋਂ ਇਹ ਕੋਈ ਬੱਸ ਜਾਂ ਟਾਂਗਾ ਫੜ੍ਹ ਕੇ ਅੰਦਰ ਸੋਨੀਪਤ ਸ਼ਹਿਰ ਚਲੇ
ਜਾਵੇਗਾ। ਜਵਾਨ ਨੇ ਕਿਹਾ , “ਸਰ ਦਸ ਪੰਦਰਾਂ ਮਿੰਟ ਹੀ ਲੱਗਣੇ ਹਨ, ਆਪਾਂ ਅੰਦਰ ਛੱਡ ਕੇ ਆ
ਜਾਂਦੇ ਹਾਂ। ਓਨੀ ਦੇਰ, ਜਵਾਨ ਆਪਣੀਆਂ ਲੱਤਾਂ ਖੋਹਲ ਲੈਣਗੇ ਅਤੇ ਜੰਗਲ ਪਾਣੀ ਵੀ ਹੋ
ਆਉਣਗੇ।” ਉਸ ਜਵਾਨ ਨੇ, ਉੱਤਰ ਕੇ ਪਿੱਛੇ ਆਉਂਦੇ ਜਵਾਨਾਂ ਅਤੇ ਹੌਲਦਾਰ ਨੂੰ ਸੂਚਿਤ ਕੀਤਾ।
ਹੌਲਦਾਰ ਸਾਹਬ ਉੱਤਰ ਕੇ ਪਿਤਾ ਜੀ ਕੋਲ ਆਏ ਅਤੇ ਸਲੂਟ ਕੀਤਾ। ਪਿਤਾ ਜੀ ਨੇ ਆਦੇਸ਼ ਦਿੱਤਾ,
“ ਹੌਲਦਾਰ ਸਾਹਬ ਤੁਸੀਂ ਸਾਡਾ ਅਗਲੇ ਮੋੜ ‘ਤੇ ਇੰਤਜ਼ਾਰ ਕਰੋਗੇ। ਓਨੀ ਦੇਰ ਸਾਰੇ ਜਵਾਨ
ਤੁਹਾਡੀ ਕਮਾਂਡ ਹੇਠ ਰਹਿਣਗੇ।” ਉਸ ਹਵਾਲਦਾਰ ਨੇ ਫ਼ੇਰ ਸਲੂਟ ਮਾਰਿਆ ਅਤੇ ਕਿਹਾ, “ਓ:ਕੇ
ਸਰ!” ਅਸੀਂ ਅੱਗੇ ਅੰਦਰਾਂ ਵੱਲ ਤੁਰ ਪਏ ਅਤੇ ਥੋੜ੍ਹੀ ਹੀ ਦੇਰ ਵਿੱਚ ਜੀਪ ਹੋਸਟਲ ਅੱਗੇ
ਖੜ੍ਹੀ ਸੀ। ਪਿਤਾ ਜੀ ਜੀਪ ਤੋਂ ਥੱਲੇ ਉੱਤਰੇ, ਮੈਂ ਵੀ ਉੱਤਰਿਆ ਅਤੇ ਜਵਾਨ ਨੇ ਮੈਨੂੰ ਮੇਰਾ
ਸਮਾਨ ਫੜਾ ਦਿੱਤਾ। ਮੈਂ ਜਵਾਨ ਦਾ ਧੰਨਵਾਦ ਕੀਤਾ ਅਤੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਈ
ਅਤੇ ਪਿਤਾ ਜੀ ਨੇ ਜਵਾਨ ਨੂੰ ਓਥੇ ਹੀ ਰੁਕਣ ਲਈ ਕਿਹਾ ਅਤੇ ਮੇਰੇ ਨਾਲ ਹੋਸਟਲ ਵੱਲ ਤੁਰ ਪਏ।
ਮੈਂ ਅੱਗੇ-ਅੱਗੇ ਅਤੇ ਪਿਤਾ ਜੀ ਪਿੱਛੇ-ਪਿੱਛੇ ਹੋਸਟਲ ਵਿੱਚ ਮੇਰੇ ਕਮਰੇ ਤੱਕ ਆ ਗਏ। ਅੱਗੋਂ
ਕੁਦਰਤੀ ਤਰਲੋਚਨ ਕਮਰੇ ਵਿੱਚ ਹੀ ਮਿਲ ਗਿਆ। ਤਰਲੋਚਨ ????? ਪਹਿਲਾਂ ਮੈਨੂੰ ਜੱਫ਼ੀ ਪਾ ਕੇ
ਮਿਲਿਆ ਅਤੇ ਫ਼ੇਰ ਪਿਤਾ ਜੀ ਦੇ ਪੈਰੀਂ ਹੱਥ ਲਾਇਆ। ਪਿਤਾ ਜੀ ਨੇ ਅਪਣੱਤ ਨਾਲ ਉਸਦੀ ਪਿੱਠ
ਥਪਥਪਾਈ ਅਤੇ ਕਿਹਾ, “ ਪੁੱਤਰਾ ਸਾਂਭ ਆਪਣੇ ਯਾਰ ਨੂੰ।” ਤਰਲੋਚਨ ਨੇ ਵੀ ਬੜੇ ਮਾਣ ਨਾਲ
ਕਿਹਾ, “ਚਾਚਾ ਜੀ! ਤੁਸੀਂ ਬਿਲਕੁਲ ਫਿ਼ਕਰ ਨਹੀਂ ਕਰਨਾ। ਮੈਂ ਇਸਦਾ ਪੂਰਾ-ਪੂਰਾ ਖਿ਼ਆਲ
ਰੱਖਾਂਗਾ।” “ਚੰਗਾ ਬੱਚੇ ਹੁਣ ਮੈਂ ਚੱਲਦਾ ਹਾਂ। ਜਲਦੀ ਵਿੱਚ ਹਾਂ। ਜੀ:ਟੀ ਰੋਡ ‘ਤੇ ਜਵਾਨ
ਮੇਰਾ ਇੰਤਜ਼ਾਰ ਕਰਦੇ ਹੋਣਗੇ।” ਤਰਲੋਚਨ ਅਤੇ ਮੈਂ ਅੱਗੜ-ਪਿੱਛੜ ਪਿਤਾ ਜੀ ਨੂੰ ਛੱਡਣ ਬਾਹਰ
ਤੱਕ ਆਏ। ਅਸੀਂ ਦੋਹਵਾਂ ਨੇ ਪਿਤਾ ਜੀ ਦੇ ਪੈਰੀਂ ਹੱਥ ਲਾਇਆ ਅਤੇ ਆਸ਼ੀਰਵਾਦ ਲਿਆ। ਅਸੀਂ
ਦੋਹਵੇਂ ਹਾਲੇ ਤੱਕ ਹੱਥ ਜੋੜੀ ਖੜੇ ਸਾਂ ਤੇ ਜੀਪ ਅੱਖਾਂ ਤੋਂ ਓਝਲ ਹੋ ਚੁੱਕੀ ਸੀ। ਤਰਲੋਚਨ
ਉਸ ਦਿਨ ਤੋਂ ਮੇਰਾ ਬਜ਼ੁਰਗਾਂ ਵਾਂਗ ਕੁਝ ਜਿ਼ਆਦਾ ਹੀ ਖਿ਼ਆਲ ਰੱਖਣ ਲੱਗ ਪਿਆ ਸੀ। ਮੈਨੂੰ
ਉਸਦਾ ਉਹ ਬਦਲਿਆ-ਬਦਲਿਆ ਰਵੱਈਆ ਕਦੇ ਕਦੇ ਕੁਝ ਅਜੀਬ ਲੱਗਦਾ ਅਤੇ ਕਦੇ-ਕਦੇ ਚੰਗਾ ਵੀ।
ਹੁਣ ਮੈਨੂੰ ਸਮਝ ਪਿਆ ਕਿ ਪਿਤਾ ਜੀ ਮੈਨੂੰ ਜਾਣ-ਬੁੱਝ ਕੇ ਬਾਈ ਰੋਡ ਆਪਣੀ ਜੀਪ ਵਿੱਚ ਇੰਜ
ਛੱਡਣ ਕਿਓਂ ਆਏ, ਤਾਂ ਕਿ ਉਹ ਰੇਲ ਹਾਦਸਾ ਅਤੇ ਰਸਤੇ ਵਿੱਚ ਪੈਂਦਾ ਉਹ ਮੋਹਰੀ ਰੇਲਵੇ
ਸਟੇਸ਼ਨ ਬੱਚੇ ਦੀਆਂ ਯਾਦਾਂ ਅਤੇ ਜ਼ਖ਼ਮਾਂ ਨੂੰ ਤਾਜ਼ਾ ਨਾ ਕਰ ਦੇਵੇ। ਸ਼ਾਇਦ ਉਨਾਂ ਨੇ
ਮੇਰੇ ਧੁਰ ਅੰਦਰ ਖ਼ਾਤਰ ਉਚੇਚੇ ਤੌਰ ‘ਤੇ ਮੈਨੂੰ ਆਪਣੀ ਖ਼ੌਫ਼ਨਾਕ ਦਰਦ-ਭਰੀ ਹੱਡ-ਬੀਤੀ
ਸੁਣਾਈ ਕਿ ਕਿਵੇਂ ਐਡੇ ਮੁਸ਼ਕਿਲ ਸਮੇਂ ਵੀ ਉਹਨਾਂ ਨੇ ਹੌਂਸਲਾ ਬਣਾਈ ਰੱਖਿਆ। ਉਹਨਾਂ ਦੀ
ਹੱਡ-ਬੀਤੀ ਮੋਹਰੀ ਸਟੇਸ਼ਨ ਦੇ ਰੇਲ ਹਾਦਸੇ ਤੋਂ ਕਿਤੇ ਡਰਾਵਣੀ ਅਤੇ ਰੌਂਗਟੇ ਖੜ੍ਹੇ ਕਰ ਦੇਣ
ਵਾਲੀ ਸੀ। ਜਿੱਥੇ ਮੌਤ ਨਾਲ ਸਿੱਧਾ ਟਾਕਰਾ ਸੀ ਅਤੇ ਰੇਲ ਹਾਦਸੇ ਵਿੱਚ ਮੈਂ ਸ਼ਾਇਦ ਕੁਦਰਤੀ
ਇੱਕ ਦਰਸ਼ਕ ਬਣ ਗਿਆ ਸਾਂ। ਇਸ ਤਰ੍ਹਾਂ ਪਿਤਾ ਜੀ ਨੇ ਮੇਰਾ ਮਨੋਬਲ ਵਧਾਉਣ ਦਾ ਯਤਨ ਕੀਤਾ ਸੀ
ਤਾਂ ਕਿ ਮੈਂ ਫਿ਼ਰ ਤੋਂ ਆਰਾਮ ਨਾਲ ਆਪਣੀ ਨਾਰਮਲ ਜਿ਼ੰਦਗੀ ਵਿੱਚ ਪਰਤ ਸਕਾਂ।
ਪਰ ਅਫ਼ਸੋਸ! ਹੋਇਆ ਪਿਤਾ ਜੀ ਦੇ ਨੇਕ ਇਰਾਦਿਆਂ ਤੋਂ ਬਿਲਕੁਲ ਉਲਟ। ਜਿਵੇਂ ਕਹਿੰਦੇ ਨੇ ਕਿ
ਮਾੜੇ ਬੰਦੇ ਨੂੰ ਹੋਰ ਬਿਮਾਰੀਆਂ ਧੱਕੇ ਨਾਲ ਆ ਕੇ ਚਿੰਬੜ ਜਾਂਦੀਆਂ ਹਨ। ਇਸੇ ਤਰ੍ਹਾਂ ਮੈਂ
ਧੱਕੇ ਨਾਲ ਪਿਤਾ ਜੀ ਨਾਲ ਬੀਤੀ ਉਹਨਾਂ ਦੀ ਡਰਾਉਣੀ ਹੱਡ-ਬੀਤੀ ਦੀ ਭਾਰੂ ਪੰਡ ਵੀ ਆਪਣੀਆਂ
ਮਾਰੂ ਸੋਚਾਂ ਦੀ ਪਿੱਠ ‘ਤੇ ਲੱਦ ਲਈ। ਰੇਲ ਹਾਦਸੇ ਦੀਆਂ ਕੱਟੀਆਂ-ਵੱਢੀਆਂ, ਚਿੱਥੀਆਂ ਅਤੇ
ਸਹਿਕਦੀਆਂ ਚੀਖ਼ਦੀਆਂ ਲਾਸ਼ਾਂ ਦਾ ਚੀਖ਼ ਚਿਹਾੜਾ ਜ਼ਰਾ ਮੱਠਾ ਪੈਂਦਾ ਤਾਂ ਏਨੇ ਨੂੰ ਪਿਤਾ
ਜੀ ਦੀ ਹੱਡ-ਬੀਤੀ ਦੀਆਂ ਭਿਆਨਕ ਵਾਰਦਾਤਾਂ ਸਤਾਉਣ ਲੱਗ ਪੈਂਦੀਆਂ। ਜੰਗਲਾਂ ਵਿੱਚ ਭੱਜਦੇ
ਹੋਏ ਫ਼ੌਜੀ ਅਤੇ ਉੱਤੇ ਵਰ੍ਹਦੇ ਬੰਬ ਆਲੇ-ਦੁਆਲੇ ਫ਼ਟ ਰਹੇ ਸਨ। ਮੀਂਹ ਵਾਂਗ ਵਰ੍ਹਦੀਆਂ
ਗੋਲੀਆਂ ਦੀ ਸ਼ਾਂ-ਸਾਂ ਸ਼ੂਕਣ ਲੱਗਦੀ ਸੀ। ਥਾਂ-ਥਾਂ ਠੇਡੇ ਖਾ ਕੇ ਮੂੰਹ ਭਾਰ ਗਿਰਦੀਆਂ
ਲਾਸ਼ਾਂ ਮੈਨੂੰ ਆਸ-ਪਾਸ ਗਿਰਦੀਆਂ ਜਾਪਦੀਆਂ ਅਤੇ ਉੇਹਨਾਂ ਸਹਿਕਦੀਆਂ ਫ਼ੌਜੀਆਂ ਦੀਆਂ
ਲਾਸ਼ਾਂ ਵਿੱਚ ਮੇਰੇ ਪਿਤਾ ਜੀ ਵੀ----ਹਾਏ ਜੇ ਕਿਤੇ ਮੇਰੇ ਪਿਤਾ ਜੀ ਨੂੰ ਕੁਝ ਹੋ ਜਾਂਦਾ,
ਤਾਂ ਫ਼ੇਰ ਮੈਂ ਜੰਮਣ ਤੋਂ ਪਹਿਲਾਂ ਹੀ ਯਤੀਮ ਹੋ ਜਾਂਦਾ। ਮੇਰੇ ਮਾਂ ਜੀ ਦਾ ਕੀ ਹਾਲ ਹੋਣਾ
ਸੀ? ਅਸੀਂ ਸਾਰੇ ਭੈਣ-ਭਰਾਵਾਂ ਨੇ ਤਾਂ ਰੁਲ ਜਾਣਾ ਸੀ। ਕਦੇ ਮੈਨੂੰ ਲਾਸ਼ਾਂ ਦੇ ਵੱਡੇ ਢੇਰ,
ਅਤੇ ਪੈਰਾਂ ਤੋਂ ਬਿਨਾਂ ਨੰਗੇ ਫ਼ੌਜੀਆਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ। ਕਦੇ ਉਹਨਾਂ
ਲਾਸ਼ਾਂ ਦੇ ਥੱਲੇ ਕਈ ਦਿਨਾਂ ਦੇ ਭੁੱਖੇ ਪਿਆਸੇ ਜਿ਼ੰਦਗੀ ਅਤੇ ਮੌਤ ਦੇ ਦਰਮਿਆਨ ਜੂਝਦੇ
ਆਪਣੇ ਪਿਤਾ ਜੀ ਨਜ਼ਰ ਆਉਂਦੇ। ਮੈਂ ਤਰੇਲੀਓ-ਤਰੇਲੀ ਹੋ ਜਾਂਦਾ ਅਤੇ ਉੱਚੀ-ਉੱਚੀ ਅਚਨਚੇਤ
ਬੁੜਬੁੜਾ ਕੇ ਕਹਿੰਦਾ, “ਕੋਈ ਬਚਾ ਲਵੋ ਮੇਰੇ ਪਿਤਾ ਜੀ ਨੂੰ, ਮੇਰੀ ਮਾਂ ਵਿਧਵਾ ਹੋ ਜਾਊਗੀ,
ਅਸੀਂ ਸਾਰੇ ਯਤੀਮ ਹੋ ਜਾਵਾਂਗੇ।”
ਅੱਗੇ ਤਾਂ ਮੈਂ ਸਿਰਫ਼ ਆਪਣੇ ਪਿਤਾ ਜੀ ਦੇ ਫ਼ੌਜੀ ਡਿਸਿਪਲਨ ਤੋਂ ਡਰਦਾ ਸੀ, ਪਰ ਹੁਣ ਮੇਰੇ
ਦਿਲ ਵਿੱਚ ਕਰਮਯੋਗੀ ਯੋਧੇ ਅਤੇ ਸਿਦਕੀ ਸਿਪਾਹੀ ਲਈ ਸ਼ਰਧਾ ਅਤੇ ਮਾਣ ਸੀ ਕਿ ਅਜਿਹੇ ਬਹਾਦਰੇ
ਫ਼ੌਜੀ ਪਿਓ ਦਾ ਮੈਂ ਪੁੱਤਰ ਹਾਂ।
ਹੁਣ ਮੇਰਾ ਜੀਵਨ ਕੁਝ ਭਰੋਸੇਯੋਗ ਨਹੀਂ ਸੀ ਰਿਹਾ। ਚਾਰ ਦਿਨ ਚੰਗਾ, ਅਤੇ ਫਿ਼ਰ ਦੋ ਦਿਨ
ਮਾੜੇ। ਸਾਈਕਲ ਦੇ ਫ਼ੇਲ੍ਹ ਹੋਏ ਕੁੱਤਿਆਂ ਵਾਲਾ ਹਾਲ ਸੀ। ਚੱਲੀ ਜਾਵੇ ਤਾਂ ਚੱਲੀ ਜਾਵੇ,
ਨਹੀਂ ਤਾਂ ਪਤਾ ਨਹੀਂ ਕੁੱਤੇ ਫ਼ੇਲ੍ਹ ਹੋ ਜਾਣ। ਫ਼ੇਰ ਭਾਵੇਂ ਖਾਲੀ ਪੈਡਲ ਮਾਰੀ ਜਾਵਾਂ, ਪਰ
ਫ਼ੇਰ ਜਿ਼ੰਦਗੀ ਦੇ ਸਾਈਕਲ ਨੇ ਕਿੱਥੋਂ ਚੱਲਣਾ? {ਫ਼ੇਰ ਖੜ੍ਹੇ ਸਾਈਕਲ ਵਾਂਗ ਫ਼ੇਰ ਜਿ਼ੰਦਗੀ
ਨੂੰ ਮੁੱਢੋਂ-ਸੁੱਢੋਂ ਰੇੜ੍ਹਨਾ ਪੈਂਦਾ।
ਅਸ਼ਕੇ ਜਾਵਾਂ ਮੈਂ ਤਰਲੋਚਨ ਦੀ ਦੋਸਤੀ ਅਤੇ ਵਫ਼ਾਦਾਰੀ ‘ਤੇ। ਉਸ ਨੇ ਮੇਰੇ ਪਿੱਛੇ ਆਪਣੇ
ਸੁੱਖ-ਸੁਆਦ, ਆਪਣੀ ਪੜ੍ਹਾਈ ਸਭ ਛਿੱਕੇ ਟੰਗ ਦਿੱਤੀਆਂ। ਪਤਾ ਨਹੀਂ ਕਿਓਂ ਉਹ ?????ਜਨਵਰੀ
58 ਨੂੰ ਹੋਏ ਮੋਹਰੀ ਸਟੇਸ਼ਨ ਦੇ ਰੇਲ ਹਾਦਸੇ ਕਾਰਨ ਮੇਰੇ ‘ਤੇ ਹੋਏ ਅਸਰ ਦਾ ਆਪਣੇ ਆਪ ਨੂੰ
ਦੋਸ਼ੀ ਸਮਝਣ ਲੱਗ ਪਿਆ। ਉਹ ਉਸ ਦਿਨ ਆਪਣੇ ਨਾਂ ਆਉਣ ਦੀ ਗ਼ਲਤੀ ਦਾ ਖ਼ਾਮਿਆਜ਼ਾ ਭੁਗਤਣਾ
ਚਾਹੁੰਦਾ ਸੀ ਤੇ ਜਾਂ ਪਿਤਾ ਜੀ ਨਾਲ ਕੀਤਾ ਵਾਅਦਾ ਉਸ ਨੂੰ ਮੇਰੇ ਪ੍ਰਤੀ ਇੱਕ ਰੱਖਿਅਕ ਬਣ
ਜਾਣ ਦਾ ਬਲ ਦੇ ਰਿਹਾ ਸੀ। ਤਰਲੋਚਨ ਜਦ ਤੱਕ ਮੇਰੇ ਨਾਲ ਰਿਹਾ, ਪੂਰੇ ਸਿਰੜ ਨਾਲ ਆਪਣੀ
ਦੋਸਤੀ ਨਿਭਾਉਂਦਾ ਰਿਹਾ। ਪਹਿਲਾਂ ਤਾਂ ਕਾਲਜ ਲੰਗੇ ਡੰਗ ਜਾਣਾ ਅਤੇ ਫ਼ੇਰ ਬਿਲਕੁਲ ਹੀ ਬੰਦ
ਕਰ ਦਿੱਤਾ। ਸ਼ਾਇਦ ਮੇਰੇ ਅਵਚੇਤਨ ਮਨ ਦੇ ਕਿਸੇ ਗਹਿਰੇ ਕੋਨੇ ਵਿੱਚ ਕੋਈ ਖੌਰੂ ਜਿਹਾ ਪਿਤਾ
ਹੋਇਆ ਸੀ। ਰੋਟੀ ਪਾਣੀ ਖਾਣ ਦਾ ਵੀ ਕੋਈ ਸਿਰ ਪੈਰ ਨਹੀਂ ਰਿਹਾ ਸੀ। ਦਿਨੇ ਬੇਸੁਰਤੀ ਜਿਹੀ
ਵਿੱਚ ਸੁੱਤੇ ਰਹਿਣਾ ਅਤੇ ਦੇਰ ਰਾਤ ਜਦੋਂ ਸਾਰੇ ਸੌਂ ਜਾਂਦੇ ਤਾਂ ਖੇਸ ਦੀ ਬੁੱਕਲ ਮਾਰ ਕੇ
ਹੋਸਟਲ ਦੇ ਉਜਾੜਾਂ ਚੋਂ ਹੁੰਦੇ ਹੋਏ ਰੇਲਵੇ ਲਾਇਨ ‘ਤੇ ਚੜ੍ਹ ਜਾਣਾ ਅਤੇ ਐਵੇਂ ਬੇਮਕਸਦ ਹੀ
ਤੁਰਦੇ ਰਹਿਣਾ। ਤੋਚੀ ਵਿਚਾਰਾ ਵੀ ਬਿਨਾਂ ਕੁਝ ਕਹੇ ਇਸ ਨੀਮ ਸ਼ੁਦਾਈ ਦੇ , ਕਦੇ ਮਗਰ-ਮਗਰ
ਕਦੇ ਨਾਲ-ਨਾਲ ਤੁਰੀ ਜਾਂਦਾ। ਆਖਿ਼ਰ ਥੱਕ ਕੇ ਸ਼ਹਿਰ ਤੋਂ ਬਾਹਰ ਇੱਕ ਸੁੰਨਸਾਨ ਅਤੇ ਭਿਆਨਕ
ਕਬਰਿਸਤਾਨ’ਤੇ ਅਸਾਂ ਜਾ ਡੇਰਾ ਲਾਉਣਾ ਜਿੱਥੇ ਦਿਨ ਦੇ ਵੇਲੇ ਵੀ ਆਦਮੀ ਆਉਣ ਤੋਂ ਘਬਰਾ ਜਾਏ।
ਘੰਟਿਆਂ ਬੱਧੀ ਕਬਰਾਂ ਦੇ ਕੋਲ ਬਣੇ ਥੜ੍ਹਿਆਂ ‘ਤੇ ਪਏ-ਪਏ, ਅਸਾਂ ਖੁੱਲ੍ਹੇ-ਖੁੱਲ੍ਹੇ ਅਸਮਾਨ
ਵੱਲ ਝਾਕੀ ਜਾਣਾ। ਮੈਂ ਆਪਣਾ ਸ਼ੁਦਾ ਘੋਟਣਾ ਅਤੇ ਉਸ ਵਿਚਾਰੇ ਤੋਚੀ ਨੇ ਹਾਂ ਵਿੱਚ ਹਾਂ
ਮਿਲਾਈ ਜਾਣੀ। ਮੈਂ ਕਹਿਣਾ- “ਦੇਖ ਮੇਰੇ ਯਾਰ, ਇੱਥੇ ਕਿੰਨੀ ਸ਼ਾਂਤੀ ਹੈ, ਕਿੰਨਾ ਸੰਨਾਟਾ।
ਐਵੇਂ ਲੋਕੀਂ ਇੱਧਰ ਦਿਨੇ ਵੀ ਆਉਣੋਂ ਡਰਦੇ ਨੇਂ, ਅਖੇ ਇੱਥੇ ਭੂਤ-ਚੁੜੇਲਾਂ ਨਾਚ ਕਰਦੀਆਂ
ਨੇਂ। ਸਾਨੂੰ ਤਾਂ ਕਦੇ ਇਹ ਨਜ਼ਾਰਾ ਦੇਖਣਾ ਨਸੀਬ ਨਹੀਂ ਹੋਇਆ।” ਤੇ ਸ਼ਾਇਦ ਇੱਥੇ ਹੀ ਮੇਰੀ
ਕਵਿਤਾ ਦਾ ਜਨਮ ਹੋਇਆ ਸੀ-----
ਮੈਂ ਮੜ੍ਹੀਆਂ ਦਾ ਖੂਹ ਧਿਆਇਆ,
ਹਾਏ ਵੇ ਮੇਰਾ ਕੋਈ, ਪਾਣੀ ਪੀਣ ਨਾ ਆਇਆ।
ਇੱਥੇ ਡੂੰਘੀਆਂ ਚੁੱਪਾਂ----
ਇੱਥੇ ਸੁੰਨੀਆਂ ਧੁੱਪਾਂ---
ਇੱਥੇ ਆ ਕੇ ਸਭ ਗਏ ਗੁਆਚ।
ਏਨਾ ਗੂੜ੍ਹਾ ਕਾਲ ਦਾ ਸਾਇਆ----
ਇਉਂ ਤਾਂ ਇੱਥੇ ਕਈ ਆਏ ਸੀ ਸੁਆਣ---
ਪਰ ਮੁੜ ਕਿਸੇ ਆਣ ਨਾ ਫ਼ੇਰ ਜਗਾਇਆ।
ਤੇ ਤਰਲੋਚਨ ਨੇ ਕਹਿਣਾ, “ਕਵੀ ਜੀ ਮਹਾਰਾਜ! ਅੱਜ ਇੱਥੇ ਹੀ ਕਵੀ ਦਰਬਾਰ ਸਮਾਪਤ ਕਰੋ। ਦਿਨ
ਚੜ੍ਹਨ ਵਾਲਾ ਹੈ ਅਤੇ ਆਪਾਂ ਛੇਤੀ-ਛੇਤੀ ਮੁੜ ਕੇ ਹੋਸਟਲ ਵੀ ਪਹੁੰਚਣਾ ਹੈ। ਹੁਣ ਮੈਂ ਉਸਦੇ
ਮਗਰ-ਮਗਰ ਚੇਲਿਆਂ ਵਾਂਗਰ ਤੁਰਿਆ ਜਾਂਦਾ। ਅਸੀਂ ਦੋਹਵੇਂ ਚੋਰਾਂ ਵਾਂਗ ਰਾਤ ਦੇ ਥੱਕੇ-ਟੁੱਟੇ
ਦੇਰ ਤਾਈਂ ਸੁੱਤੇ ਰਹਿੰਦੇ। ਕਈ ਵਾਰ ਮੈਂ ਬਥੇਰੀ ਕੋਸਿ਼ਸ਼ ਕਰਨੀ ਅਤੇ ਤਰਲੋਚਨ ਨੂੰ
ਇਕੱਲਿਆਂ ਛੱਡ ਕੇ ਮਲਕੜੇ ਜਿਹੇ ਨਿਕਲ ਜਾਣਾ ਚਾਹੁਣਾ, ਪਰ ਉਹ ‘ਕਮਬਖ਼ਤ’ ਜ਼ਰਾ ਨਾ ਉੱਕਦਾ,
ਅਤੇ ਅੰਤ ਮੈਨੂੰ ਵੀ ਉਸਦੇ ਸਾਥ ਦੀ ਆਦਤ ਜਿਹੀ ਪੈ ਗਈ। ਫ਼ੇਰ ਤਾਂ ਕਦੇ-ਕਦੇ ਮੈਂ ਆਪ ਹੀ
ਜਾਣ ਲਈ ਉਸ ਨੂੰ ਉਠਾ ਲੈਂਦਾ ਅਤੇ ਲੋੜ ਪੈਣ ‘ਤੇ ਤਰਲੇ-ਹਾੜੇ ਵੀ ਕੱਢਦਾ ਕਿ ਤੂੰ ਆਰਾਮ ਨਾਲ
ਸੌਂ ਜਾ, ਮੈਂ ਛੇਤੀ ਹੀ ਵਾਪਸ ਆ ਜਾਵਾਂਗਾ।” ਅੱਗੋਂ ਤਰਲੋਚਨ ਵੀ ਨਿਹੋਰੇ ਨਾਲ ਕਹਿੰਦਾ, “
ਜੇ ਤੈਨੂੰ ਏਨਾ ਹੀ ਫਿ਼ਕਰ ਹੈ ਤਾਂ ਬੰਦਾ ਕਿਓਂ ਨਹੀਂ ਬਣਦਾ। ਕਿਓਂ ਉੱਲੂਆਂ ਅਤੇ ਚੋਰਾਂ
ਵਾਲੇ ਕਸਬ ਫੜ੍ਹੇ ਨੇ।” ਮੈਂ ਹਾਰ ਕੇ ਕਹਿਣਾ, “ਚੰਗਾ ਬਈ ਆਹ ਲਾਏ ਕੰਨਾਂ ਨੂੰ ਹੱਥ, ਜਿਵੇਂ
ਤੂੰ ਕਹੇਂਗਾ, ਓਵੇਂ ਮੈਂ ਕਰਾਂਗਾ।” ਅਤੇ ਮੈਂ ਜਾਣੋਂ ਉਸਦੇ ਗਲ ਲੱਗ ਕੇ ਫਿ਼ੱਸ ਜਿਹਾ
ਪੈਂਦਾ ਅਤੇ ਉਹ ਮੈਨੂੰ ਜੁਆਕਾਂ ਵਾਂਗ ਚੁੱਪ ਕਰਾਇਆ ਕਰਦਾ। ਫ਼ੇਰ ਉਹ ਮੈਨੂੰ ਸੁਆ ਕੇ ਆਪ ਵੀ
ਸੌਂ ਜਾਂਦਾ ਅਤੇ ਫ਼ੇਰ ਦੋ ਚਾਰ ਦਿਨ ਨਾਰਮਲ ਬੀਤਦੇ। ਫ਼ੇਰ ਅਚਾਨਕ ਉਹੀ ਕੁੱਤੇ ਦੀ ਪੂਛ
ਜਾਣੋਂ ਜਿਵੇਂ ਖੜ੍ਹੀ ਹੋ ਜਾਂਦੀ। ਉਹੀ ਝੱਲ, ਬੇਤਾਬੀ ਅਤੇ ਘਬਰਾਹਟ ਜਿ਼ੰਦਗੀ ਤੋਂ
ਉੱਖੜਿਆਪਣ ਜਿਹਾ ਸਿਰ ‘ਤੇ ਚੜ੍ਹ ਕੇ ਬੋਲਣ ਲੱਗ ਪੈਂਦਾ। ਫ਼ੇਰ ਉਹੀ ਅੱਧੀ ਕੁ ਰਾਤ ਪੁਰਾਣਾ
ਰੁਟੀਨ ਸ਼ੁਰੂ ਹੋ ਜਾਂਦਾ। ਹੋਸਟਲ ਦੀ ਕੰਧ ਟੱਪੀ ਅਤੇ ਉਹੀ ਰਸਤਾ, ਉਹੀ ਰੇਲਵੇ ਸਟੇਸ਼ਨ,
ਉਹੀ ਰੇਲਵੇ ਦੀ ਅਮੁੱਕ ਲਾਇਨ ਦੇ ਪਿੱਛੇ ਬੇਮਤਲਬ ਦਾ ਦੌੜਨਾ। ਅਤੇ ਫ਼ੇਰ ਥੱਕ ਹਾਰ ਕੇ
ਉਹਨਾਂ ਕਬਰਾਂ ਤੇ ਆ ਕੇ ਬੈਠ ਜਾਣਾ ਅਤੇ ਮੇਰਾ ਪਿੱਛਾ ਕਰਦਾ-ਕਰਦਾ ਤਰਲੋਚਨ ਵੀ ਮੇਰੇ ਕੋਲ ਆ
ਕੇ ਲੇਟ ਜਾਡਾ। ਦੇਰ ਤੱਕ ਲੇਟੇ-ਲੇਟੇ ਟੁੱਟਦੇ ਤਾਰਿਆਂ ਦੀ ਉਡੀਕ ਕਰਨੀ। ਇੱਕ ਰਾਤ ਥੋੜ੍ਹੀ
ਦੂਰੀ’ਤੇ ਇੱਕ ਸਿਵਾ ਵੀ ਜਲ ਰਿਹਾ ਸੀ। ਉਸਦੇ ਉੱਠਦੇ ਭਾਂਬੜ ਭਾਵੇਂ ਸ਼ਾਂਤ ਹੋ ਚੁੱਕੇ ਸਨ
ਪਰ ਮੋਟੀਆਂ ਖਲਪਾੜਾਂ ਅਤੇ ਲੱਕੜਾਂ ਦੇ ਸੁਰਖ਼ ਮਘਦੇ ਲਾਲ ਕੋਲੇ ਹਾਲੇ ਵੀ ਪੂਰੇ ਜੋਬਨ ਤੇ
ਪੂਰਾ ਸੇਕ ਦੇ ਰਹੇ ਨ। ਪੂਰੇ ਵਾਤਾਵਰਣ ਵਿੱਚ ਦੂਰ-ਦੂਰ ਤਾਈਂ ਸੜਦੇ ਮਾਸ ਅਤੇ ਕੋਲਿਆਂ ਦੀ
ਮੱਧਮ ਜਿਹੀ ਲੋਅ ਅਤੇ ਨਿੱਘ ਮਹਿਸੂਸ ਹੋ ਰਿਹਾ ਸੀ। ਸਾਡੀਆਂ ਸੋਚਾਂ ਦੇ ਘੇਰ ਮਘ੍ਹਦੀ ਅੱਗ
ਵੱਲ ਖਿੱਚੇ ਗਏ। “ਯਾਰ ਤੋਚੀ ਕੱਲ ਤੱਕ ਤਾਂ ਇਹ ਬੰਦਾ ਮੈਂ-ਮੈਂ ਅਤੇ ਮੇਰੀ-ਮੇਰੀ ਕਰਦਾ
ਆਕੜਿਆ ਫਿ਼ਰਦਾ ਹੋਣੈ, ਅਤੇ ਫ਼ੇਰ ਕੁਝ ਘੰਟੇ ਪਹਿਲਾਂ ਸਿਰਫ਼ ਇੱਕ ਲਾਸ਼ ਸੀ।” ਤੋਚੀ ਨੇ
ਅੱਗੋਂ ਗੱਲ ਵਧਾਉਂਦਿਆਂ ਕਿਹਾ, “ਹੁਣ ਤਾਂ ਇਸ ਲਾਸ਼ ਦੀ ਵੀ ਕੋਈ ਪਹਿਚਾਣ ਨਹੀਂ ਰਹੀ। ਅਤੇ
ਥੋੜ੍ਹੀ ਦੇਰ ਤੱਕ ਤਾਂ ਇਹ ਮੂਲੋਂ ਹੀ ਮੁੱਕ ਜਾਏਗੀ। ਬੱਸ ਸਿਰਫ਼ ਇੱਕ ਸੁਆਹ ਦੀ ਢੇਰੀ।
ਤੈਨੂੰ ਪਤਾ ਹੈ, ਅਸੀਂ ਜਿਊਂਦੇ ਬੰਦੇ ਇਸ ਸੁਆਹ ਤੋਂ ਵੀ ਡਰਦੇ ਹਾਂ। ਕਿਤੇ ਸੁਆਹ ਤੋਂ ਹੀ
ਉਸਦਾ ਭੂਤ ਨਾ ਪੈਦਾ ਹੋ ਜਾਏ। ਇਸੇ ਲਈ ਤਾਂ ਇਸ ਸੁਅਹ ਤੋਂ ਡਰਦੇ ਮਾਰੇ ਪਾਣੀ ਵਿੱਚ ਸੁਆਹ
ਨੂੰ ਵੀ ਘੋਲ ਕੇ ਇਸਦਾ ਖੁਰਾ-ਖੋਜ ਮਿਟਾ ਦੇਣਾ ਚਾਹੁੰਦੇ ਹਾਂ” ਮੈਂ ਕਿਹਾ, “ਸਾਨੂੰ ਤਾਂ ਇਸ
ਤੋਂ ਜ਼ਰਾ ਵੀ ਡਰ ਨਹੀਂ ਲੱਗਦਾ। ਤੈਨੂੰ ਲੱਗਦਾ ਏ?” ਅੱਗੋਂ ਤੋਚੀ ਨੇ ਵੀ ਕਿਹਾ, “ਨਹੀਂ
ਤਾਂ! ਜੇ ਤੈਥੋਂ ਜਿਊਂਦੇ ਭੂਤ ਤੋਂ ਡਰ ਨਹੀਂ ਲੱਗਦਾ ਤਾਂ ਇਸ ਮੁਰਦੇ ਵਿਚਾਰੇ ਤੋਂ ਕੀ
ਡਰਨਾ?” ਤੇ ਫ਼ੇਰ ਪਤਾ ਨਹੀਂ ਕਦੋਂ ਸ਼ੈਤਾਨ ਦੇਵਤਾ ਨੇ ਸਾਡੇ ਨਾਲ ਦੋਸਤੀ ਗੰਢ ਲਈ। ਲਾਗੇ
ਹੀ ਮੱਕੀ ਦਾ ਖ਼ੇਤ ਸੀ ਤੇ ਸਾਡੇ ਮਨ ਵਿੱਚ ਖਿ਼ਆਲ ਆਇਆ ਕਿ ਕਿਓਂ ਨਾ ਇਹਨਾਂ ਲਾਲ ਸੁਰਖ਼
ਕੋਲਿਆਂ ‘ਤੇ ਛੱਲੀਆਂ ਭੁੰਨ ਕੇ ਖਾਧੀਆਂ ਜਾਣ। ਬੱਸ ਫ਼ੇਰ ਕੀ ਸੀ- ਦੋ ਮੋਟੀਆਂ-ਮੋਟੀਆਂ
ਛੱਲੀਆਂ ਸਣੇ ਟਾਂਡਿਆਂ ਦੇ ਤੋੜੀਆਂ ਅਤੇ ਮੋਟੇ-ਮੋਟੇ ਪੱਤੇ ਛਿੱਲ ਕੇ ਲਾਹ ਦਿੱਤੇ ਅਤੇ ਇੱਕ
ਦੂਜੇ ਦੇ ਆਹਮੋ-ਸਾਹਮਣੇ ਬਹਿ ਕੇ ਲੱਗ ਪਏ ਸਿਵੇ ਦੀ ਅੱਗ ‘ਤੇ ਛੱਲੀਆਂ ਭੁੰਨਣ। ਮੈਂ ਕਿਹਾ,
“ਤੋਚੀ ਕਿੰਨੀ ਵਧੀਆ ਅੱਗ ਹੈ, ਛੱਲੀਆਂ ਬਹੁਤ ਵਧੀਆਂ ਭੁੱਜਣਗੀਆਂ।” ਤੋਚੀ ਹਾਂ-ਹੂੰ ਕਰਦਾ
ਟਾਂਡੇ ਨੂੰ ਘੁਮਾਈ ਜਾਵੇ। ਅਚਾਨਕ ਉਹਦੇ ਕੰਨੀਂ ਆਵਾਜ਼ ਪਈ, “ਪਕੜੋ ਸਾਲੇ ਕੋ, ਸਸੁਰੇ ਆਦਮ
ਖੋਰ ਦਰਿੰਦੇ ਸੈਂ, ਸਾਲੇ ਭੁੰਨੀਂ ਲਾਸ਼ ਨਿਕਾਲ ਨਿਕਾਲ ਖਾਵੇ ਸੈਂ” ਤੇ ਤਰਲੋਚਨ ਨੇ ਕਿਹਾ,
“ਭੱਜ ਲੈ ਬਿੱਲਿਆ! ਸ਼ਾਮਤ ਆ ਗਈ।” ਅਸੀਂ ਫ਼ਟਾ-ਫ਼ਟ ਛੱਲੀਆਂ ਦੇ ਖੇਤ ਵਿੱਚ ਵੜ ਗਏ।
ਕੁਦਰਤੀ ਉਸ ਖੇਤ ਨੂੰ ਪਾਣੀ ਲੱਗਣ ਕਰਕੇ ਚਿੱਕੜ ਹੋਇਆ ਪਿਆ ਸੀ। ਸ਼ਾਇਦ ਇਸੇ ਲਈ ਕੋਈ ਅੰਦਰ
ਨਹੀਂ ਵੜ੍ਹ ਰਿਹਾ ਸੀ। ਬਾਹਰੋਂ ਹੀ ਹਨੇਰੇ ਵਿੱਚ ਟਾਂਡਿਆਂ ‘ਤੇ ਡਾਂਗਾਂ ਚਲਾਈ ਗਏ। ਕਦੇ
ਅਚਾਨਕ ਹਨੇਰੇ ਵਿੱਚ ਉਹਨਾਂ ਦੀ ਡਾਂਗ ਉਹਨਾਂ ਦੇ ਹੀ ਕਿਸੇ ਬੰਦੇ ਦੇ ਲੱਗਦੀ ਤਾਂ ਉਹ
ਚੀਖ਼ਦਾ ਅਤੇ ਕਹਿੰਦਾ, “ਉਹ ਤੁਮ੍ਹਾਰੀ ਬੇਬੇ ਕੀ ਮਨੇ ਤੋ ਇਭ ਪਕੜ ਲੀਆ ਥਾ।” ਕੁਝ ਸੁਣ ਕੇ
ਡਰਦੇ ਦੌੜ ਲਏ ਇਹ ਕਹਿੰਦੇ ਹੋਏ, “ਮਾਰੋ ਪਕੜੋ ਜਾਨੇ ਨਾ ਪਾਏ।” ਇਸੇ ਤਰ੍ਹਾਂ ਹੀ ਰੌਲਾ
ਪਾਉਂਦੇ, ਗਾਲ੍ਹਾਂ ਕੱਢਦੇ ਆਪਣੇ-ਆਪਣੇ ਕਿਆਫ਼ੇ ਲਾਉਂਦੇ ਵਾਪਸ ਸ਼ਹਿਰ ਵੱਲ ਨੂੰ ਮੁੜ ਗਏ।
ਜਿਵੇਂ ਸਾਰੇ ਦੇ ਸਾਰੇ ਵਿੱਚੋਂ ਬੁਰੀ ਤਰ੍ਹਾਂ ਡਰ ਗਏ ਹੋਣ ਅਤੇ ਸਿਰਫ਼ ਵਾਪਸ ਪਰਤਣ ਦਾ
ਬਹਾਨਾ ਹੀ ਭਾਲਦੇ ਹੋਣ।
ਫ਼ੇਰ ਥੋੜ੍ਹੀ ਜਿਹੀ ਸ਼ਾਂਤੀ ਹੋਈ ਤਾਂ ਅਸੀਂ ਰੱਬ-ਰੱਬ ਕਰਦੇ ਅਤੇ ਡਰਦੇ-ਡਰਦੇ ਦੂਰ ਦੇ
ਖੇਤਾਂ ਵਿੱਚੋਂ ਦੀ ਹੁੰਦੇ ਹੋਏ ਦੂਰ ਸਟੇਸ਼ਨ ਦੇ ਪਰਲੇ ਖੇਤਾਂ ਵਿੱਚੋਂ ਦੀ ਬਾਹਰ ਨਿਕਲੇ,
ਅਤੇ ਰੇਲ ਲਾਈਨਾਂ ਪਾਰ ਕਰਕੇ ਚੋਰਾਂ ਵਾਂਗ ਹੌਲੀ-ਹੌਲੀ ਹੋਸਟਲ ਵੱਲ ਮੁੜ ਪਏ। ਨੇੜੇ
ਆਉਂਦਿਆਂ ਹੋਇਆਂ ਤਰਲੋਚਨ ਨੇ ਕਿਹਾ, “ਆਪਣੇ ਕੱਪੜੇ ਅਤੇ ਬੂਟ ਤਾਂ ਚਿੱਕੜ ਨਾਲ ਭਰੇ ਪਏ ਨੇ,
ਚੱਲ ਇਸ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀ ਹੌਦੀ ਵਿੱਚ ਧੋ ਲਈਏ।” ਅਸੀਂ ਦੋਨਾਂ ਨੇ
ਆਪਣੇ-ਆਪਣੇ ਕੱਪੜਿਆਂ ਤੋਂ ਚਿੱਕੜ ਲਾਹਿਆ। ਦਿਨ ਚੜ੍ਹਨ ਤੋਂ ਪਹਿਲਾਂ ਹੀ ਅਸੀਂ ਆਪਣੇ ਕਮਰੇ
ਵਿੱਚ ਆ ਕੇ ਚੁੱਪ-ਚਾਪ ਕੱਪੜੇ ਬਦਲੇ ਬਿਨਾਂ ਹੀ ਸੌਂ ਗਏ ਜਿਵੇਂ ਕਿ ਬਾਹਰ ਕੁਝ ਹੋਇਆ ਹੀ ਨਾ
ਹੋਵੇ।
ਸਵੇਰੇ ਸਵੇਰੇ ਰਘਬੀਰ ਨੇ ਚਾਹ ਬਣਾਈ ਅਤੇ ਸਾਨੂੰ ਵੀ ਦਿੱਤੀ। ਅਸੀਂ ਊਂਘਦੇ-ਊਂਘਦਿਆਂ ਨੇ
ਰਜਾਈ ਵਿੱਚ ਵੜਿਆਂ ਨੇ ਓਦਾਂ ਹੀ ਚਾਹ ਲੈ ਕੇ ਪੀ ਲਈ ਅਤੇ ਅਚਾਨਕ ਰਘਬੀਰ ਨੇ ਮੇਰੇ ਮੱਥੇ
‘ਤੇ ਹੱਥ ਲਾਇਆ। ਮੇਰਾ ਮੱਥਾ ਤਪਿਆ ਪਿਆ ਸੀ । ਫ਼ੇਰ ਇਸੇ ਤਰ੍ਹਾਂ ਤਰਲੋਚਨ ਦਾ ਮੱਥਾ ਵੀ ਤਪ
ਰਿਹਾ ਸੀ। ਉਸ ਨੂੰ ਕਾਫ਼ੀ ਤੇਜ਼ ਬੁਖ਼ਾਰ ਸੀ। ਜਾਣੋਂ ਦੋਹਵੇਂ ਕੰਬ ਰਹੇ ਸੀ। ਰਘਬੀਰ ਨੇ
ਇੱਕ ਇੱਕ ਰਜਾਈ ਹੋਰ ਸਾਡੇ ਉੱਪਰ ਦੇ ਦਿੱਤੀ ਅਤੇ ਕਿਹਾ, “ਕਮਬਖ਼ਤੋ ਅੱਜ ਕਿਤੇ ਬਾਹਰ ਨਾ
ਜਾਣਾਂ, ਹੋਸਟਲ ਸੁਪਰੀਡੈਂਟ ਦੋ ਵਾਰ ਲੇਟ ਨਾਈਟ ਵਾਲਾ ਛਾਪਾ ਮਾਰ ਚੁੱਕਿਆ। ਚੌਦਾਂ ਜਾਣਿਆਂ
ਦੀ ਗ਼ੈਰ-ਹਾਜ਼ਰੀ ਲਾ ਕੇ ਗਿਆ ਹੈ। ਤੁਹਾਡੀ ਤਾਂ ਸ਼ਾਇਦ ਇਹ ਤੀਜੀ ਵਾਰਨਿੰਗ ਹੈ। ਹੁਣ ਪੂਰੀ
???? ਕਰੋ। ਮੈਂ ਦੁਪਹਿਰੇ ਆਉਂਦਾ ਹੋਇਆ ਤੁਹਾਡੇ ਲਈ ਦਵਾਈ ਵੀ ਲੈ ਕੇ ਆਵਾਂਗਾ ਤੇ ਤੁਹਾਡੀ
ਸਿੱਕ ਲੀਵ ਵੀ ਦੇ ਦਿਆਂਗਾ। ਅਸੀਂ ਬੇਸੁਰਤੀ ਜਿਹੀ ਵਿੱਚ ਓਸੇ ਤਰ੍ਹਾਂ ਹੀ ਸੌਂ ਗਏ।
ਇੱਧਰ ਰਾਤ ਦੇ ਹਾਦਸੇ ਵਾਲੀ ਗੱਲ ਸਾਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ। “ਦੋ
ਆਦਮ ਖੋਰ ਦਰਿੰਦੇ ਆਧੀ ਰਾਤ ਕੋ ਸ਼ਮਸ਼ਾਨ ਘਾਟ ਮੇਂ ਕੱਲ ਮੁਰਦਾ ਆਗ ਮੇਂ ਸੇ ਨਿਕਾਲ ਨਿਕਾਲ
ਕੇ ਖਾਤੇ ਲੋਗੋਂ ਨੇਂ ਅਪਨੀ ਆਖੋਂ ਸੇ ਦੇਖੇ ਸੈਂ, ਜਿਨਕੇ ਬੜੇ-ਬੜੇ ਸੇ ਦਾਂਤ ਥੇ ਅਰ ਲੰਬੇ
ਲੰਬੇ ਸੇ ਹਾਥ ਥੇ। ਮੋਟੀ ਮੋਟੀ ਲਾਲ ਆਗ ਉਗਲਤੀ ਆਂਖੇਂ। ਜਲਤੀ ਆਗ ਮੇਂ ਸੇ ਮਾਸ ਨਿਕਾਲ ਕਰ
ਖਾਵੇ ਥੇ, ਸਸੁਰੋਂ ਕੇ ਹਾਥ ਭੀ ਨਾ ਜਲੇ ਥੇ। ਏਕਦਮ ਭਾਰੀ ਭਰਕਮ ਸ਼ਰੀਰ ਵਾਲੇ ਥੇ, ਅਰੇ
ਗਾਾਂਵ ਵਾਲੋਂ ਕਾ ਸ਼ੋਰ ਸੁਨਤੇ ਹੀ ਏਕਦਮ ਸਾਲੇ ਸ਼ੂ ਮੰਤਰ ਹੋ ਗਏ। ਮੇਰੇ ਸਾਸੂਕੇ---ਪਰ
ਕਿਸੀ ਕੋ ਨਜ਼ਰ ਨਾ ਆਵੇ ਥੇ। ਕਬੀ ਕਿਸੀ ਕੇ ਸਰ ਪਰ ਮਾਰ ਦੇਵੇਂ ਤੋ ਕਬੀ ਕਿਸੀ ਕੀ ਪੀਠ ਪਰ
ਮਾਰ ਦੇਵੇ ਥੇ। ਕਿਸੀ ਕੀ ਪਗੜੀ ਖੀਂਚ ਕੇ ਕਬੀ ਕਿਸੀ ਕੀ ਧੋਤੀ ਪਕੜੇ ਥੇ। ਲੋਗੋਂ ਕੋ ਘਣਾ
ਪਰੇਸ਼ਾਨ ਕੀਆ, ਅਰੇ ਉਨੋਂ ਕੇ ਬਾਵਲੇ ਕੀਏ ਡਰੇ ਲੋਗ ਆਪਸ ਮੇਂ ਲੱਠ ਚਲਾਨੇ ਲਗ ਪੜੇ ਔਰ ਏਕ
ਦੋ ਕੋ ਚੋਟੇਂ ਬੀ ਆਈਂ। ਯੂਂ ਤੋ ਸਬ ਅੰਦਰ ਹੀ ਅੰਦਰ ਕਾਪੇਂ ਸੈਂ। ਮੌਕਾ ਮਿਲਤੇ ਹੀ ਲੋਗ ਸਬ
ਏਕ ਦੂਸਰੇ ਕੇ ਪੀਛੇ ਭਾਗ ਲੀਏ, ਔਰ ਚਿੱਲਾਤੇ ਥੇ, ਅਰੇ ਪਕੜ ਲੀਆ, ਅਰੇ ਮਨੇ ਮਾਰ ਲੀਆ।”
ਜਿਵੇਂ ਜਿਵੇਂ ਦਿਨ ਵਧਦੇ ਜਾਂਦੇ ਅਤੇ ਭੂਤਾਂ ਦੇ ਹਊਏ ਦਾ ਕੱਦ-ਕਾਠ ਹੋਰ ਵੀ ਉਚੇਰਾ ਲੰਬਾ
ਅਤੇ ਚੌੜਾ, ਨਾਲ-ਨਾਲ ਹੋਰ ਡਰਾਉਣਾ ਹੋਈ ਜਾਂਦਾ ਸੀ। ਰੋਜ਼ ਨਵੀਆਂ ਨਵੀਆਂ ਕਹਾਣੀਆਂ ਨਾਲ
ਜੁੜਨ ਲੱਗੀਆਂ। ਕਈ ਸੰਗਠਨ ਭੂਤਾਂ ਦੇ ਖਿ਼ਲਾਫ਼ ਬਣ ਕੇ ਸਾਹਮਣੇ ਆਉਣ ਲੱਗੇ ਅਤੇ ਕਈ ਤਰ੍ਹਾਂ
ਦੀਆਂ ਸਕੀਮਾਂ ਅਤੇ ਉਪਰਾਲੇ ਸੋਚੇ ਜਾਣ ਲੱਗੇ। ਕਈ ਤਜਵੀਜ਼ ਦੇਣ ਲੱਗੇ ਕਿ ਹੁਣ ਤੋਂ ਪੂਰੀ
ਰਾਤ ਸ਼ਮਸ਼ਾਨ ਘਾਟ ਵਿੱਚ ਰੌਸ਼ਨੀ ਦਾ ਇੰਤਜ਼ਾਮ ਕੀਤਾ ਜਾਵੇ। ਅੱਗੇ ਤੋਂ ਕਿਸੇ ਵੀ ਲਾਸ਼ ਦੀ
ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਗੱਲ ਨੂੰ ਮੁੱਦਾ ਬਣਾ ਕੇ ਕਈ ਗੁਰਦਵਾਰਿਆਂ ਅਤੇ
ਮੰਦਰਾਂ ਵਿੱਚ ਖ਼ੂਬ ਚੰਦਾ ਇਕੱਠਾ ਕੀਤਾ ਗਿਆ। ਕਈਆਂ ਦੀ ਨੀਂਦ ਹਰਾਮ ਹੋ ਗਈ ਅਤੇ ਕਈਆਂ ਦੇ
ਹਲਵੇ ਮਾਂਡੇ ਸ਼ੁਰੂ ਹੋ ਗਏ।
ਆਖ਼ਰ ਗੱਲ ਤੁਰਦੀ ਤੁਰਦੀ ਕਾਲਜ ਦੇ ਹੋਸਟਲ ਵਿੱਚ ਵੀ ਵੜ ਆਈ। ਪਰ ਸਾਡੇ ਕਾਲਜ ਦੀ ਫ਼ੱਕੜ
ਮੁੰਡੀਰ ਨੇ ਗੱਲ ਨੂੰ ਕੋਈ ਬਹੁਤੀ ਤੂਲ ਨਾ ਦਿੱਤੀ। ਕਹਿਣ, ਐਵੇਂ ਕੋਈ ਵਿਹਲੜਾਂ ਨੇ ਹਵਾ
ਉੜਾਈ ਹੋਣੀ ਏਂ, ਅਤੇ ਕੁਝ ਕਹਿਣ ਕੁਝ ਤਾਂ ਜ਼ਰੂਰ ਹੋਇਆ ਹੋਣਾ ਏਂ। ਐਵੇਂ ਤਾਂ ਗੱਲ ਨਹੀਂ
ਨਿਕਲਦੀ। ਖ਼ੈਰ! ਪਰ ਇੱਕ ਦਿਨ ਰਘਬੀਰ ਨੇ ਸਾਡੀਆਂ ਲੱਤਾਂ ਖਿੱਚਦਿਆਂ ਕਿਹਾ, “ਕਿਤੇ ਉਸ ਰਾਤ
ਸੱਚੀਂ-ਮੁੱਚੀਂ ਉਹ ਭੂਤ ਤੁਹਾਨੂੰ ਦੋਨਾਂ ਨੂੰ ਤਾਂ ਨਹੀਂ ਚਿੰਬੜ ਗਏ ਸੀ। ਜਿਹੜਾ ਤੁਹਾਨੂੰ
ਅੱਜ ਬੁਖ਼ਾਰ ਚੜ੍ਹ ਗਿਆ ਹੈ। ਚੰਗਾ ਹੋਇਆ ਇਹ ਹਾਦਸਾ ਸ਼ਹਿਰ ਦੇ ਬਾਹਰਲੇ ਪਾਸੇ ਹੋਇਆ। ਜੇ
ਇਹ ਹਾਦਸਾ ਏਧਰਲੇ ਪਾਸੇ ਹੁੰਦਾ ਤੇ ਤੁਸੀਂ ਓਸ ਭੂਤਰੀ ਮੁੰਡੀਰ ਦੇ ਕਾਬੂ ਆ ਜਾਂਦੇ, ਤੁਹਾਡਾ
ਤਾਂ ਉਹਨਾਂ ਮਾਰ ਮਾਰ ਕੇ ਨਾਸ ਮਾਰ ਦੇਣਾ ਸੀ। ਰੱਬ ਦੇ ਵਾਸਤੇ ਹੁਣ ਨਾ ਜਾਇਓ ਹੋਰ ਕਿਸੇ
ਪਾਸੇ, ਹੋਰ ਮੁਸੀਬਤ ਖੜ੍ਹੀ ਕਰੋਗੇ। ਹਾਂ! ਮੈਨੂੰ ਕਿਤੋਂ ਉੱਡਦੀ-ਉੱਡਦੀ ਖ਼ਬਰ ਮਿਲੀ ਹੈ ਕਿ
ਤੁਹਾਡੇ ਦੋਨਾਂ ਦੇ ਘਰੀਂ ਮੈਨੇਜਮੈਂਟ ਨੇ ਚਿੱਠੀਆਂ ਪਾ ਦਿੱਤੀਆਂ ਨੇ। ਬੱਸ ਕੋਈ ਨਾ ਕੋਈ
ਮੁਸੀਬਤ ਆਈ ਸਮਝੋ। ਤਰਲੋਚਨ ਯਾਰ ਤੂੰ ਵੀ ਬਿੱਲੇ ਨੂੰ ਰੋਕਣ ਦੀ ਥਾਂ ‘ਤੇ ਇਸਦੇ ਨਾਲ ਹੀ
ਚਲਿਆ ਜਾਂਦਾ ਸੀ।” ਤੇ ਤਰਲੋਚਨ ਨੇ ਹਰਖ਼ ਅਤੇ ਅਫ਼ਸੋਸ ਨਾਲ ਕਿਹਾ, “ਹੋਰ ਰਘਬੀਰ ਯਾਰ ਮੈਂ
ਕੱਲ੍ਹਾ ਛੱਡ ਦਿੰਦਾ? ਜੋ ਹੋਊਗਾ ਦੇਖੀ ਜਾਊਗੀ। ਘਰਦਿਆਂ ਨੂੰ ਤਾਂ ਬਹਾਨਾ ਹੀ ਚਾਹੀਦਾ ਹੈ।
ਅੱਗੇ ਕਿਹੜਾ ਉਹ ਮੈਨੂੰ ਐਥੇ ਪੜ੍ਹਾ ਕੇ ਖ਼ੁਸ਼ ਨੇਂ। ਅੱਗੇ ਹੀ ਹਰ ਮਹੀਨੇ ਪੈਸੇ ਭੇਜਣ
ਵੇਲੇ ਘਰ ਵਿੱਚ ਚੰਗਾ ਕਲੇਸ਼ ਹੁੰਦੈ। ਜਿਵੇਂ ਮੈਂ ਮਾਂ ਦਾ ਮਤੇਆ ਪੁੱਤ ਹੋਵਾਂ। ਹਮੇਸ਼ਾਂ
ਕਹਿੰਦੀ ਏ ਦਸਵੀਂ ਕਰਾਤੀ ਬਹੁਤ ਐ। ਬਾਕੀ ਦੇ ਬੱਚਿਆਂ ਨੂੰ ਵੀ ਤਾਂ ਪੜ੍ਹਾਉਣਾ ਐ। ਅੱਗੋਂ
ਕੁੜੀਆਂ ਵੀ ਵਿਆਹੁਣੀਆਂ ਨੇਂ। ਅਤੇ ਬਾਪੂ ਬੱਸ! ਅੱਗੋਂ ਚੁੱਪ ਵੱਟ ਜਾਂਦਾ ਹੈ।” ਤੇ ਫ਼ੇਰ
ਮੈਨੂੰ ਦੇਖ਼ਦਾ ਹੋਇਆ ਕਹਿੰਦਾ, “ਬਿੱਲਿਆ ਯਾਰ! ਆਪੋ ਆਪਣੀ ਕਿਸਮਤ ਹੁੰਦੀ ਆ, ਮੈਂ ਪੜ੍ਹਨਾ
ਚਾਹੁੰਦੈਂ ਤੇ ਮੈਨੂੰ ਕੋਈ ਪੜ੍ਹਾਉਦਾ ਹੀ ਨਹੀਂ। ਤੈਨੂੰ ਤੇਰਾ ਸਾਰਾ ਟੱਬਰ ਪੜ੍ਹਾਉਣਾ
ਚਾਹੁੰਦਾ ਏ ਤਾਂ ਤੂੰ ਪੜ੍ਹਦਾ ਨਹੀਂ। ਵਾਹ ਨੀਂ ਤਕਦੀਰ!” ਕਹਿ ਕੇ ਮੇਰੇ ਯਾਰ ਤਰਲੋਚਨ ਦੀਆਂ
ਅੱਖਾਂ ਭਰ ਆਈਆਂ ਅਤੇ ਮੇਰਾ ਦਿਲ ਉਸਦੀ ਗੱਲ ਸੁਣ ਕੇ ਅਤੇ ਉਸਦੀ ਹਾਲਤ ਦੇਖ ਕੇ ਪਸੀਜਿਆ
ਗਿਆ। ਮੈਂ ਅੰਦਰੋਂ-ਅੰਦਰੀ ਆਪਣੇ ਆਪ ਨੂੰ ਲਾਹਨਤ ਪਾ ਰਿਹਾ ਸਾਂ। ਮੇਰੇ ਹੀ ਮਨ ਨੇ ਮੈਥੋਂ
ਪੁੱਛਿਆ, “ਤੇਰਾ ਕੀ ਹੱਕ ਬਣਦਾ ਹੈ, ਇੱਕ ਐਨੇ ਵਧੀਆ, ਹਿਤੈਸ਼ੀ ਅਤੇ ਯਾਰੀ ‘ਤੇ ਕੁਰਬਾਨ ਹੋ
ਜਾਣ ਵਾਲੇ ਯਾਰ ਦਾ ਨਾਜਾਇਜ਼ ਫ਼ਾਇਦਾ ਲੈਣ ਦਾ। ਤੂੰ ਸਵਾਰਥੀ ਹੈਂ ਬਿੱਲਿਆ-ਤੂੰ ਘਟੀਆ ਬੰਦਾ
ਹੈਂ। ਮੇਰੇ ਯਾਰ ਤਰਲੋਚਨਾਂ! ਮੈਨੂੰ ਮੁਆਫ਼ ਕਰ ਦੇ। ਮੈਂ ਆਪਣੇ ਨਾਲ ਤੇਰੀ ਜਿ਼ੰਦਗੀ ਵੀ
ਨਰਕ ਬਣਾ ਦਿੱਤੀ।” ਮੈਂ ਉਸਦੇ ਗਲ ਲੱਗ ਕੇ ਬੱਚਿਆਂ ਵਾਂਗ ਰੋਣ ਲੱਗ ਪਿਆ। “ਕਾਲਜ ਛੱਡਾਂਗੇ
ਤਾਂ ਦੋਨੋਂ ਇਕੱਠੇ ਛੱਡਾਂਗੇ।” ਉਸਨੇ ਕਿਹਾ, “ਬਿੱਲੇ ਤੂੰ ਕੁਝ ਜਿ਼ਆਦਾ ਹੀ ਝੱਲ ਖਿ਼ਲਾਰਨ
ਲੱਗ ਗਿਐਂ, ਮੈਨੂੰ ਦੱਸ ਤੂੰ ਮੈਨੂੰ ਆਪਣਾ ਯਾਰ ਸਮਝਦਾ ਹੈਂ ਕਿ ਨਹੀਂ?” ਤੇ ਫ਼ੇਰ ਮੈਂ
ਕਿਹਾ, “ਮੈਂ ਤੈਨੂੰ ਆਪਣੀ ਜਾਨ ਤੋਂ ਵੀ ਵੱਧ ਸਮਝਦਾ ਹਾਂ।” ਉਸਨੇ ਕਿਹਾ, “ਤਾਂ ਫ਼ੇਰ
ਮੈਨੂੰ ਅੱਜ ਇੱਕ ਵਚਨ ਦੇਹ ਕਿ ਤੂੰ ਆਪਣੀ ਪੜ੍ਹਾਈ ਜ਼ਰੂਰ ਪੂਰੀ ਕਰੇਂਗਾ, ਮੈਂ ਤਾਂ ਬਿੱਲੇ
ਪਹਿਲਾਂ ਹੀ ਆਪਣੇ ਆਪ ਨੂੰ ਤੇਰੀ ਇਸ ਹਾਲਤ ਦਾ ਜਿ਼ੰਮੇਵਾਰ ਸਮਝਦਾ ਹਾਂ। ਰੱਬ ਦੇ ਵਾਸਤੇ
ਮੈਨੂੰ ਹੋਰ ਗੁਨਾਹਗਾਰ ਨਾ ਬਣਾਈਂ।” ਤਰਲੋਚਨ ਦੇ ਮੂੰਹੋਂ ਇਹ ਗੱਲ ਸੁਣ ਕੇ ਮੈ ਠਠੰਬਰ ਗਿਆ
ਅਤੇ ਧੁਰ ਅੰਦਰੋਂ ਹਿੱਲ ਗਿਆ। ਇੱਕ ਵਾਰ ਤਾਂ ਮੈਂ ਕੰਬ ਜਿਹਾ ਗਿਆ ਸਾਂ ਜਿਵੇਂ ਮੇਰੇ ਦਿਲ
ਦੇ ਆਸ-ਪਾਸ ਕੋਈ ਭੁਚਾਲ ਜਿਹਾ ਉੱਠ ਖੜ੍ਹਿਆ ਹੋਵੇ। ਮੈਂ ਤਰਲੇ ਭਰੇ ਅਹਿਸਾਸ ਨਾਲ ਕਿਹਾ,
“ਤਰਲੋਚਨ ਯਾਰ ਤੂੰ ਨਹੀਂ, ਸਗੋਂ ਮੈਂ ਤੇਰਾ ਦੇਣਦਾਰ ਹਾਂ। ਮੈਨੂੰ ਸ਼ਰਮਿੰਦੇ ਨੂੰ ਹੋਰ
ਸ਼ਰਮਿੰਦਾ ਨਾ ਕਰ!” ਰਘਬੀਰ ਮੇਰੀ ਗੱਲ ਦੇ ਵਿੱਚ ਹੀ ਚੀਖ਼ ਪਿਆ, “ ਬੱਸ ਵੀ ਕਰੋ! ਤੁਹਾਨੂੰ
ਤਾਂ ਕੋਈ ਗੱਲ ਦੱਸਣੀ ਹੀ ਨਹੀਂ ਚਾਹੀਦੀ। ਐਵੇਂ ਦਿਲ ਨੂੰ ਲਾ ਕੇ ਬਹਿ ਜਾਂਦੇ ਓ। ਕੱਲ੍ਹ ਦੀ
ਕੱਲ੍ਹ ਨੂੰ ਦੇਖਾਂਗੇ। ਐਵੇਂ ਤਾਂ ਨਹੀਂ ਕਹਿੰਦੇ- ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ
ਟੁੱਟੇ ਅੱਧ ਵਿੱਚੋਂ। ਚੱਲੋ ਹੁਣ ਪਹਿਲਾਂ ਮੈੱਸ ਵਿੱਚ ਚੱਲੀਏ ਅਤੇ ਮੈੱਸ ਦੀਆਂ ਰੋਟੀਆਂ
ਤੋੜੀਏ, ਨਹੀਂ ਤਾਂ ਪਾਣੀ ਵਾਲੀ ਦਾਲ ਵੀ ਨਹੀਂ ਲੱਭਣੀ।” ਅੱਗੇ ਮੈੱਸ ਵਿੱਚ ਪਹੁੰਚੇ ਤਾਂ
ਸੱਚੀਂ-ਮੁੱਚੀਂ ਕਾਵਾਂ ਰੌਲੀ ਪਈ ਹੋਈ ਸੀ। ਅਚਾਨਕ ਮੇਰੀ ਨਜ਼ਰ ਚੁੱਲ੍ਹੇ ‘ਤੇ ਪਈ ਜਿਸ ਉੱਪਰ
ਵੱਡੀ ਸਾਰੀ ਲੋਹ ਰੱਖੀ ਹੋਈ ਸੀ ਜਿਹੜੀ ਵਿਚਾਰੀ ਰੋਜ਼ ਸਵੇਰ ਤੋਂ ਰਾਤ ਤੱਕ ਚੁੱਲ੍ਹੇ ਤੇ ਪਈ
ਤਪਦੀ ਰਹਿੰਦੀ ਸੀ ਪਰ ਫ਼ੇਰ ਵੀ ਮੁੰਡਿਆਂ ਲਈ ਰੋਟੀਆਂ ਥੁੜੀਆਂ ਹੀ ਰਹਿੰਦੀਆਂ। ਇੱਕ ਪਾਸੇ
ਚੁੱਲ੍ਹੇ ਦੇ ਉੱਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਚੌਧਰੀ ਰਸਾਲ ਸਿੰਘ ਬਹੱਤਰ
ਰੋਟੀਆਂ। ਸਾਰੇ ਚੁੱਲ੍ਹੇ ਤੇ ਕਦੇ-ਕਦੇ ਗਿੱਲੀ ਮਿੱਟੀ ਦਾ ਪੋਚਾ ਲੱਗਦਾ ਸੀ। ਪਰ ਬਹੱਤਰ
ਰੋਟੀਆਂ ਦੀ ਗੱਲ ਤੇ ਅੱਜ ਤੱਕ ਕੋਈ ਪੋਚਾ ਨਾ ਮਾਰ ਸਕਿਆ। ਮੈੱਸ ਭਾਂਵੇਂ ਟੁੱਟ ਜਾਏ ਪਰ
ਰਸਾਲ ਸਿੰਘ ਦਾ ਰਿਕਾਰਡ ਤੋੜ੍ਹਨਾ ਬਹੁਤ ਔਖਾ ਸੀ। ਮੈਂ ਤਾਂ ਨਹੀਂ ਸੀ ਉਸਨੂੰ ਦੇਖਿਆ, ਪਰ
ਕਹਿੰਦੇ ਸਨ, ਉਸਦਾ ਕੱਦ-ਕਾਠ ਦਿਓ ਜਿੱਡਾ ਸੀ। ਹੋਰ ਵੀ ਕਿੰਨੇ ਹੀ ਰਿਕਾਰਡ ਓਸ ਨਾਲ ਜੁੜੇ
ਸਨ। ਪੰਜ ਸੇਰ ਲੱਡੂ, ਦੋ ਦਹੀਂ ਦੇ ਕੂੰਡੇ ਅਤੇ ਪਤਾ ਨਹੀਂ ਹੋਰ ਕੀ-ਕੀ। ਉਹ ਖਾਣ-ਪੀਣ ਦੀ,
ਕਦੇ ਸ਼ਰਤ ਨਹੀਂ ਸੀ ਹਾਰਿਆ। ਚਾਹੇ ਮਿੱਟੀ ਦਾ ਤੇਲ ਹੀ ਕਿਓਂ ਨਾ ਪੀਣਾ ਪੈਂਦਾ। ਕੁਝ ਨਾ
ਕੁਝ ਤਾਂ ਬਾਂਕਾਪਣ ਸੀ ਓਸ ਵਿੱਚ ਜੋ ਅੱਜ ਤੱਕ ਸਾਰੇ ਚੌਧਰੀ ਰਸਾਲ ਸਿੰਘ ਨੂੰ ਯਾਦ ਕਰਦੇ
ਨੇਂ। ਪਰ ਇਹ ਵੀ ਕਿਹੜਾ ਅਵੱਲੜਾ ਪਸ਼ੂਆਂ ਵਾਲਾ ਸ਼ੌਂਕ ਸੀ ਜੋ ਉਸ ਨੇ ਪਾਲਿਆ ਹੋਇਆ ਸੀ।
ਘੱਟੋ ਘੱਟ ਸੌ ਗ਼ਰੀਬ ਲਾਚਾਰ ਭੁੱਖ ਨਾਲ ਬੇਹਾਲ ਬੱਚਿਆਂ ਦਾ ਅੰਨ ਕੋਈ ਇਕੱਲਾ ਹੀ ਖਾ ਜਾਵੇ।
ਅੰਨ ਦਾ ਵੈਰੀ ਹੋਣਾ ਤਾਂ ਕੋਈ ਸੂਰਮਤਾਈ ਨਹੀਂ, ਹੋਣਾ ਹੀ ਹੈ ਤਾਂ ਬੰਦਾ ਕਿਸੇ ਅਨਿਆਂ ਜਾਂ
ਕਿਸੇ ਜਬਰ-ਜ਼ੁਲਮ ਦਾ ਵੈਰੀ ਹੋ ਕੇ ਜੀਵੇ। ਆਮੀਨ---
ਮੈੱਸ ਵਿੱਚ ਅਕਸਰ ਭੰਗ ਹੀ ਭੁੱਜਦੀ ਸੀ। ਭੁੱਖ ਤੋਂ ਤਾਂ ਅਸੀਂ ਕਦੇ ਨਹੀਂ ਸਾਂ ਡਰੇ। ਪਰ
ਜਿਸ ਗੱਲ ਦਾ ਡਰ ਸੀ, ਉਹ ਹੋਣੀ ਬਣ ਸਿਰ ਚੜ੍ਹ ਕੇ ਬੋਲੀ। ਵਾਰਨਿੰਗ ਲੈਟਰ ਮੇਰੇ ਅਤੇ
ਤਰਲੋਚਨ ਦੋਹਵਾਂ ਦੇ ਘਰੀਂ ਪਹੁੰਚ ਗਏ। ਤਰਲੋਚਨ ਦੇ ਘਰਦਿਆਂ ਨੇ ਤਾਂ ਜਿਵੇਂ ਚੁੱਪ ਹੀ ਵੱਟ
ਲਈ। ਕੋਈ ਹਾਂ ਜਾਂ ਨਾਂਹ ਨਾ ਕੀਤੀ। ਬੱਸ ਤਰਲੋਚਨ ਦਾ ਖ਼ਰਚਾ ਭੇਜਣਾ ਬੰਦ ਕਰ ਦਿੱਤਾ।
ਸੋਚਿਆ ਹੋਣਾ ਏਂ ਕਿ ਆਪੇ ਝੱਖ ਮਾਰ ਕੇ ਮੁੜ ਆਵੇਗਾ, ਫ਼ੇਰ ਕਰਾਂਗੇ ਸਾਰੇ ਰਲ ਕੇ ਉਸਦੀ
ਕੁੱਤੇਖਾਣੀ। ਸਦਕੇ ਜਾਈਏ ਤਰਲੋਚਨ ਦੀ ਦੂਰਅੰਦੇਸ਼ੀ ਦੇ, ਜਿਹੜਾ ਭਾਣੇ ਨੂੰ ਪਹਿਲਾਂ ਹੀ
ਭਾਂਪ ਕੇ ਬੈਠਾ ਸੀ ਕਿ ਕੱਲ ਨੂੰ ਕੀ ਹੋਣ ਵਾਲਾ ਏ। ਉਹ ਬੜਾ ਹੀ ਜਿਗਰੇ ਵਾਲਾ ਮੁੰਡਾ ਸੀ।
ਨਾ ਉਸਦੇ ਅੰਦਰ ਦੀ ਪੀੜ ਅਤੇ ਨਾ ਕਦੇ ਉਸਦੀ ਪਰੇਸ਼ਾਨੀ ਨੂੰ ਕੋਈ ਉਸਦੇ ਚਿਹਰੇ ਤੋਂ ਪੜ੍ਹ
ਸਕਿਆ ਸੀ। ਬੜਾ ਹੀ ਸਹਿਜ ਰਹਿਣ ਵਾਲਾ ਇਨਸਾਨ ਸੀ ਉਹ। ਬੜੀ ਹੀ ਸਹਿਜਤਾ ਨਾਲ ਹਰ ਘੜੀ
ਵਿਚਰਦਾ ਸੀ। ਉਸਦਾ ਹਠ ਅਤੇ ਨਿਰਭੈਤਾ ਵੀ ਉਸਦੇ ਗੁਣਾਂ ਵਿੱਚ ਸ਼ਾਮਿਲ ਸੀ। ਉਹ ਬਹੁਤ ਹੀ
ਜ਼ਹੀਨ ਅਤੇ ਉਸਦੀ ਯਾਦ-ਸ਼ਕਤੀ ਬਹੁਤ ਤਿੱਖੀ ਸੀ। ਉਹ ਪਲਾਂ ਛਿਣਾਂ ਵਿੱਚ ਹੀ ਵਾਲ ਦੀ ਖੱਲ
ਉਧੇੜ ਕੇ ਰੱਖ ਦਿੰਦਾ ਸੀ। ਉਸਨੇ ਮੁੱਢ ਤੋਂ ਹੀ ਜੀਵਨ ਨੂੰ ਸੂਈ ਦੇ ਨੱਕੇ ਥਾਣੀਂ ਲੰਘਾਇਆ
ਹੋਇਆ ਸੀ। ਸ਼ਾਇਦ ਇਸੇ ਲਈ ਉਹ ਕੁਝ-ਕੁਝ ਕਾਮਰੇਡੀ ਅਤੇ ਕੁਝ-ਕੁਝ ਸਮਾਜਵਾਦੀ ਸ਼ਖ਼ਸੀਅਤ ਦਾ
ਮਾਲਿਕ ਸੀ। ਉਹ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨਾਲੋਂ ਉਸਦੇ ਵਿਚਾਰਾਂ ਦਾ ਜਿ਼ਆਦਾ ਕਾਇਲ
ਸੀ। ਸ਼ਾਇਦ ਇਸੇ ਲਈ ਉਸਦੀਆਂ ਕੁਝ ਗੂੜ੍ਹੀਆਂ ਗੱਲਾਂ ਸਾਡੇ ਸਿਰ ਦੇ ਉੱਤੋਂ ਦੀ ਨਿਕਲ
ਜਾਂਦੀਆਂ ਸਨ। ਉਸ ਕੋਲ ਆਪਣੀ ਸਮਾਜ ਉਸਾਰੂ ਸੋਚ ਸੀ ਜੋ ਸ਼ਾਇਦ ਬੜ੍ਹੀ ਉੱਚੀ ਸੀ। ਉਹ ਖ਼ੁਦ
ਵੀ ਇੱਕ ਕ੍ਰਾਂਤੀਕਾਰੀ ਯੋਧਾ ਬਣਨਾ ਚਾਹੁੰਦਾ ਸੀ। ਸਮਾਜ ਦੇ ਅੱਗੇ ਹੋ ਕੇ ਸਮਾਜ ਖ਼ਾਤਰ ਕੁਝ
ਕਰਨਾ ਚਾਹੁੰਦਾ ਸੀ। ਪਰ ਅਫ਼ਸੋਸ ਹਾਲਾਤ ਉਸਦਾ ਸਾਥ ਨਹੀਂ ਦੇ ਰਹੇ ਸਨ। ਉਹ ਅਕਸਰ ਕਹਿੰਦਾ
ਵਗਦੇ ਪਾਣੀ ਵਿੱਚ ਹੀ ਤਾਜ਼ਗੀ ਹੁੰਦੀ ਹੈ ਤੇ ਖੜ੍ਹਾ ਪਾਣੀ ਹਮੇਸ਼ਾਂ ਮੁਸ਼ਕ ਮਾਰਦਾ ਹੈ।
ਖੜੋਤ ਉਸਨੂੰ ਸਦਾ ਨਾਪਸੰਦ ਸੀ ਅਤੇ ਇਸੇ ਲਈ ਉਹ ਹਰ ਗੱਲ ਅਤੇ ਹਰ ਕੰਮ ਵਿੱਚ ਹਮੇਸ਼ਾਂ
ਕ੍ਰਿਆਸ਼ੀਲ ਰਹਿੰਦਾ ਸੀ।
ਹੁਣ ਗੱਲ ਕਰਦੇ ਹਾਂ ਮੇਰੇ ਵੱਡੇ ਵੀਰ ਬਲਦੇਵ ਦੀ ਜਿਸਦਾ ਬਚਪਨ ਦਾ ਨਾਮ ਭੋਲਾ ਸੀ ਅਤੇ ਛੋਟਾ
ਨਾਮ ਦੇਵ ਸੀ। ਸਾਰੇ ਟੱਬਰ ਵਿੱਚੋਂ ਇਸ ਭਰਾ ਨਾਲ ਅਤੇ ਵੱਡੀ ਭੈਣ ਡੌਲੀ ਨਾਲ ਮੇਰੀ ਬਹੁਤ
ਬਣਦੀ ਸੀ ਅਤੇ ਇਹ ਦੋਹਵੇਂ ਮੇਰਾ ਪੱਖ ਪੂਰਦੇ ਸਨ। ਭਾਵੇਂ ਉਮਰ ਵਿੱਚ ਇਹ ਧਰਮ ਭਾਅ ਜੀ ਦਾ
ਹਾਣੀ ਸੀ ਪਰ ਮੇਰਾ ਤਾਂ ਯਾਰ ਭਰਾ ਸੀ। ਇਹ ਸਾਡੇ ਸਾਰੇ ਟੱਬਰ ਵਿੱਚ ਸਭ ਨਾਲੋਂ ਸੋਹਣਾ ਸੀ।
ਗੋਰਾ ਚਿੱਟਾ ਰੰਗ ਅੰਗਰੇਜ਼ਾਂ ਵਰਗਾ, ਸਰੂ ਵਰਗਾ ਲੰਬਾ ਕੱਦ। ਸੱਚ ਜਾਣੋਂ ਲੋਕੀਂ ਖੜ-ਖੜ੍ਹ
ਕੇ ਵੇਖਦੇ ਹੁੰਦੇ ਸੀ। ਜਿੰਨਾ ਸੋਹਣਾ ਸੀ, ਓਨਾ ਹੀ ਖ਼ੁਸ਼ਮਿਜਾਜ਼ ਅਤੇ ਰੌਣਕੀ ਤਬੀਅਤ ਦਾ
ਮਾਲਕ ਸੀ। ਹਰ ਪਲ, ਹਰ ਇੱਕ ਲਈ ਉਸ ਕੋਲ ਮੁਸਕਾਰਹਟ ਸੀ। ਉਹ ਸਦਾ ਹੀ ਹਾਸੇ ਵੰਡਣ ਵਾਲਾ
ਸ਼ਖ਼ਸ ਸੀ। ਪੜ੍ਹਾਈ ਵਿੱਚ ਤਾਂ ਲਾਜਵਾਬ ਸੀ ਹੀ, ਪਰ ਵਾਲੀਬਾਲ ਦਾ ਵੀ ਬੜਾ ਵਧੀਆ ਖਿਡਾਰੀ
ਸੀ। ਬਹੁਤ ਹੀ ਤੇਜ਼ ਤਰਾਰ ਦਿਮਾਗ਼ ਉਸਨੂੰ ਰੱਬ ਨੇ ਬਖ਼ਸਿ਼ਆ ਸੀ। ਛੋਟੀ ਜਿਹੀ ਉਮਰੇ ਹੀ
ਉਸਨੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰ ਲਈ ਸੀ। ਹਰ ਕਲਾਸ ਵਿੱਚ ਅੱਵਲ ਆਉਣ ਕਾਰਨ ਹੀ
ਪੰਜਾਬ ਸਰਕਾਰ ਵੱਲੋਂ ਸਰਕਾਰੀ ਵਜੀਫ਼ੇ’ਤੇ ਕਲਕੱਤੇ ਤੋਂ ਉਚੇਰੀ ਵਿੱਦਿਆ ਹਾਸਲ ਕਰ ਕੇ ਆਇਆ
ਸੀ। ਆਉਂਦਿਆਂ ਹੀ ਸਿੱਧਾ ਚੰਡੀਗੜ੍ਹ ਵਿੱਚ ਇੰਡਸਟਰੀ ਡਿਪਾਰਟਮੈਂਟ ਦੇ ਹੈੱਡ ਆਫਿ਼ਸ ਵਿੱਚ
ਡਿਵੈਲਪਮੈਂਟ ਅਫ਼ਸਰ ਲੱਗ ਗਿਆ। ਇਸ ਦੇ ਬਾਵਜੂਦ ਉਸਨੇ ਸੌ਼ਂਕੀਆ ਤੌਰ ‘ਤੇ ਕਾਨੂੰਨ ਦੀ
ਪੜ੍ਹਾਈ ਕਰਦਿਆਂ ਲਾਅ ਦੀ ਡਿਗਰੀ ਵੀ ਪ੍ਰਾਪਤ ਕਰ ਲਈ ਸੀ। ਕਈ ਜ਼ੁਬਾਨਾਂ ਉਹ ਚੰਗੀ ਤਰ੍ਹਾਂ
ਨਾਲ ਜਾਣਦਾ ਸੀ। ਇਸੇ ਲਈ ਉਸਨੇ ਉਰਦੂ, ਫ਼ਾਰਸੀ ਦੀ ਆਲਮ ਫ਼ਾਜ਼ਲ ਦੀ ਪੜ੍ਹਾਈ ਪੂਰੀ ਕੀਤੀ।
ਪੰਜਾਬੀ ਮਾਂ ਬੋਲੀ ਨੂੰ ਰੱਜ ਕੇ ਪਿਆਰ ਕਰਦਾ ਸੀ ਅਤੇ ਪੂਰਾ ਸਤਿਕਾਰਦਾ ਸੀ। ਇਸੇ ਕਾਰਨ
ਉੇਸਨੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗਿਆਨੀ ਬੜੀ ਹੀ ਰੀਝ ਅਤੇ ਉਚੇਚ ਨਾਲ ਕੀਤੀ ਸੀ।
ਉਸਨੂੰ ਸ਼ਾਇਰੀ ਦਾ ਵੀ ਸ਼ੌਂਕ ਸੀ ਅਤੇ ਖ਼ਾਸਕਰ ਉਰਦੂ ਸ਼ਾਇਰੀ ਵਿੱਚ ਉਸਨੂੰ ਕਾਫ਼ੀ ਮੁਹਾਰਤ
ਹਾਸਲ ਸੀ। ਤਲਤ ਮਹਿਬੂਬ ਉਸਦਾ ਪਸੰਦੀਦਾ ਗਾਇਕ ਸੀ। ਏਨਾ ਬਹੁਮੁਖੀ ਹੋਣ ਦੇ ਬਾਵਜੂਦ ਉਸਨੂੰ
ਕੋਈ ਨਖ਼ਰਾ ਅਤੇ ਮਾਣ ਨਹੀਂ ਸੀ, ਸਗੋਂ ਉਹ ਤਾਂ ਬਹੁਤ ਹੀ ਮਿਲਣਸਾਰ ਅਤੇ ਨਿਮਰਤਾ ਪਸੰਦ
ਇਨਸਾਨ ਸੀ। ਜਿਵੇਂ ਹਰ ਲੋੜਵੰਦ ਦੇ ਕੰਮ ਆਉਣਾ ਉੇਸਦੀ ਕਮਜ਼ੋਰੀ ਬਣ ਗਿਆ ਹੋਇਆ ਸੀ। ਸਹੀ
ਮਾਇਨੇ ਵਿੱਚ ਉਹ ਇੱਕ ਉੱਚੇ ਕਿਰਦਾਰ ਵਾਲਾ ਇਨਸਾਨ ਸੀ ਅਤੇ ਇਸੇ ਲਈ ਸ਼ਾਇਦ ਉਹ ਮੇਰਾ ਯਾਰ
ਵੀਰਾ ਸੀ। ਮੇਰੇ ਕਰਕੇ ਅਕਸਰ ਉਸਨੂੰ ਮਾਂ-ਪਿਓ ਦੇ ਉਲ੍ਹਾਂਭੇ ਵੀ ਸਹਿਣੇ ਪੈਂਦੇ ਸਨ। ਅਕਸਰ
ਮਾਂ ਜੀ ਅਤੇ ਪਿਤਾ ਜੀ ਤੋਂ ਉਸਨੂੰ ਸੁਣਨਾ ਪੈਂਦਾ ਕਿ ਤੇਰੇ ਲਾਡ-ਪਿਆਰ ਨੇ ਹੀ ਬਿੱਲੇ ਨੂੰ
ਵਿਗਾੜਿਆ ਹੈ। ਉਹ ਹੱਸ ਕੇ ਕਹਿ ਛੱਡਦਾ ਕਿ ਬਿੱਲਾ ਆਪਣੇ ਪਰਿਵਾਰ ਦਾ ਬੇਬੀ ਹੈ। ਦੇਵ ਵੀਰ
ਜੀ ਨੇ ਬਾਅਦ ਵਿੱਚ ਬਤੌਰ ਪ੍ਰਿੰਸੀਪਲ ਵਜੋਂ ਮੋਗਾ ਆਈ:ਟੀ:ਆਈ: ਦੀ ਸ਼ੁਰੂਆਤ ਵੀ ਕੀਤੀ ਸੀ।
ਉਹ ਆਪਣੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬੜਾ ਪਿਆਰ ਕਰਦੇ ਅਤੇ ਉਹਨਾਂ ਦਾ ਹਰ
ਤਰ੍ਹਾਂ ਨਾਲ ਖਿ਼ਆਲ ਰੱਖਦੇ। ਇਸੇ ਲਈ ਅੱਜ ਤਾਈਂ ਉਸ ਇਲਾਕੇ ਦੇ ਬੰਦੇ ਉਸਨੂੰ ਭੁੱਲ ਨਹੀਂ
ਸਕੇ।
ਮੈਨੂੰ ਉਹ ਰੱਜ ਕੇ ਦਿਲੋਂ ਆਪਣੇ ਬੱਚੇ ਵਾਂਗ ਪਿਆਰ ਕਰਦਾ ਸੀ। ਸ਼ਾਇਦ ਇਸੇ ਲਈ ਕੰਪਲੇਂਟ ਦੀ
ਚਿੱਠੀ ਮਿਲਦੇ ਸਾਰ ਹੀ ਸਾਰੇ ਕੰਮ ਛੱਡ ਕੇ ਮੇਰਾ ਯਾਰ ਵੀਰਾ ਚੰਡੀਗੜ੍ਹ ਤੋਂ ਸੋਨੀਪਤ ਆ
ਗਿਆ। ਸਿੱਧਾ ਮੇਰੇ ਕਾਲਜ ਪਹੁੰਚ ਗਿਆ। ਹੈੱਡ ਆਫਿ਼ਸ ਵਿੱਚ ਉੇੱਚ ਅਫ਼ਸਰ ਲੱਗੇ ਹੋਣ ਕਾਰਨ
ਕਾਲਜ ਦਾ ਸਟਾਫ਼ ਉਸਦਾ ਬੜ੍ਹਾ ਮਾਣ-ਤਾਣ ਕਰਦਾ ਸੀ। ਮੈਨੂੰ ਵੀ ਖ਼ਬਰ ਮਿਲ ਗਈ ਕਿ ਤੇਰਾ
ਵੱਡਾ ਭਰਾ ਚੰਡੀਗੜ੍ਹੋਂ ਆ ਕੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਬੈਠਾ ਹੈ ਅਤੇ ਤੈਨੂੰ ਸਭ ਬੁਰੀ
ਤਰ੍ਹਾਂ ਨਾਲ ਲੱਭ ਰਹੇ ਨੇ। ਮੈਂ ਇਹ ਸੁਣ ਕੇ ਬੁਰੀ ਤਰ੍ਹਾਂ ਤ੍ਰਬਕ ਗਿਆ ਕਿ ਹੁਣ ਕੀ ਹੋਊ?
ਕਿਵੇਂ ਉਸ ਦਰਵੇਸ਼ ਵਰਗੇ ਵੀਰ ਦਾ ਸਾਹਮਣਾ ਕਰਾਂਗਾ। ਮੇਰੇ ਪਿੱਛੇ ਉਸਨੂੰ ਕਿੰਨੀ ਜ਼ਲਾਲਤ
ਝੱਲਣੀ ਪਈ ਹੋਣੀ ਏਂ। ਮੈਂ ਸੋਚਾਂ ਵਿੱਚ ਘਿਰ ਗਿਆ ਕਿ ਮੈਂ ਹਮੇਸ਼ਾਂ ਉਸਦਾ ਵਿਸ਼ਵਾਸ ਤੋੜਿਆ
ਹੈ, ਸੱਟ ਮਾਰੀ ਹੈ ਉਸਦੇ ਵਿਸ਼ਵਾਸ ਨੂੰ। ਉਸਦੇ ਲਾਡ-ਪਿਆਰ ਦਾ ਨਾਜਾਇਜ਼ ਫ਼ਾਇਦਾ ਉਠਾਇਆ
ਹੈ। ਅਤੇ ਹੁਣ ਉਸਦਾ ਸਾਹਮਣਾ ਕਿਵੇਂ ਕਰਾਂਗਾ। ਮੇਰੇ ਵਰਗੇ ਨਿਕੰਮੇ ਬੰਦੇ ਨੂੰ ਧਰਤੀ ਕਿਓਂ
ਨਹੀਂ ਨਿਘਲ ਜਾਂਦੀ? ਅੰਦਰੋਂ ਇੱਕ ਹੌਕਾ ਜਿਹਾ ਉੱਠਿਆ ਕਿ ਹਾਏ ਰੱਬਾ ਮੈਨੂੰ ਓਸ ਰੇਲ ਹਾਦਸੇ
ਵਿੱਚੋਂ ਜਿਊਂਦਿਆਂ ਰੱਖਣ ਵਿੱਚ ਤੇਰਾ ਕੀ ਥੁੜਿਆ ਸੀ। ਵੀਰਾ ਤਾਂ ਦੂਜੇ ਮੁੰਡਿਆਂ ਅਤੇ
ਮਾਸਟਰਾਂ ਨਾਲ ਕਦੇ ਵੀ ਹੋਸਟਲ ਪੁੱਜ ਸਕਦਾ ਸੀ। ਚਲੋ ਆਪੇ ਮੁੜ ਜਾਏਗਾ ਲੱਭ ਲਭਾ ਕੇ। ਮੈਂ
ਨਹੀਂ ਕਰ ਸਕਦਾ ਉਸਦਾ ਸਾਹਮਣਾ। ਮੈਂ ਤਾਂ ਬੱਸ ਕਿਤੇ ਜਾ ਕੇ ਜਾਨ ਦੇਣੀ ਹੈ। ਪਰ ਤਰਲੋਚਨ ਜੋ
ਇੱਕ ਤਰ੍ਹਾਂ ਨਾਲ ਮੇਰਾ ਸਾਇਆ ਬਣ ਗਿਆ ਸੀ, ਮੈਨੂੰ ਸਮਝਾਉਂਦਾ ਅਤੇ ਵਰਜਦਾ ਮੇਰੇ ਪਿੱਛੇ ਆ
ਗਿਆ ਕਿ ਕਿਤੇ ਇਹ ਕਮਲਾ ਸੱਚਮੁੱਚ ਹੀ ਕੋਈ ਕਾਰਾ ਨਾ ਕਰ ਬੈਠੇ। ਓਧਰ ਮੇਰਾ ਯਾਰ ਵੀਰਾ
ਮੈਨੂੰ ਲੱਭਦਾ-ਲੱਭਦਾ ਹੰਭ ਗਿਆ। ਵਿਚਾਰਾ ਭੁੱਖਾ-ਭਾਣਾ ਮੈਨੂੰ ਤਲਾਸ਼ਦਾ ਰਿਹਾ। ਜਾਣੋਂ ੳਹ
ਡਾਲੀ-ਡਾਲੀ ਤੇ ਅਸੀਂ ਪੱਤੇ-ਪੱਤੇ। ਦੋ ਦਿਨ ਨਿਕਲ ਗਏ ਤੇ ਇਹ ਲੁਕਣ ਮੀਚੀ ਚੱਲਦੀ ਰਹੀ। ਕਈ
ਵਾਰ ਤਾਂ ਮੇਰਾ ਵੀਰਾ ਅਤੇ ਉਸਦੇ ਕੁਝ ਸਾਥੀ ਮੇਰੇ ਨੇੜਿਓਂ ਵੀ ਲੰਘੇ, ਪਰ ਮੇਰੀ ਹਿੰਮਤ ਨਾ
ਹੋਈ ਕਿ ਮੈਂ ਉਸਦੇ ਸਾਹਮਣੇ ਹੋ ਸਕਾਂ। ਲੁਕਾਂ ਵੀ ਤੇ ਰੋਈ ਵੀ ਜਾਵਾਂ ਅਤੇ ਅੰਦਰੋਂ
ਪਛਤਾਵਾਂ ਵੀ। ਅੱਕ ਕੇ ਤਰਲੋਚਨ ਨੇ ਵੀ ਮੈਨੂੰ ਡਾਂਟਿਆ, “ਕਮਲਿਆ ਏਨਾ ਮੋਹ ਕਰਨ ਵਾਲੇ ਵੱਡੇ
ਵੀਰ ਨੂੰ ਕਦੇ ਏਨਾਂ ਤੰਗ ਕਰੀਦਾ ਏ?ਲਾਹਨਤ ਏ ਤੇਰੇ ਤੇ, ਤੂੰ ਐਨਾ ਕਾਇਰ ਹੋਵੇਂਗਾ ਮੈਂ ਸੋਚ
ਵੀ ਨਹੀਂ ਸਕਦਾ ਸੀ।” ਤਰਲੋਚਨ ਦੀ ਇਸ ਲਾਹਨਤ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ
ਦਿੱਤਾ ਅਤੇ ਸ਼ਾਇਦ ਮੇਰੀ ਹਿੰਮਤ ਨੂੰ ਵੰਗਾਰ ਕੇ ਮੈਨੂੰ ਹੌਂਸਲਾ ਵੀ ਦਿੱਤਾ ਅਤੇ ਮੈਂ ਪੂਰਾ
ਮਨ ਬਣਾ ਲਿਆ ਕਿ ਹੁਣ ਕੁਝ ਵੀ ਹੋਵੇ, ਵੀਰੇ ਦੇ ਮੱਥੇ ਜ਼ਰੂਰ ਲੱਗਣਾ ਹੈ। ਛੇਤੀ ਹੀ ਮੈਂ
ਵੀਰ ਦੇ ਮਗਰ ਨੱਠ ਕੇ ਉਸਦੇ ਪੈਰਾਂ ਵਿੱਚ ਜਾ ਡਿੱਗਿਆ। ਨਿੱਕੇ ਬੱਚਿਆਂ ਵਾਂਗ ਉਸਦੀਆਂ ਲੱਤ
ਨੂੰ ਚਿੰਬੜ ਕੇ ਰੋਈ ਜਾਵਾਂ। “ਮੇਰੇ ਰੱਬ ਵਰਗੇ ਵੀਰਿਆ! ਮੈਨੂੰ ਮੁਆਫ਼ ਕਰ ਦੇ। ਮੈਂ ਤੈਨੂੰ
ਬਹੁਤ ਖੱਜਲ-ਖੁਆਰ ਕੀਤਾ ਹੈ। ਵੀਰਿਆ ਮੈਂ ਬਹੁਤ ਡਰ ਗਿਆ ਸੀ। ਤੇਰਾ ਸਾਹਮਣਾ ਕਰਨ ਦੀ ਹਿੰਮਤ
ਨਹੀਂ ਪੈ ਰਹੀ ਸੀ।” ਵੀਰੇ ਨੇ ਚੁੱਕ ਕੇ ਮੈਨੂੰ ਆਪਣੇ ਵਿਸ਼ਾਲ ਸੀਨੇ ਦੇ ਨਾਲ ਲਾ ਲਿਆ,
ਆਪਣੀਆਂ ਬਾਹਾਂ ਦੇ ਵਿੱਚ ਘੁੱਟ ਲਿਆ ਜਿਵੇਂ ਕਹਿਰ ਦੀ ਠੰਡ ਵਿੱਚ ਲੋਈ ਦੀ ਬੁੱਕਲ ਲਈ ਜਾਵੇ।
ਉਸਨੇ ਕਿਹਾ, “ਝੱਲਿਆ! ਆਪਣਿਆਂ ਤੋਂ ਇੰਜ ਦੂਰ ਥੋੜ੍ਹਾ ਭੱਜੀਦਾ ਹੈ। ਟੁੱਟੀਆਂ ਬਾਹਾਂ ਤਾਂ
ਹਮੇਸ਼ਾਂ ਗਲ ਨੂੰ ਆਉਂਦੀਆਂ ਨੇਂ। ਕਦੇ ਇਓਂ ਦੂਰ ਨਹੀਂ ਜਾਈਦਾ।” ਤੇ ਫ਼ੇਰ ਮੈਂ ਤਰਲੋਚਨ
ਵੱਲ ਇਸ਼ਾਰਾ ਕਰ ਕੇ ਕਿਹਾ, “ਵੀਰਿਆ! ਇਹ ਮੇਰਾ ਯਾਰ ਤਰਲੋਚਨ ਹੈ। ਜੇ ਅੱਜ ਮੈਂ ਜਿਊਂਦਾ
ਹਾਂ, ਤਾਂ ਸਿਰਫ਼ ਇਹਦੇ ਸਦਕੇ ਹੀ। ਇਹ ਪਰਛਾਵਾਂ ਬਣ ਕੇ ਮੇਰੇ ਅੰਗ-ਸੰਗ ਰਿਹਾ। ਇਸਦਾ ਦੇਣਾ
ਮੈਂ ਕਦੇ ਵੀ ਨਹੀਂ ਦੇ ਸਕਦਾ।” ਵੀਰ ਨੇ ਤਰਲੋਚਨ ਨੂੰ ਵੀ ਕਲਾਵੇ ਵਿੱਚ ਲੈ ਲਿਆ ਅਤੇ ਉਸਦਾ
ਧੰਨਵਾਦੀ ਹੋਇਆ। ਫ਼ੇਰ ਪਹਿਲਾਂ ਤਾਂ ਵੀਰ ਜੀ ਨੇ ਸਾਨੂੰ ਸਾਰਿਆਂ ਨੂੰ ਨੇੜਲੇ ਢਾਬੇ ਤੇ
ਰੋਟੀ ਖੁਆਈ ਅਤੇ ਆਪ ਵੀ ਸਾਡੇ ਨਾਲ ਹੀ ਖਾਧੀ। ਫਿ਼ਰ ਅਸੀਂ ਕਾਲਜ ਪਹੁੰਚੇ। ਵੀਰ ਜੀ ਦੇ ਅਸਰ
ਰਸੂਖ਼ ਨੇ ਸਭ ਕੁਝ ਪਲਾਂ ਛਿਣਾਂ ਵਿੱਚ ਹੀ ਸੈਟਲ ਕਰ ਦਿੱਤਾ। ਅਸੀਂ ਵੀ ਸਾਰੇ ਸਟਾਫ਼ ਤੋਂ
ਮੁਆਫ਼ੀ ਮੰਗ ਕੇ ਸੁਰਖ਼ਰੂ ਹੋ ਗਏ। ਥੱਕੇ ਹਾਰੇ ਵੀਰ ਜੀ ਨੇ ਉਹ ਰਾਤ ਸਾਡੇ ਹੋਸਟਲ ਦੇ ਵਿੱਚ
ਮੁੰਡਿਆਂ ਦੇ ਨਾਲ ਕੱਟੀ, ਕਿਹਾ, “ਅੱਜ ਮੈਨੂੰ ਤੁਹਾਡੇ ਵਿੱਚ ਰਹਿ ਕੇ ਆਪਣੇ ਕਾਲਜ ਦੇ
ਹੋਸਟਲ ਦੇ ਦਿਨ ਯਾਦ ਆ ਗਏ।” ਸਾਰੇ ਸਟਾਫ਼ ਵਾਲੇ ਅਤੇ ਹੋਸਟਲ ਦੇ ਮੁੰਡੇ ਵਾਰੋ-ਵਾਰੀ ਮਿਲਣ
ਆਉਂਦੇ ਰਹੇ ਅਤੇ ਹੌਂਸਲਾ ਬੰਨ੍ਹਾਉਂਦੇ ਰਹੇ ਕਿ ਸਿਕੰਦ ਸਾਹਬ ਤੁਸੀਂ ਬੇਫਿ਼ਕਰ ਹੋ ਕੇ
ਚੰਡੀਗੜ੍ਹ ਜਾਓ। ਤੁਹਾਡਾ ਨਿੱਕਾ ਭਰਾ ਸਾਡਾ ਨਿੱਕਾ ਭਰਾ ਹੈ। ਸਭ ਨੇ ਬੜੀ ਉਚੇਚ ਦਿਖਾਈ ਅਤੇ
ਵੀਰ ਜੀ ਨੇ ਦੂਜੇ ਦਿਨ ਤੜ੍ਹਕੇ ਹੀ ਪਹਿਲੀ ਬੱਸ ਫੜ੍ਹੀ ਅਤੇ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਹੌਲੀ-ਹੌਲੀ ਸਭ ਕੁਝ ਪਹਿਲਾਂ ਵਾਂਗ ਨਾਰਮਲ ਰੁਟੀਨ ਵਿੱਚ ਚੱਲਣ ਲੱਗ ਪਿਆ। ਅਸਾਂ ਸਾਰਿਆਂ ਨੇ
ਰਲ ਮਿਲ ਕੇ ਤਰਲੋਚਨ ਦੀ ਦੂਜੇ ਮਹੀਨੇ ਦੀ ਫ਼ੀਸ ਅਤੇ ਹੋਸਟਲ ਦਾ ਖ਼ਰਚਾ ਵੀ ਨਾਲ ਹੀ ਜਮ੍ਹਾਂ
ਕਰਵਾ ਦਿੱਤਾ। ਭਾਂਵੇਂ ਤਰਲੋਚਨ ਜ਼ਾਹਰ ਨਹੀਂ ਸੀ ਕਰਦਾ, ਪਰ ਉਹ ਰੋਜ਼ ਘਰਦਿਆਂ ਵੱਲੋਂ
ਭੇਜਿਆ ਜਾਂਦਾ ਮਨੀਆਰਡਰ ਉਡੀਕਦਾ ਰਹਿੰਦਾ। ਨਿਰਾਸ਼ਤਾ ਵੱਧਦੀ ਗਈ ਅਤੇ ਪੜ੍ਹਾਈ ਵੱਲੋਂ ਵੀ
ਉਸਦਾ ਮਨ ਉਚਾਟ ਹੁੰਦਾ ਗਿਆ। ਉਹ ਆਪਣੇ ਆਪ ਨੂੰ ਸਾਡੇ ‘ਤੇ ਬੋਝ ਜਿਹਾ ਮਹਿਸੂਸ ਕਰਨ ਲੱਗ
ਪਿਆ। ਕਈ ਵੇਰਾਂ ਰੋਟੀ ਖਾਣ ਦਾ ਵੀ ਟਾਲਾ ਕਰ ਜਾਂਦਾ। ਮੈਂ ਬਥੇਰਾ ਕਿਹਾ, “ਯਾਰਾ! ਤੇਰਾ
ਮੇਰਾ ਵੀ ਕੁਝ ਵੰਡਿਆ ਹੈ? ਆਪਾਂ ਦੋਹਵੇਂ ਰਲ ਮਿਲ ਕੇ ਗੁਜ਼ਾਰਾ ਕਰੀ ਜਾਵਾਂਗੇ। ਤੇਰੇ ਆਸਰੇ
‘ਤੇ ਮੈਂ ਵੀ ਚਾਰ ਅੱਖਰ ਪੜ੍ਹ ਜਾਊਂ। ਨਾਲੇ ਵੀਰ ਜੀ ਨੇ ਵਾਅਦਾ ਵੀ ਕੀਤਾ ਹੈ ਕਿ ਮੈਂ ਹਰ
ਮਹੀਨੇ ਫ਼ਾਲਤੂ ਪੈਸੇ ਵੀ ਭੇਜਿਆ ਕਰੂੰਗਾ। ਕੁਝ ਆਪਾਂ ਸਭ ਤੋਂ ਵੱਡੇ ਭਰਾ ਬਲਵੰਤ ਜੀ ਤੋਂ
ਮੰਗਵਾ ਲਿਆ ਕਰਾਂਗੇ। ਪਿਤਾ ਜੀ ਨੇ ਵੀ ਤਾਂ ਪੈਸੇ ਭੇਜਣੇ ਹੀ ਨੇ। ਜੇ ਬਹੁਤਾ ਹੋਊ ਤਾਂ
ਹੋਸਟਲ ਤੋਂ ਬਾਹਰ ਕੋਈ ਛੋਟਾ-ਮੋਟਾ ਕਮਰਾ ਲੈ ਕੇ ਰਹਿ ਲਵਾਂਗੇ ਅਤੇ ਆਪੇ ਰੋਟੀ-ਟੁੱਕ ਪਕਾ
ਲਵਾਂਗੇ। ਰੱਬ ਨੇ ਚਾਹਿਆ ਤਾਂ ਜਦ ਤੱਕ ਮੈਂ ਜੀਂਦਾ ਹਾਂ, ਤਦ ਤੱਕ ਨਾ ਤੇਰੀ ਪੜ੍ਹਾਈ ਰੁਕੂ
ਅਤੇ ਨਾ ਹੀ ਆਪਾਂ ਕਦੇ ਭੁੱਖੇ ਢਿੱਡ ਸੌਵਾਂਗੇ। ਤਰਲੋਚਨ ਯਾਰ! ਹੌਂਸਲਾ ਰੱਖ। ਮੈਂ ਵੀ ਤੇਰੇ
ਬਿਨਾਂ ਅਧੂਰਾ ਹਾਂ। ਜੇ ਤੂੰ ਮੈਨੂੰ ਛੱਡ ਕੇ ਕਿਤੇ ਚਲਾ ਗਿਆ ਤਾਂ ਫ਼ੇਰ ਝੱਲਿਆ ਮੈਂ ਵੀ
ਪੜ੍ਹਾਈ ਪੂਰੀ ਨਹੀਂ ਕਰਨੀ। ਮੈਂ ਵੀ ਤੇਰੇ ਮਗਰੇ ਟਿੰਡ-ਫ਼ਹੁੜੀ ਚੁੱਕ ਕੇ ਤਿੱਤਰ ਹੋ
ਜਾਊਂ।” ਹੁਣ ਤਰਲੋਚਨ ਦੀ ਆਵਾਜ਼ ਕੁਝ ਕੁਰੱਖ਼ਤ ਜਿਹੀ ਹੋ ਗਈ। “ਬਿੱਲੂ ਤੂੰ ਅਜਿਹੀ ਕੋਈ
ਮੂਰਖ਼ਤਾ ਨਹੀਂ ਕਰੇਂਗਾ। ਤੂੰ ਦੇਵਤਾ ਵਰਗੇ ਆਪਣੇ ਵੱਡੇ ਵੀਰ ਅਤੇ ਮੇਰੇ ਨਾਲ ਵਾਅਦਾ ਕੀਤਾ
ਸੀ ਕਿ ਮੈਂ ਕਦੇ ਤੁਹਾਨੂੰ ਸਿ਼ਕਾਇਤ ਦਾ ਮੌਕਾ ਨਹੀਂ ਦਿਆਂਗਾ। ਸਮਝਿਆ! ਆਪਣੇ ਬੋਲਾਂ ਨੂੰ
ਪੁਗਾਉਣਾ ਇੱਕ ਮਰਦ ਬੱਚੇ ਦਾ ਕੰਮ ਹੁੰਦਾ ਏ। ਤੇ ਨਾਲੇ ਤੂੰ ਇੱਕ ਕਰਮਯੋਗੀ ਮਹਾਨ ਫ਼ੌਜੀ ਦਾ
ਪੁੱਤਰ ਹੈਂ। ਜਦੋਂ ਦੀ ਮੈਂ ਤੇਰੇ ਕੋਲੋਂ ਤੇਰੇ ਪਿਤਾ ਜੀ ਦੀ ਹੱਡ-ਬੀਤੀ ਸੁਣੀ ਹੈ, ਸੱਚ
ਪੁੱਛੇਂ ਮੈਂ ਤਾਂ ਉਹਨਾਂ ਦਾ ਮੁਰੀਦ ਹੋ ਗਿਆ ਹਾਂ। ਮੇਰੇ ਲਈ ਤਾਂ ਉਹ ਪ੍ਰੇਰਨਾ ਦੇ ਸ੍ਰੋਤ
ਬਣ ਗਏ ਹਨ। ਪਤਾ ਨਹੀਂ ਤੂੰ ਊਹਨਾਂ ਤੋਂ ਕਿਉਂ ਸੇਧ ਨਹੀਂ ਲੈਂਦਾ?” ਉਸਦੀਆਂ ਦਲੀਲਾਂ ਨੇ
ਮੈਨੂੰ ਨਿਰ-ਉੱਤਰ ਕਰ ਦਿੱਤਾ ਸੀ।
ਕਈ ਦਿਨ ਬੀਤ ਗਏ ਤੇ ਇੱਕ ਦਿਨ ਤਰਲੋਚਨ ਨੇ ਮੈਥੋਂ 20 ਰੁਪਏ ਦੀ ਮੰਗ ਕੀਤੀ। ਮੈਂ ਬਿਨਾਂ
ਕੋਈ ਹੀਲ-ਹੁੱਜਤ ਕੀਤਿਆਂ ਚੁੱਪ-ਚਾਪ ਰੁਪਏ ਕੱਢ ਕੇ ਉਸਨੂੰ ਦੇ ਦਿੱਤੇ। ਮੈਂ ਰਘਬੀਰ ਅਤੇ
ਮੇਜਰ ਤਿੰਨੋਂ ਕਾਲਜ ਗਏ ਹੋਏ ਸੀ। ਪਿੱਛੋਂ ਤਰਲੋਚਨ ਆਪਣੇ ਥੋੜ੍ਹੇ ਬਹੁਤੇ ਖ਼ਾਸ-ਖ਼ਾਸ ਸਮਾਨ
ਦਾ ਬਿਸਤਰ ਜਿਹਾ ਬੰਨ੍ਹ ਕੇ ਪਤਾ ਨਹੀਂ ਕਿੱਧਰ ਚਲਾ ਗਿਆ। “ਬਿੱਲੇ ਯਾਰ ਮੁਆਫ਼ ਕਰੀਂ।
ਤੁਹਾਡੇ ਰੋਜ਼ ਦੇ ਅਹਿਸਾਨ ਥੱਲੇ ਮੇਰਾ ਮਨ ਘੁੱਟਦਾ ਹੈ। ਮੈਂ ਜੇ ਹੋਰ ਇਸੇ ਤਰ੍ਹਾਂ ਇੱਥੇ
ਰਿਹਾ ਤਾਂ ਮੇਰਾ ਜ਼ਮੀਰ ਅਤੇ ਮੇਰੀ ਅਣਖ ਹਮੇਸ਼ਾਂ ਲਈ ਅਣਿਆਈ ਮੌਤ ਮਰ ਜਾਣਗੇ। ਮੈਨੂੰ ਲੱਭਣ
ਦੀ ਕੋਸਿ਼ਸ਼ ਵੀ ਨਾ ਕਰਨਾ। ਹਾਂ! ਜੇ ਮੈਂ ਜੀਂਦਾ ਰਿਹਾ ਤਾਂ ਤੁਹਾਨੂੰ ਆਪੇ ਲੱਭ ਜਾਵਾਂਗਾ।
ਹਾਲ ਦੀ ਘੜੀ ਤਾਂ ਮੈਨੂੰ ਇਹ ਵੀ ਪਤਾ ਨਹੀਂ ਕਿ ਮੈਂ ਕਿੱਥੇ ਜਾਣਾ ਹੈ? ਮੈਂ ਕੀ ਕਰਨਾ ਹੈ
ਤੇ ਮੇਰੀ ਮੰਜਿ਼ਲ ਕੀ ਹੈ? ਜਦ ਮੈਨੂੰ ਹੀ ਕੁਝ ਪਤਾ ਨਹੀਂ ਤਾਂ ਤੁਹਾਨੂੰ ਕੀ ਦੱਸਾਂ? ਖ਼ੈਰ
ਤੁਸੀਂ ਖ਼ੁਸ਼ ਰਹਿਣਾ ਅਤੇ ਇੱਕ ਦੂਜੇ ਦਾ ਖਿ਼ਆਲ ਰੱਖਣਾ। ਖ਼ੂਬ ਦਿਲ ਲਾ ਕੇ ਪੜ੍ਹਨਾ।
ਬਿੱਲੇ ਮੈਂ ਆਪਣੀਆਂ ਕਿਤਾਬਾਂ ਅਤੇ ਨੋਟਸ ਤੇਰੇ ਲਈ ਛੱਡ ਚੱਲਿਆ ਹਾਂ। ਸ਼ਾਇਦ ਤੇਰੇ ਕੰਮ ਆ
ਹਾਣ। ਖ਼ਾਸ ਕਰ ਕੇ ਬਿੱਲਿਆ ਹੁਣ ਕੱਲ੍ਹੇ ਕਦੇ ਵੀ ਰਾਤ ਨੂੰ ਬਾਹਰ ਨਹੀਂ ਜਾਣਾ ਅਤੇ ਨਾ ਹੀ
ਕਦੇ ਛੱਲੀਆਂ ਭੁੰਨ ਕੇ ਖਾਣੀਆਂ ਨੇਂ। ਬੱਸ ਪੜ੍ਹਨਾ ਏਂ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ
ਕਰਨਾ ਏਂ। ਤੂੰ ਹਮੇਸ਼ਾਂ ਮੇਰੀਆਂ ਯਾਦਾਂ ਵਿੱਚ ਸ਼ਾਮਿਲ ਰਹੇਂਗਾ। ਮੈਂ ਕਿਤੇ ਵੀ, ਕਿਸੇ ਵੀ
ਹਾਲ ਵਿੱਚ ਰਹਾਂ।” ਫ਼ੇਰ ਕਈ ਸਾਲ ਬੀਤ ਗਏ ਤੇ ਤਰਲੋਚਨ ਨਾਲ ਕਦੇ ਵੀ ਮੁਲਾਕਾਤ ਨਾ ਹੋਈ ਅਤੇ
ਨਾ ਹੀ ਮੇਰਾ ਉਹ ਯਾਰ ਕਿਤੇ ਨਜ਼ਰੀਂ ਆਇਆ। ਮੈਂ ਪੜ੍ਹਾਈ ਪੂਰੀ ਕਰ ਕੇ ਬਟਾਲੇ ਜਿ਼ਲ੍ਹੇ
ਵਿੱਚ ਇੰਡਸਟਰੀ ਇੰਸਪੈਕਟਰ ਲੱਗ ਗਿਆ ਸਾਂ। ਅਚਾਨਕ 1965 ਦੀ ਜੰਗ ਛਿੜ ਗਈ ਸੀ। ਰੋਜ਼ ਬਟਾਲੇ
ਦੇ ਖੇਤਰ ਵਿੱਚ ਕਿਤੇ ਨਾ ਕਿਤੇ ਬੰਬ ਜ਼ਰੂਰ ਡਿੱਗਦਾ ਸੀ, ਪਰ ਫ਼ਟਦਾ ਨਹੀਂ ਸੀ। ਹੌਲੀ-ਹੌਲੀ
ਲੋਕਾਂ ਦਾ ਵੀ ਬੰਬਾਂ ਤੋਂ ਡਰ ਲੱਥ ਗਿਆ ਸੀ। ਜਦੋਂ ਰਾਤ ਨੂੰ ਬਲੈਕ ਆਊਟ ਦੇ ਵੇਲੇ ਕੋਈ-ਕੋਈ
ਪਾਕਿਸਤਾਨੀ ਲੜਾਕੂ ਜਹਾਜ਼ ਬਿਲਕੁਲ ਛੱਤਾਂ ਦੇ ਕੋਲੋਂ ਲੰਘਦਾ ਤਾਂ ਚਾਨਣੀਆਂ ਰਾਤਾਂ ਹੋਣ
ਕਾਰਨ ਜਹਾਜ਼ ਦੇ ਨੰਬਰ ਤੱਕ ਪੜ੍ਹੇ ਜਾ ਸਕਦੇ ਸਨ। ਸਭ ਲੋਕਾਂ ਵਿੱਚ ਮੌਤ ਦਾ ਸੰਨਾਟਾ ਛਾ
ਜਾਂਦਾ ਅਤੇ ਚੁਫ਼ੇਰੇ ਸੁੰਨ ਮਸਾਣ ਵਰਤ ਜਾਂਦੀ। ਇੱਕ ਸਹਿਮ ਜਿਹਾ ਦਿਲ ਵਿੱਚ ਤ੍ਰਬਕਦਾ ਕਿ
ਹੁਣ ਵੀ ਮਰੇ, ਹੁਣ ਵੀ ਮਰੇ! ਸਰਕਾਰੀ ਨੌਕਰੀ ਵਾਲੇ ਬੰਦੇ ਆਪਣਾ ਹੈੱਡਕੁਆਰਟਰ ਛੱਡ ਕੇ ਕਿਤੇ
ਆਊਟ ਆਫ਼ ਸਟੇਸ਼ਨ ਨਹੀਂ ਜਾ ਸਕਦੇ ਸਨ। ਉਹਨਾਂ ਦਿਨਾਂ ਵਿੱਚ ਮੇਰੇ ਉਸਤਾਦ ਨੰਦ ਲਾਲ ਪੁਰੀ
ਜੀ ਵੀ ਬਹੁਤ ਬਿਮਾਰ ਰਹਿੰਦੇ ਸਨ। ਮੈਂ ਆਪਣੀ ਜਾਨ ਤਲੀ ‘ਤੇ ਰੱਖ ਕੇ ਉਹਨਾਂ ਨੂੰ ਜਲੰਧਰ
ਮਿਲਣ ਜਾਂਦਾ ਹੁੰਦਾ ਸੀ। ਇਹਨਾਂ ਦਿਨਾਂ ਵਿੱਚ ਹੀ ਪਤਾ ਨਹੀਂ ਅਚਾਨਕ ਕਿੱਥੋਂ
ਲੱਭਦੇ-ਲਭਾਉਂਦੇ ਮਿਲਟਰੀ ਵਰਦੀ ਵਿੱਚ ਲੈਂਸ ਨਾਇਕ ਦੇ ਫ਼ੀਤੇ ਲਾਈ ਪੂਰੇ ਜੋਸ਼ ਤੇ ਜਲਾਲ
ਨਾਲ ਭਰੇ ਇੱਕ ਫ਼ੌਜੀ ਜਵਾਨ ਨੇ ਮੇਰਾ ਬੂਹਾ ਖੜਕਾਇਆ। ਮੈਂ ਬੂਹਾ ਖੋਲ੍ਹਿਆ ਅਤੇ ਉਸ ਫ਼ੌਜੀ
ਜਵਾਨ ਤੇ ਨਜ਼ਰ ਪੈਂਦਿਆਂ ਹੀ ਮੈਂ ਹੱਕਾ-ਬੱਕਾ ਜਿਹਾ ਉਸਨੂੰ ਵੇਖਦਾ ਹੀ ਰਹਿ ਗਿਆ। ਪਹਿਲਾਂ
ਉਹ ਥੋੜ੍ਹਾ ਜਿਹਾ ਹੱਸਿਆ ਤੇ ਫ਼ੇਰ ਬੋਲਿਆ- “ਕਿਵੇਂ ਬਿੱਲਿਆ ਕਾਇਮ ਏਂ?” ਮੇਰੇ ਸ਼ੰਕੇ
ਉਸਦੀ ਆਵਾਜ਼ ਨੇ ਮੁਕਾ ਦਿੱਤੇ ਤੇ ਮੈਂ ਇੱਕ ਦਮ ਪਹਿਚਾਣ ਕੱਢਿਆ, ਬੋਲ ਉੱਠਿਆ, “ਉਏ
ਤਰਲੋਚਨਾ ਤੂੰ? ਫ਼ੌਜ ਵਿੱਚ? ਅਚਾਨਕ ਐਥੇ, ਮੇਰਾ ਪਤਾ ਕਿੱਥੋਂ ਲੱਭ ਲਿਆ?” “ਇੱਕੋ ਸਾਹ
ਕਿੰਨੇ ਹੀ ਸਵਾਲ ਸਭ ਪੁੱਛੀ ਜਾਏਂਗਾ ਕਿ ਅੰਦਰ ਮੈਨੂੰ ਧੱਕੇ ਨਾਲ ਵੜਨਾ ਪਊ।” ਅਸੀਂ ਦੋਨੋਂ
ਹੱਸ ਪਏ। ਬੜੇ ਚਿਰਾਂ ਬਾਅਦ ਅੱਜ ਮੈਂ ਖੁੱਲ੍ਹ ਕੇ ਹੱਸਿਆ ਸਾਂ ਤੇ ਫ਼ੇਰ ਕਿਹਾ, “ ਬਿੱਲਾ
ਵੀ ਤੇਰਾ ਤੇ ਘਰ ਵੀ ਤੇਰਾ ਹੈ। ਜੀ ਸਦਕੇ , ਜੀ ਆਇਆਂ ਨੂੰ।” ਇੱਕ ਵਾਰ ਫ਼ੇਰ ਆਪਣੇ ਯਾਰ
ਨੂੰ ਘੁੱਟ ਕੇ ਜੱਫ਼ੀ ਪਾਈ ਅਤੇ ਫ਼ੇਰ ਅੰਦਰ ਉਸਦੇ ਵਿਛੋੜੇ ਦਾ ਸੋਗ ???? ਪਿਆ ਤੇ ਮੈਂ
ਡੁਸਕਦਿਆਂ ਕਿਹਾ, “ਅਚਾਨਕ ਕਿੱਥੇ ਛੱਡ ਕੇ ਚਲਾ ਗਿਆ ਸੀ, ਫ਼ੇਰ ਕੋਈ ਖ਼ਬਰ ਸਾਰ ਵੀ ਨਹੀਂ
ਦਿੱਤੀ।” ਤਰਲੋਚਨ ਨੇ ਚੇਤੇ ਕਰਵਾਇਆ , “ਤੈਨੂੰ ਯਾਦ ਹੋਣਾ ਏਂ, ਮੈਂ ਆਪਣੇ ਖ਼ਤ ਵਿੱਚ
ਲਿਖਿਆ ਸੀ ਕਿ ਮੈਂ ਤੁਹਾਡੀ ਪੂਰੀ ਖ਼ਬਰ ਰੱਖਾਂਗਾ ਤੇ ਆਪੇ ਹੀ ਲੱਭ ਲਵਾਂਗਾ। ਤੇ ਵੇਖ ਮੈਂ
ਲੱਭ ਲਿਆ ਤੇ ਤੈਨੂੰ ਬਿੱਲਿਆ।” ਮੈਂ ਉਸਨੂੰ ਹੱਥੀਂ ਪਾਣੀ ਦਾ ਨਲਕਾ ਗੇੜ ਕੇ ਨੁਹਾਇਆ ਤੇ
ਫ਼ੇਰ ਆਪਣਾ ਕੁੜਤਾ ਪਜਾਮਾ ਪਾਣ ਨੂੰ ਦਿੱਤਾ। ਅਸੀਂ ਢਾਬੇ ਤੋਂ ਮੰਗਵਾ ਕੇ ਬੜ੍ਹੇ ਚਿਰਾਂ
ਪਿੱਛੋਂ ਇੱਕ ਵਾਰ ਫ਼ੇਰ ਇਕੱਠਿਆਂ ਬੈਠ ਕੇ ਰੋਟੀ ਖਾਧੀ। ਇਸੇ ਦੌਰਾਨ ਤਰਲੋਚਨ ਨੇ ਆਪਣੀ
ਸਾਰੀ ਹੱਡ-ਬੀਤੀ ਸੁਣਾਈ। ਉਹ ਬੜੇ ਹੀ ਕਰੜੇ ਹੀ ਸੰਘਰਸ਼ ਵਿੱਚੋਂ ਨਿਕਲਿਆ ਸੀ। ਹੁਣ ਵੀ ਮੌਤ
ਉਸਦੇ ਸਿਰ’ਤੇ ਮੰਡਰਾ ਰਹੀ ਸੀ। ਲੜਾਈ ਲੱਗੀ ਹੋਈ ਸੀ। ਜਿੱਥੇ ਹਰ ਵੇਲੇ ਵਰ੍ਹਦੀਆਂ ਗੋਲੀਆਂ
ਦੀ ਸ਼ਾਂ-ਸ਼ਾਂ ਤੋਪਾਂ ਦੇ ਗੋਲਾ ਬੰਕਰਾਂ ਦੇ ਉੱਪਰ ਹਰ ਘੜੀ ਅਕਸਰ ਦਹਾੜਦੇ ਰਹਿੰਦੇ। ਜਹਾਜ਼
ਅਲੱਗ ਛਾਪੇਮਾਰੀ ਕਰਦੇ ਹੋਏ ਉੱਪਰੋਂ ਬੰਬਾਂ ਦੀ ਬਰਸਾਤ ਕਰ ਰਹੇ ਸਨ। ਬਾਰਡਰ ਦੇ ਨੇੜਲੇ
ਸਾਰੇ ਪਿੰਡਾਂ ਦੇ ਪਿੰਡ ਖਾਲੀ ਕਰਵਾ ਦਿੱਤੇ ਗਏ ਸਨ ਤਾਂ ਕਿ ਸਿਵੀਲੀਅਨ ਜਾਨੀ ਨੁਕਸਾਨ ਨੂੰ
ਬਚਾਇਆ ਜਾ ਸਕੇ। ਬੱਸ, ਦੋਨੋਂ ਪਾਸੇ ਤੋਂ ਜਿ਼ਆਦਾਤਰ ਪੰਜਾਬੀ ਲੜ ਰਹੇ ਸਨ। ਸਰਹੱਦੋਂ ਪਾਰ
ਮੁਸਲਮਾਨ ਪੰਜਾਬੀ ਆਪੋ ਵਿੱਚ ਲੜ ਮਰ ਰਹੇ ਸਨ। ਦੋਨੋਂ ਪਾਸੇ ਲੀਡਰਾਂ ਦੀ ਕੋਹਜੀ ਸਿਆਸਤ
ਜਵਾਨਾਂ, ਮਾਸੂਮਾਂ, ਬੱਚਿਆਂ ਅਤੇ ਤੀਵੀਆਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੀ ਸੀ।
ਮਨੁੱਖਤਾ ਨੂੰ ਜਬਰੀ ਬਾਰੂਦ ਖੁਆਇਆ ਜਾ ਰਿਹਾ ਸੀ।
ਮੈਂ ਅਜਿਹੇ ਹਾਲਾਤਾਂ ਦਾ ਵਾਸਤਾ ਦੇ ਕੇ ਤਰਲੋਚਨ ਨੂੰ ਕਿਹਾ, “ਅੱਜ ਤੂੰ ਮੇਰੇ ਕੋਲ ਹੀ ਰੁਕ
ਜਾਹ। ਕੁਝ ਘੜੀ ਤਾਂ ਇਕੱਠੇ ਜੀ ਲਈਏ। ਹਾਲੇ ਤਾਂ ਮੈਂ ਤੈਨੂੰ ਰੱਜ ਕੇ ਦੇਖਿਆ ਵੀ ਨਹੀਂ।”
ਤਰਲੋਚਨ ਨੇ ਕਿਹਾ, “ਪਹਿਲਾਂ ਤੈਨੂੰ ਤੇਰਾ ਤੋਹਫ਼ਾ ਦੇ ਦਿਆਂ। ਐਡਾ ਵੱਡਾ ਅਫ਼ਸਰ ਲੱਗ ਗਿਆ
ਏਂ। ਹੁਣ ਤਾਂ ਖਾਣ ਪੀਣ ਲੱਗ ਗਿਆ ਹੋਏਂਗਾ।” ਉਸ ਨੇ ਝੋਲੇ ਵਿੱਚੋਂ ਇੱਕ ਰਮ ਦੀ ਬੋਤਲ ਕੱਢ
ਕੇ ਮੈਨੂੰ ਪੇਸ਼ ਕੀਤੀ। “ਆਹ ਲੈ ਤੈਨੂੰ ਤੇਰੇ ਇੱਕ ਫ਼ੌਜੀ ਯਾਰ ਦਾ ਨਜ਼ਰਾਨਾ।” “ਤੇਰਾ
ਤੋਹਫ਼ਾ ਸਿਰ ਮੱਥੇ ਯਾਰਾ! ਪਰ ਮੈਂ ਪੀਂਦਾ ਨਹੀਂ।” ਮੈਂ ਕਿਹਾ। ਤਰਲੋਚਨ ਨੇ ਕਿਹਾ, “
ਪੀਂਦਾ ਤਾਂ ਮੈਂ ਵੀ ਨਹੀਂ। ਚੱਲ ਕਿਸੇ ਆਪਣੇ ਪਿਆਰੇ ਨੂੰ ਦੇ ਦੇਵੀਂ। ਖ਼ੈਰ! ਹੁਣ ਮੈਨੂੰ
ਇਜਾਜ਼ਤ ਦੇ। ਸ਼ਾਇਦ ਬਾਰਡਰ ‘ਤੇ ਮੇਰੇ ਹਿੱਸੇ ਦੀ ਕੋਈ ਗੋਲੀ ਮੈਨੂੰ ਉਡੀਕਦੀ ਹੋਵੇਗੀ।”
ਮੈਂ ਫ਼ੇਰ ਉਸ ਨੂੰ ਰੁਕ ਜਾਣ ਲਈ ਤਰਲਾ ਕੀਤਾ। ਤਰਲੋਚਨ ਨੇ ਕਿਹਾ, “ਬਿੱਲੇ ਮੌਤ ਤਾਂ ਓਥੇ
ਲਾਜ਼ਮੀ ਹੈ ਤੇ ਇੱਥੇ ਵੀ ਹੋ ਸਕਦੀ ਹੈ। ਜੇ ਇੱਥੇ ਮਰ ਗਿਆ ਤਾਂ ਇੱਕ ਫ਼ੌਜੀ ਲਈ ਕੁੱਤੇ ਦੀ
ਮੌਤ ਹੋਵੇਗੀ, ਜੇ ਓਥ ਬਾਰਡਰ ‘ਤੇ ਮਰਿਆ ਤਾਂ ਵਤਨ ਦਾ ਸ਼ਹੀਦ ਕਹਿਲਾਵਾਂਗਾ। ਘੱਟੋ-ਘੱਟ
ਮੇਰੀ ਘਰਵਾਲੀ ਨੂੰ ਥੋੜ੍ਹੀ ਬਹੁਤ ਪੈਨਸ਼ਨ ਤਾਂ ਮਿਲ ਜਾਊਗੀ। ਵਿਚਾਰੀ ਔਖੇ-ਸੌਖੇ ਆਪਣੇ
ਛੋਟੇ-ਛੋਟੇ ਬੱਚੇ ਤਾਂ ਪਾਲ ਲਵੇਗੀ।” ਉਸਦੇ ਮਹਾਨ ਜਜ਼ਬੇ ਨੇ ਮੈਨੂੰ ਲਾਜਵਾਬ ਕਰ ਦਿੱਤਾ
ਅਤੇ ਉਸਦੀ ਦੇਸ਼ ਪ੍ਰਸਤੀ ਤੇ ਮੇਰਾ ਸਿਰ ਸ਼ਰਧਾ ਨਾਲ ਮੇਰੇ ਫ਼ੌਜੀ ਯਾਰ ਦੇ ਅੱਗੇ ਝੁਕ ਗਿਆ।
ਉਸ ਨੇ ਮੇਰੇ ਸਾਹਮਣੇ ਹੀ ਡੇਰਾ ਬਾਬਾ ਨਾਨਕ ਜਾਣ ਵਾਲੇ ਇੱਕ ਫ਼ੌਜੀ ਟਰੱਕ ਨੂੰ ਆਪ ਹੱਥ ਦੇ
ਕੇ ਰੋਕਿਆ। ਫ਼ੁਰਤੀ ਨਾਲ ਉਸ ਵਿੱਚ ਚੜ੍ਹ ਕੇ ਆਪਣੀ ਮੌਤ ਵਿਆਹੁਣ ਤੁਰ ਪਿਆ। ਉਸਦੇ ਕਹੇ
ਸ਼ਬਦ ਅੱਜ ਵੀ ਮੇਰੇ ਕੰਨਾਂ ਵਿੱਚ ਉਂਜ ਹੀ ਗੂੰਜਦੇ ਹਨ, “ਤੇਰੇ ਕੋਲ ਕੁੱਤੇ ਦੀ ਮੌਤ , ਓਥੇ
ਸ਼ਹੀਦ ਦੀ ਮੌਤ ਹੋਵੇਗੀ।” ਪਹਿਲਾਂ ਤਾਂ ਮੈਂ ਉਸਦਾ ਰਿਣੀ ਸਾਂ, ਹੁਣ ਸਾਰਾ ਹਿੰਦੁਸਤਾਨ
ਹਮੇਸ਼ਾਂ ਉਸ ਫ਼ੌਜੀ ਦਾ ਰਿਣੀ ਰਹੇਗਾ। ਆਮੀਨ!
-0-
|