ਪੰਜਾਬੀ ਗ਼ਜ਼ਲ ਮੁਹਾਵਰਾ
ਅਤੇ ਮੁਹਾਂਦਰਾ ਸੰਵਾਰਨ ਸ਼ਿੰਗਾਰਨ ਵਿਚ ਜਿਹੜੇ ਗ਼ਜ਼ਕਾਰਾਂ ਨੇ ਆਪਣਾ ਸਿਫ਼ਤੀ ਯੋਗਦਾਨ ਪਾਇਆ
ਹੈ, ਮੁਹਿੰਦਰਦੀਪ ਗਰੇਵਾਲ ਉਹਨਾਂ ‘ਚੋਂ ਪ੍ਰਮੁੱਖ ਹੈ. ਪ੍ਰਿੰ. ਤਖ਼ਤ ਵਰਗੇ ਗ਼ਜਲ –ਮਹਾਂਰਥੀ
ਤੋਂ 1967 ਤੋਂ ਸਿਖਿਆ ਦੀਖਿਆ ਹਾਸਲ ਕਰਦੇ ਕਰਦੇ ਉਹ ਖੁਦ ਉਸਤਾਦ ਬਣ ਗਿਆ ਹੈ . ਤਖ਼ਤ ਸਿੰਘ
ਦੀ ਮੌਤ ਮਗਰੋਂ ਉਨ੍ਹਾਂ ਦੇ ਤਖ਼ਤ ‘ਟੇ ਅਸੀਨ ਹੈ , ਮੁਹਿੰਦਰਦੀਪ
ਮੇਰੇ ਵਰਗੇ ਅਨੇਕਾਂ ਲਿਖਣ ਵਾਲਿਆਂ ਨੇ ਮਹਿੰਦਰਦੀਪ ਗਰੇਵਾਲ ਤੋਂ ਕੁਝ ਨਾ ਕੁਝ ਜ਼ਰੂਰ ਹਾਸਿਲ
ਕੀਤਾ ਹੈ . ਮੁਹੱਬਤ ਤੇ ਸਨੇਹ ਦਾ ਲਬਰੇਜ਼ ਕਟੋਰਾ ਹੈ , ਮੁਹਿੰਦਰਦੀਪ. ਦੇਸ ਪਰਦੇਸ ‘ਚ
ਵਸਦਿਆਂ ਉਸ ਨੇ ਗ਼ਜ਼ਲ ਸਿਰਜਨਾ ਨੂੰ ਕਦੇ ਨਹੀਂ ਵਿਸਾਰਿਆ. ਇਸ ਗ਼ਜ਼ਲ ਸੰਗ੍ਰਿਹ ਪ੍ਰਕਾਸ਼ਿਤ ਹੋਣ
ਤੋਂ ਪਹਿਲਾਂ ਤਿੰਨ ਗ਼ਜ਼ਲ ਸੰਗ੍ਰਿਹ ਪਾਠਕਾਂ ਨੂੰ ਸੌਪ ਚੁੱਕਾ ਹੈ
ਮਹਿੰਦਰਦੀਪ ਗਰੇਵਾਲ ਦੀਆਂ ਗ਼ਜ਼ਲਾਂ ‘ਚ ਪੰਜਾਬ ਬੋਲਦਾ ਹੈ .ਇਸ ਦੇ ਦੁਖ ਸੁਖ ਉਦਰੇਵੇਂ ਹੇਰਵੇ
ਸੰਘਰਸ਼ਸ਼ੀਲ ਹਵਾਲੇ ਥਾਂ ਪਰ ਥਾਂ ਬੋਲਦੇ ਹਨ , ਪਰ ਬੋਲਦਾ ਮਧਮ ਸੁਰ ਵਿਚ ਹੈ. ਗ਼ਜ਼ਲ ਦਾ ਸੁਭਾ
ਵੀ ਨਾਅਰੇ ਵਰਗਾ ਨਹੀਂ ਹੁੰਦਾ ਇਹ ਤਾਂ ਤਨਜ਼ ਨਾਲ ਇਸ਼ਾਰੇ ਕਰਨ ਵਾਲੀ ਵਿਧਾ ਹੈ . ਬੁੱਲ ਫ਼ਰਕਣ
ਤੋਂ ਹੀ ਪੀੜ ਦਾ ਕਿਆਫ਼ਾ ਸ਼ਬਦ ਦੱਸ ਦਿੰਦੇ ਹਨ
ਮੁਹਿੰਦਰਦੀਪ ਗਰੇਵਾਲ ਦੀ ਸ਼ਾਇਰੀ ਸਵੈ ਤੋਂ ਸਮੂਹ ਤੱਕ ਫੈਲਿਆ ਉਹ ਰੰਗਾਂ ਦਾ ਸਾਗਰ ਹੈ ਜਿਸ
ਵਿਚ ਸਮਾਜਿਕ ਸਰੋਕਾਰਾਂ ਵਿਚਲੀਆਂ ਉਠਦੀਆਂ ਲਹਿਰਾਉਂਦੀਆਂ ਲਹਿਰਾਂ ਦੇ ਵੀ ਰੰਗ ਹਨ ਅਤੇ
ਅੰਤਰ ਮਨ ਚੋਂ, ਸੁਚੇਤ ਮਨ ਵਿਚੋਂ ਉਠਦੇ ਮਨੋਭਾਵਾਂ ਦੀਆਂ ਸਵੈ ਨਾਲ ਜੁੜੀਆਂ ਤਰੰਗਾਂ ਵੀ ਹਨ
ਜੋ ਮਨੁਖੀ ਦੇ ਅੰਤਰ ਮਨ ‘ਤੇ ਪਏ ਪ੍ਰਭਾਵਾਂ ਨੂੰ ਸੁੱਚਤਾ ਨਾਲ ਪੇਸ਼ ਕਰਦੀਆਂ ਹਨ . ਮਨੁੱਖ
ਅਤੇ ਸਮਾਜ ਦੇ ਪਰਸਪਰ ਰਿਸ਼ਤੇ ਦੀ ਮਹਿਕ ਅਤੇ ਸਾਂਝ ਪੱਕੀਆਂ ਕਰਦੀਆਂ ਹਨ . ਮਨ ਦੀ ਮੁਕਤ
ਉਡਾਰੀ, ਜਿੱਥੇ ਉਹ ਸਿੱਧ ਹਸਤ ਰੂਪ ਵਿਚ ਪੇਸ਼ ਹੁੰਦਾ ਹੈ ਉਸ ਦੀ ਗ਼ਜਲ ਪੁਸਤਕ ਦੀ ਪਹਿਲੀ ਗ਼ਜਲ
ਹੀ ਅਜਿਹੀ ਸ਼ਾਇਰੀ ਦੀ ਪੇਸ਼ਕਾਰੀ ਹੈ ;
ਮੈਂ ਦਿਲ ਨੂੰ ਦਰਦ ਦੇ ਕੇ ਆਖਿਆ ਜਾ ਕੇ ਨਦੀ ਹੋ ਜਾ
ਨਦੀ ਨੇ ਤੁਰਦਿਆਂ ਹੀ ਆਖਿਆ ਤੂੰ ਜ਼ਿੰਦਗੀ ਹੋ ਜਾ
ਜੇ ਤੈਨੂੰ ਧਰਤ ਉੱਤੇ ਸੁੱਟਿਆ ਹੈ ਪੋਰੀਆਂ ਕਰਕੇ
ਤੂੰ ਬਣ ਜਾ ਕਲਮ ਜਾਂ ਫਿਰ ਪੁੰਗਰ ਕੇ ਖਿੜ ਕੇ ਕਲੀ ਹੋ ਜਾ
ਮੁਹਿੰਦਰਦੀਪ ਗਰੇਵਾਲ ਸੁਪਨੀਲੀ ਦੁਨੀਆਂ ਦਾ ਵਸਨੀਕ ਨਹੀਂ ਸਗੋਂ ਹਕੀਕਤ ਦੇ ਰੂਬਰੂ ਸਿੱਧੀ
ਖਲੋਣ ਵਾਲੀ ਸ਼ਾਇਰੀ ਦਾ ਸਿਰਜਕ ਹੈ . ਉਹ ਅਗਨ ਅਤੇ ਲਗਣ ਸਹਾਰੇ ਤੁਰਦਾ ਜੁਗਨੂ ਹੈ ਜੋ ਲਾਟਾਂ
ਦੀ ਪ੍ਰਵਾਹ ਕੀਤੇ ਬਗੈਰ ਅੱਗ ਦੇ ਵਿੱਚ ਮੱਚ ਜਾਣ ਨੂੰ ਤਰਜੀਹ ਦਿੰਦਾ ਹੈ,
ਮੇਰੀ ਸਰਕਾਰ ਹੈਂ, ਸਤਕਾਰ ਵੀ ਕਰਦਾਂ ਇਸੇ ਕਰਕੇ
ਹਰੀਕ ਵੇਲੇ ਇਹ ਸਿਰ ਝੁਕਿਆ ਰਹੇ ਇਹ ਵੀ ਨਹੀਂ ਹੁੰਦਾ
ਕੋਈ ਝੱਖੜ ਆਸ ਦੀ ਲਾਟ ਬੁਝਾ ਨਾ ਜਾਵੇ
ਮੈਂ ਹੱਥਾਂ ਦੀ ਓਟ ਦੇ ਅੰਦਰ ਸਾਂਭ ਰਿਹਾ ਹਾਂ
ਜਿਨ੍ਹਾਂ ਨੇ ਸੁਰਗ ਸਾਥੋਂ ਖੋਹ ਲਿਆ ਤੇ ਨਰਕ ਦੇ ਦਿੱਤਾ
ਅਸੀਂ ਵਿਸ਼ਵਾਸ਼ ਕੀ ਕਰੀਏ ਅਜੇਹੇ ਰਹਿਬਰਾਂ ਉੱਤੇ
ਬੜਾ ਕੁਝ ਸਿੱਖਿਆ ਲਹਿਰਾਂ ਦੇ ਕੋਲੋਂ
ਮੈਂ ਇੱਕ ਇਤਿਹਾਸ ਲੈ ਕੇ ਤੁਰ ਰਿਹਾ ਹਾਂ
ਬੜੀ ਹਲਚਲ ਬੜੇ ਤੂਫ਼ਾਨ ਇਸ ਦੇ ਮਨ ‘ਚ ਪਲਦੇ ਨੇ
ਸਮੁੰਦਰ ਸ਼ਾਂਤ ਕਿੱਥੇ ਹੈ ਜੋ ਬਾਹਰੋਂ ਸ਼ਾਤ ਦਿਸਦਾ ਹੈ
ਮੁਹਿੰਦਰਦੀਪ ਗਰੇਵਾਲ ਕੋਲ ਖੂਬਸੂਰਤ ਸ਼ਬਦ-ਸਲੀਕਾ ਹੈ . ਅਨਾਰਾਂ ਦੇ ਦਾਣਿਆਂ ਵਾਂਗ ਗੁੰਦੇ
ਸ਼ਬਦ ਅਜੀਬ ਜਿਹੀ ਕਸ਼ਿਸ਼ ਦੇ ਲਖਾਇਕ ਹਨ ;
ਮੈਂ ਬੂਹਾ ਹਾਂ ਤੇਰੇ ਚੇਤੇ ਦੇ ਦਰ ਦਾ
ਤੂੰ ਹੌਲੀ ਹੌਲੀ ਆ ਕੇ ਖੋਲ੍ਹ ਮੈਨੂੰ
ਧੁੱਪ ਤੇ ਛਾਂ ਦੇ ਨਕਸ਼ ਬਣਾਈ ਜਾਂਦਾ ਹੈ
ਭੋਲੇ ਲੋਕੀ ਕਹਿਣ ਸ਼ੁਦਾਈ ਜਾਂਦਾ ਹੈ
ਸੁੱਚੀਆਂ ਰੀਝਾਂ ਦੇ ਮੱਥੇ ‘ਤੇ ਸਰ੍ਘੀ ਦਾ
ਸੂਰਜ ਆ ਕੇ ਟਿੱਕਾ ਲਾਈ ਜਾਂਦਾ ਹੈ
ਮੁੜ ਮੁੜ ਕਹਿੰਦੇ ਦੀਪ ਬੜਾ ਹੀ ਅੱਥਰਾ ਹੈ
ਜੋ ਖੁਸ਼ਬੂ ਨੂੰ ਉਂਗਲੀ ਲਾਈ ਜਾਂਦਾ ਹੈ
ਮਹਿੰਦਰਦੀਪ ਗਰੇਵਾਲ ਦੇ ਸ਼ਬਦ ਮਹਿਕਦੇ ਹਨ. ਹਿਰਨ ਦੀ ਨਾਭੀ ‘ਚ ਲੁਕੀ ਕਸਤੂਰੀ ਵਾਂਗ ਜਿਸ ਦੀ
ਭਾਲ ਕਦੇ ਵੀ ਹਿਰਨ ਲਈ ਮੁਕਦੀ ਨਹੀਂ . ਉਸ ਕੋਲ ਨਿਰਸਵਾਰਥ, ਨਿਰਕਪਟ ਨਿਰ ਵਿਕਾਰ ਮਨ ਹੈ .
ਇਹ ਮਨ ਸਾਹਿਤ ਸਿਰਜਨਾ ਰਾਹੀਂ ਲੋਕ - ਵਿਕਾਸ ਲਈ ਨਵੇਂ ਸੁਪਨੇ ਬੀਜਦਾ ਹੈ . ਪਾਲਦਾ ਹੈ .
ਵਿਸ਼ਵ ਮੰਡੀ ਦੇ ਵਰਤਾਰੇ ਨੂੰ ਮਨੁੱਖੀ ਰਿਸ਼ਤਿਆਂ ਤੇ ਪਏ ਅਸਰ ਨੂੰ ਉਹ ਬਾਖੂਬੀ ਸਮਝਦਾ ਹੈ .
ਇਸ ਨਾਲ ਤਬਦੀਲ ਰਿਸ਼ਤਾ-ਪ੍ਰਬੰਧ ਅਤੇ ਵਰਤੋਂ ਵਿਹਾਰ ਨੂੰ ਆਪਣੀਆਂ ਗ਼ਜ਼ਲਾਂ ‘ਚ ਥਾਂ ਪਰ ਥਾਂ
ਪਰੋਂਦਾ ਅਤੇ ਨਿਭਾਉਂਦਾ ਹੈ ;
ਇਹ ਕੇਹੀ ਮੰਡੀ ਕਿ ਸਸਤੀ ਚੀਜ਼ ਮਹਿੰਗੀ ਵਿਕ ਰਹੀ
ਹਰ ਜਗ੍ਹਾ ਕਿਰਦਾਰ ਹੀ ਅੱਜ ਵਿਕ ਰਿਹਾ ਸਸਤਾ ਦਿਸੇ
ਇਹ ਕੇਹੋ ਜਿਹਾ ਭਾਰ ਚੁੱਕੀ ਫਿਰ ਰਹੀ ਮੁਸ਼ਕਿਲ ‘ਚ ਸੋਚ
ਚੈਨ ਤੋਂ ਤੇ ਨੀਂਦ ਤੋਂ ਹਰ ਸ਼ਖਸ਼ ਹੀ ਵਿਰਵਾ ਦਿਸੇ
ਪਿਛਲੇ ਕੁਝ੍ ਸਾਲਾਂ ਤੋਂ ਮਹਿੰਦਰਦੀਪ ਗਰੇਵਾਲ ਅਮਰੀਕਾ ਅਤੇ ਕੈਨੇਡਾ ਵਰਗੇ ਪੂੰਜੀਗ੍ਰਸਤ
ਦੇਸਾਂ ਵਿੱਚ ਵਸ ਰਿਹਾ ਹੈ . ਦੋਨਾਂ ਮੁਲਕਾਂ ਦਾ ਨਾਗਰਿਕ ਹੋ ਕੇ ਵੀ ਉਹ ਤੀਜੇ ਮੁਲਕ ਆਪਣੀ
ਮਾਂ ਭੂਮੀ ਨੂੰ ਵਿਸਾਰਦਾ ਨਹੀਂ ਸਗੋਂ ਪੈਰ ਪੈਰ ‘ਤੇ ਆਸ ਉਮੀਦ ਦੇ ਸੂਰਜ ਵਾਂਗ ਵੇਖਦਾ ਹੈ .
ਬੁੱਤ ਓਥੇ ਹੈ ਪਰ ਰੂਹ ਸੱਜਣਾਂ ਦੇ ਡੇਰੇ ਹੈ ;
ਸੋਚ ਦਿਆਂ ਖੰਬਾਂ ‘ਤੇ ਚੜ੍ਹ ਕੇ , ਉੱਡ ਪਿਆਂ ਮੈਂ ਤਾਹੀਓਂ ਤਾਂ
ਦੂਰ ਕਿਤੇ ਯਾਦਾਂ ਦੇ ਵਿਹੜੇ ਦੀਵਾ ਬਲਦਾ ਵੇਖ ਰਿਹਾ ਹਾਂ
ਮੁਸ਼ਕਿਲ ਵੇਲੇ ਹੁੰਦਾ ਹੈ ਇਹਸਾਸ ਕੀ ਹੁੰਦਾ ਕੱਲਾਪਣ
ਉਸ ਵੇਲੇ ਹੀ ਪਤਾ ਹੈ ਲਗਦਾ ਕੀ ਦੁੱਖ ਟੁੱਟੀਆਂ ਬਾਹਵਾਂ ਦਾ
ਮੇਰਾ ਪ੍ਰਬਲ ਵਿਸ਼ਵਾਸ਼ ਹੈ ਕਿ ਜ਼ਿੰਦਗੀ ਤੋਂ ਵੱਡੀ ਕੋਈ ਕਿਤਾਬ ਨਹੀਂ . ਇਹ ਗ਼ਜ਼ਲ ਸੰਗ੍ਰਿਹ
ਜ਼ਿੰਦਗੀ ਦੀ ਇਬਾਰਤ ਹੈ . ਅੱਖਰ ਅੱਖਰ ਭਾਵਨਾ ਅਤੇ ਭਾਵ ਦੇ ਰੰਗ ‘ਚ ਰੰਗੀ ਹੋਈ . ਮਹਿਕ
ਪਰੁੱਚੀ ਨਿਰੋਲ ਵੇਦਨਾ . ਨਿਹੱਥੇ ਬਿਨ ਸ਼ਸ਼ਤਰਾਂ ਦੇ ਲੜਣ ਵਾਲੇ ਯੋਧੇ ਦੀ ਅਣ ਬੋਲੀ ਵੰਗਾਰ .
ਡੌਲਿਆਂ ‘ਚ ਤੜਪਦੀਆਂ ਮੱਛੀਆਂ ਦੀ ਤਿਲਮਿਲਾਹਟ
ਮਹਿੰਦਰਦੀਪ ਸ਼ਬਦ –ਸਾਧਨਾ ਸਹਾਰੇ ਉਸਰਿਆ ਉਹ ਸ਼ਾਇਰ ਹੈ ਜਿਸ ਕੋਲ ਜ਼ਿੰਦਗੀ ਦੇ ਵਿੰਗ
ਵ੍ਲੇਵਿਆਂ ਭਰਪੂਰ ਅਨੇਕਾਂ ਤਜ਼ਰਬੇ ਹਨ . ਉਹ ਇਨ੍ਹਾਂ ਤਜ਼ਰਬਿਆਂ ਨੂੰ ਹੀ ਕਾਵਿਤਾਉਂਦਾ ਹੈ
ਕਦੇ ਗ਼ਜ਼ਲ ‘ਚ , ਕਦੇ ਲੰਮੀ ਜਾਣ ਨਿੱਕੀ ਨਜ਼ਮ ‘ਚ . ਉਹ ਮੁਹੱਬਤੋਂ ਵਿਰਵੀ ਜ਼ਿੰਦਗੀ ਨੂੰ ਮੋਹ
ਕਰਦਾ ਸ਼ਾਇਰ ਹੈ . ਮੋਹ ਵਿਖਾਉਂਦਾ ਹੈ , ਮੋਹ ਸਿਖਾਉਂਦਾ ਆਪਣੇ ਚੌਗਿਰਦੇ ‘ਚ ਮੁਹੱਬਤ ਦੇ
ਬੀਜ ਕੇਰਦਾ .
ਮੈਨੂੰ ਫ਼ਖਰ ਹੈ ਕਿ ਅਨੇਕਾਂ ਖੱਟੇ ਮਿੱਠੇ ਰਿਸ਼ਤਿਆਂ ਵਿੱਚੋਂ ਜੇਕਰ ਮਹਿੰਦਰਦੀਪ ਦਾ ਸਿਰਜਕ
ਆਪਾ ਬਚਿਆ ਹੈ ਤਾਂ ਇਸ ਵਿਚ ਉਹ ਵੰਗਾਰਾਂ ਵੀ ਸ਼ਾਮਿਲ ਹਨ ਜੋ ਉਮਰੋਂ ਨਿੱਕੇ ਹੋਣ ਦੇ ਬਾਵਜੂਦ
ਅਸੀਂ ਕੁਝ ਦੋਸਤ ਉਸ ਨੂੰ ਮਿਹਣੇ ਵਾਂਗ ਮਾਰਦੇ ਰਹੇ ਹਾਂ. ਉਹ ਨਿਰੰਤਰ ਸਿਰਜਨਸ਼ੀਲ ਰਹਿ ਕੇ
ਆਪਨੇ ਸਾਥੀਆਂ ਨੂੰ ਵੀ ਕਰਮਸ਼ੀਲ ਰੱਖਦਾ ਹੈ
ਰੰਗਾਂ ਦਾ ਸਾਗਰ ਜ਼ਿੰਦਗੀ ਦਾ ਅਨੰਤ ਗੀਤ ਹੈ ਜਿਸ ਨੂੰ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ‘ਚੋਂ
ਜਾਣਿਆ ਅਤੇ ਮਾਣਿਆ ਜਾ ਸਕਦਾ ਹੈ .
-0- |