(ਉਂਕਾਰਪ੍ਰੀਤ –ਟਰਾਂਟੋ)
ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਅਪ੍ਰੈਲ ਮਿਲਣੀ ਭਰਵੀਂ,ਨਿੱਘੀ ਅਤੇ ਸਾਹਿਤਕ ਮਹਿਕ
ਨਾਲ ਭਰਪੂਰ ਰਹੀ। ਟਰਾਂਟੋ ਅਤੇ ਆਸਪਾਸ ਦੇ ਇਲਾਕਿਆਂ ਤੋਂ ਨਾਮਵਰ ਸਾਹਿਤਕਾਰਾਂ, ਕਲਾਕਾਰਾਂ,
ਰੰਗਕਰਮੀਂਆਂ, ਸਾਹਿਤਕਰਮੀਆਂ ਅਤੇ ਲੋਕਪੱਖੀ ਕਾਰਕੁੰਨਾਂ ਦੀ ਭਰਵੀਂ ਹਾਜ਼ਰੀ ਵਾਲੀ ਇਸ
ਮਿਲਣੀ ਦੌਰਾਨ ਕਵਿਤਾ ਦਾ ਦੌਰ ਚੱਲਿਆ, ਦੋ ਨਵੀਂਆਂ ਪੁਸਤਕਾਂ ਨੂੰ ‘ਜੀ ਆਇਆਂ’ ਕਿਹਾ ਗਿਆ,
ਅਹਿਮ ਚਿੰਤਨਸ਼ੀਲ ਵਿਚਾਰਾਂ ਹੋਈਆਂ ਅਤੇ ਅਗਲੇ ਵਰ੍ਹੇ ਲਈ ਨਵੀਂ ਸੰਚਾਲਕ ਕਮੇਟੀ ਦੀ ਚੋਣ ਵੀ
ਹੋਈ।
ਮਿਲਣੀ ਦੀ ਸ਼ੁਰੂਆਤ ਬਰਾਜਿੰਦਰ ਗੁਲਾਟੀ ਜੀ ਵਲੋਂ ਅਪਣਾ ਐਪ੍ਰਲ ਮਹੀਨੇ ਸਬੰਧੀ ਜਾਣਕਾਰੀ
ਭਰਪੁਰ ਪੇਪਰ ਪੇਸ਼ ਕਰਨ ਨਾਲ ਹੋਈ। ਉਹਨਾ ਨੇ ਇਸ ਸਮੇਂ ਅਪ੍ਰੈਲ ਮਹੀਨੇ ਦੀ ਵਾਤਾਵਰਣਿਕ
ਮਹੱਤਤਾ ਦੇ ਨਾਲ ਨਾਲ ਇਸ ਮਹੀਨੇ ‘ਚ ਆਉਂਦੇ ਵਿਸਾਖੀ, ਅਰਥ ਡੇ, ਐਪ੍ਰਲ ਫੂਲ ਡੇ ਅਤੇ ਵਰਲਡ
ਹੈਲਥ ਡੇ ਸਬੰਧੀ ਤੱਥਾਂ ਆਧਾਰਿਤ ਰੌਚਕ ਜਾਣਕਾਰੀ ਪੇਸ਼ ਕੀਤੀ।
ਡਾ. ਵਰਿਆਮ ਸਿੰਘ ਸੰਧੂ
ਅਤੇ ਪਿੰ੍ਰਸੀਪਲ ਸਰਵਣ ਸਿੰਘ ਹੁਰਾਂ ਦੀ ਸਾਂਝੀ ਅਗਵਾਈ ਹੇਠ ਮਿਲਣੀ ਦੀ ਸ਼ੁਰੂਆਤ ਕਰਦਿਆਂ
ਕਾਫ਼ਲੇ ਦੇ ਪ੍ਰੋਗਰਾਮ ਸੰਚਾਲਕ ਸ੍ਰੀ ਕੁਲਵਿੰਦਰ ਖ਼ਹਿਰਾ ਨੇ ਹਾਜ਼ਰ ਸ਼ਾਇਰਾਂ ਨੂੰ ਆਪੋ
ਅਪਣਾ ਸੱਜਰਾ ਕਲਾਮ ਸਾਂਝਾ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਸ਼ਾਇਰੀ ਦੇ ਇਸ ਦੌਰ ਦੌਰਾਨ
ਸੁੰਦਰਪਾਲ ਕੋਰ ਰਾਜਾਸਾਂਸੀ, ਜਗੀਰ ਸਿੰਘ ਕਾਹਲੋਂ, ਗੁਰਦਾਸ ਮਿਨਹਾਸ, ਸੁਰਿੰਦਰ ਕੌਰ
ਬਿੰਨਰ, ਪਰਮਜੀਤ ਢਿੱਲੋਂ, ਪਰਮਜੀਤ ਕੌਰ ਦਿਓਲ, ਭੁਪਿੰਦਰ ਦੁਲੈ, ਬਲਜੀਤ ਕੌਰ ਧਾਲੀਵਾਲ਼,
ਗੁਰਬਚਨ ਸਿੰਘ ਚਿੰਤਕ, ਪ੍ਰੀਤਮ ਧੰਜਲ, ਗੁਰਬਖਸ਼ ਭੰਡਾਲ,ਮਹਿੰਦਰਦੀਪ ਗਰੇਵਾਲ਼, ਰਿੰਟੂ
ਭਾਟੀਆ, ਬਲਜਿੰਦਰ ਸੇਖੋਂ, ਸੁਰਜੀਤ ਕੌਰ ਅਤੇ ਉਂਕਾਰਪ੍ਰੀਤ ਨੇ ਜਿੱਥੇ ਅਪਣਾ ਤਾਜ਼ਾ ਕਲਾਮ
ਪੇਸ਼ ਕੀਤਾ ਓਥੇ ਸਿ਼ਵਰਾਜ ਸਨੀ ਅਤੇ ਇਕਬਾਲ ਬਰਾੜ ਹੁਰਾਂ ਨੇ ਅਪਣੀ ਗਾਇਕੀ ਰਾਹੀਂ ਸਾਹਿਤਕ
ਰਚਨਾਵਾਂ ਪੇਸ਼ ਕੀਤੀਆਂ।
ਸ਼ਾਇਰੀ ਦੇ ਦੌਰ ਦੇ ਨਾਲ ਨਾਲ ਇਸ ਸਮੇਂ ਹਾਜ਼ਰ ਮੈਂਬਰਾਂ ਵਲੋਂ ਕਈ ਮਹੱਤਵਪੂਰਨ ਮਸਲੇ ਅਤੇ
ਮੁੱਦੇ ਵੀ ਧਿਆਨ ਵਿੱਚ ਲਿਆਂਦੇ। ਜਸਵਿੰਦਰ ਸੰਧੂ ਹੁਰਾਂ ਨੇ ਭਾਰਤੀ ਖਿੱਤੇ ਵਿੱਚ
ਮਹੱਤਵਪੂਰਨ ਜਨਤਕ ਥਾਵਾਂ ਦੇ ਨਾਮ ਅਢੁਕਵੀਆਂ ਸ਼ਖਸੀਅਤਾਂ ਦੇ ਨਾਵਾਂ ਤੇ ਰੱਖਣ ਦੇ ਗਲਤ
ਰੁਝਾਨ ਦੀ ਗੱਲ ਕੀਤੀ। ਉਹਨਾਂ ਦਾ ਵਿਚਾਰ ਸੀ ਕਿ ਸਟੇਡੀਅਮ,ਯੂਨੀਵਰਸਿਟੀਆਂ, ਹਵਾਈ ਅੱਡੇ
ਅਤੇ ਖੇਡ-ਇਨਾਮ ਆਦਿ ਕਰਮਵਾਰ ਕਿਸੇ ਪ੍ਰਸਿੱਧ ਖਿਡਾਰੀ, ਜਨ ਸਿੱਖਿਆ ਮਾਹਰਾਂ, ਏਅਰਫੀਲਡ ਨਾਲ
ਸਬੰਧਤ ਰੋਲ ਮਾਡਲਾਂ ਪਿੱਛੇ ਰੱਖਣ ਨਾਲ ਬੱਚਿਆਂ ਵਿੱਚ ਹਾਂ-ਪੱਖੀ ਸੰਦੇਸ਼ ਜਾਵੇਗਾ ਅਤੇ
ਉਹਨਾਂ ਵਲੋਂ ਉਹਨਾਂ ਰੋਲ ਮਾਡਲਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਸ ਖੇਤਰ ‘ਚ ਮਹਾਨ
ਪ੍ਰਾਪਤੀ ਕੀਤੇ ਜਾਣ ਦੀ ਆਸ ਹੋ ਸਕਦੀ ਹੈ ਪਰ ਇਸਦੇ ਉਲਟ ਜੇ ‘ਖੇਲ ਰਤਨ’ ਐਵਾਰਡ ਨੂੰ ਰਾਜੀਵ
ਗਾਂਧੀ, ਹਵਾਈ ਅੱਡੇ ਨੂੰ ਇੰਦਰਾ ਗਾਂਧੀ ਅਤੇ ਯੂਨੀਵਰਸਿਟੀ ਨੂੰ ਜਵਾਹਰ ਲਾਲ ਨਹਿਰੂ ਦੇ ਨਾਮ
ਹੇਠ ਰੱਖਿਆ ਜਾਵੇ ਤਾਂ ਪ੍ਰੇਰਨਾ ਪ੍ਰਾਪਤੀ ਦੇ ਇਹ ਸੁਨਹਿਰੀ ਮੌਕੇ ਵਿਅਰਥ ਚਲੇ ਜਾਂਦੇ ਹਨ
ਅਤੇ ਅਜਿਹਾ ਵਰਤਾਰਾ ਲੋਕ-ਮੁਖੀ ਹੋਣ ਦੀ ਥਾਂ ਕਿਸੇ ਸੌੜੇ ਸਿਆਸੀ ਏਜੰਡੇ ਦਾ ਸਿ਼ਕਾਰ ਹੋ ਕੇ
ਰਹਿ ਜਾਦਾ ਹੈ।
ਮੀਟਿੰਗ ਦੌਰਾਨ ਇਹ ਨੁਕਤਾ ਵੀ ਚਰਚਾ ‘ਚ ਆਇਆ ਕਿ ਕਿਉਂ ਪਰਵਾਸੀ ਲੋਕਾਂ ਦਾ ਮਨ ਪਿੱਛੇ ਅਪਣੇ
ਦੇਸ ‘ਚ ਵਿਚਰਦਾ ਰਹਿੰਦਾ ਹੈ ਭਾਵੇਂ ਕਿ ਉਹ ਜਿਸਮਾਨੀ ਤੌਰ ਤੇ ਸੱਤ ਸਮੁੰਦਰ ਪਾਰ ਕਨੇਡਾ,
ਅਮਰੀਕਾ ਆਦਿ ਦੇਸਾਂ ;ਚ ਆਣ ਵਸਦੇ ਹਨ। ਸੁਰਜਨ ਜ਼ੀਰਵੀ ਹੁਰਾਂ ਨੇ ਇਸ ਵਰਤਾਰੇ ਦਾ ਸਿ਼ਕਾਰ
ਸਿਰਫ ਉਹਨਾਂ ਪਰਵਾਸੀ ਲੋਕਾਂ ਨੂੰ ਦੱਸਿਆ ਜਿਹਨਾਂ ਦੀ ਅਪਣੇ ਦੇਸ ‘ਚ ਤਾਂ ਸਰਦਾਰੀ ਵਾਲੀ
ਪੁਜੀਸ਼ਨ ਹੁੰਦੀ ਹੈ ਪਰ ਬਾਹਰ ਆ ਕੇ ਉਹ ਪਰਵਾਸੀ ਮਜ਼ਦੂਰ ਬਣ ਕੇ ਰਹਿ ਜਾਂਦੇ ਹਨ। ਉਹਨਾਂ
ਦੇ ਵਿਚਾਰ ‘ਚ ਮਜ਼ਦੂਰ ਜਮਾਤ ਨਾਲ ਸਬੰਧਤ ਲੋਕ ਜਦੋਂ ਪਰਵਾਸੀ ਹੁੰਦੇ ਹਨ ਤਾਂ ਉਹਨਾਂ ਨੂੰ
ਅਪਣਾ ਦੇਸ ਉਵੇਂ ਯਾਦ ਨਈਂ ਆਉਂਦਾ ਜਿਵੇਂ ਕਿ ਉੱਚ ਵਰਗ ਦੇ ਪਰਵਾਸੀ ਲੋਕਾਂ ਨੂੰ। ਇਸ ਮਸਲੇ
ਤੇ ਕੁਲਵਿੰਦਰ ਖ਼ਹਿਰਾ ਹੁਰਾਂ ਨੇ ਅਪਣੇ ਭਾਰਤ ਵਿਚਲੇ ਥੁੜਾਂ ਅਤੇ ਥੋੜਾਂ ਭਰਪੂਰ ਨਿੱਜੀ
ਬਚਪਨ ਦਾ ਹਵਾਲਾ ਦੇ ਕੇ ਦੱਸਿਆ ਕਿ ਇਸਦੇ ਬਾਵਜੂਦ ਉਹਨਾਂ ਨੂੰ ਹੁਣ ਵੀ ਅਪਣੇ ਪਿੰਡ ਵਿਚਲੇ
ਘਰ ਅਤੇ ਜੀਵਨ ਦੇ ਸੁਪਨੇ ਆਉਂਦੇ ਹਨ ਅਤੇ ਉਹ ਬਾਰ ਬਾਰ ਉਸਦੀ ਨੇੜਤਾ ਲਈ ਤਾਂਘਦੇ ਰਹਿੰਦੇ
ਹਨ। ਬਾਅਦ ਵਿੱਚ ਇਸੇ ਨੁਕਤੇ ਤੇ ਅਪਣਾ ਵਿਚਾਰ ਦੱਸਦਿਆਂ ਡਾ. ਵਰਿਆਮ ਸੰਧੂ ਹੁਰਾਂ ਵੀ
ਸਪੱਸ਼ਟ ਕੀਤਾ ਪਰਵਾਸੀ ਲੋਕਾਂ ਦੇ ਮਨ ਅਤੇ ਤਨ ਵਿਚਲਾ ਇਹ ਵਰਤਾਰਾ ਕਿਵੇਂ ਵੀ ਉਹਨਾਂ ਦੇ
ਅਪਣੇ ਦੇਸ਼ ‘ਚ ਉੱਚ ਵਰਗ ਜਾਂ ਮਜ਼ਦੂਰ ਵਰਗ ਨਾਲ ਸਬੰਧਤ ਹੋਣ ਕਰਕੇ ਨਹੀਂ ਸਗੋਂ ਇਸਦੇ ਬੀਜ
ਤਾਂ ਪੁਸ਼ਤ ਦਰ ਪੁਸ਼ਤ ਮਨੁੱਖੀ ਜੀਨਜ਼ ਰਾਹੀਂ ਉਸਦੀਆਂ ਪਿੱਤਰੀ ਥਾਵਾਂ, ਪਿੱਤਰੀ ਜੀਵਨ
ਸੈੇਲੀਆਂ ਅਤੇ ਉਸਦੀਆਂ ਰਾਗਾਂ, ਰੰਗਾ ਅਤੇ ਸੁਹਜਾਂ ਪ੍ਰਤੀ ਪਿੱਤਰੀ ਖਿੱਚ ਨੂੰ ਉਜਾਗਰ
ਕਰਦੀਆਂ ਰਹਿੰਦੀਆਂ ਹਨ। ਇਵੇਂ ਇਸ ਮਸਲੇ ਦਾ ਮੂਲ-ਤੱਤ ਮਨੋਵਿਗਿਆਨਿਕ ਵਧੇਰੇ ਹੈ ਨਾ ਕਿ
ਪਿਛਲੇ ਦੇਸ ਵਿਚਲੀ ਵਰਗ ਵੰਡ।
ਕਾਫ਼ਲੇ ਦੀ ਇਹ ਸਾਲਾਨਾ ਮਿਲਣੀ ਸੀ ਅਤੇ ਇਸ ਮੌਕੇ ਅਗਲੇ ਵਰ੍ਹੇ ਲਈ ਨਵੀਂ ਸੰਚਾਲਕ ਕਮੇਟੀ
ਦੀ ਚੋਣ ਕੀਤੀ ਗਈ। ਪਿਛਲੇ ਸੈਸ਼ਨ ਤੋਂ ਪ੍ਰੋਗਰਾਮ ਸੰਚਾਲਨਾ ਸੰਭਾਲ ਰਹੇ ਸ੍ਰੀ ਕੁਲਵਿੰਦਰ
ਖ਼ਹਿਰਾ ਨੂੰ ਅਗਲੇ ਸੈਸ਼ਨ ਲਈ ਵੀ ਇਹ ਜਿ਼ੰਮੇਵਾਰੀ ਸੌਂਪੀ ਗਈ। ਇਵੇਂ ਹੀ ਪਿਛਲੇ ਸੈਸ਼ਨ
ਦੌਰਾਨ ਵਿੱਤ-ਸੰਚਾਲਕ ਦੀ ਜਿ਼ੰਮੇਵਾਰੀ ਨਿਭਾ ਰਹੇ ਸ੍ਰੀ ਗੁਰਦਾਸ ਮਿਨਹਾਸ ਹੁਰਾਂ ਨੇ ਅਗਲੇ
ਸੈਸ਼ਨ ਲਈ ਵੀ ਸੇਵਾ ਨਿਭਾਉਣ ਦੀ ਹਾਮੀ ਭਰੀ। ਪਿਛਲੇ ਸੈਸ਼ਨ ਦੌਰਾਨ ਮੀਡੀਆ ਸੰਚਾਲਕ ਦੀ
ਬਾਖੂਬੀ ਸੇਵਾ ਨਿਭਾਉਂਦੇ ਰਹੇ ਸ੍ਰੀਮਤੀ ਬਰਾਜਿੰਦਰ ਗੁਲਾਟੀ ਹੁਰਾਂ ਵਲੋਂ ਅਗਲੇ ਸੈਸ਼ਨ ਲਈ
ਅਸਮਰੱਥਾ ਜ਼ਾਹਿਰ ਕਰਨ ਕਰਕੇ ਮੀਡੀਆ ਸੰਚਾਲਕ ਵਾਸਤੇ ਸਰਬਸੰਮਤੀ ਨਾਲ ਉਂਕਾਰਪ੍ਰੀਤ ਹੁਰਾਂ
ਨੂੰ ਨਿਯੁਕਤ ਕੀਤਾ ਗਿਆ।
ਇਸ ਸਮੇਂ ਪ੍ਰੋਗਰਾਮ ਸੰਚਾਲਕ ਸ੍ਰੀ ਕੁਲਵਿੰਦਰ ਖਹਿਰਾ ਹੁਰਾਂ ਵਲੋਂ ਪਿਛਲੇ ਸੈਸ਼ਨ ਦੌਰਾਨ
ਹੋਏ ਪ੍ਰੋਗਰਾਮਾਂ ਅਤੇ ਕੁਝ ਹੋਣੋ ਰਹਿ ਗਏ ਯਤਨਾਂ ਬਾਰੇ ਅਪਣੇ ਵਿਚਾਰ ਪ੍ਰਗਟ ਕਰਦਿਆਂ
ਕਾਫ਼ਲੇ ਦੇ ਲੋਕ-ਪੱਖੀ ਅਤੇ ਪ੍ਰੋਗਰੈਸਿਵ ਏਜੰਡੇ ਨੂੰ ਬਰਕਰਾਰ ਰੱਖਦਿਆਂ ਅਗਲੇ ਸੈਸ਼ਨ
ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਾਸਤੇ ਹਾਜ਼ਰ ਮੈਂਬਰਾਂ, ਲੇਖਕਾਂ, ਪਾਠਕਾਂ ਅਤੇ
ਰੰਗਕਰਮੀਆਂ ਪਾਸੋਂ ਭਰਪੂਰ ਸਹਿਯੋਗ ਦੀ ਆਸ ਪ੍ਰਗਟਾਈ।
ਵਰਨਣਯੋਗ ਹੈ ਕਿ ਪੰਜਾਬੀ ਕਲਮਾਂ ਦਾ ਕਾਫ਼ਲਾ ਸਾਲ 1992 ਤੋਂ ਲਗਾਤਾਰ ਅਪਣੀਆਂ ਅਗਾਂਹਵਧੂ
ਲੋਕ-ਪੱਖੀ ਸਾਹਿਤਕ ਸਰਗਰਮੀਆਂ ਨੂੰ ਸਮਰਪਿਤ ਹੈ। ਇਹ ਕਦੇ ਵੀ ਕਿਸੇ ਸਰਮਾਏਦਾਰ ਅਦਾਰੇ ਦਾ
ਪਿਛਲੱਗ ਜਾਂ ਨਿੱਜੀ ਹਉਮੈ ਨੂੰ ਪੱਠੇ ਪਾਉਣ ਵਾਲਿਆਂ ਦਾ ਅੱਡਾ ਨਹੀਂ ਰਿਹਾ ਸਗੋਂ ਸ਼ੁਰੂ
ਤੋਂ ਲੋਕ-ਸਾਹਿਤਕਾਰਾਂ, ਕਲਾਕਾਰਾਂ ਅਤੇ ਲੋਕ-ਸਾਹਿਤ ਕਰਮੀਆਂ ਦੀ ਸਾਂਝੀ ਰੌਸ਼ਨ ਆਭਾ ਵਾਲੀ
ਨਿਰੋਲ ਸਾਹਿਤਕ ਸੰਸਥਾ ਵਜੋਂ ਸੰਸਾਰ ਭਰ ‘ਚ ਸਤਿਕਾਰਿਆ ਜਾਂਦਾ ਹੈ।
ਕਾਫਲੇ ਦੀ ਇਹ ਸਾਹਿਤਕਤਾ ਨਾਲ ਓਤਪੋਤ ਮਿਲਣੀ ਅਪਣੇ ਸਿਖਰ ਤੇ ਪੁੱਜੀ ਜਦੋਂ ਪਿੰ੍ਰਸੀਪਲ
ਸਰਵਣ ਸਿੰਘ ਹੁਰਾਂ ਦੀ ਪੁਸਤਕ ‘ਪੰਜਾਬ ਦੇ ਕੋਹੇਨੂਰ’ ਅਤੇ ਮਹਿੰਦਰਦੀਪ ਗਰੇਵਾਲ ਹੁਰਾਂ ਦਾ
ਗਜਲ ਸੰਗ੍ਰਹਿ ‘ਰੰਗਾਂ ਦਾ ਸਾਗਰ’ ਲੋਕ ਅਰਪਨ ਕੀਤੀਆਂ ਗਈਆਂ। ਕਾਫ਼ਲੇ ਵਲੋਂ ਅਗਲੇ ਸੈਸ਼ਨ
ਦੌਰਾਨ ਇਹਨਾਂ ਪੁਸਤਕਾਂ ਤੇ ਗੋਸ਼ਟੀ ਰਚਾਉਣ ਦੇ ਵਿਚਾਰ ਨਾਲ ਇਹਨਾਂ ਦਾ ਹਾਰਦਿਕ ਸਵਾਗਤ
ਕੀਤਾ ਗਿਆ।
ਹੋਰਨਾਂ ਤੋਂ ਇਲਾਵਾਂ ਇਸ ਮਿਲਣੀ ‘ਚ ਸ੍ਰੀਮਤੀ ਅੰਮ੍ਰਿਤ ਜ਼ੀਰਵੀ, ਪੂਰਨ ਸਿੰਘ ਪਾਂਧੀ,
ਕਿਰਪਾਲ ਸਿੰਘ ਪੰਨੂ, ਗੁਰਦੇਵ ਸਿੰਘ ਮਾਨ, ਅਮਰਜੀਤ ਸਿੰਘ ਬਨਵੈਤ, ਸਰਬਜੀਤ ਕੌਰ ਕਾਹਲੋਂ,
ਬਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਅਮਰਜੀਤ ਕੌਰ ਮਿਨਹਾਸ, ਵਕੀਲ ਕਲੇਰ, ਨਾਟਕਕਾਰ
ਜਸਪਾਲ ਢਿੱਲੋਂ, ਇੰਦਰਜੀਤ ਕੌਰ ਢਿੱਲੋਂ, ਪ੍ਰਿੰਸੀਪਲ ਸਰਵਣ ਸਿੰਘ, ਡਾ.ਵਰਿਆਮ ਸਿੰਘ ਸੰਧੂ,
ਗੁਰਜਿੰਦਰ ਸੰਘੇੜਾ ਅਤੇ ਗੁਰਦਿਆਲ ਬੱਲ ਵੀ ਸ਼ਾਮਿਲ ਹੋਏ।
ਕਾਫਲੇ ਦੀ ਅਗਲੀ ਮਿਲਣੀ 28 ਮਈ ਨੂੰ ਹੋਵੇਗੀ। ਕਾਫ਼ਲੇ ਜਾਂ ਇਸਦੇ ਅਗਲੇਰੇ ਪ੍ਰੋਗਰਾਮਾਂ
ਸਬੰਧੀ ਕਿਸੇ ਵੀ ਜਾਣਕਾਰੀ ਲਈ ਕੁਲਵਿੰਦਰ ਖ਼ਹਿਰਾ (647-407-1955), ਉਂਕਾਰਪ੍ਰੀਤ
(647-455-5629) ਅਤੇ ਗੁਰਦਾਸ ਮਿਨਹਾਸ (647-283-0147) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
-0-
|