ਮਨ ਮੇਰੇ ਨਾਲ ਨਿੱਭ ਰਹੀ
ਨਾ,ਅਜਕਲ ਮੇਰੇ ਪੈਰਾਂ ਦੀ।
ਤਾਂ ਹੀ ਤਾਂ ਪਰਕਰਮਾਂ ਕਰੀਏ,ਬੇ ਸਿਰਨਾਵੇਂ ਸ਼ਹਿਰਾਂ ਦੀ।
ਹੱਥੀਂ ਲਾਏ ਰੱੁਖ਼ਾਂ ਦੀ ਹੁਣ,ਛਾਂ ਵੀ ਸਾਥੋਂ ਬਾਗੀ ਏ,
ਸੂਰਜ ਪਿੱਛੇ ਲਗਕੇ ਇਹ ਵੀ,ਬਣ ਚੱਲੀ ਏ ਗੈਰਾਂ ਦੀ।
ਨਰਮੇਂ ਵਾਂਗੂ ਦਿਲ ਮੇਰੇ ਨੂੰ,ਖਾ ਗਈ ਗਮ ਦੀ ਸੁੰਡੀ ਜੋ,
ਕਰ ਕਰ ਕੋਸ਼ਿਸ਼ ਹਾਰੇ ਹੰਭੇ,ਪੇਸ਼ ਗਈ ਨਾ ਜ਼ਹਿਰਾਂ ਦੀ।
ਤੂੰ ਘਰ ਅਪਣੇ ਰਾਜ਼ੀ ਬਾਜ਼ੀ,ਮੈਂ ਘਰ ਅਪਣੇ ਰਾਜ਼ੀ ਹਾਂ,
ਬਸ ਆਪਾਂ ਹੁਣ ਆਸ ਕਰਾਂਗੇ,ਸੁੱਖਾਂ ਸਾਂਦਾਂ ਖ਼ੈਰਾਂ ਦੀ।
ਤੂੰ ਹੀ ਭੁੱਲੀ ਹੋਣੀ ਸਭ ਕੁਝ,ਕੀ ਕੀ ਸਹਿਆ ਪਿੰਡੇ ਮੈਂ,
ਲਿਖਤੀ ਦਿੱਲੀਏ ਥਾਂ ਥਾਂ ਤੂੰ,ਜ਼ੁਲਮ ਕਹਾਣੀ ਵੈਰਾਂ ਦੀ।
ਰੁੱਖਾਂ ਤੇ ਕੁੱਖਾਂ ਦੇ ਕਾਤਲ,ਇਕ ਦਿਨ ਤਾਂ ਪਛਤਾਵਣਗੇ,
ਛਾਵਾਂ ਤੇ ਮਾਵਾਂ ਬਿਨ ਕਿੱਥੋਂ,ਮੌਜ ਮਿਲੂਗੀ ਠਹਿਰਾਂ ਦੀ।
-0-
|