.... ਅਸਲੀ ਪੁੰਨ
......
ਮੈਂ ਤੇ ਮੇਰਾ ਪਤੀ ਨੇੜਲੇ ਪਿੰਡ ਵਿਚ ਮੇਲਾ ਦੇਖ ਰਹੇ ਸੀ। ਭੀੜ ਵਿੱਚੋਂ
ਲੰਘ ਕੇ ਅਸੀਂ ਦੁਕਾਨਾਂ ਵੱਲ ਆਏ। ਖਾਣ-ਪੀਣ, ਖਿਡੌਣੇ, ਚੂੜੀਆਂ ਤੇ ਹੋਰ ਸਾਜੋ-ਸਮਾਨ
ਦੀਆਂ ਦੁਕਾਨਾਂ ਅੱਗੇ ਲੋਕ ਆ ਜਾ ਰਹੇ ਸਨ। ਬਹੁਤ ਚੰਗਾ ਲੱਗ ਰਿਹਾ ਸੀ ਕਿ ਇਕ ਬਾਰ੍ਹਾਂ
ਕੁ ਸਾਲ ਦਾ ਲੜਕਾ ਫਟੇ-ਪੁਰਾਣੇ ਕੱਪੜੇ ਸਰੀਰਕ ਪੱਖ ਤੋਂ ਬਹੁਤ ਕਮਜ਼ੋਰ ਦਿਸ ਰਿਹਾ ਸੀ।
ਹੱਥ ਵਿਚ ਕਾਸਾ ਫੜੀ ਸਾਡੇ ਵੱਲ ਆ ਕੇ ਬੋਲਿਆ, "ਬਾਬੂ ਜੀ, ਪੈਸੇ ਦੇ ਦੋ ਕੁਝ ਖਾਣਾ ਏ,
ਦੋ ਦਿਨ ਤੋਂ ਭੁੱਖਾ ਹਾਂ……ਰੱਬ ਤੁਹਾਡਾ ਭਲਾ ਕਰੂਗਾ"। ਮੇਰੇ ਪਤੀ ਨੇ ਉਸਨੂੰ ਹੱਥ ਦਾ
ਇਸ਼ਾਰਾ ਕਰਕੇ ਉੱਥੇ ਹੀ ਰੁਕਣ ਲਈ ਕਿਹਾ ਤੇ ਜਲਬੀਆਂ ਦੀ ਦੁਕਾਨ ਤੋਂ ਵੀਹ ਰੁਪਏ ਦੀਆਂ
ਜਲੇਬੀਆਂ ਲੈ ਕੇ ਉਸ ਗਰੀਬ ਤੇ ਭੁੱਖੇ ਲੜਕੇ ਦੇ ਹੱਥ ਫੜਾ ਦਿੱਤੀਆਂ।
ਮੈਂ ਕਿਹਾ, "ਇਹ ਕੀ ਐ ਜੀ? ਉਸ ਨੇ ਤਾਂ ਪੈਸੇ ਮੰਗੇ ਸੀ"। ਉਸਨੇ ਕਿਹਾ,
"ਨ੍ਹੀਂ ਸੁੱਖੀ ਉਹ ਭੁੱਖਾ ਸੀ…ਉਸਦੀ ਭੁੱਖ ਪੈਸੇ ਨਾਲ ਨਹੀਂ ਕੁਝ ਖਾਣ ਨਾਲ ਮਿਟਦੀ। ਜੇ
ਮੈਂ ਉਸਨੂੰ ਪੈਸੇ ਦੇ ਦਿੰਦਾ ਸ਼ਾਇਦ ਉਸਦਾ ਪਿਓ ਉਸ ਤੋਂ ਪੈਸੇ ਲੈ ਸ਼ਰਾਬ ਪੀਂਦਾ ਜਾਂ
ਬੱਚਾ ਕਿਤੇ ਗਲਤ ਵਰਤੋ ਕਰਦਾ। ਭੁੱਖੇ ਨੂੰ ਪੈਸੇ ਦੇਣਾ ਨਹੀਂ ਖਾਣ ਲਈ ਕੁੱਝ ਦੇਣਾ
ਅਸਲੀ ਪੁੰਨ ਐ। ਸਿਰਫ਼ ਪੈਸੇ ਦਾਨ ਕਰਨ ਨਾਲ ਹੀ ਦਾਨੀ ਬਣਿਆ ਨਹੀਂ ਜਾਂਦਾ, ਕਿਸੇ ਦੀ
ਜਰੂਰਤ ਪੂਰੀ ਕਰਨਾ ਅਸਲੀ ਪੁੰਨ ਦਾਨ ਹੁੰਦਾ ਐ"।
2
ਪੁੰਨ ਤੇ ਫ਼ਲੀਆਂ
ਪਿੰਡ ਦੇ ਗੁਰੂਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜੂਰ
ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ
ਬੁੱਕ ਕਰਵਾਓ ਜੀ। ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ। ਸੀਟਾਂ ਖਤਮ
ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ।
ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, "ਬੜੀ
ਸਰਦਲ 'ਤੇ ਧਾਰਮਿਕ ਖਿਆਲਾਂ ਦਾ ਪਿੰਡ ਹੈ ਜੋ ਇਕ ਦਿਨ ਵਿੱਚ ਹੀ ਸੀਟਾਂ ਦੀ ਬੁੱਕਿੰਗ
ਹੋ ਗਈ"। ਟੇਡੀ ਜਿਹੀ ਪੱਗ ਵਾਲੇ ਮਾੜਕੂ ਜਿਹੇ ਬੰਦੇ ਨੇ ਸੀਟਾ ਤੇ ਬੈਠਦੇ ਨੇ ਕਿਹਾ,
"ਭਾਈ ਸਾਹਬ ਸਰਧਾਲੂ ਘੱਟ ਤੇ ਮੇਰੇ ਵਰਗੇ ਜ਼ਿਆਦਾ ਨੇ… ਭੁੱਕੀ ਦੀ ਤੋਟ ਕਰਕੇ ਸਾਰੀ
ਅਮਲੀ ਮਡਲੀ ਜਾ ਰਹੀ ਐ। ਹਜੂਰ ਸਾਹਿਬ ਦੇ ਇਲਾਕੇ ਵਿੱਚ ਭੁੱਕੀ ਸਸਤੀ ਮਿਲ ਜਾਂਦੀ ਐ,
ਸੋਚਿਆ ਨਾਲੇ ਸਨਾਨ ਕਰ ਆਵਾਂਗੇ……ਨਾਲੇ ਮਾਲ-ਭੱਤਾ ਬਈ ਬਾਈ ਨਾਲੇ ਪੁੰਨ ਨਾਲੇ ਫ਼ਲੀਆਂ,
ਨਾਲੇ ਰੱਬ ਖੁਸ਼ ਨਾਲੇ ਮਨ ਖੁਸ਼ ਹੋ ਜਾਊ"।
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-81464-47541
sukhwinderhariao@gmail.com
-0- |