ਜਦੋਂ ਉਹ ਵੀਹ ਸਾਲ ਦਾ ਹੋਇਆ ਤਾਂ ਦੇਖਣ ਨੂੰ ਕਿਸੇ ਫਿ਼ਲਮੀ ਖਲਨਾਇਕ ਦੇ ਬੌਡੀਗਾਰਡ ਵਰਗਾ
ਲੱਗਦਾ। ਟਰੱਕ ਦੇ ਟਾਇਰਾਂ ਵਰਗੇ ਡੌਲੇ ਤੇ ਛੇ ਫੁੱਟ ਤੋਂ ਉੱਚਾ ਕੱਦ ਕਾਠ।
ਪੋਲੋ ਸ਼ਰਟ ਤੇ ਜੀਨਜ਼ ਚ ਜਦੋਂ ਸਿਕੰਦਰ ਆਪਣੇ ਬਵੰਜਾ ਫੁੱਟ ਲੰਮੇ ਟਰੱਕ ਟਰਾਲੇ ਦੇ
ਸਟੀਅਰਿੰਗ ਵੀਲ੍ਹ ਪਿੱਛੇ ਬੈਠਦਾ ਤਾਂ ਲੱਗਦਾ ਜਿਵੇਂ ਰੱਬ ਨੇ ਉਹਨੂੰ ਇਸੇ ਕੰਮ ਵਾਸਤੇ ਧਰਤੀ
ਤੇ ਭੇਜਿਆ ਹੋਵੇ। ਦੇਖਣ ਨੂੰ ਰੋਅਬਦਾਰ ਪਰ ਅੰਦਰੋਂ ਗੋਹੜੇ ਵਰਗਾ ਨਰਮ। ਉਹਦੇ ਸਾਰੇ ਜਾਣਕਾਰ
ਜਾਂ ਤਾਂ ਉਹਤੋਂ ਡਰਦੇ ਜਾਂ ਉਹਨੂੰ ਬਹੁਤ ਪਿਆਰ ਕਰਦੇ।
ਜਦੋਂ ਕੰਮ ਤੋਂ ਵਿਹਲ ਮਿਲਦੀ ਤਾਂ ਉਹ ਆਪਣੀ ਮੰਗੇਤਰ ਬਲਜੋਤ ਨੂੰ ਡਿਨਰ ਤੇ ਲਿਜਾਂਦਾ ਤੇ ਉਹ
ਆਲੇ ਦੁਆਲੇ ਦੇ ਇਲਾਕੇ ਚ ਚੱਲ ਰਹੇ ਕਾਰਨੀਵਲਾਂ ਚ ਜਾਂਦੇ। ਬਲਜੋਤ ਨਾਲ ਜਾਣ ਤੋਂ ਪਹਿਲਾਂ
ਉਹ ਬੜਾ ਸੋਹਣਾ ਤਿਆਰ ਹੁੰਦਾ, ਅਰਮਾਨੀ ਕੋਟ ਪੈਂਟ ਤੇ ਟਾਈ ਲਗਾ, ਵਾਲਾਂ ਨੂੰ ਜੈੱਲ ਤੇ
ਗਰਦਨ ਤੇ ਕੋਲੋਨ ਲਗਾ ਜਦੋਂ ਉਹ ਬਾਹਰ ਨਿਕਲਦਾ ਤਾਂ ਕੁੜੀਆਂ ਉਹਨੂੰ ਦੇਖਦੀਆਂ ਹੀ ਰਹਿ
ਜਾਂਦੀਆਂ। ਬਲਜੋਤ ਤੋਂ ਪਹਿਲਾਂ ਵੀ ਦੋ ਤਿੰਨ ਕੁੜੀਆਂ ਨੂੰ ਉਹਨੇ ਡੇਟ ਕੀਤਾ ਪਰ ਗੱਲ ਨਹੀਂ
ਸੀ ਬਣੀ। ਉਹ ਕੁੜੀਆਂ ਉਹਦੀ ਸ਼ਰਾਫ਼ਤ ਦੀਆਂ ਸਿਫ਼ਤਾਂ ਕਰਦੀਆਂ ਨਾ ਥੱਕਦੀਆਂ। ਉਹਦੇ ਦੋਸਤ
ਉਹਦੀ ਪਿੱਠ ਪਿੱਛੇ ਉਹਦੇ ਤੇ ਹੱਸਦੇ ਪਰ ਸਾਹਮਣੇ ਉਹਨਾਂ ਦੀ ਕੁਸਕਣ ਦੀ ਹਿੰਮਤ ਨਾ ਪੈਂਦੀ।
ਉਹ ਆਪ ਤਿੰਨ ਭੈਣਾਂ ਦਾ ਇਕੱਲਾ ਵੀਰ ਸੀ। ਦਾਦੀ ਅਤੇ ਨਾਨੀ ਦੀਆਂ ਪਰੀਆਂ ਸ਼ਹਿਜ਼ਾਦੀਆਂ
ਦੀਆਂ ਕਹਾਣੀਆਂ ਸੁਣ ਪਲਿਆ ਦੱਸ ਕੁ ਸਾਲ ਦਾ ਸੀ ਜਦੋਂ ਉਹ ਮਾਂ ਤੇ ਭੈਣਾਂ ਨਾਲ ਕਨੇਡਾ
ਪਹੁੰਚਿਆ ਸੀ। ਡੈਡੀ ਮੈਕਸੀਕੋ ਵਿੱਚੋਂ ਹੁੰਦਾ ਹੋਇਆ ਅੱਠ ਸਾਲ ਪਹਿਲਾਂ ਕਨੇਡਾ ਪਹੁੰਚਿਆ ਤੇ
ਉਹਦਾ ਰਿਫਿ਼ਊਜੀ ਦਾ ਕੇਸ ਪਾਸ ਹੋ ਚੁੱਕਾ ਸੀ। ਉਹ ਪਰਿਵਾਰ ਨੂੰ ਕਾਗਜ਼ ਭੇਜਣ ਜੋਗਾ ਹੋਇਆ
ਸੀ।
ਟਰੱਕਿੰਗ ਯੂਨੀਅਨ ਚ ਵੀ ਸਿਕੰਦਰ ਦੀ ਪੂਰੀ ਠੁੱਕ ਸੀ। ਪਿਛਲੇ ਮਹੀਨੇ ਜਦੋਂ ਉਹਦੇ ਸਾਥੀ
ਹੜਤਾਲ ਤੇ ਮੁਜ਼ਾਹਰੇ ਲਈ ਬੈਠੇ ਤੇ ਮਾਲਕਾਂ ਨੇ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਖਦੇੜਨਾ
ਚਾਹਿਆ ਤਾਂ ਉਹ ਸਭ ਤੋਂ ਮੂਹਰੇ ਸੀ ਜਿਹਨੇ ਉਹਨਾਂ ਦਾ ਸਾਹਮਣਾ ਕੀਤਾ ਤੇ ਸਿਰ ਚ ਸੱਟਾਂ ਵੀ
ਖਾਧੀਆਂ ਪਰ ਟਰੱਕਰ ਭਾਈਆਂ ਦੀ ਪਿੱਠ ਨਾ ਲੱਗਣ ਦਿੱਤੀ। ਕਦੇ ਵੀ ਉਹਨੇ ਡੀਂਗਾਂ ਨਹੀਂ ਸੀ
ਮਾਰੀਆਂ ਦੋਸਤਾਂ ਦੀ ਢਾਣੀ ਚ ਬੈਠ ਕੇ।
ਉਹਦੀਆਂ ਦੋ ਵੱਡੀਆਂ ਭੈਣਾਂ ਰਮਨ ਤੇ ਸੁਖਦੀਪ ਦੇ ਜਦੋਂ ਅਪਣੇ ਮੰਗੇਤਰਾਂ ਨੂੰ ਮਿਲਣ ਲਈ ਉਸ
ਤੋਂ ਇਜਾਜ਼ਤ ਮੰਗਦੀਆਂ ਤਾਂ ਉਹ ਹੱਸ ਛੱਡਦਾ ਤੇ ਭੈਣਾਂ ਨੂੰ ਸਮਝਾਉਂਦਾ ਕਿ ਉਹਨਾਂ ਨੂੰ
ਇੰਨਾ ਡਰਨ ਦੀ ਲੋੜ ਨਹੀਂ। ਬੱਸ ਅਪਣੀ ਕਾਮਨ ਸੈਂਸ ਨਹੀਂ ਗੁਆਉਣੀ ਡਿਨਰ ਮੀਨਜ਼
ਸਟਰਿਕਟਲੀ ਡਿਨਰ।
ਉਹਦੀ ਕੰਪਨੀ ਚ ਨਵਾਂ ਆਇਆ ਡਰਾਈਵਰ ਮਲਕੀਤ ਉਹਨੂੰ ਪਹਿਲੇ ਦਿਨ ਤੋਂ ਹੀ ਨਹੀਂ ਸੀ ਜਚਿਆ।
ਉਪਰੋਂ ਉਹਨੇ ਬੇਸਮੈਂਟ ਵੀ ਉਹਨਾਂ ਦੇ ਗੁਆਂਢ ਚ ਹੀ ਕਿਰਾਏ ਤੇ ਲਈ ਹੋਈ ਸੀ। ਘਰੇਲੂ ਹਿੰਸਾ
ਦੇ ਜੁਰਮ ਚ ਚਾਰਜ ਹੋਇਆ, ਉਹ ਬਾਲ ਬੱਚੇ ਕੈਲਗਰੀ ਛੱਡ ਟਰਾਂਟੋ ਆ ਵੱਸਿਆ ਸੀ। ਸਿਕੰਦਰ
ਉਹਨਾਂ ਦਿਨਾਂ ਚ ਬਲਜੋਤ ਦੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਚ ਮਸਰੂਫ਼ ਸੀ ਤਾਂ ਸਭ ਤੋਂ
ਛੋਟੀ ਭੈਣ ਸਿੰਮੀ ਜਦੋਂ ਗੁਆਂਢੀਆਂ ਦੇ ਘਰ ਹੋ ਰਹੀ ਪਾਰਟੀ ਚ ਗਈ ਤਾਂ ਮਲਕੀਤ ਵੀ ਉਥੇ
ਮੌਜੂਦ ਸੀ। ਉਸ ਸ਼ਾਮ ਦੀ ਹੋਈ ਛੋਟੀ ਜਿਹੀ ਮੁਲਾਕਾਤ ਨੇ ਤਾਂ ਸਿੰਮੀ ਦੀ ਦੁਨੀਆਂ ਹੀ ਮਲਕੀਤ
ਦੁਆਲੇ ਸਮੇਟ ਦਿੱਤੀ। ਉਹ ਸਕੂਲ ਚ ਵੀ ਕਲਾਸਾਂ ਚ ਬੈਠੀ ਅਪਣੀ ਹੀ ਦੁਨੀਆਂ ਚ ਗੁਆਚੀ ਕਦੇ
ਉਸ ਦੀਆਂ ਅੱਖਾਂ ਦੀਆਂ ਤਸਵੀਰਾਂ ਬਣਾਉਂਦੀ ਤੇ ਕਦੇ ਉਹਦਾ ਨਾਂ ਲਿਖ ਲਿਖ ਵਰਕੇ ਭਰ ਦਿੰਦੀ।
ਕਦੀ ਉਹ ਕਲਾਸਰੂਮ ਚੋਂ ਬਾਹਰ ਆ ਦੂਰ ਤੱਕ ਤੱਕਦੀ ਕਿ ਕਿਤੇ ਉਹ ਉਹਨੂੰ ਦੇਖਣ ਲਈ ਲੱਭਦਾ
ਲੱਭਦਾ ਸਕੂਲ ਤਾਂ ਨ੍ਹੀ ਆ ਪਹੁੰਚਿਆ। ਇੱਕ ਅੱਧੀ ਵਾਰ ਉਹ ਆਇਆ ਵੀ ਪਰ ਕਾਨੂੰਨ ਦੇ ਸਿ਼ਕੰਜੇ
ਤੋਂ ਡਰਦਾ ਉਹ ਅਪਣੇ ਆਪ ਨੂੰ ਜੱਗ ਜ਼ਾਹਿਰ ਨਹੀਂ ਸੀ ਕਰਨਾ ਚਾਹੁੰਦਾ। ਸਿੰਮੀ ਹਾਲੇ ਨਾਬਾਲਗ
ਸੀ। ਮਲਕੀਤ ਦੀ ਪਿਛਲੀ ਜਿ਼ੰਦਗੀ ਤੋਂ ਬਿਲਕੁਲ ਅਣਜਾਣ।
ਹੌਲੀ ਹੌਲੀ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੂਵੀ, ਨਿਆਗਰਾ ਫ਼ਾਲਜ਼ ਤੇ ਬੀਚਾਂ
ਦੇ ਫੇਰੇ। ਸਕੂਲ ਮਿੱਸ ਹੋਣ ਲੱਗਾ। ਜਦ ਘਰ ਗ਼ੈਰਹਾਜ਼ਰੀ ਦੇ ਫ਼ੋਨ ਸਕੂਲੋਂ ਅਕਸਰ ਆਉਣ ਲੱਗੇ
ਤਾਂ ਮਾਂ ਨੇ ਧੀ ਨਾਲ ਗੱਲ ਕਰਨੀ ਜ਼ਰੂਰੀ ਸਮਝੀ। ਸ਼ਨੀਵਾਰ ਨੂੰ ਲੰਚ ਬਣਾ ਹਰਜੀਤ ਨੇ ਬੇਟੀ
ਨੂੰ ਡਾਈਨਿੰਗ ਟੇਬਲ ਤੇ ਪਰੋਸਿਆ ਤੇ ਅਪਣੀ ਪਲੇਟ ਲੈ ਉਸ ਦੇ ਸਾਹਮਣੇ ਬੈਠ ਗਈ। ਅੱਜ ਉਹ ਘਰ
ਮਾਂ ਧੀ ਦੋਨੋਂ ਹੀ ਸਨ।
ਹਰਜੀਤ ਨੇ ਸਿੰਮੀ ਦੇ ਚਿਹਰੇ ਨੂੰ ਨੀਝ ਨਾਲ ਦੇਖਿਆ - ਗੋਲ ਤੇ ਭੋਲਾ ਜਿਹਾ ਗੁਲਾਬੀ ਰੰਗਾ,
ਬਾਪ ਵਰਗੇ ਹਲਕੇ ਭੂਰੇ ਵਾਲ, ਮਾਂ ਵਾਲੀਆਂ ਭੂਰੀਆਂ ਅੱਖਾਂ ਪਰ ਕੁਝ ਘਬਰਾਈ ਜਿਹੀ। ਖਾਣਾ
ਜਿਵੇਂ ਜ਼ਬਰਦਸਤੀ ਖਾਣ ਦੀ ਕੋਸਿ਼ਸ਼ ਕਰ ਰਹੀ ਹੋਵੇ।
ਮੈਨੂੰ ਕਦੇ ਇਹਦੇ ਕਮਰੇ ਚੋਂ ਕੋਈ ਬੀਅਰ ਜਾਂ ਵਾਈਨ ਦੀ ਬੋਤਲ ਨਹੀਂ ਮਿਲੀ। ਜਦੋਂ ਵੀ
ਉਹਦੇ ਧੋਤੇ ਕਪੜੇ ਉਹਦੀ ਅਲਮਾਰੀ ਚ ਟਿਕਾਏ ਨੇ, ਕਦੇ ਵੀ ਕੁਝ ਐਸਾ ਵੈਸਾ ਹੱਥ ਨ੍ਹੀ ਲੱਗਾ।
ਕਿਤੇ, ਕੋਈ ਨਸ਼ੇ ਦੀਆਂ ਗੋਲੀਆਂ ਤਾਂ ਨ੍ਹੀ ਖਾਣ ਲੱਗ ਪਈ... ਕਿੰਨੀਆਂ ਗੱਲਾਂ ਸੁਣਦੇ ਹਾਂ
ਪਈ ਔਨਲਾਈਨ ਕੀ ਨ੍ਹੀਂ ਮਿਲਦਾ। ਜਿਹੜੇ ਡਾਕਟਰ ਦੇ ਦਫ਼ਤਰ ਚ ਹਰਜੀਤ ਕੰਮ ਕਰਦੀ ਸੀ, ਉਥੇ
ਹਰ ਤਰ੍ਹਾਂ ਦੀਆਂ ਗੱਲਾਂ ਮਿਲਦੀਆਂ ਸੀ ਸੁਣਨ ਨੂੰ ਬੱਚਿਆਂ ਦੀਆਂ। ਪਰ ਫੇਰ ਜਾਂਦੀ ਕਿੱਥੇ
ਹੈ? ਕਿਵੇਂ ਪੁੱਛਾਂ?
ਮੌਮ
ਹਾਂ ਜੀ ਬੱਚੇ... ਮਾਂ ਤ੍ਰਭਕੀ।
ਕੀ ਸੋਚ ਰਹੇ ਹੋ?
ਬੱਸ ਤੇਰੇ ਬਾਰੇ, ਤੂੰ ਠੀਕ ਤਾਂ ਹੈਂ?
ਤੁਸੀਂ ਇਹ ਕਿਉਂ ਪੁੱਛਦੇ ਓ ਬਾਰਬਾਰ?
ਕਿਉਂਕਿ ਮੈਨੂੰ ਫਿ਼ਕਰ ਹੈ... ਤੂੰ ਅਪਣੇ ਕਮਰੇ ਚ ਕਿਉਂ ਵੜੀ ਰਹਿੰਦੀ ਐਂ? ਕਹਿੰਦਿਆਂ
ਮਾਂ ਨੇ ਧੀ ਦਾ ਹੱਥ ਫੜ ਲਿਆ।
ਸਕੂਲ ਦਾ ਕੰਮ ਬਹੁਤ ਜਿ਼ਆਦਾ ਹੁੰਦੈ ਪਰ ਉਹਦੀ ਆਵਾਜ਼ ਚ ਕੁਝ ਗੁੱਝਾ ਜਿਹਾ ਭੇਦ ਸੀ।
ਦੇਖ ਬੱਚੇ, ਸਕੂਲੋਂ ਫ਼ੋਨ ਆ ਰਹੇ ਨੇ ਤੇ ਮੈਂ ਹੀ ਗੱਲ ਕੀਤੀ ਹੈ ਹੁਣ ਤੱਕ ਤਾਂ। ਬਾਪ ਤੇ
ਭਰਾ ਕੋਲ ਭਾਫ਼ ਨ੍ਹੀ ਕੱਢੀ। ਪਰ ਮੈਨੂੰ ਡਰ ਹੈ ਕਿ ਮੈਂ ਬਹੁਤੀ ਦੇਰ ਨ੍ਹੀ ਛੁਪਾ ਸਕਾਂਗੀ
ਉਹਨਾਂ ਤੋਂ। ਭੈਣਾਂ ਦੀ ਤਰ੍ਹਾਂ ਤੂੰ ਯੂਨੀਵਰਸਿਟੀ ਜਾਏਂਗੀ ਤਾਂ ਜੋ ਮਰਜ਼ੀ ਕਰੀਂ। ਅਸੀਂ
ਕਿਹੜਾ ਬੈਠੇ ਹੋਣੈ ਤੇਰੇ ਸਿਰ ਤੇ ਰੋਕਣ ਲਈ। ਸਾਨੂੰ ਪਤੈ ਇਥੇ ਦੇ ਨਿਆਣਿਆਂ ਦੀ ਸੋਚ ਦਾ ਤੇ
ਅਸੀਂ ਐਨੇ ਵੀ ਕੱਟੜ ਨਹੀਂ ਕਿ ਤੁਹਾਨੂੰ ਸਾਰੀ ਉਮਰ ਬੰਨ੍ਹ ਕੇ ਹੀ ਰੱਖੀਏ। ਤੁਸੀਂ ਅਪਣੀ
ਪਸੰਦ ਦੇ ਸਾਥੀ ਆਪ ਚੁਣਨੇ ਨੇ ਇੱਕ ਦਿਨ ਤੇ ਅਪਣਾ ਘਰ ਵਸਾਣਾ ਹੈ। ਪਰ ਇਸ ਵਕਤ, ਇਸ ਉਮਰ ਚ
ਕੋਈ ਵੀ ਕਾਰਨ ਜੋ ਤੇਰੀ ਸਕੂਲ ਤੋਂ ਗ਼ੈਰਹਾਜ਼ਰੀ ਲਈ ਜਿ਼ੰਮੇਵਾਰ ਹੈ, ਉਹ ਸਾਨੂੰ ਨਹੀਂ
ਪੁੱਗਣਾ।
ਸਿੰਮੀ ਦਾ ਰੰਗ ਹੁਣ ਫੱਕ ਹੋ ਗਿਆ। ਉਹਦਾ ਸਾਹ ਵੀ ਉਖੜਨ ਲੱਗਾ। ਮਾਂ ਨੇ ਉਹਦਾ ਹੱਥ ਘੁੱਟ
ਕੇ ਫੜ ਲਿਆ।
ਸਿੰਮੀ! ਕੀ ਹੋਇਆ? ਮਾਂ ਨੇ ਉਹਨੂੰ ਝੰਜੋੜਿਆ।
ਮੌਮ! ਮੌਮ... ਆਈ ਐਮ ਪ੍ਰੈਗਨੈਂਟ
ਹੱਥ ਚੋਂ ਹੱਥ ਛੁਟ ਗਿਆ।
ਵਿਸ਼ਵਾਸ ਨਹੀਂ ਸੀ ਆ ਰਿਹਾ। ਸ਼ਾਇਦ ਸਿੰਮੀ ਹੁਣੇ ਹਿੜ ਹਿੜ ਕੇ ਹੱਸ ਪਵੇ ਤੇ ਕਹੇ ਦੇਖਿਆ,
ਬਣਾ ਤਾ ਨਾ ਉੱਲੂ ਤੁਹਾਡਾ। ਨਹੀਂ, ਨਹੀਂ ਉਹ ਇੰਨਾ ਭੱਦਾ ਮਜ਼ਾਕ ਕਿਵੇਂ ਕਰ ਸਕਦੀ ਹੈ ਮਾਂ
ਨਾਲ... ਹੋ ਸਕਦੈ, ਜਿਹੜੀਆਂ ਐਂਟੀਬਾਇਓਟਿਕ ਲਈਆਂ ਸੀ ਇਹਨੇ ਕੰਨ ਦੀ ਇਨਫੈਕਸ਼ਨ ਲਈ, ਦੋ ਕੁ
ਮਹੀਨੇ ਪਹਿਲਾਂ, ਉਹਦੇ ਕਰਕੇ ਇਹਦਾ ਮਾਸਿਕ...
ਛੇ ਵਾਰ ਟੈਸਟ ਕਰ ਲਿਆ, ਪੌਜਿ਼ਟਿਵ ਆਇਐ ਸਿੰਮੀ ਨੇ ਜਿਵੇਂ ਮਾਂ ਦੇ ਦਿਲ ਦਾ ਸ਼ਸ਼ੋਪੰਜ
ਜਾਣ ਲਿਆ ਹੋਵੇ।
ਕੌਣ ਹੈ ਉਹ? ਮਾਂ ਨੇ ਉੱਚੀ ਆਵਾਜ਼ ਚ ਪੁੱਛਿਆ।
ਨਹੀਂ ਦੱਸ ਸਕਦੀ ਹਾਲੇ ਉਸ ਨੇ ਨੀਵੀਂ ਪਾਈ ਹੋਈ ਸੀ।
ਸਾਰੀ ਰਾਤ ਮਾਂ ਨੇ ਸੋਫ਼ੇ ਤੇ ਲੇਟ ਅਨੀਂਦਰੀ ਕੱਟੀ। ਭੈਣਾਂ ਨੇ ਇਹਨੂੰ ਕਿੰਨਾ ਸਮਝਾਇਆ,
ਕਿੰਨਾ ਕੁਝ ਦੱਸਿਆ। ਜਿੰਮੇਵਾਰੀ ਲੈਣੀ ਸਿਖਾਈ। ਪੜ੍ਹਾਈ ਚ ਚੰਗੀ ਭਲੀ ਸੀ। ਸੀਨੀਅਰ ਕਲਾਸ
ਦੀ ਕੁੜੀ ਜਿਹੜੀ ਸਕੂਲ ਕਾਊਂਸਲ ਦੀ ਪ੍ਰਧਾਨ ਹੈ, ਉਹ ਇਹਦੀ ਪੱਕੀ ਸਹੇਲੀ। ਕਾਰ ਚਲਾਉਂਦੀ ਨੇ
ਕਦੇ ਕੋਈ ਗਲਤੀ ਨਹੀਂ ਕੀਤੀ। ਘਰ ਹਮੇਸ਼ਾਂ ਟਾਈਮ ਸਿਰ ਆਉਂਦੀ ਸੀ, ਪਰ ਇਹ ਕੀ ਹੋ ਗਿਆ
ਪਿਛਲੇ ਤਿੰਨ ਮਹੀਨਿਆਂ ਚ? ਕਿਸੇ ਬੁਆਏ ਫਰੈਂਡ ਦਾ ਕਦੇ ਜਿ਼ਕਰ ਨਹੀਂ ਹੋਇਆ। ਫੇਰ ਕਿਸੇ
ਐਰੇ ਗੈਰੇ ਨਾਲ ਤੁਰਨ ਵਾਲੀ ਵੀ ਨਹੀਂ ਮੇਰੀ ਔਲਾਦ।
ਰਾਤ ਦੇ ਦੋ ਵੱਜ ਗਏ। ਹੁਣ ਤਾਂ ਉਸ ਤੋਂ ਸੋਫ਼ੇ ਤੇ ਵੀ ਨਹੀਂ ਸੀ ਲੇਟਿਆ ਜਾ ਰਿਹਾ। ਉਹ
ਉੱਠੀ, ਸਿੰਮੀ ਦੇ ਕਮਰੇ ਚ ਗਈ, ਮੱਧਮ ਜਿਹੀ ਰੋਸ਼ਨੀ ਚ ਉਹ ਮੂਧੇ ਮੂੰਹ, ਵਾਲ ਸਾਰੇ ਤਕੀਏ
ਤੇ ਖਿਲਰੇ ਹੋਏ, ਅਪਣੀ ਸਿਲਕ ਦੀ ਰਜਾਈ ਚ ਅੱਧ ਕੱਜੀ ਸੁੱਤੀ ਪਈ ਸੀ। ਜੀਨ ਤੇ ਟੌਪ ਨਾਲ ਪਈ
ਕੁਰਸੀ ਤੇ ਖੋਲ੍ਹ ਕੇ ਸੁਟੇ ਹੋਏ। ਇੱਕ ਬੂਟ ਖੜਾ ਦੂਜਾ ਟੇਢਾ ਜਿਹਾ ਲੇਟਿਆ ਹੋਇਆ।
ਸਾਰਾ ਡਰੈੱਸਰ ਰੰਗ ਬਿਰੰਗੀਆਂ ਵਾਲਾਂ ਚ ਲਾਉਣ ਵਾਲੀਆਂ ਕਲਿੱਪਾਂ ਤੇ ਹੇਅਰ ਬਰੱਸ਼ਾਂ ਨਾਲ
ਭਰਿਆ ਪਿਆ। ਹੱਥਾਂ ਚ ਪਾਉਣ ਵਾਲੇ ਕੜੇ ਤੇ ਇੱਕ ਛੋਟੇ ਬੱਚੇ ਦੀ ਜੁਰਾਬ ਬੁਣਦੀਆਂ
ਸਿਲਾਈਆਂ, ਸੈੱਲਫ਼ੋਨ ਤੇ ਕਈ ਨਾਵਲ ਤੇ ਹੋਰ ਕਿਤਾਬਾਂ ਸਿਰਹਾਣੇ ਰੱਖੀਆਂ, ਪਾਣੀ ਦੀ ਬੋਤਲ
ਵੀ।
ਘਬਰਾਹਟ ਕਰਕੇ ਅਪਣੀ ਛਾਤੀ ਨੂੰ ਇੱਕ ਹੱਥ ਨਾਲ ਦਬਾ ਉਹ ਕਮਰੇ ਚੋਂ ਬਾਹਰ ਨਿਕਲੀ ਤੇ ਹੇਠਾਂ
ਸੋਫ਼ੇ ਤੇ ਆ ਫੇਰ ਡਿੱਗ ਪਈ।
ਵੀਕਐਂਡ ਤੇ ਬਲਜੋਤ ਦੇ ਮੰਮੀ ਡੈਡੀ ਨਾਲ ਕਿੰਨੇ ਹੀ ਕੰਮ ਕਰਵਾ ਸਿਕੰਦਰ ਸੋਮਵਾਰ ਨੂੰ ਕੰਮ
ਤੇ ਗਿਆ। ਬੜਾ ਖੁਸ਼ ਸੀ ਉਹ। ਅਪਣੀ ਹੀ ਧੁਨ ਚ ਸੀਟੀ ਜਿਹੀ ਵਜਾਉਂਦਾ ਹਾਲੇ ਟਰੱਕ ਚ
ਚੜ੍ਹਣ ਹੀ ਲੱਗਾ ਸੀ ਕਿ ਉਹਦੇ ਦੋਸਤ ਰੌਜਰ ਨੇ ਉਹਨੂੰ ਆਵਾਜ਼ ਮਾਰੀ।
ਬਰੋਅ...!
ਰੌਜਰ ਨੇ ਕਾਨਾਫੂਸੀ ਕੀਤੀ, ਉਹਦੇ ਦੋਨੋ ਹੱਥ ਵੀ ਚੱਲਦੇ ਰਹੇ ਬੋਲਣ ਦੇ ਨਾਲ। ਸਿਕੰਦਰ ਨੇ
ਦੇਖਿਆ ਕਿ ਅੱਜ ਕੋਲੋਂ ਲੰਘਦੇ ਸਾਥੀ ਡਰਾਈਵਰ ਕੋਈ ਹੈਲੋ ਹਾਏ ਨਹੀਂ ਕਰ ਰਹੇ। ਰੌਜਰ ਹਾਲੇ
ਵੀ ਭੂਮਿਕਾ ਹੀ ਬੰਨ੍ਹ ਰਿਹਾ ਸੀ ਤੇ ਸਿਕੰਦਰ ਨੂੰ ਅੰਦਰੋਂ ਡਰ ਸੀ ਕਿ ਸ਼ਾਇਦ ਅੱਜ ਉਸ ਦੀ
ਕੰਮ ਤੋਂ ਛੁੱਟੀ ਹੋ ਗਈ ਹੈ ਕਿਸੇ ਗੱਲੋਂ ਤੇ ਉਹੀ ਖ਼ਬਰ ਦੇਣ ਵਾਲਾ ਸੀ ਰੌਜਰ।
ਦੇਖ, ਧੀਰਜ ਤੋਂ ਕੰਮ ਲਵੀਂ ਬਰੋਅ, ਆਹ ਮਲਕੀਤ ਅੱਜ ਕਲ ਲੰਚ ਰੂਮ ਚ ਬੜਾ ਅਵਾ ਤਵਾ ਜਿਹਾ
ਬੋਲੀ ਜਾਂਦੈ... ਕਹਿੰਦਾ ਮਾਮਾ ਬਣਨ ਵਾਲੈ ਹੁਣ ਸਿਕੰਦਰ ਜਿਹੜਾ ਬਹੁਤਾ ਅਪਣੇ ਆਪ ਨੂੰ ਨਾਢੂ
ਖਾਂ ਸਮਝਦੈ... ਜੇ ਪਹਿਲਾਂ ਪਤਾ ਹੁੰਦਾ ਬਈ ਟਰਾਂਟੋ ਤਾਂ ਸਵੀਟੀਆਂ ਸਕੂਲਾਂ ਚ ਹੀ ਮਿਲ
ਜਾਂਦੀਐਂ ਤਾਂ ਮੈਂ ਕੈਲਗਰੀ ਕਾਹਨੂੰ ਐਨੇ ਸਾਲ ਬਰਬਾਦ ਕਰਦਾ... ਬੱਸ ਮੈਂ ਹੋਰ ਦੱਸ ਨ੍ਹੀ
ਸਕਦਾ ਉਹ ਕੀ ਕੀ ਦੱਸਦੈ ਅਪਣੇ ਲੁੱਚਪੁਣੇ ਦੇ ਬਿਰਤਾਂਤ... ਪਰ ਬਰੋਅ! ਤੂੰ ਹੁਣ ਸਹਿਜ ਮਤੇ
ਤੋਂ ਕੰਮ ਲੈਣੈਂ, ਤੱਤੇ ਘਾਅ ਨ੍ਹੀ ਕੁਛ ਕਰ ਬੈਠਣਾ... ਹੈਂ? ਕੀ ਕਹਿੰਦਾਂ?
ਸਿਕੰਦਰ ਨੇ ਸਿਰਫ਼ ਸਿਰ ਹੀ ਹਿਲਾਇਆ, ਉਹਦੇ ਬੁੱਲ੍ਹ ਫਰਕੇ ਤੇ ਉਹ ਟਰੱਕ ਚ ਚੜ੍ਹ ਗਿਆ
ਜਿਹੜਾ ਕੋਲੋਰਾਡੋ ਨੂੰ ਜਾਣ ਲਈ ਲੱਦਿਆ ਖੜਾ ਸੀ। ਮੂਹਰੇ ਵੀ ਟਰੱਕਾਂ ਦੀ ਲੰਮੀ ਕਤਾਰ ਸੀ ਤੇ
ਪਿੱਛੇ ਵੀ। ਕੰਪਨੀ ਦੇ ਯਾਰਡ ਦਾ ਮੇਨ ਗੇਟ ਨਹੀਂ ਸੀ ਖੁਲ੍ਹਿਆ ਹਾਲੇ। ਬੈਠੇ ਬੈਠੇ ਉਹਨੇ
ਸੋਚਿਆ ਕਿ ਕਿਵੇਂ ਅੱਜ ਕੱਲ ਸਿੰਮੀ ਪਹਿਲਾਂ ਦੀ ਤਰ੍ਹਾਂ ਘਰ ਚ ਚਹਿਕਦੀ ਮਹਿਕਦੀ ਦਿਖਾਈ
ਨ੍ਹੀ ਦਿੰਦੀ। ਉਹਨੇ ਸੋਚਿਆ ਸੀ ਸ਼ਾਇਦ ਬਿਮਾਰ ਹੋਵੇ ਜਾਂ ਸਕੂਲ ਦੇ ਕੰਮ ਦਾ ਪ੍ਰੈਸ਼ਰ।
ਸਿਕੰਦਰ ਨੇ ਗਾਰਡਨ ਐਵੇਨਿਊ ਤੇ ਮੋੜ ਟਰੱਕ ਨੂੰ ਹਾਈਵੇਅ ਤੇ ਜਾ ਪਾਉਣਾ ਸੀ ਪਰ ਉਹ ਸਾਈਡ ਤੇ
ਲਾ ਖੜਾ ਹੋ ਗਿਆ। ਪਿੱਛੇ ਆਉਂਦੇ ਇੱਕ ਟਰੱਕ ਨੇ ਜਦੋਂ ਪਾਸ ਕੀਤਾ ਤਾਂ ਨੰਬਰ ਦੇਖ ਕੇ ਉਹਨੇ
ਅਪਣਾ ਟਰੱਕ ਪਿੱਛੇ ਲਾ ਲਿਆ। ਤਿੰਨ ਕੁ ਘੰਟੇ ਬਾਅਦ ਮਲਕੀਤ ਕੌਫ਼ੀ ਬ੍ਰੇਕ ਲਈ ਟਿਮ ਹੌਰਟਨ
ਤੇ ਰੁਕਿਆ ਤੇ ਪਿੱਛੇ ਹੀ ਸਿਕੰਦਰ ਨੇ ਅਪਣਾ ਟਰੱਕ ਉਹਦੇ ਬਰਾਬਰ ਲਿਆ ਖੜਾ ਕੀਤਾ।
ਦੋਨੋਂ ਹੇਠਾਂ ਉੱਤਰੇ।
ਕੀ ਗੱਲ ਐ ਬਾਈ? ਉਹਨੂੰ ਹੋਰ ਹੀ ਚਾਲ ਚ ਚੱਲਦੇ ਦੇਖ ਮਲਕੀਤ ਨੇ ਪੁੱਛਿਆ। ਉਹ ਡਰ ਗਿਆ
ਸੀ ਅੰਦਰੋਂ।
ਸਿਕੰਦਰ ਨੇ ਉਹਨੂੰ ਗਰਦਨ ਤੋਂ ਫੜ ਉਹਦਾ ਸਿਰ ਦੋ ਤਿੰਨ ਵਾਰ ਉਹਦੇ ਹੀ ਟਰੱਕ ਚ ਮਾਰਿਆ।
ਜ਼ਮੀਨ ਤੇ ਢੇਰੀ ਹੋਏ ਮਲਕੀਤ ਨੂੰ ਉੱਥੇ ਹੀ ਛੱਡ ਉਹ ਪਰ੍ਹੇ ਨੂੰ ਤੁਰ ਗਿਆ।
ਜਦੋਂ ਜੇਲ੍ਹ ਚੋਂ ਬਰੀ ਹੋ ਕੇ ਸਿਕੰਦਰ ਪਰਤਿਆ ਤਾਂ ਉਹਦੇ ਮਾਂ ਬਾਪ ਸੰਸਾਰ ਤੋਂ ਕੂਚ ਕਰ
ਚੁੱਕੇ ਸੀ। ਤਿੰਨੋ ਭੈਣਾਂ ਵਿਆਹ ਕਰਾ ਟਰਾਂਟੋ ਤੋਂ ਦੂਰ ਦੂਰ ਜਾ ਵੱਸ ਗਈਆਂ ਸਨ।
ਰਮਨ ਵਿੱਨੀਪੈੱਗ, ਸੁਖਦੀਪ ਵੈਨਕੂਵਰ ਤੇ ਸਿੰਮੀ ਕੈਲੀਫੋਰਨੀਆ। ਬਲਜੋਤ... ਦਾ ਕੀ ਬਣਿਆ
ਹੋਊ? ਇਹ ਸੁਆਲ ਹਾਲੇ ਵੀ ਉਹਨੂੰ ਅੰਦਰੋਂ ਧੁਰ ਤੱਕ ਨਪੀੜ ਕੇ ਰੱਖ ਜਾਂਦਾ। ਨਾ ਕਦੇ ਉਹ
ਜੇਲ੍ਹ ਚ ਮਿਲਣ ਆਈ ਨਾ ਚਿੱਠੀ ਨਾ ਪੱਤਰ... ਉਹਦਾ ਕੀ ਕਸੂਰ ਸੀ? ਵਿਚਾਰੀ ਕਿੰਨੀ
ਪਰੇਸ਼ਾਨ਼ ਹੋਈ ਹੋਵੇਗੀ ਮੇਰੀਆਂ ਕਰਤੂਤਾਂ ਕਰਕੇ। ਆਖਿਰ, ਕਿਵੇਂ ਸਫ਼ਾਈਆਂ ਦਿੰਦੀ ਮਾਂ ਬਾਪ
ਨੂੰ ਤੇ ਕਿੰਨਾ ਕੁ ਚਿਰ ਬੈਠੀ ਰਹਿੰਦੀ ਕੁਆਰੀ? ਭੈਣਾਂ ਨੇ ਹਮੇਸ਼ਾਂ ਫ਼ੋਨ ਵੀ ਕੀਤੇ,
ਚਿੱਠੀਆਂ ਵੀ ਲਿਖੀਆਂ। ਉਹਨੂੰ ਸੁਖ ਦਾ ਸਾਹ ਜਿਹਾ ਆਇਆ ਕਿ ਉਹ ਦੂਰ ਦੂਰ ਬੈਠੀਆਂ ਨੇ ਆਪੋ
ਆਪਣੇ ਘਰੀਂ। ਮਿਲਣ ਚ ਉਹ ਹਾਲੇ ਵੀ ਸ਼ਰਮ ਮਹਿਸੂਸ ਕਰਦਾ ਸੀ ਉਹਨਾਂ ਨੂੰ ਤੇ ਉਹਨਾਂ ਦੇ
ਪਰਿਵਾਰਾਂ ਨੂੰ।
ਅੱਧਖੜ ਉਮਰ ਚ ਉਹਦਾ ਪੀਲਾ ਭੂਕ ਰੰਗ, ਦਾੜ੍ਹੀ ਵਧੀ ਹੋਈ ਤੇ ਗੌਰਮਿੰਟ ਵੱਲੋਂ ਬਣਾਏ ਸਾਬਕਾ
ਕੈਦੀਆਂ ਲਈ ਘੁਰਨਿਆਂਚ ਰਹਿ ਰਿਹਾ ਸੀ। ਕੰਮ ਲਈ ਹੱਥ ਪੱਲਾ ਮਾਰਦਾ ਉਹ ਸਵੇਰੇ ਹੀ ਨਿਕਲ
ਜਾਂਦਾ ਤੇ ਨਿਰਾਸ਼ਾ ਤੋਂ ਬਿਨਾਂ ਕੁਝ ਵੀ ਹੱਥ ਨਾ ਲੱਗਦਾ। ਉਹਦਾ ਅਪਣਾ ਘਰ ਤੇ ਸ਼ਹਿਰ ਵੀ
ਬਹੁਤੀ ਦੂਰ ਨਹੀਂ ਸਨ ਜਿੱਥੇ ਉਹ ਰਹਿ ਸੀ ਤੇ ਉਹ ਬੜੇ ਆਰਾਮ ਨਾਲ ਕਿਸੇ ਆਹਰੇ ਲੱਗ ਸਕਦਾ ਸੀ
ਉਥੇ ਪਰ ਉਸ ਨੂੰ ਕਿਸੇ ਦੇ ਮੱਥੇ ਲੱਗਣ ਤੋਂ ਬੜੀ ਝਿਜਕ ਸੀ, ਕਿੰਨਾ ਸ਼ਰਮਸਾਰ ਸੀ ਉਹ ਅਪਣੀ
ਪਿਛਲੀ ਜਿ਼ੰਦਗੀ ਤੇ। ਕਿਵੇਂ ਜੌਬ ਲਈ ਹੱਥ ਫੈਲਾਏਗਾ ਉਹ ਜਾਣ ਪਛਾਣਦਿਆਂ ਅੱਗੇ ਭਿਖਾਰੀ ਦੀ
ਤਰ੍ਹਾਂ?
ਨੌਕਰੀ ਲਈ ਅਰਜ਼ੀਆਂ ਭਰ ਭਰ ਉਹਦੇ ਹੱਥ ਪੱਕ ਗਏ ਸਨ। ਕਿਹੜੇ ਬਿਜ਼ਨਸ ਦੇ ਦਰਵਾਜ਼ੇ ਉਹਨੇ
ਨਹੀਂ ਸਨ ਖੜਕਾਏ। ਇੱਕ ਬੱਸ ਸਟਾਪ ਤੋਂ ਦੂਜੇ ਤੱਕ ਦੀ ਦੌੜ ਨੇ ਪੈਰਾਂ ਨੂੰ ਜਿਵੇਂ ਸੁਜਾ ਕੇ
ਰੱਖ ਦਿੱਤਾ ਹੋਵੇ। ਮਾਲਟਨ, ਬਰੈਂਪਟਨ, ਸਕਾਰਬਰੋਅ ਤੇ ਰੈਕਸਡੇਲ ਦਾ ਸਾਰਾ ਇਲਾਕਾ ਉਸ ਨੇ
ਛਾਣ ਮਾਰਿਆ ਕੰਮ ਦੀ ਭਟਕਣ ਚ ਪਰ ਉਹ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਸੀ ਅਪਣੀ
ਬੇਰੁਜ਼ਗਾਰੀ ਲਈ। ਜਿ਼ੰਦਗੀ ਨੇ ਪਤਾ ਨਹੀਂ ਕਿਹੜੇ ਊਭੜ ਖਾਬੜ ਮੋੜ ਕੱਟ ਲਏ ਸਨ ਕਿ ਉਹ ਇੰਨਾ
ਲਾਚਾਰ ਹੋ ਗਿਆ ਸੀ।
ਜਦੋਂ ਕਦੇ ਉਹਦੀ ਇੰਟਰਵਿਊ ਹੋਈ ਤੇ ਸਾਹਮਣੇ ਬੈਠਾ ਬੰਦਾ ਅਰਜ਼ੀ ਦੇਖਦਾ ਦੇਖਦਾ ਉਸ ਨੰਬਰ
ਤੇ ਪਹੁੰਚਿਆ ਜਿੱਥੇ ਉਮੀਦਵਾਰ ਨੂੰ ਭਰਨਾ ਪੈਂਦਾ ਹੈ ਹਾਂ ਜਾਂ ਨਾਂਹ ਇਸ ਸੁਆਲ ਤੇ, ਕੀ
ਤੁਸੀਂ ਕਦੇ ਕਿਸੇ ਅਪਰਾਧ ਚ ਸਜ਼ਾ ਕੱਟੀ ਹੈ? ਉਸ ਦੀ ਹਾਂ ਭਰੀ ਦੇਖ ਕੇ ਅਗਲਾ ਕੁਰਸੀ
ਚ ਬੈਠਾ ਹਿੱਲ ਜਾਂਦਾ।
ਇੱਕ ਅੱਧਾ ਮਿੰਟ ਹੋਰ ਗੱਲ ਕਰਨ ਪਿੱਛੋਂ ਅਗਲਾ ਥੈਂਕ ਯੂ ਫਾਰ ਯੂਅਰ ਟਾਈਮ ਕਹਿ ਉੱਠ ਖੜਾ
ਹੁੰਦਾ ਤੇ ਉਹ ਅਪਣਾ ਢਿੱਲਾ ਤੇ ਕੰਬਦਾ ਹੱਥ ਉਸ ਨਾਲ ਮਿਲਾ ਬਾਹਰ ਆ ਜਾਂਦਾ। ਅੱਖਾਂ ਭਰ
ਆਉਂਦੀਆਂ ਉਸ ਦੀਆਂ।
ਉਪਰੋਂ ਕਨੇਡਾ ਦੀ ਆਰਥਿਕਤਾ ਲਈ ਵੀ ਇਹ ਟਾਈਮ ਸਿਕੰਦਰ ਦੀ ਕਿਸਮਤ ਵਰਗਾ ਹੀ ਆ ਗਿਆ ਸੀ।
ਪਾਕਿਸਤਾਨ ਤੋਂ ਆਏ ਆਸਿਫ਼ ਸ਼ਾਹਕਾਰ ਲਈ ਵੀ ਓਕਵਿੱਲ ਚ ਖੋਲ੍ਹੇ ਅਪਣੇ ਰੈਸਤਰਾਂ
ਸ਼ਹਿਨਾਈ ਜਿਹੜਾ ਕਦੇ ਬਿਰਿਆਨੀ ਤੇ ਸੀਖ ਕਬਾਬ ਲਈ ਇਲਾਕੇ ਚ ਮਸ਼ਹੂਰ ਸੀ, ਅੱਜ ਉਸ ਦੇ
ਪਾਣੀ ਬੱਤੀਆਂ ਦੇ ਬਿੱਲ ਦੇਣੇ ਵੀ ਔਖੇ ਹੋ ਗਏ ਸਨ।
ਕਦੀ ਇਸ ਜਗ੍ਹਾ ਤੇ ਬੈਠ ਕੇ ਖਾਣ ਪੀਣ ਲਈ ਘੰਟਾ ਘੰਟਾ ਲਾਈਨ ਚ ਲੱਗਣਾ ਪੈਂਦਾ। ਸਾਰੇ
ਅਖ਼ਬਾਰਾਂ ਨੇ ਅਪਣੀ ਅਪਣੀ ਤਰ੍ਹਾਂ ਦੇ ਨਾਲ ਸ਼ਹਿਨਾਈ ਨੂੰ ਕਵਰ ਕੀਤਾ। ਆਸਿਫ਼ ਅਲੀ ਨੇ
ਮਾਣ ਮੱਤੇ ਹੋਏ ਇਹਨਾਂ ਲੇਖਾਂ ਨੂੰ ਕੱਟ ਅਪਣੇ ਕੈਸ਼ ਰਜਿਸਟਰ ਤੇ ਉੱਪਰ ਲਗਾ ਲਿਆ ਠੀਕ
ਅਪਣੇ ਸਵਰਗਵਾਸੀ ਪਿਤਾ ਦੀ ਫੋਟੋ ਜਿਸ ਤੇ ਫੁੱਲਾਂ ਦੀ ਮਾਲਾ ਪਾਈ ਹੋਈ ਸੀ, ਦੇ ਹੇਠਾਂ। ਇੱਕ
ਇੱਕ ਫੋਟੋ ਕਾਪੀ ਪਾਕਿਸਤਾਨ ਵੀ ਅਪਣੇ ਰਿਸ਼ਤੇਦਾਰਾਂ ਨੂੰ ਭੇਜੀ।
ਹੁਣ ਤਾਂ ਵੀਕਐਂਡ ਤੇ ਵੀ ਜਿ਼ਆਦਾ ਟੇਬਲ ਖਾਲੀ ਪਏ ਰਹਿੰਦੇ। ਆਸਿਫ਼ ਨੂੰ ਅਪਣਾ ਇੱਕ ਕੁੱਕ
ਤੇ ਤਿੰਨ ਵੇਟਰਾਂ ਦੀ ਛੁੱਟੀ ਕਰਨੀ ਪਈ। ਕੁੱਕ ਸਲੀਮ ਨੇ ਤਾਂ ਖ਼ਬਰ ਸੁਣਦੇ ਹੀ ਬਾਹਰ ਜਾ ਦੋ
ਤਿੰਨ ਮੋਟੇ ਮੋਟੇ ਪੈੱਗ ਲਗਾ ਵਾਪਸ ਆ ਕੇ ਆਸਿਫ਼ ਨੂੰ ਉੱਚੀ ਉੱਚੀ ਉਰਦੂ ਚ ਬੋਲਣਾ ਸ਼ੁਰੂ
ਕਰ ਦਿੱਤਾ ਤੇ ਫੇਰ ਰੋ ਰੋ ਕੇ ਮਾਫ਼ੀਆਂ ਮੰਗਣ ਲੱਗਾ ਅਪਣੀ ਟੁੱਟੀ ਫੁੱਟੀ ਇੰਗਲਿਸ਼ ਚ।
ਪਰ ਮੈਂ ਕੀ ਕਰਾਂਗਾ ਹੁਣ? ਕਿੱਥੋਂ ਪਾਲਾਂਗਾ ਅਪਣਾ ਪਰਿਵਾਰ?
ਮੈਂ ਮਜਬੂਰ ਹਾਂ ਸਲੀਮ ਕਹਿ ਆਸਿਫ਼ ਨੇ ਉਹਦੇ ਮੋਢੇ ਤੋਂ ਅਪਣੀ ਬਾਂਹ ਵਗਲੀ।
ਕੁੱਬੇ ਨੂੰ ਵੱਜੀ ਲੱਤ ਵਾਂਗ ਸਲੀਮ ਨੂੰ ਤਾਂ ਡੁਬੱਈ ਚ ਕਿਸੇ ਪੰਜਤਾਰਾ ਹੋਟਲ ਚ ਕੰਮ ਮਿਲ
ਗਿਆ। ਉਹ ਉਥੋਂ ਈਦ ਮੁਬਾਰਕ ਦੇ ਕਾਰਡ ਆਸਿਫ਼ ਨੂੰ ਭੇਜਦਾ ਤੇ ਉਹ ਕਾਰਡ ਵੀ ਅਖ਼ਬਾਰ ਦੇ
ਲੇਖਾਂ ਦੇ ਨਾਲ ਹੀ ਦੀਵਾਰ ਤੇ ਜੜੇ ਜਾਂਦੇ।
ਬਿਜ਼ਨਸ ਚੋਂ ਕੋਈ ਪੈਸਾ ਕਮਾਉਣ ਦੀ ਬਜਾਏ ਆਸਿਫ਼ ਨੂੰ ਅਪਣੇ ਬੱਚਤ ਖਾਤੇ ਚੋਂ ਕੁਝ ਪੈਸੇ
ਸ਼ਹਿਨਾਈ ਦੀ ਭੇਂਟ ਚੜ੍ਹਾਉਣੇ ਪੈਂਦੇ। ਇੱਕ ਤਰੀਕਾ ਹੋਰ ਸੁੱਝਿਆ ਉਸਨੂੰ, ਉਹਨੇ ਕੁੜੀਆਂ
ਨੂੰ ਵੇਟਰਾਂ ਦੀ ਤਰ੍ਹਾਂ ਰੱਖਣ ਦੀ ਸੋਚੀ। ਸਾੜ੍ਹੀਆਂ ਪਾਈ ਕੁੜੀਆਂ ਦੀ ਫੋਟੋ ਤੇ ਉਹਨਾਂ ਦੇ
ਹੱਥ ਚ ਖਾਣੇ ਦੀਆਂ ਥਾਲੀਆਂ ਜਿਸ ਦੇ ਹੇਠਾਂ ਲਿਖਿਆ ਸੀ ਸਰਵਡ ਵਿੱਦ ਟੈਂਡਰ ਕੇਅਰ ਐਂਡ
ਲਵ ਦਾ ਫੱਟਾ ਬਾਹਰ ਲਗਾ ਦਿੱਤਾ ਗਿਆ। ਵਾਂਟਡ ਸਿਕਿਓਰਿਟੀ ਗਾਰਡਜ਼ ਦਾ ਕੋਨੇ ਚ ਜਿ਼ਕਰ
ਸੀ।
ਅਸਲ ਚ ਇਹ ਫੱਟਾ ਦੇਖ ਕੇ ਹੀ ਸਿਕੰਦਰ ਅਪਣੀ ਅਰਜ਼ੀ ਦੇਣ ਅੰਦਰ ਵੜਿਆ।
ਆਸਿਫ਼ ਜਿਸ ਦੇ ਚਿੱਟੇ ਹੋ ਰਹੇ ਵਾਲ, ਛੋਟਾ ਕੱਦ ਤੇ ਸੁਡੌਲ ਸਰੀਰ ਚ ਉਹ ਵੀ ਅਪਣੇ ਆਪ ਨੂੰ
ਕਿਸੇ ਹੀਰੋ ਤੋਂ ਘੱਟ ਨਹੀਂ ਸੀ ਸਮਝਦਾ। ਸਿਕੰਦਰ ਨਾਲ ਹੱਥ ਮਿਲਾ ਉਹਦੀਆਂ ਅੱਖਾਂ ਚ ਅੱਖਾਂ
ਪਾ ਝੱਟ ਹੀ ਉਹਨੂੰ ਕੰਮ ਤੇ ਰੱਖ ਲਿਆ।
ਕੋਈ ਅਰਜ਼ੀ ਉਰਜ਼ੀ? ਸਿਕੰਦਰ ਨੇ ਡਰਦੇ ਨੇ ਪੁੱਛਿਆ।
ਮੈਨੂੰ ਅਪਣੇ ਡੌਲੇ ਦਿਖਾ
ਆਸਿਫ਼ ਅਪਣੇ ਦੋਹਾਂ ਹੱਥਾਂ ਚ ਵੀ ਉਹਦਾ ਇੱਕ ਡੌਲਾ ਨਾ ਫੜ ਸਕਿਆ।
ਯਾ ਅੱਲਾ! ਯਾਰ... ਤੂੰ ਕਿਤੇ ਜੇਲ੍ਹ ਜੂਲ੍ਹ ਚ ਤਾਂ ਨ੍ਹੀ ਰਹਿ ਕੇ ਆਇਆ?
ਹਾਂ, ਉਥੋਂ ਹੀ ਤਾਂ ਆਇਆਂ, ਭਰਾ
ਸੌਰੀ ਵੀਰ ਮੇਰਿਆ, ਮੈਂ ਤਾਂ ਮਖੌਲ ਕੀਤਾ ਸੀ... ਮੈਂ ਕੀ ਲੈਣੈਂ ਇਹਨਾਂ ਗੱਲਾਂ ਤੋਂ
ਆਸਿਫ਼ ਨੇ ਅਪਣਾ ਥੁੱਕ ਅੰਦਰ ਨੂੰ ਨਘਾਰਿਆ।
ਅਗਲੇ ਦੋ ਘੰਟੇ ਬਾਰ ਚ ਬੈਠ ਆਸਿਫ਼ ਤੇ ਸਿਕੰਦਰ ਨੇ ਸ਼ਹਿਨਾਈ ਨੂੰ ਕਿਵੇਂ ਖੋਲ੍ਹਿਆ,
ਕਿਵੇਂ ਚਲਾਇਆ ਤੇ ਉਤਾਰ ਚੜ੍ਹਾਅ ਬਾਰੇ ਗੱਲਾਂ ਕੀਤੀਆਂ।
ਪਤੈ ਮੇਰੇ ਦਿਲ ਤੇ ਕੀ ਬੀਤੀ ਜਦੋਂ ਮੈਂ ਅਪਣੇ ਵਰਕਰਾਂ ਦੀ ਛੁੱਟੀ ਕੀਤੀ? ਮੈਂ ਦੋ ਦਿਨ
ਮੰਜੇ ਚੋਂ ਨਾ ਉੱਠ ਸਕਿਆ। ਉਹਨਾਂ ਨੇ ਔਖੇ ਸੌਖੇ ਸਮੇਂ ਮੇਰਾ ਸਾਥ ਦਿੱਤਾ ਤੇ ਮੈਂ ਉਹਨਾਂ
ਨੂੰ ਦੁੱਧ ਚੋਂ ਮੱਖੀ ਵਾਂਗ ਕੱਢ ਔਹ ਮਾਰਿਆ... ਚੁੱਪ ਹੋ ਗਿਆ ਸੀ ਉਹ ਹੁਣ। ਖਾਲੀ ਪਏ
ਟੇਬਲਾਂ ਤੇ ਨਜ਼ਰ ਮਾਰ ਬੋਲਿਆ, ਦੇਖ ਸਿਕੰਦਰ! ਮੇਰਾ ਇਹ ਨਵਾਂ ਆਈਡੀਆ ਕੁੜੀਆਂ ਰੱਖਣ
ਵਾਲਾ, ਕਾਰਗਰ ਸਿੱਧ ਹੋ ਵੀ ਸਕਦਾ ਹੈ ਤੇ ਨਹੀਂ ਵੀ। ਤਾਂ ਕਰਕੇ ਤੇਰੇ ਨਾਲ ਵੀ ਮੈਂ
ਹਮੇਸ਼ਾਂ ਵਾਸਤੇ ਨੌਕਰੀ ਦਾ ਵਾਅਦਾ ਤਾਂ ਨਹੀਂ ਕਰ ਸਕਦਾ। ਕੀ ਪਤੈ ਮਹੀਨਾ, ਛੇ ਮਹੀਨੇ ਜਾਂ
ਸਾਲ ਬਾਅਦ ਤੇਰੇ ਅੱਗੇ ਵੀ ਮੈਨੂੰ ਹੱਥ ਜੋੜਨੇ ਪੈ ਜਾਣ ਤੇ ਇਹ ਵੀ ਹੋ ਸਕਦੈ ਕਿ ਤੂੰ
ਹਮੇਸ਼ਾਂ ਹੀ ਮੇਰੇ ਨਾਲ ਰਹੇਂ
ਬਿਲਕੁਲ ਠੀਕ ਕਿਹੈ ਤੁਸੀਂ... ਮੈਨੂੰ ਮਨਜ਼ੂਰ ਐ ਜਨਾਬ
ਦੋਹਾਂ ਨੇ ਹੱਥ ਮਿਲਾਏ। ਅਗਲੇ ਹਫ਼ਤੇ ਤੋਂ ਉਸ ਨੇ ਕੰਮ ਸ਼ੁਰੂ ਕਰਨਾ ਸੀ।
ਉਸ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਸੌਖਾ ਜਿਹਾ ਕੰਮ ਜਿੱਥੇ ਬੱਸ ਕੱਛਾਂ ਚ
ਹੱਥ ਦੇ ਕੇ ਖੜ੍ਹਨਾ ਹੀ ਹੈ ਜਾਂ ਫਿਰ ਸ਼ਰਾਬੀ ਹੋ ਕੇ ਕੋਈ ਲੜਾਈ ਝਗੜਾ ਕਰੇ ਤਾਂ ਉਸ ਨੂੰ
ਬਾਹਰ ਕੱਢਣਾ ਹੈ, ਇਸ ਕੰਮ ਲਈ ਉਹਨੂੰ ਤਨਖ਼ਾਹ ਦਿੱਤੀ ਜਾਵੇਗੀ। ਇਹ ਕੰਮ ਤਾਂ ਉਹਦੇ ਖੱਬੇ
ਹੱਥ ਦਾ ਖੇਲ੍ਹ ਸੀ।
ਆਸਿਫ਼ ਦੀ ਸ਼ਹਿਨਾਈ ਚ ਤਾਂ ਸੱਚਮੁਚ ਹੀ ਰਾਤ ਨੂੰ ਦੇਰ ਤੱਕ ਸ਼ਹਿਨਾਈਆਂ ਵੱਜਦੀਆਂ
ਰਹਿੰਦੀਆਂ। ਏਅਰ ਹੋਸਟੈਸਾਂ ਵਰਗੀਆਂ ਕੁੜੀਆਂ ਜਦੋਂ ਗਾਹਕਾਂ ਨੂੰ ਡਰਿੰਕ ਪਰੋਸਦੀਆਂ ਤਾਂ
ਲੋਕ ਬੀਅਰ, ਵਿਸਕੀ ਨਾਲ ਮੂੰਗਫਲੀ ਖਾ ਖਾ ਕੇ ਐਵੇਂ ਬੈਠੇ ਆਫ਼ਰੀ ਜਾਂਦੇ। ਇਹੋ ਇੱਕ ਜਗ੍ਹਾ
ਸੀ ਆਲੇ ਦੁਆਲੇ ਦੇ ਇਲਾਕੇ ਚ ਜਿੱਥੇ ਗ਼ੁਲਾਮ ਅਲੀ ਦੀਆਂ ਗ਼ਜ਼ਲਾਂ ਤੇ ਸਾੜ੍ਹੀਆਂ ਚ
ਸੱਜੀਆਂ ਵੇਟਰਸਾਂ ਸਰਵਿਸ ਕਰ ਰਹੀਆਂ ਹੁੰਦੀਆਂ।
ਆਸਿਫ਼ ਦਾ ਅਪਣੇ ਵਾਲ ਪੁੱਟ ਕੇ ਖ਼ੁਦ ਨੂੰ ਹੀ ਪੁੱਛਣ ਨੂੰ ਜੀਅ ਕਰਦਾ, ਉੱਲੂ ਦੇ ਪੱਠੇ
ਆਸਿਫ਼! ਇਹ ਕੰਮ ਤੂੰ ਛੇ ਮਹੀਨੇ ਪਹਿਲਾਂ ਕਿਉਂ ਨਾ ਸ਼ੁਰੂ ਕੀਤਾ?
ਸਾਡੇ ਲੋਕ ਵੀ ਬੱਸ ਹੱਦ ਈ ਨੇ ਸਿਕੰਦਰਾ, ਪਰਿਵਾਰ ਨੂੰ ਖਾਣਾ ਖੁਆਉਣ ਬਾਹਰ ਨ੍ਹੀ
ਲਿਜਾਣਗੇ, ਆਪ ਬਾਹਰ ਬਾਰਾਂ ਚ ਬੈਠ ਬਥੇਰੇ ਪੈਸੇ ਫੂਕ ਦੇਣਗੇ ਕਹਿੰਦੇ ਨੇ ਟੇਢਾ ਜਿਹਾ
ਨੀਲੋਫ਼ਰ ਵੱਲ ਦੇਖਿਆ ਜਿਹੜੀ ਅਪਣੀ ਸਿ਼ਫ਼ੌਨ ਦੀ ਅਸਮਾਨੀ ਰੰਗ ਦੀ ਗੁਲਾਬ ਫੁੱਲਾਂ ਵਾਲੀ
ਸਾੜ੍ਹੀ ਚ ਅਪਣੀ ਉਮਰ ਨਾਲੋਂ ਕਿਤੇ ਛੋਟੀ ਲੱਗਦੀ ਸੀ। ਨੂਰ ਬੜੀ ਚੁਲਬੁਲੀ, ਗਾਹਕਾਂ ਨਾਲ
ਹੱਸ ਹੱਸ ਗੱਲਾਂ ਕਰਦੀ ਜਿੱਧਰ ਨੂੰ ਵੀ ਜਾਂਦੀ, ਸਾਰਿਆਂ ਦੀਆਂ ਅੱਖਾਂ ਉਹਦਾ ਪਿੱਛਾ
ਕਰਦੀਆਂ। ਸਿਕੰਦਰ ਦਾ ਧਿਆਨ ਇੱਕ ਮਿੰਟ ਲਈ ਵੀ ਐਧਰ ਉੱਧਰ ਨਾ ਹੁੰਦਾ ਜਦੋਂ ਉਹ ਡਿਊਟੀ ਤੇ
ਹੁੰਦੀ। ਕਿਸੇ ਵੀ ਸਮੇਂ ਕੋਈ ਪੰਗਾ ਹੋ ਸਕਦਾ ਹੈ, ਇਹ ਸੋਚ ਉਹ ਪੂਰਾ ਤੈਨਾਤ ਹੋ ਕੇ ਖੜਾ ਹੋ
ਜਾਂਦਾ। ਟਿੱਪ ਵੀ ਨੂਰ ਨੂੰ ਚੰਗੀ ਮਿਲਦੀ ਤੇ ਜੇ ਕੋਈ ਸ਼ਰਾਬੀ ਹੋ ਕੇ ਕਿਤੇ ਉਹਦਾ ਹੱਥ ਫੜ
ਲੈਂਦਾ ਤਾਂ ਸਿਕੰਦਰ ਝੱਟ ਜਾ ਉਹਨੂੰ ਉਂਗਲ ਨਾਲ ਇਸ਼ਾਰਾ ਕਰ ਆਉਂਦਾ ਤੇ ਉਹ ਬੰਦਾ ਝੱਗ ਵਾਂਗ
ਬਹਿ ਜਾਂਦਾ।
ਜਿ਼ਆਦਾਤਰ ਇਹ ਕੁੜੀਆਂ ਆਪਸ ਚ ਉਰਦੂ ਚ ਹੀ ਗੱਲ ਕਰਦੀਆਂ। ਸਿਕੰਦਰ ਨੇ ਕਦੀ ਕੋਈ ਦਿਲਚਸਪੀ
ਨਾ ਲਈ ਉਹਨਾਂ ਚ। ਉਹਨੂੰ ਤਾਂ ਸਿਰਫ਼ ਅੰਗ੍ਰੇਜ਼ੀ ਤੇ ਪੰਜਾਬੀ ਹੀ ਆਉਂਦੀ ਸੀ ਤਾਂ ਕਰਕੇ
ਉਹਨਾਂ ਨਾਲ ਬਹੁਤੀ ਗੱਲ ਵੀ ਨਹੀਂ ਸੀ ਕਰ ਸਕਦਾ।
ਆਈ ਲਾਈਕ ਯੂਅਰ ਡਰੈੱਸ ਇੱਕ ਦਿਨ ਉਹਨੇ ਐਵੇਂ ਨੀਲੋਫ਼ਰ ਨੂੰ ਕਿਹਾ। ਉਹ ਮੂੰਹ ਜਿਹਾ ਵੱਟ
ਕੋਲੋਂ ਲੰਘ ਗਈ।
ਉਹ ਤਾਂ ਮਸਤ ਸੀ ਕਿ ਉਹਨੂੰ ਕੰਮ ਮਿਲ ਗਿਆ ਹੈ। ਹੁਣ ਉਹ ਅਪਣੀ ਪਸੰਦ ਦੇ ਕਪੜੇ ਖਰੀਦ
ਸਕੇਗਾ। ਮਾਲਿਕ ਦਾ ਸੁਭਾਅ ਵੀ ਪਸੰਦ ਸੀ ਉਹਨੂੰ। ਅਪਣੀਆਂ ਭੈਣਾਂ ਨੂੰ ਵੀ ਫ਼ੋਨ ਕਰਕੇ
ਦੱਸੇਗਾ ਕਿ ਕਿੰਨਾ ਖੁਸ਼ ਹੈ ਉਹ। ਉਹਨਾਂ ਨੇ ਤਾਂ ਕਿੰਨੀ ਵਾਰ ਕਿਹਾ ਸੀ ਕਿ ਉਹ ਉਹਨਾਂ ਦੇ
ਕੋਲ ਹੀ ਆ ਜਾਵੇ।
ਮੈਂ ਤਾਂ ਇੱਕ ਵਾਰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਮੈਂ ਅਪਣੇ ਪੈਰਾਂ ਤੇ ਖੜਾ ਹੋ ਸਕਦਾ
ਹਾਂ। ਨਾਲੇ ਪਤੈ, ਮੈਂ ਪੈਂਟ ਕੋਟ ਤੇ ਟਾਈ ਲਾ ਕੇ ਜਾਨਾਂ ਕੰਮ ਤੇ... ਬਹੁਤ ਖੁਸ਼ ਹਾਂ
ਮੈਂ। ਪ੍ਰਮਾਤਮਾ ਨੇ ਦੁਬਾਰਾ ਸੁਣ ਲੀ ਮੇਰੀ, ਉਹ ਉਹਨਾਂ ਨੂੰ ਫ਼ੋਨ ਤੇ ਇਹ ਕਹਿੰਦਾ। ਪਰ
ਕਦੇ ਵੀ ਇਹ ਨਾ ਦੱਸਦਾ ਕਿ ਜਿੱਥੇ ਉਹ ਰਹਿ ਰਿਹਾ ਹੈ, ਉਹ ਥਾਂ ਜੇਲ੍ਹ ਦੇ ਸੈੱਲ ਤੋਂ ਕੋਈ
ਬਹੁਤਾ ਵਧੀਆ ਨਹੀਂ। ਚੂਹਿਆਂ ਦੀਆਂ ਮੀਂਗਣਾਂ, ਕਾਰਪੈੱਟ ਚ ਪਈਆਂ ਸੁੰਡੀਆਂ, ਦੱਸ ਫੁੱਟ
ਲੰਬਾਂ ਤੇ ਨੌ ਫੁੱਟ ਚੌੜਾ ਕਮਰਾ ਜਿਹਦੇ ਚ ਕੋਈ ਤਾਕੀ ਵੀ ਨਹੀਂ ਸੀ।
ਓਏ ਸਿਕੰਦਰਾ, ਤੂੰ ਐਥੇ ਰਹਿਨੈ ਯਾਰ? ਆਸਿਫ਼ ਨੇ ਹੈਰਾਨੀ ਨਾਲ ਪੁੱਛਿਆ ਜਦੋਂ ਉਹ ਇੱਕ
ਦਿਨ ਉਹਨੂੰ ਅਪਣੀ ਕਾਰ ਚ ਘਰ ਛੱਡਣ ਗਿਆ।
ਸਿਕੰਦਰ ਦਾ ਸਵੈਭਿਮਾਨ ਉਹਦੇ ਸਾਹਮਣੇ ਅੜ ਖੜਾ ਹੋਇਆ। ਇਹ ਕਹਿਣ ਦੀ ਬਜਾਏ ਕਿ ਇਸ ਤੋਂ ਵੱਧ
ਤਾਂ ਵੁੱਕਤ ਨਹੀਂ ਕੋਈ ਹੋਰ ਥਾਂ ਲੈਣ ਦੀ ਤੇ ਉਹ ਬੋਲਿਆ,
ਮੈਂ ਬੜਾ ਖੁਸ਼ ਹਾਂ ਐਥੇ, ਸ਼ਾਂਤ ਮਹੌਲ ਐ...
ਉਹ ਨਹੀਂ ਵੀਰ, ਮੈਂ ਨ੍ਹੀ ਰਹਿਣ ਦੇਣਾ ਤੈਨੂੰ ਇਸ ਨਰਕ ਚ। ਕਲ੍ਹ ਆ ਰਿਹਾਂ ਤੇਰਾ ਸਮਾਨ
ਚੁੱਕਣ। ਮੇਰੇ ਨਾਲ ਰਹਿਣੈ ਤੂੰ
ਨਹੀਂ, ਨਹੀਂ... ਮੈਂ ਠੀਕ ਆਂ
ਮੈਂ ਰਹਿੰਨਾ ਕੱਲਾ, ਇੱਕ ਬੈੱਡਰੂਮ ਵੀ ਫਾਲਤੂ ਐ ਮੇਰੇ ਕੋਲ... ਕੰਮ ਤੋਂ ਪੰਜ ਮਿੰਟ ਦਾ
ਰਸਤੈ ਪੈਦਲ ਤੁਰ ਕੇ ਵੀ।
ਪਰ ਸਿਕੰਦਰ ਜਿ਼ੱਦ ਤੇ ਅੜਿਆ ਰਿਹਾ। ਆਖਰ ਚ ਫੈਸਲਾ ਇਹ ਹੋਇਆ ਕਿ ਜਿੰਨਾ ਕੁ ਕਿਰਾਇਆ ਉਹ
ਉਥੇ ਦਿੰਦੈ, ਓਨਾ ਕੁ ਆਸਿਫ਼ ਨੂੰ ਦੇਵੇਗਾ।
ਸ਼ਹਿਨਾਈ ਦੀਆਂ ਗੂੰਜਾਂ ਆਲੇ ਦੁਆਲੇ ਦੇ ਇਲਾਕੇ ਚ ਵੀ ਪੈਂਦੀਆਂ। ਹੁਣ ਤਾਂ ਸੱਤੇ ਦਿਨ
ਗੋਰੇ ਜਿ਼ਆਦਾ ਤੇ ਬਾਕੀ ਗਾਹਕ ਘੱਟ ਹੁੰਦੇ ਸੀ ਖਚਾਖਚ ਭਰੇ ਬਾਰ ਚ। ਨੀਲੋਫ਼ਰ ਤੇ ਨੂਰ ਸੱਪ
ਵਾਂਗ ਮੇਲਦੀਆਂ, ਹੱਸ ਹੱਸ ਸਰਵ ਕਰਦੀਆਂ ਤੇ ਬੜੀ ਫੁਰਤੀ ਨਾਲ ਅਪਣਾ ਕੰਮ ਨਿਪਟਾਉਂਦੀਆਂ...
*****
ਰਾਤ ਨੂੰ ਘਰ ਪਹੁੰਚ ਆਸਿਫ਼ ਤੇ ਸਿਕੰਦਰ ਕਿਚਨ ਟੇਬਲ ਤੇ ਸਾਰਾ ਕੈਸ਼ ਢੇਰੀ ਕਰ ਗਿਣਨਾ
ਸ਼ੁਰੂ ਕਰ ਦਿੰਦੇ। ਡਰਿੰਕ ਬਣਾਉਂਦੇ ਤੇ ਆਸਿਫ਼ ਦੇ ਮੂੰਹੋਂ ਸਹਿਜੇ ਹੀ ਨਿਕਲਦਾ, ਯਾਰ, ਉਹ
ਭਲਾ ਕਿਵੇਂ ਕਹਿੰਦੇ ਹੁੰਦੇ ਨੇ ਅਖੇ - ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ
ਪਾਣੀ ਜਿ਼ਆਦਾ ਬੜਬੜ ਤਾਂ ਉਹੀ ਕਰਦਾ। ਦੂਜਾ ਤਾਂ ਵਿਚਾਰਾ ਹਾਂ ਹੂੰ ਹੀ ਕਰਦਾ।
ਓਏ, ਨੂਰ ਤਾਂ ਜਿਵੇਂ... ਚੱਲ ਛੱਡ ਯਾਰ, ਤੂੰ ਨ੍ਹੀ ਇਹ ਗੱਲਾਂ ਸੁਣਨਾ ਚਾਹੁੰਦਾ।
ਪਤਾ ਨ੍ਹੀ, ਦੇਅ ਆਰ ਨੌਟ ਮਾਈ ਟਾਈਪ ਸਿਕੰਦਰ ਗੱਲ ਦਾ ਭੋਗ ਪਾਉਂਦਾ।
ਰਸੋਈ ਚ ਲੱਗੇ ਸੰਸਾਰ ਦੇ ਨਕਸ਼ੇ ਨੂੰ ਆਸਿਫ਼ ਚਮਚੇ ਦੀ ਡੰਡੀ ਨਾਲ ਜਗ੍ਹਾ ਜਗ੍ਹਾ ਤੋਂ ਛੂਹ
ਕੇ ਦਿਖਾਉਂਦਾ ਜਿਹੜੇ ਮੁਲਕਾਂ ਚੋਂ ਦੀ ਹੁੰਦਾ ਹੋਇਆ ਉਹ ਕਨੇਡਾ ਪਹੁੰਚਿਆ ਸੀ। ਕਈ ਵਾਰ
ਤਾਂ ਉਹੀ ਕਹਾਣੀ ਕਿੰਨੀ ਵਾਰ ਦੁਹਰਾਈ ਗਈ ਹੁੰਦੀ ਤਾਂ ਵੀ ਉਹ ਆਸਿਫ਼ ਨੂੰ ਨਾ ਟੋਕਦਾ।
ਆਹ ਦੇਖ ਬਾਰਸੀਲੋਨਾ, ਐਥੇ ਮੈਂ ਸੜਕ ਤੇ ਖੜ੍ਹ ਟਰੈਫਿਕ ਲਾਈਟਾ ਲਾਲ ਹੁੰਦਿਆਂ ਹੀ ਕਾਰਾਂ
ਵਾਲਿਆਂ ਨੂੰ ਅਖ਼ਬਾਰ ਵੇਚੇ ਤੇ ਉਥੋਂ ਨਿਕਲ ਪਹੁੰਚਿਆ ਆਹ... ਇਥੇ ਕਿਊਬਾ, ਇਥੇ ਹਵਾਨਾ ਚ
ਘੁੰਮਣ ਫਿਰਨ ਆਉਣ ਵਾਲੇ ਸੈਲਾਨੀਆਂ ਨੂੰ ਸਿਗਾਰ ਵੇਚਦਾ ਰਿਹਾ। ਸ਼ਾਮ ਨੂੰ ਖਾਣ ਪੀਣ ਤੇ
ਰਹਿਣ ਜੋਗੇ ਪੈਸੇ ਬਣ ਜਾਂਦੇ। ਕਿਊਬਾ ਤੋਂ ਮੈਂ ਸਿ਼ੱਪ ਦੇ ਗੁਦਾਮ ਚ ਬੰਦ ਹੋ ਕੇ ਅਮਰੀਕਾ
ਪਹੁੰਚਿਆ। ਮੁਸਲਿਮ ਬਰਾਦਰੀ ਨੇ ਸੰਭਾਲਿਆ, ਕੋਲ ਰੱਖਿਆ ਤੇ ਕੰਮ ਤੇ ਲੁਆਇਆ। ਦਿਲ ਵੱਟੇ ਦਿਲ
ਵੀ ਵਟਾਇਆ ਕਹਿ ਉਹ ਚੁੱਪ ਜਿਹਾ ਹੋ ਜਾਂਦਾ। ਪੈੱਗ ਥੋੜ੍ਹਾ ਤੇਜ਼ੀ ਨਾਲ ਚੱਲਦਾ ਤੇ ਉਹ
ਗੁੰਮਸੁੰਮ ਜਿਹਾ ਸੌਣ ਲਈ ਅਪਣੇ ਕਮਰੇ ਚ ਚਲਾ ਜਾਂਦਾ। ਸਿਕੰਦਰ ਨੂੰ ਪੂਰਾ ਯਕੀਨ ਸੀ ਕਿ
ਦਿਲ ਟੁੱਟਣ ਕਰਕੇ ਹੀ ਉਹਨੇ ਵਿਆਹ ਨਹੀਂ ਸੀ ਕਰਾਇਆ ਚਾਹੇ ਉਹ ਸਫ਼ਾਈਆਂ ਹੋਰ ਦਿੰਦਾ ਹੁੰਦਾ
ਸੀ।
ਓਹ ਯਾਰ, ਜੇ ਬਿਜ਼ਨਸ ਚਲਾਉਣੇ ਨੇ ਤਾਂ ਫੈਮਿਲੀ ਨੂੰ ਟੈਮ ਦੇਣਾ ਬੜਾ ਔਖੈ। ਕਿਹੜਾ ਰੋਜ਼
ਦੀ ਕੁੱਤੇਖਾਣੀ ਕਰਾਵੇ ਕਿ ਤੁਸੀਂ ਘਰ ਨ੍ਹੀ ਵੜਦੇ, ਸਾਨੂੰ ਪੁੱਛਦੇ ਨ੍ਹੀ... ਮੇਰੀ ਬੀਵੀ
ਮੇਰੀ ਸ਼ਹਿਨਾਈ ਤੇ ਕੰਮ ਕਰਦੇ ਸਾਰੇ ਵਰਕਰ ਮੇਰੇ ਬੱਚੇ... ਆਪਾਂ ਖੁਸ਼ ਆਂ।
ਕਈ ਵਾਰ ਉਹ ਨ੍ਹਾਹ ਧੋ ਕੇ ਵਧੀਆ ਕਪੜੇ ਪਾ ਕੋਲੋਨ ਲਾ ਸ਼ਾਮੀਂ ਕਿਤੇ ਨਿਕਲ ਜਾਂਦਾ ਸ਼ਾਇਦ
ਕਿਸੇ ਔਰਤ ਨੂੰ ਮਿਲਣ ਤੇ ਸਾਰੀ ਸਾਰੀ ਰਾਤ ਨਾ ਮੁੜਦਾ। ਸਿਕੰਦਰ ਨੂੰ ਹੁਣ ਉਹਦੀ ਸੰਗਤ ਦੀ
ਇੰਨੀ ਕੁ ਆਦਤ ਹੋ ਗਈ ਸੀ ਕਿ ਉਸ ਨੂੰ ਖਾਲੀ ਘਰ ਖਾਣ ਨੂੰ ਆਉਂਦਾ, ਇਹਦੇ ਨਾਲੋਂ ਤਾਂ ਉਹ
ਸੜਿਆ ਜਿਹਾ ਕਮਰਾ ਹੀ ਠੀਕ ਸੀ, ਥੱਕ ਟੁੱਟ ਕੇ ਸੌਂ ਜਾਇਆ ਕਰਦਾ ਸੀ ਉਹ ਕਦੇ ਰੇਡੀਓ ਲਗਾ
ਲੈਂਦਾ, ਕਦੇ ਬੰਦ ਕਰ ਦਿੰਦਾ, ਡਰਿੰਕ ਬਣਾ ਬੈਠ ਜਾਂਦਾ, ਇੱਕ ਹੋਰ ਤੇ ਫੇਰ ਇੱਕ ਹੋਰ...
ਤੜਕੇ ਜਾ ਕੇ ਜਦੋਂ ਆਸਿਫ਼ ਵਾਪਸ ਆਉਂਦਾ ਤਾਂ ਉਹ ਹਾਲੇ ਵੀ ਜਾਗਦਾ ਬੈਠਾ ਹੁੰਦਾ।
ਕਈ ਵਾਰ ਸ਼ਾਮ ਨੂੰ ਆਸਿਫ਼ ਦੇ ਭਾਈਚਾਰੇ ਦੇ ਬੰਦੇ ਉਹਦੇ ਫ਼ਲੈਟ ਚ ਆ ਮਜਮਾ ਲਗਾਉਂਦੇ।
ਸਿਕੰਦਰ ਨੂੰ ਵੀ ਉਹ ਹੁਣ ਅਪਣਾ ਸਕਾ ਸੰਬੰਧੀ ਹੀ ਸਮਝਦੇ। ਕਈ ਵਾਰ ਟੱਲੀ ਹੋ ਕੇ ਆਸਿਫ਼
ਉਹਦੇ ਵੱਲ ਨੂੰ ਹੱਥ ਕਰ ਸਭ ਨੂੰ ਦੱਸਦਾ, ਓਏ, ਮੈਂ ਤਾਂ ਬਰਬਾਦ ਹੋ ਗਿਆ ਸੀ ਬੱਸ, ਰੁੜ੍ਹ
ਚੱਲਿਆ ਸੀ ਸਭ ਕੁਝ। ਇਹ ਤਾਂ ਭਲਾ ਹੋਵੇ ਆਹ ਦਰਵੇਸ਼ ਸਿਕੰਦਰ ਦਾ, ਇਹਨੇ ਮੈਨੂੰ ਨਵਾਂ
ਆਈਡੀਆ ਦਿੱਤਾ, ਬਈ ਬਾਰ ਚ ਕੁੜੀਆਂ ਨੂੰ ਰੱਖ ਬਹਿਰਿਆਂ ਦੀ ਥਾਂ ਤੇ।
ਸਾਰੇ ਅਪਣਾ ਗਿਲਾਸ ਚੁੱਕ ਉਸ ਲਈ ਚੀਅਰਜ਼ ਕਰਦੇ ਤੇ ਉਹ ਸ਼ਰਮਾ ਕੇ ਅਪਣਾ ਸਿਰ ਝੁਕਾ
ਮੁਸਕਾਉਣ ਲੱਗਦਾ ਤੇ ਸੋਚਦਾ ਕਿ ਉਹ ਤਾਂ ਇੱਕ ਮਾਮੂਲੀ ਜਿਹੇ ਬਾਊਂਸਰ ਦੀ ਨੌਕਰੀ ਕਰਦਾ ਹੈ
ਤੇ ਉਹਨੂੰ ਤਾਂ ਦਸ ਜਨਮਾਂ ਚ ਨਹੀਂ ਫੁਰ ਸਕਦੇ ਬਿਜ਼ਨਸ ਦੇ ਇਹੋ ਜਿਹੇ ਫੁਰਨੇ।
ਖ਼ੈਰ, ਬਿਜ਼ਨਸ ਐਨਾ ਵਧ ਗਿਆ ਕਿ ਨਾਲ ਪਈ ਸਾਂਝੀ ਕੰਧ ਵਾਲੀ ਖਾਲੀ ਬਿਲਡਿੰਗ ਵੀ ਖਰੀਦ ਲਈ
ਗਈ। ਕੰਧ ਢਾਹ ਕੇ ਹੋਰ ਟੇਬਲ ਲਗਾਏ ਗਏ। ਅੰਦਰਲਾ ਹਾਰ ਸਿ਼ੰਗਾਰ ਹੋਰ ਵੀ ਵਧੀਆ ਕਰ ਦਿੱਤਾ
ਗਿਆ।
ਰੋਜ਼ ਦੀ ਤਰ੍ਹਾਂ, ਅੱਜ ਵੀ ਖਚਾਖਚ ਭਰੀ ਸ਼ਹਿਨਾਈ ਚ ਇੱਕ ਗੋਰਾ ਬੈਠਾ ਅਪਣਾ ਸੈਵਨ ਅੱਪ
ਪੀ ਰਿਹਾ ਸੀ। ਕੋਈ ਵੀ ਖਾਸ ਗੱਲ ਤਾਂ ਨਹੀਂ ਸੀ ਕਿ ਉਸ ਦੇ ਵੱਲ ਕਿਸੇ ਦਾ ਧਿਆਨ ਜਾਂਦਾ।
ਸਿਕੰਦਰ ਤਾਂ ਸ਼ਰਾਬੀਆਂ ਨੂੰ ਤਾੜਣ ਚ ਹੀ ਰੁੱਝਿਆ ਹੋਇਆ ਸੀ।
ਜਿਉਂ ਹੀ ਨੂਰ ਗੋਰੇ ਦੇ ਟੇਬਲ ਕੋਲੋਂ ਲੰਘੀ ਉਹਨੇ ਉਹਦੀ ਬਾਂਹ ਫੜ ਪੁੱਛਿਆ, ਗੌਟ ਸਮ
ਟਾਈਮ? ਸਿਕੰਦਰ ਲਪਕ ਕੇ ਉਥੇ ਪਹੁੰਚਿਆ, ਪਲੀਜ਼ ਸਟੌਪ ਦੈਟ ਸਰ ਉਹਨੇ ਹਲੀਮੀ ਨਾਲ ਹੀ
ਕਿਹਾ।
ਓਕੇ, ਸੌਰੀ ਅਬਾਊਟ ਦੈਟ
ਪਰ ਸੌਰੀ ਸੂਰੀ ਉਹ ਕਿੱਧਰੋਂ ਨਹੀਂ ਸੀ ਕਿਉਂਕਿ ਜਿਉਂ ਹੀ ਸਿਕੰਦਰ ਨੇ ਪਿੱਠ ਮੋੜੀ, ਗੋਰਾ
ਫੇਰ ਨੂਰ ਕੋਲ ਉੱਠ ਕੇ ਗਿਆ ਜੋ ਹੁਣ ਕਿਸੇ ਹੋਰ ਟੇਬਲ ਤੇ ਆਰਡਰ ਲੈ ਰਹੀ ਸੀ। ਕਈ ਟੇਬਲਾਂ
ਤੋਂ ਹਾਸੇ ਦੇ ਫ਼ੁਹਾਰੇ ਛੁੱਟੇ।
ਬਾਹਰ ਮਾਰ ਸਾਲੇ ਨੂੰ ਚੁੱਕ ਕੇ, ਸੰਨ ਔਫ਼ ਅ ਬਿੱਚ, ਆਸਿਫ਼ ਚੀਖਿਆ।
ਸਿਕੰਦਰ ਨੇ ਉਹਨੂੰ ਕਾਲਰ ਤੋਂ ਫੜਿਆ ਤੇ ਘੜੀਸਦਾ ਬਾਹਰ ਨੂੰ ਲੈ ਗਿਆ।
ਡੋਂਟ ਕਮ ਬੈਕ ਐਵਰ ਟੂ ਦਿਸ ਪਲੇਸ ਆਸਿਫ਼ ਦਾ ਪਾਰਾ ਪੂਰਾ ਹਾਈ ਸੀ ਤੇ ਉਹ ਉਨ੍ਹਾਂ ਦੇ
ਪਿੱਛੇ ਹੀ ਬਾਹਰ ਵੱਲ ਨੂੰ ਹੋ ਲਿਆ।
ਆਇਲ ਮੇਕ ਸ਼ੋਅਰ ਦਿਸ ਫ...ਇੰਨ ਪਲੇਸ ਇਜ਼ ਕਲੋਜ਼ਡ ਡਾਊਨ... ਯੂ ਹੀਅਰ ਮੀ? ਗੋਰਾ
ਤੁਰਿਆ ਜਾਂਦਾ ਪਿੱਛੇ ਮੁੜ ਮੁੜ ਗਾਲ੍ਹਾਂ ਕੱਢਦਾ ਪਾਰਕਿੰਗ ਲੌਟ ਚ ਅਪਣੀ ਕਾਰ ਚ ਜਾ
ਬੈਠਾ।
ਫ਼... ਆਫ਼ ਕਹਿੰਦਾ ਆਸਿਫ਼ ਦਰਵਾਜ਼ੇ ਤੋਂ ਅੰਦਰ ਹੋਇਆ।
ਸਿਕੰਦਰ ਨਿਰੰਤਰ ਉਸ ਬੰਦੇ ਬਾਰੇ ਸੋਚਦਾ ਰਿਹਾ। ਉਹ ਤਾਂ ਸ਼ਰਾਬੀ ਵੀ ਨਹੀਂ ਸੀ। ਉਹਦੀ ਧਮਕੀ
ਚ ਇੱਕ ਸੰਜੀਦਗੀ ਸੀ, ਕੌਣ ਸੀ ਉਹ?
ਉਹ ਵਾਪਸ ਵੀ ਕਦੇ ਨਾ ਆਇਆ।
ਉਹਦੀ ਸ਼ੰਕਾ ਸਹੀ ਨਿਕਲੀ ਜਦੋਂ ਸਿਟੀ ਹਾਲ ਤੋਂ ਦੋ ਲੰਮੇ ਕੋਟਾਂ ਵਾਲੇ ਇੱਕ ਦਿਨ ਆ ਧਮਕੇ।
ਤੁਸੀਂ ਆਹ ਜਿਹੜੀ ਵਿਚਕਾਰਲੀ ਕੰਧ ਢਾਹ ਕੇ ਅਪਣੀ ਜਗ੍ਹਾ ਨੂੰ ਵਧਾਇਆ ਹੈ, ਇਹਦੀ ਇਜਾਜ਼ਤ
ਲਈ ਤੁਸੀਂ ਬਿਲਡਿੰਗ ਡਿਪਾਰਟਮੈਂਟ ਤੋਂ?
ਹਾਂ ਜੀ, ਇਹ ਸਾਡੀ ਹੀ ਬਿਲਡਿੰਗ ਹੈ, ਅਸੀਂ ਹੀ ਖਰੀਦ ਲਈ ਹੈ ਜੀ
ਕਾਗਜ਼ ਪੱਤਰ ਦਿਖਾਏ ਗਏ। ਕੰਧ ਦੀਆਂ ਗਿਣਤੀਆਂ ਮਿਣਤੀਆਂ ਹੋਈਆਂ। ਬਾਹਰੋਂ ਬਿਲਡਿੰਗ ਦੇਖਣ
ਦੇ ਬਹਾਨੇ ਦੋਨੋਂ ਗੋਰੇ ਬਾਹਰ ਚਲੇ ਗਏ। ਉਥੇ ਗਿਟਮਿਟ ਕਰਨ ਤੋਂ ਬਾਅਦ ਜਦੋਂ ਵਾਪਸ ਆਏ ਤਾਂ
ਢਾਹੀ ਕੰਧ ਦੀ ਥਾਂ ਤੇ ਛੱਤ ਨੂੰ ਸਹਾਰੇ ਲਈ ਦਿੱਤੇ ਦੋ ਥਮਲਿਆਂ ਚੋਂ ਇੱਕ ਨੂੰ ਫੜ ਗੋਰਾ
ਬੋਲਿਆ, ਦੀਜ਼ ਪਿੱਲਰਜ਼ ਆਰ ਨੌਟ ਇਨੱਫ਼ ਟੂ ਸਪੋਰਟ ਦ ਰੂਫ਼... ਜਨ ਜੀਵਨ ਲਈ ਸੁਰੱਖਿਅਤ
ਨਹੀਂ ਹੈ ਇਸ ਛੱਤ ਹੇਠਾਂ ਬੈਠਣਾ। ਅਸੀਂ ਦੁਬਾਰਾ ਕਮੇਟੀ ਬਿਠਾ ਕੇ ਵਿਚਾਰ ਕਰਾਂਗੇ। ਇਹ
ਜਗ੍ਹਾ ਕੱਲ੍ਹ ਤੋਂ ਬੰਦ ਹੋ ਜਾਣੀ ਚਾਹੀਦੀ ਹੈ। ਸਾਡੀ ਕਮੇਟੀ ਬੈਠੇਗੀ ਤੇ ਫੈਸਲਾ ਕਰੇਗੀ ਕਿ
ਕਿੰਨਾ ਜੁਰਮਾਨਾ ਤੁਹਾਨੂੰ ਦੇਣਾ ਪੈਣੈ ਤੇ ਦੀਵਾਰ ਨੂੰ ਉਦਾਂ ਹੀ ਫੇਰ ਬਣਾ ਦਿਓ ਜਿਵੇਂ
ਪਹਿਲਾਂ ਸੀ, ਜਲਦੀ ਤੋਂ ਜਲਦੀ, ਜਾਂਦੇ ਜਾਂਦੇ ਉਹ ਬਾਹਰ ਲੱਗਾ ਸ਼ਹਿਨਾਈ ਵਾਲਾ ਬੋਰਡ
ਤਾਂ ਉਤਰਵਾ ਕੇ ਹੀ ਗਏ।
ਕਿਵੇਂ ਕਰਨੈ ਫੇਰ ਆਸਿਫ਼? ਸਿਕੰਦਰ ਨੂੰ ਤਾਂ ਲੱਗਾ ਕਿ ਉਹਦੀ ਤਾਂ ਜਾਬ ਹੀ ਖੁਸ ਗਈ
ਹੋਵੇ।
ਦਫ਼ਾ ਕਰ ਕੁਛ ਕਰਨ ਨੂੰ... ਮੇਰੀ ਜਗ੍ਹਾ, ਮੈਂ ਜੋ ਮਰਜ਼ੀ ਕਰਾਂ
ਜਗ੍ਹਾ ਬੰਦ ਨਾ ਹੋਈ। ਜੁਰਮਾਨਾ ਪੰਜ ਹਜ਼ਾਰ ਤੋਂ ਵਧ ਕੇ ਵੀਹ ਹਜ਼ਾਰ ਡਾਲਰ ਹੋ ਗਿਆ। ਜਦੋਂ
ਵੀ ਕੋਈ ਨੋਟਿਸ ਸਿਟੀ ਹਾਲ ਤੋਂ ਆਉਂਦਾ, ਆਸਿਫ਼ ਪਾੜ ਕੇ ਕੂੜੇਦਾਨ ਚ ਸੁੱਟ ਦਿੰਦਾ।
ਬੌਸ, ਤੁਹਾਨੂੰ ਸਿਟੀ ਹਾਲ ਜਾਣਾ ਚਾਹੀਦਾ ਹੈ। ਜਾ ਕੇ ਕਮੇਟੀ ਨਾਲ ਗੱਲ ਕਰੋ। ਲੜਣਾ ਨ੍ਹੀ,
ਆਰਾਮ ਨਾਲ ਅਪਣਾ ਪੱਖ ਪੇਸ਼ ਕਰਨਾ ਹੈ।
ਸਵਾਲ ਈ ਨ੍ਹੀ ਪੈਦਾ ਹੁੰਦਾ... ਮੈਂ ਜਦੋਂ ਪਰਮਿਟ ਲੈ ਕੇ ਹੀ ਸਾਰਾ ਕੁਝ ਕੀਤੈ ਤਾਂ ਮੈਂ
ਕਿਉਂ ਡਰਾਂ? ਇਹ ਕਿਹੜਾ ਜੂਏ ਦਾ ਅੱਡੈ... ਅਪਣੀ ਕਿਰਤ ਕਮਾਈ ਕਰਦੇ ਆਂ... ਮੈਂ ਕਿਉਂ
ਡਰਾਂ? ਮੈਂ ਸਾਲਾ ਕੋਈ ਭਿਖਾਰੀ ਆਂ, ਬਈ ਜਾ ਕੇ ਗਿੜਗਿੜਾਵਾਂ?
ਚਲੋ, ਆਪਾਂ ਗਾਹਕਾਂ ਤੋਂ ਪਟੀਸ਼ਨ ਤੇ ਦਸਖਤ ਕਰਵਾਉਂਦੇ ਆਂ ਕਿ ਇਹ ਜਗ੍ਹਾ ਬੰਦ ਨਹੀਂ ਹੋਣੀ
ਚਾਹੀਦੀ
ਨਹੀਂ, ਸਿਟੀ ਕੌਂਸਿਲ ਚ ਬੈਠੇ ਸਾਰੇ ਗੋਰੇ ਬਲੱਡੀ ਰੈੱਡ ਨੈੱਕ ਤਾਂ ਬਹਾਨਾ ਹੀ ਲੱਭਦੇ ਨੇ
ਸਾਨੂੰ ਥੱਲੇ ਲਾਉਣ ਦਾ
ਫੇਰ ਵੀ ਸਿਕੰਦਰ ਨੇ ਅਪਣੇ ਆਪ ਹੀ ਇੱਕ ਕਾਗਜ਼ ਤੇ ਆਉਣ ਵਾਲਿਆਂ ਦੇ ਦਸਤਖ਼ਤ ਕਰਵਾਉਣੇ
ਸ਼ੁਰੂ ਕਰ ਦਿੱਤੇ।
ਓਏ, ਕਿਹਨੇ ਕਿਹੈ ਤੈਨੂੰ ਆਹ ਕੰਮ ਕਰਨ ਨੂੰ? ਮਾਲਕ ਮੈਂ ਆਂ ਕਿ ਤੂੰ? ਜਦ ਤੈਨੂੰ ਇੱਕ ਵਾਰ
ਕਹਿ ਤਾ ਬਈ ਕੋਈ ਮਾਈ ਦਾ ਲਾਲ ਬੰਦ ਕਰਾ ਕੇ ਦਿਖਾਵੇ, ਤਾਂ ਸੁਣਿਆ ਨ੍ਹੀ ਸੀ ਤੈਨੂੰ?
ਆਸਿਫ਼ ਨੇ ਉਹਦੇ ਹੱਥੋਂ ਕਾਗਜ਼ ਖਿੱਚ ਪਾੜਦਿਆਂ ਕਿਹਾ।
ਦੋ ਦਿਨ ਉਸ ਨੇ ਸਿਕੰਦਰ ਨਾਲ ਮੂੰਹ ਵੱਟੀ ਰੱਖਿਆ। ਹੁਣ ਉਹ ਘਰ ਆ ਕੇ ਹਾਸੇ ਮਖੌਲ ਤੇ
ਡਰਿੰਕਾਂ ਦਾ ਦੌਰ ਬੰਦ ਹੋ ਗਿਆ। ਆਸਿਫ਼ ਤਾਂ ਰਾਤ ਨੂੰ ਵੀ ਅੰਦਰੋਂ ਦਰਵਾਜ਼ਾ ਬੰਦ ਕਰ
ਸ਼ਹਿਨਾਈ ਚ ਹੀ ਘੁੰਮਦਾ ਰਹਿੰਦਾ। ਅੰਗ੍ਰੇਜ਼ੀ, ਪੰਜਾਬੀ ਚ ਉੱਚੀ ੳੱਚੀ ਗਾਲ੍ਹਾਂ
ਕੱਢਦਾ ਜਿਵੇਂ ਕਿ ਸਿਟੀ ਹਾਲ ਦੇ ਸਾਰੇ ਵਰਕਰ ਉਸ ਦੇ ਸਾਹਮਣੇ ਕਤਾਰ ਚ ਬੈਠੇ ਹੋਣ ਤੇ ਉਹ
ਅਪਣਾ ਪੱਖ ਪੇਸ਼ ਕਰ ਰਿਹਾ ਹੋਵੇ। ਪੈੱਗ ਤੋਂ ਬਾਅਦ ਪੈੱਗ ਅੰਦਰ ਸੁੱਟਦਾ। ਕਦੀ ਕਵਾਲੀਆਂ
ਸੁਣਨ ਲੱਗ ਜਾਂਦਾ ਤੇ ਕਦੀ ਗ਼ਜ਼ਲਾਂ। ਸਿਕੰਦਰ ਨੂੰ ਵੀ ਹੁਣ ਉਹਦੀ ਸੰਗਤ ਚ ਬੈਠਣਾ ਬਹੁਤ
ਚੰਗਾ ਨਹੀਂ ਸੀ ਲੱਗਦਾ।
ਇੱਕ ਰਾਤ ਆਸਿਫ਼ ਦੇ ਹੀ ਕਹਿਣ ਤੇ ਉਹ ਨੂਰ ਨੂੰ ਉਹਦੇ ਘਰ ਛੱਡਣ ਚਲਾ ਗਿਆ।।
ਕੋਈ ਖਾਸ ਗੱਲ ਬਾਤ ਨਾ ਹੋਈ ਉਹਨਾਂ ਦੀ ਰਸਤੇ ਚ ਸਿਵਾਏ ਇਸ ਦੇ ਕਿ ਐਥੋਂ ਖੱਬੇ... ਹੁਣ
ਸਿੱਧਾ ਹੀ ਸਿੱਧਾ... ਔਹ ਲਾਈਟਾਂ ਤੋਂ ਅੰਦਰ ਨੂੰ...
ਮੈਂ ਸੁਣਿਐ ਤੂੰ ਬੰਦਾ ਮਾਰ ਕੇ ਜੇਲ੍ਹ ਕੱਟ ਕੇ ਆਇਐਂ ਨੂਰ ਨੇ ਸਿੱਧਾ ਹੀ ਕਹਿ ਮਾਰਿਆ।
ਯਾ, ਆਈ ਗੈੱਸ ਸੋ ਉਹਨੇ ਹਲਕੀ ਜਿਹੀ ਮੁਸਕਾਨ ਨਾਲ ਜੁਆਬ ਤਾਂ ਦਿੱਤਾ ਪਰ ਉਹ ਅੰਦਰੋਂ ਵੱਟ
ਜਿਹਾ ਖਾ ਗਿਆ। ਕਿੰਨਾ ਕੁ ਜਾਣਦੀ ਸੀ ਉਹ ਕਿ ਉਸ ਤੇ ਕੀ ਬੀਤੀ ਸੀ।
ਘਰ ਆ ਗਿਆ ਸੀ ਉਸ ਦਾ ਪਰ ਉਹ ਉਦਾਂ ਹੀ ਬੈਠੀ ਰਹੀ। ਅਪਣਾ ਖੱਬਾ ਹੱਥ ਉਹਦੀ ਗਰਦਨ ਦੇ ਪਿੱਛੇ
ਟਿਕਾ ਫੇਰ ਬੋਲੀ,
ਕੀ ਗੱਲ, ਕੋਈ ਹੈ ਤੇਰੀ ਜਿ਼ੰਦਗੀ ਚ?
ਉਹ ਭੁੱਲਿਆ ਨਹੀਂ ਸੀ ਬਲਜੋਤ ਦੇ ਹੱਥਾਂ ਦੀ ਛੋਹ... ਕਿਹੜਾ ਦਿਨ ਸੀ ਐਨੇ ਸਾਲਾਂ ਚ ਜਿਸ
ਦਿਨ ਉਹਨੇ ਯਾਦ ਨਾ ਕੀਤਾ ਹੋਵੇ ਉਹਨੂੰ। ਉਹਦਾ ਪਹਿਲਾ ਤੇ ਇੱਕੋ ਇੱਕ ਪਿਆਰ... ਉਹਨੇ ਅੱਖਾਂ
ਬੰਦ ਕਰ ਲਈਆਂ ਤੇ ਬੋਲਿਆ, ਹਾਂ, ਬਲਜੋਤ... ਪਰ ਪਤਾ ਨਹੀਂ ਕਿੱਥੇ ਤੇ ਕਿਹੜੇ ਹਾਲ ਚ
ਹੋਏਗੀ... ਇੱਕ ਲੰਮਾ ਸਾਹ ਭਰਿਆ ਉਸ ਨੇ।
ਤੂੰ ਮੈਨੂੰ ਬਲਜੋਤ ਕਹਿ ਸਕਦੈਂ ਅੱਜ ਤੋਂ ਬਾਅਦ
ਉਹਨੇ ਅੱਖਾਂ ਖੋਲ੍ਹ ਕੇ ਉਹਦੇ ਵੱਲ ਤੱਕਿਆ। ਪਛਤਾਵਾ ਹੋ ਰਿਹਾ ਸੀ ਉਹਨੂੰ ਬਲਜੋਤ ਦਾ ਨਾਂ
ਵੀ ਮੂੰਹੋਂ ਕੱਢ ਕੇ। ਗੁੱਸਾ ਵੀ ਚੜ੍ਹਿਆ ਅਪਣੇ ਆਪ ਤੇ।
ਨਹੀਂ, ਇਹ ਨਹੀਂ ਹੋ ਸਕਦਾ, ਨਾਲੇ ਉੱਤਰੋ ਹੁਣ ਕਾਰ ਚੋਂ ਪਲੀਜ਼
ਉਹ ਬੁੜਬੁੜ ਕਰਦੀ, ਕਾਰ ਦਾ ਦਰਵਾਜ਼ਾ ਜ਼ੋਰ ਦੀ ਮਾਰ ਚੱਲਦੀ ਬਣੀ। ਥੋੜ੍ਹਾ ਅੱਗੇ ਜਾ ਕੇ ਉਹ
ਰੁਕਿਆ। ਫੁੱਟ ਫੁੱਟ ਕੇ ਰੋਇਆ ਤੇ ਫੇਰ ਜਿਵੇਂ ਬਲਜੋਤ ਨੇ ਹੀ ਉਸ ਦੀਆਂ ਅੱਖਾਂ ਪੂੰਝੀਆਂ
ਹੋਣ ਤੇ ਕਿਹਾ ਹੋਵੇ,
ਕਮਲਿਆ, ਕੀ ਹਾਲ ਕਰ ਲਿਆ ਤੂੰ ਅਪਣਾ। ਕਿੰਨਾ ਸੋਹਣਾ ਤੇ ਸੱਚਾ ਸੁੱਚਾ ਇਨਸਾਨ ਐਂ ਤੂੰ।
ਮੱਥੇ ਦੀਆਂ ਲਿਖੀਆਂ ਤੋਂ ਮਾਰ ਖਾ ਗਿਆ...
ਅਗਲੇ ਦਿਨ ਸਵੇਰ ਦੇ ਪੰਜ ਵਜੇ ਆਸਿਫ਼ ਦੀਆਂ ਲਾਲ ਸੂਹੀਆਂ ਅੱਖਾਂ ਤੇ ਹੱਥ ਚ ਫੜੇ ਆਰੇ ਨੂੰ
ਦੇਖ ਸਿਕੰਦਰ ਤ੍ਰਭਕ ਕੇ ਉੱਠਿਆ।
ਰਾਤੀਂ ਸਿਟੀ ਹਾਲ ਦੇ ਬੰਦੇ ਆ ਕੇ ਤਾਲਾ ਮਾਰ ਗਏ ਨੇ ਦਰਵਾਜਿ਼ਆਂ ਤੇ... ਆ ਮੇਰੇ ਨਾਲ
ਤੂੰ, ਵੱਢੀਏ ਸਾਲੇ ਨੂੰ ਆਰੇ ਨਾਲ
ਮੈਂ ਨਹੀਂ ਕਰ ਸਕਾਂਗਾ ਆਸਿਫ਼ ਇਹ ਕੰਮ। ਮੈਂ ਦੁਬਾਰਾ ਜੇਲ੍ਹ ਨ੍ਹੀ ਜਾਣਾ ਚਾਹੁੰਦਾ ਗ਼ੈਰ
ਕਨੂੰਨੀ ਕੰਮ ਕਰਕੇ ਭਰਾ
ਓਹ, ਤੂੰ ਆ ਤਾਂ ਸਹੀ, ਬੱਸ ਕੱਟ ਦੇ ਤਾਲੇ ਨੂੰ। ਕੱਲ੍ਹ ਨੂੰ ਕੋਈ ਪੁੱਛੇ ਮੈਂ ਕਹਾਂਗਾ ਕਿ
ਮੈਂ ਕੱਟਿਐ
ਸਿਕੰਦਰ ਨੇ ਤਾਲੇ ਦੇ ਮੁੜੇ ਹੋਏ ਸਰੀਏ ਤੇ ਆਰਾ ਰੱਖ ਬਟਨ ਦੱਬ ਦਿੱਤਾ ਤੇ ਅੱਧੇ ਕੁ ਮਿੰਟ
ਚ ਹੀ ਆਰੇ ਨੇ ਚਾਂਗਰਾਂ ਮਾਰ ਕੇ ਤਾਲਾ ਕੱਟ ਔਹ ਮਾਰਿਆ।
ਦਰਵਾਜ਼ਾ ਖੋਲ੍ਹ ਆਸਿਫ਼ ਅੰਦਰ ਗਿਆ ਤੇ ਲੱਗਾ ਫੇਰ ਅੰਦਰ ਘੁੰਮਣ ਘੇਰੀਆਂ ਜਿਹੀਆਂ ਕੱਢਣ।
ਓਹ, ਆਪਾਂ ਖੋਲ੍ਹ ਤੇ ਦਰਵਾਜ਼ੇ ਯਾਰ... ਹਰਾਮਜ਼ਾਦੇ ਕਹਿੰਦੇ ਬੰਦ ਕਰ ਦਾਂਗੇ। ਮੈਂ
ਦੇਖਦਾਂ ਕਿਹੜਾ ਬੰਦ ਕਰਦੈ ਸਾਡਾ ਬਿਜ਼ਨਸ
ਚੱਲ ਠੀਕ ਐ, ਆ ਜਾ ਹੁਣ ਘਰ ਚੱਲੀਏ ਸਿਕੰਦਰ ਨੇ ਮਿੰਨਤ ਜਿਹੀ ਕੀਤੀ।
ਨਹੀਂ, ਮੈਂ ਤਾਂ ਹੁਣ ਇਥੇ ਹੀ ਰਹਿਣੈ... ਕਿਤੇ ਫੇਰ ਨਾ ਆ ਜਾਣ ਬੰਦ ਕਰਨ
ਸਿਕੰਦਰ ਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਮਾਨਸਿਕ ਤਵਾਜ਼ਨ ਵਿਗੜਦਾ ਜਾ ਰਿਹਾ ਸੀ। ਉਸ ਦਿਨ
ਜਿੰਨੇ ਵੀ ਲੋਕ ਸ਼ਹਿਨਾਈ ਚ ਆਏ, ਉਹਨਾਂ ਨੂੰ ਨਹੀਂ ਸੀ ਪਤਾ ਕਿ ਹੁਣ ਇੱਕ ਗ਼ੈਰਕਾਨੂੰਨੀ
ਅਦਾਰੇ ਚ ਦਾਖਿ਼ਲ ਹੋ ਚੁੱਕੇ ਸਨ। ਗਹਿਮਾ ਗਹਿਮੀ ਤੇ ਸ਼ੋਰ ਸ਼ਰਾਬਾ ਹੋਰ ਵੀ ਉੱਚੀ ਹੋ ਗਿਆ
ਜਦੋਂ ਅਚਾਨਕ ਬਿਜਲੀ ਚਲੀ ਗਈ। ਸਿਟੀ ਦੇ ਹੁਕਮ ਤੇ ਲੱਗਿਆ ਕੱਟ। ਆਸਿਫ਼ ਆਵਾਜ਼ਾਂ ਮਾਰ ਰਿਹਾ
ਸੀ ਸਿਕੰਦਰ ਨੂੰ ਪਰ ਹਨੇਰੇ ਚ ਤਾਂ ਹੱਥ ਨੂੰ ਹੱਥ ਨਹੀਂ ਸੀ ਦਿਖਾਈ ਦੇ ਰਿਹਾ। ਬਿਜਲੀ
ਵਾਪਸ ਆਈ ਤੇ ਨਾਲ ਦੀ ਨਾਲ ਵੀਹ ਪੱਚੀ ਪੁਲਸੀਆਂ ਦੀ ਹੇੜ ਅੰਦਰ ਦਾਖਲ ਹੋਈ।
ਸ਼ੋਅ ਇਜ਼ ਓਵਰ, ਐਵਰੀਬਡੀ ਆਊਟ ਪੁਲਿਸ ਦੇ ਮੁਖੀਏ ਨੇ ਗਾਹਕਾਂ ਨੂੰ ਸੰਬੋਧਨ ਕੀਤਾ।
ਕਿਸੇ ਨੇ ਗਿਲਾਸ ਵਗਾਹ ਮਾਰਿਆ ਫ਼ਰਸ਼ ਤੇ, ਤੇ ਕੋਈ ਐਫ਼ ਵਾਲੀ ਗਾਲ੍ਹ ਕੱਢ ਰਿਹਾ ਸੀ।
ਜਿਹਨਾਂ ਨੇ ਟੇਬਲ ਉਲਟਾਉਣੇ ਸ਼ੁਰੂ ਕੀਤੇ ਉਹਨਾਂ ਤੇ ਤਾਂ ਉਹ ਟੁੱਟ ਕੇ ਪੈ ਗਏ। ਹੁਣ ਤਾਂ
ਕੁਰਸੀਆਂ ਵੀ ਚੁੱਕ ਚੁੱਕ ਕੇ ਮਾਰੀਆਂ ਜਾਣ ਲੱਗੀਆਂ। ਸਿਕੰਦਰ ਤਾਂ ਕਿਸੇ ਹਨੇਰੇ ਚ ਹੀ ਜਾ
ਛੁਪਿਆ ਤੇ ਉਹਨੇ ਚੂੰ ਤੱਕ ਨਾ ਕੀਤੀ। ਕਿੰਨਾ ਬਦਲ ਦਿੱਤਾ ਸੀ ਸਮੇਂ ਨੇ ਉਸਨੂੰ। ਉਹ ਵੀ ਦਿਨ
ਸਨ ਜਦੋਂ ਉਹ ਅਪਣੀ ਯੂਨੀਅਨ ਦੀ ਹੜਤਾਲ ਤੇ ਪੁਲਿਸ ਨਾਲ ਵੀ ਭਿੜ ਪਿਆ ਸੀ ਪਰ ਉਦੋਂ ਉਹ ਵੀਹ
ਕੁ ਸਾਲ ਦਾ ਛੋਕਰਾ ਸੀ। ਕੋਈ ਡਰ ਭੈ ਉਹਦੇ ਕੋਲੋਂ ਨਹੀਂ ਸੀ ਲੰਘ ਸਕਦਾ। ਯੂਨੀਅਨ ਦੇ
ਪ੍ਰਧਾਨ ਨੇ ਉਹਨੂੰ ਸ਼ਾਬਾਸ਼ੀ ਦਿੱਤੀ ਸੀ ਤੇ ਜਣਾ ਖਣਾ ਉਹਦੀ ਕੰਪਨੀ ਚ ਉਹਦਾ ਮੋਢਾ ਥਪਥਪਾ
ਕੇ ਜਾਂਦਾ। ਹੋਰ ਤੇ ਹੋਰ ਉਹਦੇ ਘਰ ਵੀ ਉਹਦੇ ਦੋਸਤ ਆ ਕੇ ਉਹਦੀ ਬਹਾਦਰੀ ਦੇ ਸੋਹਲੇ ਗਾ ਕੇ
ਜਾਂਦੇ।
ਪਰ ਪਿਛਲੇ ਪੱਚੀ ਸਾਲਾਂ ਨੇ ਉਹਨੂੰ ਕੀ ਤੋਂ ਕੀ ਬਣਾ ਦਿੱਤਾ ਸੀ। ਹਮੇਸ਼ਾਂ ਹੀ ਪੁਲਿਸ ਤੋਂ
ਡਰਨ ਵਾਲਾ, ਲੁਕ ਛਿਪ ਕੇ ਰਹਿਣ ਵਾਲਾ ਦੱਬੂ ਜਿਹਾ ਇਨਸਾਨ। ਹਾਲੇ ਕੰਧ ਨਾਲ ਲੱਗਾ ਸੋਚ ਹੀ
ਰਿਹਾ ਸੀ ਕਿ ਤਿੰਨ ਪੁਲਸੀਏ ਉਹਦੇ ਤੇ ਝਪਟੇ। ਕਾਫ਼ੀ ਕੁੱਟ ਮਾਰ ਤੋਂ ਬਾਅਦ ਉਹਦੇ ਤੇ ਇਹ
ਦੋਸ਼ ਲਾਇਆ ਗਿਆ ਕਿ ਉਹਨੇ ਪਹਿਲਾਂ ਹਮਲਾ ਕੀਤਾ। ਉਹਦਾ ਇੱਕ ਫੇਫੜਾ ਅੰਦਰੋਂ ਲੀਕ ਕਰਨ
ਲੱਗਾ, ਇੱਕ ਅੱਖ ਤੇ ਜਬਾੜਾ ਭੰਨ ਦਿੱਤੇ ਗਏ। ਬਾਂਹ ਵੀ ਟੁੱਟ ਗਈ।
ਹਸਪਤਾਲ ਚ ਜਦੋਂ ਉਹਨੇ ਅਪਣੀ ਸਹੀ ਸਲਾਮਤ ਅੱਖ ਖੋਲ੍ਹੀ ਤਾਂ ਸਾਹਮਣੇ ਆਸਿਫ਼ ਖੜ੍ਹਾ ਸੀ।
ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ ਸੀ ਉਸ ਨੇ।
ਮੈਨੂੰ ਮਾਫ਼ ਕਰ ਦੇ ਯਾਰ, ਸਭ ਕੁਝ ਮੇਰੇ ਕਰਕੇ ਹੀ ਹੋਇਆ, ਕਹਿ ਉਹ ਸਿਕੰਦਰ ਦੀ ਛਾਤੀ ਤੇ
ਸਿਰ ਰੱਖ ਰੋਣ ਲੱਗਾ।
ਸਿਕੰਦਰ ਤੋਂ ਜਿ਼ਆਦਾ ਭਲਾ ਕੌਣ ਜਾਣਦਾ ਸੀ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਤੇ ਪਛਤਾਵੇ
ਦੀ ਅੱਗ ਚ ਸਾਰੀ ਉਮਰ ਧੁਖਣਾ ਕੀ ਹੁੰਦਾ ਹੈ। ਉਹ ਮੁਸਕਾਇਆ ਤੇ ਅਪਣੇ ਸੱਜੇ ਹੱਥ ਦੇ
ਅੰਗੂਠੇ ਨਾਲ ਥਮਜ਼ ਅੱਪ ਕੀਤਾ ਤਾਂ ਆਸਿਫ਼ ਦਾ ਹਾਸਾ ਨਿਕਲ ਗਿਆ।
ਸਿਕੰਦਰ ਬੋਲ ਤਾਂ ਨਹੀਂ ਸੀ ਸਕਦਾ, ਮੂੰਹ ਸੁੱਜਿਆ ਪਿਆ ਸੀ ਪਰ ਉਸ ਦਾ ਦਿਲ ਅੰਦਰੋਂ ਵਾਸਤੇ
ਪਾ ਰਿਹਾ ਸੀ... ਓਏ, ਤੂੰ ਫਿਕਰ ਨਾ ਕਰ ਭਰਾ! ਆਪਾਂ ਫੇਰ ਬੈਠਾਂਗੇ ਤੇਰੀ ਕਿਚਨ ਚ ਉਸੇ
ਟੇਬਲ ਤੇ ਯਾਰ... ਉਹ ਜਿਹੜਾ ਨਕਸ਼ਾ ਤੂੰ ਟੰਗਿਐ, ਉਹਦੇ ਤੇ ਦਿਖਾਵਾਂਗਾ ਤੈਨੂੰ ਅਪਣੀਆਂ
ਤਿੰਨੇ ਭੈਣਾਂ ਕਿੱਥੇ ਰਹਿੰਦੀਆਂ ਨੇ। ਓਹ ਆਪਾਂ ਤਾਂ ਉਹਨਾਂ ਚੋਂ ਕਿਸੇ ਕੋਲ ਵੀ ਚਲੇ
ਜਾਵਾਂਗੇ ਓਏ। ਉਹ ਤਾਂ ਕਦੋਂ ਦੀਆਂ ਬੁਲਾਉਂਦੀਆਂ ਨੇ ਪਰ ਮੈਂ ਹੀ ਬਹੁਤਾ ਸ਼ਰਮਿੰਦਾ ਸੀ
ਅਪਣੇ ਆਪ ਤੋਂ... ਪਰ ਹੁਣ ਤਾਂ ਆਪਾਂ ਬਿਜ਼ਨਸ ਕਰਾਂਗੇ ਭਰਾ... ਹੁਣ ਉਨ੍ਹਾਂ ਨੂੰ ਨਾਮੋਸ਼ੀ
ਨਹੀਂ ਹੋਏਗੀ ਮੈਨੂੰ ਭਰਾ ਕਹਿੰਦਿਆਂ ਇਹਨਾਂ ਸੋਚਾਂ ਚ ਹੀ ਉਹਨੇ ਹੱਥ ਅੱਗੇ ਵਧਾਇਆ।
ਦੋਹਾਂ ਦੇ ਹੱਥ ਮਿਲਦੇ ਹੀ ਜਿਵੇਂ ਇਕਰਾਰ ਹੋ ਗਿਆ ਸੀ।
-0-
|