ਗੁਰੂ ਬਾਬਾ ਨਾਨਕ ਜੀ ਨੂੰ
ਤਲਾਸ਼ ਸੀ ਤੰਦੀ ਦੇ ਸਾਜ ਅਤੇ ਸ਼੍ਰੇਸ਼ਟ ਰਬਾਬੀ ਦੀ।ਐਸਾ ਰਬਾਬੀ ਜੋ ਸੰਗੀਤ ਦੀ ਦੁਨੀਆਂ ਚ
ਪਰਬੀਨ ਹੋਵੇ ; ਜਿਸ ਨੂੰ ਰਾਗਾਂ ਦੀ ਸਮਝ ਹੋਵੇ।ਤੰਦੀ ਦਾ ਸਾਜ ਵੀ ਐਸਾ ; ਜਿਸ ਦੀ ਧੁਨ
ਅਲਾਪੇ ਤਾਂ ਪਸ਼ੂ ਪੰਛੀ ਮੋਹੇ ਜਾਣ ;ਕਾਇਨਾਤ ਮਸਤ ਹੋ ਜਾਵੇ। ਗੁਰੂ ਬਾਬਾ ਜੀ ਨੂੰ ਸੰਪੂਰਨ
ਰਬਾਬੀ ਮਿਲਿਆ ਭਾਈ ਮਰਦਾਨਾ ਅਤੇ ਜੋ ਰਬਾਬ ਮਿਲੀ ਉਹ ਵੀ ਭਾਈ ਮਰਦਾਨਾ ਜੀ ਦੀਆਂ ਸੂਖਮ
ਛੂਹਾਂ ਨਾਲ ਰੱਬੀ ਹੋ ਗਈ।
ਉਸ ਨੂਰਾਨੀ ਰਬਾਬ ਦੀਆਂ ਸੁਰਾਂ ਨੇ ਭਾਈ ਮਰਦਾਨਾ ਜੀ ਨੂੰ ਵਿਸ਼ਵ ਦਾ ਵਿਅਕਤੀ ਵਿਸ਼ੇਸ ਬਣਾ
ਦਿੱਤਾ। ਰਬਾਬ ਉਸ ਦੇ ਬ੍ਰਹਿਮੰਡੀ ਭ੍ਰਮਣ ਦਾ ਪ੍ਰਜੋਜਨ ਬਣੀ। ਭਾਈ ਮਰਦਾਨਾ ਜਿਥੇ ਗਿਆ ਰਬਾਬ
ਉਸ ਦੇ ਨਾਲ ਰਹੀ , ਸੰਗਤ ਕਰਦੀ ਰਹੀ, ਇਲਾਹੀ ਧੁਨਾਂ ਉਪਜਦੀ ਸਦਾ ਉਸ ਦੀ ਸਾਥਣ ਬਣੀ ਰਹੀ ।
ਤਾਰ ਦੇ ਗੁਣ ਨੇ ਭਾਈ ਮਰਦਾਨਾ ਜੀ ਨੂੰ ਖੰਡਾਂ ਬ੍ਰਹਿਮੰਡਾਂ ,ਦੂਰ-ਲੋਕ ਦੀਆਂ ਧਰਤੀਆਂ ਦੇ
ਦੀਦਾਰ ਕਰਵਾ ਦਿੱਤੇ ; ਬਹੁ ਰੰਗੀ ਵਨਾਸਪਤੀ ਅਤੇ ਪਰਕਿਰਤੀ ਦੇ ਮਨਜ਼ਰ-ਏ-ਖਾਸ ਉਸ ਦੇ ਸਨਮੁਖ
ਕਰ ਦਿੱਤੇ ।ਅਦੁੱਤੀ ਰਬਾਬ ਨੇ ਭਾਈ ਮਰਦਾਨਾ ਜੀ ਨੂੰ ਜ਼ਿਕਰ-ਏ-ਖੁਦਾ ਨਾਲ ਜੋੜ ਕੇ ਆਮ ਤੋਂ
ਖਾਸ ਬਣਾ ਦਿੱਤਾ । ਕੁਦਰਤ ਦੇ ਅਲੌਕਿਕ ਦ੍ਰਿਸ਼ਾਂ ਦੁਆਰਾ ਸਰਸ਼ਾਰ ਕਰ ਦਿੱਤਾ।ਕਾਇਨਾਤ ਨੂੰ
ਉਜਿਆਰਾ ਕਰ ਦਿਤਾ ਭਾਈ ਮਰਦਾਨਾ ਜੀ ਦੇ ਤਾਰ ਦੇ ਗੁਣ ਨੇ , ਰਬਾਬ ਨੇ।
ਰਾਇ ਭੋਏ ਦੀ ਤਲਵੰਡੀ ਤੇ ਜਦ ਗੁਰੂ ਬਾਬਾ ਨਾਨਕ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਭਲੇ
ਨਸੀਬਾਂ ਵਾਲੀ ਦਾਈ ਸੀ ਮਾਈ ਦੌਲਤਾਂ।ਦੱਸਦੇ ਹਨ ਉਸ ਦਾ ਪਿਛਲਾ ਪੇਕਾ ਪਿੰਡ ਲੁਧਿਆਣੇ ਜ਼ਿਲੇ
ਦਾ ਸੀ ਪਿੰਡ ਲੰਮੇ ਜੱਟ ਪੁਰੇ। ਉਹ ਮੁਨਾਖੀ ਸੀ ਪਰ ਉਸ ਦੇ ਅਨੁਭਵੀ ਗਿਆਨ ਚੋਂ ਨਿਕਲੀ ਗੱਲ
ਸੱਚੀ ਹੋਈ -ਇਹ ਬਾਲਕ (ਨਾਨਕ) ਆਮ ਨਹੀਂ ਹੈ ; ਕੋਈ ਰੱਬੀ ਨੂਰ ਹੈ-।ਮਾਈ ਦੌਲਤਾਂ ਰਿਸ਼ਤੇ
ਚੋਂ ਭਾਈ ਮਰਦਾਨੇ ਦੀ ਮਾਸੀ ਲਗਦੀ ਸੀ। (Ϋ1)
ਗੁਰੂ ਬਾਬਾ ਜੀ ਜਦ ਇਸ ਧਰਤ ਤੇ ਆਏ ਤਾਂ ਉਸ ਵੇਲੇ ਭਾਈ ਮਰਦਾਨਾ ਦਸ ਕੁ ਸਾਲ ਦਾ ਸੀ।ਮਾਈ
ਦੌਲਤਾਂ ਬਾਲਕ ਨਾਨਕ ਨੂੰ ਖਿਡਾਉਣ ਨਹਾਉਣ-ਧੁਆਉਣ ਅਥਵਾ ਮਾਲਸ਼ ਵਗੈਰਾ ਕਰਨ ਦਾ ਕਾਰਜ ਕਰਨ
ਜਾਂਦੀ ਤਾਂ ਭਾਈ ਮਰਦਾਨਾ ਵੀ ਉਸ ਦੇ ਨਾਲ ਜਾਂਦਾ ਕਿਉਂਕਿ ਉਹ ਉਸ ਦੀ ਮਾਸੀ ਸੀ; ਮੁਨਾਖੀ
ਸੀ। ਉਸ ਨੂੰ ਕੁਝ ਨਾ ਕੁਝ ਖਾਣ ਪੀਣ ਨੂੰ ਮਿਲ ਜਾਂਦਾ।ਮਰਦਾਨਾ ਬਾਲਕ ਨਾਨਕ ਨੂੰ ਨੇੜੇ ਹੋ
ਕੇ ਵੇਖਦਾ ਉਸ ਨੂੰ ਹੱਥ ਲਾ ਲਾ ਵੇਖਦਾ।ਉਹ ਮਾਈ ਦੌਲਤਾਂ ਨਾਲ ਹੱਥ ਪੜੱਥੀ ਪਵਾਂਉਂਦਾ ਉਹ
ਤੱਤਾ ਠੰਡਾ ਪਾਣੀ ਉਸ ਦੇ ਨੇੜੇ ਕਰਦਾ।ਬਾਬਾ ਨਾਨਕ ਜਦ ਚੁੱਕਣ ਜੋਗਾ ਹੋ ਗਿਆ ਤਾਂ ਭਾਈ
ਮਰਦਾਨਾ ਉਸ ਨੂੰ ਚੁੱਕ ਲੈਂਦਾ ਬੇਬੇ ਨਾਨਕੀ ਕੋਲੋਂ ਫੜ੍ਹ ਲੈਂਦਾ ;ਉਸ ਨੂੰ ਗਲੀਆਂ ਚ
ਚੁੱਕੀ ਤੁਰਿਆ ਫਿਰਦਾ ਉਸ ਨੂੰ ਖਿਡਾਉਂਦਾ ਰਹਿੰਦਾ।
ਭਾਈ ਮਰਦਾਨਾ ਜੀ ਦੇ ਵੱਡ-ਵਡੇਰੇ ਮਿਰਾਸੀ ਡੂਮ ਸਨ, ਚੌਂਬੜ ਜਾਤ ਸੀ ਉਨ੍ਹਾਂ ਦੀ ।ਪੈਲੀ
ਪੱਠਾ ਨਾ ਹੋਣ ਕਰਕੇ ਉਹ ਤੰਗੀਆਂ ਤੁਰਸ਼ੀਆਂ ਅਤੇ ਗੁਰਬਤ ਦੇ ਦੱਬੇ ਹੋਏੇ ਸੀ। ਪਿਤਾ-ਪੁਰਖੀ
ਕਿੱਤੇ ਨਾਲ ਉਨ੍ਹਾਂ ਦੀ ਰੋਟੀ ਚਲਦੀ , ਨਿਰਬਾਹ ਹੁੰਦਾ।ਉਹ ਉਚੀ ਹੇਕ ਵਿਚ ਆਪਣੇ ਜਜਮਾਨਾਂ
ਦੀਆਂ ਬੰਸਾਵਲੀਆਂ ਗਾਂਉਂਦੇ, ਬਖਸ਼ਸ਼ਾਂ ਪ੍ਰਪਤ ਕਰਦੇ।ਲੋਕਾਂ ਦੀ ਉਪਮਾ ਤੇ ਜਸ ਕੀਤਿਆਂ
ਉਨ੍ਹਾਂ ਕੋਲ ਪੈਸਾ ਟਕਾ ਆਉਂਦਾ ਤੇ ਘਰ ਦਾ ਤੋਰਾ ਤੁਰਦਾ। ਵਿਰਾਸਤ ਚੋਂ ਮਿਲਿਆ ਸੰਗੀਤ ਅਤੇ
ਗਾਇਕੀ ਪਰਿਵਾਰ ਦੇ ਖੂਨ ਵਿਚ ਰਮੀ ਸੀ। ਰਾਤ ਦਿਨ ਸਾਜ਼ਾਂ- ਅਵਾਜ਼ਾਂ ਨਾਲ ਵਾਹ ਵਾਸਤਾ ਪਿਆ
ਰਹਿੰਦਾ।ਇਸ ਵਿਰਾਸਤੀ ਗੁੜਤੀ ਨੇ ਭਾਈ ਮਰਦਾਨਾ ਜੀ ਨੂੰ ਸਹਿ ਸੁਭਾਅ ਹੀ ਸੰਗੀਤ-ਸੁਰ ਤਾਲ
ਵਿਚ ਬਾ-ਕਮਾਲ,ਵਿਲੱਖਣ ਤੇ ਨਿਪੁੰਨ ਬਣਾ ਦਿੱਤਾ ਸੀ।
ਭਾਈ ਮਰਦਾਨਾ ਆਪਣੇ ਮਾਂ-ਪਿਉ ਦਾ ਇਕਲੌਤਾ ਲਾਡਲਾ ਤੇ ਪਿਆਰਾ ਪੁੱਤਰ ਸੀ। ਉਸ ਤੋਂ ਪਹਿਲਾਂ
ਛੇ ਬੱਚੇ ਹੋਏ ਪਰ ਉਨ੍ਹਾਂ ਦੀ ਕਿਸਮਤ ਵਿਚ ਦੁਨੀਆਂ ਦੇਖਣੀ ਨਸੀਬ ਨਹੀਂ ਸੀ; ਉਹ ਜੰਮਦੇ ਗਏ
ਮਰਦੇ ਗਏ ਜਦ ਇਹ ਸੱਤਵਾਂ ਬਾਲ ਮਰਦਾਨਾ ਹੋਇਆ ਤਾਂ ਮਾਪਿਆਂ ਨੇ ਇਸ ਦਾ ਨਾਂ ਰੱਖ ਦਿਤਾ
ਮਰਜਾਣਾ ਜਾਣੋ ਇਸ ਨੇ ਵੀ ਮਰ ਹੀ ਜਾਣਾ ਹੈ .. ਕਾਹਦਾ ਬਚਣਾ ਹੈ ਪਹਿਲਿਆਂ ਵਾਂਗ।
ਪਰ ਇਹ ਮਰਜਾਣਾ ਤਲਾਸ਼ ਸੀ ਕਿਸੇ ਬ੍ਰਹਿਮੰਡੀ ਪੁਰਖ ਦੀ; ਉਦਾਰੀ ਪੁਰਖ ਦੀ;ਕ੍ਰਿਪਾਧਾਰ
ਕ੍ਰਿਪਾਲੂ , ਕਿਸੇ ਦਇਆਵਾਨ ਦੀ। ਰਾਇ ਭੋਏ ਦੀ ਤਲਵੰਡੀ ਬਿਆਨ ਕਰਦੀ ਹੈ; ਇਕ ਦਿਨ ਬਾਬਾ ਜੀ
ਦਰੱਖਤ ਹੇਠ ਅਰਾਮ ਕਰ ਰਹੇ ਸਨ ਕਿਸੇ ਪਾਸਿਉਂ ਰਬਾਬ ਦੇ ਵੱਜਣ ਦੀ, ਅਲੌਕਿਕ ਧੁਨ ਦੇ ਉਪਜਣ
ਦੀ ਅਵਾਜ਼ ਗੁਰੂ ਬਾਬੇ ਦੇ ਕੰਨੀਂ ਪਈ ।ਗੁਰੂ ਬਾਬਾ ਜੀ ਜਾਣ ਗਏ ਉਨ੍ਹਾਂ ਦੀ ਤਲਾਸ਼ ਸੰਪਨ ਹੋ
ਗਈ ਹੈ ਹੁਣ ਤੰਦੀ ਦਾ ਸਾਜ ਮਿਲ ਹੀ ਜਾਣਾ;ਰਬਾਬ ਵੀ ਤੇ ਰਬਾਬੀ ਵੀ। ਭਾਈ ਮਰਦਾਨਾ ਉਨ੍ਹਾਂ
ਕੋਲ ਆਇਆ ਤਾਂ ਗੁਰੂ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਮੁਸਕਰਾ ਕੇ ਕਿਹਾ- ਹੁਣ ਮਰਦਾ ਨਾ
, ਤੂੰ ਹੁਣ ਕਦੇ ਨਹੀਂ ਮਰਨਾ ਹੈ ; ਰਹਿੰਦੇ ਜਗਤ ਤਕ ਤੇਰਾ ਨਾਮ ਜੀਵਤ ਰਹਿਣਾ ਹੈ-। ਬਾਬਾ
ਜੀ ਨੇ ਇਹ ਫਰਮਾ ਕੇ ਮਰਜਾਣਾ ਨਾਮ ਅਲੋਪ ਕਰ ਦਿੱਤਾ ਤੇ ਉਸ ਦਾ ਨਾਂ ਮਰਦਾਨਾ ਪਾ
ਦਿਤਾ।
ਰਾਇ ਭੋਇ ਦੀ ਤਲਵੰਡੀ ਨੂੰ ਜੋ ਅੱਜ ਗੌਰਵ , ਪ੍ਰਤਿਸ਼ਠਾ ਤੇ ਮੁਬਾਰਕ ਹਾਸਲ ਹੈ ਇਹ ਹਾਸਲਤਾ
ਬਹੁਤ ਮੁਸ਼ਕਲ ਸੀ ਜੇਕਰ ਇਸ ਸਥਾਨ ਤੇ ਬਾਬਾ ਜੀ ਨੇ ਪਹਿਲੀ ਕਿਲਕਾਰੀ, ਪਹਿਲੀ ਚੀਕ ਮਾਰੀ ਨਾ
ਹੁੰਦੀ ; ਪਹਿਲੀ ਅੱਖ ਝਪਕੀ ਨਾ ਹੁੰਦੀ । ਬਿਲਾ-ਸ਼ੱਕ ਇਸ ਸਥਾਨ ਦੀ ਸਰਬ ਵਿਆਪੀ ਨਾਮਵਰੀ ਦਾ
ਮੂਲ ਕਾਰਨ ਗੁਰੁ ਬਾਬੇ ਨਾਨਕ ਜੀ ਦੇ ਜਨਮ ਅਸਥਾਨ ਵਜੋਂ ਹੀ ਹੈ।ਪਰ ਇਸ ਨਗਰ ਦੀ ਦੁਨਿਆਵੀ
ਪ੍ਰਸਿੱਧਤਾ ਦੇ ਕਾਰਨਾਂ ਵਿਚ ਬਾਬੇ ਤੋਂ ਇਲਾਵਾ ਦੋ ਹੋਰ ਪੁਰਖੇ ਵੀ ਵਿਸ਼ੇਸ ਹਨ ਭਾਈ ਮਰਦਾਨਾ
ਜੀ ਤੇ ਚੌਧਰੀ ਰਾਏ ਬੁਲਾਰ ਭੱਟੀ ਜੀ। ਸਿੱਖ-ਧਰਮ ਦੇ ਜਾਵੀਏ ਤੋਂ ਇਹ ਵੀ ਪਰਮ-ਸਥਾਨ ਪਾ ਗਏ
ਅਤੇ ਇਹ ਤਲਵੰਡੀ ਦੀ ਉਪਮਾ ਨੂੰ ਮਹਾਨ ਕਰ ਗਏ। ਪੰਜਾਬੀ-ਦੁਨੀਆ ਵਿਚ ਸ੍ਰੀ ਨਨਕਾਣਾ ਸਾਹਿਬ
ਦੀ ਜਾਂ ਗੁਰੂ ਬਾਬੇ ਜੀ ਦੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੋਹਾਂ ਦਾ ਨਿਜ ਰੂਪ ਵਿਚ ਗੁਰੂ
ਬਾਬਾ ਜੀ ਨਾਲ ਬਹੁਤ ਹੀ ਪੀਡਾ ਰਿਸ਼ਤਾ ਨੁਮਾਯਾਨ ਹੁੰਦਾ ਹੈ ।
ਚੌਧਰੀ ਰਾਇ ਬੁਲਾਰ ਦੇ ਵੱਡ ਵਡੇਰੇ ਭੱਟੀ ਰਾਜਪੂਤ ਹਿੰਦੂ ਸਨ।ਇਤਿਹਾਸ ਦੇ ਝਰੋਖੇ ਚੋਂ ਪਤਾ
ਚਲਦਾ ਹੈ ਕਿ ਜਦ ਬਾਦਸ਼ਾਹ ਅਲਾਉਦੀਨ ਖਿਲਜੀ ਨੇ ਰਾਜਪੂਤਾਨੇ ਜੈਸਲਮੇੜ ਤੇ ਧਾਵਾ ਬੋਲਿਆ ਸੀ
ਤਾਂ ਬਹੁਤ ਭਾਰੀ ਖੂਨ ਖਰਾਬਾ ਹੋਇਆ। ਕਤਲੋ-ਗਾਰਦ ਵਿਚ ਉਸ ਦੇ ਸਭ ਵਿਰੋਧੀ ਵਫਾਤ ਪਾ ਗਏ ;
ਸਿਰਫ ਇਕ ਰਾਜਪੂਤ ਪਰਿੰਸ ਰਾਇਰਾਣੇ ਭੱਟੀ ਹੀ ਮੁਕਾਬਲਾ ਕਰਦਾ ਹੋਇਆ ਬਚ ਜਾਣ ਚ ਸਫਲ ਹੋਇਆ।
ਉਸ ਨੂੰ ਜਰਗਮਾਲ ਬਣਾ ਲਿਆ ਗਿਆ।ਬਾਦਸ਼ਾਹ ਅਲਾਉਦੀਨ ਖਿਲਜੀ ਉਸ ਰਾਇਰਾਣੇ ਭੱਟੀ ਦੀ ਬਹਾਦਰੀ
ਤੇ ਬਹੁਤ ਖੁਸ਼ ਹੋਇਆ ਉਸ ਨੂੰ ਕਤਲ ਕਰਨ ਤੋਂ ਬਖਸ਼ ਦਿੱਤਾ। ਬਾਦਸ਼ਾਹ ਨੇ ਉਸ ਨੂੰ ਉਤਰੀ ਪੰਜਾਬ
ਦਾ ਵਿਸ਼ਾਲ ਬਹੁਤ ਹੀ ਉਪਜਾਊ ਖੇਤਰ ਨਿਵਾਜ ਕੇ ਉਸ ਨੂੰ ਜਲਾਵਤਨ ਕਰ ਦਿੱਤਾ। ਉਸ ਨੂੰ ਲਾਹੌਰ
ਤੋਂ ਚਾਲੀ ਮੀਲ ਦੂਰ ਰਾਏਪੁਰ ਦੇ ਇਲਾਕੇ ਚ ਭੇਜ ਦਿੱਤਾ।ਉਸ ਰਾਇਰਾਣੇ ਭੱਟੀ ਨੇ ਇਸਲਾਮੀ
ਸ਼ਰਾ ਅਨੁਸਾਰ ਇਸਲਾਮ ਧਾਰਨ ਕਰ ਲਿਆ ਸੀ ਅਤੇ ਉਸ ਨੇ ਧਰਮ ਪਰਵਿਰਤਤ ਕਰ ਕੇ ਆਪਣਾ ਨਾਮ ਰਾਇ
ਅਦੀਲ ਰੱਖ ਲਿਆ ਸੀ।ਫਿਰ ਉਸ ਦਾ ਅੱਗੇ ਇਕਲੌਤਾ ਪੁਤਰ ਰਾਇਭੋਇ ਹੋਇਆ ਉਸ ਨੇ ਵਿਰਾਸਤ ਦਾ
ਮਾਲਕ ਬਣਨ ਉਪਰੰਤ ਉਸ ਰਾਇਪੁਰ ਨਗਰ ਦਾ ਨਾਂ ਬਦਲ ਕੇ ਰਾਇਭੋਇ ਦੀ ਤਲਵੰਡੀ ਰੱਖ ਦਿੱਤਾ। ਇਸ
ਚੌਧਰੀ ਰਾਇਭੋਇ ਦੀਆਂ ਛੇ ਲੜਕੀਆਂ ਹੋਈਆਂ ਤੇ ਇਕ ਪੁੱਤਰ।ਉਸ ਦੇ ਪੁੱਤਰ ਦਾ ਨਾਂ ਸੀ ਰਾਇ
ਬੁਲਾਰ। ਇਹ ਰਾਇ ਬੁਲਾਰ ਭੱਟੀ ਫਿਰ ਅਗੇ ਆਪਣੇ ਪਿਤਾ ਤੋਂ ਬਾਅਦ ਵਿਚ ਤਲਵੰਡੀ ਦਾ ਮਾਲਕ
ਬਣਿਆ।ਰਾਏਭੋਏ ਦੀ ਇਕ ਲੜਕੀ ਭਾਵ ਰਾਏਬੁਲਾਰ ਦੀ ਇਕ ਭੈਣ ਦਾ ਉਸ ਵੇਲੇ ਦੇ ਨਵਾਬ ਦੌਲਤ ਖਾਂ
ਲੋਧੀ ਦੇ ਨਾਲ ਨਿਕਾਹ ਹੋਇਆ ਸੀ ਜੋ ਬਾਅਦ ਵਿਚ ਪੰਜਾਬ ਦਾ ਗਵਰਨਰ ਬਣਿਆ (2Ϋ)।ਗੁਰੁ ਬਾਬਾ
ਜੀ ਦਾ ਹਿਤੈਸ਼ੀ, ਅਥਾਹ ਸ਼ਰਧਾਵਾਨ ਚੌਧਰੀ ਰਾਇਬੁਲਾਰ ਭੱਟੀ ਹੀ ਸੀ ਜੋ ਗੁਰੂ ਬਾਬਾ ਜੀ ਨੂੰ
ਸੁਲਤਾਨ ਪੁਰ ਮੋਦੀਖਾਨੇ ਦਾ ਕਾਰਜ ਦੁਆਉਣ ਵਾਲਾ ਸੀ ਜਿਸਦਾ ਮਾਲਕ ਦੌਲਤ ਖਾਂ ਲੋਧੀ ਸੀ ਤੇ
ਬੇਬੇ ਨਾਨਕੀ ਜੀ ਦਾ ਜੈ ਰਾਮ ਪਲਟਾ ਨਾਲ ਸ਼ਾਦੀ ਕਰਾਉਣ ਵਾਲਾ ਵੀ ਰਾਇ ਬੁਲਾਰ ਭੱਟੀ ਸੀ।
ਗੁਰੂ ਬਾਬਾ ਨਾਨਕ ਜੀ ਦੇ ਵੱਡ-ਵਡੇਰੇ, ਪਿਤਾ ਮਹਿਤਾ ਕਾਲੂ ਜੀ ਦੇ ਦਾਦਾ ਰਾਮ ਨਾਰਾਇਣ ਜੀ
ਪਿੱਛੋਂ ਤਰਨਤਾਰਨ ਦੇ ਕੋਲ ਪਠੇਵਿੰਡ ਪਿੰਡ ਦੇ ਵਸਨੀਕ ਸਨ।ਜਦ ਚੌਧਰੀ ਰਾਇਭੋਇ ਨੇ
ਰਾਇਭੋਇ ਦੀ ਤਲਵੰਡੀਵਸਾਈ ਤਾਂ ਉਸ ਨੇ ਇਨ੍ਹਾਂ ਗੁਰੂ ਬਾਬੇ ਜੀ ਦੇ ਵੱਡ-ਵਡੇਰਿਆਂ ਨੂੰ
ਆਪਣੇ ਕੋਲ ਸੱਦ ਲਿਆ ਸੀ ।(3Ϋ)
ਪੰਜਾਬ ਦੇ ਜੱਟਾਂ ਦੇ ਇਤਿਹਾਸ ਚੋਂ ਗੱਲ ਆਉਂਦੀ ਹੈ ਕਿ ਜਦ ਜੱਟ ਕਬੀਲੇ ਪਿਛੋਂ ਰਾਜਸਥਾਨ
ਤੋਂ ਇਧਰ ਆਏ ਸੀ ਤਾਂ ਉੁਥੇ ਜੋ ਡੂਮ ਮਿਰਾਸੀ ਸਨ ਉਹ ਵੀ ਇਨਾਂ ਜੱਟ ਕਬੀਲਿਆ ਦਾ ਨਾਲ ਹੀ ਆਏ
ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਂ ਬਦਰਾ ਜੀ ਸੀ ਤੇ ਜੇਹੜਾ ਦਾਦਾ ਸੀ ਉਸ ਦਾ ਦਾ ਨਾਂ ਸੀ
ਰਜਾਨੀ , ਜੋ ਚੂੰਬੜ ਗੋਤ ਦਾ ਸੀ। ਇਨ੍ਹਾਂ ਦਾ ਪਿੱਛਾ ਵੀ ਪਠੇਵਿੰਡ ਜਿਲਾ ਤਰਨਤਾਰਨ ਦਾ
ਦੱਸਿਆ ਜਾਂਦਾ ਜੋ ਨੌਸ਼ਹਿਰਾ ਦੇ ਨੇੜੇ ਦਸ ਕਿਲੋਮੀਟਰ ਤੇ ਹੈ।ਇਹ ਚੂੰਬੜ ਡੂਮ ਮਿਰਾਸੀ ਗੁਰੁ
ਘਰ (ਬੇਦੀਆਂ ) ਦੇ ਅਤੇ ਸੰਧੂ ਗੋਤ ਦੇ ਮਿਰਾਸੀ ਸਨ ਖਿਆਲ ਕੀਤਾ ਜਾਂਦਾ ਹੈ ਕਿ ਬਾਲੇ ਸੰਧੂ
ਦੇ ਵੱਡ-ਵਡੇਰੇ ਜਦ ਰਾਇਭੋਇ ਦੀ ਤਲਵੰਡੀ ਗਏ ਸੀ ਤਾਂ ਉਹ ਭਾਈ ਮਰਦਾਨੇ ਦੇ ਪਿਉ ਬਦਰਾ ਜੀ ਦੇ
ਦਾਦੇ ਨੂੰ ਆਪਣੇ ਨਾਲ ਹੀ ਲੈ ਗਏ ਸਨ ।(4Ϋ)
ਮਿਰਾਸੀ ਲੋਕਾਂ ਦਾ ਆਪਣੀ ਕੋਈ ਜੱਦੀ ਪੁਸ਼ਤੀ ਪੈਲੀ ਜ਼ਮੀਨ ਨਹੀਂ ਸੀ; ਇਨ੍ਹਾਂ ਦੀ ਜ਼ਿੰਦਗੀ
ਆਪਣੇ ਜ਼ਜ਼ਮਾਨਾ ਤੇ ਹੀ ਨਿਰਭਰ ਸੀ।ਇਹ ਵੀ ਭੱਟਾਂ ਵਾਂਗ ਆਪਣੇ ਜ਼ਜ਼ਮਾਨਾਂ ਦਾ ਕੁਰਸੀਨਾਮਾ ਗਾ
ਕੇ ਉਨ੍ਹਾ ਨੂੰ ਖੁਸ਼ ਕਰਦੇ ਤੇ ਉਨਾਂ ਕੋਲੋਂ ਬਖਸ਼ਸ਼ਾਂ ਹਾਸਲ ਕਰਦੇ। ਇਹ ਮਿਰਾਸੀ ਲੋਕ ਖੁਸ਼ੀ
ਦੇ ਮੌਕੇ ਗਾ ਗਾ ਨਕਲਾਂ ਲਾਉਂਦੇ ਤੇ ਲਾਗ ਲੈਂਦੇ। ਇਹ ਹੀ ਇਨ੍ਹਾਂ ਦਾ ਕਿਸਬ ਸੀ ਤੇ ਇਹ ਹੀ
ਰੋਜ਼ੀ ਰੋਟੀ ਦਾ ਵਸੀਲਾ। ਪਹਿਲੇ ਵੇਲਿਆਂ ਵਿਚ ਇਹ ਹੀ ਆਪਣੇ ਜਜਮਾਨਾਂ ਦੇ ਧੀ ਪੁੱਤਾਂ ਦੇ
ਸਾਕ ਵੀ ਕਰਾਂਉਂਦੇ, ਰਿਸ਼ਤਾ ਵੇਖ ਕੇ ਆਉਂਦੇ ਤੇ ਵਿਆਹ ਰਚਾਂਉਂਦੇ।ਕਿਸੇ ਦੇ ਘਰ ਪੁੱਤਰ
ਹੁੰਦਾ ਤਾਂ ਵਧਾਈ ਦੇਣ ਜਾਂਦੇ ਤੇ ਲਾਗ ਲੈਂਦੇ ।ਜਾਣੋ ਮਰਨ ਜੰਮਣ ਦੀਆ ਸਾਰੀਆਂ ਰਸਮਾਂ
ਮਿਰਾਸੀਆਂ ਦੇ ਰਾਹੀਂ ਹੁੰਦੀਆਂ। ਇਨ੍ਹਾ ਲੋਕਾਂ ਕੋਲ ਰਾਗ ਵਿਦਿਆ ਦਾ ਇਲਮ ਵਿਰਾਸਤੀ ਸੀ ;
ਇਹ ਜਦ ਵੀ ਗਾਉਂਦੇ ਰਾਗ ਵਿਚ ਗਾਉਂਦੇ।ਮੌਕੇ ਤੇ ਹੀ ਇਹ ਤੁਕ ਬੰਦੀ ਕਰ ਲੈਂਦੇ ਖੜੇ ਖੜੇ ਕਵਿ
ਰਚਨਾ ਰਚ ਲੈਂਦੇ।
ਭਾਈ ਮਰਦਾਨਾ ਜੀ ਦੇ ਪਿਤਾ ਬਦਰਾ ਜੀ ਜਦ ਆਪਣੇ ਕਿਸਬ ਅਨੁਸਾਰ ਜਦ ਜਜਮਾਨਾਂ ਦੇ ਘਰੀਂ ਵਧਾਈ
ਦੇਣ ਜਾਂਦੇ ਤਾਂ ਭਾਈ ਮਰਦਾਨਾ ਨਿੱਕੇ ਹੁੰਦਿਆਂ ਹੀ ਉਨਾਂ ਦੇ ਨਾਲ ਜਾਂਦਾ।ਪਿਤਾ ਨਾਲ ਸੰਗਤ
ਕਰਦਿਆਂ ਉਹ ਸੰਗੀਤ ਅਤੇ ਗਾਇਨ ਕਲਾ ਵਿਚ ਪੂਰਾ ਢਲ ਗਿਆ ਸੀ, ਬਚਪਨ ਤੋਂ ਹੀ ਸੁਰ-ਤਾਲ ਦਾ
ਪੂਰਾ ਸੂੰਹਾ ਹੋ ਗਿਆ ਸੀ।
ਉਧਰ ਗੁਰੂ ਬਾਬਾ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ, ਚੌਧਰੀ ਰਾਇਬੁਲਾਰ ਦੇ ਕਈ ਪਿੰਡਾਂ
ਦਾ ਪਟਵਾਰੀ ਸੀ; ਇਕ ਤਰਾਂ ਦਾ ਲੇਖਾਕਾਰ ਸੀ ਅਤੇ ਖੁਦ ਵੀ ਜ਼ਮੀਨਾਂ ਦਾ ਮਾਲਕ ਸੀ।ਚੌਧਰੀ ਰਾਇ
ਬੁਲਾਰ ਦਾ ਮਹਿਤਾ ਕਾਲੂ ਨਾਲ ਭਰਾਵਾਂ ਵਰਗਾ ਪਿਆਰ ਸੀ। ਚੌਧਰੀ ਰਾਇ ਬੁਲਾਰ ਭੱਟੀ ਜਿੰਨੇ
ਪਿੰਡਾਂ ਦਾ ਉਹ ਮਾਲਕ ਸੀ ਉਸ ਨੇ ਸਾਰਿਆ ਦਾ ਪਟਵਾਰ ਦਾ ਕੰਮ ਮਹਿਤਾ ਕਾਲੂ ਨੂੰ ਸੌਂਪਿਆ ਸੀ।
ਤਲਵੰਡੀ ਮਹਿ ਰਾਇਬੁਲਾਰੁ।ਸੋਦਰ ਸਮ ਕਾਲੂ ਸੰਗ ਪਿਯਾਰੂ॥
ਜਿਤੇ ਗ੍ਰਾਮ ਕੋ ਸੋ ਅਧਿਕਾਰੀ। ਸਭਿ ਕੀ ਦਈ ਕਾਰ ਪਟਵਾਰੀ॥58॥3॥ਗੂ:ਨਾ:ਪ੍ਰ
ਦੁਨੀਆਦਾਰ ਬੰਦਾ ਹੋਣ ਕਰਕੇ ਮਹਿਤਾ ਕਾਲੂ ਜੀ ਦੇ ਹਿਰਦੇ ਅੰਦਰ ਤੀਬਰ ਇੱਛਾ ਸੀ ਕਿ ਉਸ ਦਾ
ਵਾਰਸ ਨਾਨਕ ਉਸ ਦੇ ਵਾਂਗ ਹੀ ਜਾਇਦਾਦ ਨੂੰ ਸੰਭਾਲੇ ; ਜ਼ਮੀਨਾਂ ਨਾਲ ਮੋਹ ਪਾਵੇ ਤੇ ਘਰ-ਬਾਹਰ
ਦਾ ਪੂਰਾ ਖਿਆਲ ਰੱਖੇ । ਪਰ ਗੁਰੂ ਬਾਬਾ ਜੀ ਦਰਬ ਪਦਾਰਥਾਂ ਤੋਂ ਦੂਰ, ਮੋਹਾਂ ਤੋਂ ਮੁਕਤ
ਅਗੰਮੀ ਬਿਰਤੀ ਦੀ ਰੂਹ ਵਾਲੇ ਸਨ। ਉਨਾਂ ਦੇ ਮਨ ਵਿਚ ਤਾਂ ਦੂਰ ਦੁਰੇਡੀ ਵਸਦੀ ਦੁਨੀਆਂ ਨੂੰ
ਤੱਕਣ ,ਉਨਾਂ ਨਾਲ ਸੰਵਾਦ ਰਚਾਉਣ, ਉਨਾਂ ਨੂੰ ਜਾਣਨ ਤੇ ਜਣਾਉਣ ਦੀ ਲਾਲਸਾ ਸੀ। - ਜਬ ਲਗੁ
ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ - ਉਨ੍ਹ੍ਹਾਂ ਅੰਦਰ ਤਾਂ ਲੋਕਾਈ ਨਾਲ ਵਿਚਾਰ
ਵਟਾਂਦਰੇ ਕਰਨ ਤੇ ਸੁਣਨ ਦੀ ਭਾਵਨਾ ਪ੍ਰਬਲ ਸੀ।
ਭਾਈ ਮਰਦਾਨਾ ਜਦ ਆਪਣੇ ਕੰਮ ਧੰਦੇ ਘਰੋਂ ਬਾਹਰ ਨਿਕਲਦਾ ਤਾਂ ਪਿੰਡ ਚ ਚਲਦਿਆਂ ਚਲਦਿਆਂ
ਸੁਭਾਵਕ ਹੀ ਉਸ ਦੇ ਕਦਮ ਬਾਬੇ ਦੇ ਦਰ ਅੱਗੇ ਆ ਕੇ ਰੁਕ ਜਾਇਆ ਕਰਦੇ। ਉਥੇ ਨਿਵਾਸ ਅੱਗੇ ਉਹ
ਰਬਾਬ ਵਜਾਉਂਣ ਲੱਗ ਪੈਂਦਾ।ਉਹ ਨਾਮਦੇਵ , ਕਬੀਰ,ਤ੍ਰਿਲੋਚਨ, ਰਵਿਦਾਸ , ਧੰਨੇ ਅਤੇ ਬੇਣੀ
ਆਦਿ ਭਗਤਾਂ ਦੇ ਪਦੇ ਗਾਉਂਦਾ ,ਕਿਉਂਕਿ ਪੀੜੀ ਦਰ ਵਿਰਾਸਤੀ ਕਿਸਬ ਤੁਰਿਆ ਆਉਂਦਾ ਸੀ। ਗੁਰੁ
ਬਾਬਾ ਜੀ ਉਸ ਦਾ ਗਾਇਨ ਬੜੀ ਨੀਝ ਲਾ ਕੇ ਸੁਣਦੇ । ਇਕ ਦਿਨ ਭਾਈ ਮਰਦਾਨਾ ਰਬਾਬ ਵਜਾ ਰਿਹਾ
ਸੀ ਅਤੇ ਕੋਈ ਪ੍ਰਸਿੱਧ ਵਾਰ ਗਾ ਰਿਹਾ ਸੀ ਤਾਂ ਗੁਰੂ ਬਾਬੇ ਜੀ ਨੇ ਉਸ ਨੁੰ ਪੁੱਛਿਆ -
ਮਰਦਾਨੇ ! ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈਂ । ਰਬਾਬ ਸੁਣ ਕੇ ਪਰਤੀਤ ਹੁੰਦਾ ਤੈਨੂੰ
ਰਾਗਾਂ ਦੀ ਬੜੀ ਸੋਝੀ ਹੈ ਤੇਰਾ ਰਬਾਬ ਤੇ ਹੱਥ ਬੜਾ ਸਾਫ ਹੈ। ਕਿੰਨਾਂ ਚੰਗਾ ਹੋਵੇ ਜੇ ਤੂੰ
ਉਸ ਕੁਦਰਤੀ ਵਰਤਾਰੇ ਦੇ ਸਿਫਤ ਸਲਾਹ ਆਪਣੀ ਰਬਾਬ ਰਾਹੀਂ ਸਰਸ਼ਾਰ ਕਰੇਂ-।
ਗੁਰੂ ਬਾਬਾ ਨਾਨਕ ਜੀ ਨੇ ਸਫਰਾਂ ਦਾ ਸਾਥੀ ਬਣਾਉਣ ਲਈ ਭਾਈ ਮਰਦਾਨੇ ਨੂੰ ਸੁਰੂ ਚ ਹੀ ਢਾਲ
, ਪਰੇਰ , ਤਿਆਰ ਕਰ ਲਿਆ ਸੀ। ਦੋਨਾਂ ਨੇ ਦੇਸ਼ ਦੇਸ਼ਾਂਤਰਾਂ ਤੋਂ ਜਾਣ ਤੋਂ ਪਹਿਲਾਂ ਲੋਕਾਈ
ਨੁੰ ਜਾਣਨ-ਤੱਕਣ ਦਾ ਦ੍ਰਿਢ ਇਰਾਦਾ ਕਰ ਲਿਆ ਸੀ।ਬਾਬਾ ਜੀ ਵੀਹ ਕੁ ਵਰ੍ਹਿਆਂ ਦੇ ਸਨ ਜਦ
ਉਨ੍ਹਾ ਨੇ ਭਾਈ ਮਰਦਾਨੇ ਦੇ ਕੰਨੀਂ ਗੱਲ ਕੱਢ ਦਿਤੀ ਸੀ ਕਿ ਅਸੀ ਦੂਰ ਦੇਸ਼ਾਤਰਾਂ ਵੱਲ
ਜਾਵਾਂਗੇ ਤੇ ਤੂੰ ਸਾਡੇ ਨਾਲ ਚਲੇਂਗਾ।
ਭਾਈ ਮਰਦਾਨਾ ਆਪਣੇ ਦੀਨ ਦਾ ਪੱਕਾ ਸੀ। ਪੰਜ ਵਕਤ ਦਾ ਨਿਮਾਜ਼ੀ , ਰਮਜ਼ਾਨ ਦੇ ਦਿਨੀਂ ਰੋਜ਼ਾ
ਰੱਖਦਾ ਸੀ।ਭਾਈ ਮਰਦਾਨਾ ਬਾਬੇ ਦੇ ਸੰਪਰਕ ਵਿਚ ਆ ਗਿਆ ਤਾਂ ਉਹ ਗੁਰੁ ਬਾਬਾ ਜੀ ਦੇ ਦ੍ਰਿੜ
ਕਰਵਾਏ ਉਪਦੇਸ਼ ਤੇ ਚੱਲਿਆ , ਉਨ੍ਹਾਂ ਦੇ ਬਚਨਾਂ ਤੇ ਵਾਅਦੇ-ਵਫਾ ਰਿਹਾ।
ਗੁਰੂ ਬਾਬਾ ਜਦ ਸੁਲਤਾਨਪੁਰ ਮੋਦੀਖਾਨੇ ਚ ਕੰਮ ਕਰਦਾ ਸੀ ਤਾਂ ਉਸ ਵੇਲੇ ਭਾਈ ਮਰਦਾਨਾ ਇਕ
ਮਨੋਰਥ ਲੈ ਕੇ ਗੁਰੂ ਬਾਬਾ ਜੀ ਨੂੰ ਮਿਲਣ ਗਿਆ । ਭਾਈ ਮਰਦਾਨਾ ਜੀ ਨੂੰ ਪਤਾ ਚੱਲ ਗਿਆ ਸੀ
ਕਿ ਬਾਬਾ ਨਾਨਕ ਧਨ ਜੋੜਦਾ ਬਚਾਂਉਂਦਾ ਕੁਝ ਨਹੀਂ ਹੈ ਜੋ ਕਮਾਈ ਹੁੰਦੀ ਹੈ ਸਾਰੀ ਫਕੀਰਾਂ
ਮਲੰਗਾਂ ਵਿਚ ਹੀ ਵੰਡ ਛੱਡਦਾ ।ਉਸ ਨੇ ਗੁਰੂ ਬਾਬਾ ਜੀ ਕੋਲ ਜਾ ਕੇ ਆਪਣਾ ਬਣਦਾ ਹੱਕ ਜੇਹਾ
ਜਤਾਉਂਦੇ ਹੋਏ ਆਖਿਆ- ਜੀ! ਸੁਣਿਆ ਤੂੰ ਬਹੁਤ ਦਾਨੀ ਹੈਂ।ਤੇਰੇ ਦਰ ਤੋਂ ਕੋਈ ਖਾਲੀ ਨਹੀਂ
ਜਾਂਦਾ।ਮੈਂ ਤਾਂ ਫਿਰ ਵੀ ਤੁਹਾਡੇ ਘਰ ਦਾ ਲਾਗੀ ਹਾਂ ਮੈਨੂੰ ਵੀ ਵੱਡਾ ਸਾਰਾ ਕੋਈ ਲਾਗ,
ਗੱਫਾ ਦੇਵੋ।ਤੁਹਾਡੇ ਘਰ ਤੋਂ ਹਮੇਸ਼ਾ ਆਸਾਂ ਰੱਖੀ ਦੀਆਂ। ਜੀ! ਅਨੇਕਾਂ ਲੋਕਾਂ ਤੇ ਤੁਹਾਡੀ
ਕਿਰਪਾ ਦੀ ਬਖਸ਼ਸ ਹੋਈ ਹੈ ; ਲੋੜਵੰਦ ਆਪ ਪਾਸੋਂ ਮਨਭਾਉਂਦੀਆਂ ਵਸਤਾਂ ਪਾਉਂਦੇ ਹਨ। ਜੀ !
ਹੁਣ ਤਕ ਕੁਝ ਨਹੀਂ ਮੰਗਿਆ ਜੋ ਆਪ ਜੀ ਦੇ ਪਿਤਾ ਜੀ ਦਿੰਦੇ ਰਹੇ ਉਹੀ ਅਸੀਂ ਲੈਂਦੇ ਰਹੇ-।
ਨਿਕਟ ਜਾਇ ਕਰਿ ਗਿਰਾ ਵਖਾਨੀ। ਸੁਨਿ ਜਜਮਾਨ ਅਧਿਕ ਤੁਮ ਦਾਨੀ ।
ਭੋ ਸੁਖਰਾਸ ! ਅਵਾਸ ਮਿਰਾਸੀ ।ਧਰੌਂ ਸਦਾ ਮੈਂ ਰਾਵਰਿ ਆਸੀ ॥67॥ (5Ϋ)
ਤਾਂ ਗੁਰੂ ਬਾਬਾ ਜੀ ਨੇ ਰੂਹ ਤੋਂ ਪਰਸੰਨ ਹੋ ਕੇ ਆਪਣੇ ਬਚਪਨ ਦੇ ਮਿੱਤਰ ਨੂੰ ਕੋਲ ਬਿਠਾਇਆ
ਤੇ ਆਖਿਆ- ਬੋਲ ਮਰਦਾਨੇ! ਤੇਰੇ ਮਨ ਦੀ ਕੀ ਅਭਿਲਾਸ਼ਾ ਹੈ-? ਸੁਣ ਕੇ ਭਾਈ ਮਰਦਾਨਾ ਜੀ ਨੇ ਮਨ
ਵਿਚ ਸੋਚਿਆ -ਕੋਈ ਪਦਾਰਥਵਾਦੀ ਵੱਡੀ ਚੀਜ਼ ਹੀ ਪ੍ਰਾਪਤ ਹੋ ਜਾਵੇ-। ਉਸ ਨੇ ਨਿਆਰੀ ਜੇਹੀ
ਚਾਹਨਾ ਕਰਦਿਆਂ ਆਖਿਆ- ਜੀ ! ਮੇਰੀ ਇਕ ਹੀ ਆਸਾ ਹੈ ਵਾਰ ਵਾਰ ਕੀ ਮੰਗਣਾ ਹੋਇਆ। ਮੇਰੀ ਸਾਰੀ
ਤਮੰਨਾ ਅੱਜ ਹੀ ਪੂਰੀ ਕਰ ਦੇਵੋ; ਕੋਈ ਐਸੀ ਉਤਮ ਵਸਤੂ ਦੀ ਬਖਸ਼ਸ਼ ਕਰੋ ਜਿਸ ਨਾਲ ਹਿਰਦਾ ਬਾਗੋ
ਬਾਗ ਹੋ ਜਾਵੇ ਤੇ ਰੱਜ ਜੇਹਾ ਆ ਜਾਵੇ।ਮੈਂ ਤੁਹਾਡਾ ਜਸ ਗਾਉਂਦਾ ਨਹੀਂ ਥੱਕਾਂਗਾ , ਬਹੁਤ
ਅਸੀਸਾਂ ਦੇਵਾਂਗਾ-।ਤਾਂ ਗੁਰੂ ਬਾਬਾ ਜੀ ਨੇ ਦੂਰ ਦੀ ਸੋਚਦਿਆਂ ਆਖਿਆ- ਮਰਦਾਨੇ ! ਕੰਨ ਲਾ
ਕੇ ਸੁਣ! ਜੇ ਅਸੀਂ ਤੈਨੂੰ ਬਹੁਤ ਹੀ ਉਤਮ ਵਸਤ ਦੇ ਵੀ ਦਿੱਤੀ ਤਾਂ ਤੈਨੂੰ ਉਸ ਦੀ ਕੀਮਤ ਦਾ
ਪਤਾ ਹੀ ਨਹੀਂ ਚੱਲਣਾ।ਤੁਸੀਂ ਲੋਕ ਪਹਿਨਣ ਖਾਣ ਨੂੰ ਹੀ ਵੱਡਾ ਸੁੱਖ ਸਮਝਦੇ ਹੋ ।ਅਸਲ ਸੁੱਖ
ਦਾ , ਅਸਲ ਹਿਰਦੇ ਦੇ ਰੱਜ ਦਾ, ਤੁਹਾਨੂੰ ਪਤਾ ਹੀ ਨਹੀਂ ਹੈ; ਤੁਹਾਡੀ ਦੁਨੀਆ ਬਹੁਤ ਛੋਟੀ
ਹੈ-।
ਤਾਂ ਭਾਈ ਮਰਦਾਨਾ ਨਿੰਮੋਝੂਣਾ ਤੇ ਨਿਮਰ ਜੇਹਾ ਹੋ ਕੇ ਬੋਲਿਆ- ਤਾਂ ਫਿਰ ਜੀ! ਜੋ ਤੁਸੀਂ
ਚੰਗਾ ਜਾਣਿਆ ..ਉਹ ਹੀ ਦੇ ਦੇਵੋ-।
ਗੁਰੁ ਬਾਬਾ ਜੀ ਨੇ ਫਿਰ ਆਖਿਆ- ਮਰਦਾਨੇ! ਤੁੰ ਹੁਣ ਮੇਰੇ ਨਾਲ ਹੀ ਰਹਿ ਘਰ ਦੇ ਖਲਜਗਣ ਚੋਂ
ਬਾਹਰ ਆ ਜਾ ।ਕੋਈ ਵੱਡੀ ਗੱਲ ਕਰਦੇ ਹਾਂ ; ਤੇਰਾ ਅੱਗਾ-ਪਿੱਛਾ ਸਾਰਾ ਸੰਵਰ ਜਾਏਗਾ ; ਮੰਗਣ
ਤੰਗਣ ਦੀਆਂ ਤੇਰੀਆਂ ਸੱਭੇ ਗੱਲਾਂ ਮੁੱਕ ਜਾਣਗੀਆਂ -। ਗੁਰੂ ਬਾਬਾ ਜੀ ਨੇ ਇਹ ਕਹਿ ਕੇ ਉਸੇ
ਵੇਲੇ, ਆਪਣੇ ਗਲੋਂ ਚੋਲਾ ਉਤਾਰਿਆ ਤੇ ਕੁਝ ਧਨ ਨਾਲ ਦਿੰਦਿਆਂ ਭਾਈ ਮਰਦਾਨਾ ਜੀ ਦੇ ਹਵਾਲੇ
ਕਰ ਉਸ ਨੂੰ ਤੋਰ ਦਿਤਾ।
ਤਿਹ ਛਿਨ ਪੰਕਜ ਲੋਚਨ ਚਾਰੂ । ਗਰ ਤੇ ਜਾਮਾ ਦੀਨ ਉਤਾਰੂ।
ਕੇਤਿਕ ਦਰਬ ਦੇਤਿ ਭੇ ਸੰਗਾ। ਲਿਯ ਮਰਦਾਨੇ ਸੰਗਿ ਉਮੰਗਾ ॥79॥ (6Ϋ)
ਦੂਜੀ ਵਾਰ ਦੁਬਾਰਾ ਸੁਲਤਾਨਪੁਰ ਮੋਦੀਖਾਨੇ ਦੀ ਨੌਕਰੀ ਕਰਨ ਲਈ ਗੁਰੂ ਬਾਬਾ ਜੀ ਨੂੰ ਭੇਜਣ
ਦਾ ਫੈਸਲਾ ਹੋਇਆ ਤਾਂ ਗੁਰੂ ਬਾਬਾ ਜੀ ਨੇ ਸੁਲਤਨਪੁਰ ਜਾਣ ਤੋਂ ਪਹਿਲਾਂ ਭਾਈ ਮਰਦਾਨਾ ਜੀ
ਨੂੰ ਕੋਲ ਬੁਲਾਇਆ ਤੇ ਉਸ ਨੂੰ ਅਗਾਉਂ ਹੀ ਦ੍ਰਿੜ ਕਰਵਾ ਦਿਤਾ- ਮਰਦਾਨੇ! ਅਸੀਂ ਦੂਰ ਦਰੇਡੇ
ਚੱਲਾਂਗੇ ਤੇ ਤੂੰ ਸਾਡੇ ਨਾਲ ਹੋਵੇਂਗਾ-। ਤਾਂ ਭਾਈ ਮਰਦਾਨਾ ਜੀ ਨੇ ਸੁਣ ਕੇ ਚਿੰਤਾ ਜੇਹੀ
ਪਰਗਟ ਕਰਦਿਆਂ ਕਿਹਾ- ਜੀ! ਜਿਵੇਂ ਤੁਹਾਡੀ ਰਾਜਾਇ , ਪਰ ਮੇਰੀ ਕੰਨਿਆ ਵਰ ਪ੍ਰਾਪਤੀ ਹੈ ਉਸ
ਦਾ ਵਿਆਹ ਕਰਾਂ ਤਾਂ ਮੈਂ ਚੱਲਾਂ-। ਤਾਂ ਗੁਰੂ ਬਾਬਾ ਜੀ ਪੁਛਿਆ- ਮਰਦਾਨੇ! ਤੈਨੂੰ ਕਿਤਨਾ
ਕੁ ਖਰਚ ਲੋੜੀਂਦਾ ਹੈ-। ਤਾਂ ਭਾਈ ਮਰਦਾਨੇ ਆਖਿਆ- ਜੀ ! ਅਸੀਂ ਡੂਮ ਹਾਂ ਸੌ, ਸਵਾ ਸੌ ਰੁਪਏ
ਚ ਸਾਡਾ ਕੰਮ ਹੋ ਜਾਂਦਾ ਹੈ -। ਸੁਣ ਕੇ ਗੁਰੂ ਬਾਬਾ ਜੀ ਨੇ ਵਿਆਹ ਦੇ ਖਰਚੇ ਦਾ ਸਾਰਾ
ਪ੍ਰਬੰਧ ਕਰਵਾ ਦਿਤਾ ਤੇ ਆਖਿਆ - ਹੁਣ ਅਸੀਂ ਸੁਲਤਾਨਪੁਰ ਜੈ ਰਾਮ ਕੋਲ ਜਾਂਦੇ ਹਾਂ ਸੋ ਜਿਸ
ਵੇਲੇ ਤੂੰ ਵਿਆਹ ਤੋਂ ਵੇਹਲਾ ਹੋ ਜਾਵੇਂਗਾ ਤਾਂ ਤੂੰ ਸਾਡੇ ਕੋਲ ਆਂਵੇਂਗਾ॥(7Ϋ)
ਬਾਬਾ ਜੀ ਦੁਬਾਰਾ ਮੋਦੀਖਾਨੇ ਦਾ ਕੰਮ ਕਰਨ ਲਈ ਸੁਲਤਾਨਪੁਰ ਆ ਗਏ ਬੇਬੇ ਨਾਨਕੀ ਜੀ ਕੋਲ। ਪਰ
ਉਨ੍ਹਾਂ ਦਾ ਉਥੇ ਬਾਹਲਾ ਚਿਰ ਮਨ ਟਿਕ ਨਾ ਸਕਿਆ । ਬਿਲ ਆਖਿਰ ਉਨ੍ਹਾਂ ਨੇ ਦੁਨੀਆਦਾਰੀ ਦੇ
ਝੰਜਟਾਂ ਨੂੰ ਤਿਆਗ ਦੇਣ ਦਾ ਫੈਸਲਾ ਕਰ ਲਿਆ -ਹੁਣ ਇਹ ਸੰਸਾਰੀ ਰੀਤਾਂ ਛੱਡ ਦੇਣੀਆਂ ਹਨ ਤੇ
ਇਕ ਵੱਖਰੀ ਰੀਤ ਵਿਚ ਵਰਤਣਾ ਹੈ-।
ਗੁਰੂ ਬਾਬਾ ਜੀ ਨੇ ਫਿਰ ਉਸ ਪਿਛੋਂ ਮੋਦੀ ਖਾਨੇ ਦਾ ਸਾਰਾ ਲੇਖਾ ਜੋਖਾ ਕਰਵਾਇਆ ਤੇ ਮੋਦੀ ਦੇ
ਕੰਮ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ।ਉਨ੍ਹਾਂ ਨੇ ਆਪਣੇ ਅਸਲ ਕਾਰਜ ਵੱਲ ਮੁੱਖ ਕਰ ਲਿਆ
ਅਤੇ ਫਕੀਰੀ ਭੇਸ ਧਾਰਨ ਕਰ ਲਿਆ।
ਗੁਰੂ ਬਾਬਾ ਦੇ ਇਸ ਫੈਸਲੇ ਦੀ ਖਬਰ ਤਲਵੰਡੀ ਪਹੁੰਚ ਗਈ। ਪਿਤਾ ਮਹਿਤਾ ਕਾਲੂ ਜੀ ਨੂੰ
ਘਬਰਾਹਟ ਹੋ ਗਈ - ਸੋਚਿਆ ਕੀ ਸੀ ਤੇ ਹੋ ਗਿਆ ਕੀ। ਨਾਨਕ ਨੂੰ ਭੇਜਿਆ ਕਿਸ ਕੰਮ ਸੀ ਤੇ ਉਸ
ਨੇ ਇਹ ਨਵਾਂ ਹੀ ਕਾਰਜ ਕਰ ਦਿਤਾ-।ਮਹਿਤਾ ਕਾਲੂ ਜੀ ਨੇ ਜਲਦੀ ਨਾਲ ਭਾਈ ਮਰਦਾਨਾ ਨੂੰ ਕੋਲ
ਸੱਦਿਆ ਤੇ ਤੁਰੰਤ ਸੁਲਤਾਨਪੁਰ ਜਾਣ ਦੀ ਆਗਿਆ ਕਰਦਿਆਂ ਆਖਿਆ - ਮਰਦਾਨਿਆ! ਨਾਨਕ ..ਤੇਰਾ
ਬਚਪਨ ਦਾ ਸਾਥੀ ਰਿਹਾ ; ਆਹ ਫੜ੍ਹ ਭਾੜਾ ਕਿਰਾਇਆ ਅਤੇ ਜਾ ਕੇ ਨਾਨਕ ਦੀ ਖਬਰ ਲੈ ਕੇ ਆ
।ਬਹੁਤ ਮਾੜੀ ਗੱਲ ਸੁਣੀ ਹੈ । ਨਾਨਕ ਭੈੜਾ ਜੇਹਾ ਭੇਸ ਬਣਾਈ ਫਿਰਦਾ ਹੈ । ਮੋਦੀਖਾਨੇ ਦਾ
ਕਮਾਈ ਵਾਲਾ ਕੰਮ ਉਸ ਨੇ ਛੱਡ ਦਿਤਾ । ਕੁੱਲ ਦੀ ਲਾਜ ਵੀ ਉਸ ਨੇ ਨਹੀਂ ਰੱਖੀ। ਸੁਣਿਆ ਉਹ
ਫਕੀਰ ਹੋਇਆ ਜੰਗਲ ਵਿਚ ਭਟਕਦਾ ਫਿਰਦਾ ਹੈ-।
ਕਾਹੂ ਢਿਗ ਤੇ ਸੁਨੀ ਕੁਚਾਲੀ। ਨਾਨਕ ਕੀਨੋ ਭੇਖ ਕੁਢਾਲੀ ।
ਤਜਿ ਦੀਨੋ ਸਭਿ ਮੋਦੀ ਖਾਨਾ । ਭਯੋ ਫਕੀਰ ਛੋਰਿ ਕੁਲਕਾਨਾ ॥8॥(8Ϋ)
ਭਾਈ ਮਰਦਾਨਾ ਸੁਣ ਕੇ ਚਿੰਤਤ ਹੋ ਗਿਆ ਉਸ ਨੇ ਪੈਰੀਂ ਜੁੱਤੀ ਪਾਈ , ਲੋੜੀਂਦਾ ਲੀੜਾ ਲੱਤਾ
ਕੱਛੇ ਮਾਰਿਆ ਤੇ ਤਲਵੰਡੀਓਂ ਗੁਰੂ ਬਾਬੇ ਜੀ ਦੇ ਰਾਹ ਤੇ ਪਯਾਨ ਕਰ ਦਿਤਾ। ਚਲਦਾ ਚਲਦਾ ਉਹ
ਸੁਲਤਾਨਪੁਰ ਬੇਬੇ ਨਾਨਕੀ ਦੇ ਕੋਲ ਜਾ ਪਹੁੰਚਿਆ। ਬੇਬੇ ਨੇ ਆਪਣਾ ਹਾਲ ਚਾਲ ਦੱਸਿਆ ਤੇ
ਮਾਪਿਆਂ ਦੀ ਸੁਖ ਪੁੱਛਦਿਆਂ ਆਖਿਆ- ਮਰਦਾਨੇ! ਤਲਵੰਡੀ ਦਾ ਕੀ ਹਾਲ ਹੈ ਮਾਂ ਪਿਉ ਰਾਜ਼ੀ-ਬਾਜ਼ੀ
ਹਨ ? ਚੌਧਰੀ ਰਾਇ ਬੁਲਾਰ ਜੀ ਦੀ ਸੇਹਤ ਠੀਕ ਹੈ ? ਆਪ ਦਾ ਦੱਸ ਤੇਰਾ ਏਥੇ ਕਿਵੇਂ ਆਉਣਾ
ਹੋਇਆ ? ਤਾਂ ਭਾਈ ਮਰਦਾਨਾ ਜੀ ਨੇ ਆਖਿਆ - ਮੈਨੂੰ ਮਹਿਤਾ ਕਾਲੂ ਜੀ ਨੇ ਬੁਲਾਇਆ ਸੀ । ਬਹੁਤ
ਘਬਰਾਹਟ ਵਿਚ ਸੀ ਉਹ।ਉਨ੍ਹਾਂ ਨੇ ਨਾਨਕ ਜੀ ਬਾਰੇ ਉਦਾਸ ਜੇਹੀ ਖਬਰ ਸੁਣੀ ਹੈ; ਮੈਨੂੰ ਤਾਂ
ਉਨ੍ਹਾਂ ਨੇ ਨਾਨਕ ਜੀ ਦੀ ਖਬਰ ਲੈਣ ਲਈ ਏਥੇ ਭੇਜਿਆ ਹੈ। ਐਸ ਵੇਲੇ ਨਾਨਕ ਜੀ ਹੈ ਕਿਥੇ?
ਉਨ੍ਹਾ ਦੀ ਸੁਖ ਸਾਰ ਤਾਂ ਲਵਾਂ !
ਤਾਂ ਬੇਬੇ ਨਾਨਕੀ ਨੇ ਆਖਿਆ -ਮਰਦਾਨੇ! ਤੂੰ ਖੁਦ ਹੀ ਆਪਣੇ ਛੋਟੇ ਵੀਰ ਨੂੰ ਜਾ ਕੇ ਵੇਖ ਲੈ
ਉਸ ਕੋਲੋਂ ਸੁਖ ਸਾਂਦ ਪੁੱਛ ਲਵੀਂ।ਬਾਹਰ ਵੱਡਾ ਸਾਰਾ ਜੰਗਲ ਹੈ ਉਥੇ ਕਿਧਰੇ ਆਸਨ ਲਾਈ ਬੈਠਾ
ਹੋਵੇਗਾ ਤੈਨੂੰ ਉਹ ਖੁਦ ਹੀ ਦੱਸ ਦੇਵੇਗਾ ਉਸ ਦੇ ਚਿੱਤ ਵਿਚ ਕੀ ਹੈ?
ਭਾਈ ਮਰਦਾਨਾ ਭੋਜਨ ਵਗੈਰਾ ਛਕ ਕੇ ਘਣੇ ਜੰਗਲ ਵੱਲ ਤੁਰ ਪਿਆ। ਕੋਲ ਜਾ ਕੇ ਵੇਖਿਆ , ਗੁਰੂ
ਬਾਬਾ ਸੱਚੀਂ ਅਜੀਬ ਜੇਹਾ ਭੇਸ ਬਣਾਈ ਬੈਠਾ ਸੀ। ਉਹ ਸੋਚੀਂ ਪੈ ਗਿਆ- ਨਾਨਕ ਜੀ ਤਾਂ ਸੱਚੀਂ
ਫਕੀਰ ਬਣਿਆ ਬੈਠਾ। ਇਸ ਨੇ ਇਹ ਕੀ ਕਰ ਲਿਆ ; ਕਿੰਨੀ ਸੋਹਣੀ ਮੋਦੀਖਾਨੇ ਦੀ ਕਿਰਤ ਸੀ।ਪਿੱਛੇ
ਤਲਵੰਡੀ ਵੀ ਕਾਸੇ ਦਾ ਘਾਟਾ ਨਹੀਂ ਸੀ ; ਇਸ ਨੂੰ ਇਉਂ ਕਰਨ ਦੀ ਕਿਉਂ ਲੋੜ ਪੈ ਗਈ ।ਭਗਵੇਂ
ਪਹਿਨ ਕੇ ਕੀ ਬਣਿਆ ਬੈਠਾ ਹੈ?- ਵੇਖ ਕੇ ਦੂਜੇ ਪਲ ਹੀ ਉਹ ਸਮਝ ਗਿਆ ।ਉਸ ਨੂੰ ਗੁਰੂ ਬਾਬੇ
ਦੇ ਅਸਲ ਪ੍ਰਜੋਜਨ ਦਾ ਚੇਤਾ ਆ ਗਿਆ , ਗੁਰੂ ਬਾਬਾ ਜੀ ਦੇ ਕਹੇ ਦਾ ਚੇਤਾ ਆ ਗਿਆ -ਮਰਦਾਨੇ
!ਕੰਨਿਆ ਦਾ ਵਿਆਹ ਕਰ ਕੇ ਛੇਤੀ ਆ ਜਾਵੀਂ-। ਭਾਈ ਮਰਦਾਨਾ ਕਦਮ ਪੁੱਟ ਕੇ ਗੁਰੂ ਬਾਬਾ ਜੀ ਦੇ
ਕੋਲ ਚਲਾ ਗਿਆ ਤੇ ਦੁਆ ਸਲਾਮ ਕਰਕੇ ਉਸ ਨੇ ਪੁੱਛਿਆ- ਜੀ ! ਆਹ ਕੀ ਭੇਸ ਧਾਰ ਲਿਆ
ਹੈ।ਫੱਕਰਾਂ ਵਾਲਾ ਬਾਣਾ ? ਆਹ ਸਿਰ ਤੇ ਕੀ ਅਜੀਬ ਜੇਹਾ ਅੰਗੋਸ਼ਾ ਹੈ?ਮੜੀਆਂ ਮਸਾਣਾਂ ਚ
ਡੇਰਾ ਕਿਉਂ ਲਾ ਰੱਖਿਆ ਹੈ?
ਨਿਕਟਿ ਬੈਠਿ ਪੁਨਿ ਬਚਨ ਉਚਾਰਾ। ਕੇਸੋ ਬੇਖ ਸਰੀਰ ਸੁ ਧਾਰਾ॥33॥(9Ϋ)
ਭਾਈ ਮਰਦਾਨੇ ਦੀਆਂ ਸਾਰੀਆਂ ਕਹੀਆਂ ਗੱਲਾਂ ਅਣਸੁਣੀਆਂ ਕਰਦੇ ਹੋਏ ਗੁਰੂ ਬਾਬਾ ਜੀ ਆਖਿਆ- ਜਦ
ਅਸੀਂ ਤਲਵੰਡੀਉਂ ਸੁਲਤਾਨਪੁਰ ਚੱਲੇ ਸਾਂ ਤਾਂ ਤੈਨੂੰ ਕੀ ਆਖਿਆ ਸੀ - ਮਰਦਾਨੇ ਛੇਤੀ ਆ
ਜਾਵੀਂ ;ਪਰ ਤੂੰ ਆਉਂਦੇ ਆਉਂਦੇ ਦੇਰ ਬੜੀ ਕਰ ਦਿੱਤੀ।ਤੈਨੂੰ ਬਹੁਤ ਪਹਿਲਾਂ ਆ ਜਾਣਾ ਚਾਹੀਦਾ
ਸੀ।ਸਾਰੀਆਂ ਗੱਲਾਂ ਛੱਡ ; ਤੂੰ ਹੁਣ ਅਸਾਂ ਕੋਲ ਹੀ ਰਹਿਣਾ ਹੈ ਤੇ ਜਾਣ ਦੀ ਮਨ ਚੋਂ ਵਿਚਾਰ
ਵਿਸਾਰ ਦੇ।ਆਪਾਂ ਵੱਡੇ ਕਾਜ ਤੇ ਚੜ੍ਹਨਾ ਹੈ-।
ਗੁਰੂ ਬਾਬਾ ਜੀ ਦੇ ਅਲਫਾਜ਼ ਸੁਣ ਕੇ ਭਾਈ ਮਰਦਾਨਾ ਜੀ ਨੇ ਬੜੀ ਮੱਧਮ ਜੇਹੀ ਅਵਾਜ਼ ਵਿਚ ਅਰਜ਼
ਗੁਜ਼ਾਰਦਿਆਂ ਆਖਿਆ- ਜੀ! ਮੈਨੂੰ ਤਾਂ ਪਿਤਾ ਮਹਿਤਾ ਕਾਲੂ ਨੇ ਤੁਹਾਡੀ ਖਬਰ ਲੈਣ ਲਈ ਭੇਜਿਆ
ਹੈ ਤੇ ਮੈਂ ਤੁਰੰਤ ਹੀ ਆ ਗਿਆ। ਬੀਬੀ(ਮਾਤਾ ਤ੍ਰਿਪਤਾ) ਜੀ ਹੁਰੀਂ ਮੇਰੀ ਉਡੀਕ ਕਰ ਰਹੇ
ਹੋਣਗੇ ਇਸ ਲਈ ਉਨ੍ਹਾ ਕੋਲ ਜਾਣਾ ਵੀ ਬਹੁਤ ਜਰੂਰੀ ਹੈ ।-
ਗੁਰੂ ਬਾਬਾ ਜੀ ਨੇ ਫਿਰ ਮਰਦਾਨੇ ਦੇ ਹਿਰਦੇ ਨੂੰ ਦ੍ਰਿੜ ਕਰਾਂਉਂਦੇ ਹੋਏ ਤੇ ਉਸ ਦੇ ਮਨ ਦੀ
ਦੁਬਿਧਾ ਨੂੰ ਭਾਂਪਦੇ ਹੋਏ ਆਖਿਆ- ਵੇਖ ਮਰਦਾਨੇ! ਸਾਡੇ ਸਫਰਾਂ ਦੇ ਪੰਧ ਤੇ ਬਹੁਤ ਕਸ਼ਟ ਤੇ
ਬਖੇੜੇ ਹੋਣਗੇ, ਭੁੱਖਾਂ ਤੇਹਾਂ ਦੇ ਸਮੇਂ ਹੋਣਗੇ, ਅਜਬ ਅਜਬ ਤਰਾਂ ਦੇ ਲੋਕਾਂ ਨਾ ਵਾਸਤਾ
ਪਵੇਗਾ ਅਤੇ ਭਿਆਨਕ ਥਾਵਾਂ ਤੋਂ ਦੀ ਗੁਜ਼ਰਦਿਆ ਅਸਹਿ ਤੰਗੀਆਂ ਤਕਲੀਫਾਂ ਨੂੰ ਝੱਲਣਾ ਹੋਵੇਗਾ।
ਕੋਈ ਸ਼ੱਕ ਨਹੀਂ ਦੁਨਿਆਵੀ ਸੁਖ ਅਨੰਦ ਘਰਾਂ ਚੋਂ ਹੀ ਮਿਲਦੇ ਹਨ। ਘਰ ਪਰਿਵਾਰਾਂ ਚ ਰਹਿ ਕੇ
ਹੀ ਦਿਲ ਪਰਚਦਾ ਹੈ ਸੁਖ ਅਰਾਮ ਭੋਗਣ ਲਈ ਘਰ ਗ੍ਰਿਹਸਤੀ ਤੋਂ ਉਪਰ ਕੁਝ ਨਹੀਂ ;ਸਾਡੇ ਨਾਲ
ਤਾਂ ਭੁੱਖ ਨੰਗ ਹੀ ਹੋਵੇਗੀ।ਵਣਾਂ ਝਾੜਾਂ ਚ ਕੰਡੇ ਕਸੀਰ ਅਤੇ ਗਰਮੀਆਂ ਸਰਦੀਆਂ ਨਾਲ ਜੂਝਣਾ
ਹੋਵੇਗਾ।ਭੋਜਨ ਵਸਤਰ ਪਤਾ ਨਹੀਂ ਕਿਸੇ ਵੇਲੇ ਮਿਲਣ ਜਾਂ ਨਾ।ਵੇਖ! ਸੁਖਾਲੀ ਜ਼ਿੰਦਗੀ ਭੋਗਣੀ
ਹੈ ਤਾਂ ਤੇਰੇ ਲਈ ਤਲਵੰਡੀ ਠੀਕ ਹੈ ਆਪਣੇ ਘਰ ਪਰਵਾਰ ਵਿਚ ਰਹਿ ਤੇ ਅਨੰਦ ਮਾਣ। ਪਰ ਜੇ ਤੂੰ
ਇਨ੍ਹਾਂ ਆਰਜ਼ੀ ਸੁਖਾਂ ਤੋਂ ਉਪਰ ਉਠਣਾ ਹੈ , ਕਾਇਨਾਤ ਦੇ ਰੰਗਾਂ ਨੂੰ ਤੱਕਣਾ ਆਪਣੇ ਆਪ ਨੂੰ
ਸੁਧਾਰਨਾ ਸੰਵਾਰਨਾ ਦੁਨੀਆ ਨੂੰ ਜਾਣਨਾ ਹੈ ਤਾਂ ਜਾਣ ਦਾ ਮਨ ਬਣਾਈਂ ਨਹੀਂ ਤਾਂ ਤੈਨੂੰ
ਤਲਵੰਡੀ ਮੁਬਾਰਕ ।
ਸੁਖ ਭੋਗਨ ਜੇ ਪਯਾਸ ਬਿਲਾਸਾ। ਤੌ ਜਾਵਹੁ ਕਾਲੂ ਪਿਤ ਪਾਸਾ ।
ਬੈਸਨ ਰਹਨਿ , ਮਿਲਨ ਪਰਵਾਰਾ ।ਏ ਬਾਤੈਂ ਸਭਿ ਮੱਧ ਅਗਾਰਾ॥51॥(10Ϋ)
ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੁੰ ਜਾਪਿਆ ਜਿਵੇਂ ਬਾਬਾ ਜੀ ਨੇ ਕੋਈ
ਤਾਹਨਾ ਮਾਰਿਆ ਹੋਵੇ।ਉਹ ਦੀਨ ਜੇਹਾ ਹੋ ਕੇ ਬੋਲਿਆ- ਜੀ!ਅਸੀਂ ਛੋਟੇ ਲੋਕ ਹਾਂ ਕਦੇ ਕਦੇ
ਛੋਟੀਆਂ ਗਿਣਤੀਆ ਮਿਣਤੀਆਂ ਚ ਪੈ ਜਾਂਦੇ ਹਾਂ।ਗਿਆਨ ਪ੍ਰਾਪਤੀ ਲਈ ਤਾਂ ਹੁਣ ਭੁੱਲ ਕੇ ਵੀ
ਆਪ ਨਾਲੋਂ ਵਿਛੜਨਾ ਔਖਾ ,ਆਪ ਦੇ ਸਾਥ ਨਾਲ ਇਹ ਧੁੱਪਾਂ ਛਾਵਾਂ ਕੱਟਣੀਆਂ ਕੀ ਮੁਸ਼ਕਲ ।ਆਪ ਦੀ
ਸੰਗਤ ਚ ਭੁੱਖਾਂ ਤ੍ਰੇਹਾਂ ਕੇਹੀਆਂ ? ਮੇਰਾ ਸ਼ੁਭ ਕਰਮ ਹੈ ਜੋ ਅਤਿ ਦੇ ਨੀਚ ਤੇ ਇਕ ਡੂਮ
ਮਿਰਾਸੀ ਨੂੰ ਦੁਨੀਆ ਤੱਕਣ ਦਾ ਕਰਮ ਪ੍ਰਾਪਤ ਹੋਇਆ ।ਕਿੰਨਾਂ ਸੁਭਾਗਾ ਵਕਤ ਹੋਵੇਗਾ ਜਦ
ਕੁਦਰਤੀ ਵਰਤਾਰੇ ਦੇ ਦੀਦਾਰ ਕਰਾਂਗਾਂ ਖੁੱਲੇ ਅਸਮਾਨਾਂ ਹੇਠ ਅਦੁੱਤੀ ਸੰਗੀਤ ਦੀਆਂ ਧੁਨੀਆਂ
ਦੀ ਬਾਰਸ਼ ਦਾ ਅਨੰਦ ਮਾਣਾਗਾਂ।ਜੀ!ਸੱਚ ਜਾਣੋ ਮੇਰੀਆਂ ਸਾਰੀਆਂ ਬੇਅਰਥੀ ਸੰਕਲਪੀਆਂ ਇੱਛਾਵਾਂ
ਖਤਮ ਹੋ ਗਈਆਂ ਮੈਂ ਹਮੇਸ਼ਾ ਲਈ ਆਪ ਦੇ ਦੁਖ ਸੁਖ ਚ ਸਾਥ ਨਿਭਾਵਾਂਗਾ ।ਇਹ ਜ਼ਿੰਦਗੀ ਹੁਣ ਆਪ
ਦੇ ਲੇਖੇ ;
ਪ੍ਰਭੁ ਜੀ ਤ੍ਰਿਸਨਾ ਮਨ ਤੇ ਮੂਕੀ ।ਆਨ ਜਾਨਿ ਕੀ ਆਸਾ ਚੂਕੀ।
ਤੁਮ ਸਮਾਨ ਕੋ ਨਦਰਿ ਨ ਆਵੈ। ਦਿਨਕਰ ਪਿਖ ਖੱਦਯੋਤ ਨ ਭਾਵੈ॥53॥(11Ϋ)
ਗੁਰੂ ਬਾਬਾ ਜੀ ਨੇ ਫਿਰ
ਇਕ ਦਿਨ ਥਿਰਤਾ ਧਾਰ ਚੁੱਕੇ ਭਾਈ ਮਰਦਾਨਾ ਜੀ ਨੂੰ ਪੁੱਛਿਆ- ਮਰਦਾਨੇ! ਤੇਰੀ ਰਬਾਬ ਕਿਥੇ
ਹੈ?-। ਉਸ ਆਖਿਆ - ਜੀ ਜਦ ਆਪ ਤਲਵੰਡੀ ਛੱਡ ਕੇ ਇਧਰ ਸੁਲਤਨਪੁਰ ਆ ਗਏ ਸੀ ,ਰਬਾਬ ਤਾਂ ਉਦੋਂ
ਤੋਂ ਹੀ ਤਾਰਾਂ ਢਿੱਲੀਆਂ ਕਰ ਕਿੱਲੀ ਤੇ ਟੰਗ ਦਿੱਤੀ ਸੀ-।ਤਾਂ ਗੁਰੂ ਬਾਬਾ ਜੀ ਆਖਿਆ-
ਮਰਦਾਨੇ! ਜੰਗਲ ਵਿਚ ਇਕ ਗਿਰਾਉਂ ਜਟਾਂ ਦਾ ਹੈ । ਦੁਹਾਂ ਨਦੀਆਂ ਦੇ ਵਿਚ ਇਹ ਥਾਂ ਹੈ ਉਥੇ
ਇਕ ਰਬਾਬੀ ਰਹਿੰਦਾ। ਉਸ ਦਾ ਨਾਉ ਫਿਰੰਦਾ ਸੱਦਦੇ ਹਨ; ਫੇਰੂ ਭੀ ਸੱਦਦੇ ਹਨ।ਤੂੰ ਸਾਡਾ ਨਾਉਂ
ਲਈਂ ਉਹ ਤੈਨੂੰ ਦੇ ਦੇਵੇਗਾ। ਪੈਸੇ ਬੇਬੇ ਨਾਨਕੀ ਜੀ ਪਾਸੋਂ ਲੈਂਦਾ ਜਾਵੀਂ-।
ਭਾਈ ਮਰਦਾਨਾ ਬੇਬੇ ਨਾਨਕੀ ਕੋਲੋਂ ਪੈਸੇ ਲੈਕੇ ਤੀਜੇ ਦਿਨ ਫਿਰੰਦੇ ਨੂੰ ਜਾ ਮਿਲਿਆ। ਉਸ
ਕੋਲੋਂ ਰਬਾਬ ਲੈ ਕੇ ਉਹ ਗੁਰੂ ਬਾਬਾ ਜੀ ਪਾਸ ਆ ਗਿਆ । ਉਸ ਨੇ ਸੁਰ ਕਰਕੇ ਤਰੰਗਾਂ ਛੇੜੀਆਂ
ਤਾਂ ਐਸੀ ਧੁਨੀ ਉਪਜੀ ; ਦੁਨੀਆਂ ਨੂੰ ਮੋਹਿਤ ਕਰਦੀ ਲੱਗੀ।
ਗੁਰੂ ਬਾਬਾ ਜੀ ਇਕ ਮਨੋਰਥ ਨੂੰ ਹਿਰਦੇ ਵਿਚ ਵਸਾ ਕੇ- ਸਮਾਜ ਦੀ ਸਮਾਜਿਕ ਆਰਥਕ ਧਾਰਮਿਕ ਦਸ਼ਾ
ਦਿਨ ਬ ਦਿਨ ਬਹੁਤ ਹੀ ਬਦਤਰ ਰੂਪ ਹੋ ਰਹੀ ਹੈ।ਧਾਰਮਕ ਆਗੂ ਕਪਟੀ ਲਾਲਚੀ ਫਰੇਬੀ ਹੋ ਚੁੱਕੇ
ਹਨ-।
ਕਾਦੀ ਕੂੜੁ ਬੋਲਿ ਮਲੁ ਖਾਇ।
ਬ੍ਰਾਹਮਣੁ ਨਾਵੈ ਜੀਆ ਘਾਇ।
ਜੋਗੀ ਜੁਗਤਿ ਨ ਜਾਣੈ ਅੰਧੁ।
ਤੀਨੇ ਓੁਜਾੜੇ ਕਾ ਬੰਧੁ। ( ਗੂ. ਗ੍ਰੰ. ਸਾਹਿਬ ਪੰਨਾ 661 )
ਹੁਕਮਰਾਨ,ਆਪਣੇ ਫਰਜ਼ਾਂ ਨੂੰ ਭੁੱਲ ਗਏ ਹਨ, ਊਚ ਨੀਚ, ਜਾਤ ਪਾਤ ਜ਼ੋਰਾਂ ਤੇ ਹੈ; ਵਹਿਮਾਂ
ਭਰਮਾਂ ਕਰਮ ਕਾਂਡਾਂ ਦਾ ਬੋਲ ਬਾਲਾ, ਕਦਰਾਂ ਕੀਮਤਾਂ ਵਿਚ ਨਿਘਾਰ, ਆਲੂਦਗੀ ਦਾ ਪਸਾਰਾ ਅਤੇ
ਭੋਲੇ ਭਾਲੇ ਕਿਰਤੀ ਲੋਕਾਂ ਨੂੰ ਭਰਮਾਇਆ,ਕੁਰਾਹੇ ਪਾਇਆ ਜਾ ਰਿਹਾ-। ਗੁਰੂ ਬਾਬਾ ਜੀ, ਭਟਕੀ
ਹੋਈ ਦੁਨੀਆ ਨੂੰ-ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ-।ਤਾਂ ਉਹ- ਚੜ੍ਹਿਆ
ਸੋਧਣ ਧਰਤਿ ਲੋਕਾਈ. .ਦੇ ਖਾਸ ਪ੍ਰਜੋਜਨ ਹਿਤ , ਇਕ ਨਿਆਰੇ ਮਾਰਗ ਨੂੰ ਹੋਂਦ ਵਿਚ ਲਿਆਉਣ ਲਈ
ਉਨ੍ਹਾਂ ਪਹਿਲੀ ਉਦਾਸੀ ਦੇ ਸਫਰਾਂ ਵੱਲ ਚਾਲੇ ਪਾ ਦਿਤੇ ; ਆਪਣੇ ਪੁਰਾਣੇ ਸੰਗੀ ਨੂੰ ਨਾਲ ਲੈ
ਘਰ ਗ੍ਰਿਹਸਤੀ ਨੂੰ ਅਲਵਿਦਾ ਫਰਮਾ ਦਿਤੀ ।ਤੇ ਉਧਰ ਭਾਈ ਮਰਦਾਨਾ ਜੀ ਨੇ ਵੀ ਆਪਣੇ ਗਰੀਬੜੇ
ਘਰ ਵਾਲਿਆਂ ਨੂੰ ਆਖਰੀ ਸਲਾਮ ਕਰ ਅਦੁੱਤੀ ਰਬਾਬ ਮੋਢੇ ਤੇ ਟਿਕਾ ਰੁਖਸਤੀ ਲੈ ਲਈ ।
ਮਰਦਾਨਾ ਢਾਡੀ ਲਿਆ ਸੰਗ ।ਸੰਜੋਗ ਪੁਰਾਤਨ ਮਿਲਓ ਅਭੰਗ।
ਤਬਿ ਸਤਿਗੁਰ ਜੀ ਕੀਆ ਪਇਆਨਾ ਆਗੈ ਪ੍ਰਭ ਪੀਛੇ ਮਰਦਾਨਾ॥10॥ਮ: ਪ੍ਰ॥(12Ϋ)
ਗੁਰੂ ਬਾਬਾ ਜੀ ਨਾਲ ਮੁਦੱਬਿਰ ਲੋਕਾਂ ਦੀਆਂ ਹੋਈਆਂ ਗੋਸ਼ਟੀਆਂ ਮੁਲਕਾਤਾਂ ਨੇ ਸੰਸਾਰੀ ਦੁਨੀਆ
ਦੇ ਗੁੱਝੇ ਰਹੱਸਾਂ ਨੁੰ ਖੋਲ੍ਹਿਆ । ਭਾਈ ਮਰਦਾਨੇ ਦੀ ਜ਼ੁਬਾਨ ਚੋਂ ਉਪਜੇ ਸਵਾਲ ਤੇ ਗੁਰੂ
ਬਾਬਾ ਜੀ ਦੇ ਮੁਖਾਰਬਿੰਦ ਤੋਂ ਉਪਜੇ ਜਵਾਬ.. ਮਾਨਵਤਾ ਦੇ ਭਲੇ ਦਾ ਗਿਆਨ ਦਾ ਮਾਰਗ ਦਰਸ਼ਨ
ਬਣੇ , ਗਹਿਰੇ ਭੇਦਾਂ ਨੂੰ ਪ੍ਰਕਾਸ਼ਮਾਨ ਕਰਨ ਦਾ ਕਾਰਨ ਬਣੇ।
ਉਹ ਭਾਈ ਲਾਲੋ ਕੋਲ ਗਏ ਉਸ ਦੀ ਹੱਕ ਸੱਚ ਦੀ ਰੋਟੀ ਦੀ ਗੱਲ ਪ੍ਰਗਟ ਹੋਈ।ਮਲਿਕ ਭਾਗੋ ਦੇ
ਹੰਕਾਰ ਦੀ ਹੇਠੀ ਹੋਈ।ਗੁਰੂ ਬਾਬਾ ਜੀ ਦੂਜੇ ਧਰਮਾਂ ਫਿਰਕਿਆਂ ਸਮੁਦਾਇਆਂ ਦੇ ਡੇਰਿਆਂ
ਨਿਵਾਸਾਂ ਤੇ ਗਏ ਤਾਂ ਭਾਈ ਮਰਦਾਨਾ ਨਾਲ ਗਿਆ, ਨਾਲ ਰਿਹਾ । ਹੋਰਨਾਂ ਧਰਤੀਆਂ ਦੇ ਜੋਗੀਆਂ
ਫਕੀਰਾਂ ਸਿੱਧਾ ਪੰਡਤਾਂ ਪਾਂਡਿਆਂ ਬੋਧੀਆਂ ਜੈਨੀਆਂ ਮੁਸਲਮਾਨ ਫਕੀਰਾਂ ਕਾਜ਼ੀਆਂ ਤੇ
ਮੁਲਾਣਿਆਂ ਨਾਲ ਗੁਰੂ ਬਾਬਾ ਜੀ ਦੇ ਹੋਏ ਵਚਨ ਪਰਵਚਨ ਹੋਈਆਂ ਵਿਚਾਰਾਂ ਤਕਰਾਰਾਂ ਨੂੰ
ਕੰਨ੍ਹੀਂ ਸ੍ਰਵਣ ਤੇ ਆਪਣੇ ਅੱਖੀਂ ਵੇਖਣ ਦਾ ਸੁਭਾਗ ਭਾਈ ਮਰਦਾਨਾ ਜੀ ਨੂੰ ਹੋਇਆ।
ਭਾਈ ਮਰਦਾਨਾ ਦੇਸਾਂ ਦੇਸ਼ਾਤਰਾਂ ਦੇ ਚਰਚਿਤ , ਨਾਮਵਰ ਅਸਥਾਨਾਂ ਤੇ ਗਿਆ ਤਾਂ ਉਸ ਨੂੰ
ਦਰਸ਼ਨਾਂ ਤੋਂ ਇਲਾਵਾ ਦੂੁਰ ਦਰੇਡ ਦੀ ਧਰਤੀਆਂ ਤੇ ਹੁੰਦੇ ਚੰਗੇ ਮਾੜੇ ਸੱਚ-ਖੋਟ ਅਤੇ
ਪਖੰਡਵਾਦ ਕਰਮਾਂ ਕੁਕਰਮਾਂ ਦਾ ਪਤਾ ਲੱਗਾ।
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥਿ ਜਾਤ੍ਰੀ ਮੇਲੇ।
ਡਿਠੇ ਹਿੰਦੂ ਤੁਰਕਿ ਸਭਿ ਪੀਰ ਪੈਕੰਬਰਿ ਕਉਮਿ ਕਤੇਲੇ॥13॥-ਭਾ: ਗੁ:
ਜਦ ਉਹ ਗੰਗਾ ਇਸ਼ਨਾਨ ਲਈ ਹਰਦੁਆਰ ਗਏ ਤਾਂ ਉਥੇ ਭਾਈ ਮਰਦਾਨਾ ਜੀ ਨੇ ਯਾਤਰੂਆਂ ਨੂੰ ਗੰਗਾਂ
ਚ ਇਸ਼ਨਾਨ ਕਰਦੇ ਵੇਲੇ ਚੁੱਭੀ ਲਾਉਂਦੇ ਵੇਖਿਆ । ਉਸ ਨੇ ਗੁਰੂ ਬਾਬੇ ਜੀ ਅੱਗੇ ਅਰਜ਼ ਗੁਜ਼ਾਰੀ
- ਜੀ ! ਏਤਨੇ ਲੋਕ ਗੰਗਾ ਤੀਰਥਿ ਆਏ, ਇਨ੍ਹਾ ਘਰ ਛੱਡੇ ਕੰਮ ਸੰਸਾਰ ਕੇ ਛੱਡੇ ,ਸਭ ਸ਼ੋਕ ਛੱਡ
ਕਰ ਇਹ ਜਿ ਤੀਰਥ ਆਏ,ਇਸਨਾਨ ਕੀਆ, ਕਿਛੁ ਮੈਲੁ ਉਤਰੀ, ਕਿ ਪਾਪ ਕੀ ਮੈਲ ਨ ਉਤਰੀਆ? ਜੀ !
ਜਿਉਂ ਹੈ ਕਥਾ ਤਿਉਂ ਸਮਝਾਈਐ ਜੀ! ਤਾਂ ਗੁਰੁ ਬਾਬਾ ਜੀ ਨੇ ਫਰਮਾਇਆ (13Ϋ)
ਨਾਵਣ ਚਲੇ ਤੀਰਥੀ, ਮਨਿ ਖੋਟੈ ਤਨਿ ਚੋਰੁ॥ ਇਕੁ ਭਾਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ
।ਬਾਹਰਿ ਧੋਤੀ ਤੂਮੜੀ, ਅੰਦਰਿ ਵਿਸੁ ਨਿਕੋਰੁ।ਸਾਧ ਭਲੇ ਅਣਨਾਤਿਆ, ਚੋਰ ਸਿ ਚੋਰਾ ਚੋਰ
।ਗੁ:ਗ੍ਰੰ ਪੰ. 798॥
ਨਾਨਕ ਦਾਸ ਨਾਵਣੁ ਭਲਾ ਜੇ ਗੁਰੁ ਮਿਲਿ ਜਪੀਐ ਰਾਮ। ਸਾਸਿ ਸਾਸਿ ਹਰਿ ਸਿਮਰੀਐ ਤਾ ਜੰਮ ਸੈਉ
ਨਾਹੀ ਕਾਮੁ ॥ਜਨਮ ਸਾਖੀ ਸ੍ਰੀ ਮੇਹਰਵਾਨ ਜੀ॥
ਫਿਰ ਗੁਰੂ ਬਾਬਾ ਜੀ , ਭਾਈ ਮਰਦਾਨਾ ਜੀ ਨੂੰ ਇਹ ਕਹਿ ਕੇ - ਮਰਦਾਨੇ! ਸਪਤ ਪੁਰੀਆਂ ਜੋ
ਮੁਕਤ-ਗਾਮਨੀ ਕਹੀ ਦੀਆਂ ਨਿਤਨ ਮੇਂ ਇਕ ਮਥੁਰਾ ਪੁਰੀ ਹੈ ਜਿਥੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ
ਨੇ ਜਨਮ ਲਿਆ , ਬ੍ਰਿਜ ਵਿਚ ਜਸੋਧਾਂ ਅਰ ਨੰਦ ਕੇ ਘਰ ਮੇਂ ਕਲੋਲ ਕੀਏ ਹੈਂ ਅਰ ਗੁਵਰਧਨ ਪਰਬਤ
ਪਰ ਗਊਆਂ ਚਰਾਈਆਂ ਹੈਂ , ਚਲ ਕੇ ਜਮੁਨਾ ਕੇ ਦਰਸ਼ਨ ਕਰੀਏ -। ਗੁਰੂ ਬਾਬਾ ਜੀ ਇਹ ਕਹਿ ਕੇ
ਭਾਈ ਮਰਦਾਨਾ ਜੀ ਨੂੰ ਲੈ ਕੇ ਮੇਲੇ ਤੇ ਗਏ ।(14Ϋ)
ਫਿਰ ਚਲਦੇ ਚਲਦੇ ਦੋਨੋਂ ਗੋਰਖਮਤਾ ਪਹੁੰਚ ਗਏ। ਸਾਰੇ ਸਿੱਧ ਸਿਵਰਾਤ ਦੇ ਮੇਲੇ ਤੇ ਏਥੇ ਆ
ਰਹੇ ਸਨ ਏ ।ਉਨ੍ਹਾਂ ਪਿੱਪਲ ਹੇਠ ਆਸਨ ਲਾ ਲਿਆ ।ਬਾਬਾ ਜੀ ਦੀ ਸਿੱਧਾਂ ਨਾਲ ਲੰਮੀ ਵਿਚਾਰ
ਚਰਚਾ ਹੋਈ ।15Ϋ)
ਫਿਰ ਗੁਰੂ ਬਾਬਾ ਜੀ ਨੇ ਆਖਿਆ ਮਰਦਾਨੇ ਅਜੁਧਿਆ ਨਗਰੀ ਸ੍ਰੀ ਰਾਮ ਚੰਦਰ ਕੀ ਹੈ ਚੱਲ ਦਰਸ਼ਨ
ਕਰਦੇ ਹਾਂ। ਉਹ ਉਥੇ ਪਹੁੰਚੇ ਤੇ ਨਦੀ ਦੇ ਕਿਨਾਰੇ ਜਾ ਬੈਠੈ। ਉਸ ਤੋਂ ਬਾਅਦ ਉਹ ਕਾਂਸੀ ਚਲੇ
ਗਏ ਤੇ ਫਿਰ ਜਗਨ ਨਾਥ ( ਜਗਨ ਦੁਆਰੇ) ਜਾ ਪਹੁੰਚੇ। ਜਿਥੇ ਉਨ੍ਹਾ ਨੇ ਪਾਂਡਿਆ ਦਾ ਭਰਮ
ਤੋੜਿਆ।ਉਸ ਤੋਂ ਬਾਅਦ ਉਹ ਮੁਲਤਾਨ ਦੇਸ਼ ਵੱਲ ਚਲੇ ਗਏ।
ਭਾਈ ਮਰਦਾਨਾ ਮੁਸਲਮਾਨ ਸੀ ਪਰ ਉਹ ਕੱਟੜ ਨਹੀਂ ਸੀ। ਉਸ ਦੇ ਹਿਰਦੇ ਅੰਦਰ ਦੂਜੇ ਮਜਹਬਾਂ
ਧਰਮਾਂ ਪ੍ਰਤੀ ਖੋਟ ਨਹੀਂ ਸੀ।ਉਸ ਦੇ ਹਿਰਦੇ ਅੰਦਰ ਵੀ ਸਾਂਝੀਵਾਲਤਾ ਦਾ ਸੰਕਲਪ ਸਥਾਪਤ ਹੋ
ਗਿਆ ਸੀ। ਸਫਰਾਂ ਦੌਰਾਨ ਭਾਈ ਮਰਦਾਨਾ ਜੀ ਦੀਆਂ ਗੁਰੁ ਜੀ ਨਾਲ ਹੋ ਰਹੀਆਂ ਗੱਲਾਂ ਜ਼ਾਹਰ
ਕਰਦੀਆਂ ਹਨ ਕਿ ਭਾਈ ਮਰਦਾਨੇ ਅੰਦਰ ਵੀ ਦੁਨੀਆਂ ਨੂੰ ਤੱਕਣ ਦੀ ਤੀਬਰ ਭੁੱਖ ਸੀ ।ਗੁਰੁ ਜੀ
ਸਮੁੰਦਰੀ ਟਾਪੂਆਂ ਦੇ ਰਾਜਿਆਂ ਸੁਧਰਸੈਨ, ਮਧੂਰਬੈਨ ਅਤੇ ਕੰਵਲਨੈਨ ਵੱਲ ਗਏ ਤਾਂ ਗੁਰੂ ਬਾਬਾ
ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ - ਮਰਦਾਨੇ!ਚੱਲ ਤੈਨੁੰ ਹੁਣ ਸੁਮੇਰ ਪਰਬਤ ਤੇ ਲੈ ਕੇ
ਚਲਦੇ ਹਾਂ ਅਤੇ ਸਿਧਾਂ ਨਾਲ ਮਿਲਾਂਉਂਦੇ ਹਾਂ।ਉਨ੍ਹਾਂ ਦਾ ਸੁਆਮੀ ਗੋਰਖ ਨਾਥ ਹੈ ਜੋ ਆਪਣੇ
ਆਪ ਨੂੰ ਜਗਤ-ਗੁਰੁ ਕਹਾਂਉਂਦਾ। ਉਸ ਵੇਲੇ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਤੇ ਆਖਿਆ - ਜੀ!
ਮੱਕਾ ਅਤੇ ਮਦੀਨਾ ਜੋ ਦੋ ਸ਼ਹਿਰ ਹਨ ਉਨਾਂ ਦੀ ਵਡਿਆਈ ਮੈਂ ਆਪਣੇ ਕੰਨੀਂ ਬਹੁਤ ਸੁਣੀ ਹੈ;
ਤੁਰਕ ਉਸ ਦੀ ਬਹੁਤ ਤਾਰੀਫ ਕਰਦੇ ਹਨ।ਉਨਾਂ ਦੀ ਰਚਨਾ ਬਹੁਤ ਸੋਹਣੀ ਕੀਤੀ ਦੱਸੀ ਹੈ।ਮੇਰੇ
ਚਿਤ ਵਿਚ ਉਨ੍ਹਾਂ ਨੂੰ ਤੱਕਣ ਦੀ ਜਾਣਨ ਦੀ ਜਗਿਆਸਾ ਹੈ ।
ਤੁਰਕ ਤਰੀਫ ਕਰਤਿ ਜੇਹ ਭੂਰੀ ।ਤਾਂ ਕੀ ਬਨਤ ਬਤਾਵਤਿ ਰੂਰੀ ।
ਰਹਯੋ ਸੋ ਹਮ ਤੇ ਕਿਹ ਦਿਸ਼ ਮਾਂਹੀ । ਰਿਦੇ ਬਿਸ਼ੇਖ ਬਿਲੋਕਨਿ ਚਾਹੀ॥14॥(16Ϋ)
ਤਾਂ ਬਾਬਾ ਨਾਨਕ ਜੀ ਨੇ ਆਖਿਆ ਉਹ ਤਾਂ ਮਰਦਾਨਿਆ ਬਹੁਤ ਦੂਰ ਰਹਿ ਗਏ ਹਨ। ਤਾਂ ਮਰਦਾਨੇ ਨੇ
ਫਿਰ ਹੱਥ ਜੋੜ ਬੇਨਤੀ ਕੀਤੀ -ਜੀ! ਆਪ ਦੇ ਲਈ ਕੋਈ ਦੂਰੀ ਨਹੀਂ ਆਪ ਦੂਰੀਆਂ ਤੋਂ ਪਰੇ ਹੋ ;
ਮੇਰੀ ਰੀਝ ਪੂਰੀ ਕਰੋ ਮੈਂ ਇਨ੍ਹਾਂ ਅੱਖੀਆਂ ਨਾਲ ਤਕ ਲਵਾਂ।
ਪ੍ਰਭੂ ਜੀ ਕੀਜੈ ਨਹੀਂ ਵਲਾਊ। ਤਿਹ ਦੇਖਨ ਕੋ ਬਹੁ ਮਮ ਚਾਊ।
ਜਯੋਂ ਤਯੋਂ ਕਰਿ ਕੈ ਆਪਿ ਦਖਾਯੇ।ਮੁਝ ਅਭਿਲਾਖਾ ਪੂਰ ਕਰਾਯੇ ॥(17Ϋ)
ਜਨਮ ਸਾਖੀਆਂ ਵਿਚ ਭਾਈ ਮਰਦਾਨਾ ਜੀ ਦੀ ਵਾਰ ਵਾਰ ਭੁੱਖ ਨਾਲ ਸਬੰਧਤ ਬਹੁਤ ਜਗ੍ਹਾ ਜ਼ਿਕਰ ਹੈ।
ਉਨ੍ਹਾਂ ਸਾਖੀਆਂ ਵਿਚ ਭਾਈ ਮਰਦਾਨਾ ਜੀ ਨੂੰ ਹਾਸੇ ਮਜ਼ਾਕ ਦੇ ਪਾਤਰ ਵਜੋਂ ਤੇ ਸ਼ਬਦਾਵਲੀ ਵੀ
ਉਹੋ ਜੇਹੀ ਸਿਰਜੀ ਗਈ ਹੈ। ਪਰ ਉਹ ਭੁੱਖਾਂ ਤ੍ਰੇਹਾਂ ਬਹੁਤ ਵੱਡੇ ਰਹੱਸਾਂ , ਪਰਦਿਆਂ ਨੂੰ
ਉਜਾਗਰ ਕਰਨਾ ਦਾ ਬਾਇਸ ਬਣਦੀਆਂ ਹਨ ।
ਵਾਰ ਵਾਰ ਡਾਢੀ ਭੁੱਖ ਲੱਗਣ ਵਾਲੀਆਂ ਸਾਖੀਆਂ ਜਿਵੇਂ ਇਕ ਵਾਰ ਗੁਰੂ ਬਾਬਾ ਜੀ ਅਤੇ ਭਾਈ
ਮਰਦਾਨਾ ਜੀ ਚਲਦੇ ਚਲਦੇ ਇਕ ਭਿਆਨਕ ਜੰਗਲ ਆ ਗਏ ਜਿਥੇ ਕੋਈ ਮਨੱਖ , ਕੋਈ ਪਰਿੰਦਾ ਨਹੀਂ
ਦਿਸਦਾ। ਭਾਈ ਮਰਦਾਨਾ ਭੈ ਭੀਤ ਵਾਤਾਵਰਨ ਵੇਖ ਕੇ ਡਰ ਜਾਂਦਾ ਤੇ ਕਹਿਣ ਲੱਗਦਾ- ਜੀ!ਸੁਭਾਨ
ਤੇਰੀ ਕੁਦਰਤ , ਅਸੀਂ ਡੂੰਮ ਮਿਰਾਸੀ ਮੁਲਖ ਚੋਂ ਟੁਕੜੇ ਮੰਗ ਕੇ ਖਾਣ ਵਾਲੇ ; ਅਸੀਂ ਤਾਂ ਉਸ
ਤੋਂ ਵੀ ਗਏ ।ਹੁਣ ਤਾਂ ਖੁਦਾ ਹੀ ਕੱਢੇਗਾ।ਏਥੇ ਗੋਰ ਵੀ ਹੈ ਨੀ ਤੇ ਖੱਫਨ ਵੀ ਨੀ।ਗੁਰੂ ਬਾਬਾ
ਮੈਨੂੰ ਵਿਦਾ ਕਰ ਮੈਂ ਜਾਵਾਂ ਤੂੰ ਫੱਕਰ ਏਂ ਖਾਵੇਂ ਨਾ ਖਾਵੇਂ ਕੋਈ ਫਰਕ ਨਹੀ।ਜਾਂ ਫਿਰ ਮੈਂ
ਭੀ ਤੇਰੇ ਵਾਂਗ ਰਹਿ ਸਕਾਂ ਮੇਰੀ ਤਾਂ ਭੁੱਖ ਮਰਦੀ ਹੀ ਨਹੀਂ। (18Ϋ)
ਏਸੇ ਤਰਾਂ ਇਕ ਥਾਂ ਤੇ ਛੋਲਿਆਂ ਦੀ ਫਸਲ ਖੜੀ ਸੀ ਤੇ ਕਿਸਾਨ ਛੋਲਿਆਂ ਦੀਆਂ ਹੋਲਾਂ ਬਣਾ ਕੇ
ਖਾ ਰਹੇ ਸੀ। ਭਾਈ ਮਰਦਾਨਾ ਵੀ ਚਿਤ ਵਿਚ ਸੋਚਦਾ ਭੁੱਖ ਬੜੀ ਲੱਗੀ ਹੈ, ਬਾਬਾ ਅੱਗੇ ਚਲੇ ਤਾਂ
ਦੋਇ ਬੂਟੇ ਚਣਿਆਂ ਦੇ ਮੈਂ ਲਈ ਲਾਂ - ।(19Ϋ)
ਏਸੇ ਤਰਾਂ ਜਦ ਢਾਕ ਬੰਗਲੇ ਵੱਲ ਜਾਦੇ ਹਨ ਤਾਂ ਉਧਰ ਵੀ ਭਾਈ ਮਰਦਾਨਾ ਜੀ ਨੂੰ ਡਾਢੀ ਭੁੱਖ
ਲੱਗੀ ਦੱਸੀ ਹੈ ਤੇ ਭਾਈ ਮਰਦਾਨਾ ਜੀ ਆਖਦੇ - ਬਾਬਾ ਜੀ ਮੇਰਾ ਇਲਾਜ ਕਰੋ ਕਾਲਜੇ ਤਕ ਭੁੱਖ ਆ
ਪਹੰਚੀ ਹੈ ।(20Ϋ)
ਏਵੇਂ ਹੀ ਜਦ ਉਹ ਕਊਰ ਦੇਸ਼ ( ਕਾਮ ਰੂਪ) ਵੱਲ ਗਏ ਹੁੰਦੇ ਤਾਂ ਉਥੇ ਵੀ ਭਾਈ ਮਰਦਾਨਾ ਜੀ
ਆਖਦੇ -ਗੁਰੂ ਬਾਬਾ ਸ਼ਹਿਰ ਬਹੁਤ ਅੱਛਾ ਹੈ ਮੈਂ ਅੰਦਰ ਜਾ ਕੇ ਕੁਝ ਖਾ ਆਵਾਂ । ਜਿਥੇ ਵਸਤੀ
ਆਵਦੀ ਹੈ ਉਥੇ ਆਖਦਾ ਹੈ ਜਾਹਿ ਨਾਹੀਂ, ਉਂਝ ਉਜਾੜ ਵਿਚ ਲਈ ਫਿਰਦਾ ਹੈਂ-।(21Ϋ)
ਗੁਰੂ ਬਾਬਾ ਜੀ ਜਦ ਸਾਲਿਸ ਰਾਏ ਜੌਹਰੀ ਦਾ ਨਿਸਤਾਰਾ ਕਰਨ ਲਈ ਪਹੁੰਚਦੇ ਤਾਂ ਉਥੇ ਵੀ ਭਾਈ
ਮਰਦਾਨਾ ਜੀ ਆਖਦੇ - ਬਾਬਾ ਜੀ ਡਾਢੀ ਭੁਖ ਲੱਗੀ ਹੈ ਹੁਣ ਅਗੇ ਤੁਰ ਨਹੀਂ ਹੁੰਦਾ।ਤੁਸੀਂ
ਮੈਨੂੰ ਮੁਰਦੇ ਨੂੰ ਲੈ ਹਇਉ।(22Ϋ)
ਫਿਰ ਜਦ ਚਲਦੇ ਚਲਦੇ ਜਦ ਉਹ ਇਕ ਟਾਪੂ ਤੇ ਬਿਸ਼ੀਅਰ ਦੇਸ਼ ਪਹੁੰਚ ਜਾਂਦੇ ਤਾਂ ਤਾਂ ਉੁਥੇ ਵੀ
ਭਾਈ ਮਰਦਾਨਾ ਜੀ ਆਪਣੀ ਭੁੱਖ ਜ਼ਾਹਰ ਕਰਦੇ ਆਖਦੇ- ਮੈਂ ਬਹੁਤ ਭੁੱਖਾਂ ਹਾਂ ਕਈ ਦਿਨਾਂ ਦਾ
ਕੁਝ ਖਾਧਾ ਨਹੀਂ ਹੁਕਮ ਦੇਵੋ ਮੈਂ ਸ਼ਹਿਰ ਜਾਵਾਂ ਤੇ ਮੂੰਹ ਵਿਚ ਕੁਝ ਪਾ ਲਵਾਂ।(23Ϋ)
ਫਿਰ ਜਦ ਰਾਜੇ ਕੳਲਨੈਨ ( ਕੰਵਲਨੈਨ) ਕੋਲ ਜਾਂਦੇ ਹਨ ਤਾਂ ਉਥੇ ਭਾਈ ਮਰਦਾਨੇ ਜੀ ਨੂੰ ਫਿਰ
ਭੁਖ ਲੱਗ ਆਉਂਦੀ ਹੈ ਤਾਂ ਗੁਰੁ ਬਾਬਾ ਧੀਰਜ ਧਰਾਉਂਦੇ ਆਖਦੇ- ਮਰਦਾਨੇ ਸ਼ਹਿਰ ਆ ਰਿਹਾ ਹੈ
ਫਿਰ ਤੂੰ ਆਪਣੀ ਮਰਜ਼ੀ ਅਨੁਸਾਰ ਖਾ ਲਵੀਂ । ਤਾਂ ਭਾਈ ਮਰਦਾਨਾ ਜੀ - ਕਿਸੇ ਦਿਨ ਇਵੇਂ ਹੀ
ਜਿੰਦ ਨਿਕਲ ਜਾਣੀ ਹੈ ।(24Ϋ)
ਅਸਲ ਵਿਚ ਗੁਰੂ ਬਾਬਾ ਜੀ ਦੀ ਬਾਹਰਲੀ ਵਾਟ ਤਾਂ ਬਹੁਤ ਛੋਟੀ ਸੀ ; ਉਨਾਂ ਅੰਦਰ ਇਕ ਅਗੰਮ
ਵਾਟ ਸੀ। ਇਸ ਅਗੰਮ ਵਾਟ ਦਾ ਜ਼ੋਰ ਸਾਰੀ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ ਸੀ ।ਪਹਿਲੀ
ਉਦਾਸੀ ਦੇ ਅੰਤ ਤੋਂ ਪਹਿਲਾ ਭਾਈ ਮਰਦਾਨਾ ਜੀ ਦੇ ਦੋ ਰੂਪ ਸਨ ।ਦੋਨਾਂ ਰੂਪਾਂ ਦੀ ਸਾਂਝ
ਜਿਵੇਂ ਕੋਈ ਸਾਗਰ ਵਿਚ ਵਗਦੀ ਨਦੀ, ਸਾਗਰ ਨੂੰ ਤਲਾਸ਼ ਰਹੀ ਹੋਵੇ। ਭਾਈ ਮਰਦਾਨਾ ਜੀ ਦੇ ਇਕ
ਰੂਪ ਨੇ ਤਾਂ ਗੁਰੂ ਬਾਬਾ ਜੀ ਨੂੰ ਪਹਿਚਾਣ ਲਿਆ ਸੀ ਦੂਜਾ ਰੂਪ ਉਸ ਗੁਰੂ ਬਾਬਾ ਜੀ ਅੰਦਰ ਉਸ
ਅਗੰਮ ਵਾਟ ਦੇ ਜ਼ੋਰ ਨੂੰ ਪਹਿਚਾਨਣ ਦਾ ਸੀ ਜਿਸ ਕਰਕੇ ਉਹ ਆਪਣੇ ਅੰਦਰ ਛਾਈ ਦੀਨੀ ਵਿਰਾਨੀ
ਕਾਰਨ ਉਨ੍ਹਾ ਦੇ ਨਾਲ ਸਫਰਾਂ ਤੇ ਤੁਰਿਆ ਸੀ। ਗੁਰੂ ਬਾਬਾ ਨੇ ਉਸ ਨੂੰ ਖਾਸ ਅਲੈਹਦੀਗੀ ਵਿਚ
ਹੀ ਸਵੀਕਾਰਦਿਆਂ ਉਸ ਦੇ ਦੀਨੀ ਇਬਾਦਤ ਦੇ ਮੌਲਿਕ ਰੂਪ ਨੂੰ ਜਗਾ ਦਿੱਤਾ ਤੇ ਭਾਈ ਮਰਦਾਨਾ ਜੀ
ਦਾ ਇਹ ਦੂਜਾ ਰੂਪ ਅਗੰਮ ਵਾਟ ਦੀ ਪੁਸ਼ਟੀ, ਪਹਿਚਾਣ ਦੇ ਯਕੀਨ ਦਾ ਨਾਮ ਹੋ ਨਿਬੜਿਆ। (25Ϋ)
ਉਹ ਦੁਨੀਆਂ ਨੂੰ ਜਾਣਨ ਦਾ ਸਰਫ ਹਾਸਲ ਕਰ ਗਿਆ।
ਇਸ ਤਰਾਂ ਵਿਦਵਾਨਾਂ, ਵਿਖਿਆਨਕਾਰਾਂ ਸਾਖੀਕਾਰਾਂ ਨੇ ਸਾਖੀਆਂ ਅਤੇ ਪ੍ਰਚਾਰਕਾਂ ਨੇ ਭਾਈ
ਮਰਦਾਨਾ ਜੀ ਨੂੰ ਮਰਾਸੀ ਜਾਣ ਇਕ ਭੁੱਖੜ ਪ੍ਰਾਣੀ ਵਜੋਂ ਵਿਖਿਆਨ ਕਰਦਿਆਂ ਉਸ ਦੇ ਹਿਰਦੇ
ਅੰਦਰ ਭੁੱਖ ਦਾ ਵਾਸ ਹੀ ਉਜਾਗਰ ਕੀਤਾ ਹੈ; ਇਕ ਲਾਗੀ ,ਮਿਰਾਸੀ ਜਾਂ ਕਰਿੰਦਾ ਜਾਣ ਕਥਾਨਕ
ਨੂੰ ਲੁਭਾਉਣਾ ਤੇ ਰੌਚਕ ਬਣਾਉਣ ਦਾ ਯਤਨ ਕਰਕੇ ਭਾਈ ਮਰਦਾਨਾ ਜੀ ਦੀ ਅਧਿਆਤਮਕ ਅਵਸਥਾ ਤੇ ਉਸ
ਦੇ ਹਿਰਦੇ ਦੀ ਭਾਵਨਾ ਨਾਲ ਬੇਇਨਸਾਫ ਕੀਤਾ ਹੈ ।ਉਮਰ ਭਰ ਘਰਾਂ ਦਰ ਪਰਿਵਾਰਾਂ ਤੋਂ ਦੂਰ ਰਹਿ
ਕੇ ਭਾਈ ਮਰਦਾਨਾ ਜੀ ਦੀ ਰੂਹ ਭੁੱਖੜ ਕਿਵੇਂ ਰਹਿ ਸਕਦੀ ਸੀ ? ਅਸਲ ਵਿੱਚ ਭਾਈ ਮਰਦਾਨਾ ਜੀ
ਦੀ ਅਖਾਉਤੀ ਭੁੱਖ ਤ੍ਰੇਹ ਪਰਸੰਗਾਂ ਨੂੰ ਅੱਗੇ ਤੋਰਨ , ਕੁਰਾਹੇ ਪਇਆ ਨੂੰ ਮੁਜ਼ਾਕਰਾਤ ਲਈ
ਮਾਰਗ ਤੇ ਲਿਆਉਣ ਦਾ ਇਕ ਮਾਧਿਆਮ ਅਤੇ ਦੰਭੀਆਂ ਦਵੈਸ਼ਾਂ ਦੇ ਛਲ ਕਪਟ ਦੂਰ ਕਰਨ, ਭਰਮਾਂ ਦਾ
ਖੰਡਨ ਕਰਨ ਦਾ ਪਰਮ-ਕਾਰਨ ਸੀ , ਵੱਡੇ ਵੱਡੇ ਰਹੱਸਾਂ ਨੂੰ ਖੋਲ੍ਹਣ ਦਾ ਸਬਬ ਸੀ ।
ਗੁਰੂ ਬਾਬਾ ਜੀ ਤਪੱਸਿਆ ਕਰਦੇ ਤਾਂ ਭਾਈ ਮਰਦਾਨਾ ਪੰਜ ਕਰਮਾਂ ਦੀ ਵਿੱਥ ਤੇ ਬੈਠਦਾ ਅਤੇ ਜਦ
ਗੁਰੂ ਬਾਬਾ ਕੀਰਤਨ ਕਰਦੇ ਤਾਂ ਭਾਈ ਮਰਦਾਨਾ ਉਨਾ ਦੇ ਗੋਡੇ ਨਾਲ ਗੋਡਾ ਲਗਾ ਕੇ ਬੈਠਦਾ।ਰਬਾਬ
ਵਜਾਉਂਦਾ।(26Ϋ)
ਇਕੋ ਨਗਰ ਦੀਆਂ ਗਲੀਆਂ ਮੁਹੱਲਿਆਂ ਚ ਖੇਲਣ ਵਿਚਰਣ ਵਾਲੇ ਗੁਰੂ-ਬਾਬਾ ਤੇ ਭਾਈ ਮਰਦਾਨਾ ਜੀ
ਦੇ ਸਾਥ ਦਾ ਕਾਰਨ ਸ੍ਰਿਸ਼ਟੀ ਦੇ ਰੰਗਾਂ ਨੁੰ ਤੱਕਣ ਦੀ ਖਿੱਚ ਸੀ ।ਗੁਰੂ-ਬਾਬੇ ਵੇਲੇ ਸੰਗੀਤ
ਦੀ ਮਹਾਰਤ ਰੱਖਣ ਵਾਲੇ ਤਾਂ ਹੋਰ ਬਹੁਤ ਹੋਣਗੇ ਪਰ ਅਸਲ ਸੰਗੀਤਿਕ ਪ੍ਰਤਿਭਾ ਭਾਈ ਮਰਦਾਨਾ ਜੀ
ਵਿਚ ਪਾਈ ਗਈ। ਦਰਪੇਸ਼ ਚਨੌਤੀਆਂ ਨੂੰ ਝੇਲਦਾ ਹੋਇਆ ਗੁੱਝੀਆਂ ਰਮਜਾਂ ਦੀਆਂ ਬਾਰੀਕ ਪਰਤਾਂ
ਨੁੰ ਸਮਝਣ ਵਾਲਾ ਭਾਈ ਮਰਦਾਨਾ ਖਰਾ ਉਤਰਨ ਵਿਚ ਕਾਮਯਾਬ ਹੋਇਆ। ।ਗੁਰੂ ਬਾਬੇ ਦੇ ਮਾਨਵੀ
ਸੰਦੇਸ਼ ਨੂੰ ਮਾਨਵਤਾ ਦੇ ਕੰਨੀ ਪਾਉਣ ਲਈ ਇਹ ਰਬਾਬੀ ਅਤੇ ਉਸ ਦੀ ਰਬਾਬ ਮਾਧਿਅਮ ਬਣੇ ।
ਭਾਈ ਮਰਦਾਨਾ ਜੀ ਦੁਨੀਆ ਨੂੰ ਤੱਕਣ ਦੁਨੀਆਂ ਜਾਣਨ ਦੁਨੀਆਂ ਤੋਂ ਸੂੰਹਾਂ ਹੋਣ ਲਈ ਗੁਰੂ
ਬਾਬੇ ਸੰਗੀ ਬਣਿਆ ਤੇ ਆਪਣੀ ਜਵਾਨੀ ਬੁਢੇਪਾ ਅਤੇ ਉਮਰ ਦਾ ਆਖਰੀ ਅੰਤਲਾ ਪਲ ਉਸ ਨੇ ਗੁਰੁ
ਬਾਬਾ ਜੀ ਦੇ ਸਾਥ ਦੇ ਲੇਖੇ ਲਾ ਦਿਤਾ ।ਉਹ ਗੁਰੂ ਬਾਬਾ ਜੀ ਨਾਲੋਂ ਉਮਰ ਵਿਚ ਦਸ ਸਾਲ ਵਡੇਰਾ
ਸੀ , ਪਹਿਲੀ ਉਦਾਸੀ ਦੇ ਪਯਾਨ ਵੇਲੇ ਗੁਰੂ ਬਾਬਾ ਇਕੱਤੀ(31) ਸਾਲ ਦੇ ਸਨ ਤੇ ਭਾਈ ਮਰਦਾਨਾ
ਜੀ ਇਕਤਾਲੀ(41) ਦੇ ।ਵਡੇਰੀ ਉਮਰਾ ਹੋਣ ਤੇ ਵੀ ਉਸ ਨੇ ਮੀਹ ਹਨੇਰੀਆਂ, ਸ਼ਦੀਦ ਸਰਦ ਅਤੇ
ਇੰਤਹਾਈ ਗਰਮ ਰੁੱਤਾਂ ਅਤੇ ਅਤਿ ਦੀਆਂ ਤਕਲੀਫਾਂ ਸੰਕਟਾਂ ਨੂੰ ਆਪਣੇ ਪਿੰਡੇ ਤੇ ਝੱਲਿਆ।ਭਾਈ
ਮਰਦਾਨਾ ਜੀ ਦੇ ਹਿਰਦੇ ਅੰਦਰ ਗੁਰੂ ਬਾਬੇ ਦੇ ਨਿਰੰਤਰ ਸਾਥ ਦੀ ਚਾਹਤ ਛਾਈ ਸੀ ।ਉਸ ਦੇ ਚਿੱਤ
ਵਿਚ ਸੀ ਦੁਨੀਆ ਦੇ ਵਰਤਾਰੇ ਨੂੰ ਤੱਕੀ ਜਾਵਾਂ ।ਉਹ ਵਾਰ ਵਾਰ ਗੁਰੂ ਬਾਬਾ ਜੀ ਅੱਗੇ ਫਰਿਆਦ
ਕਰਦਾ - ਮੈਂ ਇਕ ਹੋਰ ਦਾਨ ਦੀ ਭਿਖਿਆ ਮੰਗਦਾ ਹਾਂ ਮੈਂ ਸਦਾ ਤੁਹਾਡੇ ਨਾਲ ਰਹਾਂ-।
ਇਕ ਦਾਨ ਲੇਵਹੋ ਮੰਗ ।ਸਦਾ ਰਹੇ ਤੁਮਰੇ ਸੰਗ ।
ਕਬਹੂੰ ਨ ਤਜੀਏ ਦਯਾਲ ।ਸਦਾ ਰਾਖ ਚਰਨਨ ਨਾਲ ।
ਬਾਬਾ ਕਬਹੂੰ ਨਾ ਛੋਡੇ ਤੋਹਿ ।ਅਬ ਲਾਜ ਤੇਰੀ ਮੋਹੇ ।
ਭਾਈ ਮਰਦਾਨਾ ਜੀ ਤੇ ਗੁਰੂ ਬਾਬਾ ਜੀ ਜਦ ਬਗਦਾਦ ਫੇਰੀ ਤੋਂ ਬਾਅਦ ਅਫਗਾਨਿਸਤਾਨ ਭੱਖਰ ਤੇ
ਕੰਧਾਰ ਦੇ ਇਲਾਕੇ ਵਿਚ ਅਫਗਾਨਿਸਤਾਨ ਕੁਰਮ ਦਰਿਆ ਦੇ ਕੋਲ ਜਾ ਰਹੇ ਸਨ ਤਾਂ ਭਾਈ ਮਰਦਾਨਾ ਜੀ
ਦੀ ਸੇਹਤ ਖਰਾਬ ਹੋਣ ਲਗੀ; ਉਸ ਨੂੰ ਜਵਾਬ ਦੇਣ ਲੱਗੀ ਤਾਂ ਭਾਈ ਮਰਦਾਨਾ ਜੀ ਆਖਿਆ- ਜੀ
!ਮੇਰੀ ਦੇਹ ਕਿਥੇ ਛੂਟੇਗੀ? ਗੁਰੂ ਬਾਬਾ ਜੀ ਕਹਿਆ-ਤੇਰੀ ਦੇਹ ਭਲੀ ਜਹਗਾ ਛੁਟੇਗੀ-।ਤਾਂ ਭਾਈ
ਮਰਦਾਨਾ ਜੀ ਆਖਿਆ- ਜੀ ਤੁਸੀ ਹਾਜ਼ਰ ਹੋਸੋ ਨਾ ? ਗੁਰੂ ਬਾਬਾ ਜੀ ਕਹਿਆ- ਮਰਦਾਨਾ ! ਅਸੀਂ
ਤੇਰਾ ਕੰਮ ਕਰਕੇ ਜਾਸੀਏ । ਤਦ ਭਾਈ ਮਰਦਾਨੇ ਪੁਛਿਆ- ਜੀ ਸਾੜੋਗੇ ਕਿ ਦੱਬੋਗੇ ? ਗੁਰੁ ਬਾਬੇ
ਆਖਿਆ- ਮਰਦਾਨਾ ਜੋ ਤੂੰ ਆਖੇ ਸੋ ਕਰੀਏ -। ਭਾਈ ਮਰਦਾਨਾ ਜੀ ਆਖਿਆ- ਮੈਨੂੰ ਸਾੜੋਗੇ ਤਾ ਮੈਂ
ਬਹੁਤ ਰਾਜ਼ੀ ਰਹਸਾਂ-।
ਫਿਰ ਗੁਰੂ ਬਾਬਾ ਜੀ ਉਸ ਨੁੰ ਖੁਰਮ ਸ਼ਹਿਰ ਲੈ ਗਏ । ਉਥੇ ਪੰਜਵੇਂ ਦਿਨ ਭਾਈ ਮਰਦਾਨਾ ਜੀ ਇਸ
ਫਾਨੀ ਦੁਨੀਆਂ ਤੋਂ ਕੂਚ ਕਰ ਗਏ ।ਭਾਈ ਮਰਦਾਨਾ ਜੀ ਦੀ ਜੀਵਨ ਯਾਤਰਾ ਪੂਰੀ ਹੋ ਗਈ ।ਗੁਰੂ
ਬਾਬੇ ਦੀ ਹਜ਼ੂਰੀ ਵਿਚ ਦਸੰਬਰ 1534 ਈਸਵੀ ਕੋਈ 75 ਸਾਲ ਦੀ ਉਮਰ ਭੋਗਣ ਉਪਰੰਤ ਉਸ ਦੇ ਸਾਥ
ਦਾ ਅੰਤ ਹੋ ਗਿਆ ।ਗੁਰੂ ਬਾਬਾ ਜੀ ਨੇ ਉਸ ਵੇਲੇ ਆਪਣੇ ਉਪਰੋਂ ਚਾਦਰ ਲਾਹੀ -ਨਿਜ ਪਰ ਤੇ ਪਟ
ਇਕ ਗੁਰ ਦੀਨੋ - ਤੇ ਭਾਈ ਮਰਦਾਨਾ ਜੀ ਦੇ ਮਿਰਤਕ ਸਰੀਰ ਤੇ ਪਾ ਦਿਤੀ। ਗੁਰੂ ਬਾਬਾ ਜੀ ਨੇ
ਭਾਈ ਮਰਦਾਨਾ ਜੀ ਦੀ ਅੰਤਿਮ ਕਿਰਿਆ ਆਪਣੇ ਹੱਥੀਂ ਕੁਰਮ ਦਰਿਆ ਦੇ ਕੰਢੇ ਤੇ ਕੀਤੀ।ਉਨ੍ਹਾ
ਦੀ ਯਾਦ ਵਿਚ ਗੁਰੂ ਬਾਬਾ ਜੀ ਨੇ ਇਕ ਯਾਦਗੀਰੀ ਸਮਾਧ(ਟੌਂਬ) ਬਣਾਈ । ਜਿਸ ਦੀ ਇਕ ਦੀਵਾਰ ਦੇ
ਅੰਦਰਲੇ ਪਾਸੇ ਇਕ ਖੁਤਬਾ ਜੋ ਕਿ ਤੁਰਕੀ ਅਤੇ ਅਰਬੀ ਭਾਸ਼ਾ ਵਿਚ ਲਿਖਿਆ ਹੈ ;ਜਿਸ ਦਾ ਪੰਜਾਬੀ
ਅਨੁਵਾਦ ਇਸ ਤਰਾਂ ਹੈ :
ਵੇਖੋ ਮਹਾਨ ਈਸ਼ਵਰ ਨੇ ਮੁਰਾਦ ਪੂਰੀ ਕੀਤੀ । ਬਾਬਾ ਨਾਨਕ ਦਰਵੇਸ਼ ਵਾਸਤੇ ਨਵੀਂ ਇਮਾਰਤ ਬਣੀ
ਜਿਸ ਦੇ ਬਣਾਉਣ ਵਿਚ ਸਤ ਰੱਬੀ ਦਰਵੇਸ਼ਾਂ ਨੇ ਸਹਾਇਤਾ ਕੀਤੀ ।ਖੁਸ਼ਨਸੀਬ ਚੇਲੇ ਨੇ ਧਰਤੀ ਚੋਂ
ਪਾਣੀ ਦਾ ਨਵ ਪ੍ਰਵਾਹ ਚਲਾਇਆ 927 ਏ.ਐਚ।(27Ϋ)
ਗੁਰੂ ਬਾਬਾ ਜੀ ਦਾ ਸਾਥੀ ਚਲਾ ਗਿਆ ਤਾਂ ਉਹ ਉਦਾਸੀ ਵਿਚੇ ਛੱਡ ਵਾਪਸ ਤਲਵੰਡੀ ਆ ਗਏ । ਆ ਕੇ
ਉਨ੍ਹਾਂ ਭਾਈ ਮਰਦਾਨਾ ਜੀ ਦੇ ਵੱਡੇ ਪੁੱਤਰ ਸ਼ਹਿਜ਼ਾਦ ਨੂੰ ਬੁਲਾਇਆ ਤੇ ਦੱਸਿਆ -
ਭਯੋ ਕਾਲਬਸਿ ਤਿਹ ਕੋ ਜਾਨ।ਜਹਿਂ ਖੁਰਮਾਪੁਰ ਅਹੈ ਮਹਾਨ।
ਤਹਿਂ ਲੇ ਚਲਨੇ ਅਬ ਤੁਝ ਤਾਂਈ । ਸੰਗ ਲੇਨ ਕੋ ਲੀਨ ਬੁਲਾਈ॥60॥ (28Ϋ)
ਭਾਈ ਮਰਦਾਨਾ ਜੀ ਕਾਲਵਸ ਹੋ ਗਏ ਹਨ ।ਤੈਨੂੰ ਖੁਰਮ ਸ਼ਹਿਰ ਲੈ ਕੇ ਜਾਣਾ ਹੈ ।ਤੈਨੂੰ ਅਸੀਂ
ਸਿਰੋਪਾਉ ਦੇਣਾ ਹੈ ਕਿਸ ਢੰਗ ਨਾਲ ਲੈਣਾ ਹੈ; ਆਪ ਉਸੀ ਪਰਕਾਰ ਦੱਸ ਦੇਵੋ। ਤਾਂ ਸ਼ਹਿਜ਼ਾਦੇ
ਆਖਿਆ -ਜਿਸ ਤਰ੍ਹਾਂ ਮੇਰੇ ਪਿਤਾ (ਮਰਦਾਨਾ) ਜੀ ਨੂੰ ਸਿਰੋਪਾ ਦਿਤਾ ਸੀ ਕਿਰਪਾ ਕਰਕੇ ਮੈਨੂੰ
ਵੀ ਉਸੇ ਤਰਾਂ ਦੀ ਹੀ ਬਖਸ਼ਸ਼ ਕਰੋ।
ਪਿਤ ਮੇਰੇ ਕੋ ਦੀਨੋ ਜੈਸੇ । ਕ੍ਰਿਪਾ ਧਾਰ ਦੀਜੈ ਮੁਝ ਜੈਸੇ।62 ।
ਗੁਰੂ ਬਾਬਾ ਜੀ ਸ਼ਹਿਜ਼ਾਦਾ ਜੀ ਨੂੰ ਕੁਰਮ ਸ਼ਹਿਰ ਲੈ ਗਏ ਤੇ ਉਸ ਨੂੰ ਦੱਸਿਆ- ਇਸ ਸੁੰਦਰ ਸਥਾਨ
ਤੇ ਭਾਈ ਮਰਦਾਨਾ ਜੀ ਦਾ ਸਸਕਾਰ ਕੀਤਾ ਹੈ ਤੁਸੀਂ ਪਰਵਾਰ ਸਮੇਤ ਇਥੇ ਆ ਕੇ ਵਸਣਾ ਕਰੋ ।
ਤੂੰ ਵੀ ਭਾਈ ਮਰਦਾਨਾ ਜੀ ਵਾਂਗ ਬਹੁਤ ਮਹਾਨ ਹੋਵੇਂਗਾ ਸਾਰਾ ਨਗਰ ਤੇਰੇ ਪੈਰ ਪੂਜੇਗਾ
।ਤੁਹਾਡਾ ਵੰਸ਼ ਵਧੇਗਾ । ਅਸੀਂ ਹਮੇਸ਼ਾ ਆਪ ਦੇ ਨਾਲ ਹੋਵਾਂਗੇ । ਸ਼ਹਿਜ਼ਾਦੇ ਨੂੰ ਉਥੋਂ ਦੀ
ਮੰਜੀ ਦਿਤੀ ਗਈ ।ਭਾਈ ਮਰਦਾਨਾ ਜੀ ਦਾ ਵੰਸ਼ ਬਹੁਤ ਫੈਲਿਆ।ਫਿਰ ਭਾਈ ਮਰਦਾਨਾ ਜੀ ਦਾ ਦੂਜਾ
ਪੁਤਰ ਰਜ਼ਾਦਾ ਗੁਰੂ ਬਾਬੇ ਦੇ ਵਸਾਏ ਨਗਰ ਕਰਤਾਰਪੁਰ ਕੀਰਤਨ ਕਰਦਾ ਰਿਹਾ ;ਇਹ ਹੀ ਗੁਰੂ ਅੰਗਦ
ਦੇਵ ਜੀ ਦੇ ਦਰਬਾਰ ਵਿਚ ਕੀਰਤਨ ਦੀ ਸੇਵਾ ਫਰਮਾਂਉਂਦਾ ਰਿਹਾ । ਭਾਈ ਰਜ਼ਾਦੇ ਤੋਂ ਅੱਗੇ ਉਸ
ਦੇ ਪੁਤਰ ਭਾਈ ਬੰਨੋ ਤੇ ਭਾਈ ਸਾਲ੍ਹੋ ਜੀ ,ਗੁਰੂ ਤੀਜੇ ਸ੍ਰੀ ਅਮਰਦਾਸ ਅਤੇ ਚੌਥੇ ਗੁਰੂ
ਰਾਮਦਾਸ ਜੀ ਦੇ ਦਰਬਾਰ ਵਿਚ ਕੀਰਤਨ ਦੀ ਸੇਵਾ ਕਮਾਂਉਂਦੇ ਰਹੇ। ਅੱਗੇ ਇਨ੍ਹਾਂ ਦੀ ਸੰਤਾਨ
ਚੋਂ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਕੀਰਤਨੀਏ ਰਹੇ
ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਦੇ ਅੰਦਰ ,ਰਾਮਕਲੀ ਕੀ ਵਾਰ
ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦੇ ਸਿਰਲੇਖ ਹੇਠ ਹੈ।
ਭਾਈ ਮਰਦਾਨਾ ਜੀ ਇਸ ਦੁਨੀਆਂ ਤੋਂ ਚਲੇ ਗਏ ਤਾਂ ਗੁਰੁ ਬਾਬਾ ਜੀ ਨੇ ਆਪਣੇ ਸਾਥੀ ਭਾਈ
ਮਰਦਾਨਾ ਜੀ ਨੂੰ ਉਨ੍ਹਾਂ ਦੇ ਰਚੇ ਤਿੰਨਾਂ ਸਲੋਕਾਂ (29Ϋ)
ਸਲੋਕ ਮਰਦਾਨਾ 1
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।
333333333..
(2) ਮਰਦਾਨਾ 1
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ।
ਮਨਸ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।
33333333333.
(3) ਮਰਦਾਨਾ 1
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।
33333.. (ਗੁ.ਗ੍ਰੰ. ਸਾਹਿਬ ਪੰਨਾ 553.)
ਉਪਰੋਕਤ ਤਿੰਨ੍ਹਾਂ ਸਲੋਕਾਂ ਨੁੰ ਬਾਣੀ ਅਥਵਾ ਬਾਣੀਕਾਰ ਦੇ ਰੂਪ ਵਿਚ ਸ਼੍ਰੇਸ਼ਟ ਸਿਰੋਪੇ ਦੀ
ਬਖਸ਼ਸ਼ ਕਰਕੇ ਬਾਣੀਕਾਰਾਂ ਦੀ ਲਿਸਟ ਵਿੱਚ ਪਾ ਦਿਤਾ, ਪਰਮ-ਪੁਰਖ ਬਣਾ ਦਿੱਤਾ ।ਭਾਈ ਮਰਦਾਨਾ,
ਸਿੱਖ ਸੰਸਾਰ ਦਾ ਪਹਿਲਾ ਪੁਰਖਾ ਹੋਇਆ ਜਿਸ ਨੇ ਗੁਰੂ ਬਾਬਾ ਜੀ ਦੇ ਵਚਨ-ਪ੍ਰਵਚਨ ਕੋਲ ਹੋ ਕੇ
ਸੁਣੇ, ਮਾਨਵਤਾ ਦੇ ਭਲੇ ਵਾਲੀ ਬਾਣੀ ਦਾ ਗਾਇਨ ਕੀਤਾ।-ਇਕ ਬਾਬਾ ਅਕਾਲ ਪੁਰਖ ਦੂਜਾ ਰਬਾਬੀ
ਮਰਦਾਨਾ- (30Ϋ), ਕਥਨ ਅਨੁਸਾਰ ਇਸ ਤਰਾਂ ਧੰਨਤਾ ਦੇ ਯੋਗ, ਬਹੁਤ ਹੀ ਸਤਿਕਾਰਤਿ,ਨੇਕਬਖਤ
,ਬਲੰਦਬਖਤ ,ਭਾਈ ਮਰਦਾਨਾ ਜੀ ਦਾ ਨਾਮ ਸਦੀਵੀਂ ਹੋ ਗਿਆ ਭਾਈ ਮਰਦਾਨਾ ਜੀ ਵੱਲੋਂ ਉਸ ਅਦੁੱਤੀ
ਰੱਬੀ ਰਬਾਬ ਤੇ ਉਪਜਾਈਆਂ ਨੂਰਾਨੀ ਧੁਨਾਂ ਹਮੇਸਾਂ ਹਮੇਸ਼ਾ ਲਈ ਪੰਜਾਬੀ ਦੁਨੀਆ ਦੇ ਚੇਤਿਆਂ
ਤੋਂ ਪਾਸੇ ਨਹੀਂ ਹਟਣਗੀਆਂ ,ਹਿਰਦਿਆਂ ਚ ਸਮੋਈਆ, ਵਸੀਆਂ ਹੀ ਰਹਿਣਗੀਆਂ।
33333
ਸਮੱਗਰੀ ਸ੍ਰੋਤ:
(1) ਮਰਾਸੀ ਕਬੀਲਾ ਤੇ ਭਾਈ ਮਰਦਾਨਾ,ਬੱਲਮ ਲੀਂਬਾ(ਸੰਪਾਦਕ)
(2) ਰਾਇ ਬੁਲਾਰ ਭੱਟੀ..ਵੀਕੀਪੀਡੀਆ
(3) ਗੁਰਮਤ ਪ੍ਰਕਾਸ਼, ਸਿਮਰਜੀਤ ਸਿੰਘ(ਸੰਪਾਦਕ)
(4)ਮਰਾਸੀ ਕਬੀਲਾ ਤੇ ਭਾਈ ਮਰਦਾਨਾ,ਬੱਲਮ ਲੀਂਬਾ(ਸੰਪਾਦਕ)
(5) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ,19
(6) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ 19
(7) ਜਨਮ ਸਾਖੀ, ਭਾਈ ਮਨੀ ਸਿੰਘ,ਪੰਨਾ 366
(8) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ 8
(9) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ,33
(10) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ, 51
(11) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-1,ਅਧਿਆਇ, 53
(12) ਮਹਿਮਾ ਪ੍ਰਕਾਸ਼, ਸਰੂਪ ਦਾਸ ਭੱਲਾ,ਪਹਿਲੀ ਉਦਾਸੀ
(13) ਸਾਖੀ ਮੇਹਰਬਾਨ , ਗੰਗਾ ਇਸ਼ਨਾਨ
(14) ਜਨਮ ਸਾਖੀ , ਭਾਈ ਮਨੀ ਸਿੰਘ , ਮਥੁਰਾ ਜਾਣਾ
(15) ਜਨਮ ਸਾਖੀ, ਭਾਈ ਮਨੀ ਸਿੰਘ, ਗੋਰਖਮੱਤੇ ਦੇ ਮੇਲੇ ਤੇ
(16) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-2, ਅਧਿਆਇ 57
(17) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ ਪੂਰਬਾਰਧ-2,ਅਧਿਆਇ 57
(18) ਜਨਮ ਸਾਖੀ ਭਾਈ ਬਾਲਾ, ਸੁਰਿੰਦਰ ਸਿੰਘ ਕੋਹਲੀ
(19) ਜਨਮ ਸਾਖੀ ਭਾਈ ਬਾਲਾ, ਸੁਰਿੰਦਰ ਸਿੰਘ ਕੋਹਲੀ, ਸਾਖੀ ਪੰਨਾ 135
(20) ਜਨਮ ਸਾਖੀ ਪਰੰਪਰਾ, ਡਾ. ਕਿਰਪਾਲ ਸਿੰਘ (ਬਾਲੇ ਵਾਲੀ ਜਨਮ ਸਾਖੀ ਪੰਨਾ 280)
(21) ਜਨਮ ਸਾਖੀ ਪਰੰਪਰਾ, ਡਾ. ਕਿਰਪਾਲ ਸਿੰਘ (ਬਾਲੇ ਵਾਲੀ ਜਨਮ ਸਾਖੀ ਪੰਨਾ 280)
(22) ਜਨਮ ਸਾਖੀ ਪਰੰਪਰਾ, ਡਾ. ਕਿਰਪਾਲ ਸਿੰਘ (ਬਾਲੇ ਵਾਲੀ ਜਨਮ ਸਾਖੀ ਪੰਨਾ 284)
(23) ਜਨਮ ਸਾਖੀ ਪਰੰਪਰਾ, ਡਾ. ਕਿਰਪਾਲ ਸਿੰਘ (ਬਾਲੇ ਵਾਲੀ ਜਨਮ ਸਾਖੀ ਪੰਨਾ, 288)
(24) ਜਨਮ ਸਾਖੀ ਪਰੰਪਰਾ, ਡਾ.ਕਰਪਾਲ ਸਿੰਘ (ਬਾਲੇ ਵਾਲੀ ਜਨਮ ਸਾਖੀ ਪੰਨਾ 299)
(25)ਸਹਿਜੇ ਰਚਿਓ ਖਾਲਸਾ, ਹਰਿੰਦਰ ਸਿੰਘ ਮਹਿਬੂਬ , ਜਿਉ ਕਰਿ ਸੁਰਜੁ ਨਿਕਲਿਆ
(26) ਜਨਮ ਸਾਖੀ ਸ੍ਰੀ ਮੇਹਰਵਾਨ, ਸੰਪਾਦਕ ਡਾ ਕਿਰਪਾਲ ਸਿੰਘ ਪੰਨਾ 203
(27)ਮਰਾਸੀ ਕਬੀਲਾ ਤੇ ਭਾਈ ਮਰਦਾਨਾ, ਬੱਲਮ ਲੀਂਬਾ(ਸੰਪਾਦਕ)ਪੰਨਾ 104
(28) ਗੁਰੂ ਨਾਨਕ ਪ੍ਰਕਾਸ਼, ਭਾਈ ਸੰਤੋਖ ਸਿੰਘ, ਉਤਰਾਰਧ-2, ਅਧਿਆਇ 35
(29) ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਗ ਵਿਹਾਗੜਾ ਪੰਨਾ 553
(30) ਭਾਈ ਗੁਰਦਾਸ ਜੀ, ਵਾਰ ਪਹਿਲੀ,ਪਉੜੀ 35ਵੀਂ
ਮੋਬਾਈਲ; 9915106449
ਈ ਮੇਲ pathangarh@yahoo.com
-0-
|