ਤਰਕਾਲੇ ਦਾ ਠਰਿਆ ਸੂਰਜ
ਲਾਲੀ ਬਿਖੇਰਦਾ ਕੰਡਿਆਲੀਆਂ ਕਿੱਕਰਾਂ,ਨਿੰਮਾਂ 'ਤੇ ਸਫੇਦੀਆਂ ਵਿੱਚੋ ਦੀ ਛੁੱਪਦਾ ਜਾ ਰਿਹਾ
ਹੈ। ਬੀਛਨੇ ਨੇ ਵੀ ਦਿਹਾੜੀ ਪੂਰੀ ਕਰ ਲਈ ਹੈ। ਤਹਸੀਲਦਾਰ ਦੀ ਕੋਠੀ ਦਾ ਲੇਟਰ ਪੈਣ ਕਾਰਨ
ਅੱਜ ਉਨ੍ਹੇ ਓਵਰਟਾਈਮ ਕਰਕੇ ਵੀਹ ਉੱਪਰੋਂ ਦੀ ਬਣਾ ਲਏ ਨੇ। ਚਾਰ-ਪੰਜ ਦਿਨ ਵਿਹਲੇ ਰਹਿੰਣ
ਪਿੱਛੋਂ ਅੱਜ ਉਹਨੂੰ ਜਾਣ-ਪਹਿਚਾਣ ਦੇ ਇੱਕ ਮਿਸਤਰੀ ਨੇ ਘਰ ਬੁਲਾਵਾ ਭੇਜ ਕੇ ਬੁਲਾਇਆ ਸੀ।
ਸਾਈਕਲ ਤੇ ਰੋਟੀਆਂ ਵਾਲਾ ਖਾਲੀ ਡੱਬਾ ਲਮਕਾਈ, ਦਿਨ ਭਰ ਦਾ ਥੱਕਿਆ-ਹਾਰਿਆ ਵਿੰਗ-ਵਾਉਲੇ
ਖਾਦਾ ਉਹ,ਪਿੰਡ ਵਾਲੀ ਸੜਕ ਵੱਲ ਮੁੜਿਆ ਹੀ ਸੀ ਕਿ ਅਚਾਨਕ......
-"ਰੁੱਕ ਓਏ ਬੀਛਨੀਆ" ਇੱਕ ਪੁਲਸੀਏ ਨੇ ਪਿੱਛੋਂ ਦੀ ਚੰਗਿਆੜੀ ਹਾਕ ਮਾਰੀ।
-"ਜੀ ਦੱਸੋ! ਤੁਸੀਂ ਮੈਂਨੂੰ ਹੀ ਬੁਲਾਇਆ" ਬੀਛਨਾ ਪੁਲਸੀਏ ਕੋਲ ਆਉਂਦਾ ਹੀ ਬੋਲਿਆ।
-"ਹੋਰ ਕੰਜਰਾਂ ਮੈਂ ਹਵਾਂ ਨਾਲ ਗੱਲਾਂ ਕਰਦਾ, ਤੇਰੇ ਵਾਰੰਟ ਜਾਰੀ ਹੋਏ ਨੇ ਥਾਣਿਓ, ਵੱਡੇ
ਸਾਹਬ ਨੇ ਖ਼ੁਦ ਬੁਲਾਇਆ ਏ ਤੈਂਨੂੰ"
-"ਜਨਾਬ ਕੋਈ ਗੁਨਾਹ ਹੋ ਗਿਆ ਮੈਥੋਂ"
-"ਇਹ ਤਾ ਤੂੰ ਥਾਣੇ ਜਾਕੇ ਹੀ ਪੁੱਛੀ, ਸਾਹਬ ਖ਼ੁਦ ਦੱਸਣਗੇ ਤੈਂਨੂੰ ਤੂੰ ਕੀ ਚੰਦ ਚੜ੍ਹਾਇਆ
ਏ"
ਬੀਛਨਾ ਕੰਬ ਉਠੀਆਂ। ਠਠੰਬਰਿਆ ਉਹ ਪੁਲਸੀਏ ਦੇ ਪਸਿੱਤੇ-ਪਸਿੱਤੇ ਤੁਰਦਾ ਥਾਣੇ ਪਹੁੰਚ ਗਿਆ।
ਟੇਢੀ ਪੱਗ, ਮੂੱਛਾਂ ਨੂੰ ਵੱਟ 'ਤੇ ਟੇਬਲ ਤੇ ਲੱਤਾਂ ਟਿਕਾਈ, ਠਾਣੇਦਾਰ ਜੁਆਈ ਬਣਿਆ, ਹੱਥ
'ਚ ਫੜ੍ਹੇ ਡੰਡੇ ਦੇ ਗੇੜੇ ਤੇ ਗੇੜੇ ਲਵਾਈ ਜਾਂਦਾ ਸੀ। ਘੁੰਮਦਾ ਡੰਡਾ ਵੇਖ, ਬੀਛਨੇ ਦੇ ਸਾਹ
ਉੱਤੇ ਨੂੰ ਹੋ ਗਏ।
-"ਸਸਰੀਕਾਲ ਜੀ!" ਬੀਛਨੇ ਨੇ ਦੋਨੋਂ ਹੱਥ ਜੋੜ ਕੇ ਕਿਹਾ।
-"ਸਸਰੀਕਾਲ ਬਾਈ ਸਸਰੀਕਾਲ! ਦੱਸੋ ਕਿਵੇਂ ਆਉਂਣਾ ਹੋਇਆਂ?"
-"ਹਜ਼ੂਰ ਤੁਸੀਂ ਖ਼ੁਦ ਤਾ ਸੱਦਾ ਭੇਜ ਕੇ ਬੁਲਾਇਆ ਸੀ!"
-"ਅੱਛਾ..ਅੱਛਾ.... ਤੂੰ ਏ ਬੀਛਨਾ?"
-"ਜੀ ਹਜ਼ੂਰ!
-"ਉਏ ਵੇਖਦੇ ਕੀ ਓ, ਲਪੇਟ ਲੋ ਸਾਲੇ ਲਾਹਣਤੀ ਨੂੰ। ਹਰਾਮਖੋਰ ਨਿਆਣਿਆਂ ਦੀ ਬਲੈਂਕ ਕਰੀ
ਬੈਠੇ।"
ਹਰਾਮਖੋਰਾਂ ਏਹ ਹਰਾਮਖੋਰੀ ਕਰਨ ਲੱਗੀਆਂ ਤੈਂਨੂੰ ਭੋਰਾ ਮੋਹ ਨਹੀਂ ਆਇਆ ਆਪਣੀ ਆਂਦਰ ਤੇ?
ਆਖ਼ਰ ਕਿਉਂ ਵੇਚ ਤਾਂ ਤੂੰ ਚੰਦ ਦਿਨਾਂ ਦਾ ਆਪਣਾ ਜਾਇਆ, ਉਹ ਵੀ ਕਿਸੇ ਬੇਗਾਨੇ ਨੂੰ?
-"ਜੀ ਹਲਾਤ ਹੱਥੋਂ ਮਜਬੂਰ ਸੀ"
-"ਉਏ ਫਿੱਡਿਆ ਜਿਹਾ ਅਜਿਹਾ ਕੇਹੜਾ ਤੇਰਾ ਨਸ਼ਾ ਟੁੱਟਦਾ ਸੀ?"
-"ਮਾਫ਼ ਕਰਨਾ ਹਜ਼ੂਰ! ਬਸ ਮੁਕੱਦਰ ਦਾ ਹੀ ਮਾਰਿਆਂ ਹਾ। ਵੈਸੇ ਤਾਂ ਡੱਕੇ ਦਾ ਵੈਲ ਨਹੀਂ ਜੀ
ਮੈਂਨੂੰ"
ਸਿਰਜਣਹਾਰ ਨੇ ਸਾਡੇ ਹਿੱਸੇ ਦੀ ਔਲਾਦ ਤਾ ਸਿਰਜ ਦਿੱਤੀ,ਪਰ ਉਹਨੂੰ ਪਾਲਣ ਵਾਲੀ ਤਕਦੀਰ ਸਾਡੇ
ਹੱਥੋਂ ਹੀ ਕੱਟ ਦਿੱਤੀ। ਪਾਲਣਹਾਰ ਬਣਕੇ ਉਨ੍ਹੇ ਆਪਣਾ ਫ਼ਰਜ਼ ਤਾ ਨਿਭਾਉਣਾ ਹੀ ਸੀ ਨਾ, ਸੋ
ਸਾਡਾ ਜਿਗਰ ਦਾ ਟੋਟਾ ਚੰਗੇ ਟੱਬਰ 'ਚ ਭੇਜ ਦਿੱਤਾ। ਤੰਗੀ 'ਚੋ ਨਿਕਲ ਕੇ ਉਹ ਸ਼ੈਹਜ਼ਾਦਾ ਬਣ
ਗਿਆ। ਉਹਦੇ ਚੰਗੇ ਸੰਜੋਗ ਉਹਨੂੰ ਉੱਥੇਂ ਲੈ ਗਏ ਜਨਾਬ।
-"ਉਏ ਗਿੱਦੜਕੁੱਟੀਆਂ! ਜੇ ਤੂੰ ਉਹਦੀ ਪਰਵਰਿਸ਼ ਹੀ ਨਹੀਂ ਸਕਦਾ ਸੀ ਤੇ ਫਿਰ ਉਹਨੂੰ ਜੰਮਿਆਂ
ਹੀ ਕਿਉਂ?
-"ਹਜ਼ੂਰ! ਜਦ ਘਰ ਮੇਰੇ ਉਹਦੀਆਂ ਕਿਲਕਾਰੀਆਂ ਗੂੰਜੀਆਂ ਤਾ ਘਰੋਂ ਮੇਰੀ ਬਿਸਤਰ ਤੇ ਹੋ ਗਈ।
ਡਾਕਟਰ ਨੇ ਅਪ੍ਰੇਸ਼ਨ ਦੱਸਿਆ ਸੀ। ਦਵਾ-ਦਾਰੂ ਜੋਗੇ ਪੈਸੇ ਕੋਲ ਹੈ ਨਹੀਂ ਸੀ,ਫਿਰ ਹਸਪਤਾਲ ਦੇ
ਨਿੱਤ ਦੇ ਖਰਚੇ ਕਿਵੇਂ ਪੂਰੇ ਕਰਦਾ। ਮੈਂ ਪੈਸਿਆਂ ਲਈ ਬਥੇਰੇ ਤਰਲੇ ਮਾਰੇ। ਸ਼ਾਹੂਕਾਰਾ ਅੱਗੇ
ਬਹੁਤੇਰੇ ਵਾਰੀ ਨੱਕ ਰਗੜੇ। ਕੋਈ ਸੰਗੀ-ਸਾਥੀ ਨਹੀਂ ਛੱਡਿਆ। ਨਿੱਤ ਦੀ ਸੱਜਰੀ ਦਿਹਾੜੀ ਦੀ
ਖਾਣ ਵਾਲੇ ਇੱਕ ਆਮ ਗਰੀਬੜੇ ਤੇ ਏਨ੍ਹੀ ਛੇਤੀ ਇਤਬਾਰ ਕੌਣ ਕਰਦੈ? ਫੋਰ ਸਟੈਪ ਡਲੀਵਰੀ ਨੇ
ਉਹਨੂੰ ਪਹਿਲਾਂ ਹੀ ਕਮਜੋਰ ਕਰ ਦਿੱਤਾ ਸੀ। ਲਹੂ ਹੱਦੋਂ ਵੱਧ ਵਹਿ ਗਿਆ ਸੀ। ਇਨਫੈਕਸ਼ਨ ਦੀ
ਵਜ੍ਹਾ ਨਾਲ ਜ਼ਖਮਾਂ 'ਚ ਪਈ ਪੱਸ ਟਸ-ਟਸ ਕਰਨ ਲੱਗੀ ਸੀ। ਉੱਤੋਂ ਨਿੱਤ ਦੇ ਗਰਮ ਤੇ
ਮਹਿੰਗੇ-ਮਹਿੰਗੇ ਕੈਪਸੂਲਾਂ ਤੇ ਟੀਕਿਆਂ ਨੇ ਉਹਦਾ ਮੂੰਹ ਵੀ ਚਿਪਕਾ ਦਿੱਤਾ ਸੀ। ਇਨਫੈਕਸ਼ਨ
ਮੁਕਾਉਣ ਲਈ ਅਪ੍ਰੇਸ਼ਨ ਆਖਰੀ ਉਮੀਦ ਸੀ।
ਹਸਪਤਾਲ 'ਚ ਹੀ ਕਿਸੇ ਰੋਗੀ ਨੂੰ ਮਿਲਣ ਆਏ ਇੱਕ ਅਜਨਬੀ ਨੇ ਮੇਰੀ ਬੇਬਸੀ ਭਾਪ ਕੇ ਮੈਂਨੂੰ
ਕਿਸੇ ਬੇ-ਔਲਾਦ ਜੋੜੇ ਨੂੰ ਬੱਚਾ ਵੇਚਣ ਦੀ ਆਫਰ ਦਿੱਤੀ। ਬਹੁਤ ਸੋਚਣ ਤੇ ਵਿਚਾਰਨ ਤੋਂ ਬਾਅਦ
ਮੈਂ ਦਿਲ ਤੇ ਪੱਥਰ ਰੱਖ ਕੇ ਹਾ ਕਰ ਦਿੱਤੀ। ਦਵਾ-ਦਾਰੂ,ਲੈਬੋਰਟਰੀ ਦੇ ਟੈਸਟਾਂ 'ਤੇ
ਅਪ੍ਰੇਸ਼ਨ ਤੱਕ ਦਾ ਸਾਰਾ ਅੱਗਲਾ-ਪਿੱਛਲਾ ਹਿਸਾਬ-ਕਿਤਾਬ ਨੱਕੀ ਕਰਨ ਤੋਂ ਬਾਅਦ ਉਨ੍ਹਾਂ ਨੇ
ਪੰਜ ਹਜ਼ਾਰ ਮੈਂਨੂੰ ਉੱਤੋਂ ਦੀ ਫਲ-ਫਰੂਟ ਖਵਾਉਣ ਲਈ ਦੇ ਗਏ। 'ਤੇ ਜਾਂਦੇ ਮੇਰਾ ਜਿਗਰ ਦਾ
ਟੋਟਾ ਮੈਂਥੋਂ ਲੈ ਗਏ। ਸੋਚਿਆਂ ਸੀ ਕਿ ਘਰੋਂ ਤੰਦਰੁਸਤ ਘਰ ਵਾਪਸ ਮੁੜ ਆਈ ਤਾ ਬੱਚਾ ਫਿਰ ਕਰ
ਲਵਾਗੇ। ਪਰ ਖੁਰਾਕ ਤਾ ਪੁਰਾਣੀ ਖਾਂਦੀ ਹੀ ਕੰਮ ਆਉਂਣੀ ਸੀ, ਵੰਨਸੁਵੰਨੇ ਫਲ-ਫਰੂਟਾਂ ਦੀ ਇਸ
ਸੱਜਰੀ ਖੁਰਾਕ ਨੇ ਕੀ ਕਰਨਾ ਸੀ। ਉਹ ਤਾ ਮੇਰੇ ਅੱਧ-ਪਣਪੇ ਅਰਮਾਨਾਂ ਦਾ ਦਮ ਘੁੱਟਦੀ,
ਅੰਬਰਾਂ ਵੱਲ ਲਮੇਰੀ ਉਡਾਰੀ ਭਰ ਗਈ, ਮੇਰੀ ਰਹਿੰਦੀ ਤਕਦੀਰ ਪਰਵਾਜ਼ ਕਰਕੇ।
-"ਉਏ ਵੇਖਦੇ ਕੀ ਓ,ਸਿੱਟੋ ਕੰਜਰ ਨੂੰ ਅੰਦਰ, ਮੁੱਕਿਆਂ ਮਾਰ-ਮਾਰ ਹਿੱਲਾ ਦੋ ਤਣ-ਪੱਤਣ
ਏਹਦਾ। ਬਿਨਾਂ ਕਾਨੂੰਨੀ ਲਿਖਤ-ਪੜ੍ਹਤ ਤੋਂ ਬੱਚਾ ਤੋਰ ਤਾ,ਉਹ ਵੀ ਕਿਸੇ ਬੇਗਾਨੇ ਨਾਲ?"
ਪਰਚਾ ਤਾ ਬਣਦੈ ਹੀ ਬਣਦੈ। ਤੇਰੇ ਤੇ ਵੀ 'ਤੇ ਬਿਨ-ਪ੍ਰਵਾਨਗੀ ਬੱਚਾ ਗੋਦ ਲੈ ਜਾਣ ਵਾਲੇ
ਉਨ੍ਹਾਂ ਬਹਿਵਤੀਆਂ ਤੇ ਵੀ। ਆਖਰ ਸਿਸਟਮ ਵੀ ਕੋਈ ਚੀਜ਼ ਏ ਸਾਲੀ।
-"ਮਾਫ਼ ਕਰਨਾ ਹਜ਼ੂਰ, ਕਾਨੂੰਨ ਪਤਾ ਨਹੀਂ ਸੀ। ਮੈਂ ਤਾ ਪਹਿਲਾ ਤੋਂ ਈ ਡਾਢਾ ਦੁੱਖੀ ਆ ਜੀ।
ਝੁੰਜਲਾਹਟ ਲਬਰੇਜ਼ ਭੈਅ ਦੇ ਸ਼ਿਕੰਜੇ 'ਚ ਫਸਿਆਂ ਬੀਛਨਾ ਗਿੜਗਿੜਾਇਆ
-"ਜਨਾਬ ਜੇ ਏਹਦੇ ਕੋਲ ਕੁਝ ਹੈ ਤਾ ਲਵੋਂ ਐਥੋਂ, ਤੇ ਜਾਣ ਦਿਉਂ ਏਹਨੂੰ। ਤਕਦੀਰ ਦੇ ਮਾਰੇ
ਨੂੰ ਹੋਰ ਕੀ ਮਾਰਨਾ। ਆਪਣਾ ਕੀ ਏ ਕੱਲ ਦਿਨ ਚੜ੍ਹੇ ਕੋਈ ਹੋਰ ਖੂਹ 'ਚੋ ਡੱਡੂ ਲੱਭ ਲਵਾਗੇ।"
ਨਾਲ ਖੜ੍ਹੇ ਇੱਕ ਹਵਲਦਾਰ ਨੇ ਥਾਣੇਦਾਰ ਦੇ ਕੰਨ 'ਚ ਫੁੱਕ ਮਾਰੀ।
-"ਹਾ ਛੋਟੇ! ਗੱਲ ਤਾ ਤੇਰੀ ਸੋਲਾ-ਆਨੇ ਆ। ਸਿਸਟਮੀ ਦੁਰਮਟ ਨਾਲ ਹੋਰ ਕੀ ਕੁਚਲਣਾ,ਲੇਖਾਂ ਦੇ
ਕੁਚਲੇ ਹੋਏ ਨੂੰ। ਜੋ ਹੈ ਲੈ ਦੇ ਕੇ ਨਿਬੇੜਾ ਨਿਬੇੜ ਦਿੰਦੇ ਆ ਸਾਰਾ। ਵਿਚਾਰਾਂ ਐਵੇਂ ਹੀ
ਸਿਸਟਮੀ ਗੁੰਝਲਾਂ ਵਿੱਚ ਕੀ ਉਲਝਦਾ ਫਿਰੂ। ਫਰੋਲੋ ਏਹਦਾ ਖੀਸੇ ਤੇ ਕੱਢੋ ਕੁਝ, ਜੋ ਵੀ ਇਹ
ਲੁਕਾਈ ਬੈਠੇ।"
ਦੋਵੇਂ ਹਵਲਦਾਰ ਬੀਛਨੇ ਦੀਆਂ ਜੇਬਾਂ ਨੂੰ ਪੈ ਗਏ। ਸੱਜਰੀ ਦਿਹਾੜੀ ਦੇ ਇੱਕ ਸੋ ਵੀਹਾ 'ਚੋ,
ਸੋ ਥਾਣੇਦਾਰ ਨੇ ਫੜ੍ਹ ਕੇ ਆਪਣੀ ਜੇਬ 'ਚ ਪਾ ਲਏ 'ਤੇ ਓਵਰਟਾਈਮ ਦੇ ਉਪਰਲੇ ਵੀਹ ਦੋਹਾਂ
ਹਵਲਦਾਰਾਂ ਨੇ ਵੰਡ ਲਏ।
-"ਚੱਲ ਉਏ ਬਹਿਵਤੀਆਂ ਦਫ਼ਾ ਹੋ ਜਾਂ ਹੁਣ ਐਥੋਂ, ਜਦ ਜ਼ਰੂਰਤ ਪਈ ਤਾ ਘਰੋਂ ਗ੍ਰਿਫਤਾਰ ਕਰਕੇ
ਲਿਆਵਾਗੇ ਤੈਂਨੂੰ।"
ਧੱਕਾ ਦੇ ਕੇ ਇੱਕ ਨੇ ਉਹਨੂੰ ਥਾਣੇ 'ਚੋ ਤੋਰ ਦਿੱਤਾ। ਸੁੰਨ ਹੋਏ ਬੀਸਨੈ ਦੀਆਂ ਅੱਖਾਂ 'ਚੋ
ਹੰਝੂ ਟਪਕੇ, ਸਾਹ ਘੁਟੀ ਉਹ ਪਿੰਡ ਵੱਲ ਨੂੰ ਹੋ ਗਿਆ।
0************0
ਲੇਖਕ - ਰਵੀ ਸੱਚਦੇਵਾ
ਸੱਚਦੇਵਾ ਮੈਡੀਕੋਜ - ਸ੍ਰੀ ਮੁਕਤਸਰ ਸਾਹਿਬ
ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ - 0061- 449965340
ਈਮੇਲ - ravi_sachdeva35@yahoo.com
ਵੈੱਬਸਾਈਟ - http://www.ravisachdeva.com/
-0- |