Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 

Online Punjabi Magazine Seerat


(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ)
ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ
ਇੱਕ ਜੀਵਨ ਜਾਚ

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

 

'ਕਸਬੇ ਕਮਾਲ ਕੁੰਨ, ਅਜ਼ੀਜ਼ੇ ਜਹਾਂ ਛਵੀ'-(ਆਪਣੇ ਕਸਬ ‘ਚ ਮੁਹਾਰਤ ਹਾਸਲ ਕਰ, ਦੁਨੀਆਂ ਦਾ ਹੀਰੋ ਬਣ ਜਾਵੇਂਗਾ) ਫਾਰਸੀ ਦਾ ਸ਼ੇਅਰ ਜੀਵਨ ਦੇ ਹਰ ਪੜਾਅ ‘ਤੇ ਬੇਮਿਸਾਲ ਗੁਰ ਸਿੱਧ ਹੁੰਦਾ ਹੈ। ਸਭ ਬਜ਼ੁਰਗ ਆਪਣੇ ਆਪਣੇ ਕਿੱਤਿਆਂ ਵਿੱਚ ਨਾਮਣੇ ਕਮਾ ਜਿ਼ੰਦਗੀ ਦੇ ਆਖ਼ਰੀ ਪੜਾਅ ‘ਤੇ ਪਹੁੰਚ ਜਾਂਦੇ ਹਨ। ਇਸ ਅਵਸਥਾ ਵਿੱਚ ਵੀ ਉਨ੍ਹਾਂ ਨੂੰ ਜੀਵਨ ਸ਼ੈਲੀ ਦੇ ਸਿਰਜਕ ਬਣਨਾ ਪੈਣਾ ਹੈ ਤਾਂ ਹੀ ਖੁਸ਼ੀਆਂ ਮਾਣ ਸਕਣਗੇ। ਇਸ ਨਾਲ ਹੀ ਮੁੱਖ ਧਾਰਾ ਤੇ ਐਥਨਿਕ ਭਾਈਚਾਰੇ ‘ਚ ਇੱਕ ਸਮਾਜਕ ਪਛਾਣ ਬਣਨੀ ਹੈ। ਇਹ ਪਛਾਣ ਸੁਹਿਰਦ ਮੁਨੱਖੀ ਸਾਂਝਾਂ ‘ਚੋਂ ਸਹਿਜੇ ਹੀ ਉਤਪੰਨ ਹੋ ਖਲੋਂਦੀ ਹੈ। ਤੁਸੀਂ ਆਪਮੁਹਾਰੇ ਹੀ ਨਵੇਂ ਰਾਹਾਂ ਦੇ ਸਿਰਜਕ ਬਣ ਉਭਰਦੇ ਹੋ। ਅੰਤਾਂ ਦੀ ਵੇਹਲ ਹੁੰਦੀ ਹੈ। ਕੋਈ ਬੰਦਸ਼ੀ ਰੁਝੇਵੇਂ ਨਹੀਂ ਹੁੰਦੇ। ਇਹ ਅਵਸਥਾ ਸਿਰਜਣਾ, ਰਚਨਾਮਿਕਤਾ ਦਾ ਸੋਮਾ ਬਣ ਸਕਦੀ ਹੈ, ਜੀਵਨ ਦੀ ਆਨੰਦ ਵਾਦੀ ਸਿੱਧ ਹੋ ਸਕਦੀ ਹੈ ਜੇ ਤੁਸੀਂ ਇਸ ਨੂੰ ਗੌਹ ਨਾਲ ਵਾਚੋ ਅਤੇ ਇਸ ਵਿੱਚ ਵਿਚਰੋ। ਏਥੋਂ ਹੀ ਤੁਸੀਂ ਭਾਈਚਾਰੇ ਦੇ ਅਜ਼ੀਜ਼, ਨਾਇਕ ਬਣ ਉਭਰ ਖਲੋਂਦੇ ਹੋ।
ਬਾਹਰਲੇ ਕੁਦਰਤੀ ਵਾਤਾਵਰਨ ਵਿੱਚ ਪੈਰ ਧਰਦਿਆਂ ਹੀ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ...' ਸ਼ਬਦ ਦੀ ਧੁਨ ਮਨ ‘ਚ ਤਰੰਗਾਂ ਛੇੜ ਦਿੰਦੀ। ਅਗਿਆਨ, ਭੋਲੇ ਵੀਰਾਂ ਵੱਲੋਂ ਆਪਣੀ ਮਾਂ ਧਰਤੀ ‘ਤੇ ਲਾਪ੍ਰਵਾਹੀ ਵਿੱਚ ਕਈ ਕੁਝ ਏਧਰ ਉਧਰ ਖਿਲਾਰਿਆ ਹੁੰਦੈ। ਉਹਦੇ ਮਹੱਤਵ ਨੂੰ ਵਿਸਾਰ ਦਿੱਤਾ ਲੱਗਦੈ। ਸਿਵਕ ਪ੍ਰਸ਼ਾਸਨ ਵੱਲੋਂ ਰਸਤੇ ‘ਤੇ ਕੂੜੇ ਦੇ ਢੋਲ ਰੱਖੇ ਹੁੰਦੇ ਹਨ। ਇਸ ਖਿਲਾਰੇ ਨੂੰ ਇਨ੍ਹਾਂ ਵਿੱਚ ਸੁਟਦਿਆਂ ਆਪਣੀ ਧਰਤੀ ਮਾਤਾ ਦੀ ਸੇਵਾ ਹੁੰਦੀ ਮਹਿਸੂਸ ਹੁੰਦੀ ਰਹਿੰਦੀ ਹੈ। ਮਨੁੱਖ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ - ਜਣਨੀ ਮਾਂ, ਮਾਂ-ਬੋਲੀ ਤੇ ਧਰਤੀ ਮਾਂ। ਮਾਂ ਬੋਲੀ ਵਿੱਚ ਗੱਲਾਂ ਕਰਦਿਆਂ, ਪੜ੍ਹਦਿਆਂ, ਪੜ੍ਹਾਉਂਦਿਆਂ, ਲਿਖਦਿਆਂ, ਹੱਸਦਿਆਂ, ਹਸੰਦਿਆਂ, ਖਿਲੰਦਿਆਂ, ਖੇਡਦਿਆਂ, ਮੱਲਦਿਆਂ, ਮੇਲਦਿਆਂ ਇਸ ਮਾਖਿਉਂ ਮਿੱਠੀ ਵਿਰਾਸਤ ਦੀ ਸੰਭਾਲ ਤੇ ਅਮੀਰੀ ‘ਚ ਯੋਗਦਾਨ ਪੈਂਦਾ ਮਹਿਸੂਸ ਹੁੰਦੈ। ਸਭ ਨੂੰ ਹੀ ਇਸ ਵਿੱਚ ਗੱਲਾਂ ਕਰਨ ਲਈ ਪ੍ਰੇਰਦੇ ਰਹੀਦਾ ਹੈ। ਵਿਸ਼ੇਸ਼ ਤੌਰ ਤੇ ਬੱਚਿਆਂ ਨਾਲ ਤੇ ਭਾਈਚਾਰੇ ਨਾਲ ਇਸ ਵਿੱਚ ਗੱਲ ਕਰਨ ਨੂੰ ਪਹਿਲ ਦਈਦੀ ਹੈ। ਜਣਨੀ ਮਾਂ ਤਾਂ ਅੱਜ ਸਾਡੇ ਵਰਗੇ ਬਹੁਤੇ ਬਜ਼ੁਰਗਾਂ ਤੋਂ ਦੂਰ ਜਾ ਚੁੱਕੀਆਂ ਹੋਈਆਂ ਹਨ। ਉਸਦੀ ਤਾਂ ਹੁਣ ਸੇਵਾ ਹੋ ਨਹੀਂ ਸਕਦੀ। ਪਰ ਆਪਣੇ ਬੱਚਿਆਂ ਦੀ ਮਾਂ ਦੀ ਸੇਵਾ ਵੀ ਕਾਫੀ ਸੰਤੁਸ਼ਟੀ ਦਿੰਦੀ ਹੈ।
ਲੋਕਾਈ ਦੀ ਧਰਤ ਮਾਂ ਨੂੰ ਗੁਰੂਆਂ ਨੇ ਬੜੀ ਮਹਾਨ ਕਿਹਾ ਹੈ। ਇਸ ਦੀ ਗੋਦ ‘ਚੋਂ ਅਸੀਂ ਅਨੇਕਾਂ ਨਿਆਮਤਾਂ ਦਾ ਆਨੰਦ ਮਾਣਦੇ ਵੱਡੇ ਹੋਏ ਹਾਂ, ਹਾਲੀ ਵੀ ਮਾਨ ਰਹੇ ਹਾਂ ਅਤੇ ਅੰਤ ਨੂੰ ਇਸ ਵਿੱਚ ਹੀ ਸਮਾ ਜਾਣੈ। ਸੋਚ ਦੀ ਧੁਨ ਇਸ ‘ਤੇ ਪਏ ਗੰਦ-ਮੰਦ ਨੂੰ ਸਮੇਟਦਿਆਂ ਇਸ ਧਰਤ ਮਹੱਤ ਦੀ ਸੇਵਾ ਹੋ ਰਹੀ ਮਹਿਸੂਸ ਹੁੰਦੀ। ਅੰਤਾਂ ਦੀ ਸੰਤੁਸ਼ਟੀ ਨਾਲ ਇਸ ਦੀ ਸਦੀਵੀ ਸਿਹਤ ਕਾਇਮ ਰੱਖਣ ਵਿੱਚ ਨਿਮਾਣਾ ਜਿਹਾ ਹਿੱਸਾ ਪੈਂਦਾ ਲੱਗਦੈ।
ਇਸ ਤਰ੍ਹਾਂ ਸ਼ੁਭਸਵੇਰੇ ਭਾਈਚਾਰੇ ਵਿੱਚ ਸੈਰ ਕਰਦਿਆਂ, ਵਿਚਰਦਿਆਂ ਧਰਤ ਮਾਤਾ ਨੂੰ ਸਾਫ਼ ਸੁਥਰਾ ਰੱਖਣ ਦਾ ਸ਼ੁਭ ਕਾਰਜ ਆਪਮੁਹਾਰੇ ਹੀ ਆਰੰਭ ਹੋ ਜਾਂਦੈ। ਕਈ ਬਜ਼ੁਰਗਾਂ ਸੰਗਠਨਾਂ ਨੇ ਇਸ ਨੇਕ ਕਾਰਜ ਲਈ ਦਿਨ ਨਿਸ਼ਚਤ ਕੀਤੇ ਹੋਏ ਹਨ। ਮੇਰੇ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਨੂੰ ਵੇਖ ਅਟਾਲੀਅਨ ਦੋਸਤ ਮਿ. ਫੈਕਟ ਕਹਿੰਦਾ: ਅਸੀਂ ਆਪਣੇ ਨੇਬਰਹੁੱਡ ਵਿੱਚ ਇਹ ਕਾਰਜ ਸਾਰੇ ਰਲ਼ਕੇ ਸ਼ਨੀਚਰਵਾਰ ਨੂੰ ਕਰਦੇ ਹਾਂ। ਇੱਕ ਦਿਨ ਉਸ ਦਾ ਪਾਲਤੂ ਕੁੱਤਾ ਰਸਤੇ ਤੋਂ ਕਾਫੀ ਹਟਵਾਂ ਆਪਣੀ ਰਫਾ-ਹਾਜਤ ਕਰਨ ਲੱਗ ਪਿਆ ... ਉਹ ਜੇਬ ‘ਚੋਂ ਲਫਾਫਾ ਕੱਢ ਚੁੱਕਣ ਲੱਗ ਪਿਆ ... ਪੁੱਛਿਆ ਮਿ. ਫੈਕਟ ... ਉਸ ਦਾ ਇਹ ਗੰਦਮੂਲ ਤਾਂ ਸੜਕੋਂ ਹਟਵਾਂ ਹੈ ... ਉੱਥੇ ਹੀ ਪਿਆ ਰਹਿਣ ਦਿਉ ... ਪੇੜ-ਪੌਦਿਆਂ, ਕੁਦਰਤੀ ਬਨਸਪਤੀ ਲਈ ਜੀਵਕ ਖਾਦ ਬਣੇਗਾ ... ਬੱਸ ਮਿ. ਬਾਜਵਾ ... ਆਦਤ ਹੀ ਬਣ ਚੁੱਕੀ ਹੈ ... ਵੈਸੇ ਤੁਹਾਡੀ ਗੱਲ ਵੀ ਠੀਕ ਹੈ ... ਇੱਕ ਪੱਖੋਂ ਉਹ ਵੀ ਠੀਕ ਲੱਗਾ ...। ਹੁਣ ਤਾਂ ਅਟਾਲੀਅਨ ਮਿਸਟਰ ਫੈਕਟ ਨਾਲ ਵਾਹਵਾ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਉਹ ਭਾਰਤ ਬਾਰੇ ਬੜੇ ਉਤਸ਼ਾਹ ਨਾਲ ਪੁੱਛਦਾ। ਅਟਾਲੀਅਨ ਮੂਲ ਦੀ ਕਾਂਗਰਸ ਪ੍ਰਧਾਨ ਤੇ ਐੱਮ ਪੀ ਸੋਨੀਆ ਗਾਂਧੀ ਦੀ ਗੱਲ ਚੱਲ ਪੈਂਦੀ। ਸੋਨੀਆ ਕਰਕੇ ਵੀ ਅਟਾਲੀਅਨ ਭਾਰਤ ਨਾਲ ਇੱਕ ਵਿਸ਼ੇਸ਼ ਸਨੇਹ ਰੱਖਦੇ ਹਨ।
ਸਵੇਰੇ ਸਵੇਰੇ ਸਫਾਈ ਕਾਰਜ ਹੁੰਦਾ ਵੇਖ ਸ਼ੁਭਸਵੇਰ ਦੇ ਸਭ ਵੀਰਾਂ ਨੂੰ ਇੱਕ ਸੁਨੇਹਾਂ ਪਹੁੰਚਦਾ ਹੈ। ਨਾਲ ਤੁਰੇ ਜਾਂਦੇ ਬੱਚੇ ਮਾਪਿਆਂ ਨੂੰ ਪੁੱਛਣ ਲੱਗ ਪੈਂਦੇ ਹਨ। ਉਹ ਜ਼ਰੂਰ ਸਮਝਾਉਂਦੇ ਹੋਣਗੇ। ਉਹ ਵੀ ਇਸ ਨੇਕ ਕਾਰਜ ਨੂੰ ਆਰੰਭ ਕਰ ਦਿੰਦੇ ਹਨ। ਵੈਸੇ ਕੇਰਾਂ ਇੱਕ ਪੰਜਾਬੀ ਭਾਊ ਨੇ ਮੈਨੂੰ ਵੇਖ ਕਹਿ ਹੀ ਦਿੱਤਾ: ਛੱਡੋ ਜੀ ਇਹ ਲੋਕ ਨਈਂ ਸਮਝਦੇ ... ਸਵੇਰੇ ਫਿਰ ਨਿੱਕਸੁੱਕ ਸੁੱਟ ਜਾਂਦੇ ਨੇ ... ਕੋਈ ਗੱਲ ਨਹੀਂ ਵੀਰ ਜੀ ... ਉਹ ਉਨ੍ਹਾਂ ਦੀ ਸੋਚ ਹੈ ... ਚਲੋ ਆਪਾਂ ਤਾਂ ਕਰੀਏ ... ਜਿੰਨਾ ਕਰ ਸਕਦੇ ਹਾਂ... ਜਿੰਨਾ ਹੋਏ ਉਹੋ ਸਹੀ ...।
ਸੈਰ ਕਰਦਿਆਂ ਬਹੁਰੰਗੇ ਲੋਕ ਵੇਖ 'ਸਭੇ ਸਾਂਝੀਵਾਲ ਸਦਾਇਨ ...' ਦੀ ਧੁਨ ਦਾ ਪ੍ਰਵਾਹ ਵੀ ਵਿਦਮਾਨ ਹੁੰਦੈ। ਸਿਰਫ ਇੱਕ ਨਿਮਰ ਜਿਹੀ ਸ਼ੁਭਸਵੇਰ ਸ਼ਬਦ ਨਾਲ ਗੱਲ-ਬਾਤ ਦੇ ਰਾਹ ਖੁੱਲ੍ਹ ਜਾਂਦੇ ਹਨ। ਇਨ੍ਹਾਂ ਵਿੱਚ ਜਪਾਨੀ, ਚਾਈਨੀਜ਼, ਵੀਤਨਾਮੀ, ਅਫਰੀਕਨ, ਯੋਰਪੀਅਨ, ਸਾਊਥ ਏਸ਼ੀਅਨਜ, ਆਦਿ ਹੁੰਦੇ ਹਨ। ਇਨ੍ਹਾਂ ਨਾਲ ਹੁਣ ਤਾਂ ਵਾਹਵਾ ਜਾਣਪਛਾਲ ਹੋ ਗਈ ਹੋਈ ਹੈ। ਇਹ ਸ਼ੁਭਸਵੇਰ ਭਾਈਚਾਰਾ ਅਨੇਕ ਰੰਗਾਂ ਦੇ ਮਨੁੱਖੀ ਫੁੱਲਾਂ ਦਾ ਗੁਲਦਸਤਾ ਜਾਪਦੈ। ਵਿਸ਼ਵ ਭਾਈਚਾਰੇ ਦਾ ਇੱਕ ਸਜੀਵ, ਸਾਖਸ਼ਾਤ ਨਮੂਨਾ। ਇਨ੍ਹਾਂ ‘ਚ ਵਿਚਰਦਿਆਂ ਮਨ ਸਰਸ਼ਾਰ ਹੋ ਜਾਂਦੈ। ਦਿਨ ਦਾ ਸ਼੍ਰੀਗਣੇਸ਼ ਇੱਕ ਕਮਾਲ ਦੇ ਉਮਾਹ ਨਾਲ ਆਰੰਭ ਹੁੰਦੈ। ਸੰਤੁਸ਼ਟਤਾ ਤੇ ਪ੍ਰਸੰਨਤਾ ਨਾਲ ਪੂਰਾ ਦਿਨ ਮਨ ਚੜ੍ਹਦੀ ਕਲਾ ‘ਚ ਰਹਿੰਦੈ। ਇਸ ਸ਼ੁਭਸਵੇਰ ਨੇ ਜਿ਼ੰਦਗੀ ਵਿੱਚ ਇੱਕ ਜਾਦੂਮਈ ਕ੍ਰਿਸ਼ਮੇ ਦਾ ਆਲਮ ਆਇਤ ਕਰ ਦਿੱਤਾ ਹੋਇਐ।
ਇਸ ਭਾਈਚਾਰੇ ਵਿੱਚ ਪੰਜਾਬੀਆਂ ਦੀ ਗਿਣਤੀ ਵਧੇਰੇ ਹੈ। ਸੈਰ ਦੌਰਾਨ ਪੰਜਾਬੀ ਭੈਣਾਂ, ਵੀਰ, ਬੀਬੀਆਂ, ਬਜ਼ੁਰਗ ਕਾਫੀ ਮਿਲਦੇ ਹਨ। ਸਤਿ ਸ੍ਰੀ ਅਕਾਲ ਨਾਲ ਉਹਨਾਂ ਦੇ ਚਿਹਰਿਆਂ ‘ਤੇ ਖੁਸ਼ੀਆਂ ਤੇ ਖੇੜੇ ਛਾ ਜਾਂਦੇ ਹਨ। ਬੀਬੀਆਂ ਭਾਵੇਂ ਸੋਚਦੀਆਂ ਹੋਣ ਕਿ ਇਹ ਬਾਬਾ ਐਵੇਂ ਹੀ ਰਾਹ ਜਾਂਦਿਆਂ ਨੂੰ ਫਤਹਿ ਬੁਲਾਈ ਜਾਂਦੈ। ਪਰ ਹੁਣ ਲੱਗਦਾ ਹੈ ਉਨ੍ਹਾਂ ਦੀ ਇਸ ਧਾਰਨਾ ਵਿੱਚ ਤਬਦੀਲੀ ਆ ਗਈ ਹੈ। ਹੁਣ ਉਹ ਵੀ ਬਾਈ ਜੀ, ਵੀਰ ਜੀ, ਅੰਕਲ ਜੀ ਕਹਿ ਪਹਿਲਾਂ ਸ਼ੁਭਸਵੇਰ ਪੇਸ਼ ਕਰਦੀਆਂ ਹਨ। ਮੇਰੀ ਬਿਰਤੀ ਹੈ, ਕਿਉਂ ਨਾ ਥੋੜ੍ਹੇ ਚਿਰ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਸਰੋਕਾਰਾਂ, ਚਿੰਤਾਵਾਂ, ਫਿਕਰਾਂ, ਤਲਖ਼ੀਆਂ ‘ਚੋਂ ਕੱਢਿਆ ਜਾਵੇ! ਅਵਸ਼ ਉਹ ਨਿਕਲਦੇ/ਨਿਕਲਦੀਆਂ ਹਨ। ਇਸ ਮੇਰੀ ਪਹਿਲਕਦਮੀ ਬਾਰੇ ਉਹ ਜ਼ਰੂਰ ਸੋਚਦੇ/ਸੋਚਦੀਆਂ ਹੋਣਗੀਆਂ। ਖੁਸ਼ੀਆਂ, ਖੇੜੇ ਸਾਂਝੇ ਕਰਦਿਆਂ ਉਨ੍ਹਾਂ ਦੇ ਜੀਵਨ ਵਿੱਚ ਸੰਗੀਤਕ ਰਵਾਨੀ ਵਰਗੀ ਠੁੱਕ ਬੱਝ ਜਾਂਦੀ ਮਹਿਸੂਸ ਹੁੰਦੀ। ਸਾਡੇ ਮਹਾਨ ਇਸ਼ਟ ਨੇ ਸਤਿ ਸ੍ਰੀ ਅਕਾਲ ਦੁਆਰਾ ਇੱਕ ਉੱਚੀ ਤੇ ਸੁੱਚੀ ਸ਼ੁਭਸਵੇਰ ਕਾਮਨਾ ਬਖ਼ਸ਼ੀ ਹੋਈ ਹੈ। ਇਹ ਮਨੁੱਖੀ ਸਾਂਝਾ ਉਤਪੰਨ ਕਰਨ ਦਾ ਕਮਾਲ ਦਾ ਜ਼ਰੀਆ ਹੈ। ਕਿਉਂ ਨਾ ਇਸ ਦੇ ਪ੍ਰਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਇਆ ਜਾਵੇ। ਇਸ ‘ਤੇ ਚੱਲਦਿਆਂ ਦੂਜਿਆਂ ਨੂੰ ਵੀ ਇਸ ਸਲੀਕੇ ਨੂੰ ਅਪਨਾਉਣ ਦੀ ਸਹਿਵਨ ਹੀ ਪ੍ਰੇਰਨਾ ਮਿਲਦੀ ਹੈ।
ਅਰੰਭ ਵਿੱਚ ਵੇਖਿਆ ਕਿ ਬਹੁਤ ਸੋਹਣੇ ਸੁਨੱਖੇ ਜੋੜੇ, ਬਜ਼ੁਰਗ ਵੀਰ, ਭੈਣਾਂ ਤੇ ਬੀਬੀਆਂ ਏਨੀਆਂ ਚੁੱਪ-ਚਾਪ ਕੋਲੋਂ ਦੀ ਲੰਘਦੀਆਂ, ਜਿਵੇਂ ਕਿ ਅਸੀਂ ਇੱਕ ਦੂਜੇ ਨਾਲ ਰੁੱਸੇ ਹੁੰਦੇ ਹਾਂ, ਸਾਡੀ ਕੋਈ ਸ਼ਰੀਕਾਬਾਜ਼ੀ ਹੋਵੇ। ਇਹ ਵੀ ਨਹੀਂ। ਫਿਰ ਉਨ੍ਹਾਂ ਦੇ ਚਿਹਰੇ ਦਾ ਇਹ ਗੰਭੀਰ ਵਤੀਰਾ, ਹਾਵ-ਭਾਵ ਕਿਉਂ ਹੈ? ਸਹਿਵਨ ਹੀ ਸੋਚ ਦਾ ਪ੍ਰਵਾਹ ਚੱਲ ਪੈਂਦਾ। ਮਨ ਵਿਸ਼ਲੇਸ਼ਨ ਕਰਨ ਲੱਗ ਜਾਂਦਾ। ਸਾਡੇ ਪਰਿਵਾਰਾਂ ਵਿੱਚ ਬੀਬੀਆਂ ਬੜੇ ਘੁਟਵੇਂ ਤੇ ਵਿਤਕਰੇ ਭਰੇ ਮਾਹੌਲ ਵਿੱਚ ਪਲ਼ਦੀਆਂ ਹਨ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਅਣਗੌਲਿਆਂ ਕੀਤਾ ਜਾਂਦੈ। ਪਹਿਲਾਂ ਬਾਪ ਦੀ ਠਾਣੇਦਾਰੀ ਚੱਲਦੀ ਹੈ, ਫਿਰ ਭਰਾਵਾਂ ਦੀ ਅਤੇ ਫਿਰ ਪਤੀ ਦਾ ਹੀ ਅਲਾਹੀ ਫਰਮਾਨ ਬਣ ਚੱਲਦਾ ਹੈ। ਕਈਆਂ ‘ਤੇ ਤਾਂ ਅੱਗੋਂ ਪੁੱਤਰ ਵੀ ਭਾਰੂ ਹੋ ਖਲੋਂਦੇ ਹਨ। ਜਾਪਦਾ ਕਿ ਉਨ੍ਹਾਂ ਦਾ ਇਹ ਵਤੀਰਾ ਇਨ੍ਹਾਂ ਸੰਸਕਾਰਾਤਮਕ ਕਦਰਾਂ ਦੇ ਬੋਝ ਹੇਠ ਹੈ। ਸ਼ਾਇਦ ਉਨ੍ਹਾਂ ਨੂੰ ਇਸ ਮੁਸਕਰਾਹਟ ਨਾਲ ਕੋਈ ਬਾਹਲਾ ਹੀ ਕੌੜਾ ਤਰਜਬਾ ਹੋਇਆ ਹੋਵੇ। ਸੋ ਇਸ ਤਰ੍ਹਾਂ ਗੰਭੀਰ ਰਹਿਣਾ ਕੁਦਰਤੀ ਹੈ। ਇਹ ਵਰਤਾਰਾ ਸਾਡੇ ਸਾਊਥ ਏਸ਼ੀਅਨ ਪਰਿਵਾਰਾਂ ਦੇ ਸੰਸਕਾਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਤੁਰਿਆ ਆਉਂਦੈ। ਵੈਸੇ ਕੁਝ ਪੜ੍ਹਾਈ ਦੀ ਘਾਟ ਪੱਖੋ ਵਿਸ਼ੇਸ਼ ਕਰਕੇ ਅੰਗਰੇਜ਼ੀ ਵੱਲੋਂ ਹੱਥ ਤੰਗ ਹੋਣ ਕਰਕੇ ਕੁਝ ਘਟੀਆਂਪਨ ਦਾ ਬੋਝ ਵੀ ਹੋ ਸਕਦੈ। ਕਈਆਂ ਨੂੰ ਤਾਂ ਵੈਸੇ ਵੀ ਬਿਨਾਂ ਜਾਣੇ ਕਿਸੇ ਨੂੰ ਵਿਸ਼ ਕਰਨਾ ਠੀਕ ਨਹੀਂ ਲੱਗਦਾ। ਪਰ ਇੱਕ ਗੱਲ ਦਾ ਮੈਨੂੰ ਮਾਣ ਹੈ ਕਿ ਪੰਜਾਬੀ ਸਿ਼ਸ਼ਟਾਚਾਰ ਵੱਲੋਂ ਕਿਸੇ ਤੋਂ ਊਣੇ ਨਹੀਂ। ਐਵੇਂ ਜੱਕ ਜਿਹੀ ਹੀ ਬਣੀ ਹੋਈ ਹੈ। ਦੂਜੇ ਪਾਸੇ ਵੇਖਿਆ ਕਿ ਗੋਰੇ ਜੋੜੇ ਤੇ ਔਰਤਾਂ ਨੂੰ ਜਦੋਂ ਸਵੇਰ ਦੀ ਸ਼ੁਭਕਾਮਨਾ ਪੇਸ਼ ਕੀਤੀ ਉਨ੍ਹਾਂ ਦੇ ਪ੍ਰਤਿਕਰਮ ਬਹੁਤੇ ਹੀ ਪੁਰਖਲੂਸ, ਹਸਮੁਖ ਤੇ ਆਤਮਵਿਸ਼ਵਾਸ਼ ਭਰੇ ਲਹਿਜੇ ਵਿੱਚ ਹੁੰਦੇ। ਇਹ ਕਦਰਾਂ ਉਨ੍ਹਾਂ ਦੇ ਸਮਾਜਕ ਭਾਈਚਰੇ ਵਿੱਚ ਮੁੱਢ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ। ਅਸੀਂ ਮਨੁੱਖ ਹਾਂ, ਕਿਉਂ ਨਾ ਇੱਕ ਦੂਜੇ ਨਾਲ ਚਿਹਰੇ ਦੀਆਂ ਮੁਸਕਰਾਹਟਾਂ ਸਾਂਝੀਆਂ ਕਰਦੇ ਮਿਲੀਏ ਤੇ ਵਿਚਰੀਏ। ਦੂਜੇ ਪਾਸੇ ਪੰਜਾਬੀ ਬੀਬੀਆਂ ਵਿੱਚ ਏਨਾ ਆਤਮਵਿਸ਼ਵਾਸ਼ ਨਹੀਂ ਝਲਕਦਾ। ਇਸ ਕਰਕੇ ਹੀ ਉਹ ਓਪਰੇ ਮਰਦ ਨਾਲ ਹੱਸਕੇ ਸਤਿ ਸ੍ਰੀ ਅਕਾਲ ਕਹਿਣ, ਵਿਸ਼ ਕਰਨ ਦੀ ਕਦੀ ਪਹਿਲ ਨਹੀਂ ਕਰਦੀਆਂ। ਬਹੁਤੇ ਗੋਰੇ ਕੋਲੋਂ ਲੰਘਦਿਆਂ ਵੱਲ ਮੁਸਕਰਾਕੇ ਲੰਘਦੇ ਹਨ। ਪਰ ਹੁਣ ਪੜ੍ਹਾਈ ਤੇ ਕੈਨੇਡੀਅਨ ਜੀਵਨ ਜਾਚ ਨਾਲ ਕਾਫੀ ਪਰਿਵਰਤਣ ਆ ਰਹੇ ਹਨ। ਇਸ ਸ਼ੁਭਸਵੇਰ ਦੀਆਂ ਉਹ ਭੈਣਾਂ ਤੇ ਬੀਬੀਆਂ ਹੀ ਹੁਣ ਪੂਰੇ ਆਤਮ-ਵਿਸ਼ਵਾਸ਼ ਨਾਲ ਸ਼ੁਭਸਵੇਰ ਦਾ ਖਿੜੇ ਮੱਥੇ ਹੁੰਗਾਰਾ ਭਰਦੀਆਂ ਹਨ। ਉਨ੍ਹਾਂ ਦੀ ਸ਼ਖਸੀਅਤ ਹੋਰ ਵੀ ਸੁੰਦਰ ਤੇ ਪ੍ਰਭਾਵਕ ਲੱਗਦੀ ਹੈ।
ਇੱਕ ਬਹੁਤ ਹੀ ਲੰਬੀ-ਲੰਝੀ ਤੂਤ ਦੀ ਲਗਰ ਵਰਗੀ ਖ਼ੂਬਸੂਰਤ ਗੋਰੀ ਆਪਣੇ ਦੋ ਸਾਥੀਆਂ ਨਾਲ ਆ ਰਹੀ ਮਿਲਦੀ। ਗੁੱਡ ਮਾਰਨਿੰਗ ਦਾ ਤਿੰਨਾਂ ਨੇ ਹੀ ਖਿੜੇ ਚਿਹਰੇ ਮੋੜਵਾਂ ਪ੍ਰਤੀਕਰਮ ਦਿੱਤਾ ... ਨਾਈਸ ਡੇਅ ... ਆਨੰਦ ਮਾਣੋ ...। ਉਹ ਤਕਰੀਬਨ ਹਰ ਰੋਜ਼ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਮਿਲਦੇ ਹਨ। ਇੱਕ ਦਿਨ ਕੁਦਰਤੀ ਐਸਾ ਮੌਕਾ ਮੇਲ ਹੋਇਆ ਕਿ ਸੈਰ ਕਰਦੀ ਮੇਰੀ ਪਤਨੀ ਉਨ੍ਹਾਂ ਨੂੰ ਅੱਗੋਂ ਮਿਲ ਪਈ। ਉਹ ਵੀ ਸਭ ਮਿਲਣ ਵਾਲਿਆਂ ਨੂੰ ਸਵੇਰ ਦੀ ਸ਼ੁਭਕਾਮਨਾ ਪੇਸ਼ ਕਰਦੀ ਹੈ। ਗੋਰੀ ਉਹਨੂੰ ਪੁੱਛਦੀ ਕੀ ਉਹ ਗਰੀਨ ਟਰੈਕ ਸੂਟ ਵਾਲਾ ਤੁਹਾਡਾ ਪਤੀ ਹੈ ... ਹਾਂ ਜੀ ... ਹੱਸਕੇ ਬੋਲੀ ... ਮੈਂ ਤੁਹਾਡੇ ਇਸ ਚੰਗੇ ਮੈਨਰ (ਸਦਾਚਾਰ) ਤੋਂ ਅਨੁਮਾਨ ਲਾ ਲਿਆ ਸੀ ... ਤੁਸੀਂ ਵਾਹਵਾ ਪੜ੍ਹੇ ਲਿਖੇ ਤੇ ਚੰਗੇ ਸਲੀਕੇ ਵਾਲੇ ਲੱਗੇ ਹੋ। ਇੱਕ ਦਿਨ ਅੱਗੇ ਅੱਗੇ ਜਾਂਦੇ ਉਨ੍ਹਾਂ ਦੇ ਛੋਟੇ ਛੋਟੇ ਗੋਰੇ ਬੱਚਿਆਂ ਨੂੰ ਹੈਲੋ ਸਵੀਟ, ਲਵਲੀ ਕਿੱਡਜ਼ ਗੁੱਡ ਮਾਰਨਿੰਗ। ਫਿਰ ਉਨ੍ਹਾਂ ਨਾਲ ਗੱਲੀਂ ਪਿਆਂ ਪਤਾ ਲੱਗਾ ਉਹ ਪਹਿਲੇ ਕਮਿਊਨਿਸਟ ਯੋਗਸਲਾਵੀਆ ਦੇ ਟੁਕੜੇ ਹੋਏ ਬਾਲਕਨ ਦੇਸ਼ਾਂ ਦੇ ਵਾਸੀ ਹਨ। ਮਹਿਸੂਸ ਹੋਇਆ ਕਿ ਜੇ ਅਸੀਂ ਚੰਗੇ ਸਲੀਕੇ ਨਾਲ ਸਭ ਨਾਲ ਪੇਸ਼ ਆਈਏ ਤਾਂ ਸਾਡੇ ਪੰਜਾਬੀ ਭਾਈਚਾਰੇ ਦੀ ਵਿਸ਼ੇਸ਼ ਤੌਰ ਤੇ ਪੰਜਾਬੀ ਸਿੱਖਾਂ ਦੀ ਵੀ ਚੰਗੀ ਪਛਾਣ ਬਣੇਗੀ। ਨਹੀਂ ਤਾਂ ਬੇਗਾਨਗੀ ਵਧੇਗੀ। ਜਿਸ ਤਰ੍ਹਾਂ ਅੱਜ ਕੱਲ੍ਹ ਸਾਡੀ ਮੁੱਖ ਧਾਰਾ ਭਾਈਚਾਰੇ ‘ਚੋਂ ਅਲੱਗ ਥਲੱਗਤਾ ਵਧ ਰਹੀ ਹੈ।
ਦੋ ਸੁੰਦਰ ਗੋਰੀਆਂ ਲੱਗਭੱਗ ਹਰ ਰੋਜ਼ ਮਿਲਦੀਆਂ ਹਨ। ਗੁੱਡਮਾਰਨਿੰਗ ਨਾਲ ਸੋਹਣੇ ਚਿਹਰੇ ਹੋਰ ਵੀ ਪ੍ਰਭਾਵੀ ਹੋ ਜਾਂਦੇ। 'ਹੈਵ ਏ ਨਾਈਸ ਡੇਅ' ਨਾਲ ਉਹ ਹੋਰ ਅੱਗੇ ਗੱਲ ਕਰਨ ਲਈ ਵੀ ਔਲ਼ ਪੈਂਦੀਆਂ ਹਨ। ਮੌਸਮ ਦੀ ਸਰਹਾਣਾ, ਉਸ ਦੀਆਂ ਗੱਲਾਂ, ਨਾਲ ਮਾਨਵੀ ਸਾਂਝ ਹੋਰ ਵਧੀ ਤੇ ਪੀਢੀ ਹੋ ਗਈ। ਮੁਹਾਂਦਰਿਆਂ ਤੋਂ ਲੱਗਦਾ ਕਿ ਉਹ ਭੈਣਾਂ ਹਨ। ਪਰ ਅਸਲ ‘ਚ ਉਹ ਮਾਂ ਧੀ ਸਨ। ਉਹ ਗਰੀਸ ਤੋਂ ਹਨ। ਮਹਾਨ ਗਰੀਕ ਚਿੰਤਕ ਸਾਕਰੇਟ, ਪਲੈਟੋ ਤੇ ਅਰਸਤੂ ਤੇ ਅਲੈਗਜ਼ੈਂਡਰ ਦਾ ਨਾਂ ਸੁਣ ਗੱਦਗੱਦ ਹੋ ਗਈਆਂ। ਇਹ ਜੋੜੀ ਬੜੇ ਹੁਲਾਸ ਨਾਲ ਵਿਸ਼ ਕਰਦੀਆਂ ਹਨ। ਪੱਤ ਝੜ ਦੇ ਆਰੰਭ ਵਿੱਚ ਇੱਕ ਦਿਨ ਮੇਰੇ ਕੋਲੋਂ ਕਹਿ ਹੋ ਗਿਆ: ਠੰਡਾ, ਤੇ ਯਖ਼ ਪੌਣਾਂ ਤੇ ਬਰਫ਼ਾਂ ਦਾ ਮੌਸਮ ਆ ਰਿਹੈ ... ਫਿਰ ਅਸੀਂ ਸੈਰ ਲਈ ਨਹੀਂ ਨਿਕਲ ਸਕਾਂਗੇ ... ਗੋਰੀ ਦਾ ਜਵਾਬ ਸੀ ... ਫਿਕਰ ਨਾ ਕਰੋ ... ਇਹ ਜਿ਼ੰਦਗੀ ਦਾ ਹੀ ਹਿੱਸਾ ਹਨ ... ਮੌਸਮ ਆਉਂਦੇ ਹਨ ਤੇ ਚਲੇ ਜਾਂਦੇ ਹਨ ...।
ਇੱਕ ਹੋਰ ਥੋੜ੍ਹੀ ਜਿਹੀ ਅਪਾਹਜ ਪਰ ਤਿੱਖੇ ਨੈਣ ਨਕਸ਼ਾਂ ਵਾਲੀ ਬਹੁਤ ਹੀ ਸੋਹਣੀ ਗੋਰੀ ਵੀ ਮਿਲਦੀ ਰਹਿੰਦੀ ਹੈ। ਭਰ ਗਰਮੀ ‘ਚ ਉਸ ਦਾ ਚਿਹਰਾ ਸੇਬ ਵਾਂਗ ਲਾਲ ਸੁਰਖ਼ ਹੋਇਆ ਹੁੰਦਾ। ਉਹ ਹੋਰ ਵੀ ਸੁੰਦਰ ਲੱਗਦੀ। ਗੱਲ ਕਰਦਿਆਂ ਲੱਜਿਆ ਨਾਲ ਉਹਦੇ ਚਿਹਰੇ ‘ਤੇ ਲਾਲੀ ਦੌੜ ਜਾਂਦੀ। ਉਹ ਲੱਕ ਤੋਂ ਰਤਾ ਜਕੜੀ ਹੋਈ ਤੁਰਦੀ ਹੈ। ਕਿਸੇ ਕਾਰ ਦੁਰਘਟਨਾ ਦੀ ਸੱਟ ਨਾਲ ਲੱਕ ਤੋਂ ਹਮੇਸ਼ਾਂ ਲਈ ਅਪਾਹਜ ਹੋ ਗਈ ਹੋਈ ਹੈ। ਉਸ ਦੇ ਹੱਥ ਵਿੱਚ ਇੱਕ ਹੀ ਨਸਲ ਦੇ ਦੋ ਸਫੈਦ ਨਿੱਕਚੂ ਜਿਹੇ ਪਾਲਤੂ ਕੁੱਤੇ ਹੁੰਦੇ। ਇਨ੍ਹਾਂ ਛੋਟੇ ਛੋਟੇ ਕੁੱਤਿਆਂ ਦੀ ਦੁਆਗਾ ਡੋਰ ਉਸ ਦੇ ਹੱਥ ‘ਚ ਹੁੰਦੀ ਹੈ। ਉਹ ਅੱਗੇ ਅੱਗੇ ਉਸ ਨੂੰ ਖਿੱਚੀ ਤੁਰੇ ਜਾਂਦੇ ਹਨ। ਇਸ ਅਪਾਹਜਤਾ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ। ਚੜ੍ਹਦੀ ਕਲਾ ‘ਚ ਹੁੰਦੀ ਹੈ। ਪਹਿਲਾਂ ਪੈਹਲ ਗੱਲ ਕਰਨ ਲੱਗਿਆਂ ਉਸ ਦੇ ਕੁੱਤੇ ਭੌਂਕਣ ਲੱਗ ਜਾਂਦੇ। ਫਿਰ ਵਾਕਫ਼ ਹੋ ਗਏ ਤੇ ਭੌਂਕਣੋਂ ਹਟ ਗਏ। ਇੱਕ ਦਿਨ ਉਹ ਫਿਰ ਭੌਂਕਣ ਲੱਗ ਪਏ ... ਪੁੱਛਿਆ ਕਿਉਂ ਭੌਂਕਦੇ ਹਨ ... ਜਵਾਬ ਮਿਲਿਆ ... ਇਹ ਹਰ ਬੰਦੇ ਦੇ ਹਾਵ-ਭਾਵ ... ਜਾਂ ਪਹਿਰਾਵੇ ਤੋਂ ਡਰਕੇ ਭੌਂਕਦੇ ਹਨ ... ਵੈਸੇ ਵੀ ਇਹ ... 'ਦ ਵੇਅ ਯੂ ਟਾਕ' ਕਰਕੇ ਵੀ ਭੌਂਕਦੇ ਹਨ। ਇਹ ਗੱਲ ਕਿੱਡੇ ਵੱਡੇ ਸੱਚ ਦਾ ਸੰਕੇਤ ਦਿੰਦੀ ਹੈ ਕਿ ਕੁੱਤੇ ਵੀ ਤੁਹਾਡੇ ਬੋਲਣ ਢੰਗ, ਸਲੀਕੇ ਨੂੰ ਸਮਝਦੇ ਹਨ। ਪਿੱਛੇ ਜਿਹੇ ਅਮਰੀਕਾ ਵਿੱਚ ਇੱਕ ਕਾਲੇ ਦੇ ਕੁੱਤੇ ਨੂੰ ਗੋਲ਼ੀ ਦਾ ਸਿ਼ਕਾਰ ਹੋਣਾ ਪਿਆ ਜਦੋਂ ਉਸ ਨੇ ਆਪਣੇ ਮਾਲਕ ਨੂੰ ਹੱਥਕੜੀ ਲੱਗਦੀ ਵੇਖੀ। ਉਹਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਤੇ ਪੁਲਿਸ ਨੇ ਗੋਲ਼ੀ ਨਾਲ ਉਹਨੂੰ ਢੇਰੀ ਕਰ ਦਿੱਤਾ।
ਮੁੰਬਈ ਵਾਲੀਆਂ ਸਹੇਲੀਆਂ ਦੀ ਜੋੜੀ ਜਦੋਂ ਮਿਲਦੀ ਹੈ ਤਾਂ ਬੜੀ ਹੀ ਅਪਣੱਤ ਨਾਲ ਸ਼ੁਭਸਵੇਰ ਸਾਂਝੀ ਕਰਦੀਆਂ ਹਨ। ਕਿਣਮਿਣ ਵਾਲੀ ਇੱਕ ਸਵੇਰ ਉਹਨਾਂ ਦੋਹਾਂ ਕੋਲ ਛਤਰੀਆਂ ਸਨ। ਉਨ੍ਹਾਂ ਇੱਕ ਮੈਨੂੰ ਪੇਸ਼ ਕਰ ਦਿੱਤੀ। ਮਨੁੱਖੀ ਸਾਂਝ ਦਾ ਚਮਤਕਾਰ! ਦੂਜੇ ਦੀ ਮੁਸ਼ਕਲ ਨੂੰ ਵੰਡਾਉਣ ਦਾ ਅਹਿਸਾਸ! ਕੇਵਲ ਇੱਕ ਸ਼ੁਭਸਵੇਰ ਦੀ ਸਾਂਝ ਨਾਲ ਉਤਪੰਨ ਹੋਇਆ ਸਨੇਹ! ਮਨੁੱਖੀ ਹਮਦਰਦੀ, ਦੁੱਖ ਤਕਲੀਫ਼ ਵਿੱਚ ਸਾਧਨ, ਸਹੂਲਤਾਂ ਨੂੰ ਵੰਡਕੇ ਚੱਲਣ ਦੇ ਤੌਰ ਤਰੀਕੇ ਖੁੱਲ੍ਹ ਜਾਂਦੇ ਹਨ। ਦਾਦਾ, ਦਾਦੀ, ਮਾਤਾ, ਪਿਤਾ ਨਾਲ ਚੁੱਪ-ਚਾਪ ਤੁਰੇ ਜਾਂਦੇ ਛੋਟੇ ਬੱਚਿਆਂ ਨੂੰ ਪੇਸ਼ ਕੀਤੀ ਸਤਿ ਸ੍ਰੀ ਅਕਾਲ ਉਨ੍ਹਾਂ ਨੂੰ ਖੁਸ਼ ਕਰ ਦਿੰਦੀ। ਉਹ ਅੱਗੋਂ ਦੋਵੇਂ ਹੱਥ ਜੋੜ ਉੱਤਰ ਦੇਣ ਲੱਗ ਜਾਂਦੇ ਹਨ। ਉਨ੍ਹਾਂ ਦੇ ਨਾਲ ਜਾ ਰਹੇ ਵੱਡੇ ਉਨ੍ਹਾਂ ਨੂੰ ਸਭ ਮਿਲਣ ਵਾਲਿਆਂ ਦਾ ਆਦਰ ਤੇ ਸਤਿਕਾਰ ਕਰਨ ਦਾ ਸਿ਼ਸ਼ਟਾਚਾਰ ਜ਼ਰੂਰ ਸਿਖਾਉਣ ਲੱਗ ਜਾਂਦੇ ਹੋਣਗੇ।
7ਵਾਂ ਦਹਾਕਾ ਹੰਢਾਉਂਦੀ ਕੁਰੂਕਸ਼ੇਤਰ ਵਾਲੀ ਪਤੀ-ਪਤਨੀ ਜੋੜੀ ਅਖ਼ਬਾਰ ਲਈ ਆਉਂਦੀ ਮਿਲਦੀ। ਸਤਿ ਸ੍ਰੀ ਅਕਾਲ ਪਿੱਛੋਂ ... ਇੱਕ ਦਿਨ ਗੱਲੀਂ ਪੈ ਗਏ ... ਤੋਰ ਤੋਂ ਪਤਾ ਲੱਗਦਾ ... ਬਾਈ ਗੋਢਿਆਂ ਦੀ ਤਕਲੀਫ ਤੋਂ ਪੀੜਤ ਹੈ ... ਸਰਜਰੀ ਕਰਵਾ ਲਓ ... ਨਾ ਭਾਈ ਉੱਥੇ ਠੀਕ ਰਹਿਨਾਂ ... ਖੇਤਾਂ ਵੱਲ ਜਾਈਦੈ ... ਇਹ ਮੁਫ਼ਤ ਅਖ਼ਬਾਰਾਂ ਭਲਾ ... ਗੁਰਦੁਵਾਰੇ ਵਾਲੇ ਰੱਖ ਜਾਂਦੇ ਹੋਣਗੇ ... ਨਾ ਭਾਊ ... ਇਨ੍ਹਾਂ ਅਖ਼ਬਾਰਾਂ ਦੇ ਪ੍ਰਬੰਧਕਾਂ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਨੇ ... ਤਿਆਰ ਕਰਦੇ ਨੇ...ਛਪਾਉਂਦੇ ਨੇ ... ਤੇ ਆਹ ਬਿਜ਼ਨੈਸ ਵਾਲਿਆਂ ਕੋਲੋਂ ਐਡਾਂ ਦਾ ਚਾਰਜ ਕਰਦੇ ਹਨ ... ਏਦਾਂ ਸਾਨੂੰ ਇਹ ਮੁਫ਼ਤ ਮਿਲੀ ਜਾਂਦੀਆਂ ਹਨ। ਹੈਰਾਨ ਜਿਹਾ ਹੋਇਆ।
ਇੱਕ ਬਜ਼ੁਰਗ ਬਾਈ ਕਹਿੰਦਾ ਯਾਰ ਕੀ ਰੱਖਿਆ ਇਹ ਅਖ਼ਬਾਰਾਂ ਪੜ੍ਹਨ ‘ਚ ... ਨਾ ਬਾਈ ... ਨਾ ... ਪੜ੍ਹਨ ਦਾ ਸ਼ੌਂਕ ਹੈ ... ਜੇ ਨਹੀਂ ਪੜ੍ਹਾਂਗੇ ... ਤਾਂ ਮਹਾਨ ਚਿੰਤਕਾਂ ਦੇ ਵਿਚਾਰ ... ਪੱਤਕਾਰਾਂ ਦੇ ਤਪਸਰੇ ... ਭਖ਼ਦੇ ਮਸਲਿਆਂ ‘ਤੇ ਸੰਪਾਦਕੀਆਂ ... ਚਰਚਿਆਂ ਤੋਂ ਕਿਵੇਂ ਜਾਣੂੰ ਹੋਵਾਂਗੇ ... ਆਪਣੇ ਆਪ ਨੂੰ ਸਮੁੱਚੇ ਸਿਆਸੀ, ਆਰਥਕ, ਸਮਾਜਕ ਤੇ ਸਭਿਆਚਾਰਕ ਨਜ਼ਾਮ ਤੋਂ ਜਾਗਰੂਕ ਕਰੀਦਾ ... ਬੁਧੀਜੀਵੀਆਂ ਤੇ ਚਿੰਤਕਾਂ ਦੇ ਲੇਖ ਪੜ੍ਹੇਕੇ ਆਪਣੀ ਵਿਚਾਰਧਾਰਾ ਵਿੱਚ ਨਿਖ਼ਾਰ ਆ ਜਾਂਦੈ ... ।
ਇਸ ਸ਼ੁਭਸਵੇਰ ਭਾਈਚਾਰੇ ਵਿੱਚ ਅਫਗਾਨਿਸਤਾਨੀ, ਅਫਰੀਕਨ, ਸ੍ਰੀ ਲੰਕਨ ਵੀ ਮਿਲਦੇ ਹਨ। ਈਸਟ ਏਸ਼ੀਅਨਜ਼ ਦੇ ਮੁਹਾਂਦਰੇ ਤਕਰੀਬਨ ਇੱਕੋ ਜਿਹੇ ਹੁੰਦੇ ਹਨ। ਛੋਟੇ ਕੱਦ, ਫੀਨੇ/ਮਿੱਡੇ ਜਿਹੇ ਨੱਕ, ਕਣਕ ਵੰਨੇ ਰੰਗ। ਚੀਨੀ, ਵੀਤਨਾਮੀ, ਕੰਬੋਡੀਅਨ ਲੋਕਾਂ ਦਾ ਅੰਗਰੇਜ਼ੀ ਵੱਲੋਂ ਹੱਥ ਕਾਫੀ ਤੰਗ ਜਾਪਦਾ। ਪਰ ਗੁੱਡਮਾਰਨਿੰਗ ਦਾ ਸਰੀਰਕ ਭਾਸ਼ਾ ਨਾਲ ਏਨਾ ਖੁੱਲ੍ਹਕੇ ਪ੍ਰਤੀਕਰਮ ਦਿੰਦੇ ਜਿਵੇਂ ਉਹ ਸਮੁੱਚੇ ਤੌਰ ਤੇ ਖੁਸ਼ ਹੋ ਗਏ ਹੋਣ। ਇੱਕ ਵੀਤਨਾਮੀ ਬੀਬੀ ਆਪਣੇ ਰਵਾਇਤੀ ਹੈਟ ‘ਚ ਹੁੰਦੀ ਹੈ। ਦੂਰੋਂ ਹੀ ਮੇਰੀ ਤੋਰ-ਚਾਲ ਤੇ ਬਾਹਾਂ ਦੇ ਹੁਲਾਰੇ ਦਾ ਐਕਸ਼ਨ ਕਰਦੀ ਪੂਰੀ ਖਿੜਕੇ ਗੁੱਡਮਾਰਨਿੰਗ ਕਹਿੰਦੀ। ਕਈ ਵਾਰੀ ਉਹਦਾ ਪਤੀ ਵੀ ਉਹਦੇ ਨਾਲ ਹੁੰਦਾ। ਅਫਰੀਕਾ ਨਿਵਾਸੀ ਪੂਰੇ ਮੁਸਕਰਾਕੇ ਸ਼ੁਭਸਵੇਰ ਦਾ ਜਵਾਬ ਦੇਂਦੇ। ਭਾਰੇ, ਲੰਬੇ ਕੱਦ ਕਾਠ ਵਾਲੀਆਂ ਅਫਰੀਕਨ ਬੀਬੀਆਂ ਗੂੜ੍ਹੇ ਰੰਗਾਂ ਤੇ ਵੱਡੇ ਵੱਡੇ ਫੁੱਲਾਂ ਵਾਲੇ ਖੁੱਲ੍ਹੇ ਡੁੱਲ੍ਹੇ ਪਹਿਰਾਵੇ ਵਿੱਚ ਹੁੰਦੀਆਂ। ਨਾ ਉਹ ਮੈਨੂੰ ਜਾਣਦੀਆਂ ਹਨ ਨਾ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ। ਪਰ ਸ਼ੁਭਸਵੇਰ ਸ਼ਬਦ ਅਨੇਕਤਾ ਵਿੱਚ ਏਕਤਾ ਨਾਲ ਬੰਨ੍ਹ ਦਿੰਦਾ। ਘਨ੍ਹਾਂ ਦਾ 'ਕੌਫ਼ੀ' ਨਾਮਕ ਨੌਜਵਾਨ ਆਮ ਹੀ ਮਿਲਦਾ ਹੈ। ਉਹ ਦੁੜਕੀ ਚਾਲੇ ਹੀ ਕੋਲੋਂ ਦੀ ਲੰਘਦਾ। ਹੌਲੀ ਹੌਲੀ ਖੜ੍ਹਕੇ ਸ਼ੁਭਸਵੇਰ ਸਾਂਝੀ ਕਰਨ ਲੱਗ ਪਿਆ। ਉਸ ਦੱਸਿਆ: ਫੈਮਿਲੀ ਨਾਮ ਦੇ ਨਾਲ ਜਿਸ ਦਿਨ ਬੱਚਾ ਪੈਦਾ ਹੁੰਦਾ ਹੈ ਉਸ ਦਾ ਛੋਟਾ ਨਾਮ ਉਸ ਦਿਨ ‘ਤੇ ਰੱਖ ਦਿੱਤਾ ਜਾਂਦੈ। ਉਨ੍ਹਾਂ ਦੀ ਭਾਸ਼ਾ ‘ਚ ਕੌਫੀ ਦਾ ਮਤਲਬ ਸ਼ੁਕਰਵਾਰ। ਉਸਦੀ ਸੈਰ ਦੌੜਨ ਹੁੰਦੀ।
ਇੱਕ ਅਫਗਾਨਿਸਤਾਨੀ ਬਜ਼ੁਰਗ ਦਾ ਚਿਹਰਾ ਕੁਝ ਵਾਕਫ ਜਿਹਾ ਲੱਗਾ। ... ਤੁਹਾਨੂੰ ਕਿਤੇ ਵੇਖਿਆ ਹੈ ਪਹਿਲਾਂ ਵੀ ... ਹੋ ਸਕਦੈ ਸਰਦਾਰ ਜੀ ... ਤੁਸੀਂ ਕਿੱਥੋਂ ਹੋ ... ਅਫਗਾਨਿਸਤਾਨ ਤੋਂ ... ਆਪਣਾ ਪਿਛੋਕੜ ਬੜਾ ਯਾਦ ਆਉਂਦੈ ... ਕੀ ਕਰੀਏ ... ਪੇਟ ਤੇ ਸੁਰੱਖਿਆ ਖਾਤਰ ਉੱਥੋਂ ਨਿਕਲਣਾ ਪਿਆ ... ਇੱਕ ਮੁੰਡਾ ਹਾਲੈਂਡ ਵਿੱਚ ਹੈ ... ਇੱਕ ਏਥੇ ... ਹਾਲਾਤ ਬੰਦੇ ਨੂੰ ਕਿੱਥੋਂ ਚੁੱਕ ਕਿੱਥੇ ਲਿਆ ਸੁੱਟਦੇ ਹਨ ... ਮੈਂ ਵੀ ਸਿਆਲਕੋਟ ਤੋਂ ਹਾਂ ... ਵੰਡ ਵੇਲੇ ਘਰ-ਬਾਰ ਛੱਡ ਭੱਜਕੇ ਨਿਕਲੇ ਸੀ ... ਭਰਾਵਾ ਹੁਣ ਪਿੰਡ ਦਾ ਹੇਰਵਾ ਬਹੁਤ ਸਤਾਂਦਾ ਹੈ... ਤੇਰੇ ਵਾਂਗ ਹੁਣ ਏਥੇ ਵਸੇਬਾ ... ਵਾਹਵਾ ਸੋਹਣਾ ਹੈ ... ਪਤਾ ਨਹੀਂ ਕਦੋਂ ਸਿਆਸਤਦਾਨਾਂ ਦੀ ਕਰੋਪੀ ... ਤੋਂ ਇਨਸਾਨ ਦੀ ਬੰਦ ਖਲਾਸੀ ਹੋਵੇਗੀ ... ਜ਼ੁਲਮਾਂ ਦੇ ਕਿੱਸੇ ਸੁਣ ਸੁਣ ਲੂੰ ਕੰਡੇ ਖੜ੍ਹੇ ਹੁੰਦੇ ਹਨ ... ਹਾਂ ਜੀ ਵੇਖੋ ਪਾਕਿਸਤਾਨ ਦੇ ਵਜ਼ੀਰਸਤਾਨ ‘ਚ ਸਕੂਲ ਪੜ੍ਹਦੀ ਬੀਬੀ ... ਕੀ ਨਾਂ ਹੈ ... ਮਲਾਲਾ ... ਹਾਂ ਜੀ ਹਾਂ ... ਉਸ ਦੀ ਆਵਾਜ਼ ਬੰਦ ਕਰਨ ਲਈ ... ਕਤਲ ਕਰਨਾ ਚਾਹੁੰਦੇ ਸਨ ... ਇਹ ਲੋਕ ਅੱਲ੍ਹਾ ਦੇ ਨਾਮ ‘ਤੇ ... ਪਰ ਅੱਲ੍ਹਾ ਨੇ ... ਖੁਦਾ ਨੇ ਉਹਨੂੰ ਬਚਾ ਲਿਆ ... ਅੱਜ ਉਹ ਛੋਟੀ ਜਿਹੀ ਬਾਲੜੀ ਸਮੁੱਚੀ ਮਾਨਵਤਾ ਲਈ ਪੈਗਾਮ ਦਿੰਦੀ ਫਿਰ ਰਹੀ ਹੈ .... ਇਹ ਦਹਿਸ਼ਤਗਰਦਾਂ ਦਾ ਪਤਾ ਨਈਂ ... ਧਰਮ ਕੀ ਹੈ ... ਨਾ ਬਾਈ ਇਨ੍ਹਾਂ ਦਾ ਕੋਈ ਦੀਨ ਮਜ਼ਹਬ ਨਹੀਂ ... ਇਹ ਤਾਂ ਆਪਣੀ ਹਊਮੈ ‘ਚ ਹੈਵਾਨ ... ਬਣ ਚੁੱਕੇ ਹਨ ... ਅੱਲ੍ਹਾ ... ਇਨ੍ਹਾਂ ਨੂੰ ਅਕਲ ਦੇਵੇ ...!
ਗੁਜਰਾਤੀ ਵੀਰ ਨਾਲ ਗੁਜਰਾਤ ਦੇ ਪ੍ਰਸਿੱਧ ਰਾਜ ਨੇਤਾ ਨਰਿੰਦਰ ਮੋਦੀ ਦੀ ਸਿਆਸਤ ਦੀ ਗੱਲਾਂ ਛਿੜ ਪੈਂਦੀਆਂ। ਉਹ ਮੋਦੀ ਸਾਹਿਬ ਦੀ ਪ੍ਰਸ਼ਾਸਕੀ ਯੋਗਤਾ ਦਾ ਬਹੁਤਾ ਹੀ ਉਪਾਸ਼ਕ ਲੱਗਾ। ਸ਼੍ਰੀਲੰਕਨ ਦੇ ਨਾਲ ਉਸ ਦਾ ਅਲਸੈਸ਼ਨ ਕੁੱਤਾ ਮੇਰੇ ਟਰੈਕ ਸੂਟ ਨੂੰ ਵੇਖ ਬਾਹਲਾ ਹੀ ਉਤੇਜਤ ਹੋ ਖੌਰੂ ਪਾਉਣ ਲੱਗਦੈ। ਗੁੱਡਮਾਰਨਿੰਗ ਕਹਿਣ ਪਿੱਛੋਂ ਉਹ ਆਪਣੀ ਜੇਬ ‘ਚੋਂ ਕੁਝ ਕੱਢਕੇ ਉਸ ਦੇ ਮੂੰਹ ਵੱਲ ਕਰਦੈ। ਉਹ ਟਿਕ ਜਾਂਦਾ। ਅਸੀਂ ਇੱਕ ਦੋ ਗੱਲਾਂ ਕਰ ਲੈਂਦੇ। ਬੜੇ ਚੰਗੇ ਸਲੀਕੇ ਵਾਲਾ ਬੰਦਾ ਹੈ। ਦੋ ਤਿੰਨ ਪੰਜਾਬਣਾਂ ਬਜ਼ੁਰਗ ਭੈਣਾਂ ਸੋਟੀ, ਬੱਚੇ ਦੀ ਛੋਟੀ ਹਲਕੀ ਪਰੈਮ ਦੇ ਸਹਾਰੇ ਸੈਰ ਕਰਦੀਆਂ ਵੀ ਮਿਲਦੀਆਂ ਹਨ। ਸਤਿ ਸ੍ਰੀ ਅਕਾਲ ਦੇ ਨਾਲ ਜਦੋਂ ਕਹਿੰਦਾ ਹਾਂ ਭੈਣ ਜੀ: ਇਸ ਉਮਰ ‘ਚ ਸੈਰ ਕਰਦੇ ਰਹਿਣਾ, ਛੱਡਿਓ ਨਾ! ਮੁਸਕਰਾਕੇ ਦ੍ਰਿੜਤਾ ਜ਼ਾਹਰ ਕਰਦੀਆਂ।
ਬੱਸ ਸਟਾਪ ਕੋਲੋਂ ਦੀ ਲੰਘ ਰਿਹਾ ਸੀ। ਸਵੇਰੇ ਕੰਮ ‘ਤੇ ਜਾਣ ਲਈ ਬੱਸ ਦੀ ਇੰਤਜ਼ਾਰ ‘ਚ ਖੜ੍ਹੀ ਇੱਕ ਚੰਗੀ ਸਮਾਰਟ ਤਿੱਖੇ ਨੈਨ ਨਕਸ਼ਾਂ ਵਾਲੀ ਗੋਰੀ ਨਿਛੋਹ ਪੰਜਾਬਣ ਬੀਬੀ ਦੇ ਐਨ ਪੈਰਾਂ ਵਿੱਚ ਕੋਕ ਦਾ ਡੱਬਾ ਪਿਆ ਦੇਖਿਆ। ਨਾਲ ਹੀ ਡਸਟਬਿਨ ਸੀ ਜਿੱਥੇ ਅੱਗੇ ਵੀ ਸਟਾਪ ‘ਤੇ ਆਲੇ ਦੁਆਲੇ ਖਿੱਲਰਿਆ ਨਿੱਕ-ਸੁਕ ਆਮ ਹੀ ਸਮੇਟਦਾ ਰਹਿੰਦਾ ਸੀ। ਸੋਚਿਆਂ ਜੇ ਡੱਬਾ ਚੁੱਕਣ ਲਈ ਉਹਦੇ ਪੈਰਾਂ ਵੱਲ ਝੁੱਕਿਆ, ਬੀਬੀ ਤ੍ਰਹਿਕੇ ਮਤੇ ਡਰ ਜਾਵੇ। ਹੱਥ ਜੋੜ ਸਤਿ ਸ੍ਰੀ ਅਕਾਲ ਕੀਤੀ ... ਮਾਫ਼ ਕਰਨਾ ... ਆਹ ਡੱਬਾ ਚੁੱਕਣੈ ... ਨਈਂ ਅੰਕਲ ਜੀ ... ਮੈਂ ਸੁੱਟ ਦਿੰਨੀਂ ਆਂ ... ਨਾ ਬੀਬਾ ਕੋਈ ਗੱਲ ਨਈਂ ... ਤੁਹਾਡਾ ਧੰਨਵਾਦ ... । ਏਨੇ ਨੂੰ ਅੱਗੋਂ ਆਉਂਦੇ ਕਾਮਰੇਡ ਮਿੱਤਰ ਅੰਮ੍ਰਿਤ ਢਿੱਲੋਂ, ਭਤੀਜ ਦਾਮਾਦ ਭਗਤ ਸਿੰਘ, ਨੇ ਮੈਨੂੰ ਇੱਕ ਡੱਬ ਚੁੱਕਕੇ ਡਸਟਬਿਨ ਵਿੱਚ ਸੁੱਟਦੇ ਵੇਖ ਬੋਲਿਆ: ਬਾਜਵਾ! ਕੀ ਤੂੰ ਵਾਤਾਵਰਨਿਸਟ ਹੈਂ ਜਾਂ ਕਮਿਊਨਿਸਟ ... ਢਿੱਲੋਂ ਜੀ ... ਪਹਿਲਾਂ ਮੈਂ ਵਾਤਾਵਰਨਵਾਦੀ ... ਫਿਰ ਤਰਕਸ਼ੀਲ ... ਅਤੇ ਫਿਰ ਕਮਿਊਨਿਸਟ ... ।
ਇੱਕ ਦਿਨ ਅਖ਼ਬਾਰਾਂ ਕੱਛੇ ਮਾਰੀ ਵਾਪਸ ਜਾ ਰਿਹਾ ਸੀ। ਅੱਗੋਂ ਪਰੈਮ ‘ਚ ਬੱਚੇ ਨੂੰ ਬਿਠਾਈ ਇੱਕ ਧੜੱਲੇਦਾਰ ਲੰਮੀ-ਉੱਚੀ ਰੋਹਬਦਾਰ ਸੋਹਣੀ ਮਲਵੈ ਜੱਟੀ ਤੇ ਉਸ ਦੀ ਬਜ਼ੁਰਗ ਸੱਸ ਆ ਰਹੀ ਮਿਲੀ। ਸਤਿ ਸ੍ਰੀ ਅਕਾਲ ਦਾ ਜਵਾਬ ਹੱਸਕੇ ਦੇ ਕਹਿੰਦੀ: ਸਾਰੀਆਂ ਅਖ਼ਬਾਰਾਂ ਚੁੱਕ ਲਿਆਉਨੈ ... ਸਾਨੂੰ ਮਿਲਦੀ ਕੋਈ ਨਈਂ ... ਭੈਣ ਜੀ ... ਮੈਂ ਤਾਂ ਬੱਸ ਇੱਕ ਹੀ ਲਿਆਉਨਾਂ ... ਤੁਸੀਂ ਸ਼ਾਇਦ ਕਿਤੇ ਲੇਟ ਗਏ ਹੋਵੋਂਗੇ ... ਹਾਂ ਠੀਕ ਆ ... ਮੈਂ ਤਾਂ ਹੱਸਦੀ ਸੀ ... ਸਾਨੂੰ ਪੜ੍ਹਨ ਦਾ ਕਿੱਥੇ ਵਿਹਲ ਮਿਲਦੈ ...। ਉਹਦਾ ਬਹੁਵਚਨ ਦੀ ਥਾਂ ‘ਤੇ ਇੱਕ ਵਚਨੀ ਸੰਬੋਧਨ ਵਿੱਚ ਕਿਸੇ ਇਜ਼ਤ ਮਾਣ ਦੀ ਘਾਟ ਨਾ ਜਾਪੀ। ਇਹ ਤਾਂ ਸਾਡੀ ਪੇਂਡੂ ਬੋਲੀ ਦਾ ਕੁਝ ਲਹਿਜਾ ਹੀ ਏਦਾਂ ਦਾ ਹੁੰਦੈ। ਪਿੰਡਾਂ ਵਿੱਚ ਆਮ ਇੱਕਵਚਨ ਹੀ ਚੱਲਦੈ। ਮੈਨੂੰ ਆਪਣੇ ਸੁਧਾਰ ਕਾਲਜ ਦੇ ਇੱਕ ਵਡੇਰੇ ਸਫਾਈ ਸੇਵਕ ਮੇਲਾ ਸਿੰਘ ਦੀ ਸ਼ੈਲੀ ਯਾਦ ਆ ਗਈ। ਝਾੜੂ ਟੋਕਰੀ ਰੱਖ, ਕਈ ਰਾਗ ਅਲਾਪਣ ਵਾਲੇ ਬਿਰਧ ਜਿਹੇ ਸੈਕਲ ‘ਤੇ ਲੱਤ ਰੱਖ ... ... ਢਿੱਲੀ ਜਿਹਾ ਮੈਲਾ ਪਟਕਾ ਬੰਨੀ ... ਉਗੜੇ-ਦੁਗੜੇ ਪੀਲੇ ਦੰਦ ਵਿਖਾਉਂਦਾ ... ਪੂਰਾ ਹੱਸਕੇ ਕਹਿੰਦਾ: 'ਲੈ ਅਸ਼ੀਂ ਚੱਲੇ ਊਂ ... ਚਾਬੀ ਆ ਰੱਖਤੀ ਆ ... ਜੰਦਾ ਲਾ ਲਈਂ ... ਫੇਰ ਨਾ ਆਖੀਂ ... ਅਸ਼ੀਂ ਦੱਸਿਆ ਨਈਂ ...। ਸਹਿਕ੍ਰਮੀਆਂ ਨਾਲ ਹੱਸਦਿਆਂ ਦੱਸਣਾ। ਉਹਦਾ ਵਿਚਾਰੇ ਦੀ ਕੀ ਕਸੂਰ। ਸਾਰੀ ਉਮਰ ਕਿਸੇ ਲਈ ਕਦੀ ਬਹੁਵਚਨ ਉਚਾਰਿਆ ਹੀ ਨਹੀਂ ਸੀ ਉਸ ਨੇ। ਇਸ ਵਿੱਚ ਉਹਨੂੰ ਕਦੀ ਕੋਈ ਅਲੋਕਾਰੀ ਗੱਲ ਵੀ ਨਾ ਲੱਗਦੀ। ਅਸੀਂ ਭਾਵੇਂ ਉਹਦੇ ਨਾਲ ਹੱਸਦੇ ਰਹਿੰਦੇ।
ਮੇਰੇ ਪੰਜਾਬੀ ਬਾਈ ਕੈਨੇਡੀਅਨ ਮੈਡੀਕਲ ਤੇ ਬੁਢੇਪਾ ਸਹੂਲਤਾਂ ਮਾਣਦੇ ਸੱਤਵੇਂ ਆਕਾਸ਼ ਉਡਦੇ ਲੱਗਦੇ। ਵਾਦੀ ਦੇ ਬੈਂਚਾਂ ਦੇ ਏਧਰ ਓਧਰ ਉਨ੍ਹਾਂ ਦੀਆਂ ਛੱਡੀਆਂ ਪੈੜਾਂ ਬੋਲਦੀਆਂ ਹੁੰਦੀਆਂ। ਪਿਛਲੀ ਦੇਰ ਆਥਣ ਨੂੰ ਮੌਜ ‘ਚ ਆਏ ਤੁਰਦੇ ਫਿਰਦੇ ਇਸ ਸੁੰਦਰ ਵੈਲੀ ‘ਚ ਬੈਠ ਖਲੋਤੇ, ਫਿਰਦੇ ਹੋਣਗੇ। ਜ਼ਰੂਰ ਹਵਾ ਪਿਆਜੀ ਹੁੰਦੇ ਹੋਣਗੇ। ਪਰਿਵਾਰ ਵੱਲੋਂ ਸ਼ਾਇਦ ਕੁਝ ਬੰਦਸ਼ਾਂ ਹੋਣ। ਜਿ਼ੰਦਗੀ ਦੀ ਸ਼ਾਮ ਹੰਢਾ ਰਹੇ ਕਾਦਰ ਦਾ ਸ਼ੁਕਰਾਨਾ ਕਰਨ ਦਾ ਇਹ ਉਨ੍ਹਾਂ ਦਾ ਛੋਟਾ ਜਿਹਾ ਲੁਕਵਾਂ ਜਸ਼ਨ ਲੱਗਦੈ। ਸਵੇਰੇ ਕਿਤੇ ਨਾ ਕਿਤੇ ਖਾਲੀ ਬੋਤਲ, ਕੌਫੀ ਵਾਲੇ ਗਲਾਸ, ਖਾਲੀ ਬੀਅਰ ਡੱਬੇ, ਪਲੇਟਾਂ ਜ਼ਰੂਰ ਪਏ ਹੁੰਦੇ। ਕੋਲ ਹੀ ਖਾਣ ਪੀਣ ਦੀਆਂ ਨਿਸ਼ਾਨੀਆਂ ਆਪਣੀ ਕਹਾਣੀ ਦੱਸ ਰਹੀਆਂ ਹੁੰਦੀਆਂ। ਬੜੇ ਸਨੇਹ ਪਿਆਰ ਨਾਲ ਚੁੱਕ ਡਸਟਬਿਨ ਦੇ ਹਵਾਲੇ ਕਰ ਦਿੰਨਾਂ।
ਇੱਕ ਦਿਨ ਪੰਜਾਬੀ ਅਖ਼ਬਾਰਾਂ ਵਾਲੇ ਇੱਕ ਡੱਬੇ ‘ਤੇ ਵਿਸਕੀ ਦਾ ਅਧੀਆ ਪਿਛਲੀ ਰਾਤ ਦੀ ਬਾਤ ਪਾ ਰਿਹਾ ਸੀ। ਮੈਂ ਡਸਟਬਿਨ ‘ਚ ਸੁੱਟਣ ਲਈ ਚੁੱਕ ਲਿਆ। ਓਧਰੋਂ ਪ੍ਰਿੰਸੀਪਲ ਸਰਵਣ ਸਿੰਘ ਤੇ ਬੇਲੀ ਅਮਰੀਕ ਸਿੰਘ ਆ ਗਏ। ਮੇਰੇ ਹੱਥ ‘ਚ ਖਾਲੀ ਵਿਸਕੀ ਦਾ ਅਧੀਆ ਵੇਖ ਹੱਸ ਪਏ: ਤੋੜ ਦੂਰ ਕਰਦੇ ਲੱਗੇ ਓ ... ਨਾ ਬਾਈ ਨਾ ... ਆ ਤਾਂ ਸਾਡੇ ਕੁਝ ਬਾਈਆਂ, ਭਾਊਆਂ ਨੇ ... ਇਸ ਉਹਲੇ ਜਿਹੇ ‘ਚ ... ਸ਼ਾਮ ਮਨਾਈ ਲੱਗਦੀ ਐ ... ਮੈਂ ਤਾਂ ਇਹਨੂੰ ... ਸਾਂਭਣ ਲੱਗਾਂ ... । ਸਰਵਨ ਆਦਤ ਮੁਤਾਬਕ ਉਸਦੀ ਕੁਆਲਿਟੀ, ਡਿਗਰੀ, ਕਿਸਮ ਆਦਿ ਵਾਚਨ ਲੱਗ ਪਿਆ। ਅਸੀਂ ਵਾਹਵਾ ਚਿਰ ਹਾਸਾ ਠੱਠਾ ਕਰਦੇ ਰਹੇ।
ਠੰਡ ਵਿੱਚ ਮੈਂ ਛੋਟੀ ਪੱਗ ਉਪਰ ਇੱਕ ਮਫ਼ਲਰ ਬੰਨ੍ਹਦਾਂ। ਅਖ਼ਬਾਰਾਂ ਦੇ ਡੱਬੇ ‘ਚੋਂ ਅਖ਼ਬਾਰ ਚੁੱਕ ਰਿਹਾ ਸੀ। ਉੱਥੇ ਹੋਰ ਵੀ ਅਖ਼ਬਾਰਾਂ ਦੇ ਸ਼ੌਂਕੀ ਖੜ੍ਹੇ ਸਨ। ਓਧਰੋਂ ਇੱਕ ਪੰਜਾਬੀ ਬਾਈ ਨੇ 'ਓ ਕੁੜਮਾਂ ਕਿੱਧਰ ਮੰਡਾਸਾ ਮਾਰੀ ਫਿਰਦੈਂ ... ਗੱਲ ਮੇਰੇ ‘ਚੋਂ ਕੱਢਤੀ ... ਮੈਂ ਹੱਸਕੇ ... ਕਿਹਾ ...ਨਈਂ ਬਾਈ ... ਮਡਾਸਾ ਤੇ ਕੋਈ ਨਈਂ ... ਸਿਰ ਨੂੰ ਠੰਡ ਬਾਹਲੀ ਮਹਿਸੂਸ ਹੁੰਦੀ ਐ ...। ਉਸ ਦਿਨ ਮੇਲਾ ਅਖ਼ਬਾਰਾਂ ਲੈ ਖਿੰਡ ਗਿਆ। ਕੁਝ ਦਿਨ ਪਿੱਛੋਂ ਉਹ ਭਾਊ ... ਸਤਿ ਸ੍ਰੀ ਅਕਾਲ ਕਹਿ ... ਭਾਅਜੀ ... ਤੁਸੀਂ ਮਹਿਸੂਸ ਕੀਤੈ ... ਮੈਂ ਤਾਂ ਹੱਸਦਾ ਸੀ ... ਕੋਈ ਨਾ ਬਾਈ ਕੋਈ ਨਾ ... ਖੁਸ਼ ਰਹੋ ... ਆਨੰਦ ਮਾਣੋ ... ਹਾਸਾ ਮਜ਼ਾਕ ...ਮਸ਼ਕੂਲੇ ਬਿਨਾਂ ... ਭਾਈਚਾਰਾ ਕਾਹਦਾ ...! ਵਾਪਸ ਆਉਂਦਿਆਂ ਸੋਚਦਾ ਸੀ ਕਿ ਉਸ ਨੇ ਵੀ ਆਪਣੇ ਇਨ੍ਹਾਂ ਬੋਲਾਂ ਦੇ ਲਹਿਜੇ ਨੂੰ ਮਹਿਸੂਸ ਕਰ ਲਿਆ ਲੱਗਦੈ।
ਇੱਕ ਦੋ ਵਾਰੀ ਸੈਰ ਵਾਲੇ ਰਸਤੇ ‘ਤੇ ਮਰੇ ਪਏ ਜੰਗਲੀ ਜੀਵ (ਬਿੱਲਾ/ਸਹਿਆ) ਵੇਖੇ। ਸੈਰ ਕਰਦੇ ਲੋਕ ਮੂੰਹ ਨੱਕ ‘ਤੇ ਪੱਲਾ/ਰੁਮਾਲ ਰੱਖਕੇ ਤੇ ਥੋੜ੍ਹਾ ਵਲ਼ਾਕੇ ਕੋਲੋਂ ਦੀ ਲੰਘੀ ਜਾਂਦੇ। ਇੱਕ ਵਾਰੀ ਤਾਂ ਮੈਂ ਵੀ ਲੰਘ ਗਿਆ। ਸੋਚੀ ਗਿਆ ਇਹ ਮੇਰੇ ਸ਼ੁਭਸਵੇਰ ਭਾਈਚਾਰੇ ਲਈ ਬੜੀ ਅਵਾਜ਼ਾਰੀ ਮਹਿਸੂਸ ਕਰ ਰਿਹੈ। ਕਦੋਂ ਕੋਈ ਕੌਂਸਲ ਦਾ ਬੰਦਾ ਆਵੇਗਾ ਤੇ ਇਹਨੂੰ ਚੁੱਕਕੇ ਕਿਤੇ ਸੁੱਟੇਗਾ। ਵਾਪਸੀ ‘ਤੇ ਘਾਹ-ਫੂਸ ਦੇ ਇੱਕ ਗੁੱਛੇ ਨਾਲ ਮਰੇ ਜੀਵ ਨੂੰ ਪੂਛ ਤੋਂ ਫੜਿਆ ਅਤੇ ਦੂਰ ਪਰ੍ਹੇ ਵਗਾਹ ਮਾਰਿਆ। ਰਾਹ ਸਾਫ਼ ਹੋ ਗਿਆ। ਮਹਿਸੂਸ ਹੋਇਆ ਕਿੱਢੀ ਮਹਾਨ ਹੈ ਇਹ ਧਰਤੀ! ਇਹ ਮਿੱਟੀ ਜਿਸ ਬਾਰੇ ਫ਼ਰੀਦ ਨੇ ਉਚਾਰਿਆ ਸੀ: ਫ਼ਰੀਦਾ ਖਾਕੁ ਨ ਨਿੰਦੀਐ ਖਾਕੁ ਜੇਡੁ ਨ ਕੋਇ।। ਜੀਵਦਿਆਂ ਪੈਰਾ ਤਲੈ ਮੁਇਆ ਉਪਰਿ ਹੋਇ।। ਕਿੱਥੇ ਉਹ ਮ੍ਰਿਤਕ ਸਰੀਰ ਲੋਕਾਂ ਦੀ ਨਾਖੁਸ਼ਗਵਾਰੀ ਦਾ ਸਰੋਤ ਬਣਿਆ ਹੋਇਆ ਸੀ, ਕਿੱਥੇ ਹੁਣ ਉਹ ਮਾਂ ਧਰਤੀ ਦੀ ਬੁੱਕਲ ਵਿੱਚ ਸਮਾ ਜਾਵੇਗਾ ਤੇ ਜੰਗਲੀ ਬਨਸਪਤੀ ਲਈ ਜੀਵਕ ਖਾਦ-ਖੁਰਾਕ ਦੇ ਕੰਮ ਆਵੇਗਾ।
ਹਰ ਇੱਕ ਦੇ ਮੁਹਾਂਦਰੇ, ਨਕਸ਼ ਨੈਣਾਂ ਤੇ ਰੰਗ ਰੂਪ ਤੋਂ ਪਤਾ ਲੱਗ ਜਾਂਦਾ ਹੈ ਇਹ ਕਿਹੜੇ ਦੇਸ਼, ਕੌਮ, ਜ਼ਾਤ ਨਾਲ ਸਬੰਧਤ ਹੈ। ਕੋਈ ਜਪਾਨੀ ਹੈ। ਕੋਈ ਚਾਈਨੀ ਹੈ। ਕੋਈ ਵੀਤਨਾਮੀ, ਕੋਈ ਅਫਰੀਕਨ, ਕੋਈ ਯੋਰਪੀਅਨ ਜਾਂ ਸਾਊਥ ਏਸ਼ੀਅਨ ਹੈ। ਇਹ ਵੱਖ ਵੱਖ ਰੰਗਾਂ ਅਤੇ ਰੂਪਾਂ ਵਾਲੇ ਲੋਕ ਹਨ। ਕੋਈ ਗੋਰਾ, ਕੋਈ ਕਾਲਾ, ਕਣਕਵੰਨਾ, ਅਤੇ ਕੋਈ ਸਾਂਵਲਾ ਹੈ। ਅਨੇਕ ਰੰਗਾਂ ਤੇ ਰੂਪਾਂ ਦੇ ਮਨੁੱਖੀ ਫੁੱਲ।
ਜੀਵਨ ਦੀ ਚੰਗੀ ਸੋਚ ਆਮ ਜਿ਼ੰਦਗੀ ਦੇ ਅਨੇਕਾਂ ਦ੍ਰਿਸ਼ਾਂ ਦੀ ਰਚਨਾ ਕਰਦੀ ਹੈ। ਸਵੇਰ ਹੁੰਦੀ ਹੈ। ਸਭ ਤੋਂ ਪਹਿਲਾਂ ਵੰਨ-ਸੁਵੰਨੇ ਪੰਛੀ ਆਪਣੀਆਂ ਸੁਰੀਲੀਆਂ ਅਤੇ ਕੀਲ਼ਵੀਆਂ ਆਵਾਜ਼ਾਂ ਨਾਲ ਨਵੇਂ ਚੜ੍ਹੇ ਦਿਨ ਦੇ ਜਸ਼ਨ ਮਨਾਉਂਦੇ ਮਹਿਸੂਸ ਹੁੰਦੇ। ਕਿੰਨਾ ਸੋਹਣਾ ਕੀਰਤਨ ਹੋ ਰਿਹਾ ਹੁੰਦਾ ਹੈ। ਫਿਰ ਰਾਹਾਂ ਦੀ ਰੌਣਕ ਵਧਣ ਲਗਦੀ ਹੈ। ਜੀਵਨ ਦੇ ਅਖਾੜੇ ਵਿੱਚ ਜੂਝਣ ਲਈ ਲੋਕ ਆਪਣੇ ਆਪਣੇ ਘਰਾਂ ‘ਚੋਂ ਪੂਰੀ ਤਿਆਰੀ ਨਾਲ ਨਿਕਲਦੇ ਹਨ। ਏਸੇ ਤਰ੍ਹਾਂ ਹੀ ਸੈਰ ਕਰਨ ਵਾਲੇ ਘਰੋਂ ਨਿਕਲਦੇ ਹਨ। ਰਾਹ ਦੀਆਂ ਕਿੰਨੀਆਂ ਹੀ ਝਾਕੀਆਂ, ਨਜ਼ਾਰੇ ਤੇ ਅਨੁਭਵਾਂ ਨਾਲ ਝੋਲੀ ਭਰ ਉਹ ਘਰੀਂ ਪਰਤਦੇ ਹਨ। ਘਰ ਆਕੇ ਸਭ ਜੀਆਂ ਨਾਲ ਸਾਂਝਾ ਕਰਨ ਲਈ ਉਨ੍ਹਾਂ ਕੋਲ ਬੜਾ ਕੁੱਝ ਹੁੰਦਾ ਹੈ।
ਉਵੇਂ ਹੀ ਜਿਵੇਂ ਖੁਸ਼ਬੂਆਂ ਲੱਦੀ ਪੌਣ ਨੂੰ ਪੁੱਛੀਦਾ ਹੈ: ਕਿਥੋਂ ਲੱਦ ਲਿਆਂਦੀਆਂ ਨੀ ਇਹ ਸੁਗੰਧੀਆਂ? ਉੱਤਰ ਪ੍ਰਤੀਤ ਹੁੰਦੈ: ਰਾਹ ਵਿੱਚ ਆਉਂਦਾ ਹਰ ਫ਼ੁੱਲ ਖਿੜੇ ਮੱਥੇ ਮਹਿਕ ਵੰਡਣ ਲਈ ਖੜ੍ਹਾ ਸੀ। ਜੋ ਜੋ ਕਿਸੇ ਨੇ ਭੇਟਿਆ ਮੈਂ ਚੁੱਕ ਲਿਆਈ ਆਂ। ਫਿਰ ਪੁੱਛਣ ਨੂੰ ਸੀ: ਕਿਹੜੇ ਕਿਹੜੇ ਫੁੱਲ ਨੇ ਕਿੰਨਾ ਕਿੰਨਾ ਆਪਾ ਵੰਡਾਇਆ? ਉੱਤਰ ਬੜਾ ਸਪਸ਼ਟ ਸੀ: ਖੁਸ਼ਬੂ ਤੇ ਮਨੁੱਖੀ ਮੋਹ ਦੀ ਲੁੱਟ ਮਚਾ ਕੇ, ਪਿੱਛੋਂ ਪਲ ਭਰ ਲਈ ਵੀ, ਕੋਈ ਫੁੱਲ ਆਪਣਾ ਕੀਤਾ ਨਹੀਂ ਜਤਾਉਂਦਾ। ਆਪਣੀ ਨਿਵੇਕਲੀ ਸੁਗੰਧ ਦੀ ਵੀ ਕੋਈ ਗੱਲ ਨਹੀਂ ਕਰਦਾ। ਫੁੱਲ ਤਾਂ ਜਿਵੇਂ ਕਹਿੰਦਾ ਹੈ ਜੋ ਦਿੱਤਾ ਸੋ ਦਿੱਤਾ। ਮਹਿਕ ਤੇ ਮੋਹ ਦੀਆਂ ਕਾਹਦੀਆਂ ਵੰਡੀਆਂ!
ਸੋ ਖੁਸ਼ੀਆਂ ਕਾਦਰ ਦੀਆਂ ਖੁੱਲ੍ਹੇ ਗੱਫੇ ਵੰਡੋ ਮਿੱਤਰੋ! ਹੈਰਾਨ ਹੋਈਦਾ ਹੈ ਲੋਕ ਕਿਉਂ ਨਫ਼ਰਤ, ਚੁਗਲੀ ਨਿੰਦਿਆ ਦੀਆਂ ਗੱਲਾਂ ਕਰਦੇ ਹਨ। ਜਿ਼ੰਦਗੀ ਵਿੱਚ ਤਾਂ ਪਿਆਰ ਕਰਨ ਲਈ ਵੀ ਵਕਤ ਕਾਫੀ ਨਹੀਂ। ਇਸ ਸ਼ੁਭਸਵੇਰ ਭਾਈਚਾਰੇ ਨੇ ਪਿਆਰ, ਸਨੇਹ, ਮੋਹ ਤੇ ਖੁਸ਼ਨੂਦੀ ਦੀਆਂ ਮਹਿਕਾਂ ਦਾ ਮਾਹੌਲ ਸਿਰਜ ਦਿੱਤਾ ਹੈ। ਪੌਣ ਵਾਂਗ ਹੌਲੇ ਫੁੱਲ ਹੋ ਇਸ ਸ਼ੁਭਸਵੇਰ ਦੇ ਭਾਈਚਾਰੇ ਵਿੱਚ ਵਿਚਰਦਿਆਂ ਬਾਗੋ-ਬਾਗ ਹੋ ਲੋਕ ਘਰੀਂ ਮੁੜਦੇ ਹਨ। 'ਮੈਂ ਰਾਹਾਂ ‘ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ' ਪਾਤਰ ਦੇ ਸ਼ੇਅਰ ਵਾਂਗ ਲੱਗਦਾ ਹੈ ਰਾਹ ਛੱਡ, ਜੀਵਨ ਜਾਚ ਦੀਆਂ ਨਵੀਆਂ ਪਿਰਤਾਂ ਪਾ ਜੀਵਨ ਨੂੰ ਹੋਰ ਭਰਪੂਰ ਕਰ ਲਿਆ ਹੈ। ਕਥਨ ਸੱਚ ਪ੍ਰਤੀਤ ਹੋ ਰਿਹਾ ਹੈ ਕਿ ਅਸਲ ਜੀਵਨ 10 ਪ੍ਰਤੀਸ਼ਤ ਬਾਹਰ ਮੁਖੀ ਹੁੰਦਾ ਹੈ ਪਰ 90 ਪ੍ਰਤੀਸ਼ਤ ਅਸੀਂ, ਤੁਸੀਂ, ਅਸੀਂ ਸਾਰੇ ਰਲ਼ਕੇ ਆਪ ਹੀ ਸਿਰਜ ਲੈਂਦੇ ਹਾਂ! ਇਹ ਹੀ ਜੀਵਨ ਜਾਚ ਦਾ ਚਸ਼ਮਾ, ਸਰੋਵਰ, ਝਰਨਾ ਜੇ ਮੇਰੇ ਵੀਰਨੋ! ਇਸ ਦਾ ਆਨੰਦ ਮਾਣੋ ਤੇ ਦੂਸਰਿਆਂ ਵਾਸਤੇ ਇੱਕ ਸੰਕੇਤ ਬਣੋ, ਇੱਕ ਮਿਸਾਲ ਬਣੋ। ਤੁਹਾਡੀ ਹਰ ਕਿਰਿਆ ਇੱਕ ਸਨੇਹਾਂ ਦਿੰਦੀ ਹੈ, ਇੱਕ ਪੈਗਾਮ ਨਿਛਾਵਰ ਕਰਦੀ ਹੈ। ਕੋਈ ਔਖੀ ਨਹੀਂ। ਸੌਖੀ, ਸਰਲ, ਸਾਦਾ ਜੀਵਨ ਜਾਚ। ਹਰ ਪਾਸੇ ਖੁਸ਼ਨੂਦੀ ਦੀ ਮਹਿਕਾਂ ਤੇ ਖੇੜੇ ਬਿਖੇਰਦੀ ਤੁਰੀ ਜਾਂਦੀ ਹੈ। 'ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ' - ਠਹਏ ਅਰੲ ਪੁਰੲ ਨਿੱਅਰਦਲੇ ਅਨਦ ੋੁਟੱਅਰਦਲੇ; ਟਹਏ ਮੲਰਗੲ ਨਿਟੋ ਟਹੲ ਠਰੁੲਸਟ ੋਾ ਟਹੲ ਠਰੁੲ।
ਅੱਜਕੱਲ੍ਹ ਪੱਤਝੜ ਦਾ ਮੌਸਮ ਭਾਰੂ ਹੋਈ ਜਾ ਰਿਹੈ। ਬਨਸਪਤੀ ਦੇ ਪੱਤੇ, ਫੁੱਲ ਧਰਤੀ ‘ਤੇ ਵਿਛੀ ਜਾ ਰਹੇ ਹਨ। ਸ਼ੁਭਸਵੇਰ ਭਾਈਚਾਰੇ ਦੀ ਗਿਣਤੀ ਵੀ ਸਿਮਟੀ ਜਾ ਰਹੀ ਹੈ। ਹੁਣੇ ਹੁਣੇ ਅਹਿਲ ਸੁੰਦਰ ਚਾਲੇ ਤੁਰੀ ਆਉਂਦੀ ਇੱਕ ਪੰਜਾਬੀ ਬੀਬੀ ਨੇ ਸ਼ੁਭਸਵੇਰ ਕਹਿ ਸਲਾਹ ਦਿੱਤੀ ... ਅੰਕਲ ਜੀ ... ਹੁਣ ਸਾਨੂੰ ਬਾਹਰ ਠੰਢ ‘ਚ ... ਸੈਰ ਨਹੀਂ ਕਰਨੀ ਚਾਹੀਦੀ ... ਕੋਈ ਨਾ ਬੇਟਾ ... ਬੇਸਮੈਂਟਾਂ ਵਿੱਚ ਬੜੀਆਂ ਸਹੂਲਤਾਂ ਨੇ ... ਉੱਥੇ ਕਰ ਲਿਆ ਕਰਾਂਗੇ ... ਸ਼ੁਕਰੀਆ ...। ਜਿਵੇਂ ਅਨੇਕ ਪ੍ਰਕਾਰ ਦੇ ਮੈਪਲਾਂ ਦੇ ਪੱਤੇ - ਪੀਲੇ, ਲਾਲ, ਸੁਰਖ਼, ਹਰੇ ਧਰਤੀ ‘ਤੇ ਕਿਰ ਰਹੇ ਹਨ ਉਸੇ ਤਰ੍ਹਾਂ ਹੀ ਸਾਡਾ ਸ਼ੁਭਸਵੇਰ ਭਾਈਚਾਰਾ ਕਿਰਦਾ ਜਾ ਰਿਹੈ। ਸਵੇਰੇ ਸਾਡਾ ਸਵਾਗਤ ਕਰਨ ਵਾਲੇ ਸੁੰਦਰ ਪੰਛੀ, ਸਹੇ, ਬਿੱਲੇ, ਬਿੱਲੀਆਂ, ਗਾਲ੍ਹੜ ਤਾਂ ਕਦੋਂ ਦੇ ਸਾਨੂੰ ਅਲਵਿਦਾ ਕਹਿ ਆਪਣੇ ਸਿਆਲੀ ਘੁਰਨਿਆਂ ‘ਚ ਜਾ ਦੁਬਕੇ ਹਨ। ਸਾਨੂੰ ਵੀ ਮੌਸਮ ਦੇ ਤੇਵਰਾਂ ਮੁਤਾਬਕ ਬਾਹਰ ਦੀ ਸੈਰ ਨੂੰ ਅਗਲੇ ਮੌਸਮ ਬਹਾਰ ਤੱਕ ਅੱਗੇ ਪਾਉਣਾ ਪੈਣਾ। ਇਸ ਸ਼ੁਭਸਵੇਰ ਭਾਈਚਾਰੇ ਨੂੰ ਮੁੜ ਮਿਲਣ ਦੇ ਵਾਅਦਿਆਂ ਨਾਲ ... ਖੁਸ਼ੀਆਂ ਭਰੀ ਅਲਵਿਦਾ ... ਚਿਰਜੀਵੇ ... ਸਦਾਜੀਵੇ ... ਮੇਰਾ, ਸਾਡਾ ਸਭ ਦਾ ਸ਼ੁਭਸਵੇਰ ਭਾਈਚਾਰਾ ...!
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346