ਸੋਵੀਅਤ ਰੂਸ ਦੇ ਇਨਕਲਾਬ ਦੇ ਪੰਜ ਮੁੱਖ ਸੂਤਰਧਾਰ ਸਨ: ਲੈਨਿਨ,
ਟਰਾਟਸਕੀ,ਬੁਖਾਰਿਨ,ਕਾਮੇਨੇਵ,ਸਟਾਲਿਨ ਅਤੇ ਜਿਨੋਵੀਵ।1922 ਤੋਂ ਹੀ ਜਦੋਂ
ਲੈਨਿਨ ਅਧਰੰਗ ਦੀ ਬਿਮਾਰੀ ਨਾਲ ਪੀੜਤ ਹੋ ਗਿਆ ਸੀ,ਸਟਾਲਿਨ ਨੇ ਸੋਵੀਅਤ
ਰੂਸ ਦੀ ਹਕੂਮਤ ਤੇ ਕਬਜਾ ਕਰਨ ਦਾ ਮਨ ਬਣਾ ਲਿਆ ਸੀ।ਲੈਨਿਨ ਦੀ ਬਿਮਾਰੀ
ਦਾ ਬਹਾਨਾ ਬਣਾ ਕੇ ਸਟਾਲਿਨ ਨੇ ਲੈਨਿਨ ਦੇ ਕਮਿਊਨਿਸਟ ਪਾਰਟੀ ਨਾਲ ਤਾਲ
ਮੇਲ ਤੇ ਸਖਤ ਨਿਗਰਾਨੀ ਰਖਣੀ ਸ਼ੁਰੂ ਕਰ ਦਿੱਤੀ ਸੀ ।21 ਦਸੰਬਰ ਨੂੰ
ਲੈਨਿਨ ਨੇ ਡਾ.ਫੋਇਰਸਟਰ ਦੀ ਆਗਿਆ ਨਾਲ ਆਪਣੀ ਪਤਨੀ ਕਰੂਪਸਕਾਇਆ ਨੂੰ ਇਕ
ਪੱਤਰ ਟਰਾਟਸਕੀ ਵੱਲ ਬੋਲ ਕੇ ਲਿਖਾਇਆ ਸੀ,ਜਿਸ ਵਿਚ ਵਿਦੇਸ਼ੀ ਵਪਾਰ ਉੱਤੇ
ਇਜਾਰੇਦਾਰੀ ਦੇ ਸਵਾਲ ਬਾਰੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਪਲੈਨਰੀ ਸਮਾਗਮ
ਵੱਲੋਂ ਕੀਤੇ ਗਏ ਫੈਸਲੇ ਤੇ ਤਸੱਲੀ ਪ੍ਰਗਟਾਈ ਅਤੇ ਤਜਵੀਜ਼ ਕੀਤਾ ਕਿ ਅਗਲੀ
ਪਾਰਟੀ ਕਾਂਗਰਸ ਵਿਚ ਵਿਦੇਸ਼ੀ ਵਪਾਰ ਵਧਾਉਣ ਦਾ ਸਵਾਲ ਉਠਾਉਣ ਅਤੇ ਇਸ ਦੇ
ਚਲਨ ਨੂੰ ਬਿਹਤਰ ਬਣਾਉਣ ਲਈ ਕਦਮਾਂ ਬਾਰੇ ਮਤਾ ਜਾਰੀ ਕੀਤਾ ਜਾਵੇ।ਜਦੋਂ
ਸਟਾਲਿਨ ਨੂੰ ਇਸ ਪੱਤਰ ਬਾਰੇ ਪਤਾ ਲਗਾ ਤਾਂ ਉਹਨੇ ਕਰੂਪਸਕਾਇਆ ਨੂੰ ਫੋਨ
ਕੀਤਾ ਤੇ ਉਸਨੂੰ ਸਖਤ ਝਾੜ ਪਾਈ ਅਤੇ ਧਮਕੀ ਦਿੱਤੀ ਕਿ ਉਪਰੋਕਤ ਪੱਤਰ ਲਿਖਣ
ਲਈ ਕੰਟਰੋਲ ਕਮਿਸ਼ਨ ਉਸਦੇ ਨਾਲ ਨਿਬੜੇਗਾ।ਕਰੂਪਸਕਾਇਆ ਤੇ ਲੈਨਿਨ ਨੇ ਇਸਦਾ
ਬਹੁਤ ਬੁਰਾ ਮਨਾਇਆ।
1924 ਵਿਚ ਲੈਨਿਨ ਦੀ ਮੌਤ ਤੋਂ ਬਾਅਦ ਸਟਾਲਿਨ ਨੇ ਬੁਖਾਰਿਨ,ਕਾਮੇਨੇਵ ਤੇ
ਜਿਨੋਵੀਵ ਨੂੰ ਗੋਲੀ ਮਰਵਾ ਦਿੱਤੀ।ਟਰਾਟਸਕੀ ਨੂੰ ਪਹਿਲਾਂ ਤਾਂ ਦੇਸ
ਨਿਕਾਲਾ ਦਿੱਤਾ ਗਿਆ ਪਰੰਤੂ ਬਾਅਦ ਵਿਚ ਉਸ ਨੂੰ ਮਾਰਨ ਲਈ ਮਗਰ ਜਸੂਸ ਲਾ
ਦਿੱਤੇ ਗਏ।ਇਹ ਜਸੂਸ ਟਰਾਟਸਕੀ ਦਾ ਯੂਰਪ ਦੇ ਵੱਖ-ਵੱਖ ਦੇਸਾਂ ਵਿਚ ਪਿੱਛਾ
ਕਰਦੇ ਰਹੇ।ਅਖੀਰ ਸਟਾਲਿਨ ਦਾ ਇਕ ਜਸੂਸ ਰਾਮੋਨ ਮਾਰਕਾਡਰ ਟਰਾਟਸਕੀ ਦੇ ਸਿਰ
ਵਿਚ ਬਰਫ ਕੱਟਣ ਵਾਲਾ ਕੁਹਾੜਾ ਮਾਰ ਕੇ ਉਸ ਨੂੰ ਕਤਲ ਕਰਨ ਵਿਚ ਸਫਲ ਹੋ
ਗਿਆ।ਸਟਾਲਿਨ ਨੇ ਝੂਠ ਬੋਲਿਆ ਟਰਾਟਸਕੀ ਨੂੰ ਉਸ ਦੇ ਇਕ ਅੱਕੇ ਹੋਏ ਚੇਲੇ
ਨੇ ਮਾਰ ਦਿੱਤਾ ਹੈ। ਰਾਮੋਨ ਮਾਰਕਾਡਰ ਨੂੰ ਟਰਾਟਸਕੀ ਦੇ ਕਤਲ ਬਦਲੇ
ਹੀਰੋ ਆਫ ਦੀ ਸੋਵੀਅਤ ਯੂਨੀਅਨ ਮੈਡਲ ਨਾਲ ਸਨਮਾਨਤ ਕੀਤਾ ਗਿਆ ਤੇ
ਸੈਂਟਰਲ ਕਮੇਟੀ ਦੇ ਇਕ ਵਿਸ਼ੇਸ਼ ਮਤੇ ਰਾਹੀਂ ਉਸ ਨੂੰ ਕਮਿਊਨਿਸਟ ਪਾਰਟੀ ਦਾ
ਮੈਂਬਰ ਬਣਾਕੇ ਇਕ ਰਿਟਾਇਰਡ ਮੇਜਰ ਜਨਰਲ ਜਿੰਨੀ ਪੈਨਸ਼ਨ ਲਾ ਦਿੱਤੀ
ਗਈ।ਟਰਾਟਸਕੀ ਦੇ ਸਾਰੇ ਪਰਿਵਾਰ,ਉਸ ਦੇ ਪਰਾਈਵੇਟ ਸਕੱਤਰਾਂ,ਦੋਸਤਾਂ ਤੇ
ਰਿਸ਼ਤੇਦਾਰਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਸਟਾਲਿਨ ਨੇ ਸਿਲਸਲੇਵਾਰ
ਢੰਗ ਨਾਲ ਟਰਾਟਸਕੀ ਦੇ ਵਿਅਕਤਿਤਵ,ਉਸ ਦੇ ਸੋਵੀਅਤ ਰੂਸ ਦੇ ਇਨਕਲਾਬ ਨੂੰ
ਦੇਣ, ਉਸ ਦੀ ਸੋਚ,ਉਸ ਦੀ ਨੈਤਿਕਤਾ ਤੇ ਲੈਨਿਨ ਨਾਲ ਉਸਦੇ ਸੰਬੰਧਾਂ ਤੇ
ਕਾਲਖ ਪੋਚਣੀ ਸ਼ੁਰੂ ਕੀਤੀ।ਸਮੁੱਚੇ ਸੰਸਾਰ ਦੇ ਇਤਿਹਾਸ ਵਿਚ ਕਦੇ ਕਿਸੇ
ਹਕੂਮਤ ਨੇ ਕਿਸੇ ਇਕੱਲੇ ਵਿਅਕਤੀ ਦੇ ਸ਼ਰੀਰਕ ਤੇ ਮਾਨਸਿਕ ਖਾਤਮੇ ਲਈ ਆਪਣੇ
ਇੰਨੇ ਸਰੋਤਾਂ,ਸਾਧਨਾਂ ਤੇ ਝੂਠ ਦੀ ਵਰਤੋਂ ਨਹੀਂ ਕੀਤੀ, ਜਿੰਨੀ ਸਟਾਲਿਨ
ਦੀ ਹਕੂਮਤ ਵੱਲੋਂ ਟਰਾਟਸਕੀ ਨੂੰ ਖਤਮ ਕਰਨ ਲਈ ਕੀਤੀ ਗਈ।
ਡਾ.ਅੰਮ੍ਰਿਤਪਾਲ ਨੇ ਫਿਲਹਾਲ-15 ਵਿਚਲੇ ਲੇਖ ਤ੍ਰਾਤਸਕੀ ਅਤੇ ਉਹਦਾ
ਤ੍ਰਾਤਸਕਵਾਦ ਵਿਚ ਉਹਨਾਂ ਸਭ ਦੋਸ਼ਾਂ ਨੂੰ ਦੁਹਰਾਇਆ ਹੈ ਜੋ ਸਟਾਲਿਨ ਨੇ
ਆਪ ਜਾਂ ਆਪਣੇ ਜੋਟੀਦਾਰਾਂ ਤੋਂ ਟਰਾਟਸਕੀ ਤੇ ਲਗਾਏ ਸਨ।ਸਿਰਫ ਦੋ ਦੋਸ਼ਾਂ
ਨੂੰ ਡਾ.ਅੰਮ੍ਰਿਤਪਾਲ ਭੁੱਲ ਗਏ ਹਨ।ਪਹਿਲਾ ਦੋਸ਼ ਇਹ ਕਿ ਸੋਵੀਅਤ ਰੂਸ ਦੇ
ਇਨਕਲਾਬ ਦੀ 15ਵੀਂ ਵਰ੍ਹੇਗੰਡ ਤੇ ਡੈਨਮਾਰਕ ਦੇ ਸੋਸ਼ਲ ਡੈਮੋਕਰੇਕਿਟ
ਵਿਦਿਆਰਥੀਆਂ ਦੇ ਸੱਦੇ ਤੇ ਟਰਾਟਸਕੀ ਆਪਣੇ ਜਲਾਵਤਨੀ ਦੇ ਦਿਨਾਂ ਵਿਚ
ਭਾਸ਼ਣ ਦੇਣ ਲਈ ਡੈਨਮਾਰਕ ਗਿਆ ਸੀ ।ਚਾਰ ਸਾਲ ਬਾਅਦ ਸਟਾਲਿਨ ਨੇ ਦੋਸ਼ ਲਾਇਆ
ਕਿ ਟਰਾਟਸਕੀ ਡੈਨਮਾਰਕ ਦੇ ਹੋਟਲ ਬਰਿਸਟਲ ਵਿਚ ਆਪਣੇ ਪੈਰੋਕਾਰਾਂ ਨੂੰ
ਸਟਾਲਿਨ ਤੇ ਪੋਲਿਟ ਬਿਊਰੋ ਦੇ ਮਂੈਬਰਾਂ ਦਾ ਕਤਲ ਕਰਨ,ਉਦਯੋਗਾਂ ਦੀ
ਭੰਨਤੋੜ ਕਰਨ ਅਤੇ ਰੂਸ ਦੇ ਕਾਮਿਆ ਨੂੰ ਵੱਡੀ ਪੱਧਰ ਤੇ ਜ਼ਹਿਰ ਦੇ ਕੇ
ਮਾਰਨ ਲਈ ਉਕਸਾਉਣ ਵਾਸਤੇ ਮੀਟਿੰਗ ਕਰਨ ਗਿਆ ਸੀ।ਸਟਾਲਿਨ ਨੂੰ ਇਹ ਨਹੀਂ ਸੀ
ਪਤਾ ਕਿ ਟਰਾਟਸਕੀ ਦੇ ਡੈਨਮਾਰਕ ਜਾਣ ਤੋਂ ਕਈ ਸਾਲ ਪਹਿਲਾ ਹੀ ਹੋਟਲ
ਬਰਿਸਟਲ ਢਹਿ ਚੁੱਕਾ ਸੀ ਤੇ ਉਥੇ ਕਿਸੇ ਹੋਰ ਹੋਟਲ ਬਰਿਸਟਲ ਦੀ ਹੋਂਦ ਹੀ
ਨਹੀਂ ਸੀ।ਦੂਜਾ ਦੋਸ਼ ਟਰਾਟਸਕੀ ਨੂੰ ਦੇਸ਼ ਨਿਕਾਲਾ ਦੇਣ ਤੇ ਉਸ ਦੀ
ਨਾਗਰਿਕਤਾ ਖੋਹ ਲੈਣ ਬਾਅਦ ਇਹ ਲਾਇਆ ਗਿਆ ਕਿ ਟਰਾਟਸਕੀ ਨੇ ਆਪਣੇ ਆਪ ਨੂੰ
ਸੰਸਾਰ ਬੁਰਜ਼ੂਆਜ਼ੀ ਕੋਲ ਵੇਚ ਦਿੱਤਾ ਹੈ।ਅਖਬਾਰਾਂ ਵਿਚ ਟਰਾਟਸਕੀ ਦਾ ਇਕ
ਕਾਰਟੂਨ ਛਾਪਿਆ ਗਿਆ ਜਿਸ ਵਿਚ ਟਰਾਟਸਕੀ ਨੂੰ 25000 ਡਾਲਰ ਦੀ ਥੈਲੀ ਨੂੰ
ਬੁੱਕਲ ਵਿਚ ਵਿਖਾਇਆ ਗਿਆ ਸੀ।ਡਾ.ਅੰਮ੍ਰਿਤਪਾਲ ਨੂੰ ਅਗਾਂਹ ਤੋਂ ਟਰਾਟਸਕੀ
ਵਿਰੁੱਧ ਆਪਣੇ ਵੱਲੋਂ ਲਾਏ ਜਾਦੇਂ ਦੋਸ਼ਾਂ ਦੀ ਲੜੀ ਵਿਚ ਇਹਨਾਂ ਦੋ ਦੋਸ਼ਾਂ
ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।
ਇਹ ਗੱਲ ਨਹੀਂ ਕਿ ਟਰਾਟਸਕੀ ਨੇ ਗਲਤੀਆਂ ਨਹੀਂ ਕੀਤੀਆਂ।ਉਹ ਖੁਦ ਆਪਣੇ ਲੇਖ
ਸਟਾਲਿਨ ਫਾਲਸੀਫਾਈਜ਼ ਹਿਸਟਰੀ ਵਿਚ ਲਿਖਦਾ ਹੈ: ਕਈ ਮੁੱਢਲੇ ਸਵਾਲਾਂ
ਤੇ ਬਾਲਸ਼ਵਿਕਾਂ ਨਾਲ ਮੇਰੇ ਮੱਤਭੇਦਾਂ ਵਿਚ ਮੈਂ ਵੀ ਗ਼ਲਤ ਹੁੰਦਾ ਸੀ।
ਗ਼ਲਤੀਆਂ ਤਾਂ ਲੈਨਿਨ ਨੇ ਵੀ ਕੀਤੀਆਂ।ਜਿਹਨਾਂ ਚੋਂ ਸਭ ਤੋਂ ਵੱਡੀ ਗ਼ਲਤੀ
ਪਾਰਟੀ ਦੀ ਸਾਰੀ ਸ਼ਕਤੀ ਸਟਾਲਿਨ ਦੇ ਹੱਥਾਂ ਵਿਚ ਕੇਂਦਰਤ ਕਰਨਾ ਸੀ।ਆਪਣੇ
ਅੰਤਿਮ ਸਮੇਂ ਲੈਨਿਨ ਨੇ ਇਸ ਗ਼ਲਤੀ ਨੂੰ ਮੰਨਦਿਆਂ ਹੋਇਆਂ ਆਪਣੀ ਵਸੀਅਤ ਵਿਚ
ਲਿਖਿਆ ਸੀ:ਸਟਾਲਿਨ ਨੂੰ ਪਾਰਟੀ ਦੇ ਜਰਨਲ ਸਕੱਤਰ ਦੇ ਅਹੁੱਦੇ ਤੋਂ ਲਾਹ
ਦੇਣਾ ਚਾਹੀਦਾ ਹੈ। ਸਟਾਲਿਨ ਨੇ ਜੋ ਗ਼ਲਤੀਆਂ ਕੀਤੀਆਂ ਉਹ ਟਰਾਟਸਕੀ ਤੇ
ਲੈਨਿਨ ਵੱਲੋਂ ਕੀਤੀਆਂ ਗ਼ਲਤੀਆਂ ਨਾਲੋ ਕਿਤੇ ਵੱਡੀਆਂ ਸਨ।ਜਿੰਨੇ ਕਾਮਰੇਡ
ਸਟਾਲਿਨ ਨੇ ਕਤਲ ਕਰਵਾਏ ਉਹਨਾਂ ਨਾਲੋਂ ਅੱਧੇ ਵੀ ਸਾਰੇ ਸੰਸਾਰ ਦੇ
ਬੁਰਜ਼ੂਆਜ਼ੀ ਹਾਕਮਾਂ ਨੇ ਨਹੀਂ ਮਰਵਾਏ।
ਗੱਲ ਟਰਾਟਸਕੀ ਦੀਆਂ ਇੱਕਾ ਦੁੱਕਾ ਗ਼ਲਤੀਆਂ ਦੀ ਨਹੀਂ; ਗੱਲ ਉਸਦੀ ਸਮੁੱਚੀ
ਰਾਜਨੀਤਿਕ ਸੇਧ ਦੀ ਤੇ ਰੂਸੀ ਇਨਕਲਾਬ ਨੂੰ ਉਸਦੀ ਦੇਣ ਦੀ ਹੈ।ਲੈਨਿਨ ਨੇ
16 ਅਪ੍ਰੈਲ 1917 ਦੀ ਪਰਾਵਦਾ ਅਖਬਾਰ ਵਿਚ ਲਿਖਿਆ ਸੀ ਕਿ ਟਰਾਟਸਕੀ ਇਕ
ਅਜਿਹਾ ਕਰਾਂਤੀਕਾਰੀ ਹੈ ਜਿਸ ਨੇ ਆਪਣੇ ਜੀਵਨ ਦੇ ਕਈ ਦਹਾਕੇ ਇਨਕਲਾਬ ਦੀ
ਸੇਵਾ ਵਿਚ ਲਾਏ ਹਨ। ਸ਼ਾਇਦ ਡਾ.ਅੰਮ੍ਰਿਤਪਾਲ ਟਰਾਟਸਕੀ ਦੀ ਰੂਸੀ ਇਨਕਲਾਬ
ਨੂੰ ਦੇਣ ਬਾਰੇ ਲੈਨਿਨ ਨਾਲੋਂ ਵਧੇਰੇ ਜਾਣਦੇ ਹਨ।ਡਾ.ਸਾਹਿਬ ਟਰਾਟਸਕੀ ਦੀ
ਰੂਸੀ ਇਨਕਲਾਬ ਨੂੰ ਦੇਣ ਨੂੰ ਸਿਫਰ ਕਰਦੇ ਹੋਏ ਲਿਖਦੇ ਹਨ ਕਿ ਟਰਾਟਸਕੀ
ਤਾਂ ਬਾਲਸ਼ਵਿਕ ਪਾਰਟੀ ਦਾ ਮੈਂਬਰ ਹੀ 1917 ਵਿਚ ਬਣਿਆ ਸੀ।ਇਹ ਗੱਲ ਠੀਕ ਹੈ
ਕਿ ਟਰਾਟਸਕੀ ਰਸਮੀ ਤੌਰ ਤੇ ਪਾਰਟੀ ਮੈਂਬਰ ਹੀ 1917 ਵਿਚ ਹੀ ਬਣਿਆ ਸੀ
ਪ੍ਰੰਤ ੂਉਹ ਇਸ ਤੋਂ ਕਈ ਦਹਾਕੇ ਪਹਿਲਾਂ ਤੋਂ ਹੀ ਪਾਰਟੀ ਦੇ ਕਈ ਦਸਤਾਵੇਜ਼,
ਮਤੇ ਤੇ ਫੈਸਲੇ ਲਿਖਦਾ ਆ ਰਿਹਾ ਸੀ।ਲੈਨਿਨ ਨੇ 1903 ਵਿਚ ਟਰਾਟਸਕੀ ਦਾ
ਨਾਮ ਜਦੋਂ ਕਰਾਂਤੀਕਾਰੀ ਪੱਤ੍ਰਿਕਾ ਇਸਕਰਾ ਦੇ ਐਡੀਟੋਰੀਅਲ ਬੋਰਡ ਲਈ
ਪੇਸ਼ ਕੀਤਾ ਉਦੋਂ ਟਰਾਟਸਕੀ ਦੀ ਉਮਰ ਸਿਰਫ 23 ਸਾਲ ਦੀ ਸੀ।ਇਸਕਰਾ ਦੇ
ਐਡੀਟੋਰੀਅਲ ਬੋਰਡ ਵਿਚ ਉਸ ਸਮੇਂ ਪਲੈਖਾਨੋਵ ਵਰਗੇ ਪ੍ਰੋੜ ਮਾਰਕਸਵਾਦੀ
ਸ਼ਾਮਲ ਸਨ।
ਡਾ.ਸਾਹਿਬ ਟਰਾਟਸਕੀ ਦੇ ਸਥਾਈ ਇਨਕਲਾਬ ਦੇ ਸਿਧਾਂਤ ਦੀ ਆਲੋਚਨਾ ਕਰਦੇ
ਹੋਏ ਲਿਖਦੇ ਹਨ ਕਿ ਟਰਾਟਸਕੀ ਬਰਜ਼ੂਆ-ਜਮਹੂਰੀ ਇਨਕਲਾਬ ਦੇ ਪੜਾਅ ਨੂੰ ਛਾਲ
ਮਾਰ ਕੇ ਲੰਘਣਾ ਚਾਹੁੰਦਾ ਸੀ।ਪ੍ਰੰਤੂ ਸਥਾਈ ਇਨਕਲਾਬ ਦੇ ਸਿਧਾਂਤ ਵਿਚ
ਅਜਿਹੀ ਕਿਸੇ ਗੱਲ ਦਾ ਵਰਨਣ ਨਹੀਂ ਹੈ।ਸਥਾਈ ਇਨਕਲਾਬ ਸ਼ਬਦਾਂ ਦੀ ਵਰਤੋਂ
ਮਾਰਕਸ ਤੇ ਐੈਂਗਲਜ਼ ਨੇ 1850 ਵਿਚ ਕਮਿਊਨਿਸਟ ਲੀਗ ਨੂੰ ਭੇਜੇ ਆਪਣੇ
ਡਿਸਪੈਚ ਵਿਚ ਇਸ ਤਰਾਂ ਕੀਤੀ ਸੀ:ਡੈਮੋਕਰੇਟਿਕ ਪੈਟੀ ਬਰਜ਼ੂਆਜ਼ੀ ਇਹ
ਚਾਹੁੰਦੀ ਹੈ ਕਿ ਇਨਕਲਾਬ ਨੂੰ ਜਿੰਨੀ ਛੇਤੀ ਹੋ ਸਕੇ ਖਤਮ ਕੀਤਾ ਜਾ
ਸਕੇ...ਸਾਡੀ ਇਸ ਕੰਮ ਵਿਚ ਦਿਲਚਪਸੀ ਹੈ ਕਿ ਅਸੀਂ ਇਨਕਲਾਬ ਨੂੰ ਸਥਾਈ
ਬਣਾਈਏ ਜਦ ਤੱਕ ਘੱਟ ਜਾਂ ਵੱਧ ਸੰਪਤੀ ਵਾਲੀਆਂ ਸ਼੍ਰੇਣੀਆਂ ਨੂੰ ਉਹਨਾ ਦੀ
ਪਦਵੀ ਤੋਂ ਲਾਹਿਆ ਨਹੀਂ ਜਾਂਦਾ, ਜਦ ਤੱਕ ਪ੍ਰੋਲਤਾਰੀ ਰਾਜ ਸ਼ਕਤੀ ਨੂੰ
ਜਿੱਤ ਨਹੀਂ ਜਾਂਦੀ ਅਤੇ ਜਦ ਤੱਕ ਪ੍ਰੋਲੇਤਾਰੀ ਦਾ ਸੰਕਲਪ ਸਿਰਫ ਇਕ ਦੇਸ
ਵਿਚ ਹੀ ਨਹੀਂ ਸਗੋਂ ਸੰਸਾਰ ਦੇ ਸਾਰੇ ਮੁੱਖ ਦੇਸਾਂ ਵਿਚ ਆਪਣੇ ਮਿਸ਼ਨ ਵਿਚ
ਕਾਫੀ ਅੱਗੇ ਨਹੀਂ ਵਧ ਜਾਂਦਾ...ਅਤੇ ਪੈਦਾਵਾਰ ਸ਼ਕਤੀਆਂ ਕਾਮਿਆ ਦੇ ਹੱਥਾਂ
ਵਿਚ ਨਹੀਂ ਆ ਜਾਦੀਆਂ। ਟਰਾਟਸਕੀ ਵੀ ਆਪਣੇ ਸਥਾਈ ਇਨਕਲਾਬ ਦੀ ਗੱਲ
ਕਰਦਾ ਹੋਇਆ ਕਹਿੰਦਾ ਹੈ ਕਿ ਪ੍ਰੋਲੇਤਾਰੀ ਆਪਣੀ ਅਗਵਾਈ ਹੇਠ ਕਿਸਾਨੀ ਨੂੰ
ਨਾਲ ਲੈ ਕੇ ਬਰਜ਼ੂਆ ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਰੇਗਾ ਤੇ ਆਪਣੇ
ਮਿਸ਼ਨ ਦੀ ਲਗਾਤਾਰਤਾ ਵਿਚ ਬੁਰਜ਼ੂਆ- ਡੈਮੋਕਰੇਟਿਕ ਇਨਕਲਾਬ ਨੂੰ
ਪ੍ਰੋਲੇਤਾਰੀ ਇਨਕਲਾਬ ਵਿਚ ਬਦਲ ਦੇਵੇਗਾ।ਲੈਨਿਨ ਦਾ ਮੱਤ ਵੀ ਲਗਭਗ ਅਜਿਹਾ
ਹੀ ਸੀ ਜਦੋਂ ਉਹ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਿਰਤੀ
ਕਿਸਾਨਾਂ ਨੂੰ ਸੋਂਪਦਾ ਹੋਇਆ ਇਹ ਆਖਦਾ ਸੀ ਕਿ ਬਰਜ਼ੂਆ-ਡੈਮੋਕਰੇਟਿਕ
ਇਨਕਲਾਬ ਦਾ ਪੜਾਅ ਖਤਮ ਹੋਣ ਤੋਂ ਬਾਅਦ ਹੀ ਪ੍ਰੋਲੇਤਾਰੀ ਇਨਕਲਾਬ
ਹੋਵੇਗਾ।ਲੈਨਿਨ ਨੂੰ ਖੁਦ ਵੀ ਇਹ ਸਪੱਸ਼ਟ ਨਹੀਂ ਸੀ ਕਿ ਬਰਜ਼ੂਆ-ਡੈਮੋਕਰੇਟਿਕ
ਇਨਕਲਾਬ ਦਾ ਪੜਾਅ ਕਿੱਥੇ ਖਤਮ ਹੁੰਦਾ ਹੈ।ਰੂਸ ਦੇ ਇਨਕਲਾਬ ਦੇ ਸੰਦਰਭ ਵਿਚ
ਲੈਨਿਨ ਨੇ ਕਿਹਾ ਸੀ ਕਿ ਨਵੰਬਰ 1917 ਤੋਂ ਲੈ ਕੇ ਜਨਵਰੀ 1918 ਤੱਕ
ਇਨਕਲਾਬ ਬਰਜ਼ੂਆ-ਡੈਮੋਕਰੇਟਿਕ ਸੀ।ਫਿਰ ਅਕਤੂਬਰ 1921 ਵਿਚ ਕਿਹਾ ਸੀ ਕਿ
ਬਰਜ਼ੂਆ-ਡੈਮੋਕਰੇਟਿਕ ਇਨਕਲਾਬ ਹੁਣ ਭਾਵ 1921 ਵਿਚ ਖਤਮ ਹੋਇਆ ਹੈ।ਟਰਾਟਸਕੀ
ਅਜਿਹੇ ਕਿਸੇ ਪੜਾਅ ਦੀ ਗੱਲ ਨਹੀਂ ਕਰਦਾ ਤੇ ਉਹ ਸਿੱਧਾ ਹੀ
ਬਰਜ਼ੂਆ-ਡੈਮੋਕਰੇਟਿਕ ਇਨਕਲਾਬ ਨੂੰ ਪ੍ਰੋਲੇਤਾਰੀ ਇਨਕਲਾਬ ਵਿਚ ਪਰਿਵਰਤਰਿਤ
ਕਰਨ ਦੀ ਗੱਲ ਕਰਦਾ ਹੈ।ਜਿਹੜੀ ਡਾ. ਅੰਮ੍ਰਿਤਪਾਲ ਨੇ ਇਕ ਦੇਸ ਵਿਚ ਇਨਕਲਾਬ
ਦੀ ਗੱਲ ਕੀਤੀ ਹੈ ਤੇ ਟਰਾਟਸਕੀ ਨੂੰ ਇਸ ਦਾ ਵਿਰੋਧੀ ਦੱਸਿਆ ਹੈ,ਉਸ ਬਾਰੇ
ਸਟਾਲਿਨ ਆਪਣੇ ਕਿਤਾਬਚੇ ਪ੍ਰਸ਼ਨ ਤੇ ਉੱਤਰ ਵਿਚ ਲਿਖਿਆ ਹੈ:ਇਕ ਦੇਸ ਵਿਚ
ਸਮਾਜਵਾਦ ਦੀ ਜਿੱਤ ਸੰਪੂਰਨ ਨਹੀਂ ਹੋ ਸਕਦੀ (ਇਸ ਦੇਸ ਨੂੰ ਇਸ ਗੱਲ ਦੀ
ਕੋਈ ਗਰੰਟੀ ਨਹੀਂ ਹੁੰਦੀ ਕਿ ਇਸ ਵਿਚ ਬਾਹਰੋਂ ਦਖਲ ਨਹੀਂ ਹੋਵੇਗਾ) ਜਦ
ਤੱਕ ਘੱਟੋ ਘੱਟ ਹੋਰ ਬਹੁਤ ਸਾਰੇ ਦੇਸਾਂ ਵਿਚ ਵੀ ਇਨਕਲਾਬ ਨਹੀਂ ਹੋ
ਜਾਂਦਾ। ਲੈਨਿਨ ਵੀ ਕਿਸੇ ਸਮੇਂ ਇਸ ਵਿਚਾਰ ਦਾ ਧਾਰਨੀ ਸੀ। ਜੇ ਗੱਲ ਕੇਵਲ
ਇਨਕਲਾਬ ਨੂੰ ਸ਼ੁਰੂ ਕਰਨ ਦੀ ਹੀ ਹੈ ਅਤੇ ਸੰਪੂਰਨ ਹੋਣ ਦੀ ਨਹੀਂ ਤਾਂ ਵੀ
ਟਰਾਟਸਕੀ ਇਕ ਦੇਸ ਵਿਚ ਇਨਕਲਾਬ ਨੂੰ ਸ਼ੁਰੂ ਕਰਨ ਵਿਚ ਲੈਨਿਨ ਤੇ ਸਟਾਲਿਨ
ਦਾ ਮੋਹਰੀ ਸੀ।
ਡਾ.ਅੰਮ੍ਰਿਤਪਾਲ ਨੇ ਇਹ ਵੀ ਕਿਹਾ ਹੈ ਕਿ ਟਰਾਟਸਕੀ ਮਜ਼ਦੂਰ ਜਮਾਤ ਤੇ
ਕਿਸਾਨੀ ਵਿਚਾਲੇ ਵਿਰੋਧਤਾਈ ਨੂੰ ਦੁਸ਼ਮਣਾਨਾ ਮੰਨਦਾ ਹੈ।ਅਜਿਹੀ ਗੱਲ
ਟਰਾਟਸਕੀ ਦੀਆਂ ਲਿਖਤਾਂ ਵਿਚ ਕਿਧਰੇ ਵੀ ਨਹੀਂ ਮਿਲਦੀ।ਇਹ ਤਾਂ
ਡਾ.ਅੰਮ੍ਰਿਤਪਾਲ ਦੇ ਆਪਣੇ ਦਿਮਾਗ ਦੀ ਕਾਢ ਹੈ।ਟਰਾਟਸਕੀ ਤਾਂ ਕਿਸਾਨੀ
ਬਾਰੇ ਕਹਿੰਦਾ ਸੀ ਕਿ ਪ੍ਰੋਲਤਾਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਨੂੰ
ਆਪਣੇ ਨਾਲ ਲੈ ਕੇ ਚੱਲੇ ਅਤੇ ਬਰਜ਼ੂਆ-ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਰੇ
ਅਤੇ ਇਸ ਤਰ੍ਹਾਂ ਕਿਸਾਨੀ ਦਾ ਮੁਕਤੀਦਾਤਾ ਬਣੇ।ਵੱਡੇ ਭੂਮੀ-ਪਤੀਆਂ ਦੀ
ਜ਼ਮੀਨ ਖੋਹ ਕੇ ਛੋਟੀ ਕਿਸਾਨੀ ਵਿਚ ਵੰਡ ਦੇਣੀ ਚਾਹੀਦੀ ਹੈ।1920 ਦੇ ਸ਼ੁਰੂ
ਵਿਚ ਟਰਾਟਸਕੀ ਨੇ ਪੋਲਿਟ ਬਿਊਰੋ ਵਿਚ ਕਿਸਾਨ ਆਰਥਿਕਤਾ ਦੇ ਆਪਣੇ ਵਿਸ਼ਲੇਸ਼ਣ
ਦੇ ਆਧਾਰ ਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਸੁਝਾਓ ਪੇਸ਼ ਕੀਤੇ ਸਨ।ਲੈਨਿਨ
ਦੇ ਸ਼ਬਦ ਹਨ: ਜਿੱਥੋਂ ਤੱਕ ਮੱਧ-ਵਰਗੀ ਕਿਸਾਨੀ ਦਾ ਸਵਾਲ ਹੈ; ਮੇਰੇ ਤੇ
ਟਰਾਟਸਕੀ ਦੇ ਵਿਚਾਰਾਂ ਵਿਚ ਕੋਈ ਮਤਭੇਦ ਨਹੀਂ ਹਨ।... ਕਾਮਰੇਡ ਟਰਾਟਸਕੀ
ਨੇ ਆਪਣੇ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਕਿਉਂ ਕਮਿਊਨਿਸਟ ਪਾਰਟੀ ਤੇ
ਸੋਵੀਅਤ ਰੂਸ ਦੀ ਵਰਤਮਾਨ ਕਿਰਤੀ ਕਿਸਾਨਾਂ ਦੀ ਸਰਕਾਰ, ਜਿਸਨੂੰ ਸੋਵੀਅਤਾਂ
ਤੇ ਪਾਰਟੀ ਮੈਂਬਰਾਂ ਨੇ ਚੁਣਿਆ ਹੈ, ਮੱਧ-ਵਰਗੀ ਕਿਸਾਨਾਂ ਨੂੰ ਆਪਣਾ
ਦੁਸ਼ਮਨ ਨਹੀਂ ਮੰਨਦੀ। ਮੈਂ ਦੋਵੀਂ ਹੱਥੀਂ ਟਰਾਟਸਕੀ ਦੇ ਇਸ ਕਥਨ ਦਾ ਸਮਰਥਨ
ਕਰਦਾ ਹਾਂ। (ਲੈਨਿਨ ਜਿਲਦ 14 ਸਫਾ 28)
ਟਰਾਟਸਕੀ ਨੇ ਆਪਣੀ ਪੁਸਤਕ ਸਟਾਲਿਨ ਦੇ ਪੰਨਾ ਨੰ: 433 ਤੇ ਲਿਖਿਆ ਹੈ
ਕਿ ਸਿਰਫ ਪੱਛਮ ਵਿਚ ਪ੍ਰੋਲਤਾਰੀ ਦੀ ਜਿੱਤ ਹੀ ਰੂਸ ਨੂੰ ਪੂੰਜੀਵਾਦ ਦੀ
ਮੁੜਬਹਾਲੀ ਤੋਂ ਬਚਾ ਸਕਦੀ ਹੈ ਅਤੇ ਸਮਾਜਵਾਦ ਦੀ ਸਥਾਪਨਾ ਨੂੰ ਯਕੀਨੀ ਬਣਾ
ਸਕਦੀ ਹੈ। ਕੀ ਰੂਸੀ ਇਨਕਲਾਬ ਬਾਰੇ ਟਰਾਟਸਕੀ ਦੀ ਇਹ ਭਵਿੱਖਬਾਣੀ ਸੱਚੀ
ਸਿੱਧ ਨਹੀਂ ਹੋਈ? ਕੀ ਰੂਸੀ ਇਨਕਲਾਬ ਨੂੰ ਪੂੰਜੀਵਾਦੀ ਦੀ ਮੁੜਬਹਾਲੀ ਨੇ
ਢਹਿਢੇਰੀ ਨਹੀਂ ਕੀਤਾ? ਕੀ ਸਟਾਲਿਨ ਦਾ ਦਮਨ-ਚੱਕਰ ਇਸ ਇਨਕਲਾਬ ਨੂੰ ਬਚਾਅ
ਸਕਿਆ? ਅਜਿਹੇ ਦਮਨ-ਚੱਕਰ ਨੂੰ ਵੇਖ ਕੇ ਹੀ ਸੰਸਾਰ ਪ੍ਰਸਿੱਧ ਮਨੋਵਿਗਿਆਨੀ
ਪਾਵਲੋਵ ਨੇ ਸਟਾਲਿਨ ਨੂੰ ਕਿਹਾ ਸੀ ਕਿ ਜੇ ਅਜਿਹਾ ਕੁਝ ਚਾਲੂ ਰਿਹਾ ਤਾਂ
ਇਨਕਲਾਬ ਦਾ ਛੇਤੀ ਹੀ ਭੋਗ ਪੈ ਜਾਵੇਗਾ।ਮਾਰਕਸਵਾਦੀ ਚਿੰਤਕ ਲੂਸੀਓ ਕੁਲੇਟੀ
ਅਨੁਸਾਰ ਇਕ ਦੇਸ ਵਿਚ ਇਨਕਲਾਬ ਦਾ ਸਿਧਾਂਤ ਅੰਤਰਰਾਸ਼ਰਰੀ ਦ੍ਰਿਸ਼ਟੀ-ਕੋਣ
ਵਾਲੇ ਬੌਧਿਕ ਕਾਮਰੇਡਾਂ ਟਰਾਟਸਕੀ, ਬੁਖਾਰਿਨ, ਕਾਮੇਨੇਵ, ਜਿਨੋਵੀਵ,
ਰਾਦੇਕ, ਪਰੀਓਬਰਾਜੇਂਸਕੀ ਆਦਿ ਨਾਲੋਂ ਰਾਸ਼ਟਰੀ ਦ੍ਰਿਸ਼ਟੀ-ਕੋਣ ਰੱਖਣ ਵਾਲੇ
ਸਧਾਰਨ ਬੁੱਧੀ ਦੇ ਮਾਲਕ ਮੋਲੇਟੋਵ, ਕੀਰੋਵ, ਕਗਾਨੋਵਿਚ, ਵੋਰੋਸ਼ੀਲੋਵ,
ਕੁਇਬੀਸ਼ੇਬ, ਜ਼ਦਾਨੋਵ, ਯਾਗੋਂਦਾ ਵਰਗੇ ਨੇਤਾਵਾਂ ਦੇ ਵਧੇਰੇ ਰਾਸ ਆਉਂਦਾ
ਸੀ।ਇਹ ਮਗਰਲੀ ਕਿਸਮ ਦੇ ਕਾਮਰੇਡ ਹੀ ਟਰਾਟਸਕੀ ਤੋਂ ਬਾਅਦ ਇਕ ਦੇਸ ਵਿਚ
ਇਨਕਲਾਬ ਨੂੰ ਉਸਾਰਨ ਵਿਚ ਸਟਾਲਿਨ ਦੇ ਮੁੱਖ ਸਾਥੀ ਸਨ।
1931 ਵਿਚ ਸਟਾਲਿਨ ਨੇ ਕਿਹਾ, ਸੋਵੀਅਤ ਯੂਨੀਅਨ ਸਮਾਜਵਾਦ ਦੇ ਯੁੱਗ ਵਿਚ
ਦਾਖਲ ਹੋ ਚੁੱਕਾ ਹੈ। ਡਾ.ਅੰਮ੍ਰਿਤਪਾਲ ਇਸ ਤੋਂ ਵੀ ਅੱਗੇ ਜਾਂਦੇ ਹੋਏ
ਆਖਦੇ ਹਨ: 1932-33ਤੱਕ ਸੋਵੀਅਤ ਸੰਘ ਵਿਚ ਸਮਾਜਵਾਦੀ ਪੈਦਾਵਾਰੀ
ਰਿਸ਼ਤਿਆਂ ਦੀ ਉਸਾਰੀ ਦਾ ਕੰਮ ਲਗਭਗ ਪੂਰਾ ਕਰ ਲਿਆ ਜਾਂਦਾ ਹੈ। ਡਾ.ਸਾਹਿਬ
ਟਰਾਟਸਕੀ ਦੀ ਆਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਟਰਾਟਸਕੀ ਨੇ ਸਮਾਜਵਾਦ
ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ ਕਿਉਂਕਿ ਟਰਾਟਸਕੀ ਕਹਿੰਦਾ ਸੀ ਕਿ ਕੋਈ
ਦੇਸ ਸਮਾਜਵਾਦੀ ਉਦੋਂ ਹੁੰਦਾ ਹੈ ਜਦੋਂ ਉਸ ਦਾ ਜੀਵਨ ਪੱਧਰ ਸਭ ਤੋਂ
ਵਿਕਸਿਤ ਸਰਮਾਏਦਾਰੀ ਦੇਸ ਨਾਲੋਂ ਅੱਗੇ ਲੰਘ ਜਾਵੇ।ਪ੍ਰੰਤੂ ਇਥੇ ਫਿਰ
ਡਾ.ਸਾਹਿਬ ਇਹ ਭੁੱਲ ਜਾਂਦੇ ਹਨ ਕਿ 1931 ਵਿਚ ਆਪਣੇ ਦਾਅਵੇ ਨੂੰ ਸਿੱਧ
ਕਰਨ ਲਈ ਸਟਾਲਿਨ ਨੇ ਵੀ ਸੋਵੀਅਤ ਸਮਾਜ ਤਥਾਕਥਿਤ ਉੱਚੇ ਜੀਵਨ ਪੱਧਰ ਦੀ
ਤੁਲਨਾ ਰਸਾਤਲ ਵੱਲ ਗਏ ਸਰਮਾਏਦਾਰ ਦੇਸਾਂ ਦੇ ਜੀਵਨ ਪੱਧਰ ਨਾਲ ਹੀ ਕੀਤੀ
ਸੀ ਤੇ ਕਿਹਾ ਸੀ ਕਿ ਰੂਸ ਸਮਾਜਵਾਦੀ ਯੁੱਗ ਵਿਚ ਦਾਖਲ ਹੋ ਗਿਆ
ਹੈ।ਟਰਾਟਸਕੀ ਨੇ ਸਟਾਲਿਨ ਦੇ ਇਸ ਦੋਹਰੇ ਝੂਠ ਨੂੰ ਨੰਗਾ ਕਰਦਿਆਂ ਕਿਹਾ ਸੀ
ਕਿ ਸੋਵੀਅਤ ਸੰਘ ਵਿਚ ਜਿਹੜੀ ਭੁੱਖ-ਮਰੀ, ਥੁੜਾਂ ਭਰੀ ਜ਼ਿਦਗੀ ਤੇ ਜ਼ੁਲਮ
ਲੋਕ ਇਸ ਵੇਲੇ ਸਹਿ ਰਹੇ ਹਨ ਉਸ ਨੂੰ ਸਮਾਜਵਾਦ ਕਹਿਣਾ ਲੋਕਾਂ ਦੇ ਸਮਾਜਵਾਦ
ਵਿਚ ਵਿਸ਼ਵਾਸ ਨੂੰ ਤੋੜਨਾ ਤੇ ਉਹਨਾਂ ਨੂੰ ਸਮਾਜਵਾਦ ਦੇ ਦੁਸ਼ਮਣ ਬਣਾਉਣਾ
ਹੈ।
ਡਾ.ਅੰਮ੍ਰਿਤਪਾਲ ਇਹ ਵੀ ਕਹਿੰਦੇ ਹਨ ਕਿ ਟਰਾਟਸਕੀ ਸਭ ਇਨਕਲਾਬੀ ਮਸਲਿਆਂ
ਵਿਚ ਬਾਲਸ਼ਵਿਕ ਵਿਰੋਧੀ ਸੀ।ਪਰ ਜੇ ਅਜਿਹਾ ਸੀ ਤਾਂ ਫਿਰ ਟਰਾਟਸਕੀ ਨੂੰ
ਬਾਲਸ਼ਵਿਕਾਂ ਨੇ ਰੂਸ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ,
ਪੋਲਿਟ ਬਿਊਰੋ ਦਾ ਮੈਂਬਰ, ਫੌਜੀ ਤੇ ਬਾਹਰੀ ਮਾਮਲਿਆਂ ਬਾਰੇ ਲੋਕ ਕਮੀਸਾਰ
ਅਤੇ ਇਨਕਲਾਬੀ ਫੌਜੀ ਕੌਂਸਲ ਦਾ ਚੇਅਰਮੈਨ ਜਿਹੇ ਉੱਚੇ ਅਹੁੱਦਿਆਂ ਤੇ
ਕਿਉਂ ਨਿਯੁਕਤ ਕੀਤਾ? ਲੈਨਿਨ ਨੇ ਆਪਣੀ ਵਸੀਅਤ ਵਿਚ ਟਰਾਟਸਕੀ ਨੂੰ ਉਸ
ਦੀਆਂ ਸਭ ਖਾਮੀਆਂ ਦੇ ਬਾਵਜੂਦ ਵੀ ਸਭ ਤੋਂ ਯੋਗ ਪਾਰਟੀ ਲੀਡਰ ਕਿਉਂ
ਕਿਹਾ? ਲੈਨਿਨ ਨੇ ਕੰਸਟੀਚੂਐਂਟ ਅਸੈਂਬਲੀ ਲਈ ਬਾਲਸ਼ਵਿਕ ਉਮੀਦਵਾਰਾਂ ਦੀ
ਲਿਸਟ ਵਾਲੇ ਆਪਣੇ ਪੱਤਰ ਵਿਚ ਲਿਖਿਆ ਸੀ: ਕੋਈ ਜਣਾ ਵੀ ਟਰਾਟਸਕੀ ਨੂੰ
ਉਮੀਦਵਾਰ ਐਲਾਨੇ ਜਾਣ ਦਾ ਵਿਰੋਧ ਨਹੀ ਕਰੇਗਾ ਕਿਉਂਕਿ ਪਹਿਲੀ ਗੱਲ ਇਹ ਕਿ
ਟਰਾਟਸਕੀ ਨੇ ਆਪਣੇ ਆਉਣ ਦੇ ਪਹਿਲੇ ਦਿਨ ਤੋਂ ਹੀ ਅੰਤਰਰਾਸ਼ਟਰੀ ਪਦਵੀ
ਗਹ੍ਰਿਣ ਕੀਤੀ ਹੈ, ਦੂਸਰੀ ਗੱਲ ਕਿ ਉਹ ਮੈਂਜ਼ਰਾਯੋਂਤਸੀ ਦੀ ਬਾਲਸ਼ਵਿਕਾਂ
ਨਾਲ ਏਕਤਾ ਲਈ ਲੜਿਆ ਅਤੇ ਤੀਸਰੀ ਗੱਲ ਇਹ ਕਿ ਉਸ ਨੇ ਜੁਲਾਈ ਦੇ ਮੁਸਕਲਾਂ
ਭਰੇ ਦਿਨਾਂ ਵਿਚ ਕਰਾਂਤੀਕਾਰੀ ਪ੍ਰੋਲੇਤਾਰੀ ਪਾਰਟੀ ਦੇ ਰਾਖੇ ਦੇ ਤੌਰ ਤੇ
ਅੱਗੇ ਹੋ ਕੇ ਕੰਮ ਕੀਤਾ। ਅਜਿਹੀ ਗੱਲ ਪਾਰਟੀ ਦੇ ਹੁਣੇ-ਹੁਣੇ ਬਣੇ ਉਹਨਾ
ਮੈਂਬਰਾਂ ਬਾਰੇ ਨਹੀਂ ਕਹੀ ਜਾ ਸਕਦੀ ਜਿਹਨਾਂ ਦੇ ਨਾਮ ਇਸ ਲਿਸਟ ਵਿਚ ਸ਼ਾਮਲ
ਕੀਤੇ ਗਏ ਹਨ।
ਡਾ.ਅੰਮ੍ਰਿਤਪਾਲ ਨੇ ਬਰੈਸਤ-ਲਿਤੋਵਸਕ ਸੰਧੀ ਦੀ ਗੱਲ ਵੀ ਕੀਤੀ ਹੈ।ਇਨਕਲਾਬ
ਤੋਂ ਬਾਅਦ ਅਜੇ ਰੂਸ ਦੀ ਆਰਥਿਕ ਹਾਲਤ ਖਰਾਬ ਸੀ ਅਤੇ ਫੌਜ਼ ਵੀ ਜੰਗ ਤੋਂ
ਅੱਕ ਚੁੱਕੀ ਸੀ ਦੇਸ ਲੜਨ ਦੀ ਸਥਿਤੀ ਵਿਚ ਨਹੀਂ ਸੀ।ਇਸ ਲਈ ਸੋਵੀਅਤ ਸਰਕਾਰ
ਵੱਲੋਂ ਜਰਮਨ ਨਾਲ ਵੱਖਰੀ ਸ਼ਾਂਤੀ-ਸੰਧੀ ਬਾਰੇ ਵਿਚਾਰਿਆ ਗਿਆ ਤਾਂ ਕਿ
ਇਨਕਲਾਬੀ ਉਸਾਰੀ ਦਾ ਕੰਮ ਸਿਰੇ ਲਾਇਆ ਜਾਵੇ।ਪ੍ਰੰਤੂ ਇਨਕਲਾਬੀਆਂ ਵਿਚ ਇਸ
ਸੰਧੀ ਬਾਰੇ ਤਿੱਖੇ ਮਤਭੇਦ ਹੋ ਗਏ ਅਤੇ ਉਹ ਦੋ ਧਿਰਾਂ ਵਿਚ ਵੰਡੇ ਗਏ।ਇਕ
ਧਿਰ ਜਰਮਨੀ ਤੇ ਆਸਟਰੀਆ ਵੱਲੋਂ ਸ਼ਾਂਤੀ-ਸੰਧੀ ਲਈ ਲਾਈਆਂ ਗਈਆਂ ਸ਼ਰਤਾਂ ਨੂੰ
ਮੰਨਣ ਲਈ ਤਿਆਰ ਨਹੀਂ ਸੀ।ਲੈਨਿਨ ਖੁਦ ਇਸ ਸ਼ਾਂਤੀ-ਸੰਧੀ ਬਾਰੇ ਆਖਦਾ ਸੀ
ਇਕ ਸ਼ਰਮਨਾਕ ਸ਼ਾਂਤੀ-ਸੰਧੀ ਜਿਸ ਵਿਚ ਪੋਲੈਂਡ ਨਾਲ ਧੋਖਾ ਸ਼ਾਮਲ ਸੀ।
ਜਰਮਨੀ ਨਾਲ ਜੰਗ ਦੇ ਹੱਕ ਵਿਚ ਬੁਖਾਰਿਨ, ਦਰਜਿੰਸਕੀ, ਰਾਦੇਕ, ਯੋਫ,
ਯੂਰਿਤਸਕੀ, ਕੋਲੋਨਤਾਈ, ਬੁਬਨੋਵ, ਪਿਆਤਾਕੋਵ, ਸਮਿਰਨੋਵ ਅਤੇ ਰਿਆਜ਼ਾਨੋਵ
ਆਦਿ ਕਾਮਰੇਡ ਨੇਤਾ ਸਨ।ਇਹ ਨੇਤਾ ਜਰਮਨੀ ਵੱਲੋਂ ਸ਼ਾਂਤੀ ਬਦਲੇ ਰੱਖੀਆਂ
ਗਈਆਂ ਸ਼ਰਤਾਂ ਨੂੰ ਮੰਨਣਾ ਪ੍ਰੋਲਤਾਰੀ ਨਾਲ ਧੋਖਾ ਅਤੇ ਸਾਮਰਾਜ ਅੱਗੇ ਗੋਡੇ
ਟੇਕਣਾ ਸਮਝਦੇ ਸਨ।ਉਹ ਸਮਝਦੇ ਸਨ ਕਿ ਇਸ ਤਰਾਂ ਨਾਲ ਰੂਸ ਤੇ ਪੱਛਮੀ ਯੂਰਪ
ਦੇ ਦੇਸਾਂ ਜਿਵੇਂ ਜਰਮਨੀ, ਆਸਟਰੀਆ ਤੇ ਪੋਲੈਂਡ ਆਦਿ ਵਿਚਲੇ ਪ੍ਰੋਲਤਾਰੀ
ਵਰਗਾਂ ਵਿਚ ਮਾਯੂਸੀ ਛਾ ਜਾਵੇਗੀ ਅਤੇ ਇਨਕਲਾਬੀ ਤਾਕਤਾਂ ਦਾ ਮਨੋਬਲ
ਡਿੱਗੇਗਾ।ਸ਼ਾਂਤੀ ਦੇ ਹੱਕ ਵਿਚ ਲੈਨਿਨ, ਸਟਾਲਿਨ, ਜਿਨੋਵੀਵ ਤੇ ਸਕੋਲਨੀਕੋਵ
ਸਨ।ਇਹਨਾਂ ਨੇਤਾਵਾਂ ਦਾ ਵਿਚਾਰ ਸੀ ਕਿ ਹਰ ਹਾਲਤ ਵਿਚ ਜਰਮਨੀ ਨਾਲ ਸੰਧੀ
ਕਰਕੇ ਪ੍ਰਾਪਤ ਕੀਤੇ ਸ਼ਾਂਤੀ ਭਰੇ ਸਮੇਂ ਨੂੰ ਇਨਕਲਾਬ ਨੂੰ ਪਰਪੱਕ ਕਰਨ ਲਈ
ਵਰਤਿਆ ਜਾਵੇ ਅਤੇ ਲਾਲ ਫੌਜ ਨੂੰ ਸੰਗਠਿਤ ਕੀਤਾ ਜਾਵੇ।ਕਮਿਊਨਿਸਟ ਪਾਰਟੀ
ਦੀ ਕੇਂਦਰੀ ਕਮੇਟੀ ਦੀ ਬਹੁਸੰਮਤੀ ਜਰਮਨ ਨਾਲ ਜੰਗ ਦੇ ਹੱਕ ਵਿਚ ਸੀ।
ਟਰਾਟਸਕੀ ਅਰੰਭ ਵਿਚ ਚਾਹੁੰਦਾ ਸੀ ਜਰਮਨੀ ਨਾਲ ਨਾ ਜੰਗ,ਨਾ ਸ਼ਾਂਤੀ ਵਾਲੀ
ਸਥਿਤੀ ਕਾਇਮ ਰੱਖੀ ਜਾਵੇ।ਇਸ ਨਾਲ ਇਕ ਤਾਂ ਜਰਮਨੀ ਵੱਲੋਂ ਰੱਖੀਆਂ
ਅਪਮਾਨਜਨਕ ਸ਼ਰਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਦੂਜਾ ਬਾਲਸ਼ਵਿਕ ਪਾਰਟੀ
ਵਿਚਲੀ ਸੰਭਾਵੀ ਫੁੱਟ ਤੋਂ ਬਚਿਆ ਜਾ ਸਕਦਾ ਹੈ।ਟਰਾਟਸਕੀ ਦੀ ਅਗਵਾਈ ਵਿਚ
ਵਫਦ ਨੇ ਬਰੈਸਤ-ਲਿਤੋਵਸਕ ਵਿਚ ਜਰਮਨ ਨਾਲ ਸ਼ਾਂਤੀ ਵਾਰਤਾ ਵਿਚ ਹਿੱਸਾ ਲਿਆ
ਤੇ ਆਪਣਾ ਪੱਖ ਦਲੇਰੀ ਨਾਲ ਰੱਖਿਆ। ਸ਼ਾਂਤੀ ਵਾਰਤਾ ਵਿਚ ਹਿੱਸਾ ਲੈ ਰਹੇ
ਆਸਟਰੀਆ ਦੇ ਵਿਦੇਸ ਮੰਤਰੀ ਕਾਊਂਟ ਸਜ਼ਰਨਿਨ ਨੇ ਆਪਣੀ ਪੁਸਤਕ ਸੰਸਾਰ ਜੰਗ
ਸਮੇਂ ਦੇ ਪੰਨਾ 234 ਤੇ ਟਰਾਟਸਕੀ ਦੀ ਇਸ ਵਾਰਤਾ ਵਿਚ ਕਾਰਗੁਜਾਰੀ ਬਾਰੇ
ਲਿਖਿਆ ਇਕ ਚਲਾਕ ਤੇ ਬਹੁਤ ਹੀ ਖਤਰਨਾਕ ਵਿਰੋਧੀ... ਅਸਧਾਰਨ ਤੋਰ ਤੇ
ਪ੍ਰਭਿਤਾਵਾਨ ਜੋ ਗੱਲ ਦਾ ਜਵਾਬ ਦੇਣ ਵਿਚ ਬਹੁਤ ਤੇਜ਼ ਤੇ ਮਾਹਿਰ ਸੀ। ਇਹੋ
ਜਿਹੀ ਤੇਜ਼ੀ ਤੇ ਮੁਹਾਰਤ ਮੈਂ ਪਹਿਲਾਂ ਘੱਟ ਹੀ ਕਿਧਰੇ ਵੇਖੀ ਸੀ।
ਟਰਾਟਸਕੀ ਨੇ ਇਹ ਕਹਿੰਦਿਆਂ ਹੋਇਆਂ ਸ਼ਾਂਤੀ ਸੰਧੀ ਤੇ ਦਸਤਖਤ ਕਰਨ ਤੋਂ
ਇਨਕਾਰ ਕਰ ਦਿੱਤਾ ਅਸੀਂੇ ਜ਼ਾਰ ਤੇ ਬੁਰਜੂਆਜ਼ੀ ਨੂੰ ਇਸ ਕਰਕੇ ਨਹੀਂ ਹਰਾਇਆ
ਕਿ ਜਰਮਨੀ ਦੇ ਕੈਂਸਰ ਅੱਗੇ ਗੋਡੇ ਟੇਕ ਦਈਏ। ਕੇਂਦਰੀ ਕਮੇਟੀ ਦੇ ਬਹੁਮੱਤ
ਨੇ ਟਰਾਟਸਕੀ ਦੇ ਹੱਕ ਵਿਚ ਮਤਾ ਪਾਸ ਕੀਤਾ ਤੇ ਉਸ ਦੀ ਨੀਤੀ ਨੂੰ ਯੋਗ
ਠਹਿਰਾਇਆ।ਪ੍ਰੰਤੂ ਜਦ ਜਰਮਨੀ ਨੇ ਰੂਸ ਤੇ ਹਮਲਾ ਕਰਕੇ ਇਸ ਦੇ ਕੁਝ ਭਾਗ
ਤੇ ਕਬਜ਼ਾ ਕਰ ਲਿਆ ਤਾਂ ਲੈਨਿਨ ਨੇ ਸ਼ਾਂਤੀ ਸੰਧੀ ਦੇ ਵਿਰੋਧੀਆਂ ਨੂੰ
ਸਰਕਾਰ ਤੇ ਕੇਂਦਰੀ ਕਮੇਟੀ ਵਿਚੋਂ ਆਪਣਾ ਅਸਤੀਫਾ ਦੇ ਦੇਣ ਦੀ ਧਮਕੀ
ਦਿੱਤੀ।ਇਸ ਤੇ ਟਰਾਟਸਕੀ ਨੇ ਕੇਂਦਰੀ ਕਮੇਟੀ ਵਿਚ ਲੈਨਿਨ ਦੇ ਹੱਕ ਵਿਚ
ਮਤਾ ਪਾਸ ਹੋ ਜਾਣ ਦਿੱਤਾ ਅਤੇ ਨਾਲ ਹੀ ਆਪ ਵਿਦੇਸ਼ੀ ਮਾਮਲਿਆਂ ਦੇ ਕਮੀਸਾਰ
ਵੱਜੋਂ ਅਸਤੀਫਾ ਦੇ ਦਿੱਤਾ।ਟਰਾਟਸਕੀ ਦੀ ਥਾਂ ਤੇ ਹੁਣ ਹੋਰ ਕੋਈ ਵੀ
ਕਾਮਰੇਡ ਨੇਤਾ ਸ਼ਾਂਤੀ ਵਾਰਤਾ ਲਈ ਸਹਿਮਤ ਨਹੀਂ ਹੋ ਰਿਹਾ ਸੀ। ਇੱਥੋਂ ਤੱਕ
ਕਿ ਸਕਾਲਨੀਕੋਵ, ਜਿਸ ਨੇ ਟਰਾਟਸਕੀ ਤੋਂ ਬਾਅਦ ਸ਼ਾਂਤੀ-ਵਾਰਤਾ ਲਈ ਜਾਣ
ਵਾਲੇ ਵਫਦ ਦੀ ਅਗਵਾਈ ਕੀਤੀ, ਨੇ ਵੀ ਪਹਿਲਾਂ ਵਫਦ ਦੀ ਅਗਵਾਈ ਕਰਨ ਤੋਂ
ਨਾਂਹ ਕਰ ਦਿੱਤੀ ਸੀ ਤੇ ਮਜ਼ਬੂਰ ਕਰਨ ਤੇ ਸੈਂਟਰਲ ਕਮੇਟੀ ਤੋਂ ਅਸਤੀਫਾ
ਦੇਣ ਵਾਰੇ ਕਹਿ ਦਿੱਤਾ ਸੀ। ਬੜੀ ਮੁਸ਼ਕਲ ਨਾਲ ਸਕਾਲਨੀਕੋਵ ਨੂੰ ਮਨਾਇਆ
ਗਿਆ।ਸ਼ਾਂਤੀ-ਸੰਧੀ ਤੇ ਦਸਤਖਤ ਹੁੰਦਿਆਂ ਸਾਰ ਹੀ ਜਰਮਨੀ ਨੇ ਉਹੋ ਕੰਮ
ਕੀਤਾ ਜਿਸ ਤੋਂ ਡਰਦਿਆਂ ਲੈਨਿਨ ਨੇ ਇਹ ਅਪਮਾਨਜਨਕ ਸੰਧੀ ਕੀਤੀ ਸੀ।ਸੰਧੀ
ਤੇ ਦਸਤਖਤ ਹੋਣ ਤੋਂ ਪੰਦਰਾਂ ਦਿਨਾਂ ਦੇ ਅੰਦਰ ਹੀ ਜਰਮਨ ਨੇ ਹਮਲਾ ਕਰ
ਦਿੱਤਾ ਅਤੇ ਕੀਵ ਤੇ ਯੂਕਰੇਨ ਦੇ ਵੱਡੇ ਭਾਗ ਤੇ ਕਬਜ਼ਾ ਕਰ ਲਿਆ। ਆਸਟਰੀਆ
ਓਡੇਸਾ ਵਿਚ ਦਾਖਲ ਹੋ ਗਿਆ ਤੇ ਟਰਕ ਟਰੇਥੀ ਜੋਂਡ ਵਿਚ ਪਹੁੰਚ ਗਏ। ਯੂਕਰੇਨ
ਵਿਚ ਫੌਜਾਂ ਨੇ ਸੋਵੀਅਤਾਂ ਨੂੰ ਹਰਾ ਦਿੱਤਾ ਤੇ ਰਾਡਾ ਨੂੰ ਬਹਾਲ ਕਰ
ਦਿੱਤਾ। ਹੁਣ ਜਰਮਨ ਇਕ ਤੋਂ ਬਾਅਦ ਇਕ ਹੇਠੀ ਭਰੀਆਂ ਸ਼ਰਤਾਂ ਲੈਨਿਨ ਅੱਗੇ
ਰੱਖਣ ਲੱਗੇ। ਜਰਮਨਾਂ ਨੇ ਲੈਨਿਨ ਨੂੰ ਸੁਤੰਤਰ ਯੂਕਰੇਨ ਨਾਲ ਵੱਖਰੀ
ਸੰਧੀ ਕਰਨ ਨੂੰ ਕਿਹਾ ਜਿਸਦਾ ਦਾ ਸਿੱਧਾ ਮਤਲਬ ਯੂਕਰੇਨ ਦੇ ਜਰਮਨ ਖਿਲਾਫ
ਲੜ ਰਹੇ ਕਾਮਿਆ ਨਾਲ ਗਦਾਰੀ ਸੀ।ਕੋਈ ਵੀ ਸੰਧੀ ਦੇ ਹੱਕ ਵਿਚ ਨਹੀਂ
ਸੀ।ਪ੍ਰੰਤੂ ਲੈਨਿਨ ਹਰ ਸ਼ਰਤ ਮੰਨਣ ਨੂੰ ਤਿਆਰ ਸੀ।ਜਰਮਨ ਦਾ ਭੈਅ ਇੰਨਾਂ ਵਧ
ਗਿਆ ਸੀ ਕਿ ਸਾਰੇ ਕਮੀਸਾਰ ਪੀਟਰੋਗਰਾਡ ਨੂੰ ਖਾਲੀ ਕਰਨ ਤਿਆਰ ਹੋ ਗਏ
ਸਨ।ਸਿਰਫ ਟਰਾਟਸਕੀ ਹੀ ਉੱਥੇ ਯੁੱਧ ਕਰਨ ਲਈ ਡਟਿਆ ਸੀ। ਚਾਰ ਚੁਫੇਰੇ
ਸ਼ਾਂਤੀ-ਸੰਧੀ ਦਾ ਵਿਰੋਧ ਹੋਣ ਲੱਗਾ ਲੈਨਿਨ ਨੇ ਵੀ ਪ੍ਰਧਾਨ ਵਿਲਸਨ ਨਾਲ
ਗੱਲ ਚਲਾਈ ਕਿ ਜੇ ਉਹ ਮਦਦ ਕਰਨ ਲਈ ਤਿਆਰ ਹੋਵੇ ਤਾਂ ਬਰੈਸਤ-ਲਿਤੋਵਸਕ ਦੀ
ਸੰਧੀ ਨੂੰ ਰੱਦ ਕੀਤਾ ਜਾਵੇਗਾ। ਲੈਨਿਨ ਨੇ ਤਾਂ ਇੱਥੋਂ ਤੱਕ ਵੀ ਕਹਿ
ਦਿੱਤਾ ਸੀ ਕਿ ਹੋ ਸਕਦਾ ਉਹ ਖੁਦ ਇਕ ਦੋ ਦਿਨਾਂ ਤੱਕ ਇਸ ਸੰਧੀ ਨੂੰ ਰੱਦ
ਕਰ ਦੇਵੇ। ਜੇ ਅਜਿਹੀ ਸਥਿਤੀ ਵਿਚ ਜਦੋਂ ਕਿ ਜਰਮਨੀ ਟਰਾਟਸਕੀ ਕੋਲੋਂ
ਸ਼ਾਂਤੀ-ਸੰਧੀ ਦੇ ਬਦਲੇ ਲਿਥੂਨੀਆ, ਕੋਰਟਲੈਂਡ, ਲਿਵੋਨੀਆ, ਮੂਨ ਸਾਊਂਡ ਤੇ
ਦਸ ਹਜ਼ਾਰ ਮਿਲੀਅਨ ਰੂਬਲ ਦੀ ਮੰਗ ਕਰ ਰਹੀ ਸੀ ਤਾਂ ਟਰਾਟਸਕੀ ਨੇ ਜੇ ਨਾ
ਸ਼ਾਂਤੀ ਨਾ ਜੰਗ ਦੀ ਨੀਤੀ ਅਪਣਾਈ ਤਾਂ ਇਹ ਕਿੰਨੀ ਕੁ ਵੱਡੀ ਗ਼ਲਤੀ ਸੀ-
ਉਦੋਂ ਜਦੋਂ ਕਿ ਲੈਨਿਨ ਖੁਦ ਇਸ ਸੰਧੀ ਨੂੰ ਅਪਮਾਨਜਨਕ ਕਹਿ ਰਿਹਾ ਸੀ ਤੇ
ਇਸ ਸੰਧੀ ਤੋਂ ਬਚਣ ਲਈ ਸਾਮਰਾਜੀ ਦੇਸਾਂ ਤੋਂ ਮਦਦ ਮੰਗ ਰਿਹਾ ਸੀ। ਜੇ
ਬਰੈਸਤ- ਲਿਤੋਵਸਕ ਨਾਲ ਸੰਬੰਧਤ ਟਰਾਟਸਕੀ ਦੀ ਨੀਤੀ ਇੰਨੀ ਹੀ ਗ਼ਲਤ ਸੀ ਤਾਂ
ਇਸ ਪਿਛੋਂ ਟਰਾਟਸਕੀ ਨੂੰ ਭਾਰੀ ਬਹੁਮਤ ਨਾਲ ਪਾਰਟੀ ਦੀ ਸੈਂਟਰਲ ਕਮੇਟੀ ਦਾ
ਮੈਂਬਰ ਕਿਉਂ ਬਣਾਇਆ ਗਿਆ? ਉਸ ਨੂੰ ਕੰਮੀਸਾਰ ਆਫ ਵਾਰ ਬਣਾ ਕੇ ਦੇਸ ਦੀ
ਡਾਵਾਂਡੋਲ ਤੇ ਖਹਿਬਾਜੀ ਵਾਲੀ ਸਥਿਤੀ ਵਿਚੋਂ ਲਾਲ ਫੌਜ ਖੜੀ ਕਰਨ ਦੀ
ਜਿੰਮੇਵਾਰੀ ਕਿਉਂ ਸੌਂਪੀ ਗਈ?
ਡਾ.ਅੰਮ੍ਰਿਤਪਾਲ ਨੇ ਟਰਾਟਸਕੀ ਨੂੰ ਲਾਲ ਫੌਜ ਦਾ ਨਿਰਮਾਤਾ ਕਹੇ ਜਾਣ
ਤੇ ਵੀ ਸਵਾਲ ਉਠਾਇਆ ਹੈ।ਟਰਾਟਸਕੀ ਨੂੰ ਕੰਮੀਸਾਰ ਆਫ ਵਾਰ ਅਤੇ
ਪਰੈਜ਼ੀਡੈਂਟ ਆਫ ਸੁਪਰੀਮ ਵਾਰ ਕਾਊਸਲ ਬਣਾਏ ਜਾਣ ਸਮੇਂ ਰੂਸੀ ਫੌਜ ਲਗਭਗ
ਖਤਮ ਹੋ ਚੁੱਕੀ ਸੀ।ਸਿਰਫ ਲੈਟਵੀਆ ਰਾਈਫਲਮੈਨ ਦੀ ਇਕ ਡਵੀਜਨ ਹੀ ਬਚੀ ਸੀ
ਜਾਂ ਕੁਝ ਰੈੱਡ ਗਾਰਡਜ਼ ਦੇ ਟੋਲੇ ਸਨ ਜਿਹੜੇ ਮਿਲਟਰੀ ਟਰੇਂਨਿੰਗ ਤੋਂ ਕੋਰੇ
ਸਨ।ਰੈੱਡ ਗਾਰਡ ਦੀ ਗਿਣਤੀ 1000 ਤੋਂ ਵੀ ਘੱਟ ਸੀ। ਅਜਿਹੀ ਸਥਿਤੀ ਵਿਚੋਂ
ਢਾਈ ਸਾਲ ਤੋਂ ਘੱਟ ਸਮੇਂ ਵਿਚ ਟਰਾਟਸਕੀ ਨੇ 5 ਮਿਲੀਅਨ ਫੌਜ ਭਰਤੀ ਕਰਕੇ
ਉਸ ਨੂੰ ਟਰੇਨਿੰਗ ਦੇ ਦਿੱਤੀ ਸੀ।ਬਾਲਸ਼ਵਿਕਾਂ ਵਿਚ ਇਸ ਸਮੇਂ ਰੇਗੂਲਰ ਫੌਜ
ਦੇ ਸੰਗਠਨ ਦਾ ਵਿਰੋਧ ਵੀ ਚੱਲ ਰਿਹਾ ਸੀ ਤੇ ਉਹ ਫੌਜ ਨੂੰ ਕਰੜੇ ਅਨੁਸ਼ਾਸ਼ਨ
ਤੇ ਅਫਸਰਾਂ ਵਿਰੁੱਧ ਵੀ ਉਕਸਾ ਰਹੇ ਸਨ।ਟਰਾਟਸਕੀ ਨੇ ਸਾਰਿਆਂ ਲਈ ਮਿਲਟਰੀ
ਟਰੇਨਿੰਗ ਲਾਜ਼ਮੀ ਕਰ ਦੇਣ ਲਈ ਸਰਕਾਰ ਕੋਲ ਪਹੁੰਚ ਕੀਤੀ।ਫੌਜ ਦੇ ਕਮਾਂਡਿੰਗ
ਸਟਾਫ ਦੀ ਸਥਾਪਨਾ ਤੋਂ ਬਾਅਦ ਦੇਸ ਦੇ ਵੱਖ-ਵੱਖ ਭਾਗਾਂ ਵਿਚ ਰੀਕਰੂਟਿੰਗ
ਸੈਂਟਰ ਸਥਾਪਤ ਕੀਤੇ। ਫੌਜ ਦੀ ਟਰੇਨਿੰਗ ਲਈ ਜ਼ਾਰ ਦੇ ਜਨਰਲਾਂ ਦੀ ਵੀ
ਸਹਾਇਤਾ ਲਈ ਜਰਮਨ ਵਿਚੋਂ ਹਥਿਆਰਾਂ ਦੇ ਕਾਰੀਗਰ ਮੰਗਵਾ ਕੇ ਫੌਜ ਨੂੰ
ਹਥਿਆਰਾਂ ਨਾਲ ਲੈਸ ਕੀਤਾ।ਸਭ ਤੋਂ ਪਹਿਲਾਂ ਕਾਮਿਆਂ ਨੂੰ ਫੌਜ ਵਿਚ ਭਰਤੀ
ਕੀਤਾ ਤੇ ਬਾਅਦ ਵਿਚ ਕਿਸਾਨਾਂ ਵਿਚੋਂ ਭਰਤੀ ਕੀਤੀ ਗਈ। ਲਾਲ ਫੌਜ ਵਿਚ
ਅਨੁਸ਼ਾਸ਼ਨ ਨੂੰ ਬਹੁਤ ਸਖਤੀ ਨਾਲ ਲਾਗੂ ਕੀਤਾ ਗਿਆ।ਇਹ ਕਿਹਾ ਗਿਆ ਕਿ ਜੇ
ਕੋਈ ਫੌਜੀ ਟੁਕੜੀ ਜੰਗ ਵਿਚ ਪਿੱਠ ਵਿਖਾਏਗੀ ਤਾਂ ਉਸ ਟੁਕੜੀ ਦੇ ਕਮਾਂਡਰ
ਤੇ ਕੰਮੀਸਾਰ ਤੇ ਸਖਤੀ ਵਰਤੀ ਜਾਵੇਗੀ। ਟਰਾਟਸਕੀ ਨੇ ਪੱਛਮੀ ਦੇਸਾਂ ਦੇ
ਮਿਲਟਰੀ ਸਾਹਿਤ ਦਾ ਗੰਭੀਰ ਅਧਿਐਨ ਕੀਤਾ ਹੋਇਆ ਸੀ ਤੇ ਉਹ ਆਪ ਮਿਲਟਰੀ
ਮਸਲਿਆਂ ਦਾ ਕੁਸ਼ਲ ਲੇਖਕ ਸੀ। ਗੋਰਕੀ ਨੇ ਲੈਨਿਨ ਨਾਲ ਸੰਬੰਧਤ ਆਪਣੀਆਂ
ਯਾਦਾਂ ਬਾਰੇ ਲਿਖੀ ਪੁਸਤਕ ਵਲਾਦੀਮੀਰ ਲੈਨਿਨ ਦੇ ਪੰਨਾ 23 ਤੇ ਲਿਖਿਆ
ਹੈ: ਮੇਜ਼ ਤੇ ਮੁੱਕੀ ਮਾਰਦਿਆਂ ਲੈਨਿਨ ਨੇ ਕਿਹਾ ਮੈਨੂੰ ਕੋਈ ਹੋਰ ਅਜਿਹਾ
ਆਦਮੀ ਵਿਖਾਉ ਜਿਹੜਾ ਇਕ ਸਾਲ ਵਿਚ ਨਮੂਨੇ ਦੀ ਫੌਜ ਖੜੀ ਕਰ ਸਕਦਾ ਹੋਵੇ
ਅਤੇ ਫੌਜੀ ਮਾਹਰਾਂ ਤੋਂ ਸ਼ਾਬਾਸ਼ ਲੈ ਸਕਦਾ ਹੋਵੇ।ਸਾਡੇ ਕੋਲ ਅਜਿਹਾ ਆਦਮੀ
ਹੈ।
ਘਰੇਲੂ ਜੰਗ ਦਾ ਵਰਣਨ ਕਰਦਿਆਂ ਜਿਸ ਜ਼ਾਰਤੀਸਿਨ ਦੇ ਮੋਰਚੇ ਦਾ ਵਰਣਨ ਕੀਤਾ
ਗਿਆ ਹੈ ਉੱਥੇ ਅਸਲ ਵਿਚ ਵੋਰੋਸ਼ੀਲੋਵ, ਸਟਾਲਿਨ ਦੀ ਸ਼ਹਿ ਤੇ ਟਰਾਟਸਕੀ ਤੋਂ
ਆਕੀ ਹੋਇਆ ਪਿਆ ਸੀ।ਟਰਾਟਸਕੀ ਨੇ ਪੁਰਾਣੀ ਫੌਜ ਦੇ ਜਨਰਲ ਸਾਈਟਿਨ ਨੂੰ
ਦੱਖਣੀ ਫਰੰਟ ਦਾ ਕਮਾਂਡਰ ਬਣਾ ਕੇ ਭੇਜ ਦਿਤਾ ਜਿਸ ਨੇ ਵੋਰੋਸ਼ੀਲੋਵ ਨੂੰ
ਬੰਦਾ ਬਣਨ ਲਈ ਕਿਹਾ।ਸਟਾਲਿਨ ਦੀ ਥਾਂ ਤੇ ਟਰਾਟਸਕੀ ਨੇ ਸ਼ਲਯਾਪਨੀਕੋਵ ਨੂੰ
ਨਿਯੁਕਤ ਕਰ ਦਿੱਤਾ।ਬਾਅਦ ਵਿਚ ਲੈਨਿਨ ਨੇ ਸਟਾਲਿਨ ਨੂੰ ਮਾਸਕੋ ਬੁਲਾ ਲਿਆ
ਤੇ ਵੋਰੋਸ਼ੀਲੋਵ ਨੇ ਟਰਾਟਸਕੀ ਦੇ ਅਦੇਸ਼ਾਂ ਦੀ ਪਾਲਣਾ ਕਰਨੀ ਸ਼ੁਰੂ ਕਰ
ਦਿੱਤੀ।ਇਸ ਤਰ੍ਹਾਂ ਜ਼ਾਰਤੀਸਿਨ ਦੇ ਮੋਰਚੇ ਤੇ ਫੈਸਲਾਕੁਨ ਕੰਮ ਟਰਾਟਸਕੀ
ਦੀ ਦੇਖ-ਰੇਖ ਵਿਚ ਹੋਇਆ।ਪੂਰਵੀ ਮੋਰਚੇ ਤੇ ਸਟਾਲਿਨ ਦੀ ਕੋਈ ਕਾਰਗ਼ੁਜਾਰੀ
ਨਹੀਂ ਸੀ। ਇਹ ਮੋਰਚਾ ਜ਼ਾਰ ਦੀ ਫੌਜ ਵਿਚ ਕਰਨਲ ਰਹੇ ਐਸ.ਕਾਮੇਨੇਵ ਨੇ ਫਤਹਿ
ਕੀਤਾ ਸੀ ਤੇ ਕੋਲਚਕ ਦਾ ਦੂਰ ਤੱਕ ਪਿੱਛਾ ਕਰਕੇ ਉਸਨੂੰ ਭਾਂਜ ਦਿੱਤੀ
ਸੀ।ਸਟਾਲਿਨ ਨੇ ਸਿਰਫ ਯੂਦਨਿਚ ਤੋਂ ਪੀਟਰੋਗਰਾਦ ਦੀ ਹੀ ਰੱਖਿਆ ਕੀਤੀ
ਸੀ।ਸਟਾਲਿਨ ਸ਼ੁਰੂ ਤੋਂ ਟਰਾਟਸਕੀ ਦੀ ਯੁੱਧ ਨੀਤੀ ਦਾ ਵਿਰੋਧ ਕਰਦਾ ਆ ਰਿਹਾ
ਸੀ ਆਖਰ ਟਰਾਟਸਕੀ ਦੀ ਯੁੱਧ ਨੀਤੀ ਦੀ ਵਕਾਲਤ ਕਰਨ ਲੱਗ ਪਿਆ ਸੀ।ਘਰੇਲੂ
ਯੁੱਧ ਦੇ ਫੈਸਲਾਕੁਨ ਸਮੇਂ ਜਦੋਂ ਯੂਦਨਿਚ ਪੀਟਰੋਗਰਾਦ ਦੇ ਨੇੜੇ ਪਹੁੰਚ
ਗਿਆ ਸੀ ਤਾਂ ਟਰਾਟਸਕੀ ਆਪ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੋਹਰਲੇ
ਮੋਰਚਿਆਂ ਤੇ ਪਹੁੰਚਿਆ।ਟਰਾਟਸਕੀ ਦਾ ਮੁੱਖ ਵਿਰੋਧੀ ਲੈਸ਼ੀਵਿਚ ਵੀ
ਟਰਾਟਸਕੀ ਦੀ ਪ੍ਰਸ਼ੰਸਾ ਕਰਨੋ ਰਹਿ ਨਾ ਸਕਿਆ।ਡੇਨੀਕਿਨ ਨੂੰ ਹਰਾ ਕੇ ਮਾਸਕੋ
ਨੂੰ ਬਚਾ ਲਿਆ ਗਿਆ ਜਿਸ ਦੀ ਚਿੰਤਾ ਲੈਨਿਨ ਤੇ ਪੋਲਿਟ ਬਿਊਰੋ ਨੂੰ ਖਾ ਰਹੀ
ਸੀ।ਘਰੇਲੂ ਯੁੱਧ ਸਮੇਂ ਇਹਨਾਂ ਜਿੱਤਾਂ ਕਾਰਨ ਟਰਾਟਸਕੀ ਨੂੰ ਫਾਦਰ ਆਫ
ਵਿਕਟਰੀ ਅਤੇ ਆਰਡਰ ਆਫ ਰੈੱਡ ਬੈਨਰ ਦੀਆਂ ਉਪਾਧੀਆਂ ਨਾਲ ਸਨਮਾਨਿਤ
ਕੀਤਾ ਗਿਆ ਸੀ।
ਡਾ.ਅੰਮ੍ਰਿਤਪਾਲ ਟਰਾਟਸਕੀ ਬਾਰੇ ਕਹਿੰਦਾ ਹੈ: ਟਰਾਟਸਕੀ ਦੀ ਇਹ ਧਾਰਨਾ
ਸੀ ਕਿ ਮਜ਼ਦੂਰ ਜਮਾਤ ਬਿਨਾ ਪਾਰਟੀ ਤੋਂ ਹੀ ਸਮੁੱਚੀ ਜਮਾਤ ਦੇ ਰੂਪ ਵਿਚ
ਸਿਆਸੀ ਸੰਘਰਸ਼ ਚਲਾ ਸਕਦੀ ਹੈ ਅਤੇ ਚਲਾਏਗੀ। ਪਰੰਤੂ ਟਰਾਟਸਕੀ ਦੇ ਅਜਿਹੇ
ਕੋਈ ਵਿਚਾਰ ਨਹੀਂ ਸਨ।ਉਹ ਇਕ ਸੰਗਠਿਤ ਕਮਿਊਨਿਸਟ ਪਾਰਟੀ ਨੂੰ ਹੀ ਇਨਕਲਾਬ
ਦੀ ਅਗਵਾਈ ਦੇ ਯੋਗ ਸਮਝਦਾ ਸੀ।ਉਸ ਦੇ ਸ਼ਬਦ ਸਨ: ਪਾਰਟੀ ਤੋਂ ਬਿਨਾ,
ਪਾਰਟੀ ਤੋਂ ਵੱਖਰਾ, ਪਾਰਟੀ ਤੋਂ ਉਪਰੋਂ ਦੀ ਜਾਂ ਪਾਰਟੀ ਦਾ ਕੋਈ ਹੋਰ ਬਦਲ
ਪ੍ਰੋਲਤਾਰੀ ਇਨਕਲਾਬ ਨੂੰ ਜਿੱਤ ਨਹੀਂ ਦਿਵਾ ਸਕਦਾ। ( ਅਕਤੂਬਰ ਦੇ ਸਬਕ
ਪੰਨਾ 117) ਪ੍ਰੋਲਤਾਰੀ ਇਨਕਲਾਬ ਦੀ ਅਗਵਾਈ ਕਰਨ ਵਾਲ਼ੀ ਪਾਰਟੀ ਤੋਂ
ਬਿਨਾ ਇਨਕਲਾਬ ਅਸੰਭਵ ਹੋ ਜਾਂਦਾ ਹੈ।ਪ੍ਰੋਲਤਾਰੀ ਆਪਮੁਹਾਰੀ ਬਗ਼ਾਵਤ ਰਾਹੀਂ
ਇਨਕਲਾਬ ਨਹੀਂ ਲਿਆ ਸਕਦਾ...ਹੋਰ ਕੋਈ ਚੀਜ਼ ਪ੍ਰੋਲਤਾਰੀ ਲਈ ਇਸ ਪਾਰਟੀ ਦਾ
ਬਦਲ ਨਹੀਂ ਹੋ ਸਕਦੀ... ਪ੍ਰੋਲਤਾਰੀ ਲਈ ਇਨਕਲਾਬ ਦਾ ਮੁਢਲਾ ਹਥਿਆਰ ਪਾਰਟੀ
ਹੀ ਹੈ।
ਨਵੀਂ ਆਰਥਿਕ ਨੀਤੀ (ਐੱਨ.ਈ.ਪੀ.) ਬਾਰੇ ਵੀ ਟਰਾਟਸਕੀ ਦੇ ਵਿਚਾਰਾਂ ਨੂੰ
ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।ਟਰਾਟਸਕੀ ਐੱਨ.ਈ.ਪੀ. ਦੇ ਵਿਰੁੱਧ ਨਹੀਂ
ਸੀ।ਉਸ ਨੇ ਤਾਂ ਸਗੋਂ ਖੁਦ 1920 ਦੇ ਸ਼ੁਰੂ ਵਿਚ ਕਿਸਾਨੀ ਅਰਥਚਾਰੇ ਦੀ
ਸਥਿਤੀ ਬਾਰੇ ਆਪਣੇ ਵਿਸ਼ਲੇਸ਼ਣ ਦੇ ਆਧਾਰ ਤੇ ਪੋਲਿਟ ਬਿਊਰੋ ਨੂੰ ਐੱਨ.ਈ.ਪੀ.
ਵਿਚਲੇ ਸੁਝਾਵਾਂ ਦੇ ਸਮਰੂਪ ਸੁਝਾਅ ਇਕ ਸਾਲ ਪਹਿਲਾਂ ਪੇਸ਼ ਕੀਤੇ ਸਨ।ਪਾਰਟੀ
ਵੱਲੋਂ ਐੱਨ.ਈ.ਪੀ. ਨੂੰ ਅਪਣਾਏ ਜਾਣ ਤੋਂ ਬਾਅਦ ਉਸ ਨੇ ਇਸ ਨੂੰ ਕਮਿਊਨਿਸਟ
ਇੰਟਰਨੈਸ਼ਨਲ ਦੀ 1921 ਤੇ 1922 ਦੀਆਂ ਤੀਜੀ ਤੇ ਚੌਥੀ ਕਾਂਗਰਸਾਂ ਵਿਚ
ਸਮਰਥਨ ਦਿੱਤਾ।ਉਸ ਦੇ ਮਤਭੇਦ ਐੱਨ.ਈ.ਪੀ. ਦੀ ਨੀਤੀ ਬਾਰੇ ਨਹੀਂ ਸਨ ਸਗੋਂ
ਇਸ ਦੀ ਗ਼ਲਤ ਵਰਤੋਂ ਬਾਰੇ ਸਨ।ਉਹ ਚਾਹੁੰਦਾ ਸੀ ਕਿ ਐੱਨ.ਈ.ਪੀ. ਦਾ ਫਾਇਦਾ
ਸਰਮਾਏਦਾਰੀ ਤੱਤ ਨਾ ਉਠਾਉਣ।ਇਸ ਦੀ ਵਰਤੋਂ ਸਿਰਫ ਰੂਸ ਦੇ ਆਰਥਿਕ ਸੋਮਿਆਂ
ਦੇ ਵਿਕਾਸ ਤੇ ਇਸ ਵਿਕਾਸ ਨੂੰ ਸਮਾਜਵਾਦੀ ਲੀਹਾਂ ਤੇ ਲਿਆਉਣ ਲਈ ਕੀਤੀ
ਜਾਵੇ। ਲੈਨਿਨ ਐੱਨ.ਈ.ਪੀ. ਨੂੰ ਮਜਬੂਰਨ ਪਿਛੇ ਹਟਣਾ ਆਖਦਾ ਸੀ ਕਿਉਂਕਿ
ਇਨਕਲਾਬ ਤੋਂ ਤੁਰੰਤ ਬਾਅਦ ਢਹਿਢੇਰੀ ਹੋਏ ਅਰਥਚਾਰੇ ਨੂੰ ਠੀਕ ਕਰਨ ਲਈ
ਛੋਟੇ ਕਿਸਾਨਾਂ, ਮੱਧਵਰਗੀ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਕੁਝ
ਪੂੰਜੀਵਾਦੀ ਰਿਅਇਤਾਂ ਦਿਤੀਆਂ ਗਈਆਂ ਸਨ।ਵਰਕਰਜ਼ ਅਪੋਜੀਸ਼ਨ ਵਾਲੇ
ਐੱਨ.ਈ.ਪੀ. ਨੂੰ ਂੲਾ ਓਣਪਲੋਿਟੳਟੋਿਨ ੋਡ ਫਰੋਲੲਟੳਰੳਿਟ ਕਹਿੰਦੇ
ਸਨ।ਟਰਾਟਸਕੀ ਅਨੁਸਾਰ ਐੱਨ.ਈ.ਪੀ. ਦਾ ਫਾਇਦਾ ਤੱਦ ਹੀ ਸੀ ਜੇ ਇਹ ਅਰਥਚਾਰੇ
ਵਿਚਲੇ ਪੂੰਜੀਵਾਦੀ ਤੱਤਾਂ ਦੀ ਥਾਂ ਸਮਾਜਵਾਦੀ ਤੱਤਾਂ ਨੂੰ ਮਜ਼ਬੂਤ
ਕਰੇ।ਉਂਝ ਇਹ ਸੱਚ ਹੈ ਕਿ ਐੱਨ.ਈ.ਪੀ. ਨੇ ਜਿੱਥੇ ਰੂਸੀ ਅਰਥਚਾਰੇ ਨੂੰ ਕੁਝ
ਹੁਲਾਰਾ ਦਿੱਤਾ ਉੱਥੇ ਰੂਸ ਵਿਚ ਸਰਮਾਏਦਾਰੀ ਦੀ ਮੁੜਬਹਾਲੀ ਦੇ ਬੀਜ ਵੀ
ਬੀਜੇ।
ਡਾ.ਅੰਮ੍ਰਿਤਪਾਲ ਨੇ ਟਰਾਟਸਕੀ ਨੂੰ ਗ਼ਲਤ ਇਤਿਹਾਸਕਾਰ ਦਸਦੇ ਹੋਏ ਉਸ ਦੀਆਂ
ਜਿਨੋਵੀਵ, ਕਮੇਨੇਵ, ਸਵੇਰਦਲੋਵ, ਦਜੇਰਜਿੰਸਕੀ, ਬੁਖਾਰਿਨ, ਰੀਕੋਵ,
ਨੋਗਿਨ, ਲੋਮੋਵ, ਬੁਬਨੋਵ ਤੇ ਮਿਲਿਉਤਿਨ ਬਾਰੇ ਟਿੱਪਣੀਆਂ ਤੇ ਵੀ ਇਤਰਾਜ਼
ਕੀਤਾ ਹੈ।ਪ੍ਰੰਤੂ ਡਾ. ਸਾਹਿਬ ਨੂੰ ਇਹ ਵੀ ਪਤਾ ਹੋਵੇਗਾ ਕਿ ਇਹਨਾਂ ਵਿਚੋਂ
ਜਿਨੋਵੀਵ, ਕਮੇਨੇਵ ਤੇ ਬੁਬਨੋਵ ਨੂੰ ਸਟਾਲਿਨ ਨੇ ਇਨਕਲਾਬ ਦੇ ਦੁਸ਼ਮਣ ਕਹਿ
ਕੇ ਗੋਲੀ ਮਰਵਾ ਦਿੱਤੀ ਸੀ ਜਦੋਂ ਕਿ ਰੀਕੋਵ, ਨੋਗਿਨ ਤੇ ਮਿਲਿਉਤਿਨ ਲੈਨਿਨ
ਵਿਰੋਧੀ ਸਨ ਤੇ ਲੈਨਿਨ ਆਪ ਉਹਨਾਂ ਨੂੰ ਠੀਕ ਨਹੀਂ ਸਮਝਦਾ ਸੀ।ਫਿਰ
ਟਰਾਟਸਕੀ ਦੀਆਂ ਟਿੱਪਣੀਆਂ ਤੇ ਇਤਰਾਜ਼ ਕਿਉਂ?
ਟਰਾਟਸਕੀ ਨੇ ਬਰੈਸਤ-ਲਿਤੋਵਸਕ ਦੀ ਸੰਧੀ ਸਮੇਂ ਅਕਤੂਬਰ ਇਨਕਲਾਬ ਬਾਰੇ ਇਕ
ਪੁਸਤਕ ਲਿਖੀ ਸੀ ਜਿਸ ਦੀਆਂ ਕਈ ਅਡੀਸ਼ਨਾਂ ਰੂਸ ਦੀਆਂ ਕਈ ਭਸ਼ਾਵਾਂ ਵਿਚ
ਛਪੀਆਂ ਸਨ।ਇਸ ਪੁਸਤਕ ਨੂੰ ਬਹੁਤ ਸਾਰੇ ਪਾਰਟੀ ਵਰਕਰਾਂ ਨੇ ਪੜਿਆ ਸੀ ਤੇ
ਕਿਸੇ ਨੇ ਵੀ ਇਹ ਇਲਜ਼ਾਮ ਨਹੀਂ ਸੀ ਲਾਇਆ ਕਿ ਇਸ ਵਿਚ ਸਟਾਲਿਨ ਦੀ ਇਨਕਲਾਬ
ਪ੍ਰਤੀ ਦੇਣ ਨੂੰ ਅਣਡਿੱਠ ਕੀਤਾ ਹੈ।1922 ਵਿਚ ਆਰਗੇਨਾਈਜੇਸ਼ਨ ਬਿਊਰੋ, ਜਿਸ
ਦਾ ਮੁੱਖੀ ਉਦੋਂ ਸਟਾਲਿਨ ਸੀ, ਨੇ ਆਪ ਟਰਾਟਸਕੀ ਨੂੰ ਅਕਤੂਬਰ ਇਨਕਲਾਬ ਦੇ
ਇਤਿਹਾਸ ਬਾਰੇ ਇਕ ਕਿਤਾਬ ਐਡਿਟ ਕਰਨ ਨੂੰ ਕਿਹਾ ਸੀ ਜਦੋਂ ਕਿ ਇਸ ਤੋਂ
ਪਹਿਲਾਂ ਵੀ ਟਰਾਟਸਕੀ ਦੀਆਂ ਦੋ ਪੁਸਤਕਾਂ ਰੂਸੀ ਇਨਕਲਾਬ ਬਾਰੇ ਛੱਪ
ਚੁੱਕੀਆਂ ਸਨ।ਡਾ.ਅੰਮ੍ਰਿਤਪਾਲ ਆਪ ਖੁਦ ਰੂਸ ਦੇ ਇਨਕਲਾਬ ਦੇ ਇਤਿਹਾਸ ਨੂੰ
ਵਿਗਾੜ ਕੇ ਪੇਸ਼ ਕਰਦੇ ਹੋਏ ਲਿਖਦੇ ਹਨ: ਹਥਿਆਰਬੰਦ ਇਨਕਲਾਬ ਦੀ ਅਗਵਾਈ ਲਈ
ਪਾਰਟੀ-ਕੇਂਦਰ ਦਾ ਸੰਚਾਲਕ ਸਟਾਲਿਨ ਨੂੰ ਥਾਪਿਆ ਗਿਆ ਤੇ ਇਸ ਕੇਂਦਰ ਵਿਚ
ਇਨਕਲਾਬ ਦਾ ਨੇਤਾ ਤਰਾਤਸਕੀ ਸ਼ਾਮਿਲ ਨਹੀਂ ਸੀ। ਡਾ.ਸਾਹਿਬ ਇੱਥੇ ਭੁੱਲ
ਜਾਂਦੇ ਹਨ ਕਿ ਇਹ ਪਾਰਟੀ ਕੇਂਦਰ ਕਰਾਂਤੀਕਾਰੀ ਸੋਵੀਅਤ ਕਮੇਟੀ ਦਾ
ਪ੍ਰਧਾਨ ਵੀ ਟਰਾਟਸਕੀ ਸੀ।ਜੇ ਡਾ.ਸਾਹਿਬ ਦੀ ਮੰਨੀਏ ਤਾਂ ਕਿਉਂਕਿ ਲੈਨਿਨ
ਵੀ ਪਾਰਟੀ ਕੇਂਦਰ ਦਾ ਮੈਂਬਰ ਨਹੀਂ ਸੀ ਇਸ ਲਈ ਉਸ ਦੀ ਵੀ ਇਨਕਲਾਬ ਲਈ
ਕੋਈ ਵਿਸ਼ੇਸ਼ ਭੂਮਿਕਾ ਨਹੀਂ ਸੀ!
ਟਰਾਟਸਕੀ ਤੇ ਇਹ ਵੀ ਦੋਸ਼ ਲਾਇਆ ਗਿਆ ਹੈ: ਉਹ ਕੌਮੀ ਮੁਕਤੀ ਦੇ ਸੰਘਰਸ਼
ਨੂੰ ਖਾਰਜ ਕਰ ਦਿੰਦਾ ਹੈ। ਨਾਲ ਇਹ ਵੀ ਕਿਹਾ ਗਿਆ ਹੈ ਕਿ ਤੀਜੀ
ਇੰਟਰਨੈਸ਼ਨਲ ਸਮੇਂ ਟਰਾਟਸਕੀ ਤੇ ਲੈਨਿਨ ਦੇ ਵਿਚਾਰ ਬਸਤੀਆਂ ਤੇ ਅਰਧ-
ਬਸਤੀਆਂ ਵਿਚ ਇਨਕਲਾਬ ਬਾਰੇ ਇਕੋ ਜਿਹੇ ਸਨ ਪ੍ਰੰਤੂ ਲੈਨਿਨ ਦੀ ਮੌਤ ਤੋਂ
ਬਾਅਦ ਟਰਾਟਸਕੀ ਦੇ ਵਿਚਾਰ ਬਦਲ ਗਏ।ਟਰਾਟਸਕੀ ਲੈਨਿਨ ਦੇ ਫਾਰਮੂਲੈ
ਮਜ਼ਦੂਰ-ਕਿਸਾਨੀ ਜ਼ਮਹੂਰੀ ਤਾਨਾਸ਼ਾਹੀ ਦੇ ਵਿਰੁੱਧ ਹੋ ਗਿਆ ਸੀ।ਲੈਨਿਨ ਤਾਂ
ਆਪ ਆਪਣੇ ਫਾਰਮੂਲੇ ਬਾਰੇ ਕਹਿੰਦਾ ਹੈ: ਪੁਰਾਣੇ ਬਾਲਸ਼ਵਿਕਾਂ ਨੇ ਇਕ ਤੋਂ
ਵੱਧ ਵਾਰ ਸਾਡੀ ਪਾਰਟੀ ਦੇ ਇਤਿਹਾਸ ਵਿਚ ਪਛਤਾਵੇ ਵਾਲਾ ਰੋਲ ਅਦਾ ਕੀਤਾ
ਹੈ। ਉਹ ਮੂੰਹ ਜ਼ੁਬਾਨੀ ਰਟੇ ਹੋਏ ਵਾਹਯਾਤ ਫਾਰਮੂਲਿਆਂ ਨੂੰ ਦੁਹਰਾਈ ਜਾਂਦੇ
ਹਨ ਤੇ ਜਿਊਂਦੀ ਤੇ ਨਵੀਂ ਅਸਲੀਅਤ ਦੀਆਂ ਵਿਸ਼ੇਸ਼ਤਾਈਆਂ ਨੂੰ ਅਣਡਿੱਠਾ ਕਰਦੇ
ਹਨ।... ਸਾਨੂੰ ਪੁਰਾਣੇ ਫਾਰਮੂਲਿਆਂ ਦੇ ਹਮਸਫਰ ਨਹੀਂ ਬਣਨਾ ਚਾਹੀਦਾ ਸਗੋਂ
ਨਵੀਂ ਅਸਲੀਅਤ ਦੇ ਅਨੁਸਾਰ ਚਲਣਾ ਚਾਹੀਦਾ ਹੈ।ਕੀ ਕਾਮਰੇਡ ਕਾਮੇਨੇਵ ਦੇ
ਪੁਰਾਣੇ ਬਾਲਸ਼ਵਿਕ ਫਾਰਮੂਲੇ ਕਿ ਅਜੇ ਬੁਰਜ਼ੂਆ ਜ਼ਮਹੂਰੀ ਇਨਕਲਾਬ ਪੂਰਾ ਨਹੀਂ
ਹੋਇਆ ਵਿਚ ਕੁਝ ਅਸਲੀਅਤ ਹੈ? ਨਹੀਂ ਕੋਈ ਅਸਲੀਅਤ ਜਾਂ ਸਚਾਈ ਨਹੀਂ ਹੈ। ਇਹ
ਫਾਰਮੂਲਾ ਹੁਣ ਪੁਰਾਣਾ ਹੋ ਗਿਆ ਹੈ।ਇਹ ਹੁਣ ਬੇਕਾਰ ਹੈ।ਇਹ ਹੁਣ ਖਤਮ
ਹੈ।ਇਸ ਫਾਰਮੂਲੇ ਨੂੰ ਦੁਬਾਰਾ ਜਿੰਦਾ ਕਰਨਾ ਵਿਅਰਥ ਹੈ। (ਲੈਨਿਨ ਲਿਖਤਾਂ
14 ਪੰਨਾ 28, 33) ਲੈਨਿਨ ਦਾ ਇਹ ਫਾਰਮੂਲਾ ਰੂਸ ਦੇ ਉਸ ਸਮੇਂ ਦੇ ਹਲਾਤਾਂ
ਅਨੁਸਾਰ ਘੜਿਆ ਗਿਆ ਸੀ। ਦੁਨੀਆਂ ਦੇ ਬਾਕੀ ਸਭ ਦੇਸਾਂ ਵਿਚ ਇਨਕਲਾਬ ਇਸੇ
ਫਾਰਮੂਲੇ ਅਨੁਸਾਰ ਹੀ ਨਹੀਂ ਆਏ।
ਹੁਣ ਟਰੇਡ ਯੂਨੀਅਨ ਦੇ ਫੌਜੀਕਰਨ ਦੀ ਗੱਲ ਕਰਦੇ ਹਾਂ।ਇਨਕਲਾਬ ਤੋਂ ਬਾਅਦ
ਜਦੋਂ ਰੂਸ ਦੀ ਆਰਥਿਕ ਹਾਲਤ ਅਜੇ ਠੀਕ ਨਹੀਂ ਸੀ ਹੋਈ ਉਸ ਸਮੇਂ ਪੋਲਿਟ
ਬਿਊਰੋ ਨੇ ਗੜਬੜਾ ਗਏ ਟਰਾਂਸਪੋਰਟ ਸਿਸਟਮ ਨੂੰ ਮੁੜ ਪੈਰਾਂ ਤੇ ਖੜੇ ਕਰਨ
ਲਈ ਟਰਾਟਸਕੀ ਦੀ ਡਿਊਟੀ ਲਾਈ।ਟਰਾਟਸਕੀ ਨੇ ਕਾਮਿਆਂ ਤੇ ਟਰੇਡ ਯੂਨੀਅਨਾਂ
ਉੱਪਰ ਸਖਤ ਡਸਿਪਲਨ ਲਾਗੂ ਕਰਨ ਅਤੇ ਵਧੇਰੇ ਕੰਮ ਕਰਨ ਦੀ ਗੱਲ ਕੀਤੀ।ਉਸ ਨੇ
ਖਾਸ ਹਾਲਤਾਂ ਵਿਚ ਜ਼ਬਰੀ ਕਿਰਤ ਨੂੰ ਜਾਇਜ਼ ਠਹਿਰਾਇਆ। ਉਸ ਅਨੁਸਾਰ ਜ਼ਬਰੀ
ਕਿਰਤ ਵਿਕਸਤ ਸਮਾਜਵਾਦੀ ਸਮਾਜ ਵਿਚੋਂ ਅਲੋਪ ਹੋ ਜਾਂਦੀ ਹੈ ਪ੍ਰੰਤੂ
ਸਰਮਾਏਦਾਰੀ ਤੋਂ ਸਮਾਜਵਾਦ ਵੱਲ ਤਬਦੀਲੀ ਦੇ ਦੌਰ ਵਿਚ ਇਹ ਚਰਮ ਸੀਮਾ ਤੇ
ਹੁੰਦੀ ਹੈ।ਇਸ ਲਈ ਉਸ ਨੇ ਕਿਰਤ ਤੋਂ ਭਗੌੜਿਆਂ ਨੂੰ ਸਖਤ ਸਜ਼ਾ ਦਾ ਉਪਬੰਧ
ਕੀਤਾ।ਟਰਾਟਸਕੀ ਨੂੰ ਰੂਸ ਵਿਚੌਂ ਜਲਾਵਤਨ ਕਰਨ ਤੋਂ ਬਾਅਦ ਸਟਾਲਿਨ ਵੱਲੋਂ
ਕਰਵਾਈ ਗਈ ਵਗਾਰ ਟਰਾਟਸਕੀ ਵੱਲੋਂ ਟਰੇਡ ਯੂਨੀਅਨ ਦੇ ਫੌਜੀਕਰਨ ਨਾਲੋਂ
ਕਿਤੇ ਵੱਧ ਦਮਨਕਾਰੀ ਸੀ।ਸੋਵੀਅਤ ਰੂਸ ਦੇ ਸਨਅਤੀਕਰਨ ਤੇ ਖੇਤੀ ਦੇ
ਸਮੂਹੀਕਰਨ ਕਰਨ ਲਈ ਜੋ ਤਸ਼ੱਦਤ ਲੋਕਾਂ ਤੇ ਕੀਤਾ ਗਿਆ ਉਸ ਦੀ ਮਿਸਾਲ ਜ਼ਾਰ
ਦੇ ਸ਼ਾਸਨਕਾਲ ਵਿਚੋਂ ਵੀ ਨਹੀਂ ਮਿਲਦੀ।ਉਹ ਸਿਰਫ ਇਸ ਲਈ ਕੀਤੇ ਗਏ ਜ਼ਬਰ ਤੇ
ਉਜਾੜੇ ਦਾ ਵਿਰੋਧੀ ਸੀ ।ਟਰਾਟਸਕੀ ਨੇ ਸਟਾਲਿਨ ਦੇ ਸਮੇਂ ਕਮਿਊਨਿਸਟ ਪਾਰਟੀ
ਤੇ ਰਾਜਸੀ ਮਸ਼ੀਨਰੀ ਵਿਚ ਵੱਧ ਰਹੀ ਅਫਸਰਸ਼ਾਹੀ ਨੂੰ ਸਭ ਤੋਂ ਪਹਿਲਾਂ
ਨੰਗਿਆਂ ਕੀਤਾ।ਸਾਲਾਂ ਬੱਧੀ ਉਹ ਇਕੱਲਾ ਹੀ ਪਾਰਟੀ ਅੰਦਰਲੀ ਘਟ ਰਹੀ
ਜ਼ਮਹੂਰੀਅਤ ਤੇ ਵੱਧ ਰਹੀ ਅਫਸਰਸ਼ਾਹੀ ਅਤੇ ਸਰਮਾਏਦਾਰੀ ਤੱਤਾਂ ਵਿਰੁੱਧ ਲੜਦਾ
ਰਿਹਾ।ਲੈਨਿਨ ਨੇ ਵੀ ਅਪਣੇ ਜੀਵਨ ਦੇ ਆਖਰੀ ਸਮੇਂ ਵਿਚ ਪਾਰਟੀ ਅੰਦਰ ਫੈਲ
ਚੁੱਕੀ ਅਫਸਰਸ਼ਾਹੀ ਨੂੰ ਖਤਮ ਕਰਨ ਲਈ ਟਰਾਟਸਕੀ ਨੂੰ ਆਪਣੇ ਨਾਲ ਮਿਲ ਕੇ
ਬਲਾਕ ਬਣਾਉਣ ਦਾ ਸੱਦਾ ਦਿੱਤਾ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਟਰਾਟਸਕੀ ਨੇ ਸੋਵੀਅਤ ਰੂਸ ਵਿਚ ਇਨਕਲਾਬ ਕਰਨ,
ਲਾਲ ਫੌਜ ਦਾ ਨਿਰਮਾਣ ਕਰਨ, ਕਮਿਊਨਿਸਟ ਇੰਟਰਨੈਸ਼ਨਲ ਦੀਆਂ ਨੀਤੀਆਂ ਘੜਨ,
ਘਰੋਗੀ ਜੰਗ ਨੂੰ ਫਤਹਿ ਕਰਨ, ਸਮਾਜਵਾਦ ਦੀ ਉਸਾਰੀ ਕਰਨ, ਪਾਰਟੀ ਅੰਦਰਲੀ
ਅਫਸਰਸ਼ਾਹੀ ਨਾਲ ਲੜਨ, ਪਾਰਟੀ ਪ੍ਰਾਪੇਗੰਡਾ ਕਰਨ ਤੇ ਮਾਰਕਸਵਾਦੀ ਸਾਹਿਤ
ਰਚਨ ਲਈ ਲੈਨਿਨ ਨਾਲ ਮਿਲ ਕੇ ਕੰਮ ਕੀਤਾ।ਟਰਾਟਸਕੀ ਨੇ ਆਪਣੀ ਵਿਦਵਤਾ ਅਤੇ
ਅਸਧਾਰਨ ਭਾਸ਼ਣ ਸ਼ਕਤੀ ਨਾਲ ਵਿਸ਼ਾਲ ਜਨ ਸਮੂਹਾਂ ਨੂੰ ਸਮਾਜਵਾਦ ਵੱਲ ਪ੍ਰੇਰਿਤ
ਕੀਤਾ।ਟਰਾਟਸਕੀ ਨੇ ਕਈ ਪੁਸਤਕਾਂ ਰਾਜਨੀਤੀ, ਇਤਿਹਾਸ, ਫੌਜੀ ਮਸਲਿਆਂ ਤੇ
ਰਚਨਾਤਮਿਕ ਸਾਹਿਤ ਬਾਰੇ ਲਿਖੀਆਂ।ਉਸ ਨੂੰ ਆਪਣੇ ਕੰਮ ਬਦਲੇ ਜੇਲ੍ਹ,
ਤਸੀਹੇ, ਜਲਾਵਤਨੀ ਤੇ ਝੂਠੀਆਂ ਤੋਹਮਤਾਂ ਵੀ ਸਹਿਣੀਆਂ ਪਈਆਂ।ਜਿਸ ਇਨਕਲਾਬ
ਲਈ ਉਹ ਸਾਰੀ ਉਮਰ ਲੜਦਾ ਰਿਹਾ ਉਸੇ ਇਨਕਲਾਬ ਦੇ ਵਾਰਸਾਂ ਨੇ ਉਸ ਨੂੰ ਤੇ
ਉਸ ਦੇ ਸਮੁੱਚੇ ਪਰਿਵਾਰ ਨੂੰ ਮਾਰ ਮੁਕਾਇਆ।
ਲੈਨਿਨ ਟਰਾਟਸਕੀ ਦੇ ਇਨਕਲਾਬ ਪ੍ਰਤੀ ਯੋਗਦਾਨ ਨੂੰ ਮੰਨਦਾ ਸੀ।ਇਸੇ ਲਈ ਉਸ
ਨੇ ਟਰਾਟਸਕੀ ਨੂੰ ਦੋ ਵਾਰ ਡਿਪਟੀ ਪ੍ਰੀਮੀਅਰ ਬਣਨ ਦੀ ਪੇਸ਼ਕਸ਼ ਕੀਤੀ
ਪ੍ਰੰਤੂ ਟਰਾਟਸਕੀ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ।ਲੈਨਿਨ ਨਾਲ
ਟਰਾਟਸਕੀ ਦੇ ਤਿੱਖੇ ਮਤਭੇਦ ਵੀ ਰਹੇ ਤੇ ਦੋਵਾਂ ਨੇ ਕਈ ਵਾਰ ਇਕ ਦੂਜੇ ਲਈ
ਬਹੁਤ ਹੀ ਸਖਤ ਸ਼ਬਦਾਂ ਦੀ ਵਰਤੋਂ ਵੀ ਕੀਤੀ।ਟਰਾਟਸਕੀ ਨੇ ਕਈ ਗ਼ਲਤੀਆਂ ਵੀ
ਕੀਤੀਆਂ ਪ੍ਰੰਤੂ ਉਹ ਹਮੇਸ਼ਾ ਆਪਣੀਆਂ ਗ਼ਲਤੀਆਂ ਨੂੰ ਮੰਨ ਲੈਂਦਾ ਸੀ।ਪਾਰਟੀ
ਨਾਲ ਆਪਣੇ ਪਾਟਵੇਂ ਵਿਚਾਰਾਂ ਨੂੰ ਤਿਆਗ ਵੀ ਦਿੰਦਾ ਸੀ।ਜੁਲਾਈ 1918 ਵਿਚ
ਸੋਵੀਅਤਾਂ ਦੀ ਪੰਜਵੀਂ ਕਾਂਗਰਸ ਵਿਚ ਉਸ ਨੇ ਸਟੇਜ ਤੋਂ ਕਿਹਾ ਸੀ: ਰੂਸ
ਦੇ ਕਾਮਿਆਂ ਤੇ ਕਿਸਾਨਾਂ ਦੇ ਪ੍ਰਤੀਨਿਧ ਵੀਰੋ, ਮੈਂ ਤੁਹਾਡੇ ਸਾਹਮਣੇ
ਜਵਾਬਦੇਹ ਹਾਂ।ਜੇ ਤੁਸੀ ਮੇਰੀ ਆਲੋਚਨਾ ਕਰੋਗੇ ਤੇ ਮੇਰੇ ਤੋਂ ਕੋਈ ਵੱਖਰਾ
ਫੈਸਲਾ ਕਰੋਗੇ ,ਜਿਸ ਨਾਲ ਮੈਂ ਸਹਿਮਤ ਹੋਵਾਂ ਜਾਂ ਨਾ, ਤਾਂ ਮੈਂ ਇਨਕਲਾਬ
ਦਾ ਇਕ ਸਪਾਹੀ ਹੋਣ ਦੇ ਨਾਤੇ ਤੁਹਾਡੇ ਫੈਸਲੇ ਨੂੰ ਮੰਨਗਾ ਤੇ ਇਸ ਨੂੰ
ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾਵਾਂਗਾ। ਟਰਾਟਸਕੀ ਹਮੇਸ਼ਾ ਚੜਦੀ ਕਲਾ
ਵਿਚ ਰਹਿਣ ਵਾਲਾ ਵਿਅਕਤੀ ਸੀ।ਆਪਣੇ ਕਸ਼ਟਾਂ ਭਰੇ ਜਲਾਵਤਨੀ ਦੇ ਦਿਨਾਂ ਵਿਚ
ਵੀ ਕਤਲ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਉਸਨੇ ਆਪਣੀ ਡਾਇਰੀ ਵਿਚ
ਲਿਖਿਆ: ਜ਼ਿੰਦਗੀ ਖੂਬਸੂਰਤ ਹੈ।ਆਉਣ ਵਾਲੀਆਂ ਪੀੜੀਆਂ ਲਈ ਮੇਰੀ ਇੱਛਾ ਹੈ
ਕਿ ਉਹ ਜ਼ਿੰਦਗੀ ਨੂੰ ਸਾਰੀਆਂ ਬੁਰਿਆਈਆਂ, ਜ਼ੁਲਮ ਤੇ ਤਸ਼ੱਦਦ ਤੋਂ ਮੁਕਤ ਕਰਨ
ਤੇ ਇਸਦਾ ਭਰਭੂਰ ਅਨੰਦ ਮਾਨਣ।ਮੈਂ ਕਮਿਊਨਿਸਟ ਭਵਿੱਖ ਵਿਚ ਅਤੁੱਟ ਵਿਸ਼ਵਾਸ
ਰੱਖਦਾ ਹੋਇਆ ਮਰਾਂਗਾ।ਮਨੁੱਖ ਤੇ ਉਸ ਦੇ ਭਵਿੱਖ ਵਿਚ ਮੇਰਾ ਇਹ ਵਿਸ਼ਵਾਸ
ਮੈਨੂੰ ਹੁਣ ਵੀ ਜ਼ੁਲਮ ਦਾ ਟਾਕਰਾ ਕਰਨ ਲਈ ਅਜਿਹੀ ਸ਼ਕਤੀ ਦਿੰਦਾ ਹੈ ਜੋ
ਦੁਨੀਆਂ ਦਾ ਕੋਈ ਵੀ ਧਰਮ ਨਹੀਂ ਦੇ ਸਕਦਾ। ਆਪਣੇ ਦੁਸ਼ਮਣਾ ਨੂੰ ਵੀ ਉਸ ਨੇ
ਕਿਹਾ ਸੀ:
You can juggle citations, hide the reports of your own
speeches, forbid the propagation of the letters and articles
of Lenin, fabricate yards of dishonestly selected
quotations. You can suppress, conceal, and burn up
historical documents. You can extend your censorship even to
the photographic and moving picture records of revolutionary
events. All these things Stalin is doing. But the results
will not justify his hopes. Only a limited mind like
Stalins could imagine that these pitiful secretarical
machinations will make men forget the gigantic events of
modern history. (From Stalin Falsifies History)
ਮੋ. 81468-63344
-0-
|