ਗ਼ਦਰੀਆਂ ਬਾਰੇ ਜਰਮਨੀ ਦੀ ਰਾਜਧਾਨੀ ਬਰਲਿਨ ਦੀ ਆਰਕਾਈਵਜ਼ ਵਿੱਚ ਪਏ ਦਸਤਾਵੇਜ਼ਾਂ ਬਾਰੇ ਅਲੀ
ਰਾਜਾ ਤੋਂ ਖਬਰ ਮਿਲਣ ਤੇ ਅਮਰਜੀਤ ਚੰਦਨ ਨੇ ਲੰਡਨ ਤੋਂ ਬਰਲਿਨ ਜਾ ਕੇ ਦਸਤਾਵੇਜ਼ ਲਿਆਂਦੇ
ਅਤੇ ਉਥੇ ਖੋਜ ਕਰਨ ਆਏ ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ ਦੇ ਪ੍ਰੋ. ਬੈਂਜਾਮਿਨ ਜਕਾਰੀਆ ਨੇ
ਅਮਰਜੀਤ ਚੰਦਨ ਨੂੰ ਪੱਛਵੀ ਬੰਗਾਲ ਸਟੇਟ ਆਰਕਾਈਵਜ਼ ਦੀ ਫਾਈਲ ਨੰਬਰ 712/15 ਦਿੱਤੀ, ਜੋ ਕਿ
1916 ਦਾ ਸਰਕੁਲਰ ਨੰ. 2 (ਪੁਲੀਟੀਕਲ) ਹੈ, ਜਿਹੜਾ 15 ਮਈ, 1916 ਨੂੰ ਭਾਰਤ ਸਰਕਾਰ ਦੇ
ਕਰਿਮੀਨਲ ਇੰਟੈਲੀਜੈਂਸ ਦਫ਼ਤਰ ਨੇ ਜਾਰੀ ਕੀਤਾ ਸੀ। ਇਹ ਦਸਤਾਵੇਜ਼ ਬ੍ਰਿਟਿਸ਼ ਪੂਰਬੀ ਅਫਰੀਕਾ
ਚ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਹੈ।ਲਗਪਗ ਇੱਕ ਸਦੀ ਬਾਅਦ ਲੱਭੇ ਇਹ ਦਸਤਾਵੇਜ
ਚੰਦਨ ਦੀ ਬਹੁਤ ਵੱਡੀ ਪ੍ਰਾਪਤੀ ਵੀ ਹੈ ਅਤੇ ਉਸਦੇ ਗਦਰੀ ਕ੍ਰਾਂਤੀਕਾਰੀਆਂ ਪ੍ਰਤੀ ਅਥਾਹ
ਦਿਲੀ ਸ਼ਰਧਾ ਦੀ ਨਿਸ਼ਾਨੀ ਵੀ।ਅਜਿਹੇ ਕਈ ਹਜਾਰ ਦਸਤਾਵੇਜ ਗਦਰੀਆਂ ਦੇ ਅੰਤਰ-ਰਾਸ਼ਟਰੀ ਨੈੱਟਵਰਕ
ਵਾਲੇ ਦੇਸ਼ਾਂ ਚੋ ਲੱਭਣ ਲਈ ਇਮਾਨਦਾਰ ਕੋਸ਼ਿਸ਼ਾਂ ਕਰਨ ਦੀ ਫੌਰੀ ਤੇ ਵੱਡੀ ਲੋੜ ਹੈ।
4 ਮਈ 1916 ਨੂੰ ਡਾਇਰੈਟਰ ਕਰਿਮੀਨਲ ਇੰਟੈਲੀਜੈਂਸ ਦੇ ਨਿੱਜੀ ਸਹਾਇਕ ਜੇ.ਡਬਲਿਊ. ਨੈਲਸਨ ਨੇ
ਸ਼ਿਮਲਾ ਤੋਂ ਜਾਰੀ ਕੀਤੀ ਪੂਰਬੀ ਅਫਰੀਕਾ ਦੇ ਭਾਰਤੀਆਂ ਚ ਬਗ਼ਾਵਤ ਨਾਂ ਦੀ ਛੇ ਸਫ਼ਿਆਂ ਦੀ
ਰਿਪੋਰਟ ਵਿੱਚ ਮੰਨਿਆ ਹੈ ਕਿ ਪਿਛਲੇ ਸਾਲ ਗ਼ਦਰ ਡਾਇਰੈਕਟਰੀ ਨਾਲ ਵੰਡੇ ਗਏ ਦੁਨੀਆਂ ਦੇ ਨਕਸ਼ੇ
ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਗ਼ਦਰ ਲਹਿਰ ਕਿੰਨੀ ਵਿਸ਼ਾਲ ਸੀ। ਨਕਸ਼ੇ ਤੇ ਲਾਲ ਕੋਨ ਨਾਲ
ਦਰਸਾਏ ਇੰਗਲੈਂਡ, ਫਰਾਂਸ, ਜਰਮਨੀ, ਆਸਟਰੀਆ, ਟਰਕੀ, ਕਨੇਡਾ, ਅਮਰੀਕਾ, ਕਿਊਬਾ, ਪਨਾਮਾ,
ਐਕਵਾਡੋਰ, ਬ੍ਰਿਟਿਸ਼ ਗੁਆਨਾ,ਬਰਾਜ਼ੀਲ, ਅਰਜਨਟਾਈਨਾ,ਈਜ਼ਿਪਟ, ਬ੍ਰਿਟਿਸ਼ ਈਸਟ ਅਫਰੀਕਾ, ਸਾਊਥ
ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਡੱਚ ਇੰਡੀਜ਼, ਫਿਲਪਾਈਨਜ਼, ਜਪਾਨ ਅਤੇ ਚੀਨ ਵਿਚਲੇ
ਹਿੰਦੋਸਤਾਨੀ ਇਨਕਲਾਬੀਆਂ ਦੇ ਆਪਸੀ ਸੰਬੰਧਾਂ ਅਤੇ ਇਨਕਲਾਬੀਆਂ ਦੇ ਪ੍ਰਾਪੇਗੰਡੇ ਦੀ
ਕਰਿਮੀਨਲ ਇਨਟੈਲੀਜੈਂਸ ਦਫ਼ਤਰ ਚ ਪਲ-ਪਲ ਦੀ ਖ਼ਬਰ ਸੀ।ਜਰਮਨ ਵਿਦੇਸ਼ ਦਫ਼ਤਰ ਦੇ ਪ੍ਰਭਾਵ ਹੇਠ
ਆਏ ਪੜ੍ਹੇ-ਲਿਖੇ ਭਾਰਤੀਆਂ ਨੇ ਗ਼ਦਰ ਪਾਰਟੀ ਦਾ ਸੰਬੰਧ ਜਰਮਨ ਦੀ ਰਾਜਧਾਨੀ ਬਰਲਿਨ ਨਾਲ ਜੋੜ
ਦਿੱਤਾ ਸੀ।ਬ੍ਰਿਟਿਸ਼ ਪੂਰਬੀ ਅਫ਼ਰੀਕਾ ਚ ਗਏ ਭਾਰਤੀ ਕੇਵਲ ਮਜ਼ਦੂਰ ਹੀ ਨਹੀਂ ਸਨ ਸਗੋਂ
ਵੱਡੇ-ਵੱਡੇ ਠੇਕੇਦਾਰ ਸਨ, ਜਿਹਨਾਂ ਨੇ ਉਥੇ ਆਪਣੀ ਪੱਕੀ ਰਿਹਾਇਸ਼ ਬਣਾ ਲਈ ਸੀ। ਬਹੁਤ ਵੱਡੇ
ਪੱਧਰ ਤੇ ਉਹ ਰਾਜਨੀਤਕ ਤੌਰ ਚੇਤੰਨ ਹੋ ਗਏ ਸਨ ਤੇ ਉਹਨਾਂ ਦੀਆਂ ਗਤੀਵਿਧੀਆਂ ਉੱਥੋਂ ਦੀ
ਸਰਕਾਰ ਦੇ ਖਿਲਾਫ਼ ਸਨ।ਹਿੰਦੋਸਤਾਨੀ ਸਰਕਾਰ ਕੋਲ ਬ੍ਰਿਟਿਸ਼ ਪੂਰਬੀ ਅਫ਼ਰੀਕਾ ਦੇ
ਹਿੰਦੋਸਤਾਨੀਆਂ ਦੀਆਂ ਰਾਜਨੀਤਕ ਗਤੀਵਿਧੀਆਂ ਦੀ ਬਹੁਤੀ ਵਿਸਥਾਰ ਰਿਪੋਰਟ ਨਹੀਂ ਸੀ ਜਿਵੇਂ
ਕਿ ਪੰਜਾਬ ਸਰਕਾਰ ਕੋਲ ਅਮਰੀਕਾ ਦੀ ਪੈਸਫਿਕ ਕੋਸਟ ਨੇੜੇ ਵੱਸਦੇ ਹਿੰਦੋਸਤਾਨੀ ਗ਼ਦਰੀਆਂ ਬਾਰੇ
ਸੀ।ਪਹਿਲੀ ਸੰਸਾਰ ਜੰਗ ਦੇ ਪਹਿਲੇ ਵਰ੍ਹੇ ਬ੍ਰਿਟਿਸ਼ ਪੂਰਬੀ ਅਫ਼ਰੀਕਾ ਤੋਂ ਹਿੰਦੋਸਤਾਨੀ ਗ਼ਦਰ
ਪਾਰਟੀ ਦੇ ਉਦੇਸ਼ ਨੂੰ ਪੂਰਾ ਕਰਨ ਲਈ ਹਿੰਦੋਸਤਾਨ ਨਹੀਂ ਆਏ ਸਨ, ਇਸ ਕਰਕੇ ਵੀ ਖੁਫ਼ੀਆ ਵਿਭਾਗ
ਨੇ ਉਹਨਾਂ ਦੀ ਬਹੁਤੀ ਪਰਵਾਹ ਨਹੀਂ ਕੀਤੀ ਸੀ।
ਸੈਂਡਰਸਨ ਕਮੇਟੀ ਦੀ ਰਿਪੋਰਟ ਦੱਸਦੀ ਹੈ ਕਿ ਹਿੰਦੋਸਤਾਨ ਅਤੇ ਅਰਬ ਦੇਸ਼ਾਂ ਤੋਂ ਲੋਕ
ਬ੍ਰਿਟਿਸ਼ ਈਸਟ ਅਫ਼ਰੀਕਾ ਚ ਕਈ ਸਦੀਆਂ ਤੋਂ ਜਾ ਰਹੇ ਸਨ।ਸੰਨ 1895 ਵਿੱਚ ਔਸਤ ਬਾਰਾਂ ਤੋਂ
ਪੰਦਰਾਂ ਹਜ਼ਾਰ ਮਜ਼ਦੂਰ ਸਮੁੰਦਰੀ ਕੰਢੇ ਤੋਂ ਲੇਕ ਵਿਕਟੋਰੀਆ ਨਿਆਂਜਾ ਤੱਕ ਰੇਲਵੇ ਲਾਈਨ
ਵਿਛਾਉਣ ਲਈ ਕੰਮ ਤੇ ਰੱਖੇ ਗਏ ਸਨ। ਰਿਪੋਰਟ ਲਿਖੇ ਜਾਣ ਤੱਕ ਦੋ ਹਜ਼ਾਰ ਭਾਰਤੀ ਰੇਲਵੇ ਚ
ਕੰਮ ਕਰਦੇ ਸਨ।ਠੇਕੇ ਦੇ ਕੰਮ ਦਾ ਇਕਰਾਰ ਪੂਰਾ ਹੋਣ ਤੇ ਕੁਝ ਹਿੰਦੋਸਤਾਨੀ ਉਥੇ ਵੱਸ ਗਏ।
1911 ਦੀ ਜਨਗਣਨਾ ਮੁਤਾਬਕ ਉਥੇ ਬਾਰਾਂ ਹਜ਼ਾਰ ਏਸ਼ਆਈ ਲੋਕ ਸਨ ਪਰ ਇਸ ਵਿੱਚ ਭਾਰਤੀ, ਧਰਮ ਜਾਂ
ਖਿੱਤੇ ਦਾ ਜ਼ਿਕਰ ਨਹੀਂ ਹੈ ਪਰ ਬਹੁ ਗਿਣਤੀ ਬੰਬੇ ਪ੍ਰੈਜੀਡੈਂਸੀ ਦੇ ਗੁਜਰਾਤੀਆਂ ਦੀ ਸੀ।
15 ਦਿਸੰਬਰ 1914 ਦੇ ਨਿਊ ਇੰਡੀਆ ਦੇ ਅੰਕ ਤੋਂ ਪਤਾ ਲੱਗਦਾ ਹੈ ਕਿ ਨੈਰੋਬੀ ਚ ਵੱਖ-ਵੱਖ
ਧਰਮਾਂ ਅਤੇ ਖਿੱਤਿਆਂ ਦੇ 18 ਤੋਂ 30 ਸਾਲ ਦੇ ਨੌਜਵਾਨ ਹਿੰਦੋਸਤਾਨੀਆਂ ਨੂੰ ਇੱਕ ਜੁੱਟ ਕਰਨ
ਲਈ ਯੰਗ ਮੈਨਜ਼ ਇੰਡੀਅਨ ਐਸੋਸੀਏਸ਼ਨ ਬਣਾਈ ਗਈ ਸੀ ਜੋ ਰਾਜਨੀਤਕ ਅਤੇ ਸਮਾਜਿਕ ਦੋ ਭਾਗਾਂ ਚ
ਵੰਡੀ ਹੋਈ ਸੀ।ਕੋਈ ਵੀ ਸਰਕਾਰੀ ਕਰਮਚਾਰੀ ਇਸ ਦਾ ਮੈਂਬਰ ਨਹੀਂ ਸੀ।ਰਾਜਨੀਤਕ ਸੈਕਸ਼ਨ ਦੇ
ਮੁੱਖ ਕਰਤੱਵ ਸਨ-ਬਰਤਾਨਵੀ ਸਰਕਾਰ ਦੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਨੌਜਵਾਨ
ਹਿੰਦੋਸਤਾਨੀਆਂ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ, ਹਿੰਦੋਸਤਾਨੀਆਂ ਦੇ ਸਾਰੇ ਦੁਖੜਿਆਂ
ਵਿਰੁੱਧ ਆਵਾਜ਼ ਉਠਾਉਣਾ, ਹਿੰਦੋਸਤਾਨ ਦੀ ਬਿਹਤਰੀ ਲਈ ਹੋਣ ਵਾਲੇ ਸੰਵਿਧਾਨਿਕ ਅੰਦੋਲਨ ਪ੍ਰਤੀ
ਹਮਦਰਦੀ ਜ਼ਾਹਿਰ ਕਰਨਾ।
1 ਨਵੰਬਰ 1913 ਨੂੰ ਸਾਨਫ੍ਰਾਂਸਿਸਕੋ ਤੋਂ ਗ਼ਦਰ ਅਖ਼ਬਾਰ ਛਾਪ ਕੇ ਦੁਨੀਆਂ ਦੇ ਕਈ ਦੇਸ਼ਾਂ ਚ
ਗਏ ਭਾਰਤੀਆਂ ਨੂੰ ਮੁਫ਼ਤ ਭੇਜੀ ਜਾਣ ਲੱਗੀ। ਮਾਰਚ 1914 ਵਿੱਚ ਚ ਪਹਿਲੀ ਵਾਰ ਗ਼ਦਰ ਅਖ਼ਬਾਰ
ਦੇ ਯੂਰਪ ਤੋਂ ਨੈਰੋਬੀ ਆਏ ਸੱਤ ਬੰਡਲ ਫੜੇ ਗਏ, ਪੰਜ ਆਰੀਆ ਸਮਾਜ ਮੰਦਰ ਅਤੇ ਦੋ ਨੈਰੋਬੀ ਦੇ
ਗੁਰੂਦੁਆਰੇ ਦੇ ਪਤੇ ਤੇ ਭੇਜੇ ਗਏ ਸਨ।ਮਈ 1914 ਚ ਗ਼ਦਰ ਅਖ਼ਬਾਰ ਬ੍ਰਿਟਿਸ਼ ਪੂਰਬੀ
ਅਫ਼ਰੀਕਾ ਤੋਂ ਡਾਕ ਰਾਹੀਂ ਭੇਜੀ ਹਿੰਦੋਸਤਾਨ ਚ ਫੜੀ ਗਈ ਸੀ।ਪੁਲਿਸ ਨੇ ਭੇਜਣ ਵਾਲਿਆਂ ਨੂੰ
ਫੜਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ।1914 ਚ ਇਹ ਸਾਬਿਤ ਹੋ ਗਿਆ ਸੀ ਕਿ ਬ੍ਰਿਟਿਸ਼ ਪੂਰਬੀ
ਅਫ਼ਰੀਕਾ ਦੇ ਕੁਝ ਬੰਦੇ ਯੂਰਪ ਦੇ ਹਿੰਦੋਸਤਾਨੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਸਨ ਅਤੇ
ਕਿਸੇ ਨੇ ਜੁਲਾਈ 1914 ਚ ਨੈਰੋਬੀ ਤੋਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਇੰਡੀਅਨ
ਸੋਸ਼ਿਓਲੋਜਿਸਟ ਬ੍ਰਿਟਿਸ਼ ਈਸਟ ਅਫ਼ਰੀਕਾ ਦੇ 10 ਬੰਦਿਆਂ ਨੂੰ ਭੇਜਣ ਲਈ ਗੁਪਤ ਖ਼ਤ ਲਿਖਿਆ ਸੀ।
ਇਸੇ ਮਹੀਨੇ ਸੀਤਾ ਰਾਮ ਆਚਾਰੀਆ ਦਾ ਮਮਬਾਸਾ ਤੋਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਲਿਖਿਆ ਖ਼ਤ
ਫੜਿਆ ਗਿਆ।ਸੀਤਾ ਰਾਮ ਆਚਾਰੀਆ ਦਾ ਇਥੋਂ ਦੇ ਬਾਗ਼ੀ ਹਿੰਦੋਸਤਾਨੀਆਂ ਤੇ ਚੰਗਾ ਪ੍ਰਭਾਵ
ਸੀ।ਉਹ ਯੁਗਾਂਡਾ ਰੇਲਵੇ ਚ ਦੋ ਸਾਲ ਕੰਮ ਕਰਨ ਮਗਰੋਂ ਮਿਲਟਰੀ ਚ ਭਰਤੀ ਹੋ ਗਿਆ ਸੀ।ਬਿਸ਼ਨ
ਦਾਸ ਆਰੀਆ ਸਮਾਜ, ਮਮਬਾਸਾ ਦਾ ਸਕੱਤਰ ਸੀ।
ਸੰਸਾਰ ਜੰਗ ਦੇ ਪਹਿਲੇ ਕੁਝ ਮਹੀਨਿਆਂ ਚ ਡਾਕ ਮਹਿਕਮੇ ਤੋਂ ਸੈਂਸਰ ਹੋ ਕੇ ਖੁਫ਼ੀਆ ਮਹਿਕਮੇ
ਤੱਕ ਪੁੱਜੀਆਂ 8-10 ਚਿੱਠੀਆਂ ਚ ਬ੍ਰਿਟਿਸ਼ ਪੂਰਬੀ ਅਫ਼ਰੀਕਾ ਦੇ ਗ਼ਦਰੀਆਂ ਨੇ ਅੰਗਰੇਜ਼ਾਂ
ਪ੍ਰਤੀ ਆਪਣਾ ਵਿਰੋਧ ਪ੍ਰਗਟ ਕੀਤਾ ਹੋਇਆ ਸੀ।ਇੱਕ ਗ਼ਦਰੀ ਨੇ ਲਿਖਿਆ, ਹਰ ਦੂਜੇ ਜਾਂ ਤੀਜੇ
ਦਿਨ (ਫੌਜੀ) ਜਖ਼ਮੀਆਂ ਨੂੰ ਰੇਲ ਚ ਨੈਰੋਬੀ ਹਸਪਤਾਲ ਲਿਜਾਂਦੇ ਹਨ। ਇਹ ਦੇਖ ਕੇ ਮੈਂ ਧਰਤੀ
ਤੋਂ ਬੋਝ ਨੂੰ ਘੱਟ ਕਰਨ ਦੇ ਪ੍ਰਮਾਤਮਾ ਦੇ ਅਦਭੁੱਤ ਤਰੀਕਿਆਂ ਬਾਰੇ ਸੋਚਦਾ ਹਾਂ। ਇੱਕ
ਮੁਸਲਮਾਨ ਨੇ ਉਥੇ ਅੰਗਰੇਜ਼ ਅਧਿਕਾਰੀਆਂ ਦੇ ਜ਼ਾਲਮਾਨਾ ਵਤੀਰੇ ਬਾਰੇ ਲਿਖਿਆ ਹੈ ਕਿ, ਜੇ
ਇਹਨਾਂ ਨੇ ਉਸਨੂੰ ਡਿਸਮਿਸ ਕਰ ਦਿੱਤਾ ਤਾਂ ਉਹ ਹਿੰਦੋਸਤਾਨ (ਕਾਫ਼ਿਰਸਤਾਨ , ਅੰਗਰੇਜ਼ੀ ਰਾਜ
ਹੋਣ ਕਰਕੇ) ਜਾਣ ਦੀ ਬਜਾਏ ਟਰਕੀ ਚਲਾ ਜਾਵੇਗਾ।ਇਹਨਾਂ ਚਿੱਠੀਆਂ ਵਿੱਚ ਹਿੰਦੋਸਤਾਨੀਆਂ
ਵਲੋਂ ਪਹਿਲੇ ਸਮਿਆਂ ਚ ਕੀਤੀ ਮਦੱਦ ਦੇ ਬਦਲੇ ਅੰਗਰੇਜ਼ਾਂ ਵਲੋਂ ਹਮੇਸ਼ਾ ਲੱਤ ਮਾਰਨ ਦਾ ਜ਼ਿਕਰ
ਕਰਕੇ ਬਗ਼ਾਵਤ ਰਾਹੀਂ ਹਿੰਦੋਸਤਾਨ ਦੀ ਸੱਤਾ ਆਪਣੇ ਹੱਥ ਲੈਣ ਦਾ ਹੋਕਾ ਸੀ।ਦਸੰਬਰ 1914 ਚ
ਨੈਰੋਬੀ ਤੋਂ ਭੇਜੇ ਅੱਠ ਉਰਦੂ ਲੀਫ਼ਲੈੱਟ ਬੰਬਈ ( ਹੁਣ ਮੁੰਬਈ) ਵਿੱਚ ਫੜੇ ਗਏ।ਸੈਂਸਰਸ਼ਿੱਪ
ਬਾਰੇ ਪਤਾ ਲੱਗ ਗਿਆ ਤੇ 1914 ਦੇ ਅੰਤ ਤੋਂ ਮਗਰੋਂ ਫਿਰ ਬ੍ਰਿਟਿਸ਼ ਪੂਰਬੀ ਅਫ਼ਰੀਕਾ ਤੋਂ ਕੁਝ
ਵੀ ਡਾਕ ਰਾਹੀਂ ਭੇਜਣਾ ਬੰਦ ਕਰ ਦਿੱਤਾ।
ਐਲ. ਡਬਲਿਊ. ਰਿੱਚ ਨੂੰ ਬ੍ਰਿਟਿਸ਼ ਪੂਰਬੀ ਅਫ਼ਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਕਿਉਂਕਿ ਉਹ
ਉਥੇ ਹਿੰਦੋਸਤਾਨੀ ਬਾਗ਼ੀਆਂ ਦਾ ਹਮਾਇਤੀ ਸੀ, ਯੁਗਾਂਡਾ ਰੇਲਵੇ ਕਰਮਚਾਰੀਆਂ ਦੀ ਹੜਤਾਲ ਦਾ
ਕਰਤਾ-ਧਰਤਾ ਸੀ। ਮਮਬਾਸਾ ਇਲਾਕੇ ਦੇ ਜਨਰਲ ਅਫ਼ਿਸਰ ਕਮਾਂਡਿੰਗ ਨੇ ਉਥੋਂ ਦੀ ਆਮ ਹਾਲਤ ਬਾਰੇ
ਆਪਣੀ 9 ਅਕਤੂਬਰ 1915 ਦੀ ਰਿਪੋਰਟ ਚ ਲਿਖਿਆ ਜਿਸਦਾ ਤੱਤਸਾਰ ਹੈ - ਬ੍ਰਿਟਿਸ਼ ਪੂਰਬੀ
ਅਫ਼ਰੀਕਾ ਚ ਜਸੂਸਾਂ ਦੁਆਰਾ ਕੀਤੀ ਲੋੜੋਂ ਵੱਧ ਭੰਨ ਤੋੜ ਪ੍ਰਗਟ ਹੋ ਗਈ ਸੀ ਅਤੇ ਸ਼ੱਕ ਕਈ
ਹਿੰਦੋਸਤਾਨੀਆਂ ਦੇ ਇਸ ਵਿੱਚ ਸ਼ਾਮਿਲ ਹੋਣ ਵੱਲ ਇਸ਼ਾਰਾ ਕਰਦੇ ਸਨ।ਸਥਾਨਕ ਹਿੰਦੋਸਤਾਨੀਆਂ ਚ
ਬਹੁਤ ਵੱਡੀ ਪੱਧਰ ਤੇ ਬਗ਼ਾਵਤ ਫੈਲੀ ਹੋਈ ਸੀ।
ਇਸ ਰਿਪੋਰਟ ਨਾਲ ਸੀਤਾ ਰਾਮ ਦੀ ਜੁਲਾਈ 1915 ਦੀ ਚਿੱਠੀ ਨੱਥੀ ਸੀ ਜੋ ਕਿ ਮਮਬਾਸਾ ਦੇ ਇੱਕ
ਪ੍ਰਸਿੱਧ ਹਿੰਦੋਸਤਾਨੀ ਦੇ ਘਰੋਂ ਲੱਭੀ ਸੀ।ਸੀਤਾ ਰਾਮ (ਅਚਾਰੀਆ ਨਹੀਂ) ਸਾਊਥ ਪੂਰਬੀ
ਅਫ਼ਰੀਕਾ ਚ ਟੈਲੀਗ੍ਰਾਫ਼ ਸਿਗਨੈਲਰ ਸੀ, ਦੇਸ਼ ਨਿਕਾਲੇ ਤੋਂ ਬਾਅਦ ਉਸਨੂੰ ਉਸਦੇ ਜ਼ਿਲ੍ਹੇ
ਗੁਰਦਾਸਪੁਰ ਵਿੱਚ ਜੂਹਬੰਦ ਕਰ ਦਿੱਤਾ ਸੀ।ਇਹ ਚਿੱਠੀ ਗ਼ਦਰ ਪਾਰਟੀ ਦੇ ਉੇਦੇਸ਼ਾਂ ਦਾ
ਪ੍ਰਗਟਾਵਾ ਹੈ। ਹਿੰਦੋਸਤਾਨੀਆਂ ਨੂੰ ਸੰਵਿਧਾਨਕ ਤੌਰ ਤਰੀਕੇ ਛੱਡ ਕੇ ਸਿੱਧੀ ਤਰ੍ਹਾਂ
ਅੰਗਰੇਜ਼ਾਂ ਨਾਲ ਟੱਕਰਨ ਦੀ ਗੱਲ ਕੀਤੀ ਹੈ। ਬ੍ਰਿਟਿਸ਼ ਪੂਰਬੀ ਅਫ਼ਰੀਕਾ ਚ ਤਾਇਨਾਤ
ਹਿੰਦੋਸਤਾਨੀ ਫੌਜੀਆਂ ਨੂੰ ਜਰਮਨਾਂ ਨਾਲ ਲੜਾਈ ਨਾ ਕਰਨ ਤੇ ਅੰਗਰੇਜ਼ਾਂ ਨੂੰ ਮਾਰ ਦੇਣ ਲਈ
ਪ੍ਰੇਰਿਤ ਕੀਤਾ।ਫੌਜ ਦੀਆਂ ਟੈਲੀਗ੍ਰਾਮਾਂ ਦੇ ਕੋਡ ਲੈਣ ਲਈ ਕਿਹਾ ਤਾਂ ਕਿ ਫੌਜ ਦੀਆਂ
ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ।
15 ਜਨਵਰੀ 1916 ਦੇ ਲੰਡਨ ਡੇਲੀ ਐਕਸਪ੍ਰੈਸ ਚ ਰਿਪੋਰਟ ਛਪੀ - ਯੁਗਾਂਡਾ ਰੇਲਵੇ ਦੇ ਵੋਈ
ਸਟੇਸ਼ਨ ਦੇ ਦੋ ਹਿੰਦੋਸਤਾਨੀ ਠੇਕੇਦਾਰਾਂ ਤੇ ਦੁਸ਼ਮਣ ਦੀ ਮੱਦਦ ਕਰਨ ਦੇ ਦੋਸ਼ ਆਇਦ ਕੀਤੇ
ਜਿਹਨਾਂ ਨੇ ਸਤੰਬਰ ਚ ਇੱਕ ਰੇਲ ਗੱਡੀ ਬਰੂਦੀ ਧਮਾਕਿਆਂ ਨਾਲ ਉਡਾ ਦਿੱਤੀ ਸੀ। ਕੈਦੀ ਦੋਸ਼ੀ
ਪਾਏ ਗਏ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਅਤੇ ਅਗਲੇ ਦਿਨ ਸਜ਼ਾ ਤੇ ਅਮਲ ਕੀਤਾ।ਹੋਰ
ਹਿੰਦੋਸਤਾਨੀ ਠੇਕੇਦਾਰਾਂ ਤੇ ਉਹੀ ਦੋਸ਼ ਆਇਦ ਕੀਤੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਿਟਿਸ਼ ਪੂਰਬੀ ਅਫ਼ਰੀਕਾ ਚ ਜਰਮਨ ਏਜੰਟਾਂ ਨੇ
ਹਿੰਦੋਸਤਾਨੀਆਂ ਨੂੰ ਬਗ਼ਾਵਤ ਲਈ ਪ੍ਰੇਰਿਆ।ਇਸ ਬਾਰੇ ਖੁਫ਼ੀਆ ਵਿਭਾਗ ਕੋਲ ਵੱਡਾ ਸਬੂਤ ਸੀ
ਜਿਊਰਿਖ, ਜਰਮਨ ਤੋਂ ਸੀਤਾ ਰਾਮ ਅਚਾਰੀਆ ਨੂੰ ਪਾਲ ਕੈਸਲਰਿੰਗ ਦੀ ਚਿੱਠੀ ਜਿਸ ਵਿੱਚ ਸ਼ਿਆਮ
ਜੀ ਕ੍ਰਿਸ਼ਨ ਵਰਮਾ ਦੇ ਚਿੱਠੀ-ਪੱਤਰ ਦਾ ਹਵਾਲਾ ਦੇ ਕੇ ਸੀਤਾ ਰਾਮ ਅਚਾਰੀਆ ਨੂੰ ਇੰਡੀਅਨ
ਨੈਸ਼ਨਲ ਪਾਰਟੀ ਚ ਸ਼ਾਮਲ ਹੋ ਕੇ ਜਰਮਨੀ ਵਾਸਤੇ ਕੰਮ ਕਰਨ ਲਈ ਲਿਖਿਆ ਸੀ।
ਬੰਬਈ ਪੁਲਿਸ ਬ੍ਰਿਟਿਸ਼ ਪੂਰਬੀ ਅਫ਼ਰੀਕਾ ਤੋਂ ਆਉਣ ਵਾਲੇ ਹਿੰਦੋਸਤਾਨੀ ਤੇ ਬਾਜ਼ ਅੱਖ ਰੱਖੀ
ਬੈਠੀ ਸੀ। 24 ਮਈ 1915 ਨੂੰ ਰਾਵਲਪਿੰਡੀ ਦਾ ਦੇਵੀ ਲਾਲ ਮਹਿਜ਼ ਇੱਕੋ ਸਖਸ਼ ਸੀ ਜੋ ਬੰਬਈ
ਪਹੁੰਚਾ ਅਤੇ ਉਸ ਨੇ ਹੀਰਾ ਲਾਲ ਨੈਰੋਬੀ ਨੂੰ ਗ਼ਦਰ ਅਖ਼ਬਾਰ ਦਾ ਜ਼ਿਕਰ ਕੀਤੇ ਬਗੈਰ ਚਿੱਠੀ
ਲਿਖੀ- ਇਹ ਇੱਕ ਅਜਿਹਾ ਅਖ਼ਬਾਰ ਹੈ ਜਿਸਦੇ ਸਾਰੇ ਵਿਚਾਰ ਹਿੰਦੋਸਤਾਨੀਆਂ ਨੂੰ ਅਮਲ ਚ
ਲਿਆਉਣੇ ਚਾਹੀਦੇ ਹਨ।ਜਦੋਂ ਮੈਂ ਇਹਨੂੰ ਪੜ੍ਹਿਆ ਮੈਂ ਆਪਣੇ ਆਪ ਨੂੰ ਨਵੇਂ ਸੰਸਾਰ ਚ
ਮਹਿਸੂਸ ਕੀਤਾ।ਮੈਂ ਦਿਨ ਰਾਤ ਇਹਨਾਂ ਵਿਚਾਰਾਂ ਚ ਰਹਿੰਦਾ ਹਾਂਕਿ ਪ੍ਰਮਾਤਮਾ ਸਾਨੂੰ ਸਾਡੀ
ਆਜ਼ਾਦੀ ਦਾ ਦਿਨ ਕਦ ਦਿਖਾਊਗਾ। ਮੈਂ ਇਸ ਵਿਸ਼ੇ ਤੇ ਹਮੇਸ਼ਾ ਬੋਲਣ ਦਾ ਵਿਚਾਰ ਆਪਣੇ ਮਨ ਵਿੱਚ
ਪੱਕਾ ਕਰ ਲਿਆ ਹੈ। ਇਹੀ ਨਹੀਂ, ਮੈਂ ਆਪਣੇ ਪਿਆਰੇ ਦੇਸ਼ ਤੋਂ ਆਪਣਾ ਜੀਵਨ ਕੁਰਬਾਨ ਕਰ
ਦਿਆਂਗਾ ਜਿਹਦੇ ਤੇ ਰਾਖਸ਼ (ਅੰਗਰੇਜ਼) ਬੇਰਹਿਮੀ ਨਾਲ ਰਾਜ ਕਰ ਰਹੇ ਹਨ ਅਤੇ ਹਮੇਸ਼ਾ ਸਾਡਾ
ਖੂੁਨ ਚੂਸਣ ਬਾਰੇ ਸੋਚਣ ਚ ਸਮਾਂ ਬਤੀਤ ਕਰਦੇ ਹਨ। ਇਹ ਚਿੱਠੀ ਫੜੀ ਗਈ ਅਤੇ ਦੇਵੀ ਲਾਲ
ਨੂੰ ਪੰਜਾਬ ਸਰਕਾਰ ਨੇ ਅਗਸਤ 1915 ਚ ਜੂਹਬੰਦ ਕਰ ਦਿੱਤਾ।ਕਰੀਬ ਵੀਹ ਭਾਰਤੀਆਂ ਨੂੰ
ਬ੍ਰਿਟਿਸ਼ ਪੂਰਬੀ ਅਫ਼ਰੀਕਾ ਸਰਕਾਰ ਨੇ ਦੇਸ਼ ਨਿਕਾਲਾ ਦੇ ਕੇ ਹਿੰਦੋਸਤਾਨ ਭੇਜ ਦਿੱਤਾ ਸੀ।
ਬ੍ਰਿਟਿਸ਼ ਈਸਟ ਅਫ਼ਰੀਕਾ ਦੇ ਇੱਕ ਫੌਜੀ ਅਫ਼ਸਰ ਦਾ ਲਿਖਿਆ ਨੋਟ ਉਥੇ ਗ਼ਦਰ ਪਾਰਟੀ ਦੀਆਂ
ਗਤੀਵਿਧੀਆਂ ਦਾ ਖੁਲਾਸਾ ਕਰਦਾ ਹੈ- ਮੈਂ ਈਸਟ ਅਫ਼ਰੀਕਾ ਚ ਹਿੰਦੋਸਤਾਨੀਆਂ ਦੋ ਵੱਖਰੇ ਧੜੇ
ਦੇਖੇ।ਉਥੇ ਵੋਹਰਾ ਅਤੇ ਖੋਜਾ ਬਰਾਦਰੀ ਦੇ ਲੋਕ ਜਿਹੜੇ ਕੁਝ ਪੀੜ੍ਹੀਆਂ ਤੋਂ ਵਸ ਗਏ ਸਨ ਅਤੇ
ਇਸ ਦੇਸ ਦੇ ਜੰਮਪਲ ਹਨ।ਇਹ ਬੰਦੇ ਜਰਮਨੀ ਦੇ ਉੱਘੇ ਸਮਰਥਕ ਹਨ ਅਤੇ ਇਸ ਕਰਕੇ ਖ਼ਤਰਾ ਸਨ।
ਦੂਸਰੇ ਵਰਗ ਚ ਠੇਕੇਦਾਰ, ਤਰਖਾਣ, ਕਲਰਕ, ਕੁਲੀ ਮਜ਼ਦੂਰ ਆਦਿ ਹਨ ਜਿਹਨਾਂ ਨੇ ਹਿੰਦੋਸਤਾਨ
ਤੋਂ ਆਰਜੀ ਪ੍ਰਵਾਸ ਕੀਤਾ ਹੈ, ਜਿਹਨਾਂ ਦੀ ਇਸ ਦੇਸ਼ ਚ ਵਸਣ ਦੀ ਕੋਈ ਇੱਛਾ ਨਹੀਂ ਹੈ।ਇਹਨਾਂ
ਵਿੱਚੋਂ ਬਹੁਗਿਣਤੀ ਬੰਦੇ ਗ਼ਦਰ ਪਾਰਟੀ ਨਾਲ ਸੰਬੰਧ ਰੱਖਦੇ ਹਨ ਅਤੇ ਅਮਰੀਕਾ ਤੇ ਸਵਿਟਰਜ਼ਲੈਂਡ
ਦੇ ਇਨਕਲਾਬੀਆਂ ਨਾਲ ਸੰਪਰਕ ਚ ਹਨ ਅਤੇ ਪਾਗਲਪਨ ਦੀ ਹੱਦ ਤੱਕ ਬਰਤਾਨੀਆਂ ਵਿਰੋਧੀ ਹਨ।
ਮਗਰੋਂ ਇਹਨਾਂ ਦੋਹਾਂ ਧੜਿਆਂ ਦੇ ਇੱਕ ਦੂਜੇ ਦੇ ਨੇੜੇ ਆਉਣ ਅਤੇ ਇਕੱਠੇ ਹੋ ਕੇ ਮੁਸ਼ਕਿਲ ਖੜੀ
ਕਰਨ ਦੇ ਸੰਕੇਤ ਮਿਲੇ।ਲੋੜੀਂਦੀ ਸਖ਼ਤ ਕਾਰਵਾਈ ਨੇ ਉਹਨਾਂ ਦੇ ਪਰਾਂ ਨੂੰ ਨੂੜਣ ਦਾ ਖੁਸ਼ੀ
ਭਰਿਆ ਨਤੀਜਾ ਦਿੱਤਾ ਅਤੇ ਕਹਿ ਸਕਦੇ ਹਾਂ ਕਿ ਉਹ ਮੌਜੂਦਾ ਸਮੇਂ ਵਿੱਚ ਬੁਰੀ ਤਰ੍ਹਾਂ ਭੈਭੀਤ
ਹਨ।
ਮਮਬਾਸਾ ਵਿੱਚ ਆਰੀਆ ਸਮਾਜ ਦੀ ਇੱਕ ਸ਼ਾਖਾ ਸੀ ਜਿਸ ਨੇ (ਸਾਡੇ ਲਈ) ਬਹੁਤ ਮੁਸ਼ਕਿਲ ਖੜੀ ਕੀਤੀ
ਅਤੇ ਜਿਸ ਨੂੰ ਕਠੋਰ ਸਲੂਕ ਚਾਹੀਦਾ ਸੀ ਪਰ (ਆਰੀਆ) ਸਮਾਜ ਦੀ ਨੈਰੋਬੀ ਸ਼ਾਖਾ ਨੇ ਸਾਡੀ ਕਾਫ਼ੀ
ਸਹਾਇਤਾ ਕੀਤੀ।ਨੈਰੋਬੀ ਦੇ ਸਿੱਖ ਗੁਰੂਦੁਆਰੇ ਨੇ ਵੀ ਸਾਨੂੰ ਬਹੁਤ ਸਾਰੀ ਸਹਾਇਤਾ ਦਿੱਤੀ।
(ਗ਼ਦਰੀਆਂ ਦੇ) ਦੂਤ ਵਜੋਂ ਪੂਰੇ ਦੇਸ਼ ਵਿੱਚ ਘੁੰਮਣ ਵਾਲਿਆਂ ਵਿੱਚ ਮੁੱਖ ਤੌਰ ਤੇ
ਟੈਲੀਗ੍ਰਾਫ ਕਲਰਕ ਅਤੇ ਰੇਲਵੇ ਕਰਮਚਾਰੀ ਸਨ ਅਤੇ ਮੇਰੀ ਰਾਇ ਹੈ ਕਿ ਈਸਟ ਅਫ਼ਰੀਕਾ ਦੀ
ਬਰਤਾਨੀਆਂ ਵਿਰੋਧੀ ਲਹਿਰ ਦੀ ਸੋਚ ਸ਼ਕਤੀ ਅਤੇ ਰੂਹੇ-ਰਵਾਂ ਸੀਤਾ ਰਾਮ (ਗੁਰਦਾਸਪੁਰ, ਪੰਜਾਬ)
ਸੀ।
ਜਨਰਲ ਸਮੱਟਸ ਜਿਹੜਾ ਆਪਣੀ ਮਿਲਟਰੀ ਡਿਊਟੀ ਵਜੋਂ ਜੇਲ੍ਹਾਂ ਦਾ ਇੰਸਪੈਕਟਰ ਵੀ ਸੀ, ਨੇ ਸੀਤਾ
ਰਾਮ ਨੂੰ ਅਜਿਹੇ ਕੈਦੀ ਵਜੋਂ ਚੁਣਿਆ, ਜਿਸ ਨੂੰ ਬਿਨਾਂ ਕਿਸੇ ਕਾਰਣ ਕੈਦ ਕੀਤਾ ਹੋਇਆ ਸੀ।
ਸੀਤਾ ਰਾਮ ਨੇ ਜੇਲ੍ਹ ਚ ਦੌਰੇ ਤੇ ਆਏ ਮਿ. ਸਮੱਟਸ ਨੂੰ ਦੱਸਿਆ ਕਿ ਇਹ ਮੁਕੱਦਮਾ ਅਸ਼ਾਂਤ
ਸੋਚ ਵਾਲੇ ਬਿਹਬਲ ਲੋਕਾਂ ਦਾ ਵਹਿਮ ਹੀ ਸੀ। ਮਿ. ਸਮੱਟਸ ਨੇ ਇਹਨਾਂ ਗ਼ਦਰੀਆਂ ਨਾਲ ਵਾਅਦਾ
ਕੀਤਾ ਸੀ ਕਿ ਉਹ ਸੰਸਾਰ ਜੰਗ ਖ਼ਤਮ ਹੁੰਦਿਆਂ ਹੀ ਸਾਰੇ ਮਾਮਲੇ ਦੀ ਨਜ਼ਰਸਾਨੀ ਕਰੇਗਾ।ਇੱਕ
ਮੈਂਬਰੀ ਇਨਕੁਆਰੀ ਕਮਿਸ਼ਨ ਵਜੋਂ ਜੱਜ ਸ਼ੈਰੀਡਨ ਨੂੰ ਆਇਦ ਜ਼ੁਰਮ ਆਧਾਰਹੀਣ ਤੇ ਅਦਾਲਤ ਦੇ ਗੈਰ
ਕਾਨੂੰਨੀ ਹੋਣ ਦਾ ਪਤਾ ਲੱਗਣ ਤੇ ਕਿ ਸਭ ਕੁਝ ਅਸਲੀਅਤ ਤੋਂ ਕੋਹਾਂ ਦੂਰ ਸੀ ਅਤੇ ਸਾਰੇ
ਗ਼ਦਰੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਸੀ।
ਸੀਤਾ ਰਾਮ ਨੂੰ ਦੇਸ਼ ਨਿਕਾਲਾ ਦੇ ਦਿੱਤਾ।ਇਹਨਾਂ ਫਾਂਸੀਆਂ ਅਤੇ ਸਜ਼ਾਵਾਂ ਦਾ ਹਿੰਦੋਸਤਾਨ ਦੀ
ਸਰਕਾਰ ਨੇ ਚਲਾਵਾਂ ਜਿਹਾ ਵਿਰੋਧ ਕੀਤਾ ਸੀ।
ਈਸਟ ਅਫ਼ਰੀਕਨ ਸਟੈਂਡਰਡ ਅਖ਼ਬਾਰ ਵਿੱਚ ਪੰਜ ਗ਼ਦਰੀ ਸ਼ਹੀਦਾਂ ਬਾਰੇ ਖ਼ਬਰ ਛਪੀ ਹੈ, ਪਰ ਉਸ ਵਿੱਚ
ਸ਼ਹੀਦਾਂ ਦਾ ਨਾਂ ਨਹੀਂ ਲਿਖਿਆ।
ਗ਼ਦਰੀਆਂ ਨੂੰ ਹੋਈਆਂ ਸਜ਼ਾਵਾਂ ਦਾ ਵੇਰਵਾ:
ਜ਼ਫਰ ਥੇਵਰ ਧਰਮ ਪੱਖੋਂ ਇਸਮਾਈਲ ਖੋਜਾ ਪਿੰਡ ਕੈਰੋਂ ਬਰਾਦਿਕ, ਰਿਆਸਤ ਕੱਛ, ਬੰਬੇ
ਪ੍ਰੈਜੀਡੈਂਸੀ - 23 ਸਤੰਬਰ 1915 ਨੂੰ ਸਜ਼ਾ, ਗੋਲੀ ਮਾਰਕੇ ਸ਼ਹੀਦ।
ਅਲੀਦੀਨ ਢਾਲਾ ਧਰਮ ਪੱਖੋਂ ਇਥਾਨਾਸਬਾਰੀ ਖੋਜਾ- ਪੁੱਤਰ ਢਾਲਾ ਮੂਰਜੀ ਫਕੀਰ ਮੁਹੰਮਦ
ਜ਼ੰਜੀਬਾਰ ਵਿੱਚ ਜਨਮਿਆ, ਮੂਲ ਰੂਪ ਵਿੱਚ ਬੰਬੇ ਪ੍ਰੈਜੀਡੈਂਸੀ ਦੀ ਕੱਛ ਰਿਆਸਤ ਦੀ ਰਾਜਧਾਨੀ
ਭੁਜ ਤੋਂ ਆਏ, ਜ਼ੰਜੀਬਾਰ - ਵਪਾਰੀ - 6 ਨਵੰਬਰ 1915 ਨੂੰ ਫਾਂਸੀ ਦੀ ਸਜ਼ਾ ਹੋਈ।
ਗਣੇਸ਼ ਦਾਸ ਬਾਲੀ ਪੁੱਤਰ ਰਤਨ ਦਾਸ ਮੁਹੱਲਾ ਸਹਿਗਲਾਂ ਰਾਵਲਪਿੰਡੀ (ਗਣਪੱਤ ਰਾਏ ਦਾ ਭਰਾ),
ਠੇਕੇਦਾਰ - ਵੋਈ ਚ 26 ਨਵੰਬਰ 1915 ਨੂੰ ਸਜ਼ਾ, ਗੋਲੀ ਮਾਰ ਕੇ ਸ਼ਹੀਦ ਕੀਤਾ।
ਗਣੇਸ਼ ਦਾਸ ਦੇ ਭਰਾ ਤੀਰਥ ਰਾਮ ਬਾਲੀ ਨੂੰ 1915 ਚ ਉਥੋਂ ਦੇਸ਼ ਨਿਕਾਲਾ ਦੇ ਕੇ ਹਿੰਦੋਸਤਾਨ
ਭੇਜ ਦਿੱਤਾ ਸੀ।ਉਹ ਯੁਗਾਂਡਾ ਰੇਲਵੇ ਵਿੱਚ ਕੰਮ ਕਰਦਾ ਸੀ।ਇੰਡੀਅਨ ਸੋਸ਼ਿਆਲੋਜਿਸਟ ਅਤੇ ਗ਼ਦਰ
ਅਖ਼ਬਾਰ ਵੰਡਣ ਚ ਪ੍ਰਮੁੱਖ ਹਿੱਸਾ ਲੈਂਦਾ ਸੀ।ਉਸਨੇ ਕਾਂਗਰਸ ਅਤੇ ਨੌਜਵਾਨ ਭਾਰਤ ਸਭਾ ਵਿੱਚ
ਵੀ ਕੰਮ ਕੀਤਾ।
ਜੋਗਰਾਜ ਮਾਰਫ਼ਤ ਗਣਪੱਤ ਰਾਏ ਬਾਲੀ ਮੁਹੱਲਾ ਸਹਿਗਲਾਂ ਰਾਵਲਪਿੰਡੀ, ਠੇਕੇਦਾਰ - ਵੋਈ ਚ 26
ਨਵੰਬਰ 1915 ਨੂੰ ਸਜ਼ਾ, ਗੋਲੀ ਮਾਰ ਕੇ ਸ਼ਹੀਦ ਕੀਤਾ।
ਬਿਸ਼ਨ ਸਿੰਘ ਪੁੱਤਰ ਗੁਲਾਬ ਸਿੰਘ, ਪਿੰਡ ਗਾਖਲ ਜ਼ਿਲਾ ਜਲੰਧਰ - ਵੋਈ - ਠੇਕੇਦਾਰ, 3 ਦਸਬੰਰ
1915 ਨੂੰ ਸ਼ਰੇਆਮ ਫਾਂਸੀ ਦੀ ਸਜ਼ਾ।
ਬਿਸ਼ਨ ਦਾਸ ਆਰ. ਸ਼ਰਮਾ ਪੁੱਤਰ ਸ਼੍ਰੀ ਰਲਾ ਰਾਮ ਅਤੇ ਹੁਕਮ ਦਈ, ਮਾਰਫ਼ਤ ਪੰਡਿਤ ਰਲਾ ਰਾਮ
ਸਰਹਾਲਾ ਕਲਾਂ ਜ਼ਿਲਾ ਹੁਸ਼ਿਆਰਪੁਰ- ਮਮਬਾਸਾ ਚ 24 ਦਸੰਬਰ 1915 ਨੂੰ 14 ਸਾਲ ਬਾਮੁਸ਼ੱਕਤ
ਕੈਦ।
ਇਬਰਾਹਿਮ ਪੁੱਤਰ ਕਾਸਿਮ ਸਮੀਰ, ਕੱਛ ਡਰਬ, ਡਾਕਖਾਨਾ ਮੁੰਡਰਾ - ਵਪਾਰੀ, ਕਮਪਾਲਾ
(ਯੁਗਾਂਡਾ) ਦੋ ਸਾਲ ਸਖ਼ਤ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ (ਜੁਰਮਾਨਾ ਮਾਫ਼ ਕਰ ਦਿੱਤਾ)
ਬੋਧਰਾਜ - ਪਿੰਡ ਸੱਯਦ ਕਾਸਮ, ਡਾਕ: ਸੱਯਦ ਜ਼ਿਲਾ ਰਾਵਲਪਿੰਡੀ- ਤਸਾਵੇ- ਠੇਕੇਦਾਰ - ਇੱਕ
ਸਾਲ ਸਖ਼ਤ ਕੈਦ ਅਤੇ ਤਿੰਨ ਸੌ ਰੁਪਏ ਜੁਰਮਾਨਾ (ਸਜ਼ਾ ਮੁਆਫ਼ ਹੋ ਗਈ ਪਰ ਜੁਰਮਾਨਾ ਬਰਕਰਾਰ
ਰਿਹਾ)
ਬਾਲਾ ਸ਼ੰਕਰ ਕਰਸੋਨਜੀ ਭੱਟ- ਪੁੱਤਰ ਕਰਸੋਨਜੀ ਜੀਵਨ ਭੱਟ ਅਤੇ ਸ਼੍ਰੀਮਤੀ ਪਾਨਬਾਈ - ਨੇੜੇ
ਸਾਵਜੀ ਵਾਲਜੀ ਗਲੀ ਰਾਜਕੋਟ, ਕਾਠੀਆਵਾੜ (ਗੁਜਰਾਤ) - ਮਮਬਾਸਾ -ਹਿੰਦੀ ਪ੍ਰਕਾਸ਼ ਪ੍ਰੈਸ ਦਾ
ਮਾਲਕ - 5 ਜੁਲਾਈ 1915 ਨੂੰ ਸੱਤ ਸਾਲ ਸਖ਼ਤ ਸਜ਼ਾ।
ਖਿਮਜੀ ਹੀਰਾ - ਸਜ਼ਾ ਭੁਗਤਣ ਉਪਰੰਤ ਹਿੰਦੋਸਤਾਨ ਵਾਪਸ ਆ ਗਿਆ ਅਤੇ ਬਹੁਤੀ ਜਾਣਕਾਰੀ ਨਹੀਂ
ਪਤਾ - ਜੂਨਾਗੜ੍ਹ ਕਾਠੀਆਵਾੜ੍ਹ (ਗੁਜਰਾਤ) - ਮਮਬਾਸਾ- ਤਰਖਾਣ- 5 ਜੁਲਾਈ 1915 ਨੂੰ 6
ਮਹੀਨੇ ਸਖ਼ਤ ਕੈਦ।(ਕੈਦ ਦੀ ਸਜ਼ਾ 3 ਮਹੀਨੇ ਕਰ ਦਿੱਤੀ)।
ਸਾਵਲੇ ਪੁੱਤਰ ਸ਼੍ਰੀ ਮਹਾਵ ਰਾਓ ਅਤੇ ਸ਼੍ਰੀਮਤੀ ਰਾਮਾ ਬਾਈ, ਰਿਚੇ ਰੋਡ, ਨੇੜੇ ਬਾਲਾ
ਹਨੂਮਾਨ, ਅਹਿਮਦਾਬਾਦ - ਮਮਬਾਸਾ, 4 ਦਸੰਬਰ 1915 ਨੂੰ ਫਾਂਸੀ ਦੀ ਸਜ਼ਾ ਹੋਈ ਜੋ 14 ਸਾਲ
ਸਖ਼ਤ ਕੈਦ ਵਿੱਚ ਬਦਲ ਦਿੱਤੀ।
ਲਾਲ ਚੰਦ ਪੁੱਤਰ ਸ਼੍ਰੀ ਜਵਾਹਰ ਰਾਮ, ਜਿਮੀਂਦਾਰ, ਗੋਂਦਪੁਰ ਜ਼ਿਲਾ ਹੁਸ਼ਿਆਰਪੁਰ, ਵੋਈ - 3
ਦਸੰਬਰ 1915 ਨੂੰ ਫਾਂਸੀ ਦੀ ਸਜ਼ਾ ਜੋ 10 ਸਾਲ ਸਖ਼ਤ ਕੈਦ ਚ ਬਦਲ ਦਿੱਤੀ।
ਲਾਲ ਚੰਦ ਦਾ ਫਾਂਸੀ ਤੋਂ ਬਚਣਾ ਵੀ ਇੱਕ ਇਤਫ਼ਾਕ ਹੀ ਸੀ।ਉਹਦੇ ਮੱਧਰੇ ਕੱਦ ਅਤੇ ਆਪਣੀ ਉਮਰ
ਤੋਂ ਛੋਟੀ ਲੱਗਦਾ ਹੋਣ ਕਰਕੇ ਡਾਕਟਰ ਸੌਡਨ ਸਕਾਚ ਨੂੰ ਉਹਦੀ ਉਮਰ ਬਾਰੇ ਰਾਏ ਦੇਣ ਲਈ ਕਿਹਾ
ਗਿਆ।ਸਿਰ ਨੂੰ ਸਰੋਂ ਦੇ ਤੇਲ ਨਾਲ ਚੌਪੜਿਆ ਹੋਣ ਕਰਕੇ ਲਾਲ ਚੰਦ ਦੇ ਵਾਲ ਹੇਠਾਂ ਨੂੰ ਬੈਠੇ
ਹੋਏ ਸਨ।ਡਾਕਟਰ ਨੇ ਕਿਹਾ ਕਿ ਇਹ 18 ਨਹੀਂ 17 ਸਾਲ ਦਾ ਲੱਗਦਾ ਹੈ।
ਉਮਾ ਸ਼ੰਕਰ ਗੇਲਾਭਾਈ ਪੁੱਤਰ ਸ਼੍ਰੀ ਗੇਲਾਭਾਈ ਬੇਚਾਰ ਅਤੇ ਸ਼੍ਰੀਮਤੀ ਪਾਰਬਤੀ ਬਾਈ ਗੇਲਾਭਾਈ -
ਬਖਸ਼ੀ ਸਟਰੀਟ, ਮੌਰਵੀ ਜ਼ਿਲਾ ਕਾਠੀਆਵਾੜ (ਗੁਜਰਾਤ) - ਮੋਮਬਾਸਾ- ਕਲਰਕ- 25 ਜੁਲਾਈ 1915
ਨੂੰ ਇੱਕ ਸਾਲ ਸਖ਼ਤ ਸਜ਼ਾ।
ਕੇਸ਼ਵ ਲਾਲ ਵੀ.ਦਵੇਦੀ ਪੁੱਤਰ ਸ੍ਰੀ ਵਜਰਾਮ ਵਿਸ਼ਵਰਥ ਅਤੇ ਮਾਤਾ ਪਾਰਬਤੀ ਬਾਈ ਵਜਰਾਮ, ਪਤਾ:
ਵਬੇਰਾਏ ਚਕਲੋ, ਉਮਰੇਥ,ਬੀ.ਬੀ. ਅਤੇ ਸੀ. ਆਈ ਰੇਲਵੇ ਲਾਈਨ ਕੈਰਾ ਜ਼ਿਲਾ ਬੰਬੇ ਪ੍ਰੈਜੀਡੈਂਸੀ
- ਮਮਬਾਸਾ ਹਾਈਕੋਰਟ ਚ ਚੀਫ਼ ਕਲਰਕ - 4 ਦਸੰਬਰ 1915 ਨੂੰ ਫਾਂਸੀ ਦੀ ਸਜ਼ਾ ਹੋਈ ਜੋ ਬਾਅਦ
ਵਿੱਚ ਘਟਾ ਕੇ 14 ਸਾਲ ਸਖ਼ਤ ਸਜ਼ਾ ਵਿੱਚ ਬਦਲ ਦਿੱਤੀ।
15. ਮੇਹਰ ਚੰਦ ਪੁਰੀ ਪੁੱਤਰ ਗੋਬਿੰਦ ਸਹਾਏ ਪੁਰੀ, ਹਵੇਲੀ ਪੁਰੀਆਂ, ਮੁਹੱਲਾ ਧਾਰੀਵਾਲ,
ਸਿਆਲਕੋਟ ਨੂੰ ਬ੍ਰਿਟਿਸ਼ ਈਸਟ ਅਫਰੀਕਾ ਚ ਹੜਤਾਲ ਚ ਹਿੱਸਾ ਲੈਣ ਕਰਕੇ ਦੇਸ਼ ਨਿਕਾਲਾ ਦੇ ਕੇ
ਹਿੰਦੋਸਤਾਨ ਭੇਜ ਦਿੱਤਾ ਸੀ।
ਲਾਲ ਚੰਦ ਦੇ ਮਿਸ਼ੀਗਨ (ਅਮਰੀਕਾ) ਚ ਰਹਿੰਦੇ ਪੁੱਤਰ ਰਿਟਾਇਰਡ ਪ੍ਰੋਫੈਸਰ ਵਿਸ਼ਵ ਸ਼ਰਮਾ ਵਲੋਂ
ਈਮੇਲ ਰਾਹੀ ਭੇਜੀ ਜਾਣਕਾਰੀ, ਜੋ ਕਿ ਲਾਲ ਚੰਦ ਦੀਆਂ ਲਿਖੀਆਂ ਯਾਦਾਂ ਹਨ, ਅਨੁਸਾਰ- ਉਸ
ਦਿਨ ਸੰਬੰਧਤ ਗਤੀਵਿਧੀਆਂ ਲਈ ਕੇਸ ਉਸੇ ਮਿਲਟਰੀ ਟ੍ਰਿਬਿਊਨਲ ਨੇ ਸੁਣਿਆ3ਦੋ ਜਾਂ ਤਿੰਨ
ਦਿਨਾਂ ਬਾਅਦ ਸਾਨੂੰ ਇੱਕ ਕਮਰੇ ਵਿੱਚ ਅਦਾਲਤ ਦਾ ਫੈਸਲਾ ਸੁਣਨ ਲਈ ਬੁਲਾਇਆ3ਕੇਸ਼ਵ ਲਾਲ,
ਸਾਵਲੇ, ਬਿਸ਼ਨ ਸਿੰਘ ਅਤੇ ਮੈਨੂੰ ਧੌਣ ਤੋਂ ਲਟਕਾ ਕੇ ਮਰਨ ਤੱਕ ਫਾਂਸੀ ਤੇ ਲਟਕਾਇਆ ਜਾਣਾ
ਸੀ, ਮੇਰੀ ਗਵਾਹੀ ਤੇ ਰਾਮਾਨੰਦ ਨਿਰਦੋਸ਼ ਸਾਬਤ ਹੋਇਆ। ਸਜ਼ਾ ਤੇ ਅਮਲ ਕਿਉਂ ਨਾ ਕੀਤਾ
ਜਾਵੇ, ਇਸ ਲਈ ਸਾਨੂੰ ਕੁਝ ਕਹਿਣ ਲਈ ਚੌਵੀ ਘੰਟਿਆਂ ਦਾ ਸਮਾਂ ਦਿੱਤਾ ਗਿਆ। ਅਗਲੇ ਦਿਨ ਮੈਂ
ਕਿਹਾ ਕਿ ਮੈਂ ਸਚਾਈ ਦੱਸ ਚੁੱਕਾ ਹਾਂ ਕਿ ਮੈਂ ਨਿਰਦੋਸ਼ ਹਾਂ ਅਤੇ ਹੋਰ ਕੁਝ ਵੀ ਨਹੀਂ ਕਹਿਣਾ
ਹੈ।ਅਗਲੀ ਸਵੇਰ ਚਾਰ ਵਜੇ ਸਵੇਰੇ ਭਰਤਪੁਰ ਰੈਜ਼ੀਮੈਂਟ ਵਾਲੇ ਸਾਨੂੰ ਰੇਲ ਗੱਡੀ ਚ ਮਮਬਾਸਾ
ਲੈ ਗਏ। ਸਿਪਾਹੀਆਂ ਨੇ ਮੇਰੇ ਸੁਲਤਾਨੀ ਗਵਾਹ ਨਾ ਬਣਨ ਦੇ ਹੌਸਲੇ ਦੀ ਦਾਦ ਦਿੱਤੀ (ਜਿਵੇਂ
ਮੁਲਤਾਨੀ ਲਾਲ ਵਰਮਾ ਬਣ ਗਿਆ ਸੀ)। ਹਰ ਸਟੇਸ਼ਨ ਤੇ ਸਾਨੂੰ ਸਥਾਨਕ ਹਿੰਦੋਸਤਾਨੀ ਮਿਲੇ,
ਸਾਨੂੰ ਭੋਜਨ ਖਾਣ ਲਈ ਦਿੱਤਾ ਅਤੇ ਸਾਡੇ ਭਿਆਨਕ ਅੰਤ ਤੇ ਹਮਦਰਦੀ ਜ਼ਾਹਰ ਕੀਤੀ। ਸਾਡੇ ਆਖਰੀ
ਮੁਕਾਮ ਮਮਬਾਸਾ ਚ ਹਿੰਦੋਸਤਾਨੀ ਭਰਾਵਾਂ ਨੇ ਸਾਡਾ ਸੁਆਗਤ ਕੀਤਾ ਅਤੇ ਮਿਲਟਰੀ ਐਸਕਾਰਟ ਨੇ
ਵੀ।
ਮੇਰੇ ਸਾਥੀ ਬਿਸ਼ਨ ਸਿੰਘ ਨੂੰ ਫੋਰਟ ਜੀਸਸ ਜੇਲ੍ਹ ਦੇ ਕਮਾਂਡੈਂਟ ਨੇ ਦੱਸਿਆ ਕਿ ਉਸਨੂੰ ਅਗਲੇ
ਦਿਨ ਸਵੇਰ ਨੂੰ ਫਾਂਸੀ ਲਾਇਆ ਜਾਣਾ ਹੈ।ਅਗਲੇ ਦਿਨ ਸੁਵੱਖਤੇ ਅੱਠ ਅੰਗਰੇਜ਼ ਸਿਪਾਹੀ ਸਾਡੀਆਂ
ਕੋਠੜੀਆਂ ਚ ਆਏ ਅਤੇ ਸਰਦਾਰ ਬਿਸ਼ਨ ਸਿੰਘ ਨੂੰ ਆਪਣੇ ਨਾਲ ਲੈ ਗਏ। ਬਿਸ਼ਨ ਸਿੰਘ ਨੂੰ ਮਮਬਾਸਾ
ਕਿਲ੍ਹੇ ਲਾਗਲੀ ਪੁਰਾਣੀ ਮਕਾਦਰਾ ਮਾਰਕਿਟ ਚ ਸ਼ਰੇਆਮ ਲੋਕਾਂ ਸਾਹਮਣੇ ਫਾਂਸੀ ਤੇ ਲਟਕਾ
ਦਿੱਤਾ। ਉਹ ਮੈਸਰਜ਼ ਰਾਮਾਨੰਦ/ਬੋਧਰਾਜ ਐਂਡ ਕੰਪਨੀ ਚ ਪੱਚੀ ਪ੍ਰਤੀਸ਼ਤ ਦਾ ਹਿੱਸੇਦਾਰ ਸੀ।
ਬਾਲੀ ਭਰਾਵਾਂ ਦੀ ਫਾਂਸੀ ਤੋਂ ਪਹਿਲਾ ਉਹਨਾਂ ਦੇ ਸਾਥੀਆਂ ਨੇ ਹਵਨ ਕੀਤਾ ਅਤੇ ਉਹਨਾਂ ਦੇ
ਮੱਥੇ ਤੇ ਟਿੱਕੇ ਲਗਾਏ। ਸ਼ਹੀਦ ਹੋਣ ਵਾਲੇ ਗ਼ਦਰੀ ਫਾਂਸੀ ਚੜ੍ਹਣ ਤੱਕ ਚੜਦੀ ਕਲਾ ਚ ਰਹੇ।
ਇੱਥੇ ਵਰਨਣਯੋਗ ਹੈ ਕਿ ਸੀ.ਪੀ.ਆਈ ਦੀ ਪ੍ਰਸਿੱਧ ਲੀਡਰ ਰਹੀ ਸ਼ੀਲਾ ਦੀਦੀ ਲਾਲ ਚੰਦ ਦੀ
ਸਪੁੱਤਰੀ ਸੀ।
ਹੁਣ ਤੱਕ ਪੂਰਬੀ ਅਫਰੀਕਾ ਦੀ ਗਦਰ ਲਹਿਰ ਦੇ ਅਰੰਭਿਕ ਦੌਰ ਬਾਰੇ ਇੱਕ ਇਤਿਹਾਸਕਾਰ ਦੇ ਲਿਖੇ
ਲੇਖ ਚ ਕੁਝ ਭੁਲੇਖੇ ਹਨ ਜਿਨ੍ਹਾਂ ਨੂੰ ਦੂਰ ਕਰਨਾ ਜਰੂਰੀ ਹੈ।ਈਸਟ ਅਫ਼ਰੀਕਾ ਚ ਗ਼ਦਰ ਲਹਿਰ
ਦੇ ਬੀਜ ਸੀਤਾ ਰਾਮ (ਗੁਰਦਾਸਪੁਰ) ਨੇ ਬੀਜੇ ਸਨ। ਸ਼ਹੀਦ ਬਿਸ਼ਨ ਸਿੰਘ ਬਸਤੀ ਗੁਜਾਂ ਦਾ ਵਸਨੀਕ
ਨਹੀਂ ਬਲਕਿ ਪਿੰਡ ਗਾਖਲ ਜ਼ਿਲਾ ਜਲੰਧਰ ਦਾ ਗਾਖਲ ਜੱਟ ਸੀ, ਜਿਹਨਾਂ ਦੀ ਅੱਲ ਸ਼ੀਂਹਮੱਲ ਹੈ।
ਗਾਖਲ ਪਿੰਡ ਜਾ ਕੇ ਪਤਾ ਕਰਨ ਤੇ ਬਹੁਤ ਹੈਰਾਨੀ ਹੋਈ ਕਿ ਪਰਿਵਾਰ ਅਤੇ ਪਿੰਡ ਵਾਲਿਆਂ ਨੂੰ
ਬਿਸ਼ਨ ਸਿੰਘ ਦੀ ਸਹੀਦੀ ਬਾਰੇ ਪਤਾ ਹੀ ਨਹੀਂ ਸੀ।ਜਸਵੀਰ ਸਿੰਘ ਸ਼ੀਰਾ, ਸਾਹਬੀ ਅਤੇ ਤੇਜਾ
ਸਿੰਘ ਗਾਖਲ ਦੇ ਸਹਿਯੋਗ ਨਾਲ ਸ਼ਹੀਦ ਬਿਸ਼ਨ ਸਿੰਘ ਦੇ ਵਾਰਸਾਂ ਦਾ ਪਤਾ ਲੱਗਾ। ਰਾਜਪਾਲ ਚੰਦੜ
ਰਾਹੀਂ ਗਾਖਲ ਸਰਕਲ ਦੇ ਪਟਵਾਰੀ ਗੋਪਾਲ ਕ੍ਰਿਸ਼ਨ ਨੇ ਸ਼ਹੀਦ ਦੇ ਪਰਿਵਾਰ ਦਾ ਸ਼ਜਰਾ ਤੇ ਹੋਰ
ਦਸਤਾਵੇਜ਼ ਖੁਸ਼ੀ-ਖੁਸ਼ੀ ਉਪਲੱਬਧ ਕਰਾਏ।ਸ਼ਹੀਦ ਬਿਸ਼ਨ ਸਿੰਘ ਦੇ ਪੜਪੋਤਰੇ ਤਜਿੰਦਰ ਸਿੰਘ ਗਾਖਲ
ਨਾਲ ਜਦੋਂ ਰਾਬਤਾ ਹੋਇਆ ਤਾਂ ਪਤਾ ਲੱਗਾ ਕਿ ਸ਼ਹੀਦ ਬਿਸ਼ਨ ਸਿੰਘ ਦੇ ਪੁੱਤਰ ਸ.ਬਸੰਤ ਸਿੰਘ
ਨੂੰ ਆਜ਼ਾਦ ਹਿੰਦ ਫੌਜ ਚ ਆਪਣੀ ਸਰਗਰਮ ਭੂਮਕਿਾ ਬਦਲੇ ਸਰਕਾਰ ਨੇ ਦੋ ਤਾਮਰ ਪੱਤਰ ਦੇ ਕੇ
ਸਨਮਾਨਤ ਕੀਤਾ ਸੀ। ਇਸ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਕਿਤਾਬ
ਪੰਜਾਬ ਫਰੀਡਮ ਫਾਈਟਰਜ਼-ਹੂਜ਼ ਹੂ ਭਾਗ ਪਹਿਲਾ ਦੇ ਪੰਨਾ 151 ਤੋਂ ਸ. ਬਸੰਤ ਸਿੰਘ ਬਾਰੇ
ਜਾਣਕਾਰੀ ਪ੍ਰਾਪਤ ਕੀਤੀ ਕਿ ਬਸੰਤ ਸਿੰਘ ਦਾ ਜਨਮ 1906 ਚ ਹੋਇਆ ਸੀ। ਸਿੰਘਾਪੁਰ ਚ ਡਰਾਈਵਰ
ਸੀ ਅਤੇ ਇੱਥੇ ਹੀ ਉਹ ਆਜ਼ਾਦ ਹਿੰਦ ਫੌਜ ਦੀ ਚਾਰ ਨੰਬਰ ਕੰਪਨੀ ਚ ਸਿਪਾਹੀ ਨੰਬਰ 59773 ਭਰਤੀ
ਹੋ ਕੇ ਦੇਸ਼ ਦੀ ਆਜ਼ਾਦੀ ਲਈ ਲੜੀ ਜਾ ਰਹੀ ਸਭ ਤੋਂ ਵੱਡੀ ਹਥਿਆਰਬੰਦ ਲੜਾਈ ਚ ਸ਼ਾਮਲ ਹੋ
ਗਿਆ।ਬਰਮਾ ਦੇ ਮੋਰਚੇ ਤੇ ਲੜਨ ਲਈ ਭੇਜਿਆ ਜਿੱਥੇ ਉਸਨੂੰ ਬਾਕੀ ਸਾਥੀਆਂ ਸਮੇਤ ਅਮਗਰੇਜਾਂ
ਨੇ ਯੁੱਧਬੰਦੀ ਬਣਾ ਲਿਆ।ਇੱਕ ਸਾਲ ਰੰਗੂਨ ਜੇਲ੍ਹ ਚ ਕੈਦ ਰੱਖਣ ਤੋਂ ਮਗਰੋਂ 1946 ਚ ਕਲਕੱਤੇ
ਲਿਆ ਕੇ ਰਿਹਾ ਕਰ ਦਿੱਤਾ।ਬਸੰਤ ਸਿੰਘ ਦੀ ਬੇਟੀ ਜਸਪਾਲ ਕੌਰ (ਪਤਨੀ ਸ.ਬਲਜਿੰਦਰ ਸਿੰਘ ਪਿੰਡ
ਬੋਪਾਰਾਏ, ਜਿਲ੍ਹਾ ਜਲੰਧਰ) ਨੇ ਦੱਸਿਆ ਕਿ ਸ. ਬਸੰਤ ਸਿੰਘ ਦਾ ਜਨਮ ਸ.ਬਿਸ਼ਨ ਸਿੰਘ ਦੇ
ਕੀਨੀਆ ਜਾਣ ਤੋਂ ਤਿੰਨ ਮਹੀਨੇ ਬਾਅਦ ਚ ਹੋਇਆ ਸੀ ਅਤੇ ਪਰਿਵਾਰ ਨੇ ਬਹੁਤ ਤੰਗੀਆਂ ਤਰੁਸ਼ੀਆਂ
ਤੇ ਮੁਸੀਬਤਾਂ ਦਾ ਸਾਹਮਣਾ ਕੀਤਾ ਪਰ ਹਮੇਸ਼ਾਂ ਅਡੋਲ ਰਹੇ।
ਯੁਗਾਂਤਰ ਹਾਊਸ, 49, ਟਾਵਰ ਟਾਊਨ,
ਟੀ.ਵੀ. ਟਾਵਰ ਦੇ ਪਿੱਛੇ, ਡਾਕ. ਖੁਰਲਾ,
ਜ਼ਿਲਾ ਜਲੰਧਰ- 144014
ਫੋਨ: 980398 0001, 75892 56092
-0-
|