ਲਿਓਨ ਤਰਾਤਸਕੀ - ਜੋਜਿਫ
ਸਟਾਲਿਨ ਵਿਚਾਲੇ ਲਗਪਗ ਇਕ ਸਦੀ ਪੁਰਾਣੇ ਝਗੜੇ ਦੇ ਬਹਾਨੇ ਇਕ ਗੈਰ ਰਸਮੀ ਖਤ ਪੰਜਾਬ
ਟਾਈਮਜ਼ ਦੇ ਪਾਠਕਾਂ, ਨਵੇਂ ਅਤੇ ਪੁਰਾਣੇ ਕਾਮਰੇਡ ਅਤੇ ਸਾਡੇ ਆਪਣੇ ਦਾਇਰੇ ਦੇ ਨੌਜਵਾਨ
ਮਿੱਤਰਾਂ ਦੇ ਨਾਂ।
ਪਿਆਰੇ ਮਿੱਤਰੋ
ਡਾ. ਅਮ੍ਰਿਤਪਾਲ ਨੇ 20ਵੀਂ ਸਦੀ ਦੇ ਇਸ ਮਹਾਂ ਵਿਵਾਦ ਨੂੰ ਨਵੇਂ ਸਿਰਿਓਂ ਵਿਚਾਰਨ ਅਤੇ
ਭਵਿੱਖ ਲਈ ਅਜੇ ਵੀ ਸਟਾਲਿਨੀ ਪੈਂਤੜਿਆਂ ਦੀ ਪ੍ਰਸੰਗਿਕਤਾ ਸਥਾਪਤ ਕਰਨ ਲਈ ਦੋ ਕੁ ਵਰ੍ਹੇ
ਪਹਿਲਾਂ ਬਹੁਤ ਹੀ ਜਾਨਦਾਰ ਲੇਖ ਲਿਖਿਆ ਸੀ। ਮੈਂ ਲੇਖ ਵਿਚ ਪ੍ਰਗਟਾਏ ਵਿਚਾਰਾਂ ਨਾਲ ਮੂਲੋਂ
ਹੀ ਸਹਿਮਤ ਨਹੀਂ ਸਾਂ ਪਰ ਮੈਂ ਅਜਿਹਾ ਸੰਜੀਦਾ ਅਤੇ ਨਿੱਗਰ ਲੇਖ ਲਿਖਣ ਲਈ ਉਸਨੂੰ ਵਧਾਈ
ਦਿੱਤੀ ਸੀ। ਉਸ ਸਮੇਂ ਤੋਂ ਹੀ ਮੈਂ ਆਪਣੇ ਭਰਾਵਾਂ ਵਰਗੇ ਮਿੱਤਰ ਅਤੇ ਪੰਜਾਬ ਟਾਈਮਜ਼ ਦੇ
ਬਾਨੀ ਸੰਪਾਦਕ ਅਮੋਲਕ ਸਿੰਘ ਉਪਰ ਇਸ ਅਤਿ ਅਹਿਮ ਲੇਖ ਨੂੰ ਸਪਤਾਹਿਕ ਅਖਬਾਰ ਵਿਚ ਪ੍ਰਕਾਸ਼ਤ
ਕਰਨ ਲਈ ਜ਼ੋਰ ਦਿੰਦਾ ਆ ਰਿਹਾ ਸਾਂ। ਪ੍ਰੰਤੂ ਅਮੋਲਕ ਸਿੰਘ ਦੀਆਂ ਆਪ ਦੀਆਂ ਮਜ਼ਬੂਰੀਆਂ ਸਨ।
ਇਕ ਤਾਂ ਉਸਦੀ ਕਿਸੇ ਕਿਸਮ ਦੀ ਸੱਜੇ ਜਾਂ ਖੱਬੇ ਪੱਖ ਦੀ ਰਾਜਨੀਤੀ ਵਿਚ ਦਿਲਚਸਪੀ ਕੋਈ ਨਹੀਂ
ਹੈ। ਦੂਸਰਾ, ਉਸਦਾ ਕਹਿਣਾ ਹੈ ਕਿ ਸੋਵੀਅਤ ਰੂਸ ਅਤੇ ਅਲਬਾਨੀਆਂ ਅਤੇ ਪੂਰਬੀ ਯੂਰਪ ਵਿਚ
ਕਾਮਰੇਡਾਂ ਦੇ ਵਿਸ਼ਾਲ ਸਿਰਾਜੇ ਤਾਸ਼ ਦੇ ਮਹਿਲ ਵਾਂਗੂ ਵੇਂਹਦਿਆਂ ਵੇਂਹਦਿਆਂ ਹੀ ਢਹਿ ਜਾਣ
ਅਤੇ ਫਰਾਂਸ ਅਤੇ ਇਟਲੀ ਸਮੇਤ ਅਨੇਕਾਂ ਦੇਸਾਂ ਅੰਦਰ ਕਮਿਊਨਿਸਟ ਪਾਰਟੀਆਂ ਆਪਣੇ ਦਫਤਰਾਂ ਦੇ
ਸ਼ਟਰ ਸੁੱਟ ਕੇ ਮੁਕਤ ਸਮਾਜ ਦੀ ਸਿਰਜਣਾ ਦੇ ਪ੍ਰਾਜੈਕਟ ਤੋਂ ਪਾਸੇ ਹੋ ਜਾਣ ਬਾਅਦ ਅਜਿਹੀ
ਆਰਕੇਕ ਕਿਸਮ ਦੀ ਬਹਿਸ ਨੂੰ ਪੜ੍ਹਨ ਜਾਂ ਇਸ ਪਾਸੇ ਵੱਲ ਨਿਗਾਹ ਵੀ ਮਾਰਨ ਦੀ ਅੱਜ ਦੇ
ਆਪੋਧਾਪੀ ਦੇ ਯੁੱਗ ਵਿਚ ਕਿਸੇ ਲਈ ਕੋਈ ਸਾਰਥਿਕਤਾ ਨਹੀਂ ਰਹੀ ਹੈ। ਅਮੋਲਕ ਸਿੰਘ ਦਾ ਪੱਕਾ
ਸਟੈਂਡ ਸੀ ਕਿ ਉਸਦੇ ਅਖਬਾਰ ਦੇ ਪਾਠਕਾਂ ਲਈ ਇਸ ਕਿਸਮ ਦੇ ਗੋਰਖ ਧੰਦੇ ਨੂੰ ਸਮਝਣ ਚ ਸਬਰ
ਜਾਂ ਰੁਚੀ ਨਹੀਂ ਹੋ ਸਕਦੀ। ਪਰ ਮੇਰੀ ਉਸਨੂੰ ਪੁਰਾਣੀ ਹੀ ਦਲੀਲ ਇਹ ਸੀ ਕਿ ਪੰਜਾਬੀ
ਟ੍ਰਿਬਿਊਨ ਵਿਚ ਸੁਤਿੰਦਰ ਨੂਰ, ਡਾ. ਗੁਰਭਗਤ ਸਿੰਘ ਜਾਂ ਤੇਜਵੰਤ ਗਿੱਲ ਵਰਗੇ ਚਿੰਤਕਾਂ ਦੇ
ਲੇਖ ਵੀ ਤਾਂ ਛਪਦੇ ਰਹੇ ਹਨ। ਉਨ੍ਹਾਂ ਨੂੰ ਭਲੇ ਹੀ ਮਹਿਜ 2ਗ਼ ਪਾਠਕ ਪੜ੍ਹਦੇ ਹੋਣਗੇ, ਪਰ ਉਹ
ਲੇਖ ਪੰਜਾਬੀ ਟ੍ਰਿਬਿਊਨ ਦੀ ਸ਼ਾਨ ਹੁੰਦੇ ਸਨ। ਅਜਿਹੇ ਗਿਣਤੀ ਦੇ ਪਾਠਕਾਂ ਦੀ ਇਕ ਆਪਣੀ
ਅਹਿਮੀਅਤ ਹੁੰਦੀ ਹੈ, ਹਰ ਗੱਲ ਨਫੇ ਨੁਕਸਾਨ ਦੀ ਤੱਕੜੀ ਚ ਪਾ ਕੇ ਨਹੀਂ ਤੁਲਦੀ ਹੁੰਦੀ।
ਗੱਲ ਇਨਸਾਨੀ ਜ਼ਿੰਦਗੀ ਦੇ ਕੇਂਦਰੀ ਸਰੋਕਾਰਾਂ ਦੀ ਹੈ ਅਤੇ ਅਜਿਹੇ ਸਰੋਕਾਰਾਂ ਵਿਚ ਦਿਲਚਸਪੀ
ਵਾਲੇ ਲੋਕ ਕਿਸੇ ਦੌਰ ਵਿਚ ਮਜ਼ਬੂਰੀ ਵਸ ਚੁੱਪ ਹੋ ਸਕਦੇ ਹਨ ਪਰ ਉਨ੍ਹਾਂ ਦੀ ਮੂਲ ਹਾਜ਼ਰੀ ਨੂੰ
ਨਜ਼ਰਅੰਦਾਜ਼ ਕੀਤਾ ਨਹੀਂ ਜਾ ਸਕਦਾ।
5-4 ਮਹੀਨੇ ਪਹਿਲਾਂ ਅਖੀਰ ਬਾਬਾ ਅਮੋਲਕ ਸਿੰਘ ਜੀ ਜਦੋਂ ਅਣਮੰਨੇ ਜਿਹੇ ਤੌਰ ਤੇ ਮੇਰੇ ਨਾਲ
ਡਾ. ਅਮ੍ਰਿਤਪਾਲ ਦਾ ਲੇਖ ਛਾਪਣ ਲਈ ਸਹਿਮਤ ਹੋ ਗਏ ਤਾਂ ਉਦੋਂ ਹੀ ਮੈਂ ਸਠਿਆਲੇ ਕਾਲਜ ਵਿਚ
ਆਪਣੀ ਚੜ੍ਹਦੀ ਉਮਰ ਦੇ ਦਿਨਾਂ ਦੇ ਵਡੇਰੇ ਦੋਸਤ ਮਾਸਟਰ ਬਘੇਲ ਸਿੰਘ ਬੱਲ ਨੂੰ ਡਾ.
ਅਮ੍ਰਿਤਪਾਲ ਦੇ ਲੇਖ ਦੇ ਜਵਾਬ ਦੀ ਤਿਆਰੀ ਕਰਨ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਮਾਸਟਰ ਜੀ
ਦਾ ਜਵਾਬੀ ਲੇਖ ਮਿਲ ਜਾਣ ਤੋਂ ਬਾਅਦ ਹੀ ਹੁਣ ਆ ਕੇ ਪੰਜਾਬ ਟਾਈਮਜ਼ ਵਿਚ ਅਮ੍ਰਿਤਪਾਲ ਦਾ
ਲੇਖ ਛਾਪਿਆ ਗਿਆ ਹੈ।
ਸਾਡਾ ਵਿਸ਼ਵਾਸ ਹੈ ਕਿ ਇਨਸਾਨੀ ਜ਼ਿੰਦਗੀ ਅੰਤਾਂ ਦੀ ਹੁਸੀਨ ਹੈ ਪ੍ਰ ਹਮੇਸ਼ਾਂ ਤੋਂ ਹੀ ਸੰਸਾਰ
ਵਿਚ ਦੁੱਖ ਅਤੇ ਭੁੱਖ ਇਤਨੀ ਜ਼ਿਆਦਾ ਵਿਆਪੀ ਰਹੀ ਹੈ ਕਿ ਇਸਨੇ ਜ਼ਿੰਦਗੀ ਦੀਆਂ ਸ਼ਾਨਾਂ ਨੂੰ
ਬੁਰੀ ਤਰ੍ਹਾਂ ਬਦਰੰਗ ਕਰੀ ਰੱਖਿਆ ਹੈ। ਸਦੀਆਂ ਤੋਂ ਭਗਵਾਨ ਬੁੱਧ, ਭਗਵਾਨ ਈਸਾ, ਪੈਗੰਬਰ
ਮੁਹੰਮਦ ਅਤੇ ਸੁਕਰਾਤ ਤੋਂ ਲੈ ਕੇ ਅਨੇਕਾਂ ਧਾਰਮਿਕ ਰਹਿਨੁਮਾਵਾਂ ਅਤੇ ਚਿੰਤਕਾਂ ਨੇ ਜ਼ਿੰਦਗੀ
ਦੇ ਅਰਥ ਅਤੇ ਦੁੱਖ ਦੀ ਵਜ੍ਹਾ ਸਮਝਣ ਸਮਝਾਉਣ ਲਈ ਆਪਣੇ ਆਪਣੇ ਦਾਅਵੇ ਕੀਤੇ ਹਨ। ਇਨ੍ਹਾਂ
ਬਜ਼ੁਰਗਾਂ ਦੇ ਪੈਰੋਕਾਰਾਂ ਨੇ ਧਰਤੀ ਤੇ ਸਵਰਗ ਉਤਾਰਨ ਲਈ ਜਿਥੇ ਜਿਥੇ ਅਤੇ ਜੋ ਜੋ ਵੀ
ਕੋਸ਼ਿਸ਼ਾਂ ਕੀਤੀਆਂ, ਜਿਸ ਕਿਸਮ ਦੇ ਰੰਗ ਲੱਗੇ, ਸਭਨਾਂ ਨੂੰ ਬੜੀ ਚੰਗੀ ਤਰ੍ਹਾਂ ਹੀ ਪਤਾ ਹੈ।
ਸਾਡਾ ਇਨ੍ਹਾਂ ਮਹਾਂਪੁਰਸ਼ਾਂ ਦੀਆਂ ਮਹਾਨ ਪ੍ਰਾਪਤੀਆਂ ਨੂੰ ਨਿਕਾਰਨ ਦਾ ਕਤਈ ਕੋਈ ਪ੍ਰਾਜੈਕਟ
ਨਹੀਂ ਹੈ। ਸਾਡਾ ਸਵਾਲ ਤਾਂ ਮਹਿਜ਼ ਇਤਨਾ ਹੈ ਕਿ ਸਵਰਗ ਕਿਧਰੇ ਵੀ ਘਰਤੀ ਤੇ ਅੱਜ ਤੱਕ ਕੋਈ
ਉਤਰੇ ਕਿਉਂ ਨਹੀਂ ਹਨ।
ਕਾਰਲ ਮਾਰਕਸ ਬਾਰੇ ਸਾਡਾ ਇਤਕਾਦ ਹੈ ਕਿ ਆਧੁਨਿਕ ਯੁੱਗ ਦਾ ਪ੍ਰੋਮੀਥੀਅਨ ਆਕਾਰ ਦਾ ਸਭ ਤੋਂ
ਵੱਡਾ ਚਿੰਤਕ ਸੀ। ਉਸਨੂੰ ਜ਼ਿੰਦਗੀ ਦੇ ਸੁਹੱਪਣ ਨਾਲ ਬੇਹੱਦ ਇਸ਼ਕ ਸੀ, ਸ਼ਾਇਦ ਕਿਸੇ ਰਾਂਝੇ
ਜਾਂ ਫਰਿਹਾਦ ਤੋਂ ਵੀ ਵਧੇਰੇ। ਉਸਨੇ ਆਪਣੇ ਪ੍ਰਾਜੈਕਟ ਦੀ ਸ਼ੁਰੂਆਤ ਇਸ ਐਲਾਨਨਾਮੇ ਨਾਲ ਕੀਤੀ
ਸੀ ਕਿ ਅੱਜ ਤੱਕ ਦੁਨੀਆਂ ਭਰ ਚ ਹੋਏ ਚਿੰਤਕਾਂ ਨੇ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ
ਹੈ, ਠੀਕ ਹੈ, ਪਰ ਲੋੜ ਕਿ ਇਸ ਨੂੰ ਬਦਲਿਆ ਕਿੰਝ ਜਾਵੇ।
ਮਾਰਕਸ ਦੇ ਇਸ ਚਿੰਤਨ ਨੂੰ ਅਮਲ ਵਿਚ ਉਤਾਰਨ ਲਈ ਵਲਾਦੀਮੀਰ ਇਲੀਅਚ ਲੈਨਿਨ ਨੇ ਜਿਸ ਹੌਂਸਲੇ
ਅਤੇ ਅਕੀਦਤ ਨਾਲ ਬੀੜਾ ਚੁੱਕਿਆ, ਉਸਦਾ ਪ੍ਰਾਜੈਕਟ ਅੰਤਿਮ ਨਤੀਜੇ ਦੇ ਤੌਰ ਤੇ ਸਫਲ ਹੋਇਆ
ਜਾਂ ਅਸਫਲ- ਉਸ ਸਾਹਸ ਅਤੇ ਜਜ਼ਬੇ ਦੀ ਕਹਾਣੀ ਵੀ ਰਹਿੰਦੀ ਦੁਨੀਆਂ ਤੱਕ ਆਪਣੇ ਆਪ ਵਿਚ ਇਕ
ਮਿਸਾਲ ਹੀ ਮੰਨੀ ਜਾਵੇਗੀ। ਭਾਰਤੀ ਮਿਥਿਹਾਸ ਦੇ ਨਾਇਕ ਪਰਸਰਾਮ ਨੇ ਜ਼ਾਲਮਾਂ ਦਾ ਨਾਸ ਕਰਨ ਲਈ
ਜਿਵੇਂ ਖੰਡਾ ਖਿੱਚਿਆ ਸੀ, ਕਾ. ਲੈਨਿਨ ਦੀਆਂ ਲਿਖਤਾਂ ਜਾਂ ਉਸ ਬਾਰੇ ਤੁਰੀਆਂ ਦੰਤ ਕਥਾਵਾਂ
ਨੂੰ ਪੜ੍ਹਦਿਆਂ ਵਿਚਾਰਦਿਆਂ ਵੀ ਮੈਨੂੰ ਉਸੇ ਤਰ੍ਹਾਂ ਦੀ ਭਾਵਨਾ ਸਦਾ ਹੀ ਨਜ਼ਰ ਆਉਂਦੀ ਰਹੀ
ਹੈ।
ਵਲਾਦੀਮੀਰ ਲੈਨਿਨ ਦਾ ਪ੍ਰਾਜੈਕਟ ਜਾਂ ਚਿੰਤਨ ਹਵਾ ਚੋਂ ਪੈਦਾ ਨਹੀਂ ਹੋਇਆ ਸੀ। ਉਸਦੇ
ਪਿੱਛੇ ਰੂਸੀ ਅਵਾਮ ਦਾ ਪੂਰੇ ਹਜ਼ਾਰ ਸਾਲ ਦਾ ਗੁੱਸਾ ਸੀ, ਜਿਵੇਂ ਕਿ ਉਹ ਜ਼ੁਲਮਕਾਰਾਂ ਅਤੇ
ਜਗੀਰਦਾਰਾਂ ਤੋਂ ਅਣਮਨੁੱਖੀ ਬੇਰਹਿਮੀ ਨਾਲ ਕੁਟੀਂਦਾ ਰਿਹਾ ਸੀ। ਲੈਨਿਨੀ ਚਿੰਤਨ ਦੇ ਪਿੱਛੇ
ਅਲੈਗਜੈਂਡਰ ਹਰਜਰ, ਬੈਲਿੰਸਕੀ ਚਰਨੀਸਵੇਸਕੀ ਨੇਂਹਵਾਦੀ ਚਿੰਤਨ ਦਾ ਪਿਤਾਮਾ ਪਿਸਾਰੇਵ
ਪਲੈਖਾਨੋਵ ਵਰਗੇ ਦਿਓਕਦ ਚਿੰਤਕ ਅਤੇ ਉਨ੍ਹਾਂ ਦੇ ਨਾਲ ਹੀ ਪੁਸ਼ਕਿਨ ਲਿਓ ਟਾਲਸਟਾਏ,
ਤੁਰਗਨੇਵ, ਅੰਤਨੇ ਚੈਖੋਵ ਅਤੇ ਫਿਓਦਰੋ ਦਾਸਤੋਵਸਕੀ ਵਰਗੇ ਮਹਾਨ ਕਲਾਕਾਰ ਖੜ੍ਹੇ ਸਨ ਜੋ
ਜ਼ਿੰਦਗੀ ਦੇ ਹੁਸਨ ਦੇ ਸ਼ਦਾਈ ਸਨ, ਮਹਾਨ ਢਾਡੀ ਸਨ- ਜਿਨ੍ਹਾਂ ਨੂੰ ਜਦੋਂ ਵੀ ਪੜ੍ਹੀਏ,
ਉਨ੍ਹਾਂ ਦੇ ਜਜ਼ਬੇ ਦੀ ਪਾਕਿਜ਼ਗੀ ਜਾਂ ਅਜ਼ਮਤ ਅੱਗੇ ਸਿਰ ਸਦਾ ਹੀ ਝੁਕ ਜਾਂਦਾ ਹੈ।
ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਵਿਤ ਅਨੁਸਾਰ ਇਨ੍ਹਾਂ ਚਿੰਤਕਾਂ ਦੇ ਸਰੋਕਾਰਾਂ ਨੂੰ ਸਮਝਣ
ਦਾ ਯਤਨ ਕੀਤਾ ਹੈ ਅਤੇ ਮੈਨੂੰ ਅੱਜ ਤੱਕ ਹਰਜਨ, ਬੈਲਿੰਸਕੀ, ਚਰਨੀਸ਼ਵੇਸਕੀ ਤੋਂ ਵੱਡਾ ਕੋਈ
ਸੰਤ ਨਜ਼ਰੀਂ ਹੀਂ ਆਇਆ। ਆਪਣੇ ਬਹੁਤ ਹੀ ਨਿਰਮਲ ਕਿਸਮ ਦੇ ਉਸਤਾਦ ਗੁਰਦੀਪ ਦੇਹਰਾਦੂਨ ਨੂੰ
ਮੈਂ ਸੰਨ 1970 ਚ ਉਨ੍ਹਾਂ ਦੇ ਘਰੇ ਰੇਸ਼ਮ ਮਾਜਰੀ ਜਾ ਕੇ ਜਦੋਂ ਪਹਿਲੀ ਵਾਰ ਪੁੱਜ ਕੇ
ਮਿਲਿਆ ਤਾਂ ਮੈਨੂੰ ਯਾਦ ਹੈ ਕਿ ਰਾਤ ਨੂੰ ਦਾਰੂ ਦਾ ਪਹਿਲਾ ਪੈੱਗ ਮੇਰੇ ਹੱਥ ਸੌਂਪਦਿਆਂ ਉਨ
ਮੈਨੂੰ ਇਹੋ ਪੁੱਛਿਆ ਸੀ ਕਿ ਬੱਲ ਤੂੰ ਰਸ਼ੀਆ ਦੇ ਇਨ੍ਹਾਂ ਤਿੰਨਾਂ ਬਾਬਿਆਂ ਚੋਂ ਕਿਸੇ ਨੂੰ
ਪੜ੍ਹਿਆ ਹੈ ਜਾਂ ਨਹੀਂ। ਸਖਸ਼ੀਅਤ, ਸੁਹਜ ਸਵਾਦ ਜਾਂ ਕਦਰਾਂ ਬਾਰੇ ਅਕਸਰ ਹੀ ਬਾਹਲੇ ਨੁਕਤਿਆਂ
ਤੇ ਜ਼ਮੀਨ ਅਸਮਾਨ ਜਿਤਨਾ ਫਰਕ ਹੋਣ ਦੇ ਬਾਵਜੂਦ ਅੱਜ ਦੇ ਦਿਨ ਤੱਕ ਵੀ ਉਹ ਮੇਰੇ ਸਭ ਤੋਂ
ਵੱਧ ਸਤਿਕਾਰਤ ਮਿੱਤਰ ਹਨ ਅਤੇ ਮੈਨੂੰ ਉਨ੍ਹਾਂ ਨਾਲ ਨੇੜਤਾ ਦਾ ਬਹੁਤ ਵੱਡਾ ਮਾਣ ਹੈ ਬਲਕਿ
ਮੇਰੀ ਤਾਂ ਸ਼ਾਇਦ ਸਾਰੀ ਪੂੰਜੀ ਹੀ ਅਜਿਹੇ ਚੰਦ ਇਕ ਰਿਸ਼ਤਿਆਂ ਨੂੰ ਨਿਭਾ ਜਾਣ ਦੀ ਸਮਰੱਥਾ
ਵਿਚ ਹੀ ਹੈ।
ਰਵਾਇਤ ਅਤੇ ਸਮਕਾਲਤਾ ਜਾਂ ਆਧੁਨਿਕਤਾ ਦੀ ਘੋਰ ਜੰਗ ਹਰ ਸਮਾਜ ਵਿਚ ਇਤਿਹਾਸ ਦੇ ਹਰ ਪੜਾਅ
ਉਪਰ ਸਦਾ ਹੀ ਚਲਦੀ ਰਹੀ ਹੈ। ਪ੍ਰੰਤੂ ਜਿਸ ਸ਼ਿੱਦਤ ਨਾਲ ਇਹ ਜੰਗ 19ਵੀਂ ਸਦੀ ਦੇ ਰੂਸ ਵਿਚ
ਲੜੀ ਗਈ ਉਸਦੀ ਹੋਰ ਕਿਧਰੇ ਕੋਈ ਉਦਾਹਰਨ ਨਹੀਂ ਹੈ। ਇਹ ਜੰਗ ਆਪਣੇ ਤਾਰਕਿਕ ਸਿਖਰ ਤੇ
ਨਿਕੋਲਾਈ ਚਰਨੀਸ਼ਵੇਸਕੀ ਅਤੇ ਦਿਓਦਰੋ ਦਾਸਤੋਵਸਕੀ ਦੀਆਂ ਵਿਚਾਰਧਾਰਾਵਾਂ ਵਿਚ ਪੁੱਜੀ ਸੀ।
ਚਰਨੀਸ਼ਵੇਸਕੀ ਨੇ ਕੀ ਕਰਨਾ ਲੋੜੀਏ ਦੇ ਸਿਰਲੇਖ ਹੇਠਲੇ ਆਪਣੇ ਉਘੇ ਵਿਚਾਰਧਾਰਕ ਨਾਵਲ ਵਿਚ
ਰੂਸ ਦੇ ਭਵਿੱਖੀ ਨੌਜਵਾਨ ਇਨਕਲਾਬੀਆਂ ਦੀ ਪੀੜ੍ਹੀ ਲਈ ਐਕਸ਼ਨ ਦਾ ਏਜੰਡਾ ਤੈਅ ਕਰ ਦਿੱਤਾ ਸੀ।
ਹੈਰਾਨੀ ਦੀ ਗੱਲ ਨਹੀਂ ਹੈ ਕਿ ਕਾ. ਲੈਨਿਨ ਦੀ ਇਹ ਸਭ ਤੋਂ ਵੱਧ ਮਨਭਾਉਂਦੀ ਪੁਸਤਕ ਸੀ ਅਤੇ
ਇਸ ਬਾਰੇ ਵਿਰੋਧੀਆਂ ਅਤੇ ਹਮਾਇਤੀਆਂ ਵਿਚ ਅੱਜ ਤੱਕ ਵੀ ਦੰਤ-ਕਥਾਵਾਂ ਅਤੇ ਲਤੀਫੇ ਪ੍ਰਚਲਿਤ
ਹਨ ਕਿ ਪਤਾ ਹੀ ਨਹੀਂ ਕਿ ਉਨ੍ਹਾਂ ਦੀ ਇਹ ਕਿਤਾਬ ਕਿਤਨੀ ਕੁ ਵਾਰ ਪੜ੍ਹੀ ਅਤੇ ਵਿਚਾਰੀ ਹੋਈ
ਸੀ। ਦੂਸਰੇ ਪਾਸੇ ਮਹਾਨ ਦਾਸਤੋਵਸਕੀ ਚਰਨੀਸ਼ਵੇਸਕੀ ਦਾ ਗੁਰਜਧਾਰੀ ਵਿਰੋਧੀ ਸੀ। ਉਸਦਾ
ਵਿਸ਼ਵਾਸ ਸੀ ਕਿ ਇਹ ਅਤਿ ਖਤਰਨਾਕ ਕਿਤਾਬ ਰਵਾਇਤੀ ਇਖਲਾਕੀ ਕਦਰਾਂ ਕੀਮਤਾਂ ਦੀਆਂ ਜੜ੍ਹਾਂ
ਉਧੇੜ ਦੇਵੇਗੀ। ਰੂਸੀ ਨੌਜਵਾਨਾਂ ਨੂੰ ਪੁੱਠੇ ਰਾਹ ਪਾਵੇਗੀ ਅਤੇ ਉਨ੍ਹਾਂ ਦਾ ਬੇੜਾ ਗਰਕ ਕਰ
ਦੇਵੇਗੀ। ਚਰਨੀਸ਼ਵੇਸਕੀ ਦਾ ਨਾਵਲ ਛਪਦਿਆਂ ਹੀ ਦਾਸਤੋਵਸਕੀ ਨੇ ਇਸਦੇ ਵਿਰੋਧ ਵਿਚ ਆਪਣਾ
ਹਾਊਸ ਆਫ ਦਾ ਡੈੱਡ ਅਹਿਮ ਵਿਚਾਰਧਾਰਕ ਨਾਵਲ ਲਿਖ ਦਿੱਤਾ ਸੀ। ਇਥੇ ਇਕ ਹੋਰ ਕਮਾਲ ਦੀ
ਕਹਾਣੀ ਇਹ ਵੀ ਹੈ ਕਿ ਖੁਦ ਉਹ ਪੁਰਾਤਨੀ ਇਸਾਈ ਵਿਚਾਰਧਾਰਾ ਦਾ ਕੱਟੜ ਅਨੁਆਈ ਸੀ ਅਤੇ ਜੁਰਮ
ਅਤੇ ਸਜਾ ਨਾਂ ਦੇ ਉਸਦੇ ਪਹਿਲੇ ਜਗਤ ਪ੍ਰਸਿੱਧ ਨਾਵਲ ਦੇ ਸਭ ਪਾਠਕ ਜਾਣਦੇ ਹੀ ਹਨ ਕਿ ਉਹ
ਮਨੁੱਖ ਦੇ ਹਰ ਸੰਤਾਪ ਦਾ ਦਾਰੂ ਇਸੇ ਵਿਚਾਰਧਾਰਾ ਵਿਚ ਨਿਹਤ ਮੰਨਦਾ ਸੀ। ਸਥਿਤੀ ਦਾ ਵਿਅੰਗ
ਹੈ ਕਿ 19ਵੀਂ ਸਦੀ ਦਾ ਦਾਸਤੋਵਸਕੀ ਜਿਤਨਾ ਚਰਚਿਤ ਹੀ ਇਕ ਹੋਰ ਜਗਤ ਪ੍ਰਸਿੱਧ ਮਹਾਨ ਚਿੰਤਕ
ਫਰੈਡਰਿਕ ਨੀਟਸੇ ਹਰ ਤਰ੍ਹਾਂ ਦੀ ਇਸਾਈ ਵਿਚਾਰਧਾਰਾ ਨੂੰ ਤਾਂ ਇਨਸਾਨੀ ਹੁਸਨ ਦੀ ਵੈਰਨ ਮਨਦਾ
ਸੀ ਪ੍ਰੰਤੂ ਇਸ ਨਾਵਲ ਨੂੰ ਪੜ੍ਹ ਕੇ ਉਹ ਇਨਸਾਨੀ ਜੀਵਨ ਬਾਰੇ ਦਾਸਤੋਵਸਕੀ ਦੀ ਡੂੰਘੀ ਨੀਝ
ਦਾ ਸਿੱਕ ਮੰਨਦਿਆਂ ਲੰਮਾ ਸਮਾਂ ਨਤਮਸਤਕ ਹੋਇਆ ਰਿਹਾ ਸੀ। ਲੌਕਿਕ ਅਰਥਾਂ ਵਿਚ ਇਨਸਾਨੀ ਆਤਮਾ
ਦੀ ਸੁੰਦਰਤਾ ਸਾਡੇ ਸੁਤੰਤਰਤਾ ਨਾਲ ਅਜਿਹੇ ਸੂਖਮ ਸਰੋਕਾਰ ਵਾਲਾ ਚਿੰਤਕ ਹੋਰ ਕੋਈ ਇਸ
ਕਾਇਨਾਤ ਵਿਚ- ਮੇਰਾ ਕਹਿਣ ਨੂੰ ਜੀਅ ਕਰਦਾ ਹੈ ਕਿ ਅੱਜ ਤੱਕ ਹੋਰ ਕੋਈ ਸ਼ਾਇਦ ਪੈਦਾ ਨਹੀਂ
ਹੋਇਆ ਪ੍ਰੰਤੂ ਜ਼ਿੰਦਗੀ ਦੇ ਅਜਿਹੇ ਸੁਹੱਪਣ ਦੀ ਰਾਖੀ ਦੀ ਜਾਮਨੀ ਕਿੰਝ ਹੋਵੇ- ਇਨ੍ਹਾਂ
ਮਾਊਂਟ ਐਵਰੈਸਟ ਦੀ ਚੋਟੀ ਤੋਂ ਵੀ ਉਚੇ ਉਚੇ ਕੱਦਾਂ ਦੇ ਇਕ ਆਸਤਿ ਅਤੇ ਦੂਜਾ ਨਾਸਤਿਕ-
ਦੋਵਾਂ ਮਹਾਂ ਚਿੰਤਕਾਂ ਕੋਲ ਹੀ ਕੋਈ ਤੋੜ ਨਹੀਂ ਸੀ। ਸ਼ਕਤੀ ਦਾ ਜੋ ਮਾਰਗ ਸੰਤ ਦਾਸਤੋਵਸਕੀ
ਜੁਰਮ ਤੇ ਸਜਾ ਦੇ ਨਾਇਕ ਰਸਕੋਲਨੀਕੋਵ ਜਾਂ ਨਾਵਲ ਦੀ ਨਾਇਕਾ ਸੋਨੀਆ ਦੇ ਕਿਰਦਾਰਾਂ ਰਾਹੀਂ
ਪ੍ਰਸਤੁਤ ਕਰਦਾ ਹੈ- ਉਸਦੇ ਅਨੇਕਾਂ ਆਯਾਮ ਹਨ ਜਿਨ੍ਹਾਂ ਤੇ ਆਦਮੀ ਧੰਨ ਹੋ ਜਾਂਦਾ ਹੈ- ਪਰ
ਅੰਤਿਮ ਨਤੀਜੇ ਦੇ ਤੌਰ ਤੇ 16ਵੀਂ, 17ਵੀਂ, 18ਵੀਂ ਜਾਂ 19ਵੀਂ ਸਦੀ ਦੇ ਅੰਤ ਤੱਕ ਜਿਸ
ਕਿਸਮ ਦੇ ਬਦਕਾਰ ਜਗੀਰਵਾਦੀ ਜੁਲਮ ਦਾ ਉਥੋਂ ਦਾ ਆਵਾਮ ਸ਼ਿਕਾਰ ਸੀ- ਉਸਦਾ ਨਾਵਲ ਵਿਚ ਸੁਝਾਏ
ਰਸਤੇ ਵਿਚ ਕੋਈ ਬਾਤ ਨਹੀਂ ਸੀ ਬਲਕਿ ਉਸ ਤੇ ਤਾਂ ਰੋਇਆ ਹੀ ਜਾ ਸਕਦਾ ਸੀ। ਇਵੇਂ ਹੀ ਨੀਟਸੇ
ਵੀ ਕਤਈ ਤੌਰ ਤੇ ਨਾਜੀਆਂ ਦਾ ਮਸੀਹਾ ਨਹੀਂ ਸੀ ਬਲਕਿ ਉਸ ਦੀਆਂ ਸਭ ਕਿਤਾਬਾਂ ਦੀ ਇਕ ਇਕ ਸਤਰ
ਦੀਆਂ ਤੈਹਾਂ ਵਿਚ ਹਿਟਲਰਸ਼ਾਹ ਦ੍ਰਿੰਦਗੀ ਦਾ ਵਿਰੋਧ ਸਮਾਇਆ ਹੋਇਆ ਸਹਿਜੇ ਹੀ ਸਾਫ ਤੌਰ ਤੇ
ਮਹਿਸੂਸ ਕੀਤਾ ਜਾ ਸਕਦਾ ਹੈ। ਪ੍ਰੰਤੂ ਇਹ ਬਹੁਤ ਵੱਡਾ ਦੁਖਾਂਤ ਸੀ ਕਿ ਨਾਜ਼ੀ ਰਜ਼ਾਕਾਰਾਂ ਅਤੇ
ਉਨ੍ਹਾਂ ਦੇ ਸਮਰਥਕ ਚਿੰਤਕਾਂ ਨੇ ਨੀਟਸੇ ਦੇ ਸੂਖਮ ਚਿੰਤਨ ਦੀ ਆਪਦੇ ਇਨਸਾਨ ਦੁਸ਼ਮਣ
ਮਨਸੂਬਿਆਂ ਦੀ ਪੂਰਤੀ ਖਾਤਰ ਬੜੇ ਅਰਾਮ ਨਾਲ ਹੀ ਦੁਰਵਰਤੋਂ ਕਰ ਲੈਣ ਵਿਚ ਸਫਲ ਰਹੇ।। ਵਾਲਟਰ
ਕਫਮੈਨ ਨੇ ਅੱਜ ਤੋਂ 60 ਸਾਲ ਪਹਿਲਾਂ ਨੀਟਸੇ ਬਾਰੇ ਲਿਖੀ ਆਪਣੀ ਅਹਿਮ ਕਿਤਾਬ ਵਿਚ ਇਹ
ਕਹਾਣੀ ਬਹੁਤ ਹੀ ਜਚਣਹਾਰ ਤਰੀਕੇ ਨਾਲ ਸਮਝਾਈ ਹੋਈ ਹੈ। ਉਸ ਤੋਂ ਪਹਿਲਾਂ ਕਾਰਲ ਜੈਸਪਰਸ ਅਤੇ
ਉਸ ਤੋਂ ਬਾਅਦ ਡੇਲੀਊਸ਼ ਮਿਸ਼ੇਲ ਫੂਕੋ, ਯਾਕ ਦੈਰਿਦਾ ਅਤੇ ਕੋਈ ਲੇਖਾ ਹੀ ਨਹੀਂ ਹੈ ਕਿ ਹੋਰ
ਕਿਤਨੇ ਮਹਾਂ ਚਿੰਤਕ ਨਾਜ਼ੀਆਂ ਦੇ ਉਸ ਘਿਨਾਉਣੇ ਪਾਪ ਦੀ ਵਿਸਥਾਰਤ ਨਿਰਖ ਪਰਖ ਕਰ ਚੁੱਕੇ ਹੋਏ
ਹਨ।
ਸਾਡੀ ਨਜ਼ਰੇ ਕਾਰਨ ਇਸਦਾ ਇਹ ਸੀ ਕਿ ਦਾਸਤੋਵਸਕੀ ਤੇ ਨੀਟਸੇ ਇਨਸਾਨੀ ਜੀਵਨ ਦੀਆਂ ਸ਼ਾਨਾਂ ਅਤੇ
ਸੰਭਾਵਨਾਵਾਂ ਦੇ ਮਹਾਂਕਵੀ ਸਨ- ਪ੍ਰੰਤੂ ਇਹ ਸ਼ਾਨਾ ਸਲਾਮਤ ਕਿਵੇਂ ਰਹਿਣ, ਉਹ ਸਮਾਜ ਕਿੰਝ
ਬਣੇ- ਉਸ ਮੂਲ ਮੁੱਦੇ ਦਾ ਨਾ ਉਨ੍ਹਾਂ ਨੂੰ ਕੋਈ ਇਲਮ ਸੀ ਅਤੇ ਨਾ ਹੀ ਉਨ੍ਹਾਂ ਦਾ ਅਜਿਹੇ
ਕਿਸੇ ਪ੍ਰਾਜੈਕਟ ਨਾਲ ਕੋਈ ਵਾਹ ਵਾਸਤਾ ਹੀ ਸੀ।
... ਅਤੇ ਸਾਡਾ ਵਿਸ਼ਵਾਸ ਇਹ ਹੈ ਕਿ ਕਾਰਲ ਮਾਰਕਸ ਦੇ ਚਿੰਤਨ ਦਾ ਕੇਂਦਰੀ ਸਰੋਕਾਰ ਹੀ ਇਹ
ਮੁੱਦਾ ਸੀ। ਬਾਬੇ ਨੂੰ ਇਸ ਪਹਿਲੂ ਦੀ ਅਜਿਹੀ ਡੂੰਘੀ ਸੂਝ ਸੀ ਕਿ ਆਦਮੀ ਅੱਜ ਵੀ ਉਸ ਦੀਆਂ
ਕਿਰਤਾਂ ਦੀ ਇਕ ਇਕ ਸਤਰ ਪੜ੍ਹ ਕੇ ਧੰਨ ਹੋ ਜਾਂਦਾ ਹੈ। ਉਸਨੂੰ ਅਜਿਹੇ ਚਿੰਤਨ ਨੂੰ ਅਮਲ ਵਿਚ
ਉਤਾਰਨ ਲਈ ਲੈਨਿਨ ਵਰਗਾ ਮੁਹਿੰਮਬਾਜ ਵੀ ਮਿਲ ਗਿਆ- ਪ੍ਰੰਤੂ ਅਸੀਂ ਤਾਂ ਇਹ ਸਮਝਣਾ ਚਾਹੁੰਦੇ
ਹਾਂ ਕਿ ਰੂਸ ਵਿਚ ਸਾਡੀ ਜੱਦੋਜਹਿਦ ਦੇ ਬਾਵਜੂਦ ਵੀ ਗੱਲ ਕਿਉੁਂ ਨਾ ਬਣੀ। ਸਟਾਲਿਨ ਵੁਥੇ
ਮਾਰਕਸ ਦੇ ਖੁਆਬ ਨਾਲ ਖਿਲਵਾੜ ਕਰਨ ਵਿਚ ਸਹਿਜੇ ਹੀ ਸਫਲ ਕਿੰਝ ਹੋ ਗਿਆ।
ਪਰ 20ਵੀਂ ਸਦੀ ਵਿਚ ਇਨਸਾਨੀ ਜ਼ਿੰਦਗੀ ਅਮਲ ਵਿਚ ਸੰਵਰ ਕਿੰਝ ਸਕੇ, ਉਸਦਾ ਦਾਸਤੋਵਸਕੀ ਜਾਂ
ਨੀਟਸੇ, ਦੋਵਾਂ ਧੁਨੰਤਰ ਰਿਸ਼ੀਆਂ ਦੇ ਚਿੰਤਨ ਵਿਚ ਹੀ ਕੋਈ ਤੋੜ ਨਹੀਂ ਸੀ। ਰੂਸ ਵਿਚ ਕਾ.
ਲੈਨਿਨ ਦੇ ਸਿਰ ਸਿਹਰਾ ਹੈ ਕਿ ਉਸਨੇ ਮਾਰਕਸੀ ਚਿੰਤਨ ਦੀ ਰਹਿਨੁਮਾਈ ਹੇਠ ਜੀਵਨ ਦੋਖੀ
ਮੱਧਯੁਗੀ ਤਾਕਤ ਦੇ ਰਿਸ਼ਤਿਆਂ ਨੂੰ ਨੇਸਤੋ ਨਾਬੂਦ ਕਰਨ ਵਿਚ ਤਾਂ ਹੈਰਾਨੀਜਨਕ ਅੰਤਰ ਦ੍ਰਿਸ਼ਟੀ
ਦਾ ਪ੍ਰਦਰਸ਼ਨ ਕੀਤਾ ਪ੍ਰੰਤੂ ਸਥਿਤੀ ਦੇ ਮਹਾਂ ਵਿਰੋਧਾਭਾਸ ਹੀ ਕਿਹਾ ਜਾਵੇਗਾ ਕਿ ਰੂਸੀ
ਇਨਕਲਾਬ ਦੀਆਂ ਪ੍ਰਾਪਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਰਦਿਆਂ ਆਪਣੀ ਅਚਾਨਕ, ਬੇਵਕਤ
ਮੌਤ ਤੱਕ, ਸਿੱਧੇ ਅਸਿੱਧੇ ਤੌਰ ਤੇ ਸਟਾਲਿਨ ਦੇ ਰੂਪ ਵਿਚ ਆਪਣੇ ਇਕ ਅਜਿਹੇ ਚੇਲੇ ਲਈ
ਮੈਦਾਨ ਸਾਫ ਕਰ ਗਿਆ ਜਿਸਨੇ ਕਿ ਲੈਨਿਨ ਅਤੇ ਕਾਰਲ ਮਾਰਕਸ ਦੀਆਂ ਵਿਚਾਰਧਾਰਵਾਂ ਦੀਆਂ ਨਾ
ਕੇਵਲ ਧੱਜੀਆਂ ਹੀ ਉਡਾ ਦੇਣੀਆਂ ਸਨ ਬਲਕਿ ਇਨਸਾਨੀ ਕਦਰਾਂ ਦਾ ਅਜਿਹੀ ਬੇਕਿਰਕੀ ਨਾਲ ਹਨਨ
ਕਰਨਾ ਸੀ ਕਿ ਰਹਿੰਦੀ ਦੁਨੀਆਂ ਤੱਕ ਪੜ੍ਹਨ ਸੁਣਨ ਵਾਲੇ ਕਿਸੇ ਵੀ ਬਾਜ਼ਮੀਰ ਆਦਮੀ ਦੀ ਆਤਮਾ
ਨੂੰ ਕਾਂਬੇ ਚੜ੍ਹ ਜਾਵਣ। ... ਤੇ ਫਿਰ ਇਹ ਭਾਣਾ ਵੀ ਉਸ ਸਮੇਂ ਵਾਪਰਿਆ ਜਦੋਂ ਕਾ. ਲੈਨਿਨ
ਕੋਲ ਲਿਓਨ ਟਰਾਟਸਕੀ ਵਰਗਾ -ਸੰਤ ਸਿਪਾਹੀ, ਯੋਧਾ ਚਿੰਤਕ ਅਤੇ ਨਿਰਮਲ ਸਖਸ਼ੀਅਤ ਵਾਲਾ ਸਖਸ਼
ਬਦਲ ਦੇ ਰੂਪ ਵਿਚ ਮੌਜੂਦ ਸੀ।
ਮੁਆਫ ਕਰਨਾ ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਪਾਠਕਾਂ ਨਾਲ ਆਪਣੀ ਨਿੱਜੀ ਜ਼ਿੰਦਗੀ
ਦੇ ਕੁਝ ਪਹਿਲੂ ਸਾਂਝੇ ਕਰਨਾ ਚਾਹੁੰਦਾ ਹਾਂ। ਜੱਟ ਸਿੱਖ ਘਰ ਚ ਜੰਮ ਪੈਣ ਕਰਕੇ ਵੱਡੇ ਭਾਈ
ਵਰਿਆਮ ਸੰਧੂ ਵਾਂਗ ਮੈਂ ਵੀ 12-13 ਵਰ੍ਹਿਆਂ ਦੀ ਉਮਰ ਤੱਕ ਸੋਹਣ ਸਿੰਘ ਸੀਤਲ ਦੀਆਂ
ਰਚਨਾਵਾਂ ਦੇ ਨਾਲ ਨਾਲ ਕਰਤਾਰ ਸਿੰਘ ਕਲਾਸਵਾਲੀਏ ਦਾ ਬੰਦਾ ਬਹਾਦਰ ਅਤੇ ਬਾਬਾ ਪ੍ਰੇਮ
ਸਿੰਘ ਹੋਤੀ ਦਾ ਹਰੀ ਸਿੰਘ ਨਲੂਆ ਨਾਂ ਦੀਆਂ ਕਿਤਾਬਾਂ ਪੜ੍ਹ ਲਈਆਂ ਹੋਈਆਂ ਸਨ। ਮੇਰੇ ਤੇ
ਉਨ੍ਹਾਂ ਦਾ ਅਸਰ ਵੀ ਸੀ ਅਤੇ ਮੇਰਾ ਅੱਜ ਤੱਕ ਵਿਸ਼ਵਾਸ ਹੈ ਕਿ ਭਾਈਚਾਰਕ ਵਿਰਸੇ ਦੀਆਂ
ਜੜ੍ਹਾਂ ਨਾਲ ਜੁੜਨ ਲਈ ਹਰ ਬੱਚੇ ਨੂੰ ਇਹ ਕਿਤਾਬਾਂ ਲਾਜ਼ਮੀ ਤੌਰ ਤੇ ਪੜ੍ਹਨੀਆਂ ਚਾਹੀਦੀਆਂ
ਹਨ। ਪਰ ਮੈਨੂੰ ਲੱਗਾ ਕਿ ਮੂਲ ਪ੍ਰੇਰਨਾ ਲਈ ਤਾਂ ਠੀਕ ਸਨ, ਪਰ ਮੌਜੂਦਾ ਦੌਰ ਦੀਆਂ
ਸਮੱਸਿਆਵਾਂ ਨਾਲ ਜੂਝਣ ਲਈ ਅਜਿਹੇ ਸਾਹਿਤ ਵਿਚ ਕੋਈ ਦਿਸ਼ਾ ਨਿਰਦੇਸ਼ ਨਹੀਂ ਸੀ। ਸੰਨ 1966-67
ਚ ਸਠਿਆਲੇ ਕਾਲਜ ਜਾਂਦਿਆਂ ਹੀ ਮੇਰਾ ਸੰਪਰਕ ਬਾਬਾ ਬਘੇਲ ਸਿੰਘ ਬੱਲ ਦੀ ਸਿੱਧੀ ਅਸਿੱਧੀ
ਪ੍ਰੇਰਨਾ ਨਾਲ ਇਕੱਠੇ ਹੋਏ ਮਾਰਕਸੀ ਮੁੰਡਿਆਂ ਦੇ ਸਰਕਲ ਨਾਲ ਹੋ ਗਿਆ। ਸਾਲ ਕੁ ਮਨ ਬਾਗ ਬਾਗ
ਹੋਇਆ ਰਿਹਾ। ਪਰ ਜਲਦੀ ਹੀ ਪਹਿਲ ਇਸ ਸਰਕਲ ਦੇ ਮੈਂਬਰਾਂ ਦੀ ਕਹਿਣੀ ਤੇ ਕਥਨੀ ਅਤੇ ਫਿਰ
ਇਤਿਹਾਸ ਵਿਚ ਮਾਰਕਸੀ ਵਿਚਾਰਧਾਰਾ ਦੇ ਦਾਅਵਿਆਂ ਅਤੇ ਅਮਲ ਵਿਚ ਤੁਰਤ ਹੀ ਨਜ਼ਰ ਆਉਣ ਲੱਗ ਗਈ
ਡੂੰਘੀ ਦਰਾੜ ਨੂੰ ਵਾਚਦਿਆਂ ਮਨ ਅਜਿਹਾ ਭੈ-ਭੀਤ ਹੋਇਆ; ਅਜਿਹੇ ਸ਼ੰਕੇ ਉਪਜੇ ਕਿ ਜਿਨ੍ਹਾਂ ਦਾ
ਤੋੜ ਭਾਲਦਿਆਂ ਸਾਰੀ ਜ਼ਿੰਦਗੀ ਹੀ ਲੰਘ ਚੱਲੀ ਹੈ।
ਪ੍ਰੰਤੂ ਮੋਹ ਭੰਗ ਹੋ ਜਾਣ ਦੇ ਬਾਵਜੂਦ ਉਦੋਂ ਵੀ ਅਤੇ ਅੱਜ ਤੱਕ ਵੀ ਕਾਰਲ ਮਾਰਕਸ ਤੋਂ ਵੱਧ
ਸਪੱਸ਼ਟ ਤੇ ਮਹਾਨ ਕੋਈ ਰਹਿਨੁਮਾ ਨਹੀਂ ਲੱਗਾ। ਜੇਕਰ ਲੋਕਾਈ ਨੇ ਆਪਣੀ ਹਾਲਤ ਸੰਵਰ ਜਾਣ ਦੀ
ਕੋਈ ਉਮੀਦ ਰੱਖਣੀ ਹੈ ਤਾਂ ਅੱਜ ਵੀ ਸਾਨੂੰ ਮਾਰਕਸੀ ਚਿੰਤਨ ਦਾ ਕੋਈ ਬਦਲ ਦੀਂਹਦਾ ਨਹੀਂ ਹੈ।
ਸਵਾਲ ਇਹ ਹੈ ਕਿ ਕੀ ਮਾਰਕਸ ਦੀ ਮੂਲ ਪ੍ਰੇਰਨਾ ਦੇ ਖੁਆਬ ਨੂੰ ਅਮਲ ਵਿਚ ਉਤਾਰਨ ਦੀ ਮੁਹਿੰਮ
ਸਮੇਂ ਸਟਾਲਿਨੀ ਇੰਤਹਾਪਸੰਦੀ ਦੀ ਕਿਸੇ ਵੀ ਸੰਭਾਵਨਾ ਨੂੰ ਮਨਫੀ ਕਿੰਝ ਕੀਤਾ ਜਾਵੇ। ਉਸ
ਸਮੇਂ ਤੋਂ ਲੈ ਕੇ ਅੱਜ ਤੱਕ ਸਟਾਲਿਨ ਦੇ ਮਨਹੂਸ ਵਰਤਾਰੇ ਨੂੰ ਸਮਝਣ ਲਈ ਘੱਟ ਘੱਟ ਉਸ ਦੀਆਂ
10-12 ਅਹਿਮ ਜੀਵਨੀਆਂ ਅਤੇ ਕਿਤਨਾ ਹੀ ਹੋਰ ਸਬੰਧਤ ਸਾਹਿਤ ਪੜ੍ਹਿਆ, ਪ੍ਰੰਤੂ ਉਸਦੀ
ਅਣਮਨੁੱਖੀ ਕਾਰਗਰਦਗੀ ਦਾ ਤਰਕ ਗੇੜ ਵਿਚ ਨਹੀਂ ਆਇਆ।
ਕਮਾਲ ਦੀ ਗੱਲ ਹੈ ਕਿ ਸਟਾਲਿਨ ਤੋਂ ਬਾਅਦ ਨਿਕੀਤਾ ਖਰੁਸਚੋਵ ਨੇ ਸੋਵੀਅਤ ਸਮਾਜਵਾਦ ਦੇ
ਤਜਰਬੇ ਨੂੰ ਸੰਭਾਲਣ ਲਈ ਬਥੇਰੇ ਸਾਰਥਿਕ ਯਤਨ ਕੀਤੇ। ਖਰੁਸਚੋਵ ਤੋਂ ਬਾਅਦ ਲਿਓਨਿਦ ਬਰੈਜਨੇਵ
ਦੇ ਦੌਰ ਵਿਚ ਮੀਖਾਇਲ ਸੁਸਲੋਵ ਅਤੇ ਅਲੈਕਸੀ ਕੋਸੀਲਿਨ- ਦੋਵੇਂ ਹੀ ਬਹੁਤ ਪ੍ਰਤੀਬੱਧ ਅਤੇ
ਯੋਗ ਆਗੂ ਸਨ। ਮੇਰੇ ਮਿੱਤਰ ਬੁਰਾ ਨਾ ਮੰਨਣ ਤਾਂ ਅੱਜ ਆ ਕੇ ਮੈਨੂੰ ਤਾਂ ਇਹ ਦੱਸ ਦੇਣ ਵਿਚ
ਵੀ ਕੋਈ ਝਿਜਕ ਨਹੀਂ ਹੈ ਕਿ ਖੁਦ ਸਮੇਤ ਲਿਓਨਿਦ ਬਰੈਜਨੇਵ ਦੇ ਤਿੰਨੋ ਆਗੂ ਹੀ ਇਹ ਆਪਣੀ
ਆਪਣੀ ਤਰ੍ਹਾਂ ਦੇ ਤਕੜੇ ਸੰਤ-ਸਿਪਾਹੀ ਸਨ। ਜਿਹੜੇ ਲੋਕ ਉਸ ਦੀਆਂ ਮਜ਼ਬੂਰੀਆਂ ਦਾ ਤਰਕ ਸਮਝਣ
ਦੀ ਕੋਸ਼ਿਸ਼ ਕਰਨ ਦੀ ਬਜਾਏ ਉਹੋ ਪੁਰਾਣੀ ਸੋਧਵਾਦ ਨੇ ਭੱਠਾ ਬਿਠਾ ਦਿੱਤਾ, ਵਾਲੀ ਮੁਹਾਰਨੀ
ਪੜ੍ਹੀ ਜਾਂਦੇ ਹਨ, ਉਨ੍ਹਾਂ ਨੂੰ ਡਕਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਅਜਿਹੇ ਸਿਧਰੇ ਤਰਕ ਤੇ
ਬੱਸ ਬੇਵਸ ਹੀ ਹੋਇਆ ਜਾ ਸਕਦਾ ਹੈ।
ਲਿਓਨਿਦ ਬਰੈਜਨੇਵ ਤੋਂ ਬਾਅਦ ਸੋਵੀਅਤ ਯੂਨੀਅਨ ਨੂੰ ਯੂਰੀ ਆਂਦਰੋਪੋਵ ਦੇ ਰੂਪ ਵਿਚ ਕਾ.
ਲੈਨਿਨ ਵਰਗਾ ਹੀ ਆਗੂ ਨਸੀਬ ਹੋ ਗਿਆ ਸੀ। ਨਿਸ਼ਚੇ ਹੀ ਯੂਰੀ ਆਂਦਰੋਪੋਵ ਵਿਚ ਮੇਰੀ ਗਹਿਰੀ
ਦਿਲਚਸਪੀ ਸੀ। ਅੱਜ ਤੋਂ 10 ਕੁ ਵਰ੍ਹੇ ਪਹਿਲਾਂ ਮੈਂ ਵਲਦੀਮੀਰ ਸੋਲੋਵਲੀਯੋਵ ਅਤੇ ਇਲੇਨਾ
ਕਲੈਸੀਕੋਵਾ ਨਾਂ ਦੇ ਰੂਸੀ ਪੱਤਰਕਾਰ/ਇਤਿਹਾਸਕਾਰ ਜੋੜੇ ਵੱਲੋਂ ਲਿਖੀ ਉਸਦੀ ਅਤਿ ਹੈਰਾਨੀਜਨਕ
ਪਰ ਸਿਰੇ ਦੀ ਨਫਰਤ ਨਾਲ ਭਰੀ ਹੋਈ ਜੀਵਨੀ ਉਚੇਚ ਨਾਲ ਤੇ ਬਾਰ ਬਾਰ ਪੜ੍ਹੀ ਸੀ ਅਤੇ ਆਪਣੇ
ਮਿੱਤਰ ਨਰਿੰਦਰ ਭੁੱਲਰ ਸਮੇਤ ਹੋਰਾਂ ਮਿੱਤਰਾਂ ਨੂੰ ਫੋਟੋ ਕਾਪੀ ਕਰਵਾ ਕੇ ਵੀ ਦਿੱਤੀ ਸੀ।
ਇਸ ਕਿਤਾਬ ਵਿਚ ਹੰਗਰੀ ਦੀਆਂ ਘਟਨਾਵਾਂ, ਚੈਕੋਸਲੋਵਾਕੀਆ ਤੇ ਹਮਲੇ, ਪੋਪ ਦੀ ਹੱਤਿਆ ਦੀ
ਕੋਸ਼ਿਸ਼ ਦੀ ਸਾਜਿਸ਼ ਅਤੇ ਅਖੀਰ ਦੀ ਬਾਕੀ ਅਫਗਾਨਿਸਤਾਨ ਵਿਚ ਦਖਲ- ਸਭਨਾਂ ਲਈ ਯੂਰੀ ਆਂਦਰੋਪੋਵ
ਨੂੰ ਹੀ ਜ਼ਿੰਮੇਵਾਰ ਮੰਨਿਆ ਗਿਆ ਸੀ। ਪਰ ਇਹ ਸਹੀ ਨਹੀਂ ਹੈ। ਇਤਿਹਾਸ ਦੇ ਹਜ਼ਾਰ
ਵਿਰੋਧਾਭਾਸਾਂ ਕਾਰਨ ਸੋਵੀਅਤ ਸਮਾਜਵਾਦ ਦੇ ਤਜਰਬੇ ਦੀ ਗੱਡ ਮੀਖਾਈਲ ਸੁਸਲੋਵ ਅਤੇ ਅਲੈਕਸੀ
ਕੋਸਿਲਿਨ ਦੀਆਂ ਸਭ ਸੁਹਿਰਦ ਕੋਸ਼ਿਸ਼ਾਂ ਦੇ ਬਾਵਜੂਦ ਜਿਸ ਚਿੱਕੜ ਦੀ ਗੱਡ ਵਿਚ ਜਾ ਕੇ ਫਸ ਗਈ
ਸੀ, ਯੂਰੀ ਆਂਦਰੋਪੋਵ ਨੂੰ ਉਸ ਦੀਆਂ ਸਾਰੀਆਂ ਬਰੀਕੀਆਂ ਦੀ ਬਾਖੂਬੀ ਸਮਝ ਸੀ। ਸੋਵੀਅਤ ਰੂਸ
ਵਿਚ ਤਾਕਤ ਦੀ ਵਾਗਡੋਰ ਸੰਭਾਲਣ ਸਮੇਂ ਉਹ ਕਿਸੇ ਬੇਹੱਦ ਹੀ ਮਨਹੂਸ ਬਿਮਾਰੀ ਦਾ ਸ਼ਿਕਾਰ ਸੀ।
ਪਰ ਉਸਨੇ ਮੀਖਾਈਲ ਗੋਰਬਾਚੋਵ, ਯੇਗੋਰ ਲਿਗਾਚੋਵ, ਯੈਲਟਸਿਲ ਅਤੇ ਸ਼ੇਵਰਨਾਦਜੇ ਵਰਗੇ ਬੇਹਦ
ਸੁਹਿਰਦ ਅਤੇ ਗਤੀਸ਼ੀਲ ਨੌਜਵਾਨ ਨੇਤਾਵਾਂ ਨੂੰ ਇਸ ਉਮੀਦ ਅਤੇ ਵਿਸ਼ਵਾਸ ਨਾਲ ਬੜੀ ਤੇਜ਼ੀ ਨਾਲ
ਰੀਕਰੂਟ ਕੀਤਾ ਸੀ ਕਿ ਉਹ ਸਮਾਜਵਾਦੀ ਨਿਜਾਮ ਨੂੰ ਸਿਹਤਮੰਦ ਨਰੋਈਆਂ ਲੀਹਾਂ ਤੇ ਲੈ ਆਉਣਗੇ।
ਪਰ ਬਦਕਿਸਮਤੀ ਵਸ ਆਂਦਰੋਪੋਵ ਦੀਆਂ ਉਮੀਦਆਂ ਵਰ ਨਾ ਆ ਸਕੀਆਂ।
ਅਸਲ ਵਿਚ ਮਾਰਕਸੀ ਵਿਚਾਰਧਾਰਾ ਨਾਲ ਇਤਿਹਾਸ ਨੇ ਯਕੀਨਨ ਪਹਿਲਾ ਵਿਅੰਗ ਇਹ ਖੇਡਿਆ ਕਿ ਉਸਨੂੰ
ਸਭ ਆਪਣੀਆਂ ਧਾਰਨਾਵਾਂ ਦੇ ਵਿਰੋਧ ਵਿਚ ਆਪਣੀ ਸਾਰਥਿਕਤਾ ਰੂਸ ਵਰਗੇ ਅਤਿ ਪਛੜੇ ਮੁਲਕ ਵਿਚ
ਸਥਾਪਿਤ ਕਰਨ ਦੀ ਚੁਣੌਤੀ ਮਿਲ ਗਈ। ਉਪਰੋਂ ਦੂਸਰੀ ਤਰਾਸਦੀ ਉਸ ਸਮੇਂ ਵਾਪਰ ਗਈ ਜਦੋਂ ਕਾ.
ਲੈਨਿਨ ਵਰਗੇ ਬੇੜੇ ਦੇ ਮਹਾਨ ਮਲਾਹ ਦੀ ਬਹੁਤ ਅਗੇਤੇ ਸਮੇਂ ਹੀ ਬੇਵਕਤ ਮੌਤ ਹੋ ਗਈ। ਦੂਸਰੇ
ਵਿਅੰਗ ਇਹ ਸੀ ਕਿ ਲਿਓਨ ਤਰਾਤਸਕੀ ਵਰਗੇ ਜ਼ਹੀਨ ਆਗੂ ਨੂੰ ਪਾਸੇ ਧੱਕ ਕੇ ਸਟਾਲਿਨ ਕਮਿਊਨਿਸਟ
ਨਿਜ਼ਾਮ ਉਪਰ ਅਤਿ ਕਿਸਮ ਦੀ ਕਰੂਰ ਤਾਨਾਸ਼ਾਹੀ ਕਾਇਮ ਕਰਨ ਵਿਚ ਸਫਲ ਹੋ ਗਿਆ। ਪ੍ਰੰਤੂ ਇਨਸਾਨੀ
ਮੁਕਤੀ ਦੇ ਇਸ ਮਹਾਨ ਖੁਆਬ ਨਾਲ ਆਖਰੀ ਦੁਖਾਂਤ ਤਾਂ ਅਜੇ ਵਾਪਰਨਾ ਸੀ ਅਤੇ ਉਹ ਇਹ ਸੀ ਕਿ
ਕਾਮਰੇਡ ਯੂਰੀ ਆਂਦਰੋਪੋਵ ਗੱਡੀ ਨੂੰ ਲੀਹ ਤੇ ਲਿਆਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਹੀ ਰਹੇ
ਸਨ ਕਿ ਸਾਲ ਖੰਡ ਦੇ ਅੰਦਰ ਅੰਦਰ ਹੀ ਉਨ੍ਹਾਂ ਦੇ ਗੁਰਦੇ ਦੇ ਕਿਸੇ ਅਵੱਲੇ ਰੋਗ ਕਾਰਨ ਬੜੀ
ਹੀ ਬੇਵਕਤ ਮੋੜ ਤੇ ਮੌਤ ਹੋ ਗਈ।
ਯੂਰੀ ਆਂਦਰੋਪੋਵ ਦੀ ਸੂਝ ਅਤੇ ਚੋਣ ਤੇ ਰਸ਼ਕ ਆਉਂਦਾ ਹੈ। ਮੀਖਾਈਲ ਗੋਰਬਾਚੋਵ ਅਤੇ ਯੇਗੋਰ
ਲਿਗਾਚੋਵ, ਦੋਵੇਂ ਹੀ ਕਮਾਲ ਦੇ ਆਗੂ ਸਨ ਅਤੇ ਹਾਲਾਤ ਰਤਾ ਕੁ ਸਾਜ਼ਗਾਰ ਹੋਣ ਦੀ ਸੂਰਤ ਵਿਚ
ਕੋਈ ਵੀ ਕ੍ਰਿਸ਼ਮਾ ਕਰ ਸਕਣ ਦੇ ਵੀ ਸਹਿਜੇ ਹੀ ਸਮਰੱਥ ਹੋ ਸਕਦੇ ਸਨ। ਗੋਰਬਾਚੋਵ ਕਿਹੜੀਆਂ
ਮਜ਼ਬੂਰੀਆਂ ਵਿਚ ਕੀ ਕਰ ਰਿਹਾ ਸੀ ਅਤੇ ਆਪਣੇ ਪ੍ਰਸ਼ਾਸਨ ਦੇ ਪਹਿਲੇ ਮਹਿਜ਼ ਇਕ ਦੋ ਵਰ੍ਹਿਆਂ
ਵਿਚ ਹੀ ਉਹ ਕੀ ਕੀ ਕਰ ਗਿਆ ਸੀ, ਉਸਦੇ ਮਹਾਤਮ ਜਾਂ ਕਾਵਿ ਸ਼ਾਸਤਰਾਂ ਨੂੰ ਸਮਝਣ ਲਈ ਅਜੇ
ਲੋਕਾਈ ਨੂੰ ਕਾਫੀ ਦੇਰ ਲੱਗੇਗੀ। ਅੱਗੋਂ ਮੀਖਾਈਲ ਗੋਰਬਾਚੋਵ ਦੇ ਖੱਬੇ ਦਾਅ ਤੇ ਯੇਗੋਰ
ਲਿਗਾਚੋਵ ਅਤੇ ਕਈ ਹੋਰ ਬਹੁਤ ਹੀ ਸਿਆਣੇ ਸਾਥੀ ਖੜ੍ਹੇ ਸਨ, ਜਦੋਂ ਕਿ ਸੱਜੇ ਦਾਅ ਤੇ
ਅਲੈਗਜੈਂਡਰ ਯਾਕੋਵਲੇਵ ਵਰਗੇ ਦਾਨਸ਼ਮੰਦ ਚਿੰਤਕ ਦੇ ਨਾਲ ਹੀ ਬੋਰਿਸ ਯੈਲਿਤਸਿਨ ਵਰਗਾ ਬਹੁਤ
ਹੀ ਨਰੋਆ ਅਤੇ ਗਤੀਸ਼ੀਲ ਆਗੂ ਰਾਜਨੀਤਕ ਸੀਨ ਤੇ ਉਭਰ ਆਇਆ ਹੋਇਆ ਸੀ।
ਹੁਣ ਯੂਰੀ ਆਂਦਰੋਪੋਵ ਦਾ ਖੁਆਬ ਪੂਰਾ ਕਿਉਂ ਨਾ ਹੋਇਆ। ਮੀਖਾਈਲ ਗੋਰਬਾਚੋਵ ਯੈਲਿਤਸਿਨ ਦੇ
ਮੂਹਰੇ ਮਾਰ ਕਿੰਝ ਖਾ ਗਿਆ ਅਤੇ ਅੱਗੋਂ ਰੂਸ ਵਿਚ ਉਦਾਰ ਜਮਹੂਰੀਅਤ ਕਾਇਮ ਕਰਨ ਦਾ ਯੈਲਟਸਿਨ
ਦਾ ਆਪਣਾ ਪ੍ਰਾਜੈਕਟ ਵੀ ਸਫਲ ਕਿਉਂ ਨਾ ਹੋਇਆ। ਰੂਸੀ ਇਤਿਹਾਸ ਦੇ ਇਸ ਪੂਰੀਆਂ ਦੋ ਸਦੀਆਂ
ਵਿਚ ਫੈਲੇ ਲੰਮੇ ਦੁਖਾਂਤ ਨੂੰ ਸਮਝਣ ਵਿਚ ਮੈਂ ਪਿਛਲੇ ਦੋ ਚਾਰ ਵਰ੍ਹਿਆਂ ਵਿਚ ਆਪਣੇ ਅਜ਼ੀਜ਼
ਧਰਮਜੀਤ ਸਿੰਘ ਦੇ ਸਹਿਯੋਗ ਨਾਲ ਇੰਟਰਨੈਟ ਦਾ ਫਾਇਦਾ ਉਠਾਉਂਦਿਆਂ ਕਈ ਅਹਿਮ ਕਿਤਾਬਾਂ
ਪੜ੍ਹੀਆਂ ਹਨ। ਪ੍ਰੰਤੂ ਇਸ ਦੌਰ ਦੇ ਦੁਖਾਂਤ ਨੂੰ ਸਮਝਣ ਲਈ ਸਭ ਤੋਂ ਅਹਿਮ ਪੁਸਤਕ ਇਨਸਾਈਡ
ਗੋਰਬਾਚੇਵਜ ਕਰੈਮਲਿਨ ਸਿਰਲੇਖ ਹੇਠਲੀ ਯੇਗੋਰ ਲਿਗਾਚੇਵ ਦੀਆਂ ਯਾਦਾਂ ਦੀ ਕਿਤਾਬ ਹੀ ਹੈ,
ਜੋ ਕਿ ਮੈਨੂੰ ਮੇਰੇ ਅਜ਼ੀਜ਼ ਨਰਿੰਦਰ ਭੁੱਲਰ ਨੇ ਆਪਣੀ ਤਰਾਸਦਿਕ ਮੌਤ ਤੋਂ ਵਰ੍ਹਾ ਕੁ ਪਹਿਲਾਂ
ਵਿਸ਼ੇਸ਼ ਤੌਰ ਤੇ ਜਿਲਦਬੰਦੀ ਕਰਵਾ ਕੇ ਦਿੱਤੀ ਸੀ ਅਤੇ ਅੱਗੋਂ ਮੈਂ ਇਸ ਦੀਆਂ ਕਾਪੀਆਂ ਕਰਵਾ
ਕੇ ਆਪਣੇ ਲਗਪਗ ਸਾਰੇ ਹੀ ਨੇੜਲੇ ਦੋਸਤਾਂ ਨੂੰ ਪੜ੍ਹਨ ਲਈ ਵੰਡੀਆਂ ਹੋਈਆਂ ਹਨ। ਨਰਿੰਦਰ
ਲਿਗਾਚੋਵ ਤੋਂ ਬਹੁਤ ਕਾਇਲ ਸੀ। ਗੋਰਬਾਚੋਵ ਕੀ ਕਰ ਰਿਹਾ ਸੀ। ਅਸੀਂ ਉਸਨੂੰ ਸੰਤ ਰਾਜਨੀਤਿਕ
ਮੰਨਣ ਲਈ ਬਜਿਦ ਕਿਉਂ ਹਾਂ। ਯੈਲਤਸਿਨ ਵੀ ਸਾਨੂੰ ਬੁਰਾ ਕਿਉਂ ਨਹੀਂ ਲਗਦਾ- ਗੋਰਬਾਚੇਵ ਨਾਲ
ਉਸਦੀ ਤਕਰਾਰ ਦਾ ਰੈਸ਼ਨਲ ਕੀ ਸੀ। ਇਹ ਕਹਾਣੀਆਂ ਨਾਜ਼ਕ ਹਨ- ਸਹਿਜ ਵਿਚਾਰ ਦੀ ਮੰਗ ਕਰਦੀਆਂ
ਕਰਦੀਆਂ ਮਹਿਜ਼ ਫਤਵੇਬਾਜ਼ੀਆਂ ਨਾਲ ਗੱਲਾਂ ਨਹੀਂ ਬਣਦੀਆਂ ਹੁੰਦੀਆਂ।
ਕੋਈ ਕਿਤਾਬ ਪੜ੍ਹਦਿਆਂ ਜਾਂ ਕਹੋ ਕਿ ਕਿਸੇ ਵੇਲੇ ਵੀ ਮੇਰੀਆਂ ਅੱਖਾਂ ਚ ਅੱਥਰੂ ਕਦੇ ਘੱਟ
ਵਧ ਹੀ ਆਏ ਹਨ ਪਰ ਮੈਂ ਪੰਜਾਬ ਟਾਈਮਜ਼ ਨਾਲ ਜੁੜੇ ਆਪਣੇ ਸੱਜਣਾਂ ਨੂੰ ਦੱਸਣਾ ਚਾਹੁੰਦਾ
ਹਾਂ ਕਿ ਮੁੱਦਤ ਪਹਿਲਾਂ ਆਈਜੈਕ ਡਿਊਸ਼ਚਰ ਦੀ ਪਰਾਫੈਟ ਆਰਮਿਡ, ਪਰਾਫੈਟ ਅਨਆਰਮਿਡ ਸਿਰਲੇਖ
ਹੇਠ ਲਿਓਨ ਟਰਾਟਸਕੀ ਦੀ ਤਿੰਨ ਜਿਲਦਾਂ ਚ ਲਿਖੀ ਜੀਵਨੀ ਪੜ੍ਹਦਿਆਂ ਕਈ ਵਾਰ ਚੀਖਾਂ ਨਿਕਲ
ਜਾਂਦੀਆਂ ਰਹੀਆਂ ਸਨ। ਪਰ ਯੈਗੋਰ ਲਿਗਾਚੋਵ ਆਪਣੀ ਯਾਦਾਂ ਦੀ ਪੁਸਤਕ ਵਿਚ ਜਿਸ ਦੁੱਖ ਅਤੇ
ਲਾਤਾਰੀ ਭਰੇ ਅੰਦਾਜ਼ ਵਿਚ ਬਿਮਾਰ ਅਵਸਥਾ ਵਿਚ ਆਪਣੀਆਂ ਅੰਤਿਮ ਘੜੀਆਂ ਗਿਣ ਰਹੇ ਆਪਣੇ
ਰਹਿਨੁਮਾ ਯੂਰੀ ਆਂਦਰੋਪੋਵ ਨਾਲ ਆਪਣੀ ਆਖਰੀ ਮੁਲਾਕਾਤ ਦਾ ਜ਼ਿਕਰ ਕਰਦਾ ਹੈ, ਚਾਰ ਕੁ ਵਰ੍ਹੇ
ਪਹਿਲਾਂ ਉਹ ਸਤਰਾਂ ਪੜ੍ਹਦਿਆਂ ਮੇਰੀਆਂ ਇਕ ਵਾਰ ਮੁੜ ਉਚੀ ਉਚੀ ਧਾਹਾਂ ਨਿਕਲ ਗਈਆਂ ਸਨ।
ਯੇਗੋਰ ਲਿਗਾਚੋਵ ਗਲਾਂਸਨੋਸਤ ਅਤੇ ਪ੍ਰੈਸਤਰੋਣਿਕਾ ਦੀ ਅਸਫਲਤਾ ਲਈ ਮੀਖਾਈਲ ਗੋਰਬਾਚੋਵ ਨੂੰ
ਸਿੱਧੇ ਰੂਪ ਵਿਚ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਅਤੇ ਨਾ ਉਸਨੂੰ ਖਾਹਮਖਾਹ (ਕਾਲਰੋਂ ਫੜ ਕੇ)
ਕਟਹਿਰੇ ਵਿਚ ਹੀ ਖੜ੍ਹਾ ਕਰਦਾ ਹੈ। ਯੇਗੋਰ ਲਿਗਾਚੋਵ ਖੁਦ ਬੇਹੱਦ ਇਮਾਨਦਾਰ ਕਮਿਊਨਿਸਟ ਹੈ।
ਸਮਾਜਵਾਦੀ ਨਿਜਾਮ ਦੀਆਂ ਸ਼ਾਮਾਂ ਦੇ ਦੌਰ ਵਿਚ ਅਜੇ ਵੀ ਉਸਦੀ ਮਾਰਕਸਵਾਦੀ ਚਿੰਤਨ ਅਤੇ
ਸਮੁੱਚੇ ਲੈਨਿਨਵਾਦੀ ਪ੍ਰਾਜੈਕਟ ਵਿਚ ਅਜੇ ਵੀ ਅਨਿੰਨ ਆਸਥਾ ਹੈ। ਉਸਦੀਆਂ ਯਾਦਾਂ ਦੀ ਪੁਸਤਕ
ਦੀਆਂ ਤੈਹਾਂ ਵਿਚ ਸਹਿਜੇ ਹੀ ਨਿਕੋਲਾਈ ਆਸਤੋਰਸਕੀ ਦੇ ਉਘੇ ਨਾਵਲ ਸੂਰਮੇ ਦੀ ਸਿਰਜਣਾ ਦੇ
ਨਾਇਕ ਦੀਆਂ ਤਾਂਘਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ; ਉਸ ਦੀਆਂ ਚੀਕਾਂ ਸੁਣੀਆਂ ਜਾ
ਸਕਦੀਆਂ ਹਨ।
ਪੁਸਤਕ ਦੇ ਬਿਰਤਾਂਤ ਅਨੁਸਾਰ ਸਾਲ 1985 ਅਤੇ 1986 ਦਾ ਪੂਰਾ ਵਰ੍ਹਾ ਲਿਗਾਚੇਵ ਮੀਖਾਈਲ
ਗੋਰਬਾਚੋਵ ਦੇ ਪੂਰੀ ਤਰ੍ਹਾਂ ਨਾਲ ਰਹਿੰਦਾ ਹੈ। ਦੋਵਾਂ ਨੇਤਾਵਾਂ ਦੀ ਸਥਿਤੀ ਤੇ ਪੂਰੀ ਪਕੜ
ਵੀ ਹੈ। ਪ੍ਰੰਤੂ ਭੂਤਕਾਲ ਦੇ ਭਿਆਨਕ ਗੁਨਾਹਾਂ ਦਾ ਕੀ ਕਰੋਗੇ। ਉਨ ਆਪ ਮੁਹਾਰੇ ਹੀ ਸਿਰ
ਚੜ੍ਹ ਕੇ ਖੌਫਨਾਕ ਦੁਹਾਈ ਪਾਉਣੀ ਸ਼ੁਰੂ ਕਰ ਦੇਣੀ ਹੈ। ਸਾਲ 1987 ਤੱਕ ਜਾਂਦਿਆਂ ਜਾਂਦਿਆਂ
ਜਮਹੂਰੀਕਰਨ ਦਾ ਅਮਲ ਆਪ ਮੁਹਾਰੇ ਹੀ ਅਰਾਜਕ ਮੋੜ ਕੱਟਣਾ ਸ਼ੁਰੂ ਕਰ ਦਿੰਦਾ ਹੈ, ਸਥਿਤੀ ਹੱਥ
ਵਿਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਮੀਡੀਏ ਵਿਚ ਸਟਾਲਿਨ ਯੁੱਗ ਦੀਆਂ ਵਧੀਕੀਆਂ ਦੇ
ਲੂ-ਕੰਡੇ ਖੜ੍ਹੇ ਕਰਨ ਵਾਲੇ ਨਿੱਤ ਨਵੇਂ ਕਿੱਸੇ ਨੰਗੇ ਹੋਣ ਲੱਗਦੇ ਹਨ। ਰਾਜਨੀਤਕ ਅਤੇ
ਆਰਥਿਕ ਖਲ੍ਹਾਂ ਲਈ ਆਏ ਦਿਨ ਦਬਾਓ ਵਧਣ ਲੱਗਦਾ ਹੈ। ਗੋਰਬਾਚੋਵ ਜਮਹੂਰੀਕਰਨ ਦੇ ਅਮਲ ਲਈ
ਪ੍ਰਤੀਬੱਧ ਹੈ। ਪ੍ਰੰਤੂ ਹੁੰਦਾ ਇਹ ਹੈ ਕਿ ਸਿਸਟਮ ਚੋਂ ਆਦਰਸ਼ਵਾਦ ਦੀ ਭਾਵਨਾ ਚੂੰਕਿ ਖਤਮ ਹੋ
ਚੁੱਕੀ ਹੈ। ਮਾਹੌਲ ਨਿਰੰਤਰ ਰਾਜਨੀਤਕ-ਆਰਥਿਕ ਆਪਾਧਾਪੀ ਵਾਲਾ ਬਣਦਾ ਚਲਾ ਜਾ ਰਿਹਾ ਹੈ।
ਲਿਗਾਚੇਵ ਬੇਬਸ ਹੈ। ਮੀਡੀਏ ਦਾ ਇਨਚਾਰਜ ਅਲੈਗਜੈਂਡਰ ਯਕੋਵਲੇਵ ਹੈ। ਉਹ ਪ੍ਰਤੀਬਧ ਉਦਾਰਵਾਦੀ
ਹੈ ਅਤੇ ਸਟਾਲਿਨੀ ਰੁਝਾਨ ਦੀ ਵਾਪਸੀ ਦੀ ਕਿਸੇ ਵੀ ਸੰਭਾਵਨਾ ਦਾ ਕੱਟੜ ਵਿਰੋਧੀ ਹੈ।
ਲਿਗਾਚੇਵ ਨੂੰ ਨਿਜ਼ਾਮ ਦੇ ਢਹਿ ਢੇਰੀ ਹੁੰਦੇ ਜਾਣ ਲਈ ਅਲੈਗਜੈਂਡਰ ਯਕੋਵਲੇਵ ਅਤੇ ਉਸ ਵੱਲੋਂ
ਬੇਲਗਾਮ ਕੀਤਾ ਹੋਇਆ ਮੀਡੀਆ ਹੀ ਜ਼ਿੰਮੇਵਾਰ ਨਜ਼ਰ ਆਈ ਜਾ ਰਿਹਾ ਹੈ। ਯੇਗੋਰ ਲਿਗਾਚੋਵ ਦਾ
ਬਿਰਤਾਂਤ ਦੁਖਾਂਤ ਦੇ ਕਾਰਨਾਂ ਦੀਆਂ ਜੜ੍ਹਾਂ ਤੱਕ ਪਾਠਕ ਨੂੰ ਭਲੇ ਹੀ ਨਹੀਂ ਦਿਸ ਪਾਉਂਦਾ-
ਪਰ ਉਸਦੀ ਇਮਾਨਦਾਰੀ ਪਾਠਕ ਦੀ ਧੰਨ ਧੰਨ ਕਰਵਾ ਦਿੰਦੀ ਹੈ। ਕਹਾਣੀ ਇਤਨੀ ਸਿੱਧੀ ਨਹੀਂ ਹੈ।
ਕਈ ਕਥਿਤ ਬੁੱਧੀਜੀਵੀ ਅਜੇ ਤੱਕ ਅਜਿਹੀਆਂ ਸ਼ੁਰਲੀਆਂ ਵੀ ਛੱਡੀ ਜਾ ਰਹੇ ਹਨ ਕਿ ਸਮਾਜਵਾਦੀ
ਨਿਜਮਾ ਦਾ ਬੇੜਾ ਇਸ ਕਰਕੇ ਡੁੱਬਾ ਕਿ ਗੋਰਬਾਚੇਵ ਵਿਚ ਚੀਨੀ ਨੇਤਾਵਾਂ ਵਾਲੀ ਦ੍ਰਿੜਤਾ ਅਤੇ
ਸੌਂਢ ਨਹੀਂ ਸੀ। ਇਕ ਸਦੀ ਤੋਂ ਵੀ ਪਹਿਲਾਂ ਜਗਤ ਪ੍ਰਸਿੱਧ ਸਮਾਜ ਸ਼ਾਸਤਰੀ ਅਲੈਕਸ ਟਾਕਵਿਲ ਨੇ
ਇਤਿਹਾਸ ਵਿਚ ਉਸ ਸਮੇਂ ਤੱਕ ਵਾਪਰੇ ਇਨਕਲਾਬ - ਖਾਸ ਕਰਕੇ ਸਫਲ ਇਨਕਲਾਬਾਂ ਦਾ ਕਮਾਲ ਦਾ
ਅਧਿਐਨ ਪ੍ਰਸਤੁਤ ਕੀਤਾ ਸੀ। ਅਜਿਹੀ ਪੁਸਤਕ ਪੜ੍ਹਨ ਨਾਲ ਘੱਟੋ ਘੱਟ ਇਸ ਕਿਸਮ ਦੀ ਸ਼ੁਰਲੀ
ਛੱਡਣ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।
ਅਸਲ ਵਿਚ ਮੀਖਾਈਲ ਗੋਰਬਾਚੇਵ ਨੇ ਗਲਾਸ ਨੋਸਟ ਅਤੇ ਪ੍ਰੈਸਟਰੋਇਕ ਦੀਆਂ ਅਤਿ ਸੁਹਿਰਦ ਅਤੇ
ਇਤਿਹਾਸਕ ਤੌਰ ਤੇ ਅਤਿ ਜ਼ਰੂਰੀ ਨੀਤੀਆਂ ਨਾਲ ਜਿਸ ਕਿਸਮ ਦੀਆਂ ਸ਼ਕਤੀਆਂ ਨੂੰ ਚਅ;ਕ ਕਰ ਦਿੱਤਾ
ਸੀ- ਉਨ੍ਹਾਂ ਨੂੰ ਗੋਰਬਾਚੇਵ ਦੇ ਨਾਲ ਯੇਗੋਰ ਇਗਾਚੋਵ ਤਾਂ ਕੀ ਰੱਬ ਸੱਚਾ ਵੀ ਜੇਕਰ ਕਿਧਰੇ
ਉਸਦੀ ਮਦਦ ਤੇ ਹੁੰਦਾ ਤਾਂ ਉਹ ਵੀ ਉਨ੍ਹਾਂ ਨੂੰ ਜਾਬਤੇ ਚ ਰੱਖਣ ਚ ਸ਼ਾਇਦ ਜ਼ਿਆਦਾ ਕਾਰਗਰ
ਨਾ ਹੋ ਸਕਦਾ। ... ਤੇ ਦੂਸਰੇ ਪਾਸੇ ਬੋਰਿਸ ਯੇਲਤਸਿਨ ਨਿਸ਼ਚੇ ਹੀ ਵੱਖਰੀ ਤਰ੍ਹਾਂ ਦਾ
ਇਤਿਹਾਸ ਪੁਰਸ਼ ਸੀ ਅਤੇ ਉਨ ਅਚਨਚੇਤ ਹੀ ਉਨ੍ਹਾਂ ਅਮੋੜ ਆਪਮੁਹਾਰੀਆਂ ਸ਼ਕਤੀਆਂ ਦੀਆਂ ਸਧਰਾਂ
ਦੀ ਤਰਜਮਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਨ੍ਹਾਂ ਨੂੰ ਪੁਰਾਣਾ ਨਿਜਾਮ ਹੁਣ ਕਿਸੇ ਸੂਰਤ ਤੇ
ਵੀ ਮਨਜ਼ੂਰ ਨਹੀਂ ਸੀ... ਇਸ ਪੱਕੀ ਉਮੀਦ ਨਾਲ ਕਿ ਉਹ ਨਿਜਾਮ ਨੂੰ ਜਮਹੂਰੀ ਲੀਹਾਂ ਤੇ ਲਿਜਾਣ
ਵਿਚ ਨਿਸ਼ਚਤ ਰੂਪ ਵਿਚ ਸਫਲ ਹੋ ਜਾਵੇਗਾ।
ਮੈਂ ਯੇਲਤਸਿਨ ਦੇ ਵਰਤਾਰੇ ਨੂੰ ਸਮਝਣ ਲਈ ਉਸ ਦੀ ਸਵੈਜੀਵਨੀ ਦੀਆਂ ਤਿੰਨ ਜਿਲਦਾਂ ਵਿਚੋਂ ਦੋ
ਜਿਲਦਾਂ ਧਿਆਨ ਨਾਲ ਪੜ੍ਹੀਆਂ ਹਨ। ਉਸਦੀ ਪਹਿਲੀ ਦਿਲਚਸਪ ਜੀਵਨੀ ਬੋਰਿਸ ਯੈਲਤਸਿਨ:ਦੇ
ਪੋਲੀਟੀਕਲ ਬਾਇਓਗਰਾਫੀ ਸਿਰਲੇਖ ਹੇਠ ਸੋਲੋਵੀਯੋਵ ਅਤੇ ਕਲੈਸੀਕੋਵਾ ਨੇ ਹੀ ਸਾਲ 1994 ਚ
ਲਿਖੀ ਸੀ ਅਤੇ ਇਹ ਕਿਤਾਬ ਵੀ ਮੈਨੂੰ ਡਾ. ਪ੍ਰੇਮ ਸਿੰਘ ਦੀ ਨਿਜੀ ਲਾਇਬਰੇਰੀ ਚੋਂ ਫੋਟੋਕਾਪੀ
ਕਰਵਾ ਕੇ ਸਾਡੇ ਵੀਰ ਨਰਿੰਦਰ ਭੁੱਲਰ ਨੇ ਹੀ ਮੁਹੱਈਆ ਕਰਵਾਈ ਸੀ। ਪ੍ਰੰਤੂ ਬੋਰਿਸ ਯੈਲਤਸਿਨ
ਦੀ 600 ਪੰਨਿਆਂ ਤੇ ਫੈਲੀ ਹੋਈ ਅਸਲ ਜੀਵਨੀ ਟਿਮੋਥੀ ਜੇ. ਕੋਲਟਨ ਨਾਂ ਦੇ ਲਿਖਾਰੀ ਨੇ
ਯੈਲਟਸਿਨ ਏ ਲਾਈਫ ਸਿਰਲੇਖ ਹੇਠ ਲਿਖੀ ਹੈ ਜੋ ਕਿ ਸਾਲ 2008 ਵਿਚ ਬੇਸਿਕ ਬੁਕਸ ਵੱਲੋਂ
ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਕਿਤਾਬ ਬਹੁਤ ਹੀ ਵਧੀਆ ਅਤੇ ਖੋਜ ਕਰਕੇ ਲਿਖੀ ਹੋਈ ਹੈ ਅਤੇ
ਇਸਦਾ ਕੋਈ ਇਕ ਪੰਨਾ ਵੀ ਨੀਰਸ ਨਹੀਂ ਹੈ। ਯੈਲਤਸਿਨ ਕਿਸ ਕਿਸਮ ਦਾ ਕਮਾਲ ਦਾ ਇਨਸਾਨ ਸੀ ਅਤੇ
ਰਾਜਨੀਤਕ ਆਫਤਾਂ ਦੇ ਨਾਲ ਨਾਲ ਜ਼ਿੰਦਗੀ ਦੇ ਹਰ ਮੋੜ ਤੇ ਸਰੀਰਕ ਬਿਮਾਰੀਆਂ ਦਾ ਜਿਸ ਸਾਹਸ
ਨਾਲ ਉਸਨੇ ਟਾਕਰਾ ਕੀਤਾ, ਅਤੇ ਤਾਕਤ ਤੋਂ ਪਾਸੇ ਹੋ ਕੇ ਆਪਣੀ ਜ਼ਿੰਦਗੀ ਦੇ ਆਖਰੀ 7-8 ਵਰ੍ਹੇ
ਇਸ ਮਹਾਨ ਇਨਸਾਨ ਨੇ ਕਿੰਝ ਗੁਜਾਰੇ, ਉਨ੍ਹਾਂ ਦਾ ਵਰਨਣ ਕੋਲਟਨ ਨੇ ਬੜੇ ਹੀ ਮਾਰਮਿਕ ਅੰਦਾਜ਼
ਵਿਚ ਕੀਤਾ ਹੈ। 23 ਅਪ੍ਰੈਲ, 2007 ਨੂੰ ਯੈਲਤਸਿਨ ਦਾ ਦੇਹਾਂਤ ਹੁੰਦਾ ਹੈ। 25 ਅਪ੍ਰੈਲ ਨੂੰ
ਉਸਨੂੰ ਅੰਤਿਮ ਵਿਦਾਇਗੀ ਦੇਣ ਲਈ ਜੁੜੇ ਸਮਾਗਮ ਵਿਚ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਿਲ
ਕਲਿੰਟਨ, ਜਰਮਨ ਆਗੂ ਕੋਹਲ, ਜਾਰਜ ਬੁਸ਼, ਅਤੇ ਲੇਖ ਵਾਲੇਖਾ ਸਮੇਤ ਦੁਨੀਆਂ ਭਰ ਦੇ ਅਨੇਕਾਂ
ਆਗੂ ਤਾਂ ਖੜ੍ਹੇ ਹੀ ਖੜ੍ਹੇ ਹਨ। ਇਸ ਮਾਤਮੀ ਸੰਗਤ ਵਿਚ ਸੰਤ ਮੀਖਾਈਲ ਗੋਰਬਾਚੇਵ ਵੀ
ਖੜ੍ਹਾ ਹੈ। ਜੋ ਬੋਰਿਸ ਨੂੰ ਖੁਦ ਉਪਰਲੀ ਲੀਡਰਸ਼ਿਪ ਵਿਚ ਲੈ ਕੇ ਆਇਆ ਸੀ। ਕੌਣ ਜਾਣ ਸਕਦਾ ਸੀ
ਕਿ ਯੈਲਟਸਿਨ ਨੇ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਅੰਦਰ ਹੀ ਗੋਰਬਾਚੋਵ ਵਿਰੁੱਧ ਬਗਾਵਤ ਕਰਕੇ
ਉਸਦੇ ਕੱਟੜ ਵਿਰੋਧ ਵਿਚ ਡਟ ਜਾਣਾ ਸੀ। ... ਤੇਫਿਰ 16 ਵਰ੍ਹੇ ਪਹਿਲਾਂ, ਦਸੰਬਰ 1991 ਚ
ਕੇਰਾਂ ਰਾਹਾਂ ਦੇ ਕੱਟ ਜਾਣ ਤੋਂ ਬਾਅਦ ਜਿਸਨੇ ਉਸ ਨਾਲ ਕਦੀ ਕਲਾਮ ਤੱਕ ਵੀ ਸਾਂਝੀ ਨਹੀਂ
ਕੀਤੀ ਸੀ। ਕੋਲਟਨ ਇਸ ਮਾਤਮੀ ਦ੍ਰਿਸ਼ ਨੂੰ ਮਾਸਕੋ ਤੋਂ ਛਪਣ ਵਾਲੇ ਕਮਿਊਨਿਸਟ ਡੇਲੀ ਅਖਬਾਰ
ਦੇ ਨੁਮਾਇੰਦੇ ਆਂਦਰੇਈ ਕੋਸਲਨੀਕੋਵ ਦੇ ਸ਼ਬਦਾਂ ਵਿਚ ਆਪਣੀ ਕਿਤਾਬ ਦੇ ਪੰਨਾ ਨੰਬਰ 446 ਉਪਰ
ਇਸ ਪ੍ਰਕਾਰ ਕਰਦਾ ਹੈ: ਗੋਰਬਾਚੇਵ ਅੱਖਾਂ ਨੀਵੀਆਂ ਕਰੀ ਬਹੁਤ ਹੀ ਉਦਾਸ ਮੁਦਰਾ ਵਿਚ
ਖੜ੍ਹਾ ਸੀ। ਲਗਦਾ ਸੀ ਕਿ ਅਚਾਨਕ ਹੀ ਉਸ ਉਪਰ ਬਢੇਪਾ ਹਾਵੀ ਹੋ ਗਿਆ ਸੀ ਅਤੇ ਉਸਦਾ ਜਿਸਮ
ਵੇਂਹਦਿਆਂ ਵੇਂਹਦਿਆਂ ਹੀ ਕਿਸੇ ਗੁਝੇ ਮਾਨਸਿਕ ਬੋਝ ਹੇਠਾਂ ਆ ਕੇ ਝੌਂ ਗਿਆ ਹੈ - ਸਾਫ ਜ਼ਾਹਰ
ਸੀ ਕਿ ਉਹ ਹਾਲ ਵਿਚ ਖੜ੍ਹੇ ਹੋਰ ਸੱਜਣਾਂ ਨਾਲੋਂ ਕੋਈ ਵੱਖਰੀ ਤੇ ਕਿਤੇ ਡੂੰਘੀ ਪੀੜਾ
ਮਹਿਸੂਸ ਕਰ ਰਿਹਾ ਸੀ। ਮਾਨੋ ਬੋਰਿਸ ਯੈਲਤਸਿਨ ਦੇ ਨਾਲ ਹੀ ਉਸਦੀ ਖੁਦ ਆਪਣੀ ਜ਼ਿੰਦਗੀ ਦਾ
ਕਿਸੇ ਅਹਿਮ ਹਿੱਸੇ ਦਾ ਵੀ ਅੰਤਿਮ ਭੋਗ ਪੈ ਗਿਆ ਸੀ।
ਯੈਲਤਸਿਨ ਨੇ ਮੀਖਾਈਲ ਗੋਰਬਾਚੋਵ ਤੋਂ ਵੱਖਰੀ ਤਰ੍ਹਾਂ ਨਾਲ ਰੂਸ ਨੂੰ ਸਟਾਲਿਨੀ ਵਿਰਸੇ ਦੇ
ਨਹਿਸ਼ ਭੂਤ ਦੇ ਜਕੜ ਜੱਫੇ ਵਿਚੋਂ ਕੱਢ ਕੇ ਆਪਣੇ ਲੋਕਾਂ ਦਾ ਜੀਵਨ ਸੌਖਾ ਕਰਨ ਲਈ ਅਤੇ ਉਥੇ
ਜਮਹੂਰੀ ਨਿਜ਼ਾਮ ਪਾਏਦਾਰ ਲੀਹ ਤੇ ਲਿਆਉਣ ਲਈ ਉੋਪਲਬਧ ਇਤਿਹਾਸਕ ਹਾਲਤਾਂ ਵਿਚ ਪੂਰੀ ਵਾਹ
ਲਗਾਈ ਸੀ। ਪਰ ਉਸ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਦਾ ਭਿਆਨਕ ਕੰਜਰੀਕਰਨ ਹੀ ਹੁੰਦਾ
ਚਲਿਆ ਗਿਆ ਸੀ। ਲੋਕ ਆਰਥਿਕ ਤੌਰ ਤੇ ਹਰ ਕਿਸੇ ਬੁਰੀ ਤੋਂ ਬਦਤਰ ਹਾਲ ਵਿਚ ਫਸਦੇ ਚਲੇ ਗਏ
ਸਨ।
ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਇਨਕਲਾਬ ਦੀ ਅਸਫਲਤਾ ਦੇ ਦੁਖਾਂਤ ਨੂੰ ਸਮਝਣ ਲਈ ਪ੍ਰੋ.
ਰਣਧੀਰ ਸਿੰਘ ਹੋਰਾਂ ਨੇ ਕਰਾਈਸਿਜ਼ ਇਨ ਸੋਸ਼ਲਿਜ਼ਮ ਨਾਂ ਦੀ ਬੜੀ ਹੀ ਅਹਿਮ ਅਤੇ ਵੱਡ ਅਕਾਰੀ
ਪੁਸਤਕ ਲਿਖੀ ਹੈ। ਕਿਧਰੇ ਕਿਧਰੇ ਥੋੜ੍ਹੇ ਬਹੁਤ ਦੁਹਰਾਓ ਦੇ ਬਾਵਜੂਦ ਮਾਰਕਸੀ ਚਿੰਤਨ ਦੇ
ਮਰਮ ਨੂੰ ਸਮਝਣ ਲਈ ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲੇ ਹਰੇਕ ਇਨਸਾਨ ਲਈ ਉਹ ਲਾਜ਼ਮੀ ਰੀਡਿੰਗ
ਹੋਣੀ ਚਾਹੀਦੀ ਹੈ। ਪ੍ਰੋ. ਰਣਧੀਰ ਸਿੰਘ ਦਿਓਕੱਦ ਸਖਸ਼ੀਅਤ ਦੇ ਬਹੱਦ ਹੀ ਸੰਜੀਦਾ ਚਿੰਤਕ ਹਨ
ਅਤੇ ਆਪਣੇ ਖੇਤਰ ਅੰਦਰ ਪੂਰੇ ਦੱਖਣ ਪੂਰਬੀ ਏਸ਼ੀਆ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ।
ਮੇਰੇ ਮਨ ਵਿਚ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਬੇਹੱਦ ਸਤਿਕਾਰ ਹੈ। ਉਹ ਸਟਾਲਿਨ ਦੌਰ ਦੀਆਂ
ਗਲਤੀਆਂ ਦੀ ਸਹੀ ਨਿਸ਼ਾਨਦੇਹੀ ਕਰਦੇ ਤਾਂ ਹਨ ਪਰ ਜਿਸ ਅੰਦਾਜ਼ ਵਿਚ ਉਹ ਖਰੁਸੇਚੇਵ, ਬਰੈਜਨੇਵ
ਅਤੇ ਅਖੀਰ ਵਿਚ ਮੀਖਾਈਲ ਗੋਰਬਾਚੇਵ ਦੇ ਦੌਰਾਂ ਬਾਰੇ ਫਤਵੇ ਜਾਰੀ ਕਰਦੇ ਤੁਰੇ ਜਾਂਦੇ ਹਨ,
ਉਹ ਕੋਈ ਬਾਤ ਨਹੀਂ ਹੈ। ਘੱਟੋ ਘੱਟ ਮੇਰੀ ਨਜ਼ਰ ਫਤਵਿਆਂ ਦੀ ਭਾਸ਼ਾ ਵਿਚ ਗੱਲ ਕਰਨ ਦਾ ਅਜਿਹਾ
ਤਰੀਕਾਕਾਰ ਕਤਈ ਤੌਰ ਤੇ ਠੀਕ ਨਹੀਂ ਹੈ। ਉਨ੍ਹਾਂ ਨੇ 20ਵੀਂ ਸਦੀ ਵਿਚ ਸਮਾਜਵਾਦੀ ਤਜਰਬੇ ਦੀ
ਅਸਫਲਤਾ ਲਈ ਕਾਰਨਾਂ ਦੀ ਲੰਮੀ ਚੌੜੀ ਤਫਸੀਲ ਗਿਣਾਈ ਹੈ ਪਰ ਉਨ੍ਹਾਂ ਦੀ ਪੁਸਤਕ ਵੀ ਦੁਖਾਂਤ
ਦੀਆਂ ਜੜ੍ਹਾਂ ਤੱਕ ਪਾਠਕ ਨੂੰ ਲਿਜਾਂਦੀ ਨਹੀਂ ਹੈ।
ਮੁਆਫ ਕਰਨਾ, ਸੋਵੀਅਤ ਨਿਜ਼ਾਮ ਦੀ ਬਰਬਾਦੀ ਦੀ ਗੱਲ ਕਰਦਿਆਂ ਮੈਨੂੰ ਅਚਾਨਕ ਅੱਜ ਤੋਂ 30-32
ਵਰ੍ਹੇ ਪਹਿਲਾਂ ਰੂਸੀ ਕਮਿਊਨਿਸਟਾਂ ਬਾਰੇ ਆਪਣੇ ਮਿੱਤਰ ਪ੍ਰੋ. ਗੁਰਤਰਨ ਸਿੰਘ ਦੇ ਕੋਠੇ ਤੇ
ਬੈਠਿਆਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨਾਲ ਹੋਇਆ ਤਲਖ ਤਕਰਾਰ ਯਾਦ ਆ ਰਿਆ ਹੈ। ਮਹਿਬੂਬ
ਸਾਹਿਬ ਬਹੁਤ ਹੀ ਪੜ੍ਹੇ ਲਿਖੇ ਅਤੇ ਨਿਸ਼ਚੇ ਹੀ ਵੱਡੀ ਇਖਲਾਕ ਉਚਤਾ ਵਾਲੇ ਸੱਜਣ ਸਨ ਪਰ ਉਹ
ਅਫਗਾਨਿਸਤਾਨ ਵਿਚ ਰੂਸੀ ਦਖਲ ਅੰਦਾਜ਼ੀ ਵਰਗੇ ਮੁੱਦੇ ਤੇ ਅਰਥਪੂਰਨ ਰਾਏ ਦੇ ਸਕਣ ਦੇ ਮਾਮਲੇ
ਵਿਚ ਮੇਰੀ ਜਾਚੇ ਮੂਲੋਂ ਹੀ ਓਬੜ ਸਨ। ਓਹ ਕਹੀ ਜਾ ਰਹੇ ਸਨ ਕਿ ਰੂਸੀਆਂ ਨੂੰ ਬੜਾ ਪਾਪ
ਲੱਗਣਾ ਹੈ, ਅਖੇ ਜੇ ਦੁਨੀਆਂ ਵਿਚੋਂ ਪਠਾਣਾਂ ਦੀ ਨਸਲ ਦਾ ਖਾਤਮਾ ਹੋ ਗਿਆ ਤਾਂ ਕਾਇਨਾਤ ਦੇ
ਬਗੀਚੇ ਵਿਚੋਂ ਕੋਈ ਬਹੁਤ ਹੀ ਸੁੰਦਰ ਅਤੇ ਮਹਿਕਦਾਰ ਪੌਦਾ ਕੱਟਿਆ ਜਾਵੇਗਾ। ਮਹਿਬੂਬ ਸਾਹਿਬ
ਸਰਾਪ ਦੇਈ ਜਾ ਰਹੇ ਸਨ ਕਿ ਰੂਸੀਆਂ ਦਾ ਬੇੜਾ ਗਰਕ ਹੋ ਜਾਵੇਗਾ। ਮੈਂ ਸਹਿੰਦੇ ਸਹਿੰਦੇ
ਸ਼ਬਦਾਂ ਵਿਚ ਉਨ੍ਹਾਂ ਨੂੰ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਲਟਾ ਨਰਾਜ਼ਗੀ ਮੰਨ ਕੇ ਰਾਤ ਨੂੰ
ਕੋਠੇ ਤੇ ਡੱਠੀ ਮੰਜੀ ਤੋਂ ਉਠ ਕੇ ਅਚਾਨਕ ਮੈਨੂੰ ਬਿਨਾਂ ਬੁਲਾਏ ਹੀ ਆਪਣੇ ਘਰ ਨੂੰ ਟੁਰ ਗਏ
ਸਨ।
ਮੇਰਾ ਅੱਜ ਵੀ ਵਿਸ਼ਵਾਸ ਹੈ ਕਿ ਅਫਾਨਿਸਤਾਨ ਦੇ ਉਸ ਇਨਕਲਾਬੀ ਪ੍ਰਾਜੈਕਟ ਦੀ ਤੱਦੀ ਤੇ ਮਹਾਤਮ
ਬਾਰੇ ਮਹਿਬੂਬ ਸਾਹਿਬ ਨੂੰ ਪਤਾ ਨਹੀਂ ਸੀ। ਕਿਸੇ ਵੀ ਰਹੱਸਵਾਦੀ ਸੱਜਣ ਨੂੰ ਪਤਾ ਹੋ ਸਕਦਾ
ਵੀ ਨਹੀਂ ਸੀ। ਬੜੇ ਲੋਕਾਂ ਦਾ ਕਹਿਣਾ ਹੈ ਕਿ ਸੋਵੀਅਤ ਕਮਿਊਨਿਸਟਾਂ ਦੀ ਬਰਬਾਦੀ ਲਈ ਅਫਗਾਨ
ਲਫੜਾ ਹੀ ਸਭ ਤੋਂ ਵੱਧ ਜ਼ਿੰਮੇਵਾਰ ਸੀ। ਅਖੇ ਇਹ ਦਖਲ ਉਵੇਂ ਹੀ ਸੀ ਜਿਵੇਂ ਅਮਰੀਕਨ ਵੀਅਤਨਾਮ
ਵਿਚ ਫਸ ਗਏ ਸਨ। ਇਹ ਗੱਲ ਬਹੁਤ ਹੱਦ ਤੱਕ ਠੀਕ ਹੋ ਸਕਦੀ ਹੈ। ਪਰ ਇਤਿਹਾਸ ਦਾ ਇਹ ਮੌਕਾ ਮੇਲ
ਹੀ ਸੀ ਕਿ ਐਨ ਉਸੇ ਸਮੇਂ ਇਕ ਪਾਸੇ ਰੋਨਾਲਡ ਰੀਗਨ ਵਰਗਾ ਬਚਪਨ ਤੋਂ ਹੀ ਕੱਟੜ ਕਮਿਊਨਿਸਟ
ਵਿਰੋਧੀ ਆਗੂ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਅਤੇ ਦੂਸਰੇ ਪਾਸੇ ਸਾਊਦੀ ਅਰਬ ਵਿਚ ਰੈਡੀਕਲ
ਇਸਲਾਮ ਤੋਂ ਪ੍ਰੇਰਿਤ ਜਹਾਦੀਆਂ ਨੇ ਮੱਕੇ ਤੇ ਕਬਜ਼ਾ ਕਰਕੇ ਸਾਊਦੀ ਸ਼ਹਿਜਾਦਿਆਂ ਨੂੰ ਕਾਂਬੇ
ਛੇੜੇ ਅਤੇ ਤੀਸਰੇ ਪਾਸੇ ਪਾਕਿਸਤਾਨ ਵਿਚ ਜੁਲਫਕਾਰ ਭੁੱਟੋ ਨੂੰ ਫਾਹੇ ਲਗਾ ਕੇ ਜਿਆ ਉਲ ਹੱਕ
ਨੰਗਾ ਚਿੱਟਾ ਇਸਲਾਮੀ ਪੱਤਾ ਖੇਡ ਕੇ ਆਪਣੀ ਲੀਜੀਟੀਮੇਸੀ ਸਥਾਪਤ ਕਰਨ ਲਈ ਹਰੇਕ ਠੀਕ ਗਲਤ
ਹੱਥ ਕੰਡਾ ਵਰਤਣ ਤੇ ਤਹੁ ਹੋਇਆ ਪਿਆ ਸੀ।
ਜੋ ਵੀ ਹੈ, ਅਫਗਾਨਿਸਤਾਨ ਵਿਚ ਰੂਸੀ ਫੌਜੀ ਦਖਲ ਦਾ ਤਰਕ ਸਮਝਣਾ ਇਤਨਾ ਅਸਾਨ ਨਹੀਂ ਹੈ।
ਰੂਸੀਆਂ ਨੇ ਕਤਈ ਕੋਈ ਮਾਅਰਕੇਬਾਜ਼ੀ ਨਹੀਂ ਕੀਤੀ ਸੀ ਬਲਕਿ ਇਨਕਲਾਬ ਉਥੇ ਹਾਫਿਜ਼ਉਲਾ ਅਮੀਨ,
ਤਾਰਾਕੀ, ਬਬਰਾਕ ਕਾਰਮਲ ਅਤੇ ਖਲਕ ਅਤੇ ਪ੍ਰਚਮ ਧੜਿਆਂ ਦੇ ਅਫਗਾਨ ਕਮਿਊਨਿਸਟ ਇਨਕਲਾਬੀਆਂ ਨੇ
ਖੁਦ ਕੀਤਾ ਸੀ। ਦੂਸਰੇ ਪਾਸੇ ਰੂਸੀ ਕਮਿਊਨਿਸਟ ਲੀਡਰਸ਼ਿਪ ਦਾ ਹਰੇਕ ਆਗੂ ਹੀ ਅਫਗਾਨਿਸਤਾਨ
ਵਿਚ ਸਿੱਧੀ ਫੌਜੀ ਦਖਲ ਅੰਦਾਜ਼ੀ ਦੇ ਸਖਤ ਵਿਰੁੱਧ ਸੀ। ਪ੍ਰਧਾਨ ਮੰਤਰੀ ਅਲੈਕਸੀ ਕੋਸੀਗਿਨ
ਅਜੇ ਜਿਉਂਦੇ ਸਨ ਅਤੇ ਉਹ ਤਾਂ ਇਸ ਬਾਰੇ ਮਮੂਲੀ ਸੁਝਾਅ ਤੱਕ ਵੀ ਸੁਣਨ ਨੂੰ ਤਿਆਰ ਨਹੀਂ ਸਨ।
ਫਿਰ ਵੀ ਉਹ ਦੁਖਾਂਤ ਵਾਪਰਿਆ, ਫਿਰ ਵੀ ਰੂਸੀ ਦਖਲਅੰਦਾਜ਼ੀ ਦੇ ਮਹਾਂਦੁਖਾਂਤ ਦੀ ਮਰਮ ਨੂੰ
ਜੇਕਰ ਕੋਈ ਜਾਨਣਾ ਚਾਹੁੰਦਾ ਹੈ ਤਾਂ ਉਹ ਸਾਲ 2011 ਵਿਚ ਹਰੈਡਰਿਕ ਬਰੈਥਵੇਟ ਦੀ
ਅਫਗਾਨਿਸਟੀ ਅਤੇ ਜੌਨਾਥਨ ਸਟੀਲ ਦੀ ਗੋਸਟਸ ਆਫ ਅਫਗਾਨਿਸਤਾਨ ਨਾਂ ਦੀਆਂ ਅਤਿ ਅਹਿਮ
ਪੁਸਤਕਾਂ ਜ਼ਰੂਰ ਹੀ ਪੜ੍ਹੇ- ਪੜ੍ਹਨ ਵਾਲੇ ਨੂੰ ਸਾਰੀ ਕਹਾਣੀ ਹੀ ਅਲੱਗ ਰੰਗਾਂ ਵਿਚ ਨਜ਼ਰ
ਆਉਣੀ ਸ਼ੁਰੂ ਹੋ ਜਾਵੇਗੀ। ਰੈਡਰਿਕ ਬਰੈਥਵੇਟ ਦੀ ਕਿਤਾਬ ਵਧੇਰੇ ਪ੍ਰਮਾਣਿਕ ਹੈ।
ਕਾ. ਤਾਰਾਕੀ ਦੇ ਆਪਣੇ ਸਾਥੀ ਰਾਸ਼ਟਰਪਤੀ ਹਾਫਿਜ਼ਉਲਾ ਅਮੀਨ ਹਥੋਂ ਬੜੇ ਹੀ ਤਰਾਸਦਿਕ ਅਤੇ
ਰਹੱਸਮਈ ਹਾਲਤ ਵਿਚ ਮਾਰੇ ਜਾਣ ਪਿੱਛੋਂ ਖਲਕ ਧੜੇ ਵਿਚ ਉਨ੍ਹਾਂ ਦੇ ਚਾਰ ਅਹਿਮ ਸਾਥੀਆਂ ਸਈਦ
ਮੁਹੰਮਦ ਗੁਲਾਬਜੋਈ, ਅਸਲਮ ਮੁਹੰਮਦ, ਵਤਨਯਾਰ, ਸ਼ੇਰਜਾਨ ਮਜ਼ਦੂਰਯਾਰ ਅਤੇ ਅਸਦ ਉਲਾ ਸਰਵਰੀ-
ਚਾਰਾਂ ਨੇਤਾਵਾਂ ਨੇ ਇਨਕਲਾਬ ਨੂੰ ਆਪਣੇ ਹੀ ਅਤਿਵਾਦੀ ਸਾਥੀ ਹਾਫਿਜ਼ਉਲਾ ਅਮੀਨ ਦੀ ਦਹਿਸ਼ਤ
ਅਤੇ ਵਹਿਸ਼ਤ ਤੋਂ ਬਚਾਉਣ ਲਈ ਰੂਸੀਆਂ ਨੂੰ ਕਿਵੇਂ ਤੇ ਕਿਉਂ ਮਜ਼ਬੂਰ ਕਰ ਦਿੱਤਾ, ਉਹ ਕਹਾਣੀ
ਸੌਖਿਆਂ ਦੱਸੀ ਜਾ ਨਹੀਂ ਸਕਦੀ। ਇਹ ਚਾਰੇ ਦੇ ਚਾਰੇ ਹੀ ਬੜੇ ਹੀ ਦਰਵੇਸ਼ ਕਿਸਮ ਦੇ ਕਾਮਰੇਡ
ਸਨ। ਫਿਰ ਅੱਗੋਂ ਕਮਾਲ ਇਹ ਹੈ ਕਿ ਰੂਸੀ ਫੌਜਾਂ ਨੇ ਅਫਗਾਨ ਲੋਕਾਂ ਨੂੰ ਮੱਧਯੁਗੀ ਜਗੀਰੂ
ਅੰਧਕਾਰ ਵਿਚੋਂ ਕੱਢਣ ਲਈ ਹਰੇਕ ਵਾਹ ਹੀ ਤਾਂ ਲਗਾ ਦਿੱਤੀ ਸੀ। ਪ੍ਰੰਤੂ ਅਫਗਾਨ ਮੁਜਾਹਦਾਂ
ਨੇ ਆਪਣੀ ਕਮਿਊਨਿਸਟ ਸਰਕਾਰ ਵਿਰੁੱਧ ਮਾਰੂ ਜਹਾਦ ਵਿੱਢ ਕੇ ਆਪਣੇ ਪਿਆਰੇ ਅਫਗਾਨਿਸਤਾਨ ਦਾ
ਬੇੜਾ ਗਰਕ ਕਿੰਝ ਕੀਤਾ- ਇਹ ਲੋਕਾਂ ਨੂੰ ਅਜੇ ਥੋੜ੍ਹਾ ਹੋਰ ਠਹਿਰ ਕੇ ਸਮਝ ਆਵੇਗੀ, ਜਦੋਂ ਉਹ
ਸੰਜੀਦਗੀ ਨਾਲ ਸੋਚਣਾ ਸ਼ੁਰੂ ਕਰਨਗੇ ਕਿ ਗੁਲਾਬਜੋਈ, ਵਤਨਯਾਰ, ਮਜ਼ਦੂਰਯਾਰ ਅਤੇ ਕਾਮਰੇਡ
ਸਰਵਰੀ ਵਰਗੇ ਅਫਗਾਨ ਕਮਿਊਨਿਸਟ ਆਗੂ ਅਸਲ ਵਿਚ ਕਹਿ ਕੀ ਰਹੇ ਸਨ, ਉਹ ਚਾਹਤ ਕਿਸ ਕਿਸਮ ਦੇ
ਸਮਾਜ ਦੀ ਸਿਰਜਣਾ ਦੀ ਕਰ ਰਹੇ ਸਨ!! ਦੱਬੀ ਕੁਚਲੀ ਭਲੇ ਗਹੀਨ ਮੁਸਲਿਮ ਲੋਕਾਈ ਦੇ ਗੇੜ ਵਿਚ
ਜਦੋਂ ਕਹਾਣੀ ਆ ਗਈ ਤਾਂ ਕੀਹਦਾ ਕੀਹਦਾ ਸਿਰ ਸ਼ਰਮ ਨਾਲ ਨਹੀਂ ਝੁਕ ਜਾਵੇਗਾ!
ਪ੍ਰੋ. ਮਹਿਬੂਬ ਹੋਰਾਂ ਦੀ ਗੱਲ ਆਈ ਹੈ ਤਾਂ ਮੈਨੂੰ ਉਨ੍ਹਾਂ ਦੇ 60ਵਿਆਂ ਦੇ ਸ਼ੁਰੂ ਵਿਚ
ਭੂਤਵਾੜਾ ਦੌਰ ਦੇ ਮਹਾਂਭੂਤ ਡਾ. ਗੁਰਭਗਤ ਸਿੰਘ ਦੀ ਯਾਦ ਵੀ ਆਪਮੁਹਾਰੇ ਆ ਗਈ ਹੈ।
ਡਾ. ਗੁਰਭਗਤ ਸਿੰਘ ਪੰਜਾਬ ਦੇ ਸਿੱਖ ਭਾਈਚਾਰੇ ਵਿਚ ਅੱਜ ਦੇ ਦਿਨ ਸਭ ਤੋਂ ਪੜ੍ਹੇ ਲਿਖੇ
ਸੰਜੀਦਾ, ਦਿਗੰਬਰ ਅਤੇ ਪ੍ਰਤੀਬਧ ਚਿੰਤਕ ਹਨ। ਪੰਜਾਬ ਟਾਈਮਜ਼ ਸ਼ੁਰੂ ਤੋਂ ਹੀ ਕੁਝ ਵਿਸ਼ੇਸ਼
ਕਾਰਨਾਂ ਕਰਕੇ ਉਨ੍ਹਾਂ ਦੀ ਹਰ ਲਿਖਤ ਲਗਾਤਾਰ ਛਾਪਦਾ ਆ ਰਿਹਾ ਹੈ। ਅਹਿ ਹੁਣੇ ਜਿਹੇ, 11
ਦਸੰਬਰ, 2013 ਦੇ ਅੰਕ ਵਿਚ ਡਾਕਟਰ ਸਾਹਿਬ ਨੇ ਰਾਗ ਆਸਾ ਵਿਚ ਗੁਰੂ ਨਾਨਕ ਸਾਹਿਬ ਦੇ
ਕਿਸੇ ਮਹਾਂਵਾਕ ਦੀ ਵਿਆਖਿਆ ਸਮਝਾਉਣ ਲਈ ਨਦੀਆ ਵਾਹ ਵਿਛੁੰਨਿਆ ਸਿਰਲੇਖ ਹੇਠ ਤਾਜ਼ਾ ਲੇਖ
ਲਿਖਿਆ। ਉਨ੍ਹਾਂ ਦਾ ਲੇਖ ਪੜ੍ਹਨਾ ਸੀ, ਪੜ੍ਹਿਆ, ਪਰ ਅਫਸੋਸ ਹੋਇਆ ਕਿ ਡਾਕਟਰ ਸਾਹਿਬ ਪਿਛਲੇ
25-30 ਵਰ੍ਹਿਆਂ ਤੋਂ ਮਾਨੋ ਇਕੋ ਹੀ ਲੇਖ ਨੂੰ ਬਾਰ ਬਾਰ ਕਿਉਂ ਲਿਖੀ ਤੁਰੇ ਜਾ ਰਹੇ ਹਨ।
ਇਸ ਲੇਖ ਵਿਚ ਡਾ. ਗੁਰਭਗਤ ਸਿੰਘ ਦੱਸਦੇ ਹਨ ਕਿ ਇਸ ਜਗਤ ਵਿਚ ਗੁਰੂ ਨਾਨਕ ਸਾਹਿਬ ਦਾ
ਜਦੋਂ ਆਗਮਨ ਹੋਇਆ ਤਾਂ ਉਸ ਵਕਤ ਹਿੰਦੁਸਤਾਨੀ ਸਮਾਜ ਉਪਰ ਬ੍ਰਾਹਮਣਵਾਦ, ਇਸਲਾਮ ਤੇ
ਜਗੀਰਦਾਰੀ ਦੇ (ਮਾਰੂ) ਇਕਸਾਰਵਾਦ ਨੇ ਆਮ ਲੋਕਾਈ ਦੀ ਜ਼ਿੰਦਗੀ ਦੀ ਭਰਪੂਰਤਾ ਤੇ ਸੱਟ ਮਾਰੀ
ਹੋਈ ਸੀ। ਫਿਰ ਅੱਗੋਂ ਉਹ ਦਾਅਵਾ ਕਰਦੇ ਹਨ ਕਿ ਪੱਛਮੀ ਚਿੰਤਕਾਂ ਨੇ ਦੋ ਭਿਆਨਕ ਸੰਸਾਰ
ਜੰਗਾਂ ਪਿਛੋਂ ਆਪਣੇ ਇਕਪਾਸੜ ਤਰਕ ਅਤੇ ਤਕਨਾਲੋਜੀ ਅਧਾਰਤ ਸਭਿਆਚਾਰਾਂ (ਦੀਆਂ ਖਾਮੀਆਂ) ਦਾ
ਵਿਸ਼ਲੇਸ਼ਣ ਕਰਦਿਆਂ ਵਿਸ਼ਾਲ ਜੀਵਨ ਜਾਂ ਬ੍ਰਹਿਮੰਡੀ ਵਰਤਾਰੇ ਵਿਚ ਨਿਹਤ ਬਹੁਲਤਾ ਦੀ
ਨਿਸ਼ਾਨਦੇਹੀ ਕੀਤੀ। ਇਸਨੂੰ ਮੁੜ ਵਿਆਪਕ ਬਣਾ ਕੇ ਵਿਅਕਤੀ ਤੇ ਸਭਿਆਚਾਰ ਦੇ ਨਿਰਮਾਣ ਦਾ
ਚਿੰਤਨ ਰਚਿਆ। (ਅਖੇ) ਇਸ ਚਿੰਤਨ ਦਾ ਵੱਡਾ ਪ੍ਰਤੀਕ ਤੇ ਪ੍ਰਮੁੱਖ ਫਿਲਾਸਫਰ ਬਾਤਈ ਹੈ।
(ਅਖੇ) ਉਸਦੇ ਚਿੰਤਨ ਵਿਚ ਕਿਸੇ ਨਵ ਫਰਾਇਡੀ ਅਤੇ ਮਾਰਕਸੀ ਚਿੰਤਨ ਵੀ ਕਿਰਿਆਵੰਤ ਹੋਏ ਹੋਏ
ਹਨ। ਹੈਰਾਨੀ ਆਉਂਦੀ ਹੈ ਕਿ ਕਿਥੇ ਸੈਡਇਜ਼ਮ ਦੇ ਸਿਧਾਂਤਕਾਰ ਮਾਰਖੇਜ ਦੀ ਸਾਦ ਦਾ ਸਭ ਤੋਂ
ਵੱਡਾ ਪ੍ਰਸੰਸਕ ਬਤਈ ਅਤੇ ਕਿਥੇ ਗੁਰਬਾਣੀ।
ਇਸੇ ਹੀ ਲੇਖ ਵਿਚ ਡਾਕਟਰ ਸਾਹਿਬ ਆਪਣਾ ਹਜ਼ਾਰ ਵਾਰੀ ਕੀਤਾ ਪੁਰਾਣਾ ਦਾਅਵਾ ਇਕ ਵਾਰੀ ਇਹ
ਕਹਿੰਦਿਆਂ ਮੁੜ ਦੁਹਰਾਉਂਦੇ ਹਨ ਕਿ ਪੱਛਮ ਦਾ ਕੋਈ ਵੀ ਪਰਵਰਗ ਪੂਰਬੀ ਚਿੰਤਨ ਦੇ ਅਨੁਭਵਾਂ
ਅਤੇ ਚੇਤਨਤਾ ਦੇ (ਮਹਾਤਮਾ ਜਾਂ ਮਰਮ) ਨੂੰ ਨਹੀਂ ਸਮਝ ਸਕਦਾ।
ਹੁਣ ਜ਼ਰਾ ਧਿਆਨ ਨਾਲ ਵੇਖੋ ਤਾਂ ਗੁਰਭਗਤ ਸਿੰਘ ਸਿੱਖ ਧਰਮ ਦੀ ਆਮਦ ਦੀ ਤਾਰਕਿਕਤਾ ਨੂੰ
ਸ੍ਰੇਸ਼ਠ ਸਾਬਤ ਕਰਨ ਲਈ ਇਕ ਪਾਸੇ ਹਜ਼ਾਰ ਅੰਦਰੂਨੀ ਵਖਰਤਾਵਾਂ ਦੇ ਬਾਵਜੂਦ ਇਸਲਾਮ ਅਤੇ ਹਿੰਦੂ
ਧਰਮ ਨੂੰ ਇਕੋ ਰੱਸੇ ਲਪੇਟ ਕੇ ਉਨ੍ਹਾਂ ਨੂੰ ਲੋਕ ਦੁਸ਼ਮਣ ਦੀ ਥਾਂ ਜੀਵਨ ਦੋਖੀ/ਇਕਸਾਰਵਾਦ ਦੇ
ਰੂਪ ਵਿਚ ਕਲੱਬ ਕਰੀ ਜਾ ਰਹੇ ਹਨ। ਇਸਦੇ ਨਾਲ ਨਾਲ ਹੀ ਬਾਰ ਬਾਰ ਨਿਰੰਤਰ ਦਾਅਵਾ ਕਰੀ ਜਾਂਦੇ
ਹਨ ਕਿ ਪੱਛਮੀ ਚਿੰਤਨ ਏਸ਼ੀਆਈ ਅਧਿਆਤਮਕ ਚਿੰਤਨ ਦੀ ਅਮੀਰੀ ਨੂੰ ਸਮਝਣ ਦੇ ਯੋਗ ਹੀ ਨਹੀ ਹੈ।
ਯਾਦ ਰਹੇ ਕਿ ਪਿਛਲੇ ਡੇਢ ਹਜ਼ਾਰ ਸਾਲਾਂ ਦੌਰਾਨ ਇਸਲਾਮ ਨੇ ਅਣਗਿਣਤ ਮਹਾਨ ਚਿੰਤਕ ਪੈਦਾ ਕੀਤੇ
ਹਨ। ਬੁੱਧਇਜ਼ਮ ਅਤੇ ਉਪਨਿਸ਼ਦਿਕ ਹਿੰਦੂਇਜ਼ਮ ਜਾਂ ਮਹਾਂਰਿਸ਼ੀ ਅਰਵਿੰਦੋ ਵਰਗੇ ਚਿੰਤਕਾਂ ਦੀ
ਅਸੀਂ ਅਜੇ ਗੱਲ ਹੀ ਨਹੀਂ ਕਰਦੇ। ਇਸਲਾਮ ਵਿਚੋਂ ਵੀ ਇਕੱਲੇ ਸਈਅਦ ਹੁਸੈਨ ਨਾਸਰ ਨਾਂ ਦੇ
ਇਰਾਨੀ ਚਿੰਤਕ ਨੂੰ ਲੈ ਲੈਂਦੇ ਹਾਂ। ਪਿਛਲੇ ਦਿਨੀਂ ਮੇਰੀ ਆਪਣੇ ਅਜੀਜ਼ ਧਰਮਜੀਤ ਅਤੇ ਦੋਸਤ
ਪ੍ਰੋ. ਹਰਪਾਲ ਸਿੰਘ ਪੰਨੂ ਹੋਰਾਂ ਨਾਲ ਪ੍ਰੋ. ਭੁਪਿੰਦਰ ਸਿੰਘ ਵਲੋਂ ਲਿਖੀ ਸਿੱਖੀ ਦੀ ਮੂਲ
ਭਾਵਨਾ ਨੂੰ ਸਥਾਪਤ ਕਰਨ ਲਈ ਹੁਣੇ ਹੁਣੇ ਲਿਖੀ (ਅਜੇ ਅਣਛਪੀ) ਕਿਤਾਬ ਬਾਰੇ ਗੱਲ ਹੋ ਰਹੀ
ਸੀ। ਮੈਂ ਪ੍ਰੋ. ਪੰਨੂ ਸਾਹਿਬ ਅਤੇ ਧਰਮਜੀਤ ਨੂੰ ਉਹ ਕਿਤਾਬ ਪੜ੍ਹਨ ਤੋਂ ਪਹਿਲਾਂ ਸਈਅਦ
ਨਾਸਰ ਦੀ ਸਾਲ 2010 ਵਿਚ ਹਾਰਪਰ ਵੱਲੋਂ ਛਪੀ ਇਸਲਾਮ ਇਨ ਦਾ ਮਾਡਰਨ ਵਰਲਡ ਸਿਰਲੇਖ ਹੇਠਲੀ
ਪੁਸਤਕ ਲਾਜ਼ਮੀ ਤੌਰ ਤੇ ਪੜ੍ਹ ਲੈਣ ਲਈ ਆਖਿਆ ਸੀ। ਮੈ ਪੰਜਾਬ ਟਾਈਮਜ਼ ਦੇ ਪਾਠਕਾਂ ਕੋਲ
ਇਕਬਾਲ ਕਰਨਾ ਚਾਹੁੰਦਾ ਹਾਂ ਕਿ ਸਈਅਦ ਨਾਸਰ ਹਰ ਕਿਸਮ ਦੇ ਰੇਡੀਕਲ ਇਸਲਾਮੀ ਚਿੰਤਨ ਦੇ
ਵਿਰੋਧ ਵਿਚ ਖੜ੍ਹਾ ਹੈ। ਉਹ ਰਵਾਇਤੀ ਇਸਲਾਮ ਦੀਆਂ ਸ਼ਾਨਾਂ ਦਾ ਮਹਾਨ ਡਾਢੀ ਹੈ। ਉਹ ਇਸਲਾਮ
ਬਾਰੇ ਇਤਨੇ ਤਰਕ ਅਤੇ ਸੋਹਜ ਨਾਲ ਗੱਲ ਕਰਦਾ ਹੈ ਕਿ ਮੇਰੇ ਵਰਗੇ ਬੇਪੀਰ ਆਦਮੀ ਦਾ ਵੀ ਕੇਰਾਂ
ਤੁਰਤ ਮੁਸਲਮਾਨ ਧਰਮ ਗ੍ਰਹਿਣ ਕਰ ਲੈਣ ਨੂੰ ਮਨ ਕਰ ਆਉਂਦਾ ਹੈ। ਆਪਣੀ ਇਸੇ ਪੁਸਤਕ ਵਿਚ ਸਈਅਦ
ਨਾਸਰ, ਰੇਨ ਗੋਇਓਂ (ਭਚਕਅਰਅ) ਮਾਰਟਿਨ ਲਿੰਗਜ਼, ਆਰੀ ਕੋਰਬਿਨ ਅਤੇ ਫਰਿਟਜੋਫ ਸ਼ੂਨ ਆਦਿ
20ਵੀਂ ਸਦੀ ਦੇ 6-7 ਇਸਾਈ ਮੂਲ ਦੇ ਮਹਾਨ ਮੁਸਲਿਮ ਸੂਫੀ ਚਿੰਤਕਾ ਬਾਰੇ ਬਹੁਤ ਹੀ
ਪ੍ਰੇਰਨਾਮਈ ਅਤੇ ਤਾਜ਼ਗੀ ਭਰੇ ਅੰਦਾਜ਼ ਵਿਚ ਲਿਖਿਆ ਹੈ। ਇਹ ਸਾਰੇ ਚਿੰਤਕ ਉਹ ਹਨ ਜਿਨ੍ਹਾਂ ਨੇ
20ਵੀਂ ਸਦੀ ਦੇ ਸ਼ੁਰੂ ਵਿਚ ਇਸਲਾਮ ਧਰਮ ਧਾਰਨ ਕੀਤਾ ਅਤੇ ਹਿਮਾਲਾ ਪਹਾੜ ਦੀਆਂ ਚੋਟੀਆਂ
ਜਿੱਡੇ ਉਨ੍ਹਾਂ ਸਭਨਾਂ ਦੇ ਕੱਦ ਹਨ। ਮੈਂ ਧਰਮਜੀਤ ਨਾਲ ਜਦੋਂ ਸਈਅਦ ਨਾਸਰ ਅਤੇ ਇਹਨਾਂ
ਚਿੰਤਕਾਂ ਦੀ ਗੱਲ ਕਰ ਰਿਹਾ ਸਾਂ ਤਾਂ ਮੈਨੂੰ ਯਾਦ ਹੈ ਕਿ ਉਨ ਸਹਿਜ ਨਾਲ ਮਹਿਜ ਇਤਨਾ ਕਹਿ
ਕੇ ਮੇਰੀ ਗੱਲ ਕੱਟ ਦਿੱਤੀ ਸੀ ਕਿ ਇਨ੍ਹਾਂ ਸਾਰੇ ਚਿੰਤਕਾਂ ਦੀ ਸੋਚ ਨੇ ਇਤਿਹਾਸਕ ਅਮਲ ਵਿਚ
ਅਜਿਹੀ ਸਪਿਰਿਟ ਉਤਾਰੀ ਕਿਥੇ ਹੈ। ਧਰਮਜੀਤ ਦਾ ਕਹਿਣਾ ਸੀ ਕਿ ਰੂਹ ਤਾਂ ਹਰੇਕ ਧਰਮ ਦੀ ਹੀ
ਕਮਾਲ ਹੈ। ਇਸ ਸਬੰਧ ਵਿਚ ਸਾਰੇ ਵਾਦ ਵਿਵਾਦ ਤਾਂ ਮਹਿਜ ਦਰਸ਼ਨ - ਦਿਗ ਦਰਸ਼ਨ ਵਾਲੀ
ਕਹਾਣੀ ਹਨ। ਮੁੱਦਾਂ ਤਾਂ ਮੁੜ ਉਹੋ ਹੀ ਹੈ ਕਿ ਧਰਮ ਕਿਸੇ ਦੀ ਵੀ ਰੂਹ ਨੂੰ ਇਤਿਹਾਸ ਵਿਚ
ਉਤਾਰਿਆ ਕਿੰਝ ਜਾਵੇ!!
ਫਿਰ ਵੀ ਇਸਲਾਮ ਧਰਮ, ਹਿੰਦੂ ਧਰਮ ਜਾਂ ਬੁੱਧ ਧਰਮ -- ਸਮੁੰਦਰ ਜਿੱਡਾ ਤਾਂ ਇਨ੍ਹਾਂ ਸਭਨਾਂ
ਦਾ ਪਸਾਰ ਹੈ। ਡਾ. ਗੁਰਭਗਤ ਸਿੰਘ ਸਪਸ਼ਟ ਨਹੀਂ ਕਰਦੇ। ਉਹ ਕਿਹੜੇ ਇਸਲਾਮ ਜਾਂ ਹਿੰਦੂ ਧਰਮ
ਦੀ ਗੱਲ ਸਹੀ ਜਾਂਦੇ ਹਨ। ਤੇ ਜੇ ਗੱਲ ਮਹਿਜ਼ ਪ੍ਰੈਕਟਿਸ ਦੀ ਹੀ ਕਰਨੀ ਹੈ ਤਾਂ ਫਿਰ ਸਾਡੀ
ਆਪਣੇ ਸਿੱਖ ਭਾਈਚਾਰੇ ਵਿਚ ਪ੍ਰੈਕਟਿਸ ਕਿਹੜਾ ਸਿੱਖ ਧਰਮ ਦੀ ਆਤਮਾ ਦੇ ਅਨੁਰੂਪ ਹੋ ਹੀ ਰਹੀ
ਹੈ। ਸਵਾਲ ਇਹ ਹੈ ਕਿ ਡਾ. ਗੁਰਭਗਤ ਸਿੰਘ ਜੀ ਦੀ ਪੂਰਬੀ ਚਿੰਤਨ ਤੋਂ ਮੁਰਾਦ ਕੀ ਹੈ। ਕੀ
ਬੱਸ ਉਹ ਸਿੱਖ ਧਰਮ ਤਕ ਹੀ ਮਹਿਦੂਦ ਹੈ।
ਅਫਸੋਸ ਦੀ ਗੱਲ ਹੈ ਕਿ ਡਾ.ਗੁਰਭਗਤ ਸਿੰਘ ਵਾਲੇ ਰਾਹ ਹੀ ਸਾਡੇ ਪਰਮ ਮਿੱਤਰ ਬਾਬਾ ਕਰਮਜੀਤ
ਸਿੰਘ ਚੰਡੀਗੜ੍ਹ ਅਤੇ ਕੁਝ ਹੋਰ ਨਵੇਂ ਬਣੇ ਨਵੇਂ ਸਿੱਖ ਚਿੰਤਕ ਪਏ ਹੋਏ ਹਨ। ਡਾ. ਬਲਕਾਰ
ਸਿੰਘ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਦਾਅਵਾ ਨਹੀਂ ਹੈ ਪਰ ਉਨ੍ਹਾਂ ਨੇ ਅਜਿਹੇ ਸੱਜਣਾਂ
ਨੂੰ ਰੱਬ ਸੱਚੇ ਦਾ ਵਾਸਤਾ ਦਿੰਦਿਆ ਅਜਿਹਾ ਕਰਨ ਤੋਂ ਵਰਜਿਆ ਸੀ। ਉਨ੍ਹਾਂ ਠੀਕ ਹੀ ਤਾਂ
ਕਿਹਾ ਸੀ ਕਿ - ਯਾਰੋ ਪਾਪ ਲੱਗੇਗਾ ਨਾ ਕਰੋ ਏਤਰਾਂ- ਨਾ ਕਰੋ। ਨਾ ਕਰੋ!! ਨਾ ਕਰੋ
ਏਤਰਾਂ!!!
ਸਾਡੇ ਬਿਰਤਾਂਤ ਵਿਚ ਪ੍ਰੋ. ਮਹਿਬੂਬ ਸਾਹਿਬ ਤੇ ਡਾ. ਗੁਰਭਗਤ ਸਿੰਘ ਦਾ ਜ਼ਿਕਰ ਆ ਜਾਣ ਦੇ
ਕਾਰਨ ਮੈਂ ਸਪਸ਼ਟ ਕਰ ਦੇਵਾਂ- ਇਹ ਵੀ ਹੈ ਕਿ ਇਹ ਦੋਵਾਂ ਚਿੰਤਕਾਂ ਨੇ ਵੀ ਆਪਣੇ ਆਪਦੇ ਲਈ
ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਦੀ ਮੁਹਿੰਮ ਮਾਰਕਸੀ ਚਿੰਤਨ ਦੀ ਪ੍ਰੇਰਨਾ ਨਾਲ ਹੀ ਕੀਤੀ ਸੀ।
ਮਹਿਬੂਬ ਸਾਹਿਬ ਬਾਰੇ ਦੰਤ-ਕਥਾ ਇਹ ਵੀ ਪ੍ਰਚਲਿਤ ਹੈ ਕਿ ਉਨ੍ਹਾਂ ਨੇ ਮਾਓ ਜੇ ਤੁੰਗ ਦੀ
ਲੰਮੀ ਯਾਤਰਾ ਤੇ ਲੰਮੀ ਨਜ਼ਮ ਵੀ ਲਿਖੀ ਸੀ ਜੋ ਕਿ ਪਿਛੋਂ ਪ੍ਰੋ. ਕੁਲਵੰਤ ਸਿੰਘ ਦੇ ਕਹਿਣ
ਤੇ ਉਨ੍ਹਾਂ ਨੇ ਸਾੜ ਦਿੱਤਾ ਸੀ। ਇਹ ਸੱਜਣ ਵੀ ਸਟਾਲਿਟੀ ਕਮਿਊਨਿਸਟ ਪ੍ਰੈਕਟਸ ਤੋਂ ਹੀ ਬਦਸ਼ਰ
ਹੋਏ ਸਨ।
ਮੁਆਫ ਕਰਨਾ, ਗੱਲ ਮੈਂ ਤੁਹਾਡੇ ਨਾਲ ਕਾ. ਲਿਓਨ ਤਰਾਤਸਕੀ ਅਤੇ ਸਟਾਲਿਨ ਬਾਰੇ ਬਹਿਸ ਦੀ
ਸਾਰਥਿਕਤਾ ਦੀ ਕਰ ਰਿਹਾ ਸਾਂ। ਜ਼ਿੰਦਗੀ ਨੂੰ ਹੁਸੀਨ ਅਤੇ ਜਿਊਣਯੋਗ ਬਣਾਉਣ ਦੀ ਮੁਹਿੰਮ ਜਾਂ
ਪ੍ਰੈਕਟਿਸ ਨੂੰ ਸਿਰੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਵਿਚ ਕਰੋੜਾਂ ਲੋਕਾਂ ਨੇ ਕੁਰਬਾਨੀਆਂ
ਦਿੱਤੀਆਂ ਅਤੇ ਗੱਲ ਜੇਕਰ ਬਣੀ ਨਹੀਂ ਹੈ ਤਾਂ ਉਨ੍ਹਾਂ ਮੁੱਦਿਆਂ ਨੂੰ ਇਕ ਵਾਰ ਮੁੜ ਖੁੱਲ੍ਹੇ
ਮਨ ਨਾਲ ਵਿਚਾਰ ਕਿਉਂ ਨਾ ਲਿਆ ਜਾਵੇ ਕਿ ਸਟਾਲਿਨ ਅਤੇ ਲਿਓਨ ਟਰਾਟਸਕੀ ਦਾ ਝਗੜਾ ਕੀ ਸੀ।
ਕਾ. ਲੈਨਿਲ ਦੇ ਦੋਵਾਂ ਜਾਨਸ਼ੀਨਾਂ ਵਿਚਾਲੇ 20ਵੀਂ ਸਦੀ ਦੇ ਸ਼ੁਰੂ ਵਿਚ ਹੋਈ ਮਹਾਨ ਤਕਰਾਰ
ਪਿੱਛੇ ਅਸਲ ਵਿਚ ਮੂਲ ਮੁੱਦਾ ਕੀ ਸੀ।
ਮੈਨੂੰ ਯਾਦ ਆ ਰਿਹਾ ਹੈ ਕਈ ਦਹਾਕੇ ਪੁਰਾਣਾ ਆਪਣੀ ਕਿਸੇ ਅਜੀਜ਼ ਕੁੜੀ ਦਾ ਮਾਸੂਮ ਜਿਹਾ ਇਹ
ਮਹਾਂਵਾਕ। ਉਸਨੇ ਕੇਰਾਂ ਸਹਿਵਨ ਹੀ ਮੈਨੂੰ ਦੱਸਿਆ ਸੀ ਕਿ ਘਰ ਚ ਮਹਿਮਾਨ ਜੇਕਰ ਕੋਈ
ਨਾ ਆਵੇ ਤਾਂ ਤਦ ਵੀ ਖੋਹ ਜਿਹੀ ਪੈਣ ਲੱਗ ਜਾਂਦੀ ਹੈ ਅਤੇ ਜੇਕਰ ਮਹਿਮਾਨ ਇਸ ਕਿਸਮ ਦਾ ਆ
ਜਾਵੇ ਕਿ ਮਜ਼ਬੂਰੀਵਸ ਮਹਿਜ਼ ਇਕ ਰਾਤ ਲਈ ਵੀ ਆਪਣੇ ਸੱਜਣ ਪਿਆਰੇ ਤੋਂ ਪਾਸੇ ਹੋ ਕੇ ਸੌਣਾ ਪੈ
ਜਾਵੇ ਤਾਂ ਡਰ ਇਕ ਝੋਰਾ ਜਿਹਾ ਮਹਿਸੂਸ ਹੁੰਦਾ ਹੈ ਕਿ ਆਤਮਿਕ ਹੁਸਨ ਦੀ ਕਿਸੇ ਸਿਖਰ ਛੂਹ
ਲੈਣ ਦੀ ਨਿਰੰਤਰ ਤਲਾਸ਼ ਵਿਚ ਵੱਡਾ ਕੱਜ ਤਾਂ ਨਹੀਂ ਕੋਈ ਪੈ ਜਾਵੇਗਾ! ਸਾਰੀ ਹਸਤੀ ਹੀ ਮਾਰੂ
ਕਿਸਮ ਦੀ ਕਿਸੇ ਸਵੈ-ਵਿਦਰੇਕਤਾ ਨਾਲ ਤਾਂ ਨਹੀਂ ਸਰਾਪੀ ਜਾਵੇਗੀ ... ਕੋਈ ਸਦੀਵੀ ਵਿਗੋਚਾ
ਹੀ ਤਾਂ ਨਹੀਂ ਪੈ ਜਾਵੇਗਾ!!
ਯੁੱਗਾਂ ਯੁੱਗਾਂ ਤੋਂ ਹਰ ਚਿੰਤਕ ਦਾ, ਹਰ ਧਰਮ ਦੇ ਰਹਿਨੁਮਾ ਦਾ ਕੇਂਦਰੀ ਸਰੋਕਾਰ ਇਹ ਹੀ
ਤਾਂ ਰਿਹਾ ਹੈ ਕਿ ਇਨਸਾਨ ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਦਾ ਸ਼ਿਕਾਰ ਹੋਣੋ ਬਚ ਕੇ ਕਿੰਝ
ਜੀਵੇ। ਕਾਰਲ ਮਾਰਕਸ ਨੇ ਆਪਣੀ ਮਹਾਨ ਰਚਨਾ ਦਾਸ ਕੈਪੀਟਲ ਸਾਰਾ ਜ਼ੋਰ ਇਹ ਦੱਸਣ ਤੇ ਹੀ ਲਗਾ
ਦਿੱਤਾ ਸੀ ਕਿ 19ਵੀਂ ਸਦੀ ਸਰਮਾਏ ਜਾਂ ਮੁਨਾਫੇ ਦੇ ਨਿਜ਼ਾਮ ਨੇ ਮਨੁੱਖਾਂ ਦੀ ਹਾਲਤ ਕਿੰਝ
ਜਾਨਵਰਾਂ ਤੋਂ ਵੀ ਕਿਵੇਂ ਬਦਤਰ ਬਣਾ ਦਿੱਤੀ ਸੀ।
ਕਾਰਲ ਮਾਰਕਸ ਦਾ ਸਭ ਤੋਂ ਜਹੀਨ ਪੈਰੋਕਾਰ ਲਿਓਨ ਤਰਾਤਸਕੀ ਅਜਿਹੇ ਵਿਦਰੇਕਤਾ ਰਹਿਤ ਸਮਾਜ ਦੀ
ਸਿਰਜਣਾ ਲਈ ਤਾਂ ਜੂਝ ਗਿਆ ਸੀ। ਜੋਜ਼ਿਫ ਸਟਾਲਿਨ ਨਾਲ ਉਸਦਾ ਇਹੋ ਹੀ ਤਾਂ ਰੌਲਾ ਸੀ ਕਿ ਉਹ
ਕਿਸੇ ਵੀ ਕਿਸਮ ਦੀ ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਤੋਂ ਪਾਰ ਸਮਾਜ ਦੀ ਸਿਰਜਣਾ ਦੀ ਆੜ ਵਿਚ
ਅਜਿਹਾ ਨਿਜ਼ਾਮ ਉਸਾਰੀ ਜਾ ਰਿਹਾ ਸੀ, ਜਿਸ ਵਿਚ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੀ ਮਾਰੂ
ਵਿਦਰੇਕਤਾ ਅਤੇ ਸਵੈ-ਵਿਦਰੇਕਤਾ ਵਿਆਪ ਜਾਣੀ ਸੀ ਜਿਸਦਾ ਤੋੜ ਅੱਜ ਤੱਕ ਆਦਮ ਦੀ ਜਾਤ ਨੇ ਕਦੀ
ਤੱਕਿਆ ਜਾਂ ਕਿਆਸਿਆ ਤੱਕ ਵੀ ਨਾ ਹੋਵੇਗਾ।
ਪੰਜਾਬ ਟਾਈਮਜ਼ ਦੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਦੋ ਕੁ ਵਰ੍ਹੇ ਪਹਿਲਾਂ ਮਣੀ ਕੌਲ ਬਾਰੇ
ਲਿਖੇ ਇਕ ਸ਼ਰਧਾਂਜਲੀ ਲੇਖ ਵਿਚ ਮੈਂ ਕਿਹਾ ਸੀ ਕਿ ਕਾ. ਲੇਨਿਨ ਨੇ ਇਨਕਲਾਬ ਰੂਸੀ ਹਾਕਮਾਂ
ਤੋਂ ਆਪਣੇ ਪਿਆਰੇ ਲੇਖਕ ਐਂਤਨ ਚੈਖੋਵ ਦੇ ਕਲਰਕ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਸੀ। ਪਰ
ਸਟਾਲਿਨ ਨੇ ਪਤਾ ਹੀ ਨਹੀਂ ਕਿਤਨੇ ਕਲਰਕਾਂ ਨੂੰ ਅੰਤਾਂ ਦੀ ਨਮੋਸ਼ੀ ਭਰੀ ਮੌਤ ਦੇ ਮੂੰਹ ਧੱਕ
ਦਿੱਤਾ।
... ਅਤੇ ਲਿਓਨ ਤਰਾਤਸਕੀ ਦੀਆਂ ਲਿਖਤਾਂ ਪੜ੍ਹ ਕੇ ਮੈਨੂੰ ਹਮੇਸ਼ਾ ਹੀ ਇਉਂ ਮਹਿਸੂਸ ਹੋਇਆ ਹੈ
ਕਿ ਉਹ ਅਜਿਹੇ ਸਮਾਜ ਦੀ ਉਸਾਰੀ ਲਈ ਜੂਝ ਰਿਹਾ ਸੀ ਜਿਥੇ ਨਾ ਤਾਂ ਕਿਸੇ ਕਲਰਕ ਦੀ ਮੌਤ
ਮੌਤ ਹੋਵੇ ਤੇ ਨਾ ਹੀ ਕਿਸੇ ਹੁਸੀਨ ਕੁੜੀ ਨੂੰ ਕਿਸੇ ਵੀ ਸਮਾਜਕ ਬੰਧਨ ਦੀ ਬਲੀ ਤੇ
ਚੜ੍ਹਦਿਆਂ ਆਪਣੇ ਕਿਸੇ ਵੀ ਮਿੱਤਰ ਪਿਆਰੇ ਦੀ ਆਗੋਸ਼ ਤੋਂ ਵਾਂਝੇ ਰਹਿਣ ਜਾਣ ਦਾ ਖਦਸ਼ਾ ਹੋਵੇ।
ਮੈਨੂੰ ਲਿਓਨ ਤਰਾਤਸਕੀ ਦੀ ਸਖਸ਼ੀਅਤ ਕੋਹ ਕਾਫ ਦੀਆਂ ਚੋਟੀਆਂ ਵਰਗੀ ਉਚੀ ਤੇ ਨਿਰਮਲ ਲੱਗੀ
ਸੀ। ਮੇਰੀਆਂ ਨਿਗਾਹਾਂ ਵਿਚ ਉਸ ਦੀਆਂ ਲਿਖਤਾਂ ਦੀ ਸਪਿਰਿਟ ਅੱਜ ਵੀ ਉਤਨੀ ਹੀ ਉਦਾਤ ਹੈ
ਜਿਤਨੀ ਕਿ ਮੇਰੀ ਜਾਚੇ ਮੇਰੀ ਉਸ ਅਜੀਜ਼ ਦਾ ਉਹ ਨਿਰਛਲ ਜਿਹਾ ਕਥਨ ਜਾਂ ਭਾਵਨਾਵਾਂ ਉਦਾਤ ਸਨ।
ਸਟਾਲਿਨ ਤੋਂ ਬਾਅਦ ਖਰੁਸਚੋਵ, ਬਰੈਜਨਵੇ, ਕੋਸੀਲਿਨ, ਸੁਸਲੋਵ, ਆਂਦਰੋਪੋਵ, ਗੋਰਬਲੇਵ,
ਲਿਗਾਚੇਵ ਅਤੇ ਬੋਰਿਸ ਯੈਲਤਸਿਨ ਦਾ ਤੁਰਦਾ ਤੁਰਦਾ ਜ਼ਿਕ ਮੈਂ ਇਸ ਕਰਕੇ ਕੀਤਾ ਹੈ ਕਿ ਉਹ ਆਪੋ
ਆਪਣੀ ਜਗ੍ਹਾ ਤੇ ਸਾਰੇ ਹੀ ਕਮਾਲ ਦੇ ਆਗੂ ਸਨ, ਸ਼ਗਿਰਦ ਸਨ ਅਤੇ ਫਿਰ ਵੀ ਇਨਕਲਾਬ ਦੀ
ਕਾਮਯਾਬੀ ਦੇ ਬਾਅਦ ਹਾਲਤ ਲਗਾਤਾਰ ਨਾਂਹ ਵਾਲੇ ਪਾਸੇ ਹੀ ਨਿਘਰਦੀ ਕਿਉਂ ਚਲੀ ਗਈ...!! ਕਾਰਲ
ਮਾਰਕਸ ਤੇ ਲਿਓਨ ਤਰਾਤਸਕੀ ਦਾ ਸੁਪਨਾ ਤਾਂ ਅਜਿਹੇ ਸਮਾਜ ਦੀ ਸਿਰਜਣਾ ਸੀ ਜਿਥੇ ਕਿਸੇ ਦੀ ਵੀ
ਮਿਹਨਤ ਦਾ ਸੋਸ਼ਣ ਨਾ ਹੋਵੇ ਤੇ ਕਿਸੇ ਮਾਸੂਮ ਮੁੰਡੇ ਜਾਂ ਕੁੜੀ ਦੀਆਂ ਭਾਵਨਾਵਾਂ ਦਾ ਹਨਨ ਵੀ
ਨਾ ਹੋਵੇ। ਕਿਸੇ ਵੀ ਕਿਸਮ ਦੇ ਤਾਲਿਬਾਨਾ ਜਾਂ ਸਟਾਲਿਨੀ ਕੌਮੀਸਾਰਾਂ ਦੀ ਉਨ੍ਹਾਂ ਦੇ ਆਦਰਸ਼
ਸਮਾਜ ਵਿਚ ਕੋਈ ਥਾਂ ਨਹੀਂ ਸੀ।
ਸਟਾਲਿਨ ਨੇ ਟਰਾਟਸਕੀ ਸਮੇਤ ਲੱਖਾਂ ਬੇਗੁਨਾਹ ਲੋਕ ਬੇਰਹਿਮੀ ਨਾਲ ਮਰਵਾ ਦਿੱਤੇ। ਅਸੀਂ
ਕਿੰਤੂ ਨਾ ਹੀ ਉਠਾਉਂਦੇ ਬਸ਼ਰਤੇ ਕਿ ਸਮਾਜਵਾਦ ਦੀ ਉਸਾਰੀ ਦਾ ਪ੍ਰਾਜੈਕਟ ਲੀਹ ਤੇ ਆ ਜਾਂਦਾ।
ਪੰਜਾਬ ਟਾਈਮਜ਼ ਵਿਚ ਕਰਨੈਲ ਸਿੰਘ ਨਾਂ ਦੇ ਸਾਡੇ ਕਿਸੇ ਜਗਿਆਸੂ ਸਾਥੀ ਨੇ ਜੇ ਲਿਓਨ
ਤਰਾਤਸਕੀ ਦੀਆਂ ਸਭ ਪੇਸ਼ੀਨਗੋਈਆਂ ਦੇ ਗਲਤ ਸਾਬਤ ਹੋ ਜਾਣ ਦੀ ਗੱਲ ਕੀਤੀ ਹੈ। ਪਰ ਬਾਬਿਓ ਗੱਲ
ਤਾਂ ਤਰਾਤਸਕੀ ਦੇ ਕਿਰਦਾਰ ਤੇ ਉਸਦੀ ਗੁਫਤਾਰ ਦੀ ਸਪਿਰਿਟ ਦੀ ਹੈ ...ਪੇਸ਼ੀਨਗੋਈ ਭਲਾ ਅੱਜ
ਤੱਕ ਕੀਹਦੀ ਸੱਚ ਹੋਈ ਹੈ।
ਉਮੀਦ ਹੈ ਕਿ ਪੰਜਾਬ ਟਾਈਮਜ਼ ਦੇ ਪਾਠਕ ਅਜਿਹੀ ਤਵੱਕੋਂ ਲਈ ਮੁਆਫ ਕਰਨਗੇ ਜੋ ਕਿ ਬਘੇਲ
ਸਿੰਘ ਬੱਲ ਹੋਰਾਂ ਦਾ ਸੰਗਠਤ ਲੇਖ ਪੜ੍ਹਨ ਲਈ ਤਿਆਰ ਹੋਣ ਵਾਸਤੇ ਉਨ੍ਹਾਂ ਤੋਂ ਕਰ ਲਈ ਗਈ
ਹੈ।
ਪਾਠਕਾਂ ਤੋਂ ਸਬਰ ਤੇ ਹੁੰਗਾਰੇ ਦੀਆਂ ਉਮੀਦਾਂ ਨਾਲ
ਸ਼ੁਭਚਿੰਤਕ
ਗੁਰਦਿਆਲ ਬੱਲ
-0-
|