ਮੇਰੀ ਕਹਾਣੀ ਵਿੱਚ
ਰਾਜਨੀਤਕ ਚੇਤਨਾ ਅਤੇ ਕਿਰਸਾਣੀ ਸਮਾਜ ਦੀ ਪੇਸ਼ਕਾਰੀ ਤੋਂ ਇਲਾਵਾ ਆਲੋਚਕਾਂ ਵੱਲੋਂ ਜਿਹੜੀ
ਗੱਲ ਨੋਟ ਕੀਤੀ ਗਈ ਉਹ ਹੈ ਬਦਲਦੇ ਆਰਥਕ-ਸਮਾਜਕ ਪਰਸੰਗਾਂ ਕਾਰਨ ਰਿਸ਼ਤਿਆਂ ਵਿੱਚ ਪੈ ਰਹੀਆਂ
ਤ੍ਰੇੜਾਂ ਦੀ ਗੱਲ। ਮੈਂ ਆਪਣੇ ਤੋਂ ਵਡੇਰੇ ਅਤੇ ਕਿਰਸਾਣੀ ਸਮਾਜ ਦੇ ਪ੍ਰਮਾਣਿਕ ਲੇਖਕਾਂ
ਕੁਲਵੰਤ ਸਿੰਘ ਵਿਰਕ ਅਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਤੇ ਜਦੋਂ ਨਜ਼ਰ ਮਾਰਦਾ ਹਾਂ
ਤਾਂ ਮੈਨੂੰ ਉਹਨਾਂ ਦੀਆਂ ਕਹਾਣੀਆਂ ਨਾਲੋਂ ਆਪਣੀਆਂ ਕਹਾਣੀਆਂ ਵਿੱਚ ਵਸਤੂ ਅਤੇ ਦ੍ਰਿਸ਼ਟੀ ਦੇ
ਪੱਖੋਂ ਇੱਕ ਸਪਸ਼ਟ ਫ਼ਰਕ ਨਜ਼ਰ ਆਉਂਦਾ ਹੈ। ਅਸਲ ਵਿੱਚ ਇਹ ਫ਼ਰਕ ਸਮੇਂ ਦਾ ਫ਼ਰਕ ਹੈ। ਉਹਨਾਂ ਨੇ
ਆਪਣੇ ਦੌਰ ਵਿੱਚ ਆਈਆਂ ਤਬਦੀਲੀਆਂ ਨੂੰ ਫੜ੍ਹਨਾ ਸੀ ਤੇ ਮੈਂ ਆਪਣੇ ਦੌਰ ਵਿੱਚ ਆਈਆਂ
ਤਬਦੀਲੀਆਂ ਨੂੰ। ਇਹਨਾਂ ਦੀਆਂ, ਵਿਸ਼ੇਸ਼ ਕਰਕੇ ਵਿਰਕ ਦੀਆਂ ਕਹਾਣੀਆਂ ਵਿੱਚ ਸੰਗਠਿਤ ਕਿਰਸਾਣ
ਭਾਈਚਾਰੇ, ਜ਼ਾਤ-ਬਰਾਦਰੀ ਦੇ ਆਪਸੀ ਮਾਣ ਦਾ ਜ਼ਿਕਰ ਹੈ। ਹੌਲੀ ਹੌਲੀ ਇਹ ਸੰਗਠਿਤ ਭਾਈਚਾਰਾ
ਉਸਦੀਆਂ ਕਹਾਣੀਆਂ ਵਿੱਚ ਟੁੱਟਣਾ ਤੇ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਹੈ। ਮੇਰੀਆਂ ਕਹਾਣੀਆਂ
ਵਿੱਚ ਸੰਗਠਿਤ ਭਾਈਚਾਰੇ ਦੇ ਟੁੱਟਣ ਦਾ ਦੁਖਾਂਤ ਪਿੱਛੇ ਰਹਿ ਗਿਆ ਤੇ ਭਾਈਚਾਰੇ ਤੋਂ ਵੀ
ਅੱਗੇ ਪਰਿਵਾਰਾਂ ਦੇ ਟੁੱਟਣ-ਤਿੜਕਣ ਦੀ ਦਾਸਤਾਂ ਸ਼ੁਰੂ ਹੁੰਦੀ ਹੈ। ਆਪਣਾ ਆਪਣਾ ਹਿੱਸਾ,
ਭੱਜੀਆਂ ਬਾਹੀਂ ਵਾਪਸੀ ਤੇ ਸੁਨਹਿਰੀ ਕਿਣਕਾ ਵਿੱਚ ਟੁੱਟਦੇ ਪਰਿਵਾਰਾਂ ਤੇ ਤਿੜਕਦੇ
ਰਿਸ਼ਤਿਆਂ ਦਾ ਜ਼ਿਕਰ ਹੈ। ਸੇਖੋਂ ਅਤੇ ਵਿਰਕ ਦੀ ਕਹਾਣੀ ਨਾਇਕਾਂ ਦੀ ਕਹਾਣੀ ਹੈ। ਪਰ ਮੇਰੀ
ਕਹਾਣੀ ਵਿੱਚ ਨਾਇਕ ਪਾਤਰ ਹੋ ਗਿਆ ਹੈ। ਉਹ ਭਾਈਚਾਰੇ ਜਾਂ ਬਰਾਦਰੀ ਦਾ ਠੇਕੇਦਾਰ
ਨਹੀਂ ਰਹਿ ਗਿਆ। ਉਹਨੂੰ ਦੂਜਿਆਂ ਦੇ ਫਸ ਜਾਣ ਦਾ ਫ਼ਿਕਰ ਨਹੀਂ ਸਗੋਂ ਆਪਣੀਆਂ ਫਾਹੀਆਂ ਤੋਂ
ਮੁਕਤ ਹੋਣ ਦੀ ਤਿਲਮਲਾਹਟ ਹੈ। ਵਿਰਕ ਦੇ ਇਹ ਨਾਇਕ ਸੁਹਿਰਦ ਹਨ ਅਤੇ ਆਪਣੇ ਭਾਈਚਾਰੇ ਲਈ ਜਾਨ
ਕੁਰਬਾਨ ਕਰਨ ਨੂੰ ਤਿਆਰ ਹਨ ਪਰ ਮੇਰੀਆਂ ਕਹਾਣੀਆਂ ਵਿੱਚ ਪਾਤਰ ਪਰ-ਹਿਤ ਦੀ ਥਾਂ ਸਵੈ-ਹਿਤ
ਨਾਲ ਜੁੜੇ ਹੋਏ ਹਨ। ਮੇਰੀਆਂ ਕਹਾਣੀਆਂ ਵਿੱਚ ਤਾਂ ਭੈਣ-ਭਰਾ, ਭਰਾ-ਭਰਾ, ਪਿਓ-ਪੁੱਤਾਂ ਦੇ
ਤਿੜਕਦੇ ਰਿਸ਼ਤੇ ਵੀ ਪੇਸ਼ ਹੋਏ ਹਨ।
ਅਸਲ ਵਿੱਚ ਵਿਰਕ ਦੇ ਸਮੇਂ ਜਾਗੀਰੂ ਕੀਮਤਾਂ ਤਿੜਕ ਰਹੀਆਂ ਸਨ। ਉਸ ਵੇਲੇ ਪੂੰਜੀਵਾਦੀ
ਕੀਮਤਾਂ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰ ਰਹੀਆਂ ਸਨ ਤੇ ਆਪਣਾ ਅਗਾਂਹਵਧੂ ਰੋਲ ਅਦਾ ਕਰ ਰਹੀਆਂ
ਸਨ। ਮੇਰੀਆਂ ਕਹਾਣੀਆਂ ਦੇ ਲਿਖਣ-ਸਮੇਂ ਤੱਕ ਪਹੁੰਚਦਿਆਂ ਪੂੰਜੀਵਾਦੀ ਕੀਮਤਾਂ ਨੇ ਬੰਦੇ ਨੂੰ
ਪੈਸੇ ਦਾ ਪੁੱਤ ਬਣਾ ਦਿੱਤਾ ਅਤੇ ਇਸ ਦੌੜ ਵਿੱਚ ਉਹ ਆਪਣੇ ਖੂੰਨ ਦੇ ਰਿਸ਼ਤਿਆਂ ਤੋਂ ਵੀ
ਮੁਨਕਰ ਹੋਣ ਲੱਗਾ। ਵਿਰਕ ਦੀਆਂ ਕੁੱਝ ਕਹਾਣੀਆਂ ਵਿੱਚ ਵੀ ਭਾਵੇਂ ਨਾਇਕਤਵ ਨੂੰ ਟੁੱਟਦਿਆਂ
ਪੇਸ਼ ਕੀਤਾ ਗਿਆ ਹੈ ਪਰ ਮੈਂ ਆਪਣੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਜਟਕੀ ਹਉਂ ਦੇ ਖੋਖਲੇਪਨ
ਨੂੰ ਉਜਾਗਰ ਕੀਤਾ ਅਤੇ ਕਿਰਸਾਣ ਦੇ ਜੱਟ ਸਰਦਾਰ ਹੋਣ ਦੇ ਭਰਮ ਦਾ ਨਿਵਾਰਣ ਕਰਦਿਆਂ ਉਸਨੂੰ
ਹਕੀਕਤ ਦੇ ਰੂਬਰੂ ਹੁੰਦਾ ਵਿਖਾਇਆ ਹੈ। ਜੱਟ-ਕਿਰਸਾਣੀ ਦੀਆਂ ਜ਼ਮੀਨਾਂ ਗਹਿਣੇ ਪੈਣ ਤੇ ਹੌਲੀ
ਹੌਲੀ ਵਿਕ ਜਾਣ ਨਾਲ ਉਸਦੇ ਕੰਮੀ-ਕਮੀਣ ਬਣ ਜਾਣ ਦੀ ਪ੍ਰਕਿਰਿਆ ਪਹਿਲੀ ਵਾਰ ਮੇਰੀਆਂ
ਕਹਾਣੀਆਂ ਰਾਹੀਂ ਹੀ ਪੇਸ਼ ਹੋਈ।
ਮਨੁੱਖੀ ਰਿਸ਼ਤਿਆਂ ਦੇ ਅਸਹਿਜ ਹੋਣ ਦੀ ਕਹਾਣੀ ਮੈਂ ਕੇਵਲ ਚੌਗਿਰਦੇ ਵਿਚੋਂ ਐਵੇਂ ਉਡਦੇ
ਜਾਂਦਿਆਂ ਹੀ ਨਹੀਂ ਫੜ੍ਹੀ। ਇਸਦਾ ਮੇਰੇ ਚੌਗਿਰਦੇ ਅਤੇ ਮੇਰੇ ਆਪੇ ਨਾਲ ਵੀ ਗਹਿਰਾ ਰਿਸ਼ਤਾ
ਹੈ। ਪਹਿਲਾਂ ਤਾਂ ਮੈਂ ਆਪਣੇ ਪਿਤਾ ਦੇ ਨਸ਼ੱਈ ਹੋ ਜਾਣ ਸਮੇਂ ਉਸ ਨਾਲ ਜੁੜੇ ਤਣਾਓਸ਼ੀਲ ਰਿਸ਼ਤੇ
ਵਿਚੋਂ ਗੁਜ਼ਰਿਆ ਹੀ ਸਾਂ ਅਤੇ ਉਸਦੀ ਉਮਰ ਦੇ ਪਿਛਲੇ ਚਾਰ-ਪੰਜ ਸਾਲ ਸਾਡੇ ਸੰਬੰਧ ਸੁਖਾਵੇਂ
ਨਹੀਂ ਸਨ ਰਹਿ ਗਏ। ਉਸਦੀ ਮੌਤ ਪਿੱਛੋਂ ਮੇਰੇ ਸਮੇਤ ਸਾਰੇ ਪਰਿਵਾਰ ਦੀ ਮਾਨਸਿਕ ਦਸ਼ਾ ਦਾ
ਵਰਨਣ ਅੰਗ-ਸੰਗ ਕਹਾਣੀ ਵਿਚੋਂ ਵੇਖਿਆ ਜਾ ਸਕਦਾ ਹੈ। ਕਹਾਣੀ ਵਿੱਚ ਜਦੋਂ ਮੁੱਖ-ਪਾਤਰ
ਅਮਰੀਕ ਨੂੰ ਆਪਣੇ ਪਰਵਾਰ ਦੇ ਜੀਆਂ ਕੋਲੋਂ ਪਿਤਾ ਵੱਲੋਂ ਚੁੱਕੇ ਕਰਜ਼ਿਆਂ ਅਤੇ ਗਹਿਣੇ ਪਈ
ਜ਼ਮੀਨ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ:
-- ਇਸ ਹਿਸਾਬ ਨਾਲ ਤਾਂ ਜਿਹੜੀ ਦੋ ਕਿੱਲੇ ਬਚਦੀ ਸੀ, ਜੇ ਜਿਊਂਦਾ ਰਹਿੰਦਾ ਤਾਂ ਉਹ ਵੀ
ਗਹਿਣੇ ਪੈ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ। ਗੱਲ ਅਜੇ ਅਮਰੀਕ ਦੇ ਮੂੰਹ ਵਿੱਚ ਹੀ ਸੀ
ਕਿ ਛੋਟਾ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਣਠੁਣ ਗੁਪਾਲ! ਓ ਮੈਂ ਤਾਂ ਆਹਨਾਂ
ਭਾ ਜੀ ਅਜੇ ਵੀ ਵੇਲੇ ਸਿਰ ਮਰ ਗਿਆ। ਚੰਗਾ ਈ ਹੋਇਆ ਇਹ ਵੀ। ਗੱਲ ਕਰਕੇ ਮਹਿੰਦਰ ਫਿੱਕਾ
ਜਿਹਾ ਹੱਸਿਆ। ਉਸਦੇ ਹਾਸੇ ਵਿੱਚ ਨਾ ਕੋਈ ਖ਼ੁਸ਼ੀ ਸੀ ਤੇ ਨਾ ਹੀ ਕੋਈ ਦਰਦ। ਅਜੀਬ ਤਰ੍ਹਾਂ ਦਾ
ਇੱਕ ਬੇਰੰਗ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ-ਦੋ ਜੀਅ ਹੌਲੀ ਜਿਹੀ ਹੱਸੇ।
ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪਰਵਾਨ ਸੀ ਤੇ ਉਹ
ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰਖ਼ਰੂ ਹੋਏ ਮਹਿਸੂਸ ਕਰ ਰਹੇ
ਸਨ। --
ਇਸ ਕਹਾਣੀ ਦਾ ਬਹੁਤ ਸਾਰਾ ਹਿੱਸਾ ਭਾਵੇਂ ਮਨੋ-ਕਲਪਨਾ ਤੇ ਆਧਾਰਿਤ ਹੈ ਅਤੇ ਕਹਾਣੀ ਵਿਚਲੇ
ਪਿਓ ਨੂੰ ਮਾੜਾ ਵਿਖਾਉਣ ਵਾਲੇ ਸਾਰੇ ਵੇਰਵੇ ਮੇਰੇ ਪਿਤਾ ਨਾਲ ਸੰਬੰਧਤ ਨਹੀਂ ਪਰ ਉੇਸਦੀ
ਮੌਤ ਤੇ ਮੁੱਖ-ਪਾਤਰ ਦੇ ਛੋਟੇ ਭਰਾ ਵੱਲੋਂ ਕੀਤੀ ਟਿੱਪਣੀ ਅਤੇ ਉਸ ਟਿੱਪਣੀ ਬਾਰੇ ਪਰਿਵਾਰ
ਦਾ ਪ੍ਰਤੀਕਰਮ ਹਕੀਕਤ ਦੇ ਐਨ ਨੇੜੇ ਹੈ। ਇਸਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਆਪਣੇ
ਪਿਤਾ ਅਤੇ ਪਰਿਵਾਰ ਦੇ ਮੁਖੀ ਦੀ ਮੌਤ ਤੇ ਪਰਿਵਾਰ ਦੇ ਜੀਆਂ ਵੱਲੋਂ ਸੁਖ ਦਾ ਅਨੁਭਵ ਕੀਤਾ
ਜਾਵੇ, ਜਿਸਦੀ ਉਮਰ ਵੀ ਅਜੇ ਕੇਵਲ ਪੰਜਤਾਲੀ-ਛਿਆਲੀ ਸਾਲ ਸੀ!
ਇਹ ਉਹੋ ਪਿਓ ਸੀ ਜਿਸ ਨੂੰ ਮੈਂ ਛੋਟੇ ਹੁੰਦੇ ਅੰਤਾਂ ਦਾ ਲਾਡ-ਪਿਆਰ ਕਰਦਾ ਸਾਂ; ਹਰ ਵੇਲੇ
ਜਿਸਦੀ ਉਂਗਲੀ ਫੜ੍ਹੀ ਗਿਰਧਾਰੀ ਲਾਲ ਬਣਿਆਂ ਰਹਿੰਦਾ ਸਾਂ; ਜਿਸਨੇ ਮੇਰੇ ਅੰਦਰ ਸਾਹਿਤ
ਪੜ੍ਹਨ ਅਤੇ ਪਿਆਰਨ ਦੇ ਪਹਿਲੇ ਬੀਜ ਬੀਜੇ ਸਨ; ਜਿਹੜਾ ਸੁਭਾ ਦਾ ਏਨਾ ਧੀਰਾ ਅਤੇ ਸਹਿਜ ਸੀ
ਕਿ ਉਸਨੂੰ ਭਾਈਚਾਰੇ ਦੇ ਕਿਸੇ ਬੰਦੇ ਨਾਲ ਮੈਂ ਕਦੀ ਗੁੱਸੇ ਹੁੰਦਿਆਂ ਜਾਂ ਲੜਦਿਆਂ ਨਹੀਂ ਸੀ
ਵੇਖਿਆ; ਜਿਸਦੀ ਲੰਮੀ ਛਾਲ ਦੀ ਪਿੰਡ ਦੇ ਬਜ਼ੁਰਗ ਮਾਣ ਨਾਲ ਗੱਲ ਕਰਦੇ ਸਨ; ਜਿਹੜਾ ਵਾਢੀ ਜਾਂ
ਗੋਡੀ ਕਰਦਾ ਸੀ ਤਾਂ ਦੂਜਿਆਂ ਤੋਂ ਦੋ-ਦੋ ਕਰਮਾਂ ਅੱਗੇ ਨਿਕਲ ਜਾਂਦਾ ਸੀ; ਜਿਸਨੇ ਮੈਨੂੰ
ਆਪਣੇ ਖੂੰਨ ਨਾਲ ਸਿੰਜੇ ਜਾਣ ਵਾਲਾ ਬੂਟਾ ਆਖਿਆ ਸੀ ਅਤੇ ਜਿਸਨੂੰ ਵੱਡਾ ਹੋ ਕੇ ਛਾਂ ਅਤੇ ਫ਼ਲ
ਦੇਣ ਦਾ ਮੈਂ ਵਚਨ ਦਿੱਤਾ ਸੀ; ਜਿਹੜਾ ਆਮ ਮਾਪਿਆਂ ਤੋਂ ਉਲਟ ਮੇਰੇ ਖ਼ਤਰਨਾਕ ਸਮਝੇ ਜਾਣ ਵਾਲੇ
ਸ਼ੁਰੂਆਤੀ ਸਿਆਸੀ ਜੀਵਨ ਤੇ ਮਾਣ ਕਰਦਾ ਸੀ ਅਤੇ ਮੇਰੇ ਸਾਥੀਆਂ ਨੂੰ ਭਗਤ ਸਿੰਘ ਦਾ ਨਵਾਂ
ਰੂਪ ਸਮਝ ਕੇ ਪਿਆਰਦਾ ਸੀ; ਜਿਸਨੇ ਮੇਰੀ ਲਿਖਤ ਅਤੇ ਅਮਲ ਦਾ ਮੁੱਲ ਪਾਉਂਦਿਆਂ ਮੈਨੂੰ ਵਗਦੇ
ਦਰਿਆ ਵਰਗੀ ਮਾਣ-ਮੱਤੀ ਤੁਲਨਾ ਦਿੱਤੀ ਸੀ; ਜਿਹੜਾ ਦਹਾਕਾ ਪਹਿਲਾਂ ਪੜ੍ਹੀ ਮੇਰੀ ਕਵਿਤਾ
ਵਿੱਚ ਅਚੇਤ ਹੀ ਦਿੱਤੇ ਸੁਨੇਹੇਂ ਦਾ ਆਦਰ ਕਰਦਿਆਂ ਮੈਨੂੰ ਮਰਜ਼ੀ ਨਾਲ ਵਿਆਹ ਕਰਨ ਦੀ ਖੁੱਲ੍ਹ
ਦੇਣ ਲਈ ਤਿਆਰ ਸੀ। ਅਜਿਹੇ ਮਨੁੱਖ ਦੇ ਸਮੁੱਚੇ ਕਿਰਦਾਰ ਅਤੇ ਜੀਵਨ ਇਤਿਹਾਸ ਤੇ ਤਾਂ ਪੋਚਾ
ਨਹੀਂ ਸੀ ਫੇਰਿਆ ਜਾ ਸਕਦਾ! ਉਹ ਹਾਲਾਤ ਦੇ ਦਬਾਓ ਅਧੀਨ ਜੇ ਨਸ਼ੇ ਕਰਨ ਲੱਗ ਪਿਆ ਸੀ ਤਾਂ ਇਸ
ਵਿੱਚ ਉਸ ਇਕੱਲੇ ਦਾ ਕੀ ਕਸੂਰ ਸੀ! ਕੁੱਝ ਕਸੂਰ ਉਸਨੂੰ ਨਾ ਸਮਝਣ ਵਾਲੇ ਪਰਿਵਾਰ ਦੇ ਜੀਆਂ
ਦਾ ਵੀ ਤਾਂ ਸੀ ਜਿਹੜੇ ਉਸਨੂੰ ਢਹਿੰਦੇ ਦਿਨਾਂ ਵਿੱਚ ਮਾਨਸਿਕ ਆਸਰਾ ਦੇਣ ਦੀ ਥਾਂ ਉਸ ਨੂੰ
ਮਾੜਾ-ਚੰਗਾ ਆਖ ਕੇ ਨਿੰਦਦੇ ਰਹੇ ਸਨ ਅਤੇ ਉਸਨੂੰ ਹੀਣ-ਭਾਵਨਾ ਵਿੱਚ ਗ਼ਰਕ ਜਾਣ ਦੇਣ ਲਈ
ਖ਼ੁਦ ਵੀ ਜ਼ਿੰਮੇਵਾਰ ਸਨ।। ਕੁੱਝ ਵੀ ਸੀ ਪਿਤਾ ਦੀ ਮੌਤ ਤੇ ਹੋਏ ਸੁਰਖ਼ਰੂਈਅਤ ਦੇ ਅਹਿਸਾਸ
ਨੇ ਦੱਸ ਦਿੱਤਾ ਸੀ ਕਿ ਬੰਦੇ ਅਤੇ ਲਹੂ ਦਾ ਰਿਸ਼ਤਾ ਹੀ ਸਭ ਕੁੱਝ ਨਹੀਂ ਹੁੰਦਾ। ਰਿਸ਼ਤੇ ਵੀ
ਪੈਸੇ ਦੀ ਟੁਣਕਾਰ ਤੇ ਪਰਖ਼ੇ ਜਾਂਦੇ ਨੇ। ਰਿਸ਼ਤੇ ਤਾਂ ਆਪਣੀਆਂ ਗਰਜ਼ਾਂ ਨਾਲ ਬੱਝੇ ਹੁੰਦੇ
ਨੇ। ਗਰਜ਼ ਪੂਰੀ ਕਰਦਾ ਰਿਸ਼ਤਾ ਮੋਹ ਵੀ ਦਿੰਦਾ ਹੈ ਤੇ ਮਹਿਕ ਵੀ। ਲੱਡੂ ਮੁੱਕਣ ਅਤੇ
ਯਰਾਨੇ ਟੁੱਟਣ ਦੀ ਲੋਕ-ਬੋਲੀ ਕਿਸੇ ਐਵੇਂ ਰਾਹ ਜਾਂਦਿਆਂ ਨਹੀਂ ਸੀ ਜੋੜ ਦਿੱਤੀ, ਇਸ ਦੇ
ਪਿੱਛੇ ਸਮਿਆਂ ਚੋਂ ਕਸ਼ੀਦੇ ਸੱਚ ਦੀ ਪ੍ਰਮਾਣਿਕਤਾ ਬੋਲਦੀ ਸੀ।
ਪਿਤਾ ਦੀ ਮੌਤ ਤੋਂ ਕੁੱਝ ਚਿਰ ਪਹਿਲਾਂ ਮੇਰੀ ਦਾਦੀ ਮਾਂ ਹਰਨਾਮ ਕੌਰ ਵੀ ਇਸ ਦੁਨੀਆਂ ਨੂੰ
ਅਲਵਿਦਾ ਕਹਿ ਗਈ। ਬਾਪੂ ਹਕੀਕਤ ਸਿੰਘ ਹੁਣ ਇਕੱਲਾ ਰਹਿ ਗਿਆ ਅਤੇ ਸਾਡੇ ਨਾਲ ਹੀ ਰੋਟੀ ਖਾਣ
ਲੱਗ ਪਿਆ ਸੀ। ਮੇਰੀਆਂ ਦੋਵਾਂ ਭੈਣਾਂ ਦੇ ਰਿਸ਼ਤੇ ਬਾਪੂ ਨੇ ਆਪਣੀ ਮਰਜ਼ੀ ਨਾਲ ਕੀਤੇ ਸਨ।
ਭੈਣਾਂ ਦੇ ਵਿਆਹਾਂ ਦਾ ਖ਼ਰਚਾ ਤਾਂ ਮੇਰੇ ਪਿਤਾ ਨੇ ਆਪਣੇ ਸਿਰ-ਬ-ਸਿਰ ਔਖੇ-ਸੌਖੇ ਹੋ ਕੇ
ਕੀਤਾ ਪਰ ਵਿਆਹਾਂ ਤੋਂ ਪਿੱਛੋਂ ਬਾਪੂ ਨੇ ਦੋਵਾਂ ਕੁੜੀਆਂ ਨੂੰ ਸਹੁਰੇ ਘਰ ਮਾਣ ਅਤੇ ਸ਼ਾਨ
ਨਾਲ ਵਸਾਉਣ ਲਈ ਅਤੇ ਆਪਣੀ ਸਰਦਾਰੀ-ਸ਼ਾਨ ਵਿਖਾਉਣ ਲਈ ਅਜਿਹਾ ਵਿਹਾਰ ਸ਼ੁਰੂ ਕੀਤਾ ਜਿਹੜਾ
ਉਹਦੇ ਆਪਣੇ ਲਈ ਵੀ ਤੇ ਸਾਡੇ ਸਾਰੇ ਪਰਿਵਾਰ ਲਈ ਵੀ ਸੰਕਟ ਦਾ ਕਾਰਨ ਬਣ ਗਿਆ।
ਮੇਰੇ ਦੋਵੇਂ ਭਣਵੱਈਏ ਨਿਮਨ-ਕਿਰਸਾਣੀ ਪਰਿਵਾਰਾਂ ਨਾਲ ਸੰਬੰਧਤ ਸਨ। ਪਹਿਲਾਂ ਮੇਰੇ ਤੋਂ
ਦੂਜੇ ਥਾਂ ਵਾਲੀ ਭੈਣ ਗੁਰਮੀਤੋ ਦਾ ਵਿਆਹ ਹੋਇਆ। ਬਾਪੂ ਨੇ ਆਪਣੀ ਕੁੱਝ ਜ਼ਮੀਨ ਵੇਚੀ ਅਤੇ
ਭੈਣ ਦੇ ਨਾਂ ਤੇ ਉਹਦੇ ਸਹੁਰੇ ਪਿੰਡ ਕੈਰੋਂਵਾਲ ਚਾਰ-ਪੰਜ ਏਕੜ ਜ਼ਮੀਨ ਉਸਨੂੰ ਗਹਿਣੇ ਲੈ ਕੇ
ਦੇ ਦਿੱਤੀ। ਲੋੜਾਂ-ਗ਼ਰਜ਼ਾਂ ਦਾ ਹੀ ਆਦਰ ਮਾਣ ਹੈ। ਅਗਲੇ ਉਸਨੂੰ ਬਾਪੂ ਜੀ-ਬਾਪੂ ਜੀ
ਆਖਦਿਆਂ ਨਾ ਥੱਕਣ। ਉਹਨਾਂ ਦੇ ਪਿੰਡ ਵਿੱਚ ਵੀ ਬਾਪੂ ਦੀ ਬੱਲੇ! ਬੱਲੇ! ਹੁੰਦੀ ਸੀ। ਬਾਪੂ
ਨੇ ਤਾਂ ਉਹਨਾਂ ਨੂੰ ਮਹੀਨੇ ਦਾ ਸੌਦਾ-ਸੂਤ ਵੀ ਪਵਾ ਕੇ ਦੇਣਾ ਸ਼ੁਰੂ ਕਰ ਦਿੱਤਾ। ਉਹ
ਦਸ-ਪੰਦਰਾਂ ਦਿਨ ਓਥੇ ਰਹਿੰਦਾ ਤੇ ਦਸ-ਪੰਦਰਾਂ ਦਿਨ ਸਾਡੇ ਕੋਲ ਲਾ ਜਾਂਦਾ। ਭੈਣ ਦੇ ਸਹੁਰੇ
ਤਾਂ ਚਾਹੁੰਦੇ ਸਨ ਕਿ ਇਹ ਸੋਨੇ ਦੀ ਮੁਰਗੀ ਹਰ ਵੇਲੇ ਉਹਨਾਂ ਦੀ ਮੁੱਠੀ ਵਿੱਚ ਰਹੇ; ਪਰ ਫਿਰ
ਕੁੱਝ ਚਿਰ ਲਈ ਬਾਪੂ ਨੁੰ ਮਜਬੂਰੀ ਵੱਸ ਕਾਂਟਾ ਬਦਲਣਾ ਪੈ ਗਿਆ। ਜਦੋਂ ਮੇਰੇ ਤੋਂ ਛੋਟੀ
ਮੇਰੀ ਭੈਣ ਸੁਰਜੀਤੋ ਦਾ ਰਿਸ਼ਤਾ ਹੋਇਆ ਤਾਂ ਬਾਪੂ ਨੇ ਉਸਦੇ ਵਿਆਹ ਤੋਂ ਦੋ ਮਹੀਨੇ ਬਾਅਦ ਹੀ
ਆਪਣੀ ਕੁੱਝ ਹੋਰ ਜ਼ਮੀਨ ਵੇਚ ਕੇ ਉਹਦਾ ਨਵਾਂ ਤੇ ਵੱਖਰਾ ਘਰ ਪਾਉਣ ਲਈ ਪੱਕੀਆਂ ਇੱਟਾਂ ਸੁਟਵਾ
ਦਿੱਤੀਆਂ ਅਤੇ ਓਥੇ ਰਹਿ ਕੇ ਆਪਣੇ ਖ਼ਰਚੇ ਅਤੇ ਆਪਣੀ ਦੇਖ-ਰੇਖ ਵਿੱਚ ਦੋ ਕਮਰਿਆਂ ਦਾ ਵੱਖਰਾ
ਹਿੱਸਾ ਉਸ ਨੂੰ ਪਵਾ ਦਿੱਤਾ। ਜੇ ਦੂਜੀ ਭੈਣ ਨੂੰ ਜ਼ਮੀਨ ਲੈ ਕੇ ਦਿੱਤੀ ਸੀ ਤਾਂ ਇਹ ਕਿਉਂ
ਪਿੱਛੇ ਰਹੇ! ਉਸਨੇ ਉਸਨੂੰ ਵੀ ਓਨੀ ਕੁ ਹੀ ਜ਼ਮੀਨ ਗਹਿਣੇ ਲੈ ਦਿੱਤੀ। ਹੁਣ ਦੋਵੇਂ ਭੈਣਾਂ ਦੇ
ਸਹੁਰੇ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਬਨਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਕਿ ਬਾਪੂ ਦੀ
ਉਹਨਾਂ ਨੂੰ ਬੜੀ ਲੋੜ ਹੈ! ਬਾਪੂ ਕੁੱਝ ਦਿਨ ਉਹਨਾਂ ਕੋਲ ਆ ਕੇ ਜ਼ਰੂਰ ਰਹੇ!
ਇਹਨਾਂ ਦਿਨਾਂ ਵਿੱਚ ਮੇਰਾ ਵਿਆਹ ਹੋ ਗਿਆ। ਬਾਪੂ ਵੀ ਗੋਤ ਦਾ ਢਿਲੋਂ ਸੀ ਅਤੇ ਮੇਰੀ ਪਤਨੀ
ਰਜਵੰਤ ਵੀ ਝਬਾਲੀਏ ਢਿਲੋਆਂ ਦੀ ਧੀ ਹੋਣ ਕਰਕੇ ਉਹਨਾਂ ਦੋਵਾਂ ਨੇ ਦਾਦੇ-ਪੋਤੀ ਵਾਲਾ ਰਿਸ਼ਤਾ
ਬਣਾ ਲਿਆ। ਮੇਰੀ ਪਤਨੀ ਦਾ ਪਿਤਾ ਉਹਦੇ ਬਚਪਨ ਵਿੱਚ ਹੀ ਗੁਜ਼ਰ ਗਿਆ ਹੋਣ ਕਰਕੇ ਉਹ ਪਿਓ ਦੇ
ਪਿਆਰ ਤੋਂ ਵਾਂਝੀ ਰਹੀ ਸੀ। ਇਸ ਲਈ ਉਸਨੇ ਬਾਪੂ ਨਾਲ ਡੂੰਘੇ ਆਦਰ ਵਾਲਾ ਨੇੜਲਾ ਰਿਸ਼ਤਾ ਬਣਾ
ਲਿਆ। ਜੇ ਕਦੀ ਬਾਪੂ ਘਰ ਦੇ ਕਿਸੇ ਜੀਅ ਨਾਲ ਕਿਸੇ ਗੱਲੋਂ ਨਰਾਜ਼ ਜਾਂ ਗੁੱਸੇ ਹੋ ਜਾਂਦਾ ਤਾਂ
ਉਹ ਮੰਨਦਾ ਵੀ ਰਜਵੰਤ ਦੇ ਆਖਿਆਂ ਹੀ। ਬਾਪੂ ਨੂੰ ਵੀ ਬੜੇ ਚਿਰ ਬਾਅਦ ਮਹਿਸੂਸ ਹੋਇਆ ਕਿ ਇਸ
ਘਰ ਵਿੱਚ ਕੋਈ ਉਸਦਾ ਆਪਣਾ ਉਸਨੂੰ ਨੇੜਿਓਂ ਮੁਹੱਬਤ ਕਰਨ ਵਾਲਾ ਹੈ। ਪਿਛਲੇ ਸਾਲਾਂ ਵਿੱਚ
ਮੇਰਾ ਪਿਓ ਤੇ ਮੈਂ ਤਾਂ ਆਪਸ ਵਿੱਚ ਹੀ ਉਲਝੇ ਰਹੇ ਸਾਂ। ਬਾਪੂ ਨਾਲ ਉਚੇਚਾ ਸਲੂਕ ਕਰਨ ਦੀ
ਸਾਡੇ ਕੋਲ ਵਿਹਲ ਹੀ ਕਿੱਥੇ ਸੀ! ਹੁਣ ਬਾਪੂ ਘਰ ਵਿੱਚ ਟਿਕ ਗਿਆ ਸੀ। ਕੁੜੀਆਂ ਕੋਲ ਜਾਂਦਾ
ਵੀ ਤਾਂ ਦੋ-ਦੋ ਚਾਰ-ਚਾਰ ਦਿਨ ਲਾ ਕੇ ਵਾਪਸ ਮੁੜ ਆਉਂਦਾ। ਘਰ ਵਿੱਚ ਉਸਦੀ ਸਾਨੂੰ ਵੀ ਲੋੜ
ਸੀ, ਕਿਉਂਕਿ ਘਰ ਵਿੱਚ ਮੈਂ ਅਤੇ ਮੇਰੀ ਪਤਨੀ ਹੀ ਰਹਿ ਗਏ ਸਾਂ ਜਦ ਕਿ ਮੇਰੇ ਛੋਟੇ ਭਰਾ ਅਤੇ
ਭੈਣ ਨੂੰ ਨਾਲ ਲੈ ਕੇ ਬੀਬੀ ਨੇ ਖੇਤਾਂ ਵਿੱਚ ਬਹਿਕ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਸੀ।
ਉਹਨਾਂ ਦੇ ਬਹਿਕ ਉੱਤੇ ਜਾ ਵੱਸਣ ਦੀ ਵੀ ਆਪਣੀ ਕਹਾਣੀ ਸੀ। ਮੈਂ ਬਿਜਲੀ ਦਾ ਟਿਊਬਵੈੱਲ ਤਾਂ
ਲਵਾ ਲਿਆ ਸੀ ਪਰ ਨਿੱਤ ਦਿਨ-ਰਾਤ ਨੂੰ ਉਸਦੀ ਰਾਖੀ ਕਰਨ ਜਾਣ ਦੀ ਬੜੀ ਮੁਸ਼ਕਿਲ ਸੀ। ਉਹਨਾਂ
ਦਿਨਾਂ ਵਿੱਚ ਮੋਟਰਾਂ ਦੀਆਂ ਚੋਰੀਆਂ ਬਹੁਤ ਹੁੰਦੀਆਂ ਸਨ। ਪਹਿਲਾਂ ਤਾਂ ਮੈਂ ਰਾਤ ਨੂੰ ਆਪ
ਜਾ ਕੇ ਵੀ ਬੰਬੀ ਦੀ ਰਾਖੀ ਰੱਖਦਾ ਪਰ ਪਿੱਛੋਂ ਅਸੀਂ ਆਪਣੇ ਨਾਨਕਿਆਂ ਤੋਂ ਇੱਕ ਬਜ਼ੁਰਗ
ਮਹਿਰਾ ਸਿੰਘ ਖੇਤਾਂ ਵਿੱਚ ਮੋਟਰ ਦੀ ਰਾਖੀ ਲਿਆ ਬਿਠਾਇਆ। ਉਸਨੂੰ ਮੇਰੇ ਨਾਨਕੇ ਪਿੰਡ
ਗੌਡ ਕਹਿਕੇ ਸੰਬੋਧਨ ਕੀਤਾ ਜਾਂਦਾ ਸੀ, ਇਸ ਲਈ ਉਹ ਸਾਡਾ ਵੀ ਗੌਡ ਹੋ ਗਿਆ। ਉਹ ਮੋਟਰ
ਵਾਲੇ ਕੋਠੇ ਵਿੱਚ ਰਹਿੰਦਾ। ਉਹਦਾ ਰੋਟੀ ਪਾਣੀ ਓਥੇ ਪਹੁੰਚ ਜਾਂਦਾ। ਫਿਰ ਅਸੀਂ ਬੰਬੀ ਵਾਲੇ
ਕਮਰੇ ਨਾਲ ਇੱਕ ਹੋਰ ਵੱਡਾ ਪੱਕਾ ਕਮਰਾ ਛੱਤ ਲਿਆ। ਸਭ ਤੋਂ ਛੋਟੀ ਭੈਣ ਤਾਂ ਸਕੂਲ ਚਲੀ
ਜਾਂਦੀ ਤੇ ਛੋਟਾ ਭਰਾ ਸੁਰਿੰਦਰ ਬੋਤੀ ਤੇ ਪੱਠੇ ਲੈ ਆਉਂਦਾ। ਬੀਬੀ ਨੂੰ ਰੋਜ਼ ਕਾਮੇ ਦੀ ਅਤੇ
ਬਾਬੇ ਗੌਡ ਦੀ ਰੋਟੀ ਲੈ ਕੇ ਜਾਣਾ ਪੈਂਦਾ। ਅਸੀਂ ਉਸਨੂੰ ਮਹੀਨੇ ਬਾਅਦ ਸੱਠ-ਸੱਤਰ ਰੁਪਏ
ਤਨਖ਼ਾਹ ਵਜੋਂ ਵੀ ਦਿੰਦੇ। ਬਹਿਕ ਪਿੰਡੋਂ ਦੋ ਢਾਈ ਮੀਲ ਦੂਰ ਸੀ।
ਸ਼ਾਮ ਨੂੰ ਮੈਂ ਨਾਲ ਲੱਗ ਕੇ ਪੱਠੇ ਕੁਤਰਾਉਂਦਾ। ਮਾਲ-ਡੰਗਰ ਸਾਂਭਣ ਵਿੱਚ ਵੀ ਕਾਮੇ ਅਤੇ
ਸੁਰਿੰਦਰ ਦੀ ਮਦਦ ਕਰਦਾ। ਮੈਂ ਨੌਕਰੀ ਵੀ ਕਰਦਾ ਸਾਂ। ਹੋਰ ਵੀ ਸਾਹਿਤਕ ਅਤੇ ਸਿਆਸੀ
ਰੁਝੇਵੇਂ ਹੁੰਦੇ ਸਨ। ਮੈਂ ਪੂਰੇ ਬੰਦੇ ਵਾਂਗ ਵਾਹੀ-ਖੇਤੀ ਦੇ ਕੰਮ ਨੂੰ ਸਮਰਪਿਤ ਨਹੀਂ ਸਾਂ
ਹੋ ਸਕਦਾ। ਇਹ ਚੰਗੀ ਗੱਲ ਸੀ ਕਿ ਮੇਰੀ ਪਤਨੀ ਮੇਰੀ ਮੀਚਾ ਵਾਲੀ ਮਿਲ ਗਈ ਸੀ ਅਤੇ ਉਸਨੇ ਹਰ
ਦੁਖ-ਸੁਖ ਵਿੱਚ ਮੇਰੇ ਨਾਲ ਨਿਭਣ ਦਾ ਵਚਨ ਨਿਭਾਇਆ। ਵਿਆਹ ਪਿੱਛੋਂ ਮਿਲਣ ਵਾਲੀ ਆਪਣੀ ਪਹਿਲੀ
ਤਨਖ਼ਾਹ ਉਸਨੇ ਬੀਬੀ ਦੇ ਹੱਥ ਤੇ ਲਿਆ ਰੱਖੀ। ਉਸ ਵੱਲੋਂ ਦਿੱਤਾ ਮਾਣ ਸਵੀਕਾਰ ਕਰਦਿਆਂ ਬੀਬੀ
ਨੇ ਤਨਖ਼ਾਹ ਮੈਨੂੰ ਫੜਾ ਦਿੱਤੀ। ਅਸੀਂ ਆਪਣੀਆਂ ਦੋਵਾਂ ਤਨਖਾਹਾਂ ਵਿਚੋਂ ਪੈਸੇ ਬਚਾ ਕੇ
ਜਸਵੰਤ ਦੇ ਪੈਸੇ ਮੋੜੇ। ਖੇਤਾਂ ਵਿਚਲਾ ਵੱਡਾ ਪੱਕਾ ਕਮਰਾ ਪਵਾਇਆ। ਪਿਤਾ ਦਾ ਕਰਜ਼ਾ ਮੋੜਿਆ।
ਗਹਿਣੇ ਪਈ ਜ਼ਮੀਨ ਛੁਡਵਾਈ। ਮੈਂ ਤਨਖ਼ਾਹ ਵਿਚੋਂ ਹੀ ਵਹਾਈ ਤੇ ਖਾਦ-ਪਾਣੀ ਦਾ ਖ਼ਰਚਾ ਕਰਦਾ। ਘਰ
ਦੇ ਰੋਟੀ-ਟੁੱਕ ਦਾ ਖ਼ਰਚਾ ਕਰਦਾ। ਪੈਸੇ ਕਿੱਲੀ ਤੇ ਟੰਗੇ ਮੇਰੇ ਕੁੜਤੇ ਦੀ ਜੇਬ ਵਿੱਚ ਪਏ
ਹੁੰਦੇ ਤੇ ਜਿਸਨੂੰ ਲੋੜ ਹੁੰਦੀ ਉਹ ਮੇਰੇ ਬੋਝੇ ਵਿਚੋਂ ਲੋੜ ਅਨੁਸਾਰ ਪੈਸੇ ਲੈ ਲੈਂਦਾ।
ਮੇਰੀ ਜੇਬ ਵਿਚਲੇ ਪੈਸੇ ਪਰਿਵਾਰ ਦੇ ਕੁੱਝ ਜੀਆਂ ਨੂੰ ਅਣਸੁਖਾਵੇਂ ਲੱਗਣ ਲੱਗੇ। ਸ਼ਰੀਕਾਂ ਨੇ
ਮੇਰੇ ਭਰਾ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਕਿ ਉਹ (ਮੈਂ) ਤਾਂ ਪੜ੍ਹ ਗਿਆ ਹੈ ਤੇ ਦੋਵੇਂ
ਜੀਅ ਕਮਾਉਂਦੇ ਹਨ। ਤੂੰ ਰਹਿ ਗਿਓਂ ਅਨਪੜ੍ਹ ਦਾ ਅਨਪੜ੍ਹ! ਸਾਰੀ ਉਮਰ ਭਰਾ-ਭਰਜਾਈ ਦੇ ਹੱਥਾਂ
ਵੱਲ ਵਿੰਹਦਾ ਰਹੇਂਗਾ। ਹੁਣ ਤੋਂ ਹੀ ਆਪਣਾ ਕੁੱਝ ਵੱਖਰਾ ਜੁਗਾੜ ਸ਼ੁਰੂ ਕਰ। ਭੈਣਾਂ ਵੀ
ਆਉਂਦੀਆਂ ਤਾਂ ਕਰਦੀਆਂ ਰਹਿੰਦੀਆਂ, ਹਾਇ! ਵਿਚਾਰਾ! ਸਾਡਾ ਛੋਟਾ ਵੀਰ! ਵੱਢਾਂ ਚ ਬੁੱਥੇ
ਮਰਾਉਣ ਜੋਗਾ ਰਹਿ ਗਿਆ। ਕਿਤੇ ਚਾਰ ਅੱਖਰ ਇਹ ਵੀ ਢਿੱਡ ਵਿੱਚ ਪਾ ਲੈਂਦਾ!
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਹੁਣ ਛੋਟੇ ਵੀਰ ਲਈ ਕੀ ਕੁੱਝ ਕਰਾਂ? ਪਰ ਵੀਰ ਸੀ
ਕਿ ਸ਼ਰੀਕਾਂ ਦੀ ਚੁੱਕ ਵਿੱਚ ਆ ਕੇ ਇੱਕ ਦੋ ਵਾਰ ਸ਼ਰਾਬ ਨਾਲ ਟੁੰਨ ਹੋ ਕੇ ਘਰ ਆਇਆ। ਇਹ ਉਸਦਾ
ਸਪਸ਼ਟ ਬਗ਼ਾਵਤੀ ਰਵੱਈਆ ਸੀ। ਮੈਂ ਉਸਨੂੰ ਪਹਿਲੀ ਵਾਰ ਇਸ ਹਾਲਤ ਵਿੱਚ ਵੇਖ ਕੇ ਬਹੁਤ ਦੁਖੀ
ਹੋਇਆ। ਮੈਂ ਤਾਂ ਸੋਚਿਆ ਸੀ ਕਿ ਅਸੀਂ ਦੋਵੇਂ ਭਰਾ ਰਲ-ਮਿਲ ਕੇ ਘਰ ਦੀ ਲੀਹੋਂ-ਲੱਥੀ ਗੱਡੀ
ਛੇਤੀ ਹੀ ਰਾਹੇ ਪਾ ਲਵਾਂਗੇ। ਦੁਖੀ ਮਨ ਨਾਲ ਮੈਂ ਉਸਨੂੰ ਉਸਦੀ ਇਸ ਹਰਕਤੋਂ ਵਰਜਿਆ ਅਤੇ ਪਿਓ
ਵਰਗੇ ਭਰਾ ਵਜੋਂ ਝਿੜਕਦਿਆਂ ਸਮਝਾਇਆ ਕਿ ਅੱਗੇ ਇਸ ਘਰ ਨੇ ਸ਼ਰਾਬ ਦੇ ਬਥੇਰੇ ਰੰਗ ਵੇਖੇ ਨੇ,
ਇਸ ਲਈ ਉਹ ਕੁੱਝ ਅਕਲ ਕਰੇ! ਉਸਨੇ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਵੱਡੇ ਅਕਲ ਵਾਲੇ ਨੂੰ ਆਪਣੀ
ਅਕਲ ਆਪਣੇ ਕੋਲ ਹੀ ਰੱਖਣ ਦੀ ਸਲਾਹ ਦੇ ਮਾਰੀ। ਉਸਤੋਂ ਬਾਅਦ ਵੀ ਉਹ ਮੇਰੇ ਨਾਲ ਬੋਲ-ਕੁਬੋਲ
ਕਰਨ ਦਾ ਬਹਾਨਾ ਲੱਭਣ ਲੱਗਾ। ਉਸਨੂੰ ਸ਼ਹਿ ਦੇਣ ਵਾਲਾ ਕੋਈ ਨਾ ਕੋਈ ਸਾਥੀ ਬੈਠਕ ਵਿੱਚ ਵੀ
ਉਸਦੇ ਨਾਲ ਆਇਆ ਬੈਠਾ ਹੁੰਦਾ ਅਤੇ ਝੂਠੀ ਮੂਠੀ ਵਿੱਚ ਪੈ ਕੇ ਉਸਨੂੰ ਸਮਝਾਉਣ ਅਤੇ ਵੱਡੇ
ਭਰਾ ਦੀ ਇੱਜ਼ਤ ਕਰਨ ਦੀ ਸਿੱਖਿਆ ਦੇਣ ਦਾ ਨਾਟਕ ਵੀ ਕਰਦਾ। ਘਰ ਦੀ ਗੱਡੀ ਲੀਹੇ ਪਾਉਣ ਵਾਲਾ
ਮੇਰਾ ਸੁਪਨਾ ਵਿਖੰਡਤ ਹੋਣਾ ਸ਼ੁਰੂ ਹੋ ਗਿਆ।
ਮੇਰੀ ਪਤਨੀ ਨੂੰ ਤਾਂ ਸਵੇਰੇ ਸੱਤ ਵਜੇ ਸਕੂਲ ਹਾਜ਼ਰ ਹੋਣਾ ਹੁੰਦਾ ਸੀ। ਅਜੇ ਉਸਦੀ ਸੁਰ ਸਿੰਘ
ਦੀ ਬਦਲੀ ਨਹੀਂ ਸੀ ਹੋਈ। ਉਹ ਅਜੇ ਆਪਣੇ ਪੇਕੇ ਪਿੰਡ ਝਬਾਲ ਹੀ ਡਿਊਟੀ ਤੇ ਜਾਂਦੀ ਸੀ। ਸੱਤ
ਵਜੇ ਸਕੂਲੇ ਪਹੁੰਚਣ ਲਈ ਘਰੋਂ ਹੋਰ ਵੀ ਸੁਵੱਖਤੇ ਤੁਰਨਾ ਪੈਂਦਾ ਸੀ। ਉਹ ਸਵੇਰੇ ਸਵੇਰੇ
ਸਾਰੇ ਟੱਬਰ ਦਾ ਅੰਨ-ਪਾਣੀ ਤਾਂ ਕਰ ਕੇ ਜਾ ਨਹੀਂ ਸੀ ਸਕਦੀ। ਪਰ ਉਹ ਸਵੇਰੇ ਸਭ ਲਈ
ਚਾਹ-ਪਾਣੀ ਬਣਾ ਕੇ, ਨਾਸ਼ਤਾ ਤਿਆਰ ਕਰਕੇ ਅਤੇ ਵਿਹੜੇ ਵਿੱਚ ਸਾਫ਼-ਸਫ਼ਾਈ ਕਰ ਕੇ ਜਾਂਦੀ। ਉਹ
ਤਾਂ ਡੰਗਰਾਂ ਵਾਲੀ ਹਵੇਲੀ ਵਿੱਚ ਵੀ ਬਹੁਕਰ ਫੇਰ ਕੇ ਜਾਂਦੀ। ਸ਼ਾਮ ਨੂੰ ਸਾਰੇ ਟੱਬਰ ਦੇ
ਸਵੇਰ ਤੋਂ ਹੁਣ ਤੱਕ ਸਾਂਭ ਕੇ ਰੱਖੇ ਜੂਠੇ ਭਾਂਡੇ ਵੀ ਸਾਫ਼ ਕਰਦੀ ਤੇ ਸਾਰਾ ਰੋਟੀ-ਟੁੱਕ
ਵੀ ਖ਼ੁਸ਼ੀ ਖ਼ੁਸ਼ੀ ਕਰਦੀ। ਇਸਦੇ ਬਾਵਜੂਦ ਪਰਿਵਾਰ ਦੇ ਮਨਾਂ ਵਿੱਚ ਕੋਈ ਰੜਕ ਜ਼ਰੂਰ ਸੀ ਅਤੇ ਇਸੇ
ਰੜਕ ਕਰਕੇ ਹੀ ਉਹਨਾਂ ਨੇ ਇੱਕ ਤਰ੍ਹਾਂ ਮੇਰੇ ਅਤੇ ਮੇਰੀ ਪਤਨੀ ਤੋਂ ਅਲੱਗ ਹੋਣ ਦਾ
ਅੰਦਰੇ-ਅੰਦਰ ਫ਼ੈਸਲਾ ਕਰ ਲਿਆ ਸੀ।
ਪਿਛਲੇ ਦੋ ਕੁ ਮਹੀਨਿਆਂ ਤੋਂ ਉਹ ਸਵੇਰੇ ਮਾਲ-ਡੰਗਰ ਆਪਣੇ ਨਾਲ ਹੀ ਖੇਤਾਂ ਵਿੱਚ ਲੈ ਜਾਂਦੇ
ਸਨ। ਦੁੱਧ, ਖੰਡ ਅਤੇ ਰੋਟੀ-ਟੁੱਕ ਬਨਾਉਣ ਦਾ ਸਮਾਨ ਵੀ ਨਾਲ ਲੈ ਜਾਂਦੇ ਅਤੇ ਓਥੇ ਹੀ
ਦੁਪਹਿਰ ਦੀ ਰੋਟੀ ਪਕਾ ਲੈਂਦੇ। ਇਸ ਰੌਸ਼ਨੀ ਵਿੱਚ ਹੀ ਇੱਕ ਦਿਨ ਬੀਬੀ ਨੇ ਆਖਿਆ, ਪੁੱਤ ਏਨੀ
ਦੂਰੋਂ ਦੋ ਢਾਈ ਮੀਲ ਦੂਰ ਜਾ ਕੇ ਵਾਹੀ ਨਹੀਂ ਹੁੰਦੀ। ਸਾਰੀ ਦਿਹਾੜੀ ਰਹੀਦਾ ਤਾਂ ਬਾਹਰ ਹੀ
ਹੈ, ਰਾਤ ਨੂੰ ਘਰ ਰੋਟੀ ਖਾਣ ਤੇ ਸੌਣ ਹੀ ਆਈਦਾ ਹੈ। ਮੇਰੀ ਸਲਾਹ ਹੈ ਕਿ ਆਪਾਂ ਮਾਲ ਡੰਗਰ
ਬਾਹਰ ਬਹਿਕ ਤੇ ਹੀ ਲੈ ਜਾਈਏ ਤੇ ਓਥੇ ਹੀ ਟਿਕਾਣਾ ਕਰ ਲਈਏ। ਆਸੇ ਪਾਸੇ ਦੇ ਨੇੜਲੇ ਖੇਤਾਂ
ਵਿੱਚ ਵੀ ਸਾਰੇ ਲੋਕ ਬਹਿਕਾਂ ਤੇ ਆ ਕੇ ਰਹਿਣ ਲੱਗ ਪਏ ਨੇ।
ਜ਼ਾਹਿਰ ਸੀ ਕਿ ਇਹ ਫ਼ੈਸਲਾ ਸਾਨੂੰ ਦੋਵਾਂ ਜੀਆਂ ਨੂੰ ਵਾਰਾ ਨਹੀਂ ਸੀ ਖਾਂਦਾ। ਬੱਸ ਅੱਡੇ ਤੋਂ
ਵੀ ਸਾਡਾ ਖੇਤ ਦੋ ਕੁ ਮੀਲ ਦੀ ਵਿੱਥ ਤੇ ਸੀ। ਖੇਤਾਂ ਨੂੰ ਜਾਂਦਾ ਰਾਹ ਵੀ ਕੱਚਾ ਸੀ। ਮੈਂ
ਅਤੇ ਮੇਰੀ ਪਤਨੀ ਨੂੰ ਓਥੋਂ ਸਕੂਲ ਜਾਣਾ ਬਹੁਤ ਮੁਸ਼ਕਿਲ ਸੀ। ਇਹਨਾਂ ਦਿਨਾਂ ਵਿੱਚ ਤਾਂ ਮੇਰੀ
ਪਤਨੀ ਨੂੰ ਪਹਿਲਾ ਬਾਲ ਹੋਣ ਵਾਲਾ ਸੀ। ਉਹ ਰੋਜ਼ ਖੇਤਾਂ ਵਿੱਚ ਆਉਣ-ਜਾਣ ਦਾ ਚਾਰ-ਪੰਜ ਮੀਲ
ਪੈਂਡਾ ਕਿਵੇਂ ਤੁਰ ਸਕਦੀ ਸੀ! ਇਹ ਨਹੀਂ ਕਿ ਬੀਬੀ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਾ ਹੋਵੇ
ਪਰ ਉਹ ਤਾਂ ਫ਼ੈਸਲਾ ਕਰੀ ਬੈਠੇ ਸਨ। ਮੈਂ ਉਹਨਾਂ ਦੀ ਬਾਹਰ ਰਿਹਾਇਸ਼ ਲੈ ਜਾਣ ਦੀ ਮਰਜ਼ੀ ਸੁੰਘ
ਲਈ ਸੀ। ਉਹਨਾਂ ਦੇ ਇਸ ਫ਼ੈਸਲੇ ਨਾਲ ਸਹਿਮਤ ਹੋਣ ਤੋਂ, ਮੈਂ ਆਪਣੀ ਮਜਬੂਰੀ ਦੱਸ ਕੇ, ਅਸਮਰਥਾ
ਪ੍ਰਗਟਾਈ। ਮੈਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਉਹਨਾਂ ਨੂੰ ਆਪਣੀ ਮਰਜ਼ੀ ਦਾ ਫ਼ੈਸਲਾ ਮੰਨਵਾਉਣ
ਲਈ ਮੈਂ ਹੁਣ ਸਮਰੱਥ ਨਹੀਂ ਰਹਿ ਗਿਆ।
ਜੇ ਉਹ ਸਾਨੂੰ, ਖ਼ਾਸ ਤੌਰ ਤੇ ਮੇਰੀ ਪਤਨੀ ਨੂੰ ਇਸ ਹਾਲਤ ਵਿੱਚ ਛੱਡ ਕੇ ਜਾਣਾ ਚਾਹੁੰਦੇ ਸਨ
ਤਾਂ ਮੈਂ ਉਹਨਾਂ ਨੂੰ ਰੋਕਣ ਵਾਲਾ ਕੌਣ ਸਾਂ! ਸ਼ਾਇਦ ਸਾਡੇ ਤੋਂ ਅਲੱਗ ਹੋਣ ਵਿੱਚ ਹੀ ਉਹਨਾਂ
ਨੂੰ ਖ਼ੁਸ਼ੀ ਤੇ ਸਕੂਨ ਮਿਲਣ ਦੀ ਆਸ ਹੋਵੇ! ਉਹਨਾਂ ਦੇ ਇਸ ਫ਼ੈਸਲੇ ਪਿਛੇ ਕਿਹੜੇ ਦਬਾਅ ਸਨ,
ਮੈਨੂੰ ਤਾਂ ਇਸਦੀ ਵੀ ਪੂਰੀ ਸਮਝ ਨਹੀਂ ਸੀ ਆ ਰਹੀ। ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ
ਇਸ ਫ਼ੈਸਲੇ ਨਾਲ ਮੇਰੇ ਦਿਲ ਨੂੰ ਡਾਢੀ ਸੱਟ ਵੱਜੀ। ਮੈਂ ਤਾਂ ਤਨ, ਮਨ, ਧਨ ਨਾਲ ਹਰ ਤਰ੍ਹਾਂ
ਉਹਨਾਂ ਦੇ ਸੁਖ ਨੂੰ ਸਮਰਪਤਿ ਸਾਂ। ਪਰ ਉਹ ਫਿਰ ਵੀ ਮੇਰੇ ਅਤੇ ਮੇਰੀ ਪਤਨੀ ਤੋਂ ਦੁਖੀ ਹੀ
ਹੋਣਗੇ ਜੋ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਏ ਜਾਂ ਸੱਚ-ਮੁੱਚ ਮੈਨੂੰ ਪਰਿਵਾਰ ਦਾ ਆਗੂ ਨਾ
ਮੰਨਣ ਅਤੇ ਆਪਣੇ ਫ਼ੈਸਲਿਆਂ ਦਾ ਆਪ ਸਰਦਾਰ ਹੋਣ ਵਿੱਚ ਹੀ ਉਹਨਾਂ ਨੂੰ ਆਪਣੀ ਭਲਾਈ ਨਜ਼ਰ
ਆਉਂਦੀ ਹੋਵੇ! ਕੁੱਝ ਵੀ ਸੀ, ਅਸੀਂ ਦੋਵਾਂ ਧਿਰਾਂ ਨੇ ਉੱਤੋਂ ਉੱਤੋਂ ਸਹਿਜ ਰਹਿਣ ਦਾ ਯਤਨ
ਹੀ ਕੀਤਾ ਅਤੇ ਇਸ ਨੂੰ ਸਮੇਂ ਅਤੇ ਹਾਲਾਤ ਦੀ ਲੋੜ ਮੁਤਾਬਕ ਲਿਆ ਠੀਕ ਨਿਰਣਾ ਬਣਾ ਕੇ ਹੀ
ਪੇਸ਼ ਕੀਤਾ। ਮੇਰੀਆਂ ਭੈਣਾਂ ਨੇ ਵੀ ਇਸ ਫ਼ੈਸਲੇ ਨੂੰ ਰੱਦ ਕਰਵਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ।
ਸ਼ਾਇਦ ਉਹਨਾਂ ਦੀ ਵੀ ਇਹੋ ਮਰਜ਼ੀ ਸੀ ਜਾਂ ਸਾਰਾ ਕੁੱਝ ਹੋਇਆ ਹੀ ਉਹਨਾਂ ਦੀ ਮਰਜ਼ੀ ਨਾਲ ਸੀ।
ਉਹਨਾਂ ਨੇ ਕੁੱਝ ਦਿਨਾਂ ਬਾਅਦ ਹੀ ਲੋੜੀਂਦਾ ਸਮਾਨ, ਭਾਂਡੇ-ਟੀਂਡੇ, ਮੰਜੇ-ਬਿਸਤਰੇ, ਸੰਦੂਕ,
ਪੇਟੀ ਤੇ ਹੋਰ ਸਾਰਾ ਕੁੱਝ ਖੇਤਾਂ ਵਿੱਚ ਢੋ ਲਿਆ। ਅਸੀਂ ਉਹਨਾਂ ਨੂੰ ਘਰੋਂ ਕੋਈ ਵੀ ਚੀਜ਼
ਚੁੱਕਣੋਂ ਨਾ ਰੋਕਿਆ। ਹੋਰ ਤਾਂ ਹੋਰ ਉਹ ਇੱਕ ਆਲੇ ਦੀਆਂ ਤਾਕੀਆਂ ਲਾਹ ਕੇ ਤੇ ਮਿੱਟੀ ਦਾ
ਚਾਵਾਂ-ਚੁੱਲ੍ਹਾ ਵੀ ਚੁੱਕ ਕੇ ਲੈ ਗਏ। ਪੂਰੇ ਦਿਨਾਂ ਤੇ ਹੋਣ ਕਰਕੇ ਰਜਵੰਤ ਨੂੰ ਉਹਨਾਂ
ਦਿਨਾਂ ਵਿੱਚ ਬੀਬੀ ਦੀ ਬੜੀ ਲੋੜ ਸੀ। ਹਾਰ ਕੇ ਮੈਂ ਉਸਨੂੰ ਉਹਦੇ ਪੇਕੇ ਪਿੰਡ ਝਬਾਲ ਭੇਜ
ਦਿੱਤਾ। ਜਿੱਥੇ ਹਸਪਤਾਲ ਦੀਆਂ ਨਰਸਾਂ ਦੀ ਅਣਗਹਿਲੀ ਕਰਕੇ ਸਾਡਾ ਬੱਚਾ ਪੈਦਾ ਹੁੰਦਿਆਂ ਹੀ
ਸਵਾਸ ਤਿਆਗ ਗਿਆ, ਜਿਸਦੇ ਤੁਰ ਜਾਣ ਦੀ ਟੀਸ ਅੱਜ ਵੀ ਸਾਡੇ ਅੰਦਰ ਰੜਕਦੀ ਹੈ।
ਪਰ ਬੀਬੀ ਨੂੰ ਤਾਂ ਛੋਟੇ ਪੁੱਤਰ ਨੂੰ ਸਾਂਭਣ ਦਾ ਫ਼ਿਕਰ ਸੀ! ਬੀਬੀ ਨੂੰ ਵੱਡੇ ਪੁੱਤ ਦਾ
ਏਨਾ ਕੁ ਫ਼ਿਕਰ ਜ਼ਰੂਰ ਸੀ ਕਿ ਉਹ ਸਾਡੇ ਲਈ ਬਾਹਰੋਂ ਵਰਤਣ ਜੋਗਾ ਦੁੱਧ ਲੈ ਕੇ ਰੋਜ਼ ਇੱਕ ਗੇੜਾ
ਹੁਣ ਪਿੰਡ ਦਾ ਮਾਰਨ ਲੱਗੀ ਸੀ। ਨਿਰਾਸ਼ ਹੋ ਕੇ ਮੈਂ ਵਾਹੀ ਨਾਲੋਂ ਨਾਤਾ ਹੀ ਤੋੜ ਲਿਆ ਅਤੇ
ਸਾਰੀ ਜ਼ਮੀਨ ਭਰਾ ਦੇ ਵਾਹੁਣ-ਕਮਾਉਣ ਲਈ ਛੱਡ ਦਿੱਤੀ। ਸਾਰੇ ਮਾਲ-ਡੰਗਰ ਵਿਚੋਂ ਇੱਕ ਤੋਕੜ
ਮੱਝ ਹੀ ਮੇਰੇ ਹਿੱਸੇ ਵਿੱਚ ਰੱਖੀ ਗਈ, ਜਿਸਦਾ ਦੁੱਧ ਬੀਬੀ ਲੈ ਕੇ ਆਉਂਦੀ ਸੀ। ਬਾਕੀ ਸਾਰਾ
ਮਾਲ-ਡੰਗਰ ਜਿਸ ਵਿੱਚ ਦੋ ਬਲਦ, ਇੱਕ ਡਾਚੀ, ਦੋ ਮੱਝਾਂ ਅਤੇ ਝੋਟੀਆਂ ਵਗੈਰਾ ਸਨ ਉਹਨਾਂ ਨੇ
ਆਪੇ ਹੀ ਆਪਣੇ ਪੇਟੇ ਪਾ ਲਏ। ਉਹਨਾਂ ਸੋਚਿਆ ਹੋਵੇਗਾ, ਮੈਨੂੰ ਇਹਨਾਂ ਵਿਚੋਂ ਕਾਹਦਾ ਬਣਦਾ
ਹਿੱਸਾ ਦੇਣਾ ਹੈ! ਨਾਲੇ ਅਸਾਂ ਨੌਕਰੀ ਕਰਨ ਵਾਲਿਆਂ ਨੇ ਡੰਗਰਾਂ ਦਾ ਕਰਨਾ ਵੀ ਕੀ ਹੈ!
ਇਹ ਮੇਰੀ ਜ਼ਿੰਦਗੀ ਵਿੱਚ ਬੜੇ ਉਦਾਸੀ ਦੇ ਦਿਨ ਸਨ। ਮੈਂ ਨਹੀਂ ਸੀ ਚਾਹਿਆ ਅਤੇ ਸੋਚਿਆ ਕਿ
ਮੇਰਾ ਛੋਟਾ ਜਿਹਾ ਪਰਿਵਾਰ ਵੀ ਅੱਡੋ-ਪਾਟੀ ਹੋ ਜਾਵੇਗਾ! ਅਸੀਂ ਉੱਤੋਂ ਕਿਸੇ ਨੂੰ ਕੁੱਝ
ਨਹੀਂ ਸੀ ਕਿਹਾ ਪਰ ਅੰਦਰੋਂ ਮਨ ਦੂਰ ਹੋਣੇ ਸ਼ੁਰੂ ਹੋ ਗਏ। ਰਿਸ਼ਤਿਆਂ ਦੀ ਇਸ ਗੰਧਲ-ਚੌਦੇਂ
ਵਿੱਚ ਇੱਕ ਸਫ਼ੈਦ ਦੁੱਧ-ਧੋਤਾ ਰਿਸ਼ਤਾ ਇਹਨਾਂ ਦਿਨਾਂ ਵਿੱਚ ਦ੍ਰਿਸ਼ਟੀਗੋਚਰ ਹੋਇਆ। ਅਸੀਂ
ਵਿੱਕੀ ਨਾਂ ਦਾ ਕੁੱਤਾ ਪਾਲਿਆ ਹੋਇਆ ਸੀ। ਜਦੋਂ ਸਾਡਾ ਟੱਬਰ ਸਾਰਾ ਮਾਲ ਡੰਗਰ ਲੈ ਕੇ
ਪਹਿਲੇ ਦਿਨ ਬਾਹਰ ਨੂੰ ਤੁਰਿਆ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਖੇਤਾਂ ਨੂੰ ਤੁਰ ਪਿਆ। ਰਾਤ
ਨੂੰ ਅਸੀਂ ਦੋਵੇਂ ਜੀਅ ਸਦਾ ਹੱਸਦੇ-ਵੱਸਦੇ, ਚਾਅ ਨਾਲ ਭਰੇ-ਭਰੇ ਰਹਿਣ ਵਾਲੇ ਘਰ ਵਿੱਚ ਉਦਾਸ
ਹਾਸਾ ਹੱਸਦੇ ਹੋਏ ਇੱਕ ਦੂਜੇ ਨੂੰ ਕਹਿ ਰਹੇ ਸਾਂ, ਮੁਸ਼ਕਿਲ ਵੇਲੇ ਵਿੱਕੀ ਵੀ ਸਾਡਾ ਸਾਥ
ਛੱਡ ਗਿਐ! ਗੱਦਾਰ ਕਿਸੇ ਥਾਂ ਦਾ!
ਅਸੀਂ ਦਿਨੇ ਉੱਠ ਕੇ ਕੀ ਵੇਖਦੇ ਹਾਂ ਵਿੱਕੀ ਸਾਡੇ ਸਿਰਹਾਣੇ ਆਪਣਾ ਮੂੰਹ ਪੈਰਾਂ ਵਿੱਚ
ਦਿੱਤੀ ਲੇਟਿਆ ਹੋਇਆ ਸੀ। ਸਾਨੂੰ ਉਸ ਉੱਤੇ ਬੜਾ ਲਾਡ ਆਇਆ, ਪਰ ਅਸੀਂ ਸੋਚਿਆ ਇਹ ਅੱਗੇ ਰੋਜ਼
ਘਰ ਰਹਿਣ ਦਾ ਗਿੱਝਾ ਹੋਇਆ ਘਰ ਆ ਗਿਆ ਹੈ। ਇਸ ਵਿੱਚ ਉਸਦਾ ਸਾਡੇ ਨਾਲ ਮੋਹ-ਮੁਹੱਬਤ ਦਾ
ਸ਼ਾਇਦ ਕੋਈ ਬਹੁਤਾ ਦਖ਼ਲ ਨਹੀਂ।
ਅਸਲ ਵਿੱਚ ਵਿੱਕੀ ਵੀ ਘਰ ਵਿੱਚ ਆਈ ਤਬਦੀਲੀ ਨੂੰ ਸੁੰਘ ਕੇ ਪਰੇਸ਼ਾਨ ਸੀ। ਮੈਂ ਸਾਈਕਲ
ਫੜ੍ਹ ਕੇ ਸਕੂਲ ਜਾਣ ਲੱਗਾ ਤਾਂ ਉਹ ਵੀ ਮੇਰੇ ਪਿੱਛੇ ਪਿੱਛੇ ਤੁਰ ਪਿਆ। ਬੱਸ ਅੱਡੇ ਤੋਂ ਮੈਂ
ਤਾਂ ਸੜਕੇ-ਸੜਕ ਪੈ ਕੇ ਆਪਣੇ ਸਕੂਲ ਵਾਲੇ ਰਾਹੇ ਪੈ ਗਿਆ। ਸੋਚਿਆ ਕਿ ਵਿੱਕੀ ਮੇਰੇ ਮਗਰ ਹੀ
ਆ ਰਿਹਾ ਹੋਵੇਗਾ। ਪਿੱਛੇ ਭੌਂ ਕੇ ਵੇਖਿਆ; ਵਿੱਕੀ ਮੇਰੇ ਪਿੱਛੇ ਮੁੜਨ ਦੀ ਥਾਂ ਸਿੱਧਾ ਓਸ
ਰਾਹੇ ਪੈ ਗਿਆ ਜਿਹੜਾ ਸਾਡੇ ਖੇਤਾਂ ਨੂੰ ਜਾਂਦਾ ਸੀ। ਸਾਰੀ ਦਿਹਾੜੀ ਉਹ ਖੇਤਾਂ ਵਿੱਚ ਰਿਹਾ
ਤੇ ਰਾਤ ਸਮੇਂ ਫਿਰ ਪਿੰਡ ਪਹੁੰਚ ਗਿਆ। ਬਾਹਰ ਤਾਂ ਸਗੋਂ ਰਾਤ ਨੂੰ ਰਾਖੀ ਵਾਸਤੇ ਉਹਨਾਂ ਨੂੰ
ਉਹਦੀ ਲੋੜ ਸੀ। ਉਹਨਾਂ ਨੇ ਉਸਨੂੰ ਵਧੇਰੇ ਪਿਆਰਨਾ ਪੁਚਕਾਰਨਾ ਸ਼ੁਰੂ ਕੀਤਾ ਅਤੇ ਉਸਦੀ
ਸੇਵਾ ਕਰਕੇ ਰਾਤ ਨੂੰ ਆਪਣੇ ਕੋਲ ਰਹਿਣ ਲਈ ਗਿਝਾਉਣਾ ਚਾਹਿਆ। ਪਰ ਵਿੱਕੀ ਉਹਨਾਂ ਦੇ ਲਾਲਚ
ਵਿੱਚ ਕਦੀ ਨਾ ਫਸਿਆ। ਉਹ ਜਿੰਨਾਂ ਚਿਰ ਵੀ ਜਿਊਂਦਾ ਰਿਹਾ; ਦਿਨੇ ਖੇਤਾਂ ਵਿੱਚ ਅਤੇ ਰਾਤ
ਨੂੰ ਸਾਡੇ ਕੋਲ ਹਾਜ਼ਰੀ ਭਰਦਾ ਰਿਹਾ। ਉਸਨੇ ਦੋਵਾਂ ਧਿਰਾਂ ਪ੍ਰਤੀ ਆਪਣੀ ਵਫ਼ਾਦਾਰੀ ਅਤੇ
ਮੋਹ-ਪਿਆਰ ਕਾਇਮ ਰੱਖਿਆ; ਜਦ ਕਿ ਸਾਡੇ ਵਿੱਚ ਉਸਤਰ੍ਹਾਂ ਦੀ ਵਫ਼ਾਦਾਰੀ ਅਤੇ ਮੋਹ-ਪਿਆਰ ਦਾ
ਗਰਾਫ਼ ਸ਼ਾਇਦ ਪਹਿਲਾਂ ਵਾਲਾ ਨਹੀਂ ਸੀ ਰਹਿ ਗਿਆ।
ਇਹਨਾਂ ਦਿਨਾਂ ਵਿੱਚ ਬਾਪੂ ਹਕੀਕਤ ਸਿੰਘ ਹੀ ਸਾਡੇ ਕੰਮ ਆਇਆ। ਸਾਡੇ ਸਕੂਲ ਜਾਣ ਤੋਂ ਪਿੱਛੋਂ
ਉਹ ਘਰ ਦੀ ਰਾਖੀ ਰੱਖਦਾ, ਆਇਆਂ-ਗਿਆਂ ਨੂੰ ਮਿਲਦਾ ਤੇ ਬਾਹਰ ਦੁਕਾਨਾਂ ਵਾਲਿਆਂ ਨਾਲ
ਹਾਸਾ-ਠੱਠਾ ਕਰਦਾ ਰਹਿੰਦਾ। ਭੈਣ ਗੁਰਮੀਤੋ ਦਾ ਕਪਰੀਆਂ ਅੱਖਾਂ ਵਾਲਾ ਸਹੁਰਾ ਜਦੋਂ ਸਾਡੇ
ਕੋਲ ਆਉਂਦਾ ਤਾਂ ਮੈਨੂੰ ਇਸ਼ਾਰਾ ਕਰਦਾ, ਬਾਪੂ ਦੇ ਜਿਊਂਦੇ ਜੀਅ ਇਹਦੀ ਜ਼ਮੀਨ ਦਾ ਕੁੱਝ
ਕਰ-ਕਰਾ ਲਓ, ਪਿੱਛੋਂ ਇਹਦੇ ਭਤੀਆਂ ਨੇ ਕਾਬਜ਼ ਹੋ ਜਾਣੈ।
ਮੈਂ ਹੱਸ ਛੱਡਦਾ, ਜ਼ਮੀਨ ਬਾਪੂ ਦੀ ਹੈ। ਆਪਣੀ ਜ਼ਮੀਨ ਦਾ ਜੋ ਕਰਨਾ-ਕਰਾਉਣਾ ਹੋਊ, ਬਾਪੂ ਆਪੇ
ਕਰੂ। ਅਸੀਂ ਕੌਣ ਹੁੰਦੇ ਹਾਂ ਉਹਦੀ ਜ਼ਮੀਨ ਦਾ ਕੁੱਝ ਕਰਨ ਕਰਾਉਣ ਵਾਲੇ!
ਏਦਾਂ ਤਾਂ ਬਾਪੂ ਸਾਰੀ ਜ਼ਮੀਨ ਵੇਚ ਕੇ ਖਾ ਜਾਊ। ਤੁਹਾਡੇ ਪੱਲੇ ਕੀ ਰਹਿ ਜਾਊ। ਉਹ ਮੇਰਾ
ਮਨ ਟੋਂਹਦਾ। ਉਸਨੂੰ ਬਾਪੂ ਦੀ ਇਸ ਵਾਰ ਜ਼ਮੀਨ ਵੇਚਣੀ ਇਸ ਕਰਕੇ ਵੀ ਚੁਭਦੀ ਸੀ ਕਿਉਂਕਿ
ਐਤਕੀਂ ਜ਼ਮੀਨ ਵੇਚ ਕੇ ਉਸਨੇ ਗੁਰਮੀਤੋ ਦੀ ਥਾਂ ਸੁਰਜੀਤੋ ਨੂੰ ਪੱਕੇ ਕੋਠੇ ਪਾ ਕੇ ਦਿੱਤੇ ਸਨ
ਅਤੇ ਉਸੇ ਨੂੰ ਜ਼ਮੀਨ ਗਹਿਣੇ ਲੈ ਕੇ ਦਿੱਤੀ ਸੀ। ਗੁਰਮੀਤੋ ਦੇ ਸਹੁਰੇ ਨੂੰ ਇਹ ਚੇਤਾ ਭੁੱਲ
ਗਿਆ ਸੀ ਕਿ ਪਹਿਲਾਂ ਬਾਪੂ ਨੇ ਉਹਨਾਂ ਵਾਸਤੇ ਵੀ ਜ਼ਮੀਨ ਵੇਚੀ ਸੀ!
ਕਦੀ ਕਦੀ ਇਹ ਅਹਿਸਾਸ ਜ਼ਰੂਰ ਹੁੰਦਾ ਸੀ ਕਿ ਬਾਪੂ ਨੇ ਸਸਤੇ ਭਾਅ ਜ਼ਮੀਨ ਵੇਚਣ ਤੇ ਲੱਕ ਬੰਨ੍ਹ
ਲਿਆ ਸੀ ਤੇ ਕੁੜੀਆਂ ਦੇ ਸਹੁਰਿਆਂ ਵਿੱਚ ਆਪਣੀ ਸ਼ਾਨ ਬਨਾਉਣ ਦੇ ਭਰਮ ਤਹਿਤ ਉਹ ਗ਼ਲਤ ਪਾਸੇ ਜਾ
ਰਿਹਾ ਸੀ; ਪਰ ਅਸੀਂ ਉਸਨੂੰ ਰੋਕਣ ਵਾਲੇ ਕੌਣ ਸਾਂ? ਜ਼ਮੀਨ ਵੇਚਣ ਦਾ ਸਿਲਸਿਲਾ ਤਾਂ ਉਸਨੇ
ਮੇਰੇ ਪਿਤਾ ਦੇ ਜਿਊਂਦੇ-ਜੀਅ ਹੀ ਸ਼ੁਰੂ ਕਰ ਲਿਆ ਸੀ। ਜੇ ਮੇਰੇ ਪਿਤਾ ਨੇ ਉਸਨੂੰ ਨਹੀਂ ਸੀ
ਰੋਕਿਆ ਜਾਂ ਉਸਦੀ ਜ਼ਮੀਨ ਦਾ ਕੋਈ ਬੰਨ੍ਹ-ਸ਼ੁਭ ਕਰਨ ਦਾ ਨਹੀਂ ਸੀ ਸੋਚਿਆ ਤਾਂ ਮੈਂ ਕਿਉਂ
ਤਰਲੋ-ਮੱਛੀ ਹੁੰਦਾ ਫਿਰਾਂ!
ਅਗਲੇ ਸਾਲ ਐਮਰਜੈਂਸੀ ਲੱਗ ਗਈ। ਅਕਤੂਬਰ 1975 ਵਿੱਚ ਪਹਿਲਾਂ ਮੈਨੂੰ ਦਫ਼ਾ 107/151 ਤਹਿਤ
ਗ੍ਰਿਫ਼ਤਾਰ ਕਰ ਲਿਆ ਤੇ ਤਿੰਨ ਕੁ ਹਫ਼ਤਿਆਂ ਬਾਅਦ ਮੇਰੀ ਜ਼ਮਾਨਤ ਹੋ ਜਾਣ ਉਪਰੰਤ ਮੈਨੂੰ ਪੱਟੀ
ਕਚਹਿਰੀਆਂ ਵਿੱਚ ਇਸੇ ਕੇਸ ਦੀ ਤਰੀਕ ਭੁਗਤਣ ਗਏ ਨੂੰ ਦੋਬਾਰਾ ਗ੍ਰਿਫ਼ਤਾਰ ਕਰਕੇ ਡੀ ਆਈ ਆਰ
ਲਾ ਕੇ ਹਫ਼ਤੇ ਕੁ ਲਈ ਇੰਟੈਰੋਗੇਸ਼ਨ ਸੈਂਟਰ ਦੇ ਦਰਸ਼ਨ ਕਰਾਉਣ ਤੋਂ ਬਾਅਦ ਅੰਮ੍ਰਿਤਸਰ ਜੇਲ੍ਹ
ਵਿੱਚ ਭੇਜ ਦਿੱਤਾ ਜਿੱਥੇ ਕੁੱਝ ਹਫ਼ਤਿਆਂ ਬਾਅਦ, ਕੇਸ ਬਨਾਉਣ ਵਿੱਚ ਰਹਿ ਗਈਆਂ ਕਾਨੂੰਨੀ
ਗ਼ਲਤੀਆਂ ਕਾਰਨ, ਪੁਲਿਸ ਨੂੰ ਕੇਸ ਵਾਪਸ ਲੈਣਾ ਪਿਆ ਅਤੇ ਮਜਬੂਰਨ ਮੈਨੂੰ ਰਿਹਾ ਕਰਨਾ ਪਿਆ।
ਜੇਲ੍ਹ ਵਿਚੋਂ ਰਿਹਾ ਹੋ ਕੇ ਮੈਂ ਪਤਨੀ ਨਾਲ ਸਲਾਹ ਕੀਤੀ ਕਿ ਪੁਲਿਸ ਨੇ ਮੈਨੂੰ ਫਿਰ ਤੋਂ
ਗ੍ਰਿਫ਼ਤਾਰ ਕਰ ਲੈਣਾ ਹੈ। ਜੇਲ੍ਹ ਵਿੱਚ ਸੜਨ ਨਾਲੋਂ ਅਸੀਂ ਇਹ ਤਰਕੀਬ ਬਣਾਈ ਕਿ ਮੈਂ ਬਿਨਾਂ
ਕਿਸੇ ਨੂੰ ਦੱਸਿਆਂ, ਚੁੱਪ ਕਰਕੇ ਚੰਡੀਗੜ੍ਹ ਐਮ ਫ਼ਿਲ ਵਿੱਚ ਦਾਖ਼ਲਾ ਲੈ ਲਵਾਂ ਅਤੇ ਰਜਵੰਤ
ਬੱਚੀ ਨੂੰ ਲੈ ਕੇ ਆਪਣੇ ਪੇਕਿਆਂ ਦੇ ਘਰ ਰਹਿਣ ਲੱਗ ਪਵੇ। ਜਦੋਂ ਅਸੀਂ ਬਾਪੂ ਨੂੰ ਇਹ ਫ਼ੈਸਲਾ
ਸੁਣਾਇਆ ਤਾਂ ਉਸਦਾ ਦਿਲ ਟੁੱਟ ਗਿਆ। ਹੁਣ ਹੀ ਤਾਂ ਉਸਦਾ ਘਰ ਵਿੱਚ ਟਿਕ ਕੇ ਰਹਿਣ ਨੂੰ ਦਿਲ
ਕਰਨ ਲੱਗਾ ਸੀ। ਹਰੇਕ ਗੱਲ ਨੂੰ ਹਾਸੇ ਨਾਲ ਫੂਕ ਮਾਰ ਕੇ ਉਡਾ ਦੇਣ ਵਾਲੇ ਬਾਪੂ ਨੇ ਲੰਮਾਂ
ਹਉਕਾ ਲੈ ਕੇ ਆਖਿਆ, ਸਰਦਾਰਾ! ਇਹ ਚੰਗੀ ਨਹੀਂ ਕਰਨ ਲੱਗਾ ਤੂੰ! ਕਮਲਿਆ! ਵੱਸਦੇ ਘਰਾਂ ਨੂੰ
ਵੀ ਕੋਈ ਇੰਜ ਜਿੰਦਰੇ ਮਾਰਦੈ? ਏਨੀ ਆਖਦਿਆਂ ਉਹਦੀਆਂ ਅੱਖਾਂ ਵਿੱਚ ਤੈਰ ਆਇਆ ਪਾਣੀ ਗਲੇਡੂ
ਬਣ ਕੇ ਉਹਦੀਆਂ ਮੁੱਛਾਂ ਵਿੱਚ ਡੁੱਲ੍ਹਣ ਲੱਗਾ। ਉਸਨੇ ਰਜਵੰਤ ਕੋਲ ਵੀ ਤਰਲਾ ਲਿਆ, ਬੀਬੀ,
ਘੱਟੋ ਘੱਟ ਤੂੰ ਤਾਂ ਨਾ ਜਾਹ। ਮੈਂ ਜੂ ਤੇਰੇ ਕੋਲ ਹੈਗਾਂ।
ਮੇਰੇ ਚੰਡੀਗੜ੍ਹ ਅਤੇ ਰਜਵੰਤ ਦੇ ਝਬਾਲ ਤੁਰ ਜਾਣ ਬਾਅਦ ਬਾਪੂ ਫਿਰ ਤੋਂ ਚੱਲਦਾ ਵਹੀਰ ਹੋ
ਗਿਆ। ਕਦੀ ਖੇਤਾਂ ਵਿਚ, ਕਦੀ ਵੱਡੀ ਕੁੜੀ ਕੋਲ ਪੰਜਵੜ ਤੇ ਕਦੀ ਛੋਟੀ ਕੋਲ ਕੈਰੋਂਵਾਲ। ਮੈਂ
ਹਫ਼ਤੇ, ਦੋ ਹਫ਼ਤੇ ਬਾਅਦ ਰਜਵੰਤ ਕੋਲ ਝਬਾਲ ਆਉਂਦਾ ਰਹਿੰਦਾ। ਇੱਕ ਹਫ਼ਤੇ ਮੈਂ ਆਇਆ ਨਾ।
ਸੋਮਵਾਰ ਨੂੰ ਮੈਨੂੰ ਰਜਵੰਤ ਦੀ ਚਿੱਠੀ ਮਿਲੀ। ਉਸ ਲਿਖਿਆ ਸੀ, ਬਾਪੂ ਜੀ ਛੋਟੀ ਭੈਣ
ਗੁਰਮੀਤੋ ਕੋਲ ਨੇ ਅਤੇ ਜ਼ਿਆਦਾ ਢਿੱਲੇ ਨੇ। ਤੁਸੀਂ ਚਿੱਠੀ ਪੜ੍ਹਦਿਆਂ ਹੀ ਪਹੁੰਚੋ।
ਰਜਵੰਤ ਅੱਜ ਵੀ ਉਸ ਸਮੇਂ ਨੂੰ ਯਾਦ ਕਰਦਿਆਂ ਕਹਿੰਦੀ ਹੈ, ਮੈਨੂੰ ਪੱਕਾ ਯਾਦ ਹੈ, ਉਸ ਦਿਨ
ਸ਼ੁਕਰਵਾਰ ਸੀ। ਮੈਂ ਆਪਣੀਆਂ ਕੁਲੀਗਜ਼ ਨਾਲ ਤਰਨਤਾਰਨ ਬਲਾਕ ਸਿੱਖਿਆ ਦਫ਼ਤਰ ਵਿਚੋਂ ਆਪਣੀ
ਤਨਖ਼ਾਹ ਲੈਣ ਜਾ ਰਹੀ ਸਾਂ। ਮੀਤੋ ਕੈਰੋਂਵਾਲ ਤੋਂ ਬੱਸ ਵਿੱਚ ਚੜ੍ਹੀ। ਮੈਂ ਵੇਖ ਕੇ ਕੋਲ
ਬੁਲਾ ਲਿਆ। ਕਹਿੰਦੀ, ਬਾਪੂ ਬਿਮਾਰ ਹੈ, ਤਰਨਤਾਰਨੋਂ ਉਹਦੀ ਦਵਾਈ ਲੈਣ ਚੱਲੀ ਹਾਂ। ਤਨਖ਼ਾਹ
ਲੈਣ ਤੋਂ ਬਾਅਦ ਵਾਪਸ ਝਬਾਲ ਨੂੰ ਆਉਂਦਿਆਂ ਮੈਂ ਵੇਖਿਆ ਦਿਨ ਬਹੁਤ ਥੋੜ੍ਹਾ ਰਹਿ ਗਿਆ ਸੀ।
ਜੇ ਕੈਰੋਂਵਾਲ ਉੱਤਰ ਕੇ ਬਾਪੂ ਜੀ ਦਾ ਪਤਾ ਕਰਨ ਜਾਂਦੀ ਤਾਂ ਹਨੇਰਾ ਹੋ ਜਾਣਾ ਸੀ। ਸੋਚਿਆ;
ਫਿਰ ਕਿਸੇ ਦਿਨ ਆ ਕੇ ਖ਼ਬਰ ਲੈ ਜਾਵਾਂਗੀ। ਫਿਰ ਮਨ ਵਿੱਚ ਖ਼ਿਆਲ ਆਇਆ, ਹੈ! ਹਾਇ! ਜੇ ਮੇਰਾ
ਸਕਾ ਪਿਓ ਜਾਂ ਬਾਬਾ ਬੀਮਾਰ ਹੁੰਦਾ ਤਾਂ ਕੀ ਮੈਂ ਫਿਰ ਵੀ ਇੰਜ ਹੀ ਚੁੱਪ ਕਰਕੇ ਕੋਲ ਦੀ ਲੰਘ
ਜਾਂਦੀ। ਇਹ ਖ਼ਿਆਲ ਆਉਂਦਿਆਂ ਹੀ ਮੈਂ ਕੈਰੋਂਵਾਲ ਬੱਸ ਤੋਂ ਉੱਤਰ ਪਈ। ਮੀਤੋ ਅਜੇ
ਤਰਨਤਾਰਨੋਂ ਮੁੜੀ ਨਹੀਂ ਸੀ। ਫਰਵਰੀ-ਮਾਰਚ ਦੇ ਦਿਨ ਹੋਣ ਕਰਕੇ ਬਾਪੂ ਦਾ ਮੰਜਾ ਬਾਹਰ ਸੂਰਜ
ਦੀ ਢਲਦੀ ਜਾਂਦੀ ਧੁੱਪ ਵਿੱਚ ਡੱਠਾ ਹੋਇਆ ਸੀ। ਮੈਨੂੰ ਵੇਖ ਕੇ ਬਾਪੂ ਜੀ ਦੀਆਂ ਅੱਖਾਂ ਵਿੱਚ
ਚਮਕ ਆ ਗਈ। ਮੈਂ ਕੁੱਝ ਰੁਪਏ ਉਹਨਾਂ ਦੀ ਮੁੱਠ ਵਿੱਚ ਦਿੱਤੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ
ਪਾਣੀ ਭਰ ਆਇਆ। ਮੈਂ ਹੌਂਸਲਾ ਦਿੱਤਾ, ਬਾਪੂ ਜੀ ਦਿਲ ਕਿਉਂ ਹੌਲਾ ਕਰਦੇ ਓ। ਮੈਂ ਅੱਜ ਹੀ
ਜਾ ਕੇ ਤੁਹਾਡੇ ਪੁੱਤ ਨੂੰ ਚਿੱਠੀ ਲਿਖਦੀ ਆਂ। ਅਸੀਂ ਤੁਹਾਨੂੰ ਆਪਣੇ ਕੋਲ ਲਿਜਾ ਕੇ, ਵਧੀਆ
ਇਲਾਜ ਕਰਵਾ ਕੇ ਫੱਟ ਰਾਜ਼ੀ ਕਰ ਲੈਣਾ ਏਂ। ਕੋਲ ਆਣ ਬੈਠੀ ਮੀਤੋ ਦੀ ਸੱਸ ਨੇ ਬਾਪੂ ਦੀ ਮੁੱਠ
ਵਿੱਚ ਦਿੱਤੇ ਰੁਪਏ ਆਪਣੀ ਜੇਬ ਵਿੱਚ ਪਾਉਂਦਿਆਂ ਕਿਹਾ, ਏਥੇ ਕਿਹੜਾ ਬਾਪੂ ਜੀ ਓਪਰੀ ਥਾਂ
ਨੇ। ਆਪਣੀ ਧੀ ਦੇ ਘਰ ਨੇ। ਉਥੋਂ ਮੁੜਕੇ ਰਾਤ ਨੂੰ ਰਜਵੰਤ ਨੇ ਚਿੱਠੀ ਲਿਖੀ ਤੇ ਸਨਿੱਚਰਵਾਰ
ਡਾਕੇ ਪਾ ਦਿੱਤੀ। ਸੋਮਵਾਰ ਨੂੰ ਦੁਪਹਿਰ ਤੱਕ ਮੈਨੂੰ ਚਿੱਠੀ ਮਿਲ ਗਈ ਤੇ ਰਾਤ ਤੱਕ ਮੈਂ
ਝਬਾਲ ਅੱਪੜ ਗਿਆ। ਅਗਲੇ ਦਿਨ ਮੈਂ ਬਾਪੂ ਨੂੰ ਮਿਲਣ ਜਾਣ ਤੋਂ ਪਹਿਲਾਂ ਆਪਣੇ ਦੋਸਤ ਜਸਵੰਤ
ਕੋਲ ਗਿਆ ਤੇ ਉਸਨੂੰ ਕੈਰੋਂਵਾਲ ਆਪਣੇ ਨਾਲ ਜਾਣ ਲਈ ਆਖਿਆ। ਜਸਵੰਤ ਨੇ ਮੇਰੇ ਤੇ ਮੀਤੋ ਨਾਲ
ਸਲਾਹ ਕਰਕੇ ਆਪਣੀ ਭੈਣ ਦਾ ਰਿਸ਼ਤਾ ਸਾਡੇ ਦਾਮਾਦ ਦੇ ਛੋਟੇ ਭਰਾ ਨੂੰ ਕਰ ਦਿੱਤਾ ਸੀ ਤੇ ਉਹ
ਹੁਣ ਕੈਰੋਂਵਾਲੀਆ ਦਾ ਸਾਡੇ ਵਰਗਾ ਹੀ ਰਿਸ਼ਤੇਦਾਰ ਸੀ। ਅਸੀਂ ਗਏ ਤਾਂ ਬਾਪੂ ਦੇ ਸਿਰਹਾਣੇ
ਗੁਰਮੀਤੋ ਦਾ ਸਹੁਰਾ ਨੰਗੀ ਤਲਵਾਰ ਰੱਖ ਕੇ ਪਹਿਰੇ ਤੇ ਬੈਠਾ ਸੀ। ਅਸੀਂ ਬਾਪੂ ਦੀ ਮੰਜੀ
ਕੋਲ ਆਪਣੀ ਮੰਜੀ ਖਿੱਚ ਕੇ ਗੈਠ ਗਏ। ਉਸਦਾ ਹਾਲ-ਚਾਲ ਪੁੱਛਿਆ। ਉਹ ਬਹੁਤ ਕਮਜ਼ੋਰ ਹੋ ਗਿਆ
ਸੀ। ਬਾਪੂ ਸ਼ਾਇਦ ਪਰਦੇ ਨਾਲ ਕੁੱਝ ਗੱਲ ਕਰਨ ਲਈ ਅਹੁਲਦਾ ਸੀ। ਪਰ ਮੀਤੋ ਦਾ ਸਹੁਰਾ ਸਿਰਹਾਣੇ
ਬੈਠਾ ਵੇਖ ਕੇ ਗੱਲ ਕਰਨੋਂ ਝਿਜਕ ਜਾਂਦਾ ਸੀ। ਅਚਨਚੇਤ ਕੋਲ ਆਣ ਖੜੋਤੇ ਕੁੱਤੇ ਨੂੰ ਸ਼ਿਸ਼ਕਾਰਨ
ਲਈ ਮੀਤੋ ਦਾ ਸਹੁਰਾ ਇੱਕ ਪਲ਼ ਲਈ ਉੱਠ ਕੇ ਪਾਸੇ ਹੋਇਆ ਤਾਂ ਮੌਕਾ ਤਾੜ ਕੇ ਬਾਪੂ ਨੇ ਮੇਰਾ
ਹੱਥ ਘੁੱਟ ਲਿਆ ਤੇ ਕਹਿਣ ਲੱਗਾ, ਸਰਦਾਰਾ! ਇਹਨਾਂ ਨੇ ਕਾਰਾ ਕਰ ਲਿਆ ਈ। ਰੋਵੇਂਗਾ ਅੱਖਾਂ
ਚ ਘਸੁੰਨ ਦੇ ਕੇ।
ਜਿਹੜੀ ਗੱਲ ਦਾ ਮੈਨੂੰ ਖ਼ਦਸ਼ਾ ਸੀ ਤੇ ਜਿਹੜੀ ਮੈਂ ਕਿਸੇ ਨਾਲ ਵੀ ਕਰਨ ਦੀ ਅਜੇ ਹਿੰਮਤ ਨਹੀਂ
ਸੀ ਕੀਤੀ, ਉਹ ਸੱਚ ਹੋ ਨਿੱਬੜੀ ਸੀ। ਮੈਂ ਤੇ ਜਸਵੰਤ ਛੇਤੀ ਹੀ ਉੱਠ ਕੇ ਵਾਪਸ ਝਬਾਲ ਆ ਗਏ।
ਰਾਹ ਵਿੱਚ ਜਸਵੰਤ ਨੇ ਦੱਸਿਆ ਕਿ ਸ਼ਨਿੱਚਰਵਾਰ ਹੀ ਅਜੇ ਉਹਨਾਂ ਦਾ ਜਵਾਈ ਤੇ ਮੀਤੋ ਦਾ ਦਿਓਰ
ਉਹਨਾਂ ਕੋਲੋਂ ਪੰਜ ਹਜ਼ਾਰ ਰੁਪੈਆ ਲੈ ਕੇ ਗਿਆ ਹੈ। ਅਖ਼ੇ: ਸਾਨੂੰ ਥੋੜ੍ਹੀ ਜਿਹੀ ਜ਼ਮੀਨ ਨੇੜੇ
ਲੱਗਦੀ ਹੈ, ਉਹਦਾ ਸੌਦਾ ਮਾਰਨਾ ਹੈ। ਏਨੇ ਕੁ ਪੈਸੇ ਥੁੜਦੇ ਨੇ।
ਮੈਂ ਅਨੁਮਾਨ ਲਾਇਆ ਕਿ ਸ਼ੁਕਰਵਾਰ ਰਜਵੰਤ ਕੋਲੋਂ ਮੇਰਾ ਆਉਣਾ ਅਤੇ ਬਾਪੂ ਨੂੰ ਲੈ ਜਾਣਾ ਸੁਣ
ਕੇ ਕੈਰੋਂਵਾਲੀਆਂ ਨੇ ਆਪਣੀ ਗਤੀ-ਵਿਧੀ ਤੇਜ਼ ਕਰ ਦਿੱਤੀ। ਝੂਠੀ ਵਸੀਅਤ ਕਰਾਉਣ ਲਈ ਪੈਸੇ ਦੀ
ਪਈ ਤੁਰੰਤ ਲੋੜ ਪੂਰੀ ਕਰਨ ਲਈ ਉਹਨਾਂ ਨੇ ਜਸਵੰਤ ਕੋਲੋਂ ਪੈਸੇ ਫੜ੍ਹ ਲਏ। ਜਸਵੰਤ ਕਹਿ ਰਿਹਾ
ਸੀ, ਮੈਨੂੰ ਕੀ ਪਤਾ ਸੀ ਕਿ ਮੇਰੇ ਦਿੱਤੇ ਪੈਸੇ ਉਹਨਾਂ ਨੇ ਮੇਰੇ ਹੀ ਦੋਸਤ ਦੇ ਖ਼ਿਲਾਫ਼ ਵਰਤ
ਲੈਣੇ ਨੇ!
ਮੈਂ ਓਸੇ ਵੇਲੇ ਬੀਬੀ ਤੇ ਸੁਰਿੰਦਰ ਕੋਲ ਸੁਰ ਸਿੰਘ ਗਿਆ। ਪਤਾ ਲੱਗਾ ਸੁਰਿੰਦਰ ਤਾਂ
ਕੈਰੋਂਵਾਲ ਮੀਤੋ ਹੁਰਾਂ ਕੋਲ ਹੀ ਗਿਆ ਹੋਇਆ ਹੈ। ਮੈਂ ਬੀਬੀ ਨਾਲ ਉਹਦੇ ਲਾਡਲੇ ਧੀ-ਜਵਾਈ
ਵੱਲੋਂ ਕੀਤੀ ਕਰਤੂਤ ਬਾਰੇ ਰੋਸ ਕੀਤਾ। ਫਿਰ ਮੈਂ ਆਪਣੇ ਨਾਨਕੇ ਮਾਮਿਆਂ ਨੂੰ ਲੈਣ ਚਲਾ ਗਿਆ
ਅਤੇ ਜਾਂਦਾ ਹੋਇਆ ਪੰਜਵੜ ਸੁਰਜੀਤੋ ਤੇ ਉਹਦੇ ਪ੍ਰਾਹੁਣੇ ਨੂੰ ਵੀ ਹੋਈ ਘਟਨਾ ਬਾਰੇ ਸੂਚਿਤ
ਕਰ ਗਿਆ। ਛੋਟਾ ਮਾਮਾ ਹਰਦੀਪ ਮੇਰੇ ਨਾਲ ਝਬਾਲ ਆਇਆ। ਆਉਂਦਿਆਂ ਨੂੰ ਰਜਵੰਤ ਨੇ ਸੂਚਨਾ
ਦਿੱਤੀ ਕਿ ਥੋੜ੍ਹੀ ਦੇਰ ਪਹਿਲਾਂ ਹੀ ਗੁਰਮੀਤੋ, ਬੀਬੀ ਤੇ ਛਿੰਦਾ ਆਏ ਸਨ। ਬੀਬੀ ਤੇ
ਸੁਰਿੰਦਰ ਤਾਂ ਚੁੱਪ ਰਹੇ ਪਰ ਮੀਤੋ ਨੇ ਕਿਹਾ ਕਿ ਜੇ ਅਸੀਂ ਚੁੱਪ ਰਹੀਏ ਤਾਂ ਉਹ ਅਤੇ ਛਿੰਦਾ
ਦੋਵੇਂ ਦੋ ਕਿੱਲੇ ਜ਼ਮੀਨ ਮੈਨੂੰ ਦੇ ਦੇਣਗੇ ਤੇ ਘਰ ਦਾ ਥਾਂ ਸਾਡੇ ਲਈ ਛੱਡ ਦੇਣਗੇ! ਨਹੀਂ
ਤਾਂ ਏਨੇ ਦੀ ਆਸ ਵੀ ਨਾ ਰੱਖੀਏ!
ਰਜਵੰਤ ਨੇ ਘਰ ਦਾ ਥਾਂ ਛੱਡ ਦੇਣ ਦੀ ਦਾਨ ਕਰਨ ਵਾਲੀ ਗੱਲ ਸੁਣ ਕੇ ਰੰਜ ਨਾਲ ਆਖਿਆ,
ਕੀ ਗੱਲ! ਇਹ ਵੀ ਤਾਂ ਓਸੇ ਪਿਓ ਦੇ ਪੁੱਤ ਨੇ! ਇਹਨਾਂ ਦਾ ਹਿੱਸਾ ਕਿਉਂ ਨਹੀਂ?
ਉਹ ਉੱਠ ਕੇ ਚਲੇ ਗਏ।
ਥੋੜ੍ਹੀ ਦੇਰ ਬਾਅਦ ਸੁਰਜੀਤੋ ਤੇ ਉਹਦਾ ਪ੍ਰਾਹੁਣਾ ਵੀ ਆ ਗਏ। ਗੱਲ ਦੀ ਤਹਿ ਵਿੱਚ ਜਾਣ ਲਈ
ਅਸੀਂ ਸਾਰਿਆਂ ਬੀਬੀ ਨੂੰ ਮਿਲਣਾ ਠੀਕ ਸਮਝਿਆ। ਪਤਾ ਲੱਗਾ ਬੀਬੀ ਪਿੰਡ ਨੂੰ ਚਲੀ ਗਈ ਸੀ ਤੇ
ਸੁਰਿੰਦਰ ਕੈਰੋਂਵਾਲ ਮੀਤੋ ਦੇ ਨਾਲ ਹੀ। ਬੀਬੀ ਨੂੰ ਪੁੱਛਿਆ ਤਾਂ ਕਹਿੰਦੀ, ਉਹਨਾਂ ਨੇ
ਛਿੰਦੇ ਨੂੰ ਹੱਥਾਂ ਤੇ ਪਾ ਕੇ ਆਪਣੇ ਨਾਲ ਗੰਢ ਲਿਐ ਤੇ ਵਸੀਅਤ ਮੀਤੋ ਤੇ ਛਿੰਦੇ ਦੇ ਨਾਂ
ਕਰਾ ਲਈ ਹੈ। ਉਹ ਆਂਹਦੇ ਨੇ ਕਿ ਜਦੋਂ ਤੈਨੂੰ ਆਖੀਦਾ ਸੀ, ਜ਼ਮੀਨ ਦਾ ਕੁੱਝ ਕਰ-ਕਰਾ ਲਈਏ ਤਾਂ
ਤੂੰ ਅੱਗੋਂ ਆਖਦਾ ਸੈਂ ਕਿ ਮੈਨੂੰ ਜ਼ਮੀਨ ਨਹੀਂ ਚਾਹੀਦੀ!
ਮੈਨੂੰ ਇਸ ਤਰਕ ਤੇ ਹੈਰਾਨੀ ਹੋਈ, ਮੈਂ ਬਾਪੂ ਨਾਲ ਧੋਖਾ ਕਰਕੇ ਇਸ ਘਟੀਆ ਤਰੀਕੇ ਨਾਲ
ਜ਼ਮੀਨ ਹਥਿਆਉਣ ਦੇ ਕਦੀ ਵੀ ਹੱਕ ਵਿੱਚ ਨਹੀਂ ਸਾਂ। ਜੇ ਇਸਤਰ੍ਹਾਂ ਹੀ ਕਰਨਾ ਹੁੰਦਾ ਤਾਂ
ਮੇਰਾ ਪਿਓ ਨਾ ਕਰ ਲੈਂਦਾ! ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਹਨਾਂ ਨੂੰ ਇਹੋ ਧੋਖਾ
ਅਤੇ ਧੱਕਾ ਬਾਪੂ ਅਤੇ ਆਪਣੇ ਨਾਲ ਕਰਨ ਦਿਆਂ! ਇਹ ਬਾਪੂ ਦੀ ਮਰਜ਼ੀ ਹੈ ਕਿਸੇ ਨੂੰ ਆਪਣੀ ਮਰਜ਼ੀ
ਨਾਲ ਜ਼ਮੀਨ ਦੇਵੇ ਜਾਂ ਨਾ ਦੇਵੇ। ਉਹਨੇ ਕੁੜੀਆਂ ਲਈ ਜ਼ਮੀਨ ਵੇਚ ਵੇਚ ਕੀ ਕੁੱਝ ਕੀਤਾ, ਮੈਂ
ਕਦੀ ਇਸਤੇ ਕੋਈ ਇਤਰਾਜ਼ ਕੀਤਾ? ਉਸਦੀ ਜਾਇਦਾਦ ਹੈ ਜਿਵੇਂ ਚਾਹੇ ਵੇਚੇ-ਵਰਤੇ। ਪਰ ਇਹ ਤਾਂ
ਸਰਾਸਰ ਬੇਨਿਆਈਂ ਹੈ। ਬਾਪੂ ਨਾਲ ਵੀ ਤੇ ਸਾਡੇ ਨਾਲ ਵੀ।
ਸਾਰੀ ਗੱਲ ਸੋਚ ਵਿਚਾਰ ਕੇ ਮਾਮਾ ਹਰਦੀਪ ਕਹਿੰਦਾ, ਆਪਾਂ ਜਾ ਕੇ ਬਾਪੂ ਨੂੰ ਓਥੋਂ ਲੈ ਆਈਏ।
ਛਿੰਦੇ ਨੂੰ ਰਲ-ਮਿਲ ਕੇ ਮਨਾ ਲਵਾਂਗੇ ਤੇ ਉਹਨਾਂ ਦੀ ਝੂਠੀ ਵਸੀਅਤ ਬਾਪੂ ਦੇ ਬਿਆਨ ਨਾਲ ਆਪੇ
ਰੱਦ ਹੋ ਜਾਣੀ ਹੈ।
ਸੱਚੀ ਗੱਲ ਹੈ; ਮੈਂ ਤਾਂ ਇਹ ਸਭ ਕੁੱਝ ਸੁਣ ਕੇ ਉਂਜ ਹੀ ਬੌਂਦਲ ਗਿਆ। ਅਚਨਚੇਤੀ ਮੌਕਾ-ਮੇਲ
ਕਹੋ ਜਾਂ ਕੁਦਰਤ ਦਾ ਵਿਧੀ ਵਿਧਾਨ, ਓਸੇ ਦਿਨ ਹੀ ਸਾਡੀ ਭੂਆ, ਜਿਹੜੀ ਦੋ-ਚਾਰ ਸਾਲ ਬਾਅਦ ਹੀ
ਸਾਡੇ ਕੋਲ ਫੇਰਾ ਮਾਰਦੀ ਸੀ, ਆ ਗਈ। ਉਹ ਆਖਣ ਲੱਗੀ, ਲੈ ਐਂ ਕਿਵੇਂ ਉਹ ਬਦੋ-ਬਦੀ ਮਾਮੇ ਤੇ
ਉਹਦੀ ਜ਼ਮੀਨ ਤੇ ਮੱਲ ਮਾਰ ਲੈਣਗੇ! ਮੈਂ ਚੱਲਦੀ ਆਂ ਤੁਹਾਡੇ ਨਾਲ। ਉਹ ਮਾਮੇ ਨੂੰ ਲਿਆਉਣ
ਕਿਵੇਂ ਨਾ ਦੇਣਗੇ? ਇਸਤਰ੍ਹਾਂ ਤਾਂ ਮੈਂ ਵੀ ਮਾਮੇ ਦੀ ਜ਼ਮੀਨ ਦੀ ਹੱਕਦਾਰ ਆਂ। ਮੈਂ ਲੜੂੰ
ਮੁਕੱਦਮਾ ਉਹਨਾਂ ਨਾਲ ਤੇ ਆਪਣੇ ਹਿੱਸੇ ਆਉਂਦੀ ਜ਼ਮੀਨ ਦਵਾਊਂ ਵਰਿਆਮ ਨੂੰ।
ਇਸ ਗੁੰਝਲਦਾਰ ਤੇ ਦੁਖਦਾਈ ਸਥਿਤੀ ਵਿੱਚ ਭੂਆ, ਮਾਮਾ, ਬੀਬੀ, ਸੁਰਜੀਤੋ ਤੇ ਉਹਦਾ ਪ੍ਰਾਹੁਣਾ
ਅਤੇ ਸਾਡੇ ਗੁਆਂਢ ਹੀ ਸਾਡੇ ਨਾਨਕਿਆਂ ਚੋਂ ਵਿਆਹੀ ਮਾਮੇ ਦੀ ਧੀ ਛਿੰਦੋ ਦਾ ਪ੍ਰਾਹੁਣਾ,
ਰਜਵੰਤ ਤੇ ਮੈਂ ਕੈਰੋਂਵਾਲ ਚਲੇ ਗਏ। ਕੀ ਵੇਖਦੇ ਹਾਂ ਕਿ ਘਰ ਦੇ ਖੁੱਲ੍ਹੇ ਵਿਹੜੇ ਵਿੱਚ
ਬਾਪੂ ਲਗਭਗ ਮਰਨ ਕਿਨਾਰੇ ਪਿਆ ਸੀ। ਉਸਦਾ ਘੋਰੜੂ ਵੱਜ ਰਿਹਾ ਸੀ। ਸਿਰਹਾਣੇ ਮੀਤੋ ਬੈਠੀ ਸੀ।
ਲਾਗੇ ਉਹਦਾ ਸਹੁਰਾ ਸਦਾ ਵਾਂਗ ਨੰਗੀ ਕਿਰਪਾਨ ਲੈ ਕੇ ਬੈਠਾ ਹੋਇਆ ਸੀ। ਸ਼ਰੀਕੇ ਦੇ ਹੋਰ ਵੀ
ਪੰਜ-ਚਾਰ ਬੰਦੇ ਤੇ ਜ਼ਨਾਨੀਆਂ ਬੈਠੇ ਹੋਏ, ਜਿਵੇਂ ਬਾਪੂ ਦੇ ਆਖ਼ਰੀ ਸਾਹ ਲੈਣ ਦੀ ਉਡੀਕ ਵਿੱਚ
ਸਨ। ਬਾਪੂ ਦੀ ਇਹ ਹਾਲਤ ਵੇਖ ਕੇ ਰਜਵੰਤ ਨੇ ਰੋਣਾ ਸ਼ੁਰੂ ਕਰ ਦਿੱਤਾ। ਓਧਰ ਬੀਬੀ ਨੇ ਮੀਤੋ
ਕੋਲ ਖਲੋ ਕੇ ਉਹਦੀ ਇਸ ਕਰਤੂਤ ਲਈ ਉਸਨੂੰ ਪਿੱਟਣਾ ਸ਼ੁਰੂ ਕਰ ਦਿੱਤਾ। ਇਸ ਨਾਟਕੀ ਸਥਿਤੀ
ਵਿੱਚ ਜਦੋ ਅਸੀਂ ਕਿਹਾ ਕਿ ਅਸੀਂ ਤਾਂ ਬਾਪੂ ਨੂੰ ਲੈਣ ਆਏ ਹਾਂ ਤਾਂ ਮੀਤੋ ਦੇ ਸਹੁਰੇ ਨੇ
ਤਲਵਾਰ ਤਾਣ ਲਈ। ਦੂਜੇ ਬੰਦਿਆਂ ਨੇ ਵੀ ਪਤਾ ਨਹੀਂ ਕਿੱਥੋਂ ਬਰਛੀਆਂ ਅਤੇ ਤਲਵਾਰਾਂ ਕੱਢ
ਲਈਆਂ ਅਤੇ ਬਾਹਵਾਂ ਉਲਾਰ ਕੇ ਲਲਕਾਰੇ ਮਾਰਨ ਲੱਗੇ। ਉਹ ਪਹਿਲਾਂ ਹੀ ਪੂਰੀ ਤਿਆਰੀ ਨਾਲ ਬੈਠੇ
ਸਨ। ਤਲਵਾਰਾਂ, ਬਰਛੀਆਂ ਵੇਖ ਤੇ ਲਲਕਾਰੇ ਸੁਣ ਕੇ ਰਜਵੰਤ ਨੇ ਇਕਦਮ ਮੇਰੇ ਲੱਕ ਨੂੰ ਜੱਫਾ
ਮਾਰ ਲਿਆ ਅਤੇ ਮੈਨੂੰ ਜਬਰਦਸਤੀ ਬਾਹਰਲੇ ਦਰਵਾਜ਼ੇ ਵੱਲ ਧੂਹਣਾ ਸ਼ੁਰੂ ਕਰ ਦਿੱਤਾ। ਮੇਰੇ ਨਾਲ
ਗਏ ਦੂਜੇ ਸਾਰੇ ਜਣੇ ਵੀ ਓਸੇ ਵੇਲੇ ਘਰੋਂ ਬਾਹਰ ਨਿਕਲ ਆਏ। ਮਾਮੇ ਨੇ ਸੁਰਿੰਦਰ ਨੂੰ ਆਪਣੇ
ਨਾਲ ਤੁਰਨ ਲਈ ਕਿਹਾ, ਪਰ ਉਹ ਇਨਕਾਰੀ ਹੋ ਗਿਆ।
ਪਿੰਡੋਂ ਬਾਹਰ ਆ ਕੇ ਭੂਆ ਆਖੀ ਜਾਵੇ, ਮੱਲੋ! ਇਹ ਤਾਂ ਬਹੁਤੇ ਹੀ ਭੈੜੇ ਬੰਦੇ ਨੇ। ਭਲਾ ਐਂ
ਵੀ ਕੋਈ ਕਰਦੈ! ਉਹ ਤਾਂ ਮਾਰਨ ਨੂੰ ਪੈ ਗਏ। ਮਾਮੇ ਹਰਦੀਪ ਨੇ ਹਾਸੇ ਨਾਲ ਆਖਿਆ, ਹੋਰ
ਬੀਬੀ ਉਹਨਾਂ ਨੇ ਸਾਨੂੰ ਖੰਡ ਪ੍ਰੀਹਣੀ ਸੀ? ਲਾਲਚ ਬੰਦੇ ਦੀਆਂ ਅੱਖਾਂ ਅੰਨ੍ਹੀਆਂ ਕਰ
ਦਿੰਦੈ। ਫਿਰ ਉਹਨੂੰ ਕੋਈ ਭੈਣ-ਭਰਾ ਨਹੀਂ ਦਿਸਦਾ।
ਕੁੱਝ ਇੱਕ ਦੀ ਸਲਾਹ ਸੀ ਕਿ ਅਸੀਂ ਬਾਪੂ ਨੂੰ ਕੁਝ ਦੇ ਕੇ ਮਾਰਨ ਦੇ ਯਤਨ ਕਰਨ ਅਤੇ ਝੂਠੀ
ਵਸੀਅਤ ਕਰਵਾਉਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਈਏ। ਮੈਂ ਇਸ ਗੱਲ ਤੋਂ ਇਨਕਾਰ ਕਰ
ਦਿੱਤਾ। ਮਾਮੇ ਨੇ ਵੀ ਕਿਹਾ ਕਿ ਅਜੇ ਵੀ ਠਰ੍ਹੰਮਾਂ ਰੱਖੀਏ। ਸਾਰੇ ਰਿਸ਼ਤੇਦਾਰਾਂ ਦੇ ਆਖਣ
ਵੇਖਣ ਅਤੇ ਮੀਤੋ ਤੇ ਛਿੰਦੇ ਤੇ ਜ਼ੋਰ ਪਾਉਣ ਤੇ ਸ਼ਾਇਦ ਕੋਈ ਨਾ ਕੋਈ ਹੱਲ ਨਿਕਲ ਆਵੇ! ਜੇ
ਬਾਪੂ ਰਾਜ਼ੀ ਹੋ ਗਿਆ ਤਾਂ ਆਪੇ ਸਭ ਕੁੱਝ ਠੀਕ ਹੋ ਜਾਵੇਗਾ।
ਪਰ ਬਾਪੂ ਨੇ ਰਾਜ਼ੀ ਨਹੀਂ ਸੀ ਹੋਣਾ। ਉਹ ਅਗਲੇ ਦਿਨ ਹੀ ਸਵਾਸ ਤਿਆਗ ਗਿਆ। ਪਿੱਛੋਂ ਹੌਲੀ
ਹੌਲੀ ਰਹੱਸ ਖੁੱਲ੍ਹਿਆ। ਅਸਲ ਵਿੱਚ ਇਹ ਬਾਪੂ ਦਾ ਧੀਮੀ ਗਤੀ ਨਾਲ ਕੀਤਾ ਗਿਆ ਕਤਲ ਸੀ।
ਰਜਵੰਤ ਦੇ ਚਾਚੇ-ਤਾਏ ਦੇ ਪੁੱਤਾਂ ਦਾ ਝਬਾਲ ਦਾ ਹੀ ਰਹਿਣ ਵਾਲਾ ਇੱਕ ਦੋਸਤ ਕੈਰੋਂਵਾਲ ਨੇੜੇ
ਨੂਰਦੀਨ ਦੀ ਸਰਾਂ ਦੇ ਅੱਡੇ ਤੇ ਡਾਕਟਰੀ ਦੀ ਦੁਕਾਨ ਕਰਦਾ ਸੀ। ਉਸਨੇ ਕਈ ਸਾਲਾਂ ਬਾਅਦ ਪਤਾ
ਲੱਗਣ ਤੇ ਦੱਸਿਆ, ਮੈਨੂੰ ਕੀ ਪਤਾ ਸੀ ਉਹ ਸਾਡੇ ਭੈਣ-ਭਣਵੱਈਏ (ਰਜਵੰਤ ਤੇ ਮੇਰੇ ਨਾਲ)
ਨਾਲ ਹੀ ਧੋਖਾ ਕਰ ਰਹੇ ਨੇ! ਮੈਨੂੰ ਤਾਂ ਇਸ ਰਿਸ਼ਤੇ ਦਾ ਇਲਮ ਹੀ ਨਹੀਂ ਸੀ!
ਹੋਇਆ ਇੰਜ ਕਿ ਰਜਵੰਤ ਵੱਲੋਂ ਉਸ ਦਿਨ ਬਾਪੂ ਨੂੰ ਮਿਲ ਕੇ ਜਾਣ ਉਪਰੰਤ ਹੀ ਉਹਨਾਂ ਨੂੰ ਸਾਰੀ
ਗੱਲ ਖੁੜਕ ਗਈ ਸੀ। ਉਹ ਬਾਪੂ ਨੂੰ ਡਾਕਟਰ ਕੋਲੋਂ ਨਸ਼ੇ ਦਾ ਟੀਕਾ ਲਵਾ ਛੱਡਦੇ ਅਤੇ
ਖਾਣਾ-ਪੀਣਾ ਉਸਦਾ ਅਸਲੋਂ ਹੀ ਬੰਦ ਕਰ ਦਿੱਤਾ। ਸ਼ੁਰੂ ਵਿੱਚ ਡਾਇਰੀਆ ਹੋਣ ਕਰਕੇ ਉਹਦਾ
ਸਰੀਰ ਤਾਂ ਪਹਿਲਾਂ ਹੀ ਬੜਾ ਕਮਜ਼ੋਰ ਹੋ ਗਿਆ ਸੀ ਪਰ ਪਿੱਛੋਂ ਇਸ ਨਵੇਂ ਇਲਾਜ ਨਾਲ ਉਹਨਾਂ
ਨੇ ਗਿਣ-ਮਿਥ ਕੇ ਤੇ ਜਾਣ-ਬੁੱਝ ਕੇ ਉਸਨੂੰ ਮਰਨ ਕਿਨਾਰੇ ਲੈ ਆਂਦਾ। ਜੇ ਬਾਪੂ ਸੁਰਤ ਵਿੱਚ
ਆਉਂਦਾ ਤੇ ਰਾਜ਼ੀ ਹੋ ਜਾਂਦਾ ਤਾਂ ਉਹਨਾਂ ਦੀ ਸਾਰੀ ਕੀਤੀ-ਕਤਰੀ ਤੇ ਪਾਣੀ ਫਿਰ ਜਾਣਾ ਸੀ।
ਭੁੱਖੇ-ਤਿਹਾਏ ਬੇਸੁਰਤ ਬਾਪੂ ਨੂੰ ਵੀ ਆਪਣੇ ਨਾਲ ਵਾਪਰ ਰਹੀ ਹੋਣੀ ਸ਼ਾਇਦ ਉਦੋਂ ਖੁੜਕ ਗਈ ਸੀ
ਜਦੋਂ ਅਰਧ-ਸੁਰਤੀ ਦੀ ਹਾਲਤ ਵਿੱਚ ਉਸਦਾ ਅੰਗੂਠਾ ਫੜ੍ਹ ਕੇ ਉਹ ਕਾਗਜ਼ਾਂ ਤੇ ਲਾ ਰਹੇ ਸਨ।
ਸੁਰਿੰਦਰ ਨੇ ਪਿੱਛੋਂ ਆਪ ਹੀ ਦੱਸਿਆ ਸੀ ਕਿ ਬੜੇ ਜ਼ੋਰ ਨਾਲ ਬਾਪੂ ਤੋਂ ਅੰਗੂਠੇ ਲਵਾਏ! ਜਦੋਂ
ਉਹਦਾ ਹੱਥ ਫੜ੍ਹਦੇ ਸਾਂ ਤਾਂ ਉਹ ਬੜੇ ਜ਼ੋਰ ਨਾਲ ਹੱਥ ਪਿੱਛੇ ਨੂੰ ਖਿੱਚਦਾ ਸੀ।
ਇਸਤੋਂ ਬਾਅਦ ਵੀ ਬੜਾ ਲੰਮਾਂ ਬਿਰਤਾਂਤ ਹੈ ਪਰ ਜੇ ਉਸਨੂੰ ਥੋੜ੍ਹੇ ਵਿੱਚ ਸਮੇਟਣਾ ਹੋਵੇ ਤਾਂ
ਇਸਤਰ੍ਹਾਂ ਹੈ:
ਬਾਪੂ ਦੀ ਮੌਤ ਤੋਂ ਪਿੱਛੋਂ ਬਾਪੂ ਦੇ ਭਤੀਜਿਆਂ ਨੇ ਗੁਰਮੀਤੋ ਤੇ ਸੁਰਿੰਦਰ ਉੱਤੇ ਝੂਠੀ
ਵਸੀਅਤ ਬਨਾਉਣ ਦਾ ਮੁਕੱਦਮਾ ਕਰ ਦਿੱਤਾ। ਭਾਵੇਂ ਬਾਪੂ ਨੇ ਸਾਰੀ ਉਮਰ ਉਹਨਾਂ ਨਾਲ ਕਦੀ ਕੋਈ
ਸੰਬੰਧ ਨਹੀਂ ਸੀ ਰੱਖਿਆ। ਉਹਨਾਂ ਘਰੋਂ ਇੱਕ ਡੰਗ ਰੋਟੀ ਤਾਂ ਕੀ ਖਾਣੀ ਸੀ ਚਾਹ ਜਾਂ ਦੁੱਧ
ਦਾ ਪਿਆਲਾ ਵੀ ਨਹੀਂ ਸੀ ਪੀਤਾ। ਪਰ ਕਾਨੂੰਨੀ ਤੌਰ ਤੇ ਤਾਂ ਉਹ ਹੀ ਬਾਪੂ ਦੇ ਨੇੜਲੇ ਵਾਰਿਸ
ਸਨ। ਕਾਫ਼ੀ ਚਿਰ ਮੁਕੱਦਮਾ ਚੱਲਿਆ। ਇਸ ਦਰਮਿਆਨ ਮਾਮਿਆਂ ਨੇ ਮਿਲ ਕੇ ਸਾਡੇ ਵਿੱਚ ਵੀ
ਸਮਝੌਤਾ ਕਰਵਾ ਦਿੱਤਾ ਅਤੇ ਵਸੀਅਤ ਦੀ ਕਾਮਯਾਬੀ ਲਈ ਮੈਨੂੰ ਵੀ ਸਹਾਇਤਾ ਕਰਨ ਲਈ ਕਿਹਾ।
ਮੈਂ ਵੀ ਆਪਣਾ ਜ਼ੋਰ ਲਾਇਆ। ਬਾਪੂ ਦੇ ਭਤੀਜਆਂ ਨੂੰ ਵੀ ਦੋ ਕਿੱਲੇ ਦੇਣੇ ਮੰਨ ਕੇ ਉਹਨਾਂ ਦਾ
ਆਪਸੀ ਅਦਾਲਤੀ ਸਮਝੌਤਾ ਕਰਵਾ ਦਿੱਤਾ। ਵਸੀਅਤ ਕਾਮਯਾਬ ਹੋਣ ਪਿੱਛੋਂ ਸੁਰਿੰਦਰ ਅਤੇ ਮੀਤੋ ਨੇ
ਕੁੱਝ ਜ਼ਮੀਨ ਵਸੀਅਤ ਤੇ ਹੋਏ ਖ਼ਰਚੇ ਆਦਿ ਦੇ ਬਹਾਨੇ ਕੱਟ ਲਈ ਅਤੇ ਇੱਕ ਕਿੱਲਾ ਸੁਰਿੰਦਰ ਨੇ
ਵੇਚ ਲਿਆ। ਬਾਕੀ ਬਚਦੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ ਕਰਵਾ
ਦਿੱਤੀ। ਪਰ ਇਸ ਸਾਰੇ ਸਮੇਂ ਦੌਰਾਨ ਰਿਸ਼ਤਿਆਂ ਦੇ ਖੋਖਲੇਪਨ ਦਾ ਜੋ ਅਹਿਸਾਸ ਮੈਨੂੰ ਹੋਇਆ,
ਉਹ ਹੁਣ ਤੱਕ ਬਰਛੀ ਵਾਂਗ ਮੇਰੇ ਕਲੇਜੇ ਵਿੱਚ ਧਸਿਆ ਪਿਆ ਹੈ। ਆਪਣੇ ਉਸ ਭੈਣ-ਭਣਵੱਈਏ ਨਾਲ
ਮੇਰੇ ਸੰਬੰਧ ਕਦੀ ਵੀ ਸੁਖਾਵੇਂ ਨਾ ਰਹਿ ਸਕੇ। ਮੈਨੂੰ ਇੱਕ ਵਾਰ ਬੀਬੀ ਦੇ ਬਹੁਤ ਜ਼ੋਰ ਪਾਉਣ
ਤੇ ਮਜਬੂਰੀ ਵੱਸ ਗੁਰਮੀਤੋ ਦੇ ਮੁੰਡੇ ਦੇ ਜਨਮ ਦਿਨ ਤੇ ਰੱਖੇ ਆਖੰਡ-ਪਾਠ ਦੇ ਭੋਗ ਉੱਤੇ
ਉਹਦੇ ਘਰ ਜਾਣਾ ਵੀ ਪਿਆ ਤਾਂ ਸਿਰਫ਼ ਬੀਬੀ ਦੇ ਆਖੇ ਸਮਾਜਕ ਫ਼ਰਜ਼ ਸਮਝ ਕੇ ਗਿਆ; ਪਰ ਮੇਰਾ ਓਥੇ
ਪਲ ਭਰ ਵੀ ਖਲੋਣ ਅਤੇ ਆਪਣੇ ਭਣਵੱਈਏ ਤੇ ਉਹਦੇ ਕਪਰੀਆਂ ਅੱਖਾਂ ਵਾਲੇ ਪਿਓ ਨਾਲ ਅੱਖ ਮਿਲਾਉਣ
ਨੂੰ ਚਿੱਤ ਨਾ ਕੀਤਾ। ਉਹਨਾਂ ਪ੍ਰਤੀ ਮੇਰਾ ਮਨ ਹੀ ਜਿਵੇਂ ਪੱਥਰ ਹੋ ਗਿਆ ਸੀ।
ਗੁਰਮੀਤੋ ਹੁਰਾਂ ਨੇ ਆਪਣੀ ਬਾਪੂ ਵਾਲੀ ਅਤੇ ਕੈਰੋਂਵਾਲ ਵਾਲੀ ਜ਼ਮੀਨ ਵੇਚ ਕੇ ਸਾਡੇ ਖੇਤਾਂ
ਤੋਂ ਮੀਲ ਕੁ ਦੂਰ ਬੈਂਕਾ ਪਿੰਡ ਵਿੱਚ ਜ਼ਮੀਨ ਖ਼ਰੀਦ ਲਈ ਤੇ ਆਪਣੀ ਰਿਹਾਇਸ਼ ਏਥੇ ਲੈ ਆਂਦੀ।
ਕੁਦਰਤ ਦੀ ਅਜੀਬ ਕਹਾਣੀ ਵੇਖੋ। ਇੱਕ ਦਿਨ ਮੇਰਾ ਭਣਵੱਈਆ ਅਤੇ ਉਹਦਾ ਭਰਾ ਸਕੂਟਰ ਤੇ
ਤਰਨਤਾਰਨ ਨੂੰ ਜਾ ਰਹੇ ਸਨ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਦੋਵੇਂ ਭਰਾ ਥਾਏਂ ਹੀ
ਪ੍ਰਾਣ ਤਿਆਗ ਗਏ। ਪਰਿਵਾਰ ਦੇ ਦੋਵੇਂ ਕਮਾਊ ਪੁੱਤ ਤੁਰ ਗਏ ਤੇ ਪਿੱਛੇ ਆਪਣੀਆਂ ਰੋਂਦੀਆਂ
ਕੁਰਲਾਂਦੀਆਂ ਵਿਧਵਾਵਾਂ, ਬੱਚਿਆਂ ਅਤੇ ਮਾਪਿਆਂ ਨੂੰ ਛੱਡ ਗਏ। ਮੈਨੂੰ ਜਲੰਧਰ ਖ਼ਬਰ ਪਹੁੰਚੀ
ਤਾਂ ਅਸੀਂ ਦੋਵੇਂ ਜੀਅ ਤੁਰਤ ਬੈਂਕੇ ਉਹਨਾਂ ਦੀ ਬਹਿਕ ਤੇ ਪੁੱਜੇ। ਪੋਸਟਮਾਰਟਮ ਹੋ ਕੇ
ਲਾਸ਼ਾਂ ਹੁਣੇ ਹੀ ਪਹੁੰਚੀਆਂ ਸਨ। ਘਰ ਵਿੱਚ ਕੁਰਲਾਹਟ ਮੱਚਿਆ ਹੋਇਆ ਸੀ। ਮੈਨੂੰ ਵੇਖ ਕੇ
ਗੁਰਮੀਤੋ ਮੈਨੂੰ ਚੰਬੜ ਕੇ ਧਾਹੀਂ ਮਾਰਨ ਲੱਗੀ, ਵੇ ਵੀਰ, ਤੂੰ ਅੱਜ ਹੀ ਮੇਰੇ ਘਰ ਆਉਣਾ
ਸੀ! ਵੇ ਮੈਂ ਤਾਂ ਤੈਨੂੰ ਰੋਜ਼ ਉਡੀਕਦੀ ਸਾਂ। ਤੂੰ ਟੀ ਵੀ ਤੇ ਮੇਰੇ ਘਰ ਆ ਜਾਂਦਾ ਸੈਂ।
ਅਖ਼ਬਾਰਾਂ ਦੀਆਂ ਫੋਟੋਆਂ ਵਿੱਚ ਮੇਰੇ ਘਰ ਆ ਜਾਂਦਾ ਸੈਂ। ਮੈਂ ਲੋਕਾਂ ਨੂੰ ਦੱਸਦੀ ਇਹ ਮੇਰਾ
ਵੀਰ ਆਇਐ। ਪਰ ਆਪ ਤੂੰ ਕਦੀ ਨਾ ਆਇਆ। ਵੇ ਵੀਰ ਕੀ ਹੋ ਗਿਆ ਆਪਾਂ ਭੈਣ-ਭਰਾਵਾਂ ਨੂੰ!
ਭੈਣ ਦੇ ਵਿਰੜ੍ਹੇ ਸੁਣ ਕੇ ਮੇਰਾ ਪੱਥਰ ਹੋਇਆ ਮਨ ਪਿਘਲ ਗਿਆ। ਮੇਰੀ ਭੁੱਬ ਨਿਕਲ ਗਈ ਤੇ ਮੈਂ
ਉਸਨੂੰ ਹਿੱਕ ਨਾਲ ਘੁੱਟ ਕੇ ਉੱਚੀ ਉੱਚੀ ਰੋਣ ਲੱਗਾ। ਮੈਨੂੰ ਆਪਣੀ ਬਚਪਨ ਦੀ ਉਹ ਲਾਡਲੀ ਭੈਣ
ਚੇਤੇ ਆ ਗਈ ਜਿਹੜੀ ਮੈਨੂੰ ਸਕੂਲੋਂ ਆਏ ਨੂੰ ਅੱਗਲਵਾਂਢੀ ਭੱਜ ਕੇ ਮਿਲਦੀ ਤੇ ਮੇਰੀਆਂ ਲੱਤਾਂ
ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਵਾਂ ਨਾਲ ਜੱਫੀ ਵਿੱਚ ਘੁੱਟ ਲੈਂਦੀ ਸੀ।
-0-
|