ਫ਼ਿਲਮੀ ਸੰਗੀਤ ਦੇ ਇਤਿਹਾਸ
ਚ ਮਸ਼ਹੂਰ ਪਿੱਠਵਰਤੀ ਗਾਇਕ ਮੰਨਾ ਡੇ ਇਕ ਅਜਿਹੀ ਵਿੱਲਖਣ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ
ਦੀ ਸੰਗੀਤਕ ਦੇਣ ਉਪਰ ਸਮੁੱਚੇ ਭਾਰਤ ਵਾਸੀਆਂ ਨੂੰ ਬੇਹੱਦ ਮਾਣ ਹੈ। ਪਦਮ ਸ਼੍ਰੀ, ਪਦਮ ਭੂਸ਼ਣ
ਅਤੇ ਦਾਦਾ ਸਾਹਿਬ ਫਾਲਕੇ ਸ਼ਾਨਾਮਤੇ ਪੁਰਸਕਾਰਾਂ ਨਾਲ ਨਿਵਾਜੇ ਜਾ ਚੁੱਕੇ ਮੰਨਾ ਡੇ (ਬਚਪਨ
ਦਾ ਨਾਂ ਪ੍ਰਬੋਧ ਚੰਦਰ ਡੇ) ਦਾ ਜਨਮ ਕਲਕੱਤਾ ਮਹਾਨਗਰੀ ਚ ਮਾਤਾ ਮਹਾਮਾਯਾ ਦੀ ਕੁੱਖੋਂ
ਪਿਤਾ ਪੂਰਨਾ ਚੰਦ੍ਰਾ ਡੇ ਦੇ ਘਰ 1 ਮਈ 1919 ਈ. ਨੂੰ ਹੋਇਆ। ਆਪਣੀ ਸਕੂਲ ਦੀ ਪੜਾਈ ਦੌਰਾਨ
ਹੀ ਉਸਦਾ ਝੁਕਾਅ ਸੰਗੀਤ ਵੱਲ ਹੋਇਆ ਅਤੇ ਆਪਣੇ ਹੀ ਪਰਿਵਾਰ ਵਿਚੋਂ ਪ੍ਰਸਿੱਧ ਸਗੀਤਾਚਾਰੀਆਂ
ਕ੍ਰਿਸ਼ਨਾ ਚੰਦ੍ਰਾ ਡੇ ਤੋਂ ਬੇਹੱਦ ਪ੍ਰਭਾਵਿਤ ਹੋਏ। ਸਕੂਲ, ਕਾਲਜ ਦੀ ਸਟੇਜਾਂ ਤੇ ਆਪਣੀ ਕਲਾ
ਦੇ ਜ਼ੌਹਰ ਵਿਖਾਉਂਦਿਆਂ, ਵਿਦਿਆ ਸਾਗਰ ਕਾਲਿਜ ਤੋਂ ਗਰੈਜੂਏਸ਼ਨ ਕਰਨ ਤੋਂ ਬਾਦ ਉਨ੍ਹਾਂ
ਕ੍ਰਿਸ਼ਨ ਚੰਦ੍ਰਾ ਡੇ ਤੋਂ ਇਲਾਵਾ ਅਤੇ ਉਸਤਾਦ ਦਬੀਰ ਖਾਨ ਵਰਗੇ ਹੋਰ ਗਈ ਮਹਾਨ ਉਸਤਾਦਾਂ
ਪਾਸੋਂ ਹੀ ਸੰਗੀਤ ਦੀਆਂ ਬਾਰੀਕੀਆ ਦਾ ਗਿਆਨ ਹਾਸਲ ਕੀਤਾ। ਸੰਨ 1942 ਚ ਮੁੰਬਈ ਪਹੁੰਚ
ਪਿਠਵਰੱਤੀ ਗਾਇਕ ਵਜੋਂ ਮੰਨਾ ਡੇ ਨੇ ਅਜਿਹਾ ਗੌਰਵ ਮਈ ਸਫਰ ਆਰੰਭ ਕੀਤਾ ਕਿ ਉਨ੍ਹਾਂ ਫਿਰ
ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੂਲ ਰੂਪ ਵਿਚ ਬੇਸ਼ੱਕ ਉਹ ਇਕ ਬੰਗਾਲੀ ਗਾਇਕ ਸਨ, ਪਰ
ਹਿੰਦੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਆਸਾਮੀ ਅਤੇ ਪੰਜਾਬੀ ਆਦਿ ਸਮੇਤ ਵੀ ਕਈ
ਭਾਸ਼ਾਵਾਂ ਵਿਚ ਉਨ੍ਹਾਂ ਲਗਭਗ 4000 ਗੀਤ ਰਿਕਾਰਡ ਕਰਵਾਏ ਅਤੇ ਪ੍ਰਿਥਵੀ ਰਾਜ ਕਪੂਰ, ਬਲਰਾਜ
ਸਾਹਨੀ, ਰਾਜ ਕਪੂਰ, ਪ੍ਰਾਣ, ਰਾਜੇਸ਼ ਖੰਨਾ, ਅਮੀਤਾਬ ਬਚਨ ਸਮੇਤ ਬਾਲੀ ਬੁੱਡ ਦੀਆਂ ਕਈ ਮਹਾਨ
ਹਸਤੀਆਂ ਤੇ ਉਨ੍ਹਾਂ ਦੇ ਗੀਤ ਫਿਲਮਾਏ ਗਏ। ਉਨ੍ਹਾਂ ਦਾ ਵਿਆਹ 18 ਦਸੰਬਰ 1953 ਦੌਰਾਨ
ਸਲੋਚਨਾ ਕੁਮਾਰਨ ਨਾਲ ਹੋਇਆ ਜਿਸ ਦੀ ਕੁਖੋਂ ਦੋ ਬੇਟੀਆਂ, ਸ਼ੁਰੋਮਾ ਡੇ (1956) ਅਤੇ ਸ਼ੁਮੀਤਾ
ਡੇ (1968) ਨੇ ਜਨਮ ਲਿਆ।
ਪੰਜਾਹ ਅਤੇ ਸੱਠ ਦੇ ਦਹਾਕਿਆਂ ਚ ਜੇਕਰ ਹਿੰਦੀ ਫਿਲਮਾਂ ਚ ਰਾਗ ਉਪਰ ਆਧਾਰਿਤ ਕੋਈ ਗੀਤ
ਤਿਆਰ ਕਰਨਾ ਹੁੰਦਾ ਤਾਂ ਸੰਗੀਤਕਾਰਾਂ ਦੀ ਪਹਿਲੀ ਪਸੰਦ ਗਾਇਕ ਵਜੋਂ ਮੰਨਾ ਡੇ ਹੀ ਹੁੰਦੇ
ਸਨ। ਹਜ਼ਾਰਾਂ ਗੀਤਾਂ ਨੂੰ ਆਪਣੀ ਮਧੁਰ ਆਵਾਜ਼ ਨਾਲ ਸਜਾਉਣ ਵਾਲੇ ਮੰਨਾ ਡੇ ਦੇ ਗੀਤ ਜਿੰਦਗੀ
ਕੈਸੀ ਪਹੇਲੀ, ਏਕ ਚਤੁਰ ਨਾਰ, ਕਸਮੇ ਵਾਅਦੇ ਪਿਆਰ ਵਫਾ, ਤੂੰ ਪਿਆਰ ਕਾ ਸਾਗਰ ਹੈ,
ਐ ਮੇਰੀ ਜ਼ੋਹਰਾ ਜ਼ਬੀ, ਏ ਦੋਸਤੀ ਹਮ ਨਹੀਂ ਤੋੜੇਂਗੇ, ਤੁਝੇ ਸੂਰਜ ਕਹੂੰ ਯਾ ਚੰਦਾ,
ਪਿਆਰ ਹੂਆ ਇਕਰਾਰ ਹੂਆ, ਲਾਗਾ ਚੁਨਰੀ ਮੇਂ ਦਾਗ ਆਦਿ ਕੁਝ ਅਜਿਹੇ ਸਦਾ ਬਹਾਰ ਗੀਤ ਹਨ
ਜਿਹੜੇ ਕਈ ਪੀੜੀਆਂ ਵਲੋਂ ਲਗਾਤਾਰ ਪਸੰਦ ਕੀਤੇ ਗਏ ਅਤੇ ਪਸੰਦ ਕੀਤੇ ਜਾ ਰਹੇ ਹਨ।
ਸਮੇਂ ਸਮੇਂ ਅਨੁਸਾਰ ਫ਼ਿਲਮੀ ਸੰਗੀਤ ਵਿਚ ਅਨੇਕ ਪਰੀਵਰਤਨ ਆਏ। ਬੈਜੂ ਬਾਵਰਾ ਬਸੰਤ
ਬਹਾਰ, ਤਾਨਸੈਨ ਵਰਗੀਆਂ ਫ਼ਿਲਮਾਂ ਨੇ ਸ਼੍ਰੋਤਿਆਂ ਦੇ ਮਨਾ ਵਿਚ ਸ਼ਾਸਤਰੀ ਸੰਗੀਤ ਦੀ ਰੁਚੀ
ਪੈਦਾ ਕੀਤੀ। ਮੰਨਾ ਡੇ ਦੁਆਰਾ ਗਾਏ ਰਾਗਾਂ ਤੇ ਅਧਾਰਿਤ ਗੀਤਾਂ ਵਿਚ ਦਰਬਾਰੀ ਕਾਨੜਾ ਵਿਚ
ਝਨਕ ਝਨਕ ਤੋਰੀ ਬਾਜੇ ਪਾਯਲੀਆ ਫ਼ਿਲਮ ਮੇਰੇ ਹਜ਼ੂਰ ਦਾ ਗੀਤ, ਇਕ ਅਜਿਹਾ ਸਦਾ ਬਹਾਰ ਗੀਤ ਹੈ
ਜਿਸ ਦੀ ਲੋਕਪ੍ਰਿਯਤਾ ਭਾਰਤ ਦੇ ਹਰ ਕੋਨੇ ਵਿਚ ਵੇਖਣ ਨੂੰ ਮਿਲੀ। ਉਨ੍ਹਾਂ ਵਲੋਂ ਗਾਇਆ ਫਿਲਮ
ਜਾਨੇ-ਅਨਜਾਨੇ ਦਾ ਗੀਤ ਛਮ ਛਮ ਬਾਜੇ ਰੇ ਪਾਯਲੀਆ ਫ਼ਿਲਮ ਸੰਗੀਤ ਦੇ ਇਤਿਹਾਸ ਚ ਇਕ
ਅਜਿਹਾ ਵਿੱਲਖਣ ਗੀਤ ਹੈ ਜਿਸ ਵਿਚ ਕਈ ਰਾਗਾਂ, ਆਡਾਨਾ, ਕਾਫੀ, ਚੰਦ੍ਰਕੌਂਸ, ਜਯਜਯਵੰਤੀ ਆਦਿ
ਦਾ ਕਲਾਮਈ ਮਿਸ਼ਰਣ ਵੇਖਣ ਨੂੰ ਮਿਲਦਾ ਹੈ। ਇਸੀ ਤਰ੍ਹਾਂ ਫ਼ਿਲਮ ਬਾਵਰਚੀ ਦਾ ਮਦਨ ਮੋਹਨ
ਵਲੋਂ ਸਵਰਬੱਧ ਕੀਤਾ ਗੀਤ ਤੁਮ ਬਿਨ ਜੀਵਨ ਕੈਸਾ ਜੀਵਨ ਵੀ ਕਈ ਰਾਗਾਂ ਭਿੰਨ ਸ਼ੜਜ,
ਜ਼ੌਨਪੁਰੀ, ਆਡਾਨਾ ਆਦਿ ਉਪਰ ਅਧਾਰਿਤ ਹੈ। ਉਨ੍ਹਾਂ ਵਲੋਂ ਐਸ.ਡੀ. ਬਰਮਨ ਦੇ ਸੰਗੀਤ ਚ ਗਾਇਆ
ਫ਼ਿਲਮ ਮੇਰੀ ਸੂਰਤ ਤੇਰੀ ਆਂਖੇ ਦਾ ਬੇਹੱਦ ਲੋਕਪ੍ਰਿਯ ਗੀਤ ਪੂਛੋ ਨਾ ਮੈਨੇ ਕੈਸੇ ਰੈਨ
ਬਿਤਾਈ ਰਾਗ ਅਹੀਰ-ਭੈਰਵ ਦੇ ਪ੍ਰਭਾਵਸ਼ਾਲੀ ਸਵਰਾਂ ਵਿਚ ਲਿਪੀਬੱਧ ਹੈ। ਇਸ ਰਾਗ ਦੇ ਪੁਰਵਾਂਗ
ਵਿਚ ਭੈਰਵ ਅਤੇ ਉਤਰਾਂਗ ਵਿਚ ਕਾਫੀ ਰਾਗ ਦਾ ਮਿਸ਼ਰਣ ਹੁੰਦਾ ਹੈ। ਗੀਤ ਦੇ ਪਹਿਲੇ ਅੰਤਰੇ ਦੇ
ਮੱਧ ਵਿਚ ਮਧੁਰ ਬੋਲ ਅਲਾਪ ਅਤੇ ਨਾਲ ਝੋਲ ਦੇ ਕੇ ਵਜਾਇਆ ਤਿੰਨ-ਤਾਲ ਦਾ ਠੇਕਾ ਬਹੁਤ ਹੀ
ਮਨਮੋਹਕ ਤੇ ਆਨੰਦਮਈ ਹੈ। ਇਹੋ ਕਾਰਣ ਹੈ ਕਿ ਸ਼ੁੱਧ ਸ਼ਾਸਤਰੀ ਸੰਗੀਤ ਤੇ ਅਧਾਰਿਤ ਹੋਣ ਦੇ
ਬਾਵਜੁਦ ਵੀ ਇਹ ਗੀਤ, ਅੱਜ ਵੀ ਜੀਵਤ ਅਤੇ ਲੋਕਾਂ ਦਾ ਪਸੰਦੀਦਾ ਗੀਤ ਹੈ।
ਮੰਨਾ ਡੇ ਨੇ ਮੁਹੰਮਦ ਰਫੀ, ਮੁਕੇਸ਼, ਆਸ਼ਾ ਭੌਂਸਲੇ, ਲਤਾ ਮੰਗੇਸ਼ਕਰ ਅਤੇ ਭੀਮ ਸੈਨ ਜੋਸ਼ੀ ਨਾਲ
ਮਿਲ ਕੇ ਵੀ ਸ਼ਾਸਤਰੀ ਸੰਗੀਤ ਉਪਰ ਅਧਾਰਿਤ ਫ਼ਿਲਮੀ ਗੀਤ ਗਾਏ। ਪੰਜਾਬੀ ਫ਼ਿਲਮ ਨਾਨਕ ਨਾਮ
ਜਹਾਜ ਹੈ ਵਿਚ ਐਸ.ਮਹਿੰਦਰ ਦੇ ਸੰਗੀਤ ਵਿਚ ਮੰਨਾ ਡੇ ਵਲੋਂ ਗਾਏ ਗੁਰਬਾਣੀ ਦੇ ਸ਼ਬਦ ਗੁਰਾ
ਇਕ ਦੇਹਿ ਬੁਝਾਈ ਅਤੇ ਹਮ ਮੈਲੇ ਤੁਮ ਉਜਲ ਕਰਤੇ ਵੀ ਗੁਰਮਤਿ ਸੰਗੀਤ ਦੇ ਇਤਿਹਾਸ ਚ ਇਕ
ਮੀਲ ਪੱਥਰ ਸਾਬਿਤ ਹੋਏ ਹਨ। ਫ਼ਿਲਮੀ ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਮੰਨਾ ਡੇ ਲੰਬੀ ਬਿਮਾਰੀ
ਤੋਂ ਬਾਦ 24 ਅਕਤੂਬਰ 2013 ਦੀ ਸਵੇਰ 94 ਸਾਲ ਦੀ ਉਮਰ ਵਿਚ ਬੰਗਲੌਰ ਚ ਇਸ ਫਾਨੀ ਸੰਸਾਰ
ਨੂੰ ਬੇਸੱਕ ਸਰੀਰਕ ਤੌਰ ਤੇ ਅਲਵਿਦਾ ਕਹਿ ਗਏ ਪਰ ਆਪਣੀਆਂ ਗੌਰਵ ਮਈ ਪ੍ਰਾਪਤੀਆਂ ਸਦਕਾ
ਸੰਗੀਤ ਪ੍ਰੇਮੀਆਂ ਦੇ ਦਿਲਾਂ ਚ ਉਹ ਹਮੇਸ਼ਾ ਅਮਰ ਰਹਿਣਗੇ। ਉਨ੍ਹਾਂ ਦੇ ਮਧੁਰ ਗੀਤ ਉਨ੍ਹਾਂ
ਦੀ ਮਿਠੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਗੇ।
ਡਾ. ਰਵਿੰਦਰ ਕੌਰ ਰਵੀ
ਅਸੀਸਟੈਂਟ ਪ੍ਰੋਫੈਸਰ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ
Email: raviravinderkaur28@gmail.com
-0- |