ਲੇਖਕ: ਡਾ ਵਰਿਆਮ ਸਿੰਘ
ਸੰਧੂ
ਪ੍ਰਕਾਸ਼ਕ:- ਸੰਗਮ ਪਬਲੀਕੇਸ਼ਨ ਸਮਾਣਾ ਕੀਮਤ 150 ਰੁਪਏ
ਗ਼ਦਰ ਲਹਿਰ, ਭਾਰਤੀ ਇਤਿਹਾਸ ਦਾ ਘੱਟ ਗੌਲਿਆ ਹਿੱਸਾ ਹੈ। ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ
ਚ ਇਕ-ਦੋ ਤੇ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਚ ਦੋ-ਚਾਰ ਸਫ਼ਿਆ ਚ ਇਹਦਾ ਆਦਿ-ਅੰਤ ਕਰ
ਦਿੱਤਾ ਜਾਂਦਾ ਹੈ; ਉਹ ਵੀ ਓਪਰਾ ਓਪਰਾ। ਭਾਰਤੀ ਇਤਿਹਾਸਕਾਰਾਂ ਦਾ ਵਧੇਰੇ ਜ਼ੋਰ ਸੱਭ ਨੂੰ
ਆਰਿਅਨ ਨਸਲ ਦੇ ਸਿੱਧ ਕਰਨ ਤੇ ਲੱਗਾ ਹੋਇਆ ਹੈ; ਜਾਂ ਮਹਾਤਮਾ ਗਾਂਧੀ ਦੀਆਂ ਅੰਗਰੇਜ਼ਾਂ
ਮੋਹਰੇ ਕੱਢੀਆਂ ਲ੍ਹੇਲੜੀਆਂ ਤੇ ਭਾਰਤੀਆਂ ਨਾਲ ਕੀਤੀਆਂ ਹੇਰਾਫੇਰੀਆਂ ਨੂੰ ਸਹੀ ਸਾਬਤ ਕਰਨ
ਤੇ। ਪੰਜਾਬ ਦਾ ਇਤਿਹਾਸ ਵੀ ਗੁਰੂਆਂ-ਬਾਬਿਆਂ ਦੀਆਂ ਜੀਵਨੀਆਂ, ਰਣਜੀਤ ਸਿੰਘ ਦੇ ਸਿੱਖ
ਰਾਜ ਅਤੇ ਗੁਰਦੁਆਰਿਆਂ ਲਈ ਅਕਾਲੀ ਮੋਰਚਿਆਂ ਤੋਂ ਅੱਗੇ ਮੱਠੀ ਤੋਰੇ ਤੁਰਦਾ ਹੈ। ਦੇਸ਼ ਭਗਤ
ਯਾਦਗਾਰ ਹਾਲ ਜਲੰਧਰ ਤੇ ਅਜੇਹੀਆਂ ਕੁਝ ਹੋਰ ਪ੍ਰਤੀਬੱਧ ਸੰਸਥਾਵਾਂ ਅਤੇ ਗ਼ਦਰ ਲਹਿਰ ਦੇ
ਕਦਰਦਾਨਾਂ ਕੋਲ ਕਾਫੀ ਕੁਝ ਸਾਂਭਿਆ ਪਿਆ ਹੈ। ਕੁਝ ਹੋਰ ਤੱਥਾਂ ਦਾ ਖਿਆਲ ਵੀ ਹੁਣ ਹੀ ਆਇਆ
ਹੈ।
2013 ਗ਼ਦਰ ਲਹਿਰ ਦੀ ਸ਼ਤਾਬਦੀ ਦਾ ਵਰ੍ਹਾ ਹੈ। ਐਸ ਸਾਲ ਲਹਿਰ ਬਾਰੇ ਲੇਖਕਾਂ ਪ੍ਰਕਾਸ਼ਕਾਂ ਨੇ
ਸਰਗਰਮੀ ਦਿਖਾਈ ਹੈ। ਸਿੱਟੇ ਵਜੋਂ ਅਣਡਿੱਠ ਕੀਤੀ ਲਹਿਰ ਬਾਰੇ ਜਾਨਣ ਦੀ ਲੋਕਾਂ ਚ ਹੋਰ
ਉਤਸਕਤਾ ਪੈਦਾ ਹੋਈ। ਪਹਿਲਾਂ ਵੀ ਇਸ ਲਹਿਰ ਬਾਰੇ ਚਾਰ ਸਿੱਕੇਬੰਦ ਕਿਤਾਬਾਂ ਮਿਲਦੀਆਂ ਹਨ;
ਉਨ੍ਹਾਂ ਤੋਂ ਗਰਦ ਵੀ ਏਸੇ ਸਾਲ ਹੀ ਲੱਥੀ ਹੈ। ਹੁਣ ਏਸ ਲਹਿਰ ਬਾਰੇ ਚੰਗਾ ਵੀ ਤੇ
ਰੰਗ-ਬਰੰਗਾ ਵੀ ਲਿਖਿਆ ਗਿਆ ਹੈ। ਚੰਗੀਆਂ ਕ੍ਰਿਤਾਂ ਚੋਂ ਪੰਜਾਬੀ ਦੇ ਵੱਡੇ ਕਹਾਣੀਕਾਰ
ਵਰਿਆਮ ਸਿੰਘ ਸੰਧੂ ਦੀ ਕਿਤਾਬ ਗ਼ਦਰ ਲਹਿਰ ਦੀ ਗਾਥਾ ਵੀ ਆਈ ਹੈ। ਇਤਿਹਾਸਕ ਸਮੱਗਰੀ ਵਾਲੀ
ਬਾਈ ਲੇਖਾਂ ਤੇ ਤਿੰਨ ਅੰਤਿਕਾਵਾਂ ਵਾਲੀ ਇਸ ਕਿਤਾਬ ਚ ਕਈ ਪੱਖ ਪਹਿਲੀ ਵਾਰ ਵਿਦਮਾਨ ਹੁੰਦੇ
ਹਨ। ਪਹਿਲਾਂ ਵੀ ਇਨ੍ਹਾਂ ਨੇ ਗ਼ਦਰ ਲਹਿਰ ਦੀ ਵਿਸ਼ਾਲ ਸੋਚ ਦਾ ਪ੍ਰਟਾਓ ਕਰਦਾ ਕਿਤਾਬਚਾ ਗ਼ਦਰੀ
ਬਾਬੇ ਕੌਣ ਸਨ ਛਪਵਾਇਆ ਹੈ।
ਇਸ ਕਿਤਾਬ ਦੇ ਪਿਛਲੇ ਸਫ਼ੇ ਤੇ ਲਹਿਰ ਦੇ ਸਾਰ ਤੱਤ ਨੂੰ ਦਰਸਾਉਂਦਾ ਕਰਦਾ ਬਾਬੇ ਸੋਹਣ ਸਿੰਘ
ਭਕਨੇ ਦਾ ਬਿਆਨ ਦਰਜ ਹੈ: ਮੈਨੂੰ ਕਿਸੇ ਖਾਸ ਫ਼ਿਰਕੇ ਜਾਂ ਮਜ੍ਹਬ ਨਾਲ ਕੋਈ ਲਿਹਾਜ ਨਹੀਂ ਹੈ।
ਮੈਂ ਖਾਲਸ ਹਿੰਦੋਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ੍ਹਬੀ ਧੜ੍ਹੇਬੰਦੀਆਂ
ਤੋਂ ਨਿਰਲੇਪ ਹਾਂ। ਮੇਰੇ ਕਥਨ ਦਾ ਇਹ ਭਾਵ ਨਹੀਂ ਕਿ ਮੈਨੂੰ ਮਜ੍ਹਬ ਨਾਲ ਪਿਆਰ ਨਹੀਂ। ਮੈਂ
ਸੱਚੇ ਧਰਮ ਨੂੰ ਮੰਨਦਾ ਹਾਂ ਜੋ ਦੁਨੀਆਂ ਦੇ ਹਰ ਇਕ ਮਨੁੱਖ (ਇਸਤਰੀ ਮਰਦ) ਲਈ ਜ਼ਰੂਰੀ ਹੈ।
ਮੈਂ ਧਰਮ ਦੇ ਅਰਥ ਸਦਾਚਾਰ ਲੈਂਦਾ ਹਾਂ ਜੋ ਮਨੁੱਖ ਨੂੰ ਬਰਾਬਰੀ ਤੇ ਆਜ਼ਾਦੀ ਸਿਖਾਉਂਦਾ ਏ।
ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ ਕਿ ਉਹ ਸਾਰੀ ਮਨੁੱਖ ਜਾਤੀ ਨੂੰ ਅਜ਼ਾਦ ਤੇ
ਸਮਾਨ ਦੇਖਣਾ ਚਾਹੁੰਦਾ ਏ ਅਤੇ ਸਾਰੀ ਖ਼ਲਕਤ ਨਾਲ ਸੱਚਾ ਪ੍ਰੇਮ ਕਰਦਾ ਏ। ਉਸ ਨੂੰ ਜੋ ਪਿਆਰ
ਅਪਣੇ ਆਪ ਨਾਲ ਹੈ ਓਹੋ ਪਿਆਰ ਹੋਰਨਾਂ ਨਾਲ ਏ। ਜੇ ਉਸ ਨੂੰ ਸੰਸਾਰ ਦੀ ਕਿਸੇ ਸ਼ੈਅ ਨਾਲ
ਘ੍ਰਿਣਾ ਹੈ ਤਾਂ ਓਹ ਗੁਲਾਮੀ ਹੈ।
ਇਸ ਕਿਤਾਬ ਚ ਮਹੱਤਵਪੂਰਣ ਤੇ ਨਵੀਂ ਗੱਲ ਸਿੰਘਾਪੁਰ ਦੀ ਫੌਜੀ ਬਗ਼ਾਵਤ ਚ ਸ਼ਾਮਿਲ ਹੋਏ ਨਾਵਾਂ
ਦੀ ਸੂਚੀ ਤੇ ਉਨ੍ਹਾਂ ਨੂੰ ਹੋਈਆਂ ਸਜ਼ਾਵਾਂ ਦਾ ਵੇਰਵਾ ਹੈ। ਅੰਤਿਕਾ ਤਿੰਨ ਚ ਦਿੱਤੀ ਇਸ
ਸੂਚੀ ਅਨੁਸਾਰ ਇਨ੍ਹਾਂ ਸੂਰਬੀਰਾਂ ਵਿਚੋਂ 41 ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਤਿੰਨ
ਨੂੰ ਫਾਂਸੀ ਅਤੇ 162 ਨੂੰ ਉਮਰ ਕੈਦ ਤੇ ਹੋਰ ਬਾ ਮੁਸ਼ੱਕਤ ਕਰੜੀਆਂ ਸਜਾਵਾਂ ਦਿੱਤੀਆਂ
ਗਈਆਂ।
ਮਾਰਸ਼ਲ ਕੌਮ ਕਹਿ ਕਹਿ ਕੇ ਫੁਸਲਾਏ ਜਾਂ ਭੁੱਖ ਗਰੀਬੀ ਦੇ ਸਤਾਏ ਕਿਸਾਨਾਂ ਨੇ ਅੰਗਰੇਜਾਂ ਦੇ
ਫੌਜੀ ਬਣਕੇ ਸਾਮਰਾਜ ਦੀਆਂ ਜੰਗਾਂ ਚ ਹਿੱਸਾ ਪਾਇਆ ਤੇ ਸਿੱਟੇ ਵਜੋਂ ਬਸਤੀਵਾਦੀ ਰਾਜ ਬਚਿਆ
ਜਾਂ ਵਧਿਆ। ਹਿੰਦੀ ਫੌਜੀਆਂ ਨੇ ਬਾਹਰਲੀ ਦੁਨੀਆਂ ਤੇ ਆਜ਼ਾਦੀ ਦੇ ਰੰਗ ਵੀ ਦੇਖੇ। ਬਾਹਰ ਆ ਕੇ
ਇਨ੍ਹਾਂ ਦੇ ਗਿਆਨ ਦੇ ਕਪਾਟ ਖੁੱਲ੍ਹਦੇ ਨੇ ਤੇ ਓਹ ਦੁਨੀਆਂ ਦੀ ਜਾਣਕਾਰੀ ਰੱਖਣ ਜੋਗੇ ਹੋਏ
ਸਨ। ਤਦ ਜਾ ਕੇ ਇਹ ਗ਼ਦਰੀ ਬਣਦੇ ਹਨ। ਇਹ ਗੱਲ ਇਸ ਕਰਕੇ ਵੀ ਸਹੀ ਲਗਦੀ ਹੈ ਕਿ
ਕਨੇਡੇ-ਅਮਰੀਕਾ ਜਾਣ ਵਾਲੇ ਪੰਜਾਬੀਆਂ ਚੋਂ 75 ਫੀ ਸਦੀ ਪਹਿਲਾਂ ਅੰਗਰੇਜ਼ ਫੌਜੀ ਰਹੇ ਸੀ।
ਗ਼ਦਰ ਲਹਿਰ ਤੋਂ 60-70 ਸਾਲ ਪਹਿਲਾਂ ਪੰਜਾਬੀਆਂ ਨੇ ਆਜ਼ਾਦੀ ਲਈ ਕੋਈ ਖਾਸ ਹੰਭਲਾ ਨਹੀਂ ਸੀ
ਮਾਰਿਆ। ਜੋ ਕੁਝ ਹੋਇਆ ਵੀ ਉਹ ਖਾਸ ਖਿੱਤੇ ਲਈ ਸੀ ਜਾਂ ਇਕਹਿਰੇ ਮੁੱਦੇ ਲਈ। ਜਥੇਬੰਦਕ ਹੋ
ਕੇ ਸਮੁੱਚੀ ਆਜ਼ਾਦੀ ਲਈ ਬਿਦੇਸ਼ੀ ਹੁਕਮਰਾਨਾਂ ਨੂੰ ਕੱਢਣ ਦਾ ਗ਼ਦਰੀਆਂ ਨੇ ਹੀ ਸੋਚਿਆ। ਲੇਖਕ
ਪਹਿਲੇ ਲੇਖ ਚ ਇਹ ਸਾਬਤ ਕਰਦਾ ਹੈ।
ਜਮਨਾ ਪਾਰ ਹੋਇਆ ਬੰਦਾ ਕਈ ਵਾਰ ਸਾਹਸੀ, ਸਿਆਣਾ ਤੇ ਬੇਪ੍ਰਵਾਹ ਵੀ ਹੋ ਜਾਂਦਾ ਹੈ। ਜਦ
ਅਮਰੀਕਾ-ਕਨੇਡੇ ਵਰਗੇ ਮੁਲਕਾਂ ਚ ਆਜ਼ਾਦੀ ਦਾ ਰੰਗ ਤੱਕਿਆ ਤੇ ਵਿਛੋੜੇ ਦਾ ਸੱਲ ਵੀ ਚੱਖਿਆ
ਤਾਂ ਦੋਹਰੀ ਮਾਰ ਨਾਲ ਇਨ੍ਹਾਂ ਦੀ ਜ਼ਮੀਰ ਬੋਲ ਪਈ:
ਬਾਹਰ ਪੈਣ ਧੱਕੇ ਦੇਸ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।
ਲੇਖਕ ਅਨੁਸਾਰ ਇਥੇ ਆ ਕੇ ਵਸਣ ਵਾਲੇ ਲੋਕਾਂ ਦਾ ਹੌਲੀ ਹੌਲੀ ਗਿਆਨ ਵੀ ਵਧਿਆ ਤੇ ਦਿਸਹੱਦਾ
ਵੀ ਵਸੀਹ ਹੋਣ ਲੱਗਾ ਉਹ ਹੁਣ ਦੁਨੀਆਂ ਦੀ ਖਬਰਸਾਰ ਰੱਖਣ ਲੱਗੇ ਸਨ। ਆਜ਼ਾਦ ਮੁਲਕਾਂ ਦੀਆਂ
ਸਰਕਾਰਾਂ ਦਾ ਵਰਤਾਓ ਗੁਲਾਮ ਮੁਲਕਾਂ ਦੇ ਨਾਗਰਿਕਾਂ ਬਾਰੇ ਭਿੰਨ ਭਿੰਨ ਸੀ। ਆਰਡਰ ਇਨ
ਕਾਊਂਸਿਲ ਵਰਗੇ ਕਨੂੰਨ ਹਿੰਦੀਆਂ ਲਈ ਜਹਾਜਾਂ ਚ ਸਿੱਧੇ ਸਫ਼ਰ ਲਈ ਦੋ ਸੌ ਡਾਲਰ ਕੋਲ ਹੋਣ ਦੀ
ਸ਼ਰਤ, ਭਾਰਤੀਆਂ ਲਈ ਗੁਲਾਮੀ ਕਾਰਨ ਹੀ ਸੀ। ਅਮਰੀਕਣਾਂ ਦੇ ਮਾਰੇ ਮਿਹਣਿਆਂ ਨੇ ਵੀ ਸਵੈਮਾਣ
ਤੇ ਅਣਖ ਨੂੰ ਹਲੂਣਿਆ। ਉਥੋਂ ਦੇ ਗੋਰੇ ਮਜ਼ਦੂਰਾਂ ਨਾਲ ਹੋਏ ਝਗੜਿਆ ਚ ਸਾਰੇ ਹਿੰਦੀਆਂ ਨੇ ਰਲ
ਕੇ ਹਿੱਸਾ ਲਿਆ, ਜਿਸ ਨਾਲ ਇਨ੍ਹਾਂ ਚ ਮਿਲ ਬੈਠਣ ਦੀ ਤੇ ਵਿਚਾਰ ਕਰਨ ਦੀ ਸੋਝੀ ਆ ਗਈ। ਲੇਖਕ
ਅਨੁਸਾਰ ਉਨ੍ਹਾਂ ਵਿਚ ਰਾਜਸੀ ਜਾਗ੍ਰਿਤੀ ਦਾ ਆਰੰਭ ਹੋ ਗਿਆ। ਜਾਤ ਮਜ੍ਹਬ ਤੇ ਇਲਾਕੇ ਦੀ
ਹੱਦਬੰਦੀ ਭੁਲਾ ਕੇ ਗੋਰੇ ਮਜ਼ਦੂਰਾਂ ਨਾਲ ਸਾਂਝੀ ਲੜਾਈ ਲੜਨ ਸਦਕਾ ਕੁਝ ਹੱਦ ਤੀਕ ਤਾਂ ਉਹ
ਪਹਿਲਾਂ ਹੀ ਸੁਚੇਤ ਹੋ ਚੁਕੇ ਸੀ; ਉਨ੍ਹਾਂ ਚ ਵਿਤਕਰੇ ਰਹਿਤ ਆਪਸੀ ਭਾਈਚਾਰਾ ਪਨਪ ਰਿਹਾ ਸੀ
ਪਰ ਹੁਣ ਉਨ੍ਹਾਂ ਨੇ ਮੁਲਕ ਦੀ ਆਜ਼ਾਦੀ ਦੇ ਸੁਆਲ ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ
ਕਰ ਦਿੱਤਾ ਸੀ। ਉਹ ਹਿੰਦੂ ਸਿੱਖ ਜਾਂ ਮੁਸਲਮਾਨ ਦੀ ਥਾਂ ਅਪਣੇ ਆਪ ਨੂੰ ਭਾਰਤ ਵਾਸੀ ਮੰਨਣ
ਤੇ ਪਛਾਨਣ ਲੱਗੇ।
ਜੋ ਗੱਲ ਕਿਸੇ ਕਾਰਣ ਜ਼ਿਕਰ ਚ ਆਉਣੋਂ ਰਹਿ ਗਈ ਹੈ, ਉਹ ਇਹ ਹੈ ਕਿ ਕੋਈ ਵੀ ਕਿਸਾਨ ਪੰਜਾਬ
ਚੋਂ ਸਿਰਫ ਸਰਕਾਰ ਵਿਰੋਧੀ ਗਤੀ ਵਿਧੀਆਂ ਕਰਨ ਲਈ ਹੀ ਬਾਹਰ ਗਿਆ ਹੋਵੇ; ਨਾ ਹੀ ਇਹ
ਕਨੇਡੇ-ਅਮਰੀਕਾ ਪਹੁੰਚ ਕੇ ਇਕ ਦਮ ਦੇਸ਼ ਭਗਤ ਬਣ ਗਏ ਸੀ। ਇਹ ਤਾਂ ਓਥੋਂ ਦੇ ਹਾਲਾਤ, ਲਾਲਾ
ਹਰਦਿਆਲ ਵਰਗਿਆਂ ਦੇ ਲੈਕਚਰਾਂ ਦੇ ਅਸਰ ਤੇ ਆਰਥਿਕ ਪੱਖੋਂ ਸੌਖੇ ਹੋ ਜਾਣ ਤੋਂ ਬਾਅਦ ਹੀ
ਆਜ਼ਾਦੀ ਬਾਰੇ ਸੋਚਣ ਲੱਗੇ ਸੀ। ਮਸਲਨ ਕਰਤਾਰ ਸਿੰਘ ਸਰਾਭਾ, ਪੜ੍ਹਾਈ ਲਈ ਗਿਆ ਸੀ। ਬਾਬਾ
ਜੁਆਲਾ ਸਿੰਘ ਅਪਣੇ ਕਾਰੋਬਾਰ ਚ ਮਗਨ ਸੀ ਪਰ ਨੌਜੁਆਨ ਭਾਰਤੀਆਂ ਦੀ ਪੜ੍ਹਾਈ ਲਈ ਖਰਚਾ ਕਰਨ
ਲਈ ਤਿਆਰ ਸੀ। ਬਾਬੇ ਭਕਨੇ ਦਾ ਮਗਰਲਾ ਜੀਵਨ ਮਿਸਾਲੀ ਸੀ ਪਰ ਜੁਆਨੀ ਵੇਲੇ ਯਾਰਾਂ ਬੇਲੀਆਂ
ਤੇ ਆਸਥਾ ਦੇ ਨਾਂ ਤੇ ਦੌਲਤ ਵਰਤਾ ਚੁੱਕਾ ਸੀ। ਕੋਈ ਵਿਰਲਾ ਹੀ ਭਾਰਤ ਚੋਂ ਅੰਗਰੇਜਾਂ ਦੀ
ਵਿਰੋਧਤਾ ਕਰਨ ਜਾਂ ਇਨਕਲਾਬ ਕਰਨ ਕਰਾਉਣ ਲਈ ਬਾਹਰ ਗਿਆ ਸੀ। ਸਿੱਖਾਂ ਨੂੰ 1857 ਦੇ ਗ਼ਦਰ ਚ
ਅੰਗਰੇਜਾਂ ਦਾ ਸਾਥ ਦੇਣ ਧੱਬ ਧੋਣ ਦਾ ਚੰਗਾ ਮੌਕਾ ਵੀ ਮਿਲ ਗਿਆ। ਲਾਲਾ ਹਰਦਿਆਲ ਜਾਂ ਕੁਝ
ਕੁ ਹੋਰ ਅੰਗਰੇਜੀ ਸਰਕਾਰ ਦੇ ਭਗੌੜੇ ਜਰੂਰ ਸੀ।
ਲਾਲਾ ਹਰਦਿਆਲ ਵਰਗੇ ਸੂਝਵਾਨਾਂ ਦੀ ਕਨੇਡਾ ਅਮਰੀਕਾ ਚ ਅਗਵਾਈ ਤੇ ਭਾਰਤ ਪਰਤ ਕੇ ਬੰਗਾਲੀ
ਭੱਦਰ ਪੁਰਸ਼ਾਂ ਦੀ ਸਿਆਣਪ ਦਾ ਪੰਜਾਬੀਆਂ ਕਿਸਾਨਾਂ ਦੇ ਜੋਸ਼ ਤੇ ਲਗਨ ਨਾਲ ਮੇਲ ਕਾਰਨ ਹੀ ਏਡੇ
ਵੱਡੇ ਗ਼ਦਰ ਦੀ ਗੱਲ ਹੋ ਸਕੀ। ਇਕੱਲਾ ਜ਼ੋਸ ਵੀ ਹੋਸ਼ ਬਿਨਾਂ ਕੁਝ ਨਹੀਂ ਸੁਆਰਦਾ। ਦੋਹਾਂ ਦਾ
ਸੁਮੇਲ ਹੀ ਉੱਤਮ ਨਤੀਜੇ ਕੱਢਣ ਦੇ ਸਮਰਥ ਹੋ ਸਕਦਾ ਹੈ। ਲਾਲਾ ਹਰਦਿਆਲ ਦੇ ਸੁਝਾਵਾਂ ਨਾਲ
ਪਾਰਟੀ ਦਾ ਪ੍ਰੋਗਰਾਮ ਉਲੀਕਿਆ ਗਿਆ ਕੰਮ ਭਾਵੇਂ ਉਹ ਥੋੜ੍ਹਾ ਚਿਰ ਹੀ ਕਰ ਸਕਿਆ ਸੀ। ਉਹਦੀ
ਦੇਣ ਨਿਕਾਰਨਯੋਗ ਨਹੀਂ।
ਆਰਥਿਕ ਪੱਖੋਂ ਸੌਖੇ ਹੁੰਿਦਆਂ ਹੀ ਓਥੇ ਗੁਰਦੁਆਰੇ ਤੇ ਫਾਰਮ ਹਾਊਸ ਬਣਾ ਲਏ ਸਨ; ਇਹ ਦੋਵੇਂ
ਗੱਲਾਂ ਸਿੱਖ ਸਾਇਕੀ ਦਾ ਹਿੱਸਾ ਹਨ। ਇਨ੍ਹਾਂ ਦਾ ਪਹਿਲਾ ਆਧਾਰ ਮਿਲ ਜੁੜ ਕੇ ਬੈਠਣ ਤੇ
ਵਿਚਾਰਾਂ ਕਰਨਾ ਹੀ ਹੈ। ਇਥੇ ਗ਼ੈਰ ਸਿੱਖਾਂ ਨੂੰ ਜਾਣ ਦਾ ਵੀ ਓਨਾ ਹੀ ਹੱਕ ਸੀ। ਪ੍ਰਮਾਣ ਲਈ
ਲੇਖਕ ਨੇ ਸਟਾਕਟਨ ਗੁਰਦੁਆਰੇ ਦੀ ਸਥਾਪਨਾ ਵੇਲੇ ਗੁਰੁ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਚ 40
ਮੁਸਲਮਾਨ ਤੇ 12 ਹਿੰਦੂਆਂ ਦਾ ਸ਼ਾਮਿਲ ਹੋਣਾ ਵੀ ਦੱਸਿਆ ਹੈ। ਗੁਰਦੁਆਰੇ ਵਿਚ ਸੱਭ ਜਾਤੀਆਂ
ਤੇ ਧਰਮਾਂ ਦੇ ਲੋਕ ਇਕੱਠੇ ਹੁੰਦੇ, ਸਾਂਝੀਆਂ ਵਿਚਾਰਾਂ ਕਰਦੇ ਤੇ ਪਏ ਫੈਸਲਿਆਂ ਨੂੰ ਅਮਲ ਚ
ਲਿਆਉਣ ਲਈ ਸਰਗਰਮ ਚਾਰਾਜੋਈ ਕਰਦੇ। ਹੁਣ ਧਰਮ ਉਨ੍ਹਾਂ ਲਈ ਉਨ੍ਹਾਂ ਦੇ ਨਿੱਜ ਦਾ ਮਸਲਾ ਸੀ।
ਕੋਈ ਅਮ੍ਰਿਧਾਰੀ ਹੈ ਜਾਂ ਨਹੀਂ, ਉਨ੍ਹਾਂ ਦੀ ਇਹ ਪਹਿਲ ਨਾ ਰਹਿ ਗਈ। ਉਨ੍ਹਾਂ ਦਾ ਸਾਂਝਾ
ਮਸਲਾ ਅੰਗਰੇਜ਼ ਦੇ ਖਿਲਾਫ਼ ਇਕਮੁਠ ਹੋ ਕੇ ਲੜਾਈ ਲੜਨਾ ਬਣ ਗਿਆ। ਪੰਜਾਬੀ ਕਿਸਾਨਾਂ ਦੀ ਬਹੁ
ਗਿਣਤੀ ਕਾਰਨ, ਗੁਰਦੁਆਰੇ ਵਿਚਾਰ ਚਰਚਾ ਦਾ ਸਥਾਨ ਬਣੇ ਜੋ ਗ਼ਦਰ ਨੂੰ ਮਜ਼ਬੂਤ ਕਰਨ ਲਈ ਸਹਾਈ
ਹੋਏ।
ਸਰਬ ਸਾਂਝੀਵਾਲਤਾ ਦਾ ਸਬੂਤ ਇਹ ਵੀ ਸੀ ਕਿ ਗ਼ਦਰ ਅਖ਼ਬਾਰ ਪਹਿਲਾ ਉਰਦੂ ਚ ਸ਼ੁਰੂ ਹੋਇਆ; ਇਹਦੇ
ਮੁੱਖ ਪੰਨੇ ਤੇ ਜਿੱਥੇ ਗੁਰਬਾਣੀ ਦੀ ਤੁਕ ਨੂੰ ਸਜਾਇਆ ਸੀ ਓਥੇ ਬੰਦੇ ਮਾਤਰਮ ਵੀ ਸੋਭਵਾਨ
ਸੀ। ਅਖ਼ਬਾਰ ਦੇ ਕੁਝ ਅੰਕ ਹੋਰ ਜੁਬਾਨਾਂ ਵਿਚ ਵੀ ਨਿਕਲੇ ਸੀ। ਵਿਧਾਨ ਅਨੁਸਾਰ ਇਹਦੇ ਮੈਂਬਰ
ਇਹਨੂੰ ਗੈਰਫਿਰਕੂ, ਗੈਰਮਜ੍ਹਬੀ ਖਸਲਤ ਦਾ ਪ੍ਰਟਾਅ ਕਰਦੇ ਸੀ। ਗ਼ਦਰ ਪਾਰਟੀ ਹੋਣ ਤੋਂ
ਪਹਿਲਾਂ, ਇਹਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਪੈਸਿਫਕ ਕੋਸਟ ਸੀ। ਇਨ੍ਹਾਂ ਹਿੰਦੀਆਂ ਦੇ ਮਨ ਚ
ਵਿਤਕਰੇ ਰਹਿਤ ਸਮਾਜ ਦਾ ਵਿਚਾਰ ਪਨਪ ਰਿਹਾ ਸੀ। ਤਾਂ ਹੀ ਇਹ ਅਪਣੇ ਆਪ ਨੂੰ ਹਿੰਦੀ ਅਖਵਾਂਦੇ
ਸੀ ਤੇ ਰਲ ਕੇ ਬਸਤੀਵਾਦੀ ਸਾਮਰਾਜ ਦਾ ਤਖਤਾ ਪਲਟਾ ਦੇਣਾ ਹੀ ਅਪਣਾ ਮਕਸਦ ਮਿਥਦੇ ਸੀ।
ਗ਼ਦਰ ਲਹਿਰ ਚ ਬੀਬੀਆਂ ਦਾ ਪਾਇਆ ਯੋਗਦਾਨ ਪਹਿਲੀ ਵਾਰ ਇਸ ਕਿਤਾਬ ਚ ਨਜ਼ਰ ਪਿਆ ਹੈ। ਬੀਬੀ
ਗੁਲਾਬ ਕੌਰ ਤੋਂ ਬਿਨਾਂ ਹੋਰ ਕਿਸੇ ਬੀਬੀ ਦਾ ਨਾਂ ਘੱਟ ਹੀ ਆਇਆ ਹੈ। ਕਪੂਰਥਲੇ ਵਾਲੀ ਬੀਬੀ
ਸਤਿਆਵਤੀ ਦਾ ਯੋਗਦਾਨ ਗੁਲਾਬ ਕੌਰ ਜਿੰਨਾ ਤਾਂ ਨਾ ਵੀ ਹੋਵੇ, ਪਰ ਭੁਲਾਉਣ ਯੋਗ ਨਹੀਂ ਹੈ।
ਬਾਬਿਆਂ ਦੀ ਸੁਆਣੀਆਂ, ਧੀਆਂ ਭੈਣਾਂ ਦਾ ਪਾਇਆ ਲੁਕਵਾਂ ਹਿੱਸਾ ਵੀ ਬਹੁਤ ਵੱਡਾ ਹੈ।
ਇਸ ਕਿਤਾਬ ਮੁਸਲਮਾਨਾਂ ਦੇ ਪਾਏ ਯੋਗਦਾਨ ਦਾ ਜ਼ਿਕਰ ਸਲਾਹੁਣਯੋਗ ਹੈ। ਤਾਰਕ ਨਾਥ ਦਾਸ,
ਪਾਡੂੰਰੰਗਾ, ਖਾਨਖੋਜੇ, ਚਾਲੀਆ ਰਾਮ ਆਦਿ ਦੀ ਦੇਣ ਨੂੰ ਉਭਾਰਨਾ ਵੀ ਚੰਗਾ ਲੱਗਦਾ ਹੈ।
ਸਮੁੱਚੀ ਲਹਿਰ ਦੇ ਸੰਦਰਭ ਚ ਡਾ ਵਰਿਆਮ ਸਿੰਘ ਸੰਧੂ ਦੀ ਇਹ ਕਿਰਤ ਅਣਮੁਲ ਸਮੱਗਰੀ ਪ੍ਰਦਾਨ
ਕਰਦੀ ਹੈ। ਵਰਿਆਮ ਸਿੰਘ ਸੰਧੂ ਦੀ ਇਹ ਕਿਤਾਬ ਪ੍ਰਤੀਬੱਬ ਦਾਇਰੇ ਤੋਂ ਬਾਹਰ ਵੀ ਪੜ੍ਹਨ ਵਾਲੀ
ਹੈ।
-0-
|