ਬੰਦਾ ਮਰਦਾ ਉਦੋਂ ਹੈ
ਜਦੋਂ ਜ਼ਮੀਰ ਮਰ ਜਾਂਦੀ ਹੈ। ਹਾਰ ਉਦੋਂ ਝੱਲਣੀ ਔਖੀ ਹੁੰਦੀ ਹੈ ਜਦੋਂ ਮੁਕੱਦਰ ਸਾਥ ਨਾ ਦੇਣ
ਅਤੇ ਤਕਦੀਰ ਹੱਥ ਖੜ੍ਹੇ ਕਰ ਜਾਵੇ। ਜਿਹੜੇ ਬਿਨਾਂ ਕੰਮ ਤੋਂ ਰੁੱਝੇ ਹੋਣ ਦਾ ਪਾਖੰਡ ਕਰਦੇ
ਨੇ, ਉਨ੍ਹਾਂ ਨੂੰ ਵਕਤ ਦੇ ਥਪੇੜਿਆਂ ਨੇ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਕਰਨਾ ਹੁੰਦਾ ਹੈ। ਹਾਲੇ
ਤਕ ਪਜਾਮੇ ਦੀ ਹੀ ਨਿੱਕਰ ਬਣੀ ਹੈ; ਕਿਸੇ ਤੋਂ ਵੀ ਕਛਹਿਰੇ ਤੋਂ ਪਜਾਮਾ ਬਣਾਉਣ ਦਾ ਯਤਨ ਸਫ਼ਲ
ਨਹੀਂ ਹੋਇਆ। ਇਕ ਪ੍ਰੇਮੀ ਨੇ ਇਕ ਵਿਦਵਾਨ ਨੂੰ ਪੁੱਛਿਆ, ਮੈਂ ਆਪਣੀ ਪ੍ਰੇਮਿਕਾ ਨੂੰ ਤੋਹਫ਼ਾ
ਕੀ ਦਿਆਂ; ਤਾਂ ਉਹਨੇ ਜਵਾਬ ਦਿੱਤਾ, ਜੀਹਦੇ ਨਾਲ ਤੂੰ ਉਹਨੂੰ ਸਾਰੀ ਉਮਰ ਲਈ ਆਪਣੀ ਬਣਾ
ਸਕੇਂ। ਇਸ ਦੁਨੀਆਂ ਵਿਚ ਫ਼ਿਕਰ, ਚਿੰਤਾਵਾਂ ਤੇ ਬੀਮਾਰੀਆਂ ਤੋਂ ਮੁਕਤ ਕੌਣ ਨੇ? ਤਾਂ ਉਤਰ
ਹੋਵੇਗਾ, ਇਹ ਸਾਰੀਆਂ ਲੱਗੀਆਂ ਹੀ ਮਨੁੱਖ ਨੂੰ ਹਨ। ਮਨੁੱਖ ਤੋਂ ਸਿਵਾਏ ਦੁਨੀਆਂ ਦਾ ਹਰ ਜੀਵ
ਆਨੰਦਮਈ ਅਵਸਥਾ ਵਿਚ ਹੈ ਤੇ ਕਿਤੇ ਪ੍ਰੇਸ਼ਾਨ ਹੋਇਆ ਹੈ ਤਾਂ ਮਨੁੱਖ ਦੇ ਧੱਕੇ ਤੇ ਸ਼ੈਤਾਨੀਆਂ
ਕਰਕੇ। ਜਿਹੜੇ ਪਤੀ-ਪਤਨੀ ਸਾਰੀ ਉਮਰ ਮਾਂ-ਪਿਉ ਨਹੀਂ ਬਣ ਸਕੇ, ਉਨ੍ਹਾਂ ਦੀ ਨਬਜ਼ ਤਾਂ ਚੱਲਦੀ
ਰਹੀ ਪਰ ਸਾਹ ਨ੍ਹੀਂ ਆਇਆ। ਜੇ ਮਰਦਾਨਾ ਤਾਕਤ ਵੰਡਣ ਵਾਲੇ ਡਾਕਟਰਾਂ ਦੀ ਗਿਣਤੀ ਵਧੀ ਹੈ ਤਾਂ
ਯਕੀਨਨ ਮਨੁੱਖ ਦੇ ਮਰਦ ਨਾ ਹੋਣ ਦੀਆਂ ਗੱਲਾਂ ਸੱਚੀਆਂ ਹਨ; ਪਰ ਜਿਹੜੇ ਮਰਦ ਨਹੀਂ ਰਹੇ,
ਉਨ੍ਹਾਂ ਨੂੰ ਸਮਾਜ ਠੇਡੇ ਨਹੀਂ, ਧੱਕੇ ਮਾਰ-ਮਾਰ ਜ਼ਖ਼ਮੀ ਕਰਦਾ ਆਇਆ ਹੈ। ਪਤਨੀ ਦੀਆਂ ਨਜ਼ਰਾਂ
ਵਿਚ ਪਤੀ ਦਾ ਸਤਿਕਾਰ ਉਹਦੇ ਮਰਦ ਹੋਣ ਦੀ ਨਿਸ਼ਾਨੀ ਹੇਠ ਹੀ ਛੁਪਿਆ ਹੋਇਆ ਹੈ, ਵਰਨਾ ਉਹਨੂੰ
ਵਿਧਵਾ ਹੋਣ ਦਾ ਵੀ ਝੋਰਾ ਨਹੀਂ ਹੋਵੇਗਾ। ਕਈ ਬੰਦੇ ਆਪ ਭ੍ਰਿਸ਼ਟ ਨਹੀਂ ਹੁੰਦੇ ਪਰ ਉਹ
ਦੂਜਿਆਂ ਨੂੰ ਭ੍ਰਿਸ਼ਟ ਕਰਨ ਦਾ ਸਬੱਬ ਜ਼ਰੂਰ ਬਣਦੇ ਹਨ। ਸੁੱਕ ਕੇ ਭਾਂਬੜ ਵਾਂਗ ਮਚਣ ਦਾ ਯਤਨ
ਕਰੋ, ਗਿੱਲੀਆਂ ਲੱਕੜਾਂ ਵਿਚੋਂ ਸਿਰਫ਼ ਧੂੰਆਂ ਹੀ ਨਿਕਲਦਾ ਹੈ। ਕਿਸੇ ਨੇ ਠੱਗੀ ਮਾਰੀ ਹੋਵੇ,
ਕੋਈ ਲੁੱਟਿਆ ਗਿਆ ਹੋਵੇ ਤਾਂ ਆਮ ਕਹਿ ਦਿੰਨੇ ਆਂ, ਇਹਦੇ ਮੋਟਾ ਟੀਕਾ ਲੱਗੇ ਪਰ ਜਿਹੜਾ
ਟੀਕਾ ਤੁਹਾਡੇ ਲੱਗਾ ਹੋਇਐ, ਲੱਗ ਰਿਹੈ, ਉਹਦੀ ਸੂਈ ਬਾਹਰ ਹੈ ਅਤੇ ਦਵਾਈ ਅੰਦਰ ਚਲੇ ਗਈ ਹੈ।
ਵਿਚਾਰ ਕੇ ਵੇਖੋ, ਗੱਲ ਠੀਕ ਨ੍ਹੀਂ ਲੱਗਦੀ...
--
ਪੰਛੀ ਆਸਮਾਨ ਵਿਚ ਉਡਦੇ ਹਨ ਪਰ ਰਹਿੰਦੇ ਦਰਖ਼ਤਾਂ ਤੇ ਹਨ। ਆਪਣੇ ਆਪ ਨੂੰ ਵਿਕਸਤ ਹੋਣ ਦੇ
ਭਰਮ ਵਿਚ ਮਨੁੱਖ ਜਦੋਂ ਦਾ ਅੰਬਰੀ ਉਡਾਰੀਆਂ ਮਾਰਨ ਦੀ ਗੱਲ ਕਰ ਰਿਹਾ ਹੈ, ਧਰਤੀ ਨਾਲੋਂ
ਲਗਾਤਾਰ ਟੁੱਟਦਾ ਜਾ ਰਿਹਾ ਹੈ। ਇਸੇ ਲਈ ਮੋਹ ਘਟਦਾ ਜਾ ਰਿਹਾ ਹੈ, ਈਰਖਾ ਵਧ ਰਹੀ ਹੈ ਅਤੇ
ਪਿਆਰ ਮੁੱਕ ਰਿਹਾ ਹੈ। ਵਿਰੋਧ ਉਬਾਲੇ ਮਾਰ ਰਿਹਾ ਹੈ, ਨਿਜੀ ਸਵਾਰਥ ਲਈ ਚਾਲਾਕੀਆਂ ਵਧ ਗਈਆਂ
ਹਨ। ਜਿਸ ਵਿਗਿਆਨ ਦੀ ਤਰੱਕੀ ਨੂੰ ਵੇਖ ਕੇ ਕੱਛਾਂ ਵਜਾ ਰਹੇ ਹਾਂ, ਉਸ ਵਿਗਿਆਨ ਨੇ ਤਬਾਹ ਵੀ
ਬੜਾ ਕੁਝ ਕਰ ਦਿੱਤਾ ਹੈ। ਬੀਮਾਰੀਆਂ ਵਧਦੀਆਂ ਹੀ ਜਾ ਰਹੀਆਂ ਹਨ, ਨਵੀਆਂ ਆ ਰਹੀਆਂ ਹਨ।
ਚਿੰਤਾਵਾਂ ਘਟੀਆਂ ਨਹੀਂ ਅਤੇ ਤਣਾਓ ਵਿਚ ਹਰ ਮਨੁੱਖ ਡੁੱਬਿਆ ਪਿਆ ਹੈ। ਪੈਸਾ ਹਰ ਯੁੱਗ ਵਿਚ
ਪ੍ਰਧਾਨ ਰਿਹਾ ਹੈ ਪਰ ਜਦੋਂ ਦਾ ਇਹ ਚੇਅਰਮੈਨ ਬਣ ਗਿਆ ਹੈ, ਆਪਣੇ-ਪਰਾਏ ਤੇ ਰਿਸ਼ਤੇ-ਨਾਤਿਆਂ
ਦੀਆਂ ਪਸਲੀਆਂ ਭੰਨ ਸੁੱਟੀਆਂ ਹਨ। ਸੁੱਤੀ ਪਈ ਕਿਸਮਤ ਨੂੰ ਜਗਾਉਣ ਲਈ ਆਲ-ਪਤਾਲ ਹੱਥ ਮਾਰੇ
ਜਾ ਰਹੇ ਹਨ। ਸੱਚ ਇਹ ਹੈ ਕਿ ਅਸੀਂ ਜ਼ਿੰਦਗੀ ਨੂੰ ਲੰਮਾ ਕਰਨ ਵਿਚ ਰੁੱਝੇ ਪਏ ਹਾਂ ਪਰ ਜਿਉਣ
ਦਾ ਸਾਨੂੰ ਇਕ ਦਿਨ ਵੀ ਮੌਕਾ ਨਹੀਂ ਮਿਲਦਾ। ਮਨੁੱਖ ਰੱਬ ਤੋਂ ਮੁੱਢ-ਕਦੀਮ ਤੋਂ ਭੁੱਖਿਆਂ
ਵਾਂਗ ਮੰਗਦਾ ਹੀ ਆਇਆ ਹੈ ਪਰ ਉਸ ਨੇ ਆਮ ਕੁਦਰਤ ਜਾਂ ਰੱਬ ਨਾਲ ਜਿਸ ਤਰ੍ਹਾਂ ਦੀ
ਧੱਕਾ-ਮੁੱਕੀ ਕੀਤੀ ਹੈ, ਉਹਦਾ ਹਰਜਾਨਾ ਕਿੰਨਾ ਭਰਨਾ ਪਵੇਗਾ, ਇਹ ਗੱਲ ਚੇਤੇ ਵਿਚੋਂ ਵਿਸਾਰ
ਦਿੱਤੀ ਹੈ। ਹਾਲਾਤ ਦਾ ਤਕਾਜ਼ਾ ਇਹ ਹੈ ਕਿ ਰਾਂਝਾ ਸੱਸੀ ਨੂੰ ਲੱਭਣ ਨਿਕਲਿਆ ਹੋਇਐ ਤੇ ਮਿਰਜ਼ਾ
ਲੈਲਾ ਨੂੰ ਭਾਲ ਰਿਹੈ!
ਇਹ ਫ਼ਾਰਮੂਲਾ ਜਾਂ ਸਿਧਾਂਤ ਹੁਣ ਸ਼ਾਇਦ ਕਿਸੇ ਤੇ ਹੀ ਲਾਗੂ ਹੁੰਦਾ ਹੋਵੇ ਕਿ ਜਿੰਨੀ ਬੀਤੀ
ਚੰਗੀ ਬੀਤੀ ਕਿਉਂਕਿ ਜਿਸ ਪ੍ਰਦੂਸ਼ਤ ਆਬੋ-ਹਵਾ ਵਿਚ ਅਸੀਂ ਸਾਹ ਲੈ ਰਹੇ ਹਾਂ, ਉਹਦੇ ਵਿਚ
ਚੰਗੀ ਬੀਤਣ ਦੇ ਆਸਾਰ ਬਚੇ ਹੀ ਕਿੱਥੇ ਹਨ? ਮਾਨਵ ਜਾਤੀ ਵਰਤਮਾਨ ਯੁੱਗ ਨੂੰ ਕਲਯੁੱਗ ਕਹਿ
ਕੇ ਮਨ ਨੂੰ ਸਮਝਾ ਰਹੀ ਹੈ ਕਿ ਹਾਲੇ ਬਹੁਤ ਕੁਝ ਮਾੜਾ ਵਾਪਰਨ ਦੇ ਸੰਸੇ ਹਨ। ਸਾਡੇ ਪਿੰਡ ਦਾ
ਇਕ ਬਜ਼ੁਰਗ ਹਾਲ ਹੀ ਵਿਚ ਇਕ ਸੌ ਚਾਰ ਵਰ੍ਹਿਆਂ ਦੀ ਉਮਰ ਭੋਗ ਕੇ ਪੂਰਾ ਹੋਇਆ ਹੈ। ਪਿਛਲੀ
ਸਾਰੀ ਸਦੀ ਦਾ ਉਸ ਨੇ ਸਵਾਦ ਵੇਖਿਆ ਹੈ। ਮੈਂ ਉਸ ਬਜ਼ੁਰਗ ਦੀ ਬਹੁਤ ਸੰਗਤ ਕੀਤੀ ਹੈ। ਸੰਨ
1979 ਵਿਚ ਜਦੋਂ ਮੈਂ ਕਾਲਜ ਪੜ੍ਹਨ ਲੱਗਾ, ਉਹ ਬੋਹੜ ਹੇਠ ਬੈਠ ਕੇ ਜ਼ਿੰਦਗੀ ਬਿਲਾਸ ਪੜ੍ਹ
ਕੇ ਸੁਣਾਉਂਦਿਆਂ ਕਲਯੁੱਗ ਦੀਆਂ ਗੱਲਾਂ ਵੀ ਕਰਿਆ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਮੈਂ
ਪੁੱਛਿਆ ਕਿ ਕਲਯੁੱਗ ਦੀ ਕਿਆ ਸਥਿਤੀ ਹੈ ਤਾਂ ਉਹਦਾ ਜਵਾਬ ਹੁੰਦਾ ਸੀ ਹਾਲੇ ਛਿਲੇ ਵਿਚ
ਹੈ। ਯਾਨੀ ਕਿ ਸਵਾ ਮਹੀਨੇ ਤੋਂ ਵੀ ਘੱਟ। ਉਦੋਂ ਸਾਰੇ ਇਲਾਕੇ ਵਿਚ ਇਕ ਪਿੰਡ ਦਾ ਮੁੰਡਾ
ਚਾਚੇ ਦੀ ਕੁੜੀ ਉਧਾਲ ਕੇ ਲੈ ਗਿਆ ਸੀ ਅਤੇ ਪਿਉ ਨੇ ਜ਼ਮੀਨੀ ਲਾਲਚ ਵਿਚ ਪੁੱਤਰ ਵੱਢ ਸੁੱਟਿਆ
ਸੀ। ਮੇਰਾ ਅਗਲਾ ਸਵਾਲ ਸੀ, ਕਲਯੁੱਗ ਦੀ ਸਿਖ਼ਰ ਕੀ ਹੋਵੇਗੀ? ਫਿਰ ਉਹ ਆਖਦਾ ਹੁੰਦਾ ਸੀ,
ਜਦੋਂ ਤੇਰਾਂ ਸਾਲਾਂ ਦੀ ਬੱਚੀ ਦੀ ਗੋਦ ਵਿਚ ਬੱਚਾ ਖੇਡਣ ਲੱਗ ਪਵੇਗਾ। ਨਵੀਂ ਸਦੀ ਦੇ
ਚੜ੍ਹਨ ਵਾਲੇ ਮਹੀਨੇ ਵਿਚ ਜਦੋਂ ਉਸ ਬਜ਼ੁਰਗ ਨੂੰ ਇਹ ਖ਼ਬਰ ਅਖ਼ਬਾਰ ਵਿਚੋਂ ਪੜ੍ਹ ਕੇ ਸੁਣਾਈ ਕਿ
ਬਾਰਾਂ ਸਾਲਾਂ ਦੀ ਕੁੜੀ ਦੇ ਬੱਚਾ ਹੋ ਗਿਆ ਹੈ ਤੇ ਨਾਲ ਪੁੱਛਿਆ, ਹੁਣ ਕਲਯੁੱਗ ਦੀ ਉਮਰ
ਕਿੰਨੀ ਹੋ ਗਈ? ਤੇ ਜਦੋਂ ਉਹਨੇ ਕਿਹਾ, ਹਾਲੇ ਤਾਂ ਰੁੜ੍ਹਨ ਵੀ ਨਹੀਂ ਲੱਗਾ। ਤੇ ਬਜ਼ੁਰਗ
ਦੇ ਕਹਿਣ ਵਾਂਗ ਜੇ ਕਲਯੁੱਗ ਹਾਲੇ ਸੱਚੀਂ ਨਿਆਣਾ ਹੀ ਹੈ ਤੇ ਧਰਤੀ ਤੇ ਪਾਪ ਦੀ ਹਨ੍ਹੇਰੀ
ਵਗਣ ਲੱਗ ਪਈ ਹੈ, ਫਿਰ ਜਦੋਂ ਜਵਾਨ ਤੇ ਬੁੱਢਾ ਹੋਇਆ ਤਾਂ ਕੀ ਬਣੇਗਾ? ਤੇ ਨਾਲ ਹੀ ਇਹ ਵੀ
ਖ਼ਿਆਲ ਆਇਆ ਕਿ ਜੇ ਭਾਰਤ ਜਾਂ ਪਾਕਿਸਤਾਨ ਨੇ ਪ੍ਰਮਾਣੂ ਬੰਬ ਚਲਾਏ ਤਾਂ ਫਿਰ ਕਲਯੁੱਗ ਵੀ
ਛੇਤੀ ਅਕਾਲ ਚਲਾਣਾ ਕਰ ਜੂ। ਖ਼ੈਰ! ਬੱਚੀਆਂ ਦੇ ਬੱਚੇ ਹੋਣ ਦੀ ਅਨੋਖੀ ਗੱਲ ਅਗਲੀਆਂ ਘਟਨਾਵਾਂ
ਤੋਂ ਪਤਾ ਲੱਗ ਜਾਵੇਗੀ ਕਿ ਇਹ ਹਾਲਾਤ ਦੀ ਦੇਣ ਨਹੀਂ, ਵਿਗਿਆਨ ਦੀ ਤਰੱਕੀ ਦਾ ਕਾਰਾ ਹੈ।
ਇਕ ਮਿੱਤਰ ਨੇ ਪਿੱਛੇ ਜਿਹੇ ਸਵਾਲ ਕੀਤਾ ਕਿ ਭਲਾ ਪੰਜਾਬ ਵਿਚੋਂ ਇੱਲਾਂ ਕਿੱਥੇ ਗਈਆਂ?
ਮੈਂ ਖਿੱਝ ਕੇ ਕਿਹਾ, ਮਰ ਗਈਆਂ, ਮੁੱਕ ਗਈਆਂ ਇੱਲਾਂ ਦਾ ਝੋਰਾ ਛੱਡ ਮਿੱਤਰਾ ਜੋ ਹੋਰ ਬਹੁਤ
ਕੁਝ ਜਾਣ ਵਾਲਾ ਹੈ, ਉਹਦੀ ਚਿੰਤਾ ਕਰੋ। ਤੇ ਉਹਨੇ ਬੜੀ ਉਤਸੁਕਤਾ ਨਾਲ ਕਿਹਾ, ਮੈਂ ਤਾਂ
ਇੱਲਾਂ ਬਾਰੇ ਸਾਧਾਰਨ ਸਵਾਲ ਕੀਤੈ, ਤੂੰ ਹੋਰ ਬਾਰੇ ਤਾਂ ਦੱਸ? ਘਟਨਾਵਾਂ ਤੁਹਾਡੀਆਂ ਅੱਖਾਂ
ਸਾਹਮਣੇ ਵਾਪਰ ਰਹੀਆਂ ਪਰ ਰਾਜਨੀਤਕ ਤੰਤਰ ਨੇ ਆਮ ਲੋਕਾਂ ਨੂੰ ਅਜਿਹਾ ਹਿਪਨੋਟਾਈਜ਼ ਕੀਤਾ
ਹੋਇਐ ਕਿ ਬੰਦਾ ਉਲੂ ਨੂੰ ਕਾਂ ਕਹਿਣ ਦੀ ਗੁਸਤਾਖ਼ੀ ਕਰੀ ਜਾ ਰਿਹੈ। ਖ਼ੈਰ! ਉਸ ਮਿੱਤਰ ਦੇ
ਪਹਿਲੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਹੋਰ ਕੀ ਹੋਣ ਵਾਲੈ, ਇਹਦੇ ਬਾਰੇ ਇਸ
ਤੋਂ ਪਿੱਛੋਂ।
ਪਸ਼ੂਆਂ ਦੇ ਸ਼ਮਸ਼ਾਨਘਾਟ ਨੂੰ ਹੱਡਾ-ਰੋੜੀ ਆਖਦੇ ਹਨ ਤੇ ਇੱਲਾਂ ਦੇ ਦਰਸ਼ਨ ਵਧੇਰੇ ਕਰਕੇ ਇਥੇ ਹੀ
ਹੋਇਆ ਕਰਦੇ ਸਨ। ਹੱਡਾ-ਰੋੜੀਆਂ ਤਾਂ ਹਾਲੇ ਹੈਗੀਆਂ ਪਰ ਇੱਲਾਂ ਦੀ ਹੋਂਦ ਮੁੱਕ ਗਈ ਹੈ।
ਕਿਉਂ? ਸ਼ਾਇਦ ਇਸ ਕਿਉਂ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਹੋਵੇਗਾ। ਪਹਿਲਾਂ-ਪਹਿਲ ਜਦੋਂ
ਮੱਝਾਂ-ਗਾਵਾਂ ਦੇ ਕੱਟੂ-ਵੱਛੂ ਮਰ ਜਾਂਦੇ ਸਨ ਜਾਂ ਊਂ ਕਈ ਵਾਰ ਭੁੱਖਣ-ਭਾਣਾ ਜਾਂ ਕੌੜ ਪਸ਼ੂ
ਦੁੱਧ ਦੇਣ ਤੋਂ ਭੰਨ-ਤੜੱਕੇ ਕਰਨ ਲੱਗ ਪੈਂਦਾ ਸੀ ਤਾਂ ਆਟੇ ਦੇ ਪੇੜੇ ਨਾਲ ਜਾਂ ਹਰਾ ਚਾਰਾ
ਵਧ ਪਾ ਕੇ, ਚਾਰੇ ਤੇ ਆਟਾ ਪਾ ਕੇ ਪਸ਼ੂ ਨੂੰ ਵਰਾ ਲਿਆ ਜਾਂਦਾ ਸੀ ਪਰ ਵਿਗਿਆਨ ਨੇ ਜਦੋਂ ਇਸ
ਸਮੱਸਿਆ ਦਾ ਹੱਲ ਕੀਤਾ ਤਾਂ ਇਹ ਵਿਚਾਰੀਆਂ ਇੱਲਾਂ ਦੀ ਹੋਂਦ ਹੀ ਖ਼ਤਮ ਕਰ ਗਿਆ ਹੈ। ਇਹ ਹੱਲ
ਸੀ ਟੀਕੇ ਦੇ ਰੂਪ ਵਿਚ ਜਿਸ ਨੂੰ ਨਾਂ ਦਿੱਤਾ ਗਿਆ ਔਕਸੀਟੋਸਿਨ। ਪਹਿਲੇ ਝੱਬੇ ਤਾਂ ਬੰਦਾ
ਸੋਚਦੈ ਕਿ ਟੀਕੇ ਦਾ ਸਬੰਧ ਇੱਲਾਂ ਨਾਲ ਕੀ? ਇਹ ਦੁੱਧ ਉਤਾਰਨ ਵਾਲਾ ਟੀਕਾ ਹੈ।
ਤੇ ਜਦੋਂ ਦੀ ਪੰਜਾਬ ਦੀ ਚਿੱਟੀ ਕ੍ਰਾਂਤੀ ਗੁੱਜਰਾਂ ਦੇ ਹੱਥਾਂ ਵਿਚ ਚਲੇ ਗਈ ਹੈ, ਇਸ ਟੀਕੇ
ਦੀ ਵਰਤੋਂ ਆਮ ਗੱਲ ਹੋ ਗਈ ਹੈ। ਜਦੋਂ ਇਹ ਟੀਕਾ ਮੱਝ ਜਾਂ ਗਾਂ ਦੇ ਲੱਗਦਾ ਹੈ ਤਾਂ ਉਨ੍ਹਾਂ
ਦੇ ਹਾਰਮੋਨਜ਼ ਇੰਨੇ ਵਧ ਜਾਂਦੇ ਨੇ ਕਿ ਕੌੜ ਪਸ਼ੂ ਵੀ ਥਣਾਂ ਤੇ ਫਿਰਦੇ ਹੱਥਾਂ ਨਾਲ ਆਨੰਦਮਈ
ਤੇ ਇਸ਼ਕਈ ਲੁਤਫ਼ ਵਿਚ ਇਕ ਤਰ੍ਹਾਂ ਨਾਲ ਮਸਤ ਹੋ ਜਾਂਦਾ ਹੈ। ਤੇ ਮੱਝਾਂ-ਗਾਵਾਂ ਦੇ ਹਾਰਮੋਨਜ਼
ਇਸ ਟੀਕੇ ਨਾਲ ਇੰਨੇ ਵਧ ਗਏ ਕਿ ਜਦੋਂ ਉਹ ਮਰ ਕੇ ਹੱਡਾ-ਰੋੜੀ ਗਈਆਂ ਤਾਂ ਉਨ੍ਹਾਂ ਦਾ ਮਾਸ
ਤਾਂ ਵਿਚਾਰੀਆਂ ਇੱਲਾਂ ਨੇ ਹੀ ਖਾਣਾ ਸੀ! ਤੇ ਨਤੀਜਾ ਇਹ ਨਿਕਲਿਆ ਕਿ ਮਾਦਾ ਇੱਲਾਂ ਤਾਂ ਇਹ
ਮਾਸ ਖਾ ਕੇ ਹੋਰ ਤਕੜੀਆਂ ਹੋ ਗਈਆਂ ਤੇ ਨਰ ਇੱਲ ਨੂੰ ਮੇਲ ਦੀ ਥਾਂ ਫ਼ੀਮੇਲ ਹਾਰਮੋਨਜ਼ ਮਿਲਦੇ
ਗਏ। ਤੇ ਭਾਣਾ ਇਹ ਵਰਤਿਆ ਕਿ ਨਰ ਇੱਲ ਫਿਰ ਇਨ੍ਹਾਂ ਹਾਰਮੋਨਜ਼ ਕਰਕੇ ਨਿਪੁੰਸਕ ਹੁੰਦੇ ਗਏ।
ਫਿਰ ਭੋਲੀਆਂ ਇੱਲਾਂ ਨੇ ਬੱਚੇ ਕਿੱਥੋਂ ਦੇਣੇ ਸਨ। ਹੌਲੀ-ਹੌਲੀ ਜਿੰਨੀਆਂ ਕੁ ਇੱਲਾਂ ਸਨ, ਉਹ
ਖ਼ਤਮ ਹੀ ਹੋ ਗਈਆਂ ਨੇ ਜਾਂ ਫਿਰ ਅਫ਼ਗ਼ਾਨਿਸਤਾਨ ਜਾਂ ਚੀਨ ਚਲੇ ਗਈਆਂ ਹਨ।
ਇਸ ਗੱਲ ਨੂੰ ਆਪਾਂ ਸਾਧਾਰਨ ਜਿਹੀ ਘਟਨਾ ਮੰਨ ਕੇ ਸੋਚਾਂਗੇ ਕਿ ਚਲੋ ਇੱਲਾਂ ਨਹੀਂ ਵੀ ਰਹੀਆਂ
ਤਾਂ ਕਿਹੜਾ ਕਿਲਾ ਢਹਿ ਗਿਆ? ਪਰ ਇਸ ਟੀਕੇ ਨਾਲ ਜਿਹੜਾ ਕਿਲਾ ਅੱਗੇ ਢਹਿਣ ਵਾਲਾ ਹੈ, ਉਹ ਹਰ
ਇਕ ਨੂੰ ਹੈਰਾਨ ਕਰ ਦੇਵੇਗਾ। ਸੜਕ ਤੇ ਜਿਹੜਾ ਵੀ ਮਰਿਆ ਹੈ, ਆਪ ਨਹੀਂ ਮੋਟਰਾਂ-ਗੱਡੀਆਂ ਨੇ
ਮਾਰਿਆ ਹੈ ਜਿਸ ਨੂੰ ਅਸੀਂ ਦੁਰਘਟਨਾ ਆਖਦੇ ਹਾਂ ਪਰ ਇੱਲਾਂ ਦੀ ਘਟਨਾ ਤੋਂ ਬਾਅਦ ਜਿਹੜੀ
ਦੁਰਘਟਨਾ ਆਪਣੇ ਨਾਲ ਹੋ ਰਹੀ ਹੈ, ਹਾਲੇ ਹੋਰ ਤੇਜ਼ੀ ਨਾਲ ਹੋਵੇਗੀ। ਧਿਆਨ ਨਾਲ ਦੇਖੋ ਤਾਂ
ਯਕੀਨ ਆ ਜਾਵੇਗਾ ਕਿ ਅੱਖਾਂ ਤੋਂ ਵੱਡਾ ਕੋਈ ਕੈਮਰਾ ਨਹੀਂ ਹੁੰਦਾ।
ਪੰਜਾਬ ਜੀਹਨੂੰ ਹੁਣ ਆਪਣਾ ਘੱਟ, ਬਾਦਲ ਜਾਂ ਅਮਰਿੰਦਰ ਦਾ ਵੱਧ ਕਹਿਣ ਨੂੰ ਜੀਅ ਕਰਦੈ; ਉਥੇ
ਮਿਲਣ ਵਾਲਾ ਵਧੇਰੇ ਦੁੱਧ ਟੀਕਿਆਂ ਨਾਲ ਚੋਇਆ ਜਾਂਦਾ ਹੈ। ਗੱਲ ਇਥੇ ਮੁੱਕ ਜਾਂਦੀ ਤਾਂ ਸ਼ਾਇਦ
ਕੁਝ ਬਚਿਆ ਰਹਿੰਦਾ, ਗੱਲ ਤਾਂ ਬੁਰੇ ਦੇ ਘਰ ਤਕ ਅੱਪੜ ਗਈ ਹੈ। ਜਿਹੜੀਆਂ ਸਬਜ਼ੀਆਂ ਖਾਣ ਨੂੰ
ਨਸੀਬ ਹੋ ਰਹੀਆਂ ਨੇ, ਉਨ੍ਹਾਂ ਵਿਚ ਵੀ ਇਸੇ ਐਕਸੀਟੋਸਿਨ ਟੀਕੇ ਦਾ ਜ਼ਹਿਰ ਹੈ। ਬੈਂਗਣਾਂ ਦੇ
ਬੂਟੇ ਵਿਚ ਆਥਣੇ ਜਦੋਂ ਜ਼ਿਮੀਂਦਾਰ ਇਹ ਟੀਕਾ ਲਗਾਉਂਦਾ ਹੈ ਤਾਂ ਇਹ ਬੈਂਗਣ ਸਵੇਰ ਨੂੰ
ਖ਼ਰਬੂਜ਼ੇ ਵਰਗੇ ਹੁੰਦੇ ਹਨ। ਇਵੇਂ ਹੀ ਹੋਰ ਸਬਜ਼ੀਆਂ/ਉਤਪਾਦਨਾਂ ਵਿਚ ਵੀ ਅਤੇ ਹਰ ਖਾਣੇ ਵਿਚ
ਵਰਤਿਆ ਜਾਣ ਵਾਲਾ ਟਮਾਟਰ ਵੀ ਇਸੇ ਦੀ ਮਾਰ ਹੇਠ ਹੈ। ਨਕਲੀ ਜਾਂ ਅਸਲੀ ਸ਼ਰਾਬ ਦੀ ਮਿਕਦਾਰ
ਵਧਾਉਣ ਲਈ ਵੀ ਇਸੇ ਟੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਜੇ ਸਭਿਆਚਾਰ ਅਤੇ ਵਿਰਾਸਤ ਦੀਆਂ ਦੁਹਾਈਆਂ ਦੇਣ ਵਾਲੇ ਪੰਜਾਬ ਵਿਚੋਂ ਸਮਲਿੰਗੀਆਂ ਦੇ ਵਿਆਹ
ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ; ਜੇ ਨਿਆਣੀ ਉਮਰੇ ਬਾਲੜੀਆਂ ਦੇ ਕੁਰਾਹੇ ਪੈਣ ਦੀ ਗੱਲ ਹੋ
ਰਹੀ ਹੈ; ਜੇ ਖੇਡਣ-ਮੱਲ੍ਹਣ ਦੀ ਉਮਰੇ ਬੱਚੀ, ਬੱਚੇ ਪੈਦਾ ਕਰਨ ਲੱਗ ਪਈ ਹੈ ਜਾਂ ਪੰਜਾਬ ਵਿਚ
ਮੁੰਡਿਆਂ ਨਾਲੋਂ ਕੁੜੀਆਂ ਜੰਮਣ ਦੀ ਦਰ ਵੱਧ ਹੈ ਅਤੇ ਜੇ ਗੱਭਰੂਆਂ ਦੇ ਚਿਹਰੇ ਝੁਲਸੇ ਹੋਏ
ਹਨ ਜਾਂ ਨਿੱਕੀ ਉਮਰੇ ਕੁੜੀਆਂ ਮੁਟਿਆਰਾਂ ਹੋ ਰਹੀਆਂ ਹਨ ਤਾਂ ਯਕੀਨ ਕਰ ਲਵੋ ਕਿ ਇਹ ਸਾਰੇ
ਪੁਆੜੇ ਇਸ ਟੀਕੇ ਦੇ ਹੀ ਹਨ।
ਵਿਗਿਆਨਕ ਨਜ਼ਰੀਏ ਨਾਲ ਵੇਖੋ ਤਾਂ ਜਿਸ ਢਾਈ ਦਰਿਆਵਾਂ ਵਾਲੇ ਰੰਗਲੇ ਪੰਜਾਬ ਨੂੰ ਨਸ਼ਿਆਂ ਨੇ
ਗ੍ਰਿਫ਼ਤ ਵਿਚ ਲਿਆ ਹੋਇਐ; ਜਿਥੋਂ ਦੇ ਕੁੱਲ ਰਕਬੇ ਵਿਚੋਂ ਤੇਰਾਂ ਫ਼ੀਸਦ ਜ਼ਮੀਨ ਨੂੰ ਕੈਂਸਰ ਹੋ
ਗਿਐ; ਜਿਥੇ ਮੋੜਾਂ ਤੇ ਆਪਣੇ ਬਜ਼ੁਰਗਾਂ ਦੀਆਂ ਨਹੀਂ, ਵੈਲੀ ਪੁੱਤਾਂ ਦੀਆਂ ਢਾਣੀਆਂ
ਜੁੜਦੀਆਂ; ਜਿਥੇ ਨਾ ਧੀ ਤੇ ਨਾ ਭੈਣ ਸੁਰੱਖਿਅਤ ਰਹੀ ਹੈ; ਜਿਥੇ ਪਿੰਡ ਦੇ ਪਿੰਡ ਵਿਚ ਵਿਆਹ
ਹੋਣ ਲੱਗ ਪਏ ਨੇ; ਜਿਥੇ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਸ਼ਰਾਬ ਦੀ ਆਬਕਾਰੀ ਨੀਤੀ ਨਾਲ ਹੋ
ਰਹੀ ਹੈ; ਜਿਥੇ ਕੁੜੀਆਂ ਦੇ ਰੋਜ਼ ਘਰੋਂ ਭੱਜਣ ਦੀਆਂ ਖ਼ਬਰਾਂ ਆ ਰਹੀਆਂ ਨੇ; ਜਿਥੇ ਹੋਟਲਾਂ
ਵਿਚ ਸ਼ਬਾਬ ਵਿਕ ਰਿਹੈ, ਉਥੇ ਇਸ ਟੀਕੇ ਦੀ ਕਰਾਮਾਤ ਕਿਆ ਹੈ! ਨਜ਼ਰ ਦਾ ਘੋੜਾ ਦੱਬ ਕੇ
ਦੇਖੋ...
ਇਹ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ ਤੇ ਸੁਣਦਿਆਂ ਵੀ ਸ਼ਰਮ ਆਉਂਦੀ ਹੈ ਕਿ ਦਸ ਵਰ੍ਹਿਆਂ ਦੀ
ਕੁੜੀ ਦਾ ਸਰੀਰ ਵਿਕਸਤ ਕਿਉਂ ਹੋ ਗਿਐ? ਉਹਦੀ ਹਿੱਕ ਉਮਰ ਤੋਂ ਪਹਿਲਾਂ ਹੀ, ਜਵਾਨੀ ਨਾਲੋਂ
ਵੀ ਭਾਰੀ ਕਿਉਂ ਹੋ ਰਹੀ ਹੈ? ਇਸ ਕਰਕੇ ਕਿ ਕੁੜੀਆਂ ਜਿਨ੍ਹਾਂ ਕੋਲ ਪਹਿਲਾਂ ਹੀ ਫ਼ੀਮੇਲ
ਹਾਰਮੋਨਜ਼ ਹਨ, ਉਨ੍ਹਾਂ ਨੂੰ ਹੋਰ ਹਾਰਮੋਨਜ਼ ਇਹ ਟੀਕਾ, ਸਬਜ਼ੀਆਂ ਜਾਂ ਦੁੱਧ ਜ਼ਰੀਏ ਤੋਹਫ਼ੇ
ਵਜੋਂ ਪੇਸ਼ ਕਰ ਰਿਹੈ। ਇਹ ਬੇਲੋੜੇ ਹਾਰਮੋਨਜ਼ ਕੱਚੀ ਉਮਰੇ ਮਰਦ ਦਾ ਸੰਗ ਭਾਲਣ ਲਈ ਕਾਹਲੇ ਇਸੇ
ਕਰਕੇ ਪੈ ਰਹੇ ਹਨ। ਡਾਕਟਰ ਫਿਲਾਸਫੀ ਚਿੰਤਤ ਹੈ ਕਿ ਗਿਆਰ੍ਹਵੇਂ ਵਰ੍ਹੇ ਦੀ ਉਮਰ ਵਿਚ ਜੇ
ਮਹਾਂਵਾਰੀ ਆਉਣ ਲੱਗ ਪਈ ਹੈ ਤਾਂ ਨਿਸਚੇ ਹੀ ਵਿਗਿਆਨ ਨੇ ਸਮਾਜਿਕ ਢਾਂਚੇ ਦੀ ਚੂਲ ਢਿੱਲੀ ਹੀ
ਨਹੀਂ ਕੀਤੀ, ਤੋੜ ਹੀ ਸੁੱਟੀ ਹੈ। ਜੇ ਪਿੰਡਾਂ ਦਿਆਂ ਕਮਾਦਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ
ਪੰਜ-ਤਾਰਾ ਹੋਟਲਾਂ ਤਕ ਜਿਸਮਫ਼ਰੋਸ਼ੀ ਦਾ ਜਾਲ ਫੈਲ ਰਿਹਾ ਹੈ, ਜੇ ਅਫ਼ਸਰਸ਼ਾਹੀ ਜਾਂ ਰਾਜਨੀਤਕ
ਲੋਕ ਕੰਮ ਕਰਾਉਣ ਦੇ ਬਹਾਨੇ ਸਰੀਰਕ ਸ਼ੋਸ਼ਣਾਂ ਦੇ ਇਲਜ਼ਾਮ ਵਿਚ ਫਸ ਰਹੇ ਹਨ ਅਤੇ ਜੇ ਸਰੀਰਕ
ਸਬੰਧ ਬਣਾਉਣ ਵਿਚ ਅੱਲ੍ਹੜ ਕੁੜੀਆਂ ਨੱਕ ਨਹੀਂ ਵੱਟ ਰਹੀਆਂ ਤਾਂ ਯਕੀਨਨ ਲਾਇਲਾਜ ਬੀਮਾਰੀ ਦਾ
ਹੱਲ ਛੇਤੀ ਲੱਭਣ ਦੀ ਜ਼ਰੂਰਤ ਹੈ ਤਾਂ ਇਹ ਲੱਭਿਆ ਵੀ ਛੇਤੀ ਜਾਣਾ ਚਾਹੀਦਾ ਹੈ।
ਤਸਵੀਰ ਦਾ ਦੂਜਾ ਪਾਸਾ ਵੇਖੋ। ਮਰਦ ਨੂੰ ਦੁੱਧ ਤੇ ਸਬਜ਼ੀਆਂ ਜ਼ਰੀਏ ਜਿਹੜੇ ਮਾਦਾ ਹਾਰਮੋਨਜ਼
ਮਿਲ ਰਹੇ ਹਨ, ਉਹ ਉਹਦੀ ਮਰਦਾਨਗੀ ਵਿਚ ਵਿਸ ਘੋਲ ਰਹੇ ਹਨ। ਇਸੇ ਕਰਕੇ ਇਹ ਅੰਕੜੇ ਵੀ
ਸਾਹਮਣੇ ਆ ਰਹੇ ਹਨ ਕਿ ਨਸ਼ੇ ਦੀਆਂ ਗੋਲੀਆਂ, ਟੀਕਿਆਂ ਜਾਂ ਪੇਨ-ਕਿਲਰ ਦਵਾਈਆਂ ਤੋਂ ਬਾਅਦ ਸਭ
ਤੋਂ ਵੱਧ ਕਾਮ-ਵਧਾਊ ਜਾਂ ਕਾਮ-ਉਕਸਾਊ ਦਵਾਈਆਂ ਵਿਕ ਰਹੀਆਂ ਹਨ ਤਾਂ ਯਕੀਨ ਕਰ ਲੈਣਾ ਚਾਹੀਦਾ
ਹੈ ਕਿ ਇਸ ਟੀਕੇ ਦੇ ਹੱਥ ਬੜੇ ਲੰਮੇ ਹੁੰਦੇ ਜਾ ਰਹੇ ਹਨ।
ਪੰਜਾਬ ਦੀ ਸਿਹਤ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਹਾਲ ਹੀ ਵਿਚ ਲੁਧਿਆਣਾ ਦੀ ਇਕ
ਵੀਰਾਨ ਅਤੇ ਖੰਡਰ ਇਮਾਰਤ ਵਿਚੋਂ ਤਿੰਨ ਕਰੋੜ ਤੋਂ ਵੱਧ ਮੁੱਲ ਦੀਆਂ ਨਸ਼ੇ ਦੀਆਂ ਪਾਬੰਦੀਸ਼ੁਦਾ
ਦਵਾਈਆਂ ਫੜੇ ਜਾਣ ਦਾ ਦਾਅਵਾ ਕੀਤਾ ਹੈ ਤਾਂ ਚੰਗੀ ਗੱਲ ਹੈ ਪਰ ਉਸ ਸਿਹਤ ਵਿਭਾਗ ਨੂੰ ਇਸ
ਗੱਲ ਦੀ ਹਰਗਿਜ਼ ਚਿੰਤਾ ਨਹੀਂ ਕਿ ਪੰਜਾਬ ਦੀ ਸੰਸਕ੍ਰਿਤੀ ਨੂੰ ਨਿਗਲ ਜਾਣ ਵਾਲੇ ਟੀਕੇ ਤੇ
ਪਾਬੰਦੀ ਯੂ.ਐਨ.ਓ. ਨੇ ਲਗਾਉਣੀ ਹੈ? ਲੱਗਦਾ ਨਹੀਂ ਕਿ ਅਸੀਂ ਖੰਡ ਦੇ ਭੁਲੇਖੇ ਜ਼ਹਿਰ ਵੀ ਖੀਰ
ਨਾਲ ਖਾਈ ਜਾ ਰਹੇ ਹਾਂ। ਕਿਸੇ ਨੇ ਜਮਦੂਤ ਵੇਖੇ ਜਾਂ ਨਹੀਂ ਪਰ ਔਕਸੀਟੋਸਿਨ ਦੇ ਰੂਪ ਵਿਚ ਇਹ
ਹਰ ਘਰ ਦੇ ਦੁਆਲੇ ਚੱਤੋ-ਪਹਿਰ ਕੁੰਡਾ ਖੜਕਾਉਣ ਲੱਗੇ ਹੋਏ ਹਨ। ਜਾਪਦਾ ਨਹੀਂ ਕਿ ਝਾਂਜਰਾਂ
ਤੋਂ ਬਿਨਾਂ ਵੀ ਛਣਕਾਟਾ ਪੈ ਰਿਹਾ ਹੈ।
ਜਿਹੜੇ ਹੋਰ ਹੈਰਾਨੀਕੁਨ ਅੰਕੜੇ ਸਾਹਮਣੇ ਆ ਰਹੇ ਨੇ, ਉਹ ਇਹ ਕਿ ਅੱਵਲ ਤਾਂ ਮਰਦ ਅੰਦਰ ਬੱਚਾ
ਪੈਦਾ ਕਰਨ ਦੀ ਸ਼ਕਤੀ ਘਟ ਰਹੀ ਹੈ, ਜੇ ਮਾੜੀ-ਮੋਟੀ ਹੈ ਵੀ ਤਾਂ ਪੁੱਤਰ ਲਈ ਨਹੀਂ। ਕਿਉਂ
ਪੁੱਤਰ ਪੈਦਾ ਕਰਨ ਦਾ ਗੁਣ ਸਿਰਫ਼ ਮਰਦ ਕੋਲ ਹੈ ਜੀਹਦੇ ਕੋਲ ਐਕਸ ਤੇ ਵਾਈ ਦੋਵੇਂ
ਤਰ੍ਹਾਂ ਦੇ ਸ਼ੁਕਰਾਣੂੰ ਹੁੰਦੇ ਹਨ। ਇਸੇ ਲਈ ਔਰਤ ਨੂੰ ਕੁੜੀਆਂ ਜੰਮਣ ਤੇ ਪੱਥਰ ਜੰਮਣ ਦੇ
ਤਾਅਨੇ ਦੇਣ ਵਾਲਾ ਮਰਦ ਅਸਲ ਵਿਚ ਆਪਣੀ ਕਮਜ਼ੋਰੀ ਤੇ ਕੱਪੜਾ ਸੁੱਟ ਰਿਹਾ ਹੈ।
ਬੱਚੀ ਦੇ ਬੱਚਾ ਜੰਮਣ ਦਾ ਵਰਤਾਰਾ ਕਲਯੁੱਗ ਦਾ ਹੈ ਜਾਂ ਵਿਗਿਆਨ ਦਾ, ਇਹ ਫ਼ੈਸਲਾ ਆਪਾਂ ਕਰ
ਵੀ ਲਈਏ ਤਾਂ ਕੁਝ ਫ਼ਰਕ ਨਹੀਂ ਪੈਣਾ ਕਿਉਂਕਿ ਪੰਜਾਂ ਸਾਲਾਂ ਬਾਅਦ ਹਕੂਮਤ ਹਥਿਆਉਣ ਦੇ ਬਾਕੀ
ਫ਼ਾਰਮੂਲਿਆਂ ਤੋਂ ਵਿਹਲ ਮਿਲਦੀ ਹੀ ਕਿੱਥੇ ਹੈ! ਸਬਜ਼ੀਆਂ ਪੈਦਾ ਕਰਨ ਵਾਲਾ ਜਿਹੜਾ ਜ਼ਿਮੀਂਦਾਰ
ਇਸ ਟੀਕੇ ਦੇ ਨਤੀਜਿਆਂ ਨੂੰ ਜਾਣਦਾ ਹੈ, ਉਹ ਆਪਣੇ ਲਈ ਤਾਂ ਇਹ ਵਸਤਾਂ ਅਲੱਗ ਰੂੜੀ ਖਾਦ ਨਾਲ
ਪੈਦਾ ਕਰ ਰਿਹਾ ਹੈ ਪਰ ਲਾਲਚ ਨੇ ਉਸ ਤੋਂ ਬਾਕੀਆਂ ਦੀ ਪ੍ਰਵਾਹ ਕਰਨ ਦੀ ਸ਼ਕਤੀ ਖੋਹ ਲਈ ਹੈ।
ਪੰਜਾਬ ਦਾ ਇਖ਼ਲਾਕੀ ਵਿਕਾਸ ਰੁਕਣ ਲਈ ਸੰਭਾਵਨਾਵਾਂ ਬਣ ਗਈਆਂ ਹਨ। ਅਦਾਲਤਾਂ ਇਹ ਦੱਸ ਰਹੀਆਂ
ਹਨ ਕਿ ਤਲਾਕ ਦੇ ਮੁਕੱਦਮਿਆਂ ਦਾ ਇਕ ਕਾਰਨ ਇਹ ਵੀ ਹੈ ਕਿ ਪਤਨੀਆਂ ਇਲਜ਼ਾਮ ਲਗਾ ਰਹੀਆਂ ਹਨ
ਕਿ ਉਨ੍ਹਾਂ ਦੇ ਪਤੀ ਘਟੀਆ ਸ਼ਰਾਬ ਤਾਂ ਪੀ ਲੈਣ, ਉਹ ਜਰ ਲੈਣਗੀਆਂ ਪਰ ਉਹ ਮਰਦ ਨਹੀਂ ਰਹੇ,
ਇਸ ਗੱਲ ਨੂੰ ਕਿਵੇਂ ਸਵੀਕਾਰ ਕਰਨ। ਦਰਅਸਲ ਭੇਤ ਇਹੋ ਹੈ ਕਿ ਇਹ ਭੋਲੀਆਂ ਬੀਬੀਆਂ ਨਹੀਂ
ਜਾਣਦੀਆਂ ਕਿ ਘਟੀਆ ਸ਼ਰਾਬ ਵਿਚ ਲਗਾਏ ਦੁੱਧ ਉਤਾਰਨ ਵਾਲੇ ਟੀਕੇ ਨੇ ਉਨ੍ਹਾਂ ਦੀ ਮਰਦਾਨਗੀ
ਅੰਦਰੋਂ ਖਾ ਲਈ ਹੈ ਅਤੇ ਉਨ੍ਹਾਂ ਨੂੰ ਤਾਕਤ ਵੰਡਣ ਵਾਲਾ ਡਾਕਟਰ ਬਾਦਸ਼ਾਹ ਲੱਭ ਨਹੀਂ ਰਿਹਾ।
ਇਸਤਰੀ ਨੂੰ ਕੁਰਬਾਨ ਹੋਣਾ ਆਉਂਦਾ ਹੈ ਅਤੇ ਉਹ ਰਿਸ਼ਤੇ ਨੂੰ ਕਾਇਮ ਰੱਖਣ ਵਿਚ ਤਿਆਗ ਕਰ ਸਕਦੀ
ਹੈ ਪਰ ਉਹ ਨਾ-ਮਰਦ ਮਨੁੱਖ ਨਾਲ ਹਰਗਿਜ਼ ਜ਼ਿੰਦਗੀ ਬਸਰ ਕਰਨ ਲਈ ਤਿਆਰ ਨਹੀਂ ਹੁੰਦੀ। ਪਤੀ ਦੇ
ਜਿਉਂਦੇ ਜੀਅ ਓਪਰੀਆਂ ਸੇਜਾਂ ਮਾਣਨ ਪਿੱਛੇ ਇਹ ਟੀਕੇ ਵਾਲਾ ਰਹੱਸ ਵੀ ਹੋ ਸਕਦਾ ਹੈ।
ਮਾਂ-ਬਾਪ ਪੁੱਤਰ ਨੂੰ ਜਨਮ ਦੇ ਕੇ ਖ਼ੁਸ਼ ਤਾਂ ਹੋਈ ਜਾਂਦੇ ਨੇ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ
ਕਿ ਜਿਸ ਦੁੱਧ ਨਾਲ ਬੱਚਾ ਪਲ ਰਿਹਾ ਹੈ, ਉਹਨੂੰ ਜਵਾਨੀ ਦੇ ਨਾਲ ਮਰਦਾਨਗੀ ਵੀ ਨਾ ਦੇਵੇ।
ਫਿਰ ਇਸ ਗੱਲ ਤੇ ਵੀ ਵਿਸ਼ਵਾਸ ਕਰ ਲਵੋ ਕਿ ਦੋਧੀਆਂ ਦੇ ਡਰੰਮਾਂ ਵਿਚ ਜਾਂ ਗੁੱਜਰਾਂ ਦੀਆਂ
ਦੁੱਧ ਵਾਲੀਆਂ ਗਾਗਰਾਂ ਵਿਚ ਪਾਣੀ ਦੀ ਮਿਲਾਵਟ ਹੀ ਨਹੀਂ ਸਗੋਂ ਮਰਦ ਨੂੰ ਮਰਦ ਨਾ ਰਹਿਣ ਦੇਣ
ਦੀ ਚਾਲ ਵੀ ਲੁੱਕੀ ਹੋਈ ਹੈ। ਸਰਕਾਰਾਂ ਅਨਜਾਣ ਨੇ ਜਾਂ ਖ਼ਾਮੋਸ਼ ਨੇ; ਜਾਂ ਮਨੁੱਖ ਅਗਿਆਨੀ
ਹੈ, ਇਹ ਤਾਂ ਤੁਸੀਂ ਸੋਚਿਓ ਪਰ ਇਹ ਦੁੱਖ ਓਨਾ ਹੀ ਵੱਡਾ ਹੈ ਕਿ ਲਾੜਾ ਵਿਆਹੁਣ ਤਾਂ ਘੋੜੀ
ਤੇ ਗਿਆ ਸੀ ਪਰ ਪਰਤਿਆ ਐਂਬੂਲੈਂਸ ਵਿਚ। ਇਸ ਲਈ ਇੱਲਾਂ ਦਾ ਫ਼ਿਕਰ ਛੱਡੋ, ਫ਼ਿਕਰ ਕਾਰਨ ਵਾਲੀ
ਗੱਲ ਦਾ ਫ਼ਿਕਰ ਕਰੋ।
ਅੰਤਿਕਾ:
ਤਾਹੀਓਂ ਅਕਲ ਤੋਂ ਰਿਹਾ ਮਹਿਰੂਮ ਖਾਕੀ,
ਖਾਧੀ ਕਿਸੇ ਉਸਤਾਦ ਤੋਂ ਘੂਰ ਹੈ ਨੀ।
ਹਰਣ-ਵਹੇਰਿਆ ਹੱਟੀਆਂ ਵਿਕੇ ਸਸਤਾ,
ਤੇਰੇ ਵਿਚ ਤਾਂ ਮੱਲਾ ਕਪੂਰ ਹੈ ਨੀ।
ਤੈਨੂੰ ਰੱਬ ਨੇ ਰੱਖਿਆ ਯਾਦ ਬੰਦੇ,
ਤੂੰ ਰੱਖਿਆ ਰੱਬ ਜ਼ਰੂਰ ਹੈ ਨੀ।
ਝੂਠਿਆ ਕਾਫ਼ਰਾ ਕੁਫ਼ਰ ਦੀ ਪੰਡ ਤੋਲੇਂ,
ਇਹੋ ਜ਼ਿੰਦਗੀ ਦਾ ਦਸਤੂਰ ਹੈ ਨੀ।
ਬੈਠਾ ਸ਼ਾਹ ਮਨਸੂਰ ਦੀਆਂ ਕਰੇ ਬਾਤਾਂ,
ਤੇ ਅੱਖੀਂ ਵੇਖਿਆ ਕਦੇ ਲੰਗੂਰ ਹੈ ਨੀ।
(ਜ਼ਿੰਦਗੀ ਦੇ ਸੱਚ ਵਿਚੋਂ)
-0-
|