ਅਜੇ ਵੀ
ਪਹਿਲੀ ਉਮਰ ਦੇ ਉਹ ਅਹਿਸਾਸ
ਉਹ ਵਿਸ਼ਵਾਸ
ਉਹ ਚਿਹਰੇ
ਅਜੇ ਵੀ ਤੁਰ ਰਹੇ ਮੇਰੇ ਨਾਲ ਨਾਲ !
ਯਾਦਾਂ ਦੇ ਕੁਛ ਕੰਵਲ
ਅਜੇ ਵੀ ਮਨ ਦੀ ਝੀਲ 'ਚ
ਤੈਰ ਰਹੇ ਓਵੇਂ ਦੇ ਓਂਵੇ !
ਸੁਹਲ ਸਲੋਨੇ ਤਸੱਵੁਰ ਦੀ ਤਰ੍ਹਾਂ
ਕੁਛ ਸੁਪਨੇ
ਪਲਕਾਂ ਹੇਠਾਂ
ਪਲਮ ਰਹੇ ਨੇ ਉਸੇ ਤਰ੍ਹਾਂ !
ਤਿਤਲੀਆਂ ਫੜਣ ਦੀ ਉਮਰ
ਅਜੇ ਵੀ
ਮੇਰੀਆਂ ਤਲੀਆਂ 'ਤੇ
ਟਪੂਸੀਆਂ ਮਾਰ ਨੱਚ ਰਹੀ ਹੈ !
ਮੇਰੇ ਅੰਦਰ ਦੀ ਕੁੜੀ
ਦੋ ਗੁੱਤਾਂ ਕਰੀ
ਹੱਥ ਵਿਚ ਕਿਤਾਬਾਂ ਫੜੀ
ਅਕਸਰ
ਕਾਲਜ ਦੀ ਸਟੇਜ 'ਤੇ
ਕਵਿਤਾ-ਉਚਾਰਣ ਟੁਰ ਜਾਂਦੀ ਹੈ !
ਮਨ ਦੀ ਕੈਨਵਸ 'ਤੇ
ਕਈ ਕੁਛ ਉਵੇਂ ਦਾ ਉਵੇਂ ਹੀ
ਸੱਜਰਾ ਪਿਐ
ਪਰ ਹੌਲੀ ਹੌਲੀ
ਸ਼ੀਸ਼ੇ ਵਿਚਲਾ ਅਕਸ
ਬਦਲ ਰਿਹੈ !
--
ਸ਼ਬਦਾਂ ਨੂੰ ਚੁਪ ਰਹਿਣ ਦੇ
ਜੇ ਚੁੱਪ ਨੇ ਸ਼ਬਦ
ਤਾਂ ਚੁੱਪ ਰਹਿਣ ਦੇ
ਤੇਰੇ ਮੁਖੌਟੇ ਹੇਠੋਂ
ਤੇਰਾ ਚਿਹਰਾ ਕੁਛ ਕਹਿੰਦੈ
ਮੈਨੂੰ ਵੇਖ ਲੈਣ ਦੇ
ਤੈਨੂੰ ਮੁਖੌਟੇ ਬੜੇ ਸੱਜਦੇ ਨੇ
ਤੂੰ ਇਹਨਾਂ ਨੂੰ
ਇੱਦਾਂ ਹੀ ਪਾਈ ਰਖ
ਠਹਿਰ
ਮੈਨੂੰ ਵੀ ਅਣਜਾਣ ਹੋਣ ਦਾ
ਕੋਈ ਸਾਂਗ ਰਚ ਲੈਣ ਦੇ
ਆ !
ਫੇਰ ਬੈਠਦੇ ਹਾਂ
ਗੂੜ੍ਹੀ ਚੁੱਪ ਦੀ ਛਾਂਵੇਂ
ਦੱਬੇ ਹੋਏ ਅਹਿਸਾਸਾਂ ਨੂੰ
ਹੋਰ ਦਬਾ ਲਵਾਂਗੇ
ਇਸ ਚੁੱਪ ਨੂੰ ਵੀ ਵਰਦਾਨ ਹੈ
ਕੋਈ ਕਹਾਣੀ ਕਹਿ ਹੀ ਦਿੰਦੀ ਹੈ
ਜਦੋਂ ਕਦੇ ਸੱਚ ਦੀ ਬਰਸਾਤ ਹੋਵੇਗੀ
ਤੇਰੇ ਮੇਕਅਪ ਦੀ ਪਰਤ ਉੱਤਰੇਗੀ
ਧੁੱਪ ਨਿੱਖਰੇਗੀ
ਤਾਂ ਤੇਰੇ ਚਿਹਰੇ 'ਤੇ ਉੱਕਰੀ
ਇਕ ਇਕ ਤਿਊੜੀ
ਤੇਰੀ ਦਾਸਤਾਨ ਲਿਖੇਗੀ
ਅਜੇ ਤਾਂ
ਤੂੰ ਇਹ ਮੁਖੌਟੇ ਪਾਈ ਰੱਖ
ਤੈਨੂੰ ਮੁਖੌਟੇ ਬੜੇ ਸੱਜਦੇ ਨੇ
ਜੇ ਸ਼ਬਦ ਗੁੰਮ ਨੇ ਤਾਂ ਗੁੰਮ ਰਹਿਣ ਦੇ !
--
ਸਰਾਪ
ਇਸ ਬਾਰ ਜਦ ਬਹਾਰ ਆਈ
ਤਾਂ ਉਸਦੀ ਝੋਲੀ ਵਿਚ ਫੁੱਲ ਨਹੀਂ ਸਨ,
ਮੈਂ ਪੁੱਛਿਆ ਤਾਂ ਕਹਿਣ ਲੱਗੀ;
ਤੁਸੀਂ ਜੋ ਸਾਗਰਾਂ ਦੇ ਪਾਣੀਆਂ 'ਚ
ਪਲਾਸਟਿਕ ਦੀਆਂ ਬੋਤਲਾਂ ਦੀ
ਫ਼ਸਲ ਬੀਜੀ ਹੈ,
ਵਿਚਾਰੀਆਂ ਮੁਰਗਾਬੀਆਂ
ਉਹਨਾਂ ਦੇ ਢੱਕਣ
ਰੰਗ ਬਿਰੰਗੀਆਂ ਮੱਛੀਆਂ ਸਮਝ
ਚਾਈਂ ਚਾਈਂ ਚੁਗ ਗਈਆਂ
ਤੇ ਪਿੰਜਰ ਬਣ
ਸਮੁੰਦਰਾਂ ਦੇ ਕੰਢਿਆਂ ਤੇ ਖਿਲਰ ਗਈਆਂ !
ਸਮੁੰਦਰ ਕੰਢੇ, ਰੇਤ ਤੇ ਖਿਲਰੇ
ਉਹਨਾਂ ਦੇ ਪਿੰਜਰਾਂ ਕੋਲ ਖੜੇ
ਉਹਨਾਂ ਦੇ ਸਾਥੀਆਂ ਦੀ ਹਾਵਾਂ ਭਰੀਆਂ,
ਸੋਗੀ ਹਵਾਵਾਂ ਨੇ ਮੈਨੂੰ ਸਰਾਪ ਦੇ ਦਿਤਾ ਹੈ,
ਤੇ ਇਸ ਲਈ ਮੈਂ ਫੁੱਲਾਂ ਤੋਂ ਸੱਖਣੀ ਹੀ
ਹਾਜ਼ਰ ਹੋਈ ਹਾਂ ।
--
ਦੁਆ
ਘਰ ਨੂੰ ਸਾਂਭਦਿਆਂ ਸੰਭਾਲਦਿਆਂ
ਅਕਸਰ ਲਭ ਜਾਂਦੇ ਨੇ
ਸਟੱਡੀ ਮੇਜ ਤੇ ਪਏ ਕਫ਼-ਲਿੰਕਸ
ਫੋਨ, ਚਾਬੀਆਂ, ਰਸੀਦਾਂ,
ਚਾਹ ਦਾ ਖਾਲੀ ਕੱਪ
ਤੇ ਹੋਰ ਨਿਕ ਸੁਕ !
ਕਿਸੇ ਦਰਾਜ 'ਚ ਪਏ
ਲੱਭ ਪੈਂਦੇ ਨੇ
ਰੁਮਾਲ, ਜੁਰਾਬਾਂ, ਪੈਨੱ, ਸਿੱਕੇ,
ਟਾਈਆਂ, ਘੜੀਆਂ, ਬੈਲਟਾਂ ਤੇ ਵਾਲੇੱਟ !
ਚੀਜਾਂ ਨੂੰ ਚੁਣ ਚੁਣ ਥਾਂ ਸਿਰ ਰੱਖਦੀ
ਹੰਭ ਜਾਂਦੀ
ਥੱਕ ਕੇ ਬੁੜਬੁੜਾਉਣ ਲਗਦੀ !
ਫਿਰ
ਤ੍ਰਬ੍ਹਕ ਕੇ ਇਕ ਪਲ ਰੁਕਦੀ
ਮਨ 'ਚ ਇਕ ਸਵਾਲ ਜਿਹਾ ਉਠਦਾ
ਪਰੇਸ਼ਾਨ ਹੋ ਜਾਂਦੀ !
ਮੱਥੇ ਤੋਂ ਤਿਊੜੀ ਪੂੰਝਦੀ
ਹੱਥ ਜੋੜ ਲੈਂਦੀ
ਮੁਸਕੁਰਾ ਕੇ
ਘਰ ਸਾਂਭਣ ਦੇ ਕਰਮ ਵਿਚ ਜੁਟ ਜਾਂਦੀ
ਤੇ ਗੁਣਗੁਣਾਉਣ ਲਗਦੀ
ਜੀਉਂਦੇ ਵਸਦੇ ਰਹੋ
ਘਰ 'ਚ ਖਿਲਾਰਾ ਪਾਉਣ ਵਾਲਿਉ !
ਜੀਉਂਦੇ ਵਸਦੇ ਰਹੋ
ਇਸ ਘਰ ਨੂੰ ਵਸਾਉਣ ਵਾਲਿਉ
ਜੀਉਂਦੇ ਵਸਦੇ ਰਹੋ !
--
ਪਰਵਾਜ਼
ਅਚਾਨਕ ਇਕ ਦਿਨ
ਪਿੰਜਰਾ ਖੁਲ ਗਿਆ
ਪੰਛੀ ਉਡ ਗਿਆ !
ਏਡੀ ਖੁਸ਼ੀ !
ਉਸਨੂੰ ਸਮਝ ਨਾ ਆਵੇ
ੇਉਹ ਕੀ ਕਰੇ
ਧਰਤੀ ਤੇ ਲੇਟੇ ਚੁੰਝ ਖੋਲ
ਉੱਚੀ ਉੱਚੀ ਬੋਲੇ !
ਉਪਰ ਤੱਕਿਆ
ਅਨੰਤ ਆਕਾਸ਼ !ਆਹਾ !!
ਪੰਛੀ ਨੇ ਹਵਾ ਵਿਚ
ਗੋਤਾ ਲਾਇਆ
ਬੱਦਲਾਂ ਤੋਂ ਪਾਰ
ਉਸਨੇ ਉੱਡਣਾ ਚਾਹਿਆ
ਪਰ ਆਪਣੇ ਖੰਭਾਂ ਦਾ ਭਾਰ
ਉਸਤੋਂ ਚੁੱਕ ਨਾ ਹੋਇਆ
ਘਰ ਦੀ ਛੱਤ ਤੋਂ ਉਤਾਂਹ
ਉਸਤੋਂ ਉਡ ਨਾ ਹੋਇਆ !!!
-0- |