ਕਲ੍ਹ ਆਥਣੇ ਜੇ ਮੈਂ ਪਾਰਕ
ਚ ਬੈਂਚ ਤੇ ਬੈਠਾ ਸੀ, ਇੱਕ ਬਜੁਰਗ ਮੇਰੇ ਕੋਲੇ ਆਕੇ ਬੈਠ ਗਿਆ ਤੇ ਪੁੱਛਿਆ, ਚੋਬਰਾ
ਕਿਹੜਾ ਪਿੰਡ ਐ ਆਪਣਾ ?
ਜਗਤ ਸਿਂਘ ਵਾਲਾ, ਮੁਕਸਰ ਜਿਲ੍ਹਾ ਐ ਜੀ ਸਾਡਾ
ਹੱਛਾ ਹੱਛਾ ਉਹੀ ਮਾਂਨ ਮਰ੍ਹਾਂੜਾ ਵਾਲੇ ਕੋਲੇ, ਜੰਡ ਸਾਹਬ ਕੋਲੇ, ਮੈਂ ਸਾਰਾ ਲਾਕਾ
ਫਿਰਿਐ ਸੋਡਾ ਕਾਕੇ ਸਰਾਂ ਆਲੇ ਦੀਆਂ ਚੋਣਾਂ ਵੇਲੇ ਮਦਾਦ ਕਰੀਦੀ ਸੀ, ਸੋਡੇ
ਪਿੰਡ ਦਾ ਇੱਕ ਬੋਘ ਸਿਉਂ ਹੁੰਦਾ ਸੀ ਜਾਣਦੈਂ ਓਹਨੂੰ ?
ਹਾਂ ਜੀ ਉਹ ਮੇਰੇ ਤਾਇਆ ਜੀ ਸਨ.......
ਲੈ ਫੇਰ ਤਾਂ ਤੂੰ ਘਰ ਦਾ ਮੁੰਡਾ ਈ ਐਂ ਮੇਰਾ ਤਾਂ ਪੱਕਾ ਆੜੀ ਐ ਉਹ, ਕਿਤੇ ਗੱਲ ਹੋਈ ਤਾਂ
ਪੁੱਛੀਂ ਓਸਨੂੰ ਮੇਰਾ ਪਿੰਡ ਐ ਭੁੱਟੀ ਆਲਾ, ਮੁਕਸਰ ਕੋਲੇ, ਆਹ ਜਿੱਥੋਂ ਦਾ ਗੁਰਦੇਵ ਸੂੰ
ਬਾਦਲ ਐ, ਮੇਰਾ ਨਾਂ ਐ ਸਰਬਣ ਸੂੰ, ਤੇਰਾ ਤਾਇਆ ਤਾਂ ਬਈ ਰਾਠ ਬੰਦੈ ਯਾਰਾਂ ਦਾ
ਯਾਰ..........
ਉਹ ਤਾਂ ਜੀ ਚੜ੍ਹਾਈ ਕਰਗੇ ਦੋ ਸਾਲ ਹੋਗੇ........
ਹੱਛਾ... ਤੇ ਬਜੁਰਗ ਉਦਾਸ ਹੋ ਗਿਆ । ਫੇਰ ਬੋਲਿਆ, ਘੱਲੇ ਆਏ ਨਾਨਕਾ ਸੱਦੇ ਉੱਠ ਜਾਹ,
ਜਿਨੀ ਕਿਸੇ ਦੀ ਭਾਈ ਲਿਖੀ ਹੁੰਦੀ ਐ ਭੋਗ ਕੇ ਤੁਰੇ ਜਾਂਦੇ ਐ, ਦੁਨੀਆਂ ਚਲੋ ਚਲੀ ਦਾ ਮੇਲਾ
ਐ ਚੋਬਰਾ, ਏਥੇ ਬੈਠ ਤਾਂ ਕਿਸੇ ਨੇ ਨੀ ਰਹਿਣਾ, ਕਿ ਬੈਠ ਰਹਿਣੈ ?
ਹਾਂ ਜੀ ਥੋਡੀ ਗੱਲ ਠੀਕ ਐ
ਲੈ ਵੀ ਚੋਬਰਾ ਹੁਣ ਤਾਂ ਤੂੰ ਘਰ ਦਾ ਮੁੰਡਾ ਈ ਨਿਕਲ ਆਇਆ, ਮੇਰਾ ਇੱਕ ਕੰਮ ਕਰੇਂਗਾ ?
ਤੇ ਉਸਨੇ ਆਵਦੀ ਜੇਬ ਚੋਂ ਭੂਰਾ ਜਿਹਾ ਲਫਾਫਾ ਕਢ੍ਹਕੇ ਮੇਰੇ ਵੱਲ ਕਰਦਿਆਂ ਕਿਹਾ, ਆਹ ਖਤ
ਮੇਰੇ ਨਾਂ ਦਾ ਆਇਐ, ਮੇਰੀ ਪੋਤੀ ਨੇ ਕਲ੍ਹ ਆਥਣੇ ਜੇ ਮੈਂਨੂੰ ਫੜਾਤਾ ਸੀ, ਊਂ ਤਾਂ ਮੇਰੀ
ਨੂੰਹ ਈ ਚਿੱਠੀਆਂ ਚੁੱਠੀਆਂ ਕਢ੍ਹਕੇ ਲਿਆਉਂਦੀ ਹੁੰਦੀ ਐ ਮੈਂਨੂੰ ਨੀ ਕਦੇ ਕੋਈ
ਚਿੱਠੀ-ਚਪੱਠੀ ਦਿੱਤੀ ਓਸਨੇ ਆਹ ਤਾਂ ਮੇਰੀ ਪੋਤਰੀ ਨੇ ਫੜਾਤੀ ਕਲ੍ਹ, ਪੜ੍ਹ ਖਾਂ ਭਲਾ ਕੀ
ਲਿਖਿਐ ਏਸ ਚ ? ਮੈਂ ਲੈਟਰ ਪੜ੍ਹਿਆ ਤੇ ਉਸਨੂੰ ਦੱਸਿਆ ਬਈ ਏਸ ਚ ਲਿਖਿਐ ਹੁਣ ਤੋਂ ਸਰਕਾਰ
ਨੇ ਉਸਦੀ ਬੁਢਾਪ੍ਹਾ ਪੈਨਸ਼ਨ ਚ ਪੈਂਤੀ ਡਾਲਰ ਮਹੀਨਾ ਵਧਾਤੇ । ਬਜੁਰਗ ਬੋਲਿਆ, ਤੇ ਕੁਲ
ਮਲਾਕੇ ਕਿਨੀ ਹੋਗੀ ਹੁਣ ਮੇਰੀ 'ਪਿਲਸ਼ਨ' ?"
ਬਾਰਾਂ ਸੌ ਪੈਂਠ ਡਾਲਰ
ਹਲਾ ਐਨੀ ? ਮੈਨੂੰ ਤਾਂ ਕਦੇ ਮੇਰੇ ਨੂੰਹ ਪੁੱਤ ਨੇ ਦੱਸਿਆ ਨੀ ਬਈ ਕਿਨੀ ਮਿਲਦੀ ਐ, ਬੱਸ
ਸਿੱਧੀ ਬੈਂਕ ਚ ਈ ਆਉਂਦੀ ਐ ਤੇ ਸਾਡਾ ਖਾਤਾ ਸਾਂਝੈ, ਸ਼ੇਰਾ ਤੇਰੇ ਕੋਲੇ ਕੀ ਲਕੋ ਐ ਮੈਂ
ਤਾਂ ਕਈ ਆਰੀ ਗੁਰਦਵਾਰੇ ਜਾਕੇ ਵੀ ਮੱਥਾ ਸੁੱਕਾ ਈ ਟੇਕਦੈਂ ਜਦੋਂ ਮੈਨੂੰ ਦਿੰਦੇ ਈ ਕੁਸਨੀ
ਮੈਂ ਕਿੱਥੋਂ ਗੋਲਕ ਚ ਰੋਕੱੜੇ ਪਾ ਦਿਆਂ ਚਿੱਤ ਜਾ ਬਾਹਲਾ ਈ ਆਵਾਜ਼ਾਰ ਹੁੰਦੈ, ਤੂੰ ਸਿਆਣੈ
ਕਿਤੇ ਬੰਦੇ ਦਾ ਚਿੱਤ ਈ ਕਰਦੈ ਕੁਸ ਹੱਟੀਉਂ ਲੈਕੇ ਖਾਣ ਨੂੰ, ਜਵਾਂ ਕਦੇ ਦੁਆਨੀ ਨੀ ਧਰੀ
ਹੱਥ ਤੇ ਬਈ ਲੈ ਬਾਪੂ ਤੈਨੂੰ ਵੀ ਕਿਤੇ ਲੋੜ ਹੁੰਦੀ ਐ, ਨਾਂ ਕਦੰਤ ਨੀ, ਕਈ ਵਾਰੀ ਤਾਂ ਚਿੱਤ
ਕਰਦੈ ਮੁੜਜਾਂ ਆਵਦੇ ਦੇਸ ਨੂੰ ਪਰ ਆਹ ਪੁੱਤ-ਪੋਤੀਆਂ ਦਾ ਮੋਹ ਨੀ ਜਾਣ ਦਿੰਦਾ
" ਬਜੁਰਗ ਗੱਚ
ਭਰ ਆਇਆ ਉਸਨੇ ਮੇਰੇ ਵੱਲੋਂ ਮੂਹ ਪਾਸੇ ਕਰਕੇ ਆਵਦਾ ਗਲਾ ਸਾਫ ਕੀਤਾ ਆਵਦੈ ਅੱਥਰੂਆਂ ਨੂੰ
ਪੂਝਦਿਆਂ ਗੱਲ ਅੱਗੇ ਤੋਰੀ । "ਸ਼ੇਰਾ ਮੈਂ ਤਾਂ ਮੈਂ ਤਾਂ ਇੱਕ ਮਿਲੱਟ ਨਾਂ ਰਹਾਂ ਏਥੇ,
ਐਨਾ ਚੰਦਰਾ ਮੁਲਖ ਕਿਸੇ ਨੂੰ ਮੋਹ-ਤੇਹ ਈ ਹੈਨੀ, ਮੈਨੂੰ ਤਾਂ ਆਖਣਗੇ ਬਾਪੂ ਘਰਾਂ ਦੇ ਖਰਚੇ
ਲੱਕ ਤੋੜੀ ਜਾਂਦੇ ਐ ਤੇ ਆਪ ਮੇਰੀ ਨੂੰਹ ਰਾਣੀ ਤੀਏ ਕੁ ਦਿਨ ਆਹ ਸੇਹਲੀਆਂ ਜੀਆਂ ਪਟਾਉਣ ਉਠ
ਜਾਂਦੀ ਐ ਆਹ ਜੀਹਨੂੰ ਬੂਟੀ ਪਾਰਲੀ ਆਖਦੇ ਐ ਉਦੋਂ ਪੈਸੇ ਕਿੱਥੋਂ ਆਉਂਦੇ ਐ, ਹੈਂ ਪੁਛੱਣ
ਆਲਾ ਹੋਵੇ ਇਹ ਕਬੀਲਦਾਰਾਂ ਦੇ ਕੰਮ ਐ ? ਹੋਇਆ ਧੀ ਪੁੱਤ ਸੋਹਣਾ ਲੀੜਾ-ਲੱਤਾ ਪਾਵੇ ਜੋ ਜੱਗ
ਰਵੀਰਾ ਐ, ਇਹ ਤਾ ਬਣਿਆ ਆਇਆ, ਪਰ ਆਹ ਕੀ ਤੀਏ ਕੁ ਦਿਨ ਸੇਹਲੀਆਂ ਪਟਾ ਲਿਆਉ, ਜੇ ਨਹੀਂ
ਸਰਦਾ ਘਰੇ ਮੋਚਨਾ ਰੱਖਲੋ ਹੈਂ, ਉਹਨਾਂ ਨੂੰ ਜਰੂਰ ਪੈਸੇ ਦੇਣੇ ਐ
ਬਜੁਰਗ ਬੋਲਦਾ ਬੋਲਦਾ
ਚੁੱਪ ਕਰ ਗਿਆ ਤੇ ਖਲਾਅ ਵਿੱਚ ਹੀ ਕਿਸੇ ਨੂੰ ਘੁਰਨ ਲੱਗ ਪਿਆ ਕੁਛ ਦੇਰ ਪਿੱਛੋਂ ਕਹਿੰਦਾ,
ਲੈ ਵੀ ਚੋਬਰਾ ਤੇਰਾ ਬਾਹਲਾ ਸਾਰਾ ਧੰਨਵਾਦ ਮੈਂ ਕਰ ਲਿਆ ਫੈਸਲਾ ਆਵਦੇ ਪੁੱਤ ਨੂੰ ਆਖੂੰ
ਜਿਵੇਂ ਮਰਜੀ ਕਰੋ ਮੈਂਨੂੰ ਘੱਟੋ ਘੱਟ ਦੋ ਤਿੰਨ ਸੌ ਡਾਲਾ ਹਰ ਮਹੀਨੇ ਵਰਤਣ ਨੂੰ ਦਿਆ ਕਰਨ
ਬਾਕੀ ਦੇ ਜੀਅ ਸਦਕੇ ਵਰਤੀ ਜਾਣ, ਬੱਸ ਵੱਢ੍ਹ ਦੇਣੀ ਐ ਭੋਣ ਤੋਂ, ਚੰਗਾ ਸੌਸਰੀਕਾਲ
ਕਹਿਕੇ ਬਜੁਰਗ ਪਾਰਕ ਚੋਂ ਚਲਾ ਗਿਆ ।
-0- |