1968 ਦੇ ਫ਼ਰਵਰੀ ਮਹੀਨੇ
ਦੀ ਇਕ ਬਹੁਤ ਠੰਢੀ ਰਾਤ ਸੀ, ਜਦੋਂ ਰਾਤ ਦੇ ਯਾਰਾਂ ਵਜੇ ਦਿੱਲੀ ਦੇ ਪਟੌਦੀ ਹਾਊਸ ਦੇ ਇਕ
ਕਮਰੇ ਦੇ ਬੂਹੇ ਤੇ ਦਸਤਕ ਹੋਈ, ਤੇ ਪਸ਼ਮੀਨੇ ਦੀ ਚਾਦਰ ਮੋਢਿਆਂ ‘ਤੇ ਵਲ੍ਹੇਟ ਕੇ ਜਦੋਂ
ਮਲਕਾ ਏ ਠੁਮਰੀ ਸਿਧੇਸ਼ਵਰੀ ਦੇਵੀ ਨੇ ਬੂਹਾ ਖੋਲ੍ਹਿਆ ਤੇ ਬੂਹੇ ਅੱਗੇ ਖਲੋਤੀ ਬੇਗ਼ਮ ਅਖ਼ਤਰ
ਨੂੰ ਵੇਖਿਆ, ਤਾਂ ਉਹਦੇ ਮੂੰਹੋਂ ਨਿਕਲਿਆਸੁਬ੍ਹਾਨ ਅੱਲਾ! ਇਕ ਜ਼ਮਾਨੇ ਤੋਂ ਬਾਅਦ ਇਹ
ਮੁਲਾਕਾਤ ਹੋਈ ਸੀ, ਕਰੀਬ ਤੀਹਾਂ ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ, ਇਸ ਲਈ ਇਕ ਹੈਰਾਨੀ ਵਿਚ
ਲਿਪਟੀ ਸਿਧੇਸ਼ਵਰੀ ਨੇ ਕਿਹਾ-ਓ ਅਖ਼ਤਰੀ! ਕਾ ਹੋ, ਇਤੇ ਦਿਨ ਬਾਦ ਤੁਮ ਹਮਾਰੇ ਘਰ ਆਏ ਹੋ...
ਬੇਗ਼ਮ ਅਖ਼ਤਰ ਨੇ ਕੋਈ ਤਮਹੀਦ ਨਹੀਂ ਬੰਨ੍ਹੀ, ਆਖਿਆ-ਹਮ ਤੁਮ ਸੇ ਕੋਈ ਚੀਜ਼ ਮਾਂਗਨੇ ਆਏ
ਹੈਂ... ਸਿਧੇਸ਼ਵਰੀ ਕਮਰੇ ਦੇ ਗਲੀਚੇ ਉੱਤੇ ਪਏ ਹੋਏ ਰੇਸ਼ਮ ਦੇ ਇਕ ਤਕੀਏ ਉੱਤੇ ਬੇਗਮ
ਅਖ਼ਤਰ ਨੂੰ ਬਿਠਾਂਦਿਆਂ ਇਕ ਖ਼ਾਮੋਸ਼ ਖੁਸ਼ਆਮਦੀਦ ਆਖ, ਪਰ ਹੋਠਾਂ ਵਿਚ ਸਿ਼ਕਵਾ ਭਰ ਕੇ
ਬੋਲੀ-ਜਿ਼ੰਦਗੀ ਭਰ ਮਾਂਗਤ ਹੋ, ਸਭ ਮਿਲਾਲ ਹੋ, ਔ ਕਾ ਚਾਹੀ? ਤੂੰ ਬੇਗ਼ਮ ਹੋ ਨਾ ਅਬਤੋ...
ਜੱਗ ਜਾਣਦਾ ਸੀ ਕਿ ਫ਼ੈਜ਼ਾਬਾਦ ਦੀ ਅਖ਼ਤਰੀ ਬਾਈ ਕਾਂਕੋਲੀ ਦੇ ਨਵਾਬ ਇਸ਼ਤਿਆਕ ਅਹਿਮਦ
ਅੱਬਾਸੀ ਨਾਲ ਨਿਕਾਹ ਕਰਕੇ ਹੁਣ ਬੇਗਮ ਅਖ਼ਤਰ ਹੋ ਚੁੱਕੀ ਸੀ। ਤੇ ਸਿਧੇਸ਼ਵਰੀ ਦੇਵੀ ਦੀ
ਮੁਬਾਰਕ ਇਸੇ ਹਲਕੀ ਜਹੀ ਤਨਜ਼ ਦੀ ਸੂਰਤ ਵਿਚ ਸੀ। ਇਹ ਮਲਕਾ-ਏ-ਠੁਮਰੀ ਦੀ ਇਕ ਤਰ੍ਹਾਂ
ਮਲਕਾ-ਏਗਜ਼ਲ ਨਾਲ ਇਕ ਦੋਸਤਾਨਾ ਗੁਫ਼ਤਗੂ ਸੀ
ਬੇਗ਼ਮ ਅਖ਼ਤਰ ਦੇ ਨਾਲ ਉਸ ਰਾਤ ਇਕ ਵੀਹਾਂ ਵਰ੍ਹਿਆਂ ਦੀ ਬੜੀ ਹੁਸੀਨ ਲੜਕੀ ਸੀ-ਰੀਤਾ
ਗਾਂਗੋਲੀ। ਉਹਦੇ ਵਲ ਇਸ਼ਾਰਾ ਕਰਕੇ ਉਹ ਸਿਧੇਸ਼ਵਰੀ ਨੂੰ ਕਹਿਣ ਲੱਗੀ-ਯਹ ਬੱਚੀ ਮੁਝੇ ਦੇ
ਦੋ! ਮਾਂਗਨੇ ਆਈ ਹੂੰ! ਇਸ ਰੀਤਾ ਗਾਂਗੋਲੀ ਨੇ ਨਾਚ ਤੇ ਸੰਗੀਤ ਦੀ ਤਾਲੀਮ ਸ਼ਾਂਤੀ ਨਿਕੇਤਨ
ਤੋਂ ਪਾਈ ਹੋਈ ਸੀ, ਤੇ ਖਿ਼ਆਲ ਠੁਮਰੀ ਤੇ ਟੱਪੇ ਦੀ ਅਗਲੀ ਤਾਲੀਮ ਉਹਨੇ ਪੂਰੇ ਦੋ ਵਰ੍ਹੇ
ਸਿਧੇਸ਼ਵਰੀ ਤੋਂ ਪਾਈ ਸੀ, ਇਸ ਲਈ ਬੇਗ਼ਮ ਅਖ਼ਤਰ ਹੁਣ ਰੀਤਾ ਨੂੰ ਆਪਣੇ ਸਾਏ ਵਿਚ ਰੱਖਣ ਲਈ
ਉਹਦੀ ਪਹਿਲੀ ਉਸਤਾਦ ਤੋਂ ਉਹਨੂੰ ਮੰਗਣ ਆਈ ਸੀ। ਸਿਧੇਸ਼ਵਰੀ ਦਾ ਮੂੰਹ ਉਹਦੀ ਉਂਗਲ ਵਿਚ ਪਏ
ਹੋਏ ਮੋਤੀ ਵਾਂਗ ਚਮਕ ਪਿਆ, ਤੇ ਉਹ ਕਹਿਣ ਲੱਗੀ-ਤਨੀ ਬੈਠਾ, ਚਾਏ ਵਾਏ ਪੀਆ, ਬਤਿਆਵਾ ਹਮਰੇ
ਲਗੇ। ਬੇਗ਼ਮ ਅਖ਼ਤਰ ਨੇ ਦਲੀਲ ਨਾਲ ਆਖਿਆ-ਤੁਮ ਜੋ ਆਜਕਲ ਨਹੀਂ ਸਿਖਾ ਰਹੀ ਹੋ, ਮੈਂ ਇਸੇ
ਸਿਖਾਊਂਗੀ। ਫੇਰ ਸਿਧੇਸ਼ਵਰੀ ਨੂੰ ਸ਼ਾਇਦ ਮੋਤੀ ਜਹੀ ਸ਼ਾਗਿਰਦ ਦੇ ਗੁਆਚ ਜਾਣ ਦਾ ਅਹਿਸਾਸ
ਹੋਇਆ, ਕਹਿਣ ਲੱਗੀ-ਪਛਤਾਵੇ ਕੇ ਹੋ! ਈਕਰ ਲੇ ਕੇ ਕਾ ਕਰੀ ਹੋ? ਪਰ ਜਿਹਨੇ ਬੂਹੇ ‘ਤੇ ਆ ਕੇ
ਜੋ ਕੁਝ ਮੰਗਿਆ ਸੀ, ਉਹਨੂੰ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ, ਸੋ ਗੰਢਾਂ ਬੰਨ੍ਹਣ ਦੀ
ਬਾਕਾਇਦਾ ਰਸਮ ਹੋਈ। ਸਿਧੇਸ਼ਵਰੀ ਦੇਵੀ ਨੇ ਮੌਲੀ ਦੀ ਇਕ ਤੰਦ ਬੇਗਮ ਅਖ਼ਤਰ ਨੂੰ ਫੜਾਂਦਿਆਂ,
ਨਾਲ ਛੋਲੇ ਤੇ ਗੁੜ ਸਾਹਮਣੇ ਰੱਖ ਦਿੱਤੇ। ਤੇ ਬੇਗ਼ਮ ਅਖ਼ਤਰ ਨੇ ਗੁੜ-ਛੋਲੇ ਰੀਤਾ ਦੇ ਮੂੰਹ
ਲੁਆ ਕੇ, ਉਹਦੀ ਬਾਂਹ ‘ਤੇ ਮੌਲੀ ਦੀ ਤੰਦ ਬੰਨ੍ਹ ਦਿੱਤੀ। ਇਹ ਇਕ ਅਜਿਹੀ ਰਾਤ ਸੀ, ਜੋ ਅੱਜ
ਵੀ ਰੀਤਾ ਗਾਂਗੋਲੀ ਦੇ ਜਿ਼ਹਨ ਵਿਚ ਉਸੇ ਤਰ੍ਹਾਂ ਖਲੋਤੀ ਹੋਈ ਹੈ, ਜਿਵੇਂ ਹਵਾ ਵਿਚ
ਸਿਧੇਸ਼ਵਰੀ ਦੇ ਲਫਜ਼ ਖਲੋਤੇ ਹੋਏ ਹਨ-ਸੁਬ੍ਹਾਨ ਅੱਲਾ! ਇਹ ਲਫ਼ਜ਼ ਸਿਰਫ ਸਿਧੇਸ਼ਵਰੀ ਦੇਵੀ
ਦੇ ਨਹੀਂ-ਇਕ ਜ਼ਮਾਨੇ ਦੇ ਲਫਜ਼ ਹਨ-ਜੋ ਬੇਗ਼ਮ ਅਖ਼ਤਰ ਦਾ ਜ਼ਮਾਨਾ ਸੀ। 1914 ਵਿਚ
ਫ਼ੈਜਾਬਾਦ ਦੀ ਇਕ ਹੁਸੀਨਾ ਮੁਸ਼ਤਰ ਬੇਗ਼ਮ ਦੇ ਘਰ ਦੋ ਜੌੜੀਆਂ ਬੱਚੀਆਂ ਨੇ ਜਨਮ ਲਿਆ ਸੀ,
ਕਿਸੇ ਸੱਯਦ ਬਾਪ ਤੋਂ। ਪਰ ਉਨ੍ਹਾਂ ਬੱਚਿਆਂ ਨੂੰ ਬਾਪ ਦਾ ਨਾਂ ਨਸੀਬ ਨਹੀਂ ਸੀ ਹੋਇਆ। ਤੇ
ਉਹ ਬੱਚੀਆਂ ਜਦੋਂ ਢਾਈ ਵਰ੍ਹੇ ਦੀ ਉਮਰ ਦੀਆਂ ਸਨ, ਪਤਾ ਨਹੀਂ ਕਿਹਨੇ ਕਿਹੜਾ ਇੰਤਕਾਮ ਲਿਆ
ਸੀ ਕਿ ਇਕ ਬੱਚੀ ਗੈਰ ਕੁਦਰਤੀ ਮੌਤ ਮਰ ਗਈ ਸੀ, ਤੇ ਦੂਜੀ ਦੀ ਜਾਨ ‘ਤੇ ਖਤਰਾ ਮੰਡਰਾਣ ਲੱਗ
ਪਿਆ ਸੀ। ਇਹੋ ਦੂਜੀ ਬੱਚੀ ਅਖ਼ਤਰੀ ਸੀ, ਜੋ ਮੌਤ ਦੇ ਸਾਏ ਹੇਠਾਂ ਖੇਡਦੀ, ਜਦੋਂ ਸਕੂਲ
ਪੜ੍ਹਨ ਲੱਗ ਪਈ ਤਾਂ ਕਿਸੇ ਨੇ ਮਾਂ ਬੇਟੀ ਦਾ ਘਰ ਜਲਾ ਦਿੱਤਾ ਸੀ, ਤੇ ਉਹ ਵੇਲਾ ਸੀ, ਜਦੋਂ
ਅਖ਼ਤਰੀ ਦੀ ਮਾਂ ਨੇ ਫ਼ੈਜ਼ਾਬਾਦ ਨੂੰ ਅਲਵਿਦਾ ਆਖ ਕੇ ਗਯਾ ਵਿਚ ਆਪਣਾ ਕਿਆਮ ਕਰ ਲਿਆ ਸੀ।
ਅਖ਼ਤਰੀ ਦੀ ਵਾਲਦਾ ਹੈਰਾਨ ਸੀ ਕਿ ਮੌਸਿਕੀ ਉਹਦੀਆਂ ਰਗ਼ਾਂ ਵਿਚ ਨਹੀਂ ਸੀ, ਪਰ ਉਹਦੀ ਕੁੱਖ
ਵਿਚੋਂ ਸੱਤਾਂ ਸੁਰਾਂ ਵਿਚ ਲਿਪਟੀ ਇਸ ਬੱਚੀ ਨੇ ਜਨਮ ਕਿਵੇਂ ਲੈ ਲਿਆ ਸੀ। ਅਖ਼ਤਰੀ ਅਜੇ
ਬੱਚੀ ਸੀ, ਜਦੋਂ ਆਸ਼ਕ ਅਲੀ ਸਾਹਬ ਤੋਂ ਗਾਣਾ ਸਿੱਖਦੀ ਆਪਣੇ ਰਿਆਜ਼ ਵਿਚ ਇਸ ਤਰ੍ਹਾਂ ਮਗਨ
ਹੋ ਜਾਣ ਲੱਗ ਪਈ ਸੀ ਕਿ ਉਸਤਾਦਾਂ ਦੇ ਮੂੰਹੋਂ ਨਿਕਲ ਜਾਂਦਾ ਸੀ-ਸੁਬ੍ਹਾਨ ਅੱਲਾ! ਫ਼ੇਰ ਅਤਾ
ਮੁਹੰਮਦ ਖਾਨ ਸਾਹਿਬ ਉਹਦੇ ਗੰਢ ਬੰਨ੍ਹ ਉਸਤਾਦ ਹੋਏ। ਤੇ ਉਹਦੀ ਆਵਾਜ਼ ਸ਼ਾਹੀ ਮਹਿਫ਼ਲਾਂ
ਵਿਚ ਵੀ ਪਹੁੰਚੀ, ਤੇ ਉਹਦੀ ਸੂਰਤ ਫਿ਼ਲਮਾਂ ਵਿਚ ਵੀ। ‘‘ਅਖ਼ਤਰੀ ਬਾਈ ਫ਼ੈਜ਼ਾਬਾਦੀ’’
ਸਿਰਫ਼ ਇਕ ਔਰਤ ਦਾ ਨਾਂ ਨਹੀਂ ਸੀ, ਇਕ ਬਹੁਤ ਲੰਬੇ ਰਸਤੇ ਦਾ ਨਾਂ ਸੀ। ਤੇ ਬੇਗ਼ਮ ਅਖ਼ਤਰ
ਤੱਕ ਪਹੁੰਚਣ ਵਾਲਾ ਇਹ ਰਾਹ ਹਜ਼ਾਰ ਤੋਹਮਤਾਂ, ਹਸਦ ਤੇ ਇੰਤਕਾਮ ਜਹੇ ਹਜ਼ਾਰ ਖ਼ਤਰਿਆਂ ਨਾਲ
ਭਰਿਆ ਹੋਇਆ ਸੀ-ਹੀਰਿਆਂ ਦੀਆਂ ਮੁੰਦਰੀਆਂ ਨਾਲ ਭਰੀਆਂ ਹੋਈਆਂ ਉਂਗਲਾਂ ਜਦੋਂ ਰਾਹ ਦੇ ਕੰਡੇ
ਪੈਰਾਂ ਵਿਚੋਂ ਕਢਦੀਆਂ ਸਨ-ਤਾਂ ਪਤਾ ਨਹੀਂ ਵਕਤ ਦੇ ਮੂੰਹੋਂ ਕਿੰਨੀ ਵਾਰ ਨਿਕਲਦਾ
ਸੀ-ਸੁਬ੍ਹਾਨ ਅੱਲਾ! ਬੇਗ਼ਮ ਅਖ਼ਤਰ ਨੇ ਆਪਣੀ ਸ਼ਖ਼ਸੀਅਤ ਦਾ ਰਾਜ਼ ਇਕ ਵਾਰੀ ਆਪਣੀ ਸ਼ਾਗਿਰਦ
ਨੂੰ ਦੱਸਿਆ ਸੀ-ਬੇਟੀ! ਔਰਤ ਕੇ ਪਾਸ ਦੋ ਚੀਜ਼ੇਂ ਚਾਹੀਏਂ-ਤਨ ਕੀ ਨਜ਼ਾਕਤ ਔਰ ਮਨ ਕੀ ਤਾਕਤ।
ਤੇ ਅੱਜ ਰੀਤਾ ਆਪਣੀ ਉਸ ‘‘ਅੰਮੀ’’ ਦੀ ਗੱਲ ਕਰਦਿਆਂ ਅੱਖਾਂ ਭਰ ਲੈਂਦੀ ਹੈ ‘‘ਮੇਰੇ ਕੋਲੋਂ
ਨਹਾਇਤ ਗੁਸਤਾਖੀ ਹੋ ਗਈ ਸੀ-ਜਿਸ ਬੇਗ਼ਮ ਅਖ਼ਤਰ ਦੇ ਨਾਂ ਦੀ ਮੈਂ ਦੀਵਾਨੀ ਸਾਂ, ਉਹਨੇ ਜਦੋਂ
ਗਾਲਬ ਸ਼ਤਾਬਦੀ ਦੇ ਜਸ਼ਨ ਵਿਚ ਮੈਨੂੰ ਆਪਣੇ ਨਾਲ ਦੇ ਮੰਚ ਉੱਤੇ ਬਿਠਾ ਲਿਆ, ਮੈਂ ਤਾਨਪੁਰਾ
ਵਜਾਂਦੀ ਰਹੀ, ਤਾਂ ਅਚਾਨਕ ਅੰਮੀ ਨੇ ਹਾਰਮੋਨੀਅਮ ਉਤੋਂ ਹੱਥ ਚੁੱਕ ਕੇ, ਸਾਹਮਣੇ ਮਹਿਫ਼ਲ
ਵਿਚ ਬੈਠੇ ਜ਼ਾਕਿਰ ਹੁਸੈਨ ਸਾਹਬ ਨੂੰ ਕਿਹਾ- “ਮੈਨੇ ਏਕ ਬੱਚੀ ਤਈਆਰ ਕੀ ਹੈ, ਸੁਨੀਏ। ਕੈਸਾ
ਕੋਇਲ ਜੈਸਾ ਕੂਕਤੀ ਹੈ।’’ ਤੇ ਪਾਸੇ ਵਲ ਵੇਖ ਕੇ ਮੈਨੂੰ ਕਿਹਾ-”ਗਾਓ!” ‘‘ਮੈਂ ਖਿ਼ਆਲ
ਗੌਂਦੀ ਸਾਂ, ਠੁਮਰੀ ਗੌਂਦੀ ਸਾਂ, ਤੇ ਸਿਧੇਸ਼ਵਰੀ ਦੇਵੀ ਤੋਂ ਤਾਲੀਮ ਪਾਈ ਸੀ, ਪਰ ਕਦੇ
ਗ਼ਜ਼ਲ ਨਹੀਂ ਸੀ ਗਾਈ, ਤੇ ਅੰਮੀ ਆਪਣੀ ਗ਼ਜ਼ਲ ਵਿਚ ਮੈਨੂੰ ਸਾਥ ਦੇਣ ਲਈ ਆਖ ਰਹੀ ਸੀ।”
‘‘ਮੈਂ ਚੁੱਪ ਰਹੀ, ਤਾਂ ਅੰਮੀ ਨੇ ਪਿਛਾਂਹ ਵਲ ਮੂੰਹ ਕਰਕੇ ਮੈਨੂੰ ਆਖਿਆ-ਕੈਸੇ ਗਾਏਗੀ,
ਜੈਸੀ ਕੂੜ ਤੇਰੀ ਉਸਤਾਦ ਥੀ-ਵੈਸੀ ਤੂੰ।” “ਤੇ ਉਸ ਵੇਲੇ ਮੇਰੀਆਂ ਰਗ਼ਾਂ ਬਲਣ ਲੱਗ ਪਈਆਂ।
ਇਹ ਮੇਰੀ ਉਸਤਾਦ ਦਾ ਅਪਮਾਨ ਸੀ। ਅੰਮੀ ਗ਼ਜ਼ਲ ਗਾ ਰਹੀ ਸੀ ‘ਜਿ਼ਕਰ ਉਸ ਕਾ ਪਰੀ ਵਸ਼ ਕਾ ਔਰ
ਫਿਰ ਬਯਾਂ ਅਪਨਾ, ਬਨ ਗਯਾ ਰਕੀਬ, ਥਾ ਜੋ ਰਾਜ਼ਦਾਂ ਅਪਨਾ’-ਪਰ ਮੈਂ ਇਸ ਗ਼ਜ਼ਲ ਤੋਂ ਵਾਕਫ਼
ਨਹੀਂ ਸਾਂ। ਨਾ ਹੀ ਮੈਨੂੰ ਕੋਈ ਲਫ਼ਜ਼ ਸੁਣਾਈ ਦੇ ਰਿਹਾ ਸੀ, ਕਿਉਂਕਿ ਮੈਂ ਮਾਈਕ ਤੋਂ
ਪਿਛਲੇ ਪਾਸੇ ਸਾਂ। ਸਿਰਫ਼ ‘ਬਯਾਂ ਅਪਨਾ’ ਸਮਝ ਆਇਆ, ਤੇ ਮੈਂ ਗੁੱਸੇ ਵਿਚ ਭਰੀ ਪੀਤੀ ਨੇ
ਉਹੀ ਲਫਜ਼, ਖਿ਼ਆਲ ਦੇ ਅੰਦਾਜ਼ ਵਿਚ ਗਾ ਦਿੱਤੇ। ਗ਼ਜ਼ਲ ਵਿਚ ਖਿ਼ਆਲ ਦਾ ਅੰਦਾਜ਼ ਨਹੀਂ
ਚਲਦਾ। ਮੈਂ ਆਪਣੀ ਜਾਚੇ ਅੰਮੀ ਦੀ ਗਜ਼ਲ ਵਿਗਾੜ ਦਿੱਤੀ ਸੀ-ਪਰ ਨਹੀਂ ਸਾਂ ਜਾਣਦੀ ਕਿ ਸੱਤੇ
ਸੁਰਾਂ ਉਹਦੀ ਤਾਬਿਆ ਵਿਚ ਸਨ-ਉਹਨੇ ਖਿ਼ਆਲ ਦਾ ਅੰਦਾਜ਼ ਵੀ ਸੰਭਾਲ ਲਿਆ, ਤੇ ਗ਼ਜਲ ਦਾ
ਅੰਦਾਜ਼ ਵੀ ਕਾਇਮ ਰੱਖ ਲਿਆ।” ‘‘ਮਹਿਫਿ਼ਲ ਖ਼ਤਮ ਹੋਈ, ਤਾਂ ਮੈਂ ਅੰਮੀ ਨਾਲ ਲੜ ਪਈ ਕਿ ਅੱਜ
ਤੋਂ ਬਾਅਦ ਮੈਂ ਕਦੇ ਅੰਮੀ ਦੀ ਸੂਰਤ ਨਹੀਂ ਵੇਖਾਂਗੀ, ਨਾ ਕਦੇ ਅੰਮੀ ਦਾ ਗਾਣਾ ਸੁਣਾਂਗੀ।
ਤੇ ਗਾਲ੍ਹਾਂ ਵਰਗੇ ਅੰਦਾਜ਼ ਵਿਚ ਮੈਂ ਆਖਿਆ-ਤੁਹਾਨੂੰ ਮੇਰੀ ਉਸਤਾਦ ਸਿਧੇਸ਼ਵਰੀ ਦੀ ਹੱਤਕ
ਕਰਨ ਦਾ ਕੀ ਹੱਕ ਸੀ? ‘‘ਅੰਮੀ ਮੁਸਕਰਾਂਦੀ ਰਹੀ। ਤੇ ਫੇਰ ਮੈਨੂੰ ਗਲ ਨਾਲ ਲਾ ਕੇ ਆਖਣ
ਲੱਗੀ, ਬਸ ਮੁਝੇ ਤੇਰੇ ਜੈਸੀ ਸ਼ਾਗਿਰਦ ਚਾਹੀਏ ਥੀ-ਜੋ ਅਪਨੇ ਉਸਤਾਦ ਕੇ ਖਿ਼ਲਾਫ਼ ਏਕ ਭੀ
ਹਰਫ਼ ਬਰਦਾਸ਼ਤ ਨਾ ਕਰ ਸਕੇ।’’ ‘‘ਤੇ ਉਹੀ ਰਾਤ ਸੀ, ਜਦੋਂ ਸਿਰ ਤੇ ਦੁਸ਼ਾਲਾ ਲੈ ਕੇ, ਅੰਮੀ
ਨੇ ਟੈਕਸੀ ਮੰਗਵਾਈ, ਬੰਗਾਲੀ ਮਾਰਕਿਟ ਜਾ ਕੇ ਇਕ ਹਲਵਾਈ ਦੀ ਦੁਕਾਨ ਖੁਲ੍ਹਵਾਈ, ਮਠਿਆਈ
ਖ਼ਰੀਦੀ ਤੇ ਰਾਤ ਨੂੰ ਯਾਰਾਂ ਵਜੇ ਪਟੌਦੀ ਹਾਊਸ ਜਾ ਕੇ ਸਿਧੇਸ਼ਵਰੀ ਦੇਵੀ ਤੋਂ ਮੈਨੂੰ
ਕਾਇਦੇ ਨਾਲ ਮੰਗ ਲਿਆ-ਉਸ ਰਾਤ ਅੰਮੀ ਦੇ ਦਿਲ ਦਾ ਹੁਸਨ ਜੋ ਮੈਂ ਵੇਖਿਆ ਸੀ, ਉਹ ਮੈਂ ਹੀ
ਜਾਣਦੀ ਹਾਂ...“ ਬੇਗ਼ਮ ਅਖ਼ਤਰ ਦੀ ਅਸੂਲਦਾਰੀ ਦੀ ਗੱਲ ਕਰਦਿਆਂ, ਰੀਤਾ ਮੈਨੂੰ ਦੱਸਣ ਲੱਗੀ
‘‘ਇਕ ਵਾਰ ਇਕ ਸਾਜ਼ ਦੇ ਮਾਹਿਰ ਨੂੰ ਅੰਮੀ ਨੇ ਸੁਣਿਆ, ਤੇ ਉਹਦੇ ਹੁਨਰ ਉੱਤੇ ਅੰਮੀ ਇਸ
ਤਰ੍ਹਾਂ ਫਿ਼ਦਾ ਹੋ ਗਈ ਕਿ ਗੰਢ ਬੰਨ੍ਹ ਸ਼ਾਗਿਰਦ ਹੋਣ ਲਈ ਤਿਆਰ ਹੋ ਗਈ। ਅੰਮੀ ਉਸ ਸਾਜ਼ ਦੀ
ਮੁਹਾਰਤ ਹਾਸਿਲ ਕਰਨਾ ਚਾਹੁੰਦੀ ਸੀ। ਪੈਗ਼ਾਮ ਭੇਜਿਆ ਗਿਆ ਤਾਂ ਜਵਾਬ ਆਇਆ ਕਿ ਜੇ ਉਹ ਕੰਨਾਂ
ਦੇ ਹੀਰੇ ਤੋਹਫ਼ਾ ਦੇਵੇ ਤਾਂ ਇਹ ਫ਼ਰਮਾਇਸ਼ ਕਬੂਲ ਕੀਤੀ ਜਾ ਸਕਦੀ ਹੈ। ਉਸ ਵੇਲੇ ਅੰਮੀ ਦਾ
ਤਮਤਮਾਇਆ ਹੋਇਆ ਚਿਹਰਾ ਵੇਖਣ ਵਾਲਾ ਸੀ। ਕਹਿਣ ਲੱਗੀ-ਅਜੀ ਲਾਹਨਤ ਭੇਜੋ ਉਸਕੀ ਜ਼ਾਤ ਪਰ, ਜੋ
ਤਾਰੀਫ਼ ਕਾ ਸੌਦਾ ਕਰਤਾ ਹੈ।” ਬੇਗ਼ਮ ਅਖ਼ਤਰ ਦਾ ਇੰਤਕਾਲ 1974 ਵਿਚ ਹੋਇਆ ਸੀ, ਅਕਤੂਬਰ ਦੀ
30 ਤਾਰੀਖ। ਤੇ ਉਸੇ ਤਾਰੀਖ ਦੀ ਪ੍ਰਭਾਤ ਸੀ, ਕਰੀਬ 3 ਵਜੇ ਦਾ ਵੇਲਾ, ਜਦੋਂ ਅਹਿਮਦਾਬਾਦ ਦੀ
ਫ਼ਲਾਈਟ ਫੜ੍ਹਨ ਤੋਂ ਪਹਿਲਾਂ ਉਹਨੇ ਆਪਣੀ ਰੀਤਾ ਨੂੰ ਫੋਨ ਕੀਤਾ ਸੀ- ‘‘ਜਾਨਤੀ ਹੋ-ਇਸ ਬਾਰ
ਮੈਂ ਕਲਕੱਤਾ ਮੇਂ ਕਯਾ ਗਾ ਕਰ ਆਈ ਹੂੰ?-ਤਮਾਮ ਮੌਤ ਕੇ ਗੀਤ ਗਾਏ। ਔਰ ਮੌਤ ਕਾ ਫ਼ਰਿਸ਼ਤਾ
ਇਤਨਾ ਖੁਸ਼ ਹੋ ਗਯਾ ਕਿ ਟਲ ਗਯਾ...ਤੁਮ ਮੇਰਾ ਫਿਕਰ ਕਰਤੀ ਹੋ ਨਾ ਕਿ ਮੈਂ ਕਮ ਪੀਊਂ, ਅਬ
ਚਾਹੇ ਕਿਤਨਾ ਪੀ ਲੂੰ ਮਰਨੇ ਵਾਲੀ ਨਹੀਂ ਹੂੰ...।” ਰੀਤਾ ਨੇ ਘਬਰਾ ਕੇ ਆਖਿਆ- “ਅੰਮੀ ਮੌਤ
ਕੀ ਬਾਤ ਮਤ ਕਰੋ, ਤੂੰ ਨਹੀਂ ਜਾਨਤੀ ਕਿ ਤੇਰੀ ਇਸ ਦੀਵਾਨੀ ਬੇਟੀ ਪਰ ਕਯਾ ਗੁਜ਼ਰਤੀ
ਹੈ...।” ਬੇਗ਼ਮ ਅਖ਼ਤਰ ਦੀ ਆਵਾਜ਼ ਵਿਚ ਸੱਤੇ ਸੁਰਾਂ ਹੱਸ ਪਈਆਂ। ਉਹ ਕਹਿਣ ਲੱਗੀ- “ਪਿਆਰੀ
ਲੜਕੀ ਮੇਰੀ ਜਗ੍ਹਾ ਕੋ ਤੂੰ ਭਰ ਦੇਗੀ...ਪਤਵਾਰ ਸੰਭਾਲਣਾ ਸੀਖ। ਔਰ ਮੇਰੀ ਸੰਗਤ ਮੇਂ ਨਹੀਂ
ਅਬ ਅਕੇਲੇ ਗਾਨੇ ਕੀ ਹਿੰਮਤ ਕਰ!’’ ਰੀਤਾ ਨੇ ਮੌਤ ਦੇ ਜਿ਼ਕਰ ਨੂੰ ਟਾਲਣ ਲਈ ਪੁਛਿਆ- “ਅੱਛਾ
ਯਹ ਬਤਾਉ ਅੰਮੀ! ਨਾਕ ਮੇਂ ਵਹੀ ਬੇਸ਼ਕੀਮਤ ਤੀਲੀ ਪਹਿਨੀ ਹੂਈ ਹੈ ਨਾ, ਔਰ ਉਂਗਲੀ ਮੇਂ ਵਹੀ
ਪੁਖਰਾਜ ਕੀ ਅੰਗੂਠੀ?-ਲੇਕਿਨ ਯਹ ਬਤਾਉ ਕਲ੍ਹ ਮਹਿਫ਼ਲ ਮੇਂ ਸਾੜ੍ਹੀ ਕੌਨ ਸੀ ਪਹਿਨੋਗੀ? ਮੈਂ
ਯਹਾਂ ਦੂਰ ਬੈਠੀ ਤਸੱਵੁਰ ਕਰਤੀ ਰਹੂੰਗੀ...। ਅੱਗੋਂ ਅੰਮੀ ਦੀ ਆਵਾਜ਼ ਜਿਵੇਂ ਖਰਜ ਵਿਚ ਉਤਰ
ਗਈ। ਬੋਲੀ, ਤੁਮ ਬਤਾਉ! ਕੌਨ ਸੀ ਪਹਿਨੂੰ? ਰੀਤਾ ਅੰਮੀ ਦੀ ਪਸੰਦ ਜਾਣਦੀ ਸੀ, ਬੋਲੀ ‘‘ਵਹੀ
ਲਾਲ ਸਿ਼ਫਾਨ ਕੀ ਸਾੜ੍ਹੀ...ਉਸ ਮੇਂ ਤੁਮ ਬੇਹੱਦ ਖੂਬਸੂਰਤ ਲਗਤੀ ਹੋ...।” ਪਰ ਫ਼ੋਨ ਵਿਚੋਂ
ਆਉਂਦੀ ਬੇਗ਼ਮ ਅਖ਼ਤਰ ਦੀ ਅਗਲੀ ਆਵਾਜ਼ ਜਦੋਂ ਰੀਤਾ ਦੇ ਕੰਨਾਂ ਵਿਚ ਪਈ ਤਾਂ ਕੰਨਾਂ ਵਿਚ
ਖਲੋਤੀ ਰਹਿ ਗਈ। ਬੇਗ਼ਮ ਅਖ਼ਤਰ ਕਹਿ ਰਹੀ ਸੀ, ‘‘ਅੱਛਾ ਅੱਛਾ ਦੀਵਾਨੀ ਲੜਕੀ! ਲੇਕਿਨ ਸੁਨ
ਤੋ ਜਬ ਮੈਨੇ ਕਲਕੱਤਾ ਮੇਂ ਯਹ ਗ਼ਜ਼ਲ ਗਾਈ ‘ਜਿ਼ੰਦਗੀ ਕੁਝ ਭੀ ਨਹੀਂ, ਫਿਰ ਭੀ ਜੀਏ ਜਾਤੇ
ਹੈਂ, ਤੁਝ ਪੇ ਐ ਵਕਤ ਅਹਿਸਾਨ ਕੀਏ ਜਾਤੇ ਹੈ’-ਤੋ ਮੈਂ ਅਪਨੇ ਪੇ ਝੂਮ ਗਈ...।” ਰੀਤਾ ਨੇ
ਛੇਤੀ ਨਾਲ ਕਹਿਣਾ ਚਾਹਿਆ- “ਅੰਮੀ! ਜਿ਼ੰਦਾ ਰਹਿ ਕਰ ਯਹ ਅਹਿਸਾਨ ਵਕਤ ਪਰ ਭੀ ਕਰਤੀ ਰਹਿਨਾ
ਔਰ ਹਮ ਸਭ ਪਰ ਭੀ...।”-ਪਰ ਏਨੇ ਵਿਚ ਟੈਲੀਫੋਨ ਦਾ ਕੁਨੈਕਸ਼ਨ ਕੱਟਿਆ ਗਿਆ ਸੀ। ਤੇ ਕੁਝ
ਘੰਟਿਆਂ ਬਾਅਦ, 30 ਅਕਤੂਬਰ ਦੀ ਤਰਕਾਲ ਸੀ। ਅਹਿਮਦਾਬਾਦ ਵਿਚ, ਮਹਿਫ਼ਲ ਜੰਮੀ ਹੋਈ ਸੀ, ਜਿਸ
ਵੇਲੇ ਮੰਚ ਉੱਤੇ ਮਲਕਾ-ਏ-ਗਜ਼ਲ ਦੀ ਆਵਾਜ਼ ਉਹਦੇ ਹੋਠਾਂ ਵਿਚੋਂ ਨਿਕਲੀ, ਤੇ ਫੇਰ ਹਵਾ ਨਾਲ
ਟਕਰਾ ਕੇ ਹੋਠਾਂ ਉੱਤੇ ਹੀ ਡਿੱਗ ਪਈ...ਉਹਦੇ ਦਿਲ ਨੇ ਹਰਕਤ ਕਰਨ ਤੋਂ ਇਨਕਾਰ ਕਰ ਦਿੱਤਾ
ਸੀ। ਉਸ ਦਿਨ ਮੌਸੀਕੀ ਦੇ ਹਜ਼ਾਰਾਂ ਆਸ਼ਕਾਂ ਵਾਂਗ ਵਕਤ ਨੇ ਵੀ ਜ਼ਰੂਰ ਆਖਿਆ ਹੋਵੇਗਾ-ਬੀਬੀ!
ਖਾਮੋਸ਼ ਨਾ ਹੋ ਜਾਉ! ਬੋਲੋ! ਮੁਝ ਪਰ ਅਹਿਸਾਨ ਕਰੋ...ਪਰ ਜਵਾਬ ਉਦੋਂ ਵੀ ਕਿਤੇ ਨਹੀਂ ਸੀ,
ਹੁਣ ਵੀ ਕਿਤੇ ਨਹੀਂ...। ਸਿਰਫ਼ ਇਕ ਹਲਕੀ ਜਿਹੀ ਆਵਾਜ਼ ਖਲਾਅ ਵਿਚ ਖਲੋਤੀ ਹੋਈ ਹੈ, ਮੌਤ
ਦੇ ਫ਼ਰਿਸ਼ਤੇ ਦੀ, ਜੋ ਬੇਗ਼ਮ ਅਖ਼ਤਰ ਦੀ ਆਵਾਜ਼ ਉੱਤੇ ਝੂਮ ਗਿਆ ਸੀ, ਤੇ ਉਹਦੇ ਮੂੰਹੋਂ
ਨਿਕਲਿਆ ਸੀ-ਸੁਬ੍ਹਾਨ ਅੱਲਾ!
-0-
|