( 1 )
ਦਿਲ ਦੀ ਤਖ਼ਤੀ ‘ਤੇ ਤੇਰੀ ਮੂਰਤ ਬਣਾ ਰੱਖੀ ਹੈ
ਰੂਹ ਦੇ ਖੰਡਰ ‘ਚ ਇਕ ਦੁਨੀਆਂ ਵਸਾ ਰੱਖੀ ਹੈ ॥
ਚੀਥੜੇ ਵੇਖ ਕੇ,ਆਪਣੀ ਮੁਹੱਬਤ ਦੇ ਅਸਾਂ
ਆਪਣੇ ਬੁੱਲ੍ਹਾਂ ‘ਚ ਇਕ ਚੀਸ ਦਬਾਅ ਰੱਖੀ ਹੈ ॥
ਉਹਦਾ ਜ਼ਿਕਰ,ਮਹਿਫ਼ਲ ‘ਚ ਜਦੋਂ ਵੀ ਹੁੰਦੈ
ਲਗਦੈ,ਸਿਰ ‘ਤੇ ਤਲਵਾਰ ਲਟਕਾ ਰੱਖੀ ਹੈ ॥
ਜ਼ਿੰਦਗੀ ਤਾਂ ਬਰਬਾਦੀ ਦੀ ਕਹਾਣੀ ਹੈ ਯਾਰ !
ਆਪਣੀ ਨਜ਼ਰ ਕਿਓਂ ਤੁਸੀਂ ਝੁਕਾ ਰੱਖੀ ਹੈ ॥
ਤਿਤਲੀਆਂ ਰਲ਼ ਮਿਲ ਸੋਗ ਮਨਾ ਰਹੀਆਂ
ਪੱਤੀਆਂ ਵਿਹੜੇ ‘ਚ ਧੂਣੀ ਮਚਾ ਰੱਖੀ ਹੈ ॥
ਬੱਸ ਇਕ ਵਾਰਿਸ ਨੇ ਸਾਥ ਨਿਭਾਇਆ ਸਾਡਾ
ਤਾਂਈ੍ਹਓਂ ਤੇ ਹੀਰ, ਸਰ੍ਹਾਣੇ ਬਿਠਾ ਰੱਖੀ ਹੈ ॥
ਚੱਲ ‘ਮੁਸ਼ਤਾਕ‘! ‘ਜਗਤਾਰ‘ ਨੂੰ ਜੰਗਲੀਂ ਲੱਭੀਏ
ਸ਼ਹਿਰੀਂ ਤਾਂ ਕਵੀਆਂ ਨੇ ਮਹਿਫ਼ਲ ਸਜਾ ਰੱਖੀ ਹੈ ॥
...........................................................
( 2 )
ਆਪ ਹੀ ਤਾਂ ਵਿਕਣ ਆਇਆਂ, ਕੀ ਗਿਲਾ ਬਾਜ਼ਾਰਾਂ ਤੇ
ਕੌਂਣ ਹੈ ਮੁੱਲ ਤਾਰਦਾ, ਤੂੰ ਰਹਿਣ ਦੇ ਖ਼ਰੀਦਾਰਾਂ ਤੇ ॥
ਰੋਸ਼ਨੀ ਹੈ ਸ਼ਹਿਰ ਅੰਦਰ, ਚਾਰ ਪਾਸੇ ਚਮਕਦੀ
ਮੈਂ ਤੇ ਚਾਹੁੰਦਾਂ, ਦੋ ਕੁ ਦੀਵੇ ਬਾਲਣੇ ਮਜ਼ਾਰਾਂ ਤੇ ॥
ਫੁੱਲ, ਬੂਟੇ,ਤਿਤਲੀਆਂ ਜੇਕਰ ਤੁਸਾਂ ਸਾਂਭੇ ਨਹੀਂ
ਕਿਸ ਲਈ ਰੋਸੇ ਗਿਲੇ,ਬੇਗੈਰਤੀ ਬਹਾਰਾਂ ਤੇ ॥
ਹਸਰਤਾਂ,ਉਮੀਦਾਂ ਦਾ, ਅੰਜਾਮ ਅਜਬ ਹੋਇਆ ਹੈ
ਲਹੂ ਭਿੱਜੇ ਦਿਸਣ ਟੁਕੜੇ, ਘਰ ਦੀਆਂ ਦੀਵਾਰਾਂ ਦੇ ॥
ਕੱਲ੍ਹ ਹਵਾ ਆਈ ਸੀ ਬੂਹੇ ਤੇ, ਮਗਰ ਉਹ ਮੁੜ ਗਈ
ਦਿਲ ‘ਚ ਅਰਜੋਈਆਂ ਲਈ,ਘੁੰਮਦੀ ਰਹੀ ਚਿਨਾਰਾਂ ਤੇ ॥
ਬੂਟਿਆਂ ਦੀ ਸ਼ਾਖ ਸ਼ਾਖ,ਹੁਣ ਹੈ ਟੇਢਾ ਝਾਕਦੀ
ਵਰ੍ਹੀਆਂ ਸੀ ਜੋ ਦੋ ਕੁ ਕਣੀਆਂ,ਉਹ ਵੀ ਰਾਤ ਖ਼ਾਰਾਂ ਤੇ ॥
ਸ਼ੌਕ ਸਾਰੇ ਚੁਰੜ ਮੁਰੜ, ਖ਼ਾਬ ਹੋ ਗਏ ਚੂਰ ਚੂਰ
ਰੀਝ ਨਾ ਕੋਈ ਮੁਗਧ ਹੋਵੇ, ਸੋਨ ਰੰਗੀਆਂ ਤਾਰਾਂ ਤੇ ॥
ਵੇਖ ਕੇ ‘ਮੁਸ਼ਤਾਕ‘ ਖੰਡਰ, ਹਸਰਤਾਂ ਉਮੰਗਾਂ ਦੇ
ਨਾ ਗਿਲਾ ਗੈਰਾਂ ਤੇ ਕੋਈ,ਨਾ ਉਲ੍ਹਾਮਾ ਯਾਰਾਂ ਤੇ ॥
-0- |